Wednesday, November 24, 2010

ਜਾਤਿ ਗੋਤ ਸਿੰਘਨ ਕੀ ਦੰਗਾ!

ਵਿਦੇਸ਼ ਦੀ ਧਰਤੀ ਉਤੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਇਕ ਸ਼ਹਿਰ। ਕਈ ਦਹਾਕਿਆਂ ਤੋਂ ਹੁੰਦੇ ਆ ਰਹੇ ਸਾਲਾਨਾ ਜੋੜ-ਮੇਲੇ ਸਮੇਂ ਦੂਰ-ਦੁਰਾਡੇ ਤੋਂ ਆਏ ਹੋਏ ਲਗਪਗ ਪੰਜਾਹ-ਸੱਠ ਹਜ਼ਾਰ ਸਿੱਖਾਂ ਦਾ ਇਕੱਠ। ਸੂਈ ਦੇ ਨੱਕੇ ਵਿਚੋਂ ਲੰਘਣ ਵਰਗੀ ਪਰਵਾਸੀ ਤਰਜ਼-ਇ-ਜ਼ਿੰਦਗੀ ਤੋਂ ਅੱਕੇ ਹੋਏ ਸਿੰਘ, ਪੰਜਾਬ ਦੇ ਮੇਲਿਆਂ-ਮਸ੍ਹਾਵਿਆਂ ਜਿਹਾ ਖੁੱਲ੍ਹ-ਖੁਲਾਸਾ ਆਨੰਦ ਮਾਨਣ ਲਈ ਹੁੰਮ-ਹੁਮਾ ਕੇ ਮੇਲੇ ‘ਤੇ ਪਹੁੰਚੇ ਹੋਏ ਪਰ ਬੇ-ਮੌਸਮੇ ਭਾਰੀ ਮੀਂਹ ਨੇ ਸ਼ਰਧਾਲੂਆਂ ਦਾ ਸੁਹਜ-ਸੁਆਦ ਹੀ ਕਿਰਕਿਰਾ ਕਰ ਦਿੱਤਾ। ਚਲੋ, ਇਹ ਤਾਂ ਕੁਦਰਤੀ ਅਮਲ ਸੀ ਜਿਸ ਨੂੰ ਰੋਕ ਸਕਣਾ ਮਨੁੱਖ ਦੇ ਵੱਸ ਵਿਚ ਨਹੀਂ ਪਰ ਇਸ ਜੋੜ-ਮੇਲੇ ਦੇ ਵਿਆਹ ਵਰਗੇ ਮਾਹੌਲ ਵਿਚ ‘ਬੀ ਦਾ ਲੇਖਾ’ ਪਾਉਣ ਲਈ ਸਥਾਨਕ ਸਿੱਖਾਂ ਦੀਆਂ ਧੜੇਬੰਦੀਆਂ ਨੇ ਆਪਸ ਵਿਚੀਂ ਸਿੰਗ ਫਸਾਉਣ ਦੇ ਜੌਹਰ ਵੀ ਦਿਖਾਲੇ। ਮੇਲੇ ਦੀਆਂ ਖ਼ਬਰਾਂ ਵਿਚ ਦੱਸਿਆ ਗਿਆ ਕਿ ਲੜਾਈ-ਭਿੜਾਈ ਕਾਰਨ ਲੱਗੀਆਂ ਸੱਟਾਂ-ਫੇਟਾਂ ਕਰਕੇ ਜਿੰਨੇ ਕੁ ਸਿੰਘ-ਸੂਰਮਿਆਂ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ, ਓਨਿਆਂ ਕੁ ਨੂੰ ਹੀ ਪੁਲਿਸ ਵਾਲੇ ਗ੍ਰਿਫ਼ਤਾਰ ਕਰ ਕੇ ਲੈ ਗਏ।

Saturday, November 20, 2010

ਗੁਰੂ ਮਾਨਿਓ ਗ੍ਰੰਥ

-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
(ਰੁਹਾਨੀ, ਸ਼ਾਇਰਾਨਾ ਅਤੇ ਵਿਸਮਾਦੀ ਯਾਦ)
ਸੰਨ ਈਸਵੀ 2008 ਨੂੰ ਗੁਰੂਖ਼ਾਲਸਾ ਪੰਥ ਜੀ ਦੀ ਮਾਰਫ਼ਤ, ਸਮੁਚਾ ਵਿਸ਼ਵ, ਜਾਗਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸੌ ਸਾਲਾ ਮੁਬਾਰਕ ਗੁਰਿਆਈ ਦਿਵਸ ਦੀ ਰੁਹਾਨੀ, ਸ਼ਾਇਰਾਨਾ ਅਤੇ ਵਿਸਮਾਦੀ ਯਾਦ ਦੇ ਅਨੰਦ ਦੇ ਆਲਮ ਵਿੱਚ ਹੈ ਤਾਂ ਇਸ ਸੁਲੱਖਣੀ ਘੜੀ ਨੂੰ, ਹੋਰ ਸਵੱਲੜੀ ਕਰਨ ਹਿਤ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਗੁਰਿਆਈ ਦੇ ਪਾਵਨ ਰਹੱਸ ਅਤੇ ਸੂਖਮ ਸੈਨਤਾਂ ਨੂੰ ਮਨ ਅੰਦਰ ਵਸਾਉਣਾ ਵੀ ਜ਼ਰੂਰੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪਣ ਵਾਲ਼ੇ ਸ੍ਰੀ ਹਜ਼ੂਰ ਦਸਮ ਪਾਤਸ਼ਾਹ ਜੀ ਨੇ ਆਪਣੀ ਬਾਣੀ ‘ਤਵ ਪਰਸਾਦਿ।। ਪਾਧੜੀ ਛੰਦ` ਵਿੱਚ ਫ਼ੁਰਮਾਨ ਕੀਤਾ ਹੈ- “ਸਾਤੋ ਅਕਾਸ਼ ਸਾਤੋ ਪਤਾਰ।। ਬਿਖਰਿਓ ਅਦ੍ਰਿਸ਼ਟ ਜਿਹ ਕਰਮ ਜਾਰਿ”।।
 

Wednesday, November 17, 2010

ਪ੍ਰਚਾਰ, ਵਪਾਰ ਤੇ ਤ੍ਰਿਸਕਾਰ

ਹੁਣੇ ਹੁਣੇ ਸਿਆਟਲ ਵਿਚ ਕੁਝ ਸਿੱਖ ਜਥੇਬੰਦੀਆਂ ਵੱਲੋਂ ਕਰਵਾਈ ਗਈ ਕੌਮਾਂਤਰੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉਥੇ ਪੰਥ ਦੀ ਇਕ ਵਿਸ਼ੇਸ਼ ਰਾਜਸੀ ਵਿਚਾਰਧਾਰਾ ਦੇ ਝੰਡਾ-ਬਰਦਾਰ ਇਕ ਨਾਮੀ-ਗਰਾਮੀ ਬੁਲਾਰੇ ਨੇ ਕੌਮੀ ਗਫ਼ਲਤ ਦੇ ਦੁਖੜੇ ਫੋਲਦਿਆਂ ਸ਼ਿਕਵਾ ਕੀਤਾ ਕਿ ਉਸ ਨੇ ਕੌਮੀ ਏਜੰਡੇ ਦੇ ਪ੍ਰਚਾਰ ਲਈ ਆਪਣੇ ਨਿਜੀ ਯਤਨਾਂ ਨਾਲ ਮੁੱਖ ਦਫ਼ਤਰ ਇਹ ਸੋਚ ਕੇ ਖੋਲ੍ਹਿਆ ਸੀ ਕਿ ਸਿੱਖ ਸੰਗਤਾਂ ਮੇਰੇ ਨਾਲ ਹੱਥ ਵਟਾਉਣਗੀਆਂ, ਪਰ ਅਫ਼ਸੋਸ! ਕਿਸੇ ਨੇ ਦਫ਼ਤਰੀ ਖ਼ਰਚਿਆਂ ਲਈ ਹਾਮੀ ਨਾ ਭਰੀ। ਭਰੇ ਮਨ ਨਾਲ ਉਸਨੂੰ ਦਫ਼ਤਰ ਬੰਦ ਕਰਨਾ ਪਿਆ। ਹੁਣ ਉਹ ਆਪਣੇ ਕਿਰਾਏ ਦੇ ਅਪਾਰਟਮੈਂਟ ਵਿਚ ਹੀ ਯਥਾ-ਸ਼ਕਤੀ ਬੁੱਤਾ ਧੱਕ ਰਿਹਾ ਹੈ। ਉਸ ਨੇ ਖ਼ਾਸ ਤੌਰ ‘ਤੇ ਅਮਰੀਕੀ ਸਿੱਖਾਂ ਉਤੇ ਗਿਲਾ ਕੀਤਾ ਕਿ ਜਿਥੇ ਨੱਬੇ ਦੇ ਕਰੀਬ ਗੁਰਦੁਆਰੇ ਹੋਣ, ਪਰ ਕੌਮੀ ਕਾਜ਼ ਲਈ ਅਸੀਂ ਆਪਣਾ ਦਫ਼ਤਰ ਵੀ ਨਾ ਬਣਾ ਸਕੀਏ! ਓ ਯਾਰੋ, ਹੈ ਸਾਨੂੰ…!! ਰੋਸ ਭਰੇ ਅਜਿਹੇ ਅਲਫ਼ਾਜ਼ ਬੋਲਦਿਆਂ ਉਸ ਦੀਆਂ ਅੱਖਾਂ ਨਮ ਹੋ ਗਈਆਂ ਪਰ ਅੱਗੇ ਬੈਠੇ ਸਰੋਤੇ ਨਿਸ਼ਚਿੰਤ ਹੋ ਕੇ ਸੁਣਦੇ ਰਹੇ।

Monday, November 15, 2010

ਦੌਰਾ-ਏ-ਅੰਮ੍ਰਿਤਸਰ-ਕਿਉਂ ਮਾਰੀ ਉਬਾਮਾ ਦੀ ਅੰਮ੍ਰਿਤਸਰ ਫੇਰੀ ਦੀਆਂ ਖਬਰਾਂ ਨੇ ਯੂ ਟਰਨ

                 
ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸੁਭਾਇਮਾਨ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਦੀ ਮਹਾਨਤਾ ਦਾ ਸਭ ਤੋਂ ਅਹਿਮ ਸਬੂਤ ਇਹ ਹੈ ਕਿ ਇਸ ਧਾਮ ਦੀ ਉਪਮਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਕੀਤੀ ਗਈ ਹੈ। ਇੱਕ ਸਿੱਖ, ਭਾਵੇਂ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਵੀ ਵਸਦਾ ਹੋਵੇ, ਉਸਦੇ ਸੀਨੇ ਵਿੱਚ, ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਲੋਚਾ ਹਮੇਸ਼ਾ ਬਣੀ ਰਹਿੰਦੀ ਹੈ। ਮੁਗਲ ਹਕੂਮਤ ਵੇਲੇ ਸਿੱਖਾਂ ਨੂੰ ਮਾਰ ਮਾਰ ਕੇ ਹੰਭ ਚੁੱਕੇ ਇੱਕ ਹਾਕਮ ਨੇ, ਅੱਕ ਕੇ ਆਪਣੇ ਕੁੱਝ ਸਲਾਹਕਾਰਾਂ ਨੂੰ ਪੁੱਛਿਆ ਕਿ ਅਸੀਂ ਸਿੱਖਾਂ ਦੇ ਆਹੂ ਲਾਹੂ ਲਾਹ ਥੱਕ ਗਏ ਹਾਂ, ਪਰ ਇਹ ਮੁੱਕਣ ‘ਚ ਕਿਉਂ ਨਹੀਂ ਆਉਂਦੇ? ਸਿੱਖ ਵਿਰਸੇ ਤੋਂ ਥੋੜਾ-ਬਹੁਤ ਜਾਣੂ ਕਿਸੇ ਸਲਾਹੂ ਨੇ ‘ਭੇਤ ਵਾਲੀ’ ਗੱਲ ਇਹ ਦੱਸੀ-

Wednesday, November 10, 2010

ਨਿਰਮਲ ਪੰਥ ਨੂੰ ਗੰਧਲਾ ਕੌਣ ਕੌਣ ਕਰ ਰਿਹਾ ਹੈ?

ਵਪਾਰੀ ਤਬਕੇ ਦੇ ਕਈ ਮਾੜੇ ਅਨਸਰ ਆਪਣੇ ਮੁਨਾਫੇ ਦੇ ਵਾਧੇ ਲਈ ਮੱਕਾਰੀ ਕਰਦੇ ਹੋਏ ਮਿਲਾਵਟਖੋਰੀ ਦਾ ਧੰਦਾ ਕਰਦੇ ਰਹਿੰਦੇ ਹਨ। ਚੰਗੀਆਂ ਵਸਤੂਆਂ ਦੀ ਮਿਕਦਾਰ ਜਾਂ ਭਾਰ ਵਧਾਉਣ ਲਈ ਉਨ੍ਹਾਂ ਵਿਚ ਘਟੀਆਂ ਚੀਜ਼ਾਂ ਰਲਾ ਦਿੱਤੀਆਂ ਜਾਂਦੀਆਂ ਹਨ। ਇਹ ਕੁਕਰਮ ਇੰਨੀ ਕਾਰਾਗਰੀ ਨਾਲ ਕੀਤਾ ਜਾਂਦਾ ਹੈ ਕਿ ਅਕਸਰ ਪਾਰਖੂ ਅੱਖਾਂ ਵੀ ਧੋਖਾ ਖਾ ਜਾਂਦੀਆਂ ਹਨ। ਇਸੇ ਕਰਕੇ ਮਿਲਾਵਟ ਵਾਲੀਆਂ ਵਸਤੂਆਂ ਦੀ ਨਿਰਖ-ਪਰਖ ਕਰਨ ਲਈ ਵੱਖ ਵੱਖ ਯੰਤਰ ਹੋਂਦ ਵਿਚ ਆਏ। ਜਿਵੇਂ ਦੁੱਧ ਵਿਚ ਰਲਾਇਆ ਪਾਣੀ ਦੇਖਣ ਲਈ ਕੋਈ ਹੋਰ ਯੰਤਰ ਹੈ ਅਤੇ ਸੋਨੇ ਦਾ ਖੋਟ ਦੇਖਣ ਲਈ ਕਸਵੱਟੀ ਵੱਖਰੀ।

ਮਿਲਾਵਟ ਦਾ ਇਹ ਧੰਦਾ ਕੇਵਲ ਆਮ ਵਰਤੋਂ ਦੀਆਂ ਚੀਜ਼ਾਂ-ਵਸਤਾਂ ਤੱਕ ਹੀ ਸੀਮਤ ਨਹੀਂ ਸਗੋਂ ਇਤਿਹਾਸ ਗਵਾਹ ਹੈ ਕਿ ਈਰਖਾ, ਦਵੈਸ਼ ਜਾਂ ਮੁਤੱਸਬਪੁਣੇ ਦੇ ਸਿ਼ਕਾਰ ਕਪਟੀ ਲੋਕਾਂ ਨੇ ਸਮੇਂ ਸਮੇਂ ‘ਤੇ ਅਜਿਹਾ ਘੋਰ ਅਨਰਥ ਧਰਮ-ਗ੍ਰੰਥਾਂ ਜਾਂ ਫਲਸਫਿਆਂ ਨਾਲ ਵੀ ਕਮਾਇਆ। ਇਸ ਪੱਖੋਂ ਬਾਬਾ ਗੁਰੂ ਨਾਨਕ ਜੀ ਦਾ ਸਾਜਿਆ ਨਿਰਮਲ ਪੰਥ ਸ਼ਾਇਦ ਸਭ ਤੋਂ ਵੱਧ ਮਾਰ ਝੱਲਦਾ ਆ ਰਿਹਾ ਹੈ। ਸਿੱਖ ਤਵਾਰੀਖ ਪੜ੍ਹਦਿਆਂ ਇਹ ਦੇਖ ਕੇ ਰੌਂਗਟੇ ਖੜ੍ਹੇ ਹੁੰਦੇ ਹਨ ਕਿ ਸਾਮ, ਦਾਮ, ਦੰਡ, ਭੇਦ ਵਾਲੀ ਕੁਟਲ ਨੀਤੀ ਦਾ ਉਹ ਕਿਹੜਾ ਅੰਗ ਹੈ ਜੋ ਸਾਡੇ ‘ਤੇ ਨਹੀਂ ਵਰਤਿਆ ਗਿਆ। ਤਤਕਾਲੀ ਹਾਲਾਤ ਮੁਤਾਬਕ ਕਦੇ ਸਾਨੂੰ ਦਾਮ ਤੇ ਦੰਡ ਨਾਲ ਦਰੜਨ ਦੇ ਯਤਨ ਕੀਤੇ ਗਏ, ਕਦੇ ਸਾਮ ਅਤੇ ਭੇਦ ਦੀਆਂ ਗੁੱਝੀਆਂ ਸੱਟਾਂ ਮਾਰੀਆਂ ਗਈਆਂ।

Friday, November 5, 2010

ਓਏ ਹਰਿ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ

ਦੇਖਣ ਪਾਖਣ ਨੂੰ ਹੰਸ ਅਤੇ ਬਗਲਾ ਦੋਵੇਂ ਇੱਕੋ ਜਿਹੇ ਹਨ। ਦੁੱਧ ਚਿੱਟੀ ਸੂਰਤ ਵਾਲੇ ਇਹ ਦੋਵੇਂ ਰੱਬ ਦੇ ਭਗਤ ਜਾਪਦੇ ਨੇ। ਸਗੋਂ ਪਾਣੀ ਵਿਚ ਇਕ ਲੱਤ ਚੁੱਕੀ ਖੜ੍ਹਾ ਬਗਲਾ ਬੰਦਗੀ ਵਿਚ ਲੀਨ ਹੋਇਆ ਜਾਪਦਾ ਹੈ। ਪਰ ਪਤਾ ਉਦੋਂ ਹੀ ਲੱਗਦਾ ਹੈ ਜਦ ਉਹ ਡੱਡ ਜਾਂ ਮੱਛੀ ਨੂੰ ਝਪਟ ਕੇ ਪੈਂਦਾ ਹੈ। ਪਹਿਲੀ ਨਜ਼ਰੇ ਦੋਹਾਂ ਦਾ ਨਿਖੇੜਾ ਕਰਨਾ ਬੜਾ ਔਖਾ ਹੈ। ਬੜੇ-ਬੜੇ ਸਿਆਣੇ ਭੁਲੇਖਾ ਖਾ ਜਾਂਦੇ ਹਨ। ਬਾਬੇ ਦੀ ਬਾਣੀ ਵਿਚ ਵੀ ਇਸ ਭੁਲੇਖੇ ਦਾ ਕਈ ਥਾਂ ਜਿ਼ਕਰ ਹੈ, ‘ਮੈਂ ਜਾਣਿਆ ਵਡਹੰਸ ਹੈ…॥’ ਭੀੜ-ਭੜੱਕੇ ਵਿਚ ਜੇਬਾਂ ਕੱਟਣ ਜਾਂ ਚੋਰੀ ਕਰਨ ਲਈ ਘੁਸੇ ਹੋਏ ਲੁਟੇਰੇ, ਬਦਮਾਸ਼ਾਂ ਜਿਹਾ ਪਹਿਰਾਵਾ ਨਹੀਂ ਪਹਿਨਦੇ ਸਗੋਂ ਬੀਬੇ ਰਾਣੇ ਬਣ ਕੇ ਆਮ ਸਾਊਆਂ ਵਾਲਾ ਲਿਬਾਸ ਹੀ ਪਹਿਨਦੇ ਹੁੰਦੇ ਨੇ ਉਹ। ਕੱਛ ਵਿਚ ਛੁਰੀ ਲਈ ਫਿਰਦੇ ਕਿਸੇ ਕਸਾਈ ਕੋਲੋਂ ਭਲਾ ਕੋਈ ਕੀ ਧੋਖਾ ਖਾ ਲਵੇਗਾ? ਹਾਂ, ਦੁਨੀਆਂ ਲੁੱਟਣ ਲਈ ਮਹੀਨ ਕਿਸਮ ਦੇ ਖੂਬਸੂਰਤ ਧੋਖਿਆਂ ਦੀ ਲੋੜ ਹੁੰਦੀ ਹੈ।