Showing posts with label ਕਵਿਤਾਵਾਂ. Show all posts
Showing posts with label ਕਵਿਤਾਵਾਂ. Show all posts

Saturday, September 25, 2010

ਇਉਂ ਬੋਲਿਆ ਪੰਜਾਬ ਸਿੰਘ!

ਇਉਂ ਬੋਲਿਆ ਪੰਜਾਬ ਸਿੰਘ!

ਇਕ ਧੇਲਾ ਦੀ ਕੀਮਤ ਵੀ ਨਹੀਂ ਹੁੰਦੀ,
ਝੂਠੇ ਬਿਆਨ ਅਖਬਾਰਾਂ ਵਿਚ ਘੋਟਿਆਂ ਦੀ।

ਭਲੇ ਮਾਣਸ ਨੂੰ ਗਊ ਹੀ ਸਮਝਦੇ ਨੇ,
ਚੌਧਰ ਚੱਲਦੀ ਸਿਆਸੀ ਝੋਟਿਆਂ ਦੀ।

ਕਿਰਤੀ ਹੱਡੀਆਂ ਰਗੜਦੇ ਮਰੀ ਜਾਂਦੇ,
ਚਰਬੀ ਵਧੀ ਜਾਵੇ ਢਿੱਡਾਂ ਮੋਟਿਆਂ ਦੀ।

ਵੱਡੇ ਛੋਟੇ ਸਭ ਪਿੱਟਦੇ ਹਾਏ ਬਿਜਲੀ!
ਸੁੰਨੀ ਹੁੰਦੀ ਪਈ ਛਾਂ ਬਰੋਟਿਆਂ ਦੀ।

ਚਰਖੇ ਪਏ ਸਟੇਜਾਂ ਦੇ ਤਰਸਦੇ ਨੇ,
ਕੱਤੇ ਕੌਣ ਚੰਗੇਰ ਗਲੋਟਿਆਂ ਦੀ।

ਸਮੇਂ ਕਿੱਦਾ ਦੇ ਆਏ ਪੰਜਾਬ ਸਿੰਘਾ,
ਕੀਮਤ ਖਰਿਆਂ ਤੋਂ ਵਧੀ ਏ ਖੋਟਿਆਂ ਦੀ।



ਤਰਲੋਚਨ ਸਿੰਘ ਦੁਪਾਲਪੁਰ
408-903-9952

ਸਰਬ-ਲੋਹ ਬਨਾਮ ਸੋਨਾ

ਸਰਬ-ਲੋਹ ਬਨਾਮ ਸੋਨਾ
ਪੱਗਾਂ ਸੋਹਣੀਆਂ ਉਤੋਂ ਹੀ ਦਿਸਦੀਆਂ ਨੇ,
ਮਾਇਆ ਮੋਹ ਨੇ ਸਿਰਾਂ ਨੂੰ ਫੇਰਿਆ ਹੈ।
ਗੋਡੇ ਟੇਕ ਕੇ ਅੱਗੇ ਪਖੰਡੀਆਂ ਦੇ,
ਧੌਲ-ਧਰਮ ਨੂੰ ਦਿਨੇ ਹੀ ਘੇਰਿਆ ਹੈ।
ਆਮ ਸਿੱਖ ਕਦ ਸਿੱਖੀ ਦੇ ਨਿਯਮ ਪਾਲੂ,
ਕੌਮੀ ਰਹਿਬਰਾਂ ਝੱਲ ਖਿਲੇਰਿਆ ਹੈ।
ਫਲੀ-ਭੂਤ ਹੋ ਧਰਮ ਲਈ ਬਣੂ ਖਤਰਾ,
ਬੀਜ਼ ਪਾਪ ਦਾ 'ਆਗੂਆਂ' ਕੇਰਿਆ ਹੈ।
ਫੜਕੇ ਦੱਥੀਆਂ ਕਾਮੀਆਂ ਸ਼ੱਕੀਆਂ ਤੋਂ,
ਝੰਡਾ ਧਰਮ ਦਾ ਜੜ੍ਹਾਂ ਤੋਂ ਖੇੜਿਆ ਹੈ।
ਕਲਗੀਵਾਲੇ ਦੇ ਤਖਤ ਤੇ 'ਸਰਬ-ਲੋਹ' ਨੂੰ,
ਭੇਖੀ ਸਾਧਾਂ ਦੇ 'ਸੋਨੇ' ਨੇ ਘੇਰਿਆ ਹੈ।

ਕਿਉਂ? ਕਿਉਂ? ਕਿਉਂ?

ਕਿਉਂ? ਕਿਉਂ? ਕਿਉਂ?
ਹੇਰਾ ਫੇਰੀਆਂ ਨਾਲ ਮਦੁ-ਮਸਤ ਆਗੂ
ਕਾਮਯਾਬੀਆਂ ਹਾਸਲ ਕਿਉਂ ਕਰੀ ਜਾਂਦਾ?
ਸੱਚ, ਧਰਮ, ਈਮਾਨ, ਨਿਆਂ ਛੱਡ ਕੇ,
ਡੱਬਾ ਨੋਟਾਂ ਦੇ ਨਾਲ ਕਿਉਂ ਭਰੀ ਜਾਂਦਾ?
ਆਉਣ ਅੰਤ 'ਹਰਣਾਕਸ਼' ਦਾ ਕਦੋਂ ਬਾਬਾ!
ਜਿੱਧਰ ਦੇਖੋ 'ਪ੍ਰਹਿਲਾਦ' ਹੀ ਮਰੀ ਜਾਂਦਾ?
ਮਲਕ ਭਾਗੋ ਦੀ ਗੁੱਡੀ ਅਕਾਸ਼ ਚੜ੍ਹਦੀ,
ਭਾਈ ਲਾਲੋ ਜੀ ਹਉਂਕੇ ਕਿਉਂ ਭਰੀ ਜਾਂਦਾ?
ਅੱਖੀਂ ਦੇਖ ਕੇ ਮੱਖੀ ਨਹੀ ਨਿਗਲ ਹੁੰਦੀ,
ਆਮ ਆਦਮੀ ਜ਼ੁਲਮ ਕਿਉਂ ਜਰੀ ਜਾਂਦਾ?
ਹੇ ਗੁਰਦੇਵ ਜੀ ਆਹ ਕੀ ਹੋ ਰਿਹਾ ਏ!
ਕੂੜ ਜਿੱਤਦਾ, ਸੱਚ ਕਿਉਂ ਹਰੀ ਜਾਂਦਾ?

ਵਿਕਾਸ ਦੀ ਹਨ੍ਹੇਰੀ?

ਵਿਕਾਸ ਦੀ ਹਨ੍ਹੇਰੀ?
ਢੋਂਗ ਅਤੇ ਫਰੇਬ ਦਾ ਬੋਲ ਬਾਲਾ,
ਛੁਰੀ ਕਪਟ ਦੀ ਸੀਨੇ ਨੂੰ ਸੱਲ੍ਹਦੀ ਏ।

ਥੋਥੀ ਅਮਲ ਤੋਂ ਬਿਨਾਂ ਬਿਆਨਬਾਜ਼ੀ,
ਸਾਰਾ ਮੀਡੀਏ ਵਿਚ ਥਾਂ ਮੱਲਦੀ ਏ।

ਬੱਲੇ-ਬੱਲੇ ਦਾ ਪਾਈ ਖੜਮੱਸ ਜਾਂਦੇ,
ਖੱਟੀ ਖਾਂਦੇ ਏਹ ਝੂਠੇ ਤਰਥੱਲ ਦੀ ਏ।

ਇਨ੍ਹਾਂ ਪਾਸੋਂ ਪੰਜਾਬ ਕਦ ਮੁਕਤ ਹੋਣਾ?
ਗੱਲ ਸੁੱਝਦੀ ਕੋਈ ਨਾ ਹੱਲ ਦੀ ਏ।

ਦਾਗ ਧੋਵੇਗਾ ਕਦੋਂ ਕੋਈ ਨਵਾਂ ਆਗੂ!
ਹੋਈ ਬਹੁਤ ਬਦਨਾਮੀ ਇਸ ‘ਦਲ’ ਦੀ ਏ।

ਮੋੜ-ਮੋੜ ਤੇ ਰੱਖ ਕੇ ਨੀਂਹ-ਪੱਥਰ,
ਕਹਿੰਦੇ ਨੇਰ੍ਹੀ ‘ਵਿਕਾਸ’ ਦੀ ਚੱਲਦੀ ਏ!

ਤਰਲੋਚਨ ਸਿੰਘ ਦੁਪਾਲਪੁਰ (ਯੂ. ਐਸ. ਏ.)
001-408-903-9952

Friday, September 24, 2010

ਉਲਟਾ-ਪੁਲਟਾ

ਉਲਟਾ-ਪੁਲਟਾ
ਜਿਹੜਾ ਤਿਆਗ ਵੈਰਾਗ ਦੇ ਗੀਤ ਗਾਵੇ,
ਉਹ ਵੀ ਏਕੜਾਂ ਵਿਚ ਥ੍ਹਾਂ ਮੱਲਦਾ ਹੈ।
ਨਾਂ ਜੁੜੇ ਘੁਟਾਲਿਆਂ ਨਾਲ ਜਿਹਦਾ,
ਅਹੁਦਾ ੳਹੀਓ ਮਨਿਸਟਰ ਦਾ ਮੱਲਦਾ ਹੈ।
ਉਹ ਵੀ ਗ੍ਰਹਿਸਤੀਆਂ ਤਾਈਂ ਉਪਦੇਸ਼ ਦਿੰਦਾ,
ਜਿਸਦਾ ਕੇਸ ਤਲਾਕ ਦਾ ਚੱਲਦਾ ਹੈ।
ਮਹਾਂਰਾਜ ਸਦਵਾਇਕੇ ਖੁਸ਼ ਹੋਵੇ,
ਉਮਰ ਵਿੱਚ ਜੋ ਛੋਕਰਾ ਕੱਲ੍ਹ ਦਾ ਹੈ।
ਭਾਂਤ-ਭਾਂਤ ਦੇ ਪੋਜ ਛਪਵਾਏ ਜਿਹੜਾ,
ਫਿਕਰ ਉਸਨੂੰ ਆਪਣੀ ਭੱਲ ਦਾ ਹੈ।
ਗੁਰੂ ਮਾਨਿਓਂ ਗ੍ਰੰਥ ਪਰਚਾਰ ਕਰਕੇ,
ਸੰਗਤ ਆਪਣੇ ਡੇਰੇ ਨੂੰ ਘੱਲਦਾ ਹੈ।



ਤਰਲੋਚਨ ਸਿੰਘ ਦੁਪਾਲਪੁਰ
408-903-9952