Tuesday, March 15, 2011

ਬੇਗਮ ਪੁਰੇ ਦੇ ਬਸ਼ਿੰਦੇ

ਦੁਨੀਆਂਦਾਰਾਂ ਉੱਤੇ ਵੱਡੇ ਵਡੇ ਪਰਉਪਕਾਰ ਕਰਨ ਤੋਂ ਬਾਅਦ ਪ੍ਰੀਤਮ ਕੇ ਦੇਸ ਬਿਰਾਜ ਰਹੇ ਗੁਰੁ, ਪੀਰ ਤੇ ਰਹਿਬਰ ਆਪਣੇ ਪੈਰੋਕਾਰਾਂ ਦਾ ਹੋਛਾ-ਪਣ ਦੇਖ ਦੇਖ ਕੇ ਹੱਸਦੇ ਜਰੂਰ ਹੋਣਗੇ ।ਵੈਸੇ ਸਾਡੇ ਕਾਰਨਾਮੇ ਦੇਖ ਕੇ ਉਨ੍ਹਾਂ ਨੂੰ ਗੁੱਸਾ ਵੀ ਬਹੁਤ ਆਉਂਦਾ ਹੋਣੈਂ ! ਪਰ ਉਨ੍ਹਾਂ ਦਰਵੇਸ਼ਾਂ ਨੇ ਕ੍ਰੋਧ ’ਤੇ ਫਤਹਿ ਪਾਈ ਹੋਣ ਕਰਕੇ, ਸ਼ਰਧਾਲੂਆਂ ਦੀਆਂ ਮਨ ਮਰਜੀਆਂ ਬੇ-ਰੋਕ ਟੋਕ ਵਧੀ ਜਾਂਦੀਆਂ ਹਨ। ਹਰੇਕ ਧਰਮ ਦੇ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਇਹ ਉਪਦੇਸ਼ ਜਰੂਰ ਦਿੱਤਾ ਹੋਇਆ ਹੈ ਕਿ ਭਗਤੋ, ਜੋ ਅਸੂਲ-ਨਿਯਮ ਮੈਂ ਬਣਾ ਚੱਲਿਆ ਹਾਂ, ਇਨ੍ਹਾਂ ਤੇ ਅਮਲ ਕਰਦੇ ਰਹੋਗੇ ਤਾਂ ਸੁਖੀ ਵਸੋਂਗੇ।ਨਹੀਂ ਤਾਂ ਧੱਕੇ-ਧੌੜੇ ਹੀ ਖਾਂਦੇ ਰਹੋਗੇ। ਮਹਾਤਮਾ ਬੁੱਧ ਜੀ ਨੇ ਜਾਂਦੇ ਵਕਤ ਭਿਖਸ਼ੂਆਂ ਨੂੰ ਕਿਹਾ ਸੀ ਕਿ ਜਿਹੜੇ ਅੱਠ ਨਿਯਮ ਮੈਂ ਘੱੜ ਚੱਲਿਆ ਹਾਂ, ਇਨਾਂ ਨੂੰ ਸੰਸਾਰ-ਭਵਜਲ ਪਾਰ ਕਰਨ ਲਈ ਕਿਸ਼ਤੀ ਰੂਪ ਹੀ ਸਮਝਿਉ। ਇਸ ਕਿਸ਼ਤੀ ਨੂੰ ਮੋਢਿਆਂ ’ਤੇ ਹੀ ਨਾ ਚੁੱਕੀ ਫਿਰਿਉ ! ਭਿਖਸ਼ੂਆਂ ਨੇ ਕੀ ਕੀਤਾ? ਮੂਰਤੀ ਪੂਜਾ ਦੇ ਕੱਟੜ ਵਿਰੋਧੀ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾ ਦਿੱਤੀਆਂ!


ਅਮਲੀ ਰੂਪ ਵਿੱਚ ਧਰਮੀ ਬਣਨ ਦੀ ਥਾਂ ਸ਼ਰਧਾਲੂਆਂ ਨੇ ਆਪਣੇ ਗੁਰੂਆਂ-ਪੀਰਾਂ ਨੂੰ ਰੀਝਾਉਣ ਦੇ ਨਵੇਂ ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ‘ਖੁਸ਼ ਕਰਨ’ ਦਾ ਇੱਕ ਮਾਡਰਨ ਢੰਗ ਦੇਖੋ। ਚਾਹੇ ਹੋਵੇ ਕਿਸੇ ਮਹਾਂ-ਪੁਰਖ ਦਾ ਪ੍ਰਲੋਕ ਗਮਨ ਦਿਵਸ ਜਾਂ ਹੋਵੇ ਆਗਮਨ ਪੁਰਬ, ਸ਼ਰਧਾਲੂ ਜਨਾਂ ਵਲੋਂ ਉਨਾਂ ਦੀਆਂ ਕਲਪਿਤ ਤਸਵੀਰਾਂ ਅਖਬਾਰਾਂ ਦੇ ਇਸ਼ਤਿਹਾਰਾਂ ਵਿੱਚ ਛਪਵਾਈਆਂ ਜਾਂਦੀਆਂ ਹਨ। ਕਈ ਗੂੜ੍ਹੇ ਪ੍ਰਮੀਆਂ ਨੇ ਇਨਾਂ ਇਸ਼ਤਿਹਾਰਾਂ ਵਿੱਚ ਆਪਣੇ ਟੱਬਰ-ਟੀਹਰ ਦੀਆਂ ਫੋਟੋਆਂ ਵੀ ਫਿੱਟ ਕਰਵਾਈਆਂ ਹੁੰਦੀਆਂ ਨੇ। ਸਮੂੰਹ ਭਾਈਚਾਰੇ ਨੂੰ ਵਧਾਈਆਂ ਦੇਣ ਦੇ ਨਾਲ਼ ਆਪਣੇ ਕਾਰੋਬਾਰਾਂ ਦੀ ਡੌਂਡੀ ਪਿੱਟੀ ਹੁੰਦੀ ਹੈ। ਅਜਿਹੀ ਨੁਮਾਇਸ਼ ਕਰਕੇ ਸ਼ਾਇਦ ਉਹ ਘਟ ਘਟ ਕੀ ਜਾਨਣ ਵਾਲ਼ੇ ਆਪਣੇ ਰਹਿਬਰ ਨੂੰ ਆਪਣਾ ‘ਸਟੇਟਸ’ ਦਿਖਾਉਣਾ ਚਾਹੁੰਦੇ ਹੋਣ! ਸਾਡੇ ਮੁਰਸ਼ਦ ਮੁਸ਼ਕੜੀਏ ਹੱਸਦੇ ਹੋਣਗੇ ਕਿ ਦੇਖੋ ਇਨ੍ਹਾਂ ਭਗਤ-ਜਨਾਂ ਦੀ ਮੱਤ! ਸਾਨੂੰ ਪ੍ਰਸੰਨ ਕਰਨ ਦੇ ਨਾਂ ਹੇਠ, ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹਨ !!

ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਜਾਂ ਉਨ੍ਹਾਂ ਦੇ ਕਿਸੇ ਪ੍ਰਵਾਰਕ ਮੈਂਬਰ ਦੀ ਕਿਤੇ ਕੋਈ ਇੱਕ ਵੀ ਫੋਟੋ ਨਾ ਹੋਣ ਦੇ ਬਾਵਜੂਦ ਢਾਈ ਦਰਜਣ ਤੋਂ ਵੱਧ ਮੁਲਕਾਂ ਵਿੱਚ ਇਸਲਾਮ ਦਾ ਝੰਡਾ ਝੂਲਦਾ ਹੈ। ਮੁਹੰਮਦ ਸਾਹਿਬ ਦੇ ਪ੍ਰਲੋਕ ਗਮਨ ਕਰ ਜਾਣ ਉਪਰੰਤ ਦੂਰ-ਦੁਰਾਡੇ ਇਲਾਕੇ ਦੇ ਕੁੱਝ ਮੁਸਲਮਾਨਾਂ ਨੇ ਨਬੀ-ਪਾਕਿ ਦੀ ਸੁਪਤਨੀ ਨੂੰ ਆ ਕੇ ਪੁਛਿਆ ਕਿ ਸਾਡੇ ਹਜ਼ਰਤ ਸਾਹਿਬ ਦਾ ਚਿਹਰਾ-ਮੋਹਰਾ ਕਿਹੋ ਜਿਹਾ ਸੀ? ਜਵਾਬ ਮਿਲਿਆ-“ਕੁਰਾਨ ਸ਼ਰੀਫ ਦੀਆਂ ਆਇਤਾਂ ਵਰਗਾ!” ਇੱਕ ਸਾਲ ਵਾਢੀਆਂ ਦੇ ਮੌਕੇ ਅਖ਼ਬਾਰ ਵਿੱਚ ਦੋ ਖਬਰਾਂ ਛਪੀਆਂ। ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਦੋ ਵਿਦਿਆਰਥੀਆਂ ਬਾਰੇ ਦੱਸਿਆ ਗਿਆ ਸੀ, ਕਿ ਉਹ ਆਪਣੇ ਆਪਣੇ ਸਟੇਟ ਵਿੱਚ ਮੈਟ੍ਰਿਕ ਦੇ ਇਮਤਿਹਾਨ ’ਚੋਂ ਫਸਟ ਰਹੇ। ਉਨ੍ਹਾਂ ਦੀ ਇਸ ਮਹਾਨ ਪ੍ਰਾਪਤੀ ਪਿੱਛੇ ਹੱਥ ਪੁੱਛੇ ਜਾਣ ’ਤੇ ਭਾਰਤੀ ਪੰਜਾਬੀ ਮੁੰਡੇ ਨੇ ਪਹਿਲਾਂ ਆਪਣੇ ਡੈਡੀ-ਮੰਮੀ ਦਾ ਨਾਂ ਲਿਆ, ਫਿਰ ਆਪਣੇ ਅਧਿਆਪਕਾਂ ਦਾ। ਤੀਜੇ ਨੰਬਰ ’ਤੇ ਉਸਨੇ ਖੁੱਦ ਦੀ ਸਖਤ ਮਿਹਨਤ ਬਾਰੇ ਦੱਸਿਆ। ਪਾਕਿਸਤਾਨੀ ਪੰਜਾਬੀ ਮੁੰਡੇ ਨੇ ਪੱਤਰਕਾਰਾਂ ਵਲੋਂ ਇਹੀ ਸਵਾਲ ਪੁੱਛੇ ਜਾਣ ’ਤੇ ਇੱਕੋ ਜਵਾਬ ਦਿੱਤਾ ਹੋਇਆ ਸੀ-“ਬੱਸ,ਅੱਲ੍ਹਾ ਮੀਆਂ ਦਾ ਫਜ਼ਲ ਹੈ !”

ਦਰਮਿਆਨੀ ਜਿਹੀ ਅਬਾਦੀ ਵਾਲ਼ਾ ਪੰਜਾਬ ਦਾ ਇੱਕ ਪਿੰਡ, ਜਿੱਥੇ ਵੱਖ ਵੱਖ ਜਾਤਾਂ-ਬ੍ਰਾਦਰੀਆਂ ਦੇ ਅਮੀਰ-ਗਰੀਬ ਅਮਨ ਅਮਾਨ ਨਾਲ਼ ਵੱਸਦੇ ਆ ਰਹੇ ਹਨ। ਦੁਆਬੇ ਵਿੱਚ ਵਾਕਿਆ ਇਸ ਪਿੰਡ ਦੇ ਇਤਿਹਾਸ ਦਾ ਕੋਈ ਚਾਰ ਕੁ ਦਹਾਕੇ ਪੁਰਾਣਾ ਵਰਕਾ ਫੋਲਦੇ ਹਾਂ। ਪਿੰਡ ਦੇ ਹੋਰ ਦਲਿਤ ਪ੍ਰਵਾਰਾਂ ਵਾਂਗ ਨੱਥੂ ਨਾਮ ਦਾ ਇੱਕ ਸੱਜਣ ਵੀ ਦਿਹਾੜੀ-ਦੁੱਪਾ ਕਰਕੇ ਆਪਣਾ ਟੱਬਰ ਪਾਲ਼ ਰਿਹਾ ਸੀ। ਮੱਦੀ ਅਤੇ ਕੇਸੂ ਇਹਦੇ ਦੋ ਮੁੰਡੇ ਬੜੇ ਮਿਹਨਤੀ ਸੁਭਾਅ ਦੇ ਸਨ। ਇਨ੍ਹਾਂ ਦੇ ਘਰ ਦੇ ਲਾਗੇ ਹੀ, ਸਿੱਖ ਧਰਮ ਨਾਲ਼ ਸਬੰਧਿਤ ਇੱਕ ਪੂਜਯ ਯੋਗ ਖਾਨਦਾਨੀ ਪ੍ਰਵਾਰ ਰਹਿੰਦਾ ਸੀ। ਜਿਨ੍ਹਾਂ ਨਾਲ਼ ਨੱਥੂ ਦੇ ਪ੍ਰਵਾਰ ਦਾ ਚੰਗਾ ਸਨੇਹ ਸੀ। ਛੂਆ-ਛਾਤ ਹੋਣ ਦੇ ਬਾਵਜੂਦ ਵੀ, ਇਨਾਂ ਦਾ ਉਸ ਖਾਨਦਾਨੀ ਪ੍ਰਵਾਰ ਵਿੱਚ ਚੰਗਾ ਆਉਣ-ਜਾਣ ਬਣਿਆ ਰਹਿੰਦਾ। ਹੋਰ ਕਈ ਤਰ੍ਹਾਂ ਦੀ ਮਿਹਨਤ ਮੁਸ਼ੱਕਤ ਕਰਨ ਦੇ ਨਾਲ਼ ਨਾਲ਼ ਨੱਥੂ ਆਪਣੇ ਭਾਈ ਬੰਦਾਂ ਨਾਲ਼ ਮਰੇ ਹੋਏ ਪਸ਼ੂ ਵੀ ਹੱਡਾ ਰੋੜੀ ਸੁੱਟ ਆਉਂਦਾ। ਜਵਾਨ ਹੋਏ ਮੱਦੀ ਅਤੇ ਕੇਸੂ ਵੀ ਕਦੀ ਕਦੀ ਆਪਣੇ ਬਾਪ ਨਾਲ਼ ਇਸ ਕੰਮ ਵਿੱਚ ਹੱਥ ਵਟਾਉਣ ਲੱਗ ਪਏ।

ਇਤਿਹਾਸਕ ਵਿਰਸੇ ਵਾਲ਼ੇ ਖਾਨਦਾਨੀ ਪ੍ਰਵਾਰ ਵਿੱਚ ਸਵੇਰੇ ਸ਼ਾਮੀ ਆਉਣ ਜਾਣ ਕਾਰਨ ਨੱਥੂ ਦੇ ਪ੍ਰਵਾਰ ਨੂੰ ਵੀ ਸਿੱਖੀ ਦਾ ਪਾਹ ਲੱਗਣਾ ਸ਼ੁਰੂ ਹੋ ਗਿਆ। ਮੱਦੀ ਨੀਲੀਆਂ ਕਾਲ਼ੀਆਂ ਪੱਗਾਂ ਬੰਨ੍ਹਣ ਲੱਗ ਪਿਆ। ਉਸਨੇ ਬਾਬਾ ਜੀ ਤੋਂ ਗੁਰਮੁਖੀ ਦੀ ਪੈਂਤੀ ਵੀ ਸਿੱਖ ਲਈ ਅਤੇ ਹੌਲ਼ੀ ਹੌਲ਼ੀ ਗੁਟਕਾ ਪੜ੍ਹਨ ਲੱਗ ਪਿਆ। ਪਰ ਮੱਦੀ ਤੋਂ ਵੱਡਾ ਕੇਸੂ ਹੁੱਕਾ-ਤੰਬਾਕੂ ਪੀਂਦਾ ਰਿਹਾ। ਮੱਦੀ ਤਾਂ ਲਾਗਲੇ ਸ਼ਹਿਰ ਵਿੱਚ ਕੱਪੜੇ ਸੀਣ ਦਾ ਕੰਮ ਸਿੱਖਣ ਜਾ ਲੱਗਾ। ਪਰ ਕੇਸੂ, ਪਿੰਡ ਦੇ ਜ਼ਿਮੀਦਾਰਾਂ ਨਾਲ਼ ਦਿਹਾੜੀਆਂ ਹੀ ਕਰਦਾ ਰਿਹਾ। ‘ਰੰਗ ਲਾਗਤ, ਲਾਗਤ ਲਾਗਤ ਹੈ’ ਮੁਤਾਬਕ ਨੱਥੂ ਦੇ ਪ੍ਰਵਾਰ ਵਿਚੋਂ ਹੁੱਕਾ-ਤੰਬਾਕੂ ਚੁੱਕਿਆ ਗਿਆ ਤੇ ਸਾਰੇ ਟੱਬਰ ਦੀ ਨੁਹਾਰ ਹੀ ਬਦਲ ਗਈ। ਉਂਜ ਭਾਵੇਂ ਪਿੰਡ ਦੀਆਂ ਸਾਰੀਆਂ ਬ੍ਰਾਦਰੀਆਂ ਦੇ ਲੋਕ ਗੁਰਦੁਆਰਾ ਸਾਹਿਬ ਆਉਂਦੇ ਸਨ, ਪਰ ਨੱਥੂ ਦਾ ਟੱਬਰ ਗੁਰੁ-ਘਰ ਦਾ ਪੱਕਾ ਸ਼ਰਧਾਲੂ ਬਣ ਗਿਆ। ਮੱਦੀ ਦੇ ਪੱਕਾ ਟੇਲਰ ਮਾਸਟਰ ਬਣ ਜਾਣ ਕਾਰਨ, ਉਸ ਦੇ ਬਾਪ ਨੇ ਦਿਹਾੜੀ ਜਾਣਾ ਛੱਡ ਦਿੱਤਾ ਅਤੇ ਘਰ ਦੀਆਂ ਮੱਝਾਂ ਗਾਵਾਂ ਦੀ ਸਾਂਭ ਦੀ ਸਾਂਭ-ਸੰਭਾਲ਼ ਕਰਨ ਲੱਗ ਪਿਆ। ਹੁਣ ਸਵੇਰੇ ਸ਼ਾਮ ਇਸ ਘਰ ਵਿਚੋਂ ਜਪੁਜੀ ਸਾਹਿਬ ਤੇ ਰਹਿਰਾਸ ਦੇ ਪਾਠ ਦੀਆਂ ਆਵਾਜ਼ਾਂ ਆਉਣ ਲੱਗੀਆਂ।

ਪਿੰਡ ਦੇ ਸਮੁੱਚੇ ਦਲਿਤ ਭਾਈਚਾਰੇ ਲਈ ਅਤੇ ਖ਼ਾਸ ਕਰਕੇ ਨੱਥੂ ਦੇ ਪ੍ਰਵਾਰ ਲਈ ਉਹ ਦਿਨ ਇੱਕ ਇਨਕਲਾਬ ਲੈ ਕੇ ਆਇਆ ਜਿਸ ਦਿਨ ਮੱਦੀ ਨੇ ਘਰ ਵਿੱਚ ਰੱਬੀ ਬਾਣੀ ਦਾ ਅਖੰਡ ਪਾਠ ਕਰਵਾਇਆ! ਢਾਡੀਆਂ ਨੇ ਮੱਸੇ ਰੰਘੜ ਦਾ ਜੋਸ਼ੀਲਾ ਪ੍ਰਸੰਗ ਸੁਣਾਇਆ। ਭੋਗ ਉਪਰੰਤ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰੇ ਲੈ ਜਾਏ ਜਾਣ ਮੌਕੇ ਬੈਂਡ ਵਾਜਾ ਵਜਾਇਆ ਗਿਆ। ਗੁਰੂ ਮਹਾਰਾਜ ਜੀ ਦਾ ਸਰੂਪ ਸਿਰ ’ਤੇ ਚੁੱਕੀ ਨੱਥੂ ਅੱਗੇ ਅੱਗੇ ਜਾ ਰਿਹਾ ਸੀ ਤੇ ਪਿਛੇ ਪਿਛੇ ਸੰਗਤ ਦਾ ਹੜ੍ਹ ! ਬੀਬੀਆਂ ਮਿੱਠੀਆਂ ਅਵਾਜ਼ਾਂ ’ਚ ਗਾ ਰਹੀਆਂ ਸਨ-“ਪਟਨੇ ਸ੍ਹਾ’ਬ ਦਾ ਜਨਮ ਗੁਰਾਂ ਦਾ,’ਨੰਦ ਪੁਰ ਡੇਰੇ ਲਾਏ…!” ਇਹ ਅਲੌਕਿਕ ਨਜ਼ਾਰਾ ਇਸ ਪਿੰਡ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ਼ਿਆ ਸੀ। ਸਾਰੇ ਪਿੰਡ ਨੇ ਨੱਥੂ ਦੇ ਘਰੇ ਪਹੁੰਚ ਕੇ ਲੰਗਰ ਛਕਿਆ। ਇਸ ਅਖੰਡ ਪਾਠ ਨੇ ਪਿੰਡ ਦੇ ਦਲਿਤ ਭਾਈਚਾਰੇ ਵਿੱਚ ਸਿੱਖੀ ਦੇ ਬੀਜ ਬੀਜ ਦਿੱਤੇ। ਨੱਥੂ ਦੇ ਘਰ ਵਿੱਚ ਤਾਂ ਗੁਰਮਤਿ ਦਾ ਚਸ਼ਮਾ ਹੀ ਫੁੱਟ ਪਿਆ!

ਹੁਣ ਇਸ ਤੋਂ ਬਾਅਦ ਅੱਜ ਤੱਕ ਦਾ ਹਾਲ ਸੁਣ ਲਉ । ਨੱਥੂ ਬੁੜ੍ਹਾ ਅਖੀਰੀ ਉਮਰ ਵਿੱਚ ਅੰਮ੍ਰਿਤਪਾਨ ਕਰਕੇ ਨੱਥਾ ਸਿੰਘ ਬਣ ਗਿਆ। ਸਿਮਰਨ ਕਰਦਿਆਂ ਹੀ ਉਸਨੇ ਪ੍ਰਾਣ ਤਿਆਗੇ। ਅੱਜ ਕੱਲ ਮੱਦੀ, ਪਿੰਡ ਦੇ ਗੁਰਦੁਆਰੇ ਵਿੱਚ ਭਾਈ ਮਦਨ ਸਿੰਘ ਦੇ ਰੂਪ ’ਚ ਹੈੱਡ-ਗ੍ਰੰਥੀ ਦੀ ਨਿਸ਼ਕਾਮ ਸੇਵਾ ਕਰਦਾ ਹੈ। ਸੰਗਰਾਂਦ ਤੇ ਹੋਰ ਗੁਰਪੁਰਬਾਂ ਮੌਕੇ ਉਹੀ ਕੜਾਹ ਪ੍ਰਸ਼ਾਦ ਅਤੇ ਲੰਗਰ-ਪਾਣੀ ਤਿਆਰ ਕਰਦਾ-ਕਰਾਉਂਦਾ ਹੈ। ਜ਼ਿਮੀਦਾਰਾਂ ਜਾਂ ਹੋਰ ਘਰਾਂ ਵਾਲ਼ਿਆਂ ਨੇ ਜਦੋਂ ਪੰਜ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਣਾ ਹੋਵੇ, ਤਾਂ ਇਹ ਸਾਰੀ ਜਿੰਮੇਵਾਰੀ ਭਾਈ ਮਦਨ ਸਿੰਘ ਹੀ ਨਿਭਾਉਂਦਾ ਹੈ। ਉਹ ਖੁਦ ਪੰਜਾਂ ਸਿੰਘਾਂ ਵਿੱਚ ਸ਼ਾਮਲ ਹੁੰਦਾ ਹੈ। ਉਹ ਇੱਕ ਐਸੇ ਜਥੇ ਦਾ ਵੀ ਸਰਗਰਮ ਮੈਂਬਰ ਹੈ ਜੋ ਦੂਰ-ਦਰਾਜ ਦੇ ਇਤਿਹਾਸਕ ਜੋੜ ਮੇਲਿਆਂ ਵਿੱਚ ਨਿਸ਼ਕਾਮ ਸੇਵਾ ਕਰਨ ਜਾਂਦਾ ਹੈ। ਲਾਗੇ ਚਾਗੇ ਦੇ ਗੁਰੁ-ਘਰਾਂ ਦੇ ਨਿਸ਼ਾਨ ਸਾਹਿਬਾਂ ਦੇ ਚੋਲ਼ੇ ਵੀ ਉਹੀ ਸਿਉਂਦਾ ਹੈ। ਇਸ ਦੇ ਅੰਮ੍ਰਿਤਧਾਰੀ ਪੁੱਤਰ ਵੀ ਚੰਗੀਆਂ ਪੋਸਟਾਂ ’ਤੇ ਲੱਗੇ ਹੋਏ ਹਨ। ਨੂਹਾਂ ਵੀ ਗੁਰਮਤਿ ਦੀਆਂ ਧਾਰਨੀ ਹਨ। ਇਸ ਵੇਲ਼ੇ ਭਾਈ ਮਦਨ ਸਿੰਘ ਦੇ ਘਰ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਹਨ ਤੇ ਉਹਦੇ ’ਤੇ ਬਾਬੇ ਦੀ ਫੁੱਲ ਕ੍ਰਿਪਾ ਹੈ।

ਉਦੋਂ ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ, ਕਿ ਬਾਕੀ ਸਾਰੇ ਤਾਂ ਉਸਨੂੰ ਜਥੇਦਾਰ ਜੀ,ਜਥੇਦਾਰਾ ਜਾਂ ਮਦਨ ਸਿੰਹਾਂ ਕਹਿ ਕੇ ਬੁਲਾਉਂਦੇ ਹਨ ਪਰ ਦਲਿਤ ਪ੍ਰਵਾਰਾਂ ਦੇ ਕਈ ਵੀਰ ਉਸਨੂੰ ਪ੍ਰਸ਼ਾਦ ਵਰਤਾਉਂਦੇ ਨੂੰ ਕਹਿੰਦੇ ਹੁੰਦੇ ਨੇ-“ਓ ਮੱਦੀ,ਸਾਨੂੰ ‘ਕੜਾਹ’ ਦੇ ਜਾਹ!” ਸ਼ਾਇਦ ਉਨ੍ਹਾਂ ਭਰਾਵਾਂ ਨੂੰ ਇੱਕ ਮੱਦੀ ਦਾ ‘ਮਦਨ ਸਿੰਘ’ ਬਣ ਜਾਣਾ ਚੰਗਾ ਨਹੀਂ ਲੱਗਦਾ ਹੋਵੇਗਾ! ਮਦਨ ਸਿੰਘ ਤੋਂ ਪ੍ਰਭਾਵਤ ਹੋ ਕੇ ਦਲਿਤ ਪ੍ਰਵਾਰਾਂ ਦੇ ਕੁੱਝ ਹੋਰ ਨੌਜਵਾਨ ਵੀ ਗੁੱਗੇ, ਪੰਜਾਂ ਪੀਰਾਂ, ਮੜ੍ਹੀਆਂ-ਮਸਾਣਾਂ ਜਾਂ ਭੜੇ-ਭਨਿਆਰਿਆਂ ਵਰਗੇ ਦੁੱਕੀ-ਤਿੱਕੀ ਸਾਧਾਂ ਦੇ ਡੇਰਿਆਂ ਨੂੰ ਜਾਣੋ ਹਟ ਗਏ ਹਨ। ਇਨ੍ਹਾਂ ਗਭਰੂਆਂ ਵਿੱਚ ਭਾਵੇਂ ਸਾਰੇ ਕੇਸਾਧਾਰੀ ਨਹੀਂ, ਪਰ ਉਹ ਦਲਿਤ ਪੁਣਾ ਤਿਆਗ ਕੇ ਗੁਰੁ ਕੇ ਸਿੱਖ ਬਣਨ ਵੱਲ ਵਧ ਰਹੇ ਹਨ। ਅਜਿਹੀ ਉਸਾਰੂ ਸੋਚ ਵਾਲ਼ੇ ਕਈ ਨੌਜਵਾਨਾਂ ਨੇ ਪਿੰਡ ਦੀ ਧਰਮਸ਼ਾਲਾ ਵਿੱਚ ਵੀ ਗੁਰਦੁਆਰਾ ਸਾਹਿਬ ਬਣਾ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਸੁਸ਼ੋਭਿਤ ਕਰ ਦਿੱਤੇ ਹਨ। ਇੱਥੇ ਦੀ ਪ੍ਰਬੰਧਕ ਕਮੇਟੀ ਦਾ ਮੁੱਖੀ, ਮਦਨ ਸਿੰਘ ਹੀ ਗੁਰਸਿਖ ਭਤੀਜਾ ਹੈ।

ਅਜ ਕੱਲ ਸਿੱਖ ਜਗਤ ਦੇ ਪੰਜ ਤਖਤਾਂ ਵਿੱਚ ਇੱਕ ’ਤੇ ਜਥੇਦਾਰ ਸਾਹਿਬ ਦੀ ਸੇਵਾ ਨਿਭਾਅ ਰਹੇ, ਇੱਕ ਸਿੰਘ ਸਹਿਬ ਜੀ ਦਾ ਸਬੰਧ ਵੀ ਦਲਿਤ ਪ੍ਰਵਾਰ ਨਾਲ਼ ਜੁੜਦਾ ਹੈ। ਪਰ ਇਸ ਵੇਲ਼ੇ ਉਹ ਦਲਿਤ ਨਹੀਂ ਸਗੋਂ ਦਸਮੇਸ਼ ਗੁਰੁ ਦਾ ਸਪੁੱਤਰ ਹੈ। ਕਿਉਂਕਿ ਦਸਵੇਂ ਗੁਰੁ ਜੀ ਨੇ ਹੀ ਜਾਤ-ਅਭਿਮਾਨੀ ਪਹਾੜੀ ਰਾਜਿਆਂ ਨੂੰ ਕਿਹਾ ਸੀ ਕਿ –“ਇਨ ਗਰੀਬ ਸਿੱਖਨ ਕਉ ਦੇਊਂ ਪਾਤਿਸ਼ਾਹੀ ।” ਸ੍ਰੀ ਅਨੰਦ ਪੁਰ ਸਾਹਿਬ ਇੱਕ ਗੁਰਮਤਿ ਕਾਲਜ, ਜਿੱਥੇ ਕਰਿਤਨੀਏ, ਕਥਾ-ਵਾਚਕ ਤੇ ਸਿੱਖ ਪ੍ਰਚਾਰਕ ਤਿਆਰ ਕੀਤੇ ਜਾਂਦੇ ਹਨ, ਵੀ ਦਲਿਤ ਪ੍ਰਵਾਰ ਨਾਲ਼ ਸਬੰਧਿਤ ਪ੍ਰਿੰਸੀਪਲ ਸਾਹਿਬ ਵਲੋਂ ਚਲਾਇਆ ਜਾ ਰਿਹਾ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ ਚੱਲਦੇ ਸਮੁੱਚੇ ਲੰਗਰਾਂ ਦਾ ਮੱਖ-ਇੰਚਾਰਜ ਵੀ ਉਕਤ ਸਿੰਘਾਂ ਵਾਂਗ ਦਲਿਤ ਪਿਛੋਕੜ ਵਾਲ਼ਾ ਗੁਰੁ ਕਾ ਲਾਲ ਹੈ।

ਭਗਤ-ਸਿਰਮੌਰ ਸ੍ਰੀ ਰਵਿਦਾਸ ਜੀ ਮਹਾਰਾਜ ਨੇ ਮਨੁੱਖ-ਮਾਤਰ ਨੂੰ ਜਾਤ-ਪਾਤ ਦੇ ਬਿਖਰੇਵਿਆਂ ਤੋਂ ਰਹਿਤ, ਨਿਰਭੈ, ਬੇਖੌਫ ਅਤੇ ਨਿਡਰ ਜੀਵਨ ਜਿਊਣ ਲਈ ‘ਬੇਗਮ ਪੁਰੇ ਦਾ ਤਸੁੱਵੁਰ’ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਸਦੈਵ ਕਾਲ ਲਈ ਸੁਸ਼ੋਭਿਤ ਅਤੇ ਸਥਾਪਤ ਹੋ ਚੁੱਕੇ ਇਸ ਕ੍ਰਾਂਤੀ ਕਾਰੀ ਤਸੱਵਰ ਨੂੰ ਗੱਲੀਂ ਬਾਤੀਂ ਜਾਂ ਨਿਰੇ ਜੋਸ਼ੀਲੇ ਨਾਹਰਿਆਂ ਨਾਲ਼ ਰੂਪਮਾਨ ਨਹੀਂ ਕੀਤਾ ਜਾ ਸਕਦਾ। ਕਿਸੇ ਫੂਹੜ ਕਿਸਮ ਦੇ ਕਲਾਕਾਰ ਮੂਹੋਂ ਬੇਗਮ ਪੁਰੇ ਦੇ ‘ਗੀਤ’ ਸੁਣ ਕੇ ਕੱਛਾਂ ਵਜਾਉਣ ਨਾਲ਼ ਵੀ ਇਸ ਰੂਹਾਨੀ ਨਗਰ ਦੇ ਸ਼ਹਿਰੀ ਨਹੀਂ ਬਣਿਆਂ ਜਾ ਸਕਦਾ। ਅਖਬਾਰੀ ਇਸ਼ਤਿਹਾਰਾਂ ਵਿੱਚ ਫੋਟੋਆਂ ਛਪਵਾ ਕੇ ਦੁਨਿਆਵੀ ਚੌਧਰੀਆਂ ਨੂੰ ਤਾਂ ਖੁਸ਼ ਕੀਤਾ ਜਾ ਸਕਦਾ ਹੈ, ਪੈਗੰਬਰਾਂ ਨੂੰ ਨਹੀਂ। ਮਹਿਜ਼ ਇਸੇ ਕਾਰਨ ਹੁੱਬੀ ਜਾਣਾ ਕਿ ਮੈਂ ਫਲਾਣੇ ਪੀਰ-ਫਕੀਰ ਦੀ ‘ਜਾਤ’ ਨਾਲ਼ ਸਬੰਧ ਰੱਖਦਾ ਹਾਂ, ਇਹ ਵੀ ਇੱਕ ਭਰਮ-ਭੁਲੇਖਾ ਹੀ ਹੈ। ਜੇ ਇਹ ਗੱਲ ਹੁੰਦੀ ਤਾਂ ਗੁਰੁ ਨਾਨਕ ਦੇ ਸਿੱਖ ਕੇਵਲ ਬੇਦੀ ਹੀ ਹੁੰਦੇ, ਤਾਂ ਦਸਵੇਂ ਗੁਰੁ ਜੀ ਦੇ ਸਿਰਫ ਸੋਢੀ। ਮੁਰਸ਼ਿਦ-ਪੀਰ ਤਾਂ ਇਸ ਲਿਖਤ ਵਿੱਚ ਵਰਨਣ ਕੀਤੇ ਗਏ ਉਨ੍ਹਾਂ ਬੇਗਮ ਪੁਰੇ ਦੇ ਬਾਸ਼ਿੰਦਿਆਂ ’ਤੇ ਪ੍ਰਸੰਨ ਹੁੰਦੇ ਹੋਣਗੇ ਜਿਹੜੇ ‘ਕਥਨੀ’ ਨਹੀਂ ‘ਕਰਨੀ ਦੇ ਸੂਰਮੇ ਹੁੰਦੇ ਨੇ!

ਤਰਲੋਚਨ ਸਿੰਘ ਦੁਪਾਲ ਪੁਰ