Wednesday, March 16, 2011

ਲੋਕ-ਭਾਖ਼ਿਆ ਦੇ ਅਲਫ਼ਾਜ਼ ਦੇ ਅਫ਼ਸਾਨੇ

ਸਦੀਆਂ ਪੁਰਾਣੀਆਂ ਮਿੱਥਾਂ-ਮਨੌਤਾਂ ਨੂੰ ਆਪਣੀਆਂ ਵਿਗਿਆਨਕ ਕਾਢਾਂ ਦੇ ਜ਼ਰੀਏ ਥੋਥੀਆਂ ਸਿੱਧ ਕਰਨ ਵਾਲੇ ਪ੍ਰਸਿੱਧ ਵਿਗਿਆਨੀ ਗੈਲੀਲੀਓ ਨੇ ਇਕ ਥਾਂ ਲਿਖਿਆ ਹੈ, "ਮੈਂ ਖ਼ੁਦ ਦੂਰਬੀਨ ਬਣਾ ਕੇ ਸਪਸ਼ਟ ਰੂਪ ਵਿਚ ਦੇਖ ਚੁੱਕਿਆ ਹਾਂ ਕਿ ਚੰਦਰਮਾ ਵੀ ਸਾਡੀ ਧਰਤੀ ਵਰਗਾ ਗ੍ਰਹਿ ਹੈ। ਇਹਦੇ ਵਿਚ ਦਿਖਾਈ ਦਿੰਦੇ ਧੱਬੇ ਅਸਲ ਵਿਚ ਚੰਦ ਦੀ ਸਤਹਿ 'ਤੇ ਪਏ ਟੋਏ-ਟਿੱਬੇ ਹਨ। ਇਹ ਸਭ ਕੁਝ ਮੈਂ ਦੂਸਰੇ ਲੋਕਾਂ ਨੂੰ ਵੀ ਦਿਖਾ ਚੁੱਕਿਆ ਹਾਂ। ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਵੀ ਹਨ। ਲੇਕਿਨ ਇਸ ਦੇ ਬਾਵਜੂਦ ਮੈਨੂੰ ਆਪਣਾ ਆਪ, ਇਹ ਦੂਰਬੀਨ, ਇਹ ਨਵੀਨ ਖੋਜਾਂ; ਸਭ ਕੁਝ ਝੂਠ ਜਾਪਣ ਲੱਗਦਾ ਹੈ, ਜਦੋਂ ਮੈਨੂੰ ਬਚਪਨ ਵਿਚ ਆਪਣੀ ਮਾਂ ਪਾਸੋਂ ਸੁਣੀਆਂ ਗੱਲਾਂ ਯਾਦ ਆ ਜਾਂਦੀਆਂ ਹਨ।"

ਗੈਲੀਲੀਓ ਨੂੰ ਉਸ ਦੀ ਮਾਂ ਚਮਕਦੇ ਚੰਦ ਵੱਲ ਦੇਖ ਕੇ ਕਿਹਾ ਕਰਦੀ ਸੀ ਕਿ ਇਹ ਪਨੀਰ ਦਾ ਬਹੁਤ ਵੱਡਾ ਟੁਕੜਾ ਹੈ ਜਿਸ ਦੀ ਚਿਟਿਆਈ ਚਮਕਾਂ ਮਾਰ ਰਹੀ ਹੈ। ਉਹ ਲਿਖਦਾ ਹੈ ਕਿ ਮੈਨੂੰ ਆਪਣੀਆਂ ਖੋਜਾਂ ਝੂਠ ਦਾ ਪੁਲੰਦਾ ਅਤੇ ਮਾਂ ਦੀਆਂ ਗੱਲਾਂ ਸੱਚੀਆਂ ਲੱਗਣ ਲੱਗ ਜਾਂਦੀਆਂ ਹਨ। ਤਾਰਾ ਮੰਡਲ ਦੇ ਬਹੁਤ ਸਾਰੇ ਰਹੱਸਾਂ ਤੋਂ ਪਰਦੇ ਉਠਾਉਣ ਵਾਲੇ ਇਸ ਵਿਗਿਆਨੀ ਦੇ ਇਹ ਵਿਚਾਰ ਇਸ ਗੱਲ ਦਾ ਪ੍ਰਮਾਣ ਹਨ ਕਿ ਮਾਂ ਦੇ ਦੁੱਧ ਰਾਹੀਂ ਬੱਚੇ ਨੂੰ ਮਾਂ-ਬੋਲੀ ਦੀ ਗੁੜ੍ਹਤੀ ਮਿਲ ਜਾਂਦੀ ਹੈ ਅਤੇ ਮਾਂ ਦੀਆਂ ਲੋਰੀਆਂ ਬੱਚੇ ਦੇ ਨਿਰਮਲ ਮਨ-ਮਸਤਕ ਵਿਚ ਡੂੰਘੀਆਂ ਉਤਰ ਜਾਂਦੀਆਂ ਹਨ। ਬਾਕੀ ਦੀ ਸਾਰੀ ਜ਼ਿੰਦਗੀ ਭਾਵੇਂ ਜਿੰਨੇ ਮਰਜ਼ੀ ਰੰਗ ਚੜ੍ਹਦੇ-ਲਹਿੰਦੇ ਰਹਿਣ ਪਰ ਬਚਪਨ ਦੇ ਉਕਰੇ ਅਕਸ ਕਦੇ ਧੁੰਦਲੇ ਨਹੀਂ ਪੈਂਦੇ। ਧੱਕੇ ਨਾਲ ਇਨ੍ਹਾਂ ਅਕਸਾਂ-ਨਕਸ਼ਿਆਂ ਨੂੰ ਝੁਠਲਾਉਣ ਜਾਂ ਮਿਟਾਉਣ ਦੀ ਭਾਵੇਂ ਲੱਖ ਕੋਸ਼ਿਸ਼ ਕਰੀਏ, ਇਹ ਫਿਰ ਵੀ ਕਿਸੇ ਨਾ ਕਿਸੇ ਰੂਪ ਵਿਚ ਉਘੜ ਹੀ ਆਉਂਦੇ ਹਨ।

ਅੰਗਰੇਜ਼ੀ ਦੇ ਸ਼ਬਦ 'ਟੈਂਪਰੇਰੀ' ਅਤੇ 'ਪੈਨਸ਼ਨ' ਸ਼ਬਦ ਪਤਾ ਨਹੀਂ ਕਿੰਨੀ ਵਾਰੀ ਪੜ੍ਹੇ ਹੋਣਗੇ, ਸੁਣੇ ਹੋਣਗੇ ਪਰ ਜਦੋਂ ਵੀ ਕਿਤੇ ਮੈਨੂੰ ਇਹ ਦੋਵੇਂ ਸ਼ਬਦ ਬੋਲਣੇ ਪੈਣ, ਮੈਂ ਹਿਚਕਚਾਉਣ ਲੱਗਦਾ ਹਾਂ। ਕਿਉਂਕਿ ਮੁੱਢ ਤੋਂ ਹੀ ਟੈਂਪਰੇਰੀ ਨੂੰ 'ਟੈਂਪਰੇਲੀ' ਅਤੇ ਪੈਨਸ਼ਨ ਨੂੰ 'ਪਿਲਸਣ' ਸੁਣਦਾ ਆਇਆ ਹਾਂ। ਲਿਖਣ ਵੇਲੇ ਇਨ੍ਹਾਂ ਦੇ ਸਹੀ ਸ਼ਬਦ-ਜੋੜ ਪਾਉਣ ਲੱਗਿਆਂ ਹੱਥ ਥਿਰਕਣ ਲੱਗ ਪੈਂਦਾ ਹੈ। ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵੇਲੇ ਤਾਂ ਲਗਪਗ ਡੇਢ ਸੌ ਤੋਂ ਵੱਧ ਪਿੰਡਾਂ ਵਿਚ ਜਾ ਕੇ ਲੈਕਚਰ ਕਰਨ ਨਾਲ ਹੀ ਮੋਰਚਾ ਫ਼ਤਿਹ ਹੋ ਗਿਆ ਸੀ ਪਰ ਜਦੋਂ ਆਪਣੇ ਪਿੰਡ ਦੀ ਸਰਪੰਚੀ ਦੇ ਚੋਣ ਅਖਾੜੇ ਵਿਚ ਵੜਿਆ ਤਾਂ ਉਦੋਂ ਬਹੁਤ ਸਾਰੇ 'ਨਵੇਂ ਤਜਰਬਿਆਂ' ਦੇ ਨਾਲ-ਨਾਲ ਉਹ ਸ਼ੁੱਧ ਪੇਂਡੂ ਅਲਫ਼ਾਜ਼ ਵੀ ਸੁਣਨ ਨੂੰ ਮਿਲੇ ਜਿਨ੍ਹਾਂ ਨਾਲ ਪਹਿਲਾਂ ਕਦੇ ਵਾਹ-ਵਾਸਤਾ ਪਿਆ ਹੀ ਨਹੀਂ ਸੀ। ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਨਾਲੋਂ ਵੀ ਕਿਤੇ ਵੱਧ 'ਖ਼ਤਰਨਾਕ' ਸਰਪੰਚ ਦੀ ਚੋਣ ਮੌਕੇ ਪਿੰਡ ਦੇ 'ਕੱਲੇ-'ਕੱਲੇ ਵੋਟਰ ਦੀ ਮਿਜ਼ਾਜ-ਪੁਰਸ਼ੀ ਕਰਦਿਆਂ ਬਹੁਤ ਕੁਝ ਨਵਾਂ-ਨਕੋਰ ਸੁਣਨ ਨੂੰ ਮਿਲਦਾ ਹੈ।

"ਜਥੇਦਾਰ ਸਾਹਿਬ, ਅਸੀਂ ਤੈਨੂੰ ਸਰਪੰਚੀ ਵੀ ਲੜਾਉਣੀ ਐਂ!"

ਪਿੰਡ ਦੀ ਸਿਆਸਤ ਦੀਆਂ ਗਿਣਤੀਆਂ ਮਿਣਤੀਆਂ ਤੋਂ ਪੂਰੀ ਤਰ੍ਹਾਂ ਵਾਕਿਫ਼ ਮੇਰੇ ਪਿੰਡ ਦੇ ਕੁਝ ਮੋਹਤਬਰ ਸੱਜਣਾਂ ਨੇ ਇਸ ਵਾਕ ਰਾਹੀਂ ਮੈਨੂੰ ਆਗਾਹ ਕੀਤਾ ਸੀ। 'ਜਥੇਦਾਰ ਸਾਹਿਬ' ਅਤੇ 'ਤੇਨੂੰ' ਅਲਫ਼ਾਜ਼ ਦਾ ਇਕੋ ਫ਼ਿਕਰੇ ਵਿਚ ਸੁਮੇਲ ਸੁਣ ਕੇ ਮੈਨੂੰ ਬੜਾ ਹਾਸਾ ਆਇਆ। ਨਿਰਛਲ ਮੋਹ ਦਾ ਪੇਂਡੂ ਸਰੂਪ ਸੀ ਇਹ ਵਾਕ, ਜੋ ਨਾਂਹ-ਨੁੱਕਰ ਕਰਦਿਆਂ ਮੈਨੂੰ ਸਵੀਕਾਰ ਕਰਨਾ ਪਿਆ। ਨਾਮਜ਼ਦਗੀਆਂ ਤੋਂ ਬਾਅਦ ਚੋਣ ਪ੍ਰਚਾਰ ਭਖ਼ ਪਿਆ। ਕਦੇ ਕਿਸੇ ਦੀ ਹਵੇਲੀ, ਕਦੇ ਕਿਸੇ ਦੇ ਘਰੇ ਅਤੇ ਕਿਸੇ ਦੀ ਮੋਟਰ 'ਤੇ। ਚੱਲ ਸੋ ਚੱਲ! ਚੋਣ ਪ੍ਰਚਾਰ ਜਥੇ ਵਿਚ ਸ਼ਾਮਲ ਸਾਰੇ ਜਣੇ ਖ਼ੂਬ ਰੰਗ-ਬਰੰਗੀਆਂ ਸੁਣਾਉਂਦੇ ਰਹਿੰਦੇ। ਮੇਰਾ ਇਕ ਹਮਾਇਤੀ ਮੈਨੂੰ ਸਰਪੰਚੀ ਦੇ ਗੋਰਖ਼ਧੰਦੇ ਤੋਂ ਅਨਜਾਣ ਸਮਝਦਿਆਂ 'ਅਲਰਟ' ਕਰਦਾ ਹੋਇਆ ਕਹਿਣ ਲੱਗਾ, "ਜਥੇਦਾਰ ਜੀ, ਇਨ੍ਹਾਂ 'ਬੇ-ਸਟੈਂਡੇ' ਲੋਕਾਂ ਦਾ ਕੋਈ 'ਤਬਾਰ ਨਹੀਂ। ਇਹ ਖਾਂਦੇ ਕਿਤੇ ਐ, ਭੌਂਕਦੇ ਕਿਸੇ ਹੋਰ ਪਾਸੇ ਐ! ਇਨ੍ਹਾਂ ਨੂੰ ਗੁਰਦੁਆਰੇ ਚਾੜ੍ਹ ਕੇ ਕਸਮਾਂ ਖੁਆ ਲੈ। ਫੇ' ਯਕੀਨ ਕਰੀਂ ਏਨ੍ਹਾਂ ਦਾ!

"ਦੂਸਰਾ ਜਣਾ ਮੇਰੀ ਸਫ਼ਾਈ ਦਿੰਦਿਆਂ ਬੋਲਿਆ, "ਲੈ ਲੈ...ਸਾਡਾ ਜਥੇਦਾਰ ਕੱਲ੍ਹ ਦਾ ਜੰਮਿਆਂ ਜੁਆਕ ਥੋੜ੍ਹੀ ਐ। ਇਹਨੇ 'ਸ਼੍ਰੋਮਣੀ' ਲੜੀ ਹੋਈ ਹੈ। ਵੋਟਾਂ ਦੀ ਤਾਂ ਇਹਨੂੰ ਪੂਰੀ 'ਪੈਰਾਟੀਸ' (ਪ੍ਰੈਕਟਿਸ) ਹੋਈ ਵੀ ਐ!"

ਬੇ-ਯਕੀਨੇ ਵੋਟਰਾਂ ਲਈ 'ਬੇ-ਸਟੈਂਡੇ' ਅਤੇ ਚੋਣਾਂ ਲੜਨ ਦੀ ਮੇਰੀ ਹੋ ਚੁੱਕੀ ਪ੍ਰੈਕਟਿਸ ਲਈ 'ਪੈਰਾਟੀਸ' ਅਲਫ਼ਾਜ਼ ਵਰਤੀਂਦੇ ਸੁਣ ਕੇ ਮੈਂ ਆਨੇ-ਬਹਾਨੇ ਹੱਸ ਲੈਂਦਾ। ਇਕ ਪਰਿਵਾਰ ਜੋ ਮੇਰੇ ਵਿਰੋਧੀ ਗਰੁਪ ਦੇ ਅਸਰ ਹੇਠ ਸੀ, ਨੂੰ ਆਪਣੇ ਹੱਕ ਵਿਚ ਕਰਨ ਲਈ ਅਸੀਂ ਤਰੱਦਦ ਕਰਨ ਲੱਗੇ ਹੋਏ ਸਾਂ। ਟੱਬਰ ਦਾ ਮੁਖੀਆ ਕੁਝ ਜੱਕੋ-ਤੱਕੋ ਕਰਦਾ ਇਧਰ - ਉਧਰ ਦੀਆਂ ਮਾਰਨ ਲੱਗ ਪਿਆ। ਉਸ ਦਾ ਚਾਚਾਤਾਇਆ ਲੱਗਦਾ ਇਕ ਬੰਦਾ ਬੜੇ ਮਾਣ ਨਾਲ ਸਾਨੂੰ ਇਸ ਘਰ ਲੈ ਕੇ ਗਿਆ ਸੀ। ਰ੍ਹੋਬ ਨਾਲ ਕਹਿੰਦਾ,

"ਗੱਲ ਸੁਣ ਉਇ ਮੁੰਡਿਆ...ਲੱਲੇ- ਭੱਬੇ ਨਾ ਪੜ੍ਹ! ਜਥੇਦਾਰ ਨੂੰ 'ਹਾਂ' ਕਰ ਦੇਹ...ਚੁੱਪ ਕਰ ਕੇ।"

ਅੱਗਿਓਂ ਘਰ ਵਾਲੇ ਨੇ ਸਾਨੂੰ ਵੋਟਾਂ ਪਾਉਣ ਦੀ ਇਸ ਸ਼ਰਤ 'ਤੇ ਹਾਮੀ ਭਰ ਦਿੱਤੀ ਕਿ ਉਸ ਦੇ ਮੁੰਡੇ ਨੂੰ ਕਿਤੇ ਨੌਕਰੀ ਲਗਵਾਈ ਜਾਵੇ। ਕੰਮ ਸੂਤ ਆ ਗਿਆ ਜਾਣ ਕੇ ਮੇਰਾ ਹਮਾਇਤੀ ਬਜ਼ੁਰਗ ਉਠਿਆ। ਪੜਛੱਤੀ ਉਪਰੋਂ ਗੁਟਕਾ ਚੁੱਕ ਕੇ ਘਰ ਦੇ ਮੁਖੀਏ ਅੱਗੇ ਕਰਦਿਆਂ ਕਹਿੰਦਾ,

"ਰੱਖ ਮਹਾਰਾਜ ਦੀ ਬਾਣੀ 'ਤੇ ਹੱਥ!

ਜਥੇਦਾਰ ਨੂੰ ਸਰਪੰਚ ਬਣ ਲੈਣ ਦੇ। ਤੇਰੇ ਮੁੰਡੇ ਦੀ 'ਜੁਗਾੜਮੈਂਟ' ਮੇਰੇ ਜ਼ਿੰਮੇ ਰਹੀ!!"

ਝੂਠੇ-ਸੱਚੇ ਕਸਮਾਂ-ਵਾਅਦਿਆਂ ਦੀ ਰਾਜਨੀਤੀ ਦੇਖ ਕੇ ਅਤੇ 'ਜੁਗਾੜਮੈਂਟ' ਦਾ ਨਵਾਂ ਲਫ਼ਜ਼ ਸੁਣ ਕੇ ਮੈਂ ਦੰਗ ਹੀ ਰਹਿ ਗਿਆ!

ਪੂਰੀ ਤਰ੍ਹਾਂ ਭਖ਼ੇ ਹੋਏ ਚੋਣ ਦੰਗਲ ਦੌਰਾਨ ਪਿੰਡ ਦਾ ਨਿਰਪੱਖ ਜਿਹਾ ਸਮਝਿਆ ਜਾਂਦਾ ਇਕ ਸੱਜਣ ਸਰਬਸੰਮਤੀ ਦਾ ਫ਼ਾਰਮੂਲਾ ਲੈ ਕੇ ਸਾਡੇ ਗਰੁਪ ਕੋਲ ਆਇਆ। ਉਹ ਪੇਸ਼ਕਸ਼ ਕਰ ਰਿਹਾ ਸੀ ਕਿ ਇਕ ਧੜਾ ਸਰਪੰਚੀ ਲੈ ਲਵੇ ਅਤੇ ਦੂਜਾ ਸਾਰੇ ਪੰਚ। ਮੇਰੇ ਹਮਾਇਤੀ ਸਰਪੰਚੀ ਦੇ ਨਾਲ ਤਿੰਨ ਪੰਚਾਂ ਦੀ ਮੰਗ ਵੀ ਕਰਦੇ ਸਨ। ਗੱਲਬਾਤ ਕਿਸੇ ਸਿਰੇ ਨਾ ਲੱਗ ਸਕੀ। ਨਿਰਪੱਖ ਸਮਝੇ ਜਾਂਦੇ ਸੱਜਣ ਦੇ ਚਲੇ ਜਾਣ ਪਿੱਛੋਂ ਮੇਰੇ ਪ੍ਰਸ਼ੰਸਕ ਚ੍ਹਾਮਲ-ਚ੍ਹਾਮਲ ਕੇ ਬੋਲਣ ਲੱਗੇ:

"ਆਹ ਜਿਹੜਾ 'ਚੁਫ਼ੇਰਗੜ੍ਹੀਆ' ਸਠਾ-ਸੰਮਤੀਆਂ ਲਈ ਫਿਰਦਾ ਐ, ਇਹ ਸਾਡੇ ਨਾਲ 'ਪੌਲਸੀਆਂ' ਖੇਲ੍ਹਦਾ ਹੈ। ਸਭ ਜਾਣਦੇ ਆਂ ਅਸੀਂ ਇਹਦੀਆਂ 'ਫਰੌਟੀਆਂ' ਨੂੰ।...ਵਿਚੋਂ ਗੱਲ ਇਹ ਐ ਕਿ ਸਾਡੀ ਜਿੱਤ ਦੇਖ ਕੇ ਇਨ੍ਹਾਂ (ਵਿਰੋਧੀਆਂ) ਨੂੰ ਤਾਂ ਲੱਗਾ ਹੋਇਐ 'ਕੰਡਾ-ਸੀਹਾ'।"

ਚੁਫ਼ੇਰਗੜ੍ਹੀਆ, ਪੌਲਸੀਆਂ ਅਤੇ ਫਰੌਟੀਆਂ ਜਿਹੇ ਸ਼ਬਦਾਂ ਦੇ ਅਰਥ ਤਾਂ ਮੈਂ ਔਖੇ ਸੌਖੇ ਕੱਢ ਲਏ ਪਰ 'ਕੰਡਾ-ਸੀਹਾ' ਦੇ ਅਰਥ ਦਾ ਮੈਨੂੰ ਪਾਕਿਸਤਾਨ ਵਿਚ ਜਨਮੀ ਆਪਣੀ ਮਾਂ ਕੋਲੋਂ ਪਤਾ ਲੱਗਾ ਕਿ ਇਹ ਉਸ 'ਅਵਸਥਾ' ਦਾ ਨਾਮ ਹੈ ਜਦੋਂ ਕਿਸੇ ਬੁਖ਼ਾਰ ਚੜ੍ਹੇ ਬੰਦੇ ਨੂੰ ਕੱਚੀਆਂ ਤ੍ਰੇਲੀਆਂ ਆ ਰਹੀਆਂ ਹੋਣ। ਵੋਟਾਂ ਵਾਲੇ ਦਿਨ ਤੋਂ ਦੋ-ਤਿੰਨ ਦਿਨ ਪਹਿਲਾਂ 'ਦੋਹਰ ਪਾਉਣ' ਵਜੋਂ ਸਾਡਾ ਪ੍ਰਚਾਰ ਜਥਾ ਘਰ- ਘਰ ਘੁੰਮ ਰਿਹਾ ਸੀ। ਸਾਡੇ ਗਰੁਪ ਦੇ ਪੱਖ ਵਿਚ ਪੂਰਾ ਮਾਹੌਲ ਬਣਿਆ ਹੋਇਆ ਸੀ। ਆਪਣੇ ਇਕ ਪੱਕੇ ਹਮਾਇਤੀ ਦੇ ਘਰ ਬੈਠੇ ਅਸੀਂ ਸ਼ਾਮ ਦੀ ਚਾਹ ਪੀ ਰਹੇ ਸਾਂ। ਇਸ ਘਰ ਦਾ ਬਜ਼ੁਰਗ ਮੈਨੂੰ ਮੁਖ਼ਾਤਿਬ ਹੋ ਕੇ ਕਹਿੰਦਾ,

"ਜਥੇਦਾਰਾ, ਜਿੱਤ ਤਾਂ ਤੇਰੀ ਪੱਕੀ ਵੱਟ 'ਤੇ ਪਈ ਐ। ਜਿੱਤ ਕੇ ਪਹਿਲਾ ਕੰਮ ਇਹ ਕਰੀਂ, ਪਈ ਹਸਪਤਾਲ ਵਿਚ ਕੋਈ ਚੱਜ ਦਾ 'ਡਾਕਦਾਰ' ਆਵੇ। ਦੂਜਾ ਜਿਹੜਾ ਪਿੰਡ ਦਾ ਸਕੂਲ ਐ.....ਇਹਨੂੰ ਹੁਣ ਇਕੋ ਵਾਰ ਹਿੰਮਤ ਕਰ ਕੇ ਚੌਦ੍ਹਵੀਂ-ਪੰਦਰ੍ਹਵੀਂ ਤਕ ਬਣਵਾ ਲਈਂ। ਪਿੰਡ ਦੇ ਨਿਆਣਿਆਂ ਨੂੰ ਸ਼ਹਿਰ ਜਾਣਾ ਪੈਂਦਾ!"

ਬਾਪੂ ਦੀਆਂ ਦੋਵੇਂ ਭੋਲੀਆਂ ਜਿਹੀਆਂ ਫ਼ਰਮਾਇਸ਼ਾਂ ਸੁਣ ਕੇ ਮੈਂ ਤਾਂ ਸ਼ਿਸ਼ਟਾਚਾਰ ਵਜੋਂ ਨਾ ਹੱਸਿਆ ਪਰ ਆਲੇ-ਦੁਆਲੇ ਖੜ੍ਹੀ ਤਮਾਸ਼ਬੀਨ ਮੁੰਡੀਹਰ ਨੇ ਹੱਸ-ਹੱਸ ਕੇ ਧਮੱਚੜ ਚੱਕ ਲਿਆ। ਇੰਜ ਆਪਣੇ ਪਿੰਡ ਦਾ ਸਰਪੰਚ ਬਣਨ ਤਕ ਮੈਨੂੰ ਲੋਕ-ਭਾਖ਼ਿਆ ਦੇ ਲੱਜ਼ਤ ਭਰੇ ਅਲਫ਼ਾਜ਼ ਦਾ ਭੰਡਾਰ ਲੂੰਘੇ ਵਿਚ ਹੀ ਮਿਲ ਗਿਆ। ਸਰਪੰਚੀ ਦੇ ਕੁਹਾੜੇ ਨੇ ਮੇਰੀ ਲੰਬੀ ਪਰਵਾਜ਼ ਨੂੰ ਛਾਂਗ ਕੇ ਜਿਵੇਂ ਠਾਣੇ-ਤਹਿਸੀਲ ਤਕ ਸੀਮਤ ਕਰ ਦਿੱਤਾ ਸੀ। ਇਹ ਲੰਮੀ ਦਿਲਚਸਪ ਵਾਰਤਾ ਕਿਤੇ ਫਿਰ ਸਹੀ। ਇਥੇ ਇਕ ਹੋਰ ਨਵੇਂ ਲਫ਼ਜ਼ ਦੀ ਉਤਪਤੀ ਦਾ ਕਿੱਸਾ ਸੁਣ ਕੇ ਸਮਾਪਤੀ ਵੱਲ ਵਧਦੇ ਹਾਂ। ਸਰਪੰਚ ਦੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਮੈਨੂੰ ਪਿੰਡ ਦੀਆਂ ਸਾਂਝੀਆਂ ਥਾਂਵਾਂ ਵਿਚ ਖੜ੍ਹੇ ਖੜਸੁੱਕ ਦਰਖ਼ਤ ਵਢਾਉਣ ਦੀ ਦਰਖ਼ਾਸਤ ਮਿਲੀ। ਇਸ ਮਸਲੇ ਵਿਚ ਮੈਂ ਅਨਜਾਣ ਸਾਂ ਕਿ ਦਰਖ਼ਤ ਵਢਾਉਣ ਤੋਂ ਪਹਿਲਾਂ ਕਾਗ਼ਜ਼ੀ ਕਾਰਵਾਈ ਕੀਤੀ ਜਾਂਦੀ ਹੈ। ਮੈਨੂੰ ਵਧਾਈਆਂ ਦੇਣ ਆਏ ਨੇੜਲੇ ਪਿੰਡ ਦੇ ਸਾਬਕਾ ਸਰਪੰਚ ਨੂੰ ਇਹਦੇ ਬਾਰੇ ਪੁੱਛਿਆ। ਉਹ ਮੇਰੇ ਅਨਜਾਣਪੁਣੇ 'ਤੇ ਹੱਸਦਿਆਂ ਹੋਇਆਂ ਕਹਿੰਦਾ,

"ਇਹਦੇ ਵਿਚ ਪੁੱਛਣ ਵਾਲੀ ਕਿਹੜੀ ਗੱਲ ਹੈ!.....ਫੀਤੇ ਨਾਲ ਦਰਖ਼ਤ ਦੀ 'ਲਪੇਟਮੈਂਟ' ਮਿਣ ਕੇ, ਪਹਿਲੇ ਜੜਾਂਗ ਤਕ ਲੰਬਾਈ ਦੀ ਵੀ ਮਿਣਤੀ ਕਰ ਲਈਂ...।"

ਤਣੇ ਦੀ ਗੋਲਾਈ ਲਈ 'ਲਪੇਟਮੈਂਟ' ਲਫ਼ਜ਼ ਸੁਣ ਕੇ ਲੋਕ-ਭਾਖ਼ਿਆ ਦੀ ਲੱਜ਼ਤ ਦਾ ਲੁਤਫ਼ ਮਾਣਿਆ। ਸਰਪੰਚੀ ਦੀ ਚੋਣ ਮੁਹਿੰਮ ਦੌਰਾਨ ਮੇਰਾ ਆਪਣਾ ਸ਼ਬਦ ਖ਼ਜ਼ਾਨਾ ਕਾਫ਼ੀ ਭਰਪੂਰ ਹੋਇਆ। ਪਾਣੀ ਨੂੰ 'ਪਾਨੀ', ਬਾਣੀ ਨੂੰ 'ਬਾਨੀ' ਅਤੇ ਜਾਣਾ ਨੂੰ 'ਜਾਨਾ' ਕਹਿਣ ਵਾਲੇ ਪੰਜਾਬੀਆਂ ਨੂੰ ਮਲਿਕਾਇ - ਤਰੰਨੁਮ ਨੂਰ ਜਹਾਂ ਦਾ ਕਥਨ ਸੁਣਾਉਣਾ ਚਾਹੁੰਦਾ ਹਾਂ। ਉਸ ਨੇ ਰੇਡੀਓ ਇੰਟਰਵਿਊ ਵਿਚ ਕਿਹਾ ਸੀ ਕਿ ਜਦ ਕੋਈ ਪੰਜਾਬੀ ਆਪਣੀ ਮਾਂਬੋਲੀ ਦੀ ਥਾਂ ਕਿਸੇ ਹੋਰ ਬੋਲੀ ਵਿਚ ਗੱਲ ਕਰੇ ਤਾਂ ਉਹ ਝੂਠ ਬੋਲਦਾ ਪ੍ਰਤੀਤ ਹੁੰਦਾ ਹੈ। ਸੱਚਮੁਚ ਦਿਲ ਦੀਆਂ ਗੱਲਾਂ ਲੋਕ-ਭਾਖ਼ਿਆ ਦੇ ਅਲਫ਼ਾਜ਼ ਰਾਹੀਂ ਹੀ ਕੀਤੀਆਂ ਜਾ ਸਕਦੀਆਂ ਹਨ। ਕਿਸੇ ਹੋਰ ਉਧਾਰੀ ਬੋਲੀ ਰਾਹੀਂ ਨਹੀਂ!! 

ਇਹ ਮਸ਼ੀਨਾਂ ਦੀ ਕਲਾ ਨੇ ਜਾਨ - ਇ - ਮਨ, 
ਦਿਲ ਦੀ ਕਹਿ ਸਕਦੇ ਨਹੀਂ ਅੱਖਰ ਨਵੇਂ