Wednesday, January 19, 2011

ਚਾਪਲੂਸੀਆਂ ਤੇ ਚਮਚਾਗਿਰੀਆਂ!

ਡਾਇਨਿੰਗ ਟੇਬਲ ‘ਤੇ ਚਮਕਣ ਵਾਲੇ ਨਿਰਜਿੰਦ ਚਮਚੇ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਕੰਮ ਸਾਖਿਆਤ ਜਿਊਂਦੇ-ਜਾਗਦੇ ਚਮਚੇ ਕਰਦੇ ਹਨ ਜਾਂ ਕਰ ਸਕਦੇ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਖਾਣ ਵਾਲੇ ਮੇਜ਼ ‘ਤੇ ਬਹਿਣ ਵੇਲੇ ਚਮਚਿਆਂ ਬਗ਼ੈਰ ਔਖੇ-ਸੌਖੇ ਸਾਰਿਆ ਜਾ ਸਕਦਾ ਹੈ ਪਰ ਜਿਥੇ ਮਨੁੱਖੀ ਚਮਚਿਆਂ ਦੀ ਲੋੜ ਹੁੰਦੀ ਹੈ, ਉਥੇ ਇਨ੍ਹਾਂ ਤੋਂ ਬਿਨਾਂ ਬਿਲਕੁਲ ਨਹੀਂ ਸਰ ਸਕਦਾ। ਘਰ ਤੋਂ ਲੈ ਕੇ ਦਫ਼ਤਰ, ਸਰਕਾਰੀ ਜਾਂ ਗ਼ੈਰ ਸਰਕਾਰੀ ਅਦਾਰੇ ਅਤੇ ਛੋਟੇ-ਵੱਟੇ ਕਾਰੋਬਾਰੀ ਧੰਦਿਆਂ ਦੇ ਪ੍ਰਬੰਧਕੀ ਸਿਸਟਮ ਵਿਚ ਚਮਚਿਆਂ ਦੇ ਝੰਡੇ ਝੂਲਦੇ ਦੇਖੇ ਜਾ ਸਕਦੇ ਹਨ। ਆਮ ਘਰਾਂ ਵਿਚ ਝਾਤੀ ਮਾਰ ਲਓ। ਜੇ ਕਿਤੇ ਹੋਈ ਸ੍ਰੀਮਾਨ ਆਪਣੀ ਪਤਨੀ ਦੀ ਲੋੜੋਂ ਵੱਧ ਤਾਰੀਫ਼ ਕਰ ਰਿਹਾ ਹੋਵੇ ਤਾਂ ਸਮਝੋ ਉਹ ਨਿਕਟ ਭਵਿੱਖ ਵਿਚ ਪਤਨੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਮਹਿੰਗੀ ਮੰਗ ਤੋਂ ਖਹਿੜਾ ਛੁਡਾਉਣ ਲਈ ਤਰੱਦਦ ਕਰ ਰਿਹਾ ਹੈ। ਇਸੇ ਤਰ੍ਹਾਂ ਜੇ ਕੋਈ ਸ੍ਰੀਮਤੀ ਆਪਣੇ ਪਤੀਦੇਵ ਦੇ ਗੁਣਗਾਨ ਕਰ ਰਹੀ ਹੋਵੇ ਤਾਂ ਸ੍ਰੀਮਾਨ ਫੁੱਲ ਕੇ ਕੁੱਪਾ ਹੋਣ ਦੀ ਬਜਾਏ ਇਹ ਸਮਝੇ ਕਿ ਕੋਈ ‘ਵੱਡਾ ਸਵਾਲ’ ਗਲ਼ ਪੈਣ ਵਾਲਾ ਹੈ, ਤਾਂ ਹੀ ਚਾਪਲੂਸੀ ਦੀ ਬੂੰਦਾਬਾਂਦੀ ਹੋ ਰਹੀ ਹੈ।

ਸਿਆਸਤ ਦਾ ਖੇਤਰ ਤਾਂ ਚੱਲਦਾ ਹੀ ਚਮਚਿਆਂ ਦੇ ਸਿਰ ‘ਤੇ ਹੈ। ਇਹ ਗੱਲ ਵੱਖਰੀ ਹੈ ਕਿ ਇਸ ਖੇਤਰ ਵਿਚ ਚਮਚਾਗਿਰੀ ਕਰਨ ਵਾਲੇ ਚਮਚਿਆਂ ਦੀ ਵਰਾਇਟੀ ਕੁਝ ਜ਼ਿਆਦਾ ਹੀ ਢੀਠ ਅਤੇ ਵਾਟਰ-ਪਰੂਫ਼ ਘੜੀਆਂ ਵਾਂਗ ‘ਸ਼ਰਮ-ਪਰੂਫ਼’ ਮੰਨੀ ਜਾਂਦੀ ਹੈ। ਸਿਆਸੀ ਆਗੂਆਂ ਦੇ ਲਾਮ-ਲਸ਼ਕਰ ਵਿਚ ਤਾਂ ਚਮਚਿਆਂ ਦੀ ਵੱਡੀ ਫ਼ੌਜ ਸ਼ਾਮਲ ਹੁੰਦੀ ਹੀ ਹੈ ਪਰ ਹੁਣ ਸਾਰਾ ਬ੍ਰਹਿਮੰਡ ਸੁੰਗੜ ਕੇ ਗਲੋਬਲ ਪਿੰਡ ਬਣ ਜਾਣ ਕਾਰਨ ਦੂਰ-ਦਰਾਜ ਦੇ ਇਲਾਕਿਆਂ ਵਿਚ ਵੀ ਚਮਚਿਆਂ ਨੇ ਆਪੋ-ਆਪਣੇ ਮਹਿਬੂਬ ਸਿਆਸਤਦਾਨਾਂ ਦੀ ਚਮਚਾਗਿਰੀ ਕਰਨ ਲਈ ਮੋਰਚੇ ਸੰਭਾਲੇ ਹੋਏ ਹੁੰਦੇ ਹਨ। ਚਾਪਲੂਸੀ ਰਾਹੀਂ ਚੌਧਰਾਂ ਚਮਕਾਉਣ ਦਾ ਭੁਸ ਰੱਖਣ ਵਾਲੇ ‘ਕੌਮਾਂਤਰੀ ਚਮਚੇ’ ਮੀਡੀਆ ਰਾਹੀਂ ਚਮਚਾਗਿਰੀ ਦੇ ਬਾਣ ਚਲਾਉਂਦੇ ਰਹਿੰਦੇ ਹਨ। ਅਗਲਾ ਭਾਵੇਂ ਕੌਮ ਦੀਆਂ ਬੇੜੀਆਂ ‘ਚ ਦੋਹੀਂ ਹੱਥੀਂ ਵੱਟੇ ਪਾ ਰਿਹਾ ਹੋਵੇ ਪਰ ਚਮਚੇ-ਸ਼੍ਰੀ ਉਸ ਨੂੰ ‘ਕੌਮ ਦਾ ਮਸੀਹਾ’ ਦੱਸਣਗੇ। ਲੀਡਰ ਭਾਵੇਂ ਆਪਣਾ ਉੱਲੂ ਸਿੱਧਾ ਰੱਖਣ ਲਈ ਨੌਜਵਾਨ ਵਰਗ ਨੂੰ ਭਾਂਤ-ਭਾਂਤ ਦੇ ਨਸਿ਼ਆਂ ਦੀ ਦਲ-ਦਲ ਵਿਚ ਗਰਕ ਕਰ ਰਿਹਾ ਹੋਵੇ, ਲੇਕਿਨ ਚਮਚਿਆਂ ਵੱਲੋਂ ਉਸ ਨੂੰ ‘ਨੌਜਵਾਨਾਂ ਦੇ ਦਿਲਾਂ ਦੀ ਧੜਕਣ’ ਦੱਸਿਆ ਜਾ ਰਿਹਾ ਹੁੰਦਾ ਹੈ। ਜਿਹੜਾ ਨੇਤਾ ਵਿਧਾਨ ਸਭਾ ਜਾਂ ਲੋਕ ਸਭਾ ਵਿਚੋਂ ‘ਸੁੱਚੇ ਮੂੰਹ’ ਹੀ ਪੰਜ ਸਾਲ ਪੂਰੇ ਕਰ ਆਵੇ, ਚਮਚਿਆਂ ਵੱਲੋਂ ਉਸ ਨੂੰ ‘ਨਿਧੜਕ ਬੁਲਾਰਾ’ ਐਲਾਨਿਆ ਜਾਂਦਾ ਹੈ।

ਕਦੇ-ਕਦੇ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਨੇਤਾ ਲੋਕ ਖ਼ੁਦ ਆਪਣੇ ਚਮਚਿਆਂ ਦੀ ਕਾਰਗੁਜ਼ਾਰੀ ਤੋਂ ਹੈਰਾਨ ਹੋ ਜਾਂਦੇ ਹਨ। ਕਹਿੰਦੇ ਹਨ ਕਿ ਕੋਈ ਲੀਡਰ ਆਪਣੀ ਜਵਾਨੀ ਦੇ ਦਿਨਾਂ ਵਿਚ ਸ਼ਿਕਾਰ ਖੇਡਣ ਦੇ ਹਵਾਲੇ ਦਿੰਦਾ ਹੋਇਆ ਸਰੋਤਿਆਂ ਨੂੰ ਆਪਣੀ ਨਿਪੁੰਨ ਨਿਸ਼ਾਨੇਬਾਜ਼ੀ ਬਾਰੇ ਫੜ੍ਹਾਂ ਮਾਰ ਰਿਹਾ ਸੀ। ਉਸ ਦੇ ਮੂੰਹੋਂ ਨਿਕਲ ਗਿਆ ਕਿ ਇਕ ਵਾਰ ਮੈਂ ਜੰਗਲ ਵਿਚ ਹਿਰਨ ਦੇਖਿਆ। ਮੈਂ ਝੱਟ ਨਿਸ਼ਾਨਾ ਸਾਧ ਕੇ ਤੀਰ ਚਲਾਇਆ। ਮੇਰਾ ਛੱਡਿਆ ਹੋਇਆ ਤੀਰ, ਹਿਰਨ ਦੀ ਪਿਛਲੀ ਲੱਤ ਦੇ ਖੁਰ ਵਿਚੋਂ ਲੰਘ ਕੇ ਉਹਦੇ ਕੰਨ ਨੂੰ ਚੀਰਦਾ ਹੋਇਆ ਸਿੰਗਾਂ ਵਿਚ ਜਾ ਵੱਜਿਆ। ਹੈਰਾਨ ਹੋਏ ਸਰੋਤੇ ਇਕ-ਦੂਸਰੇ ਵੱਲ ਝਾਕਣ ਲੱਗੇ। ਕਿੱਥੇ ਹਿਰਨ ਦਾ ਖੁਰ, ਕਿੱਥੇ ਕੰਨ ਅਤੇ ਕਿੱਥੇ ਜਾ ਕੇ ਉਸ ਦੇ ਸਿੰਗ! ਇਕੋ ਤੀਰ ਤਿੰਨਾਂ ਥਾਵਾਂ ਤੋਂ ਕਿਵੇਂ ਲੰਘ ਗਿਆ? ਸਟੇਜ ‘ਤੇ ਬੈਠੇ ਇਸ ਆਗੂ ਦੇ ਇਕ ਚਮਚੇ ਨੇ ਬੁੱਝ ਲਿਆ ਕਿ ਮੇਰੇ ਲੀਡਰ ਨੇ ਗੱਪ ਮਾਰ ਦਿੱਤੀ ਹੈ ਅਤੇ ਸਰੋਤਿਆਂ ਵਿਚ ਘੁਸਰ-ਮੁਸਰ ਵੀ ਹੋਣ ਲੱਗ ਪਈ ਹੈ। ਲੀਡਰ ਦੇ ਬੋਲ ਹਟਣ ਮਗਰੋਂ ਚਮਚਾ ਜੀ ਨੇ ਝਟਪਟ ਮਾਈਕ ਸੰਭਾਲਿਆ, “ਮੇਰੇ ਹਰਦਿਲ ਅਜ਼ੀਜ਼ ਨੇਤਾ ਜੀ ਦੇ ਸੂਝਵਾਨ ਪ੍ਰਸ਼ੰਸਕੋ, ਆਹ ਜਿਹੜੀ ਹਿਰਨ ਦੇ ਸ਼ਿਕਾਰ ਵਾਲੀ ਹੱਡ-ਬੀਤੀ ਸ੍ਰੀਮਾਨ ਜੀ ਨੇ ਆਪ ਨਾਲ ਹੁਣੇ-ਹੁਣੇ ਸਾਂਝੀ ਕੀਤੀ ਹੈ, ਇਹਦੇ ਬਾਰੇ ਕੋਈ ਸੰਸਾ ਨਾ ਕਰਿਓ। ਮੈਂ ਉਸ ਮੌਕੇ ਵੀ ਇਨ੍ਹਾਂ ਦੇ ਅੰਗ-ਸੰਗ ਹੀ ਰਹਿੰਦਾ ਹੁੰਦਾ ਸਾਂ। ਜਦੋਂ ਇਨ੍ਹਾਂ ਨੇ ਹਿਰਨ ਦਾ ਸ਼ਿਕਾਰ ਕੀਤਾ ਸੀ, ਮੈਂ ਮੌਕੇ ‘ਤੇ ਮੌਜੂਦ ਸਾਂ। ਅਸਲ ਵਿਚ ਜਦੋਂ ਵਜ਼ੀਰ ਸਾਹਿਬ ਨੇ ਸ਼ਿਸਤ ਬੰਨ੍ਹ ਕੇ ਤੀਰ ਚਲਾਇਆ ਤਾਂ ਉਸ ਵੇਲੇ ਹਿਰਨ ਆਪਣੇ ਖੁਰ ਨਾਲ ਕੰਨ ‘ਤੇ ਖੁਰਕ ਕਰਨ ਡਿਹਾ ਹੋਇਆ ਸੀ। ਇਸੇ ਕਰਕੇ ਖੁਰ ਨੂੰ ਚੀਰਦਾ ਹੋਇਆ ਤੀਰ ਕੰਨ ਵਿਚੀਂ ਲੰਘ ਕੇ ਸਿੰਗਾਂ ‘ਚ ਜਾ ਵੱਜਿਆ ਸੀ।”

ਚਮਚਾਗਿਰੀ ਦੀ ਕਲਾ ਨੇ ਸੌ ਫ਼ੀਸਦੀ ਗੱਪ ਨੂੰ ਹਕੀਕਤ ਬਣਾ ਦਿੱਤਾ। ਉਹੀ ਸਰੋਤੇ ਜਿਹੜੇ ਲੀਡਰ ਦੇ ਬੋਲਣ ਵੇਲੇ ਆਪਣਾ ਹਾਸਾ ਰੋਕ ਰਹੇ ਸਨ, ਚਮਚੇ ਦੀ ਬਦੌਲਤ ਹੁਣ ਹੁੱਬ-ਹੁੱਬ ਕੇ ਤਾੜੀਆਂ ਮਾਰ ਰਹੇ ਸਨ।

ਚੋਣਾਂ ਦੇ ਦਿਨੀਂ ਸਿਆਸਤ ਵਿਚ ਨਵਾਂ-ਨਵਾਂ ਕੁੱਦਿਆ ਇਕ ਉਮੀਦਵਾਰ ਧੜਾਧੜ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਿਹਾ ਸੀ। ਮਜ਼ਾਰ ਉਤੇ ਇਕੱਠ ਜੁੜਿਆ ਹੋਇਆ ਸੀ। ਸਾਰਾ ਦਿਨ ਬੋਲ-ਬੋਲ ਕੇ ਬੌਂਦਲੇ ਪਏ ਉਮੀਦਵਾਰ ਨੇ ਉਥੇ ਬੋਲਦਿਆਂ ਕਹਿ ਦਿੱਤਾ, “ਭਗਤ ਜਨੋ, ਮੈਂ ਮਾਤਾ ਦੇ ਇਸ ਦਰਬਾਰ ਦੀ ਸਹੁੰ ਚੁੱਕ ਕੇ ਆਖਦਾ ਹਾਂ ਕਿ ਮੈਂ ਤੁਹਾਡੇ ਦੁੱਖ-ਸੁਖ ਵਿਚ ਭਾਈਵਾਲ ਬਣ ਕੇ ਰਹਾਂਗਾ। ਬਸ…ਮੈਨੂੰ ਵੋਟਾਂ ਪਾ ਕੇ ਜਿਤਾ ਦਿਓ।”

ਸਿਰ ਉਪਰ ਹਰੇ ਰੰਗ ਦਾ ਪਰਨਾ ਲਪੇਟੀ ਬੈਠੇ ਉਥੋਂ ਦੇ ਮਜੌਰ ਨੂੰ ਫ਼ਿਕਰ ਲੱਗ ਗਿਆ ਕਿ ਕਿਤੇ ਇਥੇ ਵੀ ਬਾਬਰੀ ਮਸਜਿਦ-ਮੰਦਰ ਦਾ ਪੰਗਾ ਨਾ ਉਠ ਖੜ੍ਹੇ। ਹੋਰ ਨਾ ਕਿਤੇ ਉਸ ਦਾ ਹੀ ਤੋਰੀ-ਫੁਲਕਾ ਜਾਂਦਾ ਲੱਗੇ। ਉਹ ਸਟੇਜ ‘ਤੇ ਬੈਠਾ-ਬੈਠਾ ਹੀ ਆਪਣੀ ਦਾੜ੍ਹੀ ਖੁਰਕਦਾ ਹੋਇਆ ਉਮੀਦਵਾਰ ਨੂੰ ਟੋਕਣ ਦੀ ਕੋਸ਼ਿਸ਼ ਕਰਨ ਲੱਗਾ, “ਏ ਸ਼’ਦਾਰ ਜੀ, ਇਹ ਤਾਂ ਬਾਬੇ ਗ਼ੁਲਾਮੇ ਸ਼ਾਹ ਦਾ…!” ਹੰਭਲਾ ਮਾਰ ਕੇ ਪਿੱਛਿਓਂ ਉਠੇ ਇਕ ਚਮਚੇ ਨੇ ਮਜੌਰ ਨੂੰ ਚੁੱਪ ਕਰਾ ਦਿੱਤਾ। ਉਮੀਦਵਾਰ ਵੱਲੋਂ ਲੈਕਚਰ ਮੁਕਾਏ ਜਾਣ ਤੋਂ ਤੁਰੰਤ ਬਾਅਦ ਸਟੇਜ ਸੈਕਟਰੀ ਦੇ ਪੈਰ ਮਿੱਧਦਾ ਹੋਇਆ ਉਹ ਚਮਚਾ ਮਾਈਕ ਨੂੰ ਜਾ ਝਪਟਿਆ, “ਇਸ ‘ਮਹਾਨ ਅਸਥਾਨ’ ਦੀਆਂ ਹਾਜ਼ਰੀਆਂ ਭਰ ਰਹੇ ਇਲਾਕਾ ਨਿਵਾਸੀਓ, ਸਾਡੇ ਉਮੀਦਵਾਰ ਸ੍ਰੀ…ਸਿੰਘ ਜੀ, ਸਾਰੇ ਧਰਮਾਂ ਨੂੰ ਇਕ ਬਰਾਬਰ ਸਮਝਦੇ ਨੇ। ਇਹ ਚਾਹੁੰਦੇ ਨੇ ਕਿ ਮਜ਼੍ਹਬਾਂ ਦੇ ਵੰਡ-ਵੱਖਰੇਵੇਂ ਬੰਦ ਹੋ ਜਾਣ। ਸਾਰੇ ਗੁਰੂ-ਪੀਰ-ਔਲੀਏ ਇਕੋ ਜੋਤ ਦਾ ਨੂਰ ਹੁੰਦੇ ਹਨ। ਇਸੇ ਕਰਕੇ ਧਰਮਾਂ ਦੇ ਵਿਤਕਰਿਆਂ ਨੂੰ ਮਿਟਾਉਣ ਦੇ ਨਜ਼ਰੀਏ ਨਾਲ ਇਹ (ਉਮੀਦਵਾਰ ਵੱਲ ਇਸ਼ਾਰਾ ਕਰ ਕੇ) ਸਰਦਾਰ ਜੀ, ਮੰਦਰ ਵਿਚ ਜਾ ਕੇ ਅੱਲ੍ਹਾ-ਤਾਅਲਾ ਨੂੰ ਯਾਦ ਕਰ ਲੈਂਦੇ ਹਨ ਅਤੇ ਮਸਜਿਦ-ਮਜੌਰਾਂ ਵਿਚ ਜਾ ਕੇ ਇਨ੍ਹਾਂ ਨੂੰ ਲਾਟਾਂ ਵਾਲੀ ਜਾਂ ਸ਼ੇਰਾਂ ਵਾਲੀ ਦੇ ਦੀਦਾਰੇ ਹੋਣ ਲੱਗ ਪੈਂਦੇ ਹਨ।”

ਮਗਰੋਂ ਗੱਡੀ ਵਿਚ ਬਹਿ ਕੇ ਇਸ ਚਮਚੇ ਨੇ ਨੌਸਿਖੀਏ ਉਮੀਦਵਾਰ ਨੂੰ ਹਰੇ, ਭਗਵੇਂ ਅਤੇ ਪੀਲੇ ਰੰਗਾਂ ਦੇ ਅਰਥ ਸਮਝਾਏ ਤੇ ਉਸ ਪਾਸੋਂ ਆਪਣੀ ਚਮਚਾਗਿਰੀ ਦਾ ਸਿੱਕਾ ਮੰਨਵਾਇਆ।

ਕੋਈ ਅਮਲੀਨੁਮਾ ਲੀਡਰ ਆਪਣੇ ਪੀ.ਏ. ਨੂੰ ਪੁੱਛਣ ਲੱਗਾ ਕਿ ਆਲੂਆਂ ਦੀ ਤਾਸੀਰ ਤਾਂ ਵਾਇ-ਬਾਦੀ ਹੁੰਦੀ ਹੋਵੇਗੀ?

“ਹਾਂ ਜਨਾਬ…“। ਝੱਟ ਜਵਾਬ ਦਿੰਦਿਆਂ ਅੱਗਿਉਂ ਪੀ.ਏ. ਵਿਸਥਾਰ ਨਾਲ ਦੱਸਣ ਲੱਗਾ, “ਠੰਢੇ ਮੌਸਮ ਵਿਚ ਇਹ ਬੀਜਿਆ ਜਾਂਦਾ ਹੈ। ਇਹਦੀ ਫ਼ਸਲ ਪਾਲਣ ਲਈ ਪਾਣੀ ਬਹੁਤ ਲਾਉਣਾ ਪੈਂਦਾ ਹੈ। ਆਲੂ ਤਾਂ ਅੱਗੇ ਈ ਪਾਣੀ ਦਾ ਘਰ ਹੁੰਦਾ ਐ। ਉਪਰੋਂ ਹੋਰ ਪਾਣੀ ਲਾਉਣ ਨਾਲ ਇਹ ਬਾਦਲਾ ਹੋ ਜਾਂਦਾ ਹੈ।” ਹਫ਼ਤੇ-ਦਸਾਂ ਦਿਨਾਂ ਬਾਅਦ ਲੀਡਰ ਦਾ ਆਲੂਆਂ ਦੀ ਮਸਾਲੇਦਾਰ ਤਰੀ ਖਾਣ ਨੂੰ ਜੀਅ ਕੀਤਾ। ਸਿਆਲ ਦਾ ਮੌਸਮ ਸੀ। ਆਪਣੇ ਪੀ.ਏ. ਨੂੰ ਕਹਿਣ ਲੱਗਿਆ ਕਿ ਮੇਰਾ ਖ਼ਿਆਲ ਹੈ, ਆਲੂ ਤਰ-ਗਰਮ ਹੁੰਦੇ ਹੋਣਗੇ?

ਚਮਚਾ-ਰੂਪ ਪੀ.ਏ. ਨੇ ਫ਼ੁਰਮਾਇਆ, “ਹਜ਼ੂਰ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਆਲੂਆਂ ਨੂੰ ਵੱਟਾਂ ਵਿਚ ਬੀਜਿਆ ਜਾਂਦਾ ਹੈ। ਕੁਝ ਦਿਨਾਂ ਮਗਰੋਂ ਵੱਟਾਂ ‘ਤੇ ਫਿਰ ਮਿੱਟੀ ਚੜ੍ਹਾਈ ਜਾਂਦੀ ਹੈ। ਇਸ ਤਰ੍ਹਾਂ ਆਲੂ ਦੀ ਫ਼ਸਲ ਨੂੰ ਬਾਹਰਲੀ ਹਵਾ ਤਾਂ ਲਗਦੀ ਕੋਈ ਨਹੀਂ। ਵੱਟਾਂ ‘ਚ ਦੱਬਿਆ ਰਹਿਣ ਕਾਰਨ ਇਹ ਸਾਰੀ ਗਰਮੀ ਸੋਖ ਲੈਂਦਾ ਹੈ। ਤਾਂ ਹੀ ਇਹਦੀ ਤਾਸੀਰ ਵੀ ਗਰਮ ਹੀ ਹੁੰਦੀ ਹੈ।”
ਆਲੂਆਂ ਦੀ ਤਰੀ ਬਣਾਉਣ ਦਾ ਹੁਕਮ ਦੇ ਕੇ ਨੇਤਾ ਜੀ ਬਾਹਰ ਟਹਿਲਣ ਲੱਗ ਪਏ। ਰਸੋਈਆ ਹੱਸਦਿਆਂ ਹੋਇਆਂ ਪੀ.ਏ. ਨੂੰ ਕਹਿੰਦਾ, “ਥੋੜ੍ਹੇ ਦਿਨ ਪਹਿਲਾਂ ਤੁਸੀਂ ਆਲੂਆਂ ਨੂੰ ਵਾਇ-ਬਾਦੀ ਦੱਸ ਰਹੇ ਸੀ, ਅੱਜ ਇਹ ਗਰਮ ਤਾਸੀਰ ਦੇ ਕਿਵੇਂ ਹੋ ਗਏ?” ਨਿੰਮ੍ਹਾ-ਨਿੰਮ੍ਹਾ ਮੁਸਕਰਾਉਂਦਿਆਂ ਚਮਚਾ ਬੋਲਿਆ, “ਅਸੀਂ ਤਨਖ਼ਾਹ ਆਲੂਆਂ ਤੋਂ ਨਹੀਂ, ਲੀਡਰ ਤੋਂ ਲੈਣੀ ਹੈ। ਜੇ ਉਹ ਆਲੂਆਂ ਨੂੰ ਵਾਇ-ਬਾਦੀ ਸਮਝਦਾ ਹੈ ਤਾਂ ਆਪਾਂ ਵੀ ਵਾਇ-ਬਾਦੀ ਕਹਿ ਦੇਈਦਾ ਹੈ। ਜੇ ਗਰਮ ਕਹੇ ਤਾਂ ਗਰਮ।”

ਹਿੰਦੀ ਦੇ ਇਕ ਕਵੀ ਨੇ ਕਿਸੇ ਸੇਠ ਅਤੇ ਉਸ ਦੇ ਚਮਚੇ ਨੌਕਰ ਦਰਮਿਆਨ ਹੋਈ ਗੱਲਬਾਤ ਨੂੰ ਬੜੇ ਵਿਅੰਗਮਈ ਢੰਗ ਨਾਲ ਬਿਆਨ ਕੀਤਾ ਹੈ। ਸੇਠ ਨੌਕਰ ਨੂੰ ਕਹਿੰਦਾ ਹੈ ਕਿ ਬੈਂਗਣ ਦੀ ਸਬਜ਼ੀ ਬਿਲਕੁਲ ਨਾ ਬਣਾਇਆ ਕਰ। ਇਹ ਤਾਂ ਜਮਾਂ ਈ ਬੇਕਾਰ ਦੀ ਚੀਜ਼ ਹੈ। ਨੌਕਰ ਕਹਿੰਦਾ ਹੈ, “ਬਜਾ ਫ਼ੁਰਮਾਇਆ ਸਾਹਿਬ, ਯੇਹ ਬੈਂਗਣ ਨਹੀਂ, ਇਸ ਸਸੁਰੇ ਕੋ ਤੋ ‘ਬੇ-ਗੁਣ’ ਕਹਿਨਾ ਚਾਹੀਏ!”

ਥੋੜ੍ਹੇ ਹੀ ਦਿਨ ਗੁਜ਼ਰੇ ਸਨ ਕਿ ਸਬਜ਼ੀ ਮੰਡੀ ਦੇ ਲਾਗਿਓਂ ਲੰਘ ਰਹੇ ਸੇਠ ਜੀ ਦੀ ਨਜ਼ਰ ਤਾਜ਼ੇ ਲਿਸ਼ਕਦੇ ਬੈਂਗਣਾਂ ‘ਤੇ ਜਾ ਪਈ। ਬੈਂਗਣ ਦੇ ਭੜਥੇ ਦੀ ਯਾਦ ਆਉਂਦਿਆਂ ਹੀ ਉਨ੍ਹਾਂ ਦੇ ਮੂੰਹ ਵਿਚ ਪਾਣੀ ਆ ਗਿਆ। ਘਰ ਆਉਂਦਿਆਂ ਹੀ ਨੌਕਰ ਨੂੰ ਭੜਥਾ ਬਣਾਉਣ ਦਾ ਆਦੇਸ਼ ਦੇ ਕੇ ਕਹਿਣ ਲੱਗੇ ਕਿ ਤਾਜ਼ੇ ਬੈਂਗਣਾਂ ਦੇ ਜ਼ਾਇਕੇਦਾਰ ਭੜਥੇ ਮੋਹਰੇ ਦੂਸਰੀਆਂ ਸਬਜ਼ੀਆਂ ਦੀ ਕੀ ਵਟੀਂਦੀ ਹੈ। ਭੜਥਾ ਬੈਂਗਣ ਦਾ, ਕਿਆ ਬਾਤ ਹੈ! ਅੱਜ ਬੈਂਗਣ ਦੀਆਂ ਸਿਫ਼ਤਾਂ ਸੁਣ ਕੇ ਨੌਕਰ ਨੇ ਚਮਚੀ ਮਾਰਦਿਆਂ ਆਖਿਆ, “ਸਾਹਿਬ, ਇਸੀ ਲੀਏ ਬੈਂਗਨ ਕੇ ਸਰ ਪੇ, ਕੁਦਰਤ ਨੇ ਹਰਾ ‘ਮੁਕਟ’ ਧਰਾ ਹੈ!” ਕਿਸੇ ਸ਼ਾਇਰ ਨੇ ਖੂਬ ਕਿਹਾ ਹੈ:
ਕੁਛ ਬਨਨੇ ਕੀ ਖ਼ਾਹਿਸ਼ ਹੋ ਤੋ
ਬਨ ਜਾਉ ਚਮਚਾ-ਗਿਰ
ਜੀਵਨ ਕੀ ਸਫ਼ਲਤਾ ਯਹੀ,
ਨਾਦਾਨ ਯਹੀ ਹੈ।
ਜੋ ਸਾਹਿਬੇ-ਕੁਰਸੀ ਹੈ,
ਕਰੋ ਉਸ ਕੀ ਖ਼ੁਸ਼ਾਮਦ,
ਅਪਨਾ ਤੋ ਜੌਹਰ ਯਹੀ,
ਮੈਦਾਨ ਯਹੀ ਹੈ!