Friday, July 1, 2011

ਕਿਹਾ ਸੱਚ ਸਿਆਣਿਆਂ ਨੇ!

ਵੰਡ ਬਹਿੰਦੀ ਨਾ ਲੜਦੀਆਂ ਬਿੱਲੀਆਂ ਦੀ, ਦਾਅ ਬਾਂਦਰ ਦਾ ਜਾਂਦਾ ਏ ਲੱਗ ਏਦਾਂ।
ਟੁੱਟ ਪਵੇ ਬਘਿਆੜ ਜਦ ਲੇਲਿਆਂ ‘ਤੇ, ਟਲਦਾ ‘ਮੈਨੂੰ ਕੀ’ ਸਮਝ ਕੇ ਜੱਗ ਏਦਾਂ।
ਬੁਰਛਾਗਰਦੀ ਦੇ ਬੁਰੇ ਮਾਹੌਲ ਅੰਦਰ, ਜੀਵੇ ਕਿਸ ਤਰ੍ਹਾਂ ਬੰਦਾ ਸਲੱਗ ਏਦਾਂ।
ਹਰ ਥਾਂ ਚੌਧਰੀ ਬਣਦਾ ਏ ਮਲਕ ਭਾਗੋ, ਭਾਈ ਲਾਲੋ ਤੋਂ ਹੁੰਦਾ ਨਹੀਂ ਤੱਗ ਏਦਾਂ।
ਤਾਨਾਸ਼ਾਹੀ ਮਿਟਾਉਣ ਦੇ ਨਾਮ ਹੇਠਾਂ, ਆਪਣਾ ਸਿੱਕਾ ਜਮਾਉਂਦਾ ਏ ਠੱਗ ਏਦਾਂ।
ਬਲਦੇ ਭਾਂਬੜ ‘ਤੇ ਛਿੜਕ ਕੇ ਤੇਲ ਦੇਖੋ, ਅਹਿਮਕ ਸਮਝਦਾ ਬੁਝੇਗੀ ਅੱਗ ਏਦਾਂ!

ਤਰਲੋਚਨ ਸਿੰਘ ਦੁਪਾਲਪੁਰੀ

ਰੋਸ ਬੁੱਧੀਜੀਵੀਆਂ ‘ਤੇ!

ਕਿਤੇ ਖਹਿਬੜੇ ਪਤੀ ਦੇ ਨਾਲ ਪਤਨੀ, ਪਤੀ ਗ੍ਰਹਿਸਥ ਨੂੰ ਨਰਕ ਬਣਾਈ ਫਿਰਦੇ।
ਧੀਆਂ ਪੁੱਤ ਲੜਦੇ ਨਾਲ ਮਾਪਿਆਂ ਦੇ, ਭਾਈ, ਭੈਣਾਂ ਨਾਲ ਯੁੱਧ ਮਚਾਈ ਫਿਰਦੇ।
ਨਿੱਤ ਹਾਕਮਾਂ ਦੀ ਮੁਰਦਾਬਾਦ ਹੋਵੇ, ਰਾਜੇ ਆਪਣੀ ਹਿੰਡ ਪੁਗਾਈ ਫਿਰਦੇ।
ਧਰਮ-ਮੰਦਰਾਂ ਵਿਚ ਵੀ ਡਾਂਗ ਖੜਕੇ, ਆਕੀ, ਧਰਮੀਆਂ ਤਾਈਂ ਭਜਾਈ ਫਿਰਦੇ।
ਚਾਰੇ ਤਰਫ ਹੀ ਕ੍ਰੋਧ ਦੀ ਅੱਗ ਬਲਦੀ, ਸਹਿਣ-ਸ਼ਕਤੀ ਦੀ ਅਲਖ ਮੁਕਾਈ ਫਿਰਦੇ।
ਸ਼ਾਂਤ ਰਹਿਣ ਦੇ ਜਿਨ੍ਹਾਂ ਸੀ ਸਬਕ ਦੇਣੇ, ਬੁੱਧੀਜੀਵੀ ਵੀ ਸਿੰਗ ਫਸਾਈ ਫਿਰਦੇ!

ਤਰਲੋਚਨ ਸਿੰਘ ਦੁਪਾਲਪੁਰੀ

ਐਮ.ਐਲ.ਏ. ਕਿ ਡਿਕਟੇਟਰ?

ਇਕ ‘ਸਾਬ੍ਹ’ ਨੇ ਧੌਂਸ ਪੁਗਾਰਈ ਇੱਦਾਂ, ਕਾਲੀ ਵੇਈਂ ਵਿਚ ਪਾਣੀ ਨਹੀਂ ਜਾਣ ਦਿੱਤਾ।
ਇਕ ਹੋਰ ਦਾ ਕਤਲ ਵਿਚ ਨਾਮ ਗੂੰਜੇ, ਉਸ ਨੇ ਪੁਲਿਸ ਨੂੰ ਨੇੜੇ ਨਹੀਂ ਆਣ ਦਿੱਤਾ।
ਟੱਬਰ ਇਨ੍ਹਾਂ ਦੇ ਚੌਧਰੀ ਬਣੇ ਫਿਰਦੇ, ਬੁਰਛਾਗਰਦੀ ਵੱਲ ਮੋੜ ਮੁਹਾਣ ਦਿੱਤਾ।
ਹੁਕਮ ਚਾੜ੍ਹਦੇ ਫੋਨ ‘ਤੇ ਅਫਸਰਾਂ ਨੂੰ, ਕਰ ਕਾਇਦੇ-ਕਾਨੂੰਨ ਦਾ ਘਾਣ ਦਿੱਤਾ।
ਅੱਖਾਂ ਮੀਟ ਕੇ ਅਫਸਰ ਵਜਾਈ ਜਾਂਦੇ, ਆਉਂਦਾ ਹੁਕਮ ਜੋ ‘ਸਾਲਿਆਂ-ਜੀਜਿਆਂ’ ਤੋਂ।
ਕਿੱਦਾਂ ਜਾਨ ਬਚਾਏਗਾ ਆਮ ਬੰਦਾ? ਵਿਧਾਨਕਾਰਾਂ ਦੇ ਪੁੱਤ-ਭਤੀਜਿਆਂ ਤੋਂ

ਤਰਲੋਚਨ ਸਿੰਘ ਦੁਪਾਲਪੁਰੀ

ਹੱਟ ਕਬੱਡੀ! ਸਫਾ-ਚੱਟ ਕਬੱਡੀ!!

ਦੇਸ਼-ਵਿਦੇਸ਼ ਦੀਆਂ ਪੰਜਾਬੀ ਅਖ਼ਬਾਰਾਂ ਵਿਚ ਕਬੱਡੀ ਮੈਚਾਂ ਦੀਆਂ ਖ਼ਬਰਾਂ ਅਤੇ ਮੈਦਾਨ ਵਿਚ ਗੁੱਥ-ਮ-ਗੁੱਥਾ ਹੋ ਰਹੇ ਖਿਡਾਰੀਆਂ ਦੀਆਂ ਜਲਾਲ ਭਰੀਆਂ ਫੋਟੋਆਂ ਦੇਖ ਕੇ ਆਪਣੀ ਪੜ੍ਹਾਈ ਦੇ ਦਿਨੀਂ ਖੇਡੀ ਹੋਈ ਕਬੱਡੀ ਯਾਦ ਆ ਜਾਂਦੀ ਹੈ। ਉਨ੍ਹਾਂ ਵੇਲਿਆਂ ‘ਚ ਅਸੀਂ ਵੀ ਪੱਟ ‘ਤੇ ਥਾਪੀ ਮਾਰ ਕੇ ‘ਦਮ ਪਾਉਣ’ ਜਾਇਆ ਕਰਦੇ ਸਾਂ। ਉਦੋਂ ਦੀ ਅਤੇ ਅਜੋਕੀ ਕਬੱਡੀ ਦਾ ਰੰਗ-ਢੰਗ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇਸ ਖੇਡ ਦੀ ਨਿਯਮਾਵਲੀ ਵਿਚ ਤਾਂ ਕੋਈ ਖਾਸ ਤਬਦੀਲੀਆਂ ਨਹੀਂ ਹੋਈਆਂ ਪਰ ਹੁਣ ਦੇ ਖਿਡਾਰੀਆਂ ਦੇ ਚਿਹਰੇ-ਮੋਹਰੇ ਅਤੇ ਉਨ੍ਹਾਂ ਦੇ ਨਾਂਵਾਂ ਦਾ ਹੁਲੀਆ ਕਿਉਂ ਵਿਗੜ ਗਿਆ? ਵਿਦੇਸ਼ਾਂ ਵਿਚ ਕਬੱਡੀ ਮੈਚ ਕਰਵਾਉਣ ਵਾਲੇ ਕਬੱਡੀ ਪ੍ਰੇਮੀ ਵੀਰ ਇਹ ਦਾਅਵਾ ਬੜੇ ਜ਼ੋਰ-ਸ਼ੋਰ ਨਾਲ ਕਰਦੇ ਹਨ ਕਿ ਅਸੀਂ ਪੰਜਾਬੀ ਵਿਰਸੇ ਦੇ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਾਂ ਪਰ ਜ਼ਰਾ ਸਵੈ-ਪੜਚੋਲ ਕਰ ਕੇ ਦੇਖੀਏ ਕਿ ਕੀ ਸੱਚ-ਮੁੱਚ ਵਿਰਾਸਤ ਦੀ ਹਿਫ਼ਾਜ਼ਤ ਹੋ ਰਹੀ ਹੈ?

ਲੈ ਜਾ ਛੱਲੀਆਂ ਭੁਨਾਂ ਲਈਂ ਦਾਣੇ…!

ਇੰਟਰਨੈਟ ‘ਤੇ ਅਖ਼ਬਾਰਾਂ ਪੜ੍ਹਨ ਲਈ ਬਹਿੰਦਿਆਂ ਸਾਰ, ਰੋਜ਼ ਵਾਂਗ ਪਹਿਲਾਂ ਆਪਣੀ ‘ਈ-ਮੇਲ’ ਚੈਕ ਕੀਤੀ। ਪੰਜਾਬ ਤੋਂ ਪ੍ਰੋਫੈਸਰ ਭਰਾ ਦੇ ਆਏ ਸੁਨੇਹੇ ਦਾ ਸਿਰਲੇਖ ‘ਛੱਲੀਆਂ ਚੱਬੋ ਜੀ!’ ਦੇਖ ਕੇ ਕੰਨ ਖੜ੍ਹੇ ਹੋ ਗਏ। ਉਤਸੁਕ ਹੁੰਦਿਆਂ ਸੁਨੇਹੇ ਨਾਲ ਭੇਜੀ ਫੋਟੋ ‘ਤੇ ਕਲਿੱਕ ਕੀਤਾ ਤਾਂ ਮਘਦੇ ਹੋਏ ਕੋਲਿਆਂ ਉਪਰ ਭੁੱਜ ਰਹੀਆਂ ਛੱਲੀਆਂ ਦੇਖ ਕੇ ਜ਼ਿਹਨ ਵਿਚ ਸਾਉਣੀ ਦੀ ਰੁੱਤ, ਖਾਸ ਕਰਕੇ ਹਰੇ ਭਰੇ ਛੱਲੀਆਂ ਦੇ ਖੇਤ ਘੁੰਮਣ ਲੱਗ ਪਏ। ਭਰਾ ਨੇ ਲਿਖਿਆ ਸੀ, “ਬਾਜ਼ਾਰ ‘ਚੋਂ ਲੰਘਦਿਆਂ ਛੱਲੀਆਂ ਭੁੱਜਣ ਦੀ ਫੈਲ ਰਹੀ ਭਿੰਨੀ-ਭਿੰਨੀ ਸੁਗੰਧੀ, ਮੈਨੂੰ ਬਦੋ-ਬਦੀ ਬਿਹਾਰੀ ਪਰਵਾਸੀ ਦੀ ਰੇਹੜੀ ਵਲ ਖਿੱਚ ਕੇ ਲੈ ਗਈ।” ਰੇਹੜੀ ਤੋਂ ਗਰਮਾ-ਗਰਮ ਨਿੰਬੂ-ਚੇਪੀਆਂ ਛੱਲੀਆਂ ਘਰੇ ਲਿਜਾ ਕੇ ਉਸ ਨੇ ਆਪ ਵੀ ਚੱਬੀਆਂ ਤੇ ਮੇਰੇ ਭਤੀਜਿਆਂ ਨੇ ਵੀ ਇਸ ਮੌਸਮੀ ਤੋਹਫੇ ਦਾ ਅਨੰਦ ਮਾਣਿਆ। ਤੇ ਸਾਨੂੰ ਪਰਦੇਸ ਵਿਚ ਬੈਠਿਆਂ ਮੱਕੀ ਦੀ ਰੁੱਤ ਯਾਦ ਕਰਾਉਣ ਲਈ ਭੁੱਜਦੀਆਂ ਛੱਲੀਆਂ ਦੀ ਫੋਟੋ ‘ਈ-ਮੇਲ’ ਕਰ ਦਿੱਤੀ।