Tuesday, March 8, 2011

ਕਲਿਯਗੁ ਦੀ ਕਵੀਸ਼ਰੀ!

ਊਠਣੀ 'ਤੇ ਚੜ੍ਹੇ ਜਾਂਦੇ ਤਿੰਨ ਸਿੰਘ ਜੀ, ਉਹਨੂੰ ਲੱਗਾ ਭਾਰ ਤੇ ਉਹ ਪਈ ਅੜਿੰਗ ਜੀ। ਖੇਤਾਂ ਵਿਚ ਚਰਦੀਆਂ ਤਿੰਨ ਕੱਟੀਆਂ, ਅਸੀਂ ਜਾ ਕੇ ਉਨ੍ਹਾਂ ਦੀਆਂ ਪੂਛਾਂ ਪੱਟੀਆਂ। ਕਹਿਣ ਨੂੰ ਤਾਂ ਇਨ੍ਹਾਂ ਚੌਹਾਂ ਸਤਰਾਂ ਨੂੰ ਵੀ 'ਕਵਿਤਾ' ਕਿਹਾ ਜਾਵੇਗਾ। ਪਰੰਤੂ ਕਾਵਯ-ਵਿੱਦਿਆ ਦੇ ਪਿੰਗਲ ਦਾ ਕੋਈ ਵੀ ਜਾਣਕਾਰ, ਇਨ੍ਹਾਂ ਪੰਕਤੀਆਂ ਨੂੰਕਵਿਤਾ ਮੰਨਣੋ ਇਨਕਾਰੀ ਹੋਵੇਗਾ। ਚਲੋ ਫਿਰ ਵੀ ਇਨਾਂ ਵਿਚ ਥੋੜੀ ਬਹੁਤੀ ਛੰਦਾ-ਬੰਦੀ ਦੀ ਝਲਕ ਅਤੇ ਕਾਫ਼ੀਆਂ ਤੁਕਾਂਤ ਮਿਲਦਾ ਹੈ। ਪਰ ਅਹਿ ਜਿਹੜੀ ਖੁਲ੍ਹੀ ਕਵਿਤਾ ਰਚੀ ਜਾ ਰਹੀ ਹੈ, ਉਸਦਾ ਨਮੂਨਾ ਦੇਖੋ ਜ਼ਰਾਸਾਡ ਕੋਠੇ ਨਿੰਮ ਦਾ ਬੂਟਾ ਬਾਹਰ ਖੜ੍ਹਾ ਸਰਪੰਚ ਦੇਈਂ ਗਵਾਂਢਣੇ ਫਾਹੁਣਾ ਮੈਂ ਰਜਾਈ ਨਗੰਦਣੀ! ਅਖੇ 'ਲਿਖੇ ਮੂਸਾ ਪੜ੍ਹੇ ਖੁਦਾ।' ਇਹੋ ਜਿਹੀਆਂ 'ਖੁੱਲੀਆਂ ਕਵਿਤਾਵਾ' ਸ਼ਾਇਦ ਇਨ੍ਹਾਂ ਨੂੰ ਲਿਖਣ ਵਾਲਿਆ ਦੀ 'ਪਕੜ' ਵਿਚ ਭਾਵੇ ਆ ਜਾਂਦੀਆਂ ਹੋਣ, ਪਰ ਆਮ ਪਾਠਕਾਂ ਦੀ ਨਜ਼ਰ ਵਿਚ ਤਾਂ ਇਹ ਕਾਲ਼ੇ ਅੱਖਰਾਂ ਬਰਾਬਰ ਹੀ ਹੁੰਦੀਆਂ ਹਨ। ਨਾ ਕੋਈ ਰਸ, ਨਾ ਕੋਈ ਖਿਆਲ ਲੜੀ ਅਤੇ

ਨਾ ਹੀ ਕੋਈ ਸੰਦੇਸ਼! ਹਾਂ, ਅੰਤ੍ਰੀਵੀ 'ਭਾਵ-ਅਰਥਾਂ' ਦੇ ਨਾਂ ਥੱਲੇ, ਇਨ੍ਹਾਂ ਦੇ ਮਨ-ਇੱਛਤ ਮਤਲਬ ਕੱਢ ਕੱਢ ਕੇ, ਦਿਲ ਨੂੰ ਖੁਸ਼ ਕਰੀ ਜਾਉ ਜਾਂ ਉਦਾਸੀ 'ਚ ਮੂੰਹ ਲਟਕਾਈ ਬੈਠੇ ਰਹੋ। ਇਹ ਪਾਠਕ ਦੀ ਆਪਣੀ ਸੋਚ ਉਡਾਰੀ ਤੇ ਹੀ ਨਿਰਭਰ ਕਰਦਾ ਹੈ। ਦੂਸਰੀਆਂ ਭਾਸ਼ਾਵਾਂ ਦੇ ਪਾਠਕਾਂ ਦੀ ਤਾਂ ਮਾਡਰਨ ਖੁਲੀ ਕਵਿਤਾ, ਪਹਿਲੀ ਪਸੰਦ ਹੋ ਸਕਦੀ ਹੈ, ਪਰ ਪੰਜਾਬੀ ਸੁਭਾਅ, ਖਾਸ ਕਰਕੇ ਪੇਂਡੂ ਵਸੋਂ ਵਿਚ ਠੁੱਕ ਦਾਰ ਛੰਦਾਬ ੰਦੀ ਨੂੰ ਹੀ ਚਾਹ ਕੇ ਪੜ੍ਹਿਆ ਸੁਣਿਆ ਜਾਂਦਾ ਹੈ। ਜਿਵੇਂ ਇਕ ਤੇਲੀ ਵਲੋਂ 'ਜਾਟ ਰੇ ਜਾਟ ਤੇਰੇ ਸਿਰ ਪਰ ਖਾਟ' ਕਹਿਣ ਦੇ ਜਵਾਬ ਵਿਚ ਜਦੋਂ ਜੱਟ ਕਹਿੰਦਾ ਹੈ ਕਿ ਤੇਲੀ ਰੇ ਤੇਲੀ ਤੇਰੇ ਸਿਰ ਪਰ ਕੋਹਲੂ, ਤਾਂ ਅੱਗਿਉਂ ਤੇਲੀ ਵਲੋਂ ਜੱਟ ਨੂੰ

ਕਾਫ਼ੀਆ ਨਾ ਮਿਲਣ ਤਾ ਤਾਅਹਨਾ ਹੀ ਮਾਰਿਆ ਜਾਂਦਾ ਹੈ। ਖੁਦ ਮੈਨੂੰ ਬੇ ਸਿਰ ਪੈਰ ਦੇ ਗੀਤ ਕਵਿਤਾਵਾਂ ਨਾਲੋਂ, ਬੈਂਤ, ਕਬਿੱਤ, ਸਵੱਯੀਆ, ਡਿਉਢਾ ਅਤੇ ਸਿਰਖੰਡੀ-ਛੰਦ ਆਦਿਕ ਬਹੁਤ ਪਿਆਰੇ ਲੱਗਦੇ ਹਨ। ਕਿਸੇ ਮਨੁੱਖੀ ਬੀਮਾਰੀ ਤੇ ਅਸਟ੍ਰੇਲੀਆ ਵਿਖੇ ਐਮ.ਡੀ. ਕਰ ਰਹੇ ਮੇਰੇ ਇਕ ਅਜੀਜ਼ ਨੌਜਵਾਨ ਡਾਕਟਰ ਨੇ ਮੈਨੂੰ ਕੁਝ ਵੀਡੀਓ ਕਲਿਪਸ ਭੇਜੇ। ਨਾਲ ਜਰੂਰ ਸੁਣਨ ਦੀ ਹਦਾਇਤ ਵੀ ਲਿਖੀ ਹੋਈ ਸੀ। ਇਹ ਸੋਚਦਿਆਂ ਕਿ ਮਾਡਰਨ ਸੋਚ ਵਾਲੇ ਡਾਕਟਰ ਨੇ ਅਕਾਸ਼ ਤੋਂ ਤਾਰੇ ਤੋੜਨ ਵਾਲੀ ਕੋਈ ਖੁੱਲੀ ਕਵਿਤਾ ਹੀ ਭੇਜੀ ਹੋਣੀ ਹੈ, ਮੈਂ ਕਈ ਦਿਨ ਭੇਜੇ ਗਏ ਮੈਟਰ ਤੇ ਕੋਈ ਗੌਰ ਨਾ ਕੀਤਾ। ਲੇਕਿਨ ਜਦ ਫੁਰਸਤ ਦੇ ਪਲਾਂ ਵਿਚ ਇਹ ਪਟਾਰੀ ਖੋਲ੍ਹੀ ਤਾਂ ਸੁਣਦਿਆਂ ਸਾਰ ਮੈਂ ਅਸ਼ ਅਸ਼ ਕਰ ਉਠਿਆ। ਆਪ ਮੁਹਾਰੇ ਮੇਰੇ ਮੂੰਹੋਂ ਨਿਕਲਿਆ 'ਹੈ ਗੇ ਨੇ ਹਾਲੇ ਬਾਬੂ ਰਜਬ ਅਲੀ ਦੇ ਚੇਲੇ ਬਾਲਕੇ, ਜਿਹੜੇ ਰੂਹਾਂ ਨੂੰ ਲਰਜ਼ਾ ਦੇਣ ਵਾਲੇ ਛੰਦ ਲਿਖਦੇ ਤੇ ਬੋਲਦੇ ਹਨ।'......ਕੋਈ ਮਹਾਂ ਚਿੱਤਰਕਾਰ ਵੀ ਅਜੋਕੇ ਪੰਜਾਬੀ ਸਮਾਜ ਦਾ ਐਸਾ ਦ੍ਰਿਸ਼ ਚਿਤ੍ਰਣ ਨਹੀਂ ਕਰ ਸਕਦਾ ਜੈਸਾ ਕਿ ਇਸ ਕਵੀਸ਼ਰੀ ਵਿਚ ਕਲਮਬੰਦ ਕੀਤਾ ਗਿਆ ਹੈ। 'ਆ ਗਏ ਦਿਨ ਕਲਿਯੁਗ ਦੇ ਮਾੜੇ' ਸਿਰਲੇਖ ਵਾਲੀ ਇਹ ਕਵੀਸ਼ਰੀ ਜੋ ਸੁਖਦੇਵ ਸਿੰਘ ਤੇ ਸਾਥੀਆਂ ਦੀ ਗਾਈ ਹੋਈ ਹੈ, ਪਾਠਕਾਂ ਅੱਗੇ ਪੇਸ਼ ਕਰ ਰਿਹਾਂ। ਰਵਾਇਤ ਅਨੁਸਾਰ ਸਰਸਵਤੀ ਦਾ ਨਾਂ ਲੈ ਕੇ ਕਲਗੀਧਰ ਨੂੰ ਸੀਸ ਨਿਵਾ ਕੇ ਅਤੇ ਰਜਬ ਅਲੀ ਖਾਂ ਉਸਤਾਜ ਜੀ ਨੂੰ ਸਲਾਮਾਂ ਕਰਕੇ 'ਦੋਹਿਰਾ' ਬੋਲਿਆ ਗਿਆ ਹੈ :-

ਕਲੀ-ਕਾਲ ਕੇ ਬੀਚ ਮੇਂ ਉਲਟੀ ਚਲ ਪਈ ਕਾਰ, 
ਮਿੱਤਰ ਦਗਾ ਕਮਾਂਵਦੇ ਕਰ ਮਿੱਤਰ ਸੇ ਪਿਆਰ।
                                  
 ਇਸ ਤੋਂ ਬਾਅਦ ਅਜੋਕੇ ਪਦਾਰਥਵਾਦੀ ਯੁੱਗ ਦੀਆਂ ਹਨੇਰੀਆਂ ਵਿਚ ਹੋ ਰਹੀ ਧਰਮ ਦੀ ਹਾਨੀ ਨੂੰ ਇਉਂ ਦਰਸਾਇਆ ਗਿਆ ਹੈ :-

ਅਜਕਲ ਜੁਲਮ ਨੇ ਬੁਰਜ ਉਸਾਰੇ, ਢਹਿੰਦੇ ਜਾਂਦੇ ਧਰਮ ਚੁਬਾਰੇ ਗਿਰਜੇ,
ਗੁਰਦੁਆਰੇ ਤੇ ਮੰਦਰ, ਕਾਜੀ ਰੋਣ ਮਸੀਤਾਂ ਅੰਦਰ ਲੋਕ ਨਾ ਕਰਦੇ ਸ਼ਰਮਾਂ ਨੂੰ।
ਗਈ ਆਪ-ਮੁਹਾਰੀ ਦੁਨੀਆਂ ਮੰਨਣੋਂ ਹਟ ਗਈ ਧਰਮਾਂ ਨੂੰ।
 ਹਰ ਥਾਂ ਲੋਭ-ਜ਼ੁਲਮ ਦਾ ਰਾਜ ਐ, ਮੋਮਨ ਲੱਗ ਪਏ ਖਾਣ ਵਿਆਜ ਐ।
ਹਿੰਦੂ ਸਿੱਖ ਵੀ ਰਸਮਾਂ ਛੱਡਣ, ਨਾ ਦਸਵੰਧ ਕਮਾਈਉ ਕੱਢਣ ਨਾ ਗੱਲ ਸਮਝਣ ਬਾਣੀ ਦੀ।
ਆ ਗਏ ਦਿਨ ਕਲਿਯੁਗ ਦੇ ਮਾੜੇ, ਵਧ ਗਈ ਕਾਰ ਸ਼ੈਤਾਨੀ ਦੀ।

ਸਭਿਆਚਾਰਕ ਮੇਲਿਆਂ ਦੇ ਨਾਂ ਹੇਠ ਦਿਖਾਏ ਜਾ ਰਹੇ 'ਲੁੱਚਪੁਣੇ' ਦਾ ਨਕਸ਼ਾ ਦੇਖੋ ਕੈਸਾ ਦਿਲਚਸਪ ਹੈ:-

ਲੋਕ ਗਾਇਕ ਬਣੇ ਮੁਸ਼ਟੰਡੇ ਤੂੰਬੀ ਵਿਚ ਫਸਾਏ ਡੰਡੇ।
ਟੰਗ ਦੀ ਬਾਂਹ ਤੇ ਬਾਂਹ ਦੀ ਟੰਗ ਹੈ, ਸੁਰ ਤੋਂ ਬਾਹਰ ਪਾਲਦੇ ਸੰਗ ਹੈ।
ਕੌਣ ਕਹਿਣ ਤਾਂ ਗਾਣਾ ਗਾਉਂਦੇ।
ਪਿੰਡੋਂ ਸ਼ਹਿਰੋਂ ਲੱਭ ਕੇ ਕਿੱਧਰੋਂ, ਨਾਲ ਇਕ ਕੁੜੀ ਲਿਆਉਂਦੇ ਐ।

ਇਸ ਕੰਜਰਪੁਣੇ ਨੂੰ ਮਸਤ ਹੋ ਕੇ ਸੁਣਨ ਵਾਲੇ 'ਰੱਬ ਵਰਗੇ ਸ੍ਰੋਤਿਆਂ' ਦੀ ਖਸਲਤ ਦਾ ਰੰਗ ਦੇਖ ਲਉ-

ਜਾਨਣ ਸੁਰ ਨਾ ਜਾਨਣ ਤਾਲ ਐ, ਆਖਣ ਜੋੜੀ ਬੜੀ ਕਮਾਲ ਐ।
ਝਾਕਾ ਲਵੇ ਪਨੀਰੀ ਹੁਣ ਦੀ, ਇਹ ਕੋਈ ਗੀਤ ਗੂਤ ਨਹੀਂ ਸੁਣਦੀ,
ਵੇਖੇ 'ਝਲਕ' ਜਨਾਨੀ ਦੀ, ਆ ਗਏ ਦਿਨ ਕਲਿਯੁਗ ਦੇ ਮਾੜੇ.........!

ਅÎਣਖੀਲੇ ਪੰਜਾਬੀਆਂ ਨੂੰ ਬੇ-ਗੈਰਤ ਅਤੇ ਬੇ-ਹਯਾ ਬਣਾ ਰਹੇ ਇਸ ਮਾਰੂ ਕਹਿਰ ਤੋਂ ਬਚਾਉਣ ਲਈ ਕਵੀਸ਼ਰ ਸੁਖਦੇਵ ਸਿੰਘ ਹੱਥ ਜੋੜ ਕੇ ਅਰਜੋਈ ਕਰਦਾ ਹੈ:-

ਸੁਣੋ ਬਜ਼ੁਰਗੋ ਮਾਈਓ ਵੀਰੋ, ਮੁੰਡਿਉ ਭੈਣੋ ਉਮਰ ਪਠੀਰੋ।
ਸਾਡੀ ਅਰਜ ਕੰਨਾਂ ਵਿਚ ਪਾਇਉ, ਕਦੇ ਨਾ ਖਾੜਾ ਪਿੰਡ ਲਗਵਾਇਉ,
ਗੰਦੇ ਗੀਤ ਗਾਉਣਿਆਂ ਦਾ।
ਸਭਿਆਚਾਰ ਪੰਜਾਬੀ ਵਿਰਸੇ ਨੂੰ ਢਾਹ ਮਾੜੀ ਲਾਉਣਿਆਂ ਦਾ।
ਕਿਸੇ ਮੌਕੇ ਛੈਲ ਛਬੀਲੇ,
ਸਾਬਤ ਸੂਰਤ ਰੰਗ ਬਰੰਗੀਆ ਦਸਤਾਰਾਂ ਬੰਨ੍ਹਣ ਵਾਲੇ
ਪੰਜਾਬੀ ਗੱਭਰੂਆਂ ਦੀ,
ਹੁਣ ਦੀ ਪਤਿਤ-ਪੁਣੇ ਦਾ ਸ਼ਿਕਾਰ ਹੋਇਆ ਦੀ
ਦਰਦਨਾਕ ਤਸਵੀਰ ਦੇਖੋ - ਮੁੰਡੇ ਮੂਹਰਿਉਂ ਕੇਸ ਕਟਾਵਣ,
ਬਚਦੇ ਗਿੱਚੀ ਤੇ ਲਟਕਾਵਣ।
ਤੇ ਇਕ ਕੰਨ 'ਚ ਪਹਿਨਦੇ ਬੁੰਦੇ,
ਜਿਵੇਂ ਨਚਾਰ ਸੀ ਪਹਿਲਾਂ ਹੁੰਦੇ,
ਲੱਕੀ ਜੀਨ ਚੜ੍ਹਾ ਲਈ ਐ,
ਹੈ ਲੜਕਾ ਕਿ ਲੜਕੀ? ਇਹ ਗੱਲ ਸਮਝਣ ਵਾਲੀ ਐ।
ਭੋਰਾ ਭਰ ਨਾ ਮੰਨਦੇ ਹਾਨੀ, ਮਰਦੋਂ ਬਣਨਾ ਚਾਹੁਣ ਜਨਾਨੀ
ਤੁਰਦੇ ਤੋਰ ਲਿਆਉਂਦੇ ਲੋਹੜੇ, ਮਾਰਨ ਕੁੜੀਆਂ ਵਾਂਗ ਮਰੋੜੇ
ਜਿਦਾਂ 'ਡੌਲ' ਜਪਾਨੀ ਦੀ।
ਆ ਗਏ ਦਿਨ ਕਲਿਯੁਗ ਦੇ ਮਾੜੇ.......!

ਮਾਤਾ ਭਾਗੋ ਅਤੇ ਬੀਬੀ ਹਰਸ਼ਰਨ ਕੌਰ ਦੀਆਂ ਵਾਰਸ ਪੰਜਾਬਣ ਕੁੜੀਆਂ ਜਿਨਾਂ ਦੇ ਚਿਹਰਿਆਂ ਤੇ ਹਯਾ ਦੀ ਲਾਲੀ ਡਲ੍ਹਕਾਂ ਮਾਰਦੀ ਹੁੰਦੀ ਸੀ, ਜਿਨ੍ਹਾਂ ਦਾ ਸੁਹਜ ਭਰਿਆ ਪਹਿਰਾਵਾ ਦੁਨੀਆਂ ਭਰ 'ਚ ਸਲਾਹਿਆ ਜਾਂਦਾ ਸੀ, ਉਨ੍ਹਾਂ ਦੀ ਵਰਤਮਾਨ ਦਸ਼ਾ ਢਿੱਡ 'ਚ ਮੁੱਕੀਆਂ ਦੇ ਕੇ ਸੁਣਨ ਵਾਲੀ ਹੈਆ

ਜੋ ਪੜ੍ਹਨ ਕਾਲਜੀ ਕੁੜੀਆਂ,
ਬਹੁਤੀਆਂ ਗਲ੍ਹਤ ਕੰਮਾਂ ਵਿਚ ਰੁੜੀਆਂ
ਸ੍ਰੋਤਿਉ ਜਮਾਂ ਗਵਾ ਤੀ ਜੱਗ ਦੀ,
ਮੂੰਹ ਚੋਂ ਬੋਲਦਿਆਂ ਸੰਗ ਲੱਗਦੀ।
ਟੱਪੀਆਂ ਲਾਲ ਲਕੀਰਾਂ ਨੂੰ।
ਦੱਸੀਏ ਬੋਲ ਅਸੀਂ ਕੀ ਥੋਨੂੰ,
ਸਮਝੋਂ ਗੁਪਤ ਨਜ਼ੀਰਾਂ ਨੂੰ।
ਬਿਊਟੀ ਪਾਰਲਰਾਂ ਵਿਚ ਜਾਕੇ,
ਕੁੜੀਆਂ ਆਵਣ ਕੇਸ ਕਟਾਕੇ
ਝਾਲਰ ਲਟਕੇ ਮੱਥਿਆਂ ਤੇ।
ਅੱਖੀਂ ਸ਼ਹਿਰ ਵਿਚ ਦੇਖੋ,
ਜੇ ਵਿਸ਼ਵਾਸ਼ ਨੀ ਕੱਥਿਆਂ 'ਤੇ।
ਐਸੇ ਸੂਟ ਸਿਊਂਦੇ ਟੇਲਰ,
ਲਗਦੇ ਫਿਲਮ ਦੇ ਦਿਸਣ ਟ੍ਰੇਲਰ
ਲੱਗਣ ਨਾ ਸਿਆਣਿਆਂ ਨੂੰ ਚੰਗੀਆਂ,
ਇਕ ਵਟਾ ਤਿੰਨ..........ਨੰਗੀਆਂ।

ਸਿਆਸਤਦਾਨਾਂ ਅਤੇ ਪੰਜਾਬ-ਦੋਖੀ ਅਨਸਰਾਂ ਦੀ ਮਿਲੀ ਭੁਗਤ ਨਾਲ ਗੁਰੂਆਂ ਦੇ ਨਾਮ ਤੇ ਵਸਦੇ ਪੰਜਾਬ ਵਿਚ ਵਗਾਏ ਜਾ ਰਹੇ ਨਸ਼ਿਆਂ ਦੇ ਦਰਿਆਵਾਂ ਵਿਚ ਗੋਤੇ ਖਾ ਰਹੇ ਨਸ਼ੇੜੀਆਂ ਦੀਆਂ ਕਰਤੂਤਾਂ ਬਿਆਨ ਕਰਦਿਆਂ, ਚੁਸਤ ਕਵੀਸ਼ਰ ਨੇ ਕਿਵੇਂ ਅੰਗਰੇਜ਼ੀ ਦੇ ਸ਼ਬਦ ਫਿੱਟ ਕੀਤੇ ਨੇ, ਦੇਖੋ ਕਮਾਲ!।

ਵਧ ਗਏ ਨਸ਼ੇ ਗਿਣੇ ਨਾ ਜਾਂਦੇ,
ਬੁਢੜੇ ਗੱਭਰੂ ਅਧਖੜ ਖਾਂਦੇ।
ਸਿਗਰਟ, ਬੀੜੀ, ਸੁਲਫਾ ਗਾਂਜਾ,
ਕੁੱਝ ਨਾ ਛੱਡਦੇ ਫੇਰਨ ਮਾਂਜਾ,
ਮੂੰਹ ਵਿਚ ਰੱਖਦੇ ਜ਼ਰਦਿਆਂ ਨੂੰ।
ਗੋਲੀਆਂ ਖਾ ਗਲੀਆਂ ਵਿਚ ਡਿਗਦੇ,
ਮਸਾਂ ਬਚਾਉਂਦੇ ਮਰਦਿਆਂ ਨੂੰ।
'ਡੈਜ਼ੀ ਫਾਮ' ਗੋਲੀਆਂ ਖਾਂਦੇ
ਬਿਲਕੁਲ ਡੈਮ-ਫੂਲ ਹੋ ਜਾਂਦੇ,
'ਫੈਸੀਡ੍ਰਿਲ' ਜੋ ਪੀਣ ਦੁਆਈ,
ਸਮਝੋ ਮੌਤ ਆਈ ਕਿ ਆਈ।
ਲਾਉਣ ਜੋ ਲੌਰਫੀਨ ਦੇ ਟੀਕੇ,
ਉਨ ਕੋ ਕੁਝ ਚਿਰ ਮੌਤ ਉਡੀਕੇ,
ਜਿਹੜੀ ਨਾੜ 'ਚ ਲੱਗੇ 'ਇੰਜੈਕਸ਼ਨ',
ਹੋ ਜਏ ਬੰਦ ਉਸਦਾ 'ਐਕਸ਼ਨ'
ਨਾੜਾਂ ਸੁੱਕਣ ਸਰੀਰ ਦੀਆਂ।
ਮਾਂ-ਪਿਉ ਰੋਣ ਜਨਾਨੀ ਪਿੱਟਦੀ
ਘੜੀਆਂ ਔਣ ਅਖੀਰ ਦੀਆਂ!

ਬਹੁਤ ਹੀ ਦਰਦ ਭਰੀ ਅਵਾਜ਼ ਵਿਚ ਕਵੀਸ਼ਰਾਂ ਨੇ ਇਨਾਂ ਨਸ਼ਿਆਂ ਦੀ ਲਾਹਣਤ ਤੋਂ ਛੁਟਕਾਰਾ ਪਾਉਣ ਲਈ ਇਉਂ ਅਰਜ਼ ਗੁਜਾਰੀ ਹੈ;-

ਸਾਡੀ ਸੁਣ ਲਉ ਵੀਰ ਭਰਾਵੋ, ਐਸੇ ਨਸ਼ਿਆਂ ਤੋਂ ਸਹੁੰ ਪਾਵੋ।
ਮੰਗਣ ਹੋਰ ਖਾਣ ਨੂੰ ਜਿਹੜੇ, ਦਿਉ ਨਾ ਮੂੰਹ ਤੇ ਜੜੋ ਚਪੇੜੇ
ਜਿਉਂ ਸੱਟ ਵੱਜਦੀ ਕਾਨੀ ਦੀ।
ਆ ਗਏ ਦਿਨ ਕਲਿਯੁਗ ਦੇ ਮਾੜੇ.......!

ਰਿਸ਼ਵਤਾਂ ਅਤੇ ਦੋ ਨੰਬਰ ਦੇ ਧੰਦਿਆਂ ਕਾਰਨ ਧਨਾਢ ਬਣ ਚੁੱਕੇ ਸਿਆਸੀ ਆਗੂਆਂ, ਵਪਾਰੀਆਂ ਅਤੇ ਅਫਸਰਾਂ ਦੇ ਇਖਲਾਕ ਹੀਣ ਕਾਰਨਾਮੇ, ਰਾਜਸੀ ਚੌਧਰੀਆਂ ਤੇ ਅਫਸਰ ਸ਼ਾਹੀ ਦੀ ਮਿਲੀਭੁਗਤ ਨਾਲ ਹੁੰਦੀ ਪਰਜਾ ਦੀ ਲੁੱਟ ਖਸੁੱਟ ਤੇ ਖੁਆਰੀ ਇਨ੍ਹਾਂ ਸਤਰਾਂ ਰਾਹੀਂ ਬਿਆਨੀ ਗਈ ਹੈ:-

'ਬਿੱਗ ਸਿਟੀ' ਵਿਚ ਹੋਟਲ, ਨੰਗੇ ਨਾਚ ਨਚਾਉਂਦੇ ਟੋਟਲ।
ਜਿੰਨੇ ਧਨਾਢ ਅਮੀਰ ਵਪਾਰੀ ਸਭ ਦੀ ਮੱਤ ਕਾਮ ਨੇ ਮਾਰੀ।
ਡਿਊਟੀ ਭੁੱਲ ਗਏ ਸਭ ਅਧਿਕਾਰੀ, ਸਭ ਦੀ ਮੱਤ ਪੈਸੇ ਨੇ ਮਾਰੀ।
ਸਭ ਦੀ ਇਕੋ ਟੋਪੀ ਸੇਲੀ, ਐਮ.ਪੀ., ਐਮ.ਐਲ.ਏ. ਦੇ ਬੇਲੀ ਰਹਿੰਦੇ ਉਹਦੇ ਪੱਖ ਦੇ ਐ।

ਪੈਸੇ ਲਏ ਬਗੈਰਾਂ ਨਾ ਚਪੜਾਸੀ ਰੱਖਦੇ ਐ।
ਆਈ.ਏ.ਐਸ. ਰੈਂਕ ਦੇ ਅਹੁਦੇ ਲਾਉਂਦੇ ਪੈਸਿਆ ਵਾਲੇ ਸੌਦੇ।
ਹੋਵੇ ਕਿੰਨਾ ਵਕੀਲ 'ਕਲੈਵਰ' ਮਾਇਆ ਬਾਝ ਬਣੂ ਕੰਮ ਨੈਵਰ,
ਨਾ ਕੋਈ ਪੁੱਛ ਕੁਰਬਾਨੀ ਦੀ। ਆ ਗਏ ਦਿਨ ਕਲਿਯੁਗ ਦੇ ਮਾੜੇ........!

'ਜਥਾ ਰਾਜਾ ਤਥਾ ਪਰਜਾ' ਦੇ ਅਖਾਣ ਮੁਤਾਬਕ ਉਤਲਿਆਂ ਦੀ ਦੇਖਾ ਦੇਖੀ ਵਿਗੜੇ ਤਿਗੜੇ ਸਮਾਜ ਵਿਚ ਜੋ ਕੜ੍ਹੀ ਘੁਲ ਰਹੀ ਹੈ, ਉਸਦਾ ਰੰਗ ਦੇਖੋ-

ਰਲੇ ਨਾ ਨਾਰ -ਪਤੀ ਦੀ ਮਰਜੀ, ਜੰਮ ਕੇ ਗਏ ਔਲਾਦਾਂ ਧਰ ਜੀ।
ਮਾਂ ਪੁੱਤ ਵਿਚ ਕਚਹਿਰੀ ਝਗੜਨ, ਪਿਉ ਨੂੰ ਪੁੱਤ ਦਾੜ੍ਹੀਉਂ  ਪਗੜਨ,
ਵਿਗੜਿਆ ਚੌਰਾ ਕਹਿੰਦੇ ਐ।
ਅੱਗਿਉਂ ਬਾਪ ਕਰੇ ਕੋਈ ਚਾਰਾ, ਤਾਂ ਹੇਠਾਂ ਸੁੱਟ ਲੈਂਦੇ ਐ !

ਕਰਕੇ ਕੌਲ ਜ਼ਬਾਨੋ ਪਰਤਣ, ਆਪਸ 'ਚ ਸਕੇ ਭਰਾ ਨਾ ਵਰਤਣ।
ਚੋਰੀਉਂ ਵੱਢਣ ਮੱਕੀ ਦੇ ਟਾਂਡੇ, ਚੁੱਕ ਲਏ ਭੈਣ,
ਭੈਣ ਦੇ ਭਾਂਡੇ ਇਹ ਗੱਲ ਬੜੀ ਹੈਰਾਨੀ ਦੀ............!

ਆਖਰ ਵਿਚ ਰੱਬ ਉਤੇ ਵੀ ਗਿਲਾ ਕਰਦਿਆਂ ਹੋਇਆ, ਕਲੂ ਕਾਲ ਦੇ ਸਾੜੇ ਹੋਏ ਸਮੁੱਚੇ ਸਮਾਜ ਵਿਚ, ਡਿਗ ਰਹੀਆਂ ਕਦਰਾਂ-
ਕੀਮਤਾਂ ਬਾਰੇ ਰੁਦਨ ਕਰਦਿਆਂ ਕਵੀਸ਼ਰ ਛੰਦ ਸੁਣਾਉਂਦਾ ਹੈ:-

ਬੇੜੀ ਕਲੀ-ਕਾਲ ਨੇ ਡੋਬੀ 'ਬਾਬੂ' ਦੁਨੀਆਂ ਹੋ ਗਈ ਲੋਭੀ।
ਜਿਸ ਤੋਂ ਬਿਨਾ ਨਾ ਬਚਦੇ ਬਿੰਦ-ਨ, ਚੇਲੇ, ਗੁਰੂ ਪੀਰ ਨੂੰ ਨਿੰਦਣ,
ਮਿੱਤਰ ਦਗਾ ਕਮਾਉਂਦੇ ਐ।
ਪਿਆਰ ਮੁਹੱਬਤਾਂ ਪਾਕੇ, ਮਗਰੋਂ ਐ ਥੁੱਕ ਲਾਉਂਦੇ ਐ।
ਹੋ ਗਿਆ ਰੱਬ ਵੀ ਜਿਹੋ ਜਿਹੀਆਂ ਨਜਤਾਂ,
ਜਾਂਦਾ ਯਾਰ, ਯਾਰ ਤੇ ਭਿੱਜ ਤਾਂ।
ਬਣਦੇ ਨਰਕਾਂ ਦੇ ਅਧਿਕਾਰੀ,
ਤੱਕ ਕੇ ਮਿੱਤਰ ਯਾਰ ਦੀ ਨਾਰੀ ਧੀ ਤੇ ਭੈਣ ਬਿਗਾਨੀ ਜੀ.........।
ਆ ਗਏ ਦਿਨ ਕਲਿਯੁਗ ਦੇ ਮਾੜੇ ਵਧ ਗਈ ਕਾਰ ਸ਼ੈਤਾਨੀ ਦੀ!

ਆਪਣੇ ਪਿਆਰੇ ਮਾਦਰੇ ਵਤਨ ਦੀ ਸਰਜਮੀਂ ਤੇ ਹੋ ਰਹੇ ਉਪੱਦਰ, ਪੰਜਾਬੀ ਭਾਈਚਾਰੇ ਦੀਆਂ ਸੋਨ ਸੁਨਹਿਰੀ ਰਵਾਇਤਾਂ, ਗੁਰੂ ਵਰੋਸਾਈਆਂ ਪੰਰਪਰਾਵਾਂ ਅਤੇ ਸ਼ਾਨਾਂ ਨੂੰ ਪਲੀਤ ਕਰਨ ਲੱਗੀਆਂ ਹੋਈਆਂ ਦ੍ਰਿਸ਼ਟ ਅਦ੍ਰਿਸ਼ਟ ਤਾਕਤਾਂ ਵਲੋਂ ਮਚਾਏ ਕਹਿਰ ਦੀ ਉਕਤ ਕਵੀਸ਼ਰੀ ਬਣਾਉਣ ਵਾਲੇ ਕਵੀਸ਼ਰ, ਭਾਈ ਸੁਖਦੇਵ ਸਿੰਘ ਨੂੰ ਪਿੰਡ ਪਿੰਡ ਬੁਲਾ ਕੇ ਸਨਮਾਨਿਤ ਕਰਨਾ ਚਾਹੀਦਾ ਹੈ। ਅਸਲ ਕਵੀਸ਼ਰੀ 'ਯੂ- ਟਿਊਬ' ਤੇ ਵੀ ਪਾ ਦਿੱਤੀ ਗਈ ਹੈ। ਮੇਰੇ ਹੇਠਾਂ ਲਿਖੇ ਈਮੇਲ ਤੇ ਸੰਪਰਕ ਕਰਕੇ ਵੀ ਮੰਗਵਾਈ ਜਾ ਸਕਦੀ ਹੈ। ਇਸ ਵਾਰ ਸੁਣਿਉ ਜਰੂਰ, ਇਹ ਮੇਰੀ ਸਿਫਾਰਸ਼ ਹੈ।