“ਇਸ ਮੇਂ ਤੋ ਕੋਈ ਬੁਰੀ ਬਾਤ ਨਹੀਂ ਹੈ, ਲੇਕਿ… !” ਪੈਨਸ਼ਨੀਏਂ ਫ਼ੌਜੀ ਰਾਮ ਸਿੰਘ ਤੋਂ ‘ਲੇਕਿਨ‘ ਲਫ਼ਜ਼ ਪੂਰਾ ਨਾ ਕਹਿ ਹੋਇਆ ਹੋਇਆ। ਧੂਣੀ ‘ਚੋਂ ਉਠਦੇ ਧੂੰਏਂ ਕਰਕੇ ਉਸ ਨੂੰ ਹੁੱਥੂ ਆ ਗਿਆ। ਉਹ ਤਾਂ ਆਪਣੇ ਮੂੰਹ ਅੱਗੇ ਰੁਮਾਲ ਰੱਖ ਕੇ ‘ਖਊਂ ਖਊਂ‘ ਕਰਨ ਲੱਗ ਪਿਆ ਪਰ ਉਹਦੇ ਮੂੰਹੋਂ ਨਿਕਲਿਆ ਅਧੂਰਾ ਵਾਕ ਸੁਣ ਕੇ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਜਿਹੜਾ ਫ਼ੌਜੀ ਹੁੱਕਾ-ਸਿਗਰਟ ਪੀਣ ਵਾਲਿਆਂ ਦੀ ਸ਼ਾਮਤ ਲੈ ਆਉਂਦਾ ਹੈ ਅਤੇ ਕੋਈ ਜਣਾ ਉਹਦੇ ਘਰ ਅੱਗਿਉਂ ਸੁਲਗਦੀ ਸਿਗਰਟ-ਬੀੜੀ ਲੈ ਕੇ ਨਹੀਂ ਸੀ ਲੰਘ ਸਕਦਾ, ਅੱਜ ਉਹੀ ਫ਼ੌਜੀ ਤੰਬਾਕੂ-ਜ਼ਰਦਾ ਚੱਬਣ ਨੂੰ ‘ਕੋਈ ਬੁਰੀ ਗੱਲ ਨਹੀਂ‘ ਕਿਵੇਂ ਕਹਿਣ ਲੱਗ ਪਿਆ?…ਅੱਜ ਇਹਦੀ ‘ਸਿੱਖੀ‘ ਕਿਧਰ ਗਈ?
ਭਰ ਸਿਆਲ ਦੇ ਦਿਨ। ਲੰਬੜਾਂ ਦੇ ਵਿਹੜੇ ਵਿਚ ਮਘੀ ਹੋਈ ਧੂਣੀ। ਖੇਸ-ਖੇਸੀਆਂ ਦੇ ਝੁੰਬ ਮਾਰੀ ਬੈਠੇ ਮੇਰੇ ਪੇਂਡੂਆਂ ਦੀ ਢਾਣੀ। ਜਦ ਅੱਗ ਮੱਠੀ ਪੈਣ ਲੱਗਦੀ ਤਾਂ ਸਣ ਦੀਆਂ ਸੇਂਗਣੀਆਂ ਹੋਰ ਸੁੱਟ ਦਿੱਤੀਆਂ ਜਾਂਦੀਆਂ। ਇਸ ਧੂਣੀ ਸਭਾ ਵਿਚ ਸਿਰਮੌਰ ਬੁਲਾਰਾ ਬਣੀ ਬੈਠਾ ਸੀ ਸਾਡੇ ਪਿੰਡ ਦਾ ਰਿਟਾਇਰ ਫ਼ੌਜੀ ਰਾਮ ਸਿੰਘ ਜਿਸ ਨੂੰ ਸਾਰੇ ਪਿੰਡ ਵਾਸੀ ‘ਪਿਲਸਣੀਆ‘ ਆਖਦੇ ਸਨ। ਉਦੋਂ ਪਿੰਡਾਂ ‘ਚ ਹਾਲੇ ਵਿਰਲੇ-ਟਾਵੇਂ ਘਰਾਂ ਵਿਚ ਬਿਹਾਰੀ ਭੱਈਏ ਆਉਣੇ ਸ਼ੁਰੂ ਹੋਏ ਸਨ। ਮਿਹਨਤ-ਮਜ਼ਦੂਰੀ ਕਰਨ ਵਾਲੇ ਸਥਾਨਕ ਲੋਕ, ਭੱਈਆਂ ਦੀ ਆਮਦ ਨੂੰ ਆਪਣੀ ਰੋਜ਼ੀ-ਰੋਟੀ ਲਈ ਵੱਡਾ ਖ਼ਤਰਾ ਸਮਝ ਰਹੇ ਸਨ। ਇਸ ਧੂਣੀ ‘ਤੇ ਜੁੜੇ ਇਕੱਠ ਵਿਚ ਇਸ ਭਖ਼ਵੇਂ ਮਸਲੇ ‘ਤੇ ਚਰਚਾ ਹੋ ਰਹੀ ਸੀ। ਮਜ਼ਦੂਰ ਵਰਗ ਨਾਲ ਸਬੰਧਤ ਇਕ ਜਣਾ ਜ਼ਿਮੀਂਦਾਰਾਂ ਵੱਲੋਂ ਭੱਈਏ ਰੱਖਣ ਨੂੰ ਨਿੰਦਦਾ ਹੋਇਆ ਇਸ ਨੁਕਤੇ ਨੂੰ ਵਿਸ਼ੇਸ਼ ਤੌਰ ‘ਤੇ ਉਭਾਰ ਰਿਹਾ ਸੀ ਕਿ ਇਨ੍ਹਾਂ ਪੂਰਬੀਆਂ ਦੇ ਰੀਸੋ-ਰੀਸੀ ਪੰਜਾਬੀ ਮੁੰਡੇ ਵੀ ਜ਼ਰਦੇ-ਤੰਬਾਕੂ ਦੀਆਂ ਪੁੜੀਆਂ ਫੱਕਣ ਲੱਗ ਪਏ ਹਨ ਪਰ ਫ਼ੌਜੀ ਰਾਮ ਸਿੰਘ ਦੇ ਮੂੰਹੋਂ ‘ਇਸ ਮੇਂ ਕੋਈ ਬੁਰੀ ਬਾਤ ਨਹੀਂ‘ ਸੁਣ ਕੇ ਉਹ ਬੰਦਾ ਹਿਰਖ ਨਾਲ ਬੋਲਿਆ: “ਸੂਬੇਦਾਰਾ, ਹੱਟੀ ਵਾਲੇ ਲਾਲੇ ਕੋਲੋਂ ਜਾਂ ਕਿਸੇ ਫੇਰੀ ਵਾਲਿਆਂ ਪਾਸੋਂ ਕੋਈ ਚੀਜ਼-ਵਸਤ ਲੈਣ ਵੇਲੇ ਤਾਂ ਤੂੰ ਉਨ੍ਹਾਂ ਦੇ ਦੋ-ਦੋ ਵਾਰੀ ਹੱਥ ਧੁਆਉਂਦਾ ਰਹਿਨੈ। ਜ਼ਰਦੇ ਨੂੰ ਕਹਿਨੈਂ ਕੋਈ ਗੱਲ ਨ੍ਹੀਂ?”
“ਓਏ ਪਾਗਲ, ਤੰਬਾਕੂ ਕੋ ਨਹੀਂ, ਮੈਂ ਤੋ ਭੱਈਓਂ ਕੀ ਆ ਰਹੀ ‘ਲੇਬਰ‘ ਨੂੰ ਕਹਿ ਰਿਹਾਂ ਕਿ ਵਿਕਾਸ ਦੀ ਲੀਹ ਪਏ ਪੰਜਾਬ ਵਿਚ ਉਨ੍ਹਾਂ ਦੇ ਆਉਣ ਦਾ ਕੋਈ ਹਰਜ ਨਹੀਂ!” ਫ਼ੌਜੀ-ਸਟਾਈਲ ਵਾਲੀ ਹਿੰਦੀ ਦੀ ਪੁੱਠ ਚੜ੍ਹੀ ਪੰਜਾਬੀ ਬੋਲਦਿਆਂ ਰਾਮ ਸਿੰਘ ਕਹਿਣ ਲੱਗਾ, “ਹਮਾਰੇ ਮੁੰਡੇ, ਭੱਈਓਂ ਕੀ ਰੀਸੇ ਤੰਬਾਕੂ ਕੈਸੇ ਖਾ ਸਕਦੇ ਹੈਂ…? ਕਮ-ਅਜ਼-ਕਮ ਸਿੱਖ ਮੁੰਡੇ ਤੋ ਕਭੀ ਐਸਾ ਨਹੀਂ ਕਰ ਸਕਦੇ?” ਰਮੀ ਹੋਈ ਧੂਣੀ ‘ਤੇ ਚੱਲ ਰਹੀ ਚੁੰਝ-ਚਰਚਾ ਦਾ ਵਿਸ਼ਾ ਹੁਣ ਇਹ ਬਣ ਗਿਆ ਕਿ ਕੀ ਭੱਈਆਂ ਵੱਲ ਦੇਖ ਕੇ ਪੰਜਾਬੀ (ਜਾਂ ਸਿੱਖ) ਵੀ ਜ਼ਰਦਾ-ਤੰਬਾਕੂ ਖਾਣ ਲੱਗ ਪੈਣਗੇ? ਆਪਣੇ ਵਿਚਾਰ ਨੂੰ ਸੌ ਫ਼ੀਸਦ ਸਹੀ ਸਾਬਤ ਕਰਨ ਲਈ ਸੂਬੇਦਾਰ ਨੇ ਹਮੇਸ਼ਾ ਵਾਂਗ ਫ਼ੌਜੀ ਜੀਵਨ ਦਾ ਇਕ ਕਿੱਸਾ ਛੋਹ ਲਿਆ। ਖੂਹ ਦੇ ਡੱਡੂ ਪੇਂਡੂਆਂ ਨੂੰ ਵੀ ਉਦੋਂ ਫ਼ੌਜੀਆਂ ਦੀਆਂ ਕਹਾਣੀਆਂ ਸੁਣਨ ਦਾ ਭੁਸ ਹੁੰਦਾ ਸੀ।
“ਬਾਤ ਐਸੇ ਹੂਈ” ਕਹਿ ਕੇ ਉਸ ਨੇ ਜਿਹੜੀ ਦਾਸਤਾਨ ਬਿਆਨ ਕੀਤੀ, ਉਸ ਦਾ ਸਬੰਧ ਇਕ ਸਿੱਖ ਫ਼ੌਜੀ ਜਾਸੂਸ ਨਾਲ ਸੀ ਜੋ ਸੰਨ ਪੈਂਹਠ ਦੀ ਲੜਾਈ ਵੇਲੇ ਪਾਕਿਸਤਾਨੀ ਫ਼ੌਜ ਦੇ ਅੜਿੱਕੇ ਆ ਗਿਆ ਸੀ।
ਆਪਣੇ ਦੇਸ਼ ਦੀਆਂ ਫ਼ੌਜਾਂ ਲਈ ਖ਼ੁਫ਼ੀਆ ਸੂਹਾਂ ਲੈਂਦੇ ਫਿਰਦੇ ਇਸ ਸਿੱਖ ਸੂਹੀਏ ‘ਤੇ ਪਾਕਿਸਤਾਨੀ ਸੈਨਿਕਾਂ ਨੂੰ ਸ਼ੱਕ ਪੈ ਗਿਆ। ਉਹ ਇਸ ਨੂੰ ਪਕੜ ਕੇ ਆਪਣੇ ਕੈਂਪ ‘ਚ ਲੈ ਗਏ। ਪੁੱਛ-ਪੜਤਾਲ ਦੌਰਾਨ ਇਹ ਸਿੱਖ ਸੂਹੀਆ ਆਪਣੇ ਆਪ ਨੂੰ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦਾ ਵਸਨੀਕ ਦੱਸਣ ਲੱਗਾ ਅਤੇ ਖ਼ੁਦ ਨੂੰ ਮੁਸਲਮਾਨ ਦੱਸ ਰਿਹਾ ਸੀ। ਦੁਸ਼ਮਣ ਸੈਨਿਕਾਂ ਵੱਲੋਂ ਕਲਮਾ ਪੜ੍ਹਨ ਲਈ ਕਹੇ ਜਾਣ ‘ਤੇ ਇਸ ਨੇ ਪੱਕੇ ਮੁਸਲਿਮ ਵਾਂਗ ਕਲਮਾ ਪੜ੍ਹ ਦਿੱਤਾ। ਸੁੰਨਤ ਦਿਖਾਉਣ ਲਈ ਜਦ ਇਸ ਨੂੰ ਕਿਹਾ ਗਿਆ ਤਾਂ ਇਸ ਨੇ ਆਪਣਾ ਕੁਰਸੀ-ਨਾਮਾ ਸ਼ੀਆ ਮੁਸਲਿਮ ਪਰਿਵਾਰ ਨਾਲ ਜੋੜਿਆ। ਹੋਰ ਸ਼ੱਕ ਮਿਟਾਉਣ ਲਈ ਜਦ ਉਨ੍ਹਾਂ ਇਕ-ਦੋ ਨਮਾਜ਼ਾਂ ਸੁਣਾਉਣ ਲਈ ਆਖਿਆ, ਉਹ ਵੀ ਉਸ ਨੇ ਇਸਲਾਮੀ ਤਰੀਕੇ ਨਾਲ ਗੋਡੇ ਮੂਧੇ ਮਾਰ ਕੇ ਪੜ੍ਹ ਸੁਣਾਈਆਂ। ਪਾਕਿਸਤਾਨੀ ਸੈਨਿਕ ਟੁਕੜੀ ਨੂੰ ਇਸ ‘ਤੇ ਯਕੀਨ ਆ ਗਿਆ ਪਰ ਇਕ ਸੀਨੀਅਰ ਅਫ਼ਸਰ ਜੋ ਇਹ ਸਾਰਾ ਕੁਝ ਦੇਖ ਰਿਹਾ ਸੀ, ਇਸ ਜਾਸੂਸ ਨੂੰ ਆਪਣੇ ਤੰਬੂ ਵਿਚ ਲੈ ਗਿਆ। ਪੰਜਾਂ ਕੁ ਮਿੰਟਾਂ ਬਾਅਦ ਹੀ ਉਹ ਅਫ਼ਸਰ ਤੰਬੂ ‘ਚੋਂ ਬਾਹਰ ਆ ਕੇ ਸਿਪਾਹੀਆਂ ਨੂੰ ਦੱਸਣ ਲੱਗਾ ਕਿ ਫੜਿਆ ਗਿਆ ਜਾਸੂਸ ਮੁਸਲਮਾਨ ਨਹੀਂ ਸਗੋਂ ਭਾਰਤੀ ਪੰਜਾਬ ਦਾ ਸਿੱਖ ਹੈ!
“ਸਰ, ਤੁਸੀਂ ਕੁਝ ਮਿੰਟਾਂ ਵਿਚ ਹੀ ਇਹ ਭੇਤ ਕਿਵੇਂ ਕੱਢ ਲਿਆ?” ਸਿਪਾਹੀਆਂ ਨੇ ਹੈਰਾਨ ਹੁੰਦਿਆਂ ਪੁੱਛਿਆ।
“ਬਸ…ਅੰਦਰ ਆਉਂਦਿਆਂ ਹੀ ਮੈਂ ਉਸ ਨੂੰ ਆਪਣੇ ਟੇਬਲ ‘ਤੇ ਪਈ ਸਿਗਰਟ ਦੀ ਡੱਬੀ ਚੁੱਕ ਕੇ ਫੜਾਉਣ ਲਈ ਆਖਿਆ। ਉਹ ਗਹਿਰੀਆਂ ਅੱਖਾਂ ਕਰ ਕੇ ਬੋਲਿਆ, “ਖ਼ਾਨ ਸਾਹਿਬ, ਮੈਂ ਆਪਣੀ ਹਿੱਕ ਵਿਚ ਗੋਲੀ ਤਾਂ ਹੱਸ ਕੇ ਖਾ ਸਕਦਾ ਹਾਂ ਪਰ ਤੰਬਾਕੂ ਦੀ ਡੱਬੀ ਨੂੰ ਮੈਂ ਹੱਥ ਨਹੀਂ ਲਾਉਣਾ। ਇਹ ਮੇਰੇ ਧਰਮ ਦਾ ਮਾਮਲਾ ਹੈ!”
“ਸਰ, ਤੁਸੀਂ ਕੁਝ ਮਿੰਟਾਂ ਵਿਚ ਹੀ ਇਹ ਭੇਤ ਕਿਵੇਂ ਕੱਢ ਲਿਆ?” ਸਿਪਾਹੀਆਂ ਨੇ ਹੈਰਾਨ ਹੁੰਦਿਆਂ ਪੁੱਛਿਆ।
“ਬਸ…ਅੰਦਰ ਆਉਂਦਿਆਂ ਹੀ ਮੈਂ ਉਸ ਨੂੰ ਆਪਣੇ ਟੇਬਲ ‘ਤੇ ਪਈ ਸਿਗਰਟ ਦੀ ਡੱਬੀ ਚੁੱਕ ਕੇ ਫੜਾਉਣ ਲਈ ਆਖਿਆ। ਉਹ ਗਹਿਰੀਆਂ ਅੱਖਾਂ ਕਰ ਕੇ ਬੋਲਿਆ, “ਖ਼ਾਨ ਸਾਹਿਬ, ਮੈਂ ਆਪਣੀ ਹਿੱਕ ਵਿਚ ਗੋਲੀ ਤਾਂ ਹੱਸ ਕੇ ਖਾ ਸਕਦਾ ਹਾਂ ਪਰ ਤੰਬਾਕੂ ਦੀ ਡੱਬੀ ਨੂੰ ਮੈਂ ਹੱਥ ਨਹੀਂ ਲਾਉਣਾ। ਇਹ ਮੇਰੇ ਧਰਮ ਦਾ ਮਾਮਲਾ ਹੈ!”
ਰੱਬ ਦਾ ਸ਼ੁਕਰ ਹੈ ਕਿ ਸਿੱਖ ਜਾਸੂਸ ਦੀ ਇਹ ਅਸਚਰਜ ਕਥਾ ਸੁਣਾਉਣ ਵਾਲਾ ਸੂਬੇਦਾਰ ਰਾਮ ਸਿੰਘ ਪੰਜਾਬ ਦੇ ਪਿੰਡਾਂ-ਸ਼ਹਿਰਾਂ ਦੀਆਂ ਦੁਕਾਨਾਂ ‘ਤੇ ਤੰਬਾਕੂ ਦੀਆਂ ਰੰਗ-ਬਰੰਗੀਆਂ ਪੁੜੀਆਂ ਧੜਾਧੜ ਵਿਕਦੀਆਂ ਦੇਖਣ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਸੀ!
ਆਰੀਆ ਸਮਾਜ ਦੇ ਸੰਚਾਲਕ ਸਵਾਮੀ ਦਯਾ ਨੰਦ ਦੇ ਦਿਲ ਵਿਚ ਤੰਬਾਕੂ ਪ੍ਰਤੀ ਕਹਿਰਾਂ ਦੀ ਨਫ਼ਰਤ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੀ ਵਸੀਅਤ ਵਿਚ ਇਹ ਖ਼ਾਸ ਤੌਰ ‘ਤੇ ਲਿਖਿਆ ਸੀ ਕਿ ਮੇਰੇ (ਦਯਾ ਨੰਦ) ਮ੍ਰਿਤਕ ਸਰੀਰ ਨੂੰ ਵੀ ਉਹ ਵਿਅਕਤੀ ਹੱਥ ਨਾ ਲਾਉਣ ਜਿਨ੍ਹਾਂ ਜ਼ਿੰਦਗੀ ਵਿਚ ਕਦੇ ਤੰਬਾਕੂ ਨੂੰ ਛੂਹਿਆ ਵੀ ਹੋਵੇ। ਰਾਜਸਥਾਨ ਦੇ ਜੈਪੁਰ ਸ਼ਹਿਰ ਵਿਚ ਜਦੋਂ ਸਵਾਮੀ ਹੋਰੀਂ ਪੂਰੇ ਹੋਏ ਤਾਂ ਉਨ੍ਹਾਂ ਦਾ ਅੰਤਿਮ ਇਸ਼ਨਾਨ ਵਗੈਰਾ ਉਸੇ ਗੁਰੂ ਨਾਨਕ ਦੇ ਸਿੱਖਾਂ ਹੱਥੋਂ ਹੋਇਆ ਸੀ ਜਿਸ ਸਤਿਗੁਰੂ ਦੀ ਅਜ਼ਮਤ ਵਿਰੁੱਧ ਉਸ ਨੇ ਆਪਣੇ ਗ੍ਰੰਥ ‘ਸਤਿਆਰਥ ਪ੍ਰਕਾਸ਼‘ ਵਿਚ ਅਪਸ਼ਬਦ ਲਿਖੇ ਹੋਏ ਹਨ।
ਬਨਸਪਤੀ ਗਿਆਨ ਦੇ ਇਕ ਮਾਹਿਰ ਦਾ ਕਹਿਣਾ ਹੈ ਕਿ ਧਤੂਰੇ ਅਤੇ ਅੱਕ ਵਰਗੇ ਅਤਿ-ਕੌੜੇ ਪੌਦਿਆਂ ਦੇ ਪੱਤਿਆਂ ਨੂੰ ਬੱਕਰੀ ਲਪਰ-ਲਪਰ ਖਾ ਜਾਂਦੀ ਹੈ ਪਰ ਜਦੋਂ ਤੰਬਾਕੂ ਦੇ ਪੌਦੇ ਦੇ ਹਰੇ-ਹਰੇ ਪੱਤੇ ਉਸ ਦੇ ਮੋਹਰੇ ਕੀਤੇ ਜਾਣ ਤਾਂ ਉਹ ਇਨ੍ਹਾਂ ਨੂੰ ਸੁੰਘਦੀ ਵੀ ਨਹੀਂ! ਬਾਂਦਰ ਨਾਂ ਦੇ ਜਾਨਵਰ ਨੂੰ ਭਾਵੇਂ ਮੂਰਖ ਮੰਨਿਆ ਜਾਂਦਾ ਹੈ ਪਰ ਉਸ ਤੋਂ ਵੀ ਨਖਿੱਧ ‘ਮਹਾਂ ਮੂਰਖ‘ ਕੇਵਲ ਗਧੇ ਨੂੰ ਹੀ ਆਖਿਆ ਜਾਂਦਾ ਹੈ। ਇਸ ਮਹਾਂ ਮੂਰਖ ਦੀ ‘ਮਹਾਂ ਸਿਆਣਪ‘ ਵੀ ਸੁਣੋ। ਢੇਰਾਂ ਉਤੇ ਗੰਦ-ਮੰਦ ਚੁਗ ਕੇ ਪੇਟ ਪੂਜਾ ਕਰਨ ਵਾਲਾ ਇਹ ਨਾਲਾਇਕ ਜਾਨਵਰ ਤੰਬਾਕੂ ਦੇ ਪੱਤੇ ਕਤੱਈ ਨਹੀਂ ਖਾਂਦਾ!
ਪੰਜਾਬ ਯੂਨੀਵਰਸਿਟੀ ‘ਚ ਪੜ੍ਹਦਾ ਇਕ ਗ਼ੈਰ ਸਿੱਖ ਦੱਖਣੀ ਭਾਰਤੀ ਵਿਦਿਆਰਥੀ ਕਿਹਾ ਕਰਦਾ ਸੀ ਕਿ ਕਿਸੇ ਸਿੱਖ ਵੱਲੋਂ ਕੋਈ ਭੈੜੀ ਚੀਜ਼ ਖਾ ਲੈਣ ਨੂੰ ਮੈਂ ਮੰਨ ਸਕਦਾ ਹਾਂ ਪਰ ਜੇ ਕੋਈ ਮੈਨੂੰ ਇਹ ਦੱਸੇ ਕਿ ਫ਼ਲਾਣੀ ਥਾਂ ਕੋਈ ਸਿੱਖ ਤੰਬਾਕੂ ਪੀ ਰਿਹਾ ਸੀ, ਮੈਂ ਇਸ ਗੱਲ ਨੂੰ ਹਰਗਿਜ਼ ਨਹੀਂ ਮੰਨ ਸਕਦਾ!
ਕਿਸੇ ਬਾਹਰਲੇ ਪਿੰਡੋਂ ਆਏ ਇਕ ‘ਕਾਮਰੇਡ ਸਿੱਖ‘ ਨੇ ਸਾਡੇ ਪਿੰਡ ਕਰਿਆਨੇ ਦੀ ਦੁਕਾਨ ਖੋਲ੍ਹ ਲਈ। ਦੁਕਾਨ-ਮਾਲਕ ਸੁਭਾਅ ਦਾ ਨਿੱਘਾ ਹੋਣ ਕਾਰਨ ਹੱਟੀ ਚੰਗੀ ਚੱਲ ਪਈ। ਮੇਰਾ ਬਾਪ ਇਕ ਵਾਰ ਦੁਕਾਨਦਾਰ ਨੂੰ ਪੁੱਛਣ ਲੱਗਾ ਕਿ ਕਾਮਰੇਡ ਜੀ, ਤੁਸੀਂ ਦੁਕਾਨ ਵਿਚ ਸਿਗਰਟਾਂ-ਬੀੜੀਆਂ ਜਾਂ ਜ਼ਰਦਾ ਵਗੈਰਾ ਵੀ ਰੱਖਿਆ ਹੋਇਐ? ਉਹ ਅੱਗਿਓਂ ਕਹਿੰਦਾ, “ਤੋਬਾ…ਤੋਬਾ ਗਿਆਨ ਜੀ!…ਬੰਦੇ ਦਾ ਕੋਈ ਦੀਨ-ਧਰਮ ਵੀ ਹੁੰਦੈ!!”
ਨਵਾਂ ਸ਼ਹਿਰ ਦੇ ਦੁਆਬਾ ਸਕੂਲ ਵਿਚ ਸਾਨੂੰ ਪੰਜਾਬੀ ਪੜ੍ਹਾਉਣ ਵਾਲੇ ਗਿਆਨੀ ਉਜਾਗਰ ਸਿੰਘ (ਬਹਿਰਾਮ ਨਿਵਾਸੀ) ਸਾਨੂੰ ਫ਼ਖ਼ਰ ਨਾਲ ਦੱਸਿਆ ਕਰਦੇ ਸਨ ਕਿ ਪੰਜਾਬ ਦੀ ਧਰਤੀ ‘ਤੇ ਸਾਜਿਆ ਖ਼ਾਲਸਾ ਪੰਥ, ਸੰਸਾਰ ਵਿਚ ਇਕੋ-ਇਕ ਅਜਿਹਾ ਧਰਮ ਹੈ ਜਿਸ ਵਿਚ ਤੰਬਾਕੂ ‘ਤੇ ਪੂਰਨ ਪਾਬੰਦੀ ਹੈ। ਦੁਨੀਆਂ ਵਿਚ ਕੇਵਲ ਪੰਜਾਬੀ ਜ਼ਬਾਨ ਦੀਆਂ ਹੀ ਅਖ਼ਬਾਰਾਂ ਹਨ ਜਿਨ੍ਹਾਂ ਵਿਚ ਤੰਬਾਕੂਨੋਸ਼ੀ ਦੀ ਇਸ਼ਤਿਹਾਰਬਾਜ਼ੀ ਨਹੀਂ ਹੁੰਦੀ। ਕੁੱਲ ਦੁਨੀਆਂ ਦੀਆਂ ਜ਼ਬਾਨਾਂ ਦੀਆਂ ਲਿਪੀਆਂ ਵਿਚ ਇਕੋ-ਇਕ ਗੁਰਮੁਖੀ ਲਿਪੀ ਐਸੀ ਹੈ ਜਿਸ ਦੇ ਅੱਖਰਾਂ ਦੀ ਵਰਤੋਂ ਕਰਕੇ ਤੰਬਾਕੂ ਦੇ ਇਸ਼ਤਿਹਾਰ ਨਹੀਂ ਲਿਖੇ ਜਾਂਦੇ।
ਗਰਮੀਆਂ ਦੀ ਰੁੱਤੇ ਸਾਡੇ ਇਲਾਕੇ ਵਿਚ ਹਨ੍ਹੇਰੀਆਂ ਚੜ੍ਹ ਚੜ੍ਹ ਆਉਂਦੀਆਂ ਹੁੰਦੀਆਂ ਸਨ। ਹਨੇਰੀ ਥੰਮ੍ਹ ਜਾਣ ਮਗਰੋਂ ਜੇ ਅਚਨਚੇਤ ਸਾਡੇ ਖੁੱਲ੍ਹੇ ਵਿਹੜੇ ਵਿਚ ਸਿਗਰਟਾਂ ਦੀ ਕੋਈ ਫਟੀ-ਪੁਰਾਣੀ ਖ਼ਾਲੀ ਡੱਬੀ ਦਿਖਾਈ ਦੇਣੀ ਤਾਂ ਸਾਡੇ ਬਾਪ ਨੇ ਝਾੜੂ ਨਾਲ ਨਹੀਂ ਸਗੋਂ ਲਾਠੀ ਨਾਲ ਘੜੀਸ-ਘੜੀਸ ਕੇ ਦੂਰ ਜਾ ਦੱਬਣੀ। ਫਿਰ ਨਲਕਾ ਗੇੜ ਕੇ ਲਾਠੀ ਇਉਂ ਧੋਣੀ ਜਿਵੇਂ ਕਿਤੇ ਇਹਦੇ ਨਾਲ ਜ਼ਹਿਰੀ ਸੱਪ ਮਾਰਿਆ ਹੋਵੇ!
ਸੋਚੀਂ ਪਾ ਦੇਣ ਵਾਲੀ ਅਖ਼ੀਰਲੀ ਕਥਾ ਵੀ ਮੈਂ ਖ਼ੁਦ ਆਪਣੇ ਕੰਨਾਂ ਨਾਲ ਸੁਣੀ ਹੋਈ ਹੈ ਅਤੇ ਬਿਆਨ ਕਰ ਰਹੇ ਸਿੱਖ ਨੂੰ ਅੱਖੀਂ ਦੇਖਿਆ ਹੋਇਐ। ਵਿਦੇਸ਼ ਦੀ ਧਰਤੀ ਦੇ ਬਾਸ਼ਿੰਦੇ ਇਹ ਸਿੰਘ ਜੀ, ਲਿਕਰ ਸਟੋਰ ਖੋਲ੍ਹਣ ਦਾ ਲਾਇਸੈਂਸ ਲੈਣ ਵਾਸਤੇ ਸਬੰਧਤ ਦਫ਼ਤਰ ਗਏ। ਕਾਗ਼ਜ਼-ਪੱਤਰਾਂ ਦੀ ਜਾਂਚ-ਪੜਤਾਲ ਕਰਕੇ ਲਾਇਸੈਂਸ ਇਸ਼ੂ ਕਰ ਰਹੇ ਗੋਰੇ ਅਫ਼ਸਰ ਨੇ ਸਾਬਤ-ਸੂਰਤ ਦਸਤਾਰਧਾਰੀ ਸਿੰਘ ਜੀ ਦੇ ਚਿਹਰੇ-ਮੁਹਰੇ ਵੱਲ ਤਿਰਛੀ ਨਜ਼ਰ ਸੁੱਟਦਿਆਂ ਆਖਿਆ, “ਮਿਸਟਰ ਸਿੰਘ, ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਕਾਰਨ ਮੈਂ ਤੁਹਾਨੂੰ ਲਿਕਰ ਸਟੋਰ ਖੋਲ੍ਹਣ ਦਾ ਲਾਇਸੈਂਸ ਜਾਰੀ ਰਿਹਾ ਹਾਂ ਪਰ ਮੁਆਫ਼ ਕਰਨਾ…! ਮੈਂ ਤੁਹਾਡੇ ਧਰਮ ਬਾਰੇ ਪੜ੍ਹਿਆ ਹੋਇਆ ਹੈ ਕਿ ਇਸ ਦੇ ਪੈਰੋਕਾਰ, ਤੰਬਾਕੂ ਤੋਂ ਬਣਨ ਵਾਲੀ ਚੀਜ਼ਾਂ ਨਾ ਵਰਤਦੇ ਹਨ ਤੇ ਨਾ ਹੀ ਇਨ੍ਹਾਂ ਦਾ ਕਾਰੋਬਾਰ ਕਰਦੇ ਹਨ। ਕੀ ਮੇਰੀ ਜਾਣਕਾਰੀ ਗ਼ਲਤ ਹੈ ਜਾਂ ਅਧੂਰੀ?”
ਨਿੰਮੋਝੂਣੇ ਜਿਹੇ ਹੋ ਕੇ ‘ਮਿਸਟਰ ਸਿੰਘ‘ ਦੱਸ ਰਹੇ ਸਨ, “ਗੋਰੇ ਦਾ ਸਵਾਲ ਸੁਣ ਕੇ ਮੇਰੇ ਸਿਰ ਸੌ ਘੜਾ ਪਾਣੀ ਪੈ ਗਿਆ!”
ਤਰਲੋਚਨ ਸਿੰਘ ਦੁਪਾਲਪੁਰ