“ਮੈਂ ‘ਖਿਆ ਕੀਹਦਾ ਟੈਲੀਫ਼ੋਨ ਸੀ?…ਕੌਣ ਮਰ ਗਿਆ?” ਬਾਬੇ ਨੇ ਉਭੜਵਾਹਿਆਂ ਮੈਨੂੰ ਪੁੱਛਿਆ।
ਮੈਂ ਹੱਸਦਿਆਂ ਕਿਹਾ, “ਬਾਬਾ ਜੀ, ਸੌਂ ਜਾਵੋ, ਕੋਈ ਨਹੀਂ ਮਰਿਆ। ਮੈਂ ਤਾਂ ਸੰਧੂ ਸਾਹਿਬ ਬਾਰੇ ਕਹਿ ਰਿਹਾ ਹਾਂ ਕਿ ਉਹਦੀ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਉਹ ‘ਤਰ’ ਗਿਆ ਤਰ!”
ਕਿਸੇ ਦੋਸਤ ਨਾਲ ਜੱਟ ਦੀ ਕਿਸਮਤ ਬਾਰੇ ਮੇਰੀ ਟੈਲੀਫ਼ੋਨ ‘ਤੇ ਗੱਲ ਹੋ ਰਹੀ ਸੀ। ਬਾਬਾ ਜੀ ਮੂੰਹ ਉਪਰ ਰਜਾਈ ਲੈਣ ਲੱਗੇ। ਫੇਰ ਬੋਲੇ, “ਤਰ ਕਾਹਦਾ ਗਿਆ? ਜਿਹਦੀ ਲੱਖ ਰੁਪਏ ਦੀ ਲਾਟਰੀ ਨਿਕਲ ਆਈ, ਸਮਝੋ ਮਰ ਗਿਆ। ਉਹਨੇ ਪੈ ਜਾਣਾ ਹੈ ਅੱਯਾਸ਼ੀ ਦੇ ਰਾਹ। ਨਾ ਓਸ ਨੇ ਏਦੂੰ ਬਾਅਦ ਹੱਡ-ਭੰਨਵੀਂ ਮਿਹਨਤ ਕਰਨੀ ਹੈ, ਨਾ ਸਿਹਤ ਰਹਿਣੀ ਹੈ, ਨਾ ਹਾਜ਼ਮਾ ਕੰਮ ਕਰੇਗਾ…ਨਾ ਕੋਈ ਚੀਜ਼ ਪਚਣੀ ਹੈ। ਰੁਪਈਆ ਕਾਹਦਾ ਮਿਲਿਆ ਹੈ, ਉਸ ਨੂੰ ਤਾਂ ਜ਼ਹਿਰ ਦਾ ਕੁੱਜਾ ਮਿਲ ਗਿਆ। ਅੱਜ ਨਹੀਂ ਤਾਂ ਕੱਲ੍ਹ ਮਰੇਗਾ…ਅਮੀਰ ਆਦਮੀ ਭਲਾ ਤੰਦਰੁਸਤ ਕਿਵੇਂ ਰਹਿ ਸਕਦਾ ਹੈ?”
ਸੱਚੀ-ਮੁੱਚੀਂ ਸਾਡੇ ਬਾਬਾ ਜੀ ਅਜੀਬ ਹਸਤੀ ਹਨ। ਸਾਰੀ ਦੁਨੀਆਂ ਦੀ ਪਰਲੋ ਇਨ੍ਹਾਂ ਦੇ ਸੀਨੇ ਵਿਚ ਇਕੱਠੀ ਹੋਈ ਪਈ ਏ। ਜ਼ਰਾ-ਜ਼ਰਾ ਗੱਲ ‘ਤੇ ਇਨ੍ਹਾਂ ਨੂੰ ਤਬਾਹੀ ਦਿਸਣ ਲੱਗ ਪੈਂਦੀ ਹੈ। ਸਾਡਾ ਨੌਕਰ ਬੱਚੇ ਨੂੰ ਸਾਈਕਲ ‘ਤੇ ਬਿਠਾ ਕੇ ਬਾਜ਼ਾਰ ਲੈ ਲਿਆ, ਬਾਬਾ ਜੀ ਨੇ ਦੁਹਾਈ ਪਾ ਦਿੱਤੀ, “ਜਿਹੋ ਜਿਹਾ ਉੱਲੂ ਹਰੀਆ, ਉਹੋ ਜਿਹੇ ਉੱਲੂ ਤੁਸੀਂ! ਬੱਚੇ ਨੂੰ ਸਾਈਕਲ ਦੇ ਡੰਡੇ ‘ਤੇ ਬਿਠਾ ਕੇ ਬਾਜ਼ਾਰ ਜਾਣ ਹੀ ਕਿਉਂ ਦਿੱਤਾ? ਅੱਵਲ ਤਾਂ ਸਾਈਕਲ ਦੀਆਂ ਬ੍ਰੇਕਾਂ ਹੋਣੀਆਂ ਈ ਨ੍ਹੀਂ…ਜੇ ਹੋਈਆਂ ਵੀ ਤਾਂ ਬਾਜ਼ਾਰ ਵਿਚ ਜਾ ਕੇ ਖ਼ਰਾਬ ਹੋ ਜਾਣੀਆਂ ਹਨ। ਨੌਕਰ ਤੇ ਬੱਚਾ ਦੋਵੇਂ ਧੜੈਂ ਕਰ ਕੇ ਡਿੱਗਣਗੇ! ਉਹ ਜ਼ਰੂਰ ਕਾਸੇ ‘ਚ ਵੱਜਣਗੇ। ਬੱਚਾ ਲਹੂਲੁਹਾਨ ਹੋ ਜਾਣਾ ਹੈ। ਨੌਕਰ ਦੀ ਲੱਤ-ਬਾਂਹ ਟੁੱਟ ਜਾਣੀ ਹੈ। ਸਾਈਕਲ ਵੈਸੇ ਹੀ ਚੀਕਰੂੰ-ਚੀਕਰੂੰ ਹੋ ਜਾਏਗਾ!”
ਬਾਬਾ ਜੀ ਨੇ ਇਸ ਕਿਆਸੀ ਹਾਦਸੇ ਦਾ ਐਸਾ ਨਕਸ਼ਾ ਖਿੱਚਿਆ ਕਿ ਸਾਰਾ ਟੱਬਰ ਅਰਦਾਸਾਂ ਕਰਨ ਲੱਗ ਪਿਆ। ਸਾਨੂੰ ਸਭ ਨੂੰ ਖਾਣਾ-ਪੀਣਾ ਭੁੱਲ ਗਿਆ। ਹਰ ਕੋਈ ਬੱਚੇ ਤੇ ਨੌਕਰ ਦੀ ਸੁਖ ਮੰਗ ਰਿਹਾ ਸੀ ਪਰ ਮੈਂ, ਨਾਲ-ਨਾਲ ਸਾਈਕਲ ਦੀ ਵੀ ‘ਸੁਖ’ ਮੰਗ ਰਿਹਾ ਸਾਂ ਕਿਉਂਕਿ ਘਰ ਵਿਚ ਮੇਰੀ ਪ੍ਰਾਪਰਟੀ ਤਾਂ ਇਹੋ ਸਾਈਕਲ ਸੀ। ਥੋੜ੍ਹੀ ਦੇਰ ਬਾਅਦ ਬੱਚਾ ਤੇ ਨੌਕਰ ਹੱਸਦੇ-ਖੇਡਦੇ ਘਰ ਆ ਗਏ। ਬੱਚਾ ਟੌਫ਼ੀਆਂ ਖਾ ਰਿਹਾ ਸੀ ਤੇ ਮਣ-ਮਣ ਦੀਆਂ ਗੱਲਾਂ ਮਾਰ ਰਿਹਾ ਸੀ। ਨੌਕਰ ਮੇਰੇ ਸਾਈਕਲ ‘ਤੇ ਝੂਟੇ ਲੈ ਕੇ ਪ੍ਰਸੰਨ ਸੀ।
ਮੈਂ ਆਉਂਦਿਆਂ ਹੀ ਉਨ੍ਹਾਂ ਤੋਂ ਪੁੱਛਿਆ, “ਕਿਉਂ ਹਰੀ ਰਾਮ, ਤੁਸੀਂ ਠੀਕ-ਠਾਕ ਆ ਗਏ?”
“ਜੀ ਹਾਂ…“
“ਕਿਧਰੇ ਕੋਈ ਐਕਸੀਡੈਂਟ ਤਾਂ ਨਹੀਂ ਹੋਇਆ?”
“ਜੀ ਨਹੀਂ।”
“ਤੈਨੂੰ ਕੋਈ ਐਸਾ ਫ਼ਿਕਰ ਤਾਂ ਨਹੀਂ ਸੀ ਵੱਢ-ਵੱਢ ਖਾ ਰਿਹਾ ਕਿ ਤੁਸੀਂ ਦੋਵੇਂ ਕਾਸੇ ਹੇਠਾਂ ਨਾ ਆ ਜਾਵੋ?”
“ਨਹੀਂ ਜੀ”
“ਤੁਹਾਨੂੰ ਇਸ ਗੱਲ ਦਾ ਵੀ ਕੋਈ ਅਹਿਸਾਸ ਸੀ ਕਿ ਨਹੀਂ, ਕਿ ਘਰੇ ਚਿੰਤਾ ਹੋ ਰਹੀ ਹੋਵੇਗੀ?”
“ਜੀ ਨਹੀਂ”
ਲਓ ਸੁਣੋ…ਜੋ ਫ਼ਿਕਰ ਸਾਨੂੰ ਚਿੰਬੜਿਆ ਹੋਇਆ ਸੀ, ਉਹ ਹਰੀ ਰਾਮ ਦੇ ਨੇੜ ਦੀ ਵੀ ਨਹੀਂ ਸੀ ਲੰਘਿਆ! ਬੱਚਾ ਤਾਂ ਵੈਸੇ ਹੀ ਐਨਾ ਪ੍ਰਸੰਨ ਸੀ ਕਿ ਖ਼ਿਆਲ ਹੀ ਨਹੀਂ ਸੀ ਕੀਤਾ ਜਾ ਸਕਦਾ ਕਿ ਉਸ ਦੇ ਮਨ ਵਿਚ ਕੋਈ ਖ਼ਤਰਾ ਆ ਸਕਦਾ ਹੈ ਪਰ ਬਾਬੇ ਹੁਰਾਂ ਨੂੰ ਕੌਣ ਸਮਝਾਏ?
“ਜੀ ਹਾਂ…“
“ਕਿਧਰੇ ਕੋਈ ਐਕਸੀਡੈਂਟ ਤਾਂ ਨਹੀਂ ਹੋਇਆ?”
“ਜੀ ਨਹੀਂ।”
“ਤੈਨੂੰ ਕੋਈ ਐਸਾ ਫ਼ਿਕਰ ਤਾਂ ਨਹੀਂ ਸੀ ਵੱਢ-ਵੱਢ ਖਾ ਰਿਹਾ ਕਿ ਤੁਸੀਂ ਦੋਵੇਂ ਕਾਸੇ ਹੇਠਾਂ ਨਾ ਆ ਜਾਵੋ?”
“ਨਹੀਂ ਜੀ”
“ਤੁਹਾਨੂੰ ਇਸ ਗੱਲ ਦਾ ਵੀ ਕੋਈ ਅਹਿਸਾਸ ਸੀ ਕਿ ਨਹੀਂ, ਕਿ ਘਰੇ ਚਿੰਤਾ ਹੋ ਰਹੀ ਹੋਵੇਗੀ?”
“ਜੀ ਨਹੀਂ”
ਲਓ ਸੁਣੋ…ਜੋ ਫ਼ਿਕਰ ਸਾਨੂੰ ਚਿੰਬੜਿਆ ਹੋਇਆ ਸੀ, ਉਹ ਹਰੀ ਰਾਮ ਦੇ ਨੇੜ ਦੀ ਵੀ ਨਹੀਂ ਸੀ ਲੰਘਿਆ! ਬੱਚਾ ਤਾਂ ਵੈਸੇ ਹੀ ਐਨਾ ਪ੍ਰਸੰਨ ਸੀ ਕਿ ਖ਼ਿਆਲ ਹੀ ਨਹੀਂ ਸੀ ਕੀਤਾ ਜਾ ਸਕਦਾ ਕਿ ਉਸ ਦੇ ਮਨ ਵਿਚ ਕੋਈ ਖ਼ਤਰਾ ਆ ਸਕਦਾ ਹੈ ਪਰ ਬਾਬੇ ਹੁਰਾਂ ਨੂੰ ਕੌਣ ਸਮਝਾਏ?
ਇਕ ਦਿਨ ਅਸੀਂ ਬਾਬੇ ਹੁਰਾਂ ਨੂੰ ਭਾਖੜਾ ਦੀ ਸੈਰ ਕਰਵਾਉਣ ਲੈ ਲਏ। ਕਿਸੇ ਦੀ ਕਾਰ ਮੰਗੀ, ਕਾਰ ਵਾਲਾ ਆਪ ਕਾਰ ਚਲਾ ਰਿਹਾ ਸੀ। ਬਾਬੇ ਹੁਰਾਂ ਨੂੰ ਉਸ ਦੇ ਬਰਾਬਰ ਵਾਲੀ ਸੀਟ ‘ਤੇ ਬਿੱਠਾ ਦਿੱਤਾ। ਮੈਂ ਤੇ ਮੇਰਾ ਛੋਟਾ ਵੀਰ ਪਿਛਲੀ ਸੀਟ ‘ਤੇ ਬੈਠੇ ਸਾਂ। ਜਦੋਂ ਕੋਈ ਹੋਰ ਗੱਡੀ ਅੱਗੋਂ ਜਾਂ ਪਿੱਛੋਂ ਕੋਲ ਦੀ ਲੰਘੇ ਤਾਂ ਬਾਬੇ ਹੁਰੀਂ ਝਟ ‘ਬਚੀਂ ਓਏ ਬਚੀਂ’ ਕਰਨ ਲੱਗ ਪੈਣ। ਗੱਡੀ ਵਾਲਾ ਮਿੱਤਰ ਕਹਿਣ ਲੱਗਾ, “ਬਾਬਾ ਜੀ, ਫ਼ਿਕਰ ਨਾ ਕਰੋ। ਮੈਂ ਬੰਬਈ, ਕਲਕੱਤੇ ਵਿਚ ਗੱਡੀਆਂ ਚਲਾਈਆਂ ਹਨ, ਮੈਨੂੰ ਟਰੈਫ਼ਿਕ ਦੀ ਸਾਰੀ ਸਮਝ ਹੈ।” ਪਰ ਬਾਬਾ ਜੀ ਕਿੱਥੋਂ ਮੰਨਣ? ਰੋਪੜ ਦੇ ਨੇੜੇ ਜਾ ਕੇ ਜਦੋਂ ਭਾਖੜਾ ਨਹਿਰ ਦਿਸੀ ਤਾਂ ਬਾਬੇ ਹੋਰੀਂ ਕੁਝ ਘਬਰਾਹਟ ਵਿਚ ਆ ਗਏ। ਨਹਿਰ ਦੇ ਪੁਲ ਵੱਲੋਂ ਗੱਡਾ ਆ ਰਿਹਾ ਸੀ। ਬਾਬਾ ਜੀ ਕਹਿਣ ਲੱਗੇ, “ਲਓ…ਜੇ ਔਸ ਗੱਡੇ ਤੋਂ ਬਚ ਗਏ ਤਾਂ ਭਾਖੜਾ ਪੁੱਜ ਜਾਵਾਂਗੇ ਪਰ ਉਸ ਗੱਡੇ ਵਾਲੇ ਦੇ ਬਲ੍ਹਦ ਬੇਕਾਬੂ ਹੋਏ ਲਗਦੇ ਹਨ। ਉਨ੍ਹਾਂ ਨੇ ਜ਼ਰੂਰ ਗੱਡਾ ਕਾਰ ਵਿਚ ਮਾਰਨਾ ਹੈ। ਕਾਰ ਉਲਟ ਕੇ ਨਹਿਰ ਵਿਚ ਜਾ ਡਿੱਗੇਗੀ। ਹੋਰ ਦੋ-ਚਾਰ ਮਿੰਟਾਂ ਤਕ ਸਾਡੀਆਂ ਚਹੁੰਆਂ ਦੀਆਂ ਲਾਸ਼ਾਂ ਨਹਿਰ ਵਿਚ ਮਰੀਆਂ ਮੱਛੀਆਂ ਵਾਂਗ ਤਰਦੀਆਂ ਫਿਰਨਗੀਆਂ।”
ਅਸੀਂ ਭਾਖੜਾ ਦੀ ਸੈਰ ਪਿੱਛੋਂ ਸਹੀ-ਸਲਾਮਤ ਘਰ ਮੁੜੇ ਤਾਂ ਇਕ ਪੁਰਾਣਾ ਦੋਸਤ ਮਿਲਣ ਆਇਆ ਹੋਇਆ ਸੀ ਜੋ ਅੱਜ ਕੱਲ੍ਹ ਹਾਈਕੋਰਟ ਵਿਚ ਪ੍ਰੈਕਟਿਸ ਕਰਦਾ ਸੀ। ਲੱਖਾਂ ਰੁਪਏ ਉਸ ਦੀ ਜਾਇਦਾਦ ਸੀ। ਉਸ ਦੇ ਵੱਡੇ-ਵਡੇਰਿਆਂ ਨੂੰ ਲੋਕ ਹੱਥੀਂ ਛਾਂਵਾਂ ਕਰਦੇ ਸਨ। ਉਹ ਮੇਰੇ ਨਾਲ ਸਲਾਹ ਕਰਨ ਆਇਆ ਸੀ ਕਿ ਉਸ ਨੂੰ ਇਲੈਕਸ਼ਨ ਲੜਨੀਂ ਚਾਹੀਦੀ ਹੈ ਕਿ ਨਹੀਂ? ਉਸ ਦੇ ਜਿੱਤਣ ‘ਤੇ ਵਜ਼ੀਰ ਬਣਨ ਦੀ ਪੱਕੀ ਆਸ ਸੀ। ਬਾਬਾ ਜੀ ਨੇ ਸਾਡੀਆਂ ਗੱਲਾਂ ਸੁਣ ਲਈਆਂ। ਨੇੜੇ ਆ ਕੇ ਪੁੱਛਣ ਲੱਗੇ, “ਕੌਣ ਆਇਆ ਹੈ?” ਮੈਂ ਕਿਹਾ, “ਬਾਬਾ ਜੀ, ਸੁਹਿੰਦਰ ਪਾਲ ਹੁਰੀਂ ਆਏ ਹਨ।”
“ਹੱਛਾ, ਤਾਂ ਇਹ ਇਲੈਕਸ਼ਨ ਲੜਨਾ ਚਾਹੁੰਦੇ ਹਨ!” ਬਾਬੇ ਨੇ ਸਾਡੀ ਗੱਲਬਾਤ ਦਾ ਨਿਚੋੜ ਕੱਢਦਿਆਂ ਪੁੱਛਿਆ।
“ਜੀ ਹਾਂ, ਮੈਂ ਇਲੈਕਸ਼ਨ ਲੜਨਾ ਚਾਹੁੰਦਾ ਹਾਂ ਤੇ ਮੇਰੇ ਬਿਨਾਂ ਮੁਕਾਬਲੇ ਜਿੱਤ ਜਾਣ ਦੀ ਆਸ ਹੈ,” ਸੁਹਿੰਦਰਪਾਲ ਨੇ ਬੜੀ ਨਿਮਰਤਾ ਨਾਲ ਬਾਬਾ ਜੀ ਨੂੰ ਦੱਸਿਆ। ਬਾਬਾ ਜੀ ਕਹਿਣ ਲੱਗੇ, “ਵੇਖੀਂ…ਸਾਊ, ਏਸ ਗੇੜ ‘ਚ ਨਾ ਫਸ ਜਾਵੀਂ। ਅੱਜ ਕੱਲ੍ਹ ਵੋਟਰਾਂ ਦਾ ਕੋਈ ਇਤਬਾਰ ਨਹੀਂ। ਹਰ ਵੋਟਰ ਸਮਝਦਾ ਹੈ ਕਿ ਮੈਂ ਐਮ.ਐਲ.ਏ. ਦਾ ਪਿਉ ਹਾਂ! ਪਾਉਣੀ ਸਿਰਫ਼ ਪਰਚੀ ਹੁੰਦੀ ਹੈ, ਪਰ ਮਿੰਨਤਾਂ ਏਨੀਆਂ ਕਰਵਾਉਂਦੇ ਹਨ ਕਿ ਕੋਈ ਗ਼ੈਰਤਮੰਦ ਬੰਦਾ ਕਰ ਨਾ ਸਕੇ। ਤੇਰੇ ਪਾਸ ਤੇਰੇ ਬਾਪ-ਦਾਦੇ ਦਾ ਧਨ ਹੈ…ਭੋਰ ਭੋਰ ਖਾਹ! ਤੂੰ ਇਲੈਕਸ਼ਨਾਂ ਤੋਂ ਕੀ ਲੈਣਾ ਹੈ। ਨਹੀਂ ਤਾਂ ਲੱਖਾਂ ਰੁਪਏ ਗਵਾ ਬੈਠੇਂਗਾ, ਹਾਰ ਤੂੰ ਫੇਰ ਵੀ ਜਾਣਾ ਹੈ। ਦਰ-ਦਰ ਮੰਗਦਾ ਫਿਰੇਂਗਾ, ਠੂਠਾ ਤੇਰੇ ਹੱਥ ‘ਚ ਹੋਵੇਗਾ, ਬਗਲੀ ਤੇਰੇ ਗਲ ਵਿਚ ਹੋਵੇਗੀ ਤੇ ਰਾਮ-ਰਾਮ ਤੇਰੇ ਮੂੰਹ ‘ਚ ਹੋਵੇਗਾ। ਸੌ ਤੇਰੀ ਜਾਨ ਦੇ ਦੁਸ਼ਮਣ ਹੋ ਜਾਣੇ ਹਨ। ਉਹ ਅੱਡ ਤੇਰੇ ਮਗਰ ਤੋਏ ਤੋਏ ਕਰਦੇ ਫਿਰਨਗੇ!!”
ਸੁਹਿੰਦਰਪਾਲ ਅਜੇ ‘ਆਸ਼ੀਰਵਾਦ’ ਲੈ ਕੇ ਹੀ ਗਿਆ ਸੀ ਕਿ ਪਿੰਡ ਦੀ ਡਿਸਪੈਂਸਰੀ ਦਾ ਨਵਾਂ ਡਾਕਟਰ ਬਾਬਾ ਜੀ ਨੂੰ ਮਿਲਣ ਆ ਗਿਆ। ਮੈਂ ਬਾਬਾ ਜੀ ਨਾਲ ਉਸ ਦੀ ਜਾਣ-ਪਛਾਣ ਕਰਵਾਈ, “ਇਹ ਡਾਕਟਰ ਸੇਵਾ ਰਾਮ ਚੋਪੜਾ ਹਨ। ਸਰਕਾਰ ਨੇ ਨੀਤੀ ਬਣਾਈ ਹੈ ਕਿ ਡਾਕਟਰ ਕੋਰਸ ਪਾਸ ਕਰਨ ਪਿੱਛੋਂ ਪਹਿਲਾਂ ਪਿੰਡਾਂ ‘ਚ ਜਾ ਕੇ ਕੰਮ ਕਰਨ ਫੇਰ ਉਨ੍ਹਾਂ ਨੂੰ ਸ਼ਹਿਰਾਂ ਦੇ ਹਸਪਤਾਲਾਂ ਵਿਚ ਲਾਇਆ ਜਾਵੇ।” ਬਾਬਾ ਜੀ ਨੇ ਗਹੁ ਨਾਲ ਡਾਕਟਰ ਚੋਪੜਾ ਵੱਲ ਵੇਖਿਆ ਤੇ ਕਹਿਣ ਲੱਗੇ, “ਇਹ ਤਾਂ ਬੋਦੇ ਚੋਪੜੀ ਫਿਰਦਾ ਹੈ। ਮੈਂ ਨਹੀਂ ਇਹਨੂੰ ਇਸ ਪਿੰਡ ਵਿਚ ਰਹਿਣ ਦੇਣਾ। ਪਿੰਡ ਦੀ ਸੇਵਾ ਕਰਨ ਨੂੰ ਇਹ ਛੋਕਰੇ ਹੀ ਰਹਿ ਗਏ ਹਨ?…ਇਹਨੇ ਕੋਈ ਇਥੇ ਲੋਕਾਂ ਦੀਆਂ ਮੱਲ੍ਹਮ-ਪੱਟੀਆਂ ਕਰਨੀਆਂ ਨੇ? ਇਹਨੇ ਕਿਸੇ ਨਾ ਕਿਸੇ ਕੁੜੀ ਦਾ ‘ਮਹੀਂਵਾਲ’ ਬਣ ਬੈਠਣਾ ਹੈ। ਇਹ ਕੋਈ ਨਾ ਕੋਈ ਕਾਲੀ ਕਰਤੂਤ ਕਰੇਗਾ। ਅਸੀਂ ਬਾਜ ਆਏ ਐਹੋ ਜਿਹੇ ਡਾਕਟਰਾਂ ਤੋਂ। ਸਰਕਾਰ ਨੇ ਪਿੰਡਾਂ ‘ਚ ਭੇਜਣੇ ਹਨ ਤਾਂ ਬਾਲ-ਬੱਚੇਦਾਰ ਡਾਕਟਰ ਭੇਜੇ।”
ਵਿਚਾਰਾ ਡਾਕਟਰ ਬਥੇਰੀਆਂ ਸਫ਼ਾਈਆਂ ਦਿੰਦਾ ਰਿਹਾ ਪਰ ਬਾਬਾ ਜੀ ਨੇ ਇਕ ਨਾ ਸੁਣੀ! ਕਹਿਣ ਲੱਗੇ, “ਜੇ ਤੂੰ ਜ਼ਿਆਦਾ ਚਪੜ-ਚਪੜ ਕੀਤੀ ਤਾਂ ਮੈਂ ਸਿੱਧਾ ਗਵਰਨਰ ਕੋਲ ਜਾਵਾਂਗਾ…ਨਹੀਂ ਤਾਂ ਚੁੱਪ ਕਰ ਕੇ ਆਪਣੀ ਬਦਲੀ ਕਰਵਾ ਲੈ, ਜਿਥੋਂ ਆਇਆ ਏਂ, ਉਥੇ ਚਲਿਆ ਜਾਹ!”
ਬੀਬੀ ਪਾਲੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਸਾਡੀ ਭੂਆ ਦੇ ਪੁੱਤ ਦੀ ਚਿੱਠੀ ਆਈ। ਮੈਂ ਬਾਬਾ ਜੀ ਨੂੰ ਪੜ੍ਹ ਕੇ ਸੁਣਾ ਦਿੱਤੀ। ਉਸ ਵਿਚ ਲਿਖਿਆ ਸੀ, “ਘਰ ਬੜਾ ਵੱਡਾ ਹੈ, ਮੁੰਡੇ ਦੇ ਪਿਓ ਪਾਸ ਦੋ ਟਰੈਕਟਰ ਤੇ ਚਾਰ ਦੂਸਰੇ ਹਲ ਹਨ। ਪਿਛਲੇ ਸਾਲ ਪੰਜਾਹ ਹਜ਼ਾਰ ਦੀ ਕਪਾਹ ਤੇ ਸਵਾ ਲੱਖ ਰੁਪਏ ਦੀ ਕਣਕ ਹੋਈ ਸੀ। ਮੁੰਡਾ ਦਸਵੀਂ ਪਾਸ ਹੈ। ਇਕ ਭੈਣ ਤੇ ਇਕ ਭਰਾ ਹੈ। ਉਹ ਦੋਵੇਂ ਵਿਆਹੇ ਹੋਏ ਹਨ। ਮੁੰਡਾ ਬੜਾ ਹੀ ਸੋਹਣਾ ਤੇ ਨੇਕ ਹੈ। ਮਾਂ-ਬਾਪ ਨੂੰ ਦਾਜ ਦਾ ਕੋਈ ਲਾਲਚ ਨਹੀਂ। ਮੈਂ ਤਾਂ ਕਹਿੰਦਾ ਹਾਂ ਪਾਂਧਾ ਨਾ ਪੁੱਛੋ! ਫੌਰਨ ਰਿਸ਼ਤਾ ਪੱਕਾ ਕਰ ਦਿਓ।” ਪਰ ਬਾਬਾ ਜੀ ਚਿੱਠੀ ਸੁਣ ਕੇ ਬੋਲੇ, “ਇਥੇ ਤਾਂ ਬਿਲਕੁਲ ਰਿਸ਼ਤਾ ਨਹੀਂ ਕਰਨਾ ਚਾਹੀਦਾ। ਕੁੜੀ ਸਾਰਾ ਦਿਨ ਸੀਰੀਆਂ ਦੀਆਂ ਰੋਟੀਆਂ ਹੀ ਪਕਾਉਂਦੀ ਰਵ੍ਹੇਗੀ? ਦਸਵੀਂ ਪਾਸ ਮੁੰਡੇ ਨੂੰ ਤਾਂ ਅੱਜ ਕੱਲ੍ਹ ਕੋਈ ਚਪੜਾਸੀ ਨਹੀਂ ਰੱਖਦਾ! ਜੇ ਕੱਲ੍ਹ ਨੂੰ ਪਿਉ ਨੂੰ ਸ਼ਰਾਬ ਜਾਂ ਜੂਏ ਦੀ ਆਦਤ ਪੈ ਜਾਵੇ, ਉਹ ਸਾਰੀ ਜ਼ਮੀਨ ਵੇਚ ਦੇਵੇ ਜਾਂ ਗਹਿਣੇ ਧਰ ਦੇਵੇ ਤਾਂ ਮੁੰਡਾ ਕੀ ਕਰੇਗਾ? ਫੇਰ ਜਿਨ੍ਹਾਂ ਦੀ ਡੇਢ ਲੱਖ ਦੀ ਫ਼ਸਲ ਹੋ ਗਈ, ਉਹ ਕਿਸੇ ਨਾ ਕਿਸੇ ਨਾਲ ਲੜੇ ਬਗ਼ੈਰ ਰਹਿ ਕਿਵੇਂ ਸਕਦੇ ਹਨ? ਜੱਟ ਤਾਂ ਖੜ੍ਹੀ ਫ਼ਸਲ ਵੇਖ ਕੇ ਹੀ ਕਤਲ ਕਰ ਦਿੰਦਾ ਹੈ। ਹੋ ਸਕਦਾ ਹੈ, ਮੁੰਡਾ ਆਪਣੇ ਪਿਉ ਨੂੰ ਹੀ ਮਾਰ ਦੇਵੇ! ਕੁੜੀ ਫੇਰ ਜੇਲ੍ਹ ‘ਚ ਮੁਲਾਕਾਤ ਕਰਨ ਜਾਇਆ ਕਰੇਗੀ? ਇਹ ਸਾਕ ਨਹੀਂ ਹੋਣਾ ਚਾਹੀਦਾ, ਮੈਂ ਐਸੇ ਸਾਕ ਦੇ ਸਖ਼ਤ ਵਿਰੁਧ ਹਾਂ।”
ਅੰਮਾ ਜੀ ਪੇਕੀਂ ਜਾਣਾ ਚਾਹੁੰਦੇ ਸਨ। ਉਨ੍ਹਾਂ ਦੇ ਭਤੀਜੇ ਦੀ ਲੜਕੀ ਦਾ ਵਿਆਹ ਸੀ। ਅੰਮਾ ਜੀ ਨੇ ਬਾਬਾ ਜੀ ਕੋਲੋਂ ਪੇਕੀਂ ਜਾਣ ਦੀ ਆਗਿਆ ਮੰਗੀ। ਬਾਬਾ ਜੀ ਕਹਿਣ ਲੱਗੇ, “ਜ਼ਨਾਨੀ ਭਾਵੇਂ ਮਰਨ ਕਿਨਾਰੇ ਪੁੱਜੀ ਹੋਵੇ ਪਰ ਪੇਕਿਆਂ ਦਾ ਖਹਿੜਾ ਨਹੀਂ ਛੱਡਦੀ। ਫੇਰ ਉਥੇ ਜਾ ਕੇ ਵਿਹਰ ਜਾਏਂਗੀ। ਜਿਹੋ ਜਿਹੀ ਮਹਿੰ ਛੱਪੜ ਵਿਚੋਂ ਕੱਢ ਲਈ, ਉਹੋ ਜਿਹੀ ਜ਼ਨਾਨੀ ਪੇਕਿਆਂ ਘਰੋਂ ਮੋੜ ਲਿਆਂਦੀ। ਜੇ ਤੂੰ ਕਿਸੇ ਦੇ ਮਰਨ ‘ਤੇ ਮੁਕਾਣ ਜਾਣਾ ਹੁੰਦਾ ਤਾਂ ਰੋ-ਪਿੱਟ ਕੇ ਵੇਲੇ ਸਿਰ ਆ ਜਾਣਾ ਸੀ ਪਰ ਹੁਣ ਤੂੰ ਚੱਲੀਂ ਏਂ ਵਿਆਹ। ਤੈਨੂੰ ਪੇਕੀਂ ਜਾ ਕੇ ਆਪਣਾ ਬਚਪਨ ਯਾਦ ਆਏਗਾ, ਤੂੰ ਉਥੇ ਗਿੱਧੇ ਪਾਵੇਂਗੀ, ਨੱਚੇਂਗੀ! ਤੂੰ ਏਸ ਤਰ੍ਹਾਂ ਨੱਚਦੀ-ਟੱਪਦੀ ਨੇ ਕੋਈ ਨਾ ਕੋਈ ਲੱਤ-ਗੋਡਾ ਤੁੜਵਾ ਲੈਣਾ ਏਂ। ਆਪਣਾ ਬੁਢਾਪਾ ਤਾਂ ਖ਼ਰਾਬ ਕਰੇਂਗੀ ਹੀ ਨਾਲ ਸਾਨੂੰ ਵੀ ਮਾਰੇਂਗੀ! ਹੋਰ ਤਾਂ ਹੋਰ, ਜੇ ਵਿਆਹ ‘ਚ ਲੱਡੂ-ਜਲੇਬੀਆਂ ਵੱਧ ਖਾ ਗਈ ਜਾਂ ਕੋਈ ਹੋਰ ਬਦਪਰਹੇਜ਼ੀ ਹੋ ਗਈ ਤਾਂ ਤੂੰ ਉਂਜ ਮਰ ਜਾਣਾ ਏਂ। ਓਧਰ ਵਿਆਹ ਵਾਲੇ ਰੋਂਦੇ ਫਿਰਨਗੇ ਤੇ ਏਧਰ ਮੈਂ ਧਾਹਾਂ ਮਾਰਦਾ ਫਿਰਾਂਗਾ। ਤੂੰ ਜਿਊਂਦੀ ਬੈਠੀ ਏਂ ਤਾਂ ਇਹੇ ਪੋਤੇ-ਪੋਤਰੀਆਂ ਵੀ ਰੋਟੀ-ਟੁੱਕ ਪੁੱਛ ਲੈਂਦੇ ਨੇ। ਜਿੱਦਣ ਤੇਰਾ ਘੁੱਗੂ ਵੱਜ ਗਿਆ, ਨਾਲ ਹੀ ਮੇਰਾ ਵੀ ‘ਸੰਖ ਪੂਰਿਆ’ ਜਾਣਾ ਹੈ!”
(‘ਮੈਨੂੰ ਮੈਥੋਂ ਬਚਾਓ’ ਪੁਸਤਕ ਵਿਚੋਂ)
(‘ਮੈਨੂੰ ਮੈਥੋਂ ਬਚਾਓ’ ਪੁਸਤਕ ਵਿਚੋਂ)
ਤਰਲੋਚਨ ਸਿੰਘ ਦੁਪਾਲਪੁਰ