ਧਾਰਮਿਕ, ਇਤਿਹਾਸਕ ਅਤੇ ਚਲੰਤ ਮਾਮਲਿਆਂ ਦੇ ਨਾਲ-ਨਾਲ ਹਾਸ-ਵਿਅੰਗ ਦੀਆਂ ਲਿਖਤਾਂ ਪੜ੍ਹਨਾ ਮੇਰੀ ਪਹਿਲੀ ਪਸੰਦ ਹੈ। ਕਿਸੇ ਲਿਖਤ ਦੇ ਸਿਰਲੇਖ ਨਾਲ ‘ਵਿਅੰਗ‘ ਜਾਂ ਹਾਸ-ਵਿਅੰਗ ਲਿਖਿਆ ਹੋਇਆ ਹੋਵੇ, ਮੈਂ ਉਸ ਨੂੰ ਪੜ੍ਹੇ ਬਗ਼ੈਰ ਨਹੀਂ ਛੱਡਦਾ। ਇਸੇ ਆਦਤ ਦਾ ਮਾਰਿਆ ਅਖ਼ਬਾਰਾਂ ਵਿਚ ਛਪਦਾ ਚੁਟਕਲਿਆਂ ਦਾ ਕੋਨਾ ਵੀ ਜ਼ਰੂਰ ਪੜ੍ਹਦਾ ਹਾਂ। ਕਿਸੇ ਅਖ਼ਬਾਰ ਵਿਚ ਲਤੀਫ਼ਾ ਪੜ੍ਹ ਰਿਹਾ ਸਾਂ। ਕਹਿੰਦੇ ਕੋਈ ਵਿਆਹਿਆ-ਵਰਿਆ ਮਰਦ ਆਪਣੇ ਕਿਸੇ ਅਣ-ਵਿਆਹੇ ਭਾਵ ਕੰਵਾਰੇ ਦੋਸਤ ਨਾਲ ਆਪਣੇ ਘਰੇਲੂ ਰੰਡੀ-ਰੋਣੇ ਰੋ ਰਿਹਾ ਸੀ। ਉਹ ਦੱਸ ਰਿਹਾ ਸੀ ਕਿ ਕਿਵੇਂ ਉਸ ਦੀ ਪਤਨੀ ਨੇ ਨੱਕ ਵਿਚ ਦਮ ਲਿਆਂਦਾ ਹੋਇਆ ਹੈ। ਕੰਵਾਰਾ ਦੋਸਤ ਬੇਪ੍ਰਵਾਹ ਜਿਹਾ ਹੋ ਕੇ ਵਿਆਹੇ ਦੋਸਤ ਦੀ ‘ਦੁੱਖ ਭਰੀ ਕਹਾਣੀ‘ ਸੁਣ ਰਿਹਾ ਸੀ। ਵਿਆਹਿਆ ਮਰਦ ਆਪਣੇ ਦੋਸਤ ਦੇ ਕੁਆਰੇ ਹੋਣ ‘ਤੇ ਰਸ਼ਕ ਕਰਦਿਆਂ ਕਹਿੰਦਾ, “ਯਾਰ…ਤੂੰ ਤੀਹ-ਪੈਂਤੀ ਸਾਲ ਦਾ ਹੋ ਕੇ ਵੀ, ਭਲਾ ਅਹਿ ਵਿਆਹ ਨਾਂ ਦੀ ਬੀਮਾਰੀ ਤੋਂ ਕਿਵੇਂ ਬਚਿਆ ਰਹਿ ਗਿਆ ਏਂ?” ਮਾਸੂਮ ਜਿਹਾ ਮੂੰਹ ਬਣਾ ਕੇ ਕੰਵਾਰੇ ਨੇ ਜਵਾਬ ਦਿੱਤਾ, “ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ!”
ਵਿਆਹੁਤਾ ਜ਼ਿੰਦਗੀ ਦਾ ਮੌਜੂ ਉਡਾਉਣ ਵਾਲਾ ਇਹ ਚੁਟਕਲਾ ਮੈਨੂੰ ਬਹੁਤਾ ਹਸਾ ਤਾਂ ਨਹੀਂ ਸਕਿਆ ਪਰ “ਜਾ ਕੋ ਰਾਖੇ ਸਾਈਆਂ” ਵਾਲੀ ਪੰਕਤੀ ਮੇਰਾ ਆਪਣਾ ਅੱਗਾ-ਪਿੱਛਾ ਫੋਲਣ ਲੱਗ ਪਈ। ਮੇਰੇ ਸਾਈਆਂ ਜੀਉ ਨੇ ਭਾਵੇਂ ਵਿਆਹ ਦੀ ਬਿਆਧਿ ਤੋਂ ਮੇਰੀ ਰੱਖਿਆ ਨਹੀਂ ਕੀਤੀ ਸਗੋਂ ਇਹ ਢੋਲ ਸਮੇਂ ਸਿਰ ਹੀ ਮੇਰੇ ਗਲ ਪਾ ਦਿੱਤਾ ਸੀ ਪਰ ਉਮਰ ਦੀ ਪੌੜੀ ਦੇ ਤਿਰਵੰਜਾ ਡੰਡੇ ਟੱਪਦਿਆਂ ਕਈ ਮੌਕੇ ਐਸੇ ਆਏ ਜਦੋਂ ਮਲਕ-ਉਲ-ਮੌਤ, ਭੱਜ-ਭੱਜ ਕੇ ਮੇਰੇ ਵੱਲ ਨੂੰ ਆਉਂਦਾ ਤਾਂ ਰਿਹਾ ਲੇਕਿਨ ਮੇਰੇ ਸਾਈਂ ਦੇ ਹੁਕਮ ਤੋਂ ਡਰ ਕੇ ਮੈਥੋਂ ਕੁਝ ਕੁ ਫੁੱਟ ਦੀ ਦੂਰੀ ਤੋਂ ਵਾਪਸ ਖ਼ਾਲੀ ਹੱਥ ਮੁੜ ਜਾਂਦਾ ਰਿਹਾ।
ਬੰਦੇ ਦੀ ਜ਼ਿੰਦਗੀ ਬਾਰੇ ਕਿਸੇ ਨੇ ਬੁਝਾਰਤ ਘੜੀ ਹੋਈ ਹੈ ਕਿ ਇਹ ਬਚਪਨ ਵਿਚ ਚੌ-ਪਾਇਆ, ਬਾਕੀ ਦੀ ਉਮਰ ਦੋ-ਪਾਇਆ ਅਤੇ ਅਖ਼ੀਰ ਵਿਚ ਤਿ-ਪਾਇਆ ਹੋ ਜਾਂਦਾ ਹੈ। ਬਚਪਨੇ ਵਿਚ ਦੋ ਹੱਥ ਅਤੇ ਦੋ ਗੋਡੇ ਧਰਤੀ ਨਾਲ ਲਾ ਕੇ ‘ਰੁੜ੍ਹਦਾ‘ ਹੈ। ਬਾਕੀ ਦੀ ਉਮਰ ਦੋ ਪੈਰਾਂ ‘ਤੇ ਚੱਲਦਾ ਹੈ। ਅਖ਼ੀਰ ਬੁਢਾਪੇ ਵਿਚ ‘ਤੀਜਾ ਪੈਰ‘ ਡੰਗੋਰੀ ਬਣ ਜਾਂਦੀ ਹੈ। ਮੇਰੇ ਵੀ ਚੌਪਾਇਆ-ਕਾਲ ਭਾਵ ਰੁੜ੍ਹਨ ਵੇਲੇ ਦੀਆਂ ਦੋ ਘਟਨਾਵਾਂ ਐਸੀਆਂ ਹਨ ਜਿਨ੍ਹਾਂ ਨੂੰ ਗਾਹੇ-ਬਗਾਹੇ ਸੁਣਾਉਣ ਵੇਲੇ ਵੀ, ਮੇਰੇ ਮਾਂ-ਬਾਪ ਦਾ (ਖ਼ਾਸ ਕਰਕੇ ਮਾਂ ਦਾ) ਚਿਹਰਾ ਪੀਲਾ ਭੂਕ ਹੋ ਜਾਂਦਾ ਹੁੰਦਾ ਸੀ। ਮੇਰੇ ਬੱਚਿਆਂ ਨੂੰ ਗੋਦੀ ਖਿਡਾਉਣ ਸਮੇਂ ਵੀ ਉਹ ਇਹ ਵਾਕਿਆਤ ਇਉਂ ਸੁਣਾਉਂਦੇ ਹੁੰਦੇ ਸਨ ਜਿਵੇਂ ਕਿਤੇ ਇਹ ਗੱਲਾਂ ਹੁਣੇ ਤਾਜ਼ੀਆਂ ਹੀ ਹੋਈਆਂ ਹੋਣ।
ਸਾਈਂ ਦੀ ਸਮਰੱਥਾ ਦਿਖਾਉਂਦਾ ਪਹਿਲਾ ਦ੍ਰਿਸ਼ਟਾਂਤ ਸਾਡੇ ਘਰ ਦਾ ਹੀ ਹੈ। ਹੁਣ ਤਾਂ ਸਾਡੇ ਘਰ ਨੂੰ ਵੀ ਜੇਲ੍ਹ ਵਰਗੇ ਗੇਟ ਲੱਗ ਗਏ ਹਨ ਪਰ ਉਦੋਂ ਸਾਡੇ ਖੁੱਲ੍ਹੇ ਡੁੱਲ੍ਹੇ ਵਿਹੜੇ ਵਿਚ ਭਾਰੀ ਨਿੰਮ ਹੁੰਦੀ ਸੀ ਜਿਸ ਨੂੰ ਸਹੀ ਅਰਥਾਂ ਵਿਚ ‘ਕਾਮਨਵੈਲਥ ਨਿੰਮ‘ ਕਿਹਾ ਜਾ ਸਕਦਾ ਸੀ ਕਿਉਂਕਿ ਆਂਢ-ਗੁਆਂਢ ਦੇ ਬੱਚੇ-ਬੁੱਢੇ, ਜ਼ਨਾਨੀਆਂ ਸਾਰੇ ਇਸ ਦੀ ਛਾਂ ਦਾ ਆਨੰਦ ਮਾਣਦੇ ਹੁੰਦੇ ਸਨ। ਪਿੰਡ ਵਿਚ ਆਉਣ ਵਾਲੇ ਮਦਾਰੀ ਜਾਂ ਤਮਾਸ਼ਾ ਕਰਨ ਵਾਲੇ ਇਸ ਨਿੰਮ ਥੱਲੇ ਆ ਕੇ ਡੁਗ-ਡੁਗੀ ਜਾਂ ਬੰਸਰੀ ਵਜਾਉਂਦੇ ਹੁੰਦੇ ਸਨ। ਹਮੇਸ਼ਾ ਇਥੇ ਹੀ ਮਜਮਾ ਲੱਗਦਾ ਹੁੰਦਾ ਸੀ। ਸਾਉਣ-ਭਾਦੋਂ ਦੇ ਦਿਨਾਂ ਵਿਚ ਇਕ ਵਾਰ ਸਪੇਰਾ ਬੀਨ ਵਜਾਉਂਦਾ ਸਾਡੀ ਨਿੰਮ ਥੱਲੇ ਆ ਬੈਠਾ। ਬੀਨ ਵੱਜਦੀ ਸੁਣ ਕੇ ਸਾਰੇ ਪਿੰਡ ਦੇ ਜੀਆ-ਜੰਤ ਸਪੇਰੇ ਦੁਆਲੇ ਆ ਖੜ੍ਹੇ ਹੋਏ। ਸਪੇਰੇ ਨੇ ਆਪਣੀ ਝੋਲੀ ਵਿਚੋਂ ਪਟਾਰੀ ਕੱਢੀ ਅਤੇ ਬੀਨ ਵਜਾਉਂਦਿਆਂ ਪਟਾਰੀ ਦਾ ਢੱਕਣ ਲਾਹਿਆ। ਇਕਦਮ ਕਾਲੀਆਂ ਕੌਡੀਆਂ ਵਾਲਾ ਬੜਾ ਭਾਰਾ ਖੜੱਪਾ ਸੱਪ ਫਨ ਫੈਲਾਅ ਕੇ ਬੀਨ ਦੇ ਨਾਲ-ਨਾਲ ਹਿੱਲਣ ਲੱਗ ਪਿਆ।
ਸੱਪ ਨੂੰ ਅਚਾਨਕ ਪਤਾ ਨਹੀਂ ਕੀ ਸੁੱਝਿਆ; ਪਲਾਂ-ਛਿਣਾਂ ਵਿਚ ਹੀ ਲਪਰ ਲਪਰ ਕਰਦਾ ਇਕ ਪਾਸੇ ਨੂੰ ਤੁਰ ਪਿਆ। ਲਾਗੇ ਹੀ ਜਿਸ ਮੰਜੀ ‘ਤੇ ਮੇਰੀ ਮਾਂ ਨੇ ਮੈਨੂੰ ਸੁਲਾਇਆ ਹੋਇਆ ਸੀ, ਉਸ ਦੀ ਟੁੱਟੀ ਹੋਈ ਦੌਣ ਦੀਆਂ ਲਮਕਦੀਆਂ ਰੱਸੀਆਂ ਥਾਣੀਂ, ਦੇਖਦਿਆਂ ਦੇਖਦਿਆਂ ਸੱਪ ਮੇਰੀ ਮੰਜੀ ‘ਤੇ ਜਾ ਚੜ੍ਹਿਆ। ਰੌਲਾ ਸੁਣ ਕੇ ਮੈਂ ਅੱਭੜਵਾਹੇ ਉਠ ਬੈਠਾ ਅਤੇ ਮੰਜੀ ਦੀ ਪੈਂਦ ਵੱਲ ਨੂੰ ਰੁਖ਼ ਕਰ ਲਿਆ! ਕੁੱਤਾ-ਬਿੱਲਾ ਹਮਲਾਵਰ ਹੋਵੇ ਤਾਂ ਕੋਈ ਬੰਦਾ-ਤੀਵੀਂ ਅੱਗੇ ਵਧੇ ਪਰ ਇਥੇ ਤਾਂ ਫਨੀਅਰ ਸੱਪ ਸੀ ਜਿਹਦੇ ਬਾਰੇ ਪਿੰਡਾਂ ਵਿਚ ਪ੍ਰਚਲਿਤ ਹੈ ਕਿ ਬੰਦੇ ਦੇ ਡੰਗ ਮਾਰਨ ਵੇਲੇ ਇਹ ਕਹਿੰਦਾ ਹੈ ਕਿ ‘ਮਰਨ ਵਾਲਿਆ, ਮੇਰੇ ਉਤੇ ਨਾ ਡਿੱਗ ਪਈਂ!‘ ਗੱਲ ਕੀ…ਉਥੇ ਨੱਠ ਓਏ, ਭੱਜ ਓਏ…ਚੀਕ-ਚਿਹਾੜਾ ਪੈ ਗਿਆ। ਦੁ-ਹੱਥੜੀਂ ਪਿੱਟਦੀ ਹੋਈ ਮੇਰੀ ਮਾਂ ਨੇ ਬਿਜਲੀ ਦੀ ਫੁਰਤੀ ਨਾਲ ਮੈਨੂੰ ਲੱਤਾਂ ਤੋਂ ਫੜ ਕੇ ਪਿੱਛੇ ਨੂੰ ਘੜੀਸ ਲਿਆ। ਇੰਨੇ ਨੂੰ ਸਪੇਰੇ ਨੇ ਵੀ ਸੱਪ ਨੂੰ ਜਾ ਨੱਪਿਆ। ਮੇਰਾ ਬਾਪ ਤਾਂ ਜਿਗਰਾ ਕਰ ਗਿਆ ਪਰ ਕਹਿੰਦੇ ਨੇ ਮੇਰੀ ਮਾਂ ਨੇ ਮੈਨੂੰ ਘੁੱਟ ਕੇ ਹਿੱਕ ਨਾਲ ਲਾਉਂਦਿਆਂ ਸਪੇਰੇ ਦੀ ਚੰਗੀ ਦੁਰਗਤ ਕੀਤੀ।
ਦੂਸਰਾ ਵਾਕਿਆ ਵੀ ਮੇਰੇ ‘ਰੁੜ੍ਹਨ ਕਾਲ‘ ਨਾਲ ਹੀ ਸਬੰਧਤ ਹੈ। ਹਰ ਸਾਲ ਵਾਂਗ ਸਾਡੇ ਘਰਦਿਆਂ ਨੇ ਹੋਲੇ-ਮਹੱਲੇ ‘ਤੇ ਸ੍ਰੀ ਆਨੰਦਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ। ਉਨ੍ਹਾਂ ਸਮਿਆਂ ਵਿਚ ਇਹ ਯਾਤਰਾ ਪੈਦਲ ਹੀ ਕੀਤੀ ਜਾਂਦੀ ਸੀ। ਸਾਡੇ ਇਲਾਕੇ ਦੀ ਸੰਗਤ ਵੱਲੋਂ ਪਹਿਲਾ ਪੜਾਅ ਕਰੀਮਪੁਰ ਚਾਹ ਵਾਲਾ ਦੇ ਗੁਰਦੁਆਰੇ ਵਿਖੇ ਕੀਤਾ ਜਾਂਦਾ ਹੈ। ਇਥੋਂ ਸੁਵਖ਼ਤੇ ਚਾਹ ਛਕਣ ਮਗਰੋਂ ਅਗਲੀ ਯਾਤਰਾ ਆਰੰਭ ਕੀਤੀ ਜਾਂਦੀ ਸੀ। ਇੰਜ ਸਾਡਾ ਕਾਫ਼ਲਾ ਸੁਵਖ਼ਤੇ ਹੀ ਸਤਲੁਜ ਦਰਿਆ ਕੰਢੇ ਜਾ ਪਹੁੰਚਿਆ। ਉਨ੍ਹਾਂ ਦਿਨਾਂ ਵਿਚ ਪੈਸੇ ਵਾਲੇ ਲੋਕ ਬੇੜੀ ਰਾਹੀਂ ਦਰਿਆ ਪਾਰ ਕਰ ਲੈਂਦੇ ਜਦਕਿ ਬਹੁਤੇ ਲੋਕੀਂ ਗਠੜੀਆਂ ਸਿਰਾਂ ‘ਤੇ ਚੁੱਕ ਕੇ ਅਤੇ ਬਾਲਾਂ ਨੂੰ ਮੋਢਿਆਂ ‘ਤੇ ਬਿਠਾ ਕੇ ਦਰਿਆ ਲੰਘਦੇ ਹੁੰਦੇ। ਸ਼ਰਧਾਲੂਆਂ ਦੀ ਸਹੂਲਤ ਵਾਸਤੇ ਦਰਿਆ ਦੇ ਨਾਲ ਨਾਲ ਵਸਦੇ ਪਿੰਡਾਂ ਦੇ ਲੋਕ, ਦਰਿਆ ਦੇ ਵਹਿਣ ਤੋਂ ਜਾਣੂੰ ਹੋਣ ਕਰਕੇ, ਪੈਦਲ ਦਰਿਆ ਪਾਰ ਕਰਨ ਵਾਲਿਆਂ ਦੇ ਅੱਗੇ ਅੱਗੇ ਤੁਰ ਕੇ ਉਨ੍ਹਾਂ ਦੀ ਅਗਵਾਈ ਕਰਦੇ। ਕੈਸਾ ਸਤਿਯੁਗੀ ਸਮਾਂ ਹੋਵੇਗਾ ਉਹ…!
ਜਿਸ ਜਥੇ ਵਿਚ ਮੇਰੀ ਮਾਂ ਨੇ ਮੈਨੂੰ ਕੁੱਛੜ ਚੁੱਕਿਆ ਹੋਇਆ ਸੀ, ਉਸ ਵਿਚ ਮੇਰੀਆਂ ਭੈਣਾਂ, ਮਾਮੇ-ਮਾਮੀਆਂ, ਨਾਨਾ ਅਤੇ ਭੂਆ-ਫੁੱਫੜ ਵਗੈਰਾ ਸਾਰੇ ਰਿਸ਼ਤੇਦਾਰ ਸ਼ਾਮਲ ਸਨ। ਦਰਿਆ ਕੰਢੇ ਜਾ ਕੇ ਮਸਲਾ ਇਹ ਖੜ੍ਹ ਗਿਆ ਕਿ ਦਰਿਆ ਪੈਦਲ ਪਾਰ ਕੀਤਾ ਜਾਏ ਜਾਂ ਬੇੜੀ ਰਾਹੀਂ। ਕੱਪੜੇ-ਲੱਤੇ ਅਤੇ ਝੋਲੇ ਵਗੈਰਾ ਦੀਆਂ ਗਠੜੀਆਂ ਬੰਨ੍ਹਦਿਆਂ-ਕਰਦਿਆਂ ਮੇਰੀ ਮਾਂ ਦੀ ਮਮਤਾ ਭਰੀ ਸਿਫ਼ਾਰਸ਼ ‘ਤੇ ਫ਼ੈਸਲਾ ਹੋਇਆ ਕਿ ਸਾਰੇ ਜਣੇ ਬੇੜੀ ਵਿਚ ਹੀ ਪਾਰ ਜਾਣਗੇ। ਮੇਰੀ ਮਾਂ ਦਾ ਕਹਿਣਾ ਸੀ ਕਿ ਚੌਂਹ ਧੀਆਂ ਪਿੱਛੋਂ ਰੱਬ ਨੇ ਮਸਾਂ-ਮਸੇਂਦਰੇ ਦਾ ਮੈਨੂੰ ਪੁੱਤ ਦਿੱਤਾ ਹੈ। ਦਰਿਆ ਵਿਚ ਪਾਣੀ ਜ਼ਿਆਦਾ ਹੋਣ ਕਰਕੇ ਅਸੀਂ ਖ਼ਤਰਾ ਮੁੱਲ ਨਹੀਂ ਲੈਣਾ। ਇਥੇ ਬੇੜੀ ਇਕ ਹੀ, ਪਰ ਸੰਗਤ ਜ਼ਿਆਦਾ ਹੋਣ ਕਾਰਨ ਆਪੋ-ਧਾਪੀ ਪੈ ਜਾਂਦੀ ਸੀ। ਸੋ, ਕੁਝ ਚਿਰ ਉਡੀਕ ਕਰਨ ਬਾਅਦ ਸਾਡਾ ਕਾਫ਼ਲਾ ਬੇੜੀ ਵਿਚ ਜਾ ਬੈਠਾ। ਨੀਲੇ ਪਾਣੀ ਵਿਚ ਬੇੜੀ ਠਿੱਲ੍ਹ ਪਈ। ਸਾਰੀ ਸੰਗਤ ਕਲਗੀਆਂ ਵਾਲੇ ਪਾਤਸ਼ਾਹ ਦੀ ਉਪਮਾ ਦੇ ਆਪੇ-ਘੜੇ ਹੋਏ ਟੋਟਕੇ ਪੜ੍ਹ ਰਹੀ ਸੀ।
ਜਦ ਬੇੜੀ ਦਰਿਆ ਦੇ ਅੱਧ ਕੁ ਵਿਚ ਗਈ ਤਾਂ ਗਠੜੀਆਂ ਸਾਂਭੀ ਬੈਠੀ ਮੇਰੀ ਭੋਲੀ ਮਾਂ, ਮੇਰੇ ਬਾਪ ਨੂੰ ਪੁੱਛਣ ਲੱਗੀ ਕਿ ਮੁੰਡਾ ਤੂੰ ਚੁੱਕਿਆ ਹੋਇਐ? ਬੇਪ੍ਰਵਾਹ ਜਿਹੇ ਸੁਭਾਅ ਦਾ ਮੇਰਾ ਬਾਪ ਕਹਿੰਦਾ ਕਿ ਮੇਰੇ ਕੋਲ ਤਾਂ ਹੈਨੀਂ। ਕਿਸੇ ਕੁੜੀ (ਮੇਰੀਆਂ ਚਾਰ ਭੈਣਾਂ) ਕੋਲ ਹੋਵੇਗਾ! ਫ਼ਿਕਰ ਵਿਚ ਮੇਰੀ ਮਾਂ ਨੇ ਪੁੱਛ-ਪੜਤਾਲ ਕੀਤੀ ਤਾਂ ਉਹਦੇ ਸਾਹ ਸੁੱਕ ਗਏ! ਮਾਮੇ-ਮਾਮੀਆਂ, ਭੂਆ-ਫੁੱਫੜ, ਚਾਰੇ ਭੈਣਾਂ ਅਤੇ ਹੋਰ ਜੀਆ-ਜੰਤ ਬੇੜੀ ਵਿਚ ਹਾਜ਼ਰ ਪਰ ‘ਮੁੰਡਾ‘ ਕਿਸੇ ਕੋਲ ਵੀ ਹੈ ਨਾ!! ਮੇਰੀ ਮਾਂ ਨੂੰ ਲੱਗ ਪਏ ਡੋਬੂ ਪੈਣ…ਸੁਖਾਂ ਲੱਧਾ ਮੇਰਾ ਪੁੱਤ ਕਿੱਥੇ ਗਿਆ? ਬੇੜੀ ਵਿਚ ਹਲਚਲ ਮਚ ਗਈ! ਪਰ ਮਲਾਹ ਸਾਵਧਾਨੀ ਨਾਲ ਵੰਝ ਲਾਉਂਦਾ ਹੋਇਆ ਬੇੜੀ ਦੂਜੇ ਕੰਢੇ ਵੱਲ ਲਿਜਾ ਰਿਹਾ ਸੀ।
ਅੱਕੀਂ ਪਲਾਹੀਂ ਹੱਥ ਮਾਰਨ ਵਾਂਗ ਮੇਰੇ ਬਾਪ ਨੇ ਖੜ੍ਹੇ ਹੋ ਕੇ ਆਰ-ਪਾਰ ਨਜ਼ਰ ਦੌੜਾਈ। ਅਚਾਨਕ ਉਸ ਦੀ ਨਜ਼ਰ ਪਾਰ ਦੇ ਕਿਨਾਰੇ ਪਈ ਜਿਥੇ ਮੈਂ ਕੰਢੇ ‘ਤੇ ਬੈਠਾ ਰੇਤ ਨਾਲ ਖੇਡ ਰਿਹਾ ਸਾਂ ਅਤੇ ਮੇਰਾ ਨਾਨਾ ਮੈਨੂੰ ਇਕੱਲੇ ਨੂੰ ਛੱਡ ਕੇ, ਗਾਰੇ ਨਾਲ ਲਿਬੜੇ ਆਪਣੇ ਪੈਰ ਧੋਣ ਡਿਹਾ ਹੋਇਆ ਸੀ। ਅਸਲ ਵਿਚ ਹੋਇਆ ਇੰਜ ਕਿ ਜਦੋਂ ਇਹ ਸਾਰੇ ਜਣੇ ਉਰਾਰ ਬੈਠੇ ਬੇੜੀ ਵਿਚ ਬਹਿਣ ਦੀਆਂ ਹਾਲੇ ਸਲਾਹਾਂ ਕਰ ਰਹੇ ਸਨ ਤਾਂ ਰਾਮ-ਰੌਲੇ ਜਿਹੇ ਵਿਚ, ਧੁੱਸ ਮਾਰ ਸੁਭਾਅ ਵਾਲਾ ਮੇਰਾ ਨਾਨਾ ਚੁੱਪ-ਚੁਪੀਤਾ ਮੈਨੂੰ ਮੋਢੇ ਬਿਠਾ ਕੇ ਦਰਿਆ ‘ਚ ਠਿੱਲ੍ਹ ਪਿਆ ਸੀ!
ਮੈਂ ਲੱਭ ਤਾਂ ਪਿਆ ਪਰ ਖ਼ਤਰੇ ਵਾਲੀ ਗੱਲ ਇਹ ਸੀ ਕਿ ਨਾਨਾ ਮੈਨੂੰ ਐਨ ਕੰਢੇ ‘ਤੇ ਬਿਠਾ ਕੇ ਹੱਥ-ਪੈਰ ਧੋਈ ਜਾ ਰਿਹਾ ਸੀ। ਉਧਰ ਮੈਂ ਮਸਤੀ ਵਿਚ ਕਦੇ ਇਧਰ ਨੂੰ ਰੁੜ੍ਹਦਾ ਜਾਵਾਂ ਤੇ ਕਦੇ ਉਧਰ ਨੂੰ। ਕੰਢੇ ਨਾਲ ਸ਼ੂਕਦਾ ਦਰਿਆ ਪਿਆ ਵਗੇ! ਸਾਰੇ ਰਿਸ਼ਤੇਦਾਰ ਬੇੜੀ ਵਿਚੋਂ ਕਿੱਲ੍ਹ ਕਿੱਲ੍ਹ ਕੇ ਅਵਾਜਾਂ ਮਾਰਨ ਕਿ ਭਾਈਆ! ਮੁੰਡੇ ਨੂੰ ਚੁੱਕ ਕੇ ਕੰਢੇ ਤੋਂ ਪਰ੍ਹੇ ਕਰ ਦੇ ਪਰ ਬੋਲ਼ਾ ਨਾਨਾ ਬੇਪ੍ਰਵਾਹ ਹੋ ਕੇ ਆਪਣਾ ਕੰਮ ਕਰੀ ਗਿਆ। ਜਿੰਨਾ ਚਿਰ ਬੇੜੀ ਪਾਰ ਨਹੀਂ ਲੱਗੀ, ਸਾਡੇ ਘਰਦਿਆਂ ਦੀ ਜਾਨ ਮੁੱਠ ਵਿਚ ਆਈ ਰਹੀ!!
ਤੀਸਰੀ ਦੁਰਘਟਨਾ ਵੀ ਦਰਿਆ ਸਤਲੁਜ ਨਾਲ ਹੀ ਵਾਬਸਤਾ ਹੈ। ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿਚ ਅੱਠਵੀਂ ਦਾ ਵਿਦਿਆਰਥੀ ਸਾਂ। ਜਲੰਧਰ ਸ਼ਹਿਰ ਦਾ ਇਕ ਅਧਿਆਪਕ ਸਾਡੇ ਸਕੂਲ ਆਣ ਲੱਗਾ। ਉਸ ਨੇ ਇਕ ਸਨਿਚਰਵਾਰ ਸਲਾਹ ਕੀਤੀ ਕਿ ਪਿਕਨਿਕ ‘ਤੇ ਚੱਲਿਆ ਜਾਵੇ। ‘ਮੁੱਲਾਂ ਦੀ ਦੌੜ ਮਸੀਤ ਤਕ’ ਦੇ ਅਖਾਣ ਵਾਂਗ ਪੇਂਡੂ ਸਕੂਲ ਦੇ ਨਿਆਣਿਆਂ ਨੇ ਪਿਕਨਿਕ ਵਾਸਤੇ ਪਿੰਜੌਰ ਗਾਰਡਨ ਥੋੜ੍ਹੇ ਜਾਣਾ ਸੀ! ਸੋਚ-ਵਿਚਾਰ ਕੇ ਮਾਸਟਰ ਜੀ ਸਾਨੂੰ ਲੈ ਗਏ ਦਰਿਆ ਸਤਲੁਜ ‘ਤੇ ਜੋ ਸਾਡੇ ਪਿੰਡੋਂ ਤਿੰਨ ਕੁ ਮੀਲ ਦੀ ਵਿੱਥ ‘ਤੇ ਵਗਦਾ ਹੈ। ਇਕ ਛੁੱਟੀ ਹੋਣ ਦਾ ਚਾਅ, ਦੂਜੇ ਦਰਿਆ ਦੇ ਪਾਣੀ ਵਿਚ ਖਰਮਸਤੀਆਂ। ਮਾਸਟਰ ਜੀ ਨੇ ਸਾਨੂੰ ਹਦਾਇਤ ਤਾਂ ਦੇ ਰੱਖੀ ਸੀ ਕਿ ਕੰਢੇ ਨਾਲ ਹੀ ਰਹਿਣਾ ਹੈ ਪਰ ਇਕ ਸ਼ਰਾਰਤੀ ਮੁੰਡਾ ਮੇਰੇ ਉਪਰ ਪਾਣੀ ਸੁੱਟਦਾ ਗਿਆ। ਮੈਂ ਅਣਜਾਣ ਪਿਛਲ-ਖੁਰੀਆਂ ਤੁਰਦਾ-ਤੁਰਦਾ ਕੰਢੇ ਤੋਂ ਦੂਰ ਚਲਾ ਗਿਆ। ਪਾਣੀ ਦੀ ਘੁੰਮਣਘੇਰੀ ਜਿਹੀ ਨੇ ਮੇਰੇ ਪੈਰ ਚੱਕ ਦਿੱਤੇ। ਗੋਤੇ ਖਾਂਦਾ ਹੋਇਆ ਮੈਂ ਡੂੰਘੇ ਪਾਣੀ ‘ਚ ਡੁੱਬ ਗਿਆ। ਮੇਰੇ ਮੂੰਹ ਵਿਚ ਪਾਣੀ ਭਰ ਗਿਆ। ਕੰਨਾਂ ਵਿਚ ਸਾਥੀਆਂ ਦੀ ਕਾਵਾਂ-ਰੌਲੀ ਦੀ ਥਾਂ ਤੇਜ਼ ਵਗਦੇ ਪਾਣੀ ਦੀ ਘਰਲ-ਘਰਲ ਹੋਣ ਲੱਗ ਪਈ।
ਪਤਾ ਮੈਨੂੰ ਉਦੋਂ ਹੀ ਲੱਗਾ ਜਦੋਂ ਮੈਨੂੰ ਕੋਈ ਆਪਣੀ ਘਨੇੜੀ ਲਾ ਕੇ ਦਰਿਆ ਵਿਚੋਂ ਧੂੰਹਦਾ ਹੋਇਆ ਬਾਹਰ ਨੂੰ ਖਿੱਚ ਕੇ ਲਿਆ ਰਿਹਾ ਸੀ। ਸਾਈਆਂ ਦੇ ਹੁਕਮ ਅਨੁਸਾਰ ਕੰਢੇ ‘ਤੇ ਖੜ੍ਹੇ ਮੱਝਾਂ ਦੇ ਇਕ ਪਾਲੀ ਨੇ ਮੈਨੂੰ ਡੁੱਬਦੇ ਨੂੰ ਦੇਖ ਲਿਆ ਸੀ। ਸਣ-ਕੱਪੜੇ ਛਾਲ ਮਾਰ ਕੇ ਉਹ ਵਿਚਾਰਾ ਮੈਨੂੰ ਡੁੱਬਦੇ ਨੂੰ ਬਚਾਅ ਲਿਆਇਆ। ਮੂਧੇ ਮੂੰਹ ਲੰਮਾ ਪਾ ਕੇ ਮੇਰੇ ਅੰਦਰੋਂ ਪਾਣੀ ਕੱਢਿਆ। ਮੇਰੀ ਜ਼ਿੰਦਗੀ ਵਿਚ “ਮਾਰਨ ਵਾਲੇ ਨਾਲੋਂ ਰੱਖਣ ਵਾਲਾ ਬਿਅੰਤ” ਦੀ ਮਨੌਤ ਨੂੰ ਸੱਚੀ ਸਿੱਧ ਕਰਨ ਵਾਲੀਆਂ ਇਕ-ਦੋ ਘਟਨਾਵਾਂ ਹੋਰ ਵੀ ਹਨ ਪਰ ਇਕ ਨਾ ਇਕ ਦਿਨ ਉਹ ਵੀ ਜ਼ਰੂਰ ਆਉਣਾ ਹੈ ਜਦੋਂ “ਹੱਥ ਦੇ ਕੇ” ਰੱਖਣ ਵਾਲੇ ਸਾਈਂ ਨੇ ਖ਼ੁਦ ਹੀ ਕਾਲੇ ਵਾਰੰਟ ਜਾਰੀ ਕਰ ਦੇਣੇ ਹਨ। ਫਿਰ ਭਾਵੇਂ ਕੋਈ ਸ਼ਕਤੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ! ਭਾਵੇਂ ਅੜਿੱਕੇ ਆਇਆ ਬੰਦਾ ਅਜਿਹੇ ਤਰਲੇ ਮਾਰੀ ਜਾਵੇ:
ਪਿਛਾਂਹ ਰਹਿ ਕਾਹਲੀਏ ਮੌਤੇ,
ਮਿਰੇ ਨਜ਼ਦੀਕ ਨਾ ਆਵੀਂ।
ਗ਼ਜ਼ਲ ਲਿਖਦਾ ਹਾਂ ਮੈਂ ਹਾਲੇ,
ਮੈਂ ਹਾਲੇ ਮਰ ਨਹੀਂ ਸਕਦਾ!!
ਮਿਰੇ ਨਜ਼ਦੀਕ ਨਾ ਆਵੀਂ।
ਗ਼ਜ਼ਲ ਲਿਖਦਾ ਹਾਂ ਮੈਂ ਹਾਲੇ,
ਮੈਂ ਹਾਲੇ ਮਰ ਨਹੀਂ ਸਕਦਾ!!
ਤਰਲੋਚਨ ਸਿੰਘ ਦੁਪਾਲਪੁਰ