Friday, July 1, 2011

ਹੱਟ ਕਬੱਡੀ! ਸਫਾ-ਚੱਟ ਕਬੱਡੀ!!

ਦੇਸ਼-ਵਿਦੇਸ਼ ਦੀਆਂ ਪੰਜਾਬੀ ਅਖ਼ਬਾਰਾਂ ਵਿਚ ਕਬੱਡੀ ਮੈਚਾਂ ਦੀਆਂ ਖ਼ਬਰਾਂ ਅਤੇ ਮੈਦਾਨ ਵਿਚ ਗੁੱਥ-ਮ-ਗੁੱਥਾ ਹੋ ਰਹੇ ਖਿਡਾਰੀਆਂ ਦੀਆਂ ਜਲਾਲ ਭਰੀਆਂ ਫੋਟੋਆਂ ਦੇਖ ਕੇ ਆਪਣੀ ਪੜ੍ਹਾਈ ਦੇ ਦਿਨੀਂ ਖੇਡੀ ਹੋਈ ਕਬੱਡੀ ਯਾਦ ਆ ਜਾਂਦੀ ਹੈ। ਉਨ੍ਹਾਂ ਵੇਲਿਆਂ ‘ਚ ਅਸੀਂ ਵੀ ਪੱਟ ‘ਤੇ ਥਾਪੀ ਮਾਰ ਕੇ ‘ਦਮ ਪਾਉਣ’ ਜਾਇਆ ਕਰਦੇ ਸਾਂ। ਉਦੋਂ ਦੀ ਅਤੇ ਅਜੋਕੀ ਕਬੱਡੀ ਦਾ ਰੰਗ-ਢੰਗ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇਸ ਖੇਡ ਦੀ ਨਿਯਮਾਵਲੀ ਵਿਚ ਤਾਂ ਕੋਈ ਖਾਸ ਤਬਦੀਲੀਆਂ ਨਹੀਂ ਹੋਈਆਂ ਪਰ ਹੁਣ ਦੇ ਖਿਡਾਰੀਆਂ ਦੇ ਚਿਹਰੇ-ਮੋਹਰੇ ਅਤੇ ਉਨ੍ਹਾਂ ਦੇ ਨਾਂਵਾਂ ਦਾ ਹੁਲੀਆ ਕਿਉਂ ਵਿਗੜ ਗਿਆ? ਵਿਦੇਸ਼ਾਂ ਵਿਚ ਕਬੱਡੀ ਮੈਚ ਕਰਵਾਉਣ ਵਾਲੇ ਕਬੱਡੀ ਪ੍ਰੇਮੀ ਵੀਰ ਇਹ ਦਾਅਵਾ ਬੜੇ ਜ਼ੋਰ-ਸ਼ੋਰ ਨਾਲ ਕਰਦੇ ਹਨ ਕਿ ਅਸੀਂ ਪੰਜਾਬੀ ਵਿਰਸੇ ਦੇ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਾਂ ਪਰ ਜ਼ਰਾ ਸਵੈ-ਪੜਚੋਲ ਕਰ ਕੇ ਦੇਖੀਏ ਕਿ ਕੀ ਸੱਚ-ਮੁੱਚ ਵਿਰਾਸਤ ਦੀ ਹਿਫ਼ਾਜ਼ਤ ਹੋ ਰਹੀ ਹੈ?

ਮੈਨੂੰ ਯਾਦ ਹੈ ਕਿ ਹਾਈ ਸਕੂਲ ‘ਚ ਪੜ੍ਹਦਿਆਂ ਸਾਡੀ ਕਬੱਡੀ ਦੀ ਟੀਮ ਵਿਚ ਸਾਰੇ ਮੁੰਡੇ ਆਪਣੇ ਜੂੜਿਆਂ ‘ਤੇ ਚਿੱਟੇ ਰੁਮਾਲ ਬੰਨ੍ਹ ਕੇ ਖੇਡਦੇ ਹੁੰਦੇ ਸਨ। ਕਮਲੇਸ਼ ਕੁਮਾਰ ਨਾਂ ਦਾ ਸਿਰਫ਼ ਇੱਕੋ ਮੁੰਡਾ ਮੋਨਾ ਹੁੰਦਾ ਸੀ। ਇਸੇ ਕਰਕੇ ਜਦੋਂ ਦਮ ਪਾਉਣ ਦੀ ਉਸ ਦੀ ਵਾਰ ਹੋਣੀ ਤਾਂ ਦਰਸ਼ਕਾਂ ਨੇ ਆਵਾਜ਼ੇ ਕੱਸਣੇ, “ਆ ਗਿਆ ‘ਭੋਡਾ’, ਚੱਕ ਲਓ, ਸੁੱਕਾ ਨਾ ਜਾਵੇ ‘ਭੋਡਾ’!” ਸਾਰੇ ਜੂੜਿਆਂ ਵਾਲੇ ਮੁੰਡਿਆਂ ਦੀ ਟੀਮ ਵਿਚ ਇਕ ਹੀ ਮੋਨਾ ਹੋਣ ਕਰਕੇ ਉਸ ਦੀ ਅੱਲ ਹੀ ‘ਭੋਡਾ’ ਪੈ ਗਈ ਸੀ। ਇਕੱਲੀ ਸਾਡੀ ਟੀਮ ਦੀ ਹੀ ਗੱਲ ਨਹੀਂ, ਉਦੋਂ ਆਮ ਹੀ ਖਿਡਾਰੀ ਮੁੰਡੇ ਆਪਣੇ ਜੂੜਿਆਂ ‘ਤੇ ਚਿੱਟੇ ਦੁੱਧ ਜਿਹੇ ਚੌ-ਕੋਣੇ ਰੁਮਾਲ ਬੰਨ੍ਹ ਕੇ ਖੇਡਣਾ ਆਪਣੀ ਸ਼ਾਨ ਸਮਝਦੇ ਹੁੰਦੇ ਸਨ। ਉਨ੍ਹਾਂ ਹੀ ਪੰਜਾਬੀਆਂ ਦੀ ‘ਮਾਂ-ਖੇਡ’ ਦਾ ਅੱਜ ਦਾ ਹਾਲ ਦੇਖ ਲਓ! ਸਭ ਪਾਸੇ ਹੀ ਕਬੱਡੀ ‘ਭੋਡੀ’ ਹੋਈ ਪਈ ਹੈ। ਕਦੇ-ਕਦਾਈਂ ਹੀ ਕਿਸੇ ਟੀਮ ਵਿਚ ਖੇਡ ਰਹੇ ਕਿਸੇ ਇਕ-ਅੱਧ ਕੇਸਧਾਰੀ ਸਿੱਖ ਖਿਡਾਰੀ ਦੇ ਦਰਸ਼ਨ ਹੁੰਦੇ ਨੇ। ਨਹੀਂ ਤਾਂ ਸਾਰੇ ਪਾਸੇ ਹੀ ‘ਸਫਾ-ਚੱਟ’ ਕਬੱਡੀ ਦਿਖਾਈ ਦਿੰਦੀ ਹੈ।

ਸਮਝ ਨਹੀਂ ਆਉਂਦੀ ਕਿ ਜੇ ਉਦੋਂ ਕੇਸ-ਦਾੜ੍ਹੀਆਂ ਵਾਲੇ ਮੁੰਡੇ ਕਬੱਡੀ ਖੇਡਦਿਆਂ ਧੌਲ-ਧੱਫੇ-ਕੈਂਚੀਆਂ ਸੌਖਿਆਂ ਹੀ ਮਾਰ ਸਕਦੇ ਸਨ ਤਾਂ ਹੁਣ ਦੀ ਕਬੱਡੀ ਲਈ ਕੇਸ ਅੜਿੱਕਾ ਕਿਵੇਂ ਬਣ ਗਏ? ਮੇਰੀ ਜਾਚੇ ਤਾਂ ਇਹ ਸਭ ਦੇਖਾ-ਦੇਖੀ ਵਾਲੀ ਭੇਡ-ਚਾਲ ਦਾ ਹੀ ਨਤੀਜਾ ਹੈ।

ਅੱਜ ਦੀ ਕਬੱਡੀ ਬਾਰੇ ਹੀ ਕੁਝ ਨੁਕਤੇ ਹੋਰ ਇੰਗਲੈਂਡ ਤੋਂ ਛਪਦੀ ‘ਪੰਜਾਬ ਟਾਈਮਜ਼’ ਅਖ਼ਬਾਰ ਨੇ ਉਠਾ ਦਿੱਤੇ ਹਨ ਜਿਸ ਦਾ ਜੂਨ ਮਹੀਨੇ ਦਾ ਅੰਕ ਮੇਰੇ ਸਾਹਮਣੇ ਪਿਆ ਹੈ। ਇਸ ਦੇ ਅਖੀਰਲੇ ਰੰਗਦਾਰ ਸਫ਼ੇ ‘ਤੇ ਉਥੇ ਖੇਡੇ ਗਏ ਕਬੱਡੀ ਮੈਚ ਦਾ ਇਸ਼ਤਿਹਾਰ ਛਪਿਆ ਹੋਇਆ ਹੈ। ਇਸ ਨੂੰ ਜਾਰੀ ਕਰਨ ਵਾਲੀ ਕਲੱਬ ਦਾ ਨਾਂ ਹੈ, ‘ਜੀ.ਏ.ਡੀ.ਜੀ. ਖਾਲਸਾ ਕਬੱਡੀ ਕਲੱਬ, ਡਰਬੀ’। ਇਸ ਵਿਚ ਛਪੀਆਂ ਫੋਟੋਆਂ ਮੁਤਾਬਕ ਇਨਾਮ-ਸਨਮਾਨ ਦੇ ਰਹੇ ਬਹੁਤੇ ਪ੍ਰਬੰਧਕ ਤਾਂ ਜ਼ਰੂਰ ਸਾਬਤ-ਸੂਰਤਿ ਦਸਤਾਰ ਸਿਰੇ ਦਿਖਾਈ ਦੇ ਰਹੇ ਹਨ ਪਰ ਜਿੱਤਿਆ ਹੋਇਆ ‘ਕੱਪ’ ਪ੍ਰਾਪਤ ਕਰਨ ਵਾਲੇ ਸਾਰੇ ਖਿਡਾਰੀ ਕਲੀਨ ਸ਼ੇਵ ਹਨ। ਜੀ.ਏ.ਡੀ.ਜੀ. ਖਾਲਸਾ ਕਲੱਬ ਦੇ ਇਨ੍ਹਾਂ ਖਿਡਾਰੀਆਂ ਦੇ ਨਾਲ-ਨਾਲ ਇਸੇ ਕਲੱਬ ਦੇ ਇਕ ਹੋਰ ਹੋਣਹਾਰ ‘ਜਾਫ਼ੀ’ ਦੀ ਵੱਡੀ ਫੋਟੋ ਇਸ਼ਤਿਹਾਰ ਵਿਚ ਛਪੀ ਹੋਈ ਹੈ। ਤਕੜੇ ਜੁੱਸੇ ਵਾਲੇ ਇਸ ਖਿਡਾਰੀ ਨੇ ਆਪਣਾ ਸਿਰ ਇਸ ਢੰਗ ਨਾਲ ਮੁਨਾਇਆ ਹੋਇਆ ਹੈ ਕਿ ਵਿਚ ਪਾਈਆਂ ਹੋਈਆਂ ਲਸਰਾਂ ਜਿਹੀਆਂ ਇਉਂ ਜਾਪਦੀਆਂ ਹਨ ਜਿਵੇਂ ਕਣਕ ਦੇ ਵੱਢ ਵਿਚ ਪੈਦਲ ਚੱਲਣ ਵਾਲਿਆਂ ਨੇ ਪਗ-ਡੰਡੀਆਂ ਬਣਾਈਆਂ ਹੋਈਆਂ ਹੋਣ। ਇਹ ਹੈ ‘ਖਾਲਸਾ ਕਲੱਬ’ ਦਾ ਮਾਣ-ਮੱਤਾ ਖਿਡਾਰੀ!!

ਮੇਰੇ ਆਪਣੇ ਅਨੁਮਾਨ ਅਨੁਸਾਰ ‘ਜੀ.ਏ.ਡੀ.ਜੀ.’ ਦਾ ਪੂਰਾ ਭਾਵ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ, ਤੀਸਰੇ ਜਾਂ ਪੰਜਵੇਂ ਗੁਰੂ ਜੀ ਦੇ ਨਾਮ ਤੋਂ ਹੋਵੇਗਾ, ਜਿਸ ਕਿਸੇ ਗੁਰਮੁਖ ਪਿਆਰੇ ਨੇ ਇਨ੍ਹਾਂ ਮੁਬਾਰਕ ਨਾਂਵਾਂ ਦੀ ਚੋਣ ਕੀਤੀ ਹੋਵੇਗੀ, ਉਸ ਦੇ ਮਸਤਕ ਵਿਚ ਗੁਰੂ ਸਾਹਿਬਾਨ ਦੇ ਬਖ਼ਸ਼ੇ ਮਹਾਨ ਫਲਸਫੇ ਪ੍ਰਤੀ ਮੋਹ ਸਤਿਕਾਰ ਜਾਗਿਆ ਹੋਵੇਗਾ। ਇਹ ਨਾਂ ਰੱਖਣ ਲੱਗਿਆਂ ਉਸ ਨੇ ਇਹ ਵੀ ਸੋਚਿਆ ਹੋਵੇਗਾ ਇਨ੍ਹਾਂ ਪਾਵਨ ਨਾਂਵਾਂ ਥੱਲੇ ਬਣੀ ਕਲੱਬ ਦੇ ਖਿਡਾਰੀ ਗੁਰੂ ਸਾਹਿਬ ਦਾ ਸਤਿਕਾਰ ਕਰਦਿਆਂ ਗੁਰਮਤਿ ਨੂੰ ਪ੍ਰਣਾਏ ਹੋਣਗੇ, ਲੇਕਿਨ ਹੋ ਗਿਆ ਸਾਰਾ ਕੁਝ ਉਲਟ-ਪੁਲਟ। ਖਿਡਾਰੀਆਂ ਦਾ ਗੁਰਮਤਿ ਨੂੰ ਪ੍ਰਣਾਏ ਹੋਣਾ ਤਾਂ ਦੂਰ ਰਿਹਾ, ਇੱਥੇ ਸਤਿਗੁਰੂ ਦੇ ਸਨਮਾਨਯੋਗ ਨਾਮ ਦੀ ਜਗ੍ਹਾ (ਇਸ਼ਤਿਹਾਰ ਵਿਚ) ਤਿੰਨ ਥਾਂ ‘ਜੀ.ਏ.ਡੀ.ਜੀ.’ ਹੀ ਲਿਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਤੀ ‘ਅਨੋਖੀ ਸ਼ਰਧਾ’ ਦਾ ਪ੍ਰਗਟਾਵਾ ਕੀਤਾ ਹੋਇਆ ਹੈ।

ਇਸ ਨੁਕਤੇ ਦੀ ਵਿਆਖਿਆ ਹਿਤ ਇੱਥੇ ਇਕ ਗੱਲ ਲਿਖਣੀ ਕੁਥਾਂ ਨਹੀਂ ਹੋਵੇਗੀ। ਕਹਿੰਦੇ ਹਨ, ਕਿਤੇ ਦੋ ਸਿੱਖ ਗੁਰਮਤਿ ਫਲਸਫੇ ਦੇ ਕਿਸੇ ਨਿਯਮ ਬਾਬਤ ਆਪਸ ਵਿਚੀਂ ਬਹਿਸ ਰਹੇ ਸਨ। ਸੁਭਾਅ ਪੱਖੋਂ ਕੁਝ ਬੜਬੋਲਾ ਇਕ ਜਣਾ, ਦੂਸਰੇ ਨਿਮਰ-ਭਾਵੀ ਸਿੱਖ ‘ਤੇ ਹਾਵੀ ਹੋਣ ਦੀ ਨੀਅਤ ਨਾਲ ਰੋਹਬ ਛਾਂਟਦਾ ਹੋਇਆ ਕਹਿੰਦਾ, “ਫਲਾਣਾ ਸਿਧਾਂਤ ਮੈਨੂੰ ਦਿਖਾ ‘ਜੀ.ਜੀ.ਐਸ.’ ਵਿਚ ਕਿੱਥੇ ਲਿਖਿਆ ਹੋਇਐ?” ਗੁਰੂ ਦੇ ਭੈਅ-ਅਦਬ ਵਾਲਾ ਸਿੱਖ ਅੱਗਿਓਂ ਹੱਥ ਜੋੜ ਕੇ ਬੋਲਿਆ, “ਭਰਾ ਮੇਰਿਆ, ਜਿਸ ਸਿੱਖ ਕੋਲ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਸਹਿਤ ਪੂਰਾ ਨਾਂ ਲੈਣ ਦਾ ਵੀ ਸਮਾਂ ਹੈ ਨਹੀਂ; ਜੋ ਜੁੱਗੇ ਜੁਗ ਅਟੱਲ ਸਤਿਗੁਰੂ ਜੀ ਨੂੰ ‘ਜੀ.ਜੀ.ਐਸ.’ ਹੀ ਆਖੀ ਜਾ ਰਿਹਾ ਐ; ਖਿਮਾ ਕਰਨਾ, ਮੈਂ ਐਸੇ ‘ਸਿੱਖ’ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ।”

ਸਾਡੇ ਵੇਲਿਆਂ ਦਾ ਇਹ ਕੈਸਾ ਕਰੁਣਾਮਈ ਵਿਅੰਗ ਹੈ। ਬਹੁਤੀਆਂ ਖੇਡ ਕਲੱਬਾਂ ਨੇ, ਗੁਰੂ ਸਾਹਿਬਾਨ ਜਾਂ ਸਿੱਖ ਸ਼ਹੀਦਾਂ ਦੇ ਨਾਂਵਾਂ ਹੇਠ ਆਪਣੀਆਂ ਸੰਸਥਾਵਾਂ ਰਜਿਸਟਰਡ ਕਰਵਾਈਆਂ ਤਾਂ ਹੋਈਆਂ ਹਨ ਪਰ ਇਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲਣ ਦਾ ਕੋਈ ਉਦਮ-ਉਪਰਾਲਾ ਨਹੀਂ ਕੀਤਾ ਜਾਂਦਾ। ਜੇ ਇਨ੍ਹਾਂ ਮਹਾਂਪੁਰਖਾਂ ਦੇ ਸਿਧਾਂਤਾਂ ਦੇ ਨੇੜਿਓਂ-ਤੇੜਿਓਂ ਵੀ ਨਹੀਂ ਲੰਘਣਾ ਤਾਂ ਇਕੱਲੇ ਨਾਂਵਾਂ ਦੇ ਫੱਟੇ ਲਿਖਵਾਉਣ ਦਾ ਕੀ ਫਾਇਦਾ? ਮੰਨਿਆ ਕਿ ਤੁਹਾਡੇ ਮਨਾਂ ਵਿਚ ਆਪਣੇ ਵਡਿੱਕਿਆਂ ਲਈ ਚਾਅ ਤੇ ਸਤਿਕਾਰ ਹੈ ਪਰ ਇਹ ਨਿਰਾ ਪੁਰਾ ਦਿਲਾਂ ਵਿਚ ਹੀ ਨਹੀਂ ਰਹਿਣਾ ਚਾਹੀਦਾ। ਸਿੱਖੀ ਮਾਰਗ ਵਿਚ ਬਾਹਰੀ ਰਹਿਤ-ਬਹਿਤ ਨੂੰ ਵੀ ਉਤਨੀ ਮਹਾਨਤਾ ਹਾਸਲ ਹੈ, ਜਿਤਨੀ ਦਿਲ ਵਿਚ ਧਾਰੀ ਹੋਈ ਸਿੱਖੀ ਨੂੰ। ਅਸਲ ਵਿਚ ਇਨ੍ਹਾਂ ਦੋਵਾਂ ਦਾ ਜੋੜ ਮੇਲਾ ਨਿਹਾਇਤ ਜ਼ਰੂਰੀ ਹੈ। ਇਸ ਕਰਕੇ ਗੁਰੂ ਸਾਹਿਬਾਨ ਜਾਂ ਸਿੰਘ ਸ਼ਹੀਦਾਂ ਦੇ ਆਸ਼ੇ ਮੁਤਾਬਕ ਬਾਹਰੀ ਸਰੂਪ ਵੱਲ ਵੀ ਤਵੱਜੋ ਦੇਣੀ ਬਣਦੀ ਹੈ।

ਹੁਣ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਕਬੱਡੀ ਟੂਰਨਾਮੈਂਟ ਕਰਵਾਉਣ ਦਾ ਰਿਵਾਜ਼ ਚੱਲ ਪਿਆ ਹੈ, ਜਦਕਿ ਇਨ੍ਹਾਂ ਦਾ ਮੁੱਖ ਕਾਰਨ ਗੁਰਮਤਿ ਦਾ ਪ੍ਰਚਾਰ-ਪਸਾਰ ਹੀ ਮੰਨਿਆ ਗਿਆ ਹੈ। ਚਲੋ ਖੈਰ! ਜੇ ਇਨ੍ਹਾਂ ਧਾਰਮਿਕ ਸੰਸਥਾਵਾਂ ਨੇ ਕਬੱਡੀ ਖਿਡਾਉਣੀ ਹੀ ਹੈ ਤਾਂ ਉਕਤ ਨੁਕਤਿਆਂ ਦਾ ਧਿਆਨ ਰੱਖਣਾ ਜ਼ਰੂਰੀ ਬਣਦਾ ਹੈ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ) ਨੇ ਕੇਸਧਾਰੀ ਸਿੱਖ ਖਿਡਾਰੀਆਂ ਦੀ ਕਬੱਡੀ ਟੀਮ ਬਣਾਈ ਹੋਈ ਹੈ। ਜਦੋਂ ਗੁਰਦੁਆਰਾ ਪ੍ਰਬੰਧਕ, ਖੇਡ ਮੈਦਾਨ ਵਿਚ ਜਾ ਕੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗਜਾਉਂਦਿਆਂ, ਕਲੀਨ ਸ਼ੇਵ ਖਿਡਾਰੀਆਂ ਦੇ ਗਲਾਂ ਵਿਚ ਪੀਲੇ ਰੰਗ ਦੇ ਸਿਰੋਪਾ ਪਾਉਂਦੇ ਹਨ ਤਾਂ ਕੀ ਉਦੋਂ ਹਾਸੋ-ਹੀਣੀ ਸਥਿਤੀ ਨਹੀਂ ਬਣ ਜਾਂਦੀ, ਜਦੋਂ ਉਹੀ ਪ੍ਰਬੰਧਕ ਗੁਰਦੁਆਰੇ ਆਏ ਨੌਜਵਾਨਾਂ ਨੂੰ ‘ਕੇਸ ਗੁਰੂ ਕੀ ਮੋਹਰ ਹਨ’ ਦਾ ਉਪਦੇਸ਼ ਦੇਣ ਲੱਗ ਜਾਂਦੇ ਹਨ।

ਆਖਰ ਵਿਚ ਗੱਲ ਕਰਦੇ ਹਾਂ ਅੱਜ ਦੇ ਕਬੱਡੀ ਖਿਡਾਰੀਆਂ ਦੇ ਦਿਲਚਸਪ ਨਾਂਵਾਂ ਬਾਰੇ। ਸਾਰੀ ਉਮਰ ਹਾਕੀ ਖੇਡਦਿਆਂ ਪ੍ਰਗਟ ਸਿੰਘ ਨਾ ‘ਪੱਗੋ’ ਬਣਿਆ, ਨਾ ਹੀ ‘ਪੱਗੂ’। ਅਜੀਤਪਾਲ ਸਿੰਘ ਨੇ ‘ਜੀਤਾ’ ਜਾਂ ‘ਪਾਲੀ’ ਨਹੀਂ ਕਹਾਇਆ। ਕ੍ਰਿਕਟਰ ਬਿਸ਼ਨ ਸਿੰਘ ਬੇਦੀ ‘ਬਿੱਛੂ’ ਜਾਂ ‘ਬਿਸ਼ਨਾ’ ਨਹੀਂ ਬਣਿਆ। ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਨਾਂ ਨਹੀਂ ਵਿਗਾੜਿਆ। ਬਹਾਦਰ ਸਿੰਘ ਸਾਬਤ-ਸੂਰਤਿ ਰਹਿ ਕੇ ਕੌਮਾਂਤਰੀ ਵੇਟ-ਲਿਫਟਰ ਬਣਿਆ ਰਿਹਾ। ਓਲੰਪਿਕ ਤੱਕ ਫੁੱਟਬਾਲ ਖੇਡਣ ਵਾਲਾ ਜਰਨੈਲ ਸਿੰਘ (ਪਨਾਮ) ਜੈਲਾ ਜਾਂ ਜੈਲੀ ਕਹਾਉਣ ਦੀ ਥਾਂ ‘ਜਰਨੈਲ ਸਿੰਘ’ ਵਜੋਂ ਹੀ ਖੇਡਦਾ ਰਿਹਾ। ਹੋਰ ਤਾਂ ਹੋਰ ਕਪਿਲ ਦੇਵ, ਮੁਰਲੀਧਰਨ, ਅਜ਼ਹਰ-ਉਦ-ਦੀਨ ਜਾਂ ਇਮਰਾਨ ਖਾਨ ਵਰਗੇ ਮਸ਼ਹੂਰ ਖਿਡਾਰੀਆਂ ਨੇ ਵੀ ਆਪਣੇ ਨਾਂ ਨਹੀਂ ਵਿਗੜਨ ਦਿੱਤੇ।

ਸਾਡੇ ਅੱਜ ਦੇ ਕਬੱਡੀ ਖਿਡਾਰੀਆਂ ਨੂੰ ਪਤਾ ਨਹੀਂ ਕੀ ਝੱਲ ਕੁੱਦਿਆ ਹੋਇਐ? ਖ਼ਜ਼ੂਰਾਂ ਜਿੱਡੇ-ਜਿੱਡੇ ਲੰਮੇ ਇਨ੍ਹਾਂ ਦੇ ਕੱਦ-ਕਾਠ, ਗਜ਼-ਗਜ਼ ਚੌੜੀਆਂ ਛਾਤੀਆਂ ਅਤੇ ਦੈਂਤਾਂ ਵਰਗੀ ਇਨ੍ਹਾਂ ਵਿਚ ਤਾਕਤ ਪਰ ਆਪਣੇ ਨਾਂ ਇਨ੍ਹਾਂ ਦੇ ਦੁੱਧ ਚੁੰਘਦੇ ਗੀਗਿਆਂ ਵਰਗੇ ਰੱਖੇ ਹੋਏ ਨੇ। ਇੰਗਲੈਂਡ ਦੀ ਹੀ ਅਖ਼ਬਾਰ ਅਨੁਸਾਰ ਇਨ੍ਹਾਂ ਦੇ ਨਾਂਵਾਂ ਦੇ ਨਮੂਨੇ ਦੋਖੋ ਜ਼ਰਾ- ਜੀਤੀ, ਤੁੰਨਾ, ਸੁੱਪੀ, ਨਿੱਪਾ, ਫੀਰੀ, ਕੰਮਾ, ਪਾਲੀ, ਗੋਲੂ, ਸਾਬ੍ਹੀ, ਗੋਰਾ, ਲਾਲੀ, ਸੋਖਾ, ਮੱਤਾ, ਗੁੱਗੂ ਅਤੇ ਗੋਲਡੀ। ਪੇਂਡੂ ਪਿਛੋਕੜ ਵਾਲੇ ਪਾਠਕ ਮੇਰੇ ਨਾਲ ਇਸ ਗੱਲੋਂ ਸਹਿਮਤ ਹੋਣਗੇ ਕਿ ਪਿੰਡਾਂ ਥਾਂਵਾਂ ਵਿਚ ਅਕਸਰ ਅਜਿਹੇ ਬੇ-ਢੰਗੇ ਜਿਹੇ ਨਾਂ ਹਾਸੇ-ਮਖੌਲ ਵਜੋਂ ਕਿਸੇ ਦਾ ਨਾਂ-ਕੁ-ਨਾਂ ਪਾਉਣ ਜਾਂ ਕਿਸੇ ਦੀ ਛੇੜ ਪਾਉਣ ਲਈ ਰੱਖੇ ਜਾਂਦੇ ਹਨ। ਅਜਿਹੇ ਹਾਸੋ-ਹੀਣੇ ਜਿਹੇ ਨਾਂ ਸਬੰਧਤ ਬੰਦੇ ਦੀ ਪਿੱਠ ਪਿੱਛੇ ਤਾਂ ਠੋਕ ਵਜਾ ਕੇ ਲਏ ਜਾਂਦੇ ਹਨ ਪਰ ਸਾਹਮਣੇ ਨਹੀਂ। ਕਈ ਵਾਰੀ ਬਹੁਤ ਭੈੜੀਆਂ ਛੇੜਾਂ ਕਾਰਨ ਪਿੰਡਾਂ ਵਿਚ ਲੜਾਈਆਂ ਵੀ ਹੋ ਜਾਂਦੀਆਂ ਹਨ ਪਰ ਸਦਕੇ ਜਾਈਏ ਸਾਡੇ ਕਬੱਡੀ ਖਿਡਾਰੀਆਂ ਦੇ ਜੋ ਚੱਟਾਨਾਂ ਜਿਹੇ ਫੌਲਾਦੀ ਜਿਸਮਾਂ ਦੇ ਮਾਲਕ ਹੁੰਦਿਆਂ ਵੀ ਤੁੰਨੇ-ਮੁੰਨੇ-ਡੁੰਨੇ ਕਹਾ ਕੇ ਖੁਸ਼ ਹੋਈ ਜਾਂਦੇ ਹਨ!!

ਮੇਰੀ ਇਸ ਲਿਖਤ ਦਾ ਕਤੱਈ ਇਹ ਅਰਥ ਨਾ ਕੱਢਿਆ ਜਾਵੇ ਕਿ ਮੈਂ ਕਬੱਡੀ ਜਾਂ ਇਹ ਖੇਡਣ ਵਾਲੇ ਕਲੀਨ ਸ਼ੇਵ ਖਿਡਾਰੀਆਂ ਦਾ ਵਿਰੋਧੀ ਹਾਂ। ਮੇਰੀ ਭਾਵਨਾ ਬਿਲਕੁਲ ਐਸੀ ਨਹੀਂ ਹੈ। ਮੇਰੀ ਤੜਪ ਤਾਂ ਬੱਸ ਇੰਨੀ ਹੈ ਕਿ ਜੇ ਕਬੱਡੀ ਨੂੰ ਪੰਜਾਬੀਆਂ ਦੀ ਜਾਂ ਪੰਜਾਬ ਦੀ ਮਾਂ ਖੇਡ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਤਾਂ ਇਸ ਦਾ ਮੂੰਹ-ਮੱਥਾ ਤਾਂ ਪੰਜਾਬ ਦੀ ਆਤਮਾ ਦੇ ਨੇੜੇ-ਤੇੜੇ ਦਾ ਰੱਖੋ। ਮਾਂ-ਖੇਡ ਦੀ ਬੱਲੇ-ਬੱਲੇ ਕਰਾਉਂਦਿਆਂ ਕੁੱਛ ‘ਪਿਓ-ਗੁਰੂ’ ਦਾ ਵੀ ਖਿਆਲ ਰੱਖੋ; ਜਿਹਦੇ ਨਾਂ ‘ਤੇ ਪੰਜਾਬ ਵੱਸਦਾ ਆਖਿਆ ਜਾਂਦਾ ਹੈ। ਪੰਜਾਬ ਦੋਖੀਆਂ ਵੱਲੋਂ ਤਾਂ ਇਸ ਨੂੰ ਉਜਾੜਿਆ-ਲਤਾੜਿਆ ਜਾ ਹੀ ਰਿਹਾ ਹੈ, ਆਪਾਂ ਇਸ ਦੇ ਪੁੱਤਰ ਹੁੰਦਿਆਂ, ਜਾਣੇ-ਅਣਜਾਣੇ ਵਿਚ ਕਿਉਂ ਇਸ ਦੇ ਵਿਰਸੇ ਦੀ ਮਿੱਟੀ ਪਲੀਤ ਕਰੀ ਜਾ ਰਹੇ ਹਾਂ?