Showing posts with label ਤਰਲੋਚਨ ਸਿੰਘ ਦੁਪਾਲਪੁਰੀ. Show all posts
Showing posts with label ਤਰਲੋਚਨ ਸਿੰਘ ਦੁਪਾਲਪੁਰੀ. Show all posts

Friday, July 1, 2011

ਕਿਹਾ ਸੱਚ ਸਿਆਣਿਆਂ ਨੇ!

ਵੰਡ ਬਹਿੰਦੀ ਨਾ ਲੜਦੀਆਂ ਬਿੱਲੀਆਂ ਦੀ, ਦਾਅ ਬਾਂਦਰ ਦਾ ਜਾਂਦਾ ਏ ਲੱਗ ਏਦਾਂ।
ਟੁੱਟ ਪਵੇ ਬਘਿਆੜ ਜਦ ਲੇਲਿਆਂ ‘ਤੇ, ਟਲਦਾ ‘ਮੈਨੂੰ ਕੀ’ ਸਮਝ ਕੇ ਜੱਗ ਏਦਾਂ।
ਬੁਰਛਾਗਰਦੀ ਦੇ ਬੁਰੇ ਮਾਹੌਲ ਅੰਦਰ, ਜੀਵੇ ਕਿਸ ਤਰ੍ਹਾਂ ਬੰਦਾ ਸਲੱਗ ਏਦਾਂ।
ਹਰ ਥਾਂ ਚੌਧਰੀ ਬਣਦਾ ਏ ਮਲਕ ਭਾਗੋ, ਭਾਈ ਲਾਲੋ ਤੋਂ ਹੁੰਦਾ ਨਹੀਂ ਤੱਗ ਏਦਾਂ।
ਤਾਨਾਸ਼ਾਹੀ ਮਿਟਾਉਣ ਦੇ ਨਾਮ ਹੇਠਾਂ, ਆਪਣਾ ਸਿੱਕਾ ਜਮਾਉਂਦਾ ਏ ਠੱਗ ਏਦਾਂ।
ਬਲਦੇ ਭਾਂਬੜ ‘ਤੇ ਛਿੜਕ ਕੇ ਤੇਲ ਦੇਖੋ, ਅਹਿਮਕ ਸਮਝਦਾ ਬੁਝੇਗੀ ਅੱਗ ਏਦਾਂ!

ਤਰਲੋਚਨ ਸਿੰਘ ਦੁਪਾਲਪੁਰੀ

ਹੱਟ ਕਬੱਡੀ! ਸਫਾ-ਚੱਟ ਕਬੱਡੀ!!

ਦੇਸ਼-ਵਿਦੇਸ਼ ਦੀਆਂ ਪੰਜਾਬੀ ਅਖ਼ਬਾਰਾਂ ਵਿਚ ਕਬੱਡੀ ਮੈਚਾਂ ਦੀਆਂ ਖ਼ਬਰਾਂ ਅਤੇ ਮੈਦਾਨ ਵਿਚ ਗੁੱਥ-ਮ-ਗੁੱਥਾ ਹੋ ਰਹੇ ਖਿਡਾਰੀਆਂ ਦੀਆਂ ਜਲਾਲ ਭਰੀਆਂ ਫੋਟੋਆਂ ਦੇਖ ਕੇ ਆਪਣੀ ਪੜ੍ਹਾਈ ਦੇ ਦਿਨੀਂ ਖੇਡੀ ਹੋਈ ਕਬੱਡੀ ਯਾਦ ਆ ਜਾਂਦੀ ਹੈ। ਉਨ੍ਹਾਂ ਵੇਲਿਆਂ ‘ਚ ਅਸੀਂ ਵੀ ਪੱਟ ‘ਤੇ ਥਾਪੀ ਮਾਰ ਕੇ ‘ਦਮ ਪਾਉਣ’ ਜਾਇਆ ਕਰਦੇ ਸਾਂ। ਉਦੋਂ ਦੀ ਅਤੇ ਅਜੋਕੀ ਕਬੱਡੀ ਦਾ ਰੰਗ-ਢੰਗ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇਸ ਖੇਡ ਦੀ ਨਿਯਮਾਵਲੀ ਵਿਚ ਤਾਂ ਕੋਈ ਖਾਸ ਤਬਦੀਲੀਆਂ ਨਹੀਂ ਹੋਈਆਂ ਪਰ ਹੁਣ ਦੇ ਖਿਡਾਰੀਆਂ ਦੇ ਚਿਹਰੇ-ਮੋਹਰੇ ਅਤੇ ਉਨ੍ਹਾਂ ਦੇ ਨਾਂਵਾਂ ਦਾ ਹੁਲੀਆ ਕਿਉਂ ਵਿਗੜ ਗਿਆ? ਵਿਦੇਸ਼ਾਂ ਵਿਚ ਕਬੱਡੀ ਮੈਚ ਕਰਵਾਉਣ ਵਾਲੇ ਕਬੱਡੀ ਪ੍ਰੇਮੀ ਵੀਰ ਇਹ ਦਾਅਵਾ ਬੜੇ ਜ਼ੋਰ-ਸ਼ੋਰ ਨਾਲ ਕਰਦੇ ਹਨ ਕਿ ਅਸੀਂ ਪੰਜਾਬੀ ਵਿਰਸੇ ਦੇ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਾਂ ਪਰ ਜ਼ਰਾ ਸਵੈ-ਪੜਚੋਲ ਕਰ ਕੇ ਦੇਖੀਏ ਕਿ ਕੀ ਸੱਚ-ਮੁੱਚ ਵਿਰਾਸਤ ਦੀ ਹਿਫ਼ਾਜ਼ਤ ਹੋ ਰਹੀ ਹੈ?

ਲੈ ਜਾ ਛੱਲੀਆਂ ਭੁਨਾਂ ਲਈਂ ਦਾਣੇ…!

ਇੰਟਰਨੈਟ ‘ਤੇ ਅਖ਼ਬਾਰਾਂ ਪੜ੍ਹਨ ਲਈ ਬਹਿੰਦਿਆਂ ਸਾਰ, ਰੋਜ਼ ਵਾਂਗ ਪਹਿਲਾਂ ਆਪਣੀ ‘ਈ-ਮੇਲ’ ਚੈਕ ਕੀਤੀ। ਪੰਜਾਬ ਤੋਂ ਪ੍ਰੋਫੈਸਰ ਭਰਾ ਦੇ ਆਏ ਸੁਨੇਹੇ ਦਾ ਸਿਰਲੇਖ ‘ਛੱਲੀਆਂ ਚੱਬੋ ਜੀ!’ ਦੇਖ ਕੇ ਕੰਨ ਖੜ੍ਹੇ ਹੋ ਗਏ। ਉਤਸੁਕ ਹੁੰਦਿਆਂ ਸੁਨੇਹੇ ਨਾਲ ਭੇਜੀ ਫੋਟੋ ‘ਤੇ ਕਲਿੱਕ ਕੀਤਾ ਤਾਂ ਮਘਦੇ ਹੋਏ ਕੋਲਿਆਂ ਉਪਰ ਭੁੱਜ ਰਹੀਆਂ ਛੱਲੀਆਂ ਦੇਖ ਕੇ ਜ਼ਿਹਨ ਵਿਚ ਸਾਉਣੀ ਦੀ ਰੁੱਤ, ਖਾਸ ਕਰਕੇ ਹਰੇ ਭਰੇ ਛੱਲੀਆਂ ਦੇ ਖੇਤ ਘੁੰਮਣ ਲੱਗ ਪਏ। ਭਰਾ ਨੇ ਲਿਖਿਆ ਸੀ, “ਬਾਜ਼ਾਰ ‘ਚੋਂ ਲੰਘਦਿਆਂ ਛੱਲੀਆਂ ਭੁੱਜਣ ਦੀ ਫੈਲ ਰਹੀ ਭਿੰਨੀ-ਭਿੰਨੀ ਸੁਗੰਧੀ, ਮੈਨੂੰ ਬਦੋ-ਬਦੀ ਬਿਹਾਰੀ ਪਰਵਾਸੀ ਦੀ ਰੇਹੜੀ ਵਲ ਖਿੱਚ ਕੇ ਲੈ ਗਈ।” ਰੇਹੜੀ ਤੋਂ ਗਰਮਾ-ਗਰਮ ਨਿੰਬੂ-ਚੇਪੀਆਂ ਛੱਲੀਆਂ ਘਰੇ ਲਿਜਾ ਕੇ ਉਸ ਨੇ ਆਪ ਵੀ ਚੱਬੀਆਂ ਤੇ ਮੇਰੇ ਭਤੀਜਿਆਂ ਨੇ ਵੀ ਇਸ ਮੌਸਮੀ ਤੋਹਫੇ ਦਾ ਅਨੰਦ ਮਾਣਿਆ। ਤੇ ਸਾਨੂੰ ਪਰਦੇਸ ਵਿਚ ਬੈਠਿਆਂ ਮੱਕੀ ਦੀ ਰੁੱਤ ਯਾਦ ਕਰਾਉਣ ਲਈ ਭੁੱਜਦੀਆਂ ਛੱਲੀਆਂ ਦੀ ਫੋਟੋ ‘ਈ-ਮੇਲ’ ਕਰ ਦਿੱਤੀ।

Friday, April 8, 2011

ਜਵਾਨੀ ਮਸਤਾਨੀ ਤੇ ਨਾਦਾਨੀ!

ਕਿੱਸਾਕਾਰ ਪੀਲੂ ਨੇ ਮਿਰਜ਼ਾ-ਸਾਹਿਬਾਂ ਦੀ ਪ੍ਰੀਤ ਕਹਾਣੀ ਵਿਚ ਸਾਹਿਬਾਂ ਦੀ ਲੋਹੜੇ ਦੀ ਖੂਬਸੂਰਤੀ ਬਿਆਨ ਕਰਦਿਆਂ ਲਿਖਿਆ ਹੈ ਕਿ ਇਕ ਵਾਰ ਉਹ ਪੰਸਾਰੀ ਦੀ ਹੱਟੀ ਤੋਂ ਸਰ੍ਹੋਂ ਦਾ ਤੇਲ ਲੈਣ ਗਈ। ਇਹ ਉਨ੍ਹਾਂ ਸਮਿਆਂ ਦੀ ਵਾਰਤਾ ਹੈ ਜਦੋਂ ਨੂੰਹਾਂ-ਧੀਆਂ ਦਾ ਪਿੰਡ ਦੀ ਹੱਟੀ-ਭੱਠੀ ‘ਤੇ ਜਾਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ। ਲੋਕ ਗਾਇਕ ‘ਮਾਣਕ’ ਨੇ ਇਕ ਕਲੀ ਵਿਚ ਇਸ ਪਰੰਪਰਾ ਦਾ ਜ਼ਿਕਰ ਇੰਜ ਕੀਤਾ ਹੋਇਐ:
ਜਾਵੇ ਹੱਟੀ, ਭੱਠੀ ਕੌਲੇ ਕੱਛਦੀ ਫਿਰਦੀ ਜੋ,
ਪਿਉ ਦੀ ਦਾੜ੍ਹੀ ਉਹ ਖੇਹ ਪਾਉਂਦੀ ਧੀ ਕੁਆਰੀ।

ਹੁਣ ਇਹ ਤਾਂ ਪਤਾ ਨਹੀਂ ਕਿ ਹੱਟੀ ‘ਤੇ ਤੇਲ ਲੈਣ ਜਾਣ ਵਾਲੀ ਗੱਲ, ਸਾਹਿਬਾਂ ਦੇ ਪਿਉ ਖੀਵੇ ਖਾਨ ਦੀ ਦਾਹੜੀ ਖੇਹ ਪੈ ਜਾਣ ਤੋਂ ਪਹਿਲਾਂ ਦੀ ਹੈ ਜਾਂ ਬਾਅਦ ਦੀ। ਇਨ੍ਹਾਂ ਚੱਕਰਾਂ ‘ਚ ਪੈਣ ਨਾਲੋਂ ਹੱਟੀ ਉਪਰ ਕੀ ਭਾਣਾ ਵਰਤਿਆ, ਇਹ ਸੁਣ ਲਉ। ਕਹਿੰਦੇ ਉਸ ਨੇ ਹੱਟੀ ਵਾਲੇ ਪੰਸਾਰੀ ਬਾਣੀਏ ਤੋਂ ਤੇਲ ਮੰਗਿਆ। ਸਾਹਿਬਾਂ ਦਾ ਡੁੱਲ-ਡੁੱਲ ਪੈਂਦਾ ਹੁਸਨ ਦੇਖ ਕੇ ਪੰਸਾਰੀ ਆਪਣੀ ਸੁੱਧ-ਬੁੱਧ ਹੀ ਗਵਾ ਬੈਠਾ। ਉਸ ਨੇ ਸਾਹਿਬਾਂ ਦੇ ਭਾਂਡੇ ਵਿਚ ਤੇਲ ਦੀ ਬਜਾਏ ਸ਼ਹਿਦ ਦੀ ਉਲਟ ਦਿੱਤਾ। ਕੋਲੋਂ ਦੀ ਇਕ ਜੱਟ ਬਲਦ ਲਈ ਜਾਂਦਾ ਸੀ, ਉਹ ਵੀ ਐਸਾ ਲੱਟੂ ਹੋਇਆ ਕਿ ਬਲਦ ਗਵਾ ਬੈਠਾ। ਪੀਲੂ ਦੀਆਂ ਸਤਰਾਂ ਹਨ:

Friday, April 1, 2011

ਗੁੰਮ ਹੋਈ ਇਕ ਕੁੜੀ

”ਅੱਜ ਫਿਰ ਸ਼ੀਲਾ ਨੇ ਆਪਣੀ ਕੁੜੀ ਨੂੰ ਹੀ ਭੇਜ ਦਿੱਤਾ ਹੈ।”


ਰਸੋਈ ‘ਚ ਕਾਹਲੀ-ਕਾਹਲੀ ਬ੍ਰੈੱਡ-ਆਮਲੇਟ ਨੂੰ ਚਾਹ ਦੇ ਘੁੱਟਾਂ ਨਾਲ ਗਲੇ ‘ਚ ਉਤਾਰ ਰਹੀ ਮਿਸਿਜ਼ ਸੰਧੂ ਨੇ ਆਪਣੇ ਪਤੀ ਪ੍ਰੋਫੈਸਰ ਸੰਧੂ ਨੂੰ ਦੱਸਿਆ। ਛੋਟੇ ਗੇਟ ਥਾਣੀ ਅੰਦਰ ਵੜਦੀ ਬਿੰਦੂ ਨੂੰ ਉਸਨੇ ਰਸੋਈ ਦੇ ਸ਼ੀਸ਼ਿਆਂ ਵਿਚੀਂ ਦੇਖ ਲਿਆ ਸੀ।

ਚਲੋ ਕੋਈ ਨਾ” ਚਾਹ ਦਾ ਕੱਪ ਮੁਕਾ ਕੇ ²ਡਾਈਨਿੰਗ ਟੇਬਲ ‘ਤੇ ਰੱਖਦਿਆਂ ਪ੍ਰੋਫੈਸਰ ਸੰਧੂ ਨੇ ਸਰਸਰੀ ਜਿਹਾ ਜਵਾਬ ਦਿੰਦੇ ਹੋਏ ਆਖਿਆ¸ਕੰਮ ਤਾਂ ਆਪਣੀ ਮਾਂ ਵਾਂਗ ਤਸੱਲੀ ਵਾਲਾ ਈ ਕਰਦੀ ਐ।”

”ਪਰ ਜਿੱਲ੍ਹੀ ਬਹੁਤ ਐ… ਟਾਈਮ ਬਹੁਤ ਲਾਉਂਦੀ ਐ।” ਬਿਨਾਂ ਜਵਾਬ ਦਿੱਤਿਆਂ ਸੰਧੂ ਸਾਹਿਬ ਮੇਜ਼ ‘ਤੇ ਪਈਆਂ ਕਿਤਾਬਾਂ ਚੁੱਕ ਕੇ ਸਟੱਡੀ ਰੂਮ ‘ਚ ਰੱਖਣ ਚਲੇ ਗਏ। ਮਿਸਿਜ਼ ਸੰਧੂ ਨੇ ਕਲਾਕ ਵੱਲ ਦੇਖ ਕੇ ਫਟਾਫਟ ਸਿਰ ਵਾਹਿਆ, ਹਲਕਾ ਜਿਹਾ ਮੇਕਅੱਪ ਕੀਤਾ ਅਤੇ ਸੈਂਡਲ ਪਾਉਂਦਿਆਂ ਅੰਦਰ ਆਈ ਬਿੰਦੂ ਨੂੰ ਆਦੇਸ਼ ਦਿੱਤਾ।

”ਰਾਤ ਦੇ ਭਾਂਡੇ ਵੀ ਸਿੰਕ ਵਿਚ ਹੀ ਪਏ ਐ। ਪਹਿਲਾਂ ਭਾਂਡੇ ਮਾਂਜ ਲਈਂ, ਫਿਰ ਪੋਚੇ ਲਾਈਂ, ਕੱਪੜੇ ਮਗਰੋਂ ਧੋਵੀਂ। …. ਨਾਲੇ ਕੰਮ ਜ਼ਰਾ ਫੁਰਤੀ ਨਾਲ ਕਰੀਂ, ਓ. ਕੇ.?” ਮਗਰਲਾ ਸ਼ਬਦ ‘ਓ. ਕੇ.’ ਮੈਡਮ ਨੇ ਘਰੋੜ ਕੇ ਕਿਹਾ।

Wednesday, March 16, 2011

ਲੋਕ-ਭਾਖ਼ਿਆ ਦੇ ਅਲਫ਼ਾਜ਼ ਦੇ ਅਫ਼ਸਾਨੇ

ਸਦੀਆਂ ਪੁਰਾਣੀਆਂ ਮਿੱਥਾਂ-ਮਨੌਤਾਂ ਨੂੰ ਆਪਣੀਆਂ ਵਿਗਿਆਨਕ ਕਾਢਾਂ ਦੇ ਜ਼ਰੀਏ ਥੋਥੀਆਂ ਸਿੱਧ ਕਰਨ ਵਾਲੇ ਪ੍ਰਸਿੱਧ ਵਿਗਿਆਨੀ ਗੈਲੀਲੀਓ ਨੇ ਇਕ ਥਾਂ ਲਿਖਿਆ ਹੈ, "ਮੈਂ ਖ਼ੁਦ ਦੂਰਬੀਨ ਬਣਾ ਕੇ ਸਪਸ਼ਟ ਰੂਪ ਵਿਚ ਦੇਖ ਚੁੱਕਿਆ ਹਾਂ ਕਿ ਚੰਦਰਮਾ ਵੀ ਸਾਡੀ ਧਰਤੀ ਵਰਗਾ ਗ੍ਰਹਿ ਹੈ। ਇਹਦੇ ਵਿਚ ਦਿਖਾਈ ਦਿੰਦੇ ਧੱਬੇ ਅਸਲ ਵਿਚ ਚੰਦ ਦੀ ਸਤਹਿ 'ਤੇ ਪਏ ਟੋਏ-ਟਿੱਬੇ ਹਨ। ਇਹ ਸਭ ਕੁਝ ਮੈਂ ਦੂਸਰੇ ਲੋਕਾਂ ਨੂੰ ਵੀ ਦਿਖਾ ਚੁੱਕਿਆ ਹਾਂ। ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਵੀ ਹਨ। ਲੇਕਿਨ ਇਸ ਦੇ ਬਾਵਜੂਦ ਮੈਨੂੰ ਆਪਣਾ ਆਪ, ਇਹ ਦੂਰਬੀਨ, ਇਹ ਨਵੀਨ ਖੋਜਾਂ; ਸਭ ਕੁਝ ਝੂਠ ਜਾਪਣ ਲੱਗਦਾ ਹੈ, ਜਦੋਂ ਮੈਨੂੰ ਬਚਪਨ ਵਿਚ ਆਪਣੀ ਮਾਂ ਪਾਸੋਂ ਸੁਣੀਆਂ ਗੱਲਾਂ ਯਾਦ ਆ ਜਾਂਦੀਆਂ ਹਨ।"

Tuesday, March 15, 2011

ਅਮਲ ਲਈ ਤਰਸਦੇ-ਮਤੇ ਸ਼੍ਰੋਮਣੀ ਕਮੇਟੀ ਦੇ!

ਦਸ ਗੁਰੂ ਸਾਹਿਬਾਨ ਦੁਆਰਾ ਸਾਜੇ ਗਏ ਸਿੱਖ ਪੰਥ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਹਾਨੀ ਚਾਨਣ,ਸੰਸਾਰ ਵਿੱਚ ਛਾਏ ਹੋਏ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਤੇਜੱਸਵੀ ਸੂਰਜ ਦੀ ਨਿਆਈਂ ਹੈ। ਇਸੇ ਕਰਕੇ ਸਿੱਖ,ਜਿੱਥੇ ਜਿੱਥੇ ਵੀ ਗਏ ਉੱਥੇ ਗੁਰਧਾਮ ਸਥਾਪਤ ਕੀਤੇ। ਪੰਜਾਬ ਦੀ ਧਰਤੀ ਨੂੰ ਕਿਉਂਕਿ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ ਅਤੇ ਇਹ ਗੁਰੂ ਸਾਹਿਬਾਨ ਵਲੋਂ ਵਰੋਸਾਈ ਮਨੁੱਖੀ ਕਲਿਆਣ ਵਾਲ਼ੀ ਜੁਗਤਿ ਦੀ ਤਜ਼ਰਬਾ-ਗਾਹ ਵੀ ਹੈ। ‘ਜਿੱਥੇ ਜਾਇ ਬਹੈ ਮੇਰਾ ਸਤਿਗੁਰੂ’ ਦੀ ਭਾਵਨਾ ਅਨੁਸਾਰ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਇਤਿਹਾਸਕ ਥਾਵਾਂ ‘ਤੇ ਗੁਰਦੁਆਰਿਆਂ ਦੀਆਂ ਇਮਾਰਤਾਂ ਤਾਮੀਰ ਕੀਤੀਆਂ ਗਈਆਂ। ਲੰਮੇ ਉਤਰਾਅ ਚੜ੍ਹਾਅ ਲੰਘ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਸਿੱਖ ਰਾਜ ਸਥਾਪਿਤ ਹੋਇਆ। ਉਸਨੇ ਗੁਰੂ ਪਿਆਰ ਵਾਲੀ ਸ਼ਰਧਾ ਅਨੁਸਾਰ ਗੁਰਧਾਮਾਂ ਦੀ ਨਵ-ਉਸਾਰੀ ਕਰਵਾਉਣ ਦੇ ਨਾਲ ਨਾਲ, ਬਹੁਤ ਸਾਰੇ ਗੁਰਦੁਅਰਿਆਂ ਦੇ ਨਾਂ ਸਤਿਕਾਰ ਵਜੋਂ ਜਮੀਨਾਂ-ਜਾਇਦਾਦਾਂ ਵੀ ਲਗਾਈਆਂ।

ਬੇਗਮ ਪੁਰੇ ਦੇ ਬਸ਼ਿੰਦੇ

ਦੁਨੀਆਂਦਾਰਾਂ ਉੱਤੇ ਵੱਡੇ ਵਡੇ ਪਰਉਪਕਾਰ ਕਰਨ ਤੋਂ ਬਾਅਦ ਪ੍ਰੀਤਮ ਕੇ ਦੇਸ ਬਿਰਾਜ ਰਹੇ ਗੁਰੁ, ਪੀਰ ਤੇ ਰਹਿਬਰ ਆਪਣੇ ਪੈਰੋਕਾਰਾਂ ਦਾ ਹੋਛਾ-ਪਣ ਦੇਖ ਦੇਖ ਕੇ ਹੱਸਦੇ ਜਰੂਰ ਹੋਣਗੇ ।ਵੈਸੇ ਸਾਡੇ ਕਾਰਨਾਮੇ ਦੇਖ ਕੇ ਉਨ੍ਹਾਂ ਨੂੰ ਗੁੱਸਾ ਵੀ ਬਹੁਤ ਆਉਂਦਾ ਹੋਣੈਂ ! ਪਰ ਉਨ੍ਹਾਂ ਦਰਵੇਸ਼ਾਂ ਨੇ ਕ੍ਰੋਧ ’ਤੇ ਫਤਹਿ ਪਾਈ ਹੋਣ ਕਰਕੇ, ਸ਼ਰਧਾਲੂਆਂ ਦੀਆਂ ਮਨ ਮਰਜੀਆਂ ਬੇ-ਰੋਕ ਟੋਕ ਵਧੀ ਜਾਂਦੀਆਂ ਹਨ। ਹਰੇਕ ਧਰਮ ਦੇ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਇਹ ਉਪਦੇਸ਼ ਜਰੂਰ ਦਿੱਤਾ ਹੋਇਆ ਹੈ ਕਿ ਭਗਤੋ, ਜੋ ਅਸੂਲ-ਨਿਯਮ ਮੈਂ ਬਣਾ ਚੱਲਿਆ ਹਾਂ, ਇਨ੍ਹਾਂ ਤੇ ਅਮਲ ਕਰਦੇ ਰਹੋਗੇ ਤਾਂ ਸੁਖੀ ਵਸੋਂਗੇ।ਨਹੀਂ ਤਾਂ ਧੱਕੇ-ਧੌੜੇ ਹੀ ਖਾਂਦੇ ਰਹੋਗੇ। ਮਹਾਤਮਾ ਬੁੱਧ ਜੀ ਨੇ ਜਾਂਦੇ ਵਕਤ ਭਿਖਸ਼ੂਆਂ ਨੂੰ ਕਿਹਾ ਸੀ ਕਿ ਜਿਹੜੇ ਅੱਠ ਨਿਯਮ ਮੈਂ ਘੱੜ ਚੱਲਿਆ ਹਾਂ, ਇਨਾਂ ਨੂੰ ਸੰਸਾਰ-ਭਵਜਲ ਪਾਰ ਕਰਨ ਲਈ ਕਿਸ਼ਤੀ ਰੂਪ ਹੀ ਸਮਝਿਉ। ਇਸ ਕਿਸ਼ਤੀ ਨੂੰ ਮੋਢਿਆਂ ’ਤੇ ਹੀ ਨਾ ਚੁੱਕੀ ਫਿਰਿਉ ! ਭਿਖਸ਼ੂਆਂ ਨੇ ਕੀ ਕੀਤਾ? ਮੂਰਤੀ ਪੂਜਾ ਦੇ ਕੱਟੜ ਵਿਰੋਧੀ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾ ਦਿੱਤੀਆਂ!

Friday, March 11, 2011

ਸਦਮਿਆਂ ਦਾ ਸਮੁੰਦਰ

ਪੁਰਾਤਨ ਗ੍ਰੰਥਾਂ ਵਿਚ ਭਲੇ ਹੀ ਇੰਦਰ ਨੂੰ ਵਰਖਾ ਦਾ ਦੇਵਤਾ ਕਿਹਾ ਗਿਆ ਹੋਵੇ ਅਤੇ ਉਸ ਦੇ ਹਰੇ-ਭਰੇ ਬਾਗ਼ਾਂ ਦੀ ਉਸਤਤਿ ਵਿਚ ਕਈ ਤਰ੍ਹਾਂ ਦੇ ਛੰਦ ਲਿਖੇ ਗਏ ਹੋਣ ਪਰ ਜਿਸ ਇੰਦਰ ਦੀ ਵਿਥਿਆ ਹਥਲੀ ਲਿਖਤ ਵਿਚ ਬਿਆਨੀ ਜਾ ਰਹੀ ਹੈ, ਉਹ ਤਾਂ ਵਿਚਾਰਾ ਗ਼ਮਾਂ-ਸਦਮਿਆਂ ਦਾ ਝੰਬਿਆ ਆਪਣੇ ਗ਼ਲ ਪਈ ਮਾਨਸ ਜੂਨ ਪੂਰੀ ਕਰ ਰਿਹਾ ਹੈ। ਜੋ ਕੁਝ ਉਹਦੇ ਨਾਲ ਹੋ-ਬੀਤ ਚੁੱਕਿਆ ਹੈ, ਕਿਸੇ ਪੜ੍ਹੇ-ਲਿਖੇ ਮਾਡਰਨ ਬੰਦੇ ਨਾਲ ਅਜਿਹਾ ਵਾਪਰਦਾ ਤਾਂ ਉਸ ਨੂੰ ਖ਼ੁਦਕੁਸ਼ੀ ਕੀਤਿਆਂ ਕਈ ਸਾਲ ਬੀਤ ਗਏ ਹੁੰਦੇ ਜਾਂ ਫਿਰ ਉਹ ਹੁਣ ਨੂੰ ਪਾਗ਼ਲ ਹੋ ਚੁੱਕਾ ਹੁੰਦਾ। ਕਈ ਖ਼ੁਸ਼ ਕਿਸਮਤਾਂ ਨੂੰ ਲੰਮੀ ਉਮਰ ਪਰਮਾਤਮਾ ਵੱਲੋਂ ਤੋਹਫੇ ਦੇ ਤੌਰ ‘ਤੇ ਮਿਲੀ ਹੋਈ ਹੁੰਦੀ ਹੈ ਪਰ ਇਸ ਇੰਦਰ ਵਰਗਿਆਂ ਲਈ ਨਿਰਾ ਸਰਾਪ! ਉਹਦੇ ਦੁੱਖਾਂ ਦੀ ਪੰਡ ਦੇ ਵਾਕਫ਼ ਉਸ ਨੂੰ ਤੁਰਦਾ-ਫਿਰਦਾ ਦੇਖ ਕੇ ਰੱਬ ‘ਤੇ ਹੀ ਗਿਲਾ ਕਰਦੇ ਨੇ ਕਿ ਹੇ ਦਾਤਿਆ! ਤੂੰ ਇਸ ਨੂੰ ਕਿਹੜੇ ਜਨਮ ਦੀ ਸਜ਼ਾ ਦਿੱਤੀ ਹੋਈ ਹੈ?

ਪਾਲ ਸਿੰਘ ਤੇ ਪਾਲਾ ਸਿੰਘ ਦੇ ਪੱਲੇ ਪਏ ਪਛਤਾਵੇ?

ਪੰਥਕ ਲੀਡਰਸ਼ਿਪ ਦੇ ਅਵੈੜੇ ਸੁਭਾਅ ਬਾਰੇ ਇਹ ਕੁਸੈਲੀ ਜਿਹੀ ਵਿਅੰਗ-ਟਿੱਪਣੀ ਸੁਣੀ ਤਾਂ ਮੈਂ ਪਹਿਲਾਂ ਵੀ ਹੋਈ ਸੀ ਪਰ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਮੈਨੂੰ ਕਿਤਾਬ ਖੋਲ੍ਹੀ ਬੈਠਾ ਦੇਖ ਕੇ ਜਿਸ ਨਾਟਕੀ-ਅੰਦਾਜ਼ ਨਾਲ ਇਹ ਫਿਰ ਦੁਹਰਾਈ, ਮੇਰੀ ਸਿਮ੍ਰਤੀ ਵਿਚ ਇਹ ਚਿੱਟੇ ਕਾਗਜ਼ ‘ਤੇ ਗੂੜ੍ਹੇ ਕਾਲੇ ਅੱਖਰਾਂ ਵਾਂਗ ਉਕਰੀ ਗਈ। ਜਦੋਂ ਵੀ ਕਿਸੇ ਭਲੇਮਾਣਸ ਬੁੱਧੀਜੀਵੀ ਨਾਲ ਇਹ ‘ਭਾਣਾ’ ਵਾਪਰਦਾ ਦੇਖਦਾ ਹਾਂ ਤਾਂ ਮੇਰੀਆਂ ਅੱਖਾਂ ਅੱਗੇ ਉਹੀ ਦ੍ਰਿਸ਼ ਆ ਜਾਂਦਾ ਹੈ।

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸ਼ਾਮਲ ਹੋਣ ਲਈ ਮੈਂ ਸ੍ਰੀ ਅੰਮ੍ਰਿਤਸਰ ਪਹੁੰਚਿਆ ਹੋਇਆ ਸਾਂ। ਰਾਤ ਦਾ ਪ੍ਰਸ਼ਾਦਾ-ਪਾਣੀ ਛਕਣ ਉਪਰੰਤ, ਗੁਰੂ ਹਰਗੋਬਿੰਦ ਨਿਵਾਸ ਵਿਚ ਆਪਣੀ ਰਿਹਾਇਸ਼ ਵਾਲੇ ਕਮਰੇ ਅੰਦਰ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸਾਂ। ਲਾਂਗਰੀ ਨੇ ਚਾਹ ਲੈ ਕੇ ਆਉਣਾ ਸੀ, ਇਸ ਲਈ ਕਮਰੇ ਦਾ ਦਰਵਾਜ਼ਾ ਖੁੱਲਾ ਹੀ ਰੱਖਿਆ ਹੋਇਆ ਸੀ। ਮੈਂਬਰਾਂ ਦੀ ਰਿਹਾਇਸ਼ ਆਦਿ ਦਾ ਬੰਦੋਬਸਤ ਕਰਦੇ ਫਿਰਦੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ (ਜੋ ਉਨ੍ਹੀਂ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ) ਕਈ ਵਾਰ ਇੱਧਰ-ਉਧਰ ਨੂੰ ਲੰਘੇ। ਹੱਥ ਵਿਚ ਤਿੰਨ ਫੁੱਟੀ ਸ੍ਰੀ ਸਾਹਿਬ ਫੜੀ ‘ਚਾਣਚੱਕ ਉਹ ਮੇਰੇ ਕਮਰੇ ਵਿਚ ਆ ਵੜੇ। ਆਉਂਦਿਆਂ ਹੀ ਉਨ੍ਹਾਂ ਨੇ ਝੁਟਕੀ ਮਾਰ ਕੇ ਮੇਰੇ ਹੱਥੋਂ ਕਿਤਾਬ ਫੜ ਲਈ। ਮੁਸਕ੍ਰਾਉਂਦਿਆਂ ਵਿਅੰਗਾਤਮਕ ਲਹਿਜ਼ੇ ‘ਚ ਬੋਲੇ,
”ਸਿੰਘਾ, ਕਿਤਾਬਾਂ ਪੜ੍ਹਨ ਦਾ ਕੰਮ ਛੱਡ ਦੇਵੇਂ ਤਾਂ ਚੰਗਾ ਰਹੇਂਗਾ। ਆਪਣੇ ‘ਪੰਥ’ ਵਿਚ (ਭਾਵ ਅਕਾਲੀ ਦਲ ‘ਚ) ਪੜ੍ਹਨ-ਪੁੜ੍ਹਨ ਵਾਲਿਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਜਿਹੜਾ ਬੁੱਧੀਜੀਵੀ ਬਣਨ ਦੀ ਕੋਸ਼ਿਸ਼ ਕਰੇ, ਉਸ ਨੂੰ ਝੱਟ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। …ਇਸ ਕਰਕੇ ਇਹ ‘ਪੁੱਠਾ ਕੰਮ’ ਨਾ ਹੀ ਕਰਿਆ ਕਰ। ਜੇ ਅਕਾਲੀ ਸਿਆਸਤ ਵਿਚ ਚਾਰ ਦਿਨ ਰਹਿਣਾ ਐ ਤਾਂ!”

ਕ੍ਰਿਸ਼ਨ ਕੁਮਾਰ ਸਹਿੰਦਾ ਕੰਸਾਂ ਦੀ ਮਾਰ!

ਕਦੇ ਇਤਫਾਕ ਵਸ ਹੀ ਐਸਾ ਹੁੰਦਾ ਹੈ ਕਿ ਕਿਸੇ ਵਿਆਕਤੀ ਦਾ ਸੁਭਾਅ ਜਾਂ ਉਸ ਦੇ ਕਰਤਵ, ਉਹਦੇ ਨਾਮ ਨਾਲ ਇੰਨ-ਬਿੰਨ ਮੇਲ ਖਾਂਦੇ ਹੋਣ ਵਰਨਾ ਇਹ ਜਰੂਰੀ ਨਹੀਂ ਕਿ ਸ਼ੇਰ ਖਾਨ ਨਾਂ ਵਾਲੇ ਸਾਰੇ ਸੂਰਮੇ ਮਰਦ ਹੀ ਹੋਣ। ਕੋਈ ਸ਼ਾਂਤੀ ਦੇਵੀ ਕਹੀ ਜਾਣ ਵਾਲ਼ੀ ਪਤਨੀ, ਆਪਣੇ ਪਤੀ-ਪਰਿਵਾਰ ਜਾਂ ਆਂਢ-ਗੁਆਂਢ ਲਈ ਨਿਰੀ ਬਘਿਆੜੀ ਵੀ ਹੋ ਸਕਦੀ ਹੈ। ਕੋਈ ਹੁਕਮ ਸਿੰਹੁ ਆਪਣੇ ਪਿੰਡ ਦਾ ਚੌਂਕੀਦਾਰ ਜਾਂ ਹਾਕਮ ਸਿੰਘ ਦਫਤਰਾਂ ਵਿਚ ਚਪੜਾਸਪੁਣਾ ਕਰਦਾ ਹੋਵੇ ਤਾਂ ਇਹ ਦੋਵੇਂ ਜਣੇ, ਆਪਣੇ ਨਾਂਵਾਂ ਨਾਲ ਨਿਆਂ ਨਹੀਂ ਕਰ ਰਹੇ ਹੋਣਗੇ। ਬਜ਼ਾਰ ਵਿਚ ਬੱਕਰੇ, ਮੁਰਗਿਆਂ ਦਾ ਮੀਟ ਵੇਚਣ ਵਾਲਾ ਦੁਕਾਨਦਾਰ, ਮੋਹਰੇ ਫੱਟਾ ਲਿਖਾ ਕੇ ਬੈਠਾ ਹੋਵੇ- ‘ਦਇਆ ਰਾਮ ਝਟਕਈ ਦੀ ਦੁਕਾਨ’ ਤਾਂ ਲੋਕੀਂ ਉਸ ਨੂੰ ਪੁਛਣਗੇ ਹੀ ਕਿ ਭਰਾ ਜੀ, ਬੁੱਚੜ ਰਾਮ ਫੁੱਲਾਂ ਵਾਲੇ ਦੀ ਦੁਕਾਨ ਕਿੱਧਰ ਹੈ? ਕੋਈ ਲੱਖਪਤ ਰਾਏ ‘ਹੋਮਲੈਸਾਂ’ (ਬੇਘਰਿਆਂ) ਵਾਂਗ ਹੱਥ ‘ਚ ਠੂਠਾ ਫੜ ਕੇ ਮੰਗਦਾ ਫਿਰਦਾ ਹੋਵੇ ਜਾਂ ਕੋਈ ‘ਨੇਕ ਚੰਦ’ ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਦਾ ਹੋਵੇ ਤਾਂ ਜਾਣਕਾਰਾਂ ਨੂੰ ਅਚੰਭਾ ਲਾਜ਼ਮੀ ਹੋਵੇਗਾ ਕਿ ਏਡੀ ਬਰਕਤ ਵਾਲੇ ਨਾਂ ਤੇ ਧੰਦੇ ਆਹ?

Thursday, March 10, 2011

ਜਲਾਲੇ-ਪਾਤਸ਼ਾਹੀ ਯਾ ਜ਼ਮਹੂਰੀ ਤਮਾਸ਼ਾ?

ਐ ਖ਼ਾਕ ਨਸ਼ੀਨੋ ਉਠ ਬੈਠੋ,
ਵੋਹ ਵਕਤ ਕਰੀਬ ਆ ਪਹੁੰਚਾ ਹੈ,
ਜਬ ਤਖ਼ਤ ਗਿਰਾਏ ਜਾਏਂਗੇ,
ਜਬ ਤਾਜ ਉਛਾਲੇ ਜਾਏਂਗੇ!

ਫੈਜ ਅਹਿਮਦ ‘ਫੈਜ਼’ ਦਾ ਇਨਕਲਾਬੀ ਹੁੱਝ ਮਾਰਦਾ ਇਹ ਸ਼ੇਅਰ ਬੇਸ਼ੱਕ ਤਾਰੀਖ ਦੀਆਂ ਨਜ਼ਰਾਂ ਵਿਚ ਕਈ ਵਾਰ ਦੁਹਰਾਇਆ ਜਾ ਚੁੱਕਾ ਹੈ। ਲੇਕਿਨ ਅੱਜ ਦੀ ਦੁਨੀਆਂ ਹੈਰਤ ਭਰੀਆਂ ਨਜ਼ਰਾਂ ਨਾਲ ਫਿਰ ਇਨ੍ਹਾਂ ਸਤਰਾਂ ‘ਤੇ ਅਮਲ ਹੁੰਦਾ ਦੇਖ ਰਹੀ ਹੈ। ਪ੍ਰਾਚੀਨ ਸੱਭਿਅਤਾ ਦੀ ਧਰੋਹਰ ਮਿਸਰ ਦੀ ਧਰਤੀ, ਜਿੱਥੋਂ ਦੇ ਸੁਹੱਪਣ ਦੀਆਂ ਰਸੀਲੀਆਂ ਤੇ ਨਸ਼ੀਲੀਆਂ ਗੱਲਾਂ ਸਾਡੇ ਪੰਜਾਬ ਦੇ ਅਨਪੜ੍ਹ ਜਾਂ ਅਧਪੜ੍ਹ ਬਜ਼ੁਰਗਾਂ ਦੀਆਂ ਢਾਣੀਆਂ ਵਿਚ ਵੀ ਚਟਖ਼ਾਰੇ ਲਾ ਕੇ ਕੀਤੀਆਂ ਜਾਂਦੀਆਂ ਨੇ, ਜਿੱਥੋਂ ਦੇ ਸ਼ਾਹਜ਼ਾਦੇ ਯੂਸਫ ਦੇ ਕਿੱਸੇ ਵਾਰਿਸ ਸ਼ਾਹ ਦੀ ਹੀਰ ਵਾਂਗ ਪੰਜਾਬੀਆਂ ਦੇ ਜ਼ਿਹਨੀਂ ਵੱਸੇ ਹੋਏ ਹਨ, ਅੱਜ ਉਸ ਮਿਸਰ ਦੇਸ਼ ਦੇ ਵਾਸੀ ਅਕਾਸ਼ ਵਿਚ ਸਤਰੰਗੀਆਂ ਰੌਸ਼ਨੀਆਂ ਬਿਖੇਰਦੀਆਂ ਆਤਿਸ਼ਬਾਜ਼ੀਆਂ ਚਲਾ ਰਹੇ ਨੇ। ਗਲੀਆਂ ਕੂਚਿਆਂ ਵਿਚ ਪਟਾਖੇ, ਅਨਾਰ ਚਲਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਈਦ-ਮੁਬਾਰਕ ਕਹਿਣ ਵਾਂਗ ਉਥੋਂ ਦੇ ਬਾਸ਼ਿੰਦੇ ਇੱਕ ਦੂਜੇ ਨਾਲ ਬਗਲਗੀਰ ਹੋ ਕੇ ਵਧਾਈਆਂ ਦਾ ਆਦਾਨ-ਪ੍ਰਦਾਨ ਕਰ ਰਹੇ ਨੇ। ਉਨ੍ਹਾਂ ਦੇ ਚਿਹਰਿਆਂ ਦੀ ਲਾਲੀ ਪਹਿਲਾਂ ਨਾਲੋਂ ਕਿਤੇ ਵਧੇਰੇ ਲਿਸ਼ਕਾਂ ਮਾਰ ਰਹੀ ਹੈ। ਉਹ ਵਾਰ ਵਾਰ ਆਪਣਾ ਖੰਡੇ-ਕ੍ਰਿਪਾਨਾਂ ਵਾਲ਼ਾ ਕੌਮੀ ਝੰਡਾ ਖੁਲ੍ਹੀ ਅਜ਼ਾਦ ਫਿਜ਼ਾ ਵਿਚ ਲਹਿਰਾ ਰਹੇ ਨੇ।

Tuesday, March 8, 2011

ਕਲਿਯਗੁ ਦੀ ਕਵੀਸ਼ਰੀ!

ਊਠਣੀ 'ਤੇ ਚੜ੍ਹੇ ਜਾਂਦੇ ਤਿੰਨ ਸਿੰਘ ਜੀ, ਉਹਨੂੰ ਲੱਗਾ ਭਾਰ ਤੇ ਉਹ ਪਈ ਅੜਿੰਗ ਜੀ। ਖੇਤਾਂ ਵਿਚ ਚਰਦੀਆਂ ਤਿੰਨ ਕੱਟੀਆਂ, ਅਸੀਂ ਜਾ ਕੇ ਉਨ੍ਹਾਂ ਦੀਆਂ ਪੂਛਾਂ ਪੱਟੀਆਂ। ਕਹਿਣ ਨੂੰ ਤਾਂ ਇਨ੍ਹਾਂ ਚੌਹਾਂ ਸਤਰਾਂ ਨੂੰ ਵੀ 'ਕਵਿਤਾ' ਕਿਹਾ ਜਾਵੇਗਾ। ਪਰੰਤੂ ਕਾਵਯ-ਵਿੱਦਿਆ ਦੇ ਪਿੰਗਲ ਦਾ ਕੋਈ ਵੀ ਜਾਣਕਾਰ, ਇਨ੍ਹਾਂ ਪੰਕਤੀਆਂ ਨੂੰਕਵਿਤਾ ਮੰਨਣੋ ਇਨਕਾਰੀ ਹੋਵੇਗਾ। ਚਲੋ ਫਿਰ ਵੀ ਇਨਾਂ ਵਿਚ ਥੋੜੀ ਬਹੁਤੀ ਛੰਦਾ-ਬੰਦੀ ਦੀ ਝਲਕ ਅਤੇ ਕਾਫ਼ੀਆਂ ਤੁਕਾਂਤ ਮਿਲਦਾ ਹੈ। ਪਰ ਅਹਿ ਜਿਹੜੀ ਖੁਲ੍ਹੀ ਕਵਿਤਾ ਰਚੀ ਜਾ ਰਹੀ ਹੈ, ਉਸਦਾ ਨਮੂਨਾ ਦੇਖੋ ਜ਼ਰਾਸਾਡ ਕੋਠੇ ਨਿੰਮ ਦਾ ਬੂਟਾ ਬਾਹਰ ਖੜ੍ਹਾ ਸਰਪੰਚ ਦੇਈਂ ਗਵਾਂਢਣੇ ਫਾਹੁਣਾ ਮੈਂ ਰਜਾਈ ਨਗੰਦਣੀ! ਅਖੇ 'ਲਿਖੇ ਮੂਸਾ ਪੜ੍ਹੇ ਖੁਦਾ।' ਇਹੋ ਜਿਹੀਆਂ 'ਖੁੱਲੀਆਂ ਕਵਿਤਾਵਾ' ਸ਼ਾਇਦ ਇਨ੍ਹਾਂ ਨੂੰ ਲਿਖਣ ਵਾਲਿਆ ਦੀ 'ਪਕੜ' ਵਿਚ ਭਾਵੇ ਆ ਜਾਂਦੀਆਂ ਹੋਣ, ਪਰ ਆਮ ਪਾਠਕਾਂ ਦੀ ਨਜ਼ਰ ਵਿਚ ਤਾਂ ਇਹ ਕਾਲ਼ੇ ਅੱਖਰਾਂ ਬਰਾਬਰ ਹੀ ਹੁੰਦੀਆਂ ਹਨ। ਨਾ ਕੋਈ ਰਸ, ਨਾ ਕੋਈ ਖਿਆਲ ਲੜੀ ਅਤੇ

Wednesday, January 19, 2011

ਮਜਬੂਰੀ ਦੀ ਚੱਕੀ ਵਿਚ ਪਿਸਦੀ ਮਰਜ਼ੀ

“ਵੀਹ ਸਾਲ ਦੀ ਉਮਰ ਤਕ ਜਜ਼ਬਾ ਰਾਜ ਕਰਦਾ ਹੈ, ਤੀਹ ਵਿਚ ਅਕਲ ਅਤੇ ਚਾਲੀ ਸਾਲ ਦੀ ਉਮਰ ਵਿਚ ਤਜਰਬੇ ਦੀ ਹਕੂਮਤ ਹੁੰਦੀ ਹੈ। ਇਸ ਪਿੱਛੋਂ ਰਾਜ ਲਗਭਗ ਟੁੱਟ ਹੀ ਜਾਂਦਾ ਹੈ।”

ਕਿਸੇ ਨੀਤੀ-ਵੇਤਾ ਵੱਲੋਂ ਇਨਸਾਨ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਬਾਰੇ ਬਣਾਇਆ ਗਿਆ ਇਹ ਖਾਕਾ, ਬਿਨਾਂ ਸ਼ੱਕ ਤੱਥਾਂ ਉਤੇ ਆਧਾਰਤ ਜਾਪਦਾ ਹੈ ਪਰ ਜ਼ਰੂਰੀ ਨਹੀਂ ਕਿ ਇਸ ‘ਫਰੇਮ‘ ਵਿਚ ਸਾਰਿਆਂ ਵੱਲੋਂ ਹੰਢਾਇਆ ਹੋਇਆ ਜੀਵਨ ਫਿੱਟ ਆ ਜਾਏ! ਜਿਨ੍ਹਾਂ ਘਰਾਂ ਵਿਚ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹੋਣ, ਉਥੇ ਜਨਮੇ ਵੀਹ ਸਾਲ ਦੀ ਉਮਰ ਦੇ ਨਿਆਣਿਆਂ ਦੇ ਕਾਹਦੇ ਜਜ਼ਬਾਤ? ਜਿਹੜੇ ਜਵਾਨੀ ਪਹਿਰੇ ਹੀ ਵਿਗੜਿਆਂ-ਤਿਗੜਿਆਂ ਦੀ ਸੰਗਤ ਵਿਚ ਪੈ ਗਏ ਹੋਣ, ਅਕਲ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਸ ਨੇ ਚਾਲੀਆਂ ਤਕ ਪਹੁੰਚ ਕੇ ਵੀ ਕੋਈ ਸਿੱਧਾ ਕੰਮ ਨਹੀਂ ਕੀਤਾ ਹੁੰਦਾ, ਉਹਦੇ ਕੋਲ ਤਜਰਬਿਆਂ ਦੀ ਪੂੰਜੀ ਕਿੱਥੋਂ ਲੱਭਣੀ ਹੋਈ! ਰਹੀ ਗੱਲ ਚਾਲੀ ਸਾਲ ਦੀ ਉਮਰ ਤੋਂ ਬਾਅਦ ਰਾਜ-ਭਾਗ ਟੁੱਟਣ ਦੀ, ਇਹਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਸਮੇਂ ਲੱਦ ਗਏ ਜਦ ਘਰਾਂ ਵਿਚ ਕਿਸੇ ਇਕ ਮੁਖੀਏ ਦਾ, ਖ਼ਾਸ ਕਰਕੇ ਬਾਪ ਦਾ ‘ਰਾਜ-ਭਾਗ‘ ਚੱਲਦਾ ਹੁੰਦਾ ਸੀ। ਅੱਜ ਕੱਲ੍ਹ ਤਾਂ ਇੰਜ ਕਿਹਾ ਜਾਣਾ ਚਾਹੀਦਾ ਹੈ ਕਿ ਜਜ਼ਬਾਤ ਅਤੇ ਅਕਲ ਦਾ ਭੋਗ ਤਾਂ ਵਿਆਹ ਹੁੰਦਿਆਂ ਹੀ ਪੈ ਜਾਂਦਾ ਹੈ। ਨਾਲ ਹੀ ਬੰਦੇ ਦੇ ਰਾਜ-ਭਾਗ ਦਾ ਕੀਰਤਨ ਸੋਹਿਲਾ ਵੀ ਪੜ੍ਹਿਆ ਜਾਂਦਾ ਹੈ। ਜੇ ਕਿਸੇ ਕਾਰਨ ‘ਹਕੂਮਤ‘ ਦੀ ਰਹਿੰਦ-ਖੂੰਹਦ ਵਿਆਹ ਤੋਂ ਬਾਅਦ ਵੀ ਬਚੀ ਰਹਿ ਜਾਵੇ ਤਾਂ ਵੱਡੀ ਹੋਈ ਔਲਾਦ ਸਾਰੀਆਂ ਕਸਰਾਂ ਕੱਢ ਦਿੰਦੀ ਹੈ। “ਪੁੱਤ ਰਾਜ ਮਲੇਛ ਰਾਜ” ਵਾਲਾ ਅਖਾਣ ਬੰਦੇ ਦੀ ਉਸ ਤਰਸਯੋਗ ਹਾਲਤ ਦਾ ਪ੍ਰਗਟਾਵਾ ਹੀ ਹੈ ਜਦੋਂ ਕੋਈ ਬਾਪ ਆਪਣਾ ਪਤ-ਤੇਜ਼ ਗਵਾ ਕੇ ਆਪਣੇ ਪੁੱਤਾਂ ਦੇ ਹੁਕਮ ਅਧੀਨ ਜਿਉ ਰਿਹਾ ਹੋਵੇ।

ਹੀਰੋ ਕਲਾਂ ਦੇ ਅਕਾਲੀ ਕੌਮ ਦੇ ਹੀਰੇ?

ਭਰ ਸਿਆਲ ਦੀ ਰੁੱਤ…ਕੜਾਕੇ ਦੀ ਠੰਢ…ਚਾਰ ਚੁਫ਼ੇਰੇ ਗੂੜ੍ਹੀ ਧੁੰਦ…ਹੱਡਾਂ ਨੂੰ ਚੀਰਦੀ ਜਾਂਦੀ ਸੀਤ ਲਹਿਰ ਸਦਕਾ ਗੱਭਰੂਆਂ ਦਾ ਵੀ ਦੰਦੋੜਿੱਕਾ ਵੱਜ ਰਿਹਾ ਹੈ। ਖੇਸ, ਖੇਸੀਆਂ, ਲੋਈਆਂ ਅਤੇ ਭੂਰੇ ਕੰਬਲਾਂ ਨਾਲ ਸਿਰ-ਮੂੰਹ ਲਪੇਟ ਕੇ, ਆਪਣੇ ਪਿੰਡ ਦੇ ਬਾਹਰਵਾਰ ਕੁਝ ਸਿੱਖ ਭਰਾ ਭੁੰਜੇ ਹੀ ਧਰਨਾ ਮਾਰੀ ਬੈਠੇ ਹਨ। ਕਾਫ਼ੀ ਗਿਣਤੀ ਵਿਚ ਇਨ੍ਹਾਂ ਦੇ ਹਮਦਰਦ ਆਲੇ-ਦੁਆਲੇ ਵਾੜ ਬਣਾਈ ਖੜ੍ਹੇ ਹਨ। ਖੜ੍ਹਿਆਂ ਅਤੇ ਬੈਠਿਆਂ ਦੇ ਮਾਸੂਮ ਚਿਹਰਿਆਂ ਤੋਂ ਹਾਸੇ ਗਾਇਬ ਹਨ। ਕੋਈ ਮੁਸਕਰਾਉਂਦਾ ਚਿਹਰਾ ਇਨ੍ਹਾਂ ਵਿਚ ਨਹੀਂ ਹੈ। ਸਭ ਚਿਹਰਿਆਂ ਉਤੇ ਰੋਹ ਤੇ ਨਿਰਾਸ਼ਾ ਦੇ ਰਲੇਵੇਂ ਵਾਲੀਆਂ ਲਕੀਰਾਂ ਉਭਰਦੀਆਂ ਦਿਖਾਈ ਦਿੰਦੀਆਂ ਹਨ। ਨੀਲੇ-ਪੀਲੇ ਰੰਗ ਦੀਆਂ ਦਸਤਾਰਾਂ ਅਤੇ ਸਾਫ਼ੇ ਬੰਨ੍ਹੀ ਬੈਠੇ ਇਨ੍ਹਾਂ ਬੰਦਿਆਂ ਵਿਚ ਕੁਝ ਬੱਚੇ, ਗਭਰੇਟ ਅਤੇ ਬਜ਼ੁਰਗ ਵੀ ਹਨ। ਇਉਂ ਭਾਸਦਾ ਹੈ ਜਿਵੇਂ ਇਨ੍ਹਾਂ ਨੂੰ ਕਿਸੇ ਹਿਰਦੇ-ਵੇਦਕ ਘਟਨਾ ਨੇ ਵਲੂੰਧਰ ਸੁੱਟਿਆ ਹੋਵੇ! ਜਿਵੇਂ ਕਿਤੇ ਇਹ ਸਾਰੇ ਜਣੇ ਰੋਹ ਨਾਲ ਭਰੇ ਪਏ ਹੋਣ!!

ਚਾਪਲੂਸੀਆਂ ਤੇ ਚਮਚਾਗਿਰੀਆਂ!

ਡਾਇਨਿੰਗ ਟੇਬਲ ‘ਤੇ ਚਮਕਣ ਵਾਲੇ ਨਿਰਜਿੰਦ ਚਮਚੇ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਕੰਮ ਸਾਖਿਆਤ ਜਿਊਂਦੇ-ਜਾਗਦੇ ਚਮਚੇ ਕਰਦੇ ਹਨ ਜਾਂ ਕਰ ਸਕਦੇ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਖਾਣ ਵਾਲੇ ਮੇਜ਼ ‘ਤੇ ਬਹਿਣ ਵੇਲੇ ਚਮਚਿਆਂ ਬਗ਼ੈਰ ਔਖੇ-ਸੌਖੇ ਸਾਰਿਆ ਜਾ ਸਕਦਾ ਹੈ ਪਰ ਜਿਥੇ ਮਨੁੱਖੀ ਚਮਚਿਆਂ ਦੀ ਲੋੜ ਹੁੰਦੀ ਹੈ, ਉਥੇ ਇਨ੍ਹਾਂ ਤੋਂ ਬਿਨਾਂ ਬਿਲਕੁਲ ਨਹੀਂ ਸਰ ਸਕਦਾ। ਘਰ ਤੋਂ ਲੈ ਕੇ ਦਫ਼ਤਰ, ਸਰਕਾਰੀ ਜਾਂ ਗ਼ੈਰ ਸਰਕਾਰੀ ਅਦਾਰੇ ਅਤੇ ਛੋਟੇ-ਵੱਟੇ ਕਾਰੋਬਾਰੀ ਧੰਦਿਆਂ ਦੇ ਪ੍ਰਬੰਧਕੀ ਸਿਸਟਮ ਵਿਚ ਚਮਚਿਆਂ ਦੇ ਝੰਡੇ ਝੂਲਦੇ ਦੇਖੇ ਜਾ ਸਕਦੇ ਹਨ। ਆਮ ਘਰਾਂ ਵਿਚ ਝਾਤੀ ਮਾਰ ਲਓ। ਜੇ ਕਿਤੇ ਹੋਈ ਸ੍ਰੀਮਾਨ ਆਪਣੀ ਪਤਨੀ ਦੀ ਲੋੜੋਂ ਵੱਧ ਤਾਰੀਫ਼ ਕਰ ਰਿਹਾ ਹੋਵੇ ਤਾਂ ਸਮਝੋ ਉਹ ਨਿਕਟ ਭਵਿੱਖ ਵਿਚ ਪਤਨੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਮਹਿੰਗੀ ਮੰਗ ਤੋਂ ਖਹਿੜਾ ਛੁਡਾਉਣ ਲਈ ਤਰੱਦਦ ਕਰ ਰਿਹਾ ਹੈ। ਇਸੇ ਤਰ੍ਹਾਂ ਜੇ ਕੋਈ ਸ੍ਰੀਮਤੀ ਆਪਣੇ ਪਤੀਦੇਵ ਦੇ ਗੁਣਗਾਨ ਕਰ ਰਹੀ ਹੋਵੇ ਤਾਂ ਸ੍ਰੀਮਾਨ ਫੁੱਲ ਕੇ ਕੁੱਪਾ ਹੋਣ ਦੀ ਬਜਾਏ ਇਹ ਸਮਝੇ ਕਿ ਕੋਈ ‘ਵੱਡਾ ਸਵਾਲ’ ਗਲ਼ ਪੈਣ ਵਾਲਾ ਹੈ, ਤਾਂ ਹੀ ਚਾਪਲੂਸੀ ਦੀ ਬੂੰਦਾਬਾਂਦੀ ਹੋ ਰਹੀ ਹੈ।

Friday, December 31, 2010

ਤੰਬਾਕੂ ਦਾ ਤਬਸਰਾ?…ਤੋਬਾ ਤੋਬਾ!!

“ਇਸ ਮੇਂ ਤੋ ਕੋਈ ਬੁਰੀ ਬਾਤ ਨਹੀਂ ਹੈ, ਲੇਕਿ… !” ਪੈਨਸ਼ਨੀਏਂ ਫ਼ੌਜੀ ਰਾਮ ਸਿੰਘ ਤੋਂ ‘ਲੇਕਿਨ‘ ਲਫ਼ਜ਼ ਪੂਰਾ ਨਾ ਕਹਿ ਹੋਇਆ ਹੋਇਆ। ਧੂਣੀ ‘ਚੋਂ ਉਠਦੇ ਧੂੰਏਂ ਕਰਕੇ ਉਸ ਨੂੰ ਹੁੱਥੂ ਆ ਗਿਆ। ਉਹ ਤਾਂ ਆਪਣੇ ਮੂੰਹ ਅੱਗੇ ਰੁਮਾਲ ਰੱਖ ਕੇ ‘ਖਊਂ ਖਊਂ‘ ਕਰਨ ਲੱਗ ਪਿਆ ਪਰ ਉਹਦੇ ਮੂੰਹੋਂ ਨਿਕਲਿਆ ਅਧੂਰਾ ਵਾਕ ਸੁਣ ਕੇ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਜਿਹੜਾ ਫ਼ੌਜੀ ਹੁੱਕਾ-ਸਿਗਰਟ ਪੀਣ ਵਾਲਿਆਂ ਦੀ ਸ਼ਾਮਤ ਲੈ ਆਉਂਦਾ ਹੈ ਅਤੇ ਕੋਈ ਜਣਾ ਉਹਦੇ ਘਰ ਅੱਗਿਉਂ ਸੁਲਗਦੀ ਸਿਗਰਟ-ਬੀੜੀ ਲੈ ਕੇ ਨਹੀਂ ਸੀ ਲੰਘ ਸਕਦਾ, ਅੱਜ ਉਹੀ ਫ਼ੌਜੀ ਤੰਬਾਕੂ-ਜ਼ਰਦਾ ਚੱਬਣ ਨੂੰ ‘ਕੋਈ ਬੁਰੀ ਗੱਲ ਨਹੀਂ‘ ਕਿਵੇਂ ਕਹਿਣ ਲੱਗ ਪਿਆ?…ਅੱਜ ਇਹਦੀ ‘ਸਿੱਖੀ‘ ਕਿਧਰ ਗਈ?

Wednesday, December 22, 2010

ਚਾਚੇ ਚੰਡੀਗੜ੍ਹੀਏ ਦਾ ਬਾਬਾ ਫ਼ਿਕਰਮੰਦ!

“ਮੈਂ ‘ਖਿਆ ਕੀਹਦਾ ਟੈਲੀਫ਼ੋਨ ਸੀ?…ਕੌਣ ਮਰ ਗਿਆ?” ਬਾਬੇ ਨੇ ਉਭੜਵਾਹਿਆਂ ਮੈਨੂੰ ਪੁੱਛਿਆ।
ਮੈਂ ਹੱਸਦਿਆਂ ਕਿਹਾ, “ਬਾਬਾ ਜੀ, ਸੌਂ ਜਾਵੋ, ਕੋਈ ਨਹੀਂ ਮਰਿਆ। ਮੈਂ ਤਾਂ ਸੰਧੂ ਸਾਹਿਬ ਬਾਰੇ ਕਹਿ ਰਿਹਾ ਹਾਂ ਕਿ ਉਹਦੀ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਉਹ ‘ਤਰ’ ਗਿਆ ਤਰ!”
ਕਿਸੇ ਦੋਸਤ ਨਾਲ ਜੱਟ ਦੀ ਕਿਸਮਤ ਬਾਰੇ ਮੇਰੀ ਟੈਲੀਫ਼ੋਨ ‘ਤੇ ਗੱਲ ਹੋ ਰਹੀ ਸੀ। ਬਾਬਾ ਜੀ ਮੂੰਹ ਉਪਰ ਰਜਾਈ ਲੈਣ ਲੱਗੇ। ਫੇਰ ਬੋਲੇ, “ਤਰ ਕਾਹਦਾ ਗਿਆ? ਜਿਹਦੀ ਲੱਖ ਰੁਪਏ ਦੀ ਲਾਟਰੀ ਨਿਕਲ ਆਈ, ਸਮਝੋ ਮਰ ਗਿਆ। ਉਹਨੇ ਪੈ ਜਾਣਾ ਹੈ ਅੱਯਾਸ਼ੀ ਦੇ ਰਾਹ। ਨਾ ਓਸ ਨੇ ਏਦੂੰ ਬਾਅਦ ਹੱਡ-ਭੰਨਵੀਂ ਮਿਹਨਤ ਕਰਨੀ ਹੈ, ਨਾ ਸਿਹਤ ਰਹਿਣੀ ਹੈ, ਨਾ ਹਾਜ਼ਮਾ ਕੰਮ ਕਰੇਗਾ…ਨਾ ਕੋਈ ਚੀਜ਼ ਪਚਣੀ ਹੈ। ਰੁਪਈਆ ਕਾਹਦਾ ਮਿਲਿਆ ਹੈ, ਉਸ ਨੂੰ ਤਾਂ ਜ਼ਹਿਰ ਦਾ ਕੁੱਜਾ ਮਿਲ ਗਿਆ। ਅੱਜ ਨਹੀਂ ਤਾਂ ਕੱਲ੍ਹ ਮਰੇਗਾ…ਅਮੀਰ ਆਦਮੀ ਭਲਾ ਤੰਦਰੁਸਤ ਕਿਵੇਂ ਰਹਿ ਸਕਦਾ ਹੈ?”

ਜਾ ਕੋ ਰਾਖੇ ਸਾਈਆਂ…

ਧਾਰਮਿਕ, ਇਤਿਹਾਸਕ ਅਤੇ ਚਲੰਤ ਮਾਮਲਿਆਂ ਦੇ ਨਾਲ-ਨਾਲ ਹਾਸ-ਵਿਅੰਗ ਦੀਆਂ ਲਿਖਤਾਂ ਪੜ੍ਹਨਾ ਮੇਰੀ ਪਹਿਲੀ ਪਸੰਦ ਹੈ। ਕਿਸੇ ਲਿਖਤ ਦੇ ਸਿਰਲੇਖ ਨਾਲ ‘ਵਿਅੰਗ‘ ਜਾਂ ਹਾਸ-ਵਿਅੰਗ ਲਿਖਿਆ ਹੋਇਆ ਹੋਵੇ, ਮੈਂ ਉਸ ਨੂੰ ਪੜ੍ਹੇ ਬਗ਼ੈਰ ਨਹੀਂ ਛੱਡਦਾ। ਇਸੇ ਆਦਤ ਦਾ ਮਾਰਿਆ ਅਖ਼ਬਾਰਾਂ ਵਿਚ ਛਪਦਾ ਚੁਟਕਲਿਆਂ ਦਾ ਕੋਨਾ ਵੀ ਜ਼ਰੂਰ ਪੜ੍ਹਦਾ ਹਾਂ। ਕਿਸੇ ਅਖ਼ਬਾਰ ਵਿਚ ਲਤੀਫ਼ਾ ਪੜ੍ਹ ਰਿਹਾ ਸਾਂ। ਕਹਿੰਦੇ ਕੋਈ ਵਿਆਹਿਆ-ਵਰਿਆ ਮਰਦ ਆਪਣੇ ਕਿਸੇ ਅਣ-ਵਿਆਹੇ ਭਾਵ ਕੰਵਾਰੇ ਦੋਸਤ ਨਾਲ ਆਪਣੇ ਘਰੇਲੂ ਰੰਡੀ-ਰੋਣੇ ਰੋ ਰਿਹਾ ਸੀ। ਉਹ ਦੱਸ ਰਿਹਾ ਸੀ ਕਿ ਕਿਵੇਂ ਉਸ ਦੀ ਪਤਨੀ ਨੇ ਨੱਕ ਵਿਚ ਦਮ ਲਿਆਂਦਾ ਹੋਇਆ ਹੈ। ਕੰਵਾਰਾ ਦੋਸਤ ਬੇਪ੍ਰਵਾਹ ਜਿਹਾ ਹੋ ਕੇ ਵਿਆਹੇ ਦੋਸਤ ਦੀ ‘ਦੁੱਖ ਭਰੀ ਕਹਾਣੀ‘ ਸੁਣ ਰਿਹਾ ਸੀ। ਵਿਆਹਿਆ ਮਰਦ ਆਪਣੇ ਦੋਸਤ ਦੇ ਕੁਆਰੇ ਹੋਣ ‘ਤੇ ਰਸ਼ਕ ਕਰਦਿਆਂ ਕਹਿੰਦਾ, “ਯਾਰ…ਤੂੰ ਤੀਹ-ਪੈਂਤੀ ਸਾਲ ਦਾ ਹੋ ਕੇ ਵੀ, ਭਲਾ ਅਹਿ ਵਿਆਹ ਨਾਂ ਦੀ ਬੀਮਾਰੀ ਤੋਂ ਕਿਵੇਂ ਬਚਿਆ ਰਹਿ ਗਿਆ ਏਂ?” ਮਾਸੂਮ ਜਿਹਾ ਮੂੰਹ ਬਣਾ ਕੇ ਕੰਵਾਰੇ ਨੇ ਜਵਾਬ ਦਿੱਤਾ, “ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ!”

ਪੈਂਤੀ ਅੱਖਰਾਂ ਦਾ ਮੁੱਲ!

ਪਰ੍ਹਿਆ ਵਿਚ ਭੈਣ ਦੀ ਗਾਲ੍ਹ? … ਉਹ ਵੀ ਸਿਰੇ ਦੇ ਕੁਪੱਤੇ ਸੀਤਲ ਸਿੰਹੁ ਨੂੰ! ਜਿਸ ਦੀ ਪਿੱਠ ਪਿੱਛੇ ਪਿੰਡ ਵਾਲੇ ਕੋਈ ਉਸ ਨੂੰ ‘ਖੜੱਪਾ’, ਕੋਈ ‘ਕਾਲਾ ਨਾਗ’ ਅਤੇ ਕੋਈ ‘ਚਲਦੀ-ਫਿਰਦੀ ਸੱਤ/ਇਕਵੰਜਾ’ ਕਿਹਾ ਕਰਦੇ ਸਨ। ਹਰ ਇਕ ਦੇ ਗਲ਼ ਪੈਣ ਵਾਲੇ ਉਹਦੇ ਤੱਤੇ ਸੁਭਾਅ ਕਰਕੇ ਪਿੰਡ ਵਾਸੀ ਦੱਬਵੀਂ ਜ਼ੁਬਾਨ ਉਸ ਦਾ ਮਖ਼ੌਲ ਉਡਾਇਆ ਕਰਦੇ ਸਨ ਕਿ ਪਤਾ ਨਹੀਂ ਕਿਸ ਭੜੂਏ ਨੇ ਇਹਦਾ ਇੰਨਾ ਠੰਢਾ ਨਾਂ ਰੱਖਿਆ ਹੋਵੇਗਾ! ਇਸੇ ਕਰਕੇ ਸਾਰੇ ਗਰਾਈਂ ਸੀਤਲ ਸਿੰਘ ਵੱਲੋਂ ਕਹੀ ਗਈ ਕਿਸੇ ਕੌੜੀ-ਕਸੈਲੀ ਗੱਲ ਨੂੰ ਵੀ ਹੋਊ-ਪਰ੍ਹੇ ਕਰ ਦਿੰਦੇ। ਸਾਰੇ ਜਾਣਦੇ ਸਨ ਕਿ ਉਹਦੇ ਨਾਲ ਲਿਆ ‘ਪੰਗਾ’ ਬਹੁਤ ‘ਮਹਿੰਗਾ’ ਪੈਂਦਾ ਹੈ। ਕਈ ਬਾਹਲੇ ਈ ਖ਼ੌਫ਼ਜ਼ਦਾ ਬੰਦੇ ਉਸ ਨੂੰ ਭਿੱਜੀ ਬਿੱਲੀ ਵਾਂਗ ਘਿਗਿਆਈ ਆਵਾਜ਼ ਵਿਚ ਬੁਲਾਉਂਦੇ, “ਜਥੇਦਾਰ ਸਾਹਿਬ ਅੱਜ ਕਿਧਰ ਭਾਗ ਲਾਉਣ ਜਾ ਰਹੇ ਨੇ?” ਇਹੋ ਜਿਹਾ ਮਿਠਾਸ ਭਰਿਆ ਵਾਕ ਵੀ ਸੀਤਲ ਸਿੰਘ ਦੇ ਮੱਥੇ ਦੀ ਤਿਊੜੀ ਖੋਲ੍ਹਣ ਤੋਂ ਹੱਥ ਖੜ੍ਹੇ ਕਰ ਜਾਂਦਾ।