Wednesday, March 16, 2011

ਲੋਕ-ਭਾਖ਼ਿਆ ਦੇ ਅਲਫ਼ਾਜ਼ ਦੇ ਅਫ਼ਸਾਨੇ

ਸਦੀਆਂ ਪੁਰਾਣੀਆਂ ਮਿੱਥਾਂ-ਮਨੌਤਾਂ ਨੂੰ ਆਪਣੀਆਂ ਵਿਗਿਆਨਕ ਕਾਢਾਂ ਦੇ ਜ਼ਰੀਏ ਥੋਥੀਆਂ ਸਿੱਧ ਕਰਨ ਵਾਲੇ ਪ੍ਰਸਿੱਧ ਵਿਗਿਆਨੀ ਗੈਲੀਲੀਓ ਨੇ ਇਕ ਥਾਂ ਲਿਖਿਆ ਹੈ, "ਮੈਂ ਖ਼ੁਦ ਦੂਰਬੀਨ ਬਣਾ ਕੇ ਸਪਸ਼ਟ ਰੂਪ ਵਿਚ ਦੇਖ ਚੁੱਕਿਆ ਹਾਂ ਕਿ ਚੰਦਰਮਾ ਵੀ ਸਾਡੀ ਧਰਤੀ ਵਰਗਾ ਗ੍ਰਹਿ ਹੈ। ਇਹਦੇ ਵਿਚ ਦਿਖਾਈ ਦਿੰਦੇ ਧੱਬੇ ਅਸਲ ਵਿਚ ਚੰਦ ਦੀ ਸਤਹਿ 'ਤੇ ਪਏ ਟੋਏ-ਟਿੱਬੇ ਹਨ। ਇਹ ਸਭ ਕੁਝ ਮੈਂ ਦੂਸਰੇ ਲੋਕਾਂ ਨੂੰ ਵੀ ਦਿਖਾ ਚੁੱਕਿਆ ਹਾਂ। ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਵੀ ਹਨ। ਲੇਕਿਨ ਇਸ ਦੇ ਬਾਵਜੂਦ ਮੈਨੂੰ ਆਪਣਾ ਆਪ, ਇਹ ਦੂਰਬੀਨ, ਇਹ ਨਵੀਨ ਖੋਜਾਂ; ਸਭ ਕੁਝ ਝੂਠ ਜਾਪਣ ਲੱਗਦਾ ਹੈ, ਜਦੋਂ ਮੈਨੂੰ ਬਚਪਨ ਵਿਚ ਆਪਣੀ ਮਾਂ ਪਾਸੋਂ ਸੁਣੀਆਂ ਗੱਲਾਂ ਯਾਦ ਆ ਜਾਂਦੀਆਂ ਹਨ।"

Tuesday, March 15, 2011

ਅਮਲ ਲਈ ਤਰਸਦੇ-ਮਤੇ ਸ਼੍ਰੋਮਣੀ ਕਮੇਟੀ ਦੇ!

ਦਸ ਗੁਰੂ ਸਾਹਿਬਾਨ ਦੁਆਰਾ ਸਾਜੇ ਗਏ ਸਿੱਖ ਪੰਥ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਹਾਨੀ ਚਾਨਣ,ਸੰਸਾਰ ਵਿੱਚ ਛਾਏ ਹੋਏ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਤੇਜੱਸਵੀ ਸੂਰਜ ਦੀ ਨਿਆਈਂ ਹੈ। ਇਸੇ ਕਰਕੇ ਸਿੱਖ,ਜਿੱਥੇ ਜਿੱਥੇ ਵੀ ਗਏ ਉੱਥੇ ਗੁਰਧਾਮ ਸਥਾਪਤ ਕੀਤੇ। ਪੰਜਾਬ ਦੀ ਧਰਤੀ ਨੂੰ ਕਿਉਂਕਿ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ ਅਤੇ ਇਹ ਗੁਰੂ ਸਾਹਿਬਾਨ ਵਲੋਂ ਵਰੋਸਾਈ ਮਨੁੱਖੀ ਕਲਿਆਣ ਵਾਲ਼ੀ ਜੁਗਤਿ ਦੀ ਤਜ਼ਰਬਾ-ਗਾਹ ਵੀ ਹੈ। ‘ਜਿੱਥੇ ਜਾਇ ਬਹੈ ਮੇਰਾ ਸਤਿਗੁਰੂ’ ਦੀ ਭਾਵਨਾ ਅਨੁਸਾਰ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਇਤਿਹਾਸਕ ਥਾਵਾਂ ‘ਤੇ ਗੁਰਦੁਆਰਿਆਂ ਦੀਆਂ ਇਮਾਰਤਾਂ ਤਾਮੀਰ ਕੀਤੀਆਂ ਗਈਆਂ। ਲੰਮੇ ਉਤਰਾਅ ਚੜ੍ਹਾਅ ਲੰਘ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਸਿੱਖ ਰਾਜ ਸਥਾਪਿਤ ਹੋਇਆ। ਉਸਨੇ ਗੁਰੂ ਪਿਆਰ ਵਾਲੀ ਸ਼ਰਧਾ ਅਨੁਸਾਰ ਗੁਰਧਾਮਾਂ ਦੀ ਨਵ-ਉਸਾਰੀ ਕਰਵਾਉਣ ਦੇ ਨਾਲ ਨਾਲ, ਬਹੁਤ ਸਾਰੇ ਗੁਰਦੁਅਰਿਆਂ ਦੇ ਨਾਂ ਸਤਿਕਾਰ ਵਜੋਂ ਜਮੀਨਾਂ-ਜਾਇਦਾਦਾਂ ਵੀ ਲਗਾਈਆਂ।

ਬੇਗਮ ਪੁਰੇ ਦੇ ਬਸ਼ਿੰਦੇ

ਦੁਨੀਆਂਦਾਰਾਂ ਉੱਤੇ ਵੱਡੇ ਵਡੇ ਪਰਉਪਕਾਰ ਕਰਨ ਤੋਂ ਬਾਅਦ ਪ੍ਰੀਤਮ ਕੇ ਦੇਸ ਬਿਰਾਜ ਰਹੇ ਗੁਰੁ, ਪੀਰ ਤੇ ਰਹਿਬਰ ਆਪਣੇ ਪੈਰੋਕਾਰਾਂ ਦਾ ਹੋਛਾ-ਪਣ ਦੇਖ ਦੇਖ ਕੇ ਹੱਸਦੇ ਜਰੂਰ ਹੋਣਗੇ ।ਵੈਸੇ ਸਾਡੇ ਕਾਰਨਾਮੇ ਦੇਖ ਕੇ ਉਨ੍ਹਾਂ ਨੂੰ ਗੁੱਸਾ ਵੀ ਬਹੁਤ ਆਉਂਦਾ ਹੋਣੈਂ ! ਪਰ ਉਨ੍ਹਾਂ ਦਰਵੇਸ਼ਾਂ ਨੇ ਕ੍ਰੋਧ ’ਤੇ ਫਤਹਿ ਪਾਈ ਹੋਣ ਕਰਕੇ, ਸ਼ਰਧਾਲੂਆਂ ਦੀਆਂ ਮਨ ਮਰਜੀਆਂ ਬੇ-ਰੋਕ ਟੋਕ ਵਧੀ ਜਾਂਦੀਆਂ ਹਨ। ਹਰੇਕ ਧਰਮ ਦੇ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਇਹ ਉਪਦੇਸ਼ ਜਰੂਰ ਦਿੱਤਾ ਹੋਇਆ ਹੈ ਕਿ ਭਗਤੋ, ਜੋ ਅਸੂਲ-ਨਿਯਮ ਮੈਂ ਬਣਾ ਚੱਲਿਆ ਹਾਂ, ਇਨ੍ਹਾਂ ਤੇ ਅਮਲ ਕਰਦੇ ਰਹੋਗੇ ਤਾਂ ਸੁਖੀ ਵਸੋਂਗੇ।ਨਹੀਂ ਤਾਂ ਧੱਕੇ-ਧੌੜੇ ਹੀ ਖਾਂਦੇ ਰਹੋਗੇ। ਮਹਾਤਮਾ ਬੁੱਧ ਜੀ ਨੇ ਜਾਂਦੇ ਵਕਤ ਭਿਖਸ਼ੂਆਂ ਨੂੰ ਕਿਹਾ ਸੀ ਕਿ ਜਿਹੜੇ ਅੱਠ ਨਿਯਮ ਮੈਂ ਘੱੜ ਚੱਲਿਆ ਹਾਂ, ਇਨਾਂ ਨੂੰ ਸੰਸਾਰ-ਭਵਜਲ ਪਾਰ ਕਰਨ ਲਈ ਕਿਸ਼ਤੀ ਰੂਪ ਹੀ ਸਮਝਿਉ। ਇਸ ਕਿਸ਼ਤੀ ਨੂੰ ਮੋਢਿਆਂ ’ਤੇ ਹੀ ਨਾ ਚੁੱਕੀ ਫਿਰਿਉ ! ਭਿਖਸ਼ੂਆਂ ਨੇ ਕੀ ਕੀਤਾ? ਮੂਰਤੀ ਪੂਜਾ ਦੇ ਕੱਟੜ ਵਿਰੋਧੀ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾ ਦਿੱਤੀਆਂ!

Friday, March 11, 2011

ਸਦਮਿਆਂ ਦਾ ਸਮੁੰਦਰ

ਪੁਰਾਤਨ ਗ੍ਰੰਥਾਂ ਵਿਚ ਭਲੇ ਹੀ ਇੰਦਰ ਨੂੰ ਵਰਖਾ ਦਾ ਦੇਵਤਾ ਕਿਹਾ ਗਿਆ ਹੋਵੇ ਅਤੇ ਉਸ ਦੇ ਹਰੇ-ਭਰੇ ਬਾਗ਼ਾਂ ਦੀ ਉਸਤਤਿ ਵਿਚ ਕਈ ਤਰ੍ਹਾਂ ਦੇ ਛੰਦ ਲਿਖੇ ਗਏ ਹੋਣ ਪਰ ਜਿਸ ਇੰਦਰ ਦੀ ਵਿਥਿਆ ਹਥਲੀ ਲਿਖਤ ਵਿਚ ਬਿਆਨੀ ਜਾ ਰਹੀ ਹੈ, ਉਹ ਤਾਂ ਵਿਚਾਰਾ ਗ਼ਮਾਂ-ਸਦਮਿਆਂ ਦਾ ਝੰਬਿਆ ਆਪਣੇ ਗ਼ਲ ਪਈ ਮਾਨਸ ਜੂਨ ਪੂਰੀ ਕਰ ਰਿਹਾ ਹੈ। ਜੋ ਕੁਝ ਉਹਦੇ ਨਾਲ ਹੋ-ਬੀਤ ਚੁੱਕਿਆ ਹੈ, ਕਿਸੇ ਪੜ੍ਹੇ-ਲਿਖੇ ਮਾਡਰਨ ਬੰਦੇ ਨਾਲ ਅਜਿਹਾ ਵਾਪਰਦਾ ਤਾਂ ਉਸ ਨੂੰ ਖ਼ੁਦਕੁਸ਼ੀ ਕੀਤਿਆਂ ਕਈ ਸਾਲ ਬੀਤ ਗਏ ਹੁੰਦੇ ਜਾਂ ਫਿਰ ਉਹ ਹੁਣ ਨੂੰ ਪਾਗ਼ਲ ਹੋ ਚੁੱਕਾ ਹੁੰਦਾ। ਕਈ ਖ਼ੁਸ਼ ਕਿਸਮਤਾਂ ਨੂੰ ਲੰਮੀ ਉਮਰ ਪਰਮਾਤਮਾ ਵੱਲੋਂ ਤੋਹਫੇ ਦੇ ਤੌਰ ‘ਤੇ ਮਿਲੀ ਹੋਈ ਹੁੰਦੀ ਹੈ ਪਰ ਇਸ ਇੰਦਰ ਵਰਗਿਆਂ ਲਈ ਨਿਰਾ ਸਰਾਪ! ਉਹਦੇ ਦੁੱਖਾਂ ਦੀ ਪੰਡ ਦੇ ਵਾਕਫ਼ ਉਸ ਨੂੰ ਤੁਰਦਾ-ਫਿਰਦਾ ਦੇਖ ਕੇ ਰੱਬ ‘ਤੇ ਹੀ ਗਿਲਾ ਕਰਦੇ ਨੇ ਕਿ ਹੇ ਦਾਤਿਆ! ਤੂੰ ਇਸ ਨੂੰ ਕਿਹੜੇ ਜਨਮ ਦੀ ਸਜ਼ਾ ਦਿੱਤੀ ਹੋਈ ਹੈ?

ਪਾਲ ਸਿੰਘ ਤੇ ਪਾਲਾ ਸਿੰਘ ਦੇ ਪੱਲੇ ਪਏ ਪਛਤਾਵੇ?

ਪੰਥਕ ਲੀਡਰਸ਼ਿਪ ਦੇ ਅਵੈੜੇ ਸੁਭਾਅ ਬਾਰੇ ਇਹ ਕੁਸੈਲੀ ਜਿਹੀ ਵਿਅੰਗ-ਟਿੱਪਣੀ ਸੁਣੀ ਤਾਂ ਮੈਂ ਪਹਿਲਾਂ ਵੀ ਹੋਈ ਸੀ ਪਰ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਮੈਨੂੰ ਕਿਤਾਬ ਖੋਲ੍ਹੀ ਬੈਠਾ ਦੇਖ ਕੇ ਜਿਸ ਨਾਟਕੀ-ਅੰਦਾਜ਼ ਨਾਲ ਇਹ ਫਿਰ ਦੁਹਰਾਈ, ਮੇਰੀ ਸਿਮ੍ਰਤੀ ਵਿਚ ਇਹ ਚਿੱਟੇ ਕਾਗਜ਼ ‘ਤੇ ਗੂੜ੍ਹੇ ਕਾਲੇ ਅੱਖਰਾਂ ਵਾਂਗ ਉਕਰੀ ਗਈ। ਜਦੋਂ ਵੀ ਕਿਸੇ ਭਲੇਮਾਣਸ ਬੁੱਧੀਜੀਵੀ ਨਾਲ ਇਹ ‘ਭਾਣਾ’ ਵਾਪਰਦਾ ਦੇਖਦਾ ਹਾਂ ਤਾਂ ਮੇਰੀਆਂ ਅੱਖਾਂ ਅੱਗੇ ਉਹੀ ਦ੍ਰਿਸ਼ ਆ ਜਾਂਦਾ ਹੈ।

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸ਼ਾਮਲ ਹੋਣ ਲਈ ਮੈਂ ਸ੍ਰੀ ਅੰਮ੍ਰਿਤਸਰ ਪਹੁੰਚਿਆ ਹੋਇਆ ਸਾਂ। ਰਾਤ ਦਾ ਪ੍ਰਸ਼ਾਦਾ-ਪਾਣੀ ਛਕਣ ਉਪਰੰਤ, ਗੁਰੂ ਹਰਗੋਬਿੰਦ ਨਿਵਾਸ ਵਿਚ ਆਪਣੀ ਰਿਹਾਇਸ਼ ਵਾਲੇ ਕਮਰੇ ਅੰਦਰ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸਾਂ। ਲਾਂਗਰੀ ਨੇ ਚਾਹ ਲੈ ਕੇ ਆਉਣਾ ਸੀ, ਇਸ ਲਈ ਕਮਰੇ ਦਾ ਦਰਵਾਜ਼ਾ ਖੁੱਲਾ ਹੀ ਰੱਖਿਆ ਹੋਇਆ ਸੀ। ਮੈਂਬਰਾਂ ਦੀ ਰਿਹਾਇਸ਼ ਆਦਿ ਦਾ ਬੰਦੋਬਸਤ ਕਰਦੇ ਫਿਰਦੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ (ਜੋ ਉਨ੍ਹੀਂ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ) ਕਈ ਵਾਰ ਇੱਧਰ-ਉਧਰ ਨੂੰ ਲੰਘੇ। ਹੱਥ ਵਿਚ ਤਿੰਨ ਫੁੱਟੀ ਸ੍ਰੀ ਸਾਹਿਬ ਫੜੀ ‘ਚਾਣਚੱਕ ਉਹ ਮੇਰੇ ਕਮਰੇ ਵਿਚ ਆ ਵੜੇ। ਆਉਂਦਿਆਂ ਹੀ ਉਨ੍ਹਾਂ ਨੇ ਝੁਟਕੀ ਮਾਰ ਕੇ ਮੇਰੇ ਹੱਥੋਂ ਕਿਤਾਬ ਫੜ ਲਈ। ਮੁਸਕ੍ਰਾਉਂਦਿਆਂ ਵਿਅੰਗਾਤਮਕ ਲਹਿਜ਼ੇ ‘ਚ ਬੋਲੇ,
”ਸਿੰਘਾ, ਕਿਤਾਬਾਂ ਪੜ੍ਹਨ ਦਾ ਕੰਮ ਛੱਡ ਦੇਵੇਂ ਤਾਂ ਚੰਗਾ ਰਹੇਂਗਾ। ਆਪਣੇ ‘ਪੰਥ’ ਵਿਚ (ਭਾਵ ਅਕਾਲੀ ਦਲ ‘ਚ) ਪੜ੍ਹਨ-ਪੁੜ੍ਹਨ ਵਾਲਿਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਜਿਹੜਾ ਬੁੱਧੀਜੀਵੀ ਬਣਨ ਦੀ ਕੋਸ਼ਿਸ਼ ਕਰੇ, ਉਸ ਨੂੰ ਝੱਟ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। …ਇਸ ਕਰਕੇ ਇਹ ‘ਪੁੱਠਾ ਕੰਮ’ ਨਾ ਹੀ ਕਰਿਆ ਕਰ। ਜੇ ਅਕਾਲੀ ਸਿਆਸਤ ਵਿਚ ਚਾਰ ਦਿਨ ਰਹਿਣਾ ਐ ਤਾਂ!”

ਕ੍ਰਿਸ਼ਨ ਕੁਮਾਰ ਸਹਿੰਦਾ ਕੰਸਾਂ ਦੀ ਮਾਰ!

ਕਦੇ ਇਤਫਾਕ ਵਸ ਹੀ ਐਸਾ ਹੁੰਦਾ ਹੈ ਕਿ ਕਿਸੇ ਵਿਆਕਤੀ ਦਾ ਸੁਭਾਅ ਜਾਂ ਉਸ ਦੇ ਕਰਤਵ, ਉਹਦੇ ਨਾਮ ਨਾਲ ਇੰਨ-ਬਿੰਨ ਮੇਲ ਖਾਂਦੇ ਹੋਣ ਵਰਨਾ ਇਹ ਜਰੂਰੀ ਨਹੀਂ ਕਿ ਸ਼ੇਰ ਖਾਨ ਨਾਂ ਵਾਲੇ ਸਾਰੇ ਸੂਰਮੇ ਮਰਦ ਹੀ ਹੋਣ। ਕੋਈ ਸ਼ਾਂਤੀ ਦੇਵੀ ਕਹੀ ਜਾਣ ਵਾਲ਼ੀ ਪਤਨੀ, ਆਪਣੇ ਪਤੀ-ਪਰਿਵਾਰ ਜਾਂ ਆਂਢ-ਗੁਆਂਢ ਲਈ ਨਿਰੀ ਬਘਿਆੜੀ ਵੀ ਹੋ ਸਕਦੀ ਹੈ। ਕੋਈ ਹੁਕਮ ਸਿੰਹੁ ਆਪਣੇ ਪਿੰਡ ਦਾ ਚੌਂਕੀਦਾਰ ਜਾਂ ਹਾਕਮ ਸਿੰਘ ਦਫਤਰਾਂ ਵਿਚ ਚਪੜਾਸਪੁਣਾ ਕਰਦਾ ਹੋਵੇ ਤਾਂ ਇਹ ਦੋਵੇਂ ਜਣੇ, ਆਪਣੇ ਨਾਂਵਾਂ ਨਾਲ ਨਿਆਂ ਨਹੀਂ ਕਰ ਰਹੇ ਹੋਣਗੇ। ਬਜ਼ਾਰ ਵਿਚ ਬੱਕਰੇ, ਮੁਰਗਿਆਂ ਦਾ ਮੀਟ ਵੇਚਣ ਵਾਲਾ ਦੁਕਾਨਦਾਰ, ਮੋਹਰੇ ਫੱਟਾ ਲਿਖਾ ਕੇ ਬੈਠਾ ਹੋਵੇ- ‘ਦਇਆ ਰਾਮ ਝਟਕਈ ਦੀ ਦੁਕਾਨ’ ਤਾਂ ਲੋਕੀਂ ਉਸ ਨੂੰ ਪੁਛਣਗੇ ਹੀ ਕਿ ਭਰਾ ਜੀ, ਬੁੱਚੜ ਰਾਮ ਫੁੱਲਾਂ ਵਾਲੇ ਦੀ ਦੁਕਾਨ ਕਿੱਧਰ ਹੈ? ਕੋਈ ਲੱਖਪਤ ਰਾਏ ‘ਹੋਮਲੈਸਾਂ’ (ਬੇਘਰਿਆਂ) ਵਾਂਗ ਹੱਥ ‘ਚ ਠੂਠਾ ਫੜ ਕੇ ਮੰਗਦਾ ਫਿਰਦਾ ਹੋਵੇ ਜਾਂ ਕੋਈ ‘ਨੇਕ ਚੰਦ’ ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਦਾ ਹੋਵੇ ਤਾਂ ਜਾਣਕਾਰਾਂ ਨੂੰ ਅਚੰਭਾ ਲਾਜ਼ਮੀ ਹੋਵੇਗਾ ਕਿ ਏਡੀ ਬਰਕਤ ਵਾਲੇ ਨਾਂ ਤੇ ਧੰਦੇ ਆਹ?

Thursday, March 10, 2011

ਗੱਭਰੂ ਦੇਸ ਪੰਜਾਬ ਦੇ!

ਕਰਦੇ ਰਤੀ ਪ੍ਰਵਾਹ ਨਾ ਮਾਪਿਆਂ ਦੀ, ਵਿਗੜੀ ਹੋਈ ਔਲਾਦ ਦਾ ਹਾਲ ਦੇਖੋ।
ਮਿਹਨਤ ਤੇ ਮੁਸ਼ੱਕਤਾਂ ਭੁੱਲ ਗਈਆਂ, ਖਾਣਾ ਚਾਹੁਣ ਪਰਾਇਆ ਈ ਮਾਲ ਦੇਖੋ।
ਵੜਦੇ ਨਹੀਂ ਸਕੂਲ ਜਾਂ ਕਿਸੇ ਕਾਲਜ, ਫੇਰਾ-ਤੋਰੀ ਵਿਚ ਬੀਤ ਗਏ ਸਾਲ ਦੇਖੋ।
ਸੁੱਕੇ ਹੋਏ ਕਰੇਲੇ ਦੇ ਵਾਂਗ ਚਿਹਰੇ, ਬੋਦੇ ਚੋਪੜੇ ਜੈਲ ਦੇ ਨਾਲ ਦੇਖੋ।
ਨਸ਼ੇ, ਚੋਰੀਆਂ, ਆਸ਼ਕੀ ਕਰੇ ‘ਪੂਰਨ’ ਭਟਕੇ ਨਾਥ ਤੋਂ ਲੈਣਾ ਕੀ ‘ਸੁੰਦਰਾਂ’ ਨੇ?

ਜਲਾਲੇ-ਪਾਤਸ਼ਾਹੀ ਯਾ ਜ਼ਮਹੂਰੀ ਤਮਾਸ਼ਾ?

ਐ ਖ਼ਾਕ ਨਸ਼ੀਨੋ ਉਠ ਬੈਠੋ,
ਵੋਹ ਵਕਤ ਕਰੀਬ ਆ ਪਹੁੰਚਾ ਹੈ,
ਜਬ ਤਖ਼ਤ ਗਿਰਾਏ ਜਾਏਂਗੇ,
ਜਬ ਤਾਜ ਉਛਾਲੇ ਜਾਏਂਗੇ!

ਫੈਜ ਅਹਿਮਦ ‘ਫੈਜ਼’ ਦਾ ਇਨਕਲਾਬੀ ਹੁੱਝ ਮਾਰਦਾ ਇਹ ਸ਼ੇਅਰ ਬੇਸ਼ੱਕ ਤਾਰੀਖ ਦੀਆਂ ਨਜ਼ਰਾਂ ਵਿਚ ਕਈ ਵਾਰ ਦੁਹਰਾਇਆ ਜਾ ਚੁੱਕਾ ਹੈ। ਲੇਕਿਨ ਅੱਜ ਦੀ ਦੁਨੀਆਂ ਹੈਰਤ ਭਰੀਆਂ ਨਜ਼ਰਾਂ ਨਾਲ ਫਿਰ ਇਨ੍ਹਾਂ ਸਤਰਾਂ ‘ਤੇ ਅਮਲ ਹੁੰਦਾ ਦੇਖ ਰਹੀ ਹੈ। ਪ੍ਰਾਚੀਨ ਸੱਭਿਅਤਾ ਦੀ ਧਰੋਹਰ ਮਿਸਰ ਦੀ ਧਰਤੀ, ਜਿੱਥੋਂ ਦੇ ਸੁਹੱਪਣ ਦੀਆਂ ਰਸੀਲੀਆਂ ਤੇ ਨਸ਼ੀਲੀਆਂ ਗੱਲਾਂ ਸਾਡੇ ਪੰਜਾਬ ਦੇ ਅਨਪੜ੍ਹ ਜਾਂ ਅਧਪੜ੍ਹ ਬਜ਼ੁਰਗਾਂ ਦੀਆਂ ਢਾਣੀਆਂ ਵਿਚ ਵੀ ਚਟਖ਼ਾਰੇ ਲਾ ਕੇ ਕੀਤੀਆਂ ਜਾਂਦੀਆਂ ਨੇ, ਜਿੱਥੋਂ ਦੇ ਸ਼ਾਹਜ਼ਾਦੇ ਯੂਸਫ ਦੇ ਕਿੱਸੇ ਵਾਰਿਸ ਸ਼ਾਹ ਦੀ ਹੀਰ ਵਾਂਗ ਪੰਜਾਬੀਆਂ ਦੇ ਜ਼ਿਹਨੀਂ ਵੱਸੇ ਹੋਏ ਹਨ, ਅੱਜ ਉਸ ਮਿਸਰ ਦੇਸ਼ ਦੇ ਵਾਸੀ ਅਕਾਸ਼ ਵਿਚ ਸਤਰੰਗੀਆਂ ਰੌਸ਼ਨੀਆਂ ਬਿਖੇਰਦੀਆਂ ਆਤਿਸ਼ਬਾਜ਼ੀਆਂ ਚਲਾ ਰਹੇ ਨੇ। ਗਲੀਆਂ ਕੂਚਿਆਂ ਵਿਚ ਪਟਾਖੇ, ਅਨਾਰ ਚਲਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਈਦ-ਮੁਬਾਰਕ ਕਹਿਣ ਵਾਂਗ ਉਥੋਂ ਦੇ ਬਾਸ਼ਿੰਦੇ ਇੱਕ ਦੂਜੇ ਨਾਲ ਬਗਲਗੀਰ ਹੋ ਕੇ ਵਧਾਈਆਂ ਦਾ ਆਦਾਨ-ਪ੍ਰਦਾਨ ਕਰ ਰਹੇ ਨੇ। ਉਨ੍ਹਾਂ ਦੇ ਚਿਹਰਿਆਂ ਦੀ ਲਾਲੀ ਪਹਿਲਾਂ ਨਾਲੋਂ ਕਿਤੇ ਵਧੇਰੇ ਲਿਸ਼ਕਾਂ ਮਾਰ ਰਹੀ ਹੈ। ਉਹ ਵਾਰ ਵਾਰ ਆਪਣਾ ਖੰਡੇ-ਕ੍ਰਿਪਾਨਾਂ ਵਾਲ਼ਾ ਕੌਮੀ ਝੰਡਾ ਖੁਲ੍ਹੀ ਅਜ਼ਾਦ ਫਿਜ਼ਾ ਵਿਚ ਲਹਿਰਾ ਰਹੇ ਨੇ।

Wednesday, March 9, 2011

ਖੁਸ਼ਾਮਦ ਸਾਲਿਆਂ ਦੀ?

ਝੂਠ ਬੋਲ ਕੇ ਕਹਿ ਦਿਓ ਹੰਸ ਚਿੱਟੇ, ਉਪਮਾ ਕਰੀ ਜਾਵੋ ਕਾਂਵਾਂ ਕਾਲਿਆਂ ਦੀ।
ਜੀ ਹਜ਼ੂਰੀਆਂ ਦਾ ਏਹੀ ਧਰਮ ਹੁੰਦੈ, ਜੈ ਜੈ ਕਾਰ ਕਰਨੀ ‘ਉਪਰ’ ਵਾਲਿਆਂ ਦੀ।
ਬੋਲੀ ਕਿੱਦਾਂ ਦੀ ਹੁੰਦੀ ਏ ਪਤਾ ਸਾਨੂੰ, ਚੂਰੀ ਖਾਣ ਵਾਲੇ ਤੋਤੇ ਪਾਲਿਆਂ ਦੀ।
ਟਿਕਟਾਂ, ਅਹੁਦੇ, ਤਰੱਕੀਆਂ ਲੈਣੀਆਂ ਜੇ, ਚਾਬੀ ਇਹੋ ਹੈ ਸੈਂਕੜੇ ਤਾਲਿਆਂ ਦੀ।
ਠੇਕੇਦਾਰੀ ਵੀ ਮਿਲਦੀ ਏ ਰੇਤ ਵਾਲੀ, ਸੁੱਕੇ ਪਏ ਦਰਿਆਵਾਂ ਤੇ ਨਾਲਿਆਂ ਦੀ।
ਚੋਗਾ ਲੈਣ ਲਈ ਕਰੋ ਨਿਸੰਗ ਹੋ ਕੇ, ਚਮਚਾਗਿਰੀ ‘ਪ੍ਰਧਾਨ’ ਦੇ ਸਾਲਿਆਂ ਦੀ!

ਸਭ ਦਾ ‘ਦੁਸ਼ਮਣ’ ਰਾਜਾ!

ਕਰਨੇ ਵਾਸਤੇ ਨਵਾਂ ਸਟੰਟ ਕੋਈ, ਬਾਪੂ ਕਹਿਣ ਲਈ ਫੇਰ ਨਾ-ਚੀਜਿਆਂ ਨੂੰ।
ਕੀਲਣ ਵਾਸਤੇ ਬੀਨ ਵਜਾਉਣ ਲੱਗ, ਫੋਕੇ ਲਾਰਿਆਂ ਨਾਲ ਪਸੀਜਿਆਂ ਨੂੰ।
ਨਾਲੇ ਮਿੱਠੀਆਂ ਗੋਲੀਆਂ ਦੇਣ ਤੁਰ ਪਏ, ਰੁੱਸੇ ਬੈਠਿਆਂ ਦੂਜਿਆਂ-ਤੀਜਿਆਂ ਨੂੰ।
ਧੱਕੇ ਧੌਂਸ ਦੇ ਨਾਲ ਜੋ ਰਾਜ ਕਰਦੇ, ਪੈਂਦਾ ਭੁਗਤਣਾ ਅੰਤ ਨਤੀਜਿਆਂ ਨੂੰ।
ਲੱਗ ਜਾਣਗੇ ਕਿਸ ਤਰ੍ਹਾਂ ਅੰਬ ਦੱਸੋ, ਹੱਥੀਂ ਅੱਕ ਦੇ ਬੂਟੇ ਬੀਜਿਆਂ ਨੂੰ।
ਦੁਸ਼ਮਣ ‘ਰਾਜਾ’ ਹੀ ਸਾਹਮਣੇ ਦਿਸੀ ਜਾਂਦਾ, ਸਾਲੇ, ਜੀਜਿਆਂ, ਤਾਏ-ਭਤੀਜਿਆਂ ਨੂੰ।
                                                         
                                                                            ਤਰਲੋਚਨ ਸਿੰਘ ਦੁਪਾਲਪੁਰ

Tuesday, March 8, 2011

ਕਲਿਯਗੁ ਦੀ ਕਵੀਸ਼ਰੀ!

ਊਠਣੀ 'ਤੇ ਚੜ੍ਹੇ ਜਾਂਦੇ ਤਿੰਨ ਸਿੰਘ ਜੀ, ਉਹਨੂੰ ਲੱਗਾ ਭਾਰ ਤੇ ਉਹ ਪਈ ਅੜਿੰਗ ਜੀ। ਖੇਤਾਂ ਵਿਚ ਚਰਦੀਆਂ ਤਿੰਨ ਕੱਟੀਆਂ, ਅਸੀਂ ਜਾ ਕੇ ਉਨ੍ਹਾਂ ਦੀਆਂ ਪੂਛਾਂ ਪੱਟੀਆਂ। ਕਹਿਣ ਨੂੰ ਤਾਂ ਇਨ੍ਹਾਂ ਚੌਹਾਂ ਸਤਰਾਂ ਨੂੰ ਵੀ 'ਕਵਿਤਾ' ਕਿਹਾ ਜਾਵੇਗਾ। ਪਰੰਤੂ ਕਾਵਯ-ਵਿੱਦਿਆ ਦੇ ਪਿੰਗਲ ਦਾ ਕੋਈ ਵੀ ਜਾਣਕਾਰ, ਇਨ੍ਹਾਂ ਪੰਕਤੀਆਂ ਨੂੰਕਵਿਤਾ ਮੰਨਣੋ ਇਨਕਾਰੀ ਹੋਵੇਗਾ। ਚਲੋ ਫਿਰ ਵੀ ਇਨਾਂ ਵਿਚ ਥੋੜੀ ਬਹੁਤੀ ਛੰਦਾ-ਬੰਦੀ ਦੀ ਝਲਕ ਅਤੇ ਕਾਫ਼ੀਆਂ ਤੁਕਾਂਤ ਮਿਲਦਾ ਹੈ। ਪਰ ਅਹਿ ਜਿਹੜੀ ਖੁਲ੍ਹੀ ਕਵਿਤਾ ਰਚੀ ਜਾ ਰਹੀ ਹੈ, ਉਸਦਾ ਨਮੂਨਾ ਦੇਖੋ ਜ਼ਰਾਸਾਡ ਕੋਠੇ ਨਿੰਮ ਦਾ ਬੂਟਾ ਬਾਹਰ ਖੜ੍ਹਾ ਸਰਪੰਚ ਦੇਈਂ ਗਵਾਂਢਣੇ ਫਾਹੁਣਾ ਮੈਂ ਰਜਾਈ ਨਗੰਦਣੀ! ਅਖੇ 'ਲਿਖੇ ਮੂਸਾ ਪੜ੍ਹੇ ਖੁਦਾ।' ਇਹੋ ਜਿਹੀਆਂ 'ਖੁੱਲੀਆਂ ਕਵਿਤਾਵਾ' ਸ਼ਾਇਦ ਇਨ੍ਹਾਂ ਨੂੰ ਲਿਖਣ ਵਾਲਿਆ ਦੀ 'ਪਕੜ' ਵਿਚ ਭਾਵੇ ਆ ਜਾਂਦੀਆਂ ਹੋਣ, ਪਰ ਆਮ ਪਾਠਕਾਂ ਦੀ ਨਜ਼ਰ ਵਿਚ ਤਾਂ ਇਹ ਕਾਲ਼ੇ ਅੱਖਰਾਂ ਬਰਾਬਰ ਹੀ ਹੁੰਦੀਆਂ ਹਨ। ਨਾ ਕੋਈ ਰਸ, ਨਾ ਕੋਈ ਖਿਆਲ ਲੜੀ ਅਤੇ

ਨਾਜਾਇਜ਼ ਰਿਸ਼ਤਿਆਂ ਦਾ ਰੋਗ!

ਜੂਠ-ਝੂਠ ਦਾ ਜਿੱਥੇ ਵੀ ਬੋਲ ਬਾਲਾ, ਉਥੇ ਆਉਂਦੀਆਂ ਸਭ ਬਿਮਾਰੀਆਂ ਨੇ।
ਉਥੋਂ ਏਕਾ-ਇਤਫ਼ਾਕ ਕਾਫੂਰ ਹੋਵੇ, ਪਾਏ ਜਿੱਥੇ ਵੀ ਪੈਰ ਬਦਕਾਰੀਆਂ ਨੇ।
ਸ਼ੌਂਕੀ ਹੋਏ ਬਿਗਾਨੀਆਂ ਖੁਰਲ੍ਹੀਆਂ ਦੇ, ਭਸਮਾ-ਭੁਤ ਕਰ ਦੇਣਾ ਖੁਆਰੀਆਂ ਨੇ।
ਉਨ੍ਹਾਂ ਵਾਸਤੇ ਵਫ਼ਾ ਦਾ ਮੁੱਲ ਕੋਈ ਨਾ, ਨੀਅਤਾਂ ਜਿਨ੍ਹਾਂ ਨੇ ਖੋਟੀਆਂ ਧਾਰੀਆਂ ਨੇ।
ਫੈਸ਼ਨਪ੍ਰਸਤੀਆਂ ਵਿਚ ਗਲਤਾਨ ਹੋ ਕੇ, ਲੱਜਾ ਛੱਡ ‘ਤੀ ਵਿਆਹੀਆਂ/ਕੁਆਰੀਆਂ ਨੇ।
ਗ੍ਰਹਿਸਤ-ਮਾਰਗ ਦੀ ਮਿੱਟੀ ਪਲੀਤ ਕੀਤੀ, ਬੰਦੇ-ਤੀਵੀਂ ਦੀਆਂ ਚੋਰੀਆਂ-ਯਾਰੀਆਂ ਨੇ!

 ਤਰਲੋਚਨ ਸਿੰਘ ਦੁਪਾਲਪੁਰ