ਪੰਥਕ ਲੀਡਰਸ਼ਿਪ ਦੇ ਅਵੈੜੇ ਸੁਭਾਅ ਬਾਰੇ ਇਹ ਕੁਸੈਲੀ ਜਿਹੀ ਵਿਅੰਗ-ਟਿੱਪਣੀ ਸੁਣੀ ਤਾਂ ਮੈਂ ਪਹਿਲਾਂ ਵੀ ਹੋਈ ਸੀ ਪਰ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਮੈਨੂੰ ਕਿਤਾਬ ਖੋਲ੍ਹੀ ਬੈਠਾ ਦੇਖ ਕੇ ਜਿਸ ਨਾਟਕੀ-ਅੰਦਾਜ਼ ਨਾਲ ਇਹ ਫਿਰ ਦੁਹਰਾਈ, ਮੇਰੀ ਸਿਮ੍ਰਤੀ ਵਿਚ ਇਹ ਚਿੱਟੇ ਕਾਗਜ਼ ‘ਤੇ ਗੂੜ੍ਹੇ ਕਾਲੇ ਅੱਖਰਾਂ ਵਾਂਗ ਉਕਰੀ ਗਈ। ਜਦੋਂ ਵੀ ਕਿਸੇ ਭਲੇਮਾਣਸ ਬੁੱਧੀਜੀਵੀ ਨਾਲ ਇਹ ‘ਭਾਣਾ’ ਵਾਪਰਦਾ ਦੇਖਦਾ ਹਾਂ ਤਾਂ ਮੇਰੀਆਂ ਅੱਖਾਂ ਅੱਗੇ ਉਹੀ ਦ੍ਰਿਸ਼ ਆ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸ਼ਾਮਲ ਹੋਣ ਲਈ ਮੈਂ ਸ੍ਰੀ ਅੰਮ੍ਰਿਤਸਰ ਪਹੁੰਚਿਆ ਹੋਇਆ ਸਾਂ। ਰਾਤ ਦਾ ਪ੍ਰਸ਼ਾਦਾ-ਪਾਣੀ ਛਕਣ ਉਪਰੰਤ, ਗੁਰੂ ਹਰਗੋਬਿੰਦ ਨਿਵਾਸ ਵਿਚ ਆਪਣੀ ਰਿਹਾਇਸ਼ ਵਾਲੇ ਕਮਰੇ ਅੰਦਰ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸਾਂ। ਲਾਂਗਰੀ ਨੇ ਚਾਹ ਲੈ ਕੇ ਆਉਣਾ ਸੀ, ਇਸ ਲਈ ਕਮਰੇ ਦਾ ਦਰਵਾਜ਼ਾ ਖੁੱਲਾ ਹੀ ਰੱਖਿਆ ਹੋਇਆ ਸੀ। ਮੈਂਬਰਾਂ ਦੀ ਰਿਹਾਇਸ਼ ਆਦਿ ਦਾ ਬੰਦੋਬਸਤ ਕਰਦੇ ਫਿਰਦੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ (ਜੋ ਉਨ੍ਹੀਂ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ) ਕਈ ਵਾਰ ਇੱਧਰ-ਉਧਰ ਨੂੰ ਲੰਘੇ। ਹੱਥ ਵਿਚ ਤਿੰਨ ਫੁੱਟੀ ਸ੍ਰੀ ਸਾਹਿਬ ਫੜੀ ‘ਚਾਣਚੱਕ ਉਹ ਮੇਰੇ ਕਮਰੇ ਵਿਚ ਆ ਵੜੇ। ਆਉਂਦਿਆਂ ਹੀ ਉਨ੍ਹਾਂ ਨੇ ਝੁਟਕੀ ਮਾਰ ਕੇ ਮੇਰੇ ਹੱਥੋਂ ਕਿਤਾਬ ਫੜ ਲਈ। ਮੁਸਕ੍ਰਾਉਂਦਿਆਂ ਵਿਅੰਗਾਤਮਕ ਲਹਿਜ਼ੇ ‘ਚ ਬੋਲੇ,
”ਸਿੰਘਾ, ਕਿਤਾਬਾਂ ਪੜ੍ਹਨ ਦਾ ਕੰਮ ਛੱਡ ਦੇਵੇਂ ਤਾਂ ਚੰਗਾ ਰਹੇਂਗਾ। ਆਪਣੇ ‘ਪੰਥ’ ਵਿਚ (ਭਾਵ ਅਕਾਲੀ ਦਲ ‘ਚ) ਪੜ੍ਹਨ-ਪੁੜ੍ਹਨ ਵਾਲਿਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਜਿਹੜਾ ਬੁੱਧੀਜੀਵੀ ਬਣਨ ਦੀ ਕੋਸ਼ਿਸ਼ ਕਰੇ, ਉਸ ਨੂੰ ਝੱਟ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। …ਇਸ ਕਰਕੇ ਇਹ ‘ਪੁੱਠਾ ਕੰਮ’ ਨਾ ਹੀ ਕਰਿਆ ਕਰ। ਜੇ ਅਕਾਲੀ ਸਿਆਸਤ ਵਿਚ ਚਾਰ ਦਿਨ ਰਹਿਣਾ ਐ ਤਾਂ!”

ਮਨੋਵਿਗਿਆਨੀ ਦੱਸਦੇ ਹਨ ਕਿ ਮਜ਼ਾਕ ਦੀ ਚਾਸ਼ਣੀ ਵਿਚ ਲਪੇਟ ਕੇ ਕਹੀ ਗਈ ਗੱਲ ਵਿਚ ਦਰਅਸਲ ਐਨਾ ਕੌੜਾ ਸੱਚ ਛੁਪਿਆ ਹੁੰਦਾ ਹੈ ਕਿ ਜਿਸ ਨੂੰ ਕਿਸੇ ਹੋਰ ਢੰਗ ਨਾਲ ਬਾਹਰ ਕੱਢਿਆ ਹੀ ਨਹੀਂ ਜਾ ਸਕਦਾ। ਅਜਿਹੀ ਗੱਲ ਸੁਣਨ ਵਾਲਾ ਜੇਕਰ ਸਹਿ ਗਿਆ ਤਾਂ ਸਹਿ ਗਿਆ। ਅਗਰ ਉਹ ਅਗਲੇ ਦੇ ਗਲ ਪੈ ਜਾਏ ਤਾਂ ‘ਹਾਸੇ ਦਾ ਮੜ੍ਹਾਸਾ’ ਬਣ ਗਿਆ ਕਹਿ ਦਿੱਤਾ ਜਾਂਦਾ ਹੈ। ਪ੍ਰੋ. ਬਡੂੰਗਰ ਦਾ ਉਕਤ ਤਨਜ਼ੀਆ ਬਿਆਨ ਇਸੇ ਪਰਿਪੇਖ ਵਿਚ ਪੜ੍ਹਿਆ ਸੁਣਿਆ ਜਾਣ ਵਾਲਾ ਹੈ।
ਸਿੱਖ ਸਿਆਸਤ ਦੇ ਇਤਿਹਾਸ ਵੱਲ ਨਜ਼ਰ ਮਾਰਿਆਂ ਇਹ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਦਿਸਦੀ ਹੈ ਕਿ ਇਸ ਪਿੜ ਵਿਚ ਸਿਰਫ ਉਨ੍ਹਾਂ ਬੁੱਧੀਜੀਵੀਆਂ ਦੇ ਹੀ ‘ਪੈਰ ਲੱਗੇ’ ਜਿਹੜੇ ਸਥਾਪਤੀ ਦੀ ਸੁਰ ਵਿਚ ਸੁਰ ਮਿਲਾਉਂਦੇ ਰਹੇ। ਜਿਸ ਕਿਸੇ ਨੇ ਵੀ ਸਥਾਪਤੀ ਦੀ ਬਜਾਏ ਪੰਥਕ ਹਿੱਤਾਂ ਵੱਲ ਮੂੰਹ ਕਰਿਆ, ਉਸ ਦਾ ਜਲਦੀ ਹੀ ਬਿਸਤਰਾ ਗੋਲ ਕਰ ਦਿੱਤਾ ਜਾਂਦਾ ਰਿਹਾ। ਜੇ ਕਿਸੇ ਨੂੰ ਮਜ਼ਬੂਰੀਵਸ ਦਲ ਵਿਚ ‘ਰੱਖਣਾ’ ਵੀ ਪਿਆ ਤਾਂ ਉਸ ਨੂੰ ਫੁੱਟ-ਨੋਟਾਂ ਵਿਚ ਹੀ ਥਾਂ ਦਿੱਤੀ ਗਈ। ਇਸ ਛੋਟੇ ਜਿਹੇ ਲੇਖ ਵਿਚ ਸਥਾਪਤੀ ਦੇ ਧੁੱਸ-ਮਾਰ ਰਵੱਈਏ ਦਾ ਸ਼ਿਕਾਰ ਹੋਣ ਵਾਲਿਆਂ ਦਾ ਵੇਰਵਾ ਨਹੀਂ ਦਿੱਤਾ ਜਾ ਰਿਹਾ। ਸਿਰਦਾਰ ਕਪੂਰ ਸਿੰਘ, ਸ. ਗੁਰਤੇਜ ਸਿੰਘ ਆਈ.ਏ.ਐਸ., ਡਾ. ਗੁਰਬਚਨ ਸਿੰਘ ‘ਬਚਨ’, ਸ. ਹਰਿੰਦਰ ਸਿੰਘ ਨਾਰਵੇ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨਾਲ ਕਿੰਜ ਬੀਤੀ? ਇਹਦੇ ਬਾਰੇ ਸਾਰਿਆਂ ਨੂੰ ਹੀ ਪਤਾ ਹੈ।

ਇਥੇ ਤਾਂ ਉਕਤ ਬੁਧੀਜੀਵੀਆਂ ਦੀ ਲੜੀ ਵਿਚ ਆਪਣੇ ਨਾਮ ਜੋੜਨ ਜਾ ਰਹੇ ਮੌਜੂਦਾ ਦੌਰ ਦੇ ਦੋ ਬੁਧੀਵਾਨਾਂ ਦਾ ਜ਼ਿਕਰ ਕਰਨ ਲੱਗਾ ਹਾਂ। ਪਹਿਲੇ ਦਾ ਨਾਂ ਹੈ ਸ. ਪਾਲ ਸਿੰਘ ਪੁਰੇਵਾਲ, ਜੋ ਕੈਨੇਡੀਅਨ ਸਿੱਖ ਹਨ। ਸ. ਪੁਰੇਵਾਲ ਦੇ ਦਿਲ ਵਿਚ ਚਾਅ ਉਠਿਆ ਕਿ ਮੈਂ ਆਪਣੀ ਸੇਵਾ-ਮੁਕਤੀ ਕੌਮ ਦੇ ਲੇਖੇ ਲਾ ਦਿਆਂ। ਇਤਿਹਾਸ, ਮਿਥਿਹਾਸ, ਖਗੋਲ ਤੇ ਭੂਗੋਲ ਵਿਸ਼ਿਆਂ ਦਾ ਗਹਿਰ-ਗੰਭੀਰ ਮੁਤਾਲਿਆ ਕਰ ਚੁਕੇ ਸ. ਪੁਰੇਵਾਲ ਨੇ ਸਿੱਖ ਕੌਮ ਦਾ ਆਪਣਾ ਕੈਲੰਡਰ ਬਣਾਉਣ ਦਾ ਬੀੜਾ ਚੁੱਕਿਆ। ਵਰ੍ਹਿਆਂ ਦੀ ਮਿਹਨਤ ਨਾਲ ਉਨ੍ਹਾਂ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ ਕੌਮ ਦੀ ਝੋਲੀ ਪਾਇਆ।
ਪੰਥਕ ਰਵਾਇਤਾਂ ਅਤੇ ਪਰੰਪਰਾਵਾਂ ਦਾ ਪਾਲਣ ਕਰਦਿਆਂ ਇਸ ਦੀ ਧਰਮ-ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ ਅਤੇ ਸਿੱਖ ਵਿਦਵਾਨਾਂ ਦੀ ਗਿਆਰਾਂ ਮੈਂਬਰੀ ਕਮੇਟੀ ਵਲੋਂ ਗੰਭੀਰਤਾ ਨਾਲ ਪਰਖ-ਪੜਚੋਲ ਕੀਤੀ ਗਈ। ਰਾਵਾਂ ਤੇ ਸੁਝਾਅ ਵੀ ਮੰਗੇ ਗਏ। ਆਖਰ ਸੰਨ 2003 ਵਿਚ ਪੰਥਕ-ਜੁਗਤਿ ਮੁਤਾਬਿਕ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕਰ ਦਿੱਤਾ ਗਿਆ। ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵਲੋਂ ਵੀ ਇਸ ਕੈਲੰਡਰ ਨੂੰ ਮਾਨਤਾ ਮਿਲ ਗਈ। ਸਿੱਖਾਂ ਦੀ ਚਿਰੋਕਣੀ ਮੰਗ ਭਾਈ ਪੁਰੇਵਾਲ ਜਿਹੇ ਵਿਦਵਾਨ ਦੀ ਘਾਲਣਾ ਨੇ ਪੂਰੀ ਕਰ ਦਿੱਤੀ।
ਸਿੱਖ ਸਫਾਂ ਵਿਚ ਇਸ ਬੁੱਧੀਵਾਨ ਦਾ ਹੋ ਰਿਹਾ ਮਾਣ ਸਤਿਕਾਰ, ਉਨ੍ਹਾਂ ਲੋਕਾਂ ਕੋਲੋਂ ਬਰਦਾਸ਼ਤ ਨਾ ਹੋਇਆ, ਜਿਹੜੇ ਸਿੱਖੀ ਨੂੰ ਮਿਲਗੋਭਾ ਜਿਹਾ ਰੂਪ ਦੇਈ ਰੱਖਣਾ ਚਾਹੁੰਦੇ ਨੇ। ਸੱਤਾਂ ਸਾਲਾਂ ਬਾਅਦ 2010 ਵਿਚ ਆ ਕੇ ਉਨ੍ਹਾਂ ਤਾਕਤਾਂ ਨੇ ਸਥਾਪਤੀ ਨੂੰ ਆਪਣੇ ਲੱਖਾਂ ਸ਼ਰਧਾਲੂਆਂ ਦੀਆਂ ਵੋਟਾਂ ਦਾ ਨੱਕੋ-ਨੱਕ ਭਰਿਆ ਝੋਲਾ ਦਿਖਾ ਕੇ, ਕੈਲੰਡਰ ਦੀ ਰੂਹ ਦਾ ਹੀ ਕਤਲ ਕਰਵਾ ਦਿੱਤਾ! ਮੁਮਕਿਨ ਹੈ ਕਿ ਇਸ ਘਿਨਾਉਣੀ ਹਰਕਤ ਦਾ ਸਭ ਤੋਂ ਵੱਧ ਦੁੱਖ ਭਾਈ ਪਾਲ ਸਿੰਘ ਨੂੰ ਹੀ ਹੋਣਾ ਸੀ। ਸੋ ਉਹ ਕੈਨੇਡਾ ਤੋਂ ਉਚੇਚੇ ਪੰਜਾਬ ਪਹੁੰਚੇ ਤਾਂ ਕਿ ਕੈਲੰਡਰ ਦੀਆਂ ਕਥਿਤ ਸੋਧਾਂ ਨਾਲ ਭਵਿੱਖ ਵਿਚ ਪੈਦਾ ਹੋਣ ਵਾਲੇ ਰੌਲ-ਘਚੌਲੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਸਕੇ ਪਰ ਉਨ੍ਹਾਂ ਨੂੰ ਉਡੀਕੇ ਬਿਨਾ ਹੀ ‘ਗੁਲਾਮਾਂ’ ਦਿਆਂ ਦਾਸਾਂ’ ਨੇ ਨਵੇਂ ਸਾਲ ਦਾ ਭਗਵਾਂ ਕੈਲੰਡਰ ਜਾਰੀ ਕਰ ਦਿੱਤਾ!
ਯਾਦ ਰਹੇ, ਇਸੇ ਸਿੱਖ ਸਕਾਲਰ ਵਲੋਂ ਤਿਆਰ ਕੀਤਾ ਗਿਆ ਹਿਜ਼ਰੀ ਕੈਲੰਡਰ ਇਸਲਾਮੀ ਜਗਤ ਨੇ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ ਹੈ ਪਰ ਉਸ (ਸ. ਪੁਰੇਵਾਲ) ਦੀ ਆਪਣੀ ਕੌਮ ਦੇ ਘੜੰਮ ਚੌਧਰੀ, ਉਹਦੇ ਪੱਲੇ ਪਛਤਾਵੇ ਪਾਉਣ ‘ਤੇ ਤੁਲੇ ਪਏ ਹਨ।
ਕੈਨੇਡੀਅਨ ਸਿੱਖ ਪਾਲ ਸਿੰਘ ਤੋਂ ਬਾਅਦ ਅਗਲੀ ਦਾਸਤਾਂ ਹੈ ਇੱਕ ਫਰਾਂਸੀਸੀ ਸਿੱਖ ਭਾਈ ਪਾਲਾ ਸਿੰਘ ਦੀ ਜੋ ਸੱਠ ਸਾਲ ਦੀ ਬਜ਼ੁਰਗ ਉਮਰੇ ਆਪਣਿਆਂ ਦੀ ਸਰਕਾਰ ਦੇ ਜ਼ੁਲਮੋ-ਸਿਤਮ ਸਹਿ ਰਿਹਾ ਹੈ। ਇੰਗਲੈਂਡ ਦੇ ਅਖੰਡ ਕੀਰਤਨੀ ਜਥੇ ਦੇ ਮੈਂਬਰਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਰਾਂਸ ਦੇ ਨਾਗਰਿਕ ਭਾਈ ਪਾਲਾ ਸਿੰਘ ਨੇ ਤੀਹ-ਪੈਂਤੀ ਸਾਲ ਵਿਦੇਸ਼ਾਂ ਵਿਚ ਕਿਰਤ-ਵਿਰਤ ਕਰਦਿਆਂ ਨਾਲੋਂ ਨਾਲ ਗੁਰਮਤਿ ਪ੍ਰਚਾਰ ਦੀ ਸੇਵਾ ਕੀਤੀ। ਅਮਰੀਕਾ, ਕੈਨੇਡਾ, ਯੂ.ਕੇ., ਫਰਾਂਸ, ਜਰਮਨੀ, ਨਾਰਵੇ ਅਤੇ ਇਟਲੀ ਆਦਿ ਪੰਦਰਾਂ-ਵੀਹ ਮੁਲਕਾਂ ਵਿਚ ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਅਣਥਕ ਘਾਲਣਾ ਘਾਲੀ। ਸਿੱਖ ਯੂਥ ਕੈਂਪਾਂ ਰਾਹੀਂ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਿਆ। ਛੋਟੇ ਬੱਚਿਆਂ ਨੂੰ ਗੁਰਬਾਣੀ ਕੀਰਤਨ ਅਤੇ ਗਤਕੇ ਦੀ ਸਿਖਲਾਈ ਦਿੱਤੀ। ਵਿਦੇਸ਼ਾਂ ਵਿਚ ਚਲਦੇ ਰੇਡੀਓ, ਟੀ.ਵੀ. ਸਟੇਸ਼ਨਾਂ, ਅਖਬਾਰਾਂ ਅਤੇ ਰਸਾਲਿਆਂ ਰਾਹੀਂ ਸਿੱਖ ਵਿਰਸੇ ਬਾਰੇ ਚੇਤੰਨਤਾ ਜਗਾਈ।

ਉਮਰ ਦੇ ਇਸ ਆਖਰੀ ਪੜਾਅ ਵਿਚ ਪਹੁੰਚ ਕੇ ਉਨ੍ਹਾਂ ਤੋਂ ਇੱਕ ‘ਵੱਡੀ ਗਲਤੀ’ ਇਹ ਹੋ ਗਈ ਕਿ ਫਰਾਂਸ ਦਾ ਨਾਗਰਿਕ ਹੁੰਦਿਆਂ, ਉਨ੍ਹਾਂ ਆਪਣੀ ਜਿ਼ੰਦਗੀ ਦੀਆਂ ਆਖਰੀ ਸ਼ਾਮਾਂ ਮਾਦਰੇ-ਵਤਨ ਪੰਜਾਬ ਵਿਚ ਬਿਤਾਉਣ ਦੀ ਯੋਜਨਾ ਬਣਾ ਲਈ। ਇਹ ਯੋਜਨਾ ਬਣਾਉਣ ਲਈ ਉਨ੍ਹਾਂ ਦੇ ਦਿਲੋ-ਦਿਮਾਗ ਉਪਰ ਪੰਜਾਬ ਤੋਂ ਆਉਂਦੀਆਂ ਕੁਲਹਿਣੀਆਂ ਖ਼ਬਰਾਂ ਨੇ ਵਧੇਰੇ ਜੋਰ ਪਾਇਆ। ਸੋ, ਭਾਈ ਪਾਲਾ ਸਿੰਘ ਜਾ ਪਹੁੰਚੇ ਆਪਣੇ ਪੁਸ਼ਤੈਨੀ ਪਿੰਡ ਢੰਡੋ ਵਾਲ (ਨੇੜੇ ਸ਼ਾਹ ਕੋਟ), ਜਿਲ੍ਹਾ ਜਲੰਧਰ। ਪਿੰਡ ਪਹੁੰਚ ਕੇ ਵੀ ਉਨ੍ਹਾਂ ਆਸ-ਪਾਸ ਦੇ ਇਲਾਕਿਆਂ ਵਿਚ ਗੁਰਮਤਿ ਪ੍ਰਚਾਰ ਦੀ ਲਹਿਰ ਚਲਾ ਦਿੱਤੀ। ਗੁਰਮਤਿ ਟ੍ਰੇਨਿੰਗ ਕੈਂਪ, ਗਤਕਾ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਸ਼ੁਰੂ ਕਰਵਾ ਕੇ ਪਤਿਤਪੁਣੇ ਨੂੰ ਠੱਲ੍ਹ ਪਾਈ। ਲੋੜਵੰਦ ਗਰੀਬ ਬੱਚਿਆਂ ਦੀਆਂ ਫੀਸਾਂ ਅਤੇ ਹੋਰ ਸਕੂਲੀ ਖਰਚੇ ਵੀ ਦੇਣੇ ਸ਼ੁਰੂ ਕਰ ਦਿੱਤੇ। ਗੱਲ ਕੀ, ਥੋੜੇ ਸਮੇਂ ਵਿਚ ਹੀ ਉਹ ਆਪਣੇ ਇਲਾਕੇ ਵਿਚ ‘ਸੇਵਾਦਾਰ ਬਾਬਾ ਜੀ’ ਵਜੋਂ ਪ੍ਰਸਿੱਧ ਹੋ ਗਏ।
ਜਾਗਦੀ ਜ਼ਮੀਰ ਵਾਲਾ ਚੇਤੰਨ ਸਿੱਖ ਹੋਣ ਨਾਤੇ ਉਨ੍ਹਾਂ ਕੌਮ ਦੀਆਂ ਕੇਂਦਰੀ ਸੰਸਥਾਵਾਂ ਦੀ ਸਿੱਖ ਸਿਆਸਤਦਾਨਾਂ ਹੱਥੋਂ ਹੋ ਰਹੀ ਦੁਰਵਰਤੋਂ ਦਾ ਨੋਟਿਸ ਲਿਆ। ਇਸ ਮੰਦਭਾਗੇ ਰੁਝਾਨ ਨੂੰ ਰੋਕਣ ਹਿੱਤ ਪ੍ਰਚਾਰ ਅਰੰਭਿਆ। ਇੰਨੇ ਨਾਲ ਉਹ ‘ਸਥਾਪਤੀ’ ਦੀਆਂ ਅੱਖਾਂ ‘ਚ ਰੜਕਣ ਲੱਗ ਪਏ। ਆਪਣੇ ਪਿੰਡ ਲਾਗੇ ਉਨ੍ਹਾਂ ਨੇ ਕੁਝ ਜ਼ਮੀਨ ਖਰੀਦੀ। ਇਸੇ ਟੁਕੜੇ ਨੂੰ ਇੱਕ ਸਥਾਨਕ ਅਕਾਲੀ ਜਥੇਦਾਰ ਖਰੀਦਣਾ ਚਾਹੁੰਦਾ ਸੀ। ਰਹਿਣਾ ਦਰਿਆ ਵਿਚ ਪਰ ਮਗਰਮੱਛ ਨਾਲ ਵੈਰ? ਉਸ ਅਕਾਲੀ ਆਗੂ ਨੇ ਭਾਈ ਸਾਹਿਬ ਵਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਪ੍ਰਵਾਹ ਨਾ ਕਰਦਿਆਂ, ਉਨ੍ਹਾਂ ਵਿਰੁਧ ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ। ਉਨ੍ਹਾਂ ‘ਤੇ ਜਿਸਮਾਨੀ ਤਸ਼ੱਦਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ। ਉਹ ਚਿੱਟੀ ਦਾਹੜੀ ਲੈ ਕੇ ਪੰਜਾਬ ਦੇ ਠਾਣਿਆਂ ਤੇ ਜੇਲ੍ਹਾਂ ਵਿਚ ਰੁਲ ਰਹੇ ਨੇ!
ਦੱਸਿਆ ਜਾਂਦਾ ਹੈ ਕਿ ਪਿੰਡ ਢੰਡੋ ਵਾਲ ਦੇ ਸੌ ਤੋਂ ਵੱਧ ਗਵਾਹ ਉਨ੍ਹਾਂ ਦੇ ਹੱਕ ਵਿਚ ਖੜ੍ਹੇ ਹਨ ਤੇ ਭਾਈ ਸਾਹਿਬ ਨੂੰ ਨਿਰੋਲ ਧਾਰਮਿਕ ਪ੍ਰਚਾਰਕ ਦੱਸ ਰਹੇ ਹਨ ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਨਾ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਨਾ ਹੀ ਕਿਸੇ ਸੰਤ ਬਾਬੇ ਨੇ ਉਨ੍ਹਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕੀਤੀ। ਹੋਰ ਤਾਂ ਹੋਰ ਵਿਦੇਸ਼ਾਂ ਵਿਚ ਆਏ ਦਿਨ ਨਵੇਂ ਨਵੇਂ ਅਹੁਦੇਦਾਰ ਥਾਪਣ ਵਾਲੀਆਂ ਐਨ.ਆਈ.ਆਰ. ਸਭਾਵਾਂ ਨੇ ਵੀ ਭਾਈ ਪਾਲਾ ਸਿੰਘ ਨਾਲ ਹੋ ਰਹੀ ਧੱਕੇ ਸ਼ਾਹੀ ਵਿਰੁਧ ਕੋਈ ਚਾਰਾਜੋਈ ਨਹੀਂ ਕੀਤੀ। ਕੀ ਭਾਈ ਸਾਹਿਬ ਐਨ.ਆਰ.ਆਈ. ਨਹੀਂ ਹਨ? ਹਾਂ, ਉਨ੍ਹਾਂ ਦੀਆਂ ਧੀਆਂ ‘ਤੇ ਰਿਸ਼ਤੇਦਾਰ ਪੁਕਾਰਾਂ ਕਰ ਰਹੇ ਹਨ। ਵਿਦੇਸ਼ਾਂ ਦੀਆਂ ਪੰਜਾਬੀ ਅਖਬਾਰਾਂ ਵਿਚ ਉਹ ਇਹ ਮਸਲਾ ਉਠਾ ਰਹੇ ਹਨ।
ਪਾਲ ਸਿੰਘ ਤੇ ਪਾਲਾ ਸਿੰਘ ਦੋਵੇਂ ਪੁਰਾਤਨ ਸਿੰਘਾਂ ਵਾਂਗ ਬੁਲੰਦ ਹੌਂਸਲੇ ਵਾਲੇ ਹਨ। ਉਹ ਕੌਮ ਦੇ ਭਵਿੱਖ ਨੂੰ ਸਮਰਪਿਤ ਹੋ ਕੇ ਸੇਵਾ ਵਿਚ ਜੁਟੇ ਹੋਏ ਹਨ। ਇਸੇ ਕਾਰਨ ਕੌਮ ਦੀ ਕੇਂਦਰੀ ਕਮਾਂਡ ‘ਤੇ ਕਾਬਜ ਧਿਰਾਂ, ਉਨ੍ਹਾਂ ਨੂੰ ਹਾਸ਼ੀਏ ‘ਤੇ ਧੱਕ ਰਹੀਆਂ ਹਨ। ਇਹ ਦੋਵੇਂ ਸੂਰਮੇ, ਡਰਨ, ਝਿਜਕਣ ਜਾਂ ਹੰਭਣ ਵਾਲੇ ਤਾਂ ਨਹੀਂ ਜਾਪਦੇ ਪਰ ਆਪਣਿਆਂ ਹੱਥੋਂ ਦੁਰਗਤ ਹੁੰਦੀ ਦੇਖ ਕੇ, ਕਦੇ ਨਾ ਕਦੇ ਕਿਸੇ ਘੜੀ ਉਹ ਸੋਚਦੇ ਜਰੂਰ ਹੋਣਗੇ ਕਿ ਹੇ ਕਲਗੀ ਵਾਲਿਆ! ਆਪਣੀ ਕੌਮ ਦੀ ਸੇਵਾ ਬਦਲੇ ਸਾਡੇ ਪੱਲੇ ਪਛਤਾਵੇ ਕਿਉਂ ਪੈ ਰਹੇ ਹਨ?