Saturday, September 25, 2010

ਛਿੱਤਰ-ਕਲਾ ਦਾ ਪ੍ਰਤਾਪ!

ਆਪਣੀ ਮਾਂ-ਬੋਲੀ ਦੀ ਅਮੀਰੀ ਦੇਖੋ ਜ਼ਰਾ!
ਮੂੰਹ ਥਾਣੀਂ ਖਾਧੀਆਂ ਜਾਣ ਵਾਲੀਆਂ ਵੱਖ-ਵੱਖ ਵਸਤਾਂ ਦੇ ਸੇਵਨ ਕਰਨ ਦੇ ਢੰਗ-ਤਰੀਕਿਆਂ ਦੇਨਾਂ ਵੀ ਅਲੱਗ-ਅਲੱਗ ਹਨ। ਮੋਟੇ ਤੌਰ ਤੇ ਭਾਵੇਂ 'ਖਾਣ' ਜਾਂ 'ਪੀਣਾ' ਕਿਹਾ ਜਾਂਦਾ ਹੈ, ਪਰ ਇਨ੍ਹਾਂ ਦੋਹਾਂ ਲਫਜ਼ਾਂ ਤੋਂ ਇਲਾਵਾ ਹੋਰ ਵੰਨਗੀਆਂ ਨੂੰ ਚੱਬਣਾ, ਕਿਸੇ ਤਰਲ ਪਦਾਰਥ ਨੂੰ ਹੌਲੀ-ਹੌਲੀ ਪੀਣਾ ਹੋਵੇ ਤਾਂ ਘੁੱਟਾ-ਵੱਟੀ, ਲਗਾਤਾਰ ਪੀਣਾ ਹੋਵੇ ਤਾਂ ਚੀਂਡ ਲਾ ਕੇ ਪੀਣਾ ਆਖਿਆ ਜਾਂਦੈ। ਸੂਪ ਵਰਗੇ ਗਾੜ੍ਹੇ ਤਰਲ ਪਦਾਰਥ ਨੂੰ ਸੜੂਪੇ ਭਰਨੇ ਅਤੇ ਕਈ ਚੀਜ਼ਾਂ ਨੂੰ 'ਥਿਆਲੀ' ਤੇ ਰੱਖ ਕੇ ਚੱਟਣਾ ਆਖੀਦੈ। ਦਵਾਈ ਦੀਆਂ ਗੋਲੀਆਂ ਨੂੰ ਸਬੂਤਾ ਨਿਗਲਣਾ ਕਿਹਾ ਜਾਂਦੈ। ਮਲੱਠੀ ਜਾਂ ਚਿੰਗਮ ਨੂੰ ਚਿੱਥਣਾ ਜਾਂ ਜਗੋਲਣਾ ਕਿਹਾ ਜਾਂਦੈ। ਜੇ ਕੋਈ ਪੀਣ ਵਾਲੀ ਚੀਜ਼ ਨੂੰ ਬਹੁਤ ਮਾਤਰਾ ਵਿਚ ਪੀ ਲਵੇ, ਤਾਂ ਵਿਅੰਗ ਨਾਲ ਉਸ ਨੂੰ 'ਡੀਕ ਗਿਆ' ਜਾਂ 'ਡਕਾਰ ਗਿਆ' ਦਾ ਨਾਂ ਦਿੱਤਾ ਜਾਂਦਾ ਹੈ। ਭੁੱਜੀ ਹੋਈ ਛੱਲੀ ਨੂੰ ਆਮ ਕਰਕੇ ਚੱਬਣਾ ਕਹਿੰਦੇ ਨੇ, ਪਰ ਜੇ ਛੱਲੀ ਦੋਧਾ ਹੋਵੇ ਤਾਂ ਉਸਨੂੰ 'ਚਰੂੰਡਣਾ' ਆਖਿਆ ਜਾਂਦਾ ਹੈ। ਕਈ ਬਰੀਕ ਵਸਤਾਂ ਦੇ ਖਾਣ ਲਈ 'ਫੱਕਾ ਮਾਰਨਾ' ਕਹੀਦਾ ਹੈ। ਜੇ ਕੋਈ ਪੇਂਡੂ ਵਿਅਕਤੀ ਵਾਧੂ ਰੋਟੀਆਂ ਖਾ ਲਵੇ ਤਾਂ ਗੁੱਸੇ ਅਤੇ ਵਿਅੰਗ ਦੇ ਰਲਵੇਂ-ਮਿਲਵੇਂ ਅਰਥਾਂ 'ਚ 'ਤੁੰਨ ਲਈਆਂ' ਜਾਂ 'ਚਿਣ ਲਈਆਂ' ਵੀ ਕਹਿ ਦਿੱਤਾ ਜਾਂਦਾ ਹੈ। ਦੋ ਲਫਜ਼ ਹੋਰ ਬੜੇ 'ਪਿਆਰੇ' ਨੇ ਜੋ ਅਕਸਰ ਸ਼ਰਾਬ ਪੀਣ ਵਾਲਿਆਂ ਲਈ ਵਰਤੇ ਜਾਂਦੇ ਨੇ, ਪੂਰੀ ਬੋਤਲ 'ਚੜ੍ਹਾ ਗਿਆ' ਜਾਂ 'ਡੱਫ ਗਿਆ'!

ਛਕਣ-ਛਕਾਉਣ ਦੀਆਂ ਕ੍ਰਿਆਵਾਂ ਦੇ ਇਹ ਸਾਰੇ ਨਾਮ ਤਾਂ ਹੋਏ ਸੋ ਹੋਏ। ਪ੍ਰੰਤੂ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਾਡੀ ਬੋਲੀ ਵਿਚ 'ਕੁੱਟ' ਜਾਂ 'ਮਾਰ' ਜਿਹੇ ਲਫਜ਼ਾਂ ਨਾਲ ਵੀ 'ਖਾਣਾ' ਜਾਂ 'ਖਾਧੀ' ਦਾ ਪ੍ਰਯੋਗ ਦੇਖੀਦਾ ਹੈ! ਜਿਵੇਂ ਫਲਾਣੇ ਨੇ 'ਕੁੱਟ ਖਾਧੀ' ਜਾਂ 'ਮਾਰ ਖਾਧੀ'- ਜਦ ਕਿ ਕੁੱਟ ਜਾਂ ਮਾਰ ਕੋਈ ਪੀਜ਼ਾ, ਬਰਗਰ ਥੋੜੀ ਹਨ? ਇਸੇ ਤਰ੍ਹਾਂ ਆਪਣਾ ਮਨ ਭਾਉਂਦਾ ਇਕ ਹੋਰ ਸ਼ਬਦ ਹੈ, ਫਲਾਣੇ ਨੇ ਮੈਥੋਂ ਜੁੱਤੀਆਂ ਖਾਧੀਆਂ ਜਾਂ ਢਿਮਕੇ ਨੇ ਮੇਰੇ ਪਾਸੋਂ ਛਿੱਤਰ ਖਾਧੇ! ਸੋਚਣ ਵਾਲੀ ਗੱਲ ਹੈ ਕਿ ਜੁੱਤੀਆਂ ਜਾਂ ਛਿੱਤਰਾਂ ਜਿਹੀ ਨਖਿੱਧ ਚੀਜ਼, ਜਿਸਨੂੰ ਹਰੇਕ ਧਰਮ-ਅਸਮਾਨ ਵਿਚ ਵੜਨ ਤੋਂ ਪਹਿਲਾਂ, ਪੈਰਾਂ 'ਚੋਂ ਉਤਰਨਾ ਜਰੂਰੀ ਹੁੰਦਾ ਹੈ, ਦੇ ਨਾਮ ਨਾਲ 'ਖਾਣੇ' ਜਾਂ 'ਖਾਧੇ' ਲਫਜ਼ ਕਿਵੇਂ ਜੁੜ ਗਏ ਹੋਣਗੇ? ਖੱਟੀਆਂ, ਮਿੱਠੀਆਂ ਅਤੇ ਸਲੂਣੇ ਸਵਾਦ ਵਾਲੀਆਂ ਹਜ਼ਾਰਾਂ ਨਿਆਮਤਾਂ ਲਈ ਵਰਤਿਆ ਜਾਂਦਾ ਸ਼ਬਦ ਖਾਣਾ ਜਾਂ ਖਾਧਾ, ਜੁੱਤੀਆਂ ਛਿੱਤਰਾਂ ਲਈ ਵੀ ਕਿਵੇਂ ਵਰਤਿਆ ਜਾਣ ਲੱਗਾ ਹੋਵੇਗਾ? ਚਲੋ ਆਪਾਂ ਇਸ ਖੋਜਾ-ਖਾਜੀ ਵਿਚ ਕਾਹਨੂੰ ਫਸਣਾ ਹੈ! ਅਖਾਣ ਹੈ ਨਾ ਜਿਸ ਕਾ ਕਾਮ, ਉਸ ਕੋ ਸਾਜੇ, ਔਰ ਕਰੇ ਤੋ ਠੀਂਗਾ ਬਾਜੇ! ਸ਼ਬਦਾਂ ਦੇ ਪੇਕਿਆਂ-ਸਹੁਰਿਆਂ ਬਾਰੇ ਕੋਈ 'ਲਿੰਗੁਇਸਟਿਕ' ਯਾਣੀ ਕੋਈ ਭਾਸ਼ਾ-ਵਿਗਿਆਨੀ ਹੀ ਨਿਰਣਾ ਕਰ ਸਕਦਾ ਹੈ। ਆਪਾਂ ਇਸ ਬਿਖੜੇ ਕੰਮ ਨੂੰ ਹੱਥ ਪਾਵਾਂਗੇ ਤਾਂ 'ਠੀਂਗਾ' ਖਾਵਾਂਗੇ! ਆਓ ਆਪਾਂ ਛਿੱਤਰਾਂ ਦੇ ਪ੍ਰਕਰਣ ਦੀ ਚਰਚਾ ਕਰਦੇ ਹਾਂ।
ਪਹਿਲਾਂ ਤਾਂ ਮੇਰੀ ਆਪ ਦੀ ਉਹ ਵਾਰਤਾ ਸੁਣ ਲਓ, ਜਦ ਮੈਂ ਤੇ ਛਿੱਤਰ ਆਹਮੋ-ਸਾਹਮਣੇ ਹੋਏ। ਇਹ ਵੀ ਦੱਸਦਾ ਜਾਵਾਂ ਕਿ ਛਿੱਤਰ ਨਾਲ ਮੇਰਾ ਇਹ ਪਹਿਲਾ 'ਰੁ-ਬ-ਰੂ' ਸੀ। ਸਾਨੂੰ ਪੰਜਾਬੀਆਂ ਨੂੰ ਇਹ ਤਾਂ ਹੋਸ਼ ਸੰਭਾਲਦਿਆਂ ਹੀ ਸਮਝਾ ਦਿੱਤਾ ਜਾਂਦਾ ਹੈ ਕਿ ਮੀਂਹ ਦੇ ਤਿਲ੍ਹਕਣ ਜਰੂਰੀ ਨਹੀਂ ਕਿ ਸੱਟ-ਫੇਟ ਲੱਗ ਜਾਏ, ਪਰ ਪੁਲਿਸ ਦੀ ਖਾਸ ਕਰਕੇ ਪੰਜਾਬ ਪੁਲਿਸ ਦੀ 'ਝਿੜਕ' ਆਪਣੇ ਅੜਿਕੇ ਆਏ ਬੰਦੇ ਦੇ ਜਰੂਰ ਹੱਡੀਂ ਰਾਧ ਪਾ ਦਿੰਦੀ ਹੈ। ਹੁਣ ਸਾਇੰਸ ਦੀ ਕ੍ਰਿਪਾ ਨਾਲ ਅਹਿ ਜਿਹੜਾ 'ਨਾਰਕੋ ਟੈਸਟਾਂ' ਦਾ ਸਿਸਟਮ ਚੱਲਿਆ ਹੈ। ਮੈਨੂੰ ਨਹੀਂ ਉਮੀਦ ਜੇ ਇਹ ਪੰਜਾਬ ਪੁਲਿਸ ਦੀ 'ਝਿੜਕ' ਅਰਥਾਤ 'ਪਟਾ ਸਿਸਟਮ' ਨੂੰ ਮਾਤ ਪਾ ਸਕੇ! ਵੈਸੇ ਮੇਰੀ ਇਸ ਵਿੱਥਿਆ ਦਾ ਪੁਲਿਸ ਵਾਲੀ 'ਛਿਤਰੌੜ' ਨਾਲ ਕੋਈ ਸਬੰਧ ਨਹੀਂ ਹੈ। ਕਿਹਾ ਜਾਵੇ ਤਾਂ ਇਸ ਦਾ ਤਾਅਲੁੱਕ 'ਰੰਬਾ ਤੇ ਮੁੰਡਾ ਚੰਡੇ ਹੋਏ ਹੀ ਠੀਕ ਰਹਿੰਦੇ ਨੇ' ਵਾਲੇ ਅਖਾਣ ਨਾਲ ਜਾ ਜੁੜਦਾ ਹੈ।
ਵਿਆਹ ਸ਼ਾਦੀਆਂ ਮੌਕੇ ਬਰਾਤਾਂ ਦੋ-ਦੋ, ਤਿੰਨ-ਤਿੰਨ ਦਿਨ ਰੱਖਣ ਦਾ ਰਿਵਾਜ਼ ਉਨ੍ਹਾਂ ਦਿਨਾਂ ਵਿਚ ਆਖਰੀ ਸਾਹਾਂ ਤੇ ਹੀ ਹੋਵੇਗਾ। ਜਿਨ੍ਹਾਂ ਦਿਨਾਂ ਦੀ ਮੈਂ ਗੱਲ ਸੁਣਾਉਣ ਜਾ ਰਿਹਾ ਹਾਂ। ਸਾਡੇ ਪਿੰਡ ਦੇ ਵਿਚਕਾਰ ਜਿਹੇ ਸਥਿਤ ਗੁਰਦੁਆਰੇ ਦੇ ਕੋਲ ਇਕ ਖੁੱਲ੍ਹੀ ਹਵੇਲੀ ਵਿਚ ਬਰਾਤੀਆਂ ਦਾ ਠਹਿਰਾਓ ਸੀ। ਬਰਾਤ ਆਈ ਨੂੰ ਦੂਜਾ ਦਿਨ ਚੜ੍ਹਿਆ। ਦੁਪਿਹਰੋਂ ਬਾਅਦ ਬਰਾਤੀਆਂ ਵਿਚ ਆਏ ਹੋਏ ਇਕ ਬੰਦੂਕ ਵਾਲੇ ਸੱਜਣ ਨੇ ਦੋ ਮੋਰ ਮਾਰ ਕੇ ਲਿਆਂਦੇ। ਵਿਹੜੇ ਵਿਚ ਇੱਟਾਂ ਦਾ ਚੁੱਲ੍ਹਾ ਬਣਾ ਕੇ ਵੱਡੇ ਪਤੀਲੇ ਵਿਚ ਮੀਟ ਤਿਆਰ ਕੀਤਾ ਗਿਆ। ਦਿਨ ਢਲਦੇ ਤੱਕ ਮੀਟ ਦੇ ਨਾਲ-ਨਾਲ ਸ਼ਰਾਬ ਦੀਆਂ ਬੋਤਲਾਂ ਵੀ ਖੜਕਣ ਲੱਗ ਪਈਆਂ। ਸ਼ਾਮ ਪੈਂਦਿਆਂ ਹੀ ਪਿੰਡ ਵਿਚ ਨਾਈ ਨੇ ਘੁੰਮ ਫਿਰ ਕੇ ਮੁਨਾਦੀ ਕਰ ਦਿੱਤੀ ਕਿ ਹਵੇਲੀ ਵਿਚ ਨਕਲਾਂ ਸ਼ੁਰੂ ਹੋਣ ਲੱਗੀਆਂ ਹਨ। ਨਾਮਾ ਰਾਮ ਟਿੱਡੀ ਮੁੱਛਾ, ਸਿੰਬਲ ਮਜਾਰੇ ਵਾਲਾ ਆਪਣੇ ਸਾਥੀਆਂ ਨਾਲ ਪਹੁੰਚਿਆ ਹੋਇਆ ਹੈ। ਨਕਲਾਂ ਦੇਖਣ ਦੇ ਚਾਹਵਾਨ ਰੋਟੀ-ਪਾਣੀ ਛਕ ਕੇ ਜਲਦੀ-ਜਲਦੀ ਹਵੇਲੀ ਪਹੁੰਚ ਜਾਣ।
ਆਪਣੇ ਸੰਗੀ ਸਾਥੀਆਂ ਨਾਲ ਗੁਰਦੁਆਰੇ ਦੇ ਖੁੱਲ੍ਹੇ ਵਿਹੜੇ ਵਿਚ ਗੁੱਲੀ ਡੰਡਾ ਖੇਡਣਾ ਵਿਚ ਛੱਡ ਕੇ, ਮੈਂ ਵੀ ਨਕਲਾਂ ਦੇਖਣ ਵਾਲੇ ਦਰਸ਼ਕਾਂ ਵਿਚ ਜਾ ਸ਼ਾਮਲ ਹੋਇਆ। ਜੰਗਾਲੀ ਜਿਹੇ ਵਾਲਾਂ ਵਾਲਾ ਇਕ ਕਲਾਕਾਰ, ਹਰਮੋਨੀਅਮ ਵਜਾਉਣ ਲੱਗ ਪਿਆ। ਕੱਦੂ ਵਰਗੇ ਗੰਜੇ ਸਿਰ ਵਾਲਾ ਇਕ ਢਿੱਡਲ ਜਿਹਾ ਬੰਦਾ, ਜਿਸਨੇ ਹਰੇ ਰੰਗ ਦਾ ਕੁੱਤਾ-ਝੱਗੀ ਜਿਹੀ ਪਾਈ ਹੋਈ ਸੀ, ਤਬਲਾ ਵਜਾਉਣ ਲੱਗ ਪਿਆ। ਮੂੰਹ ਉਪਰ ਪਾਊਡਰ ਭੁੱਕ ਕੇ ਅਤੇ ਗੱਲ੍ਹਾਂ ਉਪਰ ਲੱਪ-ਲੱਪ ਲਾਲੀ ਚਾੜ੍ਹ ਕੇ ਇਕ 'ਜਨਾਨੀ' ਉਨ੍ਹਾਂ ਦੇ ਮੋਹਰੇ ਨੱਚਣ ਲੱਗ ਪਈ। ਸਾਨੂੰ ਮਗਰੋਂ ਪਤਾ ਲੱਗਾ ਕਿ ਆਪਣੇ ਗਿੱਟਿਆਂ ਨਾਲ ਥੱਬਾ-ਥੱਬਾ ਘੁੰਗਰੂ ਬੰਨ੍ਹ ਕੇ ਨੱਚਣ ਵਾਲੀ ਇਹ ਜਨਾਨੀ ਨਹੀਂ, ਸਗੋਂ ਇਕ ਮਰਦ ਨੇ ਜਨਾਨੀਆਂ ਵਾਲੇ ਕੱਪੜੇ ਪਹਿਨੇ ਹੋਏ ਨੇ! ਹਰਮੋਨੀਅਮ ਤੇ 'ਮੇਰਾ ਮਨ ਡੋਲੇ ਮੇਰਾ ਤਨ ਡੋਲੇ' ਦੀ ਤਰਜ਼ ਵਜਾਈ ਜਾ ਰਹੀ ਸੀ। ਤਬਲੇ ਵਾਲੇ ਨੇ ਵੀ ਆਪਣੇ ਇਕ ਗੁੱਟ ਉਪਰ ਘੁੰਗਰੂ ਬੰਨ੍ਹੇ ਹੋਏ ਸਨ। ਜਿਵੇਂ ਜੋਗੀਆਂ ਦੀ ਵੱਜਦੀ ਬੀਨ ਵੱਲ, ਫੱਨ ਫੈਲਾਈ ਬੈਠਾ ਸੱਪ, ਇਕ-ਟੱਕ ਦੇਖਦਾ ਰਹਿੰਦਾ ਹੈ। ਤਿਵੇਂ ਹੀ ਅਸੀਂ ਉਥੇ ਪੂਰੀ ਤਰ੍ਹਾਂ ਮਸਤ ਹੋਏ ਬੈਠੇ ਸਾਂ।
ਇੰਨੇ ਨੂੰ ਕਿਸੇ ਨੇ ਮੇਰਾ ਮੋਢਾ ਹਲੂਣਿਆ, ਮੈਂ ਪਿੱਛੇ ਨੂੰ ਮੂੰਹ ਭੰਵਾ ਕੇ ਦੇਖਿਆ। ਇਹ ਮੈਥੋਂ ਵੱਡੀ ਭੈਣ ਸੀ ਜੋ ਮੈਨੂੰ ਘਰੇ ਚੱਲਣ ਲਈ ਕਹਿ ਰਹੀ ਸੀ। ਉਸ ਦੀ ਗੱਲ ਨੂੰ ਮੈਂ ਅਣਸੁਣਿਆ ਕਰ ਛੱਡਿਆ। ਪੰਜ ਸੱਤ ਮਿੰਟ ਬਾਅਦ ਉਸਨੇ ਫੇਰ ਮੇਰਾ ਮੋਢਾ ਜ਼ੋਰ ਨਾਲ ਹਲੂਣਦਿਆਂ ਆਖਿਆ, ਭਾਈਆ ਜੀ ਕਹਿੰਦੇ ਆ ਅਸੀਂ ਨਹੀਂ ਨਕਲਾਂ ਦੇਖਣੀਆਂ, ਤੂੰ ਘਰ ਨੂੰ ਤੁਰ ਪੈ ਸਿੱਧਾ ਹੋ ਕੇ! ਪਰ ਮੈਂ ਯਾਰ ਬੇਲੀਆਂ ਨਾਲ ਤਬਲੇ-ਘੁੰਗਰੂਆਂ ਦੀ 'ਜੁਗਲਬੰਦੀਂ' ਵਿਚ ਖੁੱਭਿਆ ਬੈਠਾ ਸਾਂ। ਅੱਛਾ ਆਇਆ ਕਹਿ ਕੇ ਮੈਂ ਮਸਤ ਹੋ ਕੇ ਬੈਠਾ ਰਿਹਾ। ਕੁਝ ਚਿਰ ਮਗਰੋਂ ਮੈਂ ਚੋਰ-ਅੱਖੀਂ ਪਿੱਛੇ ਨੂੰ ਮੁੜ ਕੇ ਦੇਖਿਆ। ਮੇਰੀ ਭੈਣ ਜਾ ਚੁੱਕੀ ਸੀ। ਮੈਂ ਨਿਸ਼ਚਿਤ ਹੁੰਦਿਆਂ ਸਾਹਮਣੇ ਅੱਖਾਂ ਗੱਡ ਕੇ ਬਹਿ ਗਿਆ।
ਇੱਧਰ ਪਿੜ ਵਿਚ ਹੁਣ ਨਚਾਰ ਦੇ ਨਾਲ-ਨਾਲ 'ਟਿੱਡੀ-ਮੁੱਛਾ' ਵੀ ਆ ਗਿਆ। ਜਿਸਨੇ ਬੜਾ ਹੀ ਹਸਾਉਣਾ ਸਾਂਗ ਬਣਾਇਆ ਹੋਇਆ ਸੀ। ਪੂਰੀਆਂ ਬਾਹਾਂ ਵਾਲੀ ਲਾਲ ਰੰਗ ਦੀ ਕਮੀਜ਼ ਦੇ ਉਪਰੋਂ, ਉਸਨੇ ਅੱਧੀਆਂ ਬਾਹਾਂ ਵਾਲੀ ਚਿੱਟੀ ਬੁਨੈਣ ਪਹਿਨੀ ਹੋਈ ਦੇਖ ਕੇ, ਅਸੀਂ ਹੱਸ-ਹੱਸ ਲੋਟ-ਪੋਟ ਹੋ ਰਹੇ ਸਾਂ। ਉਦੋਂ ਸਾਨੂੰ ਕੀ ਪਤਾ ਸੀ ਕਿ ਤੀਹ-ਚਾਲੀ ਸਾਲਾਂ ਬਾਅਦ ਟਿੱਡੀ-ਮੁੱਛੇ ਦੇ ਇਸ ਮੂਰਖਾਨਾ-ਪਹਿਰਾਵੇ ਨੂੰ ਅਮਰੀਕਾ ਦੇ ਮੁੰਡੇ ਕੁੜੀਆਂ ਨੇ ਇਕ ਫੈਸ਼ਨ ਵਜੋਂ ਅਪਣਾਅ ਲੈਣਾ ਹੈ। ਇਹ ਵੀ ਨਹੀਂ ਸੀ ਪਤਾ ਕਿ ਉਦੋਂ ਸਾਨੂੰ ਇਸ ਬਦਰੰਗ ਦੇ ਕੁਚੱਜੇ ਪਹਿਰਾਵੇ ਵੱਲ ਦੇਖ ਕੇ ਹਾਸਾ ਬਿਲਕੁੱਲ ਨਹੀਂ ਆਉਣਾ! ਖੈਰ ਟਿੱਡੀ-ਮੁੱਛਾ ਪੁੱਠੀਆਂ-ਸਿੱਧੀਆਂ ਹਰਕਤਾ ਕਰਦਾ ਹੋਇਆ, ਨਚਾਰ ਦੇ ਥਾਂਹ-ਕੁਥਾਂਹ ਹੱਥ ਮਾਰਨ ਲੱਗ ਪਿਆ। ਅਸੀਂ ਨਿਆਣੇ ਇਨ੍ਹਾਂ 'ਗੰਦੀਆਂ ਗੱਲਾਂ' ਨੂੰ ਦੇਖ-ਦੇਖ ਮੁਸ਼ਕੜੀਏ ਹੱਸਦੇ ਰਹੇ।
ਅਚਾਨਕ ਸਾਡੇ ਪਿੱਛਿਉਂ, ਅੱਗੇ ਨੂੰ ਆਉਣ ਲਈ ਰਾਹ ਬਣਾਉਂਦਾ ਮੇਰਾ ਭਰਾ ਮੈਨੂੰ ਦਿਸਿਆ। ਉਸਨੇ ਆਪਣੇ ਦੋਏ ਹੱਥ ਪਿੱਛੇ ਨੂੰ ਕੀਤੇ ਹੋਏ ਸਨ, ਜਿਵੇਂ ਕਿਤੇ ਪੁੱਠੀ ਹੱਥ-ਕੜੀ ਮਾਰੀ ਹੁੰਦੀ ਹੈ। ਦੇਖਦਿਆਂ-ਦੇਖਦਿਆਂ ਉਹ ਮੇਰੇ ਮੋਹਰੇ ਆ ਖੜ੍ਹਾ ਹੋਇਆ। ਜਿਵੇਂ ਉਸਨੂੰ ਹਦਾਇਤ ਦਿੱਤੀ ਗਈ ਹੋਵੇਗੀ, ਉਸਨੇ ਉਸੇ ਤਰ੍ਹਾਂ ਕੀਤਾ। ਇਕ ਦਮ ਉਸਨੇ, ਇਕ ਹੱਥ ਵਿਚ ਫੜੀ ਹੋਈ ਚਮੜੇ ਦੀ ਜੁੱਤੀ (ਇਕੋ ਪੈਰ) ਸ਼ੀਸ਼ਾ ਦਿਖਾਣ ਵਾਂਗ, ਮੇਰੀਆਂ ਅੱਖਾਂ ਮੋਹਰੇ ਕੀਤੀ ਅਤੇ ਬਿਨਾਂ ਕੁਝ ਬੋਲਿਆਂ ਵਾਪਸ ਪਿੱਛੇ ਮੁੜ ਪਿਆ। ਮੈਂ ਫੌਰਨ ਪਛਾਣ ਲਈ। ਇਹ ਜੁੱਤੀ ਭਾਈਆ ਜੀ ਦੀ ਸੀ! ਮੇਰੇ ਹੋਸ਼ ਉੜ ਗਏ ਫਿਰ ਨਾ ਮੈਨੂੰ ਨਚਾਰ ਦਿਸਿਆ ਨਾ ਟਿੱਡੀ-ਮੁੱਛੇ ਦੀਆਂ ਹਸਾਉਣੀਆਂ ਹਰਕਤਾਂ! ਉਠ ਕੇ ਘਰਨੂੰ ਤੁਰ ਪਿਆ। ਜੁੱਤੀ ਹੱਥ 'ਚ ਫੜ ਕੇ ਮੇਰਾ ਭਰਾ ਮੋਹਰੇ-ਮੋਹਰੇ ਚਟਖਾਰੇ ਲਾਉਂਦਾ ਜਾ ਰਿਹਾ ਸੀ। ਢਿੱਲਾ ਜਿਹਾ ਮੂੰਹ ਬਣਾ ਕੇ, ਮੈਂ ਇਉਂ ਤੁਰਿਆ ਹੋਇਆ ਸਾਂ ਜਿਵੇਂ ਕੋਈ ਵਰ੍ਹਿਆਂ ਦਾ ਭਗੌੜਾ ਮੁਜ਼ਰਿਮ ਠਾਣੇ ਪੇਸ਼ ਹੋਣ ਜਾ ਰਿਹਾ ਹੋਵੇ! ਇੱਧਰੋਂ ਮੈਂ ਘਰ ਦੇ ਵਿਹੜੇ ਵਿਚ ਵੜਿਆ ਹੀ ਸਾਂ, ਉਧਰੋਂ 'ਟਰਨ-ਟਰਨ' ਸਾਈਕਲ ਦੀ ਘੰਟੀ ਖੜਕ ਪਈ! ਧਮਾਈ ਪਿੰਡ ਤੋਂ ਮੇਰਾ ਮਾਮਾ ਆ ਗਿਆ! ਆਪਣੀ ਮਾਂ ਨਾਲੋਂ ਵੀ ਵਧ ਕੇ, ਮਾਮੇ ਦੇ ਆਉਣ ਦੀ 'ਖੁਸ਼ੀ' ਮੈਨੂੰ ਹੋਈ ਉਸ ਵੇਲੇ!
ਇਸ ਮੌਕੇ ਦੇ ਹੋਰ ਦਿਲਚਸਪ ਵੇਰਵੇ ਸੁਣਾਉਣ ਦੀ ਥਾਂ ਇੰਨਾ ਹੀ ਦੱਸ ਦਿੰਦਾ ਹਾਂ ਕਿ ਮਾਮੇ ਵਲੋਂ ਦੁੱਧ ਪੀ ਕੇ ਖਾਲੀ ਕੀਤਾ ਛੰਨਾ, ਜਦ ਮੈਂ ਸਟੂਲ ਉੱਤੋਂ ਚੁੱਕਣ ਗਿਆ, ਤਾਂ ਕੋਲ ਭਾਈਆ ਜੀ ਨੇ ਮੈਨੂੰ ਕੰਨੋਂ ਫੜ੍ਹ ਲਿਆ। ਮੇਰਾ 'ਲਿਹਾਜ' ਕਰਦਿਆਂ ਉਨ੍ਹਾਂ 'ਪ੍ਰੇਮ ਨਾਲ' ਮੇਰਾ ਕੰਨ ਮਰੋੜਦਿਆਂ ਇਹੀ ਨਸੀਹਤ ਦਿੱਤੀ-
'ਸਹੁਰਿਆ, ਜੋ ਮੈਂ ਤੈਨੂੰ ਬਣਾਉਣਾ ਚਾਹੁੰਦਾ, ਉਹ ਤੂੰ ਆਹ ਨਕਲਾਂ-ਡਰਾਮੇ ਦੇਖ ਕੇ ਨਹੀਂ ਬਣ ਸਕਣਾਂ! ਬੰਦਾ ਬਣਜਾ, ਜੇ ਮੈਂ ਤੈਨੂੰ ਮੁੜਕੇ ਨਕਲਾਂ-ਨੁਕਲਾਂ ਦੇਖਣ ਗਿਆ ਫੜ ਲਿਆ, ਫੇ ਆਪਣਾ ਸੁੱਝਦਾ ਵਿਚਾਰ ਲਈ, ਅੱਛਾ?
ਭਾਵੇਂ ਮੇਰੇ ਬਾਪ ਦੀ ਜੁੱਤੀ 'ਦਸ ਨੰਬਰ' ਦੀ ਨਹੀਂ, ਸਗੋਂ ਨੌਂ ਨੰਬਰ ਦੀ ਸੀ। ਪਰ ਵਾਹਿਗੁਰੂ ਜਾਣਦਾ, ਮੈਂ ਮੁੜਕੇ ਨਕਲਾਂ ਦੇਖਣ ਨਹੀਂ ਗਿਆ ਕਦੇ! ਹੋਰ ਅਨੇਕਾਂ ਗਲਤੀਆਂ ਤਾਂ ਹੋਈਆਂ ਹੋਣਗੀਆਂ, ਕਿਉਂ ਜੀ? ਇਹ ਜਰੂਰੀ ਤਾਂ ਨਹੀਂ ਕਿ 'ਜੁੱਤੀਆਂ ਖਾ ਕੇ' ਹੀ ਅਕਲ ਆਉਂਦੀ ਹੈ। ਜਿਨ੍ਹਾਂ ਨੂੰ ਨਹੀਂ ਆਉਣੀ ਉਨ੍ਹਾਂ ਨੂੰ ਛਿੱਤਰ-ਪਰੇਡ ਵੀ ਬਦਲ ਨਹੀਂ ਸਕਦੀ। ਲਉ ਲਗਦੇ ਹੱਥ ਛਿੱਤਰਾਂ ਸਬੰਧੀ ਇਕ ਹੋਰ ਵਚਿੱਤਰ-ਗਾਥਾ ਵੀ ਸੁਣ ਲਓ।
ਸਾਡੇ ਪਿੰਡ ਦਾ ਭਗਤੂ, ਜਿਸਨੂੰ ਅਸੀਂ ਚਾਚਾ ਕਹਿ ਕੇ ਬੁਲਾਉਂਦੇ ਹੁੰਦੇ ਸਾਂ, ਕਦੇ-ਕਦੇ ਸਾਡੀ ਉਮਰ ਦੇ ਮੁੰਡਿਆਂ ਦੀ ਢਾਣੀ ਵਿਚ ਬਹਿ ਕੇ ਬੜੀਆਂ ਹਾਸੇ-ਮਸ਼ਕੂਲੇ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ। ਸਿੱਧ-ਪੱਧਰੇ ਜਿਹੇ ਸੁਭਾਅ ਵਾਲੀ ਅਤੇ ਚਿੱਟੀ ਅਨਪੜ੍ਹ ਉਸਦੇ ਘਰ ਵਾਲੀ, ਕੰਢੀ ਇਲਾਕੇ ਦੇ ਕਿਸੇ ਪਿੰਡੋਂ ਸੀ। ਬਹੁਤਾ ਕਰਕੇ ਚਾਚਾ ਭਗਤੂ ਆਪਣੀ ਪਤਨੀ ਦੀ ਅਨਪੜ੍ਹਤਾ ਦੇ ਕਿੱਸੇ, ਵਿਅੰਗ ਮਈ ਅੰਦਾਜ਼ ਵਿਚ ਸੁਣਾਉਂਦਾ ਹੁੰਦਾ ਸੀ। ਸਿਆਲਾਂ ਦੀ ਰੁੱਤੇ ਗੰਨੇ ਚੂਪਦਿਆਂ ਜਾਂ ਧੂਣੀ ਸੇਕਦਿਆਂ ਹੋਇਆਂ ਕੋਲ ਆਉਂਦਿਆਂ ਉਸ ਨੇ ਸਾਨੂੰ ਆਖਣਾ-
ਓਏ ਪਾੜਿਉ, ਬੜੇ ਹੋ ਕੇ ਪੜੀਆਂ ਲਿਖੀਆਂ ਕੁੜੀਆਂ ਨਾਲ ਵਿਆਹ ਕਰਵਾਇਓ, ਐਵੇਂ ਨਾ ਆਪਣੀ ਚਾਚੀ (ਉਸਦੀ ਪਤਨੀ) ਵਰਗੀ ਕੋਈ 'ਨਪੈੱਥਰ' ਗਲ੍ਹ ਪਾ ਲਿਓ! ਇਕ ਵਾਰ ਉਸਨੇ ਆਪਣੇ ਸਹੁਰੇ ਘਰ ਹੋਈ ਬੀਬੀ ਘਟਨਾ ਸੁਣਾਈ।
ਮੇਰਾ ਵਿਆਹ ਹੋਏ ਨੂੰ ਉਦੋਂ ਡੂੜ ਕੁ ਸਾਲ ਹੋਇਆ ਸੀ। ਇਕ ਦਿਨ ਤੁਹਾਡੀ ਚਾਚੀ ਕਹਿੰਦੀ ਕਿ ਮੇਰਾ ਪੇਕਿਆਂ ਨੂੰ ਜਾਣ ਲਈ ਦਿਲ ਕਰਦੈ। ਮੈਂ ਬੜੀ ਟੌਹਰ ਨਾਲ ਖੜਕਵਾਂ ਚਾਦਰਾ ਬੰਨ੍ਹਿਆ, ਸ਼ਮਲ੍ਹੇ ਵਾਲੀ ਪੱਗ ਬੰਨ੍ਹੀ, ਨਾਈ ਕੋਲੋਂ ਖਤ ਕਢਾਇਆ ਅਤੇ ਨਵੀਂ ਗੁਰਗਾਬੀ ਪੈਰੀਂ ਪਾ ਕੇ ਸਹੁਰਿਆਂ ਨੂੰ ਤੁਰਿਆ। ਤੁਹਾਡੀ ਚਾਚੀ ਨੇ ਵੀ ਰੰਗਲੀ ਦਾਤਣ ਮਲ ਕੇ ਨਵਾਂ ਸੂਟ ਪਾ ਲਿਆ। ਦੋ ਕੁ ਘੰਟਿਆਂ ਵਿਚ ਸਾਈਕਲ ਤੇ ਅਸੀਂ ਉਥੇ ਜਾ ਪਹੁੰਚੇ। ਘਰੇ ਜਾ ਕੇ ਹਾਲੇ ਅਸੀਂ ਚਾਹ ਵਾਲੇ ਗਲਾਸ ਖਾਲੀ ਕਰਕੇ ਰੱਖੇ ਸਨ, ਕਿ ਤੁਹਾਡੀ ਚਾਚੀ ਲੱਗ ਪਈ ਮੇਰੀਆਂ ਸ਼ਿਕਾਇਤਾਂ ਲਾਉਣ ਆਪਣੇ ਭਰਾਵਾਂ ਕੋਲ! ਇਹ ਮੇਰੀ ਬਣੀ ਹੋਈ ਦਾਲ-ਸਬਜ਼ੀ 'ਚ ਨੁਕਸ ਦੱਸ ਕੇ ਮੇਰੇ ਚਪੇੜਾਂ ਮਾਰ ਦਿੰਦੈ, ਕਦੇ ਮੈਨੂੰ ਕਹਿੰਦਾ 'ਤੂੰ-ਤੂੰ' ਨਾ ਕਰਿਆ ਕਰ, ਤੁਸੀਂ ਕਿਹਾ ਕਰ, ਲੀੜੇ ਜ਼ਰਾ ਨਾ ਨਿੱਖਰੇ ਹੋਣ ਤਾਂ ਮੈਨੂੰ ਕੁੱਟ ਦਿੰਦਾ, ਇਹਨੂੰ ਸਿੱਧਾ ਕਰੋ ਜ਼ਰਾ ਵੀਰਾ! ਮੈਂ ਸ਼ਰਮਿੰਦਾ ਜਿਹਾ ਹੁੰਦਿਆਂ ਇੱਧਰ-ਉਧਰ ਨੂੰ ਝਾਕਣ ਲੱਗ ਪਿਆ। ਉਹ ਮੇਰਾ ਗੋਡਾ ਹਲੂਣਦਿਆਂ ਬੋਲੀ, ਹੁਣ ਇੱਧਰ-ਉੱਧਰ ਨੂੰ ਕਿਆ ਝਾਕਦੈਂ? ਹੁਣ ਖਾਹ ਛਿੱਤਰ ਸਿੱਧਾ ਹੋ ਕੇ ਮੇਰੇ ਭਰਾਵਾਂ ਦੇ!

ਤਰਲੋਚਨ ਸਿੰਘ ਦੁਪਾਲਪੁਰ