Wednesday, December 22, 2010

ਪੈਂਤੀ ਅੱਖਰਾਂ ਦਾ ਮੁੱਲ!

ਪਰ੍ਹਿਆ ਵਿਚ ਭੈਣ ਦੀ ਗਾਲ੍ਹ? … ਉਹ ਵੀ ਸਿਰੇ ਦੇ ਕੁਪੱਤੇ ਸੀਤਲ ਸਿੰਹੁ ਨੂੰ! ਜਿਸ ਦੀ ਪਿੱਠ ਪਿੱਛੇ ਪਿੰਡ ਵਾਲੇ ਕੋਈ ਉਸ ਨੂੰ ‘ਖੜੱਪਾ’, ਕੋਈ ‘ਕਾਲਾ ਨਾਗ’ ਅਤੇ ਕੋਈ ‘ਚਲਦੀ-ਫਿਰਦੀ ਸੱਤ/ਇਕਵੰਜਾ’ ਕਿਹਾ ਕਰਦੇ ਸਨ। ਹਰ ਇਕ ਦੇ ਗਲ਼ ਪੈਣ ਵਾਲੇ ਉਹਦੇ ਤੱਤੇ ਸੁਭਾਅ ਕਰਕੇ ਪਿੰਡ ਵਾਸੀ ਦੱਬਵੀਂ ਜ਼ੁਬਾਨ ਉਸ ਦਾ ਮਖ਼ੌਲ ਉਡਾਇਆ ਕਰਦੇ ਸਨ ਕਿ ਪਤਾ ਨਹੀਂ ਕਿਸ ਭੜੂਏ ਨੇ ਇਹਦਾ ਇੰਨਾ ਠੰਢਾ ਨਾਂ ਰੱਖਿਆ ਹੋਵੇਗਾ! ਇਸੇ ਕਰਕੇ ਸਾਰੇ ਗਰਾਈਂ ਸੀਤਲ ਸਿੰਘ ਵੱਲੋਂ ਕਹੀ ਗਈ ਕਿਸੇ ਕੌੜੀ-ਕਸੈਲੀ ਗੱਲ ਨੂੰ ਵੀ ਹੋਊ-ਪਰ੍ਹੇ ਕਰ ਦਿੰਦੇ। ਸਾਰੇ ਜਾਣਦੇ ਸਨ ਕਿ ਉਹਦੇ ਨਾਲ ਲਿਆ ‘ਪੰਗਾ’ ਬਹੁਤ ‘ਮਹਿੰਗਾ’ ਪੈਂਦਾ ਹੈ। ਕਈ ਬਾਹਲੇ ਈ ਖ਼ੌਫ਼ਜ਼ਦਾ ਬੰਦੇ ਉਸ ਨੂੰ ਭਿੱਜੀ ਬਿੱਲੀ ਵਾਂਗ ਘਿਗਿਆਈ ਆਵਾਜ਼ ਵਿਚ ਬੁਲਾਉਂਦੇ, “ਜਥੇਦਾਰ ਸਾਹਿਬ ਅੱਜ ਕਿਧਰ ਭਾਗ ਲਾਉਣ ਜਾ ਰਹੇ ਨੇ?” ਇਹੋ ਜਿਹਾ ਮਿਠਾਸ ਭਰਿਆ ਵਾਕ ਵੀ ਸੀਤਲ ਸਿੰਘ ਦੇ ਮੱਥੇ ਦੀ ਤਿਊੜੀ ਖੋਲ੍ਹਣ ਤੋਂ ਹੱਥ ਖੜ੍ਹੇ ਕਰ ਜਾਂਦਾ।
ਗੁਸੈਲ ਸੁਭਾਅ ਵਾਲੇ ਲੋਕਾਂ ਵਾਸਤੇ ਕਹਾਵਤ ਬਣੀ ਹੋਈ ਹੈ ਕਿ ਫਲਾਣਾ ਤਾਂ ਨੱਕ ‘ਤੇ ਮੱਖੀ ਨਹੀਂ ਬਹਿਣ ਦਿੰਦਾ ਪਰ ਸੀਤਲ ਸਿੰਘ ਦਾ ਇਹ ਹਾਲ ਸੀ ਕਿ ਨੱਕ ‘ਤੇ ਬਿਠਾਉਣ ਦਾ ਖ਼ਿਆਲ ਤਾਂ ਕਿਤੇ ਰਿਹਾ, ਕੋਈ ‘ਮੱਖੀ’ ਉਹਦੇ ਸਰੀਰ ਦੇ ਨੇੜੇ ਆਉਣ ਦਾ ਹੀਆ ਵੀ ਨਹੀਂ ਸੀ ਕਰਦੀ! ਹਰ ਵੇਲੇ ਪੁੱਠੀ ਕੁਹਾੜੀ ਵਾਂਗ ਪੈਣ ਲਈ ਤਿਆਰ-ਬਰ-ਤਿਆਰ!!

…ਤੇ ਅੱਜ ਜਦੋਂ ਉਮਰ ਵਿਚ ਉਹਦੇ ਨਾਲੋਂ ਪੰਜ-ਸੱਤ ਸਾਲ ਵੱਡੇ ਨੱਥਾ ਸਿੰਘ ਨੇ ਉਸ ਨੂੰ ਭੈਣ ਦੀ ਗਾਲ੍ਹ ਕੱਢ ਦਿੱਤੀ ਤਾਂ ਸੁਣਨ ਵਾਲਿਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ। ਸਾਰੇ ਇਕੱਠ ਵਿਚ ਸੰਨਾਟਾ ਛਾ ਗਿਆ। ਅਗਲੇ ਪਲਾਂ ਵਿਚ ਭਿਆਨਕ ਅਤੇ ਦਰਦਨਾਕ ਲੜਾਈ ਹੋਣ ਦੇ ਦ੍ਰਿਸ਼ਾਂ ਬਾਰੇ ਕਿਆਸ ਕਰਦਿਆਂ ਹਾਜ਼ਰ ਬੁੱਢੇ-ਠੇਰੇ, ਜਵਾਨ ਤੇ ਨਿਆਣੇ ਸਾਰੇ ਸੀਤਲ ਸਿੰਘ ਦੀਆਂ ਜ਼ਹਿਰੀ ਅੱਖਾਂ ਵੱਲ ਤੱਕਣ ਲੱਗੇ, ਜਿਨ੍ਹਾਂ ਵਿਚ ਹੁਣ ਕਿਤੇ ਵੀ ਚਿਟਿਆਈ ਨਹੀਂ ਸਗੋਂ ਖ਼ੂਨ ਹੀ ਖ਼ੂਨ ਦਿਖਾਈ ਦੇ ਰਿਹਾ ਸੀ। ਉਸ ਦਾ ਤਿੱਖਾ ਨੱਕ ਭੈਣ ਦੀ ਗਾਲ੍ਹ ਸੁਣ ਕੇ ਠੂੰਹੇ ਸੁੱਟ ਰਿਹਾ ਪ੍ਰਤੀਤ ਹੁੰਦਾ ਸੀ!

…ਗੱਲ ਵੀ ਕੁਝ ਨਹੀਂ ਸੀ ਹੋਈ, ਦੁਪਹਿਰ ਵੇਲੇ ਰੋਜ਼ ਵਾਂਗ ਪਿੰਡ ਦੇ ਦਰਵਾਜ਼ੇ ਗੱਪ-ਗੋਸ਼ਟੀ ਚੱਲ ਰਹੀ ਸੀ। ਇਕ-ਦੋ ਢਾਣੀਆਂ ਤਾਸ਼ ਖੇਡਣ ਵਿਚ ਮਸਤ ਸਨ। ਢਾਂਗੂ-ਡੰਗੋਰੀਆਂ ਲਈ ਪਿੰਡ ਦੇ ਬਜ਼ੁਰਗ ਵੀ ਇਥੇ ਬੈਠੇ ਸਨ। ਗੱਲਾਂ-ਬਾਤਾਂ ਦਾ ਰੁਖ਼ ਸਿਆਸਤ ਵੱਲ ਮੁੜ ਗਿਆ। ਕਿਸੇ ਨੁਕਤੇ ‘ਤੇ ਬਹਿਸ-ਮੁਬਾਹਿਸਾ ਛਿੜ ਪਿਆ। ਸੀਤਲ ਸਿੰਘ ਦੀ ਕਿਸੇ ਅਵੈੜੀ ਗੱਲ ਦੇ ਜਵਾਬ ਵਿਚ ਨੱਥਾ ਸਿੰਘ ਦੇ ਮੂੰਹੋਂ ਸਹਿਵਨ ਹੀ ਉਸ ਨੂੰ ਭੈਣ ਦੀ ਗਾਲ੍ਹ ਨਿਕਲ ਗਈ। ਹਾਲਾਂਕਿ ਆਮ ਪੇਂਡੂ ਬੁੜ੍ਹਿਆਂ ਵਾਂਗ ਇਹ ਬਜ਼ੁਰਗ ਗਾਲ੍ਹ-ਖੰਢੇ ਸੁਭਾਅ ਦਾ ਨਹੀਂ ਸੀ ਪਰ ਤੀਰ ਕਮਾਨੋਂ ਗੱਲ ਜ਼ਬਾਨੋਂ ਨਿਕਲਿਆਂ ਵਾਪਸ ਨਹੀਂ ਮੁੜਦੇ!

ਇਸ ਖੁੰਢ-ਚਰਚਾ ਦਾ ਮਾਹੌਲ ਇਕਦਮ ਬਦਲ ਗਿਆ। ਤਾਸ਼ਾਂ ਛੁੱਟ ਗਈਆਂ…ਚੁੱਪ-ਚਾਂ ਵਰਤ ਗਈ! ਕੁਝ ਸਿਆਣੇ ਮਨੋ-ਮਨੀ ਸਕੀਮਾਂ ਬਣਾਉਣ ਲੱਗੇ ਕਿ ਸੀਤਲ ਸਿੰਘ ਨੂੰ ਠੰਢਾ ਕਿਵੇਂ ਕੀਤਾ ਜਾਵੇ? ਨੱਥਾ ਸਿੰਘ ਦੇ ਮਿੱਤਰ-ਮੇਲੀ, ਉਸ ਨੂੰ ਉਥੋਂ ਬਾ-ਹਿਫ਼ਾਜ਼ਤ ਉਠਾ ਕੇ ਲੈ ਜਾਣ ਦੀਆਂ ਤਰਕੀਬਾਂ ਸੋਚਣ ਲੱਗੇ। ਕੁਝ ਤਮਾਸ਼ਬੀਨ ਕਿਸਮ ਦੇ ਬੰਦੇ ਇਹ ਚਾਹੁੰਦੇ ਸਨ ਕਿ ਕਦੋਂ ਦੋਵੇਂ ਜਣੇ ਗੁੱਥਮ-ਗੁੱਥਾ ਹੋਣ ਅਤੇ ਨੱਥਾ ਸਿੰਘ ਦੀ ਪੱਗ ਖਿਲਰੀ ਪਈ ਹੋਵੇ। ਉਹਦੀ ਦਾੜ੍ਹੀ ਦੇ ਵਾਲ ਸੀਤਲ ਸਿੰਘ ਦੇ ਹੱਥਾਂ ਵਿਚ ਹੋਣ। ਨੱਥਾ ਸਿੰਹੁ ਦੇ ਮੂੰਹ ‘ਚੋਂ ਖ਼ੂਨ ਦੀਆਂ ਤਤ੍ਹੀਰੀਆਂ ਵਗਣ ਲੱਗ ਪੈਣ…! ਜਿਵੇਂ ਕਿਸੇ ਕਤਲ ਦਾ ਫ਼ੈਸਲਾ ਸੁਣਨ ਲਈ ਅਦਾਲਤ ਵਿਚ ਹਾਜ਼ਰ ਬੰਦੇ ਜੱਜ ਦੇ ਚਿਹਰੇ ‘ਤੇ ਨਜ਼ਰਾਂ ਗੱਡੀ ਖੜ੍ਹੇ ਹੁੰਦੇ ਹਨ, ਇਸੇ ਤਰ੍ਹਾਂ ਸਾਰੀ ਸੱਥ, ਸੀਤਲ ਸਿੰਘ ਵੱਲੋਂ ਗਾਲ੍ਹ ਦੇ ਜਵਾਬ ਵਿਚ ਕੀਤੇ ਜਾਣ ਵਾਲੇ ਸੰਭਾਵੀ ਹਮਲੇ ਦਾ ਅਨੁਮਾਨ ਲਾਉਣ ਲੱਗੀ।

ਫ਼ੁਰਤੀ ਨਾਲ ਸੀਤਲ ਉਠਿਆ। ਨਾਸਾਂ ਫੁਲਾ ਕੇ ਸੱਪ ਵਾਂਗ ਫੁੰਕਾਰਾ ਮਾਰਿਆ। ਚੌਂਤਰੇ ਉਪਰ ਖੋਲ੍ਹ ਕੇ ਰੱਖੀ ਹੋਈ ਆਪਣੀ ਧੌੜੀ ਦੀ ਜੁੱਤੀ ਵੱਲ ਅਹੁਲਿਆ। ਦੰਦ ਕਰੀਚਦਿਆਂ ਨੱਥਾ ਸਿੰਘ ਵੱਲ ਦੇਖ ਕੇ ਖੰਘੂਰਾ ਮਾਰਿਆ। ਕ੍ਰੋਧ ਨਾਲ ਭਰੇ-ਪੀਤੇ ਨੇ ਸਾਰੇ ਜ਼ੋਰ ਨਾਲ ਲਾਗੇ ਦੀ ਕੰਧ ‘ਤੇ ਥੁੱਕਿਆ। ਸਾਰਿਆਂ ਦੇ ਦੇਖਦੇ-ਦੇਖਦੇ ਉਸ ਨੇ ਜੁੱਤੀ ਪੈਰੀਂ ਫਸਾਈ ਤੇ ਆਪਣੇ ਘਰ ਵੱਲ ਜਾਂਦੀ ਗਲੀ ਤੁਰ ਗਿਆ। ਦੇਖਣ ਵਾਲੇ ਹੱਕੇ-ਬੱਕੇ ਰਹਿ ਗਏ! ਸੀਤਲ ਦਾ ਅਜਿਹਾ ਵਿਹਾਰ ਦੇਖ ਕੇ ਉਨ੍ਹਾਂ ਨੂੰ ਜਾਪਣ ਲੱਗਾ ਜਿਵੇਂ ਉਹ ਸਾਰੇ ਜਣੇ ਕੋਈ ਨਾਟਕ ਜਾਂ ਫਿਲਮੀ-ਦ੍ਰਿਸ਼ ਦੇਖ ਕੇ ਹਟੇ ਹੋਣ। ‘ਇਹ ਕਿਵੇਂ ਹੋ ਗਿਆ?’ ਇਸ ਸਵਾਲ ਦੇ ਜਵਾਬ ਵਜੋਂ ਸਾਰਿਆਂ ਨੇ ਆਪੋ-ਆਪਣੇ ਕਿਆਫ਼ੇ ਲਾਏ।

ਇਸ ਅੱਲੋਕਾਰੀ ਘਟਨਾ ਮਗਰੋਂ ਜਿਹੜੇ ਲੋਕਾਂ ਨੇ ਸੀਤਲ ਸਿੰਘ ਨੂੰ ‘ਦੇਵਤਾ ਸਰੂਪ’ ਬਣ ਗਿਆ ਅਨੁਮਾਨਿਆ ਸੀ, ਉਨ੍ਹਾਂ ਦਾ ਭਰਮ ਕੁਝ ਦਿਨਾਂ ਬਾਅਦ ਉਦੋਂ ਟੁੱਟ ਗਿਆ ਜਦੋਂ ਉਸ ਨੇ ਮਾਮੂਲੀ ਜਿਹੀ ਗੱਲ ਪਿੱਛੇ ਹੋਏ ਤਕਰਾਰ ਕਾਰਨ ਹੱਟੀ ਵਾਲੇ ਸ਼ਰੀਫ਼ ਲਾਲੇ ਨੂੰ ਹਸਪਤਾਲ ਦਾਖ਼ਲ ਕਰਵਾਉਣ ਜੋਗਾ ਕਰ ਦਿੱਤਾ। ਆਪਣੀ ਆਦਤ ਅਨੁਸਾਰ ਉਹ ਕਿਸੇ ਨਾ ਕਿਸੇ ਨਾਲ ਸਿੰਗ ਫਸਾਈ ਰੱਖਦਾ ਪਰ ਉਸ ਨੇ ਨੱਥਾ ਸਿੰਘ ਤੋਂ ਖਾਧੀ ਭੈਣ ਦੀ ਗਾਲ੍ਹ ਨੂੰ ਅਣਗੌਲਿਆ ਹੀ ਕਰ ਦਿੱਤਾ। ਆਸ ਦੇ ਉਲਟ ਉਸ ਨੇ ਇਹ ‘ਫ਼ਰਾਖ਼ ਦਿਲੀ’ ਕਿਉਂ ਦਿਖਾਈ? ਸਾਰਾ ਪਿੰਡ ਹੈਰਾਨ ਸੀ ਪਰ ਉਸ ਨੂੰ ਸਿੱਧਾ ਪੁੱਛ ਲੈਣ ਦੀ ਹਿੰਮਤ ਕੋਈ ਨਾ ਕਰਦਾ।

ਪਿੰਡ ਵਾਸੀਆਂ ਨੇ ਇਕ ਹੋਰ ਅਚੰਭਾ ਉਦੋਂ ਦੇਖਿਆ ਜਦੋਂ ਕੁਝ ਦਿਨ ਬੀਮਾਰ ਰਹਿ ਕੇ ਚੜ੍ਹਾਈ ਕਰ ਗਏ ਨੱਥਾ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਣ ਲੱਗਾ। ਚਿਖ਼ਾ ਉਤੇ ਪਈ ਮ੍ਰਿਤਕ ਨੱਥਾ ਸਿੰਘ ਦੀ ਦੇਹ ਉਪਰ ਸੀਤਲ ਸਿੰਘ ਨੇ ਪੀਲੇ ਰੰਗ ਦਾ ਦੋ-ਢਾਈ ਮੀਟਰ ਕੱਪੜਾ ਪਾ ਕੇ, ਉਹਦੇ ਪੈਰਾਂ ‘ਤੇ ਝੁਕ ਕੇ ਮੱਥਾ ਟੇਕਿਆ, “ਚੰਗਾ ਬਈ ਗੁਰੂਆ, ਭੁੱਲ-ਚੁੱਕ ਮੁਆਫ਼ ਕਰੀਂ!” ਭਰੜਾਈ ਆਵਾਜ਼ ਵਿਚ ਇੰਜ ਕਹਿ ਕੇ ਉਹ ਪਰਨੇ ਨਾਲ ਅੱਖਾਂ ਪੂੰਝਦਾ ਹੋਇਆ ਚਿਖ਼ਾ ਤੋਂ ਪਿੱਛੇ ਹਟ ਗਿਆ। ਪਿੰਡਵਾਸੀਆਂ ਨੇ ਵੈਰਾਗ ਵਿਚ ਆਇਆ ਸੀਤਲ ਸਿੰਘ ਪਹਿਲੀ ਵਾਰ ਦੇਖਿਆ।

“ਹੋਊ ਕੋਈ ਵਿਚਲੀ ਗੱਲ!” ਦੇਖਣ ਵਾਲਿਆਂ ਦੇ ਮਨਾਂ ਵਿਚ ਇਹ ਇਕ ਹੋਰ ਸ਼ੰਕਾ ਉਠ ਖੜ੍ਹਾ ਹੋਇਆ। ਲੋਕਾਂ ਨੇ ਗਾਲ੍ਹ ਹਜ਼ਮ ਕਰਨ ਵਾਲੇ ਅਚੰਭੇ ਅਤੇ ਮ੍ਰਿਤਕ ਨੱਥਾ ਸਿੰਘ ਨੂੰ ‘ਗੁਰੂਆ’ ਕਹਿ ਕੇ ਮੱਥਾ ਟੇਕਣ ਵਾਲੀ ਕਿਰਿਆ ਵਿਚਾਲੇ ਭਾਂਤ-ਸੁਭਾਂਤੀਆਂ ਕੜੀਆਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ। ਪਤਾ ਨਹੀਂ ਹੋਰ ਕਿੰਨੀਆਂ ਕੁ ਖੰਭਾਂ ਦੀਆਂ ਡਾਰਾਂ ਬਣੀ ਜਾਣੀਆਂ ਸਨ, ਜੇ ਕਿਤੇ ਸੀਤਲ ਸਿੰਘ ਇਨ੍ਹਾਂ ਗੁੱਝੀਆਂ ਗੱਲਾਂ ਦੇ ਆਪਣੇ ਭੇਤ ਨਾ ਖੋਲ੍ਹਦਾ।

ਜਿਵੇਂ ਪਿੰਡਾਂ ਵਿਚ ਸਹਿਚਾਰ ਵਾਲੀ ਰਵਾਇਤ ਹੈ ਕਿ ਸੋਗ ਵਾਲੇ ਪਰਿਵਾਰ ਦਾ ਧੀਰਜ ਬੰਨ੍ਹਾਉਣ ਵਾਸਤੇ ਆਂਢ-ਗੁਆਂਢ ਅਤੇ ਮੇਲ-ਮਿਲਾਪ ਵਾਲੇ ਸੱਜਣ-ਮਿੱਤਰ ਦੇਰ ਰਾਤ ਤਕ ਬੈਠੇ ਗੱਲਾਂ-ਬਾਤਾਂ ਕਰਦੇ ਰਹਿੰਦੇ ਹਨ। ਇਵੇਂ ਹੀ ਮ੍ਰਿਤਕ ਨੱਥਾ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਸਤੇ ਇਕ ਰਾਤ ਪਿੰਡ ਦੇ ਸਰਕਰਦਾ ਬੰਦੇ ਇਕੱਠੇ ਹੋਏ ਬੈਠੇ ਸਨ। ਗੁਜ਼ਰ ਗਏ ਬਜ਼ੁਰਗ ਦੇ ਸਾਊਪੁਣੇ ਅਤੇ ਆਪਣੇ ਪਰਿਵਾਰ ਲਈ ਘਾਲੀਆਂ ਘਾਲਣਾਵਾਂ ਦੀ ਚਰਚਾ ਹੋ ਰਹੀ ਸੀ। ਇਸ ਸੋਗ ਸਭਾ ਵਿਚ ਸੀਤਲ ਸਿੰਘ ਨੂੰ ਬੈਠਾ ਦੇਖ ਕੇ, ਇਕ ਘੁਣਤਰੀ ਬੰਦੇ ਨੇ ‘ਟਕੋਰਨੁਮਾ’ ਗੱਲ ਚਲਾਈ… “ਦੇਖ ਲਓ ਬਈ, ਆਪਣੇ ਜਥੇਦਾਰ ਸੀਤਲ ਸਿੰਹੁ ਹੋਣਾ ਮੋਹਰੇ, ਮਜ਼ਾਲ ਐ ਕਿ ਕੋਈ ਖੰਘ ਵੀ ਜਾਵੇ! ਪਰ ਸਾਡੇ ਬਾਈ ਨੱਥਾ ਸਿੰਹੁ ਦਾ ਰੋਅਬ-ਦਾਬ ਈ ਐਨਾ ਸੀ ਕਿ ਇਨ੍ਹਾਂ (ਸੀਤਲ ਸਿੰਘ) ਨੇ ਉਹਦੀ ਗਾਲ੍ਹ ਨੂੰ ਘਿਉ ਵਾਂਗ ਹੀ ਪੀ ਲਿਆ! ਸਦਕੇ ਜਾਈਏ…!! ਇੱਦਾਂ ਦੇ ‘ਨਰ’ ਬੰਦੇ ਰੋਜ਼ ਰੋਜ਼ ਨਹੀਂ ਜੰਮਦੇ!!!”

ਦਰਅਸਲ ‘ਸਿਫ਼ਤਾਂ ਨਾਲ ਲੱਦੇ ਪਏ’ ਇਸ ਵਾਕ ਵਿਚ ਮ੍ਰਿਤਕ ਨੱਥਾ ਸਿੰਘ ਦੀ ਸੋਭਾ ਘੱਟ ਪਰ ਮੋਹਰੇ ਜਿਊਂਦੇ-ਜਾਗਦੇ ਬੈਠੇ ਸੀਤਲ ਸਿੰਹੁ ਲਈ ‘ਉਕਸਾਹਟ’ ਵਧੇਰੇ ਸੀ। ਕਹਿਣ ਵਾਲੇ ਨੇ ਇਸ ਅੰਦਾਜ਼ ਨਾਲ ‘ਤੀਰ ਮਾਰਿਆ’ ਕਿ ਸੀਤਲ ਸਿੰਹਾਂ ਦੱਸ ਤਾਂ ਸਹੀ, ਤੂੰ ਇਤਨਾ ਅੜਬੰਗ ਹੋ ਕੇ ਵੀ ਉਸ ਦਿਨ ਗਾਲ਼ ਕਿਵੇਂ ਸਹਿ ਗਿਆ? ਉਹੀ ਗੱਲ ਹੋਈ। ਸਾਰਿਆਂ ਦੀਆਂ ਨਿਗਾਹਾਂ ਆਪਣੇ ਵੱਲ ਸਿੱਧੀਆਂ ਹੋਈਆਂ ਦੇਖ ਕੇ, ਸ਼ਾਇਦ ਸੀਤਲ ਵੀ ਵਿਚਲੀ ਗੱਲ ਭਾਂਪ ਗਿਆ। ਮਾਨੋ ਇਸ ‘ਸੇਕ’ ਨਾਲ ਉਸ ਦੇ ਅੰਦਰ ਪਿਆ ‘ਯਾਦਾਂ ਦਾ ਘਿਉ’ ਪੰਘਰ ਗਿਆ। ਆਪਣੇ ਪੈਰਾਂ ਨੂੰ ਮੋਟੇ ਕੰਬਲ ਨਾਲ ਢਕਦਿਆਂ ਉਸ ਨੇ ਜਿਹੜਾ ਅਤੀਤ ਸਭ ਦੇ ਸਾਹਮਣੇ ਬਿਆਨਿਆ, ਉਸ ਦਾ ਸਾਰ-ਅੰਸ਼ ਕੁਝ ਅਜਿਹਾ ਸੀ:

“ਸੀਤਲ ਸਿੰਘ ਜਿਹਦਾ ਬਚਪਨ ਦਾ ਨਾਂ ਜੰਗੀ ਸੀ, ਹੋਸ਼ ਸੰਭਾਲਦਿਆਂ ਹੀ ਮਾਂ-ਮਹਿੱਟਰ ਹੋ ਗਿਆ। ਥੋੜ੍ਹੇ ਅਰਸੇ ਬਾਅਦ ਸਿਰ ਤੋਂ ਪਿਉ ਦਾ ਸਾਇਆ ਵੀ ਉਠ ਗਿਆ। ਭੈੜੀ ਸੋਹਬਤ ਕਰਕੇ ਅਨਪੜ੍ਹ ਜੰਗੀ ਵਿਗੜਦਾ ਗਿਆ। ਡੰਗਰ ਚਾਰਨੇ, ਸ਼ਰਾਬ ਕੱਢਣੀ ਤੇ ਮਿੱਤਰ-ਮੇਲੀਆਂ ਨਾਲ ਮੌਜ-ਮਸਤੀ ਕਰਨੀ, ਇਹ ਉਸ ਦਾ ਕਿੱਤਾ ਬਣ ਗਿਆ। ਰੋਡ-ਭੋਡ ਹੋ ਕੇ ਸਿਗਰਟਾਂ-ਹੁੱਕਾ ਵੀ ਪੀਣ ਲੱਗ ਪਿਆ। ਮੇਲਿਆਂ-ਛਿੰਝਾਂ ਵਿਚ ਜਾ ਕੇ ਬੱਕਰੇ ਬੁਲਾਉਣੇ ਅਤੇ ਖਰਮਸਤੀਆਂ ਕਰਨੀਆਂ ਉਸ ਦਾ ਸ਼ੁਗਲ ਬਣ ਗਿਆ।

ਇਕ ਦਿਨ ਖੇਤੋਂ ਘਰ ਨੂੰ ਵਾਪਸ ਆ ਰਹੇ ਨੱਥਾ ਸਿੰਘ ਨੇ ਇਸ ਨੂੰ ਡੰਗਰਾਂ ਮਗਰ ਭੱਜਦਾ ਦੇਖ ਲਿਆ। ਉਹ ਇਸ ਨੂੰ ਕਹਿੰਦੇ, “ਉਇ ਜੰਗੀ, ਜੇ ਪਸ਼ੂ ਚਰਾਉਣ ਦੇ ਨਖਿੱਧ ਕੰਮ ਤੋਂ ਛੁਟਕਾਰਾ ਪਾਉਣੈ ਤੇ ਸਵਰਗ ਦੇ ਨਜ਼ਾਰੇ ਲੁੱਟਣੇ ਐਂ ਤਾਂ ਚੱਲ ਮੇਰੇ ਨਾਲ!”
ਅਸਲ ਵਿਚ ਉਨ੍ਹੀਂ ਦਿਨੀਂ ਦਿੱਲੀ ਵਾਇਸਰਾਏ ਦੀ ਕੋਠੀ ਬਣਾਉਣ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਇਕ ਕੰਧ ਢਾਹ ਦਿੱਤੀ ਗਈ ਸੀ। ਪੰਥ ਨੇ ਇਸ ਸਰਕਾਰੀ ਧੱਕੇਸ਼ਾਹੀ ਵਿਰੁਧ ਮੋਰਚਾ ਲਾ ਦਿੱਤਾ। ਭਾਈ ਨੱਥਾ ਸਿੰਘ ਕੁਝ ਦਿਨਾਂ ਬਾਅਦ ਆਪਣੇ ਕੁਝ ਹੋਰ ਸਾਥੀਆਂ ਸਮੇਤ ਮੋਰਚੇ ਵਿਚ ਗ੍ਰਿਫਤਾਰ ਹੋਣ ਜਾ ਰਹੇ ਸਨ। ‘ਸਵਰਗ ਦੇ ਨਜ਼ਾਰੇ ਲੁੱਟਣ’ ਦੇ ਲਾਲਚ ਵਿਚ ਜੰਗੀ ਨੇ ਇਸ ਜਥੇ ਨਾਲ ਜਾਣ ਦੀ ਹਾਮੀ ਭਰ ਦਿੱਤੀ। ਸਮੇਤ ਜੰਗੀ ਗ੍ਰਿਫ਼ਤਾਰ ਹੋ ਕੇ ਇਹ ਜਥਾ ਕਰਨਾਲ ਜੇਲ੍ਹ ਪਹੁੰਚ ਗਿਆ। ਮੋਰਚੇ ਦੇ ਵਾਲੰਟੀਅਰਾਂ ਲਈ ਸਿੱਖ ਸੰਗਤਾਂ ਵੱਲੋਂ ਫਲ-ਫਰੂਟ ਦੇ ਟੋਕਰੇ ਅਤੇ ਖੁੱਲ੍ਹੀ ਮਠਿਆਈ ਪਹੁੰਚਾਈ ਜਾਂਦੀ। ਨਹਾਉਣ-ਧੋਣ ਨੂੰ ਮੁਸ਼ਕੀ ਸਾਬਣ-ਤੇਲ, ਨਾ ਕੋਈ ਕੰਮ ਨਾ ਕਾਰ। ਸਵੇਰੇ ਸ਼ਾਮ ਦੀਵਾਨ ਸਜਦਾ।

ਜੰਗੀ ਨੂੰ ਜੇਲ੍ਹ ਵਿਚ ਪਹੁੰਚ ਕੇ ਪਤਾ ਲੱਗਾ ਕਿ ਜਿਸ ਨੂੰ ਮੈਂ ‘ਹਜਾਮਤ ਕਰਾਉਣੀ’ ਆਖਦਾ ਹਾਂ, ਸਿੰਘ ਤਾਂ ਇਸ ਨੂੰ ‘ਰੋਮਾਂ ਦੀ ਬਿਅਦਬੀ’ ਕਹਿੰਦੇ ਨੇ! ਨੱਥਾ ਸਿੰਘ ਨੇ ਸਭ ਤੋਂ ਪਹਿਲਾਂ ਇਸ ਨੂੰ ਪੱਗ ਬੰਨ੍ਹਣੀ ਸਿਖਾਈ। ਫਿਰ ਗੁਰਮੁਖੀ ਦੇ ਅੱਖਰ ਲਿਖਣੇ-ਪੜ੍ਹਨੇ ਸਿਖਾਏ। ਮੋਰਚਾ ਲੰਮਾ ਹੋ ਗਿਆ। ਉਨ੍ਹਾਂ ਇਸ ਨੂੰ ‘ਪੰਜ ਗ੍ਰੰਥੀ’ ਦੀ ਸੰਥਿਆ ਵੀ ਪੂਰੀ ਕਰਵਾ ਦਿੱਤੀ। ਮੁੱਕਦੀ ਗੱਲ, ਜੰਗੀ ਖ਼ੁਦ ਹੀ ਅੰਮ੍ਰਿਤ-ਪਾਨ ਕਰਨ ਲਈ ਵੀ ਤਿਆਰ ਹੋ ਗਿਆ। ਜੇਲ੍ਹ ਤੋਂ ਬਾਹਰ ਆਉਣ ਵੇਲੇ ਉਹ ਜੰਗੀ ਸੀਤਲ ਸਿੰਘ ਬਣ ਚੁੱਕਾ ਸੀ!

“ਸਿਆਣਿਆਂ ਤੋਂ ਸੁਣਿਐਂ ਕਿ ਜਿਹਦੇ ਕੋਲੋਂ ਇਕ ਅੱਖਰ ਵੀ ਸਿਖਿਆ ਹੋਵੇ, ਉਹਦਾ ਗੁਰੂ ਜਿੰਨਾ ਆਦਰ ਕਰੋ। ਬਾਈ ਨੱਥਾ ਸਿੰਹੁ ਨੇ ਤਾਂ ਮੈਨੂੰ ਗੰਵਾਰ-ਡੰਗਰ ਨੂੰ ਪੂਰੇ ਪੈਂਤੀ ਅੱਖਰ ਪੜ੍ਹਾ ਕੇ ਬੰਦੇ ਦੀ ਜੂਨੇ ਪਾਇਆ। ਉਹਦੇ ਲਈ ਤਾਂ ਮੇਰਾ ਸਿਰ ਵੀ ਹਾਜ਼ਰ ਸੀ। …ਕੋਈ ਹੋਰ ਹੁੰਦਾ ਤਾਂ ਮੈਂ ਕੱਚਾ ਨਾ ਖਾ ਜਾਂਦਾ!”

ਇਉਂ ਲੱਗਿਆ ਜਿਵੇਂ ਇਸ ਆਤਮ-ਕਥਾ ਦਾ ਅਖੀਰਲਾ ਵਾਕ ਸੀਤਲ ਸਿੰਘ ਦੇ ਅੰਦਰ ਬੈਠੇ ‘ਜੰਗੀ’ ਨੇ ਬੋਲਿਆ ਹੋਵੇ!

ਤਰਲੋਚਨ ਸਿੰਘ ਦੁਪਾਲਪੁਰ