Friday, July 1, 2011

ਲੈ ਜਾ ਛੱਲੀਆਂ ਭੁਨਾਂ ਲਈਂ ਦਾਣੇ…!

ਇੰਟਰਨੈਟ ‘ਤੇ ਅਖ਼ਬਾਰਾਂ ਪੜ੍ਹਨ ਲਈ ਬਹਿੰਦਿਆਂ ਸਾਰ, ਰੋਜ਼ ਵਾਂਗ ਪਹਿਲਾਂ ਆਪਣੀ ‘ਈ-ਮੇਲ’ ਚੈਕ ਕੀਤੀ। ਪੰਜਾਬ ਤੋਂ ਪ੍ਰੋਫੈਸਰ ਭਰਾ ਦੇ ਆਏ ਸੁਨੇਹੇ ਦਾ ਸਿਰਲੇਖ ‘ਛੱਲੀਆਂ ਚੱਬੋ ਜੀ!’ ਦੇਖ ਕੇ ਕੰਨ ਖੜ੍ਹੇ ਹੋ ਗਏ। ਉਤਸੁਕ ਹੁੰਦਿਆਂ ਸੁਨੇਹੇ ਨਾਲ ਭੇਜੀ ਫੋਟੋ ‘ਤੇ ਕਲਿੱਕ ਕੀਤਾ ਤਾਂ ਮਘਦੇ ਹੋਏ ਕੋਲਿਆਂ ਉਪਰ ਭੁੱਜ ਰਹੀਆਂ ਛੱਲੀਆਂ ਦੇਖ ਕੇ ਜ਼ਿਹਨ ਵਿਚ ਸਾਉਣੀ ਦੀ ਰੁੱਤ, ਖਾਸ ਕਰਕੇ ਹਰੇ ਭਰੇ ਛੱਲੀਆਂ ਦੇ ਖੇਤ ਘੁੰਮਣ ਲੱਗ ਪਏ। ਭਰਾ ਨੇ ਲਿਖਿਆ ਸੀ, “ਬਾਜ਼ਾਰ ‘ਚੋਂ ਲੰਘਦਿਆਂ ਛੱਲੀਆਂ ਭੁੱਜਣ ਦੀ ਫੈਲ ਰਹੀ ਭਿੰਨੀ-ਭਿੰਨੀ ਸੁਗੰਧੀ, ਮੈਨੂੰ ਬਦੋ-ਬਦੀ ਬਿਹਾਰੀ ਪਰਵਾਸੀ ਦੀ ਰੇਹੜੀ ਵਲ ਖਿੱਚ ਕੇ ਲੈ ਗਈ।” ਰੇਹੜੀ ਤੋਂ ਗਰਮਾ-ਗਰਮ ਨਿੰਬੂ-ਚੇਪੀਆਂ ਛੱਲੀਆਂ ਘਰੇ ਲਿਜਾ ਕੇ ਉਸ ਨੇ ਆਪ ਵੀ ਚੱਬੀਆਂ ਤੇ ਮੇਰੇ ਭਤੀਜਿਆਂ ਨੇ ਵੀ ਇਸ ਮੌਸਮੀ ਤੋਹਫੇ ਦਾ ਅਨੰਦ ਮਾਣਿਆ। ਤੇ ਸਾਨੂੰ ਪਰਦੇਸ ਵਿਚ ਬੈਠਿਆਂ ਮੱਕੀ ਦੀ ਰੁੱਤ ਯਾਦ ਕਰਾਉਣ ਲਈ ਭੁੱਜਦੀਆਂ ਛੱਲੀਆਂ ਦੀ ਫੋਟੋ ‘ਈ-ਮੇਲ’ ਕਰ ਦਿੱਤੀ।

ਛੱਲੀਆਂ ਵੱਲ ਟਿਕ-ਟਕੀ ਲਾ ਕੇ ਦੇਖਦਿਆਂ ਕਰਤਾਪੁਰਖ ਦੀ ‘ਮਹਾਨ ਕਾਰੀਗਰੀ’ ਦਾ ਖਿਆਲ ਆਇਆ! ਕਿਵੇਂ ਮਾਲਾ ਪ੍ਰੋਣ ਵਾਂਗ ਸਿੱਧੀਆਂ ਪਾਲਾਂ ਵਿਚ ਸੋਨ-ਸੁਨਹਿਰੀ ਦਾਣੇ ਬੀੜੇ ਹੋਏ ਹਨ। ਛੱਲੀਆਂ ‘ਤੇ ਜਿੰਨੇ ਦਾਣੇ, ਉਤਨੀਆਂ ਹੀ ਛੱਲੀਆਂ ਦੀਆਂ ਗੱਲਾਂ ਯਾਦ ਆਉਣ ਲੱਗੀਆਂ। ਬਚਪਨ ਵਿਚ ਸੁਣੀ ਹੋਈ ਅੱਧ-ਪਚੱਧੀ ਜਿਹੀ ਬੁਝਾਰਤ ਯਾਦ ਆਈ:

ਹਰੀ ਸਾਂ ਮਨ ਭਰੀ ਸਾਂ
ਨਾਲ ਮੋਤੀਆਂ ਜੜੀ ਸਾਂ
ਲਾਲਾ ਜੀ ਦੇ ਬਾਗ ਵਿਚ
ਕੁੱਛੜ ਦੇ ਵਿਚ ਚੜ੍ਹੀ ਸਾਂ।

ਫੁੱਲੀ ਹੋਈ ਸਾਉਣੀ ਦੇ ਮੌਸਮ ਵਿਚ ਚਰ੍ਹੀਆਂ, ਬਾਜਰੇ, ਕਮਾਦ ਸਭ ਹਰੇ ਕਚੂਰ ਹੋਏ ਹੁੰਦੇ। ਮੱਕੀ ਦੇ ਟਾਂਡਿਆਂ ਨਾਲ ਲੱਗੀਆਂ ਛੱਲੀਆਂ ਦੇਖ ਕੇ ਅਸੀਂ ਤੋੜਨ ਲਈ ਕਾਹਲੇ ਪੈਣ ਲਗਦੇ ਪਰ ਸਿਆਣੇ ਕਹਿ ਦਿੰਦੇ ‘ਉਏ ਕਮਲਿਓ, ਹਾਲੇ ਤਾਂ ਇਹ ਸੂਤ ਕੱਤਦੀਆਂ ਨੇ।’ ਅਸੀਂ ਸੋਚਦੇ, ਇਨ੍ਹਾਂ ਦਾ ਚਰਖਾ ਤਾਂ ਕਿਤੇ ਦਿਖਾਈ ਨਹੀਂ ਦਿੰਦਾ। ਇਹ ਸੂਤ ਕਿਵੇਂ ਕੱਤਦੀਆਂ ਹੋਣਗੀਆਂ? ਬਜ਼ੁਰਗਾਂ ਦੇ ਮਨ੍ਹਾਂ ਕਰਦਿਆਂ ਵੀ ਅਸੀਂ ਚੋਰੀ-ਛਿਪੇ ਖੇਤਾਂ ਵਿਚ ਆਮ ਨਾਲੋਂ ਮੋਟੀਆਂ ਛੱਲੀਆਂ ਦੇ ਹਰੇ-ਹਰੇ ਪਰਦੇ ਫਰੋਲ-ਫਰੋਲ ਕੇ ਦਾਣਿਆਂ ਦਾ ਰੰਗ-ਢੰਗ ‘ਚੈਕ’ ਕਰਦੇ ਰਹਿੰਦੇ। ਕਈ ਦੋਧਾ ਛੱਲੀਆਂ ਹੀ ਤੋੜ ਲਿਆਉਂਦੇ, ਜੋ ਭੁੰਨਣ ਦੇ ਕਾਬਲ ਨਾ ਹੁੰਦੀਆਂ।
ਛੱਲੀਆਂ ਚਾਬੂ ਹੋਈਆਂ ‘ਤੇ ਅਸੀਂ ਨਿੰਮ ਥੱਲੇ ਢਾਂਡੀ ਲਾਉਂਦੇ। ਮਾਂ ਤੇ ਵੱਡੀਆਂ ਭੈਣਾਂ ਸਾਨੂੰ ਗਰਮ ਭੁੱਜੀਆਂ ਹੋਈਆਂ ਛੱਲੀਆਂ ਪਿੱਛੇ ਡੱਖਾ ਗੱਡ ਕੇ ਫੜਾ ਦਿੰਦੀਆਂ ਤਾਂ ਕਿ ਸਾਡੇ ਹੱਥ ਸੜਨੋਂ ਬਚੇ ਰਹਿਣ। ਕਈ ਵਾਰੀ ਉਨ੍ਹਾਂ ਨੇ ਸਾਡੇ ਨਾਲ ‘ਚਲਾਕੀ’ ਖੇਡਣੀ, ਆਖਣਾ ਲਿਆ ਵੀਰੇ! ਤੇਰੀ ਛੱਲੀ ਵਿਚ ਰਾਹ ਕਰ ਦੇਈਏ। ਫਿਰ ਅਰਾਮ ਨਾਲ ਚੱਬੀ ਜਾਵੀਂ। ਇੰਜ ਉਨ੍ਹਾਂ ਸਾਥੋਂ ਬਹਾਨੇ ਨਾਲ ਛੱਲੀਆਂ ਲੈ ਕੇ ਦੋ ਤਿੰਨ ਪਾਲਾਂ ਫਟਾ-ਫਟ ਚੱਬ ਜਾਣੀਆਂ। ਬਾਂਦਰ ਵੱਲੋਂ ਬਿੱਲੀਆਂ ਦੀ ਰੋਟੀ ਵੰਡਣ ਵਾਲੀ ਕਹਾਣੀ ਵਾਂਗ, ਆਪਣੀ ਛੱਲੀ ਦੇ ਦਾਣੇ ਘਟਦੇ ਦੇਖ ਕੇ ਸਾਡਾ ਦਿਲ ਥੋੜ੍ਹਾ ਹੋਣ ਲੱਗਦਾ, ਪਰ ਭੋਲੇ-ਭਾਅ ਅਸੀਂ ਦੇਖਦੇ ਹੀ ਰਹਿ ਜਾਂਦੇ।
ਢਾਂਡੀ ‘ਤੇ ਭੁੱਜਦੀਆਂ ਛੱਲੀਆਂ ਦੀ ਮਿੱਠੀ-ਮਿੱਠੀ ਮਹਿਕ ਸਾਨੂੰ ਸਬਰ ਨਾ ਆਉਣ ਦਿੰਦੀ। ਕਾਹਲੀ ਨਾਲ ਇਕ ਛੱਲੀ ਮੁਕਾ ਕੇ ਅਸੀਂ ਢਾਂਡੀ ‘ਤੇ ਭੁੱਜ ਰਹੀ ਕਿਸੇ ਮੋਟੀ ਸਾਰੀ ਛੱਲੀ ‘ਤੇ ਅੱਖ ਰੱਖ ਲੈਂਦੇ। ਕਿਸੇ ਵੇਲੇ ਭੈਣਾਂ ਨੇ ਸਾਡੇ ਨਾਲ ਲਾਡ ਕਰਦਿਆਂ, ਪਹਿਲਾਂ ਕਿਸੇ ਖੂਬਸੂਰਤ ਛੱਲੀ ਦੇ ਰਹੇ ਪਰਦਿਆਂ ਦੀ ਪਿੱਛੇ ਨੂੰ ਗੁੱਤ ਗੁੰਦ ਦੇਣੀ। ਫਿਰ ਉਸ ਨੂੰ ਧਿਆਨ ਨਾਲ ਪਲਟਾ-ਪਲਟਾ ਕੇ ਭੁੰਨਣਾ। ਭੁੰਨਣ ਉਪਰੰਤ ਉਹਦੀ ਗੁੱਤ ਸਾਨੂੰ ਫੜਾ ਦੇਣੀ। ਅਸੀਂ ਹੁੱਬ-ਹੁੱਬ ਕੇ ਅਜਿਹੀ ਛੱਲੀ ਭੋਰ-ਭੋਰ ਚੱਬਣੀ। ਜਦ ਗੁੱਲ ਨਿੱਕਲ ਆਉਣਾ ਤਾਂ ਗੁੱਤੋਂ ਫੜ ਕੇ ਅਕਾਸ਼ ਵੱਲ ਵਗਾਹ ਕੇ ਸੁੱਟ ਦੇਣਾ। ਪੂਰੀ ‘ਤਸੱਲੀ’ ਨਾਲ ਕਈ-ਕਈ ਛੱਲੀਆਂ ਚੱਬਣ ਮਗਰੋਂ ਚਾਟੀ ਦੀ ਲੱਸੀ ਵਿਚ ਲਾਹੌਰੀ ਲੂਣ ਘੋਲ ਕੇ ਦੋ-ਦੋ ਛੰਨੇ ਲੱਸੀ ਦੇ ਛਕ ਲੈਣੇ।

ਛੱਲੀਆਂ ਪੱਕਦੀਆਂ ਸਾਰ ਫਿਰ ਤਪਣੀ ਸ਼ੁਰੂ ਹੋ ਜਾਂਦੀ ਸੀ, ਚਾਚੀ ਕਰਮੀ ਦੀ ਭੱਠੀ। ਭੱਠੀ ਉਪਰ ਪੂਰਾ ਰੌਣਕ-ਮੇਲਾ ਲੱਗ ਜਾਂਦਾ ਉਨ੍ਹੀ ਦਿਨੀਂ। ਕੋਈ ਬੋਹੀਏ ਵਿਚ, ਕੋਈ ਗੋਹਲੇ ਵਿਚ ਅਤੇ ਕੋਈ ਆਪਣੇ ਝੱਗੇ ਦੇ ਪੱਲੇ ਵਿਚ ਹੀ ਦਾਣੇ ਲੈ ਕੇ ਬੈਠਾ ਹੁੰਦਾ। ਕਿਸੇ ਨੇ ਫਰਮਾਇਸ਼ ਕਰਨੀ, “ਤਾਈ, ਮੁਰ-ਮੁਰੇ ਕੱਢ ਦੇ।” ਕਿਸੇ ਆਖਣਾ, “ਖਿੱਲਾਂ ਬਣਾ ਦੇ।” ਬੀਬੇ ਜਿਹੇ ਸੁਭਾਅ ਵਾਲੇ ਮੁੰਡੇ-ਕੁੜੀਆਂ ਨੇ ਭੱਠੀ ਵਿਚ ਬਾਲਣ ਦਾ ਝੁਲਕਾ ਪਾਉਂਦੇ ਰਹਿਣਾ। ਚਾਚੀ ਕਰਮੀ ਕੜਾਹੀ ਵਿਚ ਭੁੱਜ ਰਹੇ ਦਾਣਿਆਂ ਵਿਚ, ਜਦੋਂ ਖਾਸ ਅੰਦਾਜ਼ ਨਾਲ ਦਾਤੀ ਘੁੰਮਾਉਂਦੀ ਤਾਂ ਅਸੀਂ ਉਸ ਨੂੰ ਬਹੁਤ ਹੁਨਰਮੰਦ ਜਨਾਨੀ ਸਮਝਦੇ, ਕਿਉਂਕਿ ਦਾਣੇ ਭੁੰਨਣ ਦਾ ‘ਹੁਨਰ’ ਪਿੰਡ ‘ਚ ਹੋਰ ਕਿਸੇ ਨੂੰ ਨਹੀਂ ਸੀ ਆਉਂਦਾ, ਅਸੀਂ ਸੋਚਦੇ ਰਹਿੰਦੇ।

ਭੁੱਜੇ ਹੋਏ ਦਾਣਿਆਂ ਦੀਆਂ ਜੇਬਾਂ ਭਰਕੇ ਅਸੀਂ ਦੁੜੰਗੇ ਮਾਰਦਿਆਂ ਹਾਣੀਆਂ ਨਾਲ ਗੁੱਲੀ ਡੰਡਾ, ਪਿੱਠੂ ਕਾਇਮ, ਗੋਲੇ (ਬਾਂਟੇ) ਜਾਂ ਲੁੱਕਣ-ਮੀਟੀ ਖੇਡਣ ਜਾ ਲੱਗਣਾ। ਰੱਬ ਜਾਣੇ ਉਹ ਕਿਹੋ ਜਿਹੇ ਦਿਨ ਸਨ, ਵਿਚੇ ਛੱਲੀਆਂ ਚੱਬੀ ਜਾਣੀਆਂ, ਨਾਲੇ ਅੱਧਾ-ਅੱਧਾ ਕਿਲੋ ਦਾਣੇ ਚੱਬ ਲੈਣੇ। ਉਹ ਸਾਰਾ ਕੁਝ ਸਾਡੇ ਢਿੱਡਾਂ ਵਿਚ ਪਤਾ ਨਹੀਂ ਕਿੱਧਰ ਸਮਾ ਜਾਂਦਾ ਹੋਵੇਗਾ? ਕਿਉਂਕਿ ਰਾਤ ਨੂੰ ਮੱਖਣ ਰਲੇ ਸਾਗ ਨਾਲ, ਅੰਨ੍ਹੇ ਦੀ ਹਿੱਕ ਵਰਗੀਆਂ ਮੱਕੀ ਦੀਆਂ ਦੋ-ਦੋ ਰੋਟੀਆਂ ਫੇਰ ਠੋਕ ਲੈਂਦੇ ਹੁੰਦੇ ਸਾਂ। ਬੇਫਿਕਰ ਹੋ ਕੇ ਲੱਸੀ ਦੇ ਗਲਾਸ ਵੀ ਡੀਕ ਲੈਣੇ। ਨਾ ਸੜੀ-ਸ਼ੂਗਰ, ਨਾ ਕੁਲਹਿਣੇ-ਕਲੈਸਟ੍ਰੋਲ ਅਤੇ ਨਾ ਕੋਈ ਬਦਹਜ਼ਮੀ। ‘ਬਲੱਡ ਪ੍ਰੈਸ਼ਰ’ ਤਾਂ ਕਿਸੇ ਨੂੰ ਕਹਿਣਾ ਵੀ ਨਹੀਂ ਸੀ ਆਉਂਦਾ।

ਸਾਰੀ ਰੋਹੀ ਕਣਕ ਦੀਆਂ ਰੋਟੀਆਂ ਖਾ-ਖਾ ਕੇ ਮੂੰਹ ਭਕਲ ਜਾਣੇ। ਮਸਾਂ ਕਿਤੇ ਸੁੱਖਾਂ ਲੱਧੀ ਮੱਕੀ ਦਾ ਆਟਾ ਘਰਾਂ ‘ਚ ਆਉਂਦਾ ਹੁੰਦਾ ਸੀ। ਪਹਿਲੇ ਦਿਨ ਮੱਕੀ ਦੀ ਰੋਟੀ ਪਕਾਉਣ ਲੱਗਿਆਂ ਧੂਫ-ਬੱਤੀ ਲਾ ਕੇ ਮੱਥਾ ਟੇਕਿਆ ਜਾਂਦਾ ਸੀ। ਤਾਜ਼ੀ ਮੱਕੀ ਦੀ ਰੋਟੀ, ਮੱਖਣ ਤੇ ਸ਼ੱਕਰ ਵਿਚ ਰਲ-ਗੱਡ ਕਰ ਕੇ ਚੂਰੀ ਬਣਾਈ ਜਾਂਦੀ। ਜਿਹੜੇ ਉਹ ਚੂਰੀ ਖਾਂਦੇ ਰਹੇ ਹੋਣਗੇ, ਉਹ ਮੇਰੀ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਹਾਲੇ ਤੱਕ ਉਸ ਚੂਰੀ ਜਿਹਾ ਸਵਾਦੀ ਪਦਾਰਥ ਹੋਰ ਕੋਈ ਨਹੀਂ ਹੋਂਦ ਵਿਚ ਆਇਆ। ਸਵਾਦੀ ਦੇ ਨਾਲ-ਨਾਲ ਪੌਸ਼ਟਿਕ ਵੀ। ਅੱਜ-ਕੱਲ੍ਹ ਦੀਆਂ ਮਠਿਆਈਆਂ ਨੂੰ ਮਾਤ ਪਾਉਂਦੀ ਉਹ ਚੂਰੀ ਚੇਤੇ ਕਰਕੇ ਹੁਣ ਸਿਰਫ਼ ਲਾਲਾਂ ਹੀ ਸੁੱਟੀਆਂ ਜਾ ਸਕਦੀਆਂ ਨੇ, ਜਾਂ ਫਿਰ ਇੰਜ ਕਿਹਾ ਜਾ ਸਕਦਾ ਹੈ ਕਿ ‘ਉਹ ਮਾਂ ਮਰ ਗਈ ਜਿਹੜੀ ਮੱਖਣ ਨਾਲ ਟੁੱਕ ਦਿੰਦੀ ਹੁੰਦੀ ਸੀ।’

ਮੱਕੀ ਵਾਲਾ ਮੌਸਮ ਸਾਨੂੰ ਇਕੋ ਗੱਲ ਤੋਂ ਬਹੁਤ ਭੈੜਾ ਲੱਗਦਾ ਹੁੰਦਾ ਸੀ; ਉਹ ਇਹ ਕਿ ਜਦੋਂ ਪੱਠੇ ਕੁਤਰਨ ਵਾਲੀ ਮਸ਼ੀਨ ਨਾਲ ਟਾਂਡਿਆਂ ਦੇ ਕਈ-ਕਈ ਬੰਦ ਕੁਤਰਨੇ ਪੈਂਦੇ। ਪਹਿਲਾਂ ਟਾਂਡਿਆਂ ਦਾ ਜੜ੍ਹਾਂ ਵਾਲਾ ਇਕ-ਇਕ ਹੱਥ ਦਾ ਸਖ਼ਤ ਹਿੱਸਾ ਗੰਡਾਸੇ ਨਾਲ ਟੁੱਕਣਾ। ਫਿਰ ਬੰਦਾਂ ਨੂੰ ਮਸ਼ੀਨ ਨਾਲ ਕੁਤਰਨਾ। ਪਰਨਾਲੇ ਵਿਚ ਟਾਂਡਿਆਂ ਦਾ ਗਾਲਾ ਲਾਉਣ ਵਾਲੇ ਨੇ ਕਦੇ ਸ਼ਰਾਰਤ ਨਾਲ ਪੰਜ-ਸੱਤ ਟਾਂਡੇ ਆਮ ਨਾਲੋਂ ਵੱਧ ਰੱਖ ਦੇਣੇ ਤਾਂ ਮਸ਼ੀਨ ਘੁਮਾਉਣ ਵਾਲੇ ਦੀ ਜੀਭ ਨਿਕਲ ਆਉਂਦੀ। ਨਾਲੇ ਸੁੱਕੀ ਕੜਬ ਦੀ ਰੀਣ ਚੜ੍ਹਨੀ, ਨਾਲੇ ਸਾਹ ਚੜ੍ਹਨਾ ਪਰ ਇਹ ਸਖ਼ਤ ਜਾਨ ਕੰਮ ਰੋਜ਼ ਹੀ ਕਰਨਾ ਪੈਂਦਾ ਸੀ। ਜਦ ਕੁ ਗੇੜੀਆਂ ਦਾ ਰਿਵਾਜ ਚੱਲਿਆ ਤਾਂ ਜਾਨ ਛੁੱਟੀ। ਟਾਂਡਿਆਂ ਦਾ ਜੜ੍ਹਾਂ ਵਾਲਾ ਹਿੱਸਾ ਚੁੱਲ੍ਹੇ ‘ਚ ਬਾਲਣ ਦੇ ਕੰਮ ਆਉਂਦਾ। ਪਸ਼ੂਆਂ ਦੀਆਂ ਖੁਰਲੀਆਂ ਵਿਚ ਪਈ ਜੂਠ ਗੋਹੇ ਵਿਚ ਰਲਾ ਕੇ ਪਾਥੀਆਂ ਪੱਥੀਆਂ ਜਾਂਦੀਆਂ।

ਘਰਾਂ ਵਿਚ ਵਿਹਲੇ ਬੈਠੇ ਦਾਦੇ-ਬਾਬੇ ਟਾਂਡਿਆਂ ਵਿਚਲੇ ਚਿੱਟੇ ਗੁੱਦੇ ਦੇ ਕੱਟ-ਕੱਟ ਕੇ ਨਿੱਕੇ-ਨਿੱਕੇ ‘ਪਾਵੇ’ ਬਣਾ ਕੇ ਉਨ੍ਹਾਂ ਵਿਚ ਟਾਂਡਿਆਂ ਦੇ ਹੀ ਛਿਲਕੇ ਦੀਆਂ ਬਰੀਕ ਲੰਮੀਆਂ ਸੀਖਾਂ ਜਿਹੀਆਂ ਗੱਡ ਕੇ ‘ਮੰਜੇ-ਪੀੜ੍ਹੀਆਂ’ ਬਣਾ ਦਿੰਦੇ ਸਨ। ਛੋਟੇ ਬੱਚਿਆਂ ਲਈ ਇਹੀ ਸਭ ਤੋਂ ਵਧੀਆ ‘ਗਿਫ਼ਟ’ ਹੁੰਦੇ ਸਨ। ਖੇਡਦਿਆਂ-ਖੇਡਦਿਆਂ ਜਦ ਅਸੀਂ ਇਕ ਦੂਜੇ ਨਾਲ ਲੜ ਪੈਣਾ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਮੰਜੇ-ਪੀੜ੍ਹੀਆਂ ਦੀ ਹੀ ਸ਼ਾਮਤ ਆਉਂਦੀ। ਇਸ ਖੇਡ ਤੋਂ ਇਲਾਵਾ ਗਿੱਲੇ-ਬੱਤੇ ਜਿਹੇ ਟਾਂਡਿਆਂ ਦੀ ਖਾਸ ਜੁਗਤ ਨਾਲ ਛਿਲਕ ਲਾਹ ਕੇ ‘ਸਾਰੰਗੀ’ ਵੀ ਬਣਾ ਲਈ ਜਾਂਦੀ ਸੀ। ਜ਼ਿਆਦਾ ਕਾਰੀਗਰ ਨਿਆਣੇ ਟਾਂਡਿਆਂ ਦੀ ਬਣਾਈ ਉਸ ਸਾਰੰਗੀ
ਨਾਲ ‘ਮੇਰਾ ਮਨ ਡੋਲੇ ਮੇਰਾ ਤਨ ਡੋਲੇ’ ਦੀ ਤਰਜ਼ ਵੀ ਵਜਾ ਲੈਂਦੇ ਸਨ।

ਛੱਲੀ ਤੋਂ ਬਣੀ ਹੋਈ ਕਹਾਵਤ ਵੀ ਬੜੀ ਮਸ਼ਹੂਰ ਹੈ। ਅਗਲੇ ਦੀਆਂ ਸੌ ਦਲੀਲਾਂ-ਅਪੀਲਾਂ ਸੁਣ ਕੇ ਵੀ, ਮੋਹਰਿਉਂ ਕੋਈ ਮੁੜ-ਘਿੜ ਕੇ ਪਹਿਲੇ ਨੁਕਤੇ ਵਾਲੀ ਗੱਲ ਹੀ ਕਰੀ ਜਾਵੇ ਤਾਂ ਕਿਹਾ ਜਾਂਦਾ ਹੈ: ‘ਇਹ ਗੱਲ ਤਾਂ ਮੰਨੀ, ਪਰ ਤੂੰ ਛੱਲੀ ਕਾਹਤੋਂ ਭੰਨ੍ਹੀ’, ਵਾਲੀ ਗੱਲ ਕਿਉਂ ਕਰੀ ਜਾਨੈ ਯਾਰ? ਮੇਰੇ ਇਕ ਹਮ-ਜਮਾਤੀ ਨੇ ਚੋਰੀ ਛੱਲੀਆਂ ਭੰਨ੍ਹਣ ਦੀ ਵਧੀਆ ‘ਤੁਕ ਬੰਦੀ’ ਬਣਾਈ ਹੋਈ ਸੀ:

ਆਈ ਐਮ ਨੇ ‘ਸਮ’ ਛੱਲੀਆਂ ਭੰਨ੍ਹੀਆਂ,
ਉਪਰੋਂ ਆ ਗਿਆ ‘ਓਲਡ’ ਕਿਸਾਨ।
ਪੰਜਾਂ-ਸੱਤਾਂ ਛੱਲੀਆਂ ‘ਵਿੱਦ’
‘ਵ੍ਹੱਟ-ਡੂ-ਯੂ’ ਨੁਕਸਾਨ?

ਮੱਕੀ ਵਾਲੀ ਰੁੱਤ ਵਿਚ ਖਾਸ ਕਰਕੇ ਛੱਲੀਆਂ ਚੱਬਣ ਵਾਲੇ ਦਿਨੀਂ, ਕੋਠਿਆਂ ‘ਤੇ ਵੱਜਦੇ ਲਾਊਡ ਸਪੀਕਰਾਂ ਤੋਂ ਬੜਾ ਪਿਆਰਾ ਗੀਤ ਸੁਣਦੇ ਹੁੰਦੇ ਸਾਂ, “ਲੈ ਜਾ ਛੱਲੀਆਂ ਭੁਨਾਂ ਲਈਂ ਦਾਣੇ, ਵੇ ਮਿੱਤਰਾ ਦੂਰ ਦਿਆ।” ਅੱਜ ਛੋਟੇ ਭਰਾ ਵੱਲੋਂ ਭੇਜੀ ਹੋਈ ਭੁੱਜੀਆਂ ਛੱਲੀਆਂ ਦੀ ਫੋਟੋ ਦੇਖ ਕੇ, ਮਾਦਰੇ-ਵਤਨ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਕੈਲੀਫੋਰਨੀਆ ਬੈਠੇ ਨੂੰ, ਮੈਨੂੰ ਲੈ ਜਾ ਛੱਲੀਆਂ ਵਾਲਾ ਗਾਣਾ ਯਾਦ ਆ ਗਿਆ ਪਰ ਮੈਂ ਇਸ ਗੀਤ ਦੀ ਭੰਨ ਤੋੜ ਇੰਜ ਕਰ ਲਈ:

ਹੁਣ ਝੂਰ ਲੈ ਭਰਾਵਾ ਦੂਰ ਬੈਠਿਆ
ਫੋਟੋ ਦੇਖ ਛੱਲੀਆਂ ਦੀ।