Friday, December 31, 2010

ਪਿੜ ਪੰਜਾਬ ਦਾ!

ਪਿੜ ਪੰਜਾਬ ਦਾ!

ਝਾਗੋ ਕੱਢ ਕੇ ਕੋਈ ਪੰਜਾਬ ਅੰਦਰ, ਸੁੱਤੇ ਲੋਕਾਂ ਨੂੰ ਟੁੰਬ ਜਗਾਈ ਜਾਵੇ।
ਫੜ੍ਹਾਂ ਫੋਕੀਆਂ ਮਾਰਦਾ ਕੋਈ ਫਿਰਦਾ, ਨੀਂਹ ਪੱਥਰ ਹੀ ਰੋਜ ਰਖਾਈ ਜਾਵੇ।
ਕੋਈ ਕੁਰਸੀ ਦੇ ਨਸ਼ੇ ਵਿਚ ਮਸਤ ਹੋ ਕੇ, ਸੰਗਤ-ਦਰਸ਼ਨ ਦਾ ਢੌਂਗ ਰਚਾਈ ਜਾਵੇ।
ਲੈ ਕੇ ਥਾਪੜਾ ਦਿੱਲੀਓਂ ਕੋਈ ਚੜ੍ਹਿਆ, ਪਿਓ-ਪੁੱਤ ਦੇ ਸਾਹ ਸੁਕਾਈ ਜਾਵੇ।
ੜੱਜੇ ਡੁਗ ਡੁਗ ਜਿਥੇ ਵੀ ਲੀਡਰਾਂ ਦੀ, ਸਿਰੋ-ਸਿਰ ਹੀ ਬੇਸ਼ੁਮਾਰ ਦਿਸਦੇ।
ਇਹ ਤਾਂ ਸਮਾਂ ਹੀ ਦੱਸੇਗਾ ਔਣ ਵਾਲਾ, ਡੱਬੇ ਭਰਨਗੇ ਵੋਟਾਂ ਦੇ ਨਾਲ ਕਿਸਦੇ?

ਤਰਲੋਚਨ ਸਿੰਘ ਦੁਪਾਲਪੁਰ

ਤੰਬਾਕੂ ਦਾ ਤਬਸਰਾ?…ਤੋਬਾ ਤੋਬਾ!!

“ਇਸ ਮੇਂ ਤੋ ਕੋਈ ਬੁਰੀ ਬਾਤ ਨਹੀਂ ਹੈ, ਲੇਕਿ… !” ਪੈਨਸ਼ਨੀਏਂ ਫ਼ੌਜੀ ਰਾਮ ਸਿੰਘ ਤੋਂ ‘ਲੇਕਿਨ‘ ਲਫ਼ਜ਼ ਪੂਰਾ ਨਾ ਕਹਿ ਹੋਇਆ ਹੋਇਆ। ਧੂਣੀ ‘ਚੋਂ ਉਠਦੇ ਧੂੰਏਂ ਕਰਕੇ ਉਸ ਨੂੰ ਹੁੱਥੂ ਆ ਗਿਆ। ਉਹ ਤਾਂ ਆਪਣੇ ਮੂੰਹ ਅੱਗੇ ਰੁਮਾਲ ਰੱਖ ਕੇ ‘ਖਊਂ ਖਊਂ‘ ਕਰਨ ਲੱਗ ਪਿਆ ਪਰ ਉਹਦੇ ਮੂੰਹੋਂ ਨਿਕਲਿਆ ਅਧੂਰਾ ਵਾਕ ਸੁਣ ਕੇ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਜਿਹੜਾ ਫ਼ੌਜੀ ਹੁੱਕਾ-ਸਿਗਰਟ ਪੀਣ ਵਾਲਿਆਂ ਦੀ ਸ਼ਾਮਤ ਲੈ ਆਉਂਦਾ ਹੈ ਅਤੇ ਕੋਈ ਜਣਾ ਉਹਦੇ ਘਰ ਅੱਗਿਉਂ ਸੁਲਗਦੀ ਸਿਗਰਟ-ਬੀੜੀ ਲੈ ਕੇ ਨਹੀਂ ਸੀ ਲੰਘ ਸਕਦਾ, ਅੱਜ ਉਹੀ ਫ਼ੌਜੀ ਤੰਬਾਕੂ-ਜ਼ਰਦਾ ਚੱਬਣ ਨੂੰ ‘ਕੋਈ ਬੁਰੀ ਗੱਲ ਨਹੀਂ‘ ਕਿਵੇਂ ਕਹਿਣ ਲੱਗ ਪਿਆ?…ਅੱਜ ਇਹਦੀ ‘ਸਿੱਖੀ‘ ਕਿਧਰ ਗਈ?

Wednesday, December 22, 2010

ਸੰਤ, ਸਿਆਸਤਦਾਨ ਤੇ ਸਿੱਖ!

ਬਾਣੀ ਵਿਚ ‘ਨਿਖੱਟੂ’ ਗਰਦਾਨਿਆ ਏ, ਜਿਨ੍ਹਾਂ ਵਿਹਲੀਆਂ ਖਾਣੀਆਂ ਧਾਰੀਆਂ ਨੇ।
ਪੈਰੀਂ ਹੱਥ ਲੁਆਉਣ ਜੋ ‘ਸੇਵਕਾਂ’ ਤੋਂ, ਫਿਟਕਾਂ ਬਾਬੇ ਨੇ ਤਿੱਖੀਆਂ ਮਾਰੀਆਂ ਨੇ।
ਆਪੋ ਆਪਣੀ ਜਾਤ ਦੇ ਸੰਤ ਮੱਲੇ, ਪੂਜਾ-ਪਾਠ ਦੀਆਂ ‘ਵਿਧੀਆਂ’ ਨਿਆਰੀਆਂ ਨੇ।
ਕਿਰਤ, ਵੰਡ ਕੇ ਛਕਣ ਤੇ ਨਾਮ ਜਪਣਾ, ਗੱਲਾਂ ਤਿੰਨੋਂ ਹੀ ਮਨੋ ਵਿਸਾਰੀਆਂ ਨੇ।
ਸਿਆਸਤਦਾਨ ਤੇ ਬੂਬਨੇ ਸਾਧ ‘ਕੱਠੇ, ਠੱਗਣ ਵਾਸਤੇ ਪਾਲਦੇ ਯਾਰੀਆਂ ਨੇ।
ਸਿੱਖ ਘਿਰ ਗਿਆ ਇਨ੍ਹਾਂ ਦੇ ਵਿਚ ਏਦਾਂ, ਪੰਛੀ ਘੇਰਿਆ ਜਿਵੇਂ ਸਿ਼ਕਾਰੀਆਂ ਨੇ!

ਤਰਲੋਚਨ ਸਿੰਘ ਦੁਪਾਲਪੁਰ

ਬਿਜਨਸ ਬਾਬਿਆਂ ਦਾ!

ਖਿੱਚ ਸੰਗਤਾਂ ਤਾਈਂ ਇਹ ਪਾਈ ਜਾਂਦੇ, ਚਿੱਟੇ ਚੋਲੇ ਤੇ ਗੋਗੜਾ ਵੱਡੀਆਂ ਜੀ।
ਇਕ ਜਾਂਦਾ ਝੱਟ ਦੂਸਰਾ ਆਣ ਬਹਿੰਦਾ, ਜਿੱਦਾਂ ਔਣ ਸਟੇਸ਼ਨ ‘ਤੇ ਗੱਡੀਆਂ ਜੀ।
‘ਕੱਤੀ ਰਾਗਾਂ ‘ਚੋਂ ਇਕ ਨਾ ਗਾਉਣ ਜੋਗੇ, ਬੱਸ ਧਾਰਨਾ ਸਿੱਧੀਆਂ ਛੱਡੀਆਂ ਜੀ।
ਕਿਰਤੀ ਸਿੱਖਾਂ ਦੀ ਦੇਖ ਕੇ ਲੁੱਟ ਹੁੰਦੀ, ਅਕਲਾਂ ਵਾਲਿਆਂ ਅੱਖੀਆਂ ਟੱਡੀਆਂ ਜੀ।
ਰੰਦਾ ਚੱਲਣਾ ਮਿਹਨਤ ਦੀ ਪਿੱਠ ਉਤੇ, ਉਸ ਨੇ ਵਿਹਲੜਾਂ ਹੱਥੋਂ ਇਉਂ ਰੰਦ ਹੋਣਾ।
ਲਿਖਤਾਂ ਲਿਖੀ ਜਾਹ ਭਾਵੇਂ ‘ਮਝੈਲ ਸਿੰਘਾ’, ਬਿਜਨਸ ਬਾਬਿਆਂ ਵਾਲਾ ਨਹੀਂ ਬੰਦ ਹੋਣਾ।

ਤਰਲੋਚਨ ਸਿੰਘ ਦੁਪਾਲਪੁਰ

ਜਾਗੋ ਮਨਪ੍ਰੀਤ ਦੀ!

ਹਾਕਮ ਅਣਖ ਦੇ ਮਾਦੇ ਨੂੰ ਮਾਰਨੇ ਲਈ, ਲਾਉਂਦੇ ਵਿਹਲੀਆਂ ਖਾਣ ਦੀ ਲਾਗ ਵੀਰਾ।
ਅਗਲੀ ਪੀੜ੍ਹੀ ਦੀ ਚਿੰਤਾ ਨਾ ਮੂਲ ਕਰਦੇ, ਕੁਣਬਾ-ਤ੍ਰਵਰੀ ਵਾਸਤੇ ਘਾਗ ਵੀਰਾ।
ਬੱਚਾ-ਬੱਚਾ ਕਰਜ਼ਈ ਪੰਜਾਬ ਦਾ ਏ, ਦਿਸਦੇ ਡਿਓੜੀਓਂ ਘਰਾਂ ਦੇ ਭਾਗ ਵੀਰਾ।
ਪੂਰੇ ਦੇਸ਼ ਨੂੰ ਅੰਨ ਛਕਾਉਣ ਵਾਲੇ, ਕਿਸਮਤ ਤੇਰੀ ਵਿਚ ਰਿਹਾ ਨਾ ਸਾਗ ਵੀਰਾ।
ਮੌਕਾ ਖੁੰਝਿਆ, ਕਿਸੇ ਨੀ ਫੇਰ ਸੁਣਨਾ, ਤੇਰਾ ਗਾਇਆ ਕੁਵੇਲੇ ਦਾ ਰਾਗ ਵੀਰਾ।
ਸਬਸਿਡੀਆਂ ਦੀ ਸੇਜ ‘ਤੇ ਸੌਣ ਨਾਲੋਂ, ਸੁਣ ਕੇ ‘ਜਾਗੋ ਮਨਪ੍ਰੀਤ ਦੀ’ ਜਾਗ ਵੀਰਾ!

ਤਰਲੋਚਨ ਸਿੰਘ ਦੁਪਾਲਪੁਰ

ਘੁਟਾਲਿਆਂ ਦਾ ਦੇਸ

ਧੀਆਂ ਭੈਣਾਂ ਦੀ ਆਬਰੂ ਰਹੀ ਕੋਈ ਨਾ, ਖੋਰਾ ਖੋਜ ਨਾ ਲੱਭੇ ਉਧਾਲਿਆਂ ਦਾ।
ਖੰਭ ਲਾ ਕੇ ਉਡੀ ਇਮਾਨਦਾਰੀ, ਬੋਲ ਬਾਲਾ ਏ ਘਾਲਿਆਂ ਮਾਲਿਆਂ ਦਾ।
ਚਿੱਟੇ ਕੁੜਤਿਆਂ ਵਾਲੇ ਵੀ ਲੁਟਦੇ ਨੇ, ‘ਕੱਲਾ ਕੰਮ ਨਹੀਂ ਕੱਛਿਆਂ ਕਾਲਿਆਂ ਦਾ।
ਨਹੀਂਓਂ ਰਿਸ਼ਵਤਾਂ ਖਾਣ ਵਿਚ ਕੋਈ ਸਾਨੀ, ਇਨ੍ਹਾਂ ਮੋਟੀਆਂ ਗੋਗੜਾਂ ਵਾਲਿਆਂ ਦਾ।
ਸੰ੍ਹਨ ਲਾਉਣ ਸਰਕਾਰੀ ਖਜ਼ਾਨਿਆਂ ਨੂੰ ਠੱਗਾਂ ਚੋਰਾਂ ਨੂੰ ਰੋਕਾ ਕੀ ਤਾਲਿਆਂ ਦਾ।
ਭਾਰਤ, ਹਿੰਦ ਜਾਂ ਇੰਡੀਆ ਕਹਿਣ ਨਾਲੋਂ, ਆਖੋ ਏਸ ਨੂੰ ਦੇਸ਼ ਘੁਟਾਲਿਆਂ ਦਾ!

ਤਰਲੋਚਨ ਸਿੰਘ ਦੁਪਾਲਪੁਰ

ਪਰਚੀ ਮੱਕੜ ਦੀ!

ਤੇਜਾ ਸਿੰਘ ਸਮੁੰਦਰੀ ਹਾਲ ਅੰਦਰ, ਜਥੇਦਾਰ ਬਿਠਾਉਂਦੇ ਨੇ ਘੇਰ ਦੇਖੋ।
ਹਰ ਸਾਲ ਡਿਕਟੇਟਰੀ ਹੁਕਮ ਹੁੰਦਾ ਦਿਨ ਦੀਵੀ ਹੀ ਪਾਉਂਦੇ ਹਨੇਰ ਦੇਖੋ।
ਜਾਤ ਪਾਤ ਦੀ ਗੁਣਾ-ਘਟਾਉ ਕਰਕੇ ਲੈਂਦੇ ਪੈਰ ਦੇ ਹੇਠ ਬਟੇਰ ਦੇਖੋ।
ਅੰਦਰ ਰਿਝਦੀ ਪੱਕਦੀ ਹੋਰ ਹੁੰਦੀ, ਬਾਹਰ ਗੱਪਾਂ ਦੇ ਵੱਜਦੇ ਢੇਰ ਦੇਖੋ।
ਅਹੁਦੇ ਵੰਡਦੇ ਜੀ-ਹਜੂਰੀਆਂ ਨੂੰ, ਜਿਹੜੇ ਗੋਲਕਾਂ ਲੁੱਟਣ ਲਈ ਸ਼ੇਰ ਦੇਖੋ।
ਬਖਸਿ਼ਸ਼ ਹੋਈ ਏ ਉਤਲਿਆਂ ਮਾਲਕਾਂ ਦੀ, ਪਰਚੀ ਮੱਕੜ ਦੀ ਨਿਕਲੀ ਫੇਰ ਦੇਖੋ!

ਤਰਲੋਚਨ ਸਿੰਘ ਦੁਪਾਲਪੁਰ

ਕੁਰਸੀ ਅਤੇ ਕੈਪਟਨ!

ਐੜੇ-ਕੱਕੇ ਦਾ ਯੁੱਧ ਹੀ ਹੋਈ ਜਾਂਦਾ, ਜਿੱਦਾਂ ਝਗੜਦੇ ਹੋਣ ਸ਼ਰੀਕ ਮੀਆਂ।
ਇਕ ਆਉਣੇ ਤੇ ਦੂਸਰੇ ਚਲੇ ਜਾਣੇ, ਬਹੁਤੀ ਦੂਰ ਨਾ ਰਹੀ ਤਰੀਕ ਮੀਆਂ।
ਤੀਜੇ ਬਦਲ ਦੀਂ ਹੋਂਦ ਨਾ ਬਣਨ ਦਿੰਦੇ, ਸੱਤਾ ਮਾਣਦੇ ਦੋਵੇਂ ਫਰੀਕ ਮੀਆਂ।
ਕਾਰਨਾਮੇ ਉਹ ਕਰੀ ਨਿਸੰਗ ਜਾਂਦੇ, ਲੋਕ-ਰਾਜ ਨੂੰ ਲਾਉਣ ਜੋ ਲੀਕ ਮੀਆਂ।
ਸੋਚਣ ਦਵੇ ਨਾ ਡੌਂਡੀ-ਇਸ਼ਤਿਹਾਰਬਾਜ਼ੀ, ਹੋ ਰਿਹਾ ਕੀ ਗਲਤ ਤੇ ਠੀਕ ਮੀਆਂ।
ਪਹਿਲੇ ਹਾਕਮਾਂ ਹੱਥੋਂ ਉਚਾਟ ਹੋਈ ਕੁਰਸੀ, ਕੈਪਟਨ ਦੀ ਕਰੇ ਉਡੀਕ ਮੀਆਂ!

ਤਰਲੋਚਨ ਸਿੰਘ ਦੁਪਾਲਪੁਰ

ਕਵੀ-ਓ-ਵਾਚ!

ਨੇਕੀ-ਬਦੀ ਦੀ ਚਲਦੀ ਜੰਗ ਮੁੱਢੋਂ, ਜਿੱਤ ਸੱਚ ਦੀ ਹੁੰਦੀ ਦਿਖਾਈ ਜਾਨਾਂ!
ਨੀਂਦ ਅੱਖਾਂ ‘ਚੋਂ ਮੁੱਕੇ ਅਗਿਆਨ ਦੀ, ਵਾਹ ਲੱਗਦੀ ਦੇਈ ਦੁਹਾਈ ਜਾਨਾਂ!
ਬੇਈਮਾਨ ਮਲਾਹਾਂ ਤੋਂ ਫੜੋ ਚੱਪੂ, ਤਾਣ ਲਾਇਕੇ ਰੌਲਾ ਇਹ ਪਾਈ ਜਾਨਾਂ!
ਕਰਦੀ ਕੰਮ ਕਿਰਪਾਨ ਦਾ ਕਲਮ ਕਹਿੰਦੇ, ਏਹੀ ਸੋਚ ਕੇ ਲਿਖੀ-ਲਿਖਾਈ ਜਾਨਾਂ!

ਤਰਲੋਚਨ ਸਿੰਘ ਦੁਪਾਲਪੁਰ

ਧਰਮ ਪ੍ਰਚਾਰ ਕਿ ਵਿਓਪਾਰ?

ਸੱਚੀ ਮੰਨੀਏ ਉਨ੍ਹਾਂ ਦੀ ਗੱਲ ਕਿਹੜੀ? ਜਿਹੜੇ ਦੋਗਲਾ ਜਿਹਾ ਵਿਵਹਾਰ ਕਰਦੇ।
ਸ਼ਬਦ-ਗੁਰੂ ਨੂੰ ਆਪਣਾ ਇਸ਼ਟ ਕਹਿ ਕੇ, ਗੁਰੂ ਡੰਮ ਦਾ ਨਾਲੇ ਪ੍ਰਚਾਰ ਕਰਦੇ।
ਕਦੇ ‘ਪੂਜਾ ਅਕਾਲ ਕੀ’ ਗਾਈ ਜਾਂਦੇ, ਨਾਲੇ ਡੇਰਿਆਂ ਦੀ ਜੈ-ਜੈਕਾਰ ਕਰਦੇ।
ਭਗਵੇਂ, ਚਿੱਟੇ ਤੇ ਨੀਲੇ ਰਲ-ਗਡ ਕਰਕੇ, ਧੁੰਦਲਾ ਪੰਥ ਦਾ ਸਭਿਆਚਾਰ ਕਰਦੇ।
ਦੇਖ ਦੇਖ ਕੇ ਕਾਰੇ ਬਹਿਰੂਪੀਆਂ ਦੇ, ਸਿਦਕੀ ਸਿੱਖ ਨੇ ਤਾਹੀਂ ਧ੍ਰਿਗਕਾਰ ਕਰਦੇ।
ਲੇਬਲ ‘ਧਰਮ ਪ੍ਰਚਾਰ’ ਦੇ ਨਾਮ ਵਾਲਾ, ਲੋਕੀਂ ਸੱਚ ਕਹਿੰਦੇ ਇਹ ਵਿਓਪਾਰ ਕਰਦੇ!

ਤਰਲੋਚਨ ਸਿੰਘ ਦੁਪਾਲਪੁਰ

ਤਾਇਆ ਬਨਾਮ ਭਤੀਜਾ!

ਕੁਰਸੀ ਦਾ ਨਸ਼ਾ ਭੈੜਾ ਚੜ੍ਹੇ ਜਿਹਦੇ ਸਿਰ ਤਾਈਂ, ਕਿਸੇ ਦਾ ਨਾ ਦਿਲ ਦੇਖੇ ਜੁੜਿਆ ਕਿ ਟੁੱਟਿਆ।
ਕਬਰਾਂ ਦੇ ਵਿਚ ਲੱਤਾਂ ਹਿਰਸ ਨਾ ਮੁੱਕੀ ਹਾਲੇ, ਕਾਰੂੰ ਵਾਂਗ ਪਰਜਾ ਨੂੰ ਦੋਹੀਂ ਹੱਥੀਂ ਲੁੱਟਿਆ।
ਟੱਬਰ ਦੇ ਹੱਥ ਦਿੱਤੀ ਚੌਧਰਾਂ ਦੀ ਵਾਗਡੋਰ, ਲੋਕ-ਰਾਜੀ ਰੀਤ ਵਾਲਾ ਬੂਟਾ ਜੜ੍ਹੋਂ ਪੁੱਟਿਆ।
ਨਿੱਜੀ ਹਿੱਤ ਪਾਲੇ ਕਦੇ ਕੌਮ ਦਾ ਨਾ ਭਲਾ ਸੋਚੇ, ਸਿੱਖੀ ਤੇ ਪੰਜਾਬ ਤਾਈਂ ਨਿੰਬੂ ਵਾਂਗ ਘੁੱਟਿਆ।
ਅਹੁਦਿਆਂ ਦੀ ਲਾਲਸਾ ‘ਚ ਅੰਨੇ ਹੋ ਬੈਠੇ, ‘ਹਾਅ ਦਾ ਨਾਹਰਾ’ ਬਹੁਤਿਆਂ ਦੇ ਮੂੰਹੋਂ ਨਹੀਂ ਫੁੱਟਿਆ।
ਰਾਜਗੱਦੀ ਪੁੱਤ ਨੂੰ ਹੀ ਸੌਂਪਣੇ ਲਈ ਤਾਇਆ ਜੀ ਨੇ, ਭਤੀਜੇ ਵਾਲਾ ਕੱਢ ਕੰਡਾ ਬਾਹਰ ਸੁੱਟਿਆ!

ਤਰਲੋਚਨ ਸਿੰਘ ਦੁਪਾਲਪੁਰ

ਭਲੇ ਦਿਨਾਂ ਦੀ ਆਸ?

ਮਾਰੇ ਹੋਏ ਜੋ ਤੰਗੀਆਂ-ਤੁਰਸ਼ੀਆਂ ਦੇ, ਵਾਂਗ ਫਟਕੜੀ ਭੁੱਜ ਕੇ ਫੁੱਲ ਹੋ ਗਏ।
ਰਿਸ਼ਵਤ ਦੇਣ ਲਈ ਨੋਟ ਨਹੀਂ ਕੋਲ ਜਿਹਦੇ, ਉਹ ਤਾਂ ਖੋਟੀਆਂ ਕੌਡੀਆਂ ਤੁੱਲ ਹੋ ਗਏ।
ਸਿਆਸਤਦਾਨ ਤਾਂ ਮਾਲਕ ਨੇ ਹੋਟਲਾਂ ਦੇ, ਠੰਢੇ-ਠਾਰ ਗ਼ਰੀਬਾਂ ਦੇ ਚੁੱਲ੍ਹ ਹੋ ਗਏ।
ਐਸ਼ਾਂ ਕਰਨ ਅਮੀਰ-ਵਜ਼ੀਰ ਸਾਰੇ, ਬਾਕੀ ਜਨਤਾ ਦੇ ਦੀਵੇ ਹੀ ਗੁੱਲ ਹੋ ਗਏ।
ਮੰਗਣ ਗਏ ਜੋ ਹੱਕ ਸਰਕਾਰ ਕੋਲੋਂ, ਉਹੀਓ ਪੁਲੀਸ ਦੇ ਡੰਡੇ ਨਾਲ ਖੁੱਲ ਹੋ ਗਏ।
ਦੜ ਵੱਟ ਬਿਤਾਈ ਏ ਉਮਰ ਸਾਰੀ, ਭਲੇ ਦਿਨ ਤਾਂ ਊਠ ਦਾ ਬੁੱਲ੍ਹ ਹੋ ਗਏ
!

ਤਰਲੋਚਨ ਸਿੰਘ ਦੁਪਾਲਪੁਰ

ਚਾਚੇ ਚੰਡੀਗੜ੍ਹੀਏ ਦਾ ਬਾਬਾ ਫ਼ਿਕਰਮੰਦ!

“ਮੈਂ ‘ਖਿਆ ਕੀਹਦਾ ਟੈਲੀਫ਼ੋਨ ਸੀ?…ਕੌਣ ਮਰ ਗਿਆ?” ਬਾਬੇ ਨੇ ਉਭੜਵਾਹਿਆਂ ਮੈਨੂੰ ਪੁੱਛਿਆ।
ਮੈਂ ਹੱਸਦਿਆਂ ਕਿਹਾ, “ਬਾਬਾ ਜੀ, ਸੌਂ ਜਾਵੋ, ਕੋਈ ਨਹੀਂ ਮਰਿਆ। ਮੈਂ ਤਾਂ ਸੰਧੂ ਸਾਹਿਬ ਬਾਰੇ ਕਹਿ ਰਿਹਾ ਹਾਂ ਕਿ ਉਹਦੀ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਉਹ ‘ਤਰ’ ਗਿਆ ਤਰ!”
ਕਿਸੇ ਦੋਸਤ ਨਾਲ ਜੱਟ ਦੀ ਕਿਸਮਤ ਬਾਰੇ ਮੇਰੀ ਟੈਲੀਫ਼ੋਨ ‘ਤੇ ਗੱਲ ਹੋ ਰਹੀ ਸੀ। ਬਾਬਾ ਜੀ ਮੂੰਹ ਉਪਰ ਰਜਾਈ ਲੈਣ ਲੱਗੇ। ਫੇਰ ਬੋਲੇ, “ਤਰ ਕਾਹਦਾ ਗਿਆ? ਜਿਹਦੀ ਲੱਖ ਰੁਪਏ ਦੀ ਲਾਟਰੀ ਨਿਕਲ ਆਈ, ਸਮਝੋ ਮਰ ਗਿਆ। ਉਹਨੇ ਪੈ ਜਾਣਾ ਹੈ ਅੱਯਾਸ਼ੀ ਦੇ ਰਾਹ। ਨਾ ਓਸ ਨੇ ਏਦੂੰ ਬਾਅਦ ਹੱਡ-ਭੰਨਵੀਂ ਮਿਹਨਤ ਕਰਨੀ ਹੈ, ਨਾ ਸਿਹਤ ਰਹਿਣੀ ਹੈ, ਨਾ ਹਾਜ਼ਮਾ ਕੰਮ ਕਰੇਗਾ…ਨਾ ਕੋਈ ਚੀਜ਼ ਪਚਣੀ ਹੈ। ਰੁਪਈਆ ਕਾਹਦਾ ਮਿਲਿਆ ਹੈ, ਉਸ ਨੂੰ ਤਾਂ ਜ਼ਹਿਰ ਦਾ ਕੁੱਜਾ ਮਿਲ ਗਿਆ। ਅੱਜ ਨਹੀਂ ਤਾਂ ਕੱਲ੍ਹ ਮਰੇਗਾ…ਅਮੀਰ ਆਦਮੀ ਭਲਾ ਤੰਦਰੁਸਤ ਕਿਵੇਂ ਰਹਿ ਸਕਦਾ ਹੈ?”

ਜਾ ਕੋ ਰਾਖੇ ਸਾਈਆਂ…

ਧਾਰਮਿਕ, ਇਤਿਹਾਸਕ ਅਤੇ ਚਲੰਤ ਮਾਮਲਿਆਂ ਦੇ ਨਾਲ-ਨਾਲ ਹਾਸ-ਵਿਅੰਗ ਦੀਆਂ ਲਿਖਤਾਂ ਪੜ੍ਹਨਾ ਮੇਰੀ ਪਹਿਲੀ ਪਸੰਦ ਹੈ। ਕਿਸੇ ਲਿਖਤ ਦੇ ਸਿਰਲੇਖ ਨਾਲ ‘ਵਿਅੰਗ‘ ਜਾਂ ਹਾਸ-ਵਿਅੰਗ ਲਿਖਿਆ ਹੋਇਆ ਹੋਵੇ, ਮੈਂ ਉਸ ਨੂੰ ਪੜ੍ਹੇ ਬਗ਼ੈਰ ਨਹੀਂ ਛੱਡਦਾ। ਇਸੇ ਆਦਤ ਦਾ ਮਾਰਿਆ ਅਖ਼ਬਾਰਾਂ ਵਿਚ ਛਪਦਾ ਚੁਟਕਲਿਆਂ ਦਾ ਕੋਨਾ ਵੀ ਜ਼ਰੂਰ ਪੜ੍ਹਦਾ ਹਾਂ। ਕਿਸੇ ਅਖ਼ਬਾਰ ਵਿਚ ਲਤੀਫ਼ਾ ਪੜ੍ਹ ਰਿਹਾ ਸਾਂ। ਕਹਿੰਦੇ ਕੋਈ ਵਿਆਹਿਆ-ਵਰਿਆ ਮਰਦ ਆਪਣੇ ਕਿਸੇ ਅਣ-ਵਿਆਹੇ ਭਾਵ ਕੰਵਾਰੇ ਦੋਸਤ ਨਾਲ ਆਪਣੇ ਘਰੇਲੂ ਰੰਡੀ-ਰੋਣੇ ਰੋ ਰਿਹਾ ਸੀ। ਉਹ ਦੱਸ ਰਿਹਾ ਸੀ ਕਿ ਕਿਵੇਂ ਉਸ ਦੀ ਪਤਨੀ ਨੇ ਨੱਕ ਵਿਚ ਦਮ ਲਿਆਂਦਾ ਹੋਇਆ ਹੈ। ਕੰਵਾਰਾ ਦੋਸਤ ਬੇਪ੍ਰਵਾਹ ਜਿਹਾ ਹੋ ਕੇ ਵਿਆਹੇ ਦੋਸਤ ਦੀ ‘ਦੁੱਖ ਭਰੀ ਕਹਾਣੀ‘ ਸੁਣ ਰਿਹਾ ਸੀ। ਵਿਆਹਿਆ ਮਰਦ ਆਪਣੇ ਦੋਸਤ ਦੇ ਕੁਆਰੇ ਹੋਣ ‘ਤੇ ਰਸ਼ਕ ਕਰਦਿਆਂ ਕਹਿੰਦਾ, “ਯਾਰ…ਤੂੰ ਤੀਹ-ਪੈਂਤੀ ਸਾਲ ਦਾ ਹੋ ਕੇ ਵੀ, ਭਲਾ ਅਹਿ ਵਿਆਹ ਨਾਂ ਦੀ ਬੀਮਾਰੀ ਤੋਂ ਕਿਵੇਂ ਬਚਿਆ ਰਹਿ ਗਿਆ ਏਂ?” ਮਾਸੂਮ ਜਿਹਾ ਮੂੰਹ ਬਣਾ ਕੇ ਕੰਵਾਰੇ ਨੇ ਜਵਾਬ ਦਿੱਤਾ, “ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ!”

ਪੈਂਤੀ ਅੱਖਰਾਂ ਦਾ ਮੁੱਲ!

ਪਰ੍ਹਿਆ ਵਿਚ ਭੈਣ ਦੀ ਗਾਲ੍ਹ? … ਉਹ ਵੀ ਸਿਰੇ ਦੇ ਕੁਪੱਤੇ ਸੀਤਲ ਸਿੰਹੁ ਨੂੰ! ਜਿਸ ਦੀ ਪਿੱਠ ਪਿੱਛੇ ਪਿੰਡ ਵਾਲੇ ਕੋਈ ਉਸ ਨੂੰ ‘ਖੜੱਪਾ’, ਕੋਈ ‘ਕਾਲਾ ਨਾਗ’ ਅਤੇ ਕੋਈ ‘ਚਲਦੀ-ਫਿਰਦੀ ਸੱਤ/ਇਕਵੰਜਾ’ ਕਿਹਾ ਕਰਦੇ ਸਨ। ਹਰ ਇਕ ਦੇ ਗਲ਼ ਪੈਣ ਵਾਲੇ ਉਹਦੇ ਤੱਤੇ ਸੁਭਾਅ ਕਰਕੇ ਪਿੰਡ ਵਾਸੀ ਦੱਬਵੀਂ ਜ਼ੁਬਾਨ ਉਸ ਦਾ ਮਖ਼ੌਲ ਉਡਾਇਆ ਕਰਦੇ ਸਨ ਕਿ ਪਤਾ ਨਹੀਂ ਕਿਸ ਭੜੂਏ ਨੇ ਇਹਦਾ ਇੰਨਾ ਠੰਢਾ ਨਾਂ ਰੱਖਿਆ ਹੋਵੇਗਾ! ਇਸੇ ਕਰਕੇ ਸਾਰੇ ਗਰਾਈਂ ਸੀਤਲ ਸਿੰਘ ਵੱਲੋਂ ਕਹੀ ਗਈ ਕਿਸੇ ਕੌੜੀ-ਕਸੈਲੀ ਗੱਲ ਨੂੰ ਵੀ ਹੋਊ-ਪਰ੍ਹੇ ਕਰ ਦਿੰਦੇ। ਸਾਰੇ ਜਾਣਦੇ ਸਨ ਕਿ ਉਹਦੇ ਨਾਲ ਲਿਆ ‘ਪੰਗਾ’ ਬਹੁਤ ‘ਮਹਿੰਗਾ’ ਪੈਂਦਾ ਹੈ। ਕਈ ਬਾਹਲੇ ਈ ਖ਼ੌਫ਼ਜ਼ਦਾ ਬੰਦੇ ਉਸ ਨੂੰ ਭਿੱਜੀ ਬਿੱਲੀ ਵਾਂਗ ਘਿਗਿਆਈ ਆਵਾਜ਼ ਵਿਚ ਬੁਲਾਉਂਦੇ, “ਜਥੇਦਾਰ ਸਾਹਿਬ ਅੱਜ ਕਿਧਰ ਭਾਗ ਲਾਉਣ ਜਾ ਰਹੇ ਨੇ?” ਇਹੋ ਜਿਹਾ ਮਿਠਾਸ ਭਰਿਆ ਵਾਕ ਵੀ ਸੀਤਲ ਸਿੰਘ ਦੇ ਮੱਥੇ ਦੀ ਤਿਊੜੀ ਖੋਲ੍ਹਣ ਤੋਂ ਹੱਥ ਖੜ੍ਹੇ ਕਰ ਜਾਂਦਾ।

ਚਿੰਤਾ ਗੋਲ੍ਹਕਾਂ ਦੀ!

ਸਿੰਘ ਆ ਕੇ ਇੱਕ ਪੁੱਛੇ ਪ੍ਰਧਾਨ ਜੀ ਤੋਂ,
ਕੀਰਤਨ ਵਾਸਤੇ ਕੌਣ ਬੁਲਾਏ ਹੋਏ ਨੇ?
ਤੰਤੀ ਸਾਜ਼ਾਂ ‘ਤੇ ਗਾਏਗਾ ਕੌਣ ਭਾਈ,
ਜਿਹੜੇ ਰਾਗ ਗੁਰੂ ਗ੍ਰੰਥ ਵਿੱਚ ਗਾਏ ਹੋਏ ਨੇ?
ਕੌਣ ਮੇਟੇਗਾ ਭਰਮ-ਭੁਲੇਖਿਆਂ ਨੂੰ,
ਗੁਰੂ-ਡੰਮੀਆਂ ਨੇ ਜਿਹੜੇ ਪਾਏ ਹੋਏ ਨੇ?
ਅੱਗੋਂ ਹੱਸ ਕੇ ਕਿਹਾ ਪ੍ਰਧਾਨ ਜੀ ਨੇ,
‘ਇੱਕ ਸੌ ਅੱਠ ਮਹਾਰਾਜ’ ਜੀ ਆਏ ਹੋਏ ਨੇ।
‘ਕੱਤੀ ਰਾਗਾਂ ਦੀ ਛੇੜ ਨਾ ਗੱਲ ਸਿੰਘਾ,
ਇੱਥੇ ਪੈਣੀ ਗੜਗੱਜ ਹੈ ਢੋਲਕਾਂ ਦੀ।
‘ਫਿਊਚਰ’ ਸਿੱਖੀ ਦਾ ਗੁਰੂ ਨੂੰ ਪਤਾ ਹੋਊ!,
ਚਿੰਤਾ ਸਾਨੂੰ ਤਾਂ ਪਈ ਏ ਗੋਲ੍ਹਕਾਂ ਦੀ!!
ਤਰਲੋਚਨ ਸਿੰਘ ਦੁਪਾਲਪੁਰ
-001-408-903-9952