ਭਰ ਸਿਆਲ ਦੀ ਰੁੱਤ…ਕੜਾਕੇ ਦੀ ਠੰਢ…ਚਾਰ ਚੁਫ਼ੇਰੇ ਗੂੜ੍ਹੀ ਧੁੰਦ…ਹੱਡਾਂ ਨੂੰ ਚੀਰਦੀ ਜਾਂਦੀ ਸੀਤ ਲਹਿਰ ਸਦਕਾ ਗੱਭਰੂਆਂ ਦਾ ਵੀ ਦੰਦੋੜਿੱਕਾ ਵੱਜ ਰਿਹਾ ਹੈ। ਖੇਸ, ਖੇਸੀਆਂ, ਲੋਈਆਂ ਅਤੇ ਭੂਰੇ ਕੰਬਲਾਂ ਨਾਲ ਸਿਰ-ਮੂੰਹ ਲਪੇਟ ਕੇ, ਆਪਣੇ ਪਿੰਡ ਦੇ ਬਾਹਰਵਾਰ ਕੁਝ ਸਿੱਖ ਭਰਾ ਭੁੰਜੇ ਹੀ ਧਰਨਾ ਮਾਰੀ ਬੈਠੇ ਹਨ। ਕਾਫ਼ੀ ਗਿਣਤੀ ਵਿਚ ਇਨ੍ਹਾਂ ਦੇ ਹਮਦਰਦ ਆਲੇ-ਦੁਆਲੇ ਵਾੜ ਬਣਾਈ ਖੜ੍ਹੇ ਹਨ। ਖੜ੍ਹਿਆਂ ਅਤੇ ਬੈਠਿਆਂ ਦੇ ਮਾਸੂਮ ਚਿਹਰਿਆਂ ਤੋਂ ਹਾਸੇ ਗਾਇਬ ਹਨ। ਕੋਈ ਮੁਸਕਰਾਉਂਦਾ ਚਿਹਰਾ ਇਨ੍ਹਾਂ ਵਿਚ ਨਹੀਂ ਹੈ। ਸਭ ਚਿਹਰਿਆਂ ਉਤੇ ਰੋਹ ਤੇ ਨਿਰਾਸ਼ਾ ਦੇ ਰਲੇਵੇਂ ਵਾਲੀਆਂ ਲਕੀਰਾਂ ਉਭਰਦੀਆਂ ਦਿਖਾਈ ਦਿੰਦੀਆਂ ਹਨ। ਨੀਲੇ-ਪੀਲੇ ਰੰਗ ਦੀਆਂ ਦਸਤਾਰਾਂ ਅਤੇ ਸਾਫ਼ੇ ਬੰਨ੍ਹੀ ਬੈਠੇ ਇਨ੍ਹਾਂ ਬੰਦਿਆਂ ਵਿਚ ਕੁਝ ਬੱਚੇ, ਗਭਰੇਟ ਅਤੇ ਬਜ਼ੁਰਗ ਵੀ ਹਨ। ਇਉਂ ਭਾਸਦਾ ਹੈ ਜਿਵੇਂ ਇਨ੍ਹਾਂ ਨੂੰ ਕਿਸੇ ਹਿਰਦੇ-ਵੇਦਕ ਘਟਨਾ ਨੇ ਵਲੂੰਧਰ ਸੁੱਟਿਆ ਹੋਵੇ! ਜਿਵੇਂ ਕਿਤੇ ਇਹ ਸਾਰੇ ਜਣੇ ਰੋਹ ਨਾਲ ਭਰੇ ਪਏ ਹੋਣ!!
ਕਹਿਰਾਂ ਦੀ ਠੰਢ ਵਿਚ ਠੁਰ-ਠੁਰ ਕਰਦੇ ਇਹ ਧਰਨਾ ਮਾਰਨ ਵਾਲੇ ਕੌਣ ਹਨ? ਜੋ ਘਰਾਂ ਵਿਚ ਤਪਦੇ ਚੁੱਲ੍ਹਿਆਂ ਅੱਗੇ ਬਹਿ ਕੇ ਅੱਗ ਸੇਕਣ ਜਾਂ ਰਜਾਈਆਂ ਦਾ ਨਿੱਘ ਮਾਨਣ ਦੀ ਬਜਾਏ ਆਪਣੇ ਪਿੰਡ ਦੇ ਬਾਹਰ ਬੈਠ ਕੇ ਠੰਢ ਦਾ ਕਹਿਰ ਝੱਲ ਰਹੇ ਨੇ? ਇਨ੍ਹਾਂ ਨੂੰ ਗ਼ੁੱਸਾ ਕਾਹਦਾ ਚੜ੍ਹਿਆ ਹੋਇਆ ਹੈ? ਇਹ ਕਹਿ ਕੀ ਰਹੇ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਤਫ਼ਸੀਲ ਨਾਲ ਜਵਾਬ ਲੱਭਣ ਤੋਂ ਪਹਿਲਾਂ ਕੁਝ ਪ੍ਰਸੰਗ ਦੀ ਉਥਾਨਕਾ ਹੋ ਜਾਏ!
ਕਹਿੰਦੇ, ਇਕ ਹਾਕਮ ਨੇ ਆਪਣੀ ਪਰਜਾ ਨੂੰ ਇਥੋਂ ਤਕ ਗਿਆਨ-ਵਿਹੂਣੀ ਅਤੇ ਜ਼ਮੀਰ-ਵਿਹੂਣੀ ਬਣਾ ਦਿੱਤਾ ਕਿ ਕੋਈ ਵੀ ਹਕੂਮਤ ਵਿਰੁਧ ਚੂੰ-ਚਰਾਂ ਨਾ ਕਰਦਾ। ਹਾਕਮ ਨੇ ਕੁਟਲ-ਨੀਤੀ ਅਪਨਾਉਂਦਿਆਂ ਕਿਸੇ ਵੀ ਸਮੇਂ ਖ਼ਤਰਾ ਬਣਨ ਵਾਲੇ ਅਮੀਰਾਂ-ਵਜ਼ੀਰਾਂ ਨੂੰ ‘ਬੁਰਕੀਆਂ‘ ਖੁਆ-ਖੁਆ ਕੇ ਗੁੰਗੇ-ਤੋਤੇ ਬਣਾ ਦਿੱਤਾ। ਹਾਕਮ ਨੇ ਸਾਰੇ ਅਹਿਮ ਅਹੁਦਿਆਂ ਉਪਰ ਆਪਣੇ ਹੀ ਟੱਬਰ ਦੇ ਜੀਆਂ ਅਤੇ ਹੋਰ ਨੇੜਲਿਆਂ ਨੂੰ ਬਹਾਉਣਾ ਸ਼ੁਰੂ ਕਰ ਦਿੱਤਾ। ਕਿਤਿਓਂ ਵੀ ਉਜਰ ਨਾ ਹੋਇਆ। ਫਿਰ ਉਸ ਨੇ ਆਪਣੇ ਧਰਮ ਦੇ ‘ਮਹਾਂ ਪੁਰੋਹਿਤਾਂ‘ ਨੂੰ ਵੀ ਕਾਬੂ ਕਰ ਲਿਆ। ਕਿਸੇ ਨੇ ਵੀ ਵਿਰੋਧ ਨਾ ਜਤਾਇਆ। ਮੁੱਕਦੀ ਗੱਲ, ਉਸ ਨੇ ਆਪਣੇ ਦੇਸ਼ ਵਿਚ ‘ਜਲੇ ਹਰਨਾਕਸ਼-ਥਲੇ ਹਰਨਾਕਸ਼‘ ਵਾਲੀ ਹਾਲਾਤ ਬਣਾ ਦਿੱਤੀ। ਉਹ ਚੰਮ ਦੀਆਂ ਚਲਾਉਂਦਾ ਪਰ ਕੁਸਕਦਾ ਹੋਈ ਨਾ।
ਮਨ ਦੀ ਮੌਜ ਵਿਚ ਆਏ ਇਸ ਹਾਕਮ ਦੇ ਇਕ ਵਾਰੀ ਮਨ ਵਿਚ ਫੁਰਨਾ ਫੁਰਿਆ ਕਿ ਟੋਹ ਕੇ ਦੇਖਿਆ ਜਾਏ, ਸਾਡੀ ਪਰਜਾ ਵਿਚ ਕੋਈ ਜਾਗਦੀ ਜ਼ਮੀਰ ਵਾਲਾ ਰਹਿ ਵੀ ਗਿਆ ਹੈ? ਕੀ ਕਿਸੇ ਵਿਚ ਮੇਰੇ ਹੁਕਮਾਂ ਦਾ ਵਿਰੋਧ ਕਰਨ ਦੀ ਹਿੰਮਤ ਵੀ ਹੈ? ਉਸ ਨੇ ਹੁਕਮ ਕਰ ਦਿੱਤਾ ਕਿ ਸਾਰੇ ਪੁਲਾਂ-ਚੌਰਾਹਿਆਂ ‘ਤੇ ਨਾਕੇ ਲਾ ਕੇ ਹਰ ਇਕ ਰਾਹੀ-ਮੁਸਾਫ਼ਰ ਤੋਂ ਇਕ-ਇਕ ਰੁਪਈਆ ਯਾਤਰਾ ਟੈਕਸ ਲਿਆ ਜਾਵੇ। ਲੋਕਾਂ ਨੇ ਹੁਕਮ ਦੀ ਪਾਲਣਾ ਕਰਦਿਆਂ ਚੁੱਪਚਾਪ ਟੈਕਸ ਦੇਣਾ ਸ਼ੁਰੂ ਕਰ ਦਿੱਤਾ। ਜਦ ਕੋਈ ਇਤਰਾਜ਼ ਨਾ ਹੋਇਆ ਤਾਂ ਇਕ ਦੀ ਥਾਂ ਪੰਜ ਰੁਪਏ ਦਾ ਹੁਕਮ ਹੋ ਗਿਆ। ਫਿਰ ਵੀ ਕੋਈ ਨਾ ਤੜਫ਼ਿਆ। ਪੰਜ ਤੋਂ ਬਾਅਦ ਦਸ ਰੁਪਏ ਉਗਰਾਹੁਣ ਦੇ ਆਰਡਰ ਹੋ ਗਏ ਪਰ ਕਿਸੇ ਨੇ ਵੀ ਇਸ ਧੱਕੇਸ਼ਾਹੀ ਵਿਰੁਧ ਆਵਾਜ਼ ਨਾ ਉਠਾਈ।
ਲੋਕਾਂ ਦਾ ਹਾਜ਼ਮਾ ਪਰਖਣ ‘ਤੇ ਤੁਲੇ ਪਏ ਹਾਕਮ ਨੇ ਫਿਰ ਕਾਨੂੰਨ ਬਣਾ ਦਿੱਤਾ ਕਿ ਸੜਕਾਂ ‘ਤੇ ਲੰਘਣ ਵਾਲਿਆਂ ਕੋਲੋਂ ਦਸ-ਦਸ ਰੁਪਏ ਲੈਣ ਦੇ ਨਾਲ-ਨਾਲ ਉਨ੍ਹਾਂ ਦੇ ਇਕ-ਇਕ ਛਿੱਤਰ ਵੀ ਮਾਰਿਆ ਜਾਵੇ। ਹੁਕਮ ਦੀ ਤਾਮੀਲ ਸ਼ੁਰੂ ਹੋ ਗਈ। ਹਾਕਮ ਸੋਚਣ ਲੱਗਾ ਕਿ ਇਸ ਜ਼ੁਲਮ ਵਿਰੁਧ ਤਾਂ ਕੋਈ ਨਾ ਕੋਈ ਜਣਾ ਜ਼ਰੂਰ ਬੋਲੇਗਾ! ਉਸ ਦੀ ਇਹ ਸੋਚ ਬਿਲਕੁਲ ਸਹੀ ਨਿਕਲੀ। ਜਦ ਉਸ ਦੇ ਬਾਡੀਗਾਰਡਾਂ ਨੇ ਦੱਸਿਆ ਕਿ ਜਹਾਂਪਨਾਹ! ਆਪ ਦੀ ਪਰਜਾ ਦੇ ਕੁਝ ਸੱਜਣ ਮਹਿਲਾਂ ਦੇ ਬਾਹਰ ਖੜ੍ਹੇ ਨੇ। ਉਹ ਹਜ਼ੂਰ ਮਾਈ-ਬਾਪ ਨਾਲ ‘ਸੰਗਤ ਦਰਸ਼ਨ‘ ਕਰਨਾ ਚਾਹੁੰਦੇ ਨੇ! ਅੰਗ-ਰੱਖਿਅਕਾਂ ਅਤੇ ਹੋਰ ਅਮਲੇ ਲੈ ਕੇ ਲਾਮ-ਲਸ਼ਕਰ ਸਮੇਤ ਹਾਕਮ ਆਪਣੇ ਮਹਿਲਾਂ ਤੋਂ ਬਾਹਰ ਆਇਆ। ਉਸ ਨੇ ਫ਼ਰਿਆਦੀਆਂ ਨੂੰ ਆਪਣੀਆਂ ਤਕਲੀਫ਼ਾਂ ਦੱਸਣ ਨੂੰ ਕਿਹਾ। ਪਰਜਾ ਦੇ ਵਫਦ ਦੇ ਮੁਖੀਏ ਨੇ ਹੱਥ ਜੋੜ ਕੇ ਹਾਕਮ ਸਾਹਮਣੇ ਅਰਜ਼ ਗੁਜ਼ਾਰੀ, “ਹਜ਼ੂਰ ਆਪ ਦੇ ਨਿਆਂਕਾਰੀ ਰਾਜ ਵਿਚ ਅਸੀਂ ਬਹੁਤ ਹੀ ਸੁਖਮਈ ਜੀਵਨ ਬਤੀਤ ਕਰ ਰਹੇ ਹਾਂ ਪਰ ਪਿਛਲੇ ਕੁਝ ਦਿਨਾਂ ਤੋਂ ਆਪ ਦੇ ਹੁਕਮ ਅਨੁਸਾਰ ਸੜਕੀ ਨਾਕਿਆਂ ਉਪਰ ਬਹੁਤ ਖੱਜਲ-ਖ਼ੁਆਰੀ ਹੋ ਰਹੀ ਹੈ ਜੀ…!”
ਹਾਕਮ ਮਨ ਹੀ ਮਨ ਖ਼ੁਸ਼ ਹੋ ਰਿਹਾ ਸੀ ਕਿ ਚਲੋ ਕਿਸੇ ਇਕ-ਅੱਧੇ ਨੇ ਤਾਂ ਜ਼ੁਰਅਤ ਕੀਤੀ। ਆਪਣੇ ਅੱਗੇ ਹੱਥ ਜੋੜੀ ਬੈਠੇ ਫ਼ਰਿਆਦੀਆਂ ਵੱਲ ਮੀਣੀਆਂ ਜਿਹੀਆਂ ਅੱਖਾਂ ਕਰ ਕੇ ਬੈਠੇ ਹਾਕਮ ਨੂੰ ਆਪਣੀ ਅਥਾਹ ਤਾਕਤ ਦਾ ਗ਼ਰੂਰ ਚੜ੍ਹ ਰਿਹਾ ਸੀ।
ਵਫਦ ਦੇ ਮੁਖੀਏ ਨੇ ਅੱਗੇ ਆਖਿਆ, “ਸੱਚੀ ਸਰਕਾਰ ਜੀ, ਅਸੀਂ ਆਪ ਵੱਲੋਂ ਬਣਾਏ ਗਏ ਕਾਨੂੰਨ ਵਿਚ ਕੁਝ ਸੁਧਾਰ ਕਰਨ ਦੀ ਮੰਗ ਲੈ ਕੇ ਆਏ ਹਾਂ। ਉਹ ਇਹ ਕਿ ਨਾਕਿਆਂ-ਚੌਰਾਹਿਆਂ ਉਤੇ ਦਸ ਰੁਪਏ ਲੈਣ ਅਤੇ ਛਿੱਤਰ ਮਾਰਨ ਦੀ ‘ਸੇਵਾ‘ ਸਿਰਫ਼ ਇਕੋ-ਇਕ ਸਿਪਾਹੀ ਨਿਭਾ ਰਿਹਾ ਹੁੰਦਾ ਹੈ। ਇੰਜ ਰਾਹੀਆਂ-ਮੁਸਾਫ਼ਰਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ। ਆਪ ਦੀ ਰਹਿਮਤ ਕਰ ਕੇ ਇਨ੍ਹਾਂ ਥਾਂਵਾਂ ਉਪਰ ਚਾਰ-ਚਾਰ ਜਾਂ ਪੰਜ-ਪੰਜ ਸਿਪਾਹੀ ਤਾਇਨਾਤ ਕਰਨ ਦਾ ਹੁਕਮ ਦਿਉ ਜੀ ਤਾਂ ਜੋ ਅਸੀਂ ਨਾਕਿਆਂ ਤੋਂ ਛੇਤੀ ਵਿਹਲੇ ਹੋ ਜਾਇਆ ਕਰੀਏ!”
ਵਫਦ ਦੇ ਮੁਖੀਏ ਨੇ ਅੱਗੇ ਆਖਿਆ, “ਸੱਚੀ ਸਰਕਾਰ ਜੀ, ਅਸੀਂ ਆਪ ਵੱਲੋਂ ਬਣਾਏ ਗਏ ਕਾਨੂੰਨ ਵਿਚ ਕੁਝ ਸੁਧਾਰ ਕਰਨ ਦੀ ਮੰਗ ਲੈ ਕੇ ਆਏ ਹਾਂ। ਉਹ ਇਹ ਕਿ ਨਾਕਿਆਂ-ਚੌਰਾਹਿਆਂ ਉਤੇ ਦਸ ਰੁਪਏ ਲੈਣ ਅਤੇ ਛਿੱਤਰ ਮਾਰਨ ਦੀ ‘ਸੇਵਾ‘ ਸਿਰਫ਼ ਇਕੋ-ਇਕ ਸਿਪਾਹੀ ਨਿਭਾ ਰਿਹਾ ਹੁੰਦਾ ਹੈ। ਇੰਜ ਰਾਹੀਆਂ-ਮੁਸਾਫ਼ਰਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ। ਆਪ ਦੀ ਰਹਿਮਤ ਕਰ ਕੇ ਇਨ੍ਹਾਂ ਥਾਂਵਾਂ ਉਪਰ ਚਾਰ-ਚਾਰ ਜਾਂ ਪੰਜ-ਪੰਜ ਸਿਪਾਹੀ ਤਾਇਨਾਤ ਕਰਨ ਦਾ ਹੁਕਮ ਦਿਉ ਜੀ ਤਾਂ ਜੋ ਅਸੀਂ ਨਾਕਿਆਂ ਤੋਂ ਛੇਤੀ ਵਿਹਲੇ ਹੋ ਜਾਇਆ ਕਰੀਏ!”
ਵਾਹਿਗੁਰੂ ਵਾਹਿਗੁਰੂ! ਪਰਵਰਦਿਗਾਰ ਅੱਗੇ ਅਰਦਾਸ ਹੈ ਕਿ ਪੰਜਾਬ ਤਾਂ ਕੀ, ਧਰਤੀ ਦੇ ਕਿਸੇ ਖਿੱਤੇ ਵਿਚ ਵੀ ਅਜਿਹੇ ਹਾਲਾਤ ਪੈਦਾ ਨਾ ਹੋਣ!
ਜਾਂਦੇ-ਜਾਂਦੇ ਤਿਰਛੀ ਨਜ਼ਰ ਸਿੱਖ ਕੌਮ ਦੇ ਵਿਹੜਿਆਂ ਵਿਚ। ਅੱਜ ਕੱਲ੍ਹ ਜਿਸ ਨਾਨਕਸ਼ਾਹੀ ਕੈਲੰਡਰ ਦਾ ਰੌਲਾ ਪੈ ਰਿਹਾ ਹੈ, ਉਹਦੇ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਰਨਾ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ‘ਵਿਸ਼ੇਸ਼ ਮੀਟਿੰਗ‘ ਵਿਚ ਸਿੱਖ ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਇਸ ਕੈਲੰਡਰ ਨੂੰ ‘ਸੋਧ ਦੇਣ‘ ਦਾ ਮਸਲਾ ਉਠਿਆ ਤਾਂ ਪੂਰੀ ਦੀ ਪੂਰੀ ਐਗਜ਼ੈਕਟਿਵ ਨੇ ਆਖਿਆ ਕਿ ਇਹ ਪੂਰੀ ਕੌਮ ਦਾ ਮਸਲਾ ਹੈ। ਬੜੀ ਘਾਲਣਾ ਘਾਲ ਕੇ ਤਿਆਰ ਕੀਤੇ ਗਏ ਇਸ ਦੇਸ਼-ਵਿਦੇਸ਼ ਵਿਚ ਪ੍ਰਵਾਨਤ ਹੋ ਚੁੱਕੇ ਇਸ ਕੈਲੰਡਰ ਨਾਲ ਛੇੜਛਾੜ ਕਰਨੀ ਮਹਾਂਪਾਪ ਹੈ। ਜਥੇਦਾਰ ਸਰਨਾ ਅਨੁਸਾਰ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਾਰੀ ‘ਖੇਡ‘ ਵਿਗੜਦੀ ਦੇਖੀ ਤਾਂ ਉਨ੍ਹਾਂ ਐਗਜ਼ੈਕਟਿਵ ਮੈਂਬਰਾਂ ਦੇ ਚਿਹਰਿਆਂ ਵੱਲ ਮੁਸਕਰਾਹਟ ਬਿਖੇਰਦਿਆਂ ਖਚਰੀ ਭਾਸ਼ਾ ਵਿਚ ਆਖਿਆ, “ਦੇਖ ਲਵੋ, ਪ੍ਰਧਾਨ ਸਾਹਿਬ ਦਾ ਹੁਕਮ ਹੈ!”
‘ਪ੍ਰਧਾਨ ਸਾਹਿਬ‘ ਲਫ਼ਜ਼ ਸੁਣਦਿਆਂ ਹੀ ‘ਸਿੰਘ ਬੁਕੇ ਮ੍ਰਿਗਾਵਲੀ ਭੰਨੀ ਜਾਏ ਨਾ ਧੀਰ ਧਰੋਆ‘ ਵਾਲੀ ਗੱਲ ਹੋ ਗਈ। ਸਿਰਫ਼ ਤਿੰਨ ਮੈਂਬਰਾਂ ਨੇ ਵਿਰੋਧ ਪ੍ਰਗਟਾਇਆ, ਬਾਕੀ ਸਾਰੇ ਊਂਧੀਆਂ ਪਾ ਗਏ। ਉਸ ਵੇਲੇ ਪਾਈਆਂ ਗਈਆਂ ਊਂਧੀਆਂ ਸਦਕਾ ਪੂਰੀ ਕੌਮ ਵਿਚ ਹੋਰ ਵੰਡੀਆਂ ਪੈ ਗਈਆਂ!
ਆਪਣੇ ਵਿਸ਼ੇ ਵੱਲ ਆਉਣ ਤੋਂ ਪਹਿਲਾਂ ਇਕ ਵੇਰਵਾ ਹੋਰ। ਜਿਸ ਦਿਨ ਮਨਪ੍ਰੀਤ ਸਿੰਘ ਬਾਦਲ ਨੇ ‘ਤਾਇਆ ਦਲ‘ ਨੂੰ ਅਲਵਿਦਾ ਆਖੀ, ਉਸ ਦਿਨ ਬਾਗ਼ੋ-ਬਾਗ਼ ਹੋ ਰਹੇ ਇਕ ਟਕਸਾਲੀ ਅਕਾਲੀ ਆਗੂ ਨਾਲ ਗੱਲਬਾਤ ਹੋਈ। ਅਕਾਲੀ ਦਲ ਵਿਚ ਪੰਥਪ੍ਰਸਤੀ ਦੀ ਥਾਂ ਟੱਬਰਪ੍ਰਸਤੀ ਤੋਂ ਵਾਲ-ਵਾਲ ਦੁਖੀ ਦਿਸਦੇ ਆਗੂ ਨੂੰ ਮੈਂ ਮਨਪ੍ਰੀਤ-ਅਲਹਿਦਗੀ ਤੋਂ ਬਹੁਤਾ ਖ਼ੁਸ਼ ਨਾ ਹੋਣ ਦੀ ਸਲਾਹ ਦਿੱਤੀ। ਉਹ ਅੱਗਿਉਂ ਮੈਨੂੰ ਸਮਝਾਉਣ ਲੱਗ ਪਿਆ, “ਬਾਦਸ਼ਾਹੋ, ਮਨਪ੍ਰੀਤ ਤਾਂ ਫਿਰ ਵੀ ਥੰਮ੍ਹ ਹੈ। ਬਾਦਲ ਦਲ ਵਿਚੋਂ ਤਾਂ ਕੋਈ ਮੱਖੀ ਵੀ ਉਡ ਕੇ ਆਜ਼ਾਦ ਹੋ ਜਾਏ ਤਾਂ ਮੇਰੇ ਵਰਗਿਆਂ ਨੂੰ ਅਥਾਹ ਸਕੂਨ ਮਿਲਦਾ ਹੈ। ਅਸੀਂ ਤਾਂ ਉਹ ਸੁਭਾਗਾ ਸਮਾਂ ਉਡੀਕਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਥਾਪਤ ਹੋਏ ਅਕਾਲੀ ਦਲ ਵਿਚ ਕਦੋਂ ਪੰਥਕ ਹਵਾਵਾਂ ਸ਼ੂਕਦੀਆਂ ਹੋਈਆਂ ਟੱਬਰਪ੍ਰਸਤੀ ਦਾ ਬਿਸਤਰਾ ਗੋਲ ਕਰਦੀਆਂ ਹਨ। ਕਦੇ ਨਾ ਕਦੇ ‘ਟਿਕਟੂ ਸਿੱਖਾਂ’ ਦੀ ਆਤਮਾ ਜਾਗੇਗੀ, ਕਦੇ ਤਾਂ ਉਹ ਇਕ ਟੱਬਰ ਦੀ ‘ਜੀ ਹਜ਼ੂਰੀ‘ ਤੋਂ ਕਿਨਾਰਾ ਕਰ ਕੇ ਕੌਮੀ ਹਿਤਾਂ ਵੱਲ ਮੂੰਹ ਕਰ ਹੀ ਲੈਣਗੇ!”
ਖ਼ੁਦ ਬਾਦਲ ਦਲ ਵਿਚ ਹੀ ਘੇਸਲ ਮਾਰੀ ਬੈਠਾ ਇਹ ਅਕਾਲੀ ਆਗੂ ਆਸ ਲਾਈ ਬੈਠਾ ਹੈ ਕਿ ਇਸ ਦਲ ਦੀ ਸੰਭਾਵੀ ਟੁੱਟ-ਭੱਜ ਤੋਂ ਬਾਅਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਆਜ਼ਾਦ ਫ਼ਿਜ਼ਾਵਾਂ ਵਿਚ ਕੌਮੀ ਫ਼ੈਸਲੇ ਲੈਣ ਦੇ ਸਮਰੱਥ ਹੋ ਸਕਣਗੇ।
ਆਉ ਹੁਣ ਹਥਲੇ ਲੇਖ ਕੇ ਅਰੰਭਕ ਪਹਿਰੇ ਵਾਲੇ ਠੰਢ ਵਿਚ ਬੈਠੇ ਸਿੱਖਾਂ ਦੇ ਦਰਦਾਂ ਦਾ ਹਾਲ ਲਈਏ। ਅਖਬਾਰ ਰੋਜ਼ਾਨਾ ‘ਸਪੋਕਸਮੈਨ‘ ਦੇ ਨੌਂ ਜਨਵਰੀ ਵਾਲੇ ਅੰਕ ਦੇ ਸਫ਼ਾ 7 ਉਪਰ ਛਪੀ ਫ਼ੋਟੋ ਅਤੇ ਖ਼ਬਰ ਅਨੁਸਾਰ ਪੰਜਾਬ ਦੇ ਮਾਨਸਾ ਇਲਾਕੇ ਵਿਚਲੇ ਭੀਖੀ ਕਸਬੇ ਲਾਗੇ ਦੇ ਪਿੰਡ ਹੀਰੋ ਕਲਾਂ ਦੇ ਇਹ ਬਾਦਲ ਦਲੀਏ ਅਕਾਲੀ ਆਪਣੀ ਹੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖ਼ਫ਼ਾ ਹੋਏ ਬੈਠੇ ਹਨ। ਇਨ੍ਹਾਂ ਦੇ ਰੋਸੇ ਦਾ ਕਾਰਨ ਪਿੰਡ ਦੀਆਂ ਗਲੀਆਂ ਨਾਲੀਆਂ ਲਈ ਕਿਸੇ ਸਰਕਾਰੀ ਗਰਾਂਟ ਦਾ ਨਾ ਮਿਲਣਾ ਨਹੀਂ ਅਤੇ ਨਾ ਹੀ ਇਨ੍ਹਾਂ ਨੂੰ ਪਾਰਟੀ ਵੱਲੋਂ ਕਿਸੇ ਅਹੁਦੇ ਦੀ ਪ੍ਰਾਪਤੀ ਨਾ ਹੋਣ ਦਾ ਝੋਰਾ ਹੈ। ਇਨ੍ਹਾਂ ਨੂੰ ਇਸ ਗੱਲ ਦਾ ਭਾਰੀ ਦੁੱਖ ਹੋਇਆ ਹੈ ਕਿ ਬੀਤੇ ਦਿਨੀਂ ਭੀਖੀ ਵਿਖੇ ਗੁਰਮਤਿ ਪ੍ਰਚਾਰ ਕਰ ਰਹੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪੰਥਕ ਸਰਕਾਰ ਨੇ ਗ੍ਰਿਫ਼ਤਾਰ ਕਿਉਂ ਕੀਤਾ?
ਹੀਰੋ ਕਲਾਂ ਪਿੰਡ ਦੇ ਇਨ੍ਹਾਂ ਬਾਦਲ ਦਲੀਏ ਸਿੱਖਾਂ ਨੇ ਪੁੱਛਿਆ ਹੈ ਕਿ ਇਹ ਕੈਸੀ ਅਕਾਲੀ ਸਰਕਾਰ ਹੈ ਜੋ ਸੌਦਾ ਸਾਧ ਦੇ ਕੂੜ ਸਮਾਗਮਾਂ ਨੂੰ ਤਾਂ ਬੇਰੋਕ-ਟੋਕ ਹੋਣ ਦੇ ਰਹੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋ ਰਹੇ ਸਿੱਖ ਸਮਾਗਮਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਨੰਗੀ-ਚਿੱਟੀ ਧੱਕੇਸ਼ਾਹੀ ਕਰ ਰਹੀ ਹੈ। ਇਥੇ ਹੀ ਬਸ ਨਹੀਂ, ਸਿੱਖ ਸ਼ਰਧਾਲੂਆਂ ਉਪਰ ਡਾਂਗਾਂ ਵਰ੍ਹਾਉਣ, ਅੱਥਰੂ ਗੈਸ ਦੇ ਗੋਲੇ ਛੱਡਣ ਅਤੇ ਪਾਣੀ ਦੀਆਂ ਬੁਛਾੜਾਂ ਸੁੱਟਣ ਦੇ ਜ਼ੁਲਮ ਕਰਵਾ ਰਹੀ ਹੈ। ਸਿੱਖ-ਵਿਰੋਧੀ ਤਾਕਤਾਂ ਦੀ ਪੁਸ਼ਤਪਨਾਹੀ ਕਰਨ ਦੇ ਬਾਵਜੂਦ ਬਾਦਲ ਦਲ, ਸ਼੍ਰੋਮਣੀ ਕਮੇਟੀ ਨੂੰ ਆਪਣੀ ਜੇਬ ਵਿਚ ਪਾਈ ਰੱਖਣਾ ਚਾਹੁੰਦਾ ਹੈ। ਇਹ ਸਾਰਾ ਕੁਝ ਦੇਖ ਕੇ ਇਸ ਪਿੰਡ ਦੇ ਬਾਦਲ ਦਲੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਧਰਮ ਪਿਆਰਾ ਹੈ, ਨਾ ਕਿ ਧੜਾ। ਉਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਬਾਦਲ ਦਲ ਦੇ ਮੁਕੰਮਲ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।
ਯੂਨਾਨੀ ਫਿਲਾਸਫਰ ਸੁਕਰਾਤ ਕਹਿੰਦਾ ਹੈ ਕਿ ਆਮ ਮਨੁੱਖ ਰਾਜਸੀ ਜਾਂ ਸਿਆਸੀ ਧੱਕੇਸ਼ਾਹੀਆਂ ਔਖਾ-ਸੌਖਾ ਸਹਿ ਲੈਂਦਾ ਹੈ ਪਰ ਉਹ ਆਪਣੇ ਧਰਮ ‘ਤੇ ਹਮਲਾ ਬਰਦਾਸ਼ਤ ਨਹੀਂ ਕਰ ਸਕਦਾ। ਇਸ ਕਥਨ ਦੀ ਰੌਸ਼ਨੀ ਵਿਚ ਪਿੰਡ ਹੀਰੋ ਕਲਾਂ ਦੇ ਬਾਦਲ ਦਲੀਏ ਅਕਾਲੀਆਂ ਵੱਲੋਂ ਲਏ ਗਏ ਦ੍ਰਿੜ੍ਹਤਾ ਭਰੇ ਫ਼ੈਸਲਿਆਂ ਕਾਰਨ ਇਨ੍ਹਾਂ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਕੌਮ ਦੇ ਹੀਰੇ ਮੰਨਿਆ ਜਾਣਾ ਚਾਹੀਦਾ ਹੈ!