ਕਿੱਸਾਕਾਰ ਪੀਲੂ ਨੇ ਮਿਰਜ਼ਾ-ਸਾਹਿਬਾਂ ਦੀ ਪ੍ਰੀਤ ਕਹਾਣੀ ਵਿਚ ਸਾਹਿਬਾਂ ਦੀ ਲੋਹੜੇ ਦੀ ਖੂਬਸੂਰਤੀ ਬਿਆਨ ਕਰਦਿਆਂ ਲਿਖਿਆ ਹੈ ਕਿ ਇਕ ਵਾਰ ਉਹ ਪੰਸਾਰੀ ਦੀ ਹੱਟੀ ਤੋਂ ਸਰ੍ਹੋਂ ਦਾ ਤੇਲ ਲੈਣ ਗਈ। ਇਹ ਉਨ੍ਹਾਂ ਸਮਿਆਂ ਦੀ ਵਾਰਤਾ ਹੈ ਜਦੋਂ ਨੂੰਹਾਂ-ਧੀਆਂ ਦਾ ਪਿੰਡ ਦੀ ਹੱਟੀ-ਭੱਠੀ ‘ਤੇ ਜਾਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ। ਲੋਕ ਗਾਇਕ ‘ਮਾਣਕ’ ਨੇ ਇਕ ਕਲੀ ਵਿਚ ਇਸ ਪਰੰਪਰਾ ਦਾ ਜ਼ਿਕਰ ਇੰਜ ਕੀਤਾ ਹੋਇਐ:
ਜਾਵੇ ਹੱਟੀ, ਭੱਠੀ ਕੌਲੇ ਕੱਛਦੀ ਫਿਰਦੀ ਜੋ,
ਪਿਉ ਦੀ ਦਾੜ੍ਹੀ ਉਹ ਖੇਹ ਪਾਉਂਦੀ ਧੀ ਕੁਆਰੀ।
ਪਿਉ ਦੀ ਦਾੜ੍ਹੀ ਉਹ ਖੇਹ ਪਾਉਂਦੀ ਧੀ ਕੁਆਰੀ।
ਹੁਣ ਇਹ ਤਾਂ ਪਤਾ ਨਹੀਂ ਕਿ ਹੱਟੀ ‘ਤੇ ਤੇਲ ਲੈਣ ਜਾਣ ਵਾਲੀ ਗੱਲ, ਸਾਹਿਬਾਂ ਦੇ ਪਿਉ ਖੀਵੇ ਖਾਨ ਦੀ ਦਾਹੜੀ ਖੇਹ ਪੈ ਜਾਣ ਤੋਂ ਪਹਿਲਾਂ ਦੀ ਹੈ ਜਾਂ ਬਾਅਦ ਦੀ। ਇਨ੍ਹਾਂ ਚੱਕਰਾਂ ‘ਚ ਪੈਣ ਨਾਲੋਂ ਹੱਟੀ ਉਪਰ ਕੀ ਭਾਣਾ ਵਰਤਿਆ, ਇਹ ਸੁਣ ਲਉ। ਕਹਿੰਦੇ ਉਸ ਨੇ ਹੱਟੀ ਵਾਲੇ ਪੰਸਾਰੀ ਬਾਣੀਏ ਤੋਂ ਤੇਲ ਮੰਗਿਆ। ਸਾਹਿਬਾਂ ਦਾ ਡੁੱਲ-ਡੁੱਲ ਪੈਂਦਾ ਹੁਸਨ ਦੇਖ ਕੇ ਪੰਸਾਰੀ ਆਪਣੀ ਸੁੱਧ-ਬੁੱਧ ਹੀ ਗਵਾ ਬੈਠਾ। ਉਸ ਨੇ ਸਾਹਿਬਾਂ ਦੇ ਭਾਂਡੇ ਵਿਚ ਤੇਲ ਦੀ ਬਜਾਏ ਸ਼ਹਿਦ ਦੀ ਉਲਟ ਦਿੱਤਾ। ਕੋਲੋਂ ਦੀ ਇਕ ਜੱਟ ਬਲਦ ਲਈ ਜਾਂਦਾ ਸੀ, ਉਹ ਵੀ ਐਸਾ ਲੱਟੂ ਹੋਇਆ ਕਿ ਬਲਦ ਗਵਾ ਬੈਠਾ। ਪੀਲੂ ਦੀਆਂ ਸਤਰਾਂ ਹਨ:
ਸਾਹਿਬਾਂ ਗਈ ਤੇਲ ਨੂੰ, ਗਈ ਪੰਸਾਰੀ ਦੀ ਹੱਟ।
ਤੇਲ ਭੁਲਾਵੇ ਬਾਣੀਆਂ, ਦਿੱਤਾ ਸ਼ਹਿਦ ਉਲੱਟ।
ਵਣਜ ਗਵਾਇਆ ਬਾਣੀਏ, ਬਲਦ ਗਵਾਏ ਜੱਟ।
ਤੇਲ ਭੁਲਾਵੇ ਬਾਣੀਆਂ, ਦਿੱਤਾ ਸ਼ਹਿਦ ਉਲੱਟ।
ਵਣਜ ਗਵਾਇਆ ਬਾਣੀਏ, ਬਲਦ ਗਵਾਏ ਜੱਟ।
ਸਾਹਿਬਾਂ ਦੇ ਰੰਗ-ਰੂਪ ਤੋਂ ਕਾਇਲ ਹੋ ਜਾਣ ਵਾਲੇ ਪੰਸਾਰੀ ਬਾਣੀਏ ਬਾਰੇ ਇਹ ਕਿਆਸ ਕਰਨਾ ਗਲਤ ਨਹੀਂ ਹੋ ਸਕਦਾ ਕਿ ਉਹ ਕੋਈ ਬੁੱਢਾ ਠੇਰਾ ਨਹੀਂ ਸਗੋਂ ਜਵਾਨ ਜਹਾਨ ਹੀ ਹੋਵੇਗਾ। ਨਹੀਂ ਤਾਂ ਚਾਟੀ ਜਿੱਡੀ ਲਿਸ਼ਕਦੀ ਗੋਗੜ ਵਾਲੇ ਅਤੇ ਕੱਚ ਦੇ ਗਲਾਸ ਦੇ ਥੱਲੇ ਵਰਗੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾਈ ਬੈਠੇ ਕਿਸੇ ਸਿਆਣੇ ਬਿਆਣੇ ਬਾਣੀਏ ਨੇ, ਅਜਿਹੀ ‘ਹਰਕਤ’ ਨਹੀਂ ਸੀ ਕਰਨੀ। ਇਹ ਅੱਥਰੀ ਜਵਾਨੀ ਦੇ ਪਹਿਰਿਆਂ ਦੀਆਂ ਹੀ ਗੱਲਾਂ ਨੇ ਜਦੋਂ ਅਜਿਹੀਆਂ ਅਣਹੋਣੀਆਂ ਹੋ ਜਾਣ ਦਾ ਪਤਾ ਹੀ ਨਹੀਂ ਲਗਦਾ। ਮਨੁੱਖਾ ਜੀਵਨ ਦੀ ਇਹ ਉਹ ਸੋਨ ਸੁਨਹਿਰੀ ਅਵਸਥਾ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਉਮਰ ਵਿਚ ਤਾਂ ‘ਸੁਸਤੀ ਦੀ ਦੇਵੀ’ ਭੇਡ ਵੀ ਮਸਤਾਨੀ ਹੋ ਜਾਂਦੀ ਹੈ।
ਇਸ ਤੋਂ ਪਹਿਲਾਂ ਕਿ ਪਾਠਕਾਂ ਅੱਗੇ ਆਪਣੇ ਇਕ ਕਾਲਜ ਲੈਕਚਰਾਰ ਦੀ ਨੌਜਵਾਨ ਵਿਦਿਆਰਥਣ ਦੀ ਨਾਦਾਨੀ ਦਾ ਚਿੱਠਾ ਬਿਆਨ ਕਰਾਂ, ਹੱਟੀ ਨਾਲ ਹੀ ਸਬੰਧਤ ਅੱਖੀਂ ਦੇਖੀ ਮਸਤਾਨੀ ਘਟਨਾ ਪੇਸ਼ ਹੈ। ਗਵਾਂਢ ਦੇ ਪਿੰਡ ਦੀ ਹੱਟੀ ਤੋਂ ਮੈਂ ਕੋਈ ਘਰੇਲੂ ਸੌਦਾ-ਪੱਤਾ ਲੈਣ ਗਿਆ ਹੋਇਆ ਸਾਂ। ਗਾਹਕਾਂ ਦੀ ਭੀੜ ਹੋਣ ਕਾਰਨ ਬਾਹਰ ਹੀ ਖੜ੍ਹਾ ਸਾਂ। ਇਸ ਹੱਟੀ ਦੇ ਲਾਗੇ ਹੀ ਪਿੰਡ ਦਾ ਸਾਂਝਾ ਜੰਞ ਘਰ ਸੀ। ਜਿੱਥੇ ਕੋਈ ਬਰਾਤ ਉਤਰੀ ਹੋਈ ਸੀ। ਸ਼ਾਇਦ ਬਰਾਤੀ ਸੱਜਣ ਦੁਪਹਿਰ ਦੀ ਰੋਟੀ ਦੇ ਸੱਦੇ ਦੀ ਉਡੀਕ ਕਰ ਰਹੇ ਸਨ। ਮੁੰਡੇ-ਖੁੰਡੇ ਬਰਾਤੀ ਇੱਧਰ-ਉਧਰ ਇਉਂ ਖਰਮਸਤੀਆਂ ਕਰ ਰਹੇ ਸਨ ਜਿਵੇਂ ਕਿਤੇ ਉਹ ਕਿਸੇ ਜੇਤੂ ਫੌਜ ਦੇ ਸਿਪਾਹੀ-ਸਲਾਰ ਹੁੰਦੇ ਨੇ, ਕਿਉਂਕਿ ਉਨ੍ਹਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੁੰਦਾ। ਇਸੇ ਤਰ੍ਹਾਂ ਬਰਾਤੀ ਮੁੰਡੇ ਜੋਟੀਆਂ ਬਣਾ ਕੇ ਤੁਰੇ ਫਿਰਦੇ ਸਨ।
ਕਾਫ਼ੀ ਚੌੜੀ ਗਲੀ ਦੇ ਇਕ ਪਾਸੇ ਦੇ ਘਰਾਂ ਦੀ ਪਾਲ ਵਿਚ ਹੱਟੀ ਸੀ ਅਤੇ ਹੱਟੀ ਦੇ ਸਾਹਮਣੇ ਘਰ ਮੋਹਰੇ ਪਈ ਖੁੱਲ੍ਹੀ ਥਾਂ ਉਪਰ ਇਕ ਫੇਰੀ ਵਾਲਾ ਆਸਣ ਜਮਾਈ ਬੈਠਾ ਸੀ। ਅਸਲ ‘ਚ ਇਹ ਭਾਂਡੇ ਕਲੀ ਕਰਨ ਵਾਲਾ ਗਰੀਬੜਾ ਜਿਹਾ ਬੰਦਾ ਸੀ। ਇਹਦੇ ਆਲੇ-ਦੁਆਲੇ ਡਾਲਡੇ ਦੇ ਖਾਲੀ ਡੱਬੇ ਅਤੇ ਟੀਨ ਦੇ ਪੀਪੇ ਪਏ ਸਨ ਜਿਨ੍ਹਾਂ ਦੀ ਕੱਟ ਵੱਢ ਕਰਕੇ ਇਸ ਨੇ ਢੱਕਣ ਲਗਾਉਣੇ ਸਨ। ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਵਾਸਤੇ ਨਿੱਕੀ ਜਿਹੀ ਭੱਠੀ ਅਤੇ ਆਪਣੇ ਸੰਦ-ਸੰਦੇੜੇ ਵਾਲੀ ਮੈਲੀ ਜਿਹੀ ਬੋਰੀ ਵੀ ਗੁੱਛਾ-ਮੁੱਛ ਜਿਹੀ ਕਰਕੇ ਪੈਰਾਂ ਕੋਲ ਹੀ ਰੱਖੀ ਹੋਈ ਸੀ।
ਮੇਰੇ ਦੇਖਦਿਆਂ-ਦੇਖਦਿਆਂ ਲਾਲ ਗੁਲਾਬੀ ਪੱਗਾਂ ਵਾਲੇ ਦੋ ਗਭਰੇਟ ਮਹਿਕਾਂ ਖਿਲਾਰਦੇ ਉਥੋਂ ਲੰਘੇ। ਨਿੱਕੀਆਂ-ਨਿੱਕੀਆਂ ਮੁੱਛਾਂ ਨੂੰ ਵੱਟ ਚਾੜ੍ਹਦੇ ਉਹ ਆਲੇ-ਦੁਆਲੇ ਵੱਲ ਇਉਂ ਝਾਕ ਰਹੇ ਸਨ ਜਿਵੇਂ ਕਿਤੇ ਅੱਖਾਂ ਤੱਤੀਆਂ ਕਰਨ ਲਈ ਕਿਸੇ ਹਾਣ-ਪ੍ਰਵਾਣ ਦੀ ਭਾਲ ਵਿਚ ਮਟਰ-ਗਸ਼ਤੀ ਕਰਦੇ ਫਿਰਦੇ ਹੋਣ। ਉਨ੍ਹਾਂ ਦੀ ਮਨਸ਼ਾ ਛੇਤੀ ਹੀ ਪੂਰੀ ਹੋ ਗਈ। ਹੱਟੀ ਦੇ ਸਾਹਮਣਲੇ ਘਰ ਦੀ ਮੁਟਿਆਰ ਨੇ ਛੋਟੇ-ਛੋਟੇ ਬਗਲ ਦੇ ਉਤੋਂ ਦੀ ਝਾਕਿਆ। ਦੋਵੇਂ ਗੱਭਰੂ ਮੁੰਡੇ ਗਲੀ ‘ਚੋਂ ਲੰਘਦੇ ਦੇਖ ਕੇ ਉਹ ਇਕ ਦਮ ਬਾਹਰ ਵੱਲ ਭੱਜੀ ਆਈ! ਹੁਣ ਘਰੋਂ ਬਾਹਰ ਆ ਕੇ ਗਲੀ ਵਿਚ ਖੜ੍ਹਨ ਲਈ ਕੋਈ ਬਹਾਨਾ ਵੀ ਤਾਂ ਚਾਹੀਦਾ ਸੀ!! ਆਪਣੀਆਂ ਨਜ਼ਰਾਂ ਉਸ ਨੇ ਥੋੜ੍ਹੀ ਦੂਰ ਜਾ ਖੜ੍ਹੇ ਉਨ੍ਹਾਂ ਮੁੰਡਿਆਂ ‘ਤੇ ਹੀ ਟਿਕਾਈਆਂ ਹੋਈਆਂ ਸਨ ਪਰ ਮਿੱਚਕ-ਮਿੱਚਕ ਪੱਬ ਧਰਦੀ ਉਹ ਭਾਂਡੇ ਕਲੀ ਕਰਨ ਵਾਲੇ ਬੁਢੜੇ ਦੇ ਸਿਰ ‘ਤੇ ਜਾ ਖੜ੍ਹੀ। ਸਦਕੇ ਜਾਈਏ ਜਵਾਨੀ ਦੇ! ਭਰ ਜਵਾਨ ਪੇਂਡੂ ਕੁੜੀ ਨੇ ਆਪਣਾ ਮੂੰਹ ਮੁੰਡਿਆਂ ਵੱਲ ਚੁੱਕੀ ਰੱਖਿਆ, ਮੁਸਕੜੀਏ ਹੱਸਦੀ ਨੇ ਅੱਖਾਂ ਉਨ੍ਹਾਂ ਮੁੰਡਿਆਂ ‘ਤੇ ਗੱਡੀ ਰੱਖੀਆਂ ਪਰ ਦੂਰ-ਨੇੜੇ ਖੜ੍ਹਿਆਂ ਨੂੰ ਬੁੱਧੂ ਬਣਾਉਣ ਲਈ ਉਹ ਆਪਣੇ ਇਕ ਪੈਰ ਦੀ ਜੁੱਤੀ, ਭਾਂਡੇ ਕਲੀ ਕਰਨ ਵਾਲੇ ਦੇ ਮੋਹਰੇ ਨੂੰ ਸਰਕਾਉਂਦਿਆਂ ਬੋਲੀ, “ਭਾਈਆ, ਮੇਰੀ ਜੁੱਤੀ ਦੀ ਅੱਡੀ ਉਖੜੀ ਹੋਈ ਐ, ਟਾਂਕੇ ਲਾ ਦਊਗਾ?” ਕੁੜੀ ਦਾ ਸਵਾਲ ਸੁਣ ਕੇ ਫੇਰੀ ਵਾਲੇ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ। ਚੋਰ ਅੱਖੀਂ ਮੁੰਡਿਆਂ ਵੱਲ ਦੇਖ ਕੇ ਉਹ ਕੁੜੀ ਨੂੰ ਕਹਿੰਦਾ, “ਕੁੜੇ ਭਾਈ ਬੀਬਾ, ਮੈਂ ਤਾਂ ਭਾਂਡੇ ਕਲੀ ਕਰਦਾਂ। ਮੈਂ ਕੋਈ ਮੋਚੀ ਥੋੜ੍ਹਾਂ!” ਅਸਲ ‘ਚ ਬਜ਼ੁਰਗਾਂ ਨੂੰ ਕਹਿਣਾ ਚਾਹੀਦਾ ਸੀ ਕਿ ਕਮਲੀਏ, ਤੇਰੀ ਅੱਡੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੇਰੀ ਮੱਤ ਜ਼ਰੂਰ ‘ਉਖੜੀ’ ਹੋਈ ਹੈ।
ਮੈਂ ਸਭ ਤੋਂ ਪਹਿਲਾਂ ਪੰਜਾਬੀ ਨਾਵਲ ਪੜ੍ਹਿਆ ਸੀ, ‘ਵਿਚੋਲਾ’। ਢਾਡੀ ਪਾਲ ਸਿੰਘ ਪੰਛੀ ਦੇ ਲਿਖੇ ਇਸ ਇਕੋ-ਇਕ ਨਾਵਲ ਵਿਚ ਪੰਜਾਬੀ ਲੋਕ-ਯਾਨ ਭਰਿਆ ਪਿਆ ਸੀ। ਉਸ ਵਿਚ ਇਕ ਟੋਟਕਾ ਸੀ: ‘ਕੁੜੀਆਂ, ਚਿੜੀਆਂ, ਬੱਕਰੀਆਂ। ਤਿੰਨੇ ਚੀਜ਼ਾਂ ਅੱਥਰੀਆਂ!’ ਚਿੜੀਆਂ ਅਤੇ ਬੱਕਰੀਆਂ ਦੇ ਅੱਥਰੇਪਣ ਦੀ ਗੱਲ ਕਿਸੇ ਹੋਰ ਲੇਖ ‘ਚ ਸਹੀ, ਫਿਲਹਾਲ ਇਕ ਕਾਲਜੀਏਟ ਕੁੜੀ ਦੀ ਨਾਦਾਨੀ ਦਾ ਕਿੱਸਾ ਸੁਣੋ।
ਪੂਰੀ ਲਗਨ ਅਤੇ ਮਿਹਨਤ ਨਾਲ ਪੰਜਾਬੀ ਪੜ੍ਹਾਉਣ ਵਾਲਾ ਮੇਰਾ ਪ੍ਰੋਫੈਸਰ ਦੋਸਤ ਆਪਣੀ ਕਲਾਸ ਨੂੰ ਪ੍ਰੋ. ਪੂਰਨ ਸਿੰਘ ਦੀ ਕਵਿਤਾ ਪੜ੍ਹਾ ਰਿਹਾ ਸੀ। ਝਰਨਿਆਂ ਦੇ ਨਿਰਮਲ ਪਾਣੀਆਂ ਵਾਂਗ ਅਠਖੇਲ੍ਹੀਆਂ ਕਰਦੀ ਅਤੇ ਆਜ਼ਾਦ ਪੰਛੀਆਂ ਵਾਂਗ ਖੁੱਲ੍ਹੇ ਅਕਾਸ਼ਾਂ ਵਿਚ ਉਡਾਰੀਆਂ ਭਰਦੀ ਪ੍ਰੋ. ਪੂਰਨ ਸਿੰਘ ਦੀ ਸਰੋਦੀ ਕਾਵਿ-ਸ਼ੈਲੀ ਦੀ ਚਰਚਾ ਕਰਦਿਆਂ ਲੈਕਚਰਾਰ ਦੋਸਤ ਦਾ ਦਿਲ ਪਸੀਜ ਗਿਆ। ਉਸ ਦੇ ਮਨ ‘ਚ ਚਾਹਤ ਪੈਦਾ ਹੋਈ ਕਿ ਇਹ ਸਾਰੇ ਵਿਦਿਆਰਥੀ ਪ੍ਰੋ. ਪੂਰਨ ਸਿੰਘ ਦੇ ਕਾਵਿ-ਸੰਸਾਰ ਵਿਚ ਕਿਸੇ ਤਰ੍ਹਾਂ ਗੜੂੰਦ ਹੋ ਜਾਣ। ਅਚਨਚੇਤ ਉਸ ਨੂੰ ਖਿਆਲ ਆਇਆ ਕਿ ਥੋੜ੍ਹੇ ਦਿਨਾਂ ਨੂੰ ਪ੍ਰੋ. ਸਾਹਿਬ ਦਾ ਜਨਮ ਦਿਨ ਆ ਰਿਹਾ ਹੈ। ਕਿਉਂ ਨਾ ਉਸ ਨੂੰ ਕਲਾਸ ਦੇ ਸਮੂਹ ਵਿਦਆਰਥੀਆਂ ਨਾਲ ਮਿਲ ਕੇ ਮਨਾਇਆ ਜਾਏ। ਲੈਕਚਰਰ ਨੇ ਸਾਰੀ ਕਲਾਸ ਨਾਲ ਇਸ ਬਾਰੇ ਸਲਾਹ ਕੀਤੀ। ਪੜ੍ਹਾਕੂ ਮੁੰਡੇ-ਕੁੜੀਆਂ ਤਾਂ ਪਹਿਲੋਂ ਹੀ ਅਜਿਹਾ ਮੌਕਾ ਭਾਲਦੇ ਹੁੰਦੇ ਨੇ ਕਿ ਪੜ੍ਹਾਈ ਦਾ ਟੈਂਟਾ ਛੱਡ ਕੇ ਕੋਈ ਹਲਕਾ-ਫੁਲਕਾ ਪ੍ਰੋਗਰਾਮ ਹੋ ਜਾਏ। ਇਕ-ਦੂਜੇ ਨਾਲ ਨੋਕ-ਝੋਕ ਕਰਨ ਦਾ ਖੁੱਲ੍ਹ-ਖੁਲਾਸਾ ਸਬੱਬ ਬਣ ਜਾਂਦਾ ਹੈ। ਸੋ ਸਾਰੇ ਮੁੰਡੇ-ਕੁੜੀਆਂ ਨੇ ਜਨਮ ਦਿਨ ਮਨਾਉਣ ਦੀ ਖੁਸ਼ੀ-ਖ਼ੁਸ਼ੀ ਪ੍ਰਵਾਨਗੀ ਦੇ ਦਿੱਤੀ।
ਚਾਈਂ-ਚਾਈਂ ਸਾਰੇ ਵਿਦਿਆਰਥੀਆਂ ਨੇ ਆਪਸ ਵਿਚੀਂ ਰਾਏ ਕਰਕੇ ਥੋੜ੍ਹੇ ਜਿਹੇ ਪੈਸੇ ਵੀ ਇਕੱਠੇ ਕਰ ਲਏ। ਗਰਮਾ-ਗਰਮ ਚਾਹ ਪਕੌੜਿਆਂ ਦੇ ਨਾਲ-ਨਾਲ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਕੱਟਣ ਦਾ ਪ੍ਰੋਗਰਾਮ ਵੀ ਬਣਾ ਲਿਆ। ਕਲਾਸ ਰੂਮ ਵਿਚ ਸਾਰੇ ਜਣੇ ਇਕੱਤਰ ਹੋ ਗਏ। ਕਈ ਮੁੰਡੇ-ਕੁੜੀਆਂ ਨੇ ਨਜ਼ਮ, ਗੀਤ ਅਤੇ ਚੁਟਕਲੇ ਸੁਣਾਏ। ਕਿਸੇ ਨੇ ਸ਼ਿਅਰ-ਓ-ਸ਼ਾਇਰੀ ਸੁਣਾਈ। ਲੈਕਚਰਰ ਨੇ ਵੀ ਪ੍ਰੋ. ਪੂਰਨ ਸਿੰਘ ਦੀਆਂ ਕਵਿਤਾਵਾਂ ਦੇ ਚੋਣਵੇਂ ਸ਼ਿਅਰ ਪੜ੍ਹੇ। ਹਾਜ਼ਰ ਵਿਦਿਆਰਥੀਆਂ ਨੇ ਝੂਮਦਿਆਂ ਹੋਇਆਂ ਤਾੜੀਆਂ ਮਾਰੀਆਂ। ਲੈਕਚਰਰ ਇਹ ਸਾਰਾ ਕੁਝ ਦੇਖ ਕੇ ਗਦ-ਗਦ ਹੋ ਰਿਹਾ ਸੀ ਕਿ ਕੌਣ ਕਹਿੰਦਾ ਹੈ ਕਿ ਵਿਦਿਆਰਥੀ ਮਾਂ ਬੋਲੀ ਤੋਂ ਮੂੰਹ ਮੋੜ ਰਹੇ ਨੇ? ਅੱਜ ਮੈਂ ਪੰਜਾਬੀ ਦੇ ਇਕ ਅਲਬੇਲੇ ਸ਼ਾਇਰ ਨੂੰ ਆਪਣੇ ਵਿਦਿਆਰਥੀਆਂ ਦੇ ਦਿਲਾਂ ਵਿਚ ਸਦਾ ਲਈ ਵਸਾ ਦਿੱਤਾ ਹੈ। ਹੁਣ ਇਹ ਸਾਰੀ ਜ਼ਿੰਦਗੀ ਪ੍ਰੋ. ਪੂੁਰਨ ਸਿੰਘ ਨੂੰ ਨਹੀਂ ਭੁੱਲਣਗੇ।
ਆਖਰ ਮੇਜ ਉਪਰ ਸਜਾਏ ਪਏ ਰੰਗ-ਬਰੰਗੇ ਕੇਕ ਵੱਲ ਇਸ਼ਾਰਾ ਕਰਦਿਆਂ ਲੈਕਚਾਰਰ ਜੀ ਬੋਲੇ, “ਹਾਂ ਬਈ, ਕੱਟੀਏ ਫਿਰ?” ਜਿਉਂ ਹੀ ਕਰਦ ਹੱਥ ਵਿਚ ਫੜ ਕੇ ਉਹ ਕੇਕ ਵੱਲ ਵਧੇ ਤਾਂ ਇਕ ਵਿਦਿਆਰਥਣ ਦੁਚਿੱਤੀ ਜਿਹੀ ‘ਚ ਕਹਿੰਦੀ, “ਸ…ਰ…ਅ…ਕੇਕ ਤੁਸੀਂ ਆਪੇ ਕੱਟ ਲਉਗੇ?”
“ਹਾਂ”
“ਉਹ ਨਹੀਂ ਆਏ?”
“ਉਹ ਕੌਣ?”- ਲੈਕਚਰਾਰ ਨੇ ਹੈਰਾਨੀ ਨਾਲ ਪੁੱਛਿਆ।
ਅੱਗਿਓਂ ਨਾਦਾਨ ਜਿਹਾ ਮੂੰਹ ਬਣਾ ਕੇ ਕੁੜੀ ਬੋਲੀ, “ਸਰ…ਪ੍ਰੋਫੈਸਰ ਪੂਰਨ ਸਿੰਘ ਹੋਣੀਂ!”