Wednesday, January 19, 2011

ਮਜਬੂਰੀ ਦੀ ਚੱਕੀ ਵਿਚ ਪਿਸਦੀ ਮਰਜ਼ੀ

“ਵੀਹ ਸਾਲ ਦੀ ਉਮਰ ਤਕ ਜਜ਼ਬਾ ਰਾਜ ਕਰਦਾ ਹੈ, ਤੀਹ ਵਿਚ ਅਕਲ ਅਤੇ ਚਾਲੀ ਸਾਲ ਦੀ ਉਮਰ ਵਿਚ ਤਜਰਬੇ ਦੀ ਹਕੂਮਤ ਹੁੰਦੀ ਹੈ। ਇਸ ਪਿੱਛੋਂ ਰਾਜ ਲਗਭਗ ਟੁੱਟ ਹੀ ਜਾਂਦਾ ਹੈ।”

ਕਿਸੇ ਨੀਤੀ-ਵੇਤਾ ਵੱਲੋਂ ਇਨਸਾਨ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਬਾਰੇ ਬਣਾਇਆ ਗਿਆ ਇਹ ਖਾਕਾ, ਬਿਨਾਂ ਸ਼ੱਕ ਤੱਥਾਂ ਉਤੇ ਆਧਾਰਤ ਜਾਪਦਾ ਹੈ ਪਰ ਜ਼ਰੂਰੀ ਨਹੀਂ ਕਿ ਇਸ ‘ਫਰੇਮ‘ ਵਿਚ ਸਾਰਿਆਂ ਵੱਲੋਂ ਹੰਢਾਇਆ ਹੋਇਆ ਜੀਵਨ ਫਿੱਟ ਆ ਜਾਏ! ਜਿਨ੍ਹਾਂ ਘਰਾਂ ਵਿਚ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹੋਣ, ਉਥੇ ਜਨਮੇ ਵੀਹ ਸਾਲ ਦੀ ਉਮਰ ਦੇ ਨਿਆਣਿਆਂ ਦੇ ਕਾਹਦੇ ਜਜ਼ਬਾਤ? ਜਿਹੜੇ ਜਵਾਨੀ ਪਹਿਰੇ ਹੀ ਵਿਗੜਿਆਂ-ਤਿਗੜਿਆਂ ਦੀ ਸੰਗਤ ਵਿਚ ਪੈ ਗਏ ਹੋਣ, ਅਕਲ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਸ ਨੇ ਚਾਲੀਆਂ ਤਕ ਪਹੁੰਚ ਕੇ ਵੀ ਕੋਈ ਸਿੱਧਾ ਕੰਮ ਨਹੀਂ ਕੀਤਾ ਹੁੰਦਾ, ਉਹਦੇ ਕੋਲ ਤਜਰਬਿਆਂ ਦੀ ਪੂੰਜੀ ਕਿੱਥੋਂ ਲੱਭਣੀ ਹੋਈ! ਰਹੀ ਗੱਲ ਚਾਲੀ ਸਾਲ ਦੀ ਉਮਰ ਤੋਂ ਬਾਅਦ ਰਾਜ-ਭਾਗ ਟੁੱਟਣ ਦੀ, ਇਹਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਸਮੇਂ ਲੱਦ ਗਏ ਜਦ ਘਰਾਂ ਵਿਚ ਕਿਸੇ ਇਕ ਮੁਖੀਏ ਦਾ, ਖ਼ਾਸ ਕਰਕੇ ਬਾਪ ਦਾ ‘ਰਾਜ-ਭਾਗ‘ ਚੱਲਦਾ ਹੁੰਦਾ ਸੀ। ਅੱਜ ਕੱਲ੍ਹ ਤਾਂ ਇੰਜ ਕਿਹਾ ਜਾਣਾ ਚਾਹੀਦਾ ਹੈ ਕਿ ਜਜ਼ਬਾਤ ਅਤੇ ਅਕਲ ਦਾ ਭੋਗ ਤਾਂ ਵਿਆਹ ਹੁੰਦਿਆਂ ਹੀ ਪੈ ਜਾਂਦਾ ਹੈ। ਨਾਲ ਹੀ ਬੰਦੇ ਦੇ ਰਾਜ-ਭਾਗ ਦਾ ਕੀਰਤਨ ਸੋਹਿਲਾ ਵੀ ਪੜ੍ਹਿਆ ਜਾਂਦਾ ਹੈ। ਜੇ ਕਿਸੇ ਕਾਰਨ ‘ਹਕੂਮਤ‘ ਦੀ ਰਹਿੰਦ-ਖੂੰਹਦ ਵਿਆਹ ਤੋਂ ਬਾਅਦ ਵੀ ਬਚੀ ਰਹਿ ਜਾਵੇ ਤਾਂ ਵੱਡੀ ਹੋਈ ਔਲਾਦ ਸਾਰੀਆਂ ਕਸਰਾਂ ਕੱਢ ਦਿੰਦੀ ਹੈ। “ਪੁੱਤ ਰਾਜ ਮਲੇਛ ਰਾਜ” ਵਾਲਾ ਅਖਾਣ ਬੰਦੇ ਦੀ ਉਸ ਤਰਸਯੋਗ ਹਾਲਤ ਦਾ ਪ੍ਰਗਟਾਵਾ ਹੀ ਹੈ ਜਦੋਂ ਕੋਈ ਬਾਪ ਆਪਣਾ ਪਤ-ਤੇਜ਼ ਗਵਾ ਕੇ ਆਪਣੇ ਪੁੱਤਾਂ ਦੇ ਹੁਕਮ ਅਧੀਨ ਜਿਉ ਰਿਹਾ ਹੋਵੇ।

ਹੀਰੋ ਕਲਾਂ ਦੇ ਅਕਾਲੀ ਕੌਮ ਦੇ ਹੀਰੇ?

ਭਰ ਸਿਆਲ ਦੀ ਰੁੱਤ…ਕੜਾਕੇ ਦੀ ਠੰਢ…ਚਾਰ ਚੁਫ਼ੇਰੇ ਗੂੜ੍ਹੀ ਧੁੰਦ…ਹੱਡਾਂ ਨੂੰ ਚੀਰਦੀ ਜਾਂਦੀ ਸੀਤ ਲਹਿਰ ਸਦਕਾ ਗੱਭਰੂਆਂ ਦਾ ਵੀ ਦੰਦੋੜਿੱਕਾ ਵੱਜ ਰਿਹਾ ਹੈ। ਖੇਸ, ਖੇਸੀਆਂ, ਲੋਈਆਂ ਅਤੇ ਭੂਰੇ ਕੰਬਲਾਂ ਨਾਲ ਸਿਰ-ਮੂੰਹ ਲਪੇਟ ਕੇ, ਆਪਣੇ ਪਿੰਡ ਦੇ ਬਾਹਰਵਾਰ ਕੁਝ ਸਿੱਖ ਭਰਾ ਭੁੰਜੇ ਹੀ ਧਰਨਾ ਮਾਰੀ ਬੈਠੇ ਹਨ। ਕਾਫ਼ੀ ਗਿਣਤੀ ਵਿਚ ਇਨ੍ਹਾਂ ਦੇ ਹਮਦਰਦ ਆਲੇ-ਦੁਆਲੇ ਵਾੜ ਬਣਾਈ ਖੜ੍ਹੇ ਹਨ। ਖੜ੍ਹਿਆਂ ਅਤੇ ਬੈਠਿਆਂ ਦੇ ਮਾਸੂਮ ਚਿਹਰਿਆਂ ਤੋਂ ਹਾਸੇ ਗਾਇਬ ਹਨ। ਕੋਈ ਮੁਸਕਰਾਉਂਦਾ ਚਿਹਰਾ ਇਨ੍ਹਾਂ ਵਿਚ ਨਹੀਂ ਹੈ। ਸਭ ਚਿਹਰਿਆਂ ਉਤੇ ਰੋਹ ਤੇ ਨਿਰਾਸ਼ਾ ਦੇ ਰਲੇਵੇਂ ਵਾਲੀਆਂ ਲਕੀਰਾਂ ਉਭਰਦੀਆਂ ਦਿਖਾਈ ਦਿੰਦੀਆਂ ਹਨ। ਨੀਲੇ-ਪੀਲੇ ਰੰਗ ਦੀਆਂ ਦਸਤਾਰਾਂ ਅਤੇ ਸਾਫ਼ੇ ਬੰਨ੍ਹੀ ਬੈਠੇ ਇਨ੍ਹਾਂ ਬੰਦਿਆਂ ਵਿਚ ਕੁਝ ਬੱਚੇ, ਗਭਰੇਟ ਅਤੇ ਬਜ਼ੁਰਗ ਵੀ ਹਨ। ਇਉਂ ਭਾਸਦਾ ਹੈ ਜਿਵੇਂ ਇਨ੍ਹਾਂ ਨੂੰ ਕਿਸੇ ਹਿਰਦੇ-ਵੇਦਕ ਘਟਨਾ ਨੇ ਵਲੂੰਧਰ ਸੁੱਟਿਆ ਹੋਵੇ! ਜਿਵੇਂ ਕਿਤੇ ਇਹ ਸਾਰੇ ਜਣੇ ਰੋਹ ਨਾਲ ਭਰੇ ਪਏ ਹੋਣ!!

ਮਾਘੀ ਮੇਲਾ ਤੇ ਮਨਪ੍ਰੀਤ!

ਮਾਘੀ ਮੇਲਾ ਤੇ ਮਨਪ੍ਰੀਤ!
ਟੁੱਟੀ-ਗੰਢੀ ਦੇ ਮੇਲੇ ‘ਤੇ ‘ਕੱਠ ਕਰਕੇ, ਆਪੋ ਆਪਣਾ ਤਾਣ ਦਿਖਲਾਇ ਦਿੱਤਾ।
ਕੈਪਟਨ ਸਾਬ੍ਹ ਵੰਗਾਰਿਆ ਬਾਦਲਾਂ ਨੂੰ, ਪਹਿਲੋਂ ਵਾਲਾ ਹੀ ਤੀਰ ਚਲਾਇ ਦਿੱਤਾ।
ਦੋਸ਼ ਕੇਂਦਰ ਨੂੰ ਦੇਣ ਦਾ ‘ਕਾਲੀਆਂ ਨੇ, ਘਸਿਆ ਪਿਟਿਆ ਹੀ ਰਾਗ ਸੁਣਾਇ ਦਿੱਤਾ।
ਹਾਂਡੀ ਕਾਠ ਦੀ ਚਾੜ੍ਹਨ ਨੂੰ ਪਏ ਕਾਹਲੇ, ਪਰ ਪੰਜਾਬੀਆਂ ਰੋਸ ਜਤਾਇ ਦਿੱਤਾ।
ਮੂੰਹ ਮੋੜ ਕੇ ਚਿੱਟਿਆਂ-ਨੀਲਿਆਂ ਤੋਂ, ਪਰਜਾ ਰੋਹ ਵਿਚ ਆਈ ਹੁਣ ਤੱਤੜੀ ਜੀ।
ਮਾਘੀ ਮੌਕੇ ਮਨਪ੍ਰੀਤ ਦਾ ਦੇਖ ‘ਜਲਵਾ’, ਹੋ ਗਏ ਦੰਗ ‘ਹੱਥ-ਪੰਜਾ’ ਤੇ ‘ਤੱਕੜੀ’ ਜੀ!

ਤਰਲੋਚਨ ਸਿੰਘ ਦੁਪਾਲਪੁਰ

ਚਾਪਲੂਸੀਆਂ ਤੇ ਚਮਚਾਗਿਰੀਆਂ!

ਡਾਇਨਿੰਗ ਟੇਬਲ ‘ਤੇ ਚਮਕਣ ਵਾਲੇ ਨਿਰਜਿੰਦ ਚਮਚੇ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਕੰਮ ਸਾਖਿਆਤ ਜਿਊਂਦੇ-ਜਾਗਦੇ ਚਮਚੇ ਕਰਦੇ ਹਨ ਜਾਂ ਕਰ ਸਕਦੇ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਖਾਣ ਵਾਲੇ ਮੇਜ਼ ‘ਤੇ ਬਹਿਣ ਵੇਲੇ ਚਮਚਿਆਂ ਬਗ਼ੈਰ ਔਖੇ-ਸੌਖੇ ਸਾਰਿਆ ਜਾ ਸਕਦਾ ਹੈ ਪਰ ਜਿਥੇ ਮਨੁੱਖੀ ਚਮਚਿਆਂ ਦੀ ਲੋੜ ਹੁੰਦੀ ਹੈ, ਉਥੇ ਇਨ੍ਹਾਂ ਤੋਂ ਬਿਨਾਂ ਬਿਲਕੁਲ ਨਹੀਂ ਸਰ ਸਕਦਾ। ਘਰ ਤੋਂ ਲੈ ਕੇ ਦਫ਼ਤਰ, ਸਰਕਾਰੀ ਜਾਂ ਗ਼ੈਰ ਸਰਕਾਰੀ ਅਦਾਰੇ ਅਤੇ ਛੋਟੇ-ਵੱਟੇ ਕਾਰੋਬਾਰੀ ਧੰਦਿਆਂ ਦੇ ਪ੍ਰਬੰਧਕੀ ਸਿਸਟਮ ਵਿਚ ਚਮਚਿਆਂ ਦੇ ਝੰਡੇ ਝੂਲਦੇ ਦੇਖੇ ਜਾ ਸਕਦੇ ਹਨ। ਆਮ ਘਰਾਂ ਵਿਚ ਝਾਤੀ ਮਾਰ ਲਓ। ਜੇ ਕਿਤੇ ਹੋਈ ਸ੍ਰੀਮਾਨ ਆਪਣੀ ਪਤਨੀ ਦੀ ਲੋੜੋਂ ਵੱਧ ਤਾਰੀਫ਼ ਕਰ ਰਿਹਾ ਹੋਵੇ ਤਾਂ ਸਮਝੋ ਉਹ ਨਿਕਟ ਭਵਿੱਖ ਵਿਚ ਪਤਨੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਮਹਿੰਗੀ ਮੰਗ ਤੋਂ ਖਹਿੜਾ ਛੁਡਾਉਣ ਲਈ ਤਰੱਦਦ ਕਰ ਰਿਹਾ ਹੈ। ਇਸੇ ਤਰ੍ਹਾਂ ਜੇ ਕੋਈ ਸ੍ਰੀਮਤੀ ਆਪਣੇ ਪਤੀਦੇਵ ਦੇ ਗੁਣਗਾਨ ਕਰ ਰਹੀ ਹੋਵੇ ਤਾਂ ਸ੍ਰੀਮਾਨ ਫੁੱਲ ਕੇ ਕੁੱਪਾ ਹੋਣ ਦੀ ਬਜਾਏ ਇਹ ਸਮਝੇ ਕਿ ਕੋਈ ‘ਵੱਡਾ ਸਵਾਲ’ ਗਲ਼ ਪੈਣ ਵਾਲਾ ਹੈ, ਤਾਂ ਹੀ ਚਾਪਲੂਸੀ ਦੀ ਬੂੰਦਾਬਾਂਦੀ ਹੋ ਰਹੀ ਹੈ।

ਤੌਬਾ ਨਵੀਂ ਅਖਬਾਰ ਤੋਂ?

ਤੌਬਾ ਨਵੀਂ ਅਖਬਾਰ ਤੋਂ?
ਬਿਨਾਂ ਪੁੱਛੇ ‘ਵਧਾਈਆਂ ਜੀ!’ ਛਾਪ ਦਿੰਦੇ, ਸ਼ਰਮੋ ਸ਼ਰਮੀ ਹੀ ਕਰੇ ਤਕਰਾਰ ਕੋਈ ਨਾ।
ਬਿਲ ‘ਐਡ’ ਦਾ ਆਪੇ ਘਰ ਪਹੁੰਚ ਜਾਂਦਾ, ਐਸੀ ਡਾਕ ਦੀ ਕਰਦੈ ਇੰਤਜ਼ਾਰ ਕੋਈ ਨਾ।
ਮੰਦੇ ਦੌਰ ਦਾ ਤਰਸ ਨਾ ਮੂਲ ਕਰਦੇ, ਸੁੱਕਾ ਛੱਡਦੇ ਦਿਵਸ-ਤਿਉਹਾਰ ਕੋਈ ਨਾ।
ਕੋਈ ਪੜ੍ਹੇ ਨਾ ਪੜ੍ਹੇ ਕੀ ਫਰਕ ਪੈਂਦਾ, ਥੱਬੇ ਰੱਖਣੋਂ ਕਰੇ ਇਨਕਾਰ ਕੋਈ ਨਾ।
ਇਕ ਦੂਜੇ ਨੂੰ ਠਿੱਬੀਆਂ ਲਾਉਣ ਲੱਗੇ, ਰੱਖਣ ਦਿਲਾਂ ਵਿਚ ਪ੍ਰੈਸ-ਸਤਿਕਾਰ ਕੋਈ ਨਾ।
ਬਿਜਨਸਮੈਨ ਪਰਵਾਸੀ ਅਰਦਾਸ ਕਰਦੇ, ਰੱਬਾ ਨਿਕਲੇ ਨਵੀਂ ਅਖਬਾਰ ਕੋਈ ਨਾ!

ਤਰਲੋਚਨ ਸਿੰਘ ਦੁਪਾਲਪੁਰ

Monday, January 3, 2011

ਨਾਨਕਸ਼ਾਹੀ ਕੈਲੰਡਰ

ਨਾਨਕਸ਼ਾਹੀ ਕੈਲੰਡਰ
ਰੋਜ਼ ਰੋਜ਼ ਹੀ ਕੱਢ ਕੇ ਹੁਕਮਨਾਮੇ, ਗੁਰੂ ਪੁਰਬਾਂ ਦੀ ਮਿਤੀ ਬਦਲਾਈ ਜਾਂਦੇ,
ਦਿੱਖ ਰਹੇ ਨਿਵੇਕਲੀ ਪੰਥ ਦੀ ਨਾ, ਕਾਂਜੀ ਦੁੱਧ ਦੇ ਚਾਟੇ ਵਿੱਚ ਪਾਈ ਜਾਂਦੇ।
ਉੱਤੋਂ ਆਉਂਦਾ ਏ ਹੁਕਮ 'ਪ੍ਰਧਾਨ ਜੀ' ਦਾ, ਮੋਹਰਾਂ 'ਦਾਸਾਂ ਦੇ ਦਾਸ' ਲਗਾਈ ਜਾਂਦੇ,
ਕੌਮੀ ਅਣਖ ਦੀ ਛੱਡ ਕੇ ਵਫਾਦਾਰੀ, ਇੱਕੋ ਟੱਬਰ ਦੀ ਰਾਗਣੀ ਗਾਈ ਜਾਂਦੇ।
ਬਿਪਰਵਾਦ ਹੁਣ ਧਾਰ ਕੇ ਰੂਪ ਨੀਲਾ, ਨਿਰਮਲ ਪੰਥ ਦੀਆਂ ਜੜਾਂ ਵਿੱਚ ਬਹਿ ਗਿਆ ਏ,
ਭਗਵੇਂ ਰੰਗ ਵਿੱਚ ਡੋਬ ਬਦ-ਰੰਗ ਕੀਤਾ, 'ਨਾਨਕਸ਼ਾਹੀ' ਹੁਣ ਕਾਸ ਦਾ ਰਹਿ ਗਿਆ ਏ?

- ਤਰਲੋਚਨ ਸਿੰਘ ਦੁਪਾਲਪੁਰ