ਪੁਰਾਤਨ ਗ੍ਰੰਥਾਂ ਵਿਚ ਭਲੇ ਹੀ ਇੰਦਰ ਨੂੰ ਵਰਖਾ ਦਾ ਦੇਵਤਾ ਕਿਹਾ ਗਿਆ ਹੋਵੇ ਅਤੇ ਉਸ ਦੇ ਹਰੇ-ਭਰੇ ਬਾਗ਼ਾਂ ਦੀ ਉਸਤਤਿ ਵਿਚ ਕਈ ਤਰ੍ਹਾਂ ਦੇ ਛੰਦ ਲਿਖੇ ਗਏ ਹੋਣ ਪਰ ਜਿਸ ਇੰਦਰ ਦੀ ਵਿਥਿਆ ਹਥਲੀ ਲਿਖਤ ਵਿਚ ਬਿਆਨੀ ਜਾ ਰਹੀ ਹੈ, ਉਹ ਤਾਂ ਵਿਚਾਰਾ ਗ਼ਮਾਂ-ਸਦਮਿਆਂ ਦਾ ਝੰਬਿਆ ਆਪਣੇ ਗ਼ਲ ਪਈ ਮਾਨਸ ਜੂਨ ਪੂਰੀ ਕਰ ਰਿਹਾ ਹੈ। ਜੋ ਕੁਝ ਉਹਦੇ ਨਾਲ ਹੋ-ਬੀਤ ਚੁੱਕਿਆ ਹੈ, ਕਿਸੇ ਪੜ੍ਹੇ-ਲਿਖੇ ਮਾਡਰਨ ਬੰਦੇ ਨਾਲ ਅਜਿਹਾ ਵਾਪਰਦਾ ਤਾਂ ਉਸ ਨੂੰ ਖ਼ੁਦਕੁਸ਼ੀ ਕੀਤਿਆਂ ਕਈ ਸਾਲ ਬੀਤ ਗਏ ਹੁੰਦੇ ਜਾਂ ਫਿਰ ਉਹ ਹੁਣ ਨੂੰ ਪਾਗ਼ਲ ਹੋ ਚੁੱਕਾ ਹੁੰਦਾ। ਕਈ ਖ਼ੁਸ਼ ਕਿਸਮਤਾਂ ਨੂੰ ਲੰਮੀ ਉਮਰ ਪਰਮਾਤਮਾ ਵੱਲੋਂ ਤੋਹਫੇ ਦੇ ਤੌਰ ‘ਤੇ ਮਿਲੀ ਹੋਈ ਹੁੰਦੀ ਹੈ ਪਰ ਇਸ ਇੰਦਰ ਵਰਗਿਆਂ ਲਈ ਨਿਰਾ ਸਰਾਪ! ਉਹਦੇ ਦੁੱਖਾਂ ਦੀ ਪੰਡ ਦੇ ਵਾਕਫ਼ ਉਸ ਨੂੰ ਤੁਰਦਾ-ਫਿਰਦਾ ਦੇਖ ਕੇ ਰੱਬ ‘ਤੇ ਹੀ ਗਿਲਾ ਕਰਦੇ ਨੇ ਕਿ ਹੇ ਦਾਤਿਆ! ਤੂੰ ਇਸ ਨੂੰ ਕਿਹੜੇ ਜਨਮ ਦੀ ਸਜ਼ਾ ਦਿੱਤੀ ਹੋਈ ਹੈ?
ਪਰਦੇਸੋਂ ਵਤਨ ਗਏ ਹੋਏ ਨੇ ਇਕ ਦਿਨ ਮੈਂ ਹੋਰ ਪਾਸਿਆਂ ਦੀ ਭੱਜ-ਦੌੜ ਛੱਡ ਆਪਣੇ ਪਿੰਡ ਵਿਚ ਹੀ ਘੁੰਮਣ ਦਾ ਵਿਚਾਰ ਬਣਾ ਲਿਆ। ਆਪਣੇ ਚੁਬਾਰੇ ਦੀ ਤਾਕੀ ਵਿਚੋਂ ਬਾਹਰ ਵੱਲ ਦੇਖਿਆ। ਲਹਿੰਦੇ ਪਾਸੇ ਇੰਦਰ ਚਾਚਾ ਆਪਣੇ ਵਿਹੜੇ ਵਿਚ ਇਕੱਲਾ ਬੈਠਾ ਚੁੱਪਚਾਪ ਧੁੱਪ ਸੇਕ ਰਿਹਾ ਸੀ। ਚੁੱਪਚਾਪ ਸਾਹਮਣੇ ਪਏ ਖੋਲਿਆਂ ਵੱਲ ਟਿਕਟਿਕੀ ਲਾਈ ਬੈਠਾ ਸੀ ਉਹ, ਜਿਵੇਂ ਢੱਠੇ ਹੋਏ ਖੋਲਿਆਂ ਵਿਚੋਂ ਆਪਣੇ ਟੱਬਰ ਦੇ ਜੀਆਂ ਦੇ ਨਕਸ਼ ਉਘਾੜ ਰਿਹਾ ਹੋਵੇ। ਸੋਚ ਰਿਹਾ ਹੋਵੇਗਾ ਕਿ ਇਸੇ ਵਿਹੜੇ ਵਿਚ ਬਣੀ ਲੰਮੀ ਖੁਰਲੀ ‘ਤੇ ਕਿਸੇ ਸਮੇਂ ਹਾਥੀਆਂ ਵਰਗੀਆਂ ਮੱਝਾਂ ਬੱਝੀਆਂ ਹੁੰਦੀਆਂ ਸਨ। ਘਰ ਵਾਲੀ ਸੀਬੋ, ਮੱਝਾਂ ਨੂੰ ਨਿਆਣਿਆਂ ਵਾਂਗ ਨੁਹਾ-ਧੁਆ ਕੇ ਉਨ੍ਹਾਂ ਦੇ ਸਿੰਗਾਂ ਨੂੰ ਸਰ੍ਹੋਂ ਦੇ ਤੇਲ ਨਾਲ ਚੋਪੜ ਕੇ ਰੱਖਦੀ। ਵੱਡਾ ਮੁੰਡਾ ਤਰਸੇਮ ਸਕੂਲੋਂ ਆ ਕੇ ਮੱਖਣ ਨਾਲ ਰੋਟੀ ਖਾਂਦਾ। ਛੋਟੇ ਨੂੰ ਵੱਡੀ ਭੈਣ ਕੁੱਛੜੋਂ ਨਾ ਲਾਹੁੰਦੀ। ਇਸੇ ਵਿਹੜੇ ਵਿਚ ਤੁਰਦੀ-ਫਿਰਦੀ ਸੀਬੋ ਖ਼ਰਮਸਤੀਆਂ ਕਰ ਰਹੀਆਂ ਮੱਝਾਂ ਨੂੰ ਉਚੀ-ਉਚੀ ਦਬਕੇ ਮਾਰ ਕੇ ਘੂਰਦੀ ਰਹਿੰਦੀ। ਪਰ ਅੱਜ…ਉਹ ਸਾਰਾ ਕੁਝ ਨਿਰਾ ਸੁਫ਼ਨਾ ਹੋ ਚੁੱਕਾ ਹੈ। ਉਸ ਸੁਹਾਵਣੇ ਸੁਫ਼ਨੇ ਦਾ ਨਾਇਕ-ਇੰਦਰ, ਜੀਵਤ ਹੈ।
“ਚਾਚਾ, ਸਤਿ ਸ੍ਰੀ ਅਕਾਲ!” ਅਦਬ ਨਾਲ ਉਸ ਦੇ ਗੋਡੀਂ ਹੱਥ ਲਾ ਕੇ ਮੈਂ ਮੰਜੇ ‘ਤੇ ਬਹਿ ਗਿਆ। ਬਿਨਾ ਭਰਵੱਟਿਆਂ ‘ਤੇ ਹੱਥ ਰੱਖਿਆਂ ਉਸ ਨੇ ਮੇਰੇ ਵੱਲ ਦੇਖਦਿਆਂ ਕਿਹਾ, “ਤੂੰ ਤਲੋਚਨ ਸੌਂਹ ਐਂ ਮੱਲਿਆ?”
‘ਆਹੋ ਚਾਚਾ’ ਸੁਣ ਕੇ ਉਸ ਨੇ ਬੈਠੇ-ਬੈਠੇ ਨੇ ਮੈਨੂੰ ਕਲਾਵੇ ਵਿਚ ਲੈ ਕੇ ਮੇਰੀ ਪਿੱਠ ਪਲੋਸੀ। ਅਮਰੀਕਾ ਰਹਿੰਦੀ ਮੇਰੀ ਵੱਡੀ ਭੈਣ ਦੇ ਪਰਿਵਾਰ ਅਤੇ ਮੇਰੇ ਟੱਬਰ ਦੀ ਰਾਜ਼ੀ-ਖ਼ੁਸ਼ੀ ਪੁੱਛੀ। ਉਹ ਮੇਰੇ ਨਾਲ ਪਿੰਡ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਰਿਹਾ ਪਰ ਮੈਂ ‘ਹੂੰ-ਆਹੋ-ਅੱਛਾ’ ਕਰਦਿਆਂ ਇਸ ਵਿਹੜੇ ਵਿਚ ਮੌਤ ਦੇ ਫ਼ਰਿਸ਼ਤੇ ਦੀਆਂ ਉਤੋ-ੜਿੱਤੀ ਵੱਜਦੀਆਂ ਰਹੀਆਂ ਮਨਹੂਸ ਗੇੜੀਆਂ ਬਾਰੇ ਸੋਚੀ ਜਾ ਰਿਹਾ ਸਾਂ।
ਪੰਜਵੀਂ-ਛੇਵੀਂ ਵਿਚ ਸਾਡੇ ਨਾਲ ਪੜ੍ਹਦੇ ਤਰਸੇਮ ਨੂੰ ਐਸਾ ਬੁਖ਼ਾਰ ਚੜ੍ਹਿਆ ਕਿ ਉਹ ਲੁਧਿਆਣਿਉਂ ਲਾਸ਼ ਬਣ ਕੇ ਇਸ ਵਿਹੜੇ ਵਿਚ ਪਹੁੰਚਿਆ। ਚਾਚੀ ਸੀਬੋ ਦੇ ਆਸਮਾਨ ਚੀਰਵੇਂ ਕੀਰਨੇ ਹਰ ਇਕ ਨੂੰ ਭੁੱਬੀਂ ਰੁਆ ਰਹੇ ਸਨ। ਤਰਸੇਮ ਦਾ ਆਖਰੀ ਵਾਰ ਮੂੰਹ ਵੇਖਣ ਲਈ ਜਦ ਮੈਂ ਮੰਜੇ ‘ਤੇ ਪਈ ਉਸ ਦੀ ਲਾਸ਼ ਵੱਲ ਵਧਿਆ ਤਾਂ ਚਾਚੇ ਇੰਦਰ ਨੇ ਦਿਲ ਚੀਰਵੀਂ ਧਾਹ ਮਾਰੀ ਸੀ, “ਓ ਮੇਰੇ ਪੁੱਤ ਨੇ ਕਿਹੜਾ ਹੁਣ ਸਕੂਲ ਨੂੰ ਜਾਣੈਂ!” ਵੱਡੇ ਮੁੰਡੇ ਦਾ ਹਾਲੇ ਸਿਵਾ ਠੰਢਾ ਵੀ ਨਹੀਂ ਸੀ ਹੋਇਆ ਕਿ ਛੋਟੇ ਮੁੰਡੇ ਪ੍ਰੇਮ ਨੂੰ ਵੀ ਮਾਮੂਲੀ ਜਿਹਾ ਬੁਖ਼ਾਰ ਹੋਣ ‘ਤੇ ਜਮਦੂਤਾਂ ਨੇ ਆ ਘੇਰਿਆ। ਚਾਚੀ ਸੀਬੋ ਇਕ ਤਰ੍ਹਾਂ ਅਰਧ-ਪਾਗ਼ਲ ਜਿਹੀ ਹੋ ਗਈ। ਪਿੰਡ ਦੀਆਂ ਜ਼ਨਾਨੀਆਂ ਉਸ ਨੂੰ ਸਿਵਿਆਂ ਵਿਚੋਂ ਫੜ-ਫੜ ਕੇ ਲਿਆਉਂਦੀਆਂ। ਅਸੀਂ ਸਕੂਲ ਨੂੰ ਜਾਂਦੇ ਕਈ ਵਾਰੀ ਦੇਖਦੇ ਕਿ ਸੀਬੋ ਪਿੰਡ ਦੀ ਉਚੀ ਠੇਰੀ ‘ਤੇ ਸਿਵਿਆਂ ਵੱਲ ਨੂੰ ਮੂੰਹ ਕਰ ਕੇ ਬੈਠੀ ਕੀਰਨੇ ਪਾ ਰਹੀ ਹੁੰਦੀ, “ਸੇਮ-ਪ੍ਰੇਮ ਦੀਏ ਜੋੜੀਏ, ਤੂੰ ਕਿੱਥੇ ਚਲੀ ਗਈ…ਮੈਨੂੰ ਨਿਕਰਮਣ ਨੂੰ ਕਾਹਨੂੰ ‘ਕੱਲੀ ਛੱਡ ਗਏ ਵੇ ਪੁੱਤੋ ਮੇਰਿਓ!”
ਆਪਣੀਆਂ ਅੱਖਾਂ ਸਾਹਵੇਂ ਤਿੰਨ ਪੁੱਤਾਂ ਦੀ ਮੌਤ ਹੁੰਦੀ ਦੇਖਣ ਵਾਲੀ ਮੇਰੀ ਮਾਂ, ਖ਼ੁਦ ਪਰਲ-ਪਰਲ ਹੰਝੂ ਕੇਰਦੀ ਉਸ ਨੂੰ ਬਾਹੋਂ ਫੜ ਕੇ ਘਰ ਨੂੰ ਲਿਆਉਂਦੀ। ਇਨ੍ਹਾਂ ਅਸਹਿ ਸਦਮਿਆਂ ਨੇ ਇੰਦਰ ਦਾ ਵੀ ਲੱਕ ਤੋੜ ਦਿੱਤਾ। ਕੱਟੀਆਂ-ਝੋਟੀਆਂ ਪਾਲ-ਪਾਲ ਕੇ ਮੱਝਾਂ ਅਤੇ ਦੁੱਧ-ਘਿਉ ਵੇਚਣ ਦਾ ਕਿੱਤਾ, ਹੁਣ ਉਹਦੇ ਕੋਲੋਂ ਜੀਅ-ਜਾਨ ਨਾਲ ਨਹੀਂ ਸੀ ਹੋ ਰਿਹਾ। ਉਹ ਮੱਝਾਂ ਲਈ ਪੱਠੇ-ਦੱਥੇ ਤਾਂ ਲਿਆਉਂਦਾ ਪਰ ਟੁੱਟੇ ਹੋਏ ਦਿਲ ਨਾਲ। ਸਰੀਰਕ ਤੌਰ ‘ਤੇ ਉਹ ਭਾਵੇਂ ਜਮਾਂਦਰੂ ਹੀ ਕਮਜ਼ੋਰ ਜਿਹਾ ਸੀ ਪਰ ਦੋ ਪੁੱਤਾਂ ਦੇ ਵਿਛੋੜੇ ਨੇ ਉਸ ਨੂੰ ਜਮਾਂ ਈ ਨਿਢਾਲ ਕਰ ਦਿੱਤਾ। ਉਹ ਅਕਸਰ ਸ਼ਾਮ ਢਲਦਿਆਂ ਹੀ ‘ਹਰੇ ਰਾਮ’ ਕਹਿ ਕੇ ਮੰਜੇ ‘ਤੇ ਢੇਰੀ ਹੋ ਜਾਂਦਾ।
ਇਸੇ ਅਰਸੇ ਦੌਰਾਨ ਕੁਦਰਤ ਨੇ ਇਸ ਦੁੱਖਾਂ ਮਾਰੇ ਟੱਬਰ ਨਾਲ ਇਕ ਹੋਰ ਮਜ਼ਾਕ ਕੀਤਾ। ਆਂਢ-ਗੁਆਂਢ ਵਿਚ ਗੱਲਾਂ ਹੋਣ ਲੱਗੀਆਂ ਕਿ ਸੀਬੋ ਨੂੰ ਬਾਲ-ਬੱਚਾ ਹੋਣ ਵਾਲਾ ਹੈ! ਇਹ ਸੂਚਨਾ ਹੌਲੀ-ਹੌਲੀ ਸਪਸ਼ਟ ਹੋਣ ‘ਤੇ ਇੰਦਰ-ਸੀਬੋ ਦੇ ਮੂੰਹ ‘ਤੇ ਵੀ ਅਤੇ ਅੱਗੇ-ਪਿੱਛੇ ਵੀ ਲੋਕ ‘ਤਾਂਹ ਨੂੰ ਹੱਥ ਚੁੱਕ ਕੇ ਅਰਦਾਸਾਂ ਕਰਦੇ ਕਿ ਹੇ ਦਾਤਾ, ਜੇ ਪੁੱਤਰਾਂ ਦੀ ਜੋੜੀ ਦੇ ਕੇ ਖੋਹ ਲਈ ਸੀ ਤਾਂ ਹੁਣ ਜ਼ਰੂਰ ਕ੍ਰਿਪਾ ਕਰ ਦੇਈਂ। ਇਸ ਗ਼ਰੀਬਣੀ ਦੀ ਖ਼ਾਲੀ ਹੋਈ ਝੋਲੀ ਵਿਚ ਮਿੱਠੀ ਮੁਰਾਦ ਜ਼ਰੂਰ ਪਾ ਦੇ!! ਚਾਚਾ ਇੰਦਰ ਵੀ ਸੁਵੱਖਤੇ ਇਸ਼ਨਾਨ ਕਰ ਕੇ, ‘ਕੱਠਾ ਕਰ ਕੇ ਰੱਖੇ ਬਿਸਤਰੇ ਦੀ ਢੋਹ ਲਾ ਕੇ ਬਹਿ ਜਾਂਦਾ ਤੇ ਕਿੰਨਾ-ਕਿੰਨਾ ਚਿਰ ਮੂੰਹ ਵਿਚ ਕੁਝ ਪੜ੍ਹਦਾ ਰਹਿੰਦਾ।
ਕਹਿੰਦੇ ਨੇ ਗਵਾਚੇ ਲਾਲ ਕਿਸਮਤ ਨਾਲ ਹੀ ਵਾਪਸ ਪਰਤਦੇ ਨੇ। ਕਾਦਰਯਾਰ ਦੇ ਕਿੱਸੇ ਅਨੁਸਾਰ ਜਦ ਰਾਜਾ ਸਲਵਾਨ, ਲੂਣਾ ਦੇ ਆਖੇ ਲੱਗ ਕੇ ਆਪਣੇ ਪੂਰਨ ਪੁੱਤ ਦੇ ਹੱਥ-ਪੈਰ ਵੱਢਣ ਲੱਗਾ ਤਾਂ ਇੱਛਰਾਂ ਧਾਹਾਂ ਮਾਰਦਿਆਂ ਕਹਿੰਦੀ ਹੈ:
‘ਕਿਤੇ ਰੱਬ ਤੁੱਠੇ ਪੁੱਤ ਜੰਮਦੇ, ਰਾਜਿਆ ਹੱਥ ਅਕਲ ਨੂੰ ਮਾਰ!’
ਸਾਰਿਆਂ ਦੀਆਂ ਆਸਾਂ-ਅਰਦਾਸਾਂ ਦੇ ਉਲਟ ਸੀਬੋ ਦੇ ਇਕ ਕੁੜੀ ਹੋਰ ਜੰਮ ਪਈ। ਉਪਰੋਥਲੀ ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਕੁੜੀ ਪੈਦਾ ਹੋਣ ਨੂੰ, ਇਕ ਹੋਰ ਪੁੱਤਰ ਦੀ ‘ਮੌਤ’ ਵਾਂਗ ਸਮਝਿਆ ਗਿਆ ਸੀ ਉਸ ਵੇਲੇ। ਚਾਚੇ ਇੰਦਰ ਨੇ ਇਸ ਭਾਣੇ ਨੂੰ ਤਾਂ ਸਤਿ ਕਰ ਕੇ ਮੰਨ ਲਿਆ ਪਰ ਹੁਣ ਉਨ੍ਹਾਂ ‘ਤੇ ਕੁਦਰਤ ਨਵੇਂ ਸਿਰਿਓਂ ਕਹਿਰਵਾਨ ਹੋਣੀ ਸ਼ੁਰੂ ਹੋ ਗਈ। ਐਤਕੀਂ ਮੌਤ ਨੇ ਉਨ੍ਹਾਂ ਦੀ ਰੋਟੀ-ਰੋਜ਼ੀ ਝਪਟਣੀ ਸ਼ੁਰੂ ਕਰ ਦਿੱਤੀ। ਸੱਜਰ-ਸੂਈ ਭਾਰੀ ਮੱਝ ਖੁਰਲੀ ‘ਤੇ ਖੜ੍ਹੀ-ਖੜ੍ਹੀ ਫੁੜਕ ਗਈ। ਹਫ਼ਤੇ ਦੇ ਵਿਚ-ਵਿਚ ਹੀ ਇਕ ਹੋਰ ਮੱਝ ਚੱਲ ਵਸੀ। ਫਿਰ ਲਾਗੇ ਦੇ ਪਿੰਡੋਂ ਅਧਿਆਰੇ ਲਿਆਂਦੀ ਸੂਣ ਵਾਲੀ ਝੋਟੀ ਪੂਰੇ ਦਿਨੀਂ ਜਾ ਕੇ ਐਸੀ ਡਿੱਗੀ ਕਿ ਸਾਡੇ ਸਾਹਮਣੇ ਤੜਫ-ਤੜਫ ਕੇ ਮਰੀ। ਚੌਫ਼ਾਲ ਡਿੱਗੀ ਪਈ ਜਦੋਂ ਉਹ ਉਤਾਂਹ ਨੂੰ ਗਰਦਨ ਚੁੱਕ ਕੇ ਅਰੜਾ ਰਹੀ ਸੀ, ਉਦੋਂ ਇੰਦਰ ਨੇ ਕੁਰਲਾਉਂਦਿਆਂ ਉਸ ਦੇ ਮੂੰਹ ਵਿਚ ਪਾਣੀ ਸੁੱਟਿਆ। ਉਸੇ ਵੇਲੇ ਉਸ ਦੇ ਪ੍ਰਾਣ ਪੰਖੇਰੂ ਉਡ ਗਏ। ਬਾਅਦ ਵਿਚ ਜਾਡਲੇ ਤੋਂ ਆਏ ਸਲੋਤਰੀ ਨੇ ਦੱਸਿਆ ਸੀ ਕਿ ਝੋਟੀ ਦੇ ਅੰਦਰ ਹੀ ਕਟੜੂ ਮਰਨ ਕਰਕੇ ਉਸ ਦੇ ਅੰਦਰ ਜ਼ਹਿਰ ਫੈਲ ਗਈ ਸੀ। ਗੱਲ ਕੀ, ਦੇਖਦਿਆਂ-ਦੇਖਦਿਆਂ ਇਨ੍ਹਾਂ ਦੀ ਖੁਰਲੀ ਵੀ ਪੂਰੀ ਤਰ੍ਹਾਂ ਸੁੰਨੀ ਹੋ ਗਈ।
ਇੰਦਰ ਨਾਲ ਗੱਲਾਂ ਕਰਦਿਆਂ ਮੈਂ ਭਉਂ ਕੇ ਪਿੱਛੇ ਨੂੰ ਦੇਖਿਆ ਤਾਂ ਲਾਗੇ-ਲਾਗੇ ਖੜ੍ਹੇ ਸ਼ਰੀਂਹ ਦੇ ਦੋ ਦਰਖ਼ਤਾਂ ਦੀ ਹੋਂਦ ਨੇ ਇਕ ਹੋਰ ਵੈਰਾਗ ਭਰਿਆ ਦ੍ਰਿਸ਼ ਵੀ ਯਾਦ ਕਰਵਾ ਦਿੱਤਾ। ਇਨ੍ਹਾਂ ਦੀ ਵੱਡੀ ਕੁੜੀ ਦਾ ਅਨੰਦ-ਕਾਰਜ ਇਸੇ ਵਿਹੜੇ ਵਿਚ ਮੈਂ ਹੀ ਕਰਵਾਇਆ ਸੀ। ਸ਼ਰੀਂਹ ਦੇ ਦਰਖ਼ਤਾਂ ਨਾਲ ਚੰਦੋਆ ਬੰਨ੍ਹ ਕੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ। ਅਨੰਦ ਕਾਰਜ ਕਰਵਾਉਣ ਲਈ ਗਿਆਨੀ ਕਰਮ ਸਿੰਘ ‘ਜੋਸ਼’ ਰਾਹੋਂ ਵਾਲਿਆਂ ਦਾ ਕੀਰਤਨੀ ਜਥਾ ਪਹੁੰਚਿਆ ਹੋਇਆ ਸੀ। ਜਦੋਂ ਭਾਈ ਕਰਮ ਸਿੰਘ ਹੁਰੀਂ ਸੁਰੀਲੀ ਆਵਾਜ਼ ਵਿਚ ਇਹ ਗੀਤ ਛੋਹਿਆ ਸੀ:
‘ਛੱਡ ਚੱਲੀ ਬਾਬਲਾ ਮੈਂ ਤੈਂਡੜੇ ਚੁਬਾਰੇ।
ਜੁੱਗ ਜੁੱਗ ਜੀਣ ਮੇਰੇ ਵੀਰਨੇ ਪਿਆਰੇ।’
ਜੁੱਗ ਜੁੱਗ ਜੀਣ ਮੇਰੇ ਵੀਰਨੇ ਪਿਆਰੇ।’
ਤਾਂ ਸਾਰਾ ਮਾਹੌਲ ਕਰੁਣਾਮਈ ਹੋ ਗਿਆ ਸੀ। ਫੇਰਿਆਂ ‘ਤੇ ਬੈਠੀ ਵਿਆਹੁੰਦੜ ਕੁੜੀ ਦਾ ਰੋਣਾ ਝੱਲਿਆ ਨਾ ਜਾਵੇ। ਨਾਲ ਬੈਠੀਆਂ ਜ਼ਨਾਨੀਆਂ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਸੀ। ਗੀਤ ਵਿਚ ਵੀਰਾਂ ਦਾ ਜ਼ਿਕਰ ਆਉਂਦਿਆਂ ਹੀ ਧੇਤਿਆਂ ਵੱਲ ਦੇ ਪਾਸੇ ਬੈਠੀ ਸਾਰੀ ਸੰਗਤ ਜਾਰੋ-ਜਾਰ ਰੋ ਰਹੀ ਸੀ। ਪੁਤੇਤਿਆਂ ਵੱਲ ਦੇ ਬਹੁਤੇ ਸੱਜਣਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ। ਸਮਾਪਤੀ ‘ਤੇ ਗਿਆਨੀ ਜੋਸ਼ ਹੁਰੀਂ ਮੈਨੂੰ ਹੈਰਾਨ ਹੁੰਦਿਆਂ ਪੁੱਛਿਆ ਸੀ ਕਿ ਅਸੀਂ ਇਹ ਗੀਤ ਤਕਰੀਬਨ ਹਰ ਅਨੰਦ-ਕਾਰਜ ਮੌਕੇ ਸੁਣਾਈਦਾ ਹੈ ਪਰ ਇਹੋ ਜਿਹਾ ਕਰੁਣਾਮਈ ਮਾਹੌਲ ਕਦੇ ਕਿਤੇ ਨਹੀਂ ਬਣਿਆ! ਜਦ ਉਨ੍ਹਾਂ ਨੂੰ ਇਸ ਪਰਿਵਾਰ ਨਾਲ ਹੋਏ ਸਦਮਿਆਂ ਦੀ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਵੀ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ, “ਪਰਮਾਤਮਾ ਕਿਸੇ ਵੈਰੀ ਦੁਸ਼ਮਣ ਨਾਲ ਵੀ ਅਜਿਹਾ ਨਾ ਕਰੇ!”
ਇਸ ਨੂੰ ਟੈਲੀਪੈਥੀ ਦਾ ਕਮਾਲ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਮੈਨੂੰ ਆਪਣੇ ਘਰ ਦੇ ਖੰਡਰਾਂ ਤੇ ਵਿਹੜੇ ਵੱਲ ਨਜ਼ਰ ਘੁਮਾਉਂਦਿਆਂ ਦੇਖ ਕੇ ਚਾਚੇ ਇੰਦਰ ਨੇ ਡੂੰਘਾ ਹਉਕਾ ਲੈ ਕੇ ਆਖਿਆ, “ਸਾਡਾ ਸੇਮ ਤੇਰਾ ਜਮਾਤੀ ‘ਤਾ ਮੱਲਿਆ!”
ਇਕ ਦਿਨ ਚਾਚੀ ਸੀਬੋ ਵੀ ਇਸ ਨੂੰ ਇਕੱਲਾ ਛੱਡ ਗਈ। ਹੁਣ ਇਸ ਦੀਆਂ ਦੋਵੇਂ ਧੀਆਂ ਆਪੋ-ਆਪਣੇ ਘਰੀਂ ਵਸਦੀਆਂ-ਰਸਦੀਆਂ ਨੇ। ਉਨ੍ਹਾਂ ਨੇ ਇਸ ਨੂੰ ਕਈ ਵਾਰ ਆਪਣੇ ਕੋਲ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪਰੰਪਰਾ ਦਾ ਪਾਬੰਦ ਚਾਚਾ ਇੰਦਰ ਜਿਊਂਦੇ ਜੀਅ ਧੀਆਂ ਦੇ ਦਰ ‘ਤੇ ਬਹਿਣਾ ਨਹੀਂ ਚਾਹੁੰਦਾ। ਈਸਰ ਤੇ ਉਤਮ ਇਹਦੇ ਦੋ ਸਕੇ ਭਰਾ ਸਨ ਜਿਨ੍ਹਾਂ ਦੇ ਪੁੱਤ-ਪੋਤਿਆਂ ਦੇ ਅੱਗੇ ਸੁੱਖ ਨਾਲ ਦਸ-ਬਾਰਾਂ ਘਰ ਬਣੇ ਹੋਏ ਹਨ। ਉਹ ਹੀ ਇਸ ਬਜ਼ੁਰਗ ਦੀ ਦੇਖ-ਭਾਲ ਕਰਦੇ ਨੇ। ਇਹਦੀਆਂ ਕੁੜੀਆਂ ਦੇ ਦਿਨ ਦਿਹਾਰਾਂ ‘ਤੇ ਵੀ ਜਾ ਕੇ ਖੜ੍ਹਦੇ ਹਨ। ਇੰਦਰ ਰੋਟੀ-ਪਾਣੀ ਆਪਣੇ ਭਰਾਵਾਂ ਦੇ ਪੁੱਤ-ਪੋਤਰਿਆਂ ਪਾਸ ਹੀ ਖਾਂਦਾ ਹੈ ਤੇ ਸੌਂਦਾ ਵੀ ਉਥੇ ਹੀ ਹੈ ਪਰ ਦੱਸਦੇ ਨੇ ਕਿ ਇਹ ਦਿਹਾੜੀ ਵਿਚ ਇਕ ਵਾਰ ‘ਆਪਣੇ ਘਰ’ ਦੇ ਖੰਡਰਾਂ ਵੱਲ ਜ਼ਰੂਰ ਗੇੜਾ ਮਾਰਦਾ ਹੈ।
ਮੁਲਕ ਮਾਹੀ ਦਾ ਵੱਸਦਾ
ਕੋਈ ਰੋਂਦਾ ਤੇ ਕੋਈ ਹੱਸਦਾ!
ਕੋਈ ਰੋਂਦਾ ਤੇ ਕੋਈ ਹੱਸਦਾ!