Monday, August 15, 2011

ਨੇੜਿਉਂ ਦੇਖੀ ਸੁਣੀ ਮਨਪ੍ਰੀਤ ਦੀ ਪੀਪਲਜ਼ ਪਾਰਟੀ!

                                                ਖੂਹ ਨੂੰ ਖੂਹ ਨਹੀਂ ਮਿਲਦਾ ਪਰ ਬੰਦੇ ਨੂੰ ਬੰਦਾ ਮਿਲ ਪੈਂਦਾ ਹੈ। ਸਾਲ 2002 ਦੇ ਨਵੰਬਰ ਮਹੀਨੇ ਦੀ ਕੋਸੀ ਕੋਸੀ ਧੁੱਪ ਵਾਲਾ ਦਿਨ। ਬਾਲਾ ਸਰ ਦਾ ਕਿਲਾਨੁਮਾ ਮਹੱਲ। ਪਿਛਵਾੜੇ ਪਾਕਿਸਤਾਨੀ ਨਸਲ ਦੇ ਭੇਡੂਆਂ ਦਾ ਵਾੜਾ। ਲਾਗੇ ਹੀ ਰੰਗ-ਬ-ਰੰਗੇ ਫੁੱਲਾਂ ਦੇ ਬਗੀਚੇ ਵਿਚ ਅਰਾਮ ਕੁਰਸੀ ‘ਤੇ ਬੈਠਾ ਮਨਪ੍ਰੀਤ ਸਿੰਘ ਬਾਦਲ। ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਭੇਡੂਆਂ ਵਾਂਗ ਹੀ ਕਿਲੇ ਵਿਚ ਇੱਧਰ-ਉਧਰ ਘੁੰਮ ਰਹੇ ਸਨ। ਕੁਝ ਕੁ ਜਣੇ ਮਨਪ੍ਰੀਤ ਸਾਹਮਣੇ ਕੁਰਸੀਆਂ ‘ਤੇ ਸਜੇ ਬੈਠੇ ਸਨ। ਕੁਰਸੀਆਂ ਵਾਲੇ ਇਸੇ ਗਰੁਪ ਵਿਚ ਬੈਠਾ ਹੋਇਆ ਮੈਂ ਵੀ, ਚਾਹ ਦੀਆਂ ਚੁਸਕੀਆਂ ਨਾਲ ਮਨਪ੍ਰੀਤ ਮੂੰਹੋਂ ਉਰਦੂ ਦੇ ਸ਼ੇਅਰ ਸੁਣ ਰਿਹਾ ਸਾਂ। ਉਸ ਘੜੀ ਚਿਤ-ਚੇਤੇ ਵੀ ਨਹੀਂ ਸੀ ਆਇਆ ਕਿ ਇਸੇ ਮਨਪ੍ਰੀਤ ਦੇ ਕਈ ਵਰ੍ਹਿਆਂ ਬਾਅਦ ਅਮਰੀਕਾ ‘ਚ ਦਰਸ਼ਨ ਹੋਣਗੇ। ਉਹ ਵੀ ‘ਤਾਏ ਦੇ ਸਾਏ’ ਤੋਂ ਬਾਗੀ ਹੋ ਚੁੱਕੇ ਮਨਪ੍ਰੀਤ ਦੇ!! ਕਿਉਂ ਜੋ ਉਸ ਵੇਲੇ ਤਾਂ ਉਹ ਤਾਇਆ ਦਲ ਦਾ ਪੂਰਾ ਸੂਰਾ ‘ਲਫ਼ਟੈਣ’ ਬਣਿਆ ਬੈਠਾ ਸੀ।
                              ਪੂਰੇ ਨੌਂ ਸਾਲਾਂ ਬਾਅਦ ਜੁਲਾਈ 2011 ਵਿਚ ਉਸ ਨੂੰ ਦੁਬਾਰਾ ਮਿਲਣ ਦਾ ਮੌਕਾ ਬਣਿਆ। ਅਮਰੀਕਾ ਭਰ ਵਿਚ ਉਸ ਦੀ ਨਵੀਂ ਸਜੀ ਪਾਰਟੀ ਦੇ ਪ੍ਰਚਾਰ ਸਮਾਗਮਾਂ ਦੀ ਲੜੀ ਮੁਤਾਬਿਕ, ਮੇਰੀ ਰਿਹਾਇਸ਼ ਵਾਲੇ ਸ਼ਹਿਰ ਦੇ ਸਭ ਤੋਂ ਨਜ਼ਦੀਕ ਹੇਵਰਡ (ਕੈਲੀਫੋਰਨੀਆ) ਵਿਖੇ ਹੋਏ ਪ੍ਰੋਗਰਾਮ ਵਿਚ ਮੈਂ ਸ਼ਾਮਲ ਹੋਇਆ। ਮੇਰੇ ਨਾਲ ਸਨ ਕਵੀ ਦੋਸਤ ਡਾ. ਗੁਰਮੀਤ ਸਿੰਘ ਬਰਸਾਲ ਜਿਨ੍ਹਾਂ ਦੇ ਮਨ ਵਿਚ ਵੀ ਵੱਡੀ ਉਤਸੁਕਤਾ ਸੀ ਮਨਪ੍ਰੀਤ ਹੋਰਾਂ ਦੀ ਪਾਰਟੀ ਬਾਰੇ ਜਾਣਨ ਦੀ।
ਰਾਹ ਵਿਚ ਸਮਾਗਮ ਬਾਰੇ ਸਾਡੇ ਲਾਏ ਲੱਖਣ ਸਾਰੇ ਹੀ ਗਲਤ ਨਿਕਲੇ। ਨਾ ਤਾਂ ਪ੍ਰੋਗਰਾਮ ਮਿੱਥੇ ਸਮੇਂ ਤੋਂ ਪੰਜਾਬੀਆਂ ਵਾਲੀ ‘ਲੇਟ’ ਨਾਲ ਸ਼ੁਰੂ ਹੋਇਆ, ਨਾ ਕਿਸੇ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆਂ’ ਕਹਿਣ ਦੇ ਬਹਾਨੇ ਝੱਖ ਮਾਰੀ। ਨਾ ਹੀ ਸਪਾਂਸਰ ਕਰਨ ਵਾਲੇ ‘ਉਘੇ ਸਮਾਜ ਸੇਵਕਾਂ’ ਨੂੰ ਪਲੇਕਾਂ ਦੀਆਂ ਰਿਉੜੀਆਂ ਵੰਡੀਆਂ ਗਈਆਂ। ਉਥੇ ਨਾ ਕਿਸੇ ਨੂੰ ਮਹਾਨ ਸ਼ਖ਼ਸੀਅਤ ਗਰਦਾਨਿਆ ਗਿਆ, ਤੇ ਨਾ ਹੀ ਕਿਸੇ ਨੂੰ ਉਚੇਚੇ ਤੌਰ ‘ਤੇ ਸਮਾਗਮ ਵਿਚ ਸ਼ਾਮਲ ਹੋਣ ਦੀ ਚਗਲੇ ਹੋਏ ਸ਼ਬਦਾਂ ਵਾਲੀ ਫੂਕ ਛਕਾਈ ਗਈ। ਹੋਰ ਵੀ ਬਹੁਤ ਕੁਝ ਨਵਾਂ ਨਿਵੇਕਲਾ ਦੇਖਣ ਨੂੰ ਮਿਲਿਆ।ਪ੍ਰਧਾਨ ਦੇ ਸਾਹਮਣੇ ਬੇ-ਜ਼ੁਬਾਨੀਆਂ ਗਊਆਂ ਬਣ ਕੇ ਬਹਿਣ ਦੀ ਥਾਂ ਇੱਥੇ ਇਕ ਇਨਕਲਾਬੀ ਵਰਤਾਰਾ ਵਾਪਰਿਆ। ਬਿਨਾਂ ਕਿਸੇ ਲੰਮੀ ਚੌੜੀ ਭੂਮਿਕਾ ਦੇ ਤੈਅਸ਼ੁਦਾ ਸਟੇਜੀ ਕਾਰਵਾਈ ਅਨੁਸਾਰ ਅਰਦਾਸ ਰੂਪ ਗੀਤ ਤੋਂ ਬਾਅਦ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੀ ਕਾਇਮੀ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਕਾਰਗੁਜ਼ਾਰੀ ਬਾਰੇ ਪੰਦਰਾਂ-ਵੀਹ ਮਿੰਟਾਂ ਦੀ ਡਾਕੂਮੈਂਟਰੀ ਦਿਖਾਈ ਗਈ। ਉਸ ਤੋਂ ਬਾਅਦ ਹਾਲੇ ਦੋ ਕੁ ਬੁਲਾਰੇ ਹੀ ਭੁਗਤੇ ਸਨ ਕਿ ਅਚਾਨਕ ਸਟੇਜ ਸਕੱਤਰ ਕਹਿਣ ਲੱਗਾ ਕਿ ਬਹੁਤ ਸਾਰੇ ਲੇਟ ਆਏ ਦਰਸ਼ਕਾਂ ਦੀ ਫਰਮਾਇਸ਼ ‘ਤੇ ਡਾਕੂਮੈਂਟਰੀ ਦੁਬਾਰਾ ਦਿਖਾਈ ਜਾਂਦੀ ਹੈ। ਸੈਕਟਰੀ ਮੂੰਹੋਂ ਇੰਨੀ ਗੱਲ ਨਿਕਲਣ ਦੀ ਦੇਰ ਸੀ ਕਿ ਭਗਵੰਤ ਮਾਨ ਸ਼ੂਟ ਵੱਟ ਕੇ ਸਟੇਜ ਉਪਰ ਜਾ ਚੜ੍ਹਿਆ। ਸੈਕਟਰੀ ਹੱਥੋਂ ਮਾਈਕ ਫੜ ਕੇ ਫੈਸਲਾਕੁਨ ਅੰਦਾਜ਼ ‘ਚ ਬੋਲਿਆ, “ਡਾਕੂਮੈਂਟਰੀ ਦੁਬਾਰਾ ਬਿਲਕੁਲ ਨਹੀਂ ਦਿਖਾਈ ਜਾਵੇਗੀ। ਜਿਹੜੇ ਵੀਰ ਲੇਟ ਆਏ ਹਨ, ਕਸੂਰ ਉਨ੍ਹਾਂ ਦਾ ਹੈ ਸਾਡਾ ਨਹੀਂ!” ਸਾਰਾ ਪ੍ਰੋਗਰਾਮ ਪਹਿਲੋਂ ਵਿਉਂਤੀ ਹੋਈ ਤਰਤੀਬ ਅਨੁਸਾਰ ਹੀ ਚੱਲਿਆ।
ਜਿਹੜੀ ਜ਼ੁਰਅਤ ਭਗਵੰਤ ਮਾਨ ਨੇ ਦਿਖਾਈ, ਐਸਾ ਐਕਸ਼ਨ ਕਿਸੇ ਹੋਰ ਸਿਆਸੀ ਪਾਰਟੀ ਵਿਚ ਕਦੇ ਨਹੀਂ ਦੇਖਿਆ/ਸੁਣਿਆ। ਪ੍ਰਧਾਨ ਦੀ ਹਾਜ਼ਰੀ ਵਿਚ, ਉਸੇ ਦੀ ਕਾਰਗੁਜ਼ਾਰੀ ਬਾਰੇ ਡਾਕੂਮੈਂਟਰੀ ਦਿਖਾਉਣ ਤੋਂ ਵਰਜਣ ਜੈਸੀ ਹਿਮਾਕਤ, ਕਿਹੜਾ ਪ੍ਰਧਾਨ ਬਰਦਾਸ਼ਤ ਕਰ ਸਕਦਾ ਹੈ? ਮਿਸਾਲ ਵਜੋਂ ਮਨਪ੍ਰੀਤ ਬਾਦਲ ਦੇ ਤਾਏ ਦੀ ਮਾਲਕੀ ਵਾਲੇ ‘ਦਲ’ ਵਿਚ ਕਿਸੇ ਅਜਿਹੀ ਘਟਨਾ ਬਾਰੇ ਕਿਆਸ ਕਰਕੇ ਦੇਖੋ ਜ਼ਰਾ! ਹੋ ਸਕਦੀ ਹੈ ਕਿਸੇ ਦੀ ਮਜ਼ਾਲ ਕਿ ਪ੍ਰਧਾਨ ਮੋਹਰੇ ਕੋਈ ਸਾਹ ਵੀ ਉਚਾ ਲੈ ਸਕੇ? ਇਕ ਵਾਰੀ ਛੱਡ ਕੇ ਭਾਵੇਂ ਦਸ ਵਾਰੀ ਡਾਕੂਮੈਂਟਰੀ ਦਿਖਾਈ ਜਾਂਦੇ, ਕਿਸੇ ਨੇ ਵੀ ਚੂੰ-ਚਰਾਂ ਨਹੀਂ ਸੀ ਕਰਨੀ। ਇਹੋ ਜਿਹੀ ‘ਆਪਹੁਦਰੀ’ ਨੂੰ ਪ੍ਰਧਾਨ ਸਾਹਿਬ ਦੀ ਤੌਹੀਨ ਮੰਨ ਕੇ ਦੋਸ਼ੀ ਨੂੰ ਫੌਰਨ ਦਲ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ। ਮਨਪ੍ਰੀਤ ਦੀ ਨਵ-ਗਠਿਤ ਪਾਰਟੀ ਲਈ ਇਹ ਸ਼ੁਭ ਸ਼ਗਨ ਹੀ ਕਿਹਾ ਜਾ ਸਕਦਾ ਹੈ।
                                 ਅਮਰੀਕਾ/ਕੈਨੇਡਾ ਵਿਚ ਹੋਏ ਅਤੇ ਹੋਣ ਜਾ ਰਹੇ ਸਾਰੇ ਸਮਾਗਮ ਦਾ ਕੋ-ਆਰਡੀਨੇਟਰ ਭਗਵੰਤ ਮਾਨ ਹੀ ਸੀ, ਤੇ ਹੈ। ਪੰਜਾਬੀਆਂ ਦੇ ਹਰਮਨ ਪਿਆਰੇ ਇਸ ਹਾਸਰਸ ਕਲਾਕਾਰ ਦਾ ਬਦਲਵਾਂ ਰੂਪ ਦੇਖਦਿਆਂ/ਸੁਣਦਿਆਂ ਮੈਂ ਇਤਿਹਾਸ ਦੇ ਉਸ ਦੌਰ ਬਾਰੇ ਸੋਚਣ ਲੱਗਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿਚ ਸ੍ਰੀ ਦਸਮੇਸ਼ ਪਿਤਾ ਦਾ ਅਗੰਮੀ ਪ੍ਰਕਾਸ਼ ਡਲ੍ਹਕਾਂ ਮਾਰ ਰਿਹਾ ਸੀ, ਉਥੋਂ ਦੀ ਭਾਗਭਰੀ ਧਰਤੀ ਉਪਰ ਨੀਲੇ ਘੋੜੇ ਦੇ ਪੌੜ ਖਣਕਦੇ ਸਨ। ਇਕ ਦਿਨ ਸਾਹਿਬ ਜੀ ਦੇ ਸਜੇ ਦਰਬਾਰ ਵਿਚ ਕੁਝ ਭੰਡਾਂ ਨੇ ਕਲਗੀਧਰ ਜੀ ਤੋਂ ਆਗਿਆ ਲੈ ਕੇ ਗੁਰੂ ਕੇ ਮਸੰਦਾਂ ਦੀਆਂ ‘ਸਕਿੱਟਾਂ’ ਦਿਖਾਈਆਂ।
                                   ਵੱਡੇ ਸਾਰੇ ਢਿੱਡ ਵਾਲਾ ਇਕ ਮਸੰਦ ਆਪਣੇ ਲਾਮ ਲਸ਼ਕਰ ਸਮੇਤ ਇਕ ਪੇਂਡੂ ਗਰੀਬੜੇ ਸਿੱਖ ਦੇ ਘਰ ਜਾ ਵੜਦਾ ਹੈ। ਕਿਰਤੀ ਸਿੱਖ ਦੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਹੈ-ਅੱਜ ਸਾਡੇ ਘਰ ਗੁਰੂ ਕਿਆਂ ਨੇ ਚਰਨ ਪਾਏ ਹਨ। ਧੰਨ ਭਾਗ ਸਾਡੇ!! ਸਿੱਖਣੀ ਫਟਾ-ਫਟ ਅਲਾਣੀ ਮੰਜੀ ਉਤੇ ਦਰੀ ਵਿਛਾਉਂਦੀ ਹੈ ਪਰ ਮਸੰਦ ਸਾਧਾਰਨ ਜਿਹੀ ਦਰੀ ਦੇਖ ਕੇ ਗਰਜਦਾ ਹੈ, “ਤੁਹਾਨੂੰ ਸ਼ਰਮ ਨਹੀਂ ਆਉਂਦੀ, ਆਹ ਮੈਲੀ ਕੁਚੈਲੀ ਦਰੀ ਸਾਡੇ ਬਹਿਣ ਲਈ ਵਿਛਾਉਂਦਿਆਂ?” ਗੁੱਸੇ ‘ਚ ਉਹ ਦਰੀ ਵਲੇਟ ਕੇ ਪਰ੍ਹੇ ਵਗਾਹ ਮਾਰਦਾ ਹੈ। ਮੁਆਫੀਆਂ ਮੰਗਦੀ ਹੋਈ ਗਰੀਬ ਸਿੱਖਣੀ ਗੁਆਂਢੀਆਂ ਘਰੋਂ ਚੁਤਹੀ ਅਤੇ ਤਲਾਈ ਮੰਗ ਲਿਆਉਂਦੀ ਹੈ। ਇਸੇ ਤਰ੍ਹਾਂ ਰਾਤ ਨੂੰ ਸਾਦਾ ਦਾਲ-ਫੁਲਕਾ ਦੇਖ ਕੇ ਮਸੰਦ ਫਿਰ ਅੱਗ ਬਬੂਲਾ ਹੋ ਉਠਦਾ ਹੈ। ਚੰਗੇ ਚੋਸੇ ਪਕਵਾਨਾਂ ਦੀ ਮੰਗ ਕਰਦਾ ਹੈ। ਨਾਲੇ ਇਸ ਗਰੀਬ ਪਰਿਵਾਰ ਨੂੰ ਗੁਰੂ-ਕ੍ਰੋਪੀ ਦੇ ਡਰਾਵੇ ਦੇਈ ਜਾਂਦਾ ਹੈ। ਅੱਧੀ ਰਾਤ ਤੱਕ ਗਰੀਬ ਸਿੱਖ ਦੀ ਸੁਆਣੀ ਕੋਲੋਂ ਲੱਤਾਂ ਘੁਟਾਉਂਦਾ ਹੈ। ਸਵੇਰੇ ਰੁਖਸਤ ਹੋਣ ਵੇਲੇ ਗੁਆਂਢੀਆਂ ਤੋਂ ਮੰਗਿਆ ਹੋਇਆ ਬਿਸਤਰਾ ਆਪਣੀ ਘੋੜੀ ਦੀ ਕਾਠੀ ‘ਤੇ ਸੁੱਟ ਲੈਂਦਾ ਹੈ। ਗਰੀਬ ਪਰਿਵਾਰ ਫਿਰ ਵੀ ਉਸ ਦੇ ਪੈਰ ਪੂਜਦਾ ਹੈ ਕਿ ਉਨ੍ਹਾਂ ਜਿਹੇ ਮੁਹਾਂਪੁਰਸ਼ਾਂ ਨੇ ਸਾਡਾ ਗ੍ਰਹਿ ਪਵਿੱਤਰ ਕੀਤਾ ਹੈ।ਭੰਡਾਂ ਦੇ ਇਸ ਨਾਟਕ ਨੂੰ ਦੇਖ-ਦੇਖ ਸਾਰੀ ਸੰਗਤ ਹੱਸ ਰਹੀ ਸੀ ਪਰ ਦਸਮੇਸ਼ ਪਿਤਾ ਦੇ ਚਿਹਰੇ ‘ਤੇ ਜਲਾਲ ਆ ਗਿਆ। ਸਤਿਗੁਰਾਂ ਨੇ ਉਸੇ ਵੇਲੇ ਹੁਕਮ ਕੀਤਾ ਕਿ ਸਾਰੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ‘ਚ ਲਿਆਂਦਾ ਜਾਵੇ। ਸ੍ਰੀ ਕੇਸਗੜ੍ਹ ਸਾਹਿਬ ਦੇ ਲਾਗਲੇ ਗੁਰਦੁਆਰੇ ਸੀਸ ਗੰਜ ਦੇ ਵਿਹੜੇ ਵਿਚ ਪੁਰਾਣਾ ਖੂਹ ਹੈ ਜਿਹਦੇ ਬਾਰੇ ਰਵਾਇਤ ਹੈ ਕਿ ਉਸ ਖੂਹ ‘ਚੋਂ ਨਿਕਲੇ ਤੇਲ ਨਾਲ ਮਸੰਦਾਂ ਦਾ ‘ਕਲਿਆਣ’ ਕੀਤਾ ਗਿਆ ਸੀ। ਉਸੇ ਘੜੀ ਤੋਂ ਸਾਹਿਬ ਦਸਮੇਸ਼ ਗੁਰੂ ਨੇ ਮਸੰਦ ਪ੍ਰਥਾ ਦਾ ਖਾਤਮਾ ਕਰਕੇ, ਸਿੱਖਾਂ ਦਾ ਗੁਰੂ ਨਾਲ ਸਿੱਧਾ ਸਬੰਧ ਜੋੜਨ ਵਾਲਾ ਇਨਕਲਾਬੀ ਫੈਸਲਾ ਕਰ ਦਿੱਤਾ।
                              ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਵਿਚ ਸਿਧਾਂਤਕ ਭੂਮਿਕਾ ਨਿਭਾ ਰਿਹਾ ਭਗਵੰਤ ਮਾਨ, ਕਈ ਦਹਾਕਿਆਂ ਤੋਂ ਸਮੂਹ ਪੰਜਾਬੀਆਂ ਅੱਗੇ ਲੋਟੂ ਨਿਜ਼ਾਮ ਦੀਆਂ ‘ਸਕਿੱਟਾਂ’ ਪੇਸ਼ ਕਰਦਾ ਆ ਰਿਹਾ ਹੈ। ਐਮ.ਐਲ.ਏ., ਐਮ.ਪੀ., ਵਜ਼ੀਰਾਂ ਤੋਂ ਲੈ ਕੇ ਸਰਕਾਰੀ ਅਮਲੇ ਦੇ ਹਰ ਛੋਟੇ-ਵੱਡੇ ਅੰਗ ਦੀਆਂ ਪਰਤਾਂ ਖੋਲ੍ਹਣ ਵਾਲੀਆਂ ‘ਸਕਿੱਟਾਂ’ ਰਾਹੀਂ ਉਸ ਨੇ ਵਿਗੜੇ ਢਾਂਚੇ ਦਾ ਸ਼ੀਸ਼ਾ ਦਿਖਾਇਆ ਹੈ। ਅਸੀਂ ਬਥੇਰੀਆਂ ਤਾੜੀਆਂ ਮਾਰੀਆਂ… ਹੱਸ-ਹੱਸ ਢਿੱਡੀਂ ਪੀੜਾਂ ਪੁਆ ਲਈਆਂ… ਇਹ ਕੰਮ ਬਹੁਤ ਹੋ ਗਿਆ। ਗੁਰੂ ਵੀਹ ਵਿਸਵੇ, ਪਰ ਸੰਗਤ ਇੱਕੀ ਵਿਸਵੇ ਮੰਨੀ ਜਾਂਦੀ ਹੈ। ਆਉ ਹੁਣ ਮੱਥੇ ‘ਤੇ ਜਲਾਲ ਲਿਆ ਕੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹਣ ਲਈ ਕਮਰ ਕੱਸੇ ਕਰੀਏ। ਭਗਵੰਤ ਦੇ ਮੂੰਹੋਂ ਹੇਵਰਡ ਸ਼ਹਿਰ ਵਿਖੇ ਸੁਣੀ ਹੋਈ ਗੱਲ ਦੁਹਰਾਉਂਦਾ ਹਾਂ, “ਹੱਸਣਾ, ਨੱਚਣਾ, ਟੱਪਣਾ ਉਦੋਂ ਹੀ ਸੋਹਣਾ ਲਗਦਾ ਹੈ, ਜਦ ਘਰ ਦੇ ਚੁੱਲ੍ਹੇ ‘ਚ ਅੱਗ ਬਲਦੀ ਹੋਵੇ, ਲੇਕਿਨ ਜੇ ਚੁੱਲੇ ਵਿਚ ਘਾਹ ਉਗ ਆਇਆ ਹੋਵੇ ਤਾਂ ਨੱਚਣ ਗਾਉਣ ਵਾਲੇ ਸ਼ੁਦਾਈ ਹੀ ਕਹਾਉਣਗੇ।”
                                    ਇਹ ਫਲਸਫਾਨਾ ਵਾਕ ਸਮੁੱਚੇ ਪੰਜਾਬ ਵਾਸੀਆਂ ਨੂੰ ਤਾਂ ਝੰਜੋੜਦਾ ਹੀ ਹੈ, ਨਾਲ-ਨਾਲ ਉਨ੍ਹਾਂ ਪੰਜਾਬੀ ਗਾਇਕ ਕਲਾਕਾਰਾਂ ਦੀ ਜ਼ਮੀਰ ਨੂੰ ਵੀ ਹਲੂਣਦਾ ਹੈ ਜਿਹੜੇ ਕਰਜ਼ਿਆਂ ਦੇ ਝੰਬੇ, ਮਾਰੂ ਨਸ਼ਿਆਂ ਦੇ ਮਾਰੇ, ਲੁਟੇਰੇ ਸਿਸਟਮ ਦਾ ਸ਼ਿਕਾਰ ਬਣੇ, ਬਾਬਾਵਾਦ ਦੀ ਚੱਕੀ ‘ਚ ਪਿਸਦੇ ਅਤੇ ਸਦਾਚਾਰਕ ਵਿਰਸੇ ਤੋਂ ਮਹਿਰੂਮ ਹੋ ਰਹੇ ਪੰਜਾਬ ਨੂੰ ‘ਨੱਚਦਾ-ਟੱਪਦਾ ਰੰਗਲਾ’ ਦੱਸ-ਦੱਸ ਕੇ ਆਪਣਿਆਂ ਦੇ ਹੀ ਅੱਖੀਂ ਘੱਟਾ ਪਾਈ ਜਾ ਰਹੀ ਨੇ। ਜੇ ਭਗਵੰਤ ਮਾਨ ਆਪਣੀ ਮਾਂ-ਭੂਮੀ ਦੇ ਦਰਦ ਹਿੱਤ ਆਪਣਾ ਸ਼ਾਨਦਾਰ ਪ੍ਰੋਫੈਸ਼ਨ ਤਿਆਗ ਕੇ ਮੈਦਾਨ ‘ਚ ਨਿੱਤਰ ਸਕਦਾ ਹੈ ਤਾਂ ਪੁੱਛਣਾ ਬਣਦਾ ਹੈ, ਸਾਰੀ ਉਮਰ ਗਿੱਟਿਆਂ ਨੂੰ ਘੁੰਗਰੂ ਬੰਨ੍ਹ ਕੇ ਕਈ-ਕਈ ਲੱਖ ਦੀਆਂ ਫੀਸਾਂ ਲੈਣ ਵਾਲਿਆਂ ਦੀ ਆਤਮਾ ਉਨ੍ਹਾਂ ਨੂੰ ਲਾਹਣਤਾਂ ਨਹੀਂ ਪਾਉਂਦੀ?
                                     ਹੁਣ ਗੱਲ ਕਰ ਲਈਏ ਭਗਵੰਤ ਮਾਨ ਜਿਹੇ ਟੀਸੀ ‘ਤੇ ਪਹੁੰਚੇ ਕਲਾਕਾਰ ਨੂੰ ਆਪਣੇ ਕਾਫ਼ਲੇ ਦਾ ਪਾਂਧੀ ਬਣਾਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਦੇ ਦਾਅਵਿਆਂ ਅਤੇ ਵਾਅਦਿਆਂ ਦੀ। ਕਹਿੰਦੇ ਨੇ ਕਿ ਆਦਮੀ ਦਾ ਚਿਹਰਾ ਹੀ ਸਭ ਕੁਝ ਦੱਸ ਦਿੰਦਾ ਹੈ। ਇਸ ਲਿਹਾਜੇ ਮਨਪ੍ਰੀਤ ਦੇ ਚਿਹਰੇ ਤੋਂ ਵਾਕਿਆ ਹੀ ਪੰਜਾਬ ਲਈ ਲੋਹੜੇ ਦਾ ਦਰਦ ਝਲਕਦਾ ਹੈ। ਪੰਜਾਬ ਦੀ ਅਜ਼ਮਤ ਅਤੇ ਅਣਖ ਨੂੰ ਲੱਗੇ ਖੋਰੇ ਦਾ ਜ਼ਿਕਰ ਕਰਦਿਆਂ ਉਹਦਾ ਗੱਚ ਭਰ ਆਉਂਦਾ ਹੈ। ਇਸੇ ਕਾਰਨ ਹੀ ਦਿਨ-ਬ-ਦਿਨ ਉਸ ਦਾ ਕਾਫ਼ਲਾ ਵਧਦਾ ਜਾ ਰਿਹਾ ਹੈ ਪਰ ਕੀਤਾ ਕੀ ਜਾਏ, ਜੇ ਕੁਝ ਪੰਜਾਬੀ ਮਨਪ੍ਰੀਤ ਦੇ ਕਾਫਲੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ? ਇਸ ਵਿਚ ਕਸੂਰ ਮਨਪ੍ਰੀਤ ਦਾ ਨਹੀਂ। ਪੰਜਾਬੀਆਂ ਨੇ ਬਹੁਤ ਵਾਰ ਸਿਆਸਤਦਾਨਾਂ ਦੇ ਚਿਹਰਿਆਂ ਦੀ ਕਪਟੀ ਮਾਸੂਮੀਅਤ ਤੋਂ ਧੋਖੇ ਖਾਧੇ ਹਨ। ਦੰਭੀ, ਪਖੰਡੀ ਆਗੂਆਂ ਹੱਥੋਂ ਪੰਜਾਬੀਆਂ ਦੀ ਲੁੱਟ ਦਾ ਇਤਿਹਾਸ ਪੜ੍ਹ ਕੇ ਹਿੰਦੀ ਗੀਤ ਯਾਦ ਆਉਂਦਾ ਹੈ, ‘ਕਹਾਂ ਤਕ ਨਾਮ ਗਿਨਵਾਊਂ, ਸਭੀ ਨੇ ਹਮ ਕੋ ਲੂਟਾ ਹੈ।’ ਸੁਭਾਅ ਪੱਖੋਂ ਭੋਲੇ-ਭਾਲੇ ਪੰਜਾਬੀਆਂ ਨੂੰ ਕਿਸੇ ਸ਼ਾਇਰ ਨੇ ਸ਼ਾਇਦ ਇਸੇ ਕਰਕੇ, ਇਕ ਮੀਸਣੇ ਆਗੂ ਤੋਂ ਚੁਕੰਨੇ ਕਰਦਿਆਂ ਲਿਖਿਆ ਏ:
                                                  ਇਹਦਾ ‘ਕੱਲਾ ਮੂੰਹ ਨਾ ਦੇਖੋ,
                                                  ਮੂੰਹ ਅੰਦਰਲੇ ਦੰਦ ਵੀ ਦੇਖੋ।
                                                 ਮੀਸਣੀਆਂ ਮੁਸਕਾਨਾਂ ਉਹਲੇ
                                                 ਜੋ ਜੋ ਚਾੜ੍ਹੇ ਚੰਦ ਵੀ ਦੇਖੋ।
ਇਸ ਲੇਖਕ ਨੇ ਆਪਣੀਆਂ ਅੱਖਾਂ ਨਾਲ ਉਹ ਦ੍ਰਿਸ਼ ਵੀ ਦੇਖਿਆ ਹੋਇਐ ਜਦੋਂ ਪੱਚੀ ਸਾਲ ਪ੍ਰਧਾਨਗੀ ਕਰਦੇ ਰਹੇ ਇਕ ਧਾਰਮਿਕ ਆਗੂ ਨੇ ਸ੍ਰੀ ਅਨੰਦਪੁਰ ਸਾਹਿਬ ਸਟੇਜ ‘ਤੇ ਖਲੋ ਕੇ ਸ੍ਰੀ ਕੇਸਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਵੱਲ ਇਸ਼ਾਰਾ ਕਰਦਿਆਂ ਗਰਜ ਕੇ ਆਖਿਆ ਸੀ ਕਿ ਹੁਣ ਮੇਰੀ ਮੜ੍ਹੀ ਵੀ ਬਾਦਲ ਦਲ ਨਾਲ ਸਮਝੌਤਾ ਨਹੀਂ ਕਰੇਗੀ ਪਰ ਸ੍ਰੀਮਾਨ ਨੇ ਜਿਉਂਦੇ ਜੀ ਹੀ ਬਾਦਲ ਸਾਹਿਬ ਹੱਥੋਂ ਲੱਡੂ ਖਾ ਲਏ!! ਇੱਦਾਂ ਦੀ ਇਹ ਕੇਵਲ ਇਕੋ ਮਿਸਾਲ ਨਹੀਂ, ‘ਪੰਜਾਬੀ ਸਰੀਰ’ ਦੀ ਤਾਂ ਇਹ ਹਾਲਤ ਬਣੀ ਹੋਈ ਹੈ,
                                              ਏਕ ਦਿਲ ਹੀ ਨਹੀਂ
                                              ਸਾਰਾ ਬਦਨ ਛਲਨੀ ਹੈ!
                                             ਅਬ ਤੋ ਦਰਦ ਭੀ ਪਰੇਸ਼ਾਂ ਹੈ
                                             ਕਿ ਕਹਾਂ ਉਠੂੰ!!
                ਮਨਪ੍ਰੀਤ ਸਿੰਘ ਦੇਸ਼-ਵਿਦੇਸ਼ ਦੇ ਪੰਜਾਬੀਆਂ ਨੂੰ ਪੂਰੀ ਦ੍ਰਿੜਤਾ ਨਾਲ ਕਹਿੰਦਾ ਹੈ ਕਿ ਮੇਰਾ ਸਾਥ ਦਿਓ, ਮੈਂ ਪੰਜਾਬ ‘ਚ ਇਨਕਲਾਬ ਲੈ ਆਵਾਂਗਾ। ਬੁੱਢਾ ਬੋਹੜ ਨਾਵਲਕਾਰ ਕੰਵਲ ਇਕ ਨਾਵਲ ‘ਚ ਕਹਿੰਦੈ, ਪੰਜਾਬ ਦੀ ਸਰ-ਜ਼ਮੀਂ ‘ਤੇ ਨਾ ਮਾਓਵਾਦ, ਨਾ ਮਾਰਕਸਵਾਦ, ਸਿਰਫ਼ ਦਸਮੇਸ਼ ਪਿਤਾ ਦੀ ਸ਼ਮਸ਼ੀਰ ਹੀ ਇਨਕਲਾਬ ਲਿਆ ਸਕਦੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਪੰਜਾਬ ਲਈ ਤੜਫ ਰਿਹਾ ਸ. ਮਨਪ੍ਰੀਤ ਸਿੰਘ ਬਾਦਲ ਬਾਈ ਕੰਵਲ ਦੇ ਇਸ ਕਥਨ ਨੂੰ ਆਪਣੀ ਤਹਿਰੀਕ ਵਿਚ ਕਿਵੇਂ ਫਿੱਟ ਕਰੇਗਾ? ਮਨਪ੍ਰੀਤ ਨੂੰ ਇਹ ਯਕੀਨ ਦਹਾਨੀ ਕਰਵਾਉਣੀ ਪਏਗੀ ਕਿ ਪੀ.ਪੀ.ਪੀ. ਪਹਿਲੇ ਸਿਆਸੀ ਦਲਾਂ ਤੋਂ ਮੂਲੋਂ ਅਲੱਗ ਹੈ। ਫਿਲਹਾਲ ਪੀ.ਪੀ.ਪੀ. ਵਾਲਿਆਂ ਦੀਆਂ ਕ੍ਰਾਂਤੀਕਾਰੀ ਸੁਰਾਂ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।

Friday, July 1, 2011

ਕਿਹਾ ਸੱਚ ਸਿਆਣਿਆਂ ਨੇ!

ਵੰਡ ਬਹਿੰਦੀ ਨਾ ਲੜਦੀਆਂ ਬਿੱਲੀਆਂ ਦੀ, ਦਾਅ ਬਾਂਦਰ ਦਾ ਜਾਂਦਾ ਏ ਲੱਗ ਏਦਾਂ।
ਟੁੱਟ ਪਵੇ ਬਘਿਆੜ ਜਦ ਲੇਲਿਆਂ ‘ਤੇ, ਟਲਦਾ ‘ਮੈਨੂੰ ਕੀ’ ਸਮਝ ਕੇ ਜੱਗ ਏਦਾਂ।
ਬੁਰਛਾਗਰਦੀ ਦੇ ਬੁਰੇ ਮਾਹੌਲ ਅੰਦਰ, ਜੀਵੇ ਕਿਸ ਤਰ੍ਹਾਂ ਬੰਦਾ ਸਲੱਗ ਏਦਾਂ।
ਹਰ ਥਾਂ ਚੌਧਰੀ ਬਣਦਾ ਏ ਮਲਕ ਭਾਗੋ, ਭਾਈ ਲਾਲੋ ਤੋਂ ਹੁੰਦਾ ਨਹੀਂ ਤੱਗ ਏਦਾਂ।
ਤਾਨਾਸ਼ਾਹੀ ਮਿਟਾਉਣ ਦੇ ਨਾਮ ਹੇਠਾਂ, ਆਪਣਾ ਸਿੱਕਾ ਜਮਾਉਂਦਾ ਏ ਠੱਗ ਏਦਾਂ।
ਬਲਦੇ ਭਾਂਬੜ ‘ਤੇ ਛਿੜਕ ਕੇ ਤੇਲ ਦੇਖੋ, ਅਹਿਮਕ ਸਮਝਦਾ ਬੁਝੇਗੀ ਅੱਗ ਏਦਾਂ!

ਤਰਲੋਚਨ ਸਿੰਘ ਦੁਪਾਲਪੁਰੀ

ਰੋਸ ਬੁੱਧੀਜੀਵੀਆਂ ‘ਤੇ!

ਕਿਤੇ ਖਹਿਬੜੇ ਪਤੀ ਦੇ ਨਾਲ ਪਤਨੀ, ਪਤੀ ਗ੍ਰਹਿਸਥ ਨੂੰ ਨਰਕ ਬਣਾਈ ਫਿਰਦੇ।
ਧੀਆਂ ਪੁੱਤ ਲੜਦੇ ਨਾਲ ਮਾਪਿਆਂ ਦੇ, ਭਾਈ, ਭੈਣਾਂ ਨਾਲ ਯੁੱਧ ਮਚਾਈ ਫਿਰਦੇ।
ਨਿੱਤ ਹਾਕਮਾਂ ਦੀ ਮੁਰਦਾਬਾਦ ਹੋਵੇ, ਰਾਜੇ ਆਪਣੀ ਹਿੰਡ ਪੁਗਾਈ ਫਿਰਦੇ।
ਧਰਮ-ਮੰਦਰਾਂ ਵਿਚ ਵੀ ਡਾਂਗ ਖੜਕੇ, ਆਕੀ, ਧਰਮੀਆਂ ਤਾਈਂ ਭਜਾਈ ਫਿਰਦੇ।
ਚਾਰੇ ਤਰਫ ਹੀ ਕ੍ਰੋਧ ਦੀ ਅੱਗ ਬਲਦੀ, ਸਹਿਣ-ਸ਼ਕਤੀ ਦੀ ਅਲਖ ਮੁਕਾਈ ਫਿਰਦੇ।
ਸ਼ਾਂਤ ਰਹਿਣ ਦੇ ਜਿਨ੍ਹਾਂ ਸੀ ਸਬਕ ਦੇਣੇ, ਬੁੱਧੀਜੀਵੀ ਵੀ ਸਿੰਗ ਫਸਾਈ ਫਿਰਦੇ!

ਤਰਲੋਚਨ ਸਿੰਘ ਦੁਪਾਲਪੁਰੀ

ਐਮ.ਐਲ.ਏ. ਕਿ ਡਿਕਟੇਟਰ?

ਇਕ ‘ਸਾਬ੍ਹ’ ਨੇ ਧੌਂਸ ਪੁਗਾਰਈ ਇੱਦਾਂ, ਕਾਲੀ ਵੇਈਂ ਵਿਚ ਪਾਣੀ ਨਹੀਂ ਜਾਣ ਦਿੱਤਾ।
ਇਕ ਹੋਰ ਦਾ ਕਤਲ ਵਿਚ ਨਾਮ ਗੂੰਜੇ, ਉਸ ਨੇ ਪੁਲਿਸ ਨੂੰ ਨੇੜੇ ਨਹੀਂ ਆਣ ਦਿੱਤਾ।
ਟੱਬਰ ਇਨ੍ਹਾਂ ਦੇ ਚੌਧਰੀ ਬਣੇ ਫਿਰਦੇ, ਬੁਰਛਾਗਰਦੀ ਵੱਲ ਮੋੜ ਮੁਹਾਣ ਦਿੱਤਾ।
ਹੁਕਮ ਚਾੜ੍ਹਦੇ ਫੋਨ ‘ਤੇ ਅਫਸਰਾਂ ਨੂੰ, ਕਰ ਕਾਇਦੇ-ਕਾਨੂੰਨ ਦਾ ਘਾਣ ਦਿੱਤਾ।
ਅੱਖਾਂ ਮੀਟ ਕੇ ਅਫਸਰ ਵਜਾਈ ਜਾਂਦੇ, ਆਉਂਦਾ ਹੁਕਮ ਜੋ ‘ਸਾਲਿਆਂ-ਜੀਜਿਆਂ’ ਤੋਂ।
ਕਿੱਦਾਂ ਜਾਨ ਬਚਾਏਗਾ ਆਮ ਬੰਦਾ? ਵਿਧਾਨਕਾਰਾਂ ਦੇ ਪੁੱਤ-ਭਤੀਜਿਆਂ ਤੋਂ

ਤਰਲੋਚਨ ਸਿੰਘ ਦੁਪਾਲਪੁਰੀ

ਹੱਟ ਕਬੱਡੀ! ਸਫਾ-ਚੱਟ ਕਬੱਡੀ!!

ਦੇਸ਼-ਵਿਦੇਸ਼ ਦੀਆਂ ਪੰਜਾਬੀ ਅਖ਼ਬਾਰਾਂ ਵਿਚ ਕਬੱਡੀ ਮੈਚਾਂ ਦੀਆਂ ਖ਼ਬਰਾਂ ਅਤੇ ਮੈਦਾਨ ਵਿਚ ਗੁੱਥ-ਮ-ਗੁੱਥਾ ਹੋ ਰਹੇ ਖਿਡਾਰੀਆਂ ਦੀਆਂ ਜਲਾਲ ਭਰੀਆਂ ਫੋਟੋਆਂ ਦੇਖ ਕੇ ਆਪਣੀ ਪੜ੍ਹਾਈ ਦੇ ਦਿਨੀਂ ਖੇਡੀ ਹੋਈ ਕਬੱਡੀ ਯਾਦ ਆ ਜਾਂਦੀ ਹੈ। ਉਨ੍ਹਾਂ ਵੇਲਿਆਂ ‘ਚ ਅਸੀਂ ਵੀ ਪੱਟ ‘ਤੇ ਥਾਪੀ ਮਾਰ ਕੇ ‘ਦਮ ਪਾਉਣ’ ਜਾਇਆ ਕਰਦੇ ਸਾਂ। ਉਦੋਂ ਦੀ ਅਤੇ ਅਜੋਕੀ ਕਬੱਡੀ ਦਾ ਰੰਗ-ਢੰਗ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇਸ ਖੇਡ ਦੀ ਨਿਯਮਾਵਲੀ ਵਿਚ ਤਾਂ ਕੋਈ ਖਾਸ ਤਬਦੀਲੀਆਂ ਨਹੀਂ ਹੋਈਆਂ ਪਰ ਹੁਣ ਦੇ ਖਿਡਾਰੀਆਂ ਦੇ ਚਿਹਰੇ-ਮੋਹਰੇ ਅਤੇ ਉਨ੍ਹਾਂ ਦੇ ਨਾਂਵਾਂ ਦਾ ਹੁਲੀਆ ਕਿਉਂ ਵਿਗੜ ਗਿਆ? ਵਿਦੇਸ਼ਾਂ ਵਿਚ ਕਬੱਡੀ ਮੈਚ ਕਰਵਾਉਣ ਵਾਲੇ ਕਬੱਡੀ ਪ੍ਰੇਮੀ ਵੀਰ ਇਹ ਦਾਅਵਾ ਬੜੇ ਜ਼ੋਰ-ਸ਼ੋਰ ਨਾਲ ਕਰਦੇ ਹਨ ਕਿ ਅਸੀਂ ਪੰਜਾਬੀ ਵਿਰਸੇ ਦੇ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਾਂ ਪਰ ਜ਼ਰਾ ਸਵੈ-ਪੜਚੋਲ ਕਰ ਕੇ ਦੇਖੀਏ ਕਿ ਕੀ ਸੱਚ-ਮੁੱਚ ਵਿਰਾਸਤ ਦੀ ਹਿਫ਼ਾਜ਼ਤ ਹੋ ਰਹੀ ਹੈ?

ਲੈ ਜਾ ਛੱਲੀਆਂ ਭੁਨਾਂ ਲਈਂ ਦਾਣੇ…!

ਇੰਟਰਨੈਟ ‘ਤੇ ਅਖ਼ਬਾਰਾਂ ਪੜ੍ਹਨ ਲਈ ਬਹਿੰਦਿਆਂ ਸਾਰ, ਰੋਜ਼ ਵਾਂਗ ਪਹਿਲਾਂ ਆਪਣੀ ‘ਈ-ਮੇਲ’ ਚੈਕ ਕੀਤੀ। ਪੰਜਾਬ ਤੋਂ ਪ੍ਰੋਫੈਸਰ ਭਰਾ ਦੇ ਆਏ ਸੁਨੇਹੇ ਦਾ ਸਿਰਲੇਖ ‘ਛੱਲੀਆਂ ਚੱਬੋ ਜੀ!’ ਦੇਖ ਕੇ ਕੰਨ ਖੜ੍ਹੇ ਹੋ ਗਏ। ਉਤਸੁਕ ਹੁੰਦਿਆਂ ਸੁਨੇਹੇ ਨਾਲ ਭੇਜੀ ਫੋਟੋ ‘ਤੇ ਕਲਿੱਕ ਕੀਤਾ ਤਾਂ ਮਘਦੇ ਹੋਏ ਕੋਲਿਆਂ ਉਪਰ ਭੁੱਜ ਰਹੀਆਂ ਛੱਲੀਆਂ ਦੇਖ ਕੇ ਜ਼ਿਹਨ ਵਿਚ ਸਾਉਣੀ ਦੀ ਰੁੱਤ, ਖਾਸ ਕਰਕੇ ਹਰੇ ਭਰੇ ਛੱਲੀਆਂ ਦੇ ਖੇਤ ਘੁੰਮਣ ਲੱਗ ਪਏ। ਭਰਾ ਨੇ ਲਿਖਿਆ ਸੀ, “ਬਾਜ਼ਾਰ ‘ਚੋਂ ਲੰਘਦਿਆਂ ਛੱਲੀਆਂ ਭੁੱਜਣ ਦੀ ਫੈਲ ਰਹੀ ਭਿੰਨੀ-ਭਿੰਨੀ ਸੁਗੰਧੀ, ਮੈਨੂੰ ਬਦੋ-ਬਦੀ ਬਿਹਾਰੀ ਪਰਵਾਸੀ ਦੀ ਰੇਹੜੀ ਵਲ ਖਿੱਚ ਕੇ ਲੈ ਗਈ।” ਰੇਹੜੀ ਤੋਂ ਗਰਮਾ-ਗਰਮ ਨਿੰਬੂ-ਚੇਪੀਆਂ ਛੱਲੀਆਂ ਘਰੇ ਲਿਜਾ ਕੇ ਉਸ ਨੇ ਆਪ ਵੀ ਚੱਬੀਆਂ ਤੇ ਮੇਰੇ ਭਤੀਜਿਆਂ ਨੇ ਵੀ ਇਸ ਮੌਸਮੀ ਤੋਹਫੇ ਦਾ ਅਨੰਦ ਮਾਣਿਆ। ਤੇ ਸਾਨੂੰ ਪਰਦੇਸ ਵਿਚ ਬੈਠਿਆਂ ਮੱਕੀ ਦੀ ਰੁੱਤ ਯਾਦ ਕਰਾਉਣ ਲਈ ਭੁੱਜਦੀਆਂ ਛੱਲੀਆਂ ਦੀ ਫੋਟੋ ‘ਈ-ਮੇਲ’ ਕਰ ਦਿੱਤੀ।

Monday, May 16, 2011

ਖ਼ੂਬਸੂਰਤ ਮੋੜ

ਖ਼ੂਬਸੂਰਤ ਮੋੜ
ਸ਼ਾਇਰ: ਸਾਹਿਰ ਲੁਧਿਆਨਵੀ

ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ

ਨਾ ਮੈਂ ਤੁਮ ਸੇ ਕੋਈ ਉੱਮੀਦ ਰੱਖੂੰ ਦਿਲ ਨਵਾਜ਼ੀ ਕੀ
ਨਾ ਤੁਮ ਮੇਰੀ ਤਰਫ਼ ਦੇਖੋ ਗ਼ਲਤ ਅੰਦਾਜ਼ ਨਜ਼ਰੋਂ ਸੇ
ਨਾ ਮੇਰੇ ਦਿਲ ਕੀ ਧੜਕਨ ਲੜਖੜਾਏ ਮੇਰੀ ਬਾਤੋਂ ਮੇਂ
ਨਾ ਜ਼ਾਹਿਰ ਹੋ ਤੁਮਹਾਰੀ ਕਸ਼ਮਕਸ਼ ਦਾ ਰਾਜ਼ ਨਜ਼ਰੋਂ ਸੇ

ਤੁਆਰੁਫ਼ ਰੋਗ ਹੋ ਜਾਏ ਤੋ ਉਸ ਕੋ ਭੂਲਨਾ ਬਿਹਤਰ
ਤੁਆਲੁਕ ਬੋਝ ਬਨ ਜਾਏ ਤੋ ਉਸ ਕੋ ਤੋੜਨਾ ਅੱਛਾ
ਵੋ ਅਫ਼ਸਾਨਾ ਜਿਸੇ ਤਕਮੀਲ ਤੱਕ ਲਾਨਾ ਨਾ ਹੋ ਮੁਮਕਿਨ
ਉਸੇ ਇੱਕ ਖ਼ੂਬਸੂਰਤ ਮੋੜ ਦੇਕਰ ਛੋੜਨਾ ਅੱਛਾ
ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ

(ਤੁਆਰੁਫ਼=ਜਾਣ ਪਹਿਚਾਣ, ਤੁਆਲੁਕ=ਸਬੰਧ, ਤਕਮੀਲ=ਮੁਕੰਮਲ ਕਰਨਾ)

ਇੱਕ ਅਵੱਲਾ ਸ਼ੌਕ?

ਇੱਕ ਅਵੱਲਾ ਸ਼ੌਕ?
ਜਿੰਨੇ ਸਿੱਖ ਤੇ ਉਨੇ ਹੀ ‘ਦਲ’ ਹੋ ਗਏ, ਭਾਂਤ ਭਾਂਤ ਦੇ ਹੋਏ ਵੀਚਾਰ ਸਾਡੇ।
ਇੱਕ ਬਾਣੀ ਤੇ ਇੱਕ ਹੀ ਗੁਰੁ ਭਾਵੇਂ, ਤਾਂ ਵੀ ਹੋਣ ਪਏ ਤਿੱਖੇ ਤਕਰਾਰ ਸਾਡੇ।
ਮਨ ਨੀਵਾਂ ਤੇ ਮੰਗੀਏ ਮੱਤਿ ਉੱਚੀ, ਫਿਰ ਵੀ ਹੋਣ ਨਾ ਸਾਊ ਕਿਰਦਾਰ ਸਾਡੇ।
ਸਿੱਖੀ ਵਾਲ਼ੀ ਨਿਸ਼ਾਨੀ ਨਾ ਦਿਸੇ ਕੋਈ, ਰਹੁ-ਰੀਤਾਂ ਤੋਂ ਆਕੀ ਪ੍ਰਵਾਰ ਸਾਡੇ।
ਆਪੋ ਵਿੱਚੀਂ ਹੀ ਇਉਂ ਘਸਮਾਣ ਪਾਈਏ, ਹੋਵੇ ਜਿਵੇਂ ਇਹ ਜੌਹਰ ਮਰਦਾਨਗੀ ਦਾ।
ਸੇਵਾ,ਸਿਮਰਨ ਤੇ ਸਬਰ ਸੰਤੋਖ ਭੁੱਲੇ, ਸ਼ੌਂਕ ਪੈ ਗਿਆ ਸਿਰਫ ਪ੍ਰਧਾਨਗੀ ਦਾ !
- ਤਰਲੋਚਨ ਸਿੰਘ ‘ਦੁਪਾਲ ਪੁਰ’
001-408-903-9952

Friday, April 8, 2011

ਜਵਾਨੀ ਮਸਤਾਨੀ ਤੇ ਨਾਦਾਨੀ!

ਕਿੱਸਾਕਾਰ ਪੀਲੂ ਨੇ ਮਿਰਜ਼ਾ-ਸਾਹਿਬਾਂ ਦੀ ਪ੍ਰੀਤ ਕਹਾਣੀ ਵਿਚ ਸਾਹਿਬਾਂ ਦੀ ਲੋਹੜੇ ਦੀ ਖੂਬਸੂਰਤੀ ਬਿਆਨ ਕਰਦਿਆਂ ਲਿਖਿਆ ਹੈ ਕਿ ਇਕ ਵਾਰ ਉਹ ਪੰਸਾਰੀ ਦੀ ਹੱਟੀ ਤੋਂ ਸਰ੍ਹੋਂ ਦਾ ਤੇਲ ਲੈਣ ਗਈ। ਇਹ ਉਨ੍ਹਾਂ ਸਮਿਆਂ ਦੀ ਵਾਰਤਾ ਹੈ ਜਦੋਂ ਨੂੰਹਾਂ-ਧੀਆਂ ਦਾ ਪਿੰਡ ਦੀ ਹੱਟੀ-ਭੱਠੀ ‘ਤੇ ਜਾਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ। ਲੋਕ ਗਾਇਕ ‘ਮਾਣਕ’ ਨੇ ਇਕ ਕਲੀ ਵਿਚ ਇਸ ਪਰੰਪਰਾ ਦਾ ਜ਼ਿਕਰ ਇੰਜ ਕੀਤਾ ਹੋਇਐ:
ਜਾਵੇ ਹੱਟੀ, ਭੱਠੀ ਕੌਲੇ ਕੱਛਦੀ ਫਿਰਦੀ ਜੋ,
ਪਿਉ ਦੀ ਦਾੜ੍ਹੀ ਉਹ ਖੇਹ ਪਾਉਂਦੀ ਧੀ ਕੁਆਰੀ।

ਹੁਣ ਇਹ ਤਾਂ ਪਤਾ ਨਹੀਂ ਕਿ ਹੱਟੀ ‘ਤੇ ਤੇਲ ਲੈਣ ਜਾਣ ਵਾਲੀ ਗੱਲ, ਸਾਹਿਬਾਂ ਦੇ ਪਿਉ ਖੀਵੇ ਖਾਨ ਦੀ ਦਾਹੜੀ ਖੇਹ ਪੈ ਜਾਣ ਤੋਂ ਪਹਿਲਾਂ ਦੀ ਹੈ ਜਾਂ ਬਾਅਦ ਦੀ। ਇਨ੍ਹਾਂ ਚੱਕਰਾਂ ‘ਚ ਪੈਣ ਨਾਲੋਂ ਹੱਟੀ ਉਪਰ ਕੀ ਭਾਣਾ ਵਰਤਿਆ, ਇਹ ਸੁਣ ਲਉ। ਕਹਿੰਦੇ ਉਸ ਨੇ ਹੱਟੀ ਵਾਲੇ ਪੰਸਾਰੀ ਬਾਣੀਏ ਤੋਂ ਤੇਲ ਮੰਗਿਆ। ਸਾਹਿਬਾਂ ਦਾ ਡੁੱਲ-ਡੁੱਲ ਪੈਂਦਾ ਹੁਸਨ ਦੇਖ ਕੇ ਪੰਸਾਰੀ ਆਪਣੀ ਸੁੱਧ-ਬੁੱਧ ਹੀ ਗਵਾ ਬੈਠਾ। ਉਸ ਨੇ ਸਾਹਿਬਾਂ ਦੇ ਭਾਂਡੇ ਵਿਚ ਤੇਲ ਦੀ ਬਜਾਏ ਸ਼ਹਿਦ ਦੀ ਉਲਟ ਦਿੱਤਾ। ਕੋਲੋਂ ਦੀ ਇਕ ਜੱਟ ਬਲਦ ਲਈ ਜਾਂਦਾ ਸੀ, ਉਹ ਵੀ ਐਸਾ ਲੱਟੂ ਹੋਇਆ ਕਿ ਬਲਦ ਗਵਾ ਬੈਠਾ। ਪੀਲੂ ਦੀਆਂ ਸਤਰਾਂ ਹਨ:

Friday, April 1, 2011

ਗੁੰਮ ਹੋਈ ਇਕ ਕੁੜੀ

”ਅੱਜ ਫਿਰ ਸ਼ੀਲਾ ਨੇ ਆਪਣੀ ਕੁੜੀ ਨੂੰ ਹੀ ਭੇਜ ਦਿੱਤਾ ਹੈ।”


ਰਸੋਈ ‘ਚ ਕਾਹਲੀ-ਕਾਹਲੀ ਬ੍ਰੈੱਡ-ਆਮਲੇਟ ਨੂੰ ਚਾਹ ਦੇ ਘੁੱਟਾਂ ਨਾਲ ਗਲੇ ‘ਚ ਉਤਾਰ ਰਹੀ ਮਿਸਿਜ਼ ਸੰਧੂ ਨੇ ਆਪਣੇ ਪਤੀ ਪ੍ਰੋਫੈਸਰ ਸੰਧੂ ਨੂੰ ਦੱਸਿਆ। ਛੋਟੇ ਗੇਟ ਥਾਣੀ ਅੰਦਰ ਵੜਦੀ ਬਿੰਦੂ ਨੂੰ ਉਸਨੇ ਰਸੋਈ ਦੇ ਸ਼ੀਸ਼ਿਆਂ ਵਿਚੀਂ ਦੇਖ ਲਿਆ ਸੀ।

ਚਲੋ ਕੋਈ ਨਾ” ਚਾਹ ਦਾ ਕੱਪ ਮੁਕਾ ਕੇ ²ਡਾਈਨਿੰਗ ਟੇਬਲ ‘ਤੇ ਰੱਖਦਿਆਂ ਪ੍ਰੋਫੈਸਰ ਸੰਧੂ ਨੇ ਸਰਸਰੀ ਜਿਹਾ ਜਵਾਬ ਦਿੰਦੇ ਹੋਏ ਆਖਿਆ¸ਕੰਮ ਤਾਂ ਆਪਣੀ ਮਾਂ ਵਾਂਗ ਤਸੱਲੀ ਵਾਲਾ ਈ ਕਰਦੀ ਐ।”

”ਪਰ ਜਿੱਲ੍ਹੀ ਬਹੁਤ ਐ… ਟਾਈਮ ਬਹੁਤ ਲਾਉਂਦੀ ਐ।” ਬਿਨਾਂ ਜਵਾਬ ਦਿੱਤਿਆਂ ਸੰਧੂ ਸਾਹਿਬ ਮੇਜ਼ ‘ਤੇ ਪਈਆਂ ਕਿਤਾਬਾਂ ਚੁੱਕ ਕੇ ਸਟੱਡੀ ਰੂਮ ‘ਚ ਰੱਖਣ ਚਲੇ ਗਏ। ਮਿਸਿਜ਼ ਸੰਧੂ ਨੇ ਕਲਾਕ ਵੱਲ ਦੇਖ ਕੇ ਫਟਾਫਟ ਸਿਰ ਵਾਹਿਆ, ਹਲਕਾ ਜਿਹਾ ਮੇਕਅੱਪ ਕੀਤਾ ਅਤੇ ਸੈਂਡਲ ਪਾਉਂਦਿਆਂ ਅੰਦਰ ਆਈ ਬਿੰਦੂ ਨੂੰ ਆਦੇਸ਼ ਦਿੱਤਾ।

”ਰਾਤ ਦੇ ਭਾਂਡੇ ਵੀ ਸਿੰਕ ਵਿਚ ਹੀ ਪਏ ਐ। ਪਹਿਲਾਂ ਭਾਂਡੇ ਮਾਂਜ ਲਈਂ, ਫਿਰ ਪੋਚੇ ਲਾਈਂ, ਕੱਪੜੇ ਮਗਰੋਂ ਧੋਵੀਂ। …. ਨਾਲੇ ਕੰਮ ਜ਼ਰਾ ਫੁਰਤੀ ਨਾਲ ਕਰੀਂ, ਓ. ਕੇ.?” ਮਗਰਲਾ ਸ਼ਬਦ ‘ਓ. ਕੇ.’ ਮੈਡਮ ਨੇ ਘਰੋੜ ਕੇ ਕਿਹਾ।

Wednesday, March 16, 2011

ਲੋਕ-ਭਾਖ਼ਿਆ ਦੇ ਅਲਫ਼ਾਜ਼ ਦੇ ਅਫ਼ਸਾਨੇ

ਸਦੀਆਂ ਪੁਰਾਣੀਆਂ ਮਿੱਥਾਂ-ਮਨੌਤਾਂ ਨੂੰ ਆਪਣੀਆਂ ਵਿਗਿਆਨਕ ਕਾਢਾਂ ਦੇ ਜ਼ਰੀਏ ਥੋਥੀਆਂ ਸਿੱਧ ਕਰਨ ਵਾਲੇ ਪ੍ਰਸਿੱਧ ਵਿਗਿਆਨੀ ਗੈਲੀਲੀਓ ਨੇ ਇਕ ਥਾਂ ਲਿਖਿਆ ਹੈ, "ਮੈਂ ਖ਼ੁਦ ਦੂਰਬੀਨ ਬਣਾ ਕੇ ਸਪਸ਼ਟ ਰੂਪ ਵਿਚ ਦੇਖ ਚੁੱਕਿਆ ਹਾਂ ਕਿ ਚੰਦਰਮਾ ਵੀ ਸਾਡੀ ਧਰਤੀ ਵਰਗਾ ਗ੍ਰਹਿ ਹੈ। ਇਹਦੇ ਵਿਚ ਦਿਖਾਈ ਦਿੰਦੇ ਧੱਬੇ ਅਸਲ ਵਿਚ ਚੰਦ ਦੀ ਸਤਹਿ 'ਤੇ ਪਏ ਟੋਏ-ਟਿੱਬੇ ਹਨ। ਇਹ ਸਭ ਕੁਝ ਮੈਂ ਦੂਸਰੇ ਲੋਕਾਂ ਨੂੰ ਵੀ ਦਿਖਾ ਚੁੱਕਿਆ ਹਾਂ। ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਵੀ ਹਨ। ਲੇਕਿਨ ਇਸ ਦੇ ਬਾਵਜੂਦ ਮੈਨੂੰ ਆਪਣਾ ਆਪ, ਇਹ ਦੂਰਬੀਨ, ਇਹ ਨਵੀਨ ਖੋਜਾਂ; ਸਭ ਕੁਝ ਝੂਠ ਜਾਪਣ ਲੱਗਦਾ ਹੈ, ਜਦੋਂ ਮੈਨੂੰ ਬਚਪਨ ਵਿਚ ਆਪਣੀ ਮਾਂ ਪਾਸੋਂ ਸੁਣੀਆਂ ਗੱਲਾਂ ਯਾਦ ਆ ਜਾਂਦੀਆਂ ਹਨ।"

Tuesday, March 15, 2011

ਅਮਲ ਲਈ ਤਰਸਦੇ-ਮਤੇ ਸ਼੍ਰੋਮਣੀ ਕਮੇਟੀ ਦੇ!

ਦਸ ਗੁਰੂ ਸਾਹਿਬਾਨ ਦੁਆਰਾ ਸਾਜੇ ਗਏ ਸਿੱਖ ਪੰਥ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਹਾਨੀ ਚਾਨਣ,ਸੰਸਾਰ ਵਿੱਚ ਛਾਏ ਹੋਏ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਤੇਜੱਸਵੀ ਸੂਰਜ ਦੀ ਨਿਆਈਂ ਹੈ। ਇਸੇ ਕਰਕੇ ਸਿੱਖ,ਜਿੱਥੇ ਜਿੱਥੇ ਵੀ ਗਏ ਉੱਥੇ ਗੁਰਧਾਮ ਸਥਾਪਤ ਕੀਤੇ। ਪੰਜਾਬ ਦੀ ਧਰਤੀ ਨੂੰ ਕਿਉਂਕਿ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ ਅਤੇ ਇਹ ਗੁਰੂ ਸਾਹਿਬਾਨ ਵਲੋਂ ਵਰੋਸਾਈ ਮਨੁੱਖੀ ਕਲਿਆਣ ਵਾਲ਼ੀ ਜੁਗਤਿ ਦੀ ਤਜ਼ਰਬਾ-ਗਾਹ ਵੀ ਹੈ। ‘ਜਿੱਥੇ ਜਾਇ ਬਹੈ ਮੇਰਾ ਸਤਿਗੁਰੂ’ ਦੀ ਭਾਵਨਾ ਅਨੁਸਾਰ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਇਤਿਹਾਸਕ ਥਾਵਾਂ ‘ਤੇ ਗੁਰਦੁਆਰਿਆਂ ਦੀਆਂ ਇਮਾਰਤਾਂ ਤਾਮੀਰ ਕੀਤੀਆਂ ਗਈਆਂ। ਲੰਮੇ ਉਤਰਾਅ ਚੜ੍ਹਾਅ ਲੰਘ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਸਿੱਖ ਰਾਜ ਸਥਾਪਿਤ ਹੋਇਆ। ਉਸਨੇ ਗੁਰੂ ਪਿਆਰ ਵਾਲੀ ਸ਼ਰਧਾ ਅਨੁਸਾਰ ਗੁਰਧਾਮਾਂ ਦੀ ਨਵ-ਉਸਾਰੀ ਕਰਵਾਉਣ ਦੇ ਨਾਲ ਨਾਲ, ਬਹੁਤ ਸਾਰੇ ਗੁਰਦੁਅਰਿਆਂ ਦੇ ਨਾਂ ਸਤਿਕਾਰ ਵਜੋਂ ਜਮੀਨਾਂ-ਜਾਇਦਾਦਾਂ ਵੀ ਲਗਾਈਆਂ।

ਬੇਗਮ ਪੁਰੇ ਦੇ ਬਸ਼ਿੰਦੇ

ਦੁਨੀਆਂਦਾਰਾਂ ਉੱਤੇ ਵੱਡੇ ਵਡੇ ਪਰਉਪਕਾਰ ਕਰਨ ਤੋਂ ਬਾਅਦ ਪ੍ਰੀਤਮ ਕੇ ਦੇਸ ਬਿਰਾਜ ਰਹੇ ਗੁਰੁ, ਪੀਰ ਤੇ ਰਹਿਬਰ ਆਪਣੇ ਪੈਰੋਕਾਰਾਂ ਦਾ ਹੋਛਾ-ਪਣ ਦੇਖ ਦੇਖ ਕੇ ਹੱਸਦੇ ਜਰੂਰ ਹੋਣਗੇ ।ਵੈਸੇ ਸਾਡੇ ਕਾਰਨਾਮੇ ਦੇਖ ਕੇ ਉਨ੍ਹਾਂ ਨੂੰ ਗੁੱਸਾ ਵੀ ਬਹੁਤ ਆਉਂਦਾ ਹੋਣੈਂ ! ਪਰ ਉਨ੍ਹਾਂ ਦਰਵੇਸ਼ਾਂ ਨੇ ਕ੍ਰੋਧ ’ਤੇ ਫਤਹਿ ਪਾਈ ਹੋਣ ਕਰਕੇ, ਸ਼ਰਧਾਲੂਆਂ ਦੀਆਂ ਮਨ ਮਰਜੀਆਂ ਬੇ-ਰੋਕ ਟੋਕ ਵਧੀ ਜਾਂਦੀਆਂ ਹਨ। ਹਰੇਕ ਧਰਮ ਦੇ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਇਹ ਉਪਦੇਸ਼ ਜਰੂਰ ਦਿੱਤਾ ਹੋਇਆ ਹੈ ਕਿ ਭਗਤੋ, ਜੋ ਅਸੂਲ-ਨਿਯਮ ਮੈਂ ਬਣਾ ਚੱਲਿਆ ਹਾਂ, ਇਨ੍ਹਾਂ ਤੇ ਅਮਲ ਕਰਦੇ ਰਹੋਗੇ ਤਾਂ ਸੁਖੀ ਵਸੋਂਗੇ।ਨਹੀਂ ਤਾਂ ਧੱਕੇ-ਧੌੜੇ ਹੀ ਖਾਂਦੇ ਰਹੋਗੇ। ਮਹਾਤਮਾ ਬੁੱਧ ਜੀ ਨੇ ਜਾਂਦੇ ਵਕਤ ਭਿਖਸ਼ੂਆਂ ਨੂੰ ਕਿਹਾ ਸੀ ਕਿ ਜਿਹੜੇ ਅੱਠ ਨਿਯਮ ਮੈਂ ਘੱੜ ਚੱਲਿਆ ਹਾਂ, ਇਨਾਂ ਨੂੰ ਸੰਸਾਰ-ਭਵਜਲ ਪਾਰ ਕਰਨ ਲਈ ਕਿਸ਼ਤੀ ਰੂਪ ਹੀ ਸਮਝਿਉ। ਇਸ ਕਿਸ਼ਤੀ ਨੂੰ ਮੋਢਿਆਂ ’ਤੇ ਹੀ ਨਾ ਚੁੱਕੀ ਫਿਰਿਉ ! ਭਿਖਸ਼ੂਆਂ ਨੇ ਕੀ ਕੀਤਾ? ਮੂਰਤੀ ਪੂਜਾ ਦੇ ਕੱਟੜ ਵਿਰੋਧੀ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾ ਦਿੱਤੀਆਂ!

Friday, March 11, 2011

ਸਦਮਿਆਂ ਦਾ ਸਮੁੰਦਰ

ਪੁਰਾਤਨ ਗ੍ਰੰਥਾਂ ਵਿਚ ਭਲੇ ਹੀ ਇੰਦਰ ਨੂੰ ਵਰਖਾ ਦਾ ਦੇਵਤਾ ਕਿਹਾ ਗਿਆ ਹੋਵੇ ਅਤੇ ਉਸ ਦੇ ਹਰੇ-ਭਰੇ ਬਾਗ਼ਾਂ ਦੀ ਉਸਤਤਿ ਵਿਚ ਕਈ ਤਰ੍ਹਾਂ ਦੇ ਛੰਦ ਲਿਖੇ ਗਏ ਹੋਣ ਪਰ ਜਿਸ ਇੰਦਰ ਦੀ ਵਿਥਿਆ ਹਥਲੀ ਲਿਖਤ ਵਿਚ ਬਿਆਨੀ ਜਾ ਰਹੀ ਹੈ, ਉਹ ਤਾਂ ਵਿਚਾਰਾ ਗ਼ਮਾਂ-ਸਦਮਿਆਂ ਦਾ ਝੰਬਿਆ ਆਪਣੇ ਗ਼ਲ ਪਈ ਮਾਨਸ ਜੂਨ ਪੂਰੀ ਕਰ ਰਿਹਾ ਹੈ। ਜੋ ਕੁਝ ਉਹਦੇ ਨਾਲ ਹੋ-ਬੀਤ ਚੁੱਕਿਆ ਹੈ, ਕਿਸੇ ਪੜ੍ਹੇ-ਲਿਖੇ ਮਾਡਰਨ ਬੰਦੇ ਨਾਲ ਅਜਿਹਾ ਵਾਪਰਦਾ ਤਾਂ ਉਸ ਨੂੰ ਖ਼ੁਦਕੁਸ਼ੀ ਕੀਤਿਆਂ ਕਈ ਸਾਲ ਬੀਤ ਗਏ ਹੁੰਦੇ ਜਾਂ ਫਿਰ ਉਹ ਹੁਣ ਨੂੰ ਪਾਗ਼ਲ ਹੋ ਚੁੱਕਾ ਹੁੰਦਾ। ਕਈ ਖ਼ੁਸ਼ ਕਿਸਮਤਾਂ ਨੂੰ ਲੰਮੀ ਉਮਰ ਪਰਮਾਤਮਾ ਵੱਲੋਂ ਤੋਹਫੇ ਦੇ ਤੌਰ ‘ਤੇ ਮਿਲੀ ਹੋਈ ਹੁੰਦੀ ਹੈ ਪਰ ਇਸ ਇੰਦਰ ਵਰਗਿਆਂ ਲਈ ਨਿਰਾ ਸਰਾਪ! ਉਹਦੇ ਦੁੱਖਾਂ ਦੀ ਪੰਡ ਦੇ ਵਾਕਫ਼ ਉਸ ਨੂੰ ਤੁਰਦਾ-ਫਿਰਦਾ ਦੇਖ ਕੇ ਰੱਬ ‘ਤੇ ਹੀ ਗਿਲਾ ਕਰਦੇ ਨੇ ਕਿ ਹੇ ਦਾਤਿਆ! ਤੂੰ ਇਸ ਨੂੰ ਕਿਹੜੇ ਜਨਮ ਦੀ ਸਜ਼ਾ ਦਿੱਤੀ ਹੋਈ ਹੈ?

ਪਾਲ ਸਿੰਘ ਤੇ ਪਾਲਾ ਸਿੰਘ ਦੇ ਪੱਲੇ ਪਏ ਪਛਤਾਵੇ?

ਪੰਥਕ ਲੀਡਰਸ਼ਿਪ ਦੇ ਅਵੈੜੇ ਸੁਭਾਅ ਬਾਰੇ ਇਹ ਕੁਸੈਲੀ ਜਿਹੀ ਵਿਅੰਗ-ਟਿੱਪਣੀ ਸੁਣੀ ਤਾਂ ਮੈਂ ਪਹਿਲਾਂ ਵੀ ਹੋਈ ਸੀ ਪਰ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਮੈਨੂੰ ਕਿਤਾਬ ਖੋਲ੍ਹੀ ਬੈਠਾ ਦੇਖ ਕੇ ਜਿਸ ਨਾਟਕੀ-ਅੰਦਾਜ਼ ਨਾਲ ਇਹ ਫਿਰ ਦੁਹਰਾਈ, ਮੇਰੀ ਸਿਮ੍ਰਤੀ ਵਿਚ ਇਹ ਚਿੱਟੇ ਕਾਗਜ਼ ‘ਤੇ ਗੂੜ੍ਹੇ ਕਾਲੇ ਅੱਖਰਾਂ ਵਾਂਗ ਉਕਰੀ ਗਈ। ਜਦੋਂ ਵੀ ਕਿਸੇ ਭਲੇਮਾਣਸ ਬੁੱਧੀਜੀਵੀ ਨਾਲ ਇਹ ‘ਭਾਣਾ’ ਵਾਪਰਦਾ ਦੇਖਦਾ ਹਾਂ ਤਾਂ ਮੇਰੀਆਂ ਅੱਖਾਂ ਅੱਗੇ ਉਹੀ ਦ੍ਰਿਸ਼ ਆ ਜਾਂਦਾ ਹੈ।

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸ਼ਾਮਲ ਹੋਣ ਲਈ ਮੈਂ ਸ੍ਰੀ ਅੰਮ੍ਰਿਤਸਰ ਪਹੁੰਚਿਆ ਹੋਇਆ ਸਾਂ। ਰਾਤ ਦਾ ਪ੍ਰਸ਼ਾਦਾ-ਪਾਣੀ ਛਕਣ ਉਪਰੰਤ, ਗੁਰੂ ਹਰਗੋਬਿੰਦ ਨਿਵਾਸ ਵਿਚ ਆਪਣੀ ਰਿਹਾਇਸ਼ ਵਾਲੇ ਕਮਰੇ ਅੰਦਰ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸਾਂ। ਲਾਂਗਰੀ ਨੇ ਚਾਹ ਲੈ ਕੇ ਆਉਣਾ ਸੀ, ਇਸ ਲਈ ਕਮਰੇ ਦਾ ਦਰਵਾਜ਼ਾ ਖੁੱਲਾ ਹੀ ਰੱਖਿਆ ਹੋਇਆ ਸੀ। ਮੈਂਬਰਾਂ ਦੀ ਰਿਹਾਇਸ਼ ਆਦਿ ਦਾ ਬੰਦੋਬਸਤ ਕਰਦੇ ਫਿਰਦੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ (ਜੋ ਉਨ੍ਹੀਂ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ) ਕਈ ਵਾਰ ਇੱਧਰ-ਉਧਰ ਨੂੰ ਲੰਘੇ। ਹੱਥ ਵਿਚ ਤਿੰਨ ਫੁੱਟੀ ਸ੍ਰੀ ਸਾਹਿਬ ਫੜੀ ‘ਚਾਣਚੱਕ ਉਹ ਮੇਰੇ ਕਮਰੇ ਵਿਚ ਆ ਵੜੇ। ਆਉਂਦਿਆਂ ਹੀ ਉਨ੍ਹਾਂ ਨੇ ਝੁਟਕੀ ਮਾਰ ਕੇ ਮੇਰੇ ਹੱਥੋਂ ਕਿਤਾਬ ਫੜ ਲਈ। ਮੁਸਕ੍ਰਾਉਂਦਿਆਂ ਵਿਅੰਗਾਤਮਕ ਲਹਿਜ਼ੇ ‘ਚ ਬੋਲੇ,
”ਸਿੰਘਾ, ਕਿਤਾਬਾਂ ਪੜ੍ਹਨ ਦਾ ਕੰਮ ਛੱਡ ਦੇਵੇਂ ਤਾਂ ਚੰਗਾ ਰਹੇਂਗਾ। ਆਪਣੇ ‘ਪੰਥ’ ਵਿਚ (ਭਾਵ ਅਕਾਲੀ ਦਲ ‘ਚ) ਪੜ੍ਹਨ-ਪੁੜ੍ਹਨ ਵਾਲਿਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਜਿਹੜਾ ਬੁੱਧੀਜੀਵੀ ਬਣਨ ਦੀ ਕੋਸ਼ਿਸ਼ ਕਰੇ, ਉਸ ਨੂੰ ਝੱਟ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। …ਇਸ ਕਰਕੇ ਇਹ ‘ਪੁੱਠਾ ਕੰਮ’ ਨਾ ਹੀ ਕਰਿਆ ਕਰ। ਜੇ ਅਕਾਲੀ ਸਿਆਸਤ ਵਿਚ ਚਾਰ ਦਿਨ ਰਹਿਣਾ ਐ ਤਾਂ!”

ਕ੍ਰਿਸ਼ਨ ਕੁਮਾਰ ਸਹਿੰਦਾ ਕੰਸਾਂ ਦੀ ਮਾਰ!

ਕਦੇ ਇਤਫਾਕ ਵਸ ਹੀ ਐਸਾ ਹੁੰਦਾ ਹੈ ਕਿ ਕਿਸੇ ਵਿਆਕਤੀ ਦਾ ਸੁਭਾਅ ਜਾਂ ਉਸ ਦੇ ਕਰਤਵ, ਉਹਦੇ ਨਾਮ ਨਾਲ ਇੰਨ-ਬਿੰਨ ਮੇਲ ਖਾਂਦੇ ਹੋਣ ਵਰਨਾ ਇਹ ਜਰੂਰੀ ਨਹੀਂ ਕਿ ਸ਼ੇਰ ਖਾਨ ਨਾਂ ਵਾਲੇ ਸਾਰੇ ਸੂਰਮੇ ਮਰਦ ਹੀ ਹੋਣ। ਕੋਈ ਸ਼ਾਂਤੀ ਦੇਵੀ ਕਹੀ ਜਾਣ ਵਾਲ਼ੀ ਪਤਨੀ, ਆਪਣੇ ਪਤੀ-ਪਰਿਵਾਰ ਜਾਂ ਆਂਢ-ਗੁਆਂਢ ਲਈ ਨਿਰੀ ਬਘਿਆੜੀ ਵੀ ਹੋ ਸਕਦੀ ਹੈ। ਕੋਈ ਹੁਕਮ ਸਿੰਹੁ ਆਪਣੇ ਪਿੰਡ ਦਾ ਚੌਂਕੀਦਾਰ ਜਾਂ ਹਾਕਮ ਸਿੰਘ ਦਫਤਰਾਂ ਵਿਚ ਚਪੜਾਸਪੁਣਾ ਕਰਦਾ ਹੋਵੇ ਤਾਂ ਇਹ ਦੋਵੇਂ ਜਣੇ, ਆਪਣੇ ਨਾਂਵਾਂ ਨਾਲ ਨਿਆਂ ਨਹੀਂ ਕਰ ਰਹੇ ਹੋਣਗੇ। ਬਜ਼ਾਰ ਵਿਚ ਬੱਕਰੇ, ਮੁਰਗਿਆਂ ਦਾ ਮੀਟ ਵੇਚਣ ਵਾਲਾ ਦੁਕਾਨਦਾਰ, ਮੋਹਰੇ ਫੱਟਾ ਲਿਖਾ ਕੇ ਬੈਠਾ ਹੋਵੇ- ‘ਦਇਆ ਰਾਮ ਝਟਕਈ ਦੀ ਦੁਕਾਨ’ ਤਾਂ ਲੋਕੀਂ ਉਸ ਨੂੰ ਪੁਛਣਗੇ ਹੀ ਕਿ ਭਰਾ ਜੀ, ਬੁੱਚੜ ਰਾਮ ਫੁੱਲਾਂ ਵਾਲੇ ਦੀ ਦੁਕਾਨ ਕਿੱਧਰ ਹੈ? ਕੋਈ ਲੱਖਪਤ ਰਾਏ ‘ਹੋਮਲੈਸਾਂ’ (ਬੇਘਰਿਆਂ) ਵਾਂਗ ਹੱਥ ‘ਚ ਠੂਠਾ ਫੜ ਕੇ ਮੰਗਦਾ ਫਿਰਦਾ ਹੋਵੇ ਜਾਂ ਕੋਈ ‘ਨੇਕ ਚੰਦ’ ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਦਾ ਹੋਵੇ ਤਾਂ ਜਾਣਕਾਰਾਂ ਨੂੰ ਅਚੰਭਾ ਲਾਜ਼ਮੀ ਹੋਵੇਗਾ ਕਿ ਏਡੀ ਬਰਕਤ ਵਾਲੇ ਨਾਂ ਤੇ ਧੰਦੇ ਆਹ?

Thursday, March 10, 2011

ਗੱਭਰੂ ਦੇਸ ਪੰਜਾਬ ਦੇ!

ਕਰਦੇ ਰਤੀ ਪ੍ਰਵਾਹ ਨਾ ਮਾਪਿਆਂ ਦੀ, ਵਿਗੜੀ ਹੋਈ ਔਲਾਦ ਦਾ ਹਾਲ ਦੇਖੋ।
ਮਿਹਨਤ ਤੇ ਮੁਸ਼ੱਕਤਾਂ ਭੁੱਲ ਗਈਆਂ, ਖਾਣਾ ਚਾਹੁਣ ਪਰਾਇਆ ਈ ਮਾਲ ਦੇਖੋ।
ਵੜਦੇ ਨਹੀਂ ਸਕੂਲ ਜਾਂ ਕਿਸੇ ਕਾਲਜ, ਫੇਰਾ-ਤੋਰੀ ਵਿਚ ਬੀਤ ਗਏ ਸਾਲ ਦੇਖੋ।
ਸੁੱਕੇ ਹੋਏ ਕਰੇਲੇ ਦੇ ਵਾਂਗ ਚਿਹਰੇ, ਬੋਦੇ ਚੋਪੜੇ ਜੈਲ ਦੇ ਨਾਲ ਦੇਖੋ।
ਨਸ਼ੇ, ਚੋਰੀਆਂ, ਆਸ਼ਕੀ ਕਰੇ ‘ਪੂਰਨ’ ਭਟਕੇ ਨਾਥ ਤੋਂ ਲੈਣਾ ਕੀ ‘ਸੁੰਦਰਾਂ’ ਨੇ?

ਜਲਾਲੇ-ਪਾਤਸ਼ਾਹੀ ਯਾ ਜ਼ਮਹੂਰੀ ਤਮਾਸ਼ਾ?

ਐ ਖ਼ਾਕ ਨਸ਼ੀਨੋ ਉਠ ਬੈਠੋ,
ਵੋਹ ਵਕਤ ਕਰੀਬ ਆ ਪਹੁੰਚਾ ਹੈ,
ਜਬ ਤਖ਼ਤ ਗਿਰਾਏ ਜਾਏਂਗੇ,
ਜਬ ਤਾਜ ਉਛਾਲੇ ਜਾਏਂਗੇ!

ਫੈਜ ਅਹਿਮਦ ‘ਫੈਜ਼’ ਦਾ ਇਨਕਲਾਬੀ ਹੁੱਝ ਮਾਰਦਾ ਇਹ ਸ਼ੇਅਰ ਬੇਸ਼ੱਕ ਤਾਰੀਖ ਦੀਆਂ ਨਜ਼ਰਾਂ ਵਿਚ ਕਈ ਵਾਰ ਦੁਹਰਾਇਆ ਜਾ ਚੁੱਕਾ ਹੈ। ਲੇਕਿਨ ਅੱਜ ਦੀ ਦੁਨੀਆਂ ਹੈਰਤ ਭਰੀਆਂ ਨਜ਼ਰਾਂ ਨਾਲ ਫਿਰ ਇਨ੍ਹਾਂ ਸਤਰਾਂ ‘ਤੇ ਅਮਲ ਹੁੰਦਾ ਦੇਖ ਰਹੀ ਹੈ। ਪ੍ਰਾਚੀਨ ਸੱਭਿਅਤਾ ਦੀ ਧਰੋਹਰ ਮਿਸਰ ਦੀ ਧਰਤੀ, ਜਿੱਥੋਂ ਦੇ ਸੁਹੱਪਣ ਦੀਆਂ ਰਸੀਲੀਆਂ ਤੇ ਨਸ਼ੀਲੀਆਂ ਗੱਲਾਂ ਸਾਡੇ ਪੰਜਾਬ ਦੇ ਅਨਪੜ੍ਹ ਜਾਂ ਅਧਪੜ੍ਹ ਬਜ਼ੁਰਗਾਂ ਦੀਆਂ ਢਾਣੀਆਂ ਵਿਚ ਵੀ ਚਟਖ਼ਾਰੇ ਲਾ ਕੇ ਕੀਤੀਆਂ ਜਾਂਦੀਆਂ ਨੇ, ਜਿੱਥੋਂ ਦੇ ਸ਼ਾਹਜ਼ਾਦੇ ਯੂਸਫ ਦੇ ਕਿੱਸੇ ਵਾਰਿਸ ਸ਼ਾਹ ਦੀ ਹੀਰ ਵਾਂਗ ਪੰਜਾਬੀਆਂ ਦੇ ਜ਼ਿਹਨੀਂ ਵੱਸੇ ਹੋਏ ਹਨ, ਅੱਜ ਉਸ ਮਿਸਰ ਦੇਸ਼ ਦੇ ਵਾਸੀ ਅਕਾਸ਼ ਵਿਚ ਸਤਰੰਗੀਆਂ ਰੌਸ਼ਨੀਆਂ ਬਿਖੇਰਦੀਆਂ ਆਤਿਸ਼ਬਾਜ਼ੀਆਂ ਚਲਾ ਰਹੇ ਨੇ। ਗਲੀਆਂ ਕੂਚਿਆਂ ਵਿਚ ਪਟਾਖੇ, ਅਨਾਰ ਚਲਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਈਦ-ਮੁਬਾਰਕ ਕਹਿਣ ਵਾਂਗ ਉਥੋਂ ਦੇ ਬਾਸ਼ਿੰਦੇ ਇੱਕ ਦੂਜੇ ਨਾਲ ਬਗਲਗੀਰ ਹੋ ਕੇ ਵਧਾਈਆਂ ਦਾ ਆਦਾਨ-ਪ੍ਰਦਾਨ ਕਰ ਰਹੇ ਨੇ। ਉਨ੍ਹਾਂ ਦੇ ਚਿਹਰਿਆਂ ਦੀ ਲਾਲੀ ਪਹਿਲਾਂ ਨਾਲੋਂ ਕਿਤੇ ਵਧੇਰੇ ਲਿਸ਼ਕਾਂ ਮਾਰ ਰਹੀ ਹੈ। ਉਹ ਵਾਰ ਵਾਰ ਆਪਣਾ ਖੰਡੇ-ਕ੍ਰਿਪਾਨਾਂ ਵਾਲ਼ਾ ਕੌਮੀ ਝੰਡਾ ਖੁਲ੍ਹੀ ਅਜ਼ਾਦ ਫਿਜ਼ਾ ਵਿਚ ਲਹਿਰਾ ਰਹੇ ਨੇ।

Wednesday, March 9, 2011

ਖੁਸ਼ਾਮਦ ਸਾਲਿਆਂ ਦੀ?

ਝੂਠ ਬੋਲ ਕੇ ਕਹਿ ਦਿਓ ਹੰਸ ਚਿੱਟੇ, ਉਪਮਾ ਕਰੀ ਜਾਵੋ ਕਾਂਵਾਂ ਕਾਲਿਆਂ ਦੀ।
ਜੀ ਹਜ਼ੂਰੀਆਂ ਦਾ ਏਹੀ ਧਰਮ ਹੁੰਦੈ, ਜੈ ਜੈ ਕਾਰ ਕਰਨੀ ‘ਉਪਰ’ ਵਾਲਿਆਂ ਦੀ।
ਬੋਲੀ ਕਿੱਦਾਂ ਦੀ ਹੁੰਦੀ ਏ ਪਤਾ ਸਾਨੂੰ, ਚੂਰੀ ਖਾਣ ਵਾਲੇ ਤੋਤੇ ਪਾਲਿਆਂ ਦੀ।
ਟਿਕਟਾਂ, ਅਹੁਦੇ, ਤਰੱਕੀਆਂ ਲੈਣੀਆਂ ਜੇ, ਚਾਬੀ ਇਹੋ ਹੈ ਸੈਂਕੜੇ ਤਾਲਿਆਂ ਦੀ।
ਠੇਕੇਦਾਰੀ ਵੀ ਮਿਲਦੀ ਏ ਰੇਤ ਵਾਲੀ, ਸੁੱਕੇ ਪਏ ਦਰਿਆਵਾਂ ਤੇ ਨਾਲਿਆਂ ਦੀ।
ਚੋਗਾ ਲੈਣ ਲਈ ਕਰੋ ਨਿਸੰਗ ਹੋ ਕੇ, ਚਮਚਾਗਿਰੀ ‘ਪ੍ਰਧਾਨ’ ਦੇ ਸਾਲਿਆਂ ਦੀ!

ਸਭ ਦਾ ‘ਦੁਸ਼ਮਣ’ ਰਾਜਾ!

ਕਰਨੇ ਵਾਸਤੇ ਨਵਾਂ ਸਟੰਟ ਕੋਈ, ਬਾਪੂ ਕਹਿਣ ਲਈ ਫੇਰ ਨਾ-ਚੀਜਿਆਂ ਨੂੰ।
ਕੀਲਣ ਵਾਸਤੇ ਬੀਨ ਵਜਾਉਣ ਲੱਗ, ਫੋਕੇ ਲਾਰਿਆਂ ਨਾਲ ਪਸੀਜਿਆਂ ਨੂੰ।
ਨਾਲੇ ਮਿੱਠੀਆਂ ਗੋਲੀਆਂ ਦੇਣ ਤੁਰ ਪਏ, ਰੁੱਸੇ ਬੈਠਿਆਂ ਦੂਜਿਆਂ-ਤੀਜਿਆਂ ਨੂੰ।
ਧੱਕੇ ਧੌਂਸ ਦੇ ਨਾਲ ਜੋ ਰਾਜ ਕਰਦੇ, ਪੈਂਦਾ ਭੁਗਤਣਾ ਅੰਤ ਨਤੀਜਿਆਂ ਨੂੰ।
ਲੱਗ ਜਾਣਗੇ ਕਿਸ ਤਰ੍ਹਾਂ ਅੰਬ ਦੱਸੋ, ਹੱਥੀਂ ਅੱਕ ਦੇ ਬੂਟੇ ਬੀਜਿਆਂ ਨੂੰ।
ਦੁਸ਼ਮਣ ‘ਰਾਜਾ’ ਹੀ ਸਾਹਮਣੇ ਦਿਸੀ ਜਾਂਦਾ, ਸਾਲੇ, ਜੀਜਿਆਂ, ਤਾਏ-ਭਤੀਜਿਆਂ ਨੂੰ।
                                                         
                                                                            ਤਰਲੋਚਨ ਸਿੰਘ ਦੁਪਾਲਪੁਰ

Tuesday, March 8, 2011

ਕਲਿਯਗੁ ਦੀ ਕਵੀਸ਼ਰੀ!

ਊਠਣੀ 'ਤੇ ਚੜ੍ਹੇ ਜਾਂਦੇ ਤਿੰਨ ਸਿੰਘ ਜੀ, ਉਹਨੂੰ ਲੱਗਾ ਭਾਰ ਤੇ ਉਹ ਪਈ ਅੜਿੰਗ ਜੀ। ਖੇਤਾਂ ਵਿਚ ਚਰਦੀਆਂ ਤਿੰਨ ਕੱਟੀਆਂ, ਅਸੀਂ ਜਾ ਕੇ ਉਨ੍ਹਾਂ ਦੀਆਂ ਪੂਛਾਂ ਪੱਟੀਆਂ। ਕਹਿਣ ਨੂੰ ਤਾਂ ਇਨ੍ਹਾਂ ਚੌਹਾਂ ਸਤਰਾਂ ਨੂੰ ਵੀ 'ਕਵਿਤਾ' ਕਿਹਾ ਜਾਵੇਗਾ। ਪਰੰਤੂ ਕਾਵਯ-ਵਿੱਦਿਆ ਦੇ ਪਿੰਗਲ ਦਾ ਕੋਈ ਵੀ ਜਾਣਕਾਰ, ਇਨ੍ਹਾਂ ਪੰਕਤੀਆਂ ਨੂੰਕਵਿਤਾ ਮੰਨਣੋ ਇਨਕਾਰੀ ਹੋਵੇਗਾ। ਚਲੋ ਫਿਰ ਵੀ ਇਨਾਂ ਵਿਚ ਥੋੜੀ ਬਹੁਤੀ ਛੰਦਾ-ਬੰਦੀ ਦੀ ਝਲਕ ਅਤੇ ਕਾਫ਼ੀਆਂ ਤੁਕਾਂਤ ਮਿਲਦਾ ਹੈ। ਪਰ ਅਹਿ ਜਿਹੜੀ ਖੁਲ੍ਹੀ ਕਵਿਤਾ ਰਚੀ ਜਾ ਰਹੀ ਹੈ, ਉਸਦਾ ਨਮੂਨਾ ਦੇਖੋ ਜ਼ਰਾਸਾਡ ਕੋਠੇ ਨਿੰਮ ਦਾ ਬੂਟਾ ਬਾਹਰ ਖੜ੍ਹਾ ਸਰਪੰਚ ਦੇਈਂ ਗਵਾਂਢਣੇ ਫਾਹੁਣਾ ਮੈਂ ਰਜਾਈ ਨਗੰਦਣੀ! ਅਖੇ 'ਲਿਖੇ ਮੂਸਾ ਪੜ੍ਹੇ ਖੁਦਾ।' ਇਹੋ ਜਿਹੀਆਂ 'ਖੁੱਲੀਆਂ ਕਵਿਤਾਵਾ' ਸ਼ਾਇਦ ਇਨ੍ਹਾਂ ਨੂੰ ਲਿਖਣ ਵਾਲਿਆ ਦੀ 'ਪਕੜ' ਵਿਚ ਭਾਵੇ ਆ ਜਾਂਦੀਆਂ ਹੋਣ, ਪਰ ਆਮ ਪਾਠਕਾਂ ਦੀ ਨਜ਼ਰ ਵਿਚ ਤਾਂ ਇਹ ਕਾਲ਼ੇ ਅੱਖਰਾਂ ਬਰਾਬਰ ਹੀ ਹੁੰਦੀਆਂ ਹਨ। ਨਾ ਕੋਈ ਰਸ, ਨਾ ਕੋਈ ਖਿਆਲ ਲੜੀ ਅਤੇ

ਨਾਜਾਇਜ਼ ਰਿਸ਼ਤਿਆਂ ਦਾ ਰੋਗ!

ਜੂਠ-ਝੂਠ ਦਾ ਜਿੱਥੇ ਵੀ ਬੋਲ ਬਾਲਾ, ਉਥੇ ਆਉਂਦੀਆਂ ਸਭ ਬਿਮਾਰੀਆਂ ਨੇ।
ਉਥੋਂ ਏਕਾ-ਇਤਫ਼ਾਕ ਕਾਫੂਰ ਹੋਵੇ, ਪਾਏ ਜਿੱਥੇ ਵੀ ਪੈਰ ਬਦਕਾਰੀਆਂ ਨੇ।
ਸ਼ੌਂਕੀ ਹੋਏ ਬਿਗਾਨੀਆਂ ਖੁਰਲ੍ਹੀਆਂ ਦੇ, ਭਸਮਾ-ਭੁਤ ਕਰ ਦੇਣਾ ਖੁਆਰੀਆਂ ਨੇ।
ਉਨ੍ਹਾਂ ਵਾਸਤੇ ਵਫ਼ਾ ਦਾ ਮੁੱਲ ਕੋਈ ਨਾ, ਨੀਅਤਾਂ ਜਿਨ੍ਹਾਂ ਨੇ ਖੋਟੀਆਂ ਧਾਰੀਆਂ ਨੇ।
ਫੈਸ਼ਨਪ੍ਰਸਤੀਆਂ ਵਿਚ ਗਲਤਾਨ ਹੋ ਕੇ, ਲੱਜਾ ਛੱਡ ‘ਤੀ ਵਿਆਹੀਆਂ/ਕੁਆਰੀਆਂ ਨੇ।
ਗ੍ਰਹਿਸਤ-ਮਾਰਗ ਦੀ ਮਿੱਟੀ ਪਲੀਤ ਕੀਤੀ, ਬੰਦੇ-ਤੀਵੀਂ ਦੀਆਂ ਚੋਰੀਆਂ-ਯਾਰੀਆਂ ਨੇ!

 ਤਰਲੋਚਨ ਸਿੰਘ ਦੁਪਾਲਪੁਰ

Wednesday, January 19, 2011

ਮਜਬੂਰੀ ਦੀ ਚੱਕੀ ਵਿਚ ਪਿਸਦੀ ਮਰਜ਼ੀ

“ਵੀਹ ਸਾਲ ਦੀ ਉਮਰ ਤਕ ਜਜ਼ਬਾ ਰਾਜ ਕਰਦਾ ਹੈ, ਤੀਹ ਵਿਚ ਅਕਲ ਅਤੇ ਚਾਲੀ ਸਾਲ ਦੀ ਉਮਰ ਵਿਚ ਤਜਰਬੇ ਦੀ ਹਕੂਮਤ ਹੁੰਦੀ ਹੈ। ਇਸ ਪਿੱਛੋਂ ਰਾਜ ਲਗਭਗ ਟੁੱਟ ਹੀ ਜਾਂਦਾ ਹੈ।”

ਕਿਸੇ ਨੀਤੀ-ਵੇਤਾ ਵੱਲੋਂ ਇਨਸਾਨ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਬਾਰੇ ਬਣਾਇਆ ਗਿਆ ਇਹ ਖਾਕਾ, ਬਿਨਾਂ ਸ਼ੱਕ ਤੱਥਾਂ ਉਤੇ ਆਧਾਰਤ ਜਾਪਦਾ ਹੈ ਪਰ ਜ਼ਰੂਰੀ ਨਹੀਂ ਕਿ ਇਸ ‘ਫਰੇਮ‘ ਵਿਚ ਸਾਰਿਆਂ ਵੱਲੋਂ ਹੰਢਾਇਆ ਹੋਇਆ ਜੀਵਨ ਫਿੱਟ ਆ ਜਾਏ! ਜਿਨ੍ਹਾਂ ਘਰਾਂ ਵਿਚ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹੋਣ, ਉਥੇ ਜਨਮੇ ਵੀਹ ਸਾਲ ਦੀ ਉਮਰ ਦੇ ਨਿਆਣਿਆਂ ਦੇ ਕਾਹਦੇ ਜਜ਼ਬਾਤ? ਜਿਹੜੇ ਜਵਾਨੀ ਪਹਿਰੇ ਹੀ ਵਿਗੜਿਆਂ-ਤਿਗੜਿਆਂ ਦੀ ਸੰਗਤ ਵਿਚ ਪੈ ਗਏ ਹੋਣ, ਅਕਲ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਸ ਨੇ ਚਾਲੀਆਂ ਤਕ ਪਹੁੰਚ ਕੇ ਵੀ ਕੋਈ ਸਿੱਧਾ ਕੰਮ ਨਹੀਂ ਕੀਤਾ ਹੁੰਦਾ, ਉਹਦੇ ਕੋਲ ਤਜਰਬਿਆਂ ਦੀ ਪੂੰਜੀ ਕਿੱਥੋਂ ਲੱਭਣੀ ਹੋਈ! ਰਹੀ ਗੱਲ ਚਾਲੀ ਸਾਲ ਦੀ ਉਮਰ ਤੋਂ ਬਾਅਦ ਰਾਜ-ਭਾਗ ਟੁੱਟਣ ਦੀ, ਇਹਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਸਮੇਂ ਲੱਦ ਗਏ ਜਦ ਘਰਾਂ ਵਿਚ ਕਿਸੇ ਇਕ ਮੁਖੀਏ ਦਾ, ਖ਼ਾਸ ਕਰਕੇ ਬਾਪ ਦਾ ‘ਰਾਜ-ਭਾਗ‘ ਚੱਲਦਾ ਹੁੰਦਾ ਸੀ। ਅੱਜ ਕੱਲ੍ਹ ਤਾਂ ਇੰਜ ਕਿਹਾ ਜਾਣਾ ਚਾਹੀਦਾ ਹੈ ਕਿ ਜਜ਼ਬਾਤ ਅਤੇ ਅਕਲ ਦਾ ਭੋਗ ਤਾਂ ਵਿਆਹ ਹੁੰਦਿਆਂ ਹੀ ਪੈ ਜਾਂਦਾ ਹੈ। ਨਾਲ ਹੀ ਬੰਦੇ ਦੇ ਰਾਜ-ਭਾਗ ਦਾ ਕੀਰਤਨ ਸੋਹਿਲਾ ਵੀ ਪੜ੍ਹਿਆ ਜਾਂਦਾ ਹੈ। ਜੇ ਕਿਸੇ ਕਾਰਨ ‘ਹਕੂਮਤ‘ ਦੀ ਰਹਿੰਦ-ਖੂੰਹਦ ਵਿਆਹ ਤੋਂ ਬਾਅਦ ਵੀ ਬਚੀ ਰਹਿ ਜਾਵੇ ਤਾਂ ਵੱਡੀ ਹੋਈ ਔਲਾਦ ਸਾਰੀਆਂ ਕਸਰਾਂ ਕੱਢ ਦਿੰਦੀ ਹੈ। “ਪੁੱਤ ਰਾਜ ਮਲੇਛ ਰਾਜ” ਵਾਲਾ ਅਖਾਣ ਬੰਦੇ ਦੀ ਉਸ ਤਰਸਯੋਗ ਹਾਲਤ ਦਾ ਪ੍ਰਗਟਾਵਾ ਹੀ ਹੈ ਜਦੋਂ ਕੋਈ ਬਾਪ ਆਪਣਾ ਪਤ-ਤੇਜ਼ ਗਵਾ ਕੇ ਆਪਣੇ ਪੁੱਤਾਂ ਦੇ ਹੁਕਮ ਅਧੀਨ ਜਿਉ ਰਿਹਾ ਹੋਵੇ।

ਹੀਰੋ ਕਲਾਂ ਦੇ ਅਕਾਲੀ ਕੌਮ ਦੇ ਹੀਰੇ?

ਭਰ ਸਿਆਲ ਦੀ ਰੁੱਤ…ਕੜਾਕੇ ਦੀ ਠੰਢ…ਚਾਰ ਚੁਫ਼ੇਰੇ ਗੂੜ੍ਹੀ ਧੁੰਦ…ਹੱਡਾਂ ਨੂੰ ਚੀਰਦੀ ਜਾਂਦੀ ਸੀਤ ਲਹਿਰ ਸਦਕਾ ਗੱਭਰੂਆਂ ਦਾ ਵੀ ਦੰਦੋੜਿੱਕਾ ਵੱਜ ਰਿਹਾ ਹੈ। ਖੇਸ, ਖੇਸੀਆਂ, ਲੋਈਆਂ ਅਤੇ ਭੂਰੇ ਕੰਬਲਾਂ ਨਾਲ ਸਿਰ-ਮੂੰਹ ਲਪੇਟ ਕੇ, ਆਪਣੇ ਪਿੰਡ ਦੇ ਬਾਹਰਵਾਰ ਕੁਝ ਸਿੱਖ ਭਰਾ ਭੁੰਜੇ ਹੀ ਧਰਨਾ ਮਾਰੀ ਬੈਠੇ ਹਨ। ਕਾਫ਼ੀ ਗਿਣਤੀ ਵਿਚ ਇਨ੍ਹਾਂ ਦੇ ਹਮਦਰਦ ਆਲੇ-ਦੁਆਲੇ ਵਾੜ ਬਣਾਈ ਖੜ੍ਹੇ ਹਨ। ਖੜ੍ਹਿਆਂ ਅਤੇ ਬੈਠਿਆਂ ਦੇ ਮਾਸੂਮ ਚਿਹਰਿਆਂ ਤੋਂ ਹਾਸੇ ਗਾਇਬ ਹਨ। ਕੋਈ ਮੁਸਕਰਾਉਂਦਾ ਚਿਹਰਾ ਇਨ੍ਹਾਂ ਵਿਚ ਨਹੀਂ ਹੈ। ਸਭ ਚਿਹਰਿਆਂ ਉਤੇ ਰੋਹ ਤੇ ਨਿਰਾਸ਼ਾ ਦੇ ਰਲੇਵੇਂ ਵਾਲੀਆਂ ਲਕੀਰਾਂ ਉਭਰਦੀਆਂ ਦਿਖਾਈ ਦਿੰਦੀਆਂ ਹਨ। ਨੀਲੇ-ਪੀਲੇ ਰੰਗ ਦੀਆਂ ਦਸਤਾਰਾਂ ਅਤੇ ਸਾਫ਼ੇ ਬੰਨ੍ਹੀ ਬੈਠੇ ਇਨ੍ਹਾਂ ਬੰਦਿਆਂ ਵਿਚ ਕੁਝ ਬੱਚੇ, ਗਭਰੇਟ ਅਤੇ ਬਜ਼ੁਰਗ ਵੀ ਹਨ। ਇਉਂ ਭਾਸਦਾ ਹੈ ਜਿਵੇਂ ਇਨ੍ਹਾਂ ਨੂੰ ਕਿਸੇ ਹਿਰਦੇ-ਵੇਦਕ ਘਟਨਾ ਨੇ ਵਲੂੰਧਰ ਸੁੱਟਿਆ ਹੋਵੇ! ਜਿਵੇਂ ਕਿਤੇ ਇਹ ਸਾਰੇ ਜਣੇ ਰੋਹ ਨਾਲ ਭਰੇ ਪਏ ਹੋਣ!!

ਮਾਘੀ ਮੇਲਾ ਤੇ ਮਨਪ੍ਰੀਤ!

ਮਾਘੀ ਮੇਲਾ ਤੇ ਮਨਪ੍ਰੀਤ!
ਟੁੱਟੀ-ਗੰਢੀ ਦੇ ਮੇਲੇ ‘ਤੇ ‘ਕੱਠ ਕਰਕੇ, ਆਪੋ ਆਪਣਾ ਤਾਣ ਦਿਖਲਾਇ ਦਿੱਤਾ।
ਕੈਪਟਨ ਸਾਬ੍ਹ ਵੰਗਾਰਿਆ ਬਾਦਲਾਂ ਨੂੰ, ਪਹਿਲੋਂ ਵਾਲਾ ਹੀ ਤੀਰ ਚਲਾਇ ਦਿੱਤਾ।
ਦੋਸ਼ ਕੇਂਦਰ ਨੂੰ ਦੇਣ ਦਾ ‘ਕਾਲੀਆਂ ਨੇ, ਘਸਿਆ ਪਿਟਿਆ ਹੀ ਰਾਗ ਸੁਣਾਇ ਦਿੱਤਾ।
ਹਾਂਡੀ ਕਾਠ ਦੀ ਚਾੜ੍ਹਨ ਨੂੰ ਪਏ ਕਾਹਲੇ, ਪਰ ਪੰਜਾਬੀਆਂ ਰੋਸ ਜਤਾਇ ਦਿੱਤਾ।
ਮੂੰਹ ਮੋੜ ਕੇ ਚਿੱਟਿਆਂ-ਨੀਲਿਆਂ ਤੋਂ, ਪਰਜਾ ਰੋਹ ਵਿਚ ਆਈ ਹੁਣ ਤੱਤੜੀ ਜੀ।
ਮਾਘੀ ਮੌਕੇ ਮਨਪ੍ਰੀਤ ਦਾ ਦੇਖ ‘ਜਲਵਾ’, ਹੋ ਗਏ ਦੰਗ ‘ਹੱਥ-ਪੰਜਾ’ ਤੇ ‘ਤੱਕੜੀ’ ਜੀ!

ਤਰਲੋਚਨ ਸਿੰਘ ਦੁਪਾਲਪੁਰ

ਚਾਪਲੂਸੀਆਂ ਤੇ ਚਮਚਾਗਿਰੀਆਂ!

ਡਾਇਨਿੰਗ ਟੇਬਲ ‘ਤੇ ਚਮਕਣ ਵਾਲੇ ਨਿਰਜਿੰਦ ਚਮਚੇ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਕੰਮ ਸਾਖਿਆਤ ਜਿਊਂਦੇ-ਜਾਗਦੇ ਚਮਚੇ ਕਰਦੇ ਹਨ ਜਾਂ ਕਰ ਸਕਦੇ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਖਾਣ ਵਾਲੇ ਮੇਜ਼ ‘ਤੇ ਬਹਿਣ ਵੇਲੇ ਚਮਚਿਆਂ ਬਗ਼ੈਰ ਔਖੇ-ਸੌਖੇ ਸਾਰਿਆ ਜਾ ਸਕਦਾ ਹੈ ਪਰ ਜਿਥੇ ਮਨੁੱਖੀ ਚਮਚਿਆਂ ਦੀ ਲੋੜ ਹੁੰਦੀ ਹੈ, ਉਥੇ ਇਨ੍ਹਾਂ ਤੋਂ ਬਿਨਾਂ ਬਿਲਕੁਲ ਨਹੀਂ ਸਰ ਸਕਦਾ। ਘਰ ਤੋਂ ਲੈ ਕੇ ਦਫ਼ਤਰ, ਸਰਕਾਰੀ ਜਾਂ ਗ਼ੈਰ ਸਰਕਾਰੀ ਅਦਾਰੇ ਅਤੇ ਛੋਟੇ-ਵੱਟੇ ਕਾਰੋਬਾਰੀ ਧੰਦਿਆਂ ਦੇ ਪ੍ਰਬੰਧਕੀ ਸਿਸਟਮ ਵਿਚ ਚਮਚਿਆਂ ਦੇ ਝੰਡੇ ਝੂਲਦੇ ਦੇਖੇ ਜਾ ਸਕਦੇ ਹਨ। ਆਮ ਘਰਾਂ ਵਿਚ ਝਾਤੀ ਮਾਰ ਲਓ। ਜੇ ਕਿਤੇ ਹੋਈ ਸ੍ਰੀਮਾਨ ਆਪਣੀ ਪਤਨੀ ਦੀ ਲੋੜੋਂ ਵੱਧ ਤਾਰੀਫ਼ ਕਰ ਰਿਹਾ ਹੋਵੇ ਤਾਂ ਸਮਝੋ ਉਹ ਨਿਕਟ ਭਵਿੱਖ ਵਿਚ ਪਤਨੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਮਹਿੰਗੀ ਮੰਗ ਤੋਂ ਖਹਿੜਾ ਛੁਡਾਉਣ ਲਈ ਤਰੱਦਦ ਕਰ ਰਿਹਾ ਹੈ। ਇਸੇ ਤਰ੍ਹਾਂ ਜੇ ਕੋਈ ਸ੍ਰੀਮਤੀ ਆਪਣੇ ਪਤੀਦੇਵ ਦੇ ਗੁਣਗਾਨ ਕਰ ਰਹੀ ਹੋਵੇ ਤਾਂ ਸ੍ਰੀਮਾਨ ਫੁੱਲ ਕੇ ਕੁੱਪਾ ਹੋਣ ਦੀ ਬਜਾਏ ਇਹ ਸਮਝੇ ਕਿ ਕੋਈ ‘ਵੱਡਾ ਸਵਾਲ’ ਗਲ਼ ਪੈਣ ਵਾਲਾ ਹੈ, ਤਾਂ ਹੀ ਚਾਪਲੂਸੀ ਦੀ ਬੂੰਦਾਬਾਂਦੀ ਹੋ ਰਹੀ ਹੈ।

ਤੌਬਾ ਨਵੀਂ ਅਖਬਾਰ ਤੋਂ?

ਤੌਬਾ ਨਵੀਂ ਅਖਬਾਰ ਤੋਂ?
ਬਿਨਾਂ ਪੁੱਛੇ ‘ਵਧਾਈਆਂ ਜੀ!’ ਛਾਪ ਦਿੰਦੇ, ਸ਼ਰਮੋ ਸ਼ਰਮੀ ਹੀ ਕਰੇ ਤਕਰਾਰ ਕੋਈ ਨਾ।
ਬਿਲ ‘ਐਡ’ ਦਾ ਆਪੇ ਘਰ ਪਹੁੰਚ ਜਾਂਦਾ, ਐਸੀ ਡਾਕ ਦੀ ਕਰਦੈ ਇੰਤਜ਼ਾਰ ਕੋਈ ਨਾ।
ਮੰਦੇ ਦੌਰ ਦਾ ਤਰਸ ਨਾ ਮੂਲ ਕਰਦੇ, ਸੁੱਕਾ ਛੱਡਦੇ ਦਿਵਸ-ਤਿਉਹਾਰ ਕੋਈ ਨਾ।
ਕੋਈ ਪੜ੍ਹੇ ਨਾ ਪੜ੍ਹੇ ਕੀ ਫਰਕ ਪੈਂਦਾ, ਥੱਬੇ ਰੱਖਣੋਂ ਕਰੇ ਇਨਕਾਰ ਕੋਈ ਨਾ।
ਇਕ ਦੂਜੇ ਨੂੰ ਠਿੱਬੀਆਂ ਲਾਉਣ ਲੱਗੇ, ਰੱਖਣ ਦਿਲਾਂ ਵਿਚ ਪ੍ਰੈਸ-ਸਤਿਕਾਰ ਕੋਈ ਨਾ।
ਬਿਜਨਸਮੈਨ ਪਰਵਾਸੀ ਅਰਦਾਸ ਕਰਦੇ, ਰੱਬਾ ਨਿਕਲੇ ਨਵੀਂ ਅਖਬਾਰ ਕੋਈ ਨਾ!

ਤਰਲੋਚਨ ਸਿੰਘ ਦੁਪਾਲਪੁਰ

Monday, January 3, 2011

ਨਾਨਕਸ਼ਾਹੀ ਕੈਲੰਡਰ

ਨਾਨਕਸ਼ਾਹੀ ਕੈਲੰਡਰ
ਰੋਜ਼ ਰੋਜ਼ ਹੀ ਕੱਢ ਕੇ ਹੁਕਮਨਾਮੇ, ਗੁਰੂ ਪੁਰਬਾਂ ਦੀ ਮਿਤੀ ਬਦਲਾਈ ਜਾਂਦੇ,
ਦਿੱਖ ਰਹੇ ਨਿਵੇਕਲੀ ਪੰਥ ਦੀ ਨਾ, ਕਾਂਜੀ ਦੁੱਧ ਦੇ ਚਾਟੇ ਵਿੱਚ ਪਾਈ ਜਾਂਦੇ।
ਉੱਤੋਂ ਆਉਂਦਾ ਏ ਹੁਕਮ 'ਪ੍ਰਧਾਨ ਜੀ' ਦਾ, ਮੋਹਰਾਂ 'ਦਾਸਾਂ ਦੇ ਦਾਸ' ਲਗਾਈ ਜਾਂਦੇ,
ਕੌਮੀ ਅਣਖ ਦੀ ਛੱਡ ਕੇ ਵਫਾਦਾਰੀ, ਇੱਕੋ ਟੱਬਰ ਦੀ ਰਾਗਣੀ ਗਾਈ ਜਾਂਦੇ।
ਬਿਪਰਵਾਦ ਹੁਣ ਧਾਰ ਕੇ ਰੂਪ ਨੀਲਾ, ਨਿਰਮਲ ਪੰਥ ਦੀਆਂ ਜੜਾਂ ਵਿੱਚ ਬਹਿ ਗਿਆ ਏ,
ਭਗਵੇਂ ਰੰਗ ਵਿੱਚ ਡੋਬ ਬਦ-ਰੰਗ ਕੀਤਾ, 'ਨਾਨਕਸ਼ਾਹੀ' ਹੁਣ ਕਾਸ ਦਾ ਰਹਿ ਗਿਆ ਏ?

- ਤਰਲੋਚਨ ਸਿੰਘ ਦੁਪਾਲਪੁਰ