Monday, August 15, 2011

ਨੇੜਿਉਂ ਦੇਖੀ ਸੁਣੀ ਮਨਪ੍ਰੀਤ ਦੀ ਪੀਪਲਜ਼ ਪਾਰਟੀ!

                                                ਖੂਹ ਨੂੰ ਖੂਹ ਨਹੀਂ ਮਿਲਦਾ ਪਰ ਬੰਦੇ ਨੂੰ ਬੰਦਾ ਮਿਲ ਪੈਂਦਾ ਹੈ। ਸਾਲ 2002 ਦੇ ਨਵੰਬਰ ਮਹੀਨੇ ਦੀ ਕੋਸੀ ਕੋਸੀ ਧੁੱਪ ਵਾਲਾ ਦਿਨ। ਬਾਲਾ ਸਰ ਦਾ ਕਿਲਾਨੁਮਾ ਮਹੱਲ। ਪਿਛਵਾੜੇ ਪਾਕਿਸਤਾਨੀ ਨਸਲ ਦੇ ਭੇਡੂਆਂ ਦਾ ਵਾੜਾ। ਲਾਗੇ ਹੀ ਰੰਗ-ਬ-ਰੰਗੇ ਫੁੱਲਾਂ ਦੇ ਬਗੀਚੇ ਵਿਚ ਅਰਾਮ ਕੁਰਸੀ ‘ਤੇ ਬੈਠਾ ਮਨਪ੍ਰੀਤ ਸਿੰਘ ਬਾਦਲ। ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਭੇਡੂਆਂ ਵਾਂਗ ਹੀ ਕਿਲੇ ਵਿਚ ਇੱਧਰ-ਉਧਰ ਘੁੰਮ ਰਹੇ ਸਨ। ਕੁਝ ਕੁ ਜਣੇ ਮਨਪ੍ਰੀਤ ਸਾਹਮਣੇ ਕੁਰਸੀਆਂ ‘ਤੇ ਸਜੇ ਬੈਠੇ ਸਨ। ਕੁਰਸੀਆਂ ਵਾਲੇ ਇਸੇ ਗਰੁਪ ਵਿਚ ਬੈਠਾ ਹੋਇਆ ਮੈਂ ਵੀ, ਚਾਹ ਦੀਆਂ ਚੁਸਕੀਆਂ ਨਾਲ ਮਨਪ੍ਰੀਤ ਮੂੰਹੋਂ ਉਰਦੂ ਦੇ ਸ਼ੇਅਰ ਸੁਣ ਰਿਹਾ ਸਾਂ। ਉਸ ਘੜੀ ਚਿਤ-ਚੇਤੇ ਵੀ ਨਹੀਂ ਸੀ ਆਇਆ ਕਿ ਇਸੇ ਮਨਪ੍ਰੀਤ ਦੇ ਕਈ ਵਰ੍ਹਿਆਂ ਬਾਅਦ ਅਮਰੀਕਾ ‘ਚ ਦਰਸ਼ਨ ਹੋਣਗੇ। ਉਹ ਵੀ ‘ਤਾਏ ਦੇ ਸਾਏ’ ਤੋਂ ਬਾਗੀ ਹੋ ਚੁੱਕੇ ਮਨਪ੍ਰੀਤ ਦੇ!! ਕਿਉਂ ਜੋ ਉਸ ਵੇਲੇ ਤਾਂ ਉਹ ਤਾਇਆ ਦਲ ਦਾ ਪੂਰਾ ਸੂਰਾ ‘ਲਫ਼ਟੈਣ’ ਬਣਿਆ ਬੈਠਾ ਸੀ।
                              ਪੂਰੇ ਨੌਂ ਸਾਲਾਂ ਬਾਅਦ ਜੁਲਾਈ 2011 ਵਿਚ ਉਸ ਨੂੰ ਦੁਬਾਰਾ ਮਿਲਣ ਦਾ ਮੌਕਾ ਬਣਿਆ। ਅਮਰੀਕਾ ਭਰ ਵਿਚ ਉਸ ਦੀ ਨਵੀਂ ਸਜੀ ਪਾਰਟੀ ਦੇ ਪ੍ਰਚਾਰ ਸਮਾਗਮਾਂ ਦੀ ਲੜੀ ਮੁਤਾਬਿਕ, ਮੇਰੀ ਰਿਹਾਇਸ਼ ਵਾਲੇ ਸ਼ਹਿਰ ਦੇ ਸਭ ਤੋਂ ਨਜ਼ਦੀਕ ਹੇਵਰਡ (ਕੈਲੀਫੋਰਨੀਆ) ਵਿਖੇ ਹੋਏ ਪ੍ਰੋਗਰਾਮ ਵਿਚ ਮੈਂ ਸ਼ਾਮਲ ਹੋਇਆ। ਮੇਰੇ ਨਾਲ ਸਨ ਕਵੀ ਦੋਸਤ ਡਾ. ਗੁਰਮੀਤ ਸਿੰਘ ਬਰਸਾਲ ਜਿਨ੍ਹਾਂ ਦੇ ਮਨ ਵਿਚ ਵੀ ਵੱਡੀ ਉਤਸੁਕਤਾ ਸੀ ਮਨਪ੍ਰੀਤ ਹੋਰਾਂ ਦੀ ਪਾਰਟੀ ਬਾਰੇ ਜਾਣਨ ਦੀ।
ਰਾਹ ਵਿਚ ਸਮਾਗਮ ਬਾਰੇ ਸਾਡੇ ਲਾਏ ਲੱਖਣ ਸਾਰੇ ਹੀ ਗਲਤ ਨਿਕਲੇ। ਨਾ ਤਾਂ ਪ੍ਰੋਗਰਾਮ ਮਿੱਥੇ ਸਮੇਂ ਤੋਂ ਪੰਜਾਬੀਆਂ ਵਾਲੀ ‘ਲੇਟ’ ਨਾਲ ਸ਼ੁਰੂ ਹੋਇਆ, ਨਾ ਕਿਸੇ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆਂ’ ਕਹਿਣ ਦੇ ਬਹਾਨੇ ਝੱਖ ਮਾਰੀ। ਨਾ ਹੀ ਸਪਾਂਸਰ ਕਰਨ ਵਾਲੇ ‘ਉਘੇ ਸਮਾਜ ਸੇਵਕਾਂ’ ਨੂੰ ਪਲੇਕਾਂ ਦੀਆਂ ਰਿਉੜੀਆਂ ਵੰਡੀਆਂ ਗਈਆਂ। ਉਥੇ ਨਾ ਕਿਸੇ ਨੂੰ ਮਹਾਨ ਸ਼ਖ਼ਸੀਅਤ ਗਰਦਾਨਿਆ ਗਿਆ, ਤੇ ਨਾ ਹੀ ਕਿਸੇ ਨੂੰ ਉਚੇਚੇ ਤੌਰ ‘ਤੇ ਸਮਾਗਮ ਵਿਚ ਸ਼ਾਮਲ ਹੋਣ ਦੀ ਚਗਲੇ ਹੋਏ ਸ਼ਬਦਾਂ ਵਾਲੀ ਫੂਕ ਛਕਾਈ ਗਈ। ਹੋਰ ਵੀ ਬਹੁਤ ਕੁਝ ਨਵਾਂ ਨਿਵੇਕਲਾ ਦੇਖਣ ਨੂੰ ਮਿਲਿਆ।ਪ੍ਰਧਾਨ ਦੇ ਸਾਹਮਣੇ ਬੇ-ਜ਼ੁਬਾਨੀਆਂ ਗਊਆਂ ਬਣ ਕੇ ਬਹਿਣ ਦੀ ਥਾਂ ਇੱਥੇ ਇਕ ਇਨਕਲਾਬੀ ਵਰਤਾਰਾ ਵਾਪਰਿਆ। ਬਿਨਾਂ ਕਿਸੇ ਲੰਮੀ ਚੌੜੀ ਭੂਮਿਕਾ ਦੇ ਤੈਅਸ਼ੁਦਾ ਸਟੇਜੀ ਕਾਰਵਾਈ ਅਨੁਸਾਰ ਅਰਦਾਸ ਰੂਪ ਗੀਤ ਤੋਂ ਬਾਅਦ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੀ ਕਾਇਮੀ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਕਾਰਗੁਜ਼ਾਰੀ ਬਾਰੇ ਪੰਦਰਾਂ-ਵੀਹ ਮਿੰਟਾਂ ਦੀ ਡਾਕੂਮੈਂਟਰੀ ਦਿਖਾਈ ਗਈ। ਉਸ ਤੋਂ ਬਾਅਦ ਹਾਲੇ ਦੋ ਕੁ ਬੁਲਾਰੇ ਹੀ ਭੁਗਤੇ ਸਨ ਕਿ ਅਚਾਨਕ ਸਟੇਜ ਸਕੱਤਰ ਕਹਿਣ ਲੱਗਾ ਕਿ ਬਹੁਤ ਸਾਰੇ ਲੇਟ ਆਏ ਦਰਸ਼ਕਾਂ ਦੀ ਫਰਮਾਇਸ਼ ‘ਤੇ ਡਾਕੂਮੈਂਟਰੀ ਦੁਬਾਰਾ ਦਿਖਾਈ ਜਾਂਦੀ ਹੈ। ਸੈਕਟਰੀ ਮੂੰਹੋਂ ਇੰਨੀ ਗੱਲ ਨਿਕਲਣ ਦੀ ਦੇਰ ਸੀ ਕਿ ਭਗਵੰਤ ਮਾਨ ਸ਼ੂਟ ਵੱਟ ਕੇ ਸਟੇਜ ਉਪਰ ਜਾ ਚੜ੍ਹਿਆ। ਸੈਕਟਰੀ ਹੱਥੋਂ ਮਾਈਕ ਫੜ ਕੇ ਫੈਸਲਾਕੁਨ ਅੰਦਾਜ਼ ‘ਚ ਬੋਲਿਆ, “ਡਾਕੂਮੈਂਟਰੀ ਦੁਬਾਰਾ ਬਿਲਕੁਲ ਨਹੀਂ ਦਿਖਾਈ ਜਾਵੇਗੀ। ਜਿਹੜੇ ਵੀਰ ਲੇਟ ਆਏ ਹਨ, ਕਸੂਰ ਉਨ੍ਹਾਂ ਦਾ ਹੈ ਸਾਡਾ ਨਹੀਂ!” ਸਾਰਾ ਪ੍ਰੋਗਰਾਮ ਪਹਿਲੋਂ ਵਿਉਂਤੀ ਹੋਈ ਤਰਤੀਬ ਅਨੁਸਾਰ ਹੀ ਚੱਲਿਆ।
ਜਿਹੜੀ ਜ਼ੁਰਅਤ ਭਗਵੰਤ ਮਾਨ ਨੇ ਦਿਖਾਈ, ਐਸਾ ਐਕਸ਼ਨ ਕਿਸੇ ਹੋਰ ਸਿਆਸੀ ਪਾਰਟੀ ਵਿਚ ਕਦੇ ਨਹੀਂ ਦੇਖਿਆ/ਸੁਣਿਆ। ਪ੍ਰਧਾਨ ਦੀ ਹਾਜ਼ਰੀ ਵਿਚ, ਉਸੇ ਦੀ ਕਾਰਗੁਜ਼ਾਰੀ ਬਾਰੇ ਡਾਕੂਮੈਂਟਰੀ ਦਿਖਾਉਣ ਤੋਂ ਵਰਜਣ ਜੈਸੀ ਹਿਮਾਕਤ, ਕਿਹੜਾ ਪ੍ਰਧਾਨ ਬਰਦਾਸ਼ਤ ਕਰ ਸਕਦਾ ਹੈ? ਮਿਸਾਲ ਵਜੋਂ ਮਨਪ੍ਰੀਤ ਬਾਦਲ ਦੇ ਤਾਏ ਦੀ ਮਾਲਕੀ ਵਾਲੇ ‘ਦਲ’ ਵਿਚ ਕਿਸੇ ਅਜਿਹੀ ਘਟਨਾ ਬਾਰੇ ਕਿਆਸ ਕਰਕੇ ਦੇਖੋ ਜ਼ਰਾ! ਹੋ ਸਕਦੀ ਹੈ ਕਿਸੇ ਦੀ ਮਜ਼ਾਲ ਕਿ ਪ੍ਰਧਾਨ ਮੋਹਰੇ ਕੋਈ ਸਾਹ ਵੀ ਉਚਾ ਲੈ ਸਕੇ? ਇਕ ਵਾਰੀ ਛੱਡ ਕੇ ਭਾਵੇਂ ਦਸ ਵਾਰੀ ਡਾਕੂਮੈਂਟਰੀ ਦਿਖਾਈ ਜਾਂਦੇ, ਕਿਸੇ ਨੇ ਵੀ ਚੂੰ-ਚਰਾਂ ਨਹੀਂ ਸੀ ਕਰਨੀ। ਇਹੋ ਜਿਹੀ ‘ਆਪਹੁਦਰੀ’ ਨੂੰ ਪ੍ਰਧਾਨ ਸਾਹਿਬ ਦੀ ਤੌਹੀਨ ਮੰਨ ਕੇ ਦੋਸ਼ੀ ਨੂੰ ਫੌਰਨ ਦਲ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ। ਮਨਪ੍ਰੀਤ ਦੀ ਨਵ-ਗਠਿਤ ਪਾਰਟੀ ਲਈ ਇਹ ਸ਼ੁਭ ਸ਼ਗਨ ਹੀ ਕਿਹਾ ਜਾ ਸਕਦਾ ਹੈ।
                                 ਅਮਰੀਕਾ/ਕੈਨੇਡਾ ਵਿਚ ਹੋਏ ਅਤੇ ਹੋਣ ਜਾ ਰਹੇ ਸਾਰੇ ਸਮਾਗਮ ਦਾ ਕੋ-ਆਰਡੀਨੇਟਰ ਭਗਵੰਤ ਮਾਨ ਹੀ ਸੀ, ਤੇ ਹੈ। ਪੰਜਾਬੀਆਂ ਦੇ ਹਰਮਨ ਪਿਆਰੇ ਇਸ ਹਾਸਰਸ ਕਲਾਕਾਰ ਦਾ ਬਦਲਵਾਂ ਰੂਪ ਦੇਖਦਿਆਂ/ਸੁਣਦਿਆਂ ਮੈਂ ਇਤਿਹਾਸ ਦੇ ਉਸ ਦੌਰ ਬਾਰੇ ਸੋਚਣ ਲੱਗਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿਚ ਸ੍ਰੀ ਦਸਮੇਸ਼ ਪਿਤਾ ਦਾ ਅਗੰਮੀ ਪ੍ਰਕਾਸ਼ ਡਲ੍ਹਕਾਂ ਮਾਰ ਰਿਹਾ ਸੀ, ਉਥੋਂ ਦੀ ਭਾਗਭਰੀ ਧਰਤੀ ਉਪਰ ਨੀਲੇ ਘੋੜੇ ਦੇ ਪੌੜ ਖਣਕਦੇ ਸਨ। ਇਕ ਦਿਨ ਸਾਹਿਬ ਜੀ ਦੇ ਸਜੇ ਦਰਬਾਰ ਵਿਚ ਕੁਝ ਭੰਡਾਂ ਨੇ ਕਲਗੀਧਰ ਜੀ ਤੋਂ ਆਗਿਆ ਲੈ ਕੇ ਗੁਰੂ ਕੇ ਮਸੰਦਾਂ ਦੀਆਂ ‘ਸਕਿੱਟਾਂ’ ਦਿਖਾਈਆਂ।
                                   ਵੱਡੇ ਸਾਰੇ ਢਿੱਡ ਵਾਲਾ ਇਕ ਮਸੰਦ ਆਪਣੇ ਲਾਮ ਲਸ਼ਕਰ ਸਮੇਤ ਇਕ ਪੇਂਡੂ ਗਰੀਬੜੇ ਸਿੱਖ ਦੇ ਘਰ ਜਾ ਵੜਦਾ ਹੈ। ਕਿਰਤੀ ਸਿੱਖ ਦੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਹੈ-ਅੱਜ ਸਾਡੇ ਘਰ ਗੁਰੂ ਕਿਆਂ ਨੇ ਚਰਨ ਪਾਏ ਹਨ। ਧੰਨ ਭਾਗ ਸਾਡੇ!! ਸਿੱਖਣੀ ਫਟਾ-ਫਟ ਅਲਾਣੀ ਮੰਜੀ ਉਤੇ ਦਰੀ ਵਿਛਾਉਂਦੀ ਹੈ ਪਰ ਮਸੰਦ ਸਾਧਾਰਨ ਜਿਹੀ ਦਰੀ ਦੇਖ ਕੇ ਗਰਜਦਾ ਹੈ, “ਤੁਹਾਨੂੰ ਸ਼ਰਮ ਨਹੀਂ ਆਉਂਦੀ, ਆਹ ਮੈਲੀ ਕੁਚੈਲੀ ਦਰੀ ਸਾਡੇ ਬਹਿਣ ਲਈ ਵਿਛਾਉਂਦਿਆਂ?” ਗੁੱਸੇ ‘ਚ ਉਹ ਦਰੀ ਵਲੇਟ ਕੇ ਪਰ੍ਹੇ ਵਗਾਹ ਮਾਰਦਾ ਹੈ। ਮੁਆਫੀਆਂ ਮੰਗਦੀ ਹੋਈ ਗਰੀਬ ਸਿੱਖਣੀ ਗੁਆਂਢੀਆਂ ਘਰੋਂ ਚੁਤਹੀ ਅਤੇ ਤਲਾਈ ਮੰਗ ਲਿਆਉਂਦੀ ਹੈ। ਇਸੇ ਤਰ੍ਹਾਂ ਰਾਤ ਨੂੰ ਸਾਦਾ ਦਾਲ-ਫੁਲਕਾ ਦੇਖ ਕੇ ਮਸੰਦ ਫਿਰ ਅੱਗ ਬਬੂਲਾ ਹੋ ਉਠਦਾ ਹੈ। ਚੰਗੇ ਚੋਸੇ ਪਕਵਾਨਾਂ ਦੀ ਮੰਗ ਕਰਦਾ ਹੈ। ਨਾਲੇ ਇਸ ਗਰੀਬ ਪਰਿਵਾਰ ਨੂੰ ਗੁਰੂ-ਕ੍ਰੋਪੀ ਦੇ ਡਰਾਵੇ ਦੇਈ ਜਾਂਦਾ ਹੈ। ਅੱਧੀ ਰਾਤ ਤੱਕ ਗਰੀਬ ਸਿੱਖ ਦੀ ਸੁਆਣੀ ਕੋਲੋਂ ਲੱਤਾਂ ਘੁਟਾਉਂਦਾ ਹੈ। ਸਵੇਰੇ ਰੁਖਸਤ ਹੋਣ ਵੇਲੇ ਗੁਆਂਢੀਆਂ ਤੋਂ ਮੰਗਿਆ ਹੋਇਆ ਬਿਸਤਰਾ ਆਪਣੀ ਘੋੜੀ ਦੀ ਕਾਠੀ ‘ਤੇ ਸੁੱਟ ਲੈਂਦਾ ਹੈ। ਗਰੀਬ ਪਰਿਵਾਰ ਫਿਰ ਵੀ ਉਸ ਦੇ ਪੈਰ ਪੂਜਦਾ ਹੈ ਕਿ ਉਨ੍ਹਾਂ ਜਿਹੇ ਮੁਹਾਂਪੁਰਸ਼ਾਂ ਨੇ ਸਾਡਾ ਗ੍ਰਹਿ ਪਵਿੱਤਰ ਕੀਤਾ ਹੈ।ਭੰਡਾਂ ਦੇ ਇਸ ਨਾਟਕ ਨੂੰ ਦੇਖ-ਦੇਖ ਸਾਰੀ ਸੰਗਤ ਹੱਸ ਰਹੀ ਸੀ ਪਰ ਦਸਮੇਸ਼ ਪਿਤਾ ਦੇ ਚਿਹਰੇ ‘ਤੇ ਜਲਾਲ ਆ ਗਿਆ। ਸਤਿਗੁਰਾਂ ਨੇ ਉਸੇ ਵੇਲੇ ਹੁਕਮ ਕੀਤਾ ਕਿ ਸਾਰੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ‘ਚ ਲਿਆਂਦਾ ਜਾਵੇ। ਸ੍ਰੀ ਕੇਸਗੜ੍ਹ ਸਾਹਿਬ ਦੇ ਲਾਗਲੇ ਗੁਰਦੁਆਰੇ ਸੀਸ ਗੰਜ ਦੇ ਵਿਹੜੇ ਵਿਚ ਪੁਰਾਣਾ ਖੂਹ ਹੈ ਜਿਹਦੇ ਬਾਰੇ ਰਵਾਇਤ ਹੈ ਕਿ ਉਸ ਖੂਹ ‘ਚੋਂ ਨਿਕਲੇ ਤੇਲ ਨਾਲ ਮਸੰਦਾਂ ਦਾ ‘ਕਲਿਆਣ’ ਕੀਤਾ ਗਿਆ ਸੀ। ਉਸੇ ਘੜੀ ਤੋਂ ਸਾਹਿਬ ਦਸਮੇਸ਼ ਗੁਰੂ ਨੇ ਮਸੰਦ ਪ੍ਰਥਾ ਦਾ ਖਾਤਮਾ ਕਰਕੇ, ਸਿੱਖਾਂ ਦਾ ਗੁਰੂ ਨਾਲ ਸਿੱਧਾ ਸਬੰਧ ਜੋੜਨ ਵਾਲਾ ਇਨਕਲਾਬੀ ਫੈਸਲਾ ਕਰ ਦਿੱਤਾ।
                              ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਵਿਚ ਸਿਧਾਂਤਕ ਭੂਮਿਕਾ ਨਿਭਾ ਰਿਹਾ ਭਗਵੰਤ ਮਾਨ, ਕਈ ਦਹਾਕਿਆਂ ਤੋਂ ਸਮੂਹ ਪੰਜਾਬੀਆਂ ਅੱਗੇ ਲੋਟੂ ਨਿਜ਼ਾਮ ਦੀਆਂ ‘ਸਕਿੱਟਾਂ’ ਪੇਸ਼ ਕਰਦਾ ਆ ਰਿਹਾ ਹੈ। ਐਮ.ਐਲ.ਏ., ਐਮ.ਪੀ., ਵਜ਼ੀਰਾਂ ਤੋਂ ਲੈ ਕੇ ਸਰਕਾਰੀ ਅਮਲੇ ਦੇ ਹਰ ਛੋਟੇ-ਵੱਡੇ ਅੰਗ ਦੀਆਂ ਪਰਤਾਂ ਖੋਲ੍ਹਣ ਵਾਲੀਆਂ ‘ਸਕਿੱਟਾਂ’ ਰਾਹੀਂ ਉਸ ਨੇ ਵਿਗੜੇ ਢਾਂਚੇ ਦਾ ਸ਼ੀਸ਼ਾ ਦਿਖਾਇਆ ਹੈ। ਅਸੀਂ ਬਥੇਰੀਆਂ ਤਾੜੀਆਂ ਮਾਰੀਆਂ… ਹੱਸ-ਹੱਸ ਢਿੱਡੀਂ ਪੀੜਾਂ ਪੁਆ ਲਈਆਂ… ਇਹ ਕੰਮ ਬਹੁਤ ਹੋ ਗਿਆ। ਗੁਰੂ ਵੀਹ ਵਿਸਵੇ, ਪਰ ਸੰਗਤ ਇੱਕੀ ਵਿਸਵੇ ਮੰਨੀ ਜਾਂਦੀ ਹੈ। ਆਉ ਹੁਣ ਮੱਥੇ ‘ਤੇ ਜਲਾਲ ਲਿਆ ਕੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹਣ ਲਈ ਕਮਰ ਕੱਸੇ ਕਰੀਏ। ਭਗਵੰਤ ਦੇ ਮੂੰਹੋਂ ਹੇਵਰਡ ਸ਼ਹਿਰ ਵਿਖੇ ਸੁਣੀ ਹੋਈ ਗੱਲ ਦੁਹਰਾਉਂਦਾ ਹਾਂ, “ਹੱਸਣਾ, ਨੱਚਣਾ, ਟੱਪਣਾ ਉਦੋਂ ਹੀ ਸੋਹਣਾ ਲਗਦਾ ਹੈ, ਜਦ ਘਰ ਦੇ ਚੁੱਲ੍ਹੇ ‘ਚ ਅੱਗ ਬਲਦੀ ਹੋਵੇ, ਲੇਕਿਨ ਜੇ ਚੁੱਲੇ ਵਿਚ ਘਾਹ ਉਗ ਆਇਆ ਹੋਵੇ ਤਾਂ ਨੱਚਣ ਗਾਉਣ ਵਾਲੇ ਸ਼ੁਦਾਈ ਹੀ ਕਹਾਉਣਗੇ।”
                                    ਇਹ ਫਲਸਫਾਨਾ ਵਾਕ ਸਮੁੱਚੇ ਪੰਜਾਬ ਵਾਸੀਆਂ ਨੂੰ ਤਾਂ ਝੰਜੋੜਦਾ ਹੀ ਹੈ, ਨਾਲ-ਨਾਲ ਉਨ੍ਹਾਂ ਪੰਜਾਬੀ ਗਾਇਕ ਕਲਾਕਾਰਾਂ ਦੀ ਜ਼ਮੀਰ ਨੂੰ ਵੀ ਹਲੂਣਦਾ ਹੈ ਜਿਹੜੇ ਕਰਜ਼ਿਆਂ ਦੇ ਝੰਬੇ, ਮਾਰੂ ਨਸ਼ਿਆਂ ਦੇ ਮਾਰੇ, ਲੁਟੇਰੇ ਸਿਸਟਮ ਦਾ ਸ਼ਿਕਾਰ ਬਣੇ, ਬਾਬਾਵਾਦ ਦੀ ਚੱਕੀ ‘ਚ ਪਿਸਦੇ ਅਤੇ ਸਦਾਚਾਰਕ ਵਿਰਸੇ ਤੋਂ ਮਹਿਰੂਮ ਹੋ ਰਹੇ ਪੰਜਾਬ ਨੂੰ ‘ਨੱਚਦਾ-ਟੱਪਦਾ ਰੰਗਲਾ’ ਦੱਸ-ਦੱਸ ਕੇ ਆਪਣਿਆਂ ਦੇ ਹੀ ਅੱਖੀਂ ਘੱਟਾ ਪਾਈ ਜਾ ਰਹੀ ਨੇ। ਜੇ ਭਗਵੰਤ ਮਾਨ ਆਪਣੀ ਮਾਂ-ਭੂਮੀ ਦੇ ਦਰਦ ਹਿੱਤ ਆਪਣਾ ਸ਼ਾਨਦਾਰ ਪ੍ਰੋਫੈਸ਼ਨ ਤਿਆਗ ਕੇ ਮੈਦਾਨ ‘ਚ ਨਿੱਤਰ ਸਕਦਾ ਹੈ ਤਾਂ ਪੁੱਛਣਾ ਬਣਦਾ ਹੈ, ਸਾਰੀ ਉਮਰ ਗਿੱਟਿਆਂ ਨੂੰ ਘੁੰਗਰੂ ਬੰਨ੍ਹ ਕੇ ਕਈ-ਕਈ ਲੱਖ ਦੀਆਂ ਫੀਸਾਂ ਲੈਣ ਵਾਲਿਆਂ ਦੀ ਆਤਮਾ ਉਨ੍ਹਾਂ ਨੂੰ ਲਾਹਣਤਾਂ ਨਹੀਂ ਪਾਉਂਦੀ?
                                     ਹੁਣ ਗੱਲ ਕਰ ਲਈਏ ਭਗਵੰਤ ਮਾਨ ਜਿਹੇ ਟੀਸੀ ‘ਤੇ ਪਹੁੰਚੇ ਕਲਾਕਾਰ ਨੂੰ ਆਪਣੇ ਕਾਫ਼ਲੇ ਦਾ ਪਾਂਧੀ ਬਣਾਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਦੇ ਦਾਅਵਿਆਂ ਅਤੇ ਵਾਅਦਿਆਂ ਦੀ। ਕਹਿੰਦੇ ਨੇ ਕਿ ਆਦਮੀ ਦਾ ਚਿਹਰਾ ਹੀ ਸਭ ਕੁਝ ਦੱਸ ਦਿੰਦਾ ਹੈ। ਇਸ ਲਿਹਾਜੇ ਮਨਪ੍ਰੀਤ ਦੇ ਚਿਹਰੇ ਤੋਂ ਵਾਕਿਆ ਹੀ ਪੰਜਾਬ ਲਈ ਲੋਹੜੇ ਦਾ ਦਰਦ ਝਲਕਦਾ ਹੈ। ਪੰਜਾਬ ਦੀ ਅਜ਼ਮਤ ਅਤੇ ਅਣਖ ਨੂੰ ਲੱਗੇ ਖੋਰੇ ਦਾ ਜ਼ਿਕਰ ਕਰਦਿਆਂ ਉਹਦਾ ਗੱਚ ਭਰ ਆਉਂਦਾ ਹੈ। ਇਸੇ ਕਾਰਨ ਹੀ ਦਿਨ-ਬ-ਦਿਨ ਉਸ ਦਾ ਕਾਫ਼ਲਾ ਵਧਦਾ ਜਾ ਰਿਹਾ ਹੈ ਪਰ ਕੀਤਾ ਕੀ ਜਾਏ, ਜੇ ਕੁਝ ਪੰਜਾਬੀ ਮਨਪ੍ਰੀਤ ਦੇ ਕਾਫਲੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ? ਇਸ ਵਿਚ ਕਸੂਰ ਮਨਪ੍ਰੀਤ ਦਾ ਨਹੀਂ। ਪੰਜਾਬੀਆਂ ਨੇ ਬਹੁਤ ਵਾਰ ਸਿਆਸਤਦਾਨਾਂ ਦੇ ਚਿਹਰਿਆਂ ਦੀ ਕਪਟੀ ਮਾਸੂਮੀਅਤ ਤੋਂ ਧੋਖੇ ਖਾਧੇ ਹਨ। ਦੰਭੀ, ਪਖੰਡੀ ਆਗੂਆਂ ਹੱਥੋਂ ਪੰਜਾਬੀਆਂ ਦੀ ਲੁੱਟ ਦਾ ਇਤਿਹਾਸ ਪੜ੍ਹ ਕੇ ਹਿੰਦੀ ਗੀਤ ਯਾਦ ਆਉਂਦਾ ਹੈ, ‘ਕਹਾਂ ਤਕ ਨਾਮ ਗਿਨਵਾਊਂ, ਸਭੀ ਨੇ ਹਮ ਕੋ ਲੂਟਾ ਹੈ।’ ਸੁਭਾਅ ਪੱਖੋਂ ਭੋਲੇ-ਭਾਲੇ ਪੰਜਾਬੀਆਂ ਨੂੰ ਕਿਸੇ ਸ਼ਾਇਰ ਨੇ ਸ਼ਾਇਦ ਇਸੇ ਕਰਕੇ, ਇਕ ਮੀਸਣੇ ਆਗੂ ਤੋਂ ਚੁਕੰਨੇ ਕਰਦਿਆਂ ਲਿਖਿਆ ਏ:
                                                  ਇਹਦਾ ‘ਕੱਲਾ ਮੂੰਹ ਨਾ ਦੇਖੋ,
                                                  ਮੂੰਹ ਅੰਦਰਲੇ ਦੰਦ ਵੀ ਦੇਖੋ।
                                                 ਮੀਸਣੀਆਂ ਮੁਸਕਾਨਾਂ ਉਹਲੇ
                                                 ਜੋ ਜੋ ਚਾੜ੍ਹੇ ਚੰਦ ਵੀ ਦੇਖੋ।
ਇਸ ਲੇਖਕ ਨੇ ਆਪਣੀਆਂ ਅੱਖਾਂ ਨਾਲ ਉਹ ਦ੍ਰਿਸ਼ ਵੀ ਦੇਖਿਆ ਹੋਇਐ ਜਦੋਂ ਪੱਚੀ ਸਾਲ ਪ੍ਰਧਾਨਗੀ ਕਰਦੇ ਰਹੇ ਇਕ ਧਾਰਮਿਕ ਆਗੂ ਨੇ ਸ੍ਰੀ ਅਨੰਦਪੁਰ ਸਾਹਿਬ ਸਟੇਜ ‘ਤੇ ਖਲੋ ਕੇ ਸ੍ਰੀ ਕੇਸਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਵੱਲ ਇਸ਼ਾਰਾ ਕਰਦਿਆਂ ਗਰਜ ਕੇ ਆਖਿਆ ਸੀ ਕਿ ਹੁਣ ਮੇਰੀ ਮੜ੍ਹੀ ਵੀ ਬਾਦਲ ਦਲ ਨਾਲ ਸਮਝੌਤਾ ਨਹੀਂ ਕਰੇਗੀ ਪਰ ਸ੍ਰੀਮਾਨ ਨੇ ਜਿਉਂਦੇ ਜੀ ਹੀ ਬਾਦਲ ਸਾਹਿਬ ਹੱਥੋਂ ਲੱਡੂ ਖਾ ਲਏ!! ਇੱਦਾਂ ਦੀ ਇਹ ਕੇਵਲ ਇਕੋ ਮਿਸਾਲ ਨਹੀਂ, ‘ਪੰਜਾਬੀ ਸਰੀਰ’ ਦੀ ਤਾਂ ਇਹ ਹਾਲਤ ਬਣੀ ਹੋਈ ਹੈ,
                                              ਏਕ ਦਿਲ ਹੀ ਨਹੀਂ
                                              ਸਾਰਾ ਬਦਨ ਛਲਨੀ ਹੈ!
                                             ਅਬ ਤੋ ਦਰਦ ਭੀ ਪਰੇਸ਼ਾਂ ਹੈ
                                             ਕਿ ਕਹਾਂ ਉਠੂੰ!!
                ਮਨਪ੍ਰੀਤ ਸਿੰਘ ਦੇਸ਼-ਵਿਦੇਸ਼ ਦੇ ਪੰਜਾਬੀਆਂ ਨੂੰ ਪੂਰੀ ਦ੍ਰਿੜਤਾ ਨਾਲ ਕਹਿੰਦਾ ਹੈ ਕਿ ਮੇਰਾ ਸਾਥ ਦਿਓ, ਮੈਂ ਪੰਜਾਬ ‘ਚ ਇਨਕਲਾਬ ਲੈ ਆਵਾਂਗਾ। ਬੁੱਢਾ ਬੋਹੜ ਨਾਵਲਕਾਰ ਕੰਵਲ ਇਕ ਨਾਵਲ ‘ਚ ਕਹਿੰਦੈ, ਪੰਜਾਬ ਦੀ ਸਰ-ਜ਼ਮੀਂ ‘ਤੇ ਨਾ ਮਾਓਵਾਦ, ਨਾ ਮਾਰਕਸਵਾਦ, ਸਿਰਫ਼ ਦਸਮੇਸ਼ ਪਿਤਾ ਦੀ ਸ਼ਮਸ਼ੀਰ ਹੀ ਇਨਕਲਾਬ ਲਿਆ ਸਕਦੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਪੰਜਾਬ ਲਈ ਤੜਫ ਰਿਹਾ ਸ. ਮਨਪ੍ਰੀਤ ਸਿੰਘ ਬਾਦਲ ਬਾਈ ਕੰਵਲ ਦੇ ਇਸ ਕਥਨ ਨੂੰ ਆਪਣੀ ਤਹਿਰੀਕ ਵਿਚ ਕਿਵੇਂ ਫਿੱਟ ਕਰੇਗਾ? ਮਨਪ੍ਰੀਤ ਨੂੰ ਇਹ ਯਕੀਨ ਦਹਾਨੀ ਕਰਵਾਉਣੀ ਪਏਗੀ ਕਿ ਪੀ.ਪੀ.ਪੀ. ਪਹਿਲੇ ਸਿਆਸੀ ਦਲਾਂ ਤੋਂ ਮੂਲੋਂ ਅਲੱਗ ਹੈ। ਫਿਲਹਾਲ ਪੀ.ਪੀ.ਪੀ. ਵਾਲਿਆਂ ਦੀਆਂ ਕ੍ਰਾਂਤੀਕਾਰੀ ਸੁਰਾਂ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।

Friday, July 1, 2011

ਕਿਹਾ ਸੱਚ ਸਿਆਣਿਆਂ ਨੇ!

ਵੰਡ ਬਹਿੰਦੀ ਨਾ ਲੜਦੀਆਂ ਬਿੱਲੀਆਂ ਦੀ, ਦਾਅ ਬਾਂਦਰ ਦਾ ਜਾਂਦਾ ਏ ਲੱਗ ਏਦਾਂ।
ਟੁੱਟ ਪਵੇ ਬਘਿਆੜ ਜਦ ਲੇਲਿਆਂ ‘ਤੇ, ਟਲਦਾ ‘ਮੈਨੂੰ ਕੀ’ ਸਮਝ ਕੇ ਜੱਗ ਏਦਾਂ।
ਬੁਰਛਾਗਰਦੀ ਦੇ ਬੁਰੇ ਮਾਹੌਲ ਅੰਦਰ, ਜੀਵੇ ਕਿਸ ਤਰ੍ਹਾਂ ਬੰਦਾ ਸਲੱਗ ਏਦਾਂ।
ਹਰ ਥਾਂ ਚੌਧਰੀ ਬਣਦਾ ਏ ਮਲਕ ਭਾਗੋ, ਭਾਈ ਲਾਲੋ ਤੋਂ ਹੁੰਦਾ ਨਹੀਂ ਤੱਗ ਏਦਾਂ।
ਤਾਨਾਸ਼ਾਹੀ ਮਿਟਾਉਣ ਦੇ ਨਾਮ ਹੇਠਾਂ, ਆਪਣਾ ਸਿੱਕਾ ਜਮਾਉਂਦਾ ਏ ਠੱਗ ਏਦਾਂ।
ਬਲਦੇ ਭਾਂਬੜ ‘ਤੇ ਛਿੜਕ ਕੇ ਤੇਲ ਦੇਖੋ, ਅਹਿਮਕ ਸਮਝਦਾ ਬੁਝੇਗੀ ਅੱਗ ਏਦਾਂ!

ਤਰਲੋਚਨ ਸਿੰਘ ਦੁਪਾਲਪੁਰੀ

ਰੋਸ ਬੁੱਧੀਜੀਵੀਆਂ ‘ਤੇ!

ਕਿਤੇ ਖਹਿਬੜੇ ਪਤੀ ਦੇ ਨਾਲ ਪਤਨੀ, ਪਤੀ ਗ੍ਰਹਿਸਥ ਨੂੰ ਨਰਕ ਬਣਾਈ ਫਿਰਦੇ।
ਧੀਆਂ ਪੁੱਤ ਲੜਦੇ ਨਾਲ ਮਾਪਿਆਂ ਦੇ, ਭਾਈ, ਭੈਣਾਂ ਨਾਲ ਯੁੱਧ ਮਚਾਈ ਫਿਰਦੇ।
ਨਿੱਤ ਹਾਕਮਾਂ ਦੀ ਮੁਰਦਾਬਾਦ ਹੋਵੇ, ਰਾਜੇ ਆਪਣੀ ਹਿੰਡ ਪੁਗਾਈ ਫਿਰਦੇ।
ਧਰਮ-ਮੰਦਰਾਂ ਵਿਚ ਵੀ ਡਾਂਗ ਖੜਕੇ, ਆਕੀ, ਧਰਮੀਆਂ ਤਾਈਂ ਭਜਾਈ ਫਿਰਦੇ।
ਚਾਰੇ ਤਰਫ ਹੀ ਕ੍ਰੋਧ ਦੀ ਅੱਗ ਬਲਦੀ, ਸਹਿਣ-ਸ਼ਕਤੀ ਦੀ ਅਲਖ ਮੁਕਾਈ ਫਿਰਦੇ।
ਸ਼ਾਂਤ ਰਹਿਣ ਦੇ ਜਿਨ੍ਹਾਂ ਸੀ ਸਬਕ ਦੇਣੇ, ਬੁੱਧੀਜੀਵੀ ਵੀ ਸਿੰਗ ਫਸਾਈ ਫਿਰਦੇ!

ਤਰਲੋਚਨ ਸਿੰਘ ਦੁਪਾਲਪੁਰੀ

ਐਮ.ਐਲ.ਏ. ਕਿ ਡਿਕਟੇਟਰ?

ਇਕ ‘ਸਾਬ੍ਹ’ ਨੇ ਧੌਂਸ ਪੁਗਾਰਈ ਇੱਦਾਂ, ਕਾਲੀ ਵੇਈਂ ਵਿਚ ਪਾਣੀ ਨਹੀਂ ਜਾਣ ਦਿੱਤਾ।
ਇਕ ਹੋਰ ਦਾ ਕਤਲ ਵਿਚ ਨਾਮ ਗੂੰਜੇ, ਉਸ ਨੇ ਪੁਲਿਸ ਨੂੰ ਨੇੜੇ ਨਹੀਂ ਆਣ ਦਿੱਤਾ।
ਟੱਬਰ ਇਨ੍ਹਾਂ ਦੇ ਚੌਧਰੀ ਬਣੇ ਫਿਰਦੇ, ਬੁਰਛਾਗਰਦੀ ਵੱਲ ਮੋੜ ਮੁਹਾਣ ਦਿੱਤਾ।
ਹੁਕਮ ਚਾੜ੍ਹਦੇ ਫੋਨ ‘ਤੇ ਅਫਸਰਾਂ ਨੂੰ, ਕਰ ਕਾਇਦੇ-ਕਾਨੂੰਨ ਦਾ ਘਾਣ ਦਿੱਤਾ।
ਅੱਖਾਂ ਮੀਟ ਕੇ ਅਫਸਰ ਵਜਾਈ ਜਾਂਦੇ, ਆਉਂਦਾ ਹੁਕਮ ਜੋ ‘ਸਾਲਿਆਂ-ਜੀਜਿਆਂ’ ਤੋਂ।
ਕਿੱਦਾਂ ਜਾਨ ਬਚਾਏਗਾ ਆਮ ਬੰਦਾ? ਵਿਧਾਨਕਾਰਾਂ ਦੇ ਪੁੱਤ-ਭਤੀਜਿਆਂ ਤੋਂ

ਤਰਲੋਚਨ ਸਿੰਘ ਦੁਪਾਲਪੁਰੀ

ਹੱਟ ਕਬੱਡੀ! ਸਫਾ-ਚੱਟ ਕਬੱਡੀ!!

ਦੇਸ਼-ਵਿਦੇਸ਼ ਦੀਆਂ ਪੰਜਾਬੀ ਅਖ਼ਬਾਰਾਂ ਵਿਚ ਕਬੱਡੀ ਮੈਚਾਂ ਦੀਆਂ ਖ਼ਬਰਾਂ ਅਤੇ ਮੈਦਾਨ ਵਿਚ ਗੁੱਥ-ਮ-ਗੁੱਥਾ ਹੋ ਰਹੇ ਖਿਡਾਰੀਆਂ ਦੀਆਂ ਜਲਾਲ ਭਰੀਆਂ ਫੋਟੋਆਂ ਦੇਖ ਕੇ ਆਪਣੀ ਪੜ੍ਹਾਈ ਦੇ ਦਿਨੀਂ ਖੇਡੀ ਹੋਈ ਕਬੱਡੀ ਯਾਦ ਆ ਜਾਂਦੀ ਹੈ। ਉਨ੍ਹਾਂ ਵੇਲਿਆਂ ‘ਚ ਅਸੀਂ ਵੀ ਪੱਟ ‘ਤੇ ਥਾਪੀ ਮਾਰ ਕੇ ‘ਦਮ ਪਾਉਣ’ ਜਾਇਆ ਕਰਦੇ ਸਾਂ। ਉਦੋਂ ਦੀ ਅਤੇ ਅਜੋਕੀ ਕਬੱਡੀ ਦਾ ਰੰਗ-ਢੰਗ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇਸ ਖੇਡ ਦੀ ਨਿਯਮਾਵਲੀ ਵਿਚ ਤਾਂ ਕੋਈ ਖਾਸ ਤਬਦੀਲੀਆਂ ਨਹੀਂ ਹੋਈਆਂ ਪਰ ਹੁਣ ਦੇ ਖਿਡਾਰੀਆਂ ਦੇ ਚਿਹਰੇ-ਮੋਹਰੇ ਅਤੇ ਉਨ੍ਹਾਂ ਦੇ ਨਾਂਵਾਂ ਦਾ ਹੁਲੀਆ ਕਿਉਂ ਵਿਗੜ ਗਿਆ? ਵਿਦੇਸ਼ਾਂ ਵਿਚ ਕਬੱਡੀ ਮੈਚ ਕਰਵਾਉਣ ਵਾਲੇ ਕਬੱਡੀ ਪ੍ਰੇਮੀ ਵੀਰ ਇਹ ਦਾਅਵਾ ਬੜੇ ਜ਼ੋਰ-ਸ਼ੋਰ ਨਾਲ ਕਰਦੇ ਹਨ ਕਿ ਅਸੀਂ ਪੰਜਾਬੀ ਵਿਰਸੇ ਦੇ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਾਂ ਪਰ ਜ਼ਰਾ ਸਵੈ-ਪੜਚੋਲ ਕਰ ਕੇ ਦੇਖੀਏ ਕਿ ਕੀ ਸੱਚ-ਮੁੱਚ ਵਿਰਾਸਤ ਦੀ ਹਿਫ਼ਾਜ਼ਤ ਹੋ ਰਹੀ ਹੈ?