Friday, April 1, 2011

ਗੁੰਮ ਹੋਈ ਇਕ ਕੁੜੀ

”ਅੱਜ ਫਿਰ ਸ਼ੀਲਾ ਨੇ ਆਪਣੀ ਕੁੜੀ ਨੂੰ ਹੀ ਭੇਜ ਦਿੱਤਾ ਹੈ।”


ਰਸੋਈ ‘ਚ ਕਾਹਲੀ-ਕਾਹਲੀ ਬ੍ਰੈੱਡ-ਆਮਲੇਟ ਨੂੰ ਚਾਹ ਦੇ ਘੁੱਟਾਂ ਨਾਲ ਗਲੇ ‘ਚ ਉਤਾਰ ਰਹੀ ਮਿਸਿਜ਼ ਸੰਧੂ ਨੇ ਆਪਣੇ ਪਤੀ ਪ੍ਰੋਫੈਸਰ ਸੰਧੂ ਨੂੰ ਦੱਸਿਆ। ਛੋਟੇ ਗੇਟ ਥਾਣੀ ਅੰਦਰ ਵੜਦੀ ਬਿੰਦੂ ਨੂੰ ਉਸਨੇ ਰਸੋਈ ਦੇ ਸ਼ੀਸ਼ਿਆਂ ਵਿਚੀਂ ਦੇਖ ਲਿਆ ਸੀ।

ਚਲੋ ਕੋਈ ਨਾ” ਚਾਹ ਦਾ ਕੱਪ ਮੁਕਾ ਕੇ ²ਡਾਈਨਿੰਗ ਟੇਬਲ ‘ਤੇ ਰੱਖਦਿਆਂ ਪ੍ਰੋਫੈਸਰ ਸੰਧੂ ਨੇ ਸਰਸਰੀ ਜਿਹਾ ਜਵਾਬ ਦਿੰਦੇ ਹੋਏ ਆਖਿਆ¸ਕੰਮ ਤਾਂ ਆਪਣੀ ਮਾਂ ਵਾਂਗ ਤਸੱਲੀ ਵਾਲਾ ਈ ਕਰਦੀ ਐ।”

”ਪਰ ਜਿੱਲ੍ਹੀ ਬਹੁਤ ਐ… ਟਾਈਮ ਬਹੁਤ ਲਾਉਂਦੀ ਐ।” ਬਿਨਾਂ ਜਵਾਬ ਦਿੱਤਿਆਂ ਸੰਧੂ ਸਾਹਿਬ ਮੇਜ਼ ‘ਤੇ ਪਈਆਂ ਕਿਤਾਬਾਂ ਚੁੱਕ ਕੇ ਸਟੱਡੀ ਰੂਮ ‘ਚ ਰੱਖਣ ਚਲੇ ਗਏ। ਮਿਸਿਜ਼ ਸੰਧੂ ਨੇ ਕਲਾਕ ਵੱਲ ਦੇਖ ਕੇ ਫਟਾਫਟ ਸਿਰ ਵਾਹਿਆ, ਹਲਕਾ ਜਿਹਾ ਮੇਕਅੱਪ ਕੀਤਾ ਅਤੇ ਸੈਂਡਲ ਪਾਉਂਦਿਆਂ ਅੰਦਰ ਆਈ ਬਿੰਦੂ ਨੂੰ ਆਦੇਸ਼ ਦਿੱਤਾ।

”ਰਾਤ ਦੇ ਭਾਂਡੇ ਵੀ ਸਿੰਕ ਵਿਚ ਹੀ ਪਏ ਐ। ਪਹਿਲਾਂ ਭਾਂਡੇ ਮਾਂਜ ਲਈਂ, ਫਿਰ ਪੋਚੇ ਲਾਈਂ, ਕੱਪੜੇ ਮਗਰੋਂ ਧੋਵੀਂ। …. ਨਾਲੇ ਕੰਮ ਜ਼ਰਾ ਫੁਰਤੀ ਨਾਲ ਕਰੀਂ, ਓ. ਕੇ.?” ਮਗਰਲਾ ਸ਼ਬਦ ‘ਓ. ਕੇ.’ ਮੈਡਮ ਨੇ ਘਰੋੜ ਕੇ ਕਿਹਾ।

”ਅੱਛਾ ਮੈਡਮ ਜੀ’ ਕਹਿ ਕੇ ਬਿੰਦੂ ਰਸੋਈ ‘ਚ ਜਾ ਵੜੀ। ਕਾਇਨੈਟਿਕ ਦੀਆਂ ਚਾਬੀਆਂ ਚੁੱਕ ਕੇ ਆਪਣਾ ਪਰਸ ਸੰਭਾਲਦੀ ਹੋਈ ਮਿਸਿਜ਼ ਸੰਧੂ ਘਰ ਦੇ ਗੇਟ ਤੱਕ ਆ ਗਈ।” ਚੰਗਾ ਫਿਰ, ਤੁਸੀਂ ਵੀ ਜ਼ਰਾ ਟਾਈਮ ਸਿਰ ਚਲੇ ਜਾਇਓ।” ਇਹ  ਕਹਿ ਕੇ ਮਿਸਿਜ਼ ਸੰਧੂ ਡਿਊਟੀ ‘ਤੇ ਚਲੀ ਗਈ।

ਸ਼ਹਿਰ ਦੇ ਅਮੀਰ ਮੁਹੱਲੇ ‘ਚ ਇਹ ਸੰਧੂ ਪਰਿਵਾਰ ਦੀ ਦੁ-ਮੰਜ਼ਿਲੀ ਕੋਠੀ ਹੈ। ਇਸੇ ਸ਼ਹਿਰ ਦੇ ਇਕ ਹਸਪਤਾਲ ‘ਚ ਮਿਸਿਜ਼ ਸੰਧੂ ਡਾਕਟਰ ਲੱਗੀ ਹੋਈ ਹੈ, ਜਦਕਿ ਉਸਦਾ ਪਤੀ ਸ. ਸੰਧੂ, ਕਾਲਜ ਵਿਚ ਪ੍ਰੋਫੈਸਰ। ਇਸ ਦੰਪਤੀ ਦਾ ਵੱਡਾ ਬੇਟਾ ਕਿਸੇ ਦੂਰ ਦੇ ਸ਼ਹਿਰ ਦੀ ਯੂਨੀਵਰਸਿਟੀ ‘ਚ ਪੜ੍ਹਾਈ ਕਰ ਰਿਹਾ ਹੈ। ਛੋਟਾ ਬੇਟਾ ਜੋ ਹਾਲੇ ਦਸਵੀਂ ‘ਚ ਪੜ੍ਹਦਾ ਹੈ, ਆਪਣੇ ਮਾਂ-ਬਾਪ ਨਾਲ ਹੀ ਰਹਿੰਦਾ ਹੈ। ਇਸ ਸਾਊ ਪਰਿਵਾਰ ‘ਚ ‘ਕੰਮ ਕਰਨ ਵਾਲੀ’ ਵਜੋਂ ਤਾਂ ਸ਼ੀਲਾ ਲੱਗੀ ਹੋਈ ਹੈ ਪਰ ਉਹ ਕਦੀ-ਕਦੀ ਆਪਣੀ ਧੀ ਬਿੰਦੂ ਨੂੰ ‘ਸੰਧੂ ਵਿਲਾ’ ‘ਚ ਕੰਮ ਕਰਨ ਲਈ ਭੇਜ ਦਿੰਦੀ ਹੈ। ਵੱਡੇ ਟੱਬਰਾਂ ਵਾਲਿਆਂ ਦੇ ਸ਼ੀਲਾ ਆਪ ਚਲੀ ਜਾਂਦੀ ਅਤੇ ਇਥੇ ਥੋੜ੍ਹਾ ਕੰਮ ਹੋਣ ਕਰਕੇ ਧੀ ਨੂੰ ਭੇਜ ਦਿੰਦੀ। ਅਕਸਰ ਮਿਸਿਜ਼ ਸੰਧੂ, ਸ਼ੀਲਾ ਨੂੰ ਖੁਦ ਇਥੇ ਕੰਮ ‘ਤੇ ਆਉਣ ਲਈ ਕਹਿੰਦੀ ਰਹਿੰਦੀ ਸੀ ਪਰ ਉਹ ਮਾਵਾਂ-ਧੀਆਂ ਆਪਣੀ ਵਿਉਂਤ ਅਨੁਸਾਰ ਹੀ ਕੰਮ ‘ਤੇ ਆਉਂਦੀਆਂ।

ਡਾ. ਸੰਧੂ ਮੈਡਮ ਦੇ ਜਾਣ ਤੋਂ ਬਾਅਦ ਉਸ ਦੇ ਕਹੇ ਅਨੁਸਾਰ ਪਹਿਲਾਂ ਬਿੰਦੂ ਨੇ ਸਿੰਕ ‘ਚ ਪਿਆ ਭਾਂਡਿਆਂ ਦਾ ਟੋਕਰਾ ਮਾਂਜਿਆ। ਜੂਠ-ਮੀਠ ‘ਕੱਠੀ ਕਰਕੇ ਗਾਰਬੇਜ ਡਰੰਮ ‘ਚ ਸੁੱਟੀ। ਮਾਂਜੇ-ਧੋਤੇ ਭਾਂਡੇ ਨੁੱਚੜਨ ਵਾਸਤੇ ਟੋਕਰੀ ‘ਚ ਮੂਧੇ ਰੱਖ ਦਿੱਤੇ। ਅੱਧੀ ਕੁ ਬਾਲਟੀ ਪਾਣੀ ‘ਚ ਫੀਨਾਈਲ ਸੁੱਟ ਕੇ ਉਹ ਪੋਚੇ ਮਾਰਨ ਦੀ ਤਿਆਰੀ ਕਰਨ ਲੱਗੀ।

ਪ੍ਰੋ. ਸੰਧੂ ਸਾਢੇ ਕੁ ਗਿਆਰਾਂ ਵਜੇ ਕਾਲਜ ਜਾਂਦੇ ਹਨ। ਉਨ੍ਹਾਂ ਕੋਲ ਡੇਢ ਘੰਟੇ ਦਾ ਸਮਾਂ ਹੈ। ਉਨ੍ਹਾਂ ਅੱਜ ਆਪਣੀ ਕਲਾਸ ਨੂੰ ਬਾਬਾ ਫਰੀਦ ਪੜ੍ਹਾਉਣਾ ਹੈ। ਇਸ ਕਰਕੇ ਉਹ ਆਪਣੇ ਸਟੱਡੀ ਰੂਮ ‘ਚ ‘ਸ਼ੇਖ ਫਰੀਦ, ਰਚਨਾ ਅਤੇ ਜੀਵਨ’ ਵਾਲੀ ਕਿਤਾਬ ਖੋਲ੍ਹ ਕੇ ਬਹਿ ਗਏ। ਇਸ ਰੱਬੀ ਫ਼ਕੀਰ ਦਾ ਬਚਪਨ ਪੜ੍ਹਦਿਆਂ ਪ੍ਰੋ. ਸੰਧੂ ਸੋਚਣ ਲੱਗੇ¸’ਉਹ ਕਿੱਡੀ ਦਰਵੇਸ਼ ਮਾਂ ਹੋਵੇਗੀ ਜੋ ਆਪਣੇ ਪੁੱਤਰ ਨੂੰ ਬੰਦਗੀ ਵੱਲ ਪ੍ਰੇਰਿਤ ਕਰਨ ਲਈ ਉਸ ਦੇ ਮੂੜ੍ਹੇ ਹੇਠ ਸ਼ੱਕਰ ਰੱਖ ਦਿੰਦੀ ਸੀ ਤਾਂਕਿ ਬਾਲ ਫਰੀਦ ਇਹ ਸਮਝੇ ਕਿ ਬੰਦਗੀ ਕਰਿਆਂ ਅੱਲ੍ਹਾ ਸ਼ੱਕਰ ਖਾਣ ਲਈ ਦਿੰਦਾ ਹੈ। ਉਸ ਨੇਕ ਮਾਂ ਨੇ ਆਪਣੇ ਬੱਚੇ ਨੂੰ ਇਲਾਹੀ ਰੰਗ ਚਾੜ੍ਹਨ ਲਈ ਹੋਰ ਪਤਾ ਨਹੀਂ ਕੀ-ਕੀ ਕੁਝ ਕੀਤਾ ਹੋਵੇਗਾ। ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਰੂਹਾਨੀ ਸਿੱਖਿਆ ਲਈ ਵੀ ਉਚੇਚੇ ਬੰਦੋਬਸਤ ਕੀਤੇ ਗਏ ਹੋਣਗੇ। ਮਾਂ ਦੀਆਂ ਰਹਿਮਤਾਂ ਸਦਕਾ ਉਹ ਪੀਰਾਂ-ਨ-ਪੀਰ ਔਲੀਆ ਬਣਿਆ। ਉਸ ਦੀ ਬਾਣੀ  ਨੂੰ ਸਿੱਖਾਂ ਦੇ ਇਸ਼ਟ ਬਰਾਬਰ ਹੀ ਸਨਮਾਨ ਮਿਲਿਆ। ਉਨ੍ਹਾਂ ਵੇਲਿਆਂ ਦੇ ਮਾਪਿਆਂ ਨੂੰ ਆਪਣੀ ਔਲਾਦ ‘ਚ ਦੈਵੀ ਗੁਣ ਭਰਨ ਦੀ ਕਿੰਨੀ ਤੀਬਰ ਇੱਛਾ ਹੁੰਦੀ ਹੋਵੇਗੀ…।

….ਇਕ ਇੱਧਰ ਅਸੀਂ ਮਾਡਰਨ ਮਾਪੇ ਹਾਂ, ਜੋ ਨਿਰੀ ਦੁਨਿਆਵੀ ਵਿੱਦਿਆ ਦੇ ਮਗਰ ਹੀ ਹੱਥ ਧੋ ਕੇ ਪਏ ਹੋਏ ਹਾਂ। ਸਾਨੂੰ ਆਪਣੇ ਬੱਚੇ ਧਾਰਮਿਕ ਬਣਾਉਣ ਦੀ ਕੋਈ ਚਿੰਤਾ ਨਹੀਂ। ਬਸ ਡਾਕਟਰ ਇੰਜੀਨੀਅਰ, ਵਕੀਲ ਬਣਨੇ ਚਾਹੀਦੇ ਨੇ। ਮਾਂ-ਬਾਪ, ਵੱਡਿਆਂ ਦਾ ਆਦਰ ਸਤਿਕਾਰ ਕਰਨ ਜਾਂ ਪ੍ਰਮਾਤਮਾ ਦੀ ਰਜ਼ਾ ਦਾ ਭਾਵੇਂ ਉਨ੍ਹਾਂ ਨੂੰ ਭੋਰਾ ਭਰ ਵੀ ਇਲਮ ਨਾ ਹੋਵੇ। ਪ੍ਰੋ. ਸੰਧੂ ਦੀ ਇਹ ਸੋਚ ਲੜੀ ਉਦੋਂ ਟੁੱਟੀ ਜਦੋਂ ਦੂਜੀ ਮੰਜ਼ਿਲ ‘ਤੇ ਸੁੱਤੇ ਪਏ ਉਨ੍ਹਾਂ ਦੇ ਬੇਟੇ ਦੇ ਕਮਰੇ ‘ਚੋਂ ਹਿੱਲ-ਜੁਲ ਦੀ ਬਿੜਕ ਹੋਈ।

ਕਿਤਾਬ ਬੰਦ ਕਰਕੇ ਪ੍ਰੋ. ਸੰਧੂ ਰਸੋਈ ‘ਚ ਜਾ ਵੜੇ। ਬੇਟਾ ਨਹਾ ਕੇ ਹੁਣੇ ਈ ਥੱਲੇ ਆ ਜਾਏਗਾ। ਉਸ ਨੂੰ ਅੱਜ ਛੁੱਟੀ ਹੈ। ਇਸੇ ਕਰਕੇ ਕਾਫ਼ੀ ਲੇਟ ਉੱਠਿਆ ਹੈ। ਆਪਣੇ ਲਈ ਤੇ ਬੇਟੇ ਲਈ ਦੋ ਕੱਪ ਚਾਹ ਬਣਾਉਣ ਵਾਸਤੇ ਪ੍ਰੋ. ਸਾਹਿਬ ਛੋਟਾ ਪਤੀਲਾ ਲੱਭਣ ਲੱਗੇ। ਉਨ੍ਹਾਂ ਨੂੰ ਇਹ ਦੇਖ ਕੇ ਗੁੱਸਾ ਆਇਆ ਕਿ ਭਾਂਡੇ ਥਾਉਂ-ਥਾਈਂ ਟਿਕਾਉਣ ਦੀ ਬਜਾਏ ਹਾਲੇ ਟੋਕਰੀ ਵਿਚ ਹੀ ਪਏ ਸਨ। ਵਰਾਂਡੇ ‘ਚ ਲਾਂਡਰੀ ਕਰਨ ਵਾਲੇ ਕੱਪੜਿਆਂ ਦਾ ਵੀ ਹਾਲੇ ਉਵੇਂ ਢੇਰ ਲੱਗਾ ਪਿਆ ਸੀ। … ਵਾਕਿਆ ਹੀ ਇਹ  ਕੁੜੀ ਬਹੁਤ ਢਿੱਲੜ ਹੈ…. ਸ਼ੀਲਾ ਫੁਰਤੀ ਨਾਲ ਕੰਮ ਨਿਬੇੜ ਕੇ ਚੱਲਦੀ ਬਣਦੀ ਹੈ ਪਰ ਇਸ ਕੁੜੀ ਹੱਥੋਂ ਛੇਤੀ ਕੀਤੇ ਕੰਮ ਨਿੱਬੜਦਾ ਹੀ ਨਹੀਂ। ਬਿੰਦੂ ਦੇ ਜਿੱਲ੍ਹਪੁਣੇ ਬਾਰੇ ਸੋਚਦਿਆਂ ਪ੍ਰੋ. ਨੇ ਘੜੀ ਵੱਲ ਨਜ਼ਰ ਮਾਰੀ। ਮਸਾਂ ਅੱਧਾ ਘੰਟਾ ਰਹਿ ਗਿਆ ਸੀ ਕਾਲਜ ਜਾਣ ‘ਚ।

ਡਰਾਇੰਗ ਰੂਮ ‘ਚ ਸਾਹਮਣੇ ਪਈ ਪੋਚੇ ਲਾਉਣ ਵਾਲੀ ਬਾਲਟੀ ਦੇਖ ਕੇ, ਕੁੜੀ ਨੂੰ ਕਾਹਲੀ ਨਾਲ ਕੰਮ ਖਤਮ ਕਰਨ ਲਈ ਕਹਿਣ ਵਾਸਤੇ ਪ੍ਰੋ. ਸੰਧੂ ਉੱਪਰ ਨੂੰ ਵਧੇ ਛੱਤ ਵਾਲਾ ਪੱਖਾ ਫੁੱਲ ਸਪੀਡ ‘ਤੇ ਚੱਲ ਰਿਹਾ ਸੀ। ਤਾਕੀਆਂ ਅਤੇ ਦਰਵਾਜ਼ਿਆਂ ਨਾਲ ਲਟਕਦੇ ਲੰਮੇ-ਲੰਮੇ ਪਰਦੇ ਹਿੱਲ ਰਹੇ ਸਨ। ਇਥੇ ਫੀਨਾਈਲ ਰਲੇ ਪਾਣੀ ਵਾਲੀ ਬਾਲਟੀ ਤਾਂ ਪਈ ਸੀ ਪਰ ਇਸ ਕਮਰੇ ‘ਚ ਬਿੰਦੂ ਨਹੀਂ ਸੀ। ਪ੍ਰੋ. ਸੰਧੂ ਸਟੋਰ ‘ਚ ਗਏ। ਉਹ ਵੀ ਖਾਲੀ। ਬੈੱਡਰੂਮਾਂ ‘ਚ ਕੇ ਦੇਖਿਆ। ਕੁੜੀ ਉਨ੍ਹਾਂ ‘ਚ ਵੀ ਨਹੀਂ ਸੀ। ਬਾਥਰੂਮ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਜਕਦਿਆਂ-ਜਕਦਿਆਂ ਦਰਵਾਜ਼ੇ ਨੂੰ ਠੋਰ ਮਾਰੀ। ਅੰਦਰੋਂ ਕੋਈ ਜਵਾਬ ਨਾ ਆਇਆ ਅਸਲ ‘ਚ ਕੁੜੀ ਉੱਥੇ ਵੀ ਨਹੀਂ ਸੀ।

ਕੱਪੜੇ ਵੀ ਲਾਂਡਰੀ ਵਾਲੇ ਇਕੱਠੇ ਕੀਤੇ ਪਏ ਐ, ਪੋਚੇ ਲਾਉਣ ਦਾ ਕੰਮ ਵੀ ਅਧੂਰਾ ਪਿਆ ਹੋਇਐ… ਇਉਂ ਅੱਧ-ਵਿਚਾਲੇ ਕੰਮ ਛੱਡ ਕੇ ਜਾ ਨਹੀਂ ਸਕਦੀ ਪਰ ਇਸ ਵੇਲੇ ਹੋਵੇਗੀ ਕਿੱਥੇ? …ਉੱਪਰ ਨਾ ਸਫਾਈ ਕਰਨ ਚਲੀ ਗਈ ਹੋਵੇ। … ਨਹੀਂ ਉੱਪਰਲੀ ਸਫਾਈ ਤਾਂ ਉਹ ਉਦੋਂ ਹੀ ਕਰਦੀ ਹੁੰਦੀ ਹੈ, ਜਦੋਂ ਕਾਕਾ ਥੱਲੇ ਆ ਜਾਂਦਾ ਹੈ।’ ਪ੍ਰੇਸ਼ਾਨ ਸੋਚਾਂ ਦੀ ਤਾਣੀ ‘ਚ ਉਲਝੇ ਹੋਏ ਪ੍ਰੋ. ਸੰਧੂ ਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਤੀ ਮਾਰੀ। ਦਰ ਮੋਹਰੇ ਰੱਖੇ ਹੋਏ ਝਾੜਨ ਦੇ ਇਕ ਪਾਸੇ ਬਿੰਦੂ ਦੀਆਂ ਚੱਪਲਾਂ ਪਈਆਂ ਸਨ। ਬਾਹਰ ਹੀ ਉਸਦਾ ਪਲਾਸਟਿਕ ਦਾ ਡੱਬਾ ਵੀ ਪਿਆ ਸੀ, ਜਿਸ ਵਿਚ ਉਹ ਇਸ ਘਰੋਂ ਕੋਈ ਬਚਦੀ-ਖੁਚਦੀ ਦਾਲ-ਸਬਜ਼ੀ ਜਾਂ ਕੋਈ ਹੋਰ ਖਾਣ-ਪੀਣ ਵਾਲੀ  ਵਾਧੂ ਚੀਜ਼ ਲੈ ਜਾਇਆ ਕਰਦੀ ਸੀ। ਇਹਦਾ ਮਤਲਬ ਹੋਇਆ ਕਿ ਉਹ ਅੰਦਰ ਹੀ ਹੈ, ਕਿਤੇ ਗਈ ਨਹੀਂ। ਇਹ ਸੋਚ ਕੇ ਪ੍ਰੋ. ਹੋਰਾਂ ਪ੍ਰੇਸ਼ਾਨੀ ਤੇ ਹੈਰਾਨੀ ਦੀ ਹਾਲਤ ‘ਚ ਸਾਰੇ ਕਮਰਿਆਂ ‘ਚ ਇਕ ਹੋਰ ਗੇੜਾ ਮਾਰਿਆ ਪਰ ਕੁੜੀ ਕਿਤੇ ਨਾ ਦਿਸੀ।

ਹੁਣ ਪ੍ਰੋ. ਦੇ ਮਨ ‘ਚ ਕਈ ਤਰ੍ਹਾਂ ਦੇ ਉਲਟੇ-ਪੁਲਟੇ ਵਿਚਾਰ ਆਉਣ ਲੱਗ ਪਏ। ਪਲ ਦੀ ਪਲ ਉਨ੍ਹਾਂ ਸਾਹ ਰੋਕ ਕੇ, ਉਤਲੇ ਕਮਰਿਆਂ ‘ਚੋਂ ਕਿਸੇ ਤਰ੍ਹਾਂ ਦੀ ‘ਨਕਲੋ-ਹਰਕਤ’ ਦੀ ਬਿੜਕ ਲੈਣ ਦੀ ਕੋਸ਼ਿਸ਼ ਕੀਤੀ ਪਰ ਉੱਪਰ ਬਿੱਲਕੁਲ ਚੁੱਪ ਚਾਂ ਸੀ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸੰਦੇਹਪੂਰਨ ਖੜਾਕ ਸੁਣਾਈ ਨਾ ਦਿੱਤਾ। ‘ਜਾਪਦਾ ਹੈ ਕੁੜੀ ਉੱਪਰ ਹੀ ਹੋਵੇਗੀ।… ਉਸਨੇ ਮੈਨੂੰ ਪੜ੍ਹਨ ‘ਚ ਖੁੱਭਿਆ ਹੋਇਆ ਸਮਝ ਲਿਆ ਹੋਣਾ ਐਂ,…. ਪਰ ਉਸ ਦੇ ਦੂਜੇ ਮਨ ਨੇ ਪਹਿਲਾ ਖਿਆਲ ਰੱਦ ਕਰਕੇ ਪੁੱਤਰ ਦੀ ਸ਼ਾਹਦੀ ਭਰੀ ‘ਨਹੀਂ ਨਹੀਂ, ਬੇਟੇ ਦੀ ਹਾਲੇ ਉਮਰ ਹੀ ਕੀ ਹੈ? … ਬਿੰਦੂ ਵੀ ਤਾਂ ਦਸਾਂ-ਬਾਰ੍ਹਾਂ ਸਾਲਾਂ ਦੀ ਨਿੱਕੀ ਬਾਲੜੀ ਈ ਐ!’ ਪਰ ਫੇਰ ਪਹਿਲੀ ਸੋਚ ਵਾਲੇ ਮਨ ਦੀਆਂ ਅੱਖਾਂ ਅੱਗੇ ਹਲਕੀ ਉਮਰ ਦੇ ਮੁੰਡੇ-ਕੁੜੀਆਂ ਦੀਆਂ, ਮੀਡੀਏ ‘ਚ ਰੋਜ਼ ਆਉਂਦੀਆਂ ਕਰਤੂਤਾਂ ਘੁੰਮਣ ਲੱਗੀਆਂ।

ਧਕ-ਧਕ ਕਰਦੇ ਦਿਲ ਨਾਲ ਪ੍ਰੋ. ਸੰਧੂ ਨੇ ਦੂਜੀ ਮੰਜ਼ਿਲ ‘ਤੇ ਜਾਣ ਦਾ ਫੈਸਲਾ ਕੀਤਾ। ਪੌੜੀਆਂ ਚੜ੍ਹਦਿਆਂ ਜਦ ਉਹ ਇਕ ਪੈਰ ਪੁੱਟ ਕੇ ਦੂਜੇ ਪੌਡੇ ‘ਤੇ ਰੱਖਦੇ ਤਾਂ ਉਨ੍ਹਾਂ ਨੂੰ ਇਉਂ ਭਾਸਦਾ ਜਿਵੇਂ ਇਹ ਮਣਾਂ-ਮੂੰਹੀ ਭਾਰਾ ਹੋ ਗਿਆ ਹੋਵੇ। ਉਹ ਜਾ ਤਾਂ ਰਹੇ ਸਨ ਉਤਲੇ ਕਮਰਿਆਂ ‘ਚ ਕੁੜੀ ਦੀ ਭਾਲ ਕਰਨ ਪਰ ਦਿਲ ਉਨ੍ਹਾਂ ਦਾ ਅਰਜੋਈਆਂ ਕਰ ਰਿਹਾ ਸੀ¸’ਕੁੜੀ ਹੋਰ ਕਿਤੇ ਭਾਵੇਂ ਜਿਥੇ ਮਰਜ਼ੀ ਚਲੀ ਗਈ ਹੋਵੇ ਪਰ ਹੇ ਪ੍ਰਭੂ! ਉਹ ਉਤੋਂ ਨਾ ਲੱਭੇ!!’ ਮੁੰਡੇ ਦੇ ਕਮਰੇ ਤੱਕ ਪਹੁੰਚਦਿਆਂ ਉਨ੍ਹਾਂ ‘ਕੁਝ ਸੋਚਦਿਆਂ’ ਜਾਣਬੁੱਝ ਕੇ ਪੈਰਾਂ ਦਾ ਖੜਾਕ ਵੀ ਕੀਤਾ। ਕਮਰੇ ਦਾ ਬੰਦ ਦਰਵਾਜ਼ਾ ਦੇਖ ਕੇ ਪ੍ਰੋ. ਸੰਧੂ ਨੂੰ ਕੱਚੀਆਂ ਤਰੇਲੀਆਂ ਆ ਗਈਆਂ। ਕੁਝ ਪਲ ਕਮਲਿਆਂ ਵਾਂਗ ਆਲੇ-ਦੁਆਲੇ ਝਾਕਣ ਤੋਂ ਬਾਅਦ, ਉਨ੍ਹਾਂ ਤਕੜਾ ਜਿਹਾ ਜੇਰਾ ਕਰਕੇ ਦਰਵਾਜ਼ਾ ਖੜਕਾਇਆ।

ਅੰਦਰੋਂ ਕੋਈ ਹੁੰਗਾਰਾ ਨਾ ਆਇਆ। ਹੁਣ ਪ੍ਰੋ. ਦੀ ਸ਼ੱਕ ਯਕੀਨ ‘ਚ ਬਦਲਣ ਲੱਗੀ, ਜੋ ਕੁਝ ਉਹ ਦੇਖਣਾ ਜਾਂ ਸੁਣਨਾ ਨਹੀਂ ਸੀ ਚਾਹੁੰਦਾ ਉਨ੍ਹਾਂ ਨੂੰ ਜਾਪਿਆ ਕਿ ਹੁਣ ਉਹ ‘ਹੋਣ’ ਜਾ ਰਿਹਾ ਹੈ। ਕੰਬਦੇ ਹੱਥਾਂ ਨਾਲ ਐਤਕੀਂ ਉਨ੍ਹਾਂ ਕੁਝ ਗੁੱਸੇ ਨਾਲ ਮੁੰਡੇ ਦਾ ਨਾਂ ਲੈ ਕੇ ਦਰਵਾਜ਼ਾ ਖੜਕਾਇਆ। ਸੁਤਣੀਂਦੀ ਆਵਾਜ਼ ‘ਚ ਅੰਦਰੋਂ ‘ਹੂੰ-ਆਂ-ਊਂ’ ਸੁਣਾਈ ਦਿੱਤਾ। ਪ੍ਰੋ. ਸੰਧੂ ਦੇ ਉਦੋਂ ਸਾਹ ਵਿਚ ਸਾਹ ਆਇਆ, ਜਦੋਂ ਚੁਪੱਟ ਬੂਹਾ ਖੋਲ੍ਹ ਕੇ, ਅੱਖਾਂ ਮਲਦਾ ਹੋਇਆ ਮੁੰਡਾ ਬਾਹਰ ਆ ਕੇ ਕਹਿੰਦਾ ¸ ”ਡੈਡੀ ਤੁਸੀਂ ਹਾਲੇ ਕਾਲਜ ਨਹੀਂ ਗਏ?” ਪ੍ਰੋ. ਦਾ ਪਾਰਾ ਇਕਦਮ ਥਾਂ ਸਿਰ ਆ ਗਿਆ। ਚਿਹਰੇ ‘ਤੇ ਉੱਭਰ ਆਏ ਡਰ, ਸ਼ੱਕ ਅਤੇ ਚਿੰਤਾ ਦੇ ਰਲੇ-ਮਿਲੇ ਪ੍ਰਭਾਵਾਂ ਉੱਪਰ ਕਾਬੂ ਪਾਉਂਦਿਆਂ ਉਨ੍ਹਾਂ ਆਪਣੇ ਪੁੱਤਰ ਨੂੰ ਘਬਰਾਹਟ ਵਿਚ ਦੱਸਿਆ ਕਿ ਮੇਰੇ ਪੜ੍ਹਦੇ-ਪੜ੍ਹਦੇ, ਭਾਂਡੇ-ਮਾਂਜ ਕੇ ਪੋਚੇ ਲਾਉਣ ਲੱਗੀ ਬਿੰਦੂ ਪਤਾ ਨਹੀਂ ਕਿਥੇ ਅਲੋਪ ਹੋ ਗਈ ਹੈ। ਸਾਰਾ ਕੰਮ ਵਿਚੇ ਛੱਡ ਕੇ ਖੌਰੇ ਕਿਧਰੇ ਦੌੜ ਗਈ।

‘ਅਲਮਾਰੀਆਂ ਦੇ ਲਾਕ ਵਗੈਰਾ ਚੈੱਕ ਕਰ ਲਏ ਤੁਸੀਂ? ਇਹ ‘ਲੋਕ’ ਬੜੇ ਕਮੀਨੇ ਹੁੰਦੇ ਐ!” ਕੁੜੀ ‘ਤੇ ਚੋਰੀ ਕਰਕੇ ਦੌੜੀ ਹੋਣ ਦਾ ਸ਼ੱਕ ਕਰਦਿਆਂ ਮੁੰਡੇ ਨੇ ਆਪਣੇ ਬਾਪ ਨੂੰ ਪੁੱਛਿਆ।” ਪਹਿਲਾਂ ਤਾਂ ਕਦੇ ਇਨ੍ਹਾਂ ਮਾਵਾਂ-ਧੀਆਂ ਦੀ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ ਪਰ…।” ਦੋਵੇਂ ਪਿਓ-ਪੁੱਤਰ ਆਪਸ ਵਿਚ  ਸਲਾਹਾਂ ਕਰਦੇ ਥੱਲੇ ਉਤਰ ਆਏ। ਮੁੰਡਾ ਸਿੱਧਾ ਹੀ ਉਸ ਅਲਮਾਰੀ ਅੱਗੇ ਜਾ ਖੜ੍ਹਾ ਹੋਇਆ ਜਿਥੇ ਉਸ ਦੀ ਮੰਮੀ ਦਾ ਪੈਸਿਆਂ ਵਾਲਾ ਲੈਦਰ ਦਾ ਪਰਸ ਪਿਆ ਹੁੰਦਾ ਸੀ। ਅਲਮਾਰੀ ਨੂੰ ਜਿੰਦਰਾ ਨਹੀਂ ਸੀ ਲੱਗਾ ਹੋਇਆ। ਖੋਲ੍ਹ ਕੇ ਦੇਖਿਆ ਤਾਂ ਵਿਚ ਪਰਸ ਵੀ ਖੁੱਲ੍ਹਾ ਪਿਆ ਸੀ। ਹੁਣ ਉਨ੍ਹਾਂ ਨੂੰ ਕੁੜੀ ‘ਤੇ ਚੋਰੀ ਦਾ ਸ਼ੱਕ ਪੱਕਾ ਹੋ ਗਿਆ। ਮੁੰਡੇ ਨੇ ਆਪਣੀ ਮਾਂ ਨਾਲ ਪਰਸ ਵਿਚ ਪਏ ਪੈਸਿਆਂ ਬਾਰੇ ਜਾਣਨ ਲਈ ਫੋਨ ‘ਤੇ ਗੱਲ ਕਰਨੀ ਚਾਹੀ ਪਰ ਉਹ ਉਸ   ਵਕਤ ਆਪ੍ਰੇਸ਼ਨ ਥਿਏਟਰ ਵਿਚ ਮਸਰੂਫ ਸੀ। ਪੁਲਸ ਨੂੰ ਕਾਲ ਕਰਨ ਤੋਂ ਪਹਿਲਾਂ ਦੋਹਾਂ ਜਣਿਆਂ ਨੇ ਇਕ ਵਾਰ ਫਿਰ ਘਰ ਦੀ ਛਾਣਬੀਣ ਕਰਨ ਦੀ ਸੋਚੀ।

ਸਟੋਰ ਅਤੇ ਬੈੱਡਰੂਮਾਂ ਵੱਲ ਮੁੰਡਾ ਚਲਾ ਗਿਆ। ਉਸ ਦਾ ਬਾਪ ਡਰਾਇੰਗ ਰੂਮ ਵਿਚ ਜਾ ਵੜਿਆ। ਜਿਥੇ ਫਿਨਾਈਲ ਰਲੇ ਪਾਣੀ  ਦੀ ਬਾਲਟੀ ਪਈ ਸੀ। ਇਥੇ ਛੱਤ  ਵਾਲਾ ਪੱਖਾ ਫੁੱਲ ਸਪੀਡ ਵਿਚ ਚੱਲ ਰਿਹਾ ਸੀ। ਹਵਾ ਦੇ ਫਰਾਟਿਆਂ ਨਾਲ ਤਾਕੀਆਂ-ਦਰਵਾਜ਼ਿਆਂ ਨਾਲ ਲਟਕਦੇ ਲੰਮੇ-ਲੰਮੇ ਪਰਦੇ ਝੁੱਲ ਰਹੇ ਸਨ। ਪ੍ਰੋ. ਨੇ ਪੱਖਾ ਬੰਦ ਕੀਤਾ। ਅੱਗੇ ਵਧ ਕੇ ਉਹਨੇ ਪਰਦਿਆਂ ਨੂੰ ਥਾਂ ਸਿਰ ਕਰਨ ਦੀ ਸੋਚੀ। ਸੋਫੇ ਦੀ ਦਰਵਾਜ਼ੇ ਨਾਲ ਲੱਗਦੀ ਬਾਹੀ ਉਪਰ ਪਿਆ ਦਰਵਾਜ਼ੇ ਦਾ ਲੰਮਾ ਪਰਦਾ  ਜਿਉਂ ਹੀ ਪ੍ਰੋ. ਸੰਧੂ ਨੇ ਚੁੱਕਿਆ ਤਾਂ ਥੱਲੇ ਦਾ ਦ੍ਰਿਸ਼ ਦੇਖ ਕੇ ਉਹ ‘ਸੁੰਨ’ ਹੋ ਕੇ ਰਹਿ ਗਏ। ਸੋਫੇ ਨਾਲ ਸਿਰ ਲਾ ਕੇ ਬਿੰਦੂ ਗੁੱਛਾ-ਮੁੱਛਾ ਹੋਈ ਸੁੱਤੀ ਪਈ ਸੀ। ਉਸ ਦੇ ਮੋਹਰੇ ਹੀ ਤੁੱਥ-ਮੁੱਥ ਹੋਇਆ ਪੋਚੇ ਲਾਉਣ ਵਾਲਾ ਕੱਪੜਾ ਪਿਆ ਸੀ। ਸੁਵਖਤੇ ਉਠ ਕੇ ਕੁਝ ਘਰਾਂ ਵਿਚ ਕੰਮ ਕਰਦੀ ਆਈ ਗਰੀਬਣੀ ਕੁੜੀ ਦਾ ਥੱਕਿਆ-ਟੁੱਟਿਆ ਬਚਪਨ, ਉਨੀਂਦਰੇ ਦੀ ਮਾਰ ਨਾ ਝੱਲ ਸਕਿਆ!