ਅਜਿਹੀ ਇੱਛਾ ਤਾਂ ਭਾਈ ਵੀਰ ਸਿੰਘ ਜਿਹਾ ਕੋਈ ਦਰਵੇਸ਼ ਵਿਅਕਤੀ ਹੀ ਜਾਹਰ ਕਰ ਸਕਦਾ ਹੈ, ਜੋ ਅਠ੍ਹਾਰਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਦੀਵਾਨ ਕੌੜਾ ਮੱਲ, ਉਰਫ਼ ਮਿੱਠਾ ਮੱਲ ਦੇ ਖ਼ਾਨਦਾਨ ਨਾਲ ਸੰਬੰਧਤ ਹੁੰਦਿਆਂ ਹੋਇਆਂ ਵੀ ਇੰਝ ਆਖਦਾ ਹੈ :
‘ਮੇਰੀ ਛਿਪੇ ਰਹਿਣ ਦੀ ਚਾਹ ਮੈਂ ਨੀਵਾਂ ਉੱਗਿਆ!’
ਸਾਡੇ ਸਮਿਆਂ ਵਿਚ ਤਾਂ ਹਰ ਇਕ ਦੀ ਇਹੀ ਲਾਲਸਾ ਬਣੀ ਹੋਈ ਹੈ ਕਿ ਚਾਰ-ਚੁਫੇਰਿਓਂ ਮੇਰੇ ਹੀ ਨਾਂ ਦੀਆਂ ਗੂੰਜਾਂ ਪੈਣ। ਅਖ਼ਬਾਰਾਂ, ਮੈਗਜ਼ੀਨਾਂ ਅਤੇ ਇਲੈਕਟ੍ਰਾਨਿਕ ਮੀਡੀਏ ਵਿਚ ਮੇਰੀ ਹੀ ਚਰਚਾ ਹੋਵੇ। ਕਰਤੂਤ ਭਾਵੇਂ ਵਿਚ ਕੋਈ ਹੋਵੇ ਜਾਂ ਨਾ ਹੋਵੇ ਪਰ ਲੋਕਾਂ ਵਿਚ ਮੇਰੀ ਹੀ ਪ੍ਰਭਤਾ ਫ਼ੈਲਣੀ ਚਾਹੀਦੀ ਹੈ। ਸਾਡੇ ਆਲੇ-ਦੁਆਲੇ ਭਾਰੀ ਗਿਣਤੀ ਵਿਚ ਸਭਾ ਸੁਸਾਇਟੀਆਂ ਜਾਂ ਸੰਸਥਾਵਾਂ ਬਣਦੀਆਂ ਹਨ, ਫਿਰ ਟੁੱਟਦੀਆਂ ਹਨ। ਅਜਿਹੀ ਟੁੱਟ-ਭੱਜ ਹੋਣ ਦਾ ਸਭ ਤੋਂ ਵੱਡਾ ਕਾਰਨ ਵੀ ਕੁਝ ਵਿਅਕਤੀਆਂ ਦੀ ਹਊਮੈ ਹੀ ਹੁੰਦੀ ਹੈ। ਹਰ ਸਭਾ ਸੁਸਾਇਟੀ ਦਾ ਹਰੇਕ ਮੈਂਬਰ ਚਾਹੁੰਦਾ ਹੈ ਕਿ ਮੇਰੇ ਨਾਂ ਨਾਲ ਲੰਬੜਦਾਰੀ ਦਾ ਛੱਜ ਬੱਝਣਾ ਚਾਹੀਦਾ ਹੈ। ਪੁਆੜੇ ਦੀ ਜੜ੍ਹ ਬਣਨ ਵਾਲਾ ਲੰਬੜਦਾਰੀ ਦਾ ਛੱਜ ਹੀ, ਇਕ ਜਥੇਬੰਦੀਆਂ ਦੀਆਂ ਦੋ, ਫਿਰ ਅੱਗੇ ਦੋ ਤੋਂ ਤਿੰਨ ਅਤੇ ਤਿੰਨ ਤੋਂ ਚਾਰ ਬਣਾ ਛੱਡਦਾ ਹੈ।
ਅੱਗੇ ਵਧਣ ਤੋਂ ਪਹਿਲਾਂ ਅਹਿ ਲੰਬੜਦਾਰੀ ਦੇ ਛੱਜ ਦੀ ਹੀ ਗੱਲ ਕਰ ਲਈਏ! ਹੈਰਾਨੀ ਦੀ ਗੱਲ ਹੈ ਕਿ ਘਰਾਂ ਵਿਚ ਦਾਣਾ-ਫੱਕਾ, ਦਾਲਾਂ ਜਾਂ ਹੋਰ ਨਿਕ-ਸੁਕ ਛੱਟਣ ਲਈ ਕੰਮ ਆਉਣ ਵਾਲਾ ਨਿਗੂਣਾ ਛੱਜ, ਪਿੰਡ ਦੇ ਸਿਰਮੌਰ ਅਹੁਦੇਦਾਰ ਲੰਬੜਦਾਰ ਨਾਲ ਜਾਂ ਲੰਬੜਦਾਰੀ ਨਾਲ ਕਿਵੇਂ ਜੁੜ ਗਿਆ? ਹਾਲਾਂਕਿ ਪਿੰਡਾਂ ਵਿਚ ਲੰਬੜਦਾਰੀ ਦਾ ਸਰਪੰਚੀ ਨਾਲੋਂ ਜਿ਼ਆਦਾ ਟੌਹਰ-ਟੱਪਾ ਹੁੰਦਾ ਹੈ। ਸਰਪੰਚੀ ਨੂੰ ਤਾਂ ‘ਫਸਲੀ ਬਟੇਰਾ’ ਕਿਹਾ ਜਾਂਦਾ ਹੈ ਪਰ ਜੋ ਹਰ ਪੰਜੀਂ ਸਾਲੀਂ ਇਕ ਘਰ ਤੋਂ ਦੂਜੇ ਘਰ ਉਡਾਰੀ ਮਾਰ ਜਾਂਦਾ ਹੈ। ਲੇਕਿਨ ਲੰਬੜਦਾਰੀ ਆ਼ਖਰੀ ਦਮ ਤਕ ਲੰਬੜਦਾਰ ਦੇ ਨਾਲ ਹੀ ਰਹਿੰਦੀ ਹੈ। ਪਹਿਲਾਂ ਤਾਂ ਲੰਬੜਦਾਰੀ ਪੁਸ਼ਤ ਦਰ ਪੁਸ਼ਤ ਭਾਵ ਖਾਨਦਾਨ ਵਿਚ ਹੀ ਰਹਿੰਦੀ ਰਹੀ ਹੈ ਪਰ ਕੁਝ ਵਰ੍ਹਿਆਂ ਤੋਂ ਕਾਨੂੰਨ ਵਿਚ ਸੋਧ ਕਰਕੇ ਖਾਨਦਾਨੀ ਸਿਸਟਮ ਬਦਲ ਦਿੱਤਾ ਗਿਆ ਹੈ।
ਖੈਰ, ਗੱਲ ਤਾਂ ਆਪਾਂ ਕਰ ਰਹੇ ਸਾਂ ਲੰਬੜਦਾਰੀ ਦੇ ਛੱਜ ਦੀ, ਪਰ ਇਹ ਤੁਰ ਪਈ ਐ ਹੋਰ ਪਾਸੇ। ਚਲੋ, ਮੁੜ ਆਪਣੇ ਵਿਸ਼ੇ ‘ਤੇ ਆਈਏ ਕਿ ਲੰਬੜਦਾਰੀ ਭਾਵ ਇਕ ਸਨਮਾਨਯੋਗ ਅਹੁਦੇ ਦੇ ਨਾਮ ਨਾਲ ‘ਛੱਜ’ ਕਿਵੇਂ ਜੁੜ ਗਿਆ? ਇਸ ਸਵਾਲ ਦਾ ਉੱਤਰ ਲੱਭਣ ਲਈ ਮੈਂ ਐਸ.ਐਸ. ਵਣਜਾਰਾ ਬੇਦੀ ਦਾ ਲੋਕ-ਯਾਨ ਵਾਚਿਆ। ਹੋਰ ਬਹੁ-ਭਾਂਤੀ ਜਾਣਕਾਰੀਆਂ ਤਾਂ ਅਣਗਿਣਤ ਮਿਲ ਗਈਆਂ ਪਰ ਇਹ ਮਸਲਾ ਹੱਲ ਨਾ ਹੋਇਆ। ਇਕ ਦਿਨ ਦਿਮਾਗ਼ ਦੀ ਕੋਈ ‘ਚਿੱਪ’ ਆਪੇ ਹੀ ਹਿੱਲ-ਹੁੱਲ ਗਈ ਤਾ ਉਹ ਕਹਾਣੀ ਯਾਦ ਆ ਗਈ, ਜਿਥੋਂ ਕਿਸੇ ਅਹੁਦੇਦਾਰੀ ਲਈ ਛੱਜ, ਪ੍ਰਤੀਕ ਬਣਿਆ ਹੋਵੇਗਾ। ਜੇ ਤੁਸੀਂ ਇਹ ਕਥਾ ਪਹਿਲੋਂ ਕਿਤੇ ਸੁਣ ਚੁੱਕੇ ਹੋ ਤਾਂ ਕ੍ਰਿਪਾ ਕਰਕੇ ਇਕ ਵਾਰ ਹੋਰ ਸੁਣਨ ਦੀ ਖੇਚਲ ਕਰ ਲੈਣੀ। ਨਹੀਂ ਤਾਂ ਜਿਨ੍ਹਾਂ ਨੇ ਨਹੀਂ ਸੁਣੀ, ਉਨ੍ਹਾਂ ਨੂੰ ਜ਼ਰਾ ਗੌਰ ਨਾਲ ਸੁਣਨ ਦਿਓ।
ਕਹਿੰਦੇ ਕਿਸੇ ਜੰਗਲ ਵਿਚੋਂ ਪੰਦਰਾਂ-ਵੀਹ ਗਿੱਦੜਾਂ ਦਾ ਟੋਲਾ ਰਾਤ ਦੇ ਵੇਲੇ ਪੱਧਰੇ ਖੇਤਾਂ ਵਲ ਨਿਕਲ ਆਇਆ। ਉਨ੍ਹਾਂ ਜੀਅ ਭਰ ਕੇ ਉਦਰ-ਪੂਰਤੀ ਕੀਤੀ ਅਤੇ ਜੱਟਾਂ ਦੀਆਂ ਫ਼ਸਲਾਂ ਉਜਾੜੀਆਂ। ਰੱਜ-ਪੁੱਜ ਕੇ ਲੱਗ ਪਏ ਖਰਮਸਤੀਆਂ ਕਰਨ। ਚੰਦ ਦੀ ਚਾਨਣੀ ਵਿਚ ਇਧਰ-ਉਧਰ ਘੁੰਮਦੇ ਹੋਏ ਉਹ ਇਕ ਐਸੇ ਖੇਤ ਵਿਚ ਜਾ ਪਹੁੰਚੇ, ਜਿਥੇ ਕਣਕ ਦੇ ਦਾਣਿਆਂ ਦਾ ਬੋਹਲ ਲੱਗਾ ਹੋਇਆ ਸੀ। ਦਾਣੇ ਛੱਟਣ-ਸੰਵਾਰਨ ਲਈ ਛੱਜ ਵੀ ਲਾਗੇ ਹੀ ਪਿਆ ਸੀ। ਸਰਵ੍ਹਾੜ ਦੇ ਕਾਨਿਆਂ ਨਾਲ ਬਣਾਇਆ ਸੁਨਹਿਰੀ ਭਾਅ ਮਾਰਦਾ ਛੱਜ ਦੇਖ ਕੇ, ਇਸ ਟੋਲੇ ਵਿਚ ਸ਼ਾਮਲ ਇਕ ਮੋਟੇ-ਤਾਜ਼ੇ ਗਿੱਦੜ ਦੇ ਮਨ ਵਿਚ ਪਤਾ ਨਹੀਂ ਕੀ ਸੁਝੀ। ਉਹ ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ ਕਿ ਜਿਵੇਂ ਕਿਸੇ ਪਿੰਡ ਦਾ ਮੁਖੀਆ ਇਕ ਲੰਬੜਦਾਰ ਹੁੰਦਾ ਹੈ, ਇਸੇ ਤਰ੍ਹਾਂ ਤੁਸੀਂ ਮੈਨੂੰ ਆਪਣਾ ਲੰਬੜਦਾਰ ਬਣਾ ਲਓ ਤਾਂ ਕਿ ਔੜ੍ਹੀ-ਸੌੜ੍ਹੀ ਵੇਲੇ ਮੈਂ ਤੁਹਾਡੀ ਸਭ ਦੀ ਅਗਵਾਈ ਕਰ ਸਕਾਂ। ਆਗੂ ਬਣਨ ਦੇ ਚਾਹਵਾਨ ਦੀ ਮੋਟੀ-ਡਾਢੀ ਸੂਰਤ ਦੇਖ ਕੇ ਸਾਰਿਆਂ ਨੇ ਉਸ ਨੂੰ ਆਪਣਾ ਮੁਖੀਆ ਥਾਪ ਲਿਆ। ਇਕ ਸਿਆਣੇ ਗਿੱਦੜ ਨੇ ਤਜਵੀਜ਼ ਰੱਖੀ ਕਿ ਸਾਡੇ ਆਗੂ ਦੀ ਕੋਈ ਖਾਸ ਨਿਸ਼ਾਨੀ ਵੀ ਹੋਣੀ ਚਾਹੀਦੀ ਹੈ। ਜਿਸ ਕਰਕੇ ਦੂਸਰਿਆਂ ਨੂੰ ਸਹਿਜੇ ਹੀ ਪਤਾ ਲੱਗੇ ਕਿ ਅਹਿ ਇਨ੍ਹਾਂ ਦਾ ਲੰਬੜਦਾਰ ਹੈ। “ਐਦਾਂ ਕਰੋ’’ ਆਗੂ ਬਣਿਆ ਗਿੱਦੜ ਲਾਗੇ ਪਏ ਛੱਜ ਵਲ ਇਸ਼ਾਰਾ ਕਰਕੇ ਕਹਿਣ ਲੱਗਾ, ਇਸ ਨੂੰ ਚੁੱਕ ਕੇ ਮੇਰੀ ਪੂਛ ਨਾਲ ਬੰਨ੍ਹ ਦਿਓ। ਸੁਨਹਿਰੀ ਜਿਹੀ ਭਾਅ ਮਾਰਦਾ ਇਹ ਛੱਜ ਹੋਵੇਗਾ ਮੇਰੇ ਅਹੁਦੇ ਦੀ ਨਿਸ਼ਾਨੀ।’’ ਦੋਂਹ-ਚਹੁੰ ਜਣਿਆਂ ਨੇ ਛੱਜ ਚੁੱਕ ਕੇ ਉਸ ਗਿੱਦੜ ਦੀ ਪੂਛ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ। ਨਵਾਂ-ਨਵਾਂ ਲੰਬੜਦਾਰ ਬਣਿਆ ਗਿੱਦੜ ਪ੍ਰਧਾਨਗੀ ਦੇ ਚਾਅ ਵਿਚ ਲੱਗ ਪਿਆ ਭਾਸ਼ਣ ਦੇਣ। ਆਪਣੇ ਸਾਥੀਆਂ ਨਾਲ ਵਾਅਦੇ ਅਤੇ ਦਾਅਵੇ ਕਰਨ ਲੱਗ ਪਿਆ। ਇਹ ਮੀਟਿੰਗ ਇੰਨੀ ਲੰਬੀ ਹੋ ਗਈ ਕਿ ਉਨ੍ਹਾਂ ਨੂੰ ਯਾਦ ਹੀ ਭੁੱਲ ਗਈ ਕਿ ਤੜਕਾ ਹੋ ਗਿਆ ਹੈ, ਹੋਰ ਘੜੀ ਪਲ ਨੂੰ ਜੱਟਾਂ-ਜਿ਼ਮੀਂਦਾਰਾਂ ਨੇ ਖੇਤਾਂ ਵਿਚ ਕੰਮ ਧੰਦੇ ਕਰਨ ਆ ਜਾਣਾ ਹੈ।
ਉਹੀ ਗੱਲ ਹੋਈ। ਹਾਲੇ ਪੌਹ-ਫੁਟਾਲਾ ਹੋਇਆ ਹੀ ਸੀ ਕਿ ਕਣਕ ਦੇ ਬੋਹਲ ਦਾ ਮਾਲਕ ਉਧਰ ਆ ਨਿਕਲਿਆ। ਜੱਟ ਨੂੰ ਦੇਖਦਿਆਂ ਸਾਰ ਸਾਰੇ ਗਿੱਦੜ ਇਧਰ-ਉਧਰ ਨੂੰ ਭੱਜ ਪਏ, ਜਿਧਰ ਕਮਾਦੀ ਦਾ ਖੇਤ ਸੀ। ਜੱਟ ਵੀ ਡਾਂਗ ਲੈ ਕੇ ਮਗਰੇ-ਮਗਰ ਦੌੜ ਪਿਆ। ਬਾਕੀ ਦੇ ਸਾਰੇ ਗਿੱਦੜ ਤਾਂ ਭਾਰੀ ਕਮਾਦੀ ਵਿਚ ਜਾ ਲੁਕੇ ਪਰ ਲੰਬੜਦਾਰ ਵਿਚਾਰਾ ਸੰਘਣੀ ਕਮਾਦੀ ਵਿਚ ਜਿਥੇ ਵੀ ਘੁਸਣ ਦੀ ਕੋਸਿ਼ਸ਼ ਕਰੇ, ਪੂਛ ਨਾਲ ਬੱਝਿਆ ਛੱਜ ਅੜਿੱਕਾ ਬਣ ਜਾਏ। ਉਧਰੋਂ ਜੱਟ ਬਿਲਕੁਲ ਨਜ਼ਦੀਕ ਆ ਗਿਆ, ਇਧਰ ਲੰਬੜਦਾਰ ਛੱਜ ਘੜੀਸਦਾ ਫਿਰੇ। ਗੱਲ ਕੀ, ਜੱਟ ਨੇ ਆਪਣਾ ਛੱਜ ਤਾਂ ਬਚਾ ਲਿਆ ਪਰ ਡਾਂਗ ਨਾਲ ਲੰਬੜ ਦੀ ਗਿੱਦੜਕੁੱਟ ਸੋਹਣੀ ਕਰ ਦਿੱਤੀ। ਮੇਰਾ ਖਿਆਲ ਹੈ ਉਦੋਂ ਤੋਂ ਹੀ ਕਿਸੇ ਕਿਸਮ ਦੇ ਚੌਧਰਪੁਣੇ ਦੀ ਤਸ਼ਬੀਹ ‘ਛੱਜ’ ਨਾਲ ਕਰਨ ਦੀ ਰਵਾਇਤ ਤੁਰ ਪਈ।
ਜਿਵੇਂ ਫਿ਼ਲਮ ਇੰਡਸਟਰੀ ਦੀ ਚਕਾਚੌਂਧ ਤੋਂ ਪ੍ਰਭਾਵਤ ਹੋ ਕੇ ਅਣਗਿਣਤ ਮੁੰਡੇ-ਕੁੜੀਆਂ ਇਸ ਲਾਈਨ ਵਲ ਭੱਜੇ ਤੁਰੇ ਆਉਂਦੇ ਹਨ। ਇਸੇ ਤਰ੍ਹਾਂ ਲੀਡਰਾਂ ਦੀ ਐਸ਼ਪ੍ਰਸਤੀ ਅਤੇ ਟੌਹਰ-ਟੱਪਾ ਦੇਖ ਕੇ ਹਰ ਜਣਾ-ਖਣਾ ਕਿਸੇ ਨਾ ਕਿਸੇ ਤਰ੍ਹਾਂ ਦਾ ਆਗੂ ਬਣਨ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ। ਜਿਸ ਤਰ੍ਹਾਂ ਫਿ਼ਲਮੀ ਖੇਤਰ ਵਿਚ ਸਥਾਪਤ ਹੋਏ ਕਲਾਕਾਰਾਂ ਨਾਲੋਂ, ਉਨ੍ਹਾਂ ਭਟਕੇ ਹੋਏ ਮੁੰਡੇ-ਕੁੜੀਆਂ ਦੀ ਗਿਣਤੀ ਕਿਤੇ ਜਿ਼ਆਦਾ ਹੋਵੇਗੀ, ਜਿਨ੍ਹਾਂ ਆਪਣੀ ਜਿ਼ੰਦਗੀ ਤਬਾਹ ਕਰ ਲਈ ਹੈ। ਇਸੇ ਤਰ੍ਹਾਂ ਲੀਡਰੀ ਦੇ ਚਸਕੇ ਨੇ ਅਣਗਿਣਤ ਲੋਕਾਂ ਨੂੰ, ਧੋਬੀ ਦੇ ਕੁੱਤੇ ਵਾਂਗ ਨਾ ਘਰ ਦੇ ਛੱਡਿਆ ਹੈ ਨਾ ਘਾਟ ਦੇ। ਪਰੰਤੂ ਇਹ ਭੁਸ ਹੀ ਐਸਾ ਹੈ ਕਿ ਇਸ ਰਸਤੇ ਚਲ ਕੇ ਝੁੱਗਾ ਚੌੜ ਕਰਵਾਉਣ ਵਾਲੇ ਢੀਠ ਹੋ ਕੇ ਤੁਰੇ ਰਹਿੰਦੇ ਹਨ। ਊਠ ਦਾ ਬੁੱਲ੍ਹ ਟੁੱਟ ਕੇ ਡਿੱਗ ਪੈਣ ਦੀ ਆਸ ਵਿਚ ਉਹ ਝਾਕ ਲਾਈ ਰੱਖਦੇ ਹਨ ਕਿ ਕਦੋਂ ਉਤਲੇ ਲੀਡਰ ਉਨ੍ਹਾਂ ਦੀ ਪੂਛ ਨਾਲ ਕੋਈ ਛੋਟਾ-ਮੋਟਾ ਛੱਜ ਬੰਨ੍ਹਦੇ ਹਨ। ਇਕ ਸਿਆਸੀ ਪਾਰਟੀ ਵਿਚ ‘ਸੀ’ ਗਰੇਡ ਆਗੂ ਮੇਰੇ ਮਿੱਤਰ ਨੇ, ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਉਨ੍ਹਾਂ ਆਪਣੀ ਬੇਟੀ ਦੇ ਵਿਆਹ ‘ਤੇ ਮੁੱਖ ਮੰਤਰੀ ਨੂੰ ਬੁਲਾਉਣ ਦਾ ਪ੍ਰੋਗਰਾਮ ਬਣਾ ਲਿਆ। ਨਿਸ਼ਚਿਤ ਦਿਨ ‘ਤੇ ਮੁੱਖ ਮੰਤਰੀ ਦੇ ਰੁਝੇਵਿਆਂ ‘ਚ ਅਦਲਾ-ਬਦਲੀ ਹੋ ਗਈ। ਮੁੱਖ ਮੰਤਰੀ ਦੇ ਸਟਾਫ ਨੇ ਤੜਕੇ ਪੰਜ ਵਜੇ ਫੋਨ ਕਰ ਦਿੱਤਾ ਕਿ ‘ਸਾਹਿਬ ਜੀ’ ਆਨੰਦ-ਕਾਰਜ ਵੇਲੇ ਪਹੁੰਚਣ ਦੀ ਥਾਂ ਸਵੇਰੇ ਅੱਠ ਵਜੇ ਤੁਹਾਡੇ ਕੋਲ ਤਸ਼ਰੀਫ ਰੱਖਣਗੇ। ਪੈ ਗਈਆਂ ਹਲਵਾਈ ਨੂੰ ਭਾਜੜਾਂ। ਸੁਵਖਤੇ ਹੀ ਮਠਿਆਈਆਂ ਤੇ ਮੱਛੀ ਪਕੌੜੇ ਤਲ ਤਲ ਕੇ ਲਾ ‘ਤੀਆਂ ਪਲੇਟਾਂ। ਮੁਖ ਮੰਤਰੀ ਦਾ ਕਾਫਲਾ ਪੂਰੇ ਅੱਠ ਵਜੇ ਆ ਪਹੁੰਚਾ। ਨਾਲ ਦੋ ਮੰਤਰੀ ਹੋਰ ਸਮੇਤ ਸੁਰੱਖਿਆ ਅਮਲੇ ਦੇ। ਚੰਡੀਗੜ੍ਹੋਂ ਸਵੇਰ ਦੇ ਭੁੱਖ-ਭਾਣੇ ਤੁਰਿਆਂ ਹੋਇਆਂ ਨੇ ਲਾਹ ਦਿੱਤੇ ਆਹੂ ਮਠਿਆਈਆਂ ਤੇ ਪਕੌੜਿਆਂ ਦੇ। ਟਿੱਡੀ ਦਲ ਵਾਂਗੂੰ ਘੰਟੇ ਕੁ ਵਿਚ ਹੀ ਸਭ ਕਾਸੇ ਦੀ ਸਫਾਈ ਕਰਕੇ ਫੌਜਾਂ ਅਹੁ ਗਈਆਂ-ਅਹੁ ਗਈਆਂ। ਮੁੱਖ ਮੰਤਰੀ ਪਾਸੋਂ ਛੱਜ ਬੰਨ੍ਹਾਉਣ ਦੀ ਆਸ ਵਿਚ, ਸਭ ਕਾਸੇ ਨੂੰ ਹੂੰਝਾ ਫਿਰਾ ਲਿਆ। ਬਾਅਦ ਵਿਚ ਬਰਾਤ ਵਾਸਤੇ ਨੱਠ-ਭੱਜ ਕਰਕੇ ਆਲੇ-ਦੁਆਲੇ ਦੇ ਸ਼ਹਿਰਾਂ ਵਿਚੋਂ ਖਾਣ-ਪੀਣ ਦਾ ਸਾਮਾਨ ਇਕੱਠਾ ਕੀਤਾ ਗਿਆ। ਮੁੱਖ ਮੰਤਰੀ ਪਾਸੋਂ ਸਿਵਾਏ ਲਾਰਿਆਂ ਦੇ, ਹਾਲੇ ਤਕ ਕੁਝ ਨਹੀਂ ਮਿਲਿਆ ਉਸ ਦੋਸਤ ਨੂੰ।
ਆਪਣੇ ਇਲਾਕੇ ਦੇ ਇਕ ਸੱਜਣ ਦੀ, ਅਖ਼ਬਾਰਾਂ ਵਿਚ ਕਈ ਦਿਨ ਫੋਟੋ ਛਪਦੀ ਰਹੀ। ਇਕ ਜਾਣੂ ਨੂੰ ਮੈਂ ਫੋਨ ਕਰਕੇ ਪੁੱਛਿਆ, ‘‘… ਫਲਾਣਾ ਸਿੰਘ ਕੋਲ ਕਿਹੜਾ ਅਹੁਦਾ ਹੈ, ਉਹ ਹਰੇਕ ਫੰਕਸ਼ਨ ਵਿਚ ਹਾਜ਼ਰ ਹੁੰਦਾ ਐ?’’
‘‘ਅਹੁਦੇ ਦੀ ਉਡੀਕ ਵਿਚ ਪੈਲੀ ਵੇਚ ਲਈ ਐ ਉਸ ਨੇ… ਹੁਣ ਨੀਲੀ ਪੱਗ, ਚਿੱਟਾ ਕੁੜਤਾ ਪਜਾਮਾ ਤੇ ਹੱਥ ਵਿਚ ਮੋਬਾਈਲ ਫੋਨ ਹੀ ਉਸਦੀ ‘ਪ੍ਰਾਪਰਟੀ’ ਰਹਿ ਗਈ ਹੈ।’’ ਜਵਾਬ ਮਿਲਿਆ।
ਵੈਸੇ ਇਸ ਲਾਈਨ ‘ਚ ਲੱਗੇ ਹੋਏ ਸਾਰੇ ਘਰ ਫੂਕ ਤਮਾਸ਼ਾ ਦੇਖਣ ਵਾਲੇ ਹੀ ਹੁੰਦੇ ਹਨ। ਕਈ ‘ਗੱਲੀਂ ਬਾਤੀਂ ਮੈਂ ਬੜੀ ਕਰਤੂਤੋਂ ਬੜੀ ਜਿਠਾਣੀ’ ਵਾਲੀ ਕਹਾਵਤ ‘ਤੇ ਚੱਲਣ ਵਾਲੇ ਵੀ ਬਹੁਤ ਹੁੰਦੇ ਹਨ।
ਸਫਰ ‘ਚ ਨਿਕਲੇ ਹੋਏ ਇਕ ਰਾਹੀ ਮੁਸਾਫ਼ਰ ਨੇ ਸ਼ਾਮ ਪਈ ਤੋਂ ਇਕ ਪਿੰਡ ‘ਚ ਰਾਤ ਗੁਜ਼ਾਰਨ ਦੀ ਸੋਚੀ। ਪਿੰਡ ਵੜਦਿਆਂ ਸਾਰ ਮੁਸਾਫਰ ਨੇ ਇਕ ਪਿੰਡ ਵਾਸੀ ਨੂੰ ਪੁੱਛਿਆ ਕਿ ਇਸ ਪਿੰਡ ਦਾ ਲੰਬੜਦਾਰ ਕੌਣ ਹੈ,’’ ‘‘ਮੈਂ ਹਾਂ ਲੰਬੜਦਾਰ’’ ਪੇਂਡੂ ਨੇ ਚੌੜੀ ਛਾਤੀ ਕਰਕੇ ਜੁਆਬ ਦਿੱਤਾ।’’ ‘‘ਮੈਂ ਰਾਤ ਕੱਟਣੀ ਚਾਹੁੰਦਾ ਹਾਂ।’’ ਰਾਹੀ ਦੀ ਇਹ ਗੱਲ ਸੁਣ ਕੇ ‘‘ਮੈਂ ਹਾਂ ਲੰਬੜਦਾਰ’’ ਕਹਿਣ ਵਾਲਾ ਬੋਲਿਆ, ‘‘ਓ ਅੱਛਾ-ਅੱਛਾ…ਓਸ ਲੰਬੜਦਾਰ ਦਾ ਘਰ… ਸੱਜੇ ਮੁੜ ਕੇ ਖੱਬੇ ਜਾ ਕੇ ਸਿੱਧਾ ਜਾ ਕੇ ਫੇਰ ਖੱਬੇ ਮੁੜ ਕੇ, ਸੱਜੇ ਪਾਸੇ ਨੂੰ ਜਾ ਕੇ ਕਿਸੇ ਨੂੰ ਪੁੱਛ ਲਈਂ।’’ ਦੇ ‘ਤੀ ‘ਡਾਇਰੈਕਸ਼ਨ’।
ਇਨ੍ਹਾਂ ਸਤਰਾਂ ਦੇ ਲੇਖਕ ਨੂੰ ਵੀ ਦੋ-ਤਿੰਨ ਵਾਰੀ ‘ਛੱਜ ਬੰਨ੍ਹ ਕੇ’ ਵਿਚਰਨ ਦਾ ਮੌਕਾ ਮਿਲਿਆ। ਉਨ੍ਹਾਂ ਵੇਲਿਆਂ ਦੇ ਨਿੱਜੀ ਤਜ਼ਰਬੇ ਫਿਰ ਕਿਤੇ ਸਹੀ!