Wednesday, September 29, 2010

ਸਿਰ ਝੁਕਦਾ ਹੈ ਬੋਹੜ-ਬਰੋਟਿਆਂ ਜਿਹੇ ਬਾਬਿਆਂ ਅੱਗੇ

ਵਿਦੇਸ਼ ਵਿਚ ਰਹਿੰਦੇ ਆਪਣੇ ਧੀਆਂ-ਪੁੱਤਾਂ ਵਲੋਂ ਬੁਲਾਏ ਹੋਏ ਬਜ਼ੁਰਗਾਂ ਦੀ ਮਹਿਫਿਲ ਵਿਚ ਕੁਝ ਪਲ ਗੁਜ਼ਾਰਨ ਦਾ ਮੌਕਾ ਮਿਲਿਆ। ਉਮਰ ਦਾ ਵੱਡਾ ਹਿੱਸਾ ਆਪਣੀ ਜੰਮਣ-ਭੁਇੰ ਅਤੇ ਪਿਤਾ-ਪੁਰਖੀ ਸੱਭਿਆਚਾਰ ਵਿਚ ਬਤੀਤ ਕਰ ਆਏ ਇਨ੍ਹਾਂ ਬਾਬਿਆਂ ਵਿਚ ਇਕ ਬਾਪੂ ਬੜੇ ਜੋਸ਼ੀਲੇ ਢੰਗ ਨਾਲ ਵਿਦੇਸ਼ ਦੇ ਨਿਸ਼ੰਗਪੁਣੇ ਨੂੰ ਪਾਣੀ ਪੀ-ਪੀ ਕੋਸ ਰਿਹਾ ਸੀ। ਹੱਥ ਵਿਚ ਫੜੀ ਡੰਗੋਰੀ ਕਦੇ-ਕਦੇ ਉਤਾਂਹ ਨੂੰ ਉਲਾਰ ਕੇ ਉਹ ਪਰਦੇਸ ‘ਚ ਆਈਆਂ ਦੇਸੀ ਬੀਬੀਆਂ ਦੇ ਬਦਲੇ ਹੋਏ ਪਹਿਰਾਵੇ ਅਤੇ ਇਥੋਂ ਦੇ ਮੁੰਡੇ-ਕੁੜੀਆਂ ਦੀਆਂ ਮਨ-ਮਰਜ਼ੀਆਂ ਦੀ ਖੂਬ ਭੰਡੀ ਕਰ ਰਿਹਾ ਸੀ। ਖਾਸ ਕਰਕੇ ਘਰਾਂ ਵਿਚ ਚੱਤੋ ਪਹਿਰ ਚਲਦੇ ਟੀ. ਵੀ. ਵਿਰੁਧ ਉਹ ਇੰਜ ਚਿੱਥ-ਚਿੱਥ ਕੇ ਬੋਲ ਰਿਹਾ ਸੀ ਜਿਵੇਂ ਉਹ ਸਾਰੇ ਟੀ. ਵੀ. ਸੈਟਾਂ ਨੂੰ ਆਪਣੀ ਸੋਟੀ ਨਾਲ ਹੁਣੇ ਭੰਨ ਸੁੱਟਣਾ ਚਾਹੁੰਦਾ ਹੋਵੇ। ਉਹਦੀ ਜਾਚੇ ਦੇਸੀ ਪਰਿਵਾਰਾਂ ਨੂੰ ਬਦਰੰਗ ਕਰਨ ਦੀ ‘ਕਰਤੂਤ’ ਇਸ ਨਿਖਸਮੇ ਟੀ. ਵੀ. ਦੀ ਹੀ ਸੀ। ਉਸਦੇ ਬੋਲਣ-ਚੱਲਣ ਦੇ ਅੰਦਾਜ਼, ਕੱਦ-ਕਾਠ ਅਤੇ ਆਪਣੇ ਪੁੱਤਾਂ-ਨੂੰਹਾਂ, ਪੋਤੇ-ਪੋਤੀਆਂ ਵਿਰੁਧ ਕੱਢੀ ਭੜਾਸ ਨੇ ਮੇਰੇ ਚੇਤਿਆਂ ਵਿਚ ਸੁੱਤੇ ਪਏ ਉਹਦੇ ਵਰਗੇ ਹੀ ਇਕ ਬਜ਼ੁਰਗ ਨੂੰ ਉਠਾਲ ਲਿਆਂਦਾ।

ਤਿਲਕੂ ਵਾਜਾਂ ਮਾਰੇ 'ਤਿਲ੍ਹਕੂ' ਸਿੱਖਾਂ ਨੂੰ !

 'ਡਗ…… ਡਗ…… ਡਗ……ਸੁਣੋ- ਸੁਣੋ-ਸੁਣੋ! ਸਾਰੇ ਮਾਈ ਭਾਈ ਕੰਨ ਦੇ ਕੇ ਸੁਣੋ!! …ਦੀਨਾਂ ਦੁਖੀਆਂ ਦੇ ਕਸ਼ਟ ਨਿਵਾਰਨ ਵਾਸਤੇ …ਸਭ ਦੀਆਂ ਝੋਲੀਆਂ, ਨੌਂ ਨਿਧਾਂ ਬਾਰਾਂ ਸਿਧਾਂ ਨਾਲ਼ ਭਰਪੂਰ ਕਰਨ ਲਈ, ਸਾਡੇ ਇਲਾਕੇ ਵਿੱਚ , ਸ਼੍ਰੀ ਸ਼੍ਰੀ ਮਹਾਰਾਜ ਇੱਕ ਸੌ ਅੱਠ ਮਹੇਸ਼ਾ ਯੋਗੀ ਜੀ ਪਧਾਰੇ ਹੋਏ ਨੇ.. 'ਡਗ...ਡਗ…' ਮਹਾਰਾਜ ਜੀ ਦੇ ਦਰਸ਼ਨਾਂ-ਪਰਸਨਾਂ ਵਾਸਤੇ ਵਹੀਰਾਂ ਘੱਤ ਕੇ ਪਹੁੰਚੋ ਜੀ…!!!'
  
ਪਿੰਡਾਂ ਕਸਬਿਆਂ ਵਿੱਚ ਮੁਨਾਦੀ ਕਰਨ ਵਾਲ਼ੇ ਢੰਡੋਰਚੀ ਉੱਚੀ ਅਵਾਜ਼ ਵਿੱਚ ਉਪਰੋਕਤ ਸੱਦਾ ਦਿੰਦੇ ਹੋਏ ਘੁੰਮ ਰਹੇ ਹਨ। ਇਲਾਕੇ ਭਰ ਦੇ ਭੋਲ਼ੇ ਭਾਲ਼ੇ ਲੋਕ ਮੁਨਿਆਦੀ ਵਾਲ਼ਿਆਂ ਵੱਲੋਂ ਦੱਸੇ ਗਏ ਸਥਾਨ ਵੱਲ ਆਪੋ ਆਪਣੇ ਸਾਧਨਾਂ ਰਾਹੀਂ ਭੱਜੇ ਜਾ ਰਹੇ ਹਨ। ਰੱਬ ਦੇ ਭੈਅ ਵਾਲ਼ੇ ਜਨ-ਸਧਾਰਨ, ਅੱਗੇ ਤੋਂ ਅੱਗੇ ਯੋਗੀ ਦੀ 'ਸ਼ੁੱਭ-ਆਮਦ' ਦਾ ਪ੍ਰਚਾਰ ਕਰੀ ਜਾ ਰਹੇ ਹਨ। ਸਾਧੂਆਂ ਜੋਗੀਆਂ ਵਾਲ਼ੇ ਜਲੌ ਵਿੱਚ ਸਜਿਆ  ਫਬਿਆ ਮਹੇਸ਼ਾ ਯੋਗੀ ਆਪਣੇ ਆਸਣ 'ਤੇ ਬੈਠਾ ਮੰਦ ਮੰਦ ਮੁਸਕ੍ਰਾ ਰਿਹਾ ਹੈ। ਲੋਕਾਂ ਵਲੋਂ ਚੜ੍ਹਾਇਆ ਹੋਇਆ ਯਥਾ ਸ਼ਕਤਿ ਚੜ੍ਹਾਵਾ ਉਸਦੇ ਚੇਲੇ ਚਾਟੜੇ ਨਾਲ਼ੋ ਨਾਲ਼ ਸਮੇਟ ਰਹੇ ਨੇ। ਜਗਿਆਸੂ ਭਗਤ ਜਨਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ! 

Tuesday, September 28, 2010

ਗੁੰਮ ਹੋਈ ਇਕ ਕੁੜੀ?

“ਅੱਜ ਫਿਰ ਸ਼ੀਲਾ ਨੇ ਆਪਣੀ ਕੁੜੀ ਨੂੰ ਹੀ ਭੇਜ ਦਿੱਤਾ ਹੈ।” ਰਸੋਈ ਵਿਚ ਕਾਹਲੀ-ਕਾਹਲੀ ਬ੍ਰੈਡ ਆਮਲੇਟ ਨੂੰ ਚਾਹ ਦੇ ਘੁੱਟਾਂ ਨਾਲ ਗਲੇ ‘ਚ ਉਤਾਰ ਰਹੀ ਮਿਸਿਜ਼ ਸੰਧੂ ਨੇ ਆਪਣੇ ਪਤੀ ਪ੍ਰੋਫੈਸਰ ਸੰਧੂ ਨੂੰ ਦੱਸਿਆ। ਛੋਟੇ ਗੇਟ ਥਾਣੀਂ ਅੰਦਰ ਵੜਦੀ ਬਿੰਦੂ ਨੂੰ ਉਸਨੇ ਰਸੋਈ ਦੇ ਸ਼ੀਸਿ਼ਆਂ ਵਿਚੋਂ ਦੇਖ ਲਿਆ ਸੀ।

“ਚਲੋ ਕੋਈ ਨਾ” ਚਾਹ ਦਾ ਕੱਪ ਮੁਕਾ ਕੇ ਡਾਇਨਿੰਗ ਟੇਬਲ ‘ਤੇ ਰੱਖਦਿਆਂ ਪ੍ਰੋਫੈਸਰ ਸੰਧੂ ਨੇ ਸਰਸਰੀ ਜਿਹਾ ਜਵਾਬ ਦਿੰਦੇ ਹੋਏ ਆਖਿਆ, “ਕੰਮ ਤਾਂ ਆਪਣੀ ਮਾਂ ਵਾਂਗ ਤਸੱਲੀ ਵਾਲਾ ਈ ਕਰਦੀ ਐ।”

“ਪਰ ਜਿੱਲੀ ਬਹੁਤ ਐ… ਟਾਈਮ ਬਹੁਤ ਲਾਉਂਦੀ ਐ।”

ਬਿਨਾਂ ਜਵਾਬ ਦਿੱਤਿਆਂ ਸੰਧੂ ਸਾਹਿਬ ਮੇਜ ‘ਤੇ ਪਈਆਂ ਕਿਤਾਬਾਂ ਚੁੱਕ ਕੇ ਸਟੱਡੀ ਰੂਮ ਵਿਚ ਰੱਖਣ ਚਲੇ ਗਏ। ਮਿਸਿਜ਼ ਸੰਧੂ ਨੇ ਕਲਾਕ ਵਲ ਦੇਖ ਕੇ ਫਟਾਫਟ ਸਿਰ ਵਾਹਿਆ, ਹਲਕਾ ਜਿਹਾ ਮੇਕਅੱਪ ਕੀਤਾ ਅਤੇ ਸੈਂਡਲ ਪਾਉਂਦਿਆਂ, ਅੰਦਰ ਆਈ ਬਿੰਦੂ ਨੂੰ ਆਦੇਸ਼ ਦਿੱਤਾ, “ਰਾਤ ਦੇ ਭਾਂਡੇ ਵੀ ਸਿੰਕ ਵਿਚ ਹੀ ਪਏ ਐ। ਪਹਿਲਾਂ ਭਾਂਡੇ ਮਾਂਜ ਲਈਂ। ਫਿਰ ਪੋਚੇ ਲਾਈਂ, ਕੱਪੜੇ ਮਗਰੋਂ ਧੋਵੀਂ।… ਨਾਲੇ ਕੰਮ ਜ਼ਰਾ ਫੁਰਤੀ ਨਾਲ ਕਰੀਂ, ਓ. ਕੇ.?” ਮਗਰਲਾ ਸ਼ਬਦ ‘ਓ. ਕੇ.’ ਮੈਡਮ ਨੇ ਘਰੋੜ ਕੇ ਕਿਹਾ।

Monday, September 27, 2010

ਰੁਲਦੀਆਂ ਧੀਆਂ, ਭੈਣਾਂ, ਪੱਗਾਂ!

ਕਲਮਾਂ ਵਾਲਿਉ ਸੋਚੋ?
ਆਪਣੇ ਇਕ ਜਾਣੂ ਦੇ ਪਿੰਡ ਗਿਆ ਹੋਇਆ ਸਾਂ। ਸ਼ਾਮ ਨੂੰ ਚਾਹ ਪੀਣ ਵੇਲੇ ਸਾਰਾ ਪਰਿਵਾਰ ਜੁੜਿਆ ਬੈਠਾ ਸੀ ਕਿ ਪਿੰਡ ਦੀ ਇਕ ਗੁੱਠ 'ਚੋਂ ਲਾਊਡ-ਸਪੀਕਰ ਵੱਜਣ ਦੀ ਆਵਾਜ਼ ਆਈ। ਮੇਰਾ ਦੋਸਤ, ਜੋ ਕਿ ਆਪਣੇ ਕੰਮ-ਧੰਦੇ ਕਾਰਨ ਬਹੁਤਾ ਪਿੰਡੋਂ ਬਾਹਰ ਹੀ ਰਹਿੰਦਾ ਹੈ, ਘਰ ਦਿਆਂ ਨੂੰ ਪੁੱਛਣ ਲੱਗਾ ਕਿ ਅਹਿ ਸਪੀਕਰ ਕਿਨ੍ਹਾਂ ਦੇ ਵੱਜ ਰਿਹਾ ਹੈ? ਬਜ਼ੁਰਗ ਕਹਿੰਦਾ, "ਬਾਈਕਾਟੀਆਂ ਨੇ ਕੁੜੀ ਦਾ ਵਿਆਹ ਧਰਿਆ ਹੋਇਐ।'' ਮਿੱਤਰ ਦੇ ਬਾਪ ਮੂੰਹੋਂ 'ਬਾਈਕਾਟੀਆਂ' ਦਾ ਸ਼ਬਦ ਸੁਣ ਕੇ ਮੇਰਾ ਮੱਥਾ ਠਣਕਿਆ- 'ਸਿਆਲਕੋਟੀਏ, ਅੰਬਰਸਰੀਏ, ਵਲੈਤੀਏ, ਬਾਰੀਏ ਵਗੈਰ ਵਗੈਰਾ ਜਾਂ ਫਿਰ ਜਾਤਾਂ-ਗੋਤਾਂ ਨਾਲ ਜੁੜੀਆਂ ਹੋਈਆਂ 'ਅੱਲਾਂ' ਤਾਂ ਪਿੰਡਾਂ ਵਿਚ ਬਹੁਤ ਸੁਣੀਆਂ ਹਨ ਪਰ ਸਿਰੇ ਦੀ ਕੁਰੱਖਤ ਅਤੇ ਬੇਇਜ਼ਤੀ ਭਰੀ ਅੱਲ 'ਬਾਈਕਾਟੀਏ' ਪਹਿਲੀ ਵਾਰੀ ਹੀ ਸੁਣੀ ਹੈ?

ਆਦਤ ਮੂਜਬ ਮੈਂ ਇਸ ਬੇਰਹਿਮ ਜਿਹੀ ਅੱਲ ਦਾ ਅੱਗਾ-ਪਿੱਛਾ, ਬਾਪੂ ਨੂੰ ਪੁੱਛ ਹੀ ਲਿਆ।

''ਕਾਕਾ, ਮਾੜੀ ਔਲਾਦ ਨਾ ਰੱਬ ਦੇਵੇ ਕਿਸੇ ਨੂੰ'' ਲੰਬਾ ਹਉਕਾ ਭਰ ਕੇ ਚਾਹ ਦਾ ਖਾਲੀ ਕੱਪ ਮੇਜ਼ 'ਤੇ ਰਖਦਿਆ ਬਜ਼ੁਰਗ ਨੇ ਬਾਈਕਾਟੀਆਂ ਦੀ ਜਿਹੜੀ ਕਹਾਣੀ ਸੁਣਾਈ, ਉਸ ਅਨੁਸਾਰ ਤਿੰਨ ਕੁ ਦਹਾਕੇ ਪਹਿਲਾਂ ਇਸ ਪਿੰਡ ਦੇ ਇਕ ਗੱਭਰੂ ਨੇ ਆਪਣੇ ਗੁਆਂਢੀਆਂ ਦੀ ਹਮ-ਉਮਰ ਕੁੜੀ ਨਾਲ ਕੋਈ ਅਵੈੜੀ ਜਿਹੀ ਹਰਕਤ ਕਰ ਦਿੱਤੀ। ਸਾਰੇ ਪਿੰਡ 'ਚ ਤਰਥੱਲੀ ਮੱਚ ਗਈ। ਆਮ ਵਾਂਗ ਮੁੰਡੇ ਦੇ ਘਰ ਵਾਲੇ ਆਪਣੇ ਪੁੱਤ ਨੂੰ ਬੇ-ਕਸੂਰ ਦੱਸਣ ਲੱਗੇ ਪਰ ਪਿੰਡ ਦੀ ਸੱਥ ਦੇ ਫੈਸਲੇ ਅਨੁਸਾਰ ਉਸ ਦਾ ਮੂੰਹ ਕਾਲਾ ਕਰਕੇ ਜੁਰਮਾਨਾ ਲਾਇਆ ਗਿਆ ਅਤੇ ਨਾਲ ਹੀ ਉਸ ਦੇ ਘਰ ਦਿਆਂ ਦਾ ਪੂਰੇ ਪਿੰਡ ਨੇ 'ਬਾਈਕਾਟ' ਕਰ ਦਿੱਤਾ ਕਿਉਂ ਜੋ ਉਨ੍ਹਾਂ ਨੇ ਗੁਨਾਹਗਾਰ ਮੁੰਡੇ ਦਾ ਪੱਖ ਪੂਰਿਆ ਸੀ। ਮੈਨੂੰ ਦੱਸਿਆ ਗਿਆ ਕਿ ਉਹ ਮੁੰਡਾ ਸ਼ਰਮ ਦਾ ਮਾਰਿਆ ਕਿਧਰੇ ਦੂਰ-ਦੁਰਾਡੇ ਚਲਾ ਗਿਆ। ਮੁੜ ਉਸ ਨੇ ਆਪਣੇ ਪਿੰਡ ਪੈਰ ਨਹੀਂ ਪਾਇਆ। ਪਿੰਡਵਾਸੀਆਂ ਨੇ ਕਈ ਵਰ੍ਹੇ ਉਸ ਟੱਬਰ ਦਾ ਮੁਕੰਮਲ ਬਾਈਕਾਟ ਕਰੀ ਰੱਖਿਆ। ਮੁੰਡੇ ਦੇ ਪਿੰਡ-ਬਦਰ ਹੋ ਜਾਣ ਤੋਂ ਕਈ ਦਹਾਕਿਆਂ ਬਾਅਦ ਪਿੰਡ ਵਾਲਿਆਂ ਨੇ ਉਨ੍ਹਾਂ ਨਾਲ ਮੇਲ-ਜੋਲ ਖੋਲ੍ਹ ਲਿਆ ਪ੍ਰੰਤੂ ਬਾਵਜੂਦ ਇਸ ਖੁੱਲ੍ਹੇ ਮੇਲ-ਜੋਲ ਦੇ 'ਬਾਈਕਾਟੀਆਂ' ਵਾਲੀ ਬਦਨਾਮ ਅੱਲ ਹਾਲੇ ਤੱਕ ਲਸੂੜੇ ਦੀ ਗਿਟਕ ਵਾਂਗ ਉਨ੍ਹਾਂ ਦੇ ਨਾਲ ਹੀ ਚਿੰਬੜੀ ਆ ਰਹੀ ਹੈ।

ਯਾਦਾਂ ਦੇ ਝਰੋਖੇ 'ਚੋਂ ਅੱਧੀ ਰਾਤ ਵੇਲੇ ਬੋਹੜ 'ਤੇ ਚੁੜੇਲਾਂ ਨੱਚੀਆਂ!

ਸ਼ਾਇਦ ਇਹ ਕਥਨ ਕਿਸੇ ਕਵੀ ਜਾਂ ਵਾਰਤਕ ਲੇਖਕ ਦਾ ਘੜਿਆ ਹੋਇਆ ਹੀ ਹੋਵੇਗਾ ਕਿ ਇਕ ਚਿੱਤਰ, ਚਾਲੀ ਹਜ਼ਾਰ ਸ਼ਬਦਾਂ ਦਾ ਨਿਚੋੜ ਹੁੰਦਾ ਹੈ। ਮਤਲਬ ਕਿ ਕਿਸੇ ਚਿੱਤਰਕਾਰ ਦੇ ਬਣਾਏ ਹੋਏ ਚਿੱਤਰ ਨੂੰ ਜੇ ਲਿਖਤ ਰਾਹੀਂ ਦਰਸਾਉਣਾ ਹੋਵੇ ਤਾਂ ਘੱਟੋ-ਘੱਟ ਚਾਲੀ ਹਜ਼ਾਰ ਸ਼ਬਦ ਲਿਖਣੇ ਪੈਣਗੇ। ਹੁਣ ਤੁਸੀਂ ਦੱਸੋ-ਪੇਂਡੂ ਘਰ ਦੇ ਖੁੱਲ੍ਹੇ-ਚਪੱਟ ਵਿਹੜੇ ਵਿਚ ਹਰੀ ਭਰੀ ਨਿੰਮ ਦਾ ਦਰਖ਼ਤ ਖੜ੍ਹਾ ਹੈ - ਗੂੜ੍ਹੀ ਛਾਂ ਹੇਠ ਇਧਰ-ਉਧਰ ਸਣ ਤੇ ਸੁਣੱਕੜੇ ਦੇ ਬੁਣੇ ਹੋਏ ਮੰਜੇ ਡੱਠੇ ਹੋਏ ਨੇ-ਨਿੰਮ ਉੱਪਰ ਵੱਖ ਵੱਖ ਤਰ੍ਹਾਂ ਦੇ ਪੰਛੀਆਂ ਨੇ ਰੌਣਕ ਲਾਈ ਹੋਈ ਐ-ਨਿੰਮ ਦੇ ਇਕ ਮੋਟੇ ਟਾਹਣ ਨਾਲ ਪੀਂਘ ਪਈ ਹੋਈ ਹੈ- ਕੁੜੀਆਂ ਆਪਸ ਵਿੱਚੀਂ 'ਤੇਰੀ ਵਾਰੀ - ਮੇਰੀ ਵਾਰੀ' ਕਰਦੀਆਂ ਹੋਈਆਂ ਲੜਦੀਆਂ ਝਗੜਦੀਆਂ ਇਕ ਦੂਜੀ ਤੋਂ ਪੀਂਘ ਦਾ ਰੱਸਾ ਖੋਹੀ ਜਾਂਦੀਆਂ ਹਨ - ਇਕ ਪਾਸੇ ਕੱਚੀ ਖੁਰਲ੍ਹੀ ਤੇ ਬੱਝੀਆਂ ਹੋਈਆਂ ਗਾਵਾਂ ਮੱਝਾਂ ਜੁਗਾਲੀ ਕਰ ਰਹੀਆਂ ਨੇ- ਉਨ੍ਹਾਂ ਦੇ ਕੱਟੇ-ਵੱਛੇ ਆਪਣੀਆਂ ਮਾਵਾਂ ਦੇ ਥਣਾਂ ਵਲ ਦੇਖ ਦੇਖ ਤੀਂਘੜ ਰਹੇ ਨੇ- ਪੱਛੋਂ ਦੀ ਪੌਣ ਰੁਮਕ ਰਹੀ ਹੈ - ਇਕ ਮੰਜੇ 'ਤੇ ਆਪਣੀ ਮੌਜ 'ਚ ਬੈਠੇ ਸਾਡੇ ਪਿਤਾ ਜੀ ਕੋਲ ਗੁਆਂਢੀ ਪਿੰਡ ਰਾਣੇਵਾਲ ਦਾ ਚਿੱਟੇ ਕੱਪੜਿਆਂ ਵਾਲਾ ਬਾਪੂ ਗੇਂਦਾ ਸਿੰਘ ਆ ਬੈਠਾ ਹੈ - ਅਸੀਂ ਸਾਰੇ ਭੈਣ-ਭਰਾ ਬਾਬੇ ਨੂੰ 'ਸਾ-ਸਰੀ-ਕਾਲ' ਬੁਲਾਉਣ ਲਈ ਭੱਜਦੇ ਹਾਂ......ਐਸੇ ਮਾਹੌਲ ਦਾ ਦ੍ਰਿਸ਼-ਚਿਤਰਣ ਕਰਨ ਲਈ ਚਾਲੀ ਹਜ਼ਾਰ ਤਾਂ ਕੀ, ਅੱਸੀ ਹਜ਼ਾਰ ਸ਼ਬਦ ਵੀ ਥੋੜ੍ਹੇ ਹਨ!
‘ਊੜੇ’ ਨਾਲ਼ ਕਮਾਈ! ‘ਜੂੜੇ’ ਨਾਲ਼ ਬੇ-ਵਫ਼ਾਈ !!
ਧੰਨਵਾਦ ਸਹਿਤ ਖਾਲਸਾ ਨਿਊਜ਼ 'ਚੋਂ

- ਤਰਲੋਚਨ ਸਿੰਘ ਦੁਪਾਲਪੁਰ
ਫੋਨ : 001 408 903 9952
ਈ ਮੇਲ: tsdupalpuri@yahoo.com

Saturday, September 25, 2010

ਸਾਡਾ ਆਪਣਾ ਪੱਤਰਕਾਰ - ਡਾ. ਗੁਰਮੀਤ ਸਿੰਘ ਬਰਸਾਲ

'ਪੰਥ ਜੀਵੇ ਮੈਂ ਉਜੜ੍ਹਾਂ’ ਵਰਗੀ ਅਖਾਣ ਮੈਂ ਸੁਣੀ ਕਈ ਵਾਰ ਸੀ ਪਰ ਕਦੇ ਹਕੀਕਤ ਬਣਦੀ ਨਹੀਂ ਦੇਖੀ ਸੀ। ਸੋਚਦਾ ਸਾਂ ਕਿ ਉਹ ਵੇਲਾ ਤਾਂ ਲੰਘ ਚੁੱਕਾ ਹੈ, ਜਦੋਂ ਇਸ ਤਰਾਂ ਦੇ ਸਿੱਖ ਲੀਡਰ ਅਕਸਰ ਮਿਲ ਜਾਂਦੇ ਸਨ। ਹੁਣ ਤਾਂ ਪੰਥ ਉਜੜਦਾ ਦੇਖ ਖੁਦ ਵਸਣ ਦੀ ਤਮੰਨਾ ਕਰਨ ਵਾਲਿਆਂ ਦੀ ਭਰਮਾਰ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ਵਿੱਚ ਉਪਰੋਕਤ ਅਖਾਣ ਵੀ ਓਪਰੀ ਜੇਹੀ ਜਾਪਣ ਲੱਗੀ ਹੈ। ਪਰ ਇੱਕ ਦਿਨ ਜਦੋਂ ਮੈਨੂੰ ਵੀ ਅਜਿਹੇ ਹੀ ਹਾਲਾਤਾਂ ਵਿੱਚ ਉਸ ਪਰਾਚੀਨ ਰੂਹ ਦੇ ਦਰਸ਼ਣਾ ਦਾ ਝਲਕਾਰਾ ਦਿਖਿਆ ਤਾਂ ਮੈਂ ਕਿੰਨਾ ਹੀ ਚਿਰ, ਬਿਨਾ ਕੁੱਝ ਬੋਲੇ ਤੋਂ ਵਿਸਮਾਦ ਕਹੀ ਜਾਂਦੀ ਅਵਸਥਾ ਵਿੱਚ ਬੈਠਾ ਸੋਚਦਾ ਰਿਹਾ ਕਿ ਹੇ ਮੇਰੇ ਵਾਹਿਗੁਰੂ ਮੈਨੂੰ ਯਕੀਨ ਕਰ ਹੀ ਲੈਣ ਦੇ ਕਿ ਇਹ ਤਾਂ ਮੇਰਾ ਵੱਡਾ ਵੀਰ, ਮੇਰਾ ਦੋਸਤ, ਸਾਡਾ ਹੀ ਆਪਣਾ ਪੱਤਰਕਾਰ ਹੈ।

ਇਉਂ ਬੋਲਿਆ ਪੰਜਾਬ ਸਿੰਘ!

ਇਉਂ ਬੋਲਿਆ ਪੰਜਾਬ ਸਿੰਘ!

ਇਕ ਧੇਲਾ ਦੀ ਕੀਮਤ ਵੀ ਨਹੀਂ ਹੁੰਦੀ,
ਝੂਠੇ ਬਿਆਨ ਅਖਬਾਰਾਂ ਵਿਚ ਘੋਟਿਆਂ ਦੀ।

ਭਲੇ ਮਾਣਸ ਨੂੰ ਗਊ ਹੀ ਸਮਝਦੇ ਨੇ,
ਚੌਧਰ ਚੱਲਦੀ ਸਿਆਸੀ ਝੋਟਿਆਂ ਦੀ।

ਕਿਰਤੀ ਹੱਡੀਆਂ ਰਗੜਦੇ ਮਰੀ ਜਾਂਦੇ,
ਚਰਬੀ ਵਧੀ ਜਾਵੇ ਢਿੱਡਾਂ ਮੋਟਿਆਂ ਦੀ।

ਵੱਡੇ ਛੋਟੇ ਸਭ ਪਿੱਟਦੇ ਹਾਏ ਬਿਜਲੀ!
ਸੁੰਨੀ ਹੁੰਦੀ ਪਈ ਛਾਂ ਬਰੋਟਿਆਂ ਦੀ।

ਚਰਖੇ ਪਏ ਸਟੇਜਾਂ ਦੇ ਤਰਸਦੇ ਨੇ,
ਕੱਤੇ ਕੌਣ ਚੰਗੇਰ ਗਲੋਟਿਆਂ ਦੀ।

ਸਮੇਂ ਕਿੱਦਾ ਦੇ ਆਏ ਪੰਜਾਬ ਸਿੰਘਾ,
ਕੀਮਤ ਖਰਿਆਂ ਤੋਂ ਵਧੀ ਏ ਖੋਟਿਆਂ ਦੀ।



ਤਰਲੋਚਨ ਸਿੰਘ ਦੁਪਾਲਪੁਰ
408-903-9952

ਲੱਜ ਧੀਆਂ-ਭੈਣਾਂ ਦੀ ਡੋਬੀ, ਇਹਨਾਂ ਪਿਉਆਂ, ਇਹਨਾਂ ਭਾਈਆਂ !

ਪਹਿਲਾਂ ਤਾਂ ਮੈਂ ਇਹ ਸੋਚ ਕੇ ਦਿਲ ਠੰਢਾ ਕਰ ਲਿਆ ਕਿ ਮਰੀ ਹੋਈ ਜ਼ਮੀਰ ਵਾਲਿਆਂ ਨਾਲ ਮਗਜ਼-ਪਚੀ ਕਰਕੇ ਕਾਹਨੂੰ ਸਮਾਂ ਖਰਾਬ ਕਰਾਂ! ਲੇਕਿਨ ਘਰ ਵੜਦਿਆਂ ਹੀ ਖਾਣੇ ਦੇ ਮੇਜ਼ ਉੱਪਰ ਪਈ ਅਖ਼ਬਾਰ ਦੇ ਇਕ ਕੋਣੇ 'ਤੇ ਛਪੀ ਹੋਈ ਖ਼ਬਰ ਨੇ ਧਿਆਨ ਖਿੱਚ੍ਹ ਲਿਆ। ਪੂਰੀ ਖ਼ਬਰ ਪੜ੍ਹ ਕੇ, ਦੱਬਿਆ ਹੋਇਆ ਵੇਗ ਫਿਰ ਪ੍ਰਚੰਡ ਹੋ ਗਿਆ। ਬੱਸ ਫਿਰ ਕੀ ਸੀ, ਭੁੱਖ ਲੱਗੀ ਹੋਣ ਕਰਕੇ ਰੋਟੀ ਪਹਿਲਾਂ ਖਾਣੀ ਪਈ। ਇਹ 'ਕੰਮ ਨਿਬੇੜ' ਕੇ ਚੁੱਕ ਲਈ ਕਲਮ! ਇਹ ਮਰੀ ਹੋਈ ਜ਼ਮੀਰ ਵਾਲੇ ਕੌਣ ਹੋਏ? ਜਿਨ੍ਹਾਂ ਨੂੰ ਚਿਤਵਦਿਆਂ ਮੈਂ 'ਹੋਊ ਪਰੇ' ਕਹਿ ਕੇ ਖਾਮੋਸ਼ ਰਹਿਣ ਦੀ ਕੋਸ਼ਿਸ਼ ਕੀਤੀ। ਅਖ਼ਬਾਰ ਵਿਚ ਛਪੀ ਕਿਹੜੀ ਖ਼ਬਰ ਨੇ ਕਲਮ ਚੁਕਵਾਈ? ਇਨ੍ਹਾਂ ਸਵਾਲਾਂ ਦੇ ਤਫ਼ਸੀਲ ਨਾਲ ਜਵਾਬ ਦੇਣ ਤੋਂ ਪਹਿਲਾਂ, ਮੈਂ ਇਕ ਬਜ਼ੁਰਗ ਨਾਲ ਜੋੜਿਆ ਜਾਂਦਾ ਲਤੀਫਾ ਪੇਸ਼ ਕਰ ਰਿਹਾ ਹਾਂ। ਜਿਸਨੂੰ ਸ਼ਾਇਦ ਮੇਰੇ ਨਾਲ ਵਾਪਰੇ ਹਾਲਾਤ ਪੈਦਾ ਹੋਣ ਕਾਰਨ ਹੀ ਕੁਝ ਕੁਰਖਤ ਲਫਜ਼ ਬੋਲਣੇ ਪਏ।

ਕਿਸੇ ਪਿੰਡ ਵਿਚ ਗਾਉਣ-ਵਜਾਉਣ ਵਾਲਿਆਂ ਵਲੋਂ ਲਗਾਇਆ ਖੁੱਲ੍ਹਾ ਅਖਾੜਾ ਸਮਾਪਤ ਹੋਇਆ। ਇਕ ਪੇਂਡੂ ਬਾਪੂ ਸਟੇਜ ਦੇ ਨੇੜੇ ਆ ਕੇ ਗਾਇਕ-ਕੁੜੀ ਨੂੰ ਪੁੱਛਣ ਲੱਗਾ- ''ਭਾਈ ਬੀਬਾ, ਤੇਰਾ ਪਿੰਡ ਕਿਹੜਾ ਐ?'' ਕੁੜੀ ਵਲੋਂ ਦੱਸਿਆ ਗਿਆ ਨਾਂ ਸੁਣ ਕੇ, ਪੈਂਦੀ ਸੱਟੇ ਉਸ ਬਜ਼ੁਰਗ ਨੇ ਹਾਰਮੋਨੀਅਮ ਵਜਾਉਣ ਵਾਲੇ ਨੂੰ ਉਸ ਦਾ ਪਿੰਡ ਪੁੱਛਿਆ। ਉਹਦੇ ਪਿੰਡ ਦਾ ਨਾਂ ਕੋਈ ਹੋਰ ਸੁਣ ਕੇ, 'ਹਾਂ' ਦੀ ਮੁਦਰਾ ਵਿਚ ਸਿਰ ਹਿਲਾਉਂਦਿਆਂ ਪੇਂਡੂ ਬੋਲਿਆ- ''ਅੱਛਾ, ਤਾਂ ਹੀ ਮੈਂ ਕਹਿੰਨਾ...।'' ਮੁੜ ਕੇ ਫਿਰ ਬਾਪੂ ਨੇ ਕੁੜੀ ਦੇ ਨਾਲ ਗਾਉਣ ਵਾਲੇ ਮਰਦ-ਕਲਾਕਾਰ ਨੂੰ ਉਸ ਦਾ ਅਤਾ-ਪਤਾ ਪੁੱਛਿਆ। ਜਵਾਬ ਵਿਚ ਕਿਸੇ ਹੋਰ ਪਿੰਡ ਦਾ ਨਾਮ ਸੁਣ ਕੇ ਬਜ਼ੁਰਗ ਪਹਿਲਾਂ ਵਾਂਗ ਹੀ ਕਹਿਣ ਲੱਗਿਆ- ''ਠੀਕ ਐ ਠੀਕ ਐ,-ਤਾਂਹੀਉਂ ਮੈਂ ਕਹਿੰਨਾਂ....!'' ਹੌਲੀ ਹੌਲੀ ਬਾਪੂ, ਗਾਇਕ-ਮੰਡਲੀ 'ਚ ਸ਼ਾਮਲ ਸਾਰੇ ਕਲਾਕਾਰਾਂ ਨੂੰ ਉਨ੍ਹਾਂ ਦੇ ਥਹੁ-ਟਿਕਾਣੇ ਬਾਰੇ ਪੁੱਛੀ ਗਿਆ ਤੇ ਨਾਲ ਨਾਲ 'ਤਾਹੀਉਂ ਮੈਂ ਕਹਿੰਨਾ' ਵਾਲਾ 'ਗੁੱਝਾ-ਵਾਕ' ਉਚਾਰੀ ਗਿਆ।

ਚਾਟ, ਚੈਟ ਅਤੇ ਚੀਟ ਦਾ ਚੱਕਰਵਿਊ..........

‘ਠੱਕ..ਠੱਕ..ਠੱਕ’
ਦਰਵਾਜ਼ਾ ਖੜਕਣ ਦੀ ਅਵਾਜ਼ ਸੁਣ ਕੇ, ਘਰ ਦੇ ਮਾਲਕ ਨੇ ਝੱਬਦੇ ਉੱਠ ਕੇ ਦਰਵਾਜ਼ਾ ਖੋਲ੍ਹਿਆ।
ਸੰਤਾਂ-ਸਾਧੂਆਂ ਜੈਸਾ ਪਹਿਰਾਵਾ ਪਹਿਨੀ ਬਾਹਰ ਇੱਕ ਬਜ਼ੁਰਗ ਖੜ੍ਹਾ ਸੀ।
‘‘ਹੁਕਮ ਕਰੋ ਬਾਬਾ ਜੀ?’’
ਨੇਕ-ਦਿਲ ਧਰਮੀ ਸਰਦਾਰ ਜੀ ਨੇ ਹੱਥ ਜੋੜਦਿਆਂ ਦਰ ‘ਤੇ ਖੜੇ ਅਜਨਬੀ ਨੂੰ ਪੁੱਛਿਆ।
‘‘ਭਗਤਾ ਪ੍ਰਸ਼ਾਦਾ ਛਕਣ ਦੀ ਇੱਛਾ ਹੈ!’’ ਘਰ ਦੇ ਮਾਲਕ ਦੀ ਮਿੱਠੀ ਬੋਲ-ਬਾਣੀ ਸੁਣ ਕੇ ਬਾਬਾ ਜੀ ਨੇ ਸਿੱਧੀ-ਸਪਾਟ ਚਾਹਤ ਦੱਸ ਦਿੱਤੀ।
‘‘ਜੀਉ ਆਇਆਂ ਨੂੰ, ਧੰਨ ਭਾਗ ਮਹਾਂ-ਪੁਰਸ਼ੋ!’’ ਕਹਿ ਕੇ, ਸਰਦਾਰ ਜੀ ਨੇ ਬੜੇ ਆਦਰ ਭਾਅ ਨਾਲ ਬਾਬਾ ਜੀ ਨੂੰ ਬੈਠਕ ਵਿਚ ਬਿਠਾ
ਲਿਆ। ਰੋਟੀ-ਟੁੱਕ ਦਾ ਵੇਲਾ ਤਾਂ ਲੰਘ ਚੁੱਕਾ ਸੀ, ਇਸ ਲਈ ਸਰਦਾਰ ਜੀ ਨੇ ਆਪਣੀ ਬੇਟੀ ਨੂੰ ਅਵਾਜ਼ ਮਾਰੀ ਕਿ ਬਾਬਾ ਜੀ ਲਈ ਲੰਗਰ-ਪਾਣੀ ਤਿਆਰ ਕੀਤਾ ਜਾਏ। ਸਿ਼ਸ਼ਟਾਚਾਰ ਵਜੋਂ ਸਰਦਾਰ ਜੀ ਦੀ ਲੜਕੀ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਪੁੱਛਿਆ ਕਿ ਆਪ ਕਿਹੜੀ ਦਾਲ-ਭਾਜੀ ਖਾਣੀ ਪਸੰਦ ਕਰੋਗੇ?

‘‘ਬਾਬੀ, ਅਸੀਂ ਤਾਂ ਰਮਤੇ ਸਾਧੂ ਹਾਂ, ਜਿਹੋ ਜਿਹਾ ਭੋਜਨ ਮਿਲੇ, ‘ਸੱਤਿ, ਕਰਕੇ ਛਕ ਲਈਦਾ ਹੈ।’’ ਮੰਜੇ ‘ਤੇ ਆਸਣ ਜਮਾਉਂਦਿਆਂ ਹੋਇਆ ਸੰਤ ਜੀ ਪ੍ਰਸੰਨ ਹੋ ਕੇ ਬੋਲੇ।

ਬੰਦਾ ਬਹਾਦਰ ਵਲੋਂ ਚੰਡੇ ਸ਼ਹਿਰ-ਰਾਹੋਂ ਤੇ ਸਰਹਿੰਦ

ਸੁਰ ਕਰਕੇ ਰੱਖੇ ਹੋਏ ਕਿਸੇ ਤੰਤੀ ਸਾਜ਼ ਦੀਆਂ ਤਾਰਾਂ ਉਤੇ ਸਹਿਵਨ ਹੀ ਉਂਗਲੀਆਂ ਦੇ ਪੋਟੇ ਛੋਹ ਜਾਣ, ਉਸ ਵਿਚੋਂ ਟੁਣਕਾਰ ਪੈਦਾ ਹੋਣੀ ਸੁਭਾਵਿਕ ਹੈ। ਕਿਸੇ ਤਲਾਬ ਤੇ ਸ਼ਾਂਤ ਅਡੋਲ ਪਾਣੀ ਵਿਚ ਕੋਈ ਢੀਮ-ਰੋੜਾ ਵਗਾਹ ਕੇ ਮਾਰ ਦਏ ਤਾਂ ਚੁਤਰਫੇ ਫੈਲਦੀਆਂ ਲਹਿਰਾਂ ਨਾਲ ਤਲਾਬ ਵਿਚ ਹਲਚਲ ਪੈਦਾ ਹੋ ਜਾਂਦੀ ਹੈ। ਛੱਤੇ ਉਪਰ ਆਪਣੇ ਕੰਮ ‘ਚ ਮਸਤ ਬੈਠੀਆਂ ਸ਼ਹਿਦ ਦੀਆਂ ਮੱਖੀਆਂ, ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਹੋਣ ‘ਤੇ, ਆਲੇ-ਦੁਆਲੇ ਨੂੰ ਬੜੀ ਤੇਜ਼ੀ ਨਾਲ ਭੱਜ ਪੈਂਦੀਆਂ ਹਨ। ਇਨ੍ਹਾਂ ਤਸ਼ਬੀਹਾਂ ਦੀ ਨਿਆਈਂ, ਸਾਡੇ ਚੇਤਿਆਂ ਦੀ ਚੰਗੇਰ ਵਿਚ ਚੁੱਪ-ਗੜੁੱਪ ਸੁੱਤੀਆਂ ਪਈਆਂ ਯਾਦਾਂ, ਕਿਸੇ ਜਾਣੀ-ਪਹਿਚਾਣੀ ‘ਠੋਕਰ’ ਨਾਲ, ਕਿਸੇ ਖੜਾਕ ਨਾਲ ਇਕ ਦਮ ਸਿਰ ਚੁੱਕ ਲੈਂਦੀਆਂ ਨੇ! ਅਜਿਹੀ ਅਵਸਥਾ ਵਿਚ ਪੁਹੰਚੇ ਮਨੁੱਖ ਦੀ ਸੁਰਤੀ ਫੁੱਲਾਂ ਉੱਪਰ ਭੌਰੇ ਵਾਂਗ ਮੰਡਰਾਉਣ ਲਗਦੀ ਹੈ। ਸਾਹਮਣੇ ਪਰਦੇ ਉੱਪਰ ਚੱਲ ਰਹੀ ਫਿਲਮ ਦੇ ਦ੍ਰਿਸ਼ਾਂ ਵਾਂਗ, ਬੀਤੇ ਦੇ ਸੀਨ ਮਸਤਕ ਵਿਚ ਘੁੰਮਣ ਲੱਗ ਪੈਂਦੇ ਹਨ।
ਆਮ ਰੁਟੀਨ ਵਿਚ ਹੀ ਪੰਜਾਬ ‘ਚ ਮਨਾਏ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਕੀਤੇ ਗਏ ਸਿੱਖ ਰਾਜ ਦੇ ਸ਼ਤਾਬਦੀ ਸਮਾਗਮਾਂ ਦੀਆਂ ਖਬਰਾਂ ਪੜ੍ਹ ਰਿਹਾ ਸਾਂ। ਇਕ ਉਘੇ ਅਮਰੀਕਨ ਸਿੱਖ ਪੱਤਰਕਾਰ ਦਾ ਬਿਆਨ ਨਜ਼ਰੀਂ ਪਿਆ। ਇਹਦੇ ਵਿਚ ਉਸਨੇ ਅਮਰੀਕਾ ‘ਚ ਵਸਦੇ, ਪੁਰਾਤਨ ਸ਼ਹਿਰ ਰਾਹੋਂ (ਜਿ਼ਲ੍ਹਾ ਨਵਾਂਸ਼ਹਿਰ) ਨਾਲ ਸੰਬੰਧਿਤ ਇਲਾਕਾ ਨਿਵਾਸੀਆਂ ਨੂੰ ਖੁਲ੍ਹਾ ਸੱਦਾ ਦਿੱਤਾ ਹੋਇਆ ਸੀ ਕਿ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦੇ ਸਮਿਆਂ ਦੌਰਾਨ ਬਾਬਾ ਬੰਦਾ ਸਿੰਘ ਨੇ ਰਾਹੋਂ ਦੀ ‘ਸੁਧਾਈ’ ਵੀ ਕੀਤੀ ਸੀ, ਇਸ ਲਈ ਬਾਬਾ ਜੀ ਦੀ ‘ਰਾਹੋਂ ਆਮਦ’ ਬਾਬਤ ਵੀ ਤਿੰਨ ਸੌ ਸਾਲ ਯਾਦ ਮਨਾਈ ਜਾਣੀ ਚਾਹੀਦੀ ਹੈ। ਖੁਦ ਰਾਹੋਂ ਨਾਲ ਸੰਬੰਧਿਤ ਇਸ ਪੱਤਰਕਾਰ ਦੀ ਲਿਖੀ ਹੋਈ ਖ਼ਬਰ ਨੇ ਮੈਨੂੰ ਰਾਹੋਂ ਤੇ ਸਰਹਿੰਦ ਨਾਲ ਜੁੜੀਆਂ ਯਾਦਾਂ ਮੁੜ ਤਾਜ਼ਾ ਕਰਵਾ ਦਿੱਤੀਆਂ। ਕਿਉਂਕਿ ਰਾਤ ਵੇਲੇ ਰਾਹੋਂ ਸ਼ਹਿਰ ਦੀਆਂ ਲਾਈਟਾਂ, ਅਸੀਂ ਆਪਣੇ ਪਿੰਡ ਦੇ ਕੋਠਿਆਂ ਉਪਰ ਚੜ੍ਹ ਕੇ ਦੇਖਦੇ ਹੁੰਦੇ ਸਾਂ। ਉਦੋਂ ਸਾਡੇ ਪਿੰਡ ਹਾਲੇ ਬਿਜਲੀ ਨਹੀਂ ਸੀ ਆਈ।

ਸਰਬ-ਲੋਹ ਬਨਾਮ ਸੋਨਾ

ਸਰਬ-ਲੋਹ ਬਨਾਮ ਸੋਨਾ
ਪੱਗਾਂ ਸੋਹਣੀਆਂ ਉਤੋਂ ਹੀ ਦਿਸਦੀਆਂ ਨੇ,
ਮਾਇਆ ਮੋਹ ਨੇ ਸਿਰਾਂ ਨੂੰ ਫੇਰਿਆ ਹੈ।
ਗੋਡੇ ਟੇਕ ਕੇ ਅੱਗੇ ਪਖੰਡੀਆਂ ਦੇ,
ਧੌਲ-ਧਰਮ ਨੂੰ ਦਿਨੇ ਹੀ ਘੇਰਿਆ ਹੈ।
ਆਮ ਸਿੱਖ ਕਦ ਸਿੱਖੀ ਦੇ ਨਿਯਮ ਪਾਲੂ,
ਕੌਮੀ ਰਹਿਬਰਾਂ ਝੱਲ ਖਿਲੇਰਿਆ ਹੈ।
ਫਲੀ-ਭੂਤ ਹੋ ਧਰਮ ਲਈ ਬਣੂ ਖਤਰਾ,
ਬੀਜ਼ ਪਾਪ ਦਾ 'ਆਗੂਆਂ' ਕੇਰਿਆ ਹੈ।
ਫੜਕੇ ਦੱਥੀਆਂ ਕਾਮੀਆਂ ਸ਼ੱਕੀਆਂ ਤੋਂ,
ਝੰਡਾ ਧਰਮ ਦਾ ਜੜ੍ਹਾਂ ਤੋਂ ਖੇੜਿਆ ਹੈ।
ਕਲਗੀਵਾਲੇ ਦੇ ਤਖਤ ਤੇ 'ਸਰਬ-ਲੋਹ' ਨੂੰ,
ਭੇਖੀ ਸਾਧਾਂ ਦੇ 'ਸੋਨੇ' ਨੇ ਘੇਰਿਆ ਹੈ।

ਕਿਉਂ? ਕਿਉਂ? ਕਿਉਂ?

ਕਿਉਂ? ਕਿਉਂ? ਕਿਉਂ?
ਹੇਰਾ ਫੇਰੀਆਂ ਨਾਲ ਮਦੁ-ਮਸਤ ਆਗੂ
ਕਾਮਯਾਬੀਆਂ ਹਾਸਲ ਕਿਉਂ ਕਰੀ ਜਾਂਦਾ?
ਸੱਚ, ਧਰਮ, ਈਮਾਨ, ਨਿਆਂ ਛੱਡ ਕੇ,
ਡੱਬਾ ਨੋਟਾਂ ਦੇ ਨਾਲ ਕਿਉਂ ਭਰੀ ਜਾਂਦਾ?
ਆਉਣ ਅੰਤ 'ਹਰਣਾਕਸ਼' ਦਾ ਕਦੋਂ ਬਾਬਾ!
ਜਿੱਧਰ ਦੇਖੋ 'ਪ੍ਰਹਿਲਾਦ' ਹੀ ਮਰੀ ਜਾਂਦਾ?
ਮਲਕ ਭਾਗੋ ਦੀ ਗੁੱਡੀ ਅਕਾਸ਼ ਚੜ੍ਹਦੀ,
ਭਾਈ ਲਾਲੋ ਜੀ ਹਉਂਕੇ ਕਿਉਂ ਭਰੀ ਜਾਂਦਾ?
ਅੱਖੀਂ ਦੇਖ ਕੇ ਮੱਖੀ ਨਹੀ ਨਿਗਲ ਹੁੰਦੀ,
ਆਮ ਆਦਮੀ ਜ਼ੁਲਮ ਕਿਉਂ ਜਰੀ ਜਾਂਦਾ?
ਹੇ ਗੁਰਦੇਵ ਜੀ ਆਹ ਕੀ ਹੋ ਰਿਹਾ ਏ!
ਕੂੜ ਜਿੱਤਦਾ, ਸੱਚ ਕਿਉਂ ਹਰੀ ਜਾਂਦਾ?

ਨਾਮ ਸੇ ਪ੍ਰਮੇਸ਼ਰਾ ਨੰਦ, ਕਾਮ ਸੇ ਗਧੇਸ਼ਵਰਾ ਨੰਦ!

ਮਿਥਿਹਾਸਕ ਕਹਾਣੀਆਂ ਵਾਂਗ ਹੈ ਤਾਂ ਇਹ ਗਾਥਾ ਵੀ ਬਹੁਤ ਲੰਬੀ, ਪਰ ਆਪਾਂ ਇੱਥੇ ਆਪਣੇ ਵਿਸ਼ੇ ਨਾਲ ਸਬੰਧਤ ਹਿੱਸੇ ਤੱਕ ਹੀ ਮਹਿਦੂਦ ਰਹਾਂਗੇ। ਕਹਿੰਦੇ ਨੇ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਪੰਜੇ ਪਾਂਡਵ ਇਕੱਠੇ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਪੁੱਛਣ ਲੱਗੇ ਕਿ ਹੇ ਗੁਰਦੇਵ ਆਪ ਤ੍ਰੈ-ਕਾਲ ਦਰਸ਼ੀ ਹੋ? ਸਾਨੂੰ ਆਉਣ ਵਾਲੇ ਸਮੇਂ ਦੇ ਕੁਝ ਨਮੂਨੇ ਤਾਂ ਦਿਖਾ ਦਿਉ? ਸਵਾਲ ਸੁਣ ਕੇ ਸ਼੍ਰੀ ਕ੍ਰਿਸ਼ਨ ਨੇ ਪੰਜਾਂ ਪਾਂਡਵਾਂ ਨੂੰ ਅਲੱਗ-ਅਲੱਗ ਦਿਸ਼ਾਵਾਂ ਵੱਲ ਭ੍ਰਮਣ ਕਰਨ ਦਾ ਆਦੇਸ਼ ਦਿੱਤਾ, ਨਾਲ ਹਦਾਇਤ ਇਹ ਦਿੱਤੀ ਕਿ ਸਰਫ ਦੌਰਾਨ ਜਦ ਵੀ ਉਹਨਾਂ ਨੂੰ ਕੋਈ ਅੱਲੋਕਾਰ ਦ੍ਰਿਸ਼ ਨਜ਼ਰ ਆਵੇ। ਉਸੇ ਵੇਲੇ ਵਾਪਸ ਮੁੜ ਕੇ ਉਸ ਅਣਹੋਣੀ ਘਟਨਾ ਦਾ ਵੇਰਵਾ ਮੈਨੂੰ ਸੁਣਾਇਆ ਜਾਏ।
ਪੰਜਾਂ ਵਿਚੋਂ ਇਕ ਜਣਾ 'ਹਰੇ ਰਾਮ-ਹਰੇ ਰਾਮ' ਕਰਦਾ ਜਲਦੀ ਵਾਪਸ ਮੁੜ ਆਇਆ। ਹੈਰਾਨ ਪ੍ਰੇਸ਼ਾਨ ਹੋਇਆ ਆਪਣੀ ਅੱਖੀਂ ਦੇਖੀ ਘਟਨਾ ਭਗਵਾਨ ਜੀ ਅੱਗੇ ਬਿਆਨ ਕਰਨ ਲੱਗਾ 'ਮਹਾਰਾਜ, ਮੈਂ ਇਕ ਰਮਣੀਕ ਜੰਗਲ ਵਿਚੋਂ ਲੰਘ ਰਿਹਾ ਸਾਂ। ਅਕਾਸ਼ ਵਿਚੋਂ ਚਿੱਟੇ ਦੁੱਧ ਹੰਸਾਂ ਦਾ ਝੁੰਡ ਮੇਰੇ ਸਾਹਮਣੇ ਉੜਦਾ ਹੋਇਆ ਆਇਆ। ਨੂਰਾਨੀ ਛੱਬ ਵਾਲੇ ਇੰਨਾਂ ਹੰਸਾਂ ਦੇ ਦੂਧੀਆ ਖੰਭਾਂ ਉਪਰ ਰੱਬੀ ਗਿਆਨ ਦੇ ਗੰ੍ਰਥ ਪਏ ਸਨ। ਮਾਨ ਸਰੋਵਰ ਦੇ ਇਹ ਅਦਭੁੱਤ ਹੰਸ ਦੇਖ ਕੇ ਮੈਂ ਅਨੰਦ-ਵਿਭੋਰ ਹੋ ਰਿਹਾ ਸਾਂ। ਮੇਰੇ ਦੇਖਦਿਆਂ ਹੀ ਦੇਖਦਿਆਂ ਪਵਿੱਤਰ ਪੰਛੀਆਂ ਦਾ ਇਹ ਝੁੰਡ ਧਰਤੀ ਤੇ ਉਤਰ ਆਇਆ। ਆਪਣੇ 'ਅਹੋ-ਭਾਗ' ਜਾਣ ਕੇ ਮੈਂ ਬੜੀ ਸ਼ਰਧਾ ਭਾਵਨਾ ਨਾਲ ਇਨ੍ਹਾਂ ਪਾਵਨ ਹੰਸਾਂ ਨੂੰ ਸੀਸ ਝੁਕਾਇਆ। ਜਦੋਂ ਮੈਂ ਸਿਰ ਉਤਾਂਹ ਚੁੱਕਿਆ ਤਾਂ ਕੀ ਦੇਖਦਾ ਹਾਂ, ਸਿਰਫ ਸੁੱਚੇ ਮੋਤੀਆਂ ਦਾ ਆਹਾਰ ਕਰਨ ਵਾਲੇ ਉਹ ਹੰਸ, ਨੇੜੇ ਪਏ ਇਕ ਕਰੰਗ (ਮਰਿਆ ਪਸ਼ੂ) ਦਾ ਮਾਸ ਨੋਚਣ ਲੱਗ ਪਏ! ਐਸਾ ਗਲੀਚ ਦ੍ਰਿਸ਼ ਮੈਂ ਅੱਜ ਤੱਕ ਨਹੀ ਸੀ ਦੇਖਿਆ। ਸੋ ਮੈਂ ਤਾਂ ਕੰਨਾਂ ਨੂੰ ਹੱਥ ਲਾਉਂਦਾ, ਉਥੋਂ ਹੀ ਵਾਪਸ ਮੁੜ ਆਇਆ ਹਾਂ, ਕਿ ਏਦੂੰ ਭਿਆਨਕ ਦ੍ਰਿਸ਼ ਹੋਰ ਕਿਹੜਾ ਹੋ ਸਕਦਾ ਹੈ! ਹੇ ਭਗਵਾਨ, ਇਸ ਕੌਤਕ ਦਾ ਕੀ ਅਰਥ ਹੋਵੇਗਾ?

ਬੰਦਾ ਕਸੂਰਵਾਰ ਕਿ ਬਾਂਦਰ?

ਪਹੁ ਫੁਟਾਲਾ ਹੋ ਚੁੱਕਾ ਹੈ। ਪਹਾੜ ਦੀ ਗੁੱਠੋਂ ਸੂਰਜ ਦੀ ਸੰਧੂਰੀ ਰੰਗੀ ਟਿੱਕੀ ਦਿਖਾਈ ਦੇਣ 'ਚ ਹਾਲੇ ਕੁਝ ਪਲ ਹੋਰ ਲੱਗਣਗੇ। ਦੱਖਣ ਵਾਲੇ ਪਾਸੇ ਵਗਦੇ ਸਤਲੁਜ ਦਰਿਆ ਵਲੋਂ ਮੱਠੀ-ਮੱਠੀ ਹਵਾ ਰੁਮਕ ਰਹੀ ਹੈ। ਅਠਖੇਲੀਆਂ ਕਰਦੇ ਜਾਪ ਰਹੇ ਹਵਾ ਦੇ ਕਿਸੇ ਕਿਸੇ ਬੁੱਲੇ ਵਿਚ ਜਾਮਣਾਂ ਦੇ ਬਰੂ ਅਤੇ ਨਿੰਮ ਦੇਖਿੜੇ ਹੋਏ ਨਿੱਕੇ ਚਿੱਟੇ ਫੁੱਲਾਂ ਦੀ ਰਲਵੀਂ ਮਿਲਵੀਂ ਭਿੰਨੀ-ਭਿੰਨੀ ਖੁਸ਼ਬੋਈ ਵਿਸਮਾਦੀ ਤਰੰਗਾਂ ਛੇੜ ਰਹੀ ਪ੍ਰਤੀਤ ਹੁੰਦੀ ਹੈ। ਵੱਡੇ ਤੜਕੇ ਤੋਂ ਚਾਰ-ਚੁਫੇਰੇ ਦੇ ਪਿੰਡਾਂ 'ਚ ਵੱਜਦੇ ਨਹੀਂ, ਗੱਜਦੇ ਲਾਊਂਡ ਸਪੀਕਰ ਹੁਣ ਖਾਮੋਸ਼ ਹੋ ਚੁੱਕੇ ਨੇ। ਅੰਮ੍ਰਿਤ ਵੇਲੇ ਆਪਣੀ-ਆਪਣੀ ਜ਼ੁਬਾਨ ਵਿਚ 'ਭਗਵਾਨ ਤੇਰੀ ਕੁਦਰਤ' ਕਹਿਣ ਵਾਲੇ ਪੰਛੀਆਂ ਜਨੌਰਾਂ ਨੇ ਸੁੱਖ ਦਾ ਸਾਹ ਲਿਆ ਹੋਵੇਗਾ ਕਿ ਸ਼ੁਕਰ ਹੈ। ਹੁਣ ਸਾਨੂੰ ਦਿਨ ਦੇ ਚੜ੍ਹਾਅ ਦੇ ਆਗਮਨ ਗੀਤ ਗਾਉਣ ਦਾ ਮੌਕਾ ਮਿਲਿਆ ਹੈ। ਦਰਖਤਾਂ ਦੇ ਹਰੇ ਕਚੂਰ ਪੱਤਿਆਂ ਵਿਚੋਂ ਮਸਤੀ ਨਾਲ ਉਡਾਰੀਆਂ ਮਾਰਦੇ ਰੰਗ-ਬਰੰਗੇ ਪੰਛੀ, ਇਕ ਪਾਸਿਓਂ ਦੂਜੀ ਦਿਸ਼ਾ ਵੱਲ ਆ ਜਾ ਰਹੇ ਹਨ। ਚੀਂ-ਚੀਂ, ਚੂੰ-ਚੂੰ, ਗੁਟਰ-ਗੂੰ ਕਰਦੇ ਹੋਏ।

ਅਜੋਕੇ ਯੁੱਗ ਦੇ ਅਜਬ ਕਲੰਦਰ!

ਬੜਾ ਗਹਰਾ ਤਆਲੁੱਕ ਹੈ, ਸਿਯਾਸਤ ਸੇ ਤਬਾਹੀ ਕਾ
ਕੋਈ ਭੀ ਸ਼ਹਰ ਜਲਤਾ ਹੈ, ਤੋ ਦਿੱਲੀ ਮੁਸਕੁਰਾਤੀ ਹੈ!

ਇਸ ਸ਼ੇਅਰ ਦੀ ਦੂਸਰੀ ਸਤਰ ਵਿਚ ਦਿੱਲੀ ਸ਼ਹਿਰ ਦਾ ਨਾਮ ਆਉਣ ਕਰਕੇ, ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਕਿਸੇ ਸ਼ਾਇਰ ਨੇ ਇਹ ਸ਼ੇਅਰ, ਆਪਣੇ ਭਾਰਤ ਦੇਸ਼ ਦੀ ਸਿਆਸਤ ਨੂੰ ਮੁੱਖ ਰੱਖ ਕੇ ਹੀ ਲਿਖਿਆ ਹੋਵੇਗਾ। ਸਰ-ਸਰੀ ਜਿਹੀ ਨਜ਼ਰ ਮਾਰੀਏ ਤਾਂ ਇਸ ਦੋ-ਸਤਰੀਏ ਵਿਚ ਬਿਆਨ ਕੀਤੀ ਗਈ ਸੱਚਾਈ, ਹਜ਼ਮ ਨਹੀਂ ਹੁੰਦੀ, ਕਿ ਕਿਸੇ ਸ਼ਹਿਰ ਨੂੰ ਸੜਦਾ-ਬਲਦਾ ਦੇਖ ਕੇ ਦੇਸ਼ ਦੀ ਰਾਜਧਾਨੀ ਦਿੱਲੀ, ਮੁਸਕਰਾ ਕਿਵੇਂ ਸਕਦੀ ਹੈ? ਕਿਸੇ ਨਗਰ ਘੋੜੇ ਵਿਚ ਵਸਦੇ ਰਸਦੇ ਬੇਦੋਸ਼ੇ ਲੋਕਾਂ ਨੂੰ ਅੱਗ ਦੇ ਭਾਂਬੜਾ ਵਿਚ ਸੜਦੇ-ਮਰਦੇ ਦੇਖਦਿਆਂ, ਦਿੱਲੀ ਨੂੰ ਹਾਸਾ ਕਿਵੇਂ ਆ ਜਾਂਦਾ ਹੋਵੇਗਾ? ਕਿਉਂਕਿ ਅਜਿਹੇ ਮਨਹੂਸ ਮੌਕਿਆਂ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਦਿੱਲੀ ਬੈਠੇ ਹੁਕਮਰਾਨਾਂ ਦੇ ਬਿਆਨ-ਐਲਾਨ ਤਾਂ ਇਹੋ ਜਿਹੀ ਮਾਰਮਿਕ ਸ਼ਬਦਾਵਲੀ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਇਉਂ ਜਾਪਦਾ ਹੁੰਦੈ, ਬਈ ਨੇਤਾ ਲੋਕ ਖੁਦ ਅੱਗ ਵਿਚ ਘਿਰੇ ਹੋਏ ਮਹਿਸੂਸ ਕਰ ਰਹੇ ਨੇ। ਉਹਨਾਂ ਦੀ ਭਾਸ਼ਾ ਤੋਂ ਇਉਂ ਲੱਗਣ ਲੱਗ ਜਾਂਦਾ ਹੈ ਕਿ ਉਹ ਹੁਣ ਹਥਲੇ ਸਾਰੇ ਕੰਮ ਛੱਡ ਕੇ, ਅੱਗ ਮਚਾਉਣ ਵਾਲੇ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾ ਕੇ ਹੀ ਦਮ ਲੈਣਗੇ! ਹਕੀਕਤ ਵਿਚ ਇਹ ਸਾਰੀ ਬਿਆਨਬਾਜ਼ੀ ਉਨ੍ਹਾਂ ਆਗੂਆਂ ਦੀ ਨਿਰੀ 'ਅਦਾਕਾਰੀ' ਹੀ ਹੁੰਦੀ ਹੈ।

ਜਨਤਾ ਦੇ 'ਸੱਚੇ ਸੇਵਕ' ਐਡੇ ਬੇ-ਰਹਿਮ?




ਭੈਣ ਮੇਰੀ ਦੇ ਸੁਪਨੇ ਅਧੂਰੇ ਲੱਭ ਕੇ ਦੱਸ ਤੂੰ, ਕਿਸ ਦੇ ਕਾਰਨ ਹੋਏ ਨਾ ਪੂਰੇ?
ਪੰਜਾਬੀ ਸ਼ਾਇਰ ਗੁਰਭਜਨ ਸਿੰਘ ਗਿੱਲ ਨੇ 'ਹੇ ਵਿਗਿਆਨੀ' ਦੇ ਸਿਰਲੇਖ ਵਾਲੀ ਕਵਿਤਾ ਵਿਚ, ਰੱਬ ਹੀ ਜਾਣੇ ਕਿਹੜੀ ਚਿਤਵਣੀ ਚਿਤਵਦਿਆਂ ਜਾਂ ਕਿਸ ਰੌਅ ਵਿਚ ਵਹਿੰਦਿਆਂ ਉਕਤ ਸਤਰਾਂ ਲਿਖੀਆਂ ਹੋਣਗੀਆਂ। ਲੇਕਿਨ ਇਹ ਪੰਕਤੀਆਂ ਪੜ੍ਹਦਿਆਂ ਮੇਰੀਆਂ ਅੱਖਾਂ ਮੋਹਰੇ, ਰੋ-ਰੋ ਕੇ ਹਾਲੋ ਬੇਹਾਲ ਹੋਇਆ ਮੇਰੀ ਭੈਣ ਦਾ ਗਮਾਂ-ਨਪੀੜਿਆ ਚਿਹਰਾ ਆ ਜਾਂਦਾ ਹੈ। ਪ੍ਰੀਤ ਹੁੰਦਾ ਹੈ ਉਸਦੀਆਂ ਡੌਰ-ਭੌਰ ਹੋਈਆਂ ਅੱਖਾਂ ਆਲੇ ਦੁਆਲੇ ਦੀ ਹਰ ਸ਼ੈਅ ਤੋਂ ਪੁੱਛ ਰਹੀਆਂ ਨੇ ਕਿ ਐਮ. ਏ. ਬੀ. ਐਡ. ਕਰਕੇ ਮਸਾਂ-ਮਸਾਂ ਟੀਚਰ ਲੱਗੀ ਮੇਰੀ ਲਾਡਲੀ ਧੀ ਦੀਆਂ ਕੁਆਰੀਆਂ ਰੀਝਾਂ ਦਾ ਕਤਲ ਕਿਉਂ ਹੋ ਗਿਆ? ਅੱਠਵੀਂ ਕਲਾਸ ਦੇ ਇਮਤਿਹਾਨ ਵਿਚੋਂ ਫਸਟ ਆਉਣ ਦਾ ਰਿਜ਼ਲਟ ਆਪਣੇ ਹੁੰਦੜ-ਹੇਲ ਪੋਤੇ ਨੂੰ ਕਿੱਥੋਂ ਲੱਭ ਕੇ ਸੁਣਾਵਾਂ? ਆਪਣੀ ਨੌਜਵਾਨ ਨੂੰਹ ਰਾਣੀ ਨੂੰ ਕਿੱਥੋਂ ਸੱਦ ਕੇ ਲਿਆਵਾਂ ਤਾਂ ਜੋ ਫੱਟੜ ਹੋਇਆ ਪਿਆ ਉਸਦੇ ਸਿਰ ਦਾ ਸਾਈਂ, ਉਸ ਨਾਲ ਆਪਣੇ ਦਿਲ ਦੇ ਦੁਖੜੇ ਫੋਲ ਸਕੇ? ਨਿੱਕੀਆਂ ਪੋਤਰੀਆਂ 'ਮਨੀ' ਅਤੇ 'ਹਰਮਨ' ਨੂੰ ਕਿਵੇਂ ਦੱਸਾਂ ਕਿ ਉਨ੍ਹਾਂ ਦਾ ਛਿੰਦਾ ਵੀਰ ਹੁਣ ਸਿਰਫ ਸੁਫਨਿਆਂ 'ਚ ਆਉਣ ਜੋਗਾ ਹੀ ਰਹਿ ਗਿਆ ਹੈ?

ਸ਼ਹੁ ਤੈਥੋਂ ਵੱਖ ਨਹੀਂ - ਤੇਰੀ ਵੇਖਣ ਵਾਲੀ ਅੱਖ ਨਹੀਂ

ਕਰੂਪ ਚਿਹਰੇ-ਮੁਹਰੇ ਵਾਲਾ ਕੋਈ ਕਾਣਾ-ਕੋਝਾ ਮੁੰਡਾ ਬਾਕੀ ਦੀ ਤਮਾਮ ਦੁਨੀਆਂ ਲਈ ਬਦਸੂਰਤ ਹੋ ਸਕਦਾ ਹੈ। ਹਾਸੇ ਮਜ਼ਾਕ ਵਿਚ ਲੋਕ ਉਸ ਨੂੰ 'ਨਜ਼ਰਵੱਟੂ' ਕਹਿ ਸਕਦੇ ਹਨ ਪਰ, ਪਰ ਉਸਦੀ ਮਾਂ ਲਈ ਉਹ ਯੂਸਫ ਤੋਂ ਵੀ ਵੱਧ ਸੁਣੱਖਾ ਹੁੰਦਾ ਹੈ। ਆਂਢ-ਗੁਆਂਢ ਦੀਆਂ ਟਿੱਚਰੀ-ਟਿੱਪਣੀਆਂ ਨੂੰ ਅਣ-ਸੁਣੀਆਂ ਕਰਕੇ ਉਹ ਆਪਣੇ ਪੁੱਤ ਦਾ ਨਾਂ ਹੀਰਾ ਵੀ ਰੱਖ ਲੈਂਦੀ ਹੈ। ਜਿਵੇਂ ਕਹਿੰਦੇ ਨੇ ਕਿ ਹੀਰੇ ਦੀ ਪਛਾਣ ਕੋਈ ਜੌਹਰੀ ਹੀ ਕਰ ਸਕਦਾ ਹੈ। ਆਮ ਦੁਨੀਆਂ ਲਈ ਕੀਮਤੀ ਹੀਰਾ ਵੀ ਚਮਕਦੇ ਪੱਥਰ ਤੋਂ ਵੱਧ ਕੁਝ ਨਹੀਂ ਹੁੰਦਾ। ਅੱਖਾਂ ਤਾਂ ਜੌਹਰੀ ਦੀਆਂ ਵੀ ਆਮ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ, ਪਰ ਹੀਰੇ-ਜਵਾਹਰਾਤ ਦਾ ਵਣਜ ਕਰਦਿਆਂ ਉਸ ਨੂੰ ਹੀਰਿਆਂ ਦੀ ਕਦਰ ਦਾ ਗਿਆਨ ਹੋ ਜਾਂਦਾ ਹੈ। ਇਵੇਂ ਹੀ ਕੁਸ਼ੋਭਲਾ ਦਿਖਾਈ ਦਿੰਦੇ ਕਿਸੇ ਪੁੱਤ ਦੀ ਮਾਂ ਦੀਆਂ ਅੱਖਾਂ, ਹੁੰਦੀਆਂ ਤਾਂ ਹਨ ਆਮ ਲੋਕਾਂ ਦੀਆਂ ਅੱਖਾਂ ਜੈਸੀਆਂ ਹੀ, ਪਰ ਉਨ੍ਹਾਂ ਵਿਚ ਆਪਣੀ ਕੁੱਖੋਂ ਜਾਏ ਲਾਲ ਲਈ, ਮਮਤਾ ਦੀ ਲੋਅ ਬਲ ਰਹੀ ਹੁੰਦੀ ਹੈ। ਅਜਿਹੀ ਮਾਂ ਦੇ ਬੱਚੇ ਲਈ ਹੋਰ ਕਿਸੇ ਦੀਆਂ ਅੱਖਾਂ 'ਚ ਮੋਹ ਤਾਂ ਹੋ ਸਕਦਾ ਹੈ, ਪਰ ਮਾਂ ਵਰਗੀ ਮਮਤਾ ਨਹੀਂ। ਸੁੰਦਰ-ਸਜੀਲੇ ਨੈਣ-ਨਕਸ਼ਾਂ ਵਾਲੇ ਬੱਚਿਆਂ ਵੱਲ ਤੱਕ ਕੇ ਉਨ੍ਹਾਂ ਪ੍ਰਤੀ ਮੋਹ ਪਿਆਰ ਤਾਂ ਹਰੇਕ ਦੇ ਮਨ ਵਿਚ ਪੈਦਾ ਹੋ ਜਾਂਦਾ ਹੈ, ਪਰ ਮਮਤਾ ਨੂੰ ਬਾਹਰੀ ਦਿੱਖ ਨਾਲ ਕੋਈ ਮਤਲਬ ਨਹੀਂ ਹੁੰਦਾ। ਮਮਤਾ, ਆਪਦੇ ਢਿੱਡੋਂ ਜਾਏ ਲਈ ਹੀ ਮਖਸੂਸ ਹੁੰਦੀ ਹੈ। 'ਬਿਗਾਨੇ ਪੁੱਤ ਚੁੰਮੇ ਮੂੰਹ ਲਾਲੀ ਭਰਿਆ' ਵਾਲਾ ਅਖਾਣ ਇਸੇ ਸੱਚਾਈ ਵੱਲ ਇਸ਼ਾਰਾ ਕਰਦਾ ਹੈ।

ਸੈਰ, ਸਿਮਰਤ ਅਤੇ ਸਵੈ-ਸੰਵਾਦ

ਡਾਕਟਰ ਦੇ ਹੁਕਮਾਂ ਤਹਿਤ ਬਣੀ ਹੋਈ ਰੋਜ਼ਾਨਾ ਸੈਰ ਕਰਨ ਦੀ ਰੁਟੀਨ ਮੁਤਾਬਕ ਸ਼ਾਮ ਦੀ ਲੰਬੀ ਸੈਰ ਤੇ ਜਾਣ ਲੱਗਿਆਂ, ਪੰਜਾਬ ਰਹਿੰਦੇ ਇਕ ਦੋਸਤ ਦਾ ਮੋਬਾਇਲ ਫੋਨ ਨੰਬਰ ਕਾਗਜ਼ ਤੇ ਨੋਟ ਕਰਕੇ ਜੇਬ੍ਹ ਵਿਚ ਪਾ ਲਿਆ। ਘਰੋਂ ਬਾਹਰ ਆ ਕੇ ਨੰਬਰ ਡਾਇਲ ਕਰਦਾ ਹਾਂ। ਕਿਸੇ ਰਿੰਗ ਟੋਨ ਦੀ ਥਾਂ ਅੱਗਿਓਂ ਬੜੀ ਮਧੁਰ ਤੇ ਰਸਿਕ ਅਵਾਜ਼ ਵਿਚ ਇਹ ਪੰਕਤੀਆਂ ਕੰਨੀਂ ਪਈਆਂ :-
ਨਾਮ ਬਿਨ ਸਭ ਕੂੜ ਗਾਲੀ ਹੋਛੀਆਂ.....!
ਦੋਸਤ ਸ਼ਾਇਦ ਬਿਜ਼ੀ ਹੋਵੇਗਾ। ਕਾਲ ਕਿਸੇ ਨੇ ਰਿਲੀਵ ਨਹੀਂ ਕੀਤੀ। ਇਸ ਲਈ ਸੁਖਦ ਸੰਗੀਤ ਸਹਿਤ ਅਗਲੀਆਂ ਤੁਕਾਂ ਦਾ ਰਸਭਿੰਨਾ ਗਾਇਨ ਕੰਨੀਂ ਪੈਣ ਲੱਗਾ। ਜਿਨ੍ਹਾਂ ਦਾ ਅਰਥ ਕੁਝ ਅਜਿਹਾ ਬਣਦਾ ਹੈ ਕਿ ਵੇਦ-ਪੁਰਾਣ, ਸ਼ਾਸ਼ਤਰ, ਸਿਮ੍ਰਤੀਆਂ ਆਦਿ ਪੋਥੀਆਂ ਪੁਕਾਰ-ਪੁਕਾਰ ਕੇ ਕਹਿ ਰਹੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ, ਬਾਕੀ ਦੀਆਂ ਤਮਾਮ ਗੱਲਾਂ ਹੋਛੀਆਂ ਹਨ। ਅੱਧਾ-ਪੌਣਾ ਮਿੰਟ ਇਹ ਗਾਇਨ ਚੱਲਣ ਉਪਰੰਤ ਕੰਪਿਊਟਰ ਬੋਲਿਆ ਕਿ 'ਉਪਭੋਗਤਾ ਵਿਅਸਤ' ਹੈ।

ਛਿੱਤਰ-ਕਲਾ ਦਾ ਪ੍ਰਤਾਪ!

ਆਪਣੀ ਮਾਂ-ਬੋਲੀ ਦੀ ਅਮੀਰੀ ਦੇਖੋ ਜ਼ਰਾ!
ਮੂੰਹ ਥਾਣੀਂ ਖਾਧੀਆਂ ਜਾਣ ਵਾਲੀਆਂ ਵੱਖ-ਵੱਖ ਵਸਤਾਂ ਦੇ ਸੇਵਨ ਕਰਨ ਦੇ ਢੰਗ-ਤਰੀਕਿਆਂ ਦੇਨਾਂ ਵੀ ਅਲੱਗ-ਅਲੱਗ ਹਨ। ਮੋਟੇ ਤੌਰ ਤੇ ਭਾਵੇਂ 'ਖਾਣ' ਜਾਂ 'ਪੀਣਾ' ਕਿਹਾ ਜਾਂਦਾ ਹੈ, ਪਰ ਇਨ੍ਹਾਂ ਦੋਹਾਂ ਲਫਜ਼ਾਂ ਤੋਂ ਇਲਾਵਾ ਹੋਰ ਵੰਨਗੀਆਂ ਨੂੰ ਚੱਬਣਾ, ਕਿਸੇ ਤਰਲ ਪਦਾਰਥ ਨੂੰ ਹੌਲੀ-ਹੌਲੀ ਪੀਣਾ ਹੋਵੇ ਤਾਂ ਘੁੱਟਾ-ਵੱਟੀ, ਲਗਾਤਾਰ ਪੀਣਾ ਹੋਵੇ ਤਾਂ ਚੀਂਡ ਲਾ ਕੇ ਪੀਣਾ ਆਖਿਆ ਜਾਂਦੈ। ਸੂਪ ਵਰਗੇ ਗਾੜ੍ਹੇ ਤਰਲ ਪਦਾਰਥ ਨੂੰ ਸੜੂਪੇ ਭਰਨੇ ਅਤੇ ਕਈ ਚੀਜ਼ਾਂ ਨੂੰ 'ਥਿਆਲੀ' ਤੇ ਰੱਖ ਕੇ ਚੱਟਣਾ ਆਖੀਦੈ। ਦਵਾਈ ਦੀਆਂ ਗੋਲੀਆਂ ਨੂੰ ਸਬੂਤਾ ਨਿਗਲਣਾ ਕਿਹਾ ਜਾਂਦੈ। ਮਲੱਠੀ ਜਾਂ ਚਿੰਗਮ ਨੂੰ ਚਿੱਥਣਾ ਜਾਂ ਜਗੋਲਣਾ ਕਿਹਾ ਜਾਂਦੈ। ਜੇ ਕੋਈ ਪੀਣ ਵਾਲੀ ਚੀਜ਼ ਨੂੰ ਬਹੁਤ ਮਾਤਰਾ ਵਿਚ ਪੀ ਲਵੇ, ਤਾਂ ਵਿਅੰਗ ਨਾਲ ਉਸ ਨੂੰ 'ਡੀਕ ਗਿਆ' ਜਾਂ 'ਡਕਾਰ ਗਿਆ' ਦਾ ਨਾਂ ਦਿੱਤਾ ਜਾਂਦਾ ਹੈ। ਭੁੱਜੀ ਹੋਈ ਛੱਲੀ ਨੂੰ ਆਮ ਕਰਕੇ ਚੱਬਣਾ ਕਹਿੰਦੇ ਨੇ, ਪਰ ਜੇ ਛੱਲੀ ਦੋਧਾ ਹੋਵੇ ਤਾਂ ਉਸਨੂੰ 'ਚਰੂੰਡਣਾ' ਆਖਿਆ ਜਾਂਦਾ ਹੈ। ਕਈ ਬਰੀਕ ਵਸਤਾਂ ਦੇ ਖਾਣ ਲਈ 'ਫੱਕਾ ਮਾਰਨਾ' ਕਹੀਦਾ ਹੈ। ਜੇ ਕੋਈ ਪੇਂਡੂ ਵਿਅਕਤੀ ਵਾਧੂ ਰੋਟੀਆਂ ਖਾ ਲਵੇ ਤਾਂ ਗੁੱਸੇ ਅਤੇ ਵਿਅੰਗ ਦੇ ਰਲਵੇਂ-ਮਿਲਵੇਂ ਅਰਥਾਂ 'ਚ 'ਤੁੰਨ ਲਈਆਂ' ਜਾਂ 'ਚਿਣ ਲਈਆਂ' ਵੀ ਕਹਿ ਦਿੱਤਾ ਜਾਂਦਾ ਹੈ। ਦੋ ਲਫਜ਼ ਹੋਰ ਬੜੇ 'ਪਿਆਰੇ' ਨੇ ਜੋ ਅਕਸਰ ਸ਼ਰਾਬ ਪੀਣ ਵਾਲਿਆਂ ਲਈ ਵਰਤੇ ਜਾਂਦੇ ਨੇ, ਪੂਰੀ ਬੋਤਲ 'ਚੜ੍ਹਾ ਗਿਆ' ਜਾਂ 'ਡੱਫ ਗਿਆ'!

ਸੌ ਸੌ ਧ੍ਰਿਗਕਾਰ!... ਜਿਨ੍ਹਾਂ ਈਨ ਮੰਨ ਲਈ!!

'ਪਿਤਾ ਜੀ ਹੁਣ ਬਾਦਸ਼ਾਹ ਦੀ ਈਨ ਮੰਨ ਲਓ! ਤ੍ਰਿਪ-ਤ੍ਰਿਪ ਹੰਝੂ ਕੇਰ ਰਹੀ ਆਪਣੀ ਭੁੱਖੀ, ਪਿਆਸੀ ਲਾਲਚ ਬਾਲੜੀ ਮੂੰਹੋਂ ਇਹ ਵਾਕ ਸੁਣਦਿਆਂ ਸਾਰ ਪਿਓ ਲਾਲ ਸੂਹੀਆਂ ਅੱਖਾਂ ਕਰਕੇ ਆਪਣੀ ਪਤਨੀ ਤੇ ਤਲਵਾਰ ਸੂਤਦਿਆਂ ਕੜਕ ਕ ਪੁੱਛਦਾ ਹੈ, ਸੱਚੋ ਸੱਚ ਦੱਸ ਇਹ ਤੁਖਮ ਕਿਸ ਦਾ ਹੈ? ਜੇ ਇਸਦੀਆਂ ਰਗਾਂ ਵਿਚ ਮੇਰਾ ਖੂਨ ਹੁੰਦਾ, ਤਾਂ ਏਡਾ ਗਲੀਚ, ਈਨ ਮੰਨਣ ਦਾ ਸ਼ਬਦ ਇਹਦੇ ਮੂੰਹੋਂ ਨਿਕਲਣਾ ਤਾਂ ਕਿਤੇ ਰਿਹਾ, ਇਹ ਆਪਣੇ ਖਿਆਲ 'ਚ ਵੀ ਨਾ ਲਿਆਉਂਦੀ!
ਪਤਾ ਜੇ ਇਹ ਧੀ, ਪਿਓ ਤੇ ਪਤਨੀ ਕੌਣ ਸਨ? ਇਹ ਸਨ ਅਣਖ ਤੇ ਗੈਰਤ ਦਾ ਮੁਜੱਸਮਾ ਮਹਾਰਾਣੀ ਪ੍ਰਤਾਪ, ਉਸਦੀ ਰਾਣੀ ਅਤੇ ਮਾਸੂਮ ਬੇਟੀ ਜੋ ਅਕਬਰ ਦੇ ਸਤਾਏ ਹੋਏ ਆਪਣੀ ਪਿਤਾ ਪੁਰਖੀ ਰਿਆਸਤ ਤੋਂ ਦਰ-ਬ-ਦਰ ਹੋ ਕੇ ਜੰਗਲਾਂ ਵਿਚ ਵਕਤ ਗੁਜ਼ਾਰ ਰਹੇ ਸਨ। ਰਾਜਪੂਤਾਨੇ ਦੇ ਬਹੁਤੇ 'ਰਾਣਿਆਂ' ਨੇ ਤਾਂ ਬਾਦਸ਼ਾਹ ਅਕਬਰ ਅੱਗੇ ਝੁਕਦਿਆਂ ਉਸਦੀ ਗੁਲਾਮੀ ਕਬੂਲ ਲਈ ਸੀ। ਉਸਨੂੰ ਧੀਆਂ-ਭੈਣਾਂ ਦੇ ਡੋਲੇ ਦੇ ਦਿੱਤੇ ਸਨ। ਪਰ ਇਹ ਮਹਾਰਾਣਾ ਪ੍ਰਤਾਪ, ਜੈਮਲ ਫੱਤੇ ਵਰਗੇ ਅਣਖੀਲੇ ਮਰਦ-ਮੁਜ਼ਾਹਿਦਾਂ ਦੇ ਪੈਰ-ਚਿੰਨਾਂ ਤੇ ਚੱਲਦਾ ਹੋਇਆ, ਆਪਣੀ ਖਾਨਦਾਰੀ ਵਿਰਾਸਤ ਨੂੰ ਜਿਊਂਦੀ ਰੱਖਣ ਲਈ, ਸਿਰ ਧੜ ਦੀ ਬਾਜ਼ੀ ਲਾਉਣ ਲਈ ਕਾਹਲਾ ਪਿਆ ਹੋਇਆ ਸੀ।

ਧਰਮ ਬਨਾਮ ਧੰਦਾ

ਮਿੰਨੀ ਕਹਾਣੀ
ਸ਼ਟੇਜ ਸਕੱਤਰ ਸਾਹਿਬ ‘ਡਾਇਸ’ ਤੇ ਖੜ੍ਹੇ ਕੁਝ ਜਰੂਰੀ ਅਨਾਊਂਸਮੈਂਟਾਂ ਕਰ ਰਹੇ ਨੇ। ਗੁਰੂ ਮਹਾਰਾਜ ਦੇ ਪ੍ਰਕਾਸ਼ ਅਸਥਾਨ ਦੇ ਨਾਲ ਹੀ ਬਣੀ ਹੋਈ ਸਟੇਜ ਹਾਲੇ ਖਾਲੀ ਪਈ ਹੈ। ਮੱਥਾ ਟੇਕਣ ਆ ਰਹੇ ਸ਼ਰਧਾਲੂ ਗੋਲ੍ਹਕ ਵਿਚ ਮਾਇਆ ਅਰਪਣ ਕਰਕੇ ਪਰਿਕ੍ਰਮਾ ਕਰਨ ਵੇਲੇ ਸਟੇਜ ਦੇ ਇਕ ਕੋਨੇ ਤੇ ਵੀ ਡਾਲਰ ਰੱਖੀ ਜਾ ਰਹੇ ਨੇ। ਜਦ ਕਿ ਸਟੇਜ ਉਪਰ ਕਥਾ, ਕੀਰਤਨ ਜਾਂ ਵਖਿਆਨ ਕੁਝ ਵੀ ਨਹੀਂ ਹੋ ਰਿਹਾ। ਪਰ ਦੇਖਾ-ਦੇਖੀ ਸਟੇਜ ਉਤੇ ਮਾਇਆ ਟਿਕਾਈ ਜਾ ਰਹੀ ਹੈ।
ਹੁਣੇ ਕੀਤੀ ਗਈ ਅਨਾਊਂਸਮੈਂਟ ਮੁਤਾਬਕ ਕਥਾ-ਵਾਚਕ ਜੀ ਸਟੇਜ ਤੇ ਆ ਬਹਿੰਦੇ ਨੇ। ਗੁਰੂ ਘਰ ਦੇ ਖੁੱਲ੍ਹੇ-ਡੁੱਲ੍ਹੇ ਦੀਵਾਨ ਹਾਲ ਵਿਚ ਸਟੇਜ ਮੋਹਰੇ ਸਾਰੀ ਜਗ੍ਹਾ ਖਾਲੀ ਪਈ ਹੈ। ਲੇਕਿਨ ਸ਼ਰਧਾਲੂ ਮਾਈ ਭਾਈ ਕੋਈ ਪਿੱਛੇ, ਕੋਈ ਸੱਜੇ, ਕੋਈ ਖੱਬੇ ਪਾਸੇ ਦੀਆਂ ਕੰਧਾਂ ਨਾਲ ਢਾਸਣੇ ਲਾਈ ਬੈਠੇ ਹਨ। ਕੁਝ ਸੱਜਣ ਵਿਚਾਲੇ ਵੀ ਕਾਫੀ-ਕਾਫੀ ਵਿੱਥ ਤੇ ਬੈਠੇ ਹਨ। ਮੰਗਲਾ-ਚਰਨ ਪੜ੍ਹਨ ਤੋਂ ਬਾਅਦ ਕਥਾ ਵਾਚਕ ਜੀ, ਹੱਥ ਜੋੜ ਕੇ ਸੰਗਤ ਨੂੰ ਗੁਰਬਾਣੀ ਦੀ ਪੰਕਤੀ ਦਾ ਹਵਾਲਾ ਦਿੰਦੇ ਹੋਏ ਅਰਜੋਈ ਕਰਦੇ ਹਨ-

ਵਿਕਾਸ ਦੀ ਹਨ੍ਹੇਰੀ?

ਵਿਕਾਸ ਦੀ ਹਨ੍ਹੇਰੀ?
ਢੋਂਗ ਅਤੇ ਫਰੇਬ ਦਾ ਬੋਲ ਬਾਲਾ,
ਛੁਰੀ ਕਪਟ ਦੀ ਸੀਨੇ ਨੂੰ ਸੱਲ੍ਹਦੀ ਏ।

ਥੋਥੀ ਅਮਲ ਤੋਂ ਬਿਨਾਂ ਬਿਆਨਬਾਜ਼ੀ,
ਸਾਰਾ ਮੀਡੀਏ ਵਿਚ ਥਾਂ ਮੱਲਦੀ ਏ।

ਬੱਲੇ-ਬੱਲੇ ਦਾ ਪਾਈ ਖੜਮੱਸ ਜਾਂਦੇ,
ਖੱਟੀ ਖਾਂਦੇ ਏਹ ਝੂਠੇ ਤਰਥੱਲ ਦੀ ਏ।

ਇਨ੍ਹਾਂ ਪਾਸੋਂ ਪੰਜਾਬ ਕਦ ਮੁਕਤ ਹੋਣਾ?
ਗੱਲ ਸੁੱਝਦੀ ਕੋਈ ਨਾ ਹੱਲ ਦੀ ਏ।

ਦਾਗ ਧੋਵੇਗਾ ਕਦੋਂ ਕੋਈ ਨਵਾਂ ਆਗੂ!
ਹੋਈ ਬਹੁਤ ਬਦਨਾਮੀ ਇਸ ‘ਦਲ’ ਦੀ ਏ।

ਮੋੜ-ਮੋੜ ਤੇ ਰੱਖ ਕੇ ਨੀਂਹ-ਪੱਥਰ,
ਕਹਿੰਦੇ ਨੇਰ੍ਹੀ ‘ਵਿਕਾਸ’ ਦੀ ਚੱਲਦੀ ਏ!

ਤਰਲੋਚਨ ਸਿੰਘ ਦੁਪਾਲਪੁਰ (ਯੂ. ਐਸ. ਏ.)
001-408-903-9952

ਕਿੱਕਰਾਂ ਦੇ ਬੀ ਬੀਜ ਕੇ, ਭਾਲ ਦਾਖਾਂ ਦੀ?

ਜਨਮ ਸਾਖੀ ਭਾਈ ਬਾਲੇ ਵਾਲੀ ਨਾਮ ਕਰਕੇ ਪ੍ਰਸਿੱਧ ਇਕ ਗ੍ਰੰਥ ਵਿਚ ਬੜੀ ਰੌਚਕ ਸਾਖੀ ਆਉਂਦੀ ਹੈ। ਕਹਿੰਦੇ ਕੋਈ ਸਾਰੀ ਉਮਰ ਚੋਰੀਆਂ-ਡਾਕੇ ਮਾਰਨ ਵਾਲਾ ਬਦਮਾਸ਼ ਚੜ੍ਹਾਈ ਕਰ ਗਿਆ। ਉਸ ਦੀ ਮੌਤ ਬਾਅਦ ਉਸਦਾ ਇਕਲੌਤਾ ਪੁੱਤ ਆਪਣੀ ਮਾਂ ਨੂੰ ਪੁੱਛਣ ਲੱਗਾ ਕਿ ਪਿਤਾ ਜੀ ਕਿਹੜਾ ਕਿੱਤਾ ਕਰਿਆ ਕਰਦੇ ਸਨ? ਤਾਂ ਜੋ ਮੈਂ ਵੀ ਉਹੋ ਕਿੱਤਾ ਅਪਣਾ ਲਵਾਂ! ਇਹ ਵਾਰਤਾ ਉਨ੍ਹਾਂ ਸਮਿਆਂ ਦੀ ਹੋਵੇਗੀ ਜਦੋਂ ਇਹ ਰਿਵਾਇਤ ਹੁੰਦੀ ਸੀ ਪੀੜ੍ਹੀ ਦਰ ਪੀੜ੍ਹੀ ਪਿਤਾ-ਪੁਰਖੀ ਧੰਦਾ ਹੀ ਚੱਲਦਾ ਰਹਿੰਦਾ ਸੀ। ਸ਼ਾਇਦ ਇਹ ਅਖਾਣ ਵੀ ਉਨ੍ਹਾਂ ਸਮਿਆਂ ਵਿਚ ਹੀ ਹੋਂਦ ਵਿਚ ਆਇਆ ਹੋਵੇਗਾ ਕਿ 'ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋ ਠੇਂਗਾ ਵਾਜੇ'। ਉਨ੍ਹਾਂ ਭਲੇ ਸਮਿਆਂ ਵਿਚ ਠੱਗ-ਚੋਰਾਂ ਦੀਆਂ ਪਤਨੀਆਂ ਵੀ ਸੱਚ ਦਾ ਪੱਲਾ ਨਹੀਂ ਛੱਡਦੀਆਂ ਹੋਣਗੀਆਂ। ਇਸ ਕਰਕੇ ਚੋਰ ਦੀ ਘਰ ਵਾਲੀ ਨੇ ਨਿਰ-ਸੰਕੋਚ ਆਪਣੇ ਬੇਟੇ ਨੂੰ ਉਸਦੇ ਪਿਓ ਦੇ ਕਿੱਤੇ ਬਾਰੇ ਦੱਸ ਦਿੱਤਾ।
ਆਗਿਆਕਾਰੀ ਬੱਚਿਆਂ ਵਾਂਗ ਮੁੰਡੇ ਨੇ ਇਹ 'ਕਾਰੋਬਾਰ' ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਹੋਰ ਪੁੱਛਿਆ ਕਿ ਇਸ ਕਿੱਤੇ ਸਬੰਧੀ ਕੋਈ ਹੋਰ ਖਾਸ ਹਦਾਇਤ ਜਾਂ ਕੋਈ ਅਸੂਲ ਹੋਵੇ, ਜਿਸਦੀ ਪਾਲਣਾ ਕਰਨੀ ਇਸ ਸਿਲਸਿਲੇ ਵਿਚ ਨਿਹਾਇਤ ਜਰੂਰੀ ਹੋਵੇ ਕ੍ਰਿਪਾ ਕਰਕੇ ਮੈਨੂੰ ਉਹ ਵੀ ਦੱਸ ਦਿੱਤਾ ਜਾਵੇ? ਕੁਝ ਪਲ ਸੋਚ ਕੇ ਮਾਂ ਨੇ ਆਪਣੇ ਪੁੱਤ ਨੂੰ, ਇਸ ਕਿੱਤੇ ਲਈ ਅਤਿ-ਲੋੜੀਂਦਾ 'ਗੁਰ' ਸਮਝਾਇਆ, ਤੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਇਹ ਧੰਦਾ ਕਰਨ ਵਾਲਾ, ਕਦੇ ਭੁੱਲ ਕੇ ਵੀ ਕਿਸੇ ਧਰਮ ਅਸਥਾਨ ਤੇ ਨਾ ਜਾਵੇ, ਸਗੋਂ ਜਾਣਾ ਤਾਂ ਇਕ ਪਾਸੇ ਰਿਹਾ, ਜਿਥੇ ਸਤਿਸੰਗ ਚੱਲ ਰਿਹਾ ਹੋਵੇ ਜਾਂ ਕਥਾ-ਵਾਰਤਾ ਹੋ ਰਹੀ ਹੋਵੇ ਉਹਦੇ ਲਾਗਿਉਂ ਵੀ ਨਾ ਲੰਘੇ। ਜੇ ਉਥੇ ਹੋ ਰਹੀ ਕਥਾ-ਵੀਚਾਰ ਦੀ ਕੋਈ ਗੱਲ ਕੰਨੀਂ ਪੈ ਗਈ ਤਾਂ ਸਮਝੋ ਕੰਮ ਧੰਦਿਉਂ ਗਏ! ਸੌ ਵਲ ਫੇਰ ਪਾ ਕੇ ਵੀ ਉਥੋਂ ਕਿਨਾਰਾ ਕਰਨਾ ਚਾਹੀਏ!!

ਸਾਖੀ ਮਿਨੀ - ਬਾਬਿਆਂ ਕੀ!

ਇੰਗਲੈਂਡ ਦੇ ਕੁਝ ਗੁਰੂ ਘਰਾਂ ਵਾਂਗ ਕੈਲੇਫੋਰਨੀਆ ਸਥਿਤ ਕਈ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਫੈਸਲਾ ਕੀਤਾ ਹੈ ਕਿ ਕਥਿਤ ਪੀਰਾਂ, ਬਾਬਿਆਂ, ਤਾਂਤ੍ਰਿਕਾਂ ਅਤੇ ਜੋਤਸ਼ੀਆਂ ਦੀਆਂ ਮਸ਼ਹੂਰੀਆਂ ਛਾਪਣ ਵਾਲੀਆਂ ਅਖਬਾਰਾਂ ਨੂੰ ਗੁਰਦੁਆਰਿਆਂ ਵਿਚ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੁਝ ਪੰਜਾਬੀ ਅਖਬਾਰਾਂ ਨੇ ਵੀ ਆਪਣੀ ਕਮਿਊਨਿਟੀ ਦੀ ਭਲਾਈ ਸੋਚਦਿਆਂ ਅਜਿਹੇ ਜਾਦੂ - ਟੂਣੇ ਕਰਨ ਵਾਲਿਆਂ ਦੇ ਇਸ਼ਤਿਹਾਰ ਛਾਪਣੇ ਬਿਲਕੁਲ ਬੰਦ ਕਰ ਦਿੱਤੇ ਹਨ। ਉਪਰੋਕਤ ਫੈਸਲਾ ਕਰਨ ਵਾਲੀਆਂ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪੰਜਾਬੀ ਅਖ਼ਬਾਰਾਂ ਦੇ ਇਸ ਸ਼ੁੱਭ ਯਤਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਗੁਰੂ ਘਰ ਸਿੱਖ ਧਰਮ ਦੇ ਪ੍ਰਚਾਰ ਦਾ ਥੰਮ੍ਹ ਮੰਨੇ ਜਾਂਦੇ ਹਨ। ਇਨ੍ਹਾਂ ਧਰਮ ਅਸਥਾਨਾਂ ਵਿਚ, ਵਹਿਮਾਂ - ਭਰਮਾਂ ਜਾਂ ਕਰਮ - ਕਾਂਡੀ ਕ੍ਰਿਆਵਾਂ ਦੀ ਪ੍ਰਚਾਰ ਸਮੱਗਰੀ ਦਾ ਕਿਸੇ ਰੂਪ ਵਿਚ ਮੌਜੂਦ ਹੋਣਾ, ਸਿੱਖ ਫਲਸਫੇ ਦੀ ਤੌਹੀਨ ਦੇ ਬਰਾਬਰ ਹੀ ਹੈ। ਇਸੇ ਤਰ੍ਹਾਂ ਉਨ੍ਹਾਂ ਪੰਜਾਬੀ ਅਖਬਾਰਾਂ ਦੇ ਵੀ ਸਦਕੇ ਜਾਈਏ, ਜਿਨ੍ਹਾਂ ਆਪਣੀ ਆਮਦਨ ਨੂੰ ਅਣਡਿੱਠ ਕਰਕੇ ਲੋਕ ਭਲੇ ਨੂੰ ਮੁੱਖ ਰੱਖਿਆ ਹੈ। ਜਦਕਿ ਪੰਜਾਬੀ ਦੀਆਂ ਅਖਬਾਰਾਂ ਮੁਫਤ ਹੋਣ ਕਰਕੇ, ਇਨ੍ਹਾਂ ਦਾ ਜੀਵਨ-ਆਧਾਰ ਇਸ਼ਤਿਹਾਰ ਹੀ ਹਨ। ੀੲਹ ਵੀ ਸੁਣਨ ਵਿਚ ਆਇਆ ਹੈ ਕਿ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਦਾਅਵੇ ਬੰਨ੍ਹਾਉਣ ਵਾਲੇ ਇਹ ਪੀਰ ਬਾਬੇ, ਇਸ਼ਤਿਹਾਰਾਂ ਦੇ ਮੂੰਹ ਮੰਗੇ ਪੈਸੇ ਦੇਣ ਲਈ ਤਿਆਰ ਹੁੰਦੇ ਹਨ। ਹੋਣ ਵੀ ਕਿਉਂ ਨਾ? ਕਹਿੰਦੇ ਨੇ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ। ਜਿਸਨੇ ਖੂਨ-ਪਸੀਨਾ ਇੱਕ ਕਰਕੇ ਕਮਾਈ ਕੀਤੀ ਹੁੰਦੀ ਹੈ ਉਹ ਤਾਂ ਇਕ ਪੈਨੀ ਦੇਣ ਲੱਗਿਆਂ ਵੀ ਸੌ ਵਾਰ ਸੋਚਦਾ ਹੈ। ਲੇਕਿਨ ਤਾਂਤ੍ਰਿਕ ਬਾਬਿਆਂ ਨੇ ਤਾਂ ਮਕਰ ਫਰੇਬ ਕਰਕੇ ਲੋਕਾਂ ਦੀਆਂ ਜੇਬਾਂ ਸਾਫ ਕੀਤੀਆਂ ਹੁੰਦੀਆਂ ਹਨ। ਆਪਣਾ ਪਖੰਡ - ਜਾਲ ਵਿਛਾਉਣ ਲਈ ਉਹ ਖੁਲ੍ਹੇ ਦਿਲ ਨਾਲ ਇਸ਼ਤਿਹਾਰ ਬਾਜ਼ੀ ਕਰਦੇ ਹਨ ਤਾਂ ਕਿ ਵਧ ਤੋਂ ਵਧ ‘ਅਕਲ ਦੇ ਅੰਨ੍ਹੇ ਗਾਹਕ’ ਉਨ੍ਹਾਂ ਦੇ ਚੁੰਗਲ ਵਿਚ ਫਸਣ ਲਈ ਤਿਆਰ ਹੋਣ।

ਗੁਰੁ ਨਾਨਕ ਦੀ ਮਿਹਰ: ਮਹਿਰਾਬ

-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
"ਹਿੰਦੂ ਤੁਰਕ ਦੋਊ ਸਮਝਾਵਉ"
ਵਿਲਫ਼ਰੈਡ ਫ਼ੰਕ ਆਪਣੀ ਪੁਸਤਕ ਦੇ ਪ੍ਰਾਰੰਭ ਵਿਚ ਲਿਖਦੇ ਹਨ -Word origins and their romantic stories- "Every word was once a poem; Each began as a picture; Our language began with metaphors". ਇਸ ਕਥਨ ਤੋਂ ਸਾਨੂੰ, ਜਪੁਜੀ ਸਾਹਿਬ ਵਿਚ, ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਣ ਕੀਤੀ ਪੰਗਤੀ ਯਾਦ ਆਉਂਦੀ ਹੈ ‐ "ਕੀਤਾ ਪਸਾਉ ਏਕੋ ਕਵਾਉ"। ਭਾਈ ਗੁਰਦਾਸ ਜੀ ਨੇ ਇਸ ਤਰਾਂ ਆਖਿਆ ਹੈ: "ਏਕ ਕਵਾਉ ਪਸਾਉ ਪਸਾਰਾ"। ਇਸ ਦੀ ਵਿਆਖਿਆ ਕਰਨ ‘ਚ ਇਥੇ ਮੈਂ ਥੋੜ੍ਹੀ ਜਹੀ ਖੁਲ੍ਹ ਲੈਣੀ ਚਾਹਾਂਗਾ। ਭਾਸ਼ਾ ਦੇ ਵਿਕਾਸ ਦੇ ਇਤਿਹਾਸ ਵਿਚ ਪ੍ਰਥਮ ਸਥਾਨ ਕਵਿਤਾ ਦਾ ਹੈ; ਵਾਰਤਕ ਦਾ ਦੂਸਰਾ। ਭਾਸ਼ਾ ਦਾ ਵਾਰਤਕ ਰੂਪ ਵਾਕ ਹੈ। ਪਰ ਭਾਸ਼ਾ ਦੇ ਸਾਹਿਤਕ ਰੂਪ ਨੂੰ ਕਾਵ ਆਖਿਆ ਜਾਂਦਾ ਹੈ। ਵਾਕ ਦਰਅਸਲ ਕਾਵ ਦੇ ਵਿਪਰੀਤ ਜਾਂ ਉਸਦਾ ਉਲ਼ਟ ਰੂਪ ਹੈ। ਮਾਨਵੀ ਜੀਵਨ ਦੇ ਇਤਿਹਾਸ ਵਿਚੋਂ ਜਿਵੇਂ ਜਿਵੇੰ ਕਾਵਿਕਤਾ ਦਾ ਅਭਾਵ ਹੋ ਰਿਹਾ ਹੈ, ਉਵੇਂ ਉਵੇਂ ਕਾਵ ਵਾਕ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਵਾਰਤਕ ਦੀ ਪੈਦਾਇਸ਼ ਦਾ ਇਹੀ ਰਹੱਸ ਹੈ। ਕਵੀ ਸੁੰਦਰਤਾ ਦਾ ਪੁਜਾਰੀ ਹੁੰਦਾ ਹੈ। ਦਰਅਸਲ ਸੁੰਦਰਤਾ ਹੁੰਦੀ ਹੀ ਕਵੀ ਦੇ ਅੰਦਰ ਹੈ। ਬਾਹਰੀ ਸੁੰਦਰਤਾ ਤਾਂ ਅੰਦਰਲੀ ਸੁੰਦਰਤਾ ਨੂੰ ਹੀ ਜਗਾਉਂਦੀ ਹੈ। ਸੁੰਦਰਤਾ ਅਤੇ ਕਵੀ ਦਰਮਿਆਨ ਕਿਸੇ ਪ੍ਰਕਾਰ ਦੀ ਵਿੱਥ ਨਹੀਂ ਹੁੰਦੀ। ਬਾਣੀ ਅੰਦਰ ਅਕਾਲ ਪੁਰਖ ਨੂੰ ਕੰਵਲ ਵੀ ਆਖਿਆ ਗਿਆ ਹੈ ਅਤੇ ਕਵੀ ਵੀ ‐"ਕਉਲੁ ਤੂ ਹੈ ਕਵੀਆ ਤੂ ਹੈ"।

ਬਾਨੀ

-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
"ਕਹੂੰ ਬੇਦ ਬਿੱਦਿਆ ਕਹੂੰ ਬਿਓਮ ਬਾਨੀ"
ਭਗਵਾਨ ਮਹਾਂਵੀਰ ਜੀ ਅਨੁਸਾਰ ਕਿਸੇ ਉਤੇ ਆਪਣੇ ਵਿਚਾਰ ਠੋਸਣੇ ਹਿੰਸਾ ਹੈ। ਇਸ ਕਰਕੇ ਵਿਦਵਾਨਾ ਅੱਗੇ ਮਸ਼ਵਰੇ ਦੇ ਰੂਪ ਵਿਚ ਹੀ ਵਿਚਾਰ ਪੇਸ਼ ਕਰਨੇ ਸ਼ੋਭਾ ਦਿੰਦੇ ਹਨ। ਵਿਚਾਰਾਂ ਵਿਚ ਗ਼ਲਤੀ ਅਤੇ ਭੁਲੇਖੇ ਦੀ ਗੁੰਜਾਇਸ਼ ਰੱਖਕੇ, ਸ਼ਾਇਦ ਦੀ ਸੁਰ ਲਾਹੇਵੰਦ ਰਹਿੰਦੀ ਹੈ। ਇਸ ਮਨਸ਼ਾ ਨਾਲ਼, ਮਸ਼ਵਰੇ ਦੇ ਰੂਪ ਵਿਚ ਹੀ, ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ, ਤਾਂ ਜੋ ਵਿਦਵਾਨਾ ਦੀ ਪ੍ਰੋਢ ਨਜ਼ਰ ਦੀ ਪਰਖ ਨਿਰਖ ਵਿਚੋਂ ਲੰਘ ਕੇ ਕੋਈ ਸੁਨਿਸ਼ਚਿਤ ਰਸਤਾ ਅਖ਼ਤਿਆਰ ਕਰ ਸਕਣ।

‘ਬੇਦ ਬਿਦਿਆ’ ਉਹ ਗਿਆਨ ਹੈ ਜੋ ਮਨ ਦੇ ਵਹਿਣ ਵਿਚ ਤਰੰਗ ਰੂਪ ਵਿਚ ਪ੍ਰਗਟ ਹੁੰਦਾ ਹੈ। ‘ਬਿਓਮ ਬਾਨੀ’ ਉਹ ਵਸਤੂ ਹੈ ਜੋ ਪਾਰਬ੍ਰਹਮ ਦੇ ਅਗਮ ਦੇਸ ਤੋਂ ਆਈ ਅਕਾਸ਼ ਬਾਣੀ ਹੈ। ਗੁਰਬਾਣੀ ਦੇ ਵਸਤੂ ਬਾਬਤ ਵਿਦਵਾਨਾ ਵਿਚ ਅਨੇਕ ਮੱਤ ਪ੍ਰਚਲਤ ਹਨ। ਆਉ ਰਤਾ ਗਹੁ ਨਾਲ਼ ਦੇਖੀਏ ਕਿ ਅਸਲ ਵਿਚ ਬਾਣੀ ਕੀ ਹੈ? ਮਨ ਦੀ ਉਪਜ ਹੈ ਕਿ ਧੁਰੋਂ ਆਈ ਰੱਬੀ ‘ਵੱਥ’ ਹੈ!

ਜਹਾ ਬੋਲ ਤਹ ਅਛਰ ਆਵਾ: ਪ੍ਰੋ.

-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
"ਜਹਾ ਬੋਲ ਤਹ ਅਛਰ ਆਵਾ"
ਪੰਚਮ ਪਾਤਸ਼ਾਹ ਗੁਰੂ ਅਰਜਣ ਸਾਹਿਬ ਨੇ ਫ਼ੁਰਮਾਇਆ ਹੈ, "ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ"। ਨੀਲ ਗਗਨ ਅਗਮ ਦੇਸ ਧੁਰ ਕੀ ਬਾਣੀ ਉਸ ਪਾਰਬ੍ਰਹਮ ਪਰਮ ਪਿਤਾ ਨੇ ਗੁਰੂ ਨਾਨਕ ਸਾਹਿਬ ਦੇ ਜ਼ਰੀਏ ਧਰਤੀ ਧਰਮ ਸਾਲ ‘ਤੇ ਵਸਦੀ ਸਗਲੀ ਖ਼ਲਕਤ ਦੀ ਝੋਲ਼ੀ ਪਾਈ। ਸ਼ਾਇਰ ਲੋਕਾਂ ਦਾ ਖ਼ਿਆਲ ਹੈ ਕਿ "ਸ਼ਿਅਰ ਵੁਹ ਹੈ ਜੋ ਕਹਿਤੇ ਕਹਿਤੇ ਦਿਲ ਤੱਕ ਉਤਰ ਜਾਏ"। ਸ਼ਾਇਰਿ ਮਸ਼ਰਿਕ, ਮੁਹੰਮਦ ਇਕਬਾਲ ਸਾਹਿਬ ਕਹਿੰਦੇ ਹਨ, "ਦਿਲ ਸੇ ਜੋ ਸਦਾ ਨਿਕਲਤੀ ਹੈ ਵੁਹ ਅਸਰ ਰਖਤੀ ਹੈ, ਪਰ ਨਹੀਂ, ਤਾਕਤਿ ਪਰਵਾਜ਼ ਮਗਰ ਰਖਤੀ ਹੈ"। ਲੇਕਿਨ ਗੁਰਬਾਣੀ ਨਾ ਹੀ ਸ਼ਾੲਰੀ ਹੈ ਤੇ ਨਾ ਹੀ ਦਿਲ ਦੀ ਸਦਾ। ਇਹ ਤਾਂ ਰੱਬ ਦਾ ਫ਼ੁਰਮਾਨ ਹੈ। ਇਸ ਵਿਚ ਧਰਤੀ ਦੀਆਂ ਕੁੱਲ ਨਿਆਮਤਾਂ ਦੇ ਨਾਲ਼ ਪਿੰਗਲੇ ਨੂੰ ਪਰਬਤ ਚੜ੍ਹਾਉਣ, ਮੂਰਖ ਨੂੰ ਪੰਡਤ ਅਤੇ ਮਨੁਖ ਨੂੰ ਦੇਵਤਾ ਬਣਾੳਣ ਦੀ ਤਾਕਤ ਹੈ। ਗੁਰੂ ਸਾਹਿਬਾਨ ਜਦੋਂ ਬਾਣੀ ਉਚਾਰਦੇ ਸਨ ਤਾਂ ਸੁਣਨ ਵਾਲ਼ਿਆਂ ਨੂੰ ਕੋਈ ਕਰਾਮਾਤ ਵਾਪਰਦੀ ਮਾਲੂਮ ਹੁੰਦੀ ਸੀ। ਦੇਖਣ ਵਾਲ਼ੀ ਅੱਖ ਨੂੰ ਗੁਰੂ ਦਾ ਸ਼ਬਦ ਪ੍ਰਤੱਖ ਰੂਪ ਵਿਚ ਇਲਾਹੀ ਉਤਸਵ, ਇਕ ਰੱਬੀ ਜਲੌ ਨਜ਼ਰ ਆਇਆ। ਕਈ ਲੋਕ ਆਖ ਦਿੰਦੇ ਹਨ ਕਿ ਗੁਰੂ ਸਾਹਿਬਾਂ ਨੇ ਅਨੇਕ ਥਾਂ ਖ਼ੁਦ ਨੂੰ ਸ਼ਾਇਰ ਕਿਹਾ ਹੈ ‐ "ਨਾਨਕੁ ਸਾਇਰੁ ਏਵ ਕਹਤੁ ਹੈ"। ਗੁਰੂ ਸਾਹਿਬਾਂ ਨ ਤਾਂੇ ਆਪਣੇ ਆਪ ਨੂੰ ਅਨੇਕ ਥਾਵਾਂ ‘ਤੇ ‘ਨੀਚ’ ‘ਬੇਕਾਰ’ ‘ਢਾਡੀ’ ਆਦਿ ਵੀ ਆਖਿਆ ਹੈ। ਇਨ੍ਹਾਂ ਸ਼ਬਦਾਂ ਨੂੰ ਉਨ੍ਹਾਂ ਦੀ ਪਦ ਪਦਵੀ ਜਾਂ ਔਜ ਦੇ ਲਖਾਇਕ ਅਨੁਮਾਨਣ ਦਾ ਫ਼ੁਰਨਾ ਮਾਤਰ ਵੀ ਘੋਰ ਨਰਕ ਦਾ ਭਾਗੀ ਹੋਣ ਵਾਲ਼ੀ ਗੱਲ ਹੈ। ਸ਼ਾਇਰਾਂ ਅਤੇ ਸ਼ਾਇਰੀ ਬਾਬਤ ਗੁਰੂ ਸਾਹਿਬ ਦਾ ਫ਼ੁਰਮਾਨ ਹੈ ‐ "ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ"। ਸੌ ਸ਼ਾਇਰਾਂ ਦਾ ਰੋਣਾ ਧੋਣਾ ਇਕ ਤਿਲ ਭਰ ਵੀ ਉਸ ਪਰਵਰਦਗ਼ਾਰ ਵੱਲ ਨਹੀਂ ਲੈ ਕੇ ਜਾਂਦਾ।

ਪਰਮ ਪਦੁ :

"ਗੁਰ ਪਰਸਾਦਿ ਪਰਮ ਪਦੁ ਪਾਇਆ"
-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
ਗੁਰੂਸਾਹਿਬਾਨਿ ਦੇ ਸਮੇਂ ਦੌਰਾਨ ਅਨੇਕ ਸਿੱਖਾਂ ਨੂੰ ਗੁਰੂ ਘਰ ਦੀ ਨੇੜਤਾ ਅਤੇ ਨਿਘ ਪ੍ਰਾਪਤ ਹੋਇਆ। ਅਨੇਕ ਸਿੱਖਾਂ ਨੇ ਗੁਰੂ ਦੇ ਹੁਕਮ ਅੰਦਰ ਸਿੱਖੀ ਧਾਰਣ ਕਰਕੇ ਇਸਦੇ ਵਿਵਧ ਪਹਿਲੂਆਂ ਨੂੰ ਉਜਾਗਰ ਕੀਤਾ। ਜਿਸ ਦਾ ਜੋ ਹੱਕ ਬਣਿਆਂ ਉਸ ਨੂੰ ਨਸੀਬ ਹੋਇਆ। ਗੁਰਤਾ ਦੇ ਹੱਕਦਾਰਾਂ ਨੂੰ ਗੁਰਿਆਈ ਮਿਲ਼ੀ। ਬਾਕੀ ਦੇ ਸਿਖਾਂ ਨੂੰ ਉਨ੍ਹਾਂ ਦੀ ਸੇਵਾ ਸਿਦਕ ਅਤੇ ਸਿਮਰਣ ਦੇ ਲਿਹਾਜ਼ ਨਾਲ਼ ਅਤਿ ਸਤਿਕਾਰ ਯੋਗ ਲਕਬ ਜਾਂ ਪਦਵੀਆਂ ਨਾਲ਼ ਨਿਵਾਜ਼ਿਆ ਗਿਆ। ਸਿਖੀ ਵਿਚ ਅਜਿਹੇ ਦੋ ਲਕਬ ਹਨ ਬਾਬਾ ਅਤੇ ਭਾਈ। ਬਾਬਾ ਬੁਢਾ ਜੀ, ਬਾਬਾ ਸਿਰੀ ਚੰਦ, ਬਾਬਾ ਲੱਖਮੀ ਦਾਸ, ਬਾਬਾ ਗੁਰਦਿਤਾ, ਬਾਬਾ ਅਟੱਲ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਬਾ ਦੀਪ ਸਿੰਘ। ਸਿਖੀ ਤੋਂ ਬੇਮੁਖ ਹੋਏ ਪਰ ਕਿਸੇ ਆਤਮਕ ਔਜ ਦੇ ਮਾਲਕ ਵੀ ਇਸੇ ਲਕਬ ਨਾਲ਼ ਜਾਣੇ ਗਏ, ਜਿਵੇਂ ਬਾਬਾ ਰਾਮ ਰਾਏ ਅਤੇ ਬਾਬਾ ਧੀਰ ਮੱਲ। ਗੁਰੂ ਪਦਵੀ ਤੋਂ ਪਹਿਲਾਂ ਦੂਜੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਕਰਕੇ ਜਾਣੇ ਜਾਂਦੇ ਸਨ, ਇਸੇ ਤਰਾਂ ਭਾਈ ਲਾਲੋ, ਭਾਈ ਭਿਖਾਰੀ, ਭਾਈ ਗੁਰਦਾਸ, ਭਾਈ ਮੰਝ, ਭਾਈ ਵਿਧੀ ਚੰਦ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਨੰਦ ਲਾਲ, ਭਾਈ ਮਨੀ ਸਿੰਘ, ਭਾਈ ਸੰਤੋਖ ਸਿੰਘ ਅਤੇ ਭਾਈ ਵੀਰ ਸਿੰਘ ਜੀ। ਇਨ੍ਹਾਂ ਮਹਾਨ ਅਤੇ ਸਤਿਕਾਰ ਯੋਗ ਸ਼ਖ਼ਸੀਅਤਾਂ ਵਿਚ ਕੋਈ ਸਿਮਰਣ ਦੇ ਪੱਖੋਂ ਸ਼ਿਰੋਮਣੀ, ਕੋਈ ਸੇਵਾ ਦਾ ਪੁੰਜ, ਕੋਈ ਸਿਦਕ ਅਤੇ ਕੁਰਬਾਨੀ ਵਿਚ ਬੇਮਿਸਾਲ ਅਤੇ ਕੋਈ ਗਿਆਨ ਦੇ ਖੇਤਰ ਵਿਚ ਲਾਸਾਨੀ ਹੈ। ਸੇਵਾ, ਕੁਰਬਾਨੀ ਅਤੇ ਗਿਆਨ ਦੇ ਖੇਤਰ ਵਿਚ ਸਿਰਮੌਰਤਾ ਹਾਸਲ ਕਰਨ ਵਾਲ਼ੇ ਕਿਸੇ ਵੀ ਮਹਾਂ ਪੁਰਖ ਲਈ ਬ੍ਰਹਮ ਗਿਆਨੀ ਜਾਂ ਸੰਤ ਦਾ ਲਕਬ ਨਹੀਂ ਵਰਤਿਆ ਗਿਆ।

ਪੂਜਹੁ:

"ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ"
-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
ਸੰਸਾਰ ਦੀਆਂ ਨਿਆਮਤਾਂ, ਸ਼ੁਹਰਤਾ, ਦੌਲਤਾਂ, ਹੁਸੀਨ ਨਾਜ਼ ਨਖ਼ਰੇ, ਤਾਜੋ ਤਖ਼ਤ ਭਗਤਾਂ ਦੀਆਂ ਨਜ਼ਰਾਂ ਵਿਚ ਮਹਿਜ਼ ਧੂਏਂ ਦੇ ਪਹਾੜ ਹਨ। ਇਸੇ ਤਰਾਂ ਹੀ ਰੁਹਾਨੀ ਮੰਡਲਾਂ ਦੇ ਉਚ ਅਨੁਭਵ, ਨਾਮ ਸਿਮਰਣ ਭਜਨ ਬੰਦਗੀ ਦੇ ਪਰਮ ਸੁਖ ਇਕ ਸੰਸਾਰੀ ਮਨੁਖ ਲਈ ਧੂਏਂ ਦੇ ਬੱਦਲ਼ ਹਨ। ਇਸੇ ਕਰਕੇ ਗੁਰਬਾਣੀ ਵਿਚ ਆਇਆ ਹੈ:"ਭਗਤਾ ਤੈ ਸੈਸਾਰੀਆਂ ਜੋੜੁ ਕਦੇ ਨ ਆਇਆ"। ਪ੍ਰੋ. ਪੂਰਨ ਸਿੰਘ ਜੀ ਨੇ ਸਿਖਾਂ ਨੂੰ ਖ਼ਬਰਦਾਰ ਕਰਦਿਆਂ ਲਿਖਿਆ ਸੀ ਕਿ ਆਪਣੀ ਟੇਕ ਰੱਬ ਸਚੇ ਪਰ ਹੀ ਰੱਖਣਾ ਭਾਵੇਂ ਉਹ ਧੂਏਂ ਦੇ ਬੱਦਲ਼ ਹੀ ਜਾਪਣ। ਕਦੀ ਚਾਂਦੀ ਦੇ ਛਿਲੜਾਂ ਪਰ ਨਾ ਰੀਝ ਜਾਣਾ।
ਇਨਸਾਨ ਦਾ ਮਨ ਇਤਨਾ ਅੱਥਰਾ ਹੈ ਕਿ ਪਤਾ ਹੀ ਨਹੀਂ ਲਗਦਾ ਕਿਹੜੇ ਵੇਲੇ ਭਟਕ ਕੇ, ਥਿੜਕ ਕੇ, ਸੁਨਹਿਰੇ ਹਿਰਨਾਂ ਮਗਰ ਦੌੜ ਪੈਂਦਾ ਹੈ। ਅਨੰਦ ਪੁਰ ਸਾਹਿਬ ਵੱਲ ਤੁਰੇ ਜਾ ਰਹੇ ਕਿਸੇ ਗੁਰਾਂ ਜੋਗੇ ਨੂੰ ਵੀ ਇਕ ਝਾਂਜਰ ਦੀ ਛਣਕਾਰ ਬਦੋ ਬਦੀ ਆਪਣੇ ਵੱਲ ਖਿਚ ਲੈਂਦੀ ਹੈ। ਇਸੇ ਕਰਕੇ ਰੱਬ ਦੀ ਯਾਦ ਤੋਂ ਪਲ ਛਿਣ ਦਾ ਅਵੇਸਲਾਪਣ ਵੀ ਬੰਦੇ ਨੂੰ ਨਰਕ ਦੀ ਖੱਡ ਤੱਕ ਲੈ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਫੌਜ ਨੂੰ ਪਾਪ ਕੀ ਜੰਞ ਆਖਿਆ ਸੀ, ਜਿਸ ਨੇ ਹਿੰਦ ਦੀ ਚਿਟੀ ਚਾਦਰ ਨੂੰ ਜ਼ਬਰਨ ਦਾਗ਼ਦਾਰ ਕਰਨ ਦੀ ਮਨਸ਼ਾ ਨਾਲ਼ ਧਾਵਾ ਬੋਲਿਆ ਸੀ। ਪੰਥ ਨੇ ਸਿਮਰਣ ਦੇ ਪ੍ਰਤਾਪ, ਬੁਲੰਦ ਇਖ਼ਲਾਕ, ਅੰਤਾਂ ਦੀ ਸਹਿਣ ਸ਼ਕਤੀ ਅਤੇ ਜ਼ਬਤ ਨਾਲ਼ ਮੁਗ਼ਲ ਸਲਤਨਤ ਨੂੰ ਜੜ੍ਹੋਂ ਹਲੂਣ ਦਿਤਾ। ਪਰ ਜਿਤ ਦੇ ਆਲਮ ਵਿਚ ਸਾਹਮਣੇ ਦਿਖਦੇ ਤਖ਼ਤੋ ਤਾਜ ਦੀ ਲੋਰ ਵਿਚ, ਧਰਮ ਦੀ ਨਿਮਰ ਭਾਵਨਾ ਨੂੰ ਤਹਿਸ ਨਹਿਸ ਕਰਨ ਵਾਲ਼ੇ ਅਤੇ ਵੈਲੀ ਕਿਸਮ ਦੇ ਮਛਰੇਵਿਆਂ ਨੂੰ ਉਤਸ਼ਾਹਿਤ ਕਰਨ ਵਾਲ਼ੇ, ਮੁਲਖਈਆ ਨੁਮਾ ਜਿਨਸੀ ਅਤੇ ਕਬਾਇਲੀ ਕਿਸਮ ਦੇ ਨਸਲੀ ਝੁਕਾ ਲੁਕਵੇਂ ਜਹੇ ਪੰਥ ਦੀਆਂ ਸਫ਼ਾਂ ਵਿਚ ਆ ਦਾਖ਼ਲ ਹੋਏ।

Friday, September 24, 2010

ਔਖਾ ਵੀ ਕਰਦੈ ਲੰਬੜਦਾਰੀ ਦਾ ਛੱਜ

ਅਜਿਹੀ ਇੱਛਾ ਤਾਂ ਭਾਈ ਵੀਰ ਸਿੰਘ ਜਿਹਾ ਕੋਈ ਦਰਵੇਸ਼ ਵਿਅਕਤੀ ਹੀ ਜਾਹਰ ਕਰ ਸਕਦਾ ਹੈ, ਜੋ ਅਠ੍ਹਾਰਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਦੀਵਾਨ ਕੌੜਾ ਮੱਲ, ਉਰਫ਼ ਮਿੱਠਾ ਮੱਲ ਦੇ ਖ਼ਾਨਦਾਨ ਨਾਲ ਸੰਬੰਧਤ ਹੁੰਦਿਆਂ ਹੋਇਆਂ ਵੀ ਇੰਝ ਆਖਦਾ ਹੈ :
‘ਮੇਰੀ ਛਿਪੇ ਰਹਿਣ ਦੀ ਚਾਹ ਮੈਂ ਨੀਵਾਂ ਉੱਗਿਆ!’
ਸਾਡੇ ਸਮਿਆਂ ਵਿਚ ਤਾਂ ਹਰ ਇਕ ਦੀ ਇਹੀ ਲਾਲਸਾ ਬਣੀ ਹੋਈ ਹੈ ਕਿ ਚਾਰ-ਚੁਫੇਰਿਓਂ ਮੇਰੇ ਹੀ ਨਾਂ ਦੀਆਂ ਗੂੰਜਾਂ ਪੈਣ। ਅਖ਼ਬਾਰਾਂ, ਮੈਗਜ਼ੀਨਾਂ ਅਤੇ ਇਲੈਕਟ੍ਰਾਨਿਕ ਮੀਡੀਏ ਵਿਚ ਮੇਰੀ ਹੀ ਚਰਚਾ ਹੋਵੇ। ਕਰਤੂਤ ਭਾਵੇਂ ਵਿਚ ਕੋਈ ਹੋਵੇ ਜਾਂ ਨਾ ਹੋਵੇ ਪਰ ਲੋਕਾਂ ਵਿਚ ਮੇਰੀ ਹੀ ਪ੍ਰਭਤਾ ਫ਼ੈਲਣੀ ਚਾਹੀਦੀ ਹੈ। ਸਾਡੇ ਆਲੇ-ਦੁਆਲੇ ਭਾਰੀ ਗਿਣਤੀ ਵਿਚ ਸਭਾ ਸੁਸਾਇਟੀਆਂ ਜਾਂ ਸੰਸਥਾਵਾਂ ਬਣਦੀਆਂ ਹਨ, ਫਿਰ ਟੁੱਟਦੀਆਂ ਹਨ। ਅਜਿਹੀ ਟੁੱਟ-ਭੱਜ ਹੋਣ ਦਾ ਸਭ ਤੋਂ ਵੱਡਾ ਕਾਰਨ ਵੀ ਕੁਝ ਵਿਅਕਤੀਆਂ ਦੀ ਹਊਮੈ ਹੀ ਹੁੰਦੀ ਹੈ। ਹਰ ਸਭਾ ਸੁਸਾਇਟੀ ਦਾ ਹਰੇਕ ਮੈਂਬਰ ਚਾਹੁੰਦਾ ਹੈ ਕਿ ਮੇਰੇ ਨਾਂ ਨਾਲ ਲੰਬੜਦਾਰੀ ਦਾ ਛੱਜ ਬੱਝਣਾ ਚਾਹੀਦਾ ਹੈ। ਪੁਆੜੇ ਦੀ ਜੜ੍ਹ ਬਣਨ ਵਾਲਾ ਲੰਬੜਦਾਰੀ ਦਾ ਛੱਜ ਹੀ, ਇਕ ਜਥੇਬੰਦੀਆਂ ਦੀਆਂ ਦੋ, ਫਿਰ ਅੱਗੇ ਦੋ ਤੋਂ ਤਿੰਨ ਅਤੇ ਤਿੰਨ ਤੋਂ ਚਾਰ ਬਣਾ ਛੱਡਦਾ ਹੈ।

ਉਲਟਾ-ਪੁਲਟਾ

ਉਲਟਾ-ਪੁਲਟਾ
ਜਿਹੜਾ ਤਿਆਗ ਵੈਰਾਗ ਦੇ ਗੀਤ ਗਾਵੇ,
ਉਹ ਵੀ ਏਕੜਾਂ ਵਿਚ ਥ੍ਹਾਂ ਮੱਲਦਾ ਹੈ।
ਨਾਂ ਜੁੜੇ ਘੁਟਾਲਿਆਂ ਨਾਲ ਜਿਹਦਾ,
ਅਹੁਦਾ ੳਹੀਓ ਮਨਿਸਟਰ ਦਾ ਮੱਲਦਾ ਹੈ।
ਉਹ ਵੀ ਗ੍ਰਹਿਸਤੀਆਂ ਤਾਈਂ ਉਪਦੇਸ਼ ਦਿੰਦਾ,
ਜਿਸਦਾ ਕੇਸ ਤਲਾਕ ਦਾ ਚੱਲਦਾ ਹੈ।
ਮਹਾਂਰਾਜ ਸਦਵਾਇਕੇ ਖੁਸ਼ ਹੋਵੇ,
ਉਮਰ ਵਿੱਚ ਜੋ ਛੋਕਰਾ ਕੱਲ੍ਹ ਦਾ ਹੈ।
ਭਾਂਤ-ਭਾਂਤ ਦੇ ਪੋਜ ਛਪਵਾਏ ਜਿਹੜਾ,
ਫਿਕਰ ਉਸਨੂੰ ਆਪਣੀ ਭੱਲ ਦਾ ਹੈ।
ਗੁਰੂ ਮਾਨਿਓਂ ਗ੍ਰੰਥ ਪਰਚਾਰ ਕਰਕੇ,
ਸੰਗਤ ਆਪਣੇ ਡੇਰੇ ਨੂੰ ਘੱਲਦਾ ਹੈ।



ਤਰਲੋਚਨ ਸਿੰਘ ਦੁਪਾਲਪੁਰ
408-903-9952

ਗਾਇਕਾਂ ਵਲੋਂ ‘ਊੜੇ’ ਨਾਲ ਕਮਾਈ, ‘ਜੂੜੇ’ ਨਾਲ ਬੇਵਫ਼ਾਈ

ਇਕ ਨਾਮਵਰ ਸਿੱਖ ਰਾਗੀ-ਢਾਡੀ ਦਾ ਨੌਜਵਾਨ ਲੜਕਾ ‘ਗਾਇਕ ਕਲਾਕਾਰ’ ਬਣ ਗਿਆ। ਇਸ ਰਾਹੇ ਪੈਣ ਦੀ ਪਹਿਲੀ ਪੌੜੀ, ਜਿਹੜੀ ਕਿ ਕਲਾਕਾਰਾਂ ਨੇ ਕੁਝ ਕੁ ਦਹਾਕਿਆਂ ਤੋਂ ਆਪੇ ਸਿਰਜ ਲਈ ਹੋਈ ਹੈ, ਉਸ ਨੇ ‘ਹੱਸ ਕੇ’ ਪਾਰ ਕਰ ਲਈ, ਭਾਵ ਮੂੰਹ ਸਿਰ ਸਫਾ ਚੱਟ। ਸਾਰੀ ਉਮਰ ਸਟੇਜਾਂ ਉਪਰ ਸਿੱਖ ਇਤਿਹਾਸ ਜੋਸ਼ੀਲੇ ਢੰਗ ਨਾਲ ਸੁਣਾਉਣ ਵਾਲੇ ਬਾਪ ਨੇ ਬੁਰਾ ਤਾਂ ਮਨਾਇਆ ਪਰ ‘ਪੁੱਤ ਰਾਜ ਮਲੇਛ ਰਾਜ’ ਵਾਲੀ ਕਹਾਵਤ ਚੇਤੇ ਕਰਕੇ ਸਬਰ ਦਾ ਘੁੱਟ ਭਰ ਲਿਆ। ਮੁੰਡੇ ਨੂੰ ਰਾਗ ਤਾਂ ਵਿਰਸੇ ‘ਚੋਂ ਹੀ ਮਿਲਿਆ ਸੀ। ਥੋੜ੍ਹੀ ਹੋਰ ਮਿਹਨਤ ਨਾਲ ਚੰਗੀ ਗੁੱਡੀ ਚੜ੍ਹ ਗਈ।
ਰਾਗੀ ਬਾਪ ਨੇ ਜਦੋਂ ਦੇਖਿਆ ਕਿ ਮੁੰਡਾ ਹੁਣ ਆਪਣੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਰਗੀ ਲਿਸ਼ਕਦੀ ਕਾਰ ਵਿਚ ਘੁੰਮਦਾ ਹੈ ਅਤੇ ਆਲੀਸ਼ਾਨ ਕੋਠੀ ਦਾ ਮਾਲਕ ਵੀ ਬਣ ਚੁੱਕਾ ਹੈ, ਗਲ ਵਿਚ ਮੋਟੀ ਸਾਰੀ ਸੋਨੇ ਦੀ ਚੇਨੀ ਨਾਲ ਖੰਡੇ ਵੀ ਲਟਕਾਈ ਫਿਰਦਾ ਹੈ, ਤਦ ਇਕ ਦਿਨ ਮੌਕਾ ਵਿਚਾਰ ਕੇ ਆਪਣੇ ਕਲਾਕਾਰ ਪੁੱਤ ਨੂੰ ਪਤਿਆਉਂਦਿਆਂ ਆਖਿਆ, “ਕਾਕਾ, ਸੁੱਖ ਨਾਲ ਹੁਣ ਦਾਤੇ ਦੀ ਤੇਰੇ ‘ਤੇ ਫੁੱਲ ਕ੍ਰਿਪਾ ਹੈ। ਸਾਰਾ ਕੁਝ ਰੱਬ ਨੇ ਦਿੱਤਾ ਹੋਇਆ ਹੈ। ਤੈਨੂੰ ਘੋਨ-ਮੋਨ ਦੇਖ ਕੇ ਮੈਨੂੰ ਸ਼ਰਮ ਆਉਂਦੀ ਹੈ। ਪੁੱਤਰਾ, ਅਸੀਂ ਖਾਨਦਾਨੀ ਗੁਰੂ ਦੇ ਸਿੱਖ ਹਾਂ। ਸਾਰੀ ਉਮਰ ਮੈਂ ਦੇਸਾਂ-ਪਰਦੇਸਾਂ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਲੋਕ ਮੈਨੂੰ ਕੀ ਕਹਿੰਦੇ ਹੋਣਗੇ? ਸੋ ਪੁੱਤ, ਮਿੰਨਤ ਦੀ ਗੱਲ ਐ, ਹੁਣ ਤੂੰ ਭੁੱਲ ਬਖਸ਼ਾ ਕੇ ਦਾਹੜੀ, ਕੇਸ ਰੱਖ ਲੈ।” ਬਾਪ ਨੈ ਘਿਗਿਆਈ ਬੋਲੀ ਵਿਚ ਪੰਜਾਬ ਵਿਚਲੀ ਸਿੱਖੀ ਦੀ ਨਿੱਘਰਦੀ ਜਾਂਦੀ ਹਾਲਤ ਦਾ ਵੀ ਵਾਸਤਾ ਪਾ ਲੜਕੇ ਨੂੰ ਪ੍ਰੇਰਿਆ।

ਬਚੋ ਜਹਾਜ਼ੀ ਬਾਬਿਆਂ ਤੋਂ

ਪ੍ਰਦੇਸਾਂ ‘ਚ ਵਸਦੇ ਪ੍ਰਵਾਸੀ ਹੋਣ ਦਾ ਦਰਦ ਹੰਢਾਉਂਦੇ ਲੋਕ, ਜਦੋਂ ਵੀ ਪੰਜਾਬ ਰਹਿੰਦੇ ਆਪਣੇ ਸਕੇ-ਸੋਧਰਿਆਂ ਨਾਲ ਫੋਨ ਮਿਲਾਉਂਦੇ ਹਨ ਤਾਂ ਅੱਗੇ ਤੋਂ ਉਨ੍ਹਾਂ ਵਲੋਂ ਰਾਜੀ ਖੁਸ਼ੀ ਪੁੱਛਣ ਤੋਂ ਬਾਅਦ, ਅਗਲਾ ਸਵਾਲ ਅਕਸਰ ਇਹੀ ਹੁੰਦਾ ਹੈ - ‘‘ਹੁਣ ਤੂੰ ਸਾਨੂੰ ਮਿਲਣ ਕਦੋਂ ਆ ਰਿਹੈਂ?’’ ਦੇਸ਼ ਵਸਦੇ ਭੈਣਾਂ-ਭਰਾਵਾਂ ਜਾਂ ਹੋਰ ਦੂਜੇ ਰਿਸ਼ਤੇਦਾਰਾਂ ਵਲੋਂ ਕੀਤੇ ਜਾਂਦੇ ਇਸ ਸਵਾਲ ਪਿੱਛੇ ਭਾਵੇਂ ਕਈ ਤਰ੍ਹਾਂ ਦੀਆਂ ‘ਹੋਰ ਲਾਲਸਾਵਾਂ’ ਵੀ ਛੁਪੀਆਂ ਹੁੰਦੀਆਂ ਹਨ, ਪਰ ਫਿਰ ਵੀ ਉਨ੍ਹਾਂ ਦੇ ਦਿਲੀ ਮੋਹ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੁੰਦਾ। ਇਸੇ ਤਰ੍ਹਾਂ ਬਲਾਚੌਰ ਲਾਗੇ ਦੇ ਇਕ ਪਿੰਡ ਵਿਚ ਵਿਆਹੀ ਮੇਰੀ ਭੈਣ, ਬੜੇ ਹੀ ਵਜਦ ਵਿਚ ਆ ਕੇ, ਬੀਤੇ ਬਚਪਨ ਦੀਆਂ ਯਾਦਾਂ ਦੁਆਉਂਦਿਆਂ ‘ਹੁਕਮ ਦੇਣ’ ਵਰਗੇ ਲਹਿਜ਼ੇ ‘ਚ ਮੈਨੂੰ ਆਖਣ ਲੱਗੀ - ‘‘ਮੈਨੂੰ ਨੀਂ ਪਤਾ, ਬੱਸ ਤੂੰ ਆ ਕੇ ਸਾਨੂੰ ਮਿਲ ਜਾ!’’ ਮੈਂ ਹਾਲੇ ਇਧਰਲੀਆਂ ਮਜਬੂਰੀਆਂ ਗਿਣਾਉਣ ਹੀ ਲੱਗਾ ਸਾਂ, ਕਿ ਉਸ ਨੇ ਇਕ ਬੜੀ ਵਜ਼ਨਦਾਰ ਉਦਾਹਰਣ ਦਿੰਦਿਆਂ ਕਿਹਾ, ‘‘ਆਹ ਸਾਡੇ ਲਾਗੇ ਦਾ ਫਲਾਣਾ ਸੂੰਹ ਸੰਤ, ਅਮਰੀਕਾ ‘ਚ ਈ ਰਹਿੰਦਾ ਐ, ਹਰ ਦੂਏ ਤੀਏ ਮਹੀਨੇ ਐਥੇ ਫਿਰਦਾ ਹੁੰਦੈ, ਤੁਹਾਨੂੰ ਪਤਾ ਨਹੀਂ ਕਿਹੜੇ ਕਾਮਣ ਪਏ ਰਹਿੰਦੇ ਐ!’’ ਉਸਦਾ ਇਹ ਮਿੱਠਾ ਨਿਹੋਰਾ ਸੁਣ ਕੇ ਛਿੱਥਾ ਜਿਹਾ ਪੈਂਦਿਆਂ ਭਾਵੇਂ ਮੈਂ ‘ਕੋਈ ਹੋਰ ਗੱਲ ਸੁਣਾ ਭੈਣ!’ ਕਹਿ ਕੇ ਟਾਲਾ-ਵਾਲਾ ਕਰ ਦਿੱਤਾ, ਪਰ ਮੇਰਾ ਦਿਲ ਕਰੇ ਭੈਣ ਨੂੰ ਦਸਾਂ- ‘ਭੈਣ ਮੇਰੀਏ, ਤੇਰਾ ਭਰਾ ਮਿਹਨਤ-ਮੁਸ਼ੱਕਤ ਕਰਕੇ ਇਥੇ ਆਪਣੀ ਰੋਟੀ-ਰੋਜ਼ੀ ਚਲਾ ਰਿਹਾ ਹੈ- ਉਹ ਇਥੇ ‘ਕਮਾਏਗੀ ਦੁਨੀਆਂ, ਖਾਏਂਗੇ ਹਮ’ ਜਾਂ ‘ਘਿਉ ਖਾਉ ਸ਼ੱਕਰ ਸੇ, ਦੁਨੀਆਂ ਲੂਟੋ ਮਕਰ ਸੇ’ ਦਾ ਧੰਦਾ ਨਹੀਂ ਕਰਦਾ! ਉਹ ਰਾਤਾਂ ਝਾਗ ਕੇ ਮਿਲੇ ਚੈੱਕ ਨਾਲ ਜੀਵਨ-ਬਸਰ ਕਰ ਰਿਹਾ ਹੈ ਨਾ ਕਿ ਸਾਧਾਂ ਵਾਂਗ ਸੰਗਤਾਂ ਦੇ ਚੜ੍ਹਾਵੇ ਨਾਲ!!’’

ਮਲਕ ਜੀ, ਪਿੰਡ ਨੂੰ ਆਇਉ ਪਲੀਜ਼!

ਭੁੱਖ ਨੂੰ ਮੌਤ ਨਾਲੋਂ ਵੀ ਬੁਰੀ ਦੱਸਿਆ ਗਿਆ ਹੈ। ਜਿਸ ਵੀ ਸਿਆਣੇ ਨੇ ਇਸ ਕਹਾਵਤ ਦਾ ਮੁੱਢ ਬੰਨ੍ਹਿਆ ਹੋਵੇਗਾ, ਉਸ ਦੇ ਸਾਹਮਣੇ ਸ਼ਾਇਦ ਇਹ ਹੀ ਨੁਕਤਾ ਆਇਆ ਹੋਊ ਕਿ ਭੁੱਖ, ਮੌਤ ਨਾਲੋਂ ਇਸ ਲਈ ਭੈੜੀ ਹੈ ਕਿ ਮੌਤ ਤਾਂ ਸਿਰਫ ਤੇ ਸਿਰਫ ਇਕ ਵਾਰ ਹੀ ਆਉਂਦੀ ਹੈ। ਪਰ ਚੰਦਰੀ ਭੁੱਖ, ਅਖੇ ਰਾਤੀਂ ਸੁੱਤੇ ਖਾਇ ਕੇ ਸਵੇਰੇ ਆਣ ਖੜ੍ਹੀ!… ਹਰ ਦੋ ਚਹੁੰ ਘੰਟਿਆਂ ਬਾਅਦ ਦੀਦਾਰੇ ਦੇ ਦਿੰਦੀ ਹੈ, ਪਰ ਇਹ ਕਹਾਵਤ ਪੂਰੀ ਤਰ੍ਹਾਂ ਸਹੀਂ ਨਹੀਂ ਜਾਪਦੀ। ਮਸਲਨ ਜੇ ਕਿਸੇ ਨੂੰ ਇਕ ਦਿਨ ਦੀ ਭੁੱਖ ਜਾਂ ਮੌਤ ਵਿਚੋਂ ਇਕ ਨੂੰ ਚੁਣਨ ਲਈ ਕਿਹਾ ਜਾਵੇ ਤਾਂ ਮੋਹਰਿਉਂ ਜਵਾਬ ਇਹੀ ਮਿਲੇਗਾ- ‘ਭੁੱਖ ਬੇਸ਼ੱਕ ਦੋ ਦਿਨ ਦੀ ਦੇ ਦਿਉ ਪਰ ਮੌਤ ਨਹੀਂ ਚਾਹੀਦੀ। ਇਕ ਵਿਦਵਾਨ ਨੇ ਮੌਤ ਅਤੇ ਨੀਂਦ ਦੀ ਡੈਫੀਨੇਸ਼ਨ ਵਜੋਂ ਆਖਿਆ ਹੈ ਕਿ ਮੌਤ ਇਕ ਲੰਬੀ ਨੀਂਦ ਹੈ ਅਤੇ ਨੀਂਦ, ਇਕ ਛੋਟੀ ਮੌਤ। ਤਾਂ ਵੀ ਨੀਂਦ ਦੇ ਨਜ਼ਾਰਿਆਂ ਨਾਲ, ਮੌਤ ਦੀ ਭਿਆਨਕਤਾ ਜਾਂ ਕਰੂਰਤਾ ਨਾਲ ਕੋਈ ਮੇਲ ਨਹੀਂ। ਨੀਂਦ ਆਪਣੀ ਥਾਂ, ਮੌਤ ਆਪਣੀ ਥਾਂ! ਕਿਉਂਕਿ ‘ਸੌ ਹੱਥ ਰੱਸਾ ਸਿਰੇ ‘ਤੇ ਗੰਢ’ ਵਾਂਗ ਦੁਨੀਆਂ ਦੀ ਹਰ ਸ਼ੈਅ ਦਾ ਅੰਤ ਜਾਂ ਮੌਤ ਨਿਸ਼ਚਿਤ ਹੈ ਅਤੇ ਇਹ ਵੀ ਤ੍ਰੈ-ਕਾਲ ਅਟੱਲ ਹੈ ਕਿ ਦੁਕਾਨ ‘ਤੇ ਗਾਹਕ ਦੇ ਆਉਣ ਵਾਂਗ ਇਸ ‘ਅੰਤ-ਕਾਲ’ ਨੇ ਪਤਾ ਨਹੀਂ ਕਿਹੜੇ ਵੇਲੇ ‘ਹਾਏ’ ਆਖ ਦੇਣਾ ਹੈ।

ਪੰਜ ਪੁੱਤਰਾਂ ਦੀ ਮਾਂ ਦੀਆਂ ਗੱਲਾਂ

ਇਹ ਕਿਤਾਬ ਰਾਮ ਦੀ ਹੈ।
ਇਹ ਹੀ ਕਿਤਾਬ ਰਾਮ ਦੀ ਹੈ।
ਇਹ ਕਿਤਾਬ ਹੀ ਰਾਮ ਦੀ ਹੈ।
ਇਹ ਕਿਤਾਬ ਰਾਮ ਦੀ ਹੀ ਹੈ।

ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਵਲੋਂ ਬਲੈਕ-ਬੋਰਡ ਉਪਰ ਲਿਖੇ ਗਏ ਇਹ ਉਹ ‘ਚਾਰ ਫਿਕਰੇ’ ਹਨ, ਜਿਨ੍ਹਾਂ ਤੋਂ ਸਾਨੂੰ ਸੱਤਾਂ ਸਾਲਾਂ ਤੋਂ ਪੰਜਾਬੀ ਪੜ੍ਹਦਿਆਂ ਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਕਿਸੇ ਭਾਸ਼ਾ ਵਿਚ ਵਿਆਕਰਣ ਦਾ ਕੀ ਮਹੱਤਵ ਹੁੰਦਾ ਹੈ। ਛੇਵੀਂ ਜਮਾਤ ਵਿਚ ਲੱਗੀ ਵਿਆਕਰਣ ਦੀ ਕਿਤਾਬ ਨੂੰ ਅਸੀਂ ‘ਵਿਆਹ-ਕਰਣ ਹੀ ਬੋਲੀ ਗਏ। ਸੱਤਵੀਂ ਵਿਚ ਚੜ੍ਹ ਕੇ ਵੀ ਅਸੀਂ ‘ਪੰਜਾਬੀ ਵਿਆਕਰਣ’ ਵਾਲੀ ਪੁਸਤਿਕਾ ਨੂੰ ਉਸ ਵੇਲੇ ਤੱਕ ‘ਐਵੇਂ ਵਾਧੂ’ ਹੀ ਸਮਝਦੇ ਰਹੇ, ਜਦੋਂ ਤੱਕ ਮਾਸਟਰ ਗੁਰਮੀਤ ਸਿੰਘ ਸਾਡੇ ਸਕੂਲ ‘ਚ ਨਹੀਂ ਸੀ ਆਇਆ। ਧੁਰ ਅੰਦਰੋਂ ਖੁੱਭ ਕੇ ਪੜ੍ਹਾਈ ਕਰਾਉਣ ਵਾਲਾ ਇਹ ਸ਼ੁੱਧ ਮਲਵਈ ਅਧਿਆਪਕ, ਸਾਨੂੰ ਦੁਆਬੀਆਂ ਨੂੰ ਕਿਵੇਂ ਨਸੀਬ ਹੋ ਗਿਆ?

ਤੇਰਾ ਕੁੱਤਾ ਯਾਹੂ ਡਾਟ ਕਾਮ!’’

ਬਾਮਸ ਫੁਲਰ ਨਾਮ ਦੇ ਇਕ ਚਿੰਤਕ ਦਾ ਕਥਨ ਹੈ ਕਿ ਜਿਸਦਾ ਜਨਮ ਫਾਂਸੀ ਲੱਗਣ ਲਈ ਹੋਇਆ ਹੈ, ਉਸਦੀ ਮੌਤ ਪਾਣੀ ‘ਚ ਡੁੱਬਣ ਨਾਲ ਨਹੀਂ ਹੋ ਸਕਦੀ। ਇਸ ਕਥਨ ਨੂੰ ਅਸੀਂ ਉਲਟਾ ਕਰਕੇ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਸਦੀ ਕਿਸਮਤ ਵਿਚ ਪਾਣੀ ‘ਚ ਡੁੱਬ ਮਰਨਾ ਹੀ ਲਿਖਿਆ ਹੋਇਆ ਹੋਵੇ, ਉਹ ਬਹਾਦਰਾਂ ਵਾਂਗ ਫਾਂਸੀ ਦੇ ਤਖਤੇ ‘ਤੇ ਨਹੀਂ ਚੜ੍ਹ ਸਕਦਾ। ਬੇ-ਸ਼ੱਕ ਇੰਜ ਵੀ ਆਖਿਆ ਜਾਂਦਾ ਹੈ ਕਿ ਬੰਦਾ ਆਪਣੀ ਕਿਸਮਤ ਆਪ ਘੜਦਾ ਹੈ। ਪਰ ਇਸ ਕੈਟਾਗਰੀ ਵਿਚ ਬਹੁਤ ਵਿਰਲੇ ਬੰਦੇ ਹੀ ਆਉਂਦੇ ਹਨ। ਬਹੁ-ਗਿਣਤੀ ਐਸੇ ਲੋਕਾਂ ਦੀ ਹੁੰਦੀ ਹੈ, ਜਿਨ੍ਹਾਂ ਉੱਪਰ ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’ ਵਾਲੀ ਅਖਾਉਤ ਪੂਰੀ ਢੁਕਦੀ ਹੈ। ਸੂਫੀ ਸੰਤ ਸੁਲਤਾਨ ਬਾਹੂ ਨੇ ਇਸ ਪ੍ਰਥਾਇ ਬੜਾ ਈ ਸ਼ਾਨਦਾਰ ਇਕ ‘ਦੋਹਰਾ’ ਲਿਖਿਆ ਹੋਇਐ, ਜਿਸਦਾ ਅਰਥ-ਭਾਵ ਹੈ ਕਿ ਤੁੰਮੇ ਦੀ ਵੇਲ ਦੀਆਂ ਜੜ੍ਹਾਂ ਵਿਚ ਜੇ ਸ਼ਹਿਦ ਡੋਲ ਦੇਈਏ ਤਾਂ ਵੀ ਉਸ ਵੇਲ ਨੂੰ ਲੱਗਣ ਵਾਲੇ ਤੁੰਮੇ ਮਿੱਠੇ ਨਹੀਂ ਹੋ ਸਕਦੇ। ਖਾਰੇ ਪਾਣੀਆਂ ਵਾਲੇ ਖੂਹਾਂ ਵਿਚ ਭਾਵੇਂ ਸੌ ਮਣਾਂ ਖੰਡ ਸੁੱਟ ਦੇਈਏ, ਤਾਂ ਵੀ ਉਸ ਪਾਣੀ ਦਾ ਖਾਰਾ-ਪਣ ਦੂਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਨਿੰਮ ਦੇ ਦਰਖਤ ਦੇ ਜੜ੍ਹੀਂ ਅੰਮ੍ਰਿਤ ਚੁਆ ਦੇਈਏ, ਫਿਰ ਵੀ ਨਿੰਮ ਦੀ ਕੁੜੱਤਣ ਦੂਰ ਨਹੀਂ ਹੁੰਦੀ।

ਹੁਣ ਖਾਹ ਛਿੱਤਰ

ਆਪਣੀ ਮਾਂ-ਬੋਲੀ ਦੀ ਅਮੀਰੀ ਦੇਖੋ ਜ਼ਰਾ ਮੂੰਹ ਥਾਣੀਂ ਖਾਧੀਆਂ ਜਾਣ ਵਾਲੀਆਂ ਵੱਖ-ਵੱਖ ਵਸਤਾਂ ਦੇ ਸੇਵਨ ਕਰਨ ਦੇ ਢੰਗ-ਤਰੀਕਿਆਂ ਦੇ ਨਾਂ ਵੀ ਅਲੱਗ-ਅਲੱਗ ਹਨ। ਮੋਟੇ ਤੌਰ ‘ਤੇ ਭਾਵੇਂ ‘ਖਾਣਾ’ ਜਾਂ ‘ਪੀਣਾ’ ਕਿਹਾ ਜਾਂਦਾ ਹੈ, ਪਰ ਇਨ੍ਹਾਂ ਦੋਹਾਂ ਲਫਜ਼ਾਂ ਤੋਂ ਇਲਾਵਾ ਹੋਰ ਵੰਨਗੀਆਂ ਦੇਖੋ-ਅੰਬ ਜਾਂ ਗੰਨੇ ਨੂੰ ਚੂਪਣਾ ਕਹੀਦੈ। ਭੁੱਜੇ ਹੋਏ ਦਾਣਿਆਂ ਨੂੰ ਚੱਬਣਾ, ਕਿਸੇ ਤਰਲ ਪਦਾਰਥ ਨੂੰ ਹੌਲੀ ਹੌਲੀ ਪੀਣਾ ਹੋਵੇ ਤਾਂ ਘੁੱਟਾ-ਵੱਟੀ, ਲਗਾਤਾਰ ਪੀਣਾ ਹੋਵੇ ਤਾਂ ਚੀਂਡ ਲਾ ਕੇ ਪੀਣਾ ਆਖਿਆ ਜਾਂਦੈ। ਸੂਪ ਵਰਗੇ ਗਾੜ੍ਹੇ ਤਰਲ ਪਦਾਰਥ ਨੂੰ ਸੜੂਪੇ ਭਰਨੇ ਅਤੇ ਕਈ ਚੀਜ਼ਾਂ ਨੂੰ ਥਿਆਲੀ ‘ਤੇ ਰੱਖ ਕੇ ਚੱਟਣਾਂ ਆਖੀਦੈ। ਦਵਾਈ ਦੀਆਂ ਗੋਲੀਆਂ ਨੂੰ ਸਬੂਤਾ ਨਿਗਲਣਾ ਕਿਹਾ ਜਾਂਦੈ। ਮਲੱਠੀ ਜਾਂ ਚਿੰਗਮ ਨੂੰ ਚਿੱਥਣਾ ਜਾਂ ਜਗੋਲ਼ਣਾ ਕਿਹਾ ਜਾਂਦੈ। ਜੇ ਕੋਈ ਪੀਣ ਵਾਲੀ ਚੀਜ਼ ਨੂੰ ਬਹੁਤੀ ਮਾਤਰਾ ਵਿਚ ਪੀ ਲਵੇ, ਤਾਂ ਵਿਅੰਗ ਨਾਲ ਉਸ ਨੂੰ ‘ਡੀਕ ਗਿਆ’ ਜਾਂ ‘ਡਕਾਰ ਗਿਆ’ ਦਾ ਨਾਂ ਦਿੱਤਾ ਜਾਂਦਾ ਹੈ। ਭੁੱਜੀ ਹੋਈ ਛੱਲੀ ਨੂੰ ਆਮ ਕਰਕੇ ਚੱਬਣਾ ਕਹਿੰਦੇ ਨੇ, ਪਰ ਜੇ ਛੱਲੀ ਦੋਧਾ ਹੋਵੇ ਤਾਂ ਉਸਨੂੰ ‘ਚਰੂੰਡਣਾ’ ਆਖਿਆ ਜਾਂਦਾ ਹੈ। ਕਈ ਬਰੀਕ ਵਸਤਾਂ ਨੂੰ ਖਾਣ ਲਈ ‘ਫੱਕਾ ਮਾਰਨਾ’ ਕਹੀਦਾ ਹੈ। ਜੇ ਕੋਈ ਪੇਟੂ ਵਿਅਕਤੀ ਵਾਧੂ ਰੋਟੀਆਂ ਖਾ ਲਵੇ ਤਾਂ ਗੁੱਸੇ ਅਤੇ ਵਿਅੰਗ ਦੇ ਰਲਵੇਂ-ਮਿਲਵੇਂ ਅਰਥਾਂ ‘ਚ ‘ਤੁੰਨ ਲਈਆਂ’ ਜਾਂ ‘ਚਿਣ ਲਈਆਂ’ ਵੀ ਕਹਿ ਦਿੱਤਾ ਜਾਂਦਾ ਹੈ। ਦੋ ਲਫਜ਼ ਹੋਰ ਬੜੇ ‘ਪਿਆਰੇ’ ਨੇ ਜੋ ਅਕਸਰ ਸ਼ਰਾਬ ਪੀਣ ਵਾਲਿਆਂ ਲਈ ਵਰਤੇ ਜਾਂਦੇ ਨੇ, ਪੂਰੀ ਬੋਤਲ ਚੜ੍ਹਾ ਗਿਆ ਜਾਂ ਡੱਫ ਗਿਆ।

ਕੁੜੀ ਮਾਰ

ਬਰਸਾਤਾਂ ਦੇ ਮੌਸਮ ਵਿਚ ਆਲੇ ਦੁਆਲੇ ਫਸਲਾਂ ਹੋਣ ਕਾਰਨ ਸਾਡੇ ਘਰ ਦੇ ਬਾਹਰ ਖੁੱਲ੍ਹੇ ਵਿਹੜੇ ਵਿਚ ਸੱਪ ਬਹੁਤ ਆ ਜਾਂਦੇ ਸਨ। ਦਿਖਾਈ ਦਿੰਦਿਆਂ ਸਾਰ ਅਸੀਂ ‘ਸੱਪ ਉਏ-ਸੱਪ ਉਏ’ ਕਰਦਿਆਂ ਅਸਮਾਨ ਸਿਰ ‘ਤੇ ਚੁੱਕ ਲੈਣਾ। ਆਪਣੇ ਗੁਵਾਂਢ ‘ਚ ਰਹਿੰਦੇ ਚੌਧਰੀ ਨੂੰ ਅਸੀਂ ਝੱਟ ਵਾਜਾਂ ਮਾਰਨੀਆਂ- “ਵੀਰਾ, ਲਾਠੀ ਲੈ ਕੇ ਆਈਂ ਛੇਤੀ, ਸਾਡੇ ਵਿਹੜੇ ਵਿਚ ਸੱਪ ਫਿਰਦਾ ਐ!’’ ਅੱਗਿਉਂ ਉਸਨੇ ‘ਲੈ ਮੈਂ ਆਇਆ’ ਕਹਿ ਕੇ, ਸੱਪ ਦਾ ਧਿਆਨ ਰੱਖਣ ਲਈ ਸਾਨੂੰ ਅਲਰਟ ਕਰ ਦੇਣਾ, ਪਰ ਚੌਧਰੀ ਦੇ ਆਉਣ ਤੋਂ ਪਹਿਲਾਂ ਹੀ ਸਾਡਾ ਰੌਲਾ ਸੁਣ ਕੇ ਹੋਰ ਲਾਗ-ਪਾਸ ਦੇ ਗੁਆਂਢੀਆਂ ਨੇ ਲਾਠੀਆਂ ਚੁੱਕੀ ਸਾਡੇ ਵਿਹੜੇ ਪਹੁੰਚ ਜਾਣਾ। ਉਨ੍ਹਾਂ ਵਲੋਂ ਸੱਪ ਮਾਰੇ ਜਾਣ ਤੇ ਬਾਅਦ ਚੌਧਰੀ ਨੇ ਹੱਥਾਂ ਨੂੰ ਥੁੱਕ ਲਾ ਲਾ ਡਾਂਗ ਉਲਾਰਦਿਆਂ ‘ਹਟੋ ਪਰੇ….ਕਿੱਥੇ ਆ ਸੱਪ?’ ਕਹਿੰਦੇ ਨੇ ਭੱਜਿਆ ਆਉਣਾ। ਵਿਸੁ ਘੋਲ ਰਹੇ ਅਧਮੋਏ ਸੱਪ ਦੀ ਪੂਛ ਉੱਪਰ ਜ਼ੋਰ ਜ਼ੋਰ ਕੇ ਲਾਠੀਆਂ ਮਾਰਦਿਆਂ ਉਸ ਨੇ ਉੱਚੀ ਉੱਚੀ ਆਖੀ ਜਾਣਾ- “ਹਾਲੇ ਨੀਂ ਮਰਿਆ-ਹਾਲੇ ਨੀਂ ਮਰਿਆ।’’

ਇਵੇਂ ਹੀ ਜਦੋਂ ਰੇਡੀਉ ‘ਔਨ’ ਹੁੰਦਾ ਸੀ

ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ ਹਨੇਰੀ ਦੀ ਤੇਜੀ ਵਾਂਗ ਆਈ ਤਰੱਕੀ ਕਰਕੇ, ਭਾਵੇਂ ਟੀ.ਵੀ, ਵੀ.ਸੀ.ਆਰ. ਅਤੇ ਵੀਡੀਓ ਵਗੈਰਾ ਸਾਡਾ ਲੱਖ ਮਨੋਰੰਜਨ ਕਰ ਰਹੇ ਹੋਣ, ਪਰ ਮੇਰੀ ਪੀੜੀ ਦੇ ਬਹੁਤ ਸਾਰੇ ਲੋਕ ਐਸੇ ਹੋਣਗੇ, ਜਿਨ੍ਹਾਂ ਨੂੰ ਹਾਲੇ ਵੀ ਰੇਡੀਉ ਨਾਲ ਮੋਹ ਹੈ। ਜਿਹੜੇ ਸੂਝਵਾਨ ਸੱਜਣ ਗੀਤ-ਸੰਗੀਤ ਨੂੰ ਅੱਖਾਂ ਦੀ ਥਾਂ ਕੰਨਾਂ ਦਾ ਵਿਸ਼ਾ ਜਾਣਦੇ ਜਾਂ ਮੰਨਦੇ ਹਨ, ਉਹ ਵੀ ਕਦੇ ਰੇਡੀਉ ਨੂੰ ਨਹੀਂ ਭੁਲਾ ਸਕਦੇ। ਰੇਡੀਉ ਦੀ ਸਰਦਾਰੀ ਦੇ ਦਿਨਾਂ ਵਿਚ ਆਮ ਲੋਕ ਇਸ ਨੂੰ ਘਰ ਦੇ ਇਕ ਮੈਂਬਰ ਵਾਂਗ ਹੀ ਸਮਝਦੇ ਹੁੰਦੇ ਸਨ। ਜਿਵੇਂ ਘਰ ਦੇ ਕਿਸੇ ਜੀਅ ਨੂੰ ਗੱਲ ਕਰਦਿਆਂ ਅਣ-ਸੁਣਿਆ ਜਾਂ ਅਣ-ਗੋਲਿਆ ਨਹੀਂ ਸੀ ਕੀਤਾ ਜਾਂਦਾ, ਇਵੇਂ ਹੀ ਜਦੋਂ ਰੇਡੀਉ ‘ਔਨ’ ਹੁੰਦਾ ਸੀ ਤਾਂ ਉਸ ਨੂੰ ਗਹੁ ਨਾਲ ਸੁਣਿਆ ਜਾਂਦਾ ਸੀ। ਖਾਸ ਕਰਕੇ ਰੇਡੀਉ ਤੋਂ ਪ੍ਰਸਾਰਿਤ ਹੁੰਦੀਆਂ ਖਬਰਾਂ ਨੂੰ ਤਾਂ ਸਾਹ ਰੋਕ ਕੇ ਸੁਣਿਆ ਜਾਂਦਾ ਸੀ। ਇਸ ਵਿਚਾਰ-ਲੜੀ ਨੂੰ ਹੋਰ ਅੱਗੇ ਤੋਰਨ ਤੋਂ ਪਹਿਲਾਂ ਇਕ ਲਤੀਫਾ-ਨੁਮਾ ਮਿੰਨੀ ਕਹਾਣੀ ਸੁਣਾ ਰਿਹਾ ਹਾਂ, ਤਾਂ ਕਿ ਇਸ ਵਿਸ਼ੇ ਦੀਆਂ ਗੋਹਜ ਭਰੀਆਂ ਤੰਦਾਂ ਨੂੰ ਸਮਝਿਆ ਜਾ ਸਕੇ। ਕਹਾਣੀ ਇਉਂ ਹੈ-

ਸਿੱਖ ਪਰਿਵਾਰ ਦੇ ਪੁੱਤਰ

ਹਥਲੀ ਲਿਖਤ ਪੜ੍ਹਨ ਤੋਂ ਬਾਅਦ, ਪਾਠਕ ਸਾਹਿਬਾਨ ਦੀ ਕਿਸੇ ਸੰਭਾਵੀ ‘ਟਿੱਚਰ’ ਦਾ ਸਮਾਧਾਨ, ਪਹਿਲੋਂ ਹੀ ਮੈਂ ਰਮਾਇਣ ਦੇ ਇਕ ਪ੍ਰਸੰਗ ਨਾਲ ਕਰਨਾ ਚਾਹੁੰਦਾ ਹਾਂ, ਤਾਂ ਕਿ ਇਹ ਨਾ ਹੋਵੇ ਕਿ ਮੇਰੇ ਦੋਸਤ ਮੇਰੇ ‘ਤੇ ਵਿਅੰਗ ਕੱਸਣ ਕਿ ਮੈਂ ਹਲਦੀ ਦੀ ਇਕ-ਅਧ ਗੱਠੀ ਲੱਭ ਪੈਣ ‘ਤੇ ਪੰਸਾਰੀ ਬਣਿਆਂ ਹੋਣ ਦਾ ਭਰਮ ਪਾਲ ਰਿਹਾ ਹਾਂ। ਜਦਕਿ ਅਸਲੀਅਤ ਇਹ ਹੈ ਕਿ ਮੈਂ ਹਲਦੀ ਦੀ ਕੋਈ ‘ਗੱਠੀ’ ਲੱਭ ਪੈਣ ਦਾ ਦਾਅਵਾ ਵੀ ਨਹੀਂ ਕਰਦਾ। ਉਪਕਾਰਾਂ ਦੀ ਗੰਗਾ ਵਗਾਉਣ ਵਾਲਿਆਂ ਮੋਹਰੇ, ਤ੍ਰੇਲ-ਤੁਪਕੇ ਜਿੰਨਾ ਪਾਣੀ ਕਿਸੇ ਦੇ ਮੂੰਹ ‘ਚ ਪਾਉਣ ਵਾਲੇ ਦੀ ਕੀ ਔਕਾਤ ਹੋ ਸਕਦੀ ਹੈ? ਪਰ ਹਾਂ ਕਿਸੇ ਦੇ ਹਿਰਦੇ ਦੀਆਂ ਡੂੰਘਾਈਆਂ ‘ਚੋਂ ਨਿਕਲ ਰਹੀਆਂ ਅਸੀਸਾਂ ਦੁਆਵਾਂ ਸੁਣ ਕੇ ਫਖ਼ਰ ਜਿਹਾ ਜ਼ਰੂਰ ਹੁੰਦਾ ਹੈ। ਇਸੇ ਫਖ਼ਰ ਵਿਚੋਂ ਭਵਿੱਖ ਲਈ ਕੁਝ ਹੋਰ ਕਰ ਗੁਜ਼ਰਨ ਦੀ ਤਮੰਨਾ ਪੈਦਾ ਹੁੰਦੀ ਹੈ। ਸੁਣਿਆ ਹੈ ਕਿ ਜਦੋਂ ਰਾਵਣ ਦੇ ਬਾਗ ਦੀ ਕੈਦ ਵਿਚੋਂ ਮਾਤਾ ਸੀਤਾ ਨੂੰ ਵਾਪਸ ਲੈ ਆਉਣ ਲਈ, ਭਗਵਾਨ ਰਾਮ ਆਪਣੀ ਵਾਨਰ-ਸੈਨਾ ਦੀ ਮਦਦ ਨਾਲ, ਲੰਕਾ ਵਲ ਵਧਣ ਲਈ ਸਮੁੰਦਰ ‘ਤੇ ਪੁਲ ਤਿਆਰ ਕਰ ਰਹੇ ਸਨ, ਤਾਂ ਉੱਥੇ ਇਕ ਗੁਲਹਿਰੀ ਵੀ ‘ਕਾਰ-ਸੇਵਾ’ ਵਿਚ ਹਿੱਸਾ ਪਾ ਰਹੀ ਸੀ। ਹੋਰ ਸਾਰੇ ਨਰ-ਨਾਰੀ ਜਿੱਥੇ ਵੱਡੇ ਪੱਥਰ ਆਦਿਕ ਚੁੱਕ ਚੁੱਕ ਕੇ ਬੀੜ ਰਹੇ ਸਨ, ਉੱਥੇ ਗੁਲਹਿਰੀ ਵਿਚਾਰੀ ਪਹਿਲਾਂ ਦੌੜ ਕੇ ਪਾਣੀ ‘ਚ ਵੜ ਕੇ ਆਪਣੇ ਆਪ ਨੂੰ ਭਿਉਂਦੀ। ਫਿਰ ਆਪਣੇ ਸਰੀਰ ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਲਿਬੇੜਦੀ। ਭੱਜ ਕੇ ਪੁਲ ਵਾਲੀ ਜਗ੍ਹਾ ਪਹੁੰਚ ਕੇ ਸਰੀਰ ਨੂੰ ਛੰਡ ਕੇ ਆਪਣੇ ਨਾਲ ਲੱਗੀ ਮਿੱਟੀ ਝਾੜ ਆਉਂਦੀ।

ਜੇ ਭਲਾ

ਨੇਪਾਲ ਦੇਸ਼ ਦੀ ਇਕ ਬੜੀ ਰੌਚਿਕ ਲੋਕ ਕਥਾ ਹੈ ਕਿ ਇਕ ਬੁੱਤ-ਘਾੜੇ ਨੇ ਬੁਢਾਪੇ ਦੀ ਉਮਰ ਵਿਚ, ਆਪਣੀ ਮੌਤ ਤੋਂ ਬਚਣ ਲਈ ਇਕ ਤਰਕੀਬ ਬਣਾਈ। ਉਸ ਨੇ ਹੂ-ਬ-ਹੂ ਆਪਣੇ ਚਿਹਰੇ-ਮੋਹਰੇ ਵਾਲੇ ਕਈ ਸਾਰੇ ਬੁੱਤ ਬਣਾ ਕੇ ਆਪਣੇ ਘਰ ਵਿਚ ਇਧਰ-ਉਧਰ ਟਿਕਾ ਦਿੱਤੇ। ਇਤਨੀ ਕਾਰੀਗਰੀ ਨਾਲ ਉਸ ਨੇ ਇਹ ਬੁੱਤ ਤਿਆਰ ਕੀਤੇ ਕਿ ਦੇਖਣ ਵਾਲਿਆਂ ਨੂੰ ਵੀ ਅਸਲ-ਨਕਲ ਦੀ ਪਹਿਚਾਣ ਨਾ ਰਹੀ। ਬੁੱਤ-ਘਾੜਾ ਜਦੋਂ ਕਿਤੇ ਇਨ੍ਹਾਂ ਬੁੱਤਾਂ ਵਿਚ ਟਿਕ ਕੇ ਬਹਿ ਜਾਂਦਾ ਤਾਂ ਉਸ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਜਾਂਦੀ। ਅਜਿਹਾ ਉਸ ਬੁੱਤ-ਘਾੜੇ ਨੇ ਇਹ ਸੋਚ ਕੇ ਕੀਤਾ ਸੀ ਕਿ ਜਦੋਂ ਮੌਤ ਦਾ ਫਰਿਸ਼ਤਾ ਉਸ ਨੂੰ ਲੈਣ ਆਵੇਗਾ ਤਾਂ ਉਹ ਵੀ ਸ਼ਸ਼ੋਪੰਜ ਵਿਚ ਪੈ ਜਾਏਗਾ ਕਿ ਇਨ੍ਹਾਂ ਵਿਚੋਂ ਮੈਂ ਕਿਸ ਨੂੰ ਲੈ ਕੇ ਜਾਵਾਂ? ਐਸਾ ਹੀ ਹੋਇਆ। ਜਦੋਂ ਬੁੱਤ-ਘਾੜੇ ਦਾ ਅੰਤ-ਕਾਲ ਆਇਆ, ਧਰਮ ਰਾਜ ਦੇ ਭੇਜੇ ਹੋਏ ਦੂਤ ਗੇੜਾ ਮਾਰ ਕੇ ਖਾਲੀ ਹੱਥੀਂ ਦਰਗਾਹ ‘ਚ ਜਾ ਪਹੁੰਚੇ। ਪੁੱਛਣ ‘ਤੇ ਉਨ੍ਹਾਂ ਧਰਮ ਰਾਜ ਨੂੰ ਪ੍ਰੇਸ਼ਾਨੀ ਦੱਸੀ ਕਿ ਉਥੇ ਤਾਂ ਕਈ ਬੁੱਤ-ਘਾੜੇ ਬੈਠੇ ਨੇ। ਅਸੀਂ ਕਿਸ ਨੂੰ ਲੈ ਕੇ ਆਈਏ? ਦੂਤਾਂ ਦੀ ਮੁਸ਼ਕਿਲ ਸੁਣ ਕੇ ਧਰਮ ਰਾਜ ਨੇ, ਅਸਲ ਬੁੱਤ-ਘਾੜਾ ਪਹਿਚਾਨਣ ਲਈ, ਉਨ੍ਹਾਂ ਨੂੰ ਇਕ ਸਕੀਮ ਦੱਸੀ। ਸਾਰੀ ਯੋਜਨਾ ਸਮਝਾ ਕੇ ਉਨ੍ਹਾਂ ਨੂੰ ਫਿਰ ਧਰਤੀ ‘ਤੇ ਭੇਜਿਆ ਗਿਆ।

ਮੁੜ ਵਤਨੀਂ ਮੈਂ ਆਇਆ ਹੂ!

ਤਕਰੀਬਨ ਵੀਹ-ਬਾਈ ਘੰਟਿਆਂ ਦਾ ਦਿਲ ਅਕਾਊ ਪੰਧ ਮੁਕਾ ਕੇ, ਦਿੱਲੀ ਦੇ ਹਵਾਈ ਅੱਡੇ ‘ਤੇ ਉਤਰਨ ਲੱਗਿਆਂ, ਜਦੋਂ ਜਹਾਜ਼ ਦੇ ਮੋਹਰਲੇ ਟਾਇਰ ਰੰਨ-ਵੇ ਦੀ ਸੜਕ ਨਾਲ ਲੱਗਦੇ ਹਨ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਭਾਰਤੀ ਸਵਾਰੀਆਂ ਦਾ ਪ੍ਰਤੀਨਿਧ ਬਣ ਕੇ ਇਹ ਜਹਾਜ ਦੇਸ਼ ਦੀ ਪੁਨ-ਭੂੰਮੀ ਨੂੰ ਨਤ-ਮਸਤਿਕ ਹੋ ਰਿਹਾ ਹੈ। ਕਈ ਸਵਾਰੀਆਂ ਆਪਣੇ ਕੰਨਾਂ ਨੂੰ ਛੂਹ ਕੇ ਅੱਖਾਂ ਮੁੰਦਣ ਲੱਗ ਪੈਂਦੀਆਂ ਨੇ। ਕੋਈ ਹੱਥ ਜੋੜ ਕੇ ਸਿਰ ਨਿਵਾਉਂਦਿਆਂ, ਮਨ ਹੀ ਮਨ ਆਪਣੇ ਇਸ਼ਟ ਦਾ ਧੰਨਵਾਦ ਕਰਦਾ ਹੈ। ਇਥੇ ਪਹੁੰਚ ਕੇ, ਪਾਇਲਟ-ਅਮਲੇ ਵਲੋਂ ਅਨਾਊਂਸ ਕੀਤੀਆਂ ਜਾ ਰਹੀਆਂ ਨਸੀਹਤ-ਨੁਮਾ ਹਦਾਇਤਾਂ ਨੂੰ ‘ਦੇਸੀ ਸਵਾਰੀਆਂ’ ਇਉਂ ਅਣਗੌਲਿਆ ਕਰਦੀਆਂ ਹਨ, ਜਿਵੇਂ ਕਿਤੇ ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ‘ਪੂਰਨ ਅਜ਼ਾਦੀ’ ਮਿਲ ਗਈ ਹੋਵੇ। ਏਅਰ-ਹੋਸਟੈਸਾਂ ਵਲੋਂ ਵਾਰ ਵਾਰ ਮਨ੍ਹਾਂ ਕਰਨ ਦੇ ਬਾਵਜੂਦ ਵੀ ਕਈ ਜਣੇ ਖਲੋ ਕੇ ਮੈੜ ਜਾਂ ਉਸਲਵੱਟੇ ਜਿਹੇ ਲੈਣ ਲੱਗ ਜਾਂਦੇ ਹਨ। ਕਈ ਆਪਣੇ ਹੈਂਡ-ਬੈਗ ‘ਸਭ ਤੋਂ ਪਹਿਲਾਂ’ ਲਾਹੁਣ ਲਈ ਕਾਹਲੇ ਪੈ ਜਾਂਦੇ ਹਨ।

ਜਿਊਂਦੀਆਂ ਜਾਗਦੀਆਂ ਚੁੜੇਲਾਂ ?

ਸ਼ਾਇਦ ਇਹ ਕਥਨ ਕਿਸੇ ਕਵੀ ਜਾਂ ਵਾਰਤਕ ਲੇਖਕ ਦਾ ਘੜਿਆ ਹੋਇਆ ਹੀ ਹੋਵੇਗਾ ਕਿ ਇਕ ਚਿੱਤਰ, ਚਾਲੀ ਹਜ਼ਾਰ ਸ਼ਬਦਾਂ ਦਾ ਨਿਚੋੜ ਹੁੰਦਾ ਹੈ। ਮਤਲਬ ਕਿ ਕਿਸੇ ਚਿੱਤਰਕਾਰ ਦੇ ਬਣਾਏ ਹੋਏ ਚਿੱਤਰ ਨੂੰ ਜੇ ਲਿਖਤ ਰਾਹੀਂ ਦਰਸਾਉਣਾ ਹੋਵੇ ਤਾਂ ਘੱਟੋ-ਘੱਟ ਚਾਲੀ ਹਜ਼ਾਰ ਸ਼ਬਦ ਲਿਖਣੇ ਪੈਣਗੇ। ਹੁਣ ਤੁਸੀਂ ਦੱਸੋ-ਪੇਂਡੂ ਘਰ ਦੇ ਖੁੱਲ੍ਹੇ-ਚਪੱਟ ਵਿਹੜੇ ਵਿਚ ਹਰੀ ਭਰੀ ਨਿੰਮ ਦਾ ਦਰਖ਼ਤ ਖੜ੍ਹਾ ਹੈ-ਗੂੜ੍ਹੀ ਛਾਂ ਹੇਠ ਇਧਰ-ਉਧਰ ਸਣ ਤੇ ਸੁਣੱਕੜੇ ਦੇ ਬੁਣੇ ਹੋਏ ਮੰਜੇ ਡੱਠੇ ਹੋਏ ਨੇ। ਨਿੰਮ ਉੱਪਰ ਵੱਖ ਵੱਖ ਤਰ੍ਹਾਂ ਦੇ ਪੰਛੀਆਂ ਨੇ ਰੌਣਕ ਲਾਈ ਹੋਈ ਐ-ਨਿੰਮ ਦੇ ਇਕ ਮੋਟੇ ਟਾਹਣ ਨਾਲ ਪੀਂਘ ਪਈ ਹੋਈ ਹੈ-ਕੁੜੀਆਂ ਆਪਸ ਵਿਚੀਂ ‘ਤੇਰੀ ਵਾਰੀ-ਮੇਰੀ ਵਾਰੀ’ ਕਰਦੀਆਂ ਹੋਈਆਂ ਲੜਦੀਆਂ ਝਗੜਦੀਆਂ ਇਕ ਦੂਜੀ ਤੋਂ ਪੀਂਘ ਦਾ ਰੱਸਾ ਖੋਹੀ ਜਾਂਦੀਆਂ ਹਨ - ਇਕ ਪਾਸੇ ਕੱਚੀ ਖੁਰਲ੍ਹੀ ਤੇ ਬੱਝੀਆਂ ਹੋਈਆਂ ਗਾਵਾਂ ਮੱਝਾਂ ਜੁਗਾਲੀ ਕਰ ਰਹੀਆਂ ਨੇ-ਉਨ੍ਹਾਂ ਦੇ ਕੱਟੇ-ਵੱਛੇ ਆਪਣੀਆਂ ਮਾਵਾਂ ਦੇ ਥਣਾਂ ਵਲ ਦੇਖ ਦੇਖ ਤੀਂਘੜ ਰਹੇ ਨੇ- ਪੱਛੋਂ ਦੀ ਪੌਣ ਰੁਮਕ ਰਹੀ ਹੈ - ਇਕ ਮੰਜੇ ‘ਤੇ ਆਪਣੀ ਮੌਜ ‘ਚ ਬੈਠੇ ਸਾਡੇ ਪਿਤਾ ਜੀ ਕੋਲ ਗੁਆਂਢੀ ਪਿੰਡ ਰਾਣੇਵਾਲ ਦਾ ਚਿੱਟੇ ਕੱਪੜਿਆਂ ਵਾਲਾ ਬਾਪੂ ਗੇਂਦਾ ਸਿੰਘ ਆ ਬੈਠਾ ਹੈ-ਅਸੀਂ ਸਾਰੇ ਭੈਣ-ਭਰਾ ਬਾਬੇ ਨੂੰ ‘ਸਾ-ਸਰੀ-ਕਾਲ’ ਬੁਲਾਉਣ ਲਈ ਭੱਜਦੇ ਹਾਂ’….ਐਸੇ ਮਾਹੌਲ ਦਾ ਦ੍ਰਿਸ਼-ਚਿਤਰਣ ਕਰਨ ਲਈ ਚਾਲੀ ਹਜ਼ਾਰ ਤਾਂ ਕੀ, ਅੱਸੀ ਹਜ਼ਾਰ ਸ਼ਬਦ ਵੀ ਥੋੜ੍ਹੇ ਹਨ!

ਦੈਂਤਾਂ ਦੇ ਦਲ ਵਿਚ ਦੇਵਤੇ?


ਸੰਨ ਉਨੀ ਸੌ ਪਚਾਸੀ-ਛਿਆਸੀ ਦਾ ਅਤਿ ਖਤਰਨਾਕ ਸਮਾਂ…ਪੰਜਾਬ ਵਿਚ ਚਾਰੋਂ ਤਰਫ ਮਾਰੋ-ਮਾਰੀ…ਕਦੇ ਕਿਤੇ ਪੁਲਿਸ ਮੁਕਾਬਲਾ ਕਦੇ ਕਿਤੇ…ਸਿੱਖ ਨੌਜਵਾਨਾਂ ਦਾ ਸਿ਼ਕਾਰ ਪੂਰੇ ਜ਼ੋਰਾਂ ‘ਤੇ…ਦਿਨ ਢਲਦਿਆਂ ਹੀ ਸ਼ਹਿਰ-ਬਾਜ਼ਾਰ ਸੁੰਨੇ ਸੁੰਨੇ…ਜੰਗਲ ਦਾ ਰਾਜ…ਕਿਸ ਨੂੰ ਕਿੱਥਿਉਂ ਫੜ ਕੇ, ਕਿੱਥੇ ਲੈ ਜਾ ਕੇ ਮੁਕਾਬਲੇ ‘ਚ ਮੁਕਾਉਣਾ ਹੈ?…ਕੋਈ ਪਤਾ ਨਹੀਂ!
ਪੁਲਿਸ ਅਤੇ ਸੁਰੱਖਿਆ ਬਲਾਂ ਤੋਂ ਸਾਰੇ ਪੰਜਾਬ ਵਾਸੀ ਭੈਅ-ਭੀਤ! ਐਹੋ ਜਿਹੇ ਕਲੀ-ਕਾਲ ਦੇ ਦਿਨੀਂ, ਫਿਲੌਰ ਦੇ ਬੱਸ ਅੱਡੇ ਵਿਚ ਪਈ ਸ਼ਾਮ ਦਾ ਇਕ ਦ੍ਰਿਸ਼…ਆਲੇ ਦੁਆਲੇ ਚਾਹ-ਦੁੱਧ ਦੀਆਂ ਦੁਕਾਨਾਂ, ਢਾਬੇ ਸਭ ਬੰਦ…ਮੂੰਗਫਲੀ ਦੀਆਂ ਰੇੜ੍ਹੀਆਂ ਵਾਲੇ ਵੀ ਕਦੋਂ ਦੇ ਆਪਣੇ ਆਪਣੇ ਘਰੀਂ ਜਾ ਚੁੱਕੇ ਨੇ…ਚਾਰ-ਚੁਫੇਰੇ ਕਾਂ ਨਾ ਕਵਿੱਤਰੀ…ਕਰਫਿਊ ਵਰਗੀ ਹਾਲਤ…ਇਧਰ ਉਧਰ ਜਾਣ ਵਾਲੀਆਂ ਆਖਰੀ, ਬੱਸਾਂ ਵੀ ਜਾ ਚੁੱਕੀਆਂ ਨੇ…ਸੁੰਨ-ਮਸਾਨ ਸੜਕ ਉਤੋਂ ਕਦੇ-ਕਦਾਈਂ ਕੋਈ ਵਾਹਨ ਗੁਜ਼ਰਦਾ… ਪਲ ਪਲ ਵਧਦੀ ਜਾਂਦੀ ਠੰਢ ਅਤੇ ਹੋ ਰਹੇ ਹਨੇਰੇ ਵਿਚ, ਕੱਛਾਂ ‘ਚ ਹੱਥ ਦੇਈ ਤਿੰਨ ਯਾਤਰੂ ਸਹਿਮੇ ਹੋਏ ਖੜ੍ਹੇ ਹਨ…ਇਕ, ਖੁੱਲ੍ਹੀ ਦਾਹੜੀ ਤੇ ਨੀਲੀ ਪੱਗ ਵਾਲਾ ਨੌਜਵਾਨ ਗੱਭਰੂ, ਦੂਸਰਾ, ਉਚੇ ਲੰਮੇ ਕੱਦ-ਕਾਠ ਵਾਲਾ ਵਿਦੇਸ਼ ਤੋਂ ਆਇਆ ਹੋਇਆ ਜਾਪਦਾ ਨਵਾਂ ਨਵਾਂ ਵਿਆਹਿਆ ਕਲੀਨ ਸ਼ੇਵ ਨੌਜਵਾਨ, ਨਾਲ ਖੜੀ ਉਸ ਦੀ ਨਵ-ਵਿਆਹੀ ਵਹੁਟੀ, ਜਿਸ ਨੇ ਗਲ ਵਿਚ ਤੇ ਕੰਨਾਂ ਵਿਚ ਸੋਨੇ ਦੇ ਮੋਟੇ ਮੋਟੇ ਗਹਿਣੇ ਪਾਏ ਹੋਏ ਹਨ…ਡੌਰ-ਭੌਰ ਹੋਏ ਤਿੰਨੋਂ ਜਣੇ ਐਧਰ-ਉਧਰ ਨੂੰ ਝਾਕ ਰਹੇ ਨੇ।

ਵਾਪਸ ਕਦੇ ਨਾ ਮੁੜਦੇ, ਤੀਰ ਕਮਾਨੋਂ ਬੋਲ ਜ਼ੁਬਾਨੋਂ!

“ਕਿੰਨੇ ਭਰਾ ਹੁੰਦੇ ਓ ਬਈ ਤੁਸੀਂ?” ਰਾਹ ਤੁਰੇ ਜਾਂਦੇ ਇਕ ਬੰਦੇ ਨੇ, ਅਚਾਨਕ ਆਣ ਮਿਲੇ ਕਿਸੇ ਨਾਵਾਕਿਫ ਸੱਜਣ ਨੂੰ ਸਵਾਲ ਕੀਤਾ।
“ਚਾਰ ਜੀ” ਅੱਗਿਉਂ ਜਵਾਬ ਮਿਲਿਆ।
“ਜੇ ਭਲਾ ਤੁਸੀਂ ਪੰਜ ਵੀ ਹੁੰਦੇ, ਫੇਰ ਕਿਹੜਾ ਤੁਸੀਂ ਮੇਰੀ ਟੰਗ ਭੰਨ ਲੈਣੀ ਸੀ?”
ਹੋਈ ਨਾ ਉਹੀ ਗੱਲ! ਅਖੇ ਤੂੰ ਕੌਣ? ਮੈਂ ਖਾਹ-ਮ-ਖਾਹ ਜੇ ਆਪਣੇ ਭਰਾਵਾਂ ਦੀ ਗਿਣਤੀ ਦੱਸਣ ਵਾਲਾ ਵਿਅਕਤੀ ਵੀ ‘ਖ਼ਰਦਿਮਾਗ’ ਹੁੰਦਾ ਅਤੇ ਮੋਹਰਿਉਂ ਆਖ ਦਿੰਦਾ-“ਤੂੰ ਮਾਮਾ ਮਰਦਮਸ਼ੁਮਾਰੀ ਕਰਦਾ ਫਿਰਦੈਂ?-ਤੂੰ ਕੀ ਲੈਣਾ-ਦੇਣੈ ਮੇਰੇ ਭਰਾਵਾਂ ਤੋਂ? ਅਸੀਂ ਜਿੰਨੇ ਮਰਜ਼ੀ ਹੋਈਏ!” ਤਾਂ ਵੀ ਦੋਹਾਂ ਦਾ ਖੜਕਾ-ਦੜਕਾ ਪੱਕਾ ਈ ਸੀ। ਜੇ ਦੂਸਰੇ ਨੇ ਸਾਊਪੁਣਾ ਵਰਤਦਿਆਂ, ਆਪਣੇ ਭਰਾਵਾਂ ਦੀ ਗਿਣਤੀ ਸਹੀ ਸਹੀ ਦੱਸ ਦਿੱਤੀ ਤਾਂ ਵੀ ਪੁੱਛਣ ਵਾਲੇ ਨੇ ਬਿਨ-ਮਤਲਬ ‘ਲੱਤ ਭੰਨ ਲੈਣ’ ਦੀ ਬੇਲੋੜੀ ਟਿੱਪਣੀ ਕਰਕੇ, ਲੜਾਈ-ਝਗੜੇ ਲਈ ਮਾਹੌਲ ਤਿਆਰ ਕਰ ਲਿਆ। ਇਕ ਹੀ ਤਲਖ਼-ਕਲਾਮੀ ਨੇ ਦੋ ਅਣਜਾਣ ਵਿਅਕਤੀ, ਇਕ ਦੂਜੇ ਦੇ ਦੁਸ਼ਮਣ ਬਣਾ ਦਿੱਤੇ। ਜਿਵੇਂ ਕਹਿੰਦੇ ਨੇ ਕਿ ਹਜ਼ਾਰਾਂ ਮਣ ਲੱਕੜੀ ਦਾ ਢੇਰ, ਇਕ ਚਿੰਗਾਰੀ ਨਾਲ ਹੀ ਸੁਆਹ ਦੀ ਢੇਰੀ ਵਿਚ ਬਦਲਿਆ ਜਾ ਸਕਦਾ ਹੈ।

ਅਸਲੀ ਨਕਲੀ-ਗਲਤ ਇਰਾਦੇ

“ਕਿਸੇ ਦੋਧੀ ਦੀ ਵੱਡੀ ਤੋਂ ਵੱਡੀ ਗੱਪ ‘ਤੇ ਬੇਸ਼ੱਕ ਯਕੀਨ ਕਰ ਲਿਉ ਪਰ ਅਗਰ ਉਹ ਆਪਣੇ ਕਿਸੇ ਪੀਰ ਪੈਗੰਬਰ ਦੀ ਕਸਮ ਵੀ ਖਾ ਕੇ ਇਹ ਦਾਅਵਾ ਕਰੇ ਕਿ ਮੈਂ ਦੁੱਧ ਵਿਚ ਪਾਣੀ ਨਹੀਂ ਰਲਾਉਂਦਾ, ਤਾਂ ਸਮਝ ਲਿਉ ਉਸ ਨੂੰ ਆਪਣੇ ਧਾਰਮਿਕ ਰਹਿਬਰਾਂ ਦਾ ਰੱਤੀ ਭਰ ਵੀ ਡਰ-ਭਉ ਨਹੀਂ ਹੈ।”
ਸਮੂਹ ਦੋਧੀਆਂ ਦੀ ਅਸਲੀਅਤ ਦਰਸਾਉਂਦਾ ਇਹ ‘ਇਕਬਾਲੀਆ ਬਿਆਨ’ ਦੇ ਕੇ ਚੰਡੀਗੜ੍ਹ ਸ਼ਹਿਰ ਲਾਗਲੇ ਮੋਹਾਲੀ ਦੇ ਕੁਝ ਘਰਾਂ ਵਿਚ ਰੋਜ਼ਾਨਾ ਦੁੱਧ ਵੰਡਣ ਵਾਲਾ ਇਕ ਦੋਧੀ ਭਾਈ, ਆਪਣੀ ਹੱਡ-ਬੀਤੀ ਸੁਣਾਉਂਦਾ ਹੁੰਦਾ ਸੀ।
ਸਿਆਲ ਦੀ ਰੁੱਤੇ ਸਵੇਰੇ ਅੰਮ੍ਰਿਤ ਵੇਲੇ ਨਿਕਲ ਰਹੀਆਂ ਪ੍ਰਭਾਤ ਫੇਰੀਆਂ ਤੋਂ ਮੈਨੂੰ ਗਿਆਨ ਹੋਇਆ ਕਿ ਫਲਾਂ ਫਲਾਂ ਤਰੀਕ ਨੂੰ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼-ਪੁਰਬ ਮਨਾਇਆ ਜਾਣਾ ਹੈ। ਇਹ ਸੋਚਦਿਆਂ ਮੇਰੇ ਮਨ ਵਿਚ ਵੀ ਗੁਰੂ ਬਾਬਾ ਜੀ ਪ੍ਰਤੀ ਸ਼ਰਧਾ ਜਾਗ ਪਈ। ‘ਮਨਾਂ! ਰੋਜ਼ ਹੀ ਦੁੱਧ ‘ਚ ਪਾਣੀ ਮਿਲਾਈਦਾ ਹੈ, ਜੇ ਇਕ ਦਿਨ ਗੁਰੂ ਦੇ ਦਿਵਸ ‘ਤੇ ਇਹ ਪਾਪ ਨਾ ਕਰਾਂ!!’ …ਪੱਕਾ ਫੈਸਲਾ ਕਰ ਲਿਆ ਕਿ ਗੁਰਪੁਰਬ ਵਾਲੇ ਦਿਨ ਇਕ ਦਮ ਪਿਉਰ ਦੁੱਧ ਸਾਰੇ ਘਰੀਂ ਦੇਣਾ ਹੈ।

ਲੋੜ ਪੈ ਗਈ ਦਿੱਤ ਸਿੰਘ ਦੀ!

ਫਿਲੌਰ ਲਾਗੇ ਦੇ ਇਤਿਹਾਸਕ ਗੁਰਦੁਆਰਾ ਮੌ। ਸਾਹਿਬ ਵਿਖੇ ਹੋਏ ਜੋੜ-ਮੇਲੇ ਵਿਚ ਹਾਜ਼ਰੀ ਭਰ ਕੇ ਮੈਂ ਆਪਣੇ ਪਿੰਡ ਨੂੰ ਵਾਪਸ ਪਰਤ ਰਿਹਾ ਸਾਂ। ਵਾਇਆ ਰਾਹੋਂ, ਰੋਪੜ ਜਾ ਰਹੀ ਬੱਸ, ਪਹਿਲੋਂ ਹੀ ਖਚਾ-ਖਚ ਭਰੀ ਪਈ ਸੀ ਪਰ ਰਾਹੋਂ ਦੇ ਅੱਡੇ ਤੋਂ ਕੁਝ ਹੋਰ ਸਵਾਰੀਆਂ ਧੱਕਾ-ਮੁੱਕੀ ਕਰਦੀਆਂ ਬੱਸ ‘ਚ ਆ ਵੜੀਆਂ। ਵਿਚਕਾਰ ਖੜ੍ਹੀਆਂ ਸਵਾਰੀਆਂ ਨੂੰ ਅਗਾਂਹ-ਪਿਛਾਂਹ ਧੱਕ ਕੇ ਰਾਹ ਬਣਾਉਂਦਿਆਂ ਹੋਇਆਂ ਕੰਡਕਟਰ ਨਾਲੋ-ਨਾਲ ਟਿਕਟਾਂ ਕੱਟੀ ਜਾ ਰਿਹਾ ਸੀ। ਰਾਹੋਂ ਤੋਂ ਬੱਸੇ ਚੜ੍ਹੀ ਇਕ ਅਧਖੜ ਉਮਰ ਦੀ ਜਨਾਨੀ ਨੇ, ਕੰਡਕਟਰ ਨੇੜੇ ਆਇਆ ਦੇਖ ਕੇ ਆਪਣੇ ਕੁੱਛੜ ਚੁੱਕਿਆ ਬੱਚਾ ਥੱਲੇ ਲਾਹ ਦਿੱਤਾ ਅਤੇ ਦੂਜੇ ਹੱਥ ਵਿਚ ਫੜੇ ਹੋਏ ਡੋਲੂ ਨੂੰ ਸੰਭਾਲਦਿਆਂ, ਵੱਖੀ ਵਾਲੀ ਜੇਭ ਫਰੋਲਣੀ ਸ਼ੁਰੂ ਕਰ ਦਿੱਤੀ। “ਕਿੱਥੇ ਜਾਣੈ ਬੀਬੀ ਤੈਂ?” ਕੰਡਕਟਰ ਵਲੋਂ ਪੁੱਛੇ ਜਾਣ ‘ਤੇ ਉਹ ਜਨਾਨੀ ਰੁਮਾਲ ਦੀਆਂ ਤਹਿਆਂ ਵਿਚੋਂ ਨੋਟ ਕੱਢ ਕੇ ਕੰਡਕਟਰ ਨੂੰ ਫੜਾਉਂਦਿਆਂ ਬੋਲੀ, “ਭਾਈ, ਬਾਬੇ ਦੇ ਲਾਹ ਦੇਈਂ!” ਇੰਨੇ ਨੂੰ ਜ਼ੋਰਦਾਰ ਬਰੇਕ ਵੱਜਣ ਨਾਲ ਉਸਦੇ ਹੱਥ ‘ਚ ਫੜਿਆ ਡੋਲੂ ਡੰਡੇ ਨਾਲ ਜਾ ਵੱਜਾ ਤੇ ਉਸ ਦਾ ਢੱਕਣ ਖੁੱਲ੍ਹ ਗਿਆ। ਉਛਾਲਾ ਜਿਹਾ ਵੱਜ ਕੇ ਡੋਲੂ ਵਿਚਲਾ ਦੁੱਧ ਕੰਡਕਟਰ ਦੀ ਪੈਂਟ ‘ਤੇ ਡੁੱਲ੍ਹ ਗਿਆ ਅਤੇ ਕਈ ਸਵਾਰੀਆਂ ਦੇ ਮੋਡਿਆਂ ‘ਤੇ ਛਿੱਟੇ ਪੈ ਗਏ। ਹੋ-ਹੱਲਾ ਜਿਹਾ ਮੱਚਣ ਨਾਲ ਕੰਡਕਟਰ ਨੂੰ ਸ਼ਾਇਦ ਉਸ ਜਨਾਨੀ ਦਾ ਜਵਾਬ ਸੁਣਿਆ ਨਹੀਂ ਹੋਵੇਗਾ। ਦੁੱਧ ਨਾਲ ਪੈਂਟ ਲਿੱਬੜਣ ਕਰਕੇ ਖਿਝਿਆ-ਸੜਿਆ ਕੰਡਕਟਰ ਫਿਰ ਚੀਕਿਆ-“ਕਿੱਥੇ ਦੀ ਟਿਕਟ ਦੇਵਾਂ ਤੈਨੂੰ?” ਛਿੱਥੀ ਜਿਹੀ ਪਈ ਉਸ ਜਨਾਨੀ ਨੇ ਜਦ, “ਬਾਬੇ ਦੇ ਜਾਣੈ ਭਾਈ।” ਆਖਿਆ ਤਾਂ ਕੰਡਕਟਰ ਪਾਟੇ ਬਾਂਸ ਵਰਗੀ ਆਵਾਜ਼ ਕੱਢ ਕੇ ਭੁੜਕਿਆ-“ਕਿਹੜੇ ਬਾਬੇ ਦੇ?…ਕਿਸੇ ‘ਕੰਜਰ’ ਦਾ ਨਾਂ ਤਾਂ ਲੈ!…ਐਸ ਰੋਡ ‘ਤੇ ਮੀਲ ਮੀਲ ਉਪਰ ਤਾਂ ‘ਬਾਬਾ’ ਐ…ਮੈਨੂੰ ਕੀ ਪਤਾ ਤੂੰ ਕਿਹੜੇ ‘ਨੱਖਟੂ’ ਨੂੰ ਦੁੱਧ ‘ਛਕਾਉਣ’ ਤੁਰੀ ਹੋਈ ਐਂ!!”

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ

ਉਸ ਕੋਠੀ ਵਿਚ ਦੋ-ਤਿੰਨ ਕੁ ਵਾਰ ਵਿਸ਼ਰਾਮ ਕਰਨ ਮੌਕੇ ਮੈਂ ਪ੍ਰਸ਼ਾਦਾ-ਪਾਣੀ ਛਕ ਚੁੱਕਿਆ ਹਾਂ, ਜਿਸ ਨੂੰ ਖਾਲੀ ਕਰਵਾਉਣ ਲਈ ਇਨ੍ਹੀਂ ਦਿਨੀਂ ਗਰਮਾ-ਗਰਮ ਬਿਆਨਬਾਜ਼ੀ ਹੋ ਰਹੀ ਹੈ। ਖਾੜਕੂ ਸੁਭਾਅ ਵਾਲੇ ‘ਸਿੰਘ ਸਾਹਿਬ’ ਵਜੋਂ ਜਾਣੇ ਜਾਂਦੇ ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਮੱਕੜ ਜੀ ਆਖ ਰਹੇ ਹਨ ਕਿ ਕੋਠੀ ਖਾਲੀ ਕਰ ਭਾਈ। ਜਿਸ ਸ਼ਖਸ ਨੂੰ ਇਕ ਸਮੇਂ ਸੋਨੇ ਨਾਲ ਤੋਲਣ ਲਈ ਕਈ ਜਥੇਬੰਦੀਆਂ ਐਲਾਨ ‘ਤੇ ਐਲਾਨ ਕਰ ਰਹੀਆਂ ਸਨ, ਅੱਜ ਉਸ ਨੂੰ ਰਿਹਾਇਸ਼ ਵੀ ਖਾਲੀ ਕਰਨ ਲਈ ਹੁਕਮ ਕੀਤੇ ਜਾ ਰਹੇ ਹਨ। ਸਿੱਖ ਫਿਤਰਤ ਵਿਚਲੇ ਇਸ ਜ਼ਮੀਨ ਅਸਮਾਨ ਦੇ ਫਰਕ ਬਾਰੇ ਭਾਈ ਰਣਜੀਤ ਸਿੰਘ ਹੁਰਾਂ ਦੀ ਖੁਦ ਦੀ ਹੀ ਇਕ ਦਿਲਚਸਪ ਟਿੱਪਣੀ ਦਾ ਜਿ਼ਕਰ ਅੱਗੇ ਜਾ ਕੇ ਕਰਾਂਗੇ, ਪਹਿਲਾਂ ਇਸ ਵਿਸ਼ੇ ਦੀਆਂ ਹੋਰ ਗੱਲਾਂ ਕਰ ਲਈਏ।
ਸ੍ਰੀ ਅੰਮ੍ਰਿਤਸਰ ਸਥਿਤ ਉਕਤ ਕੋਠੀ ਵਿਚ ਹੀ ਭਾਈ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਢਾਹਾਂ ਕਲੇਰਾਂ ਸੰਸਥਾ ਦੇ ਬਜ਼ੁਰਗ ਪ੍ਰਧਾਨ ਜੀ ਨੇ ਮੇਰਾ ਤੁਆਰਫ਼ ਕਰਵਾਉਂਦਿਆਂ ਹੋਇਆਂ, ਭਾਈ ਰਣਜੀਤ ਸਿੰਘ ਅੱਗੇ ਮੇਰੀ ਉਪਮਾ ਦੇ ਬੜੇ ਪੜੁੱਲ ਬੰਨ੍ਹੇ, ‘‘ਇਹ ਜੀ ਲਿਖਾਰੀ ਹਨ, ਸਿੱਖ ਧਰਮ ਇਤਿਹਾਸ ਦੀ ਡੂੰਘੀ ਜਾਣਕਾਰੀ ਰੱਖਦੇ ਹਨ…ਚੰਗੇ ਬੁਲਾਰੇ ਵੀ ਹਨ…ਵਗੈਰਾ ਵਗੈਰਾ।’’ ਭਾਈ ਸਾਹਿਬ ਮੇਰੇ ਚਿਹਰੇ ਵਲ ਉਨਾ ਚਿਰ ਟਿਕਟਿਕੀ ਲਗਾ ਕੇ ਦੇਖਦੇ ਰਹੇ, ਜਿੰਨਾ ਚਿਰ ਢਾਹਾਂ ਕਲੇਰਾਂ ਵਾਲੇ ਬਜ਼ੁਰਗ ਮੇਰੀਆਂ ‘ਖੂਬੀਆਂ’ ਗਿਣਾਈ ਗਏ। ਗੱਲ ਮੁੱਕਣ ਤੋਂ ਬਾਅਦ ਭਾਈ ਸਾਹਿਬ ਖੜਕਵੀਂ ਆਵਾਜ਼ ‘ਚ ਕਹਿੰਦੇ, ‘‘ਇਨ੍ਹਾਂ ਦੀ ਵਿਦਵਤਾ ਕਿਹੜੇ ਕੰਮ?… ਐਸ ਵੇਲੇ ਤਾਂ ਇਹ ਬਾਦਲ ਦੀ ਗਾਂ ਹੀ ਬਣੇ ਹੋਏ ਨੇ।’’

ਕਾਹਤੋਂ ਪੱਤਾ ਪੱਤਾ ਟਾਹਣੀਆਂ ਦਾ ਵੈਰੀ ਹੋ ਗਿਆ…

ਗਲਾਂ ਵਿਚ ਫੱਟੀ-ਬਸਤੇ ਲਟਕਾਈ ਸਕੂਲੇ ਜਾਂਦਿਆਂ ਜਾਂ ਸਕੂਲੋਂ ਆਉਂਦਿਆਂ ਹੋਇਆਂ ਅਸੀਂ ਮਿਸਤਰੀਆਂ ਦੇ ਚੌੜ-ਚਪੱਟ ਵਿਹੜੇ ਵਿਚੋਂ ਲੰਘਦੇ ਹੁੰਦੇ ਸਾਂ। ਆਰਨਹਾਲੀ ‘ਤੇ ਨਵੇਂ ਰੰਬੇ ਦਾਤੀਆਂ ਬਣਾ ਰਿਹਾ ਜਾਂ ਪੁਰਾਣੇ ਚੰਡ ਰਿਹਾ ਬਾਬਾ ਸੰਤਾ ਕਦੇ ਕਦੇ ਸਾਨੂੰ ਟਿੱਚਰ-ਮਸ਼ਕੂਲਾ ਕਰ ਲੈਂਦਾ ਅਤੇ ਕਦੇ ਯਾਦ ਰੱਖਣਯੋਗ ਗੱਲਾਂ ਦੇ ਉਪਦੇਸ਼ ਦੇਣ ਲੱਗ ਪੈਂਦਾ। ਕਦੀ-ਕਦਾਈਂ ਉਸਨੇ ਸਾਨੂੰ ਸਵਾਏ ਜਾਂ ਡਿਉਢੇ ਦਾ ਪਹਾੜਾ ਸੁਣਾਉਣ ਲਈ ਆਖਣਾ। ਸਾਨੂੰ ‘ਸਵਾਏ-ਡਿਉਢੇ’ ਦਾ ਨਾਂ ਸੁਣ ਕੇ ਬਿਟਰ ਬਿਟਰ ਝਾਕਦੇ ਦੇਖ ਉਸਨੇ ਇਹ ਦੋਵੇਂ ਪਹਾੜੇ ਪਾਣੀ ਵਾਂਗ ਪੜ੍ਹ ਕੇ, ਸਾਨੂੰ ਮਿਹਣਾ ਮਾਰਨਾ ‘‘ਹੂੰਅ-ਆਏ ਬੜੇ ਪੜ੍ਹਾਕੂ!’’

ਪੰਜਾਬੀ ਕੌਮ ਦਾ ਬੇੜਾ ਗਰਕ ਹੋ ਜਾਊ ਕਿ

ਮਰ ਗਇਆਂ ਨੂੰ ਮਾੜਾ ਨਹੀਂ ਕਹੀਦਾ। ਇਹ ਸਾਡੀ ਪੁਰਾਣੀ ਪਰੰਪਰਾ ਹੈ। ਜਹਾਨੋਂ ਕੂਚ ਕਰ ਗਿਆ ਹਰੇਕ ਪ੍ਰਾਣੀ ਆਖਰ ਇੰਨੇ ਕੁ ਸ਼ੁਭ ਕੰਮ ਤਾਂ ਕਰ ਹੀ ਗਿਆ ਹੁੰਦਾ ਹੈ, ਜਿਨਿਆਂ ਕੁ ਨਾਲ ਉਸ ਦੇ ਭੋਗ ਸਮਾਗਮ ਉੱਤੇ ਸ਼ਰਧਾਂਜਲੀਆਂ ਦਿੱਤੀਆਂ ਜਾ ਸਕਣ। ਪਰ ਖੁਦਾ ਨਾ ਖਾਸਤਾ, ਭਲਾ ਜੇ ਕਿਸੇ ਬੰਦੇ ਨੇ ਆਖਰੀ ਸਾਹ ਲੈਣ ਤੱਕ ‘ਬੰਦਿਆਂ ਵਾਲਾ’ ਕੋਈ ਕੰਮ ਹੀ ਨਾ ਕੀਤਾ ਹੋਵੇ? ਫਿਰ ਉਹਦੀ ਸ਼ੋਭਾ ਕਰਨ ਲਈ ਕਿਹੜੀ ਡਿਕਸ਼ਨਰੀ ‘ਚੋਂ ਸ਼ਬਦ ਲੱਭ ਕੇ ਲਿਆਂਦੇ ਜਾਣ? ਉਂਜ ਤਾਂ ਐਸੀ ‘ਸਮੱਸਿਆ’ ਕਿਸੇ ਦੇ ਵੀ ਭੋਗ ਮੌਕੇ ਅੱਜ ਤੱਕ ਨਹੀਂ ਆਈ ਸੁਣੀ। ਕਿਉਂਕਿ ਹਕੀਕਤ ਤੋਂ ਜਾਣੂ ਸ੍ਰੋਤੇ, ਸਟੇਜ ਤੋਂ ਤੋਲਿਆ ਜਾ ਰਿਹਾ ਕੁਫਰ, ਮੁਸ਼ਕੜੀਏਂ ਹੱਸਦੇ ਹੋਏ ਹਜ਼ਮ ਤਾਂ ਕਰ ਲੈਂਦੇ ਹਨ। ਪਰ ਬੁਲਾਰਿਆਂ ਦੀ ਟੋਕਾ-ਟਾਕੀ ਕੋਈ ਨਹੀਂ ਕਰਦਾ। ਸਿਆਸੀ ਲੀਡਰਾਂ ਵਲੋਂ ਚੋਣਾਂ ਮੌਕੇ ਕੀਤੇ ਜਾਂਦੇ ‘ਚੋਣ-ਮਨੋਰਥ ਪੱਤਰਾਂ’ ਦੇ ਧੂੰਆਂਧਾਰ ਪ੍ਰਚਾਰ ਵਾਂਗ ਸ਼ਰਧਾਂਜਲੀਆਂ ਨੂੰ ਵੀ ਲੋਕੀਂ ‘ਚੱਲ ਹੋਊ’ ਕਹਿ ਕੇ ਬਰਦਾਸ਼ਤ ਕਰ ਲੈਂਦੇ ਨੇ।

ਅਪਨੇ ਮੁਲਕ ਮੇਂ ਪਾਤੇ, ਕਾਸ਼! ਹਮ ਵਹੀਂ ਰਹਤੇ!!

ਵਿਦੇਸ਼ਾਂ ਵਿਚ ਜੌਬ ਕਿਸ ਤਰੀਕੇ ਅਤੇ ਸਲੀਕੇ ਨਾਲ ਕੀਤੀ ਜਾਂਦੀ ਹੈ? ਇਸ ਸਵਾਲ ਦਾ ਜਵਾਬ, ਪਹਿਲੀ ਵਾਰ ਅਮਰੀਕਾ ਆਉਂਦਿਆਂ ਮੈਨੂੰ ਰਾਹ ਵਿਚ ਹੀ ਮਿਲ ਗਿਆ ਸੀ। ਜਾਂ ਇਉਂ ਕਹਿ ਲਵੋ ਕਿ ਵਿਦੇਸ਼ੀ ਵਰਕ-ਕਲਚਰ ਦਾ ‘ਟ੍ਰੇਲਰ’ ਮੈਂ ਅਮਰੀਕਾ ਦੀ ਧਰਤੀ ‘ਤੇ ਪੈਰ ਰੱਖਣ ਤੋਂ ਪਹਿਲਾਂ ਹੀ ਦੇਖ ਚੁੱਕਾ ਸਾਂ।
ਨਵੀਂ ਦਿੱਲੀਉਂ ਉਡਾਣ ਭਰ ਕੇ ਸਾਡਾ ਜਹਾਜ਼ ਕੋਰੀਆ ਦੇ ਸਿਉਲ ਏਅਰ ਪੋਰਟ ‘ਤੇ ਉੱਤਰਿਆ। ਪੰਜ-ਛੇ ਘੰਟੇ ਦੀ ਲੰਬੀ ਸਟੇਅ ਹੋਣ ਕਾਰਨ ਮੈਂ ਇਸ ਹਵਾਈ ਅੱਡੇ ਦੇ ਵਿਸ਼ਾਲ ਕੰਪਲੈਕਸ ਵਿਚ ਇੱਧਰ-ਉੱਧਰ ਚੱਕਰ ਮਾਰਨ ਲੱਗ ਪਿਆ। ਮਟਰ-ਗਸ਼ਤੀ ਕਰਦਾ ਕਰਦਾ ਇਕ ਸਿਰੇ ‘ਤੇ ਪਹੁੰਚ ਗਿਆ। ਭੂਰੇ ਰੰਗ ਦੇ ਵੱਡੇ-ਵੱਡੇ ਸ਼ੀਸਿ਼ਆਂ ਕੋਲ ਖਲੋ ਕੇ ਬਾਹਰ ਵਲ ਝਾਕਣ ਲੱਗ ਪਿਆ। ਖੜ੍ਹੇ ਜਹਾਜਾਂ ਦੇ ਨਾਲ ਲੱਗਦੇ ਥਾਂ ਵਿਚ ਵੱਡੇ-ਵੱਡੇ ਬੁਲਡੋਜ਼ਰ, ਟਰੈਕਟਰ-ਟਰਾਲੇ, ਕਰੇਨਾਂ ਅਤੇ ਟਰੱਕ ਵਾਹੋ-ਦਾਹੀ ਢੋਆ-ਢੁਆਈ ਜਿਹੀ ਕਰਨ ਲੱਗੇ ਹੋਏ ਸਨ।

ਤੀਸਰੇ ਤਲਾਬ ਵਿਚ ਤਾਰੀਆਂ!

ਕੈਲੀਫੋਰਨੀਆ ਦੇ ਕਰਮਨ ਸ਼ਹਿਰ ਵਿਚ ਖੁੱਲ੍ਹੀ ਡੁੱਲ੍ਹੀ ਲਾਇਬਰੇਰੀ ਬਣਾਈ ਬੈਠੇ, ਸਾਹਿਤਕਾਰਾਂ ਦੇ ਕਦਰਦਾਨ ਸ. ਜਗਜੀਤ ਸਿੰਘ ਥਿੰਦ ਨੇ ਮੈਨੂੰ ਇਕ ਖੂਬਸੂਰਤ ਕਿਤਾਬ ਦਾ ਤੋਹਫਾ ਭੇਜਿਆ। ਤਮਾਮ ਪੰਜਾਬੀ ਗ਼ਜ਼ਲਗੋਆਂ ਦੇ ਚੋਣਵੇਂ ਸਿੱਕੇਬੰਦ ਸਿ਼ਅਰਾਂ ਨਾਲ ਸਿ਼ੰਗਾਰੀ ਹੋਈ ਇਸ ਪੁਸਤਕ ਨੂੰ ਜੇ ‘ਸਿ਼ਅਰਾਂ ਦੀ ਬਰਸਾਤ’ ਕਹਿ ਲਿਆ ਜਾਵੇ ਤਾਂ ਗਲਤ ਗੱਲ ਨਹੀਂ ਹੋਵੇਗੀ। ਇਸ ਪਿਆਰੀ ਕਿਤਾਬ ਦੀ ਸੰਪਾਦਨਾ ਕੀਤੀ ਹੋਈ ਹੈ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਉਲਫ਼ਤ ਬਾਜਵਾ ਨੇ। ਇਹ ਨਾਯਾਬ ‘ਗਿਫਟ’ ਭੇਜਣ ਲਈ ਸ. ਥਿੰਦ ਨੂੰ ਸ਼ੁਕਰਾਨੇ ਵਜੋਂ ਖ਼ਤ ਲਿਖਿਆ। ਕਿਤਾਬ ਵਿਚ ਮਿਸ਼ਰੀ ਦੀਆਂ ਡਲੀਆਂ ਵਾਂਗ ਜੜੇ ਹੋਏ ਸਿ਼ਅਰ ਪੜ੍ਹਦਿਆਂ ਕੋਈ ਐਸੀਆਂ ਸਤਰਾਂ ਨਜ਼ਰੀਂ ਪਈਆਂ ਕਿ ਦਿਲ ‘ਚ ਵਲਵਲਿਆਂ ਦਾ ਉਛਾਲਾ ਆ ਗਿਆ। ਉਸੇ ਪਲ ਸ੍ਰੀ ਗੁਰਦਿਆਲ ਰੌਸ਼ਨ ਦਾ ਲੁਧਿਆਣੇ ਵਾਲਾ ਫੋਨ ਘੁਮਾਇਆ। ਰਸਮੀ ਦੁਆ-ਸਲਾਮ ਤੋਂ ਬਾਅਦ ਖੂਬ ਗੱਲਾਂ-ਬਾਤਾਂ ਹੋਈਆਂ। ਪੁਰਾਤਨ ਤੇ ਮਾਡਰਨ ਗਜ਼ਲ ਤੋਂ ਲੈ ਕੇ ਪੰਜਾਬੀ ਸਾਹਿਤ ਦੇ ਹੋਰ ਕਈ ਪਹਿਲੂਆਂ ‘ਤੇ ਦਿਲਚਸਪ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਹੋਇਆ।

ਅੱਗ ਲਾ ਕੇ ਤਮਾਸ਼ਾ ਦੇਖਣ

ਪਿੰਡਾਂ ਵਿਚ ਇਕ ਤਾਂ ਸਰਪੰਚ ਹੁੰਦੇ ਨੇ, ਜਿਨ੍ਹਾਂ ਨੂੰ ਪਿੰਡ ਵਾਸੀ ਵੋਟਾਂ ਨਾਲ ਚੁਣਦੇ ਹਨ ਜਾਂ ਕਦੀ ਕਦੀ ਸਰਬਸੰਮਤੀ ਨਾਲ ਵੀ ਬਣਾਏ ਜਾਂਦੇ ਹਨ। ਇਨ੍ਹਾਂ ਸਰਪੰਚਾਂ ਦੇ ਜਿ਼ੰਮੇ ਮੁੱਖ ਕੰਮ ਪਿੰਡ ਦਾ ਵਿਕਾਸ ਕਰਨਾ ਹੁੰਦਾ ਹੈ। ਪਿੰਡਾਂ ਵਿਚ ਦੂਸਰਾ ਮੁਖੀ ਲੰਬੜਦਾਰ ਹੁੰਦਾ ਹੈ ਜੋ ਆਮ ਕਰਕੇ ਜੱਦੀ ਪੁਸ਼ਤੀ ਹੀ ਹੁੰਦਾ ਹੈ। ਇਨ੍ਹਾਂ ਤੋਂ ਇਲਾਵਾ ਪੇਂਡੂ ਜੀਵਨ ਵਿਚ ਇਕ ਤੀਸਰਾ ਚੌਧਰੀ ਵੀ ਅਕਸਰ ਹਰੇਕ ਪਿੰਡ ਵਿਚ ਹੀ ਹੁੰਦਾ ਹੈ। ਇਸ ਨੂੰ ਠੇਠ ਪੰਜਾਬੀ ਵਿਚ ਆਖਿਆ ਜਾਂਦਾ ਹੈ ਖੜਪੈਂਚ! ਦੂਸਰੇ ਦੋ ਮੁਖੀਆਂ ਦੇ ਉਲਟ ਇਹ ਖੜਪੈਂਚ ਵਾਲਾ ਅਹੁਦਾ ਕਿਸੇ ਵਿਧੀ-ਵਿਧਾਨ ਦਾ ਮੁਥਾਜ ਨਹੀਂ ਹੁੰਦਾ। ਇਸ ਸਵੈ-ਸਜੇ ਅਹੁਦੇ ਦੀ ਇਕ ਹੋਰ ਖਾਸੀਅਤ ਇਹ ਹੁੰਦੀ ਹੈ ਕਿ ਜਰੂਰੀ ਨਹੀਂ ਕਿਸੇ ਪਿੰਡ ਵਿਚ ਕੇਵਲ ਇਕ ਖੜਪੈਂਚ ਹੀ ਹੋਵੇ। ਇਕ, ਦੋ ਜਾਂ ਇਸ ਤੋਂ ਵੀ ਵਧ ਹੋ ਸਕਦੇ ਹਨ। ਸਰਪੰਚਾਂ ਵਾਂਗ ਇਨ੍ਹਾਂ ਖੜਪੈਂਚਾਂ ਦਾ ਕੰਮ ਵਿਕਾਸ ਕਰਨਾ ਨਹੀਂ ਸਗੋਂ ‘ਵਿਨਾਸ਼’ ਕਰਨਾ ਹੀ ਹੁੰਦਾ ਹੈ। ਇਹ ਵੀ ਧਾਰਨਾ ਪੱਕੀ ਹੀ ਸਮਝੋ ਕਿ ਪਿੰਡ ਦੇ ਖੜਪੈਂਚ ਜਾਂ ਖੜਪੈਂਚਾਂ ਦਾ ਸਰਪੰਚ-ਲੰਬੜਦਾਰ ਨਾਲ ਇੱਟ-ਖੜੱਕਾ ਚਲਦਾ ਹੀ ਰਹਿੰਦਾ ਹੈ। ਸਰਪੰਚ-ਲੰਬੜਦਾਰ ਤਾਂ ਆਪਣੇ ਅਹੁਦੇ ਦੀ ਮਾਣ-ਮਰਿਯਾਦਾ ਬਰਕਰਾਰ ਰੱਖਦੇ ਹੋਏ, ਬਿਨ-ਬੁਲਾਏ ਕਿਸੇ ਦੇ ਘਰ ਨਹੀਂ ਜਾਂਦੇ। ਪਰ ਖੜਪੈਂਚ ਸਾਹਿਬਾਨ ਦਾ ਹਾਲ ਇਹ ਹੁੰਦਾ ਹੈ, ‘ਅਖੇ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲ੍ਹੀ!’ ਇਸੇ ਫੇਰਾ-ਤੋਰੀ ਦੀ ਬਦੌਲਤ ਇਨ੍ਹਾਂ ਨੂੰ ਪਿੰਡ ਦੇ ਹਰ ਜੀਆ-ਜੰਤ ਦੀ ਪੂਰੀ ‘ਖ਼ਬਰ’ ਹੁੰਦੀ ਹੈ। ਜਾਂ ਇਉਂ ਆਖੋ ਕਿ ਖੜਪੈਂਚ ਸਾਹਿਬਾਨ ਆਪਣੇ ਪਿੰਡ ਦੀ ਰਗ-ਰਗ ਤੋਂ ਵਾਕਿਫ ਹੁੰਦੇ ਹਨ। ਆਪਣੇ ‘ਆਰਟ’ ਵਿਚ ਇਹ ਇਤਨੇ ਨਿਪੁੰਨ ਹੁੰਦੇ ਹਨ ਕਿ ਸਰਪੰਚ ਦਾ ‘ਵਾਰ’ ਤਾਂ ਖਾਲੀ ਜਾ ਸਕਦਾ ਹੈ ਪਰ ਇਨ੍ਹਾਂ ਦੀ ਲਾਈ ਹੋਈ ਤੀਲ੍ਹੀ ਕਈ ਪੁਸ਼ਤਾਂ ਤੱਕ ਭਾਂਬੜ ਬਣ ਕੇ ਮੱਚਦੀ ਰਹਿ ਸਕਦੀ ਹੈ। ‘ਅੱਗ ਲਾ ਕੇ ਡੱਬੂ ਨਿਆਈਆਂ’ ਵਾਲੇ ਅਖਾਣ ਦੀ ਤਹਿ ਦਿਲੋਂ ਪਾਲਣਾ ਕਰਦਿਆਂ ਖੜਪੈਂਚ ਸ੍ਰੀਮਾਨ ਆਪਣੀ ਕਲਾ ਦੇ ਜੌਹਰ ਦਿਖਾ ਕੇ ਸਬੰਧਿਤ ਘਟਨਾ-ਸਥਾਨ ਤੋਂ ਫੌਰਨ ਅਲੋਪ ਹੋ ਜਾਂਦੇ ਨੇ। ਇਨ੍ਹਾਂ ਦੇ ਜ਼ਹਿਰੀਲੇ ਡੰਗ ਦਾ ਮਾਰਿਆ ਬੰਦਾ ਕਸੀਸ ਵੱਟ ਕੇ ‘ਸੀ…ਸੀ’ ਕਰਦਾ ਰਹਿੰਦਾ ਹੈ, ਪਰ ਇਹ ਭੱਦਰਪੁਰਸ਼ ਆਪਣੇ ਕਿਸੇ ਹੋਰ ਸਿ਼ਕਾਰ ਦੀ ਭਾਲ ਵਿਚ ਇਧਰ-ਉਧਰ ਨਿਕਲ ਵਗਦੇ ਹਨ। ਅਜਿਹੀ ਖਸਲਤ ਦਾ ਮਾਲਕ ਕਿਸੇ ਪਿੰਡ ਦਾ ਇਕ ਖੜਪੈਂਚ ਘੁੰਮਦਾ-ਘੁਮਾਉਂਦਾ ਬਿਨ ਬੁਲਾਏ ਮਹਿਮਾਨ ਵਾਂਗ ਪਿੰਡ ਵਿਚਲੀ ਲਾਲੇ ਦੀ ਹੱਟੀ ਜਾ ਪਹੁੰਚਿਆ। ਅੱਧੀ ਕੁ ਹੋ ਚੁੱਕੀ ਵੜੇਵਿਆਂ ਦੀ ਬੋਰੀ ਉੱਪਰ ਪਥੱਲਾ ਮਾਰ ਕੇ ਬਹਿੰਦਿਆਂ ਸਾਰ ਕੋਲ ਪਏ ਪੀਪੇ ਵਿਚ ਹੱਥ ਮਾਰ ਕੇ ਕਹਿੰਦਾ;

ਬਾਜਾਂ ਵਾਲਾ ‘ਵਾਜਾਂ ਮਾਰਦਾ!

ਇੱਕ ਨਹੀਂ, ਕਹਾਣੀਆਂ ਦੋ ਸੁਣਾਉਣ ਜਾ ਰਿਹਾ ਹਾਂ। ਦੋਹਾਂ ਵਿਚ ਹੀ ਜੰਗਲ ਦੇ ਬਾਦਸ਼ਾਹ ਸ਼ੇਰ ਦਾ ਜਿ਼ਕਰ ਹੈ। ਬਹਾਦਰੀ ਦਾ ਸਿਖਰ ਸਮਝੇ ਜਾਂਦੇ ਸ਼ੇਰ ਦੇ ਨਾਲ ਨਾਲ, ਇਨ੍ਹਾਂ ਕਹਾਣੀਆਂ ਵਿਚ ਹਮੇਸ਼ਾ ਊਂਧੀਆਂ ਪਾ ਕੇ ਤੁਰਨ ਵਾਲੀਆਂ ਭੇਡਾਂ ਅਤੇ ਮਹਾਂ-ਮੂਰਖ ਮੰਨੇ ਜਾਂਦੇ ਗਧੇ ਦਾ ਵੇਰਵਾ ਵੀ ਹੈ। ਇਨ੍ਹਾਂ ਜਾਨਵਰਾਂ ਦੇ ਨਾਂ ਸੁਣ ਕੇ ਕਿਤੇ ਇਹ ਅੰਦਾਜ਼ਾ ਨਾ ਲਗਾ ਲਿਉ ਕਿ ਖੌਰੇ ਇਹ ਲੇਖ ‘ਬੱਚਿਆਂ ਦੇ ਮਨੋਰੰਜਨ ਲਈ ਲਿਖਿਆ ਜਾ ਰਿਹਾ ਹੈ। ਬੱਚੇ ਵਿਚਾਰੇ ਤਾਂ ਮਨ ਦੇ ਸੱਚੇ ਹੀ ਹੁੰਦੇ ਹਨ। ਉਹ ਪਿਆਰ ਨਾਲ ਜਾਂ ਥੋੜ੍ਹੀ ਜਿਹੀ ਘੂਰ ਨਾਲ ਹੀ ਪੁਚਕਾਰੇ ਜਾ ਸਕਦੇ ਹਨ। ਪੁਆੜਾ ਤਾਂ ਵਿਗੜੇ ਤਿਗੜੇ ਹੋਏ ‘ਵੱਡਿਆ’ ਦਾ ਹੈ। ਜਿਨ੍ਹਾਂ ਨੂੰ ‘ਸਿੱਧੇ ਰਾਹ’ ਪਾਉਣ ਲਈ ਰੋਜ਼ਾਨਾ ਹੀ ਅਖ਼ਬਾਰਾਂ ਦੇ ਸੈਂਕੜੇ-ਹਜਾਰਾਂ ਸਫੇ ਕਾਲੇ ਕੀਤੇ ਜਾਂਦੇ ਹਨ। ਢੇਰਾਂ ਦੇ ਢੇਰ ਮੈਗਜ਼ੀਨ-ਕਿਤਾਬਾਂ ਛਾਪੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਬੱਚਿਆਂ ਵਰਗੇ ਸਾਫ ਤੇ ਕੋਮਲ ਦਿਲ ਵਾਲੇ ਲਈ ‘ਵੱਡੇ’ ਕੋਈ ਨਾ ਕੋਈ ਅਸਰ ਕਬੂਲ ਲੈਂਦੇ ਹਨ। ਬਹੁਤਿਆਂ ਦਾ ਹਾਲ ਉਸ ‘ਚੌਪਾਏ ਜਾਨਵਰ’ ਦੀ ਪੂਛ ਵਰਗਾ ਹੀ ਹੁੰਦਾ ਹੈ, ਜਿਸ ਨੂੰ ਸਿੱਧਿਆਂ ਕਰਨ ਲਈ ਬਾਰਾਂ ਸਾਲ ਨਲੀ ਵਿਚ ਪਾਈ ਰੱਖਿਆ ਗਿਆ ਸੀ, ਪਰ…!