Friday, March 11, 2011

ਕ੍ਰਿਸ਼ਨ ਕੁਮਾਰ ਸਹਿੰਦਾ ਕੰਸਾਂ ਦੀ ਮਾਰ!

ਕਦੇ ਇਤਫਾਕ ਵਸ ਹੀ ਐਸਾ ਹੁੰਦਾ ਹੈ ਕਿ ਕਿਸੇ ਵਿਆਕਤੀ ਦਾ ਸੁਭਾਅ ਜਾਂ ਉਸ ਦੇ ਕਰਤਵ, ਉਹਦੇ ਨਾਮ ਨਾਲ ਇੰਨ-ਬਿੰਨ ਮੇਲ ਖਾਂਦੇ ਹੋਣ ਵਰਨਾ ਇਹ ਜਰੂਰੀ ਨਹੀਂ ਕਿ ਸ਼ੇਰ ਖਾਨ ਨਾਂ ਵਾਲੇ ਸਾਰੇ ਸੂਰਮੇ ਮਰਦ ਹੀ ਹੋਣ। ਕੋਈ ਸ਼ਾਂਤੀ ਦੇਵੀ ਕਹੀ ਜਾਣ ਵਾਲ਼ੀ ਪਤਨੀ, ਆਪਣੇ ਪਤੀ-ਪਰਿਵਾਰ ਜਾਂ ਆਂਢ-ਗੁਆਂਢ ਲਈ ਨਿਰੀ ਬਘਿਆੜੀ ਵੀ ਹੋ ਸਕਦੀ ਹੈ। ਕੋਈ ਹੁਕਮ ਸਿੰਹੁ ਆਪਣੇ ਪਿੰਡ ਦਾ ਚੌਂਕੀਦਾਰ ਜਾਂ ਹਾਕਮ ਸਿੰਘ ਦਫਤਰਾਂ ਵਿਚ ਚਪੜਾਸਪੁਣਾ ਕਰਦਾ ਹੋਵੇ ਤਾਂ ਇਹ ਦੋਵੇਂ ਜਣੇ, ਆਪਣੇ ਨਾਂਵਾਂ ਨਾਲ ਨਿਆਂ ਨਹੀਂ ਕਰ ਰਹੇ ਹੋਣਗੇ। ਬਜ਼ਾਰ ਵਿਚ ਬੱਕਰੇ, ਮੁਰਗਿਆਂ ਦਾ ਮੀਟ ਵੇਚਣ ਵਾਲਾ ਦੁਕਾਨਦਾਰ, ਮੋਹਰੇ ਫੱਟਾ ਲਿਖਾ ਕੇ ਬੈਠਾ ਹੋਵੇ- ‘ਦਇਆ ਰਾਮ ਝਟਕਈ ਦੀ ਦੁਕਾਨ’ ਤਾਂ ਲੋਕੀਂ ਉਸ ਨੂੰ ਪੁਛਣਗੇ ਹੀ ਕਿ ਭਰਾ ਜੀ, ਬੁੱਚੜ ਰਾਮ ਫੁੱਲਾਂ ਵਾਲੇ ਦੀ ਦੁਕਾਨ ਕਿੱਧਰ ਹੈ? ਕੋਈ ਲੱਖਪਤ ਰਾਏ ‘ਹੋਮਲੈਸਾਂ’ (ਬੇਘਰਿਆਂ) ਵਾਂਗ ਹੱਥ ‘ਚ ਠੂਠਾ ਫੜ ਕੇ ਮੰਗਦਾ ਫਿਰਦਾ ਹੋਵੇ ਜਾਂ ਕੋਈ ‘ਨੇਕ ਚੰਦ’ ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਦਾ ਹੋਵੇ ਤਾਂ ਜਾਣਕਾਰਾਂ ਨੂੰ ਅਚੰਭਾ ਲਾਜ਼ਮੀ ਹੋਵੇਗਾ ਕਿ ਏਡੀ ਬਰਕਤ ਵਾਲੇ ਨਾਂ ਤੇ ਧੰਦੇ ਆਹ?

ਸਾਡੇ ਸਮਾਜ ਵਿਚ ਰਿਸ਼ੀਆਂ ਮੁਨੀਆਂ ਜਾਂ ਇਤਿਹਾਸ ਦੀਆਂ ਪ੍ਰਸਿੱਧ ਸ਼ਖਸੀਅਤਾਂ ਵਾਲੇ ਨਾਂ ਰੱਖਣ ਦਾ ਵੀ ਕਾਫੀ ਰਿਵਾਜ਼ ਹੈ ਪਰ ਨਾਮ ਦੀ ਲੱਜ ਪਾਲਣ ਵਾਲੇ ਵਿਰਲੇ ਹੀ ਹੁੰਦੇ ਹਨ ਜਿਵੇਂ ਦਸਵੇਂ ਗੁਰੂ ਦਾ ਵੱਡਾ ਸਪੁੱਤਰ, ਬਕੌਲ ਇੱਕ ਕਵੀ, ਚਮਕੌਰ ਦੇ ਰਣਤੱਤੇ ਵਿਚ ਜਾਣ ਲੱਗਿਆਂ ਆਖਦਾ ਹੈ,

ਨਾਮ ਹੈ ਅਜੀਤ ਮੇਰਾ, ਜੀਤਾ ਨਾ ਜਾਊਂਗਾ,
ਜੀਤਾ ਰਹਾ ਤੋ ਲੌਟ ਕਰ,
ਜੀਤਾ ਨਾ ਆਊਂਗਾ।


ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਭਗਵਾਨ ਨਾਲ ਡਾਢਾ ਸਨੇਹ ਤੇ ਸ਼ਰਧਾ ਰੱਖਣ ਵਾਲੇ ਕ੍ਰਿਸ਼ਨ ਲਾਲ, ਕ੍ਰਿਸ਼ਨ ਚੰਦ ਜਾਂ ਕ੍ਰਿਸ਼ਨ ਸਿੰਘ ਬਥੇਰੇ ਹੋਣਗੇ ਲੇਕਿਨ ਕੰਸ ਨਾਲ ਮੱਥਾ ਲਾਉਣ ਦੀ ਹਿੰਮਤ ਸਾਰਿਆਂ ਵਿਚ ਨਹੀਂ ਹੋ ਸਕਦੀ। ਇਨ੍ਹਾਂ ਨਾਂਵਾਂ ਨਾਲ ਜੇ ਕੋਈ ਐਸੀ ਸਮਰੱਥਾ ਰੱਖਦਾ ਹੋਵੇ ਤਾਂ ਉਸ ਨੂੰ ਲੋਕੀ ਭਗਵਾਨ ਕ੍ਰਿਸ਼ਨ ਵਾਂਗ ਹੀ ਪਿਆਰਦੇ ਸਤਿਕਾਰਦੇ ਹਨ, ਜਿਵੇਂ ਆਪਣੇ ਪੰਜਾਬ ਦੇ ਸਰਕਾਰੀ ਅਫ਼ਸਰਾਂ ਵਿਚ ਇੱਕ ਕ੍ਰਿਸ਼ਨ ਕੁਮਾਰ ਨਾਂ ਦੇ ਉਚ ਅਧਿਕਾਰੀ ਦੀਆਂ ਦੇਸ਼-ਵਿਦੇਸ਼ ਵਿਚ ਧੁੰਮਾਂ ਪਈਆਂ ਹੋਈਆਂ ਹਨ। ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਦਾ ਇੱਕ ਹੀ ਕੰਸ ਦੁਸ਼ਮਣ ਸੀ ਪਰੰਤੂ ਪੰਜਾਬ ਵਾਲੇ ਸ੍ਰੀ ਕ੍ਰਿਸ਼ਨ ਕੁਮਾਰ ਦਾ ਇਹ ਹਾਲ ਹੈ, ਜਿਵੇਂ ਪੰਜਾਬੀ ਦਾ ਇੱਕ ਗੀਤ ਹੈ,

ਜਿੰਦ ਮਾਹੀ ਜੇ ਚੱਲਿਉਂ ਪਟਿਆਲੇ,
ਤੇਰੇ ਦੁਸ਼ਮਣ ਚੱਲ ਪਏ ਨਾਲੇ,
ਹੱਥ ਵਿਚ ਛਵ੍ਹੀਆਂ ਤੇ ਨੇਜੇ ਭਾਲੇ…।


ਉਹ ਜਿੱਥੇ ਵੀ ਜਾਂਦਾ ਹੈ, ਉਥੇ ਹੀ ਉਹਦਾ ਰਾਹ ਰੋਕਣ ਲਈ ਕੋਈ ਨਾਂ ਕੋਈ ਕੰਸ, ਹਿੱਕ ਤਾਣ ਕੇ ‘ਹੂ-ਹੂ…ਹਾ…ਹਾ’ ਕਰਦਾ ਦਹਾੜਨ ਲੱਗ ਜਾਂਦਾ ਹੈ ਅੱਗਿਉਂ ਕ੍ਰਿਸ਼ਨ ਕੁਮਾਰ ਇਮਾਨਦਾਰੀ, ਪਾਰਦਰਸ਼ਤਾ, ਸਾਫ਼ਗੋਈ ਅਤੇ ਦ੍ਰਿੜਤਾ ਦੇ ਸੁਮੇਲ ਵਾਲਾ ‘ਸੁਦਰਸ਼ਨ ਚੱਕਰ’ ਚਲਾ ਦਿੰਦਾ ਹੈ। ਕੰਸਾਂ ਦੀ ਇਖ਼ਲਾਕੀ ਹਾਰ ਤਾਂ ਹੋ ਜਾਂਦੀ ਹੈ ਪਰ ਕਲਯੁੱਗ ਦੇ ਕੰਸ ਦੁਆਪਰ ਦੇ ਕੰਸਾਂ ਨਾਲੋਂ ਤਾਕਤਵਰ ਬੇਸ਼ੱਕ ਨਾ ਹੋਣ ਲੇਕਿਨ ਢੀਠਤਾਈ ਪੱਖੋਂ ਕਈ ਗੁਣਾ ਵਾਧੂ ਹਨ। ਉਹ ਲੋਕ-ਲੱਜਿਆ ਨੂੰ ਛਿੱਕੇ ਟੰਗ ਕੇ ਕਿਸ਼ਨ ਕੁਮਾਰ ਉਤੇ ਤਬਾਦਲਾ ਰੂਪੀ ਅਗਨੀ-ਬਾਣ ਫੌਰਨ ਚਲਾ ਦਿੰਦੇ ਹਨ। ਇੰਜ ਕ੍ਰਿਸ਼ਨ ਕੁਮਾਰ ਆਪਣਾ ਬੋਰੀਆ ਬਿਸਤਰਾ ਬੰਨ੍ਹ ਕੇ ‘ਨਵੇਂ ਕੰਸਾਂ’ ਨਾਲ ਸਿੱਝਣ ਤੁਰ ਪੈਂਦਾ ਹੈ।

ਬੀਤੇ ਦਿਨੀਂ ਇਸ ਦਾ ਕਿਹੜੇ ਕੰਸ ਨਾਲ ਦਸਤਪੰਜਾ ਪਿਆ? ਇਸ ਦੀ ਚਰਚਾ ਕਰਨ ਤੋਂ ਪਹਿਲਾਂ ਥੋੜ੍ਹੀ ਪਿਛਲ-ਝਾਤ ਮਾਰ ਲਈਏ। ਨਵਾਂ ਸ਼ਹਿਰੀਆਂ ਦੇ ਚੰਗੇ ਭਾਗਾਂ ਨੂੰ ਜਿੰਨਾ ਚਿਰ ਉਹ ਉਥੇ ਡੀ.ਸੀ. ਲੱਗਾ ਰਿਹਾ, ਜਿਲ੍ਹਾ ਪ੍ਰਸ਼ਾਸਨ ਨੂੰ ਉਸ ਨੇ ਕੈਲੀਫੋਰਨੀਆ ਪੈਟਰਨ ‘ਤੇ ਕੰਮ ਕਰਨ ਲਾ ਦਿੱਤਾ। ਕਿਤੇ ਤੱਕਲੇ ਵਿਚ ਤਾਂ ਵਿੰਗ-ਵਲ ਰਹਿ ਗਏ ਹੋਣਗੇ ਪਰ ਉਸ ਨੇ ਸਾਰੀ ਅਫਸਰਸ਼ਾਹੀ ਵਿਚ ਕੋਈ ਵਲ ਨਾ ਰਹਿਣ ਦਿੱਤਾ। ਸਕੂਲਾਂ, ਹਸਪਤਾਲਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਕਰਮਚਾਰੀਆਂ ਦੀ ਹਾਜ਼ਰੀ ਸ਼ੱਤ-ਪ੍ਰਤੀਸ਼ਤ ਹੋ ਗਈ। ਨਵਾਂ ਸ਼ਹਿਰ ਉਤੇ ਜਿਹੜਾ ਉਸ ਨੇ ਸਭ ਤੋਂ ਵੱਡਾ ਪਰਉਪਕਾਰ ਕੀਤਾ, ਉਹ ਸੀ ‘ਉਪਕਾਰ ਸੰਸਥਾ’ ਬਣਾ ਕੇ ਭਰੂਣ ਹੱਤਿਆ ‘ਤੇ ਕਾਬੂ ਪਾਉਣਾ। ਕੁੜੀਆਂ ਦੀ ਜਨਮ ਦਰ ਦੇ ਅੰਕੜੇ ਥੋੜੇ ਅਰਸੇ ਵਿਚ ਹੀ ਸੁਧਰ ਗਏ। ਜਿੱਥੇ ਕਿਤੇ ਕੰਨਿਆ ਭਰੂਣ ਹੱਤਿਆ ਦਾ ਪਤਾ ਚਲਦਾ, ਉਥੇ ਸੁਵਖਤੇ ਹੀ ਸਬੰਧਤ ਘਰ ਮੋਹਰੇ ਜਾ ਪਹੁੰਚਦਾ। ਉਪਕਾਰ ਸੰਸਥਾ ਦੇ ਕਾਰਕੁਨ ਦਰੀਆਂ ਵਿਛਾ ਦਿੰਦੇ ਅਤੇ ਸਾਰਾ ਜਥਾ ‘ਅਫਸੋਸ’ ਕਰਨ ਬੈਠ ਜਾਂਦਾ। ਉਸ ਨੇ ਇਸ ਅਗੱਧ ਪਾਪ ਵਿਚ ਭਾਗੀਦਾਰ ਬਣਨ ਵਾਲੇ ਡਾਕਟਰਾਂ ਦਾ ਸ਼ਿਕੰਜਾ ਕੱਸ ਦਿੱਤਾ। ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸਬੰਧਤ ਹੋਣ ਕਰਕੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕ੍ਰਿਸ਼ਨ ਕੁਮਾਰ ਵਲੋਂ ਕੀਤੇ ਗਏ ਸੁਧਾਰਾਂ ਦੀ ਵੱਡੀ ਪੋਥੀ ਲਿਖੀ ਜਾ ਸਕਦੀ ਹੈ!

ਸਾਡੇ ਜ਼ਿਲ੍ਹੇ ਦੀ ਪਰਜਾ ਉਸ ਦੇ ਗੁਣ ਗਾਇਨ ਕਰ ਹੀ ਰਹੀ ਸੀ ਕਿ ਇੱਕ ਸਥਾਨਕ ਵਿਧਾਇਕ ਕੰਸ ਬਣ ਕੇ ਆ ਟਪਕਿਆ ਕਿਉਂਕਿ ਕ੍ਰਿਸ਼ਨ ਕੁਮਾਰ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਉਸ ਵਿਧਾਇਕ ਦੀਆਂ ਗੱਡੀਆਂ ਚੁਕਵਾਈਆਂ ਸਨ। ਫਿਰ ਕੀ ਸੀ, ਵਿਧਾਇਕ ਨੇ ਧੌਂਸ ਦਿਖਾਉਂਦਿਆਂ ਉਸ ਦੀ ਬਦਲੀ ਕਰਵਾ ਦਿੱਤੀ ਪਰ ਇਸ ਅਣਖੀਲੇ ਅਫਸਰ ਨੇ ਵਿਧਾਇਕ ਦਾ ਪਾਣੀ ਨਾ ਭਰਿਆ! ਕੁਝ ਸਮਾਂ ਮਾਮੂਲੀ ਜਿਹੇ ਮਹਿਕਮੇ ਵਿਚ ਰਹਿਣ ਉਪਰੰਤ ਉਸ ਨੇ ਪੰਜਾਬ ਦੇ ਵਿੱਦਿਆ ਮਹਿਕਮੇ ਵਿਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਤੇ ਸਰਬ ਸਿੱਖਿਆ ਅਭਿਆਨ ਦਾ ਅਹੁਦਾ ਸੰਭਾਲ਼ਿਆ।

ਬੀਬੀ ਉਪਿੰਦਰਜੀਤ ਕੌਰ ਦੇ ਸਿੱਖਿਆ ਮੰਤਰੀ ਹੁੰਦਿਆਂ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਦੇ ਪ੍ਰਬੰਧਕੀ ਢਾਂਚੇ ਦਾ ਵੱਡੇ ਪੱਧਰ ‘ਤੇ ‘ਅਪਰੇਸ਼ਨ’ ਕੀਤਾ। ਅਧਿਆਪਕਾਂ ਵਲੋਂ ਮਾਰੀ ਜਾਂਦੀ ‘ਫਰਲੋ’ ਦਾ ਬੀਜ ਨਾਸ ਹੀ ਕਰ ਦਿੱਤਾ। ਖੁਦ ਸਕੂਲਾਂ ਵਿਚ ਜਾ ਜਾ ਕੇ ਉਸ ਨੇ ਹਾਜ਼ਰੀ ਰਜਿਸਟਰਾਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਹੁਸ਼ਿਆਰ ਵਿਦਿਆਰਥੀਆਂ ਦੀ ਡਿਊਟੀ ਲਾ ਦਿੱਤੀ ਕਿ ਉਹ ਆਪਣੇ ਅਧਿਆਪਕ ਵਲੋਂ ਜਮਾਤ ਵਿਚ ਬਿਤਾਏ ਸਮੇਂ ਦਾ ਰਿਕਾਰਡ ਰੱਖਣ। ਸਥਾਨਕ ਪੰਚਾਇਤਾਂ ਨੂੰ ਵੀ ਕਈ ਤਰ੍ਹਾਂ ਦੀਆਂ ਜਿੰਮੇਵਾਰੀਆਂ ਸੰਭਾਲੀਆਂ। ਸਿੱਟਾ ਇਹ ਨਿਕਲਿਆ ਕਿ ਤਿੰਨਾਂ ਸਾਲਾਂ ਵਿਚ ਹੀ, ਜਿਹੜਾ ਪੰਜਾਬ ਵਿੱਦਿਅਕ ਪੱਖੋਂ ਸੋਲ੍ਹਵੇਂ ਸਥਾਨ ‘ਤੇ ਸੀ, ਉਹ ਪਹਿਲੇ ‘ਤੇ ਆ ਗਿਆ। ਇਸੇ ਸਮੇਂ ਦੌਰਾਨ ਭਾਵੇਂ ਉਸ ਉਤੇ ‘ਬਾਲੂ ਦੇ ਵਾਲਾਂ’ ਵਾਲੀ ਸਿੱਖ ਸਭਿਆਚਾਰ ਵਿਰੋਧੀ ਕਿਤਾਬ ਛਪਵਾਉਣ ਦਾ ਦੋਸ਼ ਵੀ ਲੱਗਿਆ ਪਰ ਕ੍ਰਿਸ਼ਨ ਕੁਮਾਰ ਨੇ ‘ਰੀ ਮਈਆ ਮੋਰੀ, ਮੈਂ ਨਹੀਂ ਮਾਖਨ ਖਾਇਓ!’ ਵਾਂਗ ਮੈ ਨਾ ਮਾਨੂੰ ਦੀ ਰਟ ਨਹੀਂ ਲਾਈ, ਬਲਕਿ ਅਣਜਾਣੇ ਵਿਚ ਹੋਈ ਇਸ ਭੁੱਲ ਦੀ ਖਿਮਾ ਜਾਚਨਾ ਕਰ ਲਈ।
ਮੁੱਖ ਮੰਤਰੀ, ਪੰਜਾਬ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਦੀ ਜਮਾਂ-ਘਟਾਉ ਕਾਰਨ ਸਿੱਖਿਆ ਮੰਤਰੀ ਬਣਾਏ ਗਏ ਜਥੇਦਾਰ ਸੇਵਾ ਸਿੰਘ ਸੇਖਵਾਂ, ਜਿਨ੍ਹਾਂ ਇੱਕ ਸਮੇਂ ਕ੍ਰਿਸ਼ਨ ਕੁਮਾਰ ਨੂੰ ਚਿੱਠੀ ਲਿਖ ਕੇ ਸੱਚਾ ਪੱਕਾ, ਇਮਾਨਦਾਰ ਅਤੇ ਦ੍ਰਿੜ ਇਰਾਦੇ ਵਾਲਾ ਅਫਸਰ ਐਲਾਨਿਆ ਸੀ ਤੇ ਉਸ ਦੀ ਭਰਪੂਰ ਸ਼ਲਾਘਾ ਕੀਤੀ ਸੀ ਸ਼ਾਇਦ ਕ੍ਰਿਸ਼ਨ ਕੁਮਾਰ ਜੀ ਨੇ ਮੰਤਰੀ ਸਾਹਿਬ ਵਲੋਂ ਮਿਲੀ ‘ਸ਼ਲਾਘਾ’ ਨੂੰ ਇਸ ਸ਼ਿਅਰ ਵਾਲੇ ਸੰਦਰਭ ਵਿਚ ਹੀ ਦੇਖਿਆ ਹੋਵੇਗਾ,

ਘਰ ਕੇ ਅੰਦਰ ਝੂਠੋਂ ਕੀ ਇੱਕ ਮੰਡੀ ਹੈ,
ਦਰਵਾਜ਼ੇ ਪਰ ਬੋਰਡ ਲਗਾ ਹੈ, ਸੱਚ ਬੋਲੋ
!

ਕਿਉਂਕਿ ਜਦੋਂ ਆਪਣੇ ਲੰਮੇ ਤਜ਼ਰਬੇ ਦੇ ਆਧਾਰ ‘ਤੇ ਕ੍ਰਿਸ਼ਨ ਕੁਮਾਰ ਨੇ ਟੀਚਰ ਨਿਯੁਕਤ ਕਰਨੇ ਸ਼ੁਰੂ ਕੀਤੇ ਤਾਂ ਉਹੀ ਸੱਚਾ ਪੱਕਾ ਇਮਾਨਦਾਰ ‘ਕ੍ਰਿਸ਼ਨ’ ਸੇਖਵਾਂ ਸਾਹਿਬ ਦੀਆਂ ਅੱਖਾਂ ‘ਚ ਚੁਭਣ ਲੱਗ ਪਿਆ! ਬਿਨਾ ਸਿਫਾਰਸ਼, ਬਿਨਾ ਰਿਸ਼ਵਤ ਅਧਿਆਪਕ ਚੁਣ ਕੇ ਕ੍ਰਿਸ਼ਨ ਕੁਮਾਰ ਨੇ ਇੱਕ ਹੋਰ ਵਿਰੋਧ ਸਹੇੜ ਲਿਆ। ਵਿਰੋਧ ਦੇ ਕਾਰਨ ਕੁਝ ਹੋਰ ਵੀ ਹੋ ਸਕਦੇ ਹਨ। ਦੋਹਾਂ ਵਿਚਕਾਰ ਸ਼ਖਸੀਅਤਾਂ ਦੇ ਭੇੜ ਦੀ ਜੰਗ ਸ਼ੁਰੂ ਹੋਈ। ਕ੍ਰਿਸ਼ਨ ਕੁਮਾਰ ਰੋਸ ਵਜੋਂ ‘ਛੁੱਟੀ’ ‘ਤੇ ਚਲਾ ਗਿਆ। ਜਦ ਇਹ ਲੜਾਈ ਮੁੱਖ ਮੰਤਰੀ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਮੰਤਰੀ ਦਾ ਪੱਖ ਪੂਰਿਆ, ਕ੍ਰਿਸ਼ਨ ਕੁਮਾਰ ਦਾ ਨਹੀਂ। ਜਿਸ ਸੱਚਾਈ ਅਤੇ ਨੇਕ-ਨੀਅਤੀ ਦੀ ਜਥੇਦਾਰ ਸੇਖਵਾਂ ਨੇ ਸਿਫਤ ਕੀਤੀ ਸੀ, ਉਸੇ ਦੇ ਇਨਾਮ ਵਜੋਂ ਕ੍ਰਿਸ਼ਨ ਦਾ ਫਿਰ ਤਬਾਦਲਾ ਕਰ ਦਿੱਤਾ ਗਿਆ। ਇਹ ਅਮਲ ਉਸ ਮੁੱਖ ਮੰਤਰੀ ਹੱਥੋਂ ਹੋਇਆ ਜਿਹੜਾ ਦਾਅਵੇ ਕਰਦਾ ਆ ਰਿਹਾ ਹੈ ਕਿ ਅਸੀਂ ਪੰਜਾਬ ਨੂੰ ਰਾਜੇ ਰਣਜੀਤ ਸਿੰਘ ਵਰਗਾ ਰਾਜ ਪ੍ਰਬੰਧ ਦੇ ਰਹੇ ਹਾਂ। ਯਾਦ ਰਹੇ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਇੱਕ ਡਿਉੜੀ-ਬਰਦਾਰ ਨੂੰ ਇਸ ਲਈ ਤਰੱਕੀ ਦਿੱਤੀ ਸੀ ਕਿ ਉਸ ਨੇ ਨਿਯਮਾਂ ਦੀ ਪਾਲਣਾ ਕਰਦਿਆਂ ਰਾਤ ਵੇਲੇ ਮਹਾਰਾਜੇ ਨੂੰ ਵੀ ਕਿਲੇ ‘ਚ ਨਹੀਂ ਸੀ ਵੜਨ ਦਿੱਤਾ।
ਪਬਲਿਕ ਦੇ ਅੱਖੀਂ ਘੱਟਾ ਪਾਉਣ ਹਿੱਤ ਮੁੱਖ ਮੰਤਰੀ ਜੀ ਨੇ ਫੁਰਮਾਇਆ ਹੈ ਕਿ ਕ੍ਰਿਸ਼ਨ ਕੁਮਾਰ ਦੀ ਮਿਹਨਤ ਸਦਕਾ, ਸਿਖਿਆ ਵਿਭਾਗ ਲੀਹਾਂ ‘ਤੇ ਪੈ ਗਿਆ ਏ, ਹੁਣ ਸਿਹਤ ਵਿਭਾਗ ਨੂੰ ਇਨ੍ਹਾਂ ਦੀ ਲੋੜ ਹੈ ਜਦ ਕਿ ਹਕੀਕਤ ਕੁਝ ਹੋਰ ਹੈ। ਇੱਕ ਅਕਾਲੀ ਮੰਤਰੀ, ਜਿਸ ਯੋਗ ਅਫਸਰ ਉਤੇ ਸਰਕਾਰੀ ਨੀਤੀਆਂ ਵਿਰੁਧ ਚੱਲਣ ਦਾ ਦੋਸ਼ ਲਾ ਕੇ ਆਪਣੇ ਮਹਿਕਮੇ ‘ਚੋਂ ਬਾਹਰ ਕੱਢ ਰਿਹਾ ਹੈ, ਉਸੇ ਅਫਸਰ ਨੂੰ ਬੀ.ਜੇ.ਪੀ. ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ, ਮੁੱਖ ਮੰਤਰੀ ਤੋਂ ‘ਮੰਗ ਕੇ’ ਲੈ ਰਹੀ ਹੈ!

ਅਕਲ ਤੇ ਜੋ ਖਾਲੀ ਸੋ ਅਕਾਲੀ ਭਾਈ ਜਾਣੀਐਂ!

ਕ੍ਰਿਸ਼ਨ ਨੂੰ ‘ਲਕਸ਼ਮੀ’ ਲੈ ਤਾਂ ਗਈ ਹੈ ਆਪਣੇ ਸਿਹਤ ਵਿਭਾਗ ਦੀ ‘ਸਿਹਤ ਸੁਧਾਰਨ’ ਵਾਸਤੇ, ਪਰ ਹੱਡ-ਹਰਾਮ ਸਾਰੇ ਮਹਿਕਮਿਆਂ ਵਿਚ ਇਸ ਕਦਰ ਫੈਲਿਆ ਹੋਇਆ ਹੈ ਕਿ ਇੱਕ ਕ੍ਰਿਸ਼ਨ ਦੀ ਕੀ ਵਟੀਂਦੀ ਹੈ? ਕੀ ਜਾਣੀਏਂ? ਸਿਹਤ ਵਿਭਾਗ ਦਾ ਕੋਈ ਸਿਹਤਮੰਦ ਕੰਸ, ਮਧਰੇ ਕਦ ਵਾਲੇ ਕ੍ਰਿਸ਼ਨ ਦੇ ਗਲ ਕਦੋਂ ਪੈ ਜਾਏ!