Wednesday, January 19, 2011

ਮਜਬੂਰੀ ਦੀ ਚੱਕੀ ਵਿਚ ਪਿਸਦੀ ਮਰਜ਼ੀ

“ਵੀਹ ਸਾਲ ਦੀ ਉਮਰ ਤਕ ਜਜ਼ਬਾ ਰਾਜ ਕਰਦਾ ਹੈ, ਤੀਹ ਵਿਚ ਅਕਲ ਅਤੇ ਚਾਲੀ ਸਾਲ ਦੀ ਉਮਰ ਵਿਚ ਤਜਰਬੇ ਦੀ ਹਕੂਮਤ ਹੁੰਦੀ ਹੈ। ਇਸ ਪਿੱਛੋਂ ਰਾਜ ਲਗਭਗ ਟੁੱਟ ਹੀ ਜਾਂਦਾ ਹੈ।”

ਕਿਸੇ ਨੀਤੀ-ਵੇਤਾ ਵੱਲੋਂ ਇਨਸਾਨ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਬਾਰੇ ਬਣਾਇਆ ਗਿਆ ਇਹ ਖਾਕਾ, ਬਿਨਾਂ ਸ਼ੱਕ ਤੱਥਾਂ ਉਤੇ ਆਧਾਰਤ ਜਾਪਦਾ ਹੈ ਪਰ ਜ਼ਰੂਰੀ ਨਹੀਂ ਕਿ ਇਸ ‘ਫਰੇਮ‘ ਵਿਚ ਸਾਰਿਆਂ ਵੱਲੋਂ ਹੰਢਾਇਆ ਹੋਇਆ ਜੀਵਨ ਫਿੱਟ ਆ ਜਾਏ! ਜਿਨ੍ਹਾਂ ਘਰਾਂ ਵਿਚ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹੋਣ, ਉਥੇ ਜਨਮੇ ਵੀਹ ਸਾਲ ਦੀ ਉਮਰ ਦੇ ਨਿਆਣਿਆਂ ਦੇ ਕਾਹਦੇ ਜਜ਼ਬਾਤ? ਜਿਹੜੇ ਜਵਾਨੀ ਪਹਿਰੇ ਹੀ ਵਿਗੜਿਆਂ-ਤਿਗੜਿਆਂ ਦੀ ਸੰਗਤ ਵਿਚ ਪੈ ਗਏ ਹੋਣ, ਅਕਲ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਸ ਨੇ ਚਾਲੀਆਂ ਤਕ ਪਹੁੰਚ ਕੇ ਵੀ ਕੋਈ ਸਿੱਧਾ ਕੰਮ ਨਹੀਂ ਕੀਤਾ ਹੁੰਦਾ, ਉਹਦੇ ਕੋਲ ਤਜਰਬਿਆਂ ਦੀ ਪੂੰਜੀ ਕਿੱਥੋਂ ਲੱਭਣੀ ਹੋਈ! ਰਹੀ ਗੱਲ ਚਾਲੀ ਸਾਲ ਦੀ ਉਮਰ ਤੋਂ ਬਾਅਦ ਰਾਜ-ਭਾਗ ਟੁੱਟਣ ਦੀ, ਇਹਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਸਮੇਂ ਲੱਦ ਗਏ ਜਦ ਘਰਾਂ ਵਿਚ ਕਿਸੇ ਇਕ ਮੁਖੀਏ ਦਾ, ਖ਼ਾਸ ਕਰਕੇ ਬਾਪ ਦਾ ‘ਰਾਜ-ਭਾਗ‘ ਚੱਲਦਾ ਹੁੰਦਾ ਸੀ। ਅੱਜ ਕੱਲ੍ਹ ਤਾਂ ਇੰਜ ਕਿਹਾ ਜਾਣਾ ਚਾਹੀਦਾ ਹੈ ਕਿ ਜਜ਼ਬਾਤ ਅਤੇ ਅਕਲ ਦਾ ਭੋਗ ਤਾਂ ਵਿਆਹ ਹੁੰਦਿਆਂ ਹੀ ਪੈ ਜਾਂਦਾ ਹੈ। ਨਾਲ ਹੀ ਬੰਦੇ ਦੇ ਰਾਜ-ਭਾਗ ਦਾ ਕੀਰਤਨ ਸੋਹਿਲਾ ਵੀ ਪੜ੍ਹਿਆ ਜਾਂਦਾ ਹੈ। ਜੇ ਕਿਸੇ ਕਾਰਨ ‘ਹਕੂਮਤ‘ ਦੀ ਰਹਿੰਦ-ਖੂੰਹਦ ਵਿਆਹ ਤੋਂ ਬਾਅਦ ਵੀ ਬਚੀ ਰਹਿ ਜਾਵੇ ਤਾਂ ਵੱਡੀ ਹੋਈ ਔਲਾਦ ਸਾਰੀਆਂ ਕਸਰਾਂ ਕੱਢ ਦਿੰਦੀ ਹੈ। “ਪੁੱਤ ਰਾਜ ਮਲੇਛ ਰਾਜ” ਵਾਲਾ ਅਖਾਣ ਬੰਦੇ ਦੀ ਉਸ ਤਰਸਯੋਗ ਹਾਲਤ ਦਾ ਪ੍ਰਗਟਾਵਾ ਹੀ ਹੈ ਜਦੋਂ ਕੋਈ ਬਾਪ ਆਪਣਾ ਪਤ-ਤੇਜ਼ ਗਵਾ ਕੇ ਆਪਣੇ ਪੁੱਤਾਂ ਦੇ ਹੁਕਮ ਅਧੀਨ ਜਿਉ ਰਿਹਾ ਹੋਵੇ।

ਇਕੱਲੀ ਔਲਾਦ ਜਾਂ ਪਤਨੀ ਹੀ ਨਹੀਂ ਸਗੋਂ ਕਈ ਵਾਰੀ ਕਬੀਲਦਾਰੀ ਦੀ ਗੱਡੀ ਚਲਾਉਂਦਿਆਂ ਹੋਰ ਨਿਕਟਵਰਤੀ ਅੰਗ-ਸਾਕ ਵੀ ਧੱਕੇ ਨਾਲ ਸਟੇਅਰਿੰਗ ਫੜ ਕੇ ਘੁੰਮਾ ਦਿੰਦੇ ਹਨ। ਲੱਖ ਨਾ ਚਾਹੁੰਦਿਆਂ ਹੋਇਆਂ ਵੀ ਅੱਕ ਚੱਬਣਾ ਪੈ ਜਾਂਦਾ ਹੈ। ਉਪਰੋਂ ਸਿਤਮ ਇਹ ਕਿ ਕਈ ਵਾਰ ਅਜਿਹੀ ਮਜਬੂਰੀ ‘ਮੁਸਕਰਾਉਂਦਿਆਂ‘ ਜਾਂ ਬੰਨ੍ਹੇ ਹੱਥੀਂ ਨਿਭਾਉਣੀ ਪੈਂਦੀ ਹੈ। ਉਦੋਂ ਬੰਦੇ ਦੀ ਆਪਣੀ ਮਰਜ਼ੀ ਜਾਂ ਆਪਣੇ ਅਸੂਲ, ਸਾਰਾ ਕੁਝ ‘ਜ਼ੀਰੋ‘ ਹੋ ਕੇ ਰਹਿ ਜਾਂਦਾ ਹੈ।

ਹਰ ਤਰ੍ਹਾਂ ਦੇ ਨਸ਼ੇ-ਪਤੇ ਅਤੇ ਅੰਡਾ-ਮੀਟ ਤੋਂ ਕੋਹਾਂ ਦੂਰ ਰਹਿਣ ਵਾਲੇ ਇਕ ਜਾਣੂ ਸੱਜਣ ਨੇ ਆਪਣੀ ਬੇਟੀ ਲਈ ਸਾਬਤ-ਸੂਰਤਿ ਵਰ ਤਾਂ ਲੱਭ ਲਿਆ ਪਰ ਜਦੋਂ ਬਰਾਤ ਦੀ ‘ਸੇਵਾ‘ ਕਰਨ ਦੀ ਗੱਲ ਆਈ ਤਾਂ ਮੁੰਡੇ ਵਾਲਿਆਂ ਦੀਆਂ ਸਾਰੀਆਂ ਮੰਗਾਂ ਮਜਬੂਰਨ ਮੰਨਣੀਆਂ ਪਈਆਂ। ਇਹ ਮੈਰਿਜ ਪੈਲੇਸਾਂ ਦੇ ਰਿਵਾਜ ਤੋਂ ਪਹਿਲੇ ਸਮਿਆਂ ਦੀ ਗੱਲ ਹੈ। ਸੋ, ਘਰ ਵਿਚ ਹੀ ਚੁਟੰਗੇ ਝਟਕਾਏ ਗਏ, ਕੁੱਕੜਾਂ ਦੀਆਂ ਕਲਗੀਆਂ ਦੇ ਢੇਰ ਲੱਗੇ। ਸੋਮ ਰਸ ਦੀਆਂ ਬੋਤਲਾਂ ਦੇ ਢੱਕਣ ਖੁੱਲ੍ਹੇ। ਬਰਾਤ ਦੇ ਨਾਲ ਆਈ ਗਾਉਣ ਵਾਲੀ ਦਾ ਅਖਾੜਾ ਵੀ ਭਖਿ਼ਆ। ਸਾਰੇ ਵਿਆਹ ਦੌਰਾਨ ਸਰਦਾਰ ਸਾਹਿਬ ਦੇ ਚਿਹਰੇ ਉਤੇ ਮੁਸਕਰਾਹਟ ਦੇ ਚਿੰਨ੍ਹ ਤਾਂ ਬਣਦੇ ਰਹੇ ਪਰ ਨਾਲ ਦੀ ਨਾਲ ਹਵਾਈਆਂ ਵੀ ਉਡਦੀਆਂ ਰਹੀਆਂ। ਟੇਬਲਾਂ ਉਤੇ ਪਏ ਮੀਟ ਦੇ ਡੌਂਗੇ ਅਤੇ ਸ਼ਰਾਬ ਦੀਆਂ ਬੋਤਲਾਂ ਵੱਲ ਤਿਰਛੀ ਨਜ਼ਰ ਦੇਖਦਿਆਂ ਕੁੜੀ ਦਾ ਬਾਪ ਸਬਰ ਦੇ ਘੁੱਟ ਭਰ ਰਿਹਾ ਸੀ। ਧੀ ਦੇ ਡੋਲੀ ਵਿਚ ਬਹਿਣ ਸਮੇਂ ਫੁੱਟ-ਫੁੱਟ ਰੋ ਰਹੇ ਸਰਦਾਰ ਜੀ ਵੱਲ ਵੇਖ ਕੇ ਲੋਕੀਂ ਘੁਸਰ-ਮੁਸਰ ਕਰ ਰਹੇ ਸਨ ਕਿ ਧੀ ਦੇ ਵਿਛੋੜੇ ਦੇ ਨਾਲ-ਨਾਲ ਵੱਡਾ ਦੁੱਖ ਤਾਂ ਇਨ੍ਹਾਂ ਨੂੰ ਆਪਣਾ ਰਾਜ-ਭਾਗ ਟੁੱਟ ਜਾਣ ਦਾ ਹੀ ਹੈ। ਸੱਚਮੁਚ ਵਿਚਾਰੇ ਦੇ ਚਿਰਾਂ ਤੋਂ ਕਾਇਮ ਹੋਏ ਅਸੂਲ, ਔਲਾਦ ਦੀ ਮਜਬੂਰੀ ਸਾਹਮਣੇ ਤੀਲਾ-ਤੀਲਾ ਹੋ ਗਏ!

ਆਪਣੇ ਹੀ ਸਕੇ-ਸੋਧਰਿਆਂ ਦੇ ਹੱਠ ਕਾਰਨ ਮਜਬੂਰੀ ਦੀ ਚੱਕੀ ਵਿਚ ਪਿਸਣ ਦੀ ਇਕ ਹੋਰ ਇਹੋ ਜਿਹੀ ਕਹਾਣੀ ਮੇਰੇ ਪਿਤਾ ਜੀ ਸੁਣਾਇਆ ਕਰਦੇ ਸਨ। ਸਾਡੇ ਦਾਦੀ ਜੀ ਦੇ ਅਕਾਲ ਚਲਾਣਾ ਕਰ ਜਾਣ ਉਤੇ ਸਹਿਜ ਪਾਠ ਦਾ ਭੋਗ ਪਾਇਆ ਜਾਣਾ ਸੀ। ਆਪਣੇ ਸਮੇਂ ਦਾ ਪ੍ਰਸਿੱਧ ਨਕਸੀਹਾਂ ਵਾਲਾ ਰਾਗੀ ਜਥਾ ਆਇਆ ਬੈਠਾ ਸੀ। ਦੂਰ-ਨੇੜੇ ਦੇ ਸਾਕ-ਸਬੰਧੀ ਅਤੇ ਹੋਰ ਮਿੱਤਰ-ਸੱਜਣ ਸਭ ਪਹੁੰਚੇ ਹੋਏ ਸਨ। ਭੋਗ ਤੋਂ ਪਹਿਲਾਂ ਸਾਡੀ ਇਕ ਭੂਆ, ਭਾਈਆ ਜੀ ਨੂੰ ਪੁੱਛਣ ਲੱਗੀ ਕਿ ਵੀਰਾ, ਮਾਂ ਦੇ ਨਮਿਤ ਦਾਨ ਕੀਤੇ ਜਾਣ ਵਾਲੇ ਭਾਂਡੇ, ਬਿਸਤਰ ਅਤੇ ਵਸਤਰਾਂ ਦਾ ਇੰਤਜ਼ਾਮ ਕੀਤਾ ਹੋਇਐ?

ਖੜ੍ਹ ਗਿਆ ਪੰਗਾ!! ਭਾਈਆ ਜੀ ਸਾਡੇ ਪੱਕੇ ਸਿੰਘ ਸਭੀਏ। ਹਰ ਤਰ੍ਹਾਂ ਦੇ ਫ਼ਜ਼ੂਲ ਕਰਮ-ਕਾਂਡਾਂ ਅਤੇ ਮਨਮਤਾਂ ਦੇ ਕੱਟੜ ਵਿਰੋਧੀ ਹੀ ਨਹੀਂ ਸਗੋਂ ਇਨ੍ਹਾਂ ਵਿਰੁਧ ਡਟ ਕੇ ਪ੍ਰਚਾਰ ਕਰਨ ਵਾਲੇ। ਭੋਗ ਮੌਕੇ ਭਾਈਆ ਜੀ ਦੇ ਉਹ ਜਾਣੂ-ਪਛਾਣੂ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਘਰਾਂ ਵਿਚ ਹੋਏ ਸੋਗ ਸਮਾਗਮਾਂ ਮੌਕੇ ਭਾਈਆ ਜੀ ਨੇ ਮ੍ਰਿਤਕ ਪ੍ਰਾਣੀਆਂ ਲਈ ਕੀਤੇ ਜਾਂਦੇ ਫੋਕਟ ਕਰਮ-ਕਾਂਡ ਨਹੀਂ ਸੀ ਕਰਨ ਦਿੱਤੇ। ਗ੍ਰਹਿਸਥ ਦੇ ਆਮ ਕਾਰ-ਵਿਹਾਰਾਂ ਵਿਚ ਗੁਰਮਤਿ ਪੱਖੀ ਦ੍ਰਿੜ੍ਹ ਸਟੈਂਡ ਲੈਂਦੇ ਰਹਿਣ ਕਰਕੇ ਪੂਰੇ ਇਲਾਕੇ ਵਿਚ ਭਾਈਆ ਜੀ ਨੂੰ ਮਾਣ-ਸਤਿਕਾਰ ਵਜੋਂ ‘ਗਿਆਨੀ ਜੀ‘ ਕਿਹਾ ਜਾਂਦਾ ਸੀ ਪਰ ਅੱਜ ਆਪਣੀ ਵੱਡੀ ਭੈਣ ਦੇ ਮੂੰਹੋਂ ਭਾਂਡਿਆਂ-ਕੱਪੜਿਆਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਸੁੱਝੇ ਕੁਝ ਨਾ ਕਿ ਕੀ ਕੀਤਾ ਜਾਏ!

ਪ੍ਰੇਮ-ਪਿਆਰ ਨਾਲ ਉਨ੍ਹਾਂ ਆਪਣੀ ਭੈਣ ਨੂੰ ਅੰਦਰ ਲਿਜਾ ਕੇ ਪਰਦੇ ਨਾਲ ਸਮਝਾਇਆ ਕਿ ਜਿਹੜਾ ਪ੍ਰਾਣੀ ਇਸ ਦੁਨੀਆਂ ਤੋਂ ਕੂਚ ਕਰ ਗਿਆ, ਨਾ ਉਸ ਨੂੰ ਭਾਂਡਿਆਂ ਦੀ ਲੋੜ ਹੈ, ਨਾ ਵਸਤਰਾਂ ਜਾਂ ਬਿਸਤਰਿਆਂ ਦੀ। ਇਹ ਸਾਰਾ ਢਕਵੰਜ ਪ੍ਰੋਹਿਤ ਸ਼੍ਰੇਣੀ ਨੇ ਆਪਣਾ ਤੋਰੀ-ਫੁਲਕਾ ਚੱਲਦਾ ਰੱਖਣ ਵਾਸਤੇ ਹੀ ਰਚਿਆ ਹੋਇਆ ਹੈ। ਜਿੰਨੀਆਂ ਕੁ ਗੁਰਬਾਣੀ ਦੀਆਂ ਪੰਕਤੀਆਂ ਅਤੇ ਇਸ ਪ੍ਰਕਰਨ ਬਾਬਤ ਜਿੰਨਾ ਕੁ ਇਤਿਹਾਸ ਭਾਈਆ ਜੀ ਨੂੰ ਆਉਂਦਾ ਸੀ, ਉਨ੍ਹਾਂ ਭੂਆ ਜੀ ਨੂੰ ਸੁਣਾਇਆ। ਲੇਕਿਨ ਭੂਆ ਜੀ ਸਿਰ ਫੇਰਦਿਆਂ ਕਹਿੰਦੇ, “ਆਪਣਾ ਇਹ ਗਿਆਨ-ਧਿਆਨ ਤੇ ਲੈਕਚਰਬਾਜ਼ੀ ਰੱਖ ਆਪਣੇ ਕੋਲ ਹੀ। ਭੋਗ ਵੇਲੇ ਮਹਾਰਾਜ ਦੇ ਸਾਹਮਣੇ ਸਭ ਕੁਝ ਧਰਿਆ ਹੋਣਾ ਚਾਹੀਦਾ ਹੈ। ਸੁਣਿਆਂ?”

ਭਾਈਆ ਜੀ ਨੇ ਆਪਣੇ ਸਿਧਾਂਤਾਂ ਦੇ ਕਿਲੇ ਨੂੰ ਢਹਿਣੋਂ ਬਚਾਉਣ ਲਈ ਆਖ਼ਰੀ ਹੰਭਲੇ ਵਜੋਂ ਭੋਗ ਉਤੇ ਪਹੁੰਚੇ ਹੋਏ ਸਿੰਘ ਸਭੀਏ ਮਿੱਤਰਾਂ ਦਾ ਵਾਸਤਾ ਪਾਉਣ ਦੇ ਨਾਲ-ਨਾਲ ਸਿੱਖ ਇਤਿਹਾਸ ਵਿਚੋਂ ਕੁਝ ਸ਼ਹੀਦਾਂ ਦੇ ਵੇਰਵੇ ਸੁਣਾਏ ਜਿਨ੍ਹਾਂ ਨੂੰ ਸ਼ਹਾਦਤਾਂ ਉਪਰੰਤ ਭਾਂਡੇ-ਬਿਸਤਰੇ ਤਾਂ ਦੂਰ ਦੀ ਗੱਲ, ਦੋ ਗਜ਼ ਕਫ਼ਨ ਵੀ ਨਸੀਬ ਨਾ ਹੋਇਆ ਸੀ। ਕੀ ਉਹ ਸਾਰੇ ਬੇ-ਗਤੇ ਹੀ ਫਿਰ ਰਹੇ ਹੋਣਗੇ?

ਹੁਣ ਭੂਆ ਜੀ ਨੇ ਵੀ ਆਖ਼ਰੀ ਹਥਿਆਰ ਵਰਤਿਆ। ਉਸ ਨੇ ਸਿਰ ਉਤੇ ਲਏ ਦੁਪੱਟੇ ਨਾਲ ਅੱਖਾਂ ਪੂੰਝਦਿਆਂ ਹਟਕੋਰੇ ਭਰੇ- “ਜੇ ਭਰਾਵਾ, ਤੈਂ ਸਾਡੀ ਮਾਂ ਦੇ ਸਿਵੇ ਨੂੰ ਇੱਦਾਂ ਈ ਖੱਜਲ ਕਰਨੈ ਤਾਂ ਕਰ ਆਪਣੀ ਮਰਜ਼ੀ!” ਇਹ ਕਹਿ ਕੇ ਉਸ ਨੇ ਮੋਰਨੀਆਂ ਦੀ ਕਢਾਈ ਵਾਲਾ ਆਪਣਾ ਝੋਲਾ ਚੁੱਕਿਆ ਅਤੇ ਆਪਣੇ ਨਿਆਣਿਆਂ ਨੂੰ ਉਠਣ ਦਾ ਇਸ਼ਾਰਾ ਕੀਤਾ। ‘ਵੀਟੋ ਪਾਵਰ‘ ਵਰਤਣ ਵਾਂਗ ਉਹ ਪੇਕੇ ਘਰੋਂ ਰੁੱਸ ਕੇ ਜਾਣ ਲਈ ਤਿਆਰ ਹੋ ਗਈ। ਭਾਈਏ ਹੁਰੀਂ ਲੱਗ ਪਏ ਪਾਣੀ ਵਿਚ ਮੁੱਠੀਆਂ ਵੱਟਣ!!
ਖੜ੍ਹੇ ਪੈਰ ਜਾਡਲੇ ਨੂੰ ਇਕ ਬੰਦਾ ਦੌੜਾਇਆ ਗਿਆ। ਜੁੱਤੀ ਸਮੇਤ ਤਿੰਨੇ ਕੱਪੜੇ ਅਤੇ ਭਾਂਡੇ ਆਦਿ ਸਗਲੀ ਰਾਮ ਪੰਡਤ ਦੀ ਦੁਕਾਨ ਤੋਂ ਲਿਆਂਦੇ ਗਏ। ਭੋਗ ਵੇਲੇ ਅਰਦਾਸੀਏ ਭਾਈ ਜੀ ਵੱਲੋਂ ਬੋਲੇ ਜਾ ਰਹੇ ਇਹ ਲਫ਼ਜ਼: “ਵਿਛੜੀ ਮਾਤਾ ਜੀ ਦੇ ਨਮਿਤ ਤਿਨ੍ਹਾਂ ਦੇ ਸਪੁੱਤਰ ਭਾਈ ਕਰਮ ਸਿੰਘ ਵੱਲੋਂ ਵਸਤਰ, ਬਰਤਨ ਅਤੇ ਬਿਸਤਰਾ… “ ਭਾਈਆ ਜੀ ਦੀ ਆਤਮਾ ਨੂੰ ਛਲਣੀ-ਛਲਣੀ ਕਰ ਰਹੇ ਸਨ। ਭੈਣ ਦੇ ਮਨ-ਮਤੀਏ ਹਠ ਦੀ ਮਜਬੂਰੀ ਨੇ ਗਿਆਨਵਾਨ ਭਰਾ ਦੇ ਸਿਧਾਂਤਾਂ ਦਾ ਉਸਰਿਆ ਬੁਰਜ, ਪਲਾਂ ਵਿਚ ਹੀ ਢਹਿ-ਢੇਰੀ ਕਰ ਦਿੱਤਾ।

ਰਾਜ-ਭਾਗ ਦੇ ਉਤਰਾਧਿਕਾਰੀ ਬਣਨ ਵਾਲੇ ਆਪਣੇ ਲਾਇਕ ਪੁੱਤਰ ਸ੍ਰੀ ਰਾਮ ਚੰਦਰ ਅਤੇ ਨੂੰਹ ਨੂੰ ਬਣਵਾਸ ਲਈ ਜਾਂਦੇ ਦੇਖ ਰਹੇ ਦਸ਼ਰਥ ਦੀ ਮਰਜ਼ੀ, ਮਜਬੂਰੀ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸ ਗਈ। ਭਾਰਤੀ ਮਿਥਿਹਾਸ ਦੇ ਇਸ ਪ੍ਰਸੰਗ ਵਿਚਲੇ ਰਾਜਾ ਦਸ਼ਰਥ ਵੱਲੋਂ ਕੈਕਈ ਨੂੰ ਦਿੱਤੇ ਗਏ ‘ਵਚਨ‘ ਦੀ ਮਜਬੂਰੀ ਕਾਰਨ ਹੀ ਸਾਰੀ ਰਾਮਾਇਣ ਹੋਂਦ ਵਿਚ ਆਈ। ਮਜਬੂਰੀ ਦੀ ਬੇ-ਤਰਸ ਚੱਕੀ ਨੇ ਕਿੱਡਾ ਉਪੱਦਰ ਮਚਾਇਆ ਕਿ ਸਦੀਆਂ ਲਈ ਇਹ ਮਨੋਰੰਜਕ ਕਥਾ ਲੋਕਾਂ ਲਈ ਦਿਲਚਸਪੀ ਦਾ ਬਾਇਸ ਬਣ ਗਈ।

ਧਰਤੀ ਤੋਂ ਛੇ-ਸੱਤ ਫੁੱਟ ਉਚੇ ਬੰਨ੍ਹੇ ਹੋਏ ਰੱਸੇ ਉਪਰ ਬੋਚ-ਬੋਚ ਕੇ ਪੈਰ ਧਰ ਕੇ ਤੁਰਦੀ ਹੋਈ ਨਟਣੀ ਜਦੋਂ ਛੜੱਪਾ ਮਾਰ ਕੇ ਥੱਲੇ ਉਤਰੀ ਤਾਂ ਪਿੰਡ ਦੇ ਇਕ ਬਾਬੇ ਨੇ ਪੁੱਛਿਆ, “ਕੁੜੇ ਭਾਈ…ਤੈਨੂੰ ਇਹ ਖ਼ਤਰਨਾਕ ਕਰਤਬ ਕਰਦਿਆਂ ਡਰ ਨਹੀਂ ਲੱਗਦਾ?”

“ਬਾਬਾ, ਪਾਪੀ ਪੇਟ ਕੀ ਮਜਬੂਰੀ ਮੁਝੇ ਡਰਨੇ ਨਹੀਂ ਦੇਤੀ!” ਨਟਣੀ ਦਾ ਜਵਾਬ ਸੁਣ ਕੇ ਬਾਬੇ ਨੂੰ ਆਪਣੀਆਂ ਮਜਬੂਰੀਆਂ ਚੇਤੇ ਆ ਗਈਆਂ ਕਿ ਮੈਂ ਖ਼ੁਦ ਹਵੇਲੀ ਵਿਚ ਕਿਉਂ ਆ ਬੈਠਾ ਹਾਂ।

ਜਾਪਦਾ ਹੈ ਕਿ ਆਦਿ ਕਾਲ ਤੋਂ ਹੀ ਮਨੁੱਖ ਮਜਬੂਰੀਆਂ ਦੀ ਮਾਰ ਸਹਿੰਦਾ ਆਇਆ ਹੈ ਪਰ ਅਜੋਕੇ ਸਮੇਂ ਦੀ ਤੇਜ਼ ਰਫ਼ਤਾਰੀ ਨੇ ਮਜਬੂਰੀ ਦੀ ਚੱਕੀ ਨੂੰ ਵੀ ਤੇਜ਼ ਗਤੀ ਨਾਲ ਘੁੰਮਾਇਆ ਹੋਇਆ ਹੈ। ਕੋਈ ਵੀ ਮਾਈ-ਭਾਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਮਜਬੂਰੀਆਂ ਤੋਂ ਮੁਕਤ ਹੈ। ਕਿਸੇ ਦੇ ਹਾਸੇ ਦੇਖ ਕੇ ਉਸ ਨੂੰ ‘ਅੰਦਰੋਂ‘ ਖ਼ੁਸ਼ ਸਮਝਣਾ, ਸਾਡੀਆਂ ਅੱਖਾਂ ਦਾ ਭਰਮ ਹੋ ਸਕਦਾ ਹੈ, ਹਕੀਕਤ ਨਹੀਂ।

ਮੁਸਤਕਿਲ ਹੰਸਨੇ ਕੀ ਆਦਤ ਸੇ ਪਤਾ ਚਲਤਾ ਹੈ,
ਤੁਮਨੇ ਸੀਨੇ ਮੇਂ ਕਿਸੀ ਮਜਬੂਰੀ ਕੋ ਛੁਪਾ ਰੱਖਾ ਹੈ।