ਬਾਮਸ ਫੁਲਰ ਨਾਮ ਦੇ ਇਕ ਚਿੰਤਕ ਦਾ ਕਥਨ ਹੈ ਕਿ ਜਿਸਦਾ ਜਨਮ ਫਾਂਸੀ ਲੱਗਣ ਲਈ ਹੋਇਆ ਹੈ, ਉਸਦੀ ਮੌਤ ਪਾਣੀ ‘ਚ ਡੁੱਬਣ ਨਾਲ ਨਹੀਂ ਹੋ ਸਕਦੀ। ਇਸ ਕਥਨ ਨੂੰ ਅਸੀਂ ਉਲਟਾ ਕਰਕੇ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਸਦੀ ਕਿਸਮਤ ਵਿਚ ਪਾਣੀ ‘ਚ ਡੁੱਬ ਮਰਨਾ ਹੀ ਲਿਖਿਆ ਹੋਇਆ ਹੋਵੇ, ਉਹ ਬਹਾਦਰਾਂ ਵਾਂਗ ਫਾਂਸੀ ਦੇ ਤਖਤੇ ‘ਤੇ ਨਹੀਂ ਚੜ੍ਹ ਸਕਦਾ। ਬੇ-ਸ਼ੱਕ ਇੰਜ ਵੀ ਆਖਿਆ ਜਾਂਦਾ ਹੈ ਕਿ ਬੰਦਾ ਆਪਣੀ ਕਿਸਮਤ ਆਪ ਘੜਦਾ ਹੈ। ਪਰ ਇਸ ਕੈਟਾਗਰੀ ਵਿਚ ਬਹੁਤ ਵਿਰਲੇ ਬੰਦੇ ਹੀ ਆਉਂਦੇ ਹਨ। ਬਹੁ-ਗਿਣਤੀ ਐਸੇ ਲੋਕਾਂ ਦੀ ਹੁੰਦੀ ਹੈ, ਜਿਨ੍ਹਾਂ ਉੱਪਰ ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’ ਵਾਲੀ ਅਖਾਉਤ ਪੂਰੀ ਢੁਕਦੀ ਹੈ। ਸੂਫੀ ਸੰਤ ਸੁਲਤਾਨ ਬਾਹੂ ਨੇ ਇਸ ਪ੍ਰਥਾਇ ਬੜਾ ਈ ਸ਼ਾਨਦਾਰ ਇਕ ‘ਦੋਹਰਾ’ ਲਿਖਿਆ ਹੋਇਐ, ਜਿਸਦਾ ਅਰਥ-ਭਾਵ ਹੈ ਕਿ ਤੁੰਮੇ ਦੀ ਵੇਲ ਦੀਆਂ ਜੜ੍ਹਾਂ ਵਿਚ ਜੇ ਸ਼ਹਿਦ ਡੋਲ ਦੇਈਏ ਤਾਂ ਵੀ ਉਸ ਵੇਲ ਨੂੰ ਲੱਗਣ ਵਾਲੇ ਤੁੰਮੇ ਮਿੱਠੇ ਨਹੀਂ ਹੋ ਸਕਦੇ। ਖਾਰੇ ਪਾਣੀਆਂ ਵਾਲੇ ਖੂਹਾਂ ਵਿਚ ਭਾਵੇਂ ਸੌ ਮਣਾਂ ਖੰਡ ਸੁੱਟ ਦੇਈਏ, ਤਾਂ ਵੀ ਉਸ ਪਾਣੀ ਦਾ ਖਾਰਾ-ਪਣ ਦੂਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਨਿੰਮ ਦੇ ਦਰਖਤ ਦੇ ਜੜ੍ਹੀਂ ਅੰਮ੍ਰਿਤ ਚੁਆ ਦੇਈਏ, ਫਿਰ ਵੀ ਨਿੰਮ ਦੀ ਕੁੜੱਤਣ ਦੂਰ ਨਹੀਂ ਹੁੰਦੀ।
ਇਹੋ ਜਿਹੀ ਇਕ ਹੋਰ ‘ਪੱਥਰ ‘ਤੇ ਲੀਕ’ ਵਲ ਝਾਤੀ ਮਾਰ ਲਉ;
‘ਬਾਉਣੇ (ਮਧਰੇ) ਨੂੰ ਪਹਾੜ ‘ਤੇ ਖੜ੍ਹਾ ਕਰ ਦਿਉ, ਉਹ ਉਤਨਾ ਹੀ ਰਹੇਗਾ। ਮੁਨਾਰਾ ਖੂਹ ਵਿਚ ਸੁੱਟ ਦਿਉ, ਉਸਦੇ ਕਦ ਵਿਚ ਫਰਕ ਨਹੀਂ ਪਵੇਗਾ!’
ਉਪਰੋਕਤ ਵਿਚਾਰ-ਪ੍ਰਵਾਹ ਨੂੰ ਚਿਤਵਦਿਆਂ, ਉਨਾਂ ਸਮਾਜ-ਸੁਧਾਰਕਾਂ, ਉਪਦੇਸ਼ਕਾਂ, ਨੀਤੀਵਾਨਾਂ, ਸੱਚ ਦੇ ਪਾਂਧੀ ਲਿਖਾਰੀਆਂ ਅਤੇ ਕਥਾ-ਵਾਚਕਾਂ ਨੂੰ ਸੌ ਸੌ ਵਾਰ ਨਮਸਕਾਰ ਹੈ, ਜਿਹੜੇ ਦੁਨੀਆਂ ਨੂੰ ਹਰ ਤਰ੍ਹਾਂ ਦੇ ਵਹਿਮਾਂ-ਭਰਮਾਂ, ਨਫਰਤਾਂ, ਸਾੜਿਆਂ ਤੋਂ ਮੁਕਤੀ ਦਿਵਾ ਕੇ, ਸ਼ੁੱਧ-ਸਚਿਆਰ ਬਣਾਉਣ ਲਈ ਯਤਨਸ਼ੀਲ ਰਹਿੰਦੇ ਹਨ। ਆਪਣੇ ਪੰਜਾਬੀ ਸਮਾਜ ਵਲ ਨਜ਼ਰ ਮਾਰ ਕੇ ਦੇਖੀਏ ਤਾਂ ਬਾਬੇ ਫਰੀਦ ਦੇ ਕਹਿਣ ਵਾਂਗ, ਪੰਛੀ ਵਿਚਾਰਾ ਇਕ ਹੈ, ਪਰ ਉਸਦੇ ਮਗਰ ਪੰਜਾਹ ‘ਫਾਹੀਵਾਲ’ ਲੱਗੇ ਹੋਏ ਹਨ। ਇਸ ਅਰਥ ਵਾਲਾ ਸਲੋਕ ਤਾਂ ਇਕ ਪ੍ਰਮਾਣ ਹੈ, ਪਰ ਵਰਤਮਾਨ ਯੁੱਗ ਵਿਚ ਤਾਂ ਫਾਹੀਵਾਲਾ, ਭਾਵ ਸਿ਼ਕਾਰੀਆਂ ਦੀ ਗਿਣਤੀ ਪੰਜਾਹ ਤੋਂ ਵੀ ਕਈ ਗੁਣਾ ਜਿ਼ਆਦਾ ਵਧੀ ਹੋਈ ਹੈ। ਦਿਖਾਈ ਨਾ ਦੇਣ ਵਾਲੇ ਅਜੀਬੋ-ਗਰੀਬ ਜਾਲ ਅਤੇ ਗੁਲੇਲੇ ਲਈ ਫਿਰਦੇ ਇਨ੍ਹਾਂ ਸਿ਼ਕਾਰੀਆਂ ਵਿਚੋਂ ਪ੍ਰਮੁੱਖ ਹਨ ਵੱਖ-ਵੱਖ ਭਾਂਤਾਂ ਦੇ ਸਾਧ-ਸਾਧਵੀਆਂ, ਮਹੰਤ ਅਤੇ ਬਾਬੇ। ਜਿਹੜੇ ਬਹੁਤ ਹੀ ਖੂਬਸੂਰਤ ਧੋਖਿਆਂ ਨਾਲ ਲੋਕਾਂ ਨੂੰ ਲੁੱਟ ਰਹੇ ਹਨ। ਇਨ੍ਹਾਂ ਵਲੋਂ ਸਿ਼ਕਾਰ ਮਾਰਿਆ ਹੀ ਅਜਿਹੇ ਢੰਗ ਨਾਲ ਜਾਂਦਾ ਹੈ ਕਿ ਲੁੱਟੇ ਜਾਣ ਵਾਲੇ, ਆਪਣੇ ਆਪ ਨੂੰ ‘ਸੁਭਾਗੇ’ ਸਮਝਦੇ ਹਨ। ਇਸ ਲੇਖ ਦੇ ਅਗਲੇ ਹਿੱਸੇ ਵਿਚ ਇਨ੍ਹਾਂ ‘ਸੁਭਾਗਿਆਂ’ ਦੀ ‘ਉਸਤਤਿ’ ਕੀਤੀ ਜਾ ਰਹੀ ਹੈ।
ਕਦੇ ਕਦੇ ਵਿਆਹ-ਸ਼ਾਦੀਆਂ, ਪਾਰਟੀਆਂ ਜਾਂ ਕਿਸੇ ਹੋਰ ਕਾਰਨ ਜੁੜੇ ਇਕੱਠਾਂ ਵਿਚ, ਦੋਸਤ-ਮਿੱਤਰ ਇਹ ਵਿਚਾਰ-ਚਰਚਾ ਕਰਨ ਲੱਗ ਜਾਂਦੇ ਹਨ ਕਿ ਫਲਾਣੇ ਫਲਾਣੇ ਬਾਬੇ ਦੀ ਬੜੀ ਮਿੱਟੀ ਪਲੀਤ ਹੋਈ ਹੈ, ਪਰ ਲੋਕ ਹਾਲੇ ਵੀ ਉਹਦੇ ਮਗਰ ਲੱਗੇ ਤੁਰੇ ਜਾਂਦੇ ਹਨ। ਹਾਲੇ ਵੀ ਕਈ ‘ਸ਼ਰਧਾਲੂ’ ਉਸਨੂੰ ‘ਸੰਤ-ਮਹਾਂਪੁਰਖ’ ਆਖੀ ਜਾਂਦੇ ਹਨ। ਅੰਨ੍ਹੀ ਸ਼ਰਧਾ ਅਤੇ ਲਕੀਰ ਦੇ ਫਕੀਰ ਬਿਰਤੀ ਵਾਲੇ ਐਸੇ ਲੋਕਾਂ ਵਲੋਂ ‘ਸੁਜਾਖਿਆਂ’ ਨੂੰ ਵੀ ਭੰਬਲਭੂਸੇ ‘ਚ ਪਾਉਣ ਦਾ ਵਰਤਾਰਾ, ਅਸੀਂ ਅਕਸਰ ਦੇਖਿਆ ਹੈ। ਹੁਸਿ਼ਆਰਪੁਰ ਜਿ਼ਲ੍ਹੇ ਦੇ ਗੜ੍ਹਸ਼ੰਕਰ ਕੋਲ ਰਹਿੰਦੇ ਇਕ ਬਾਬੇ ਦੀਆਂ ਗੰਦੀਆਂ ਅਤੇ ਅਸ਼ਲੀਲ ਗਾਲ੍ਹਾਂ ਨੂੰ ਹੀ ਕਈ ਲੋਕ ‘ਪ੍ਰਸ਼ਾਦ’ ਸਮਝਦੇ ਰਹੇ। ਆਚਰਣ ਤੋਂ ਗਿਰੀਆਂ ਹੋਈਆਂ ਕਰਤੂਤਾਂ ਕਰਦੇ ਰੰਗੇ-ਹੱਥੀਂ ਫੜੇ ਜਾਣ ਵਾਲੇ ‘ਮਹਾਂ ਪੁਰਖਾਂ’ ਦੀ ਵੀ ‘ਸਿੱਖੀ ਸੇਵਕੀ’ ਨਿਰੰਤਰ ਚਲਦੀ ਰਹਿੰਦੀ ਹੈ। ਐਸੇ ‘ਮਗਰ-ਲੱਗਾਂ’ ਨੂੰ ਜੇ, ਉਨ੍ਹਾਂ ਦੇ ਬਾਬੇ ਦੇ ਮਸ਼ਹੂਰ ਹੋਏ ਕਿਸੇ ‘ਕਾਰਨਾਮੇ’ ਬਾਰੇ ਪੁੱਛ ਬੈਠੀਏ ਤਾਂ ਅਗਿਉਂ ਆਖਣ ਲੱਗ ਪੈਣਗੇ- “ਓ ਜੀ, ਸਾਡੇ ਸੰਤਾਂ ਨੇ ਫਲਾਣੀ ਥਾਂ ਐਨੇ ਲੱਖ ਸੰਗਤਾਂ ਨੂੰ ਲੰਗਰ ਛਕਾਇਆ।’’ ਜਾਂ ਦੱਸਣਗੇ ਕਿ ਬਾਬਾ ਜੀ ਨੇ ਐਨੇ ਸੌ ਪਾਠਾਂ ਦੀ ਲੜੀ ਚਲਾਈ। ਕਹਿੰਦੇ ਨੇ ਨਾ, ਅਖੇ ‘ਸਵਾਲ ਚਨਾ, ਜਵਾਬ ਗੰਧਮ!’
ਇਹ ਲੋਕ ਕਿਸ ਮਿੱਟੀ ਦੇ ਬਣੇ ਹੋਏ ਹੋਣਗੇ, ਜਿਹੜੇ ਅੱਖੀਂ ਦੇਖ ਕੇ ਵੀ ਮੱਖੀ ਨਿਗਲਣ ਨੂੰ ਮਾੜਾ ਨਹੀਂ ਸਮਝਦੇ? ਇਨ੍ਹਾਂ ਨੂੰ ਕਿਹੜੀ ‘ਖੁਮਾਰੀ’ ਚੜ੍ਹੀ ਰਹਿੰਦੀ ਹੈ, ਜਿਸ ਕਰਕੇ ਇਨ੍ਹਾਂ ਦੇ ਦਿਮਾਗ ਵਿਚ ਸੋਝੀ ਵੜਦੀ ਹੀ ਨਹੀਂ? ਹੋ ਸਕਦਾ ਹੈ ਕਿ ਪਾਠਕਾਂ ਕੋਲ ਸਵਾਲਾਂ ਦੇ ਜਵਾਬ, ਵੱਖ-ਵੱਖ ਰੂਪਾਂ ਵਾਲੇ ਹੋਣ ਪਰ ਮੈਂ ਆਪਣੀਆਂ ਕੁਝ ਆਪ ਬੀਤੀਆਂ ‘ਚੋਂ ਹਵਾਲੇ ਸੁਣਾ ਕੇ ਉਕਤ ਸਵਾਲਾਂ ਦੇ ਉੱਤਰ ਦੇਣ ਦੀ ਕੋਸਿ਼ਸ਼ ਕਰ ਰਿਹਾ ਹਾਂ। ਪੱਕਾ ਸੰਨ-ਸੰਮਤ ਤਾਂ ਮੈਨੂੰ ਯਾਦ ਨਹੀਂ ਪਰ ਅਟੇ-ਸਟੇ ਦੇ ਹਿਸਾਬ ਮੁਤਾਬਿਕ, ਇਹ ਵਾਰਤਾ 1968 ਤੋਂ 1970 ਦੇ ਵਿਚਕਾਰਲੇ ਸਮੇਂ ਦੀ ਹੈ। ਸਾਡੇ ਪਿੰਡ ਤੋਂ ਪੰਜ-ਛੇ ਮੀਲਾਂ ਦੀ ਵਿੱਥ ‘ਤੇ ਇਕ ਪਿੰਡੋਂ ਬਾਹਰ ਸੰਤਾਂ ਦੀ ਕੁਟੀਆ ਹੁੰਦੀ ਸੀ। ਇਨ੍ਹਾਂ ਸੰਤਾਂ ਦਾ ਸਾਡੇ ਪਿੰਡਾਂ ਵਿਚ ਬੜਾ ਨਾਂ ਹੁੰਦਾ ਸੀ। ਸਾਡੇ ਪਿੰਡ ਵਿਚ ਹੁੰਦੇ ਭੋਗ-ਸਮਾਗਮਾਂ ਮੌਕੇ, ਇਹੀ ਸੰਤ ਜੀ ਅਕਸਰ ਕਥਾ-ਵਿਖਿਆਨ ਕਰਨ ਲਈ ਪਧਾਰਦੇ ਹੁੰਦੇ ਸਨ। ਸੁਭਾਅ ਇਨ੍ਹਾਂ ਦਾ ਕਾਫੀ ਖਰਵਾ ਜਿਹਾ ਹੁੰਦਾ ਸੀ। ਸਾਨੂੰ ਬਾਅਦ ਵਿਚ ਪਤਾ ਚੱਲਿਆ ਕਿ ਸਾਡੇ ਪਿੰਡ ਦੇ ਕੁਝ ਬੰਦੇ ਇਸ ਸੰਤ ਜੀ ਨੂੰ ‘ਦੁਰਭਾਸ਼ਾ ਰਿਖੀ’ ਕਿਉਂ ਕਹਿੰਦੇ ਹੁੰਦੇ ਸਨ। ਮਸਲਨ ਇਨ੍ਹਾਂ ਦੇ ਗੁੱਸੇ ਖੋਰ ਹੋਣ ਦੀਆਂ ਕੁਝ ਕਹਾਣੀਆਂ ਦੀ ਦੰਦ-ਕਥਾ, ਸਾਡੇ ਪਿੰਡ ਆਮ ਤੌਰ ‘ਤੇ ਚੱਲਦੀ ਰਹਿੰਦੀ ਸੀ।
ਚੇਤ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਇਹ ਬਾਬਾ ਜੀ ਆਪਣੀ ਕੁਟੀਆ ਵਿਖੇ ਸਾਲਾਨਾ ਜੋੜ-ਮੇਲਾ ਕਰਵਾਉਂਦੇ ਹੁੰਦੇ ਸਨ। ਜਿੱਥੇ ਭੋਗ ਮੌਕੇ ਸਜੇ ਹੋਏ ਦੀਵਾਨ ਵਿਚ ਨਾਮੀ ਗਿਰਾਮੀ ਰਾਗੀ-ਢਾਡੀ, ਕਥਾ-ਵਾਚਕ ਅਤੇ ਕਵੀਸ਼ਰੀ ਜਥੇ ਆਪਣੀ ਹਾਜ਼ਰੀ ਲਵਾਉਂਦੇ ਹੁੰਦੇ ਸਨ। ਇਸ ਜੋੜ ਮੇਲੇ ਦੀ ਵਿਸ਼ੇਸ਼ ਗੱਲ ਇਹ ਹੁੰਦੀ ਸੀ ਕਿ ਇੱਥੇ ਲੰਗਰ ਵਿਚ ਦੇਸੀ ਘਿਉ ਦੀਆਂ ਜਲੇਬੀਆਂ ਵਰਤਾਈਆਂ ਜਾਂਦੀਆਂ ਸਨ। ਉਸ ਮੌਕੇ ਲੰਗਰਾਂ ਵਿਚ ਆਮ ਤੌਰ ‘ਤੇ ਗੰਨੇ ਦੀ ਰਸ ਵਾਲੇ ਚੌਲ, ਭੁੰਨਵੇਂ ਚੌਲ ਜਾਂ ਵਧ ਤੋਂ ਵਧ ਦੁੱਧ ਵਾਲੀ ਖੀਰ ਹੀ ਵਰਤਾਉਣ ਦਾ ਰਿਵਾਜ ਸੀ।
ਕਿਸੇ ਅਮੀਰ ਘਰ ਵਿਚ ਹੀ ਅਖੰਡ ਪਾਠਾਂ ਦੇ ਭੋਗ ਉਪਰੰਤ ਚੱਲਣ ਵਾਲੇ ਲੰਗਰ ਵਿਚ ਕੜਾਹ-ਪ੍ਰਸ਼ਾਦ ਵਰਤੀਂਦਾ ਸੀ। ਲੰਗਰ ਵਿਚ ਜਲੇਬੀਆਂ ਦਾ ਹੋਣਾ ਉਦੋਂ ਬਹੁਤ ਵੱਡੀ ਅਮੀਰੀ ਦੀ ਨਿਸ਼ਾਨੀ ਸਮਝੀ ਜਾਂਦੀ ਸੀ। ਆਪਣੇ ਹੋਰ ਹਮ-ਉਮਰਾਂ ਵਾਂਗ ਅਸੀਂ ਵੀ ਉਕਤ ਜੋੜ ਮੇਲੇ ਨੂੰ ‘ਜਲੇਬੀਆਂ ਵਾਲੇ ਮੇਲੇ’ ਦੇ ਤੌਰ ‘ਤੇ ਹੀ ਯਾਦ ਕਰਦੇ ਰਹਿੰਦੇ ਸਾਂ। ਆਲੇ ਦੁਆਲੇ ਦੇ ਪਿੰਡਾਂ ਵਾਲੇ ਸ਼ਰਧਾਲੂ, ਕਾਫਲਿਆਂ ਦੇ ਰੂਪ ਵਿਚ ਪੈਦਲ ਹੀ ਕੁਟੀਆ ਵਲ ਨੂੰ ਤੁਰ ਪੈਂਦੇ। ਕਈ ਵਿਅਕਤੀ ਸਾਈਕਲਾਂ ‘ਤੇ ਵੀ ਆਪਣੇ ਬਾਲ-ਬੱਚੇ ਲੈ ਕੇ ਮੇਲੇ ‘ਚ ਪਹੁੰਚਦੇ। ਭੋਗ ਤੋਂ ਬਾਅਦ ਵਿਛੀ ਹੋਈ ਗੰਨਿਆਂ ਦੀ ਖੋਰੀ ਉੱਪਰ ਪੰਗਤਾਂ ਲੱਗ ਜਾਂਦੀਆਂ। ਜਦੋਂ ਵਰਤਾਵੇ ਜਲੇਬੀਆਂ ਦੀਆਂ ਪਰਾਤਾਂ ਲੈ ਕੇ ਪੰਗਤਾਂ ਵਿਚ ਵੜਦੇ, ਤਾਂ ਲੋਕ ਬੜੀ ਉਤਸੁਕਤਾ ਨਾਲ ਆਪਣੀ ਵਾਰੀ ਉਡੀਕਦੇ। ਕਈ ਲੋਕ ਵਰਤਾਵਿਆਂ ਦੀ ਮਿੰਨਤ ਕਰਦਿਆਂ ਆਖਦੇ- “ਭਾਈ, ਇਕ ਜਲੇਬੀ ਹੋਰ ਦੇ ਦਿਉ ਜੀ!’’ ਕਿਉਂਕਿ ਜਲੇਬੀਆਂ ਦੀ ਪਰਾਤ ਸਿਰਫ ਇਕ ਵਾਰ ਹੀ ਘੁੰਮਾਈ ਜਾਂਦੀ ਸੀ।
ਇਕ ਸਾਲ ਇਸ ਸਮਾਗਮ ਮੌਕੇ ਪਤਾ ਨਹੀਂ ਸੰਤ ਜੀ ਦੇ ਮਨ ਵਿਚ ਕੀ ਆਇਆ। ਸਮਾਪਤੀ ਬਾਅਦ ਸਾਰੀ ਸੰਗਤ ਪੰਗਤਾਂ ਲਾ ਕੇ ਬਹਿ ਗਈ। ਦਾਲ-ਫੁਲਕਾ ਵਰਤਾਇਆ ਗਿਆ। ਸਾਰੀ ਸੰਗਤ ਕੁਟੀਆ ਦੇ ਲੰਗਰ-ਖਾਨੇ ਦੇ ਬੂਹੇ ਵਲ, ਬੇ-ਸਬਰੀ ਨਾਲ ਤੱਕ ਰਹੀ ਸੀ ਕਿ ਕਦੋਂ ਜਲੇਬੀਆਂ ਆਉਂਦੀਆਂ ਨੇ। ਪਰ ਸ਼ਰਧਾਲੂਆਂ ਦੀ ਰੀਝ ਪੂਰੀ ਨਾ ਹੋਈ। ਸਾਰੀ ਸੰਗਤ ਦੇ ਹੱਥ ਵੀ ਧੁਆ ਦਿੱਤੇ ਗਏ। ਜਲੇਬੀਆਂ ਆਈਆਂ ਹੀ ਨਾ। ਸਾਰੇ ਹੀ ਇਕ ਦੂਸਰੇ ਵਲ ਸਵਾਲ ਪੁੱਛਣ ਵਾਂਗ ਝਾਕ ਰਹੇ ਸਨ। ਪਰ ਬਾਭਰ ਕੇ ਕੋਈ ਵੀ ਨਹੀਂ ਸੀ ਬੋਲ ਰਿਹਾ ਆਖਰ ਪਰਨਿਆਂ-ਝੱਗਿਆਂ ਨਾਲ ਹੱਥ ਸਾਫ ਕਰਦੇ ਹੋਏ ਲੋਕ ਪੰਗਤਾਂ ‘ਚੋਂ ਉੱਠ ਖਲੋਤੇ।
ਇੰਨੇ ਨੂੰ ਕੀ ਹੋਇਆ, ਜਿਸ ਗੇਟ ਤੋਂ ਸਾਰੀ ਸੰਗਤ ਨੇ ਬਾਹਰ ਜਾਣਾ ਸੀ, ਉੱਥੇ ਦੋ ਸੇਵਾਦਾਰ ਜਲੇਬੀਆਂ ਨਾਲ ਭਰੀ ਹੋਈ ਵੱਡੀ ਸਾਰੀ ਪਰਾਤ ਫੜ ਕੇ ਖੜ੍ਹ ਗਏ। ਸੰਤ ਬਾਬਾ ਜੀ ਖੁਦ, ਪ੍ਰਸ਼ਾਦ ਵਰਤਾਉਣ ਵਾਂਗ, ਬਾਹਰ ਵਲ ਨਿਕਲ ਰਹੀਆਂ ਸੰਗਤਾਂ ਨੂੰ ਜਲੇਬੀਆਂ ਵਰਤਾਉਣ ਲੱਗ ਪਏ। ਜਦ ਲੋਕਾਂ ਨੇ ਸੰਧੂਰੀ ਰੰਗੀਆਂ ਗਰਮਾ-ਗਰਮ ਜਲੇਬੀਆਂ ਦੀ ਭਰੀ ਹੋਈ ਪਰਾਤ ਦੇਖੀ, ਉਹ ਮੇਰਿਆ ਰੱਬਾ! ਮਖੀਲ ਦੀਆਂ ਮੱਖੀਆਂ ਵਾਂਗ ਸਾਰਾ ਹਜ਼ੂਮ ‘ਹਲਾ-ਲਲਾ’ ਕਰਕੇ ਉੱਧਰ ਨੂੰ ਉਮਡ ਪਿਆ। ਕੀ ਜਨਾਨੀਆਂ ਕੀ ਬੱਚੇ-ਬੁੱਢੇ, ਸਭ ਇਕ ਦੂਜੇ ਨੂੰ ਮਿੱਧਦੇ-ਪਛਾੜਦੇ ਜਲੇਬੀਆਂ ਦੀ ਪਰਾਤ ਵਲ ਵਧਣ ਲੱਗੇ। ਉੱਥੇ ਭਗਦੜ ਜਿਹੀ ਮਚ ਗਈ ਅਤੇ ਸੰਤਾਂ ਹੱਥੋਂ ਜਲੇਬੀਆਂ ਲੈਣ ਦੀ ਬਜਾਏ, ਲੋਕ ਖੋਹਾ-ਖਿੰਜੀ ਕਰਦਿਆਂ ਪਰਾਤ ਨੂੰ ਹੀ ਟੁੱਟ ਕੇ ਪੈ ਗਏ। ‘ਸੰਤ ਜੀ’ ਨੇ ਕ੍ਰੋਧ ‘ਚ ਆ ਕੇ, ਖੇਤਾਂ ਵਿਚ ਖਾਦ ਖਿਲਾਰਨ ਵਾਂਗ, ਦੋਹਾਂ ਹੱਥਾਂ ਨਾਲ ਜਲੇਬੀਆਂ ਦੇ ਬੁੱਕ ਭਰ-ਭਰ ਕੇ ਆਲੇ ਦੁਆਲੇ ਨੂੰ ਖਿਲਾਰਨੇ ਸ਼ੁਰੂ ਕਰ ਦਿੱਤੇ। ਨਾਲੇ ਲਾਲ-ਪੀਲਾ ਚਿਹਰਾ ਕਰਕੇ ਇੱਧਰ ਉੱਧਰ ਜਲੇਬੀਆਂ ਸੁੱਟੀ ਜਾਣ, ਨਾਲ ਉੱਚੀ ਉੱਚੀ ਕਹੀ ਜਾਣ;
‘‘ਲਉ, ਖਾ ਲਉ, ਕੁੱਤਿਉ!..ਤੁਸੀਂ ਭੋਖੜਾ ਮਿਟਾ ਲਉ!!…ਨਿਗਲ ਲਉ ਕੁੱਤਿਉ, ਨਿਗਲ ਲਉ ਜਲੇਬੀਆਂ!…ਰੱਜ ਲਉ ਕੁੱਤਿਉ!!!’’
ਜਿਵੇਂ ਪਿੰਡਾਂ ਦੇ ਨਿਆਣੇ, ਲਾੜੇ ਦੇ ਸਿਰ ਤੋਂ ਵਾਰ ਕੇ ਸੁੱਟੇ ਹੋਏ ਪੈਸੇ ਚੁਗਣ ਲੱਗਿਆਂ, ਆਪਾ-ਧਾਪੀ ਪਾ ਲੈਂਦੇ ਨੇ, ਉਸ ਵੇਲੇ ਐਨ ਉਹੋ ਜਿਹਾ ਮਾਹੌਲ ਬਣ ਗਿਆ। ….ਕਿਸੇ ਦੀ ਪੱਗ ਲਿੱਬੜ ਗਈ, ਕਿਸੇ ਦੀ ਦਾਹੜੀ, ਕਿਸੇ ਦੀ ਕਮੀਜ਼, ਕਿਸੇ ਦਾ ਮੂੰਹ। ਬੜੀ ਬੇ-ਸੁਆਦੀ ਹੋਈ।
ਘਰਾਂ ਨੂੰ ਵਾਪਸ ਮੁੜਦਿਆਂ ਮੇਰੇ ਪਿਤਾ ਜੀ ਆਪਣੇ ਦੋ ਸਾਥੀਆਂ ਨਾਲ, ਸਾਈਕਲਾਂ ‘ਤੇ ਜਾਂਦੇ ਜਾਂਦੇ, ‘ਜਲੇਬੀ-ਕਾਂਡ’ ਬਾਰੇ ਗੱਲਾਂ ਕਰ ਰਹੇ ਸਨ। ਸਾਈਕਲ ਦੇ ਮੋਹਰਲੇ ਡੰਡੇ ‘ਤੇ ਬੈਠਾ ਮੈਂ ਸੁਣਦਾ ਜਾ ਰਿਹਾ ਸਾਂ। ਪਿਤਾ ਜੀ ਕਹਿ ਰਹੇ ਸਨ ਕਿ ਸੰਗਤ ਨੇ ਜਿਹੜਾ ਹੜਦੁੰਗ ਮਚਾਇਆ, ਉਹ ਬੇਸ਼ੱਕ ਸੁਧਾ ਗਲਤ ਸੀ। ਪ੍ਰੰਤੂ ਸੰਤਾਂ ਵਲੋਂ ਸੰਗਤ ਨੂੰ ‘ਕੁੱਤਿਓ’ ਆਖਣਾ ਬਹੁਤ ਮਾੜੀ ਗੱਲ ਸੀ। ਇਹ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ੋਭਾ ਨਹੀਂ ਸੀ ਦਿੰਦਾ! ਪਰ ਪਿਤਾ ਜੀ ਦੇ ਸਾਥੀ ਭਾਈ ਰਾਮ ਸਿੰਘ, ਜੋ ਕਿ ਸੰਤਾਂ ਦਾ ਅਨਿੰਨ ਸ਼ਰਧਾਲੂ ਸੀ, ਕਹਿਣ ਲੱਗਾ।
‘‘ਓ ਗਿਆਨੀ ਜੀ, ਇਹ ਵੀ ਸੰਤਾਂ-ਮਹਾਂਪੁਰਖਾਂ ਦੀ ਮੌਜ ਈ ਹੁੰਦੀ ਐ!…ਉਹ ‘ਦਿਲੋਂ ਮਾੜੇ’ ਨ੍ਹੀਂ ਹੁੰਦੇ!!’’
‘‘ਇਹ ਕਿਧਰਲੀ ਮੌਜ ਹੋਈ?’’ ਪਿਤਾ ਜੀ ਹਿਰਖ ਨਾਲ ਕਹਿ ਰਹੇ ਸਨ- “ਨਾਲੇ ‘ਗੁਰੂ-ਰੂਪ ਸਾਧ ਸੰਗਤ ਜੀ’ ਕਹੀ ਜਾਉ, ਨਾਲੇ ‘ਕੁੱਤਿਉ’ ਸੱਦੋ?’’
ਜਦ ਉਹ ਦੋਵੇਂ ਜਣੇ, ਪਿਤਾ ਜੀ ਨਾਲ ਸਹਿਮਤ ਨਾ ਹੋਏ, ਤਾਂ ਉਹ (ਪਿਤਾ ਜੀ) ਖਿਝ ਕੇ ਕਹਿੰਦੇ;
‘‘ਭਰਾਵੋ, ਤੁਸੀਂ ਕੁੱਤੇ ਬਣੀ ਜਾਉ ਸੰਤਾਂ ਦੇ, ਮੈਂ ਤਾਂ ਨਹੀਂ ਆਉਂਦਾ ਇਥੇ ਮੁੜ ਕੇ!’’
‘ਇੱਕੀ ਵਿੱਸਵੇ’ ਸੰਗਤ ਲਈ ‘ਕੁੱਤਿਉ’ ਲਫਜ਼ ਨੂੰ ‘ਸੰਤਾਂ ਦੀ ਮੌਜ’ ਦੱਸਣ ਵਾਲੇ ਕੀ ਗੁਰੂ ਦੇ ਸਿੱਖ ਅਖਵਾ ਸਕਦੇ ਨੇ। ਬੱਸ ਏਹੀ ਲੋਕ ਨੇ ‘ਸੰਤਾਂ ਦੀ ਖੇਤੀ!’ ਜਿਨ੍ਹਾਂ ਆਸਰੇ ਸਾਧਵਾਦ ਜਾਂ ਡੇਰਾਵਾਦ, ਫਲੀ-ਭੂਤ ਹੁੰਦਾ ਹੈ। ਇਸ ਕੈਟਾਗਰੀ ਦੇ ਸਿੱਖਾਂ ਉੱਪਰ, ਪੰਥਕ ਫਲਸਫੇ ਦਾ ਕੋਈ ਅਸੂਲ, ਕੋਈ ਨਿਯਮ ਅਸਰ ਨਹੀਂ ਕਰਦਾ। ਮੱਤ ਸਮਝੋ ਕਿ ਇਹ ਪੁਰਾਣੇ ਜ਼ਮਾਨੇ ਦੀ ਗੱਲ ਹੈ। ਅੱਜ ਦੇ ‘ਪੜ੍ਹੇ ਲਿਖੇ’ ਯੁੱਗ ਵਿਚ ਵੀ ਐਸੇ ਅੰਧ-ਵਿਸ਼ਵਾਸੀ ਖੂਹ ਦੇ ਡੱਡੂ ਬਹੁਤ ਮਿਲ ਜਾਣਗੇ। ਲਉ, ਆਪਣੇ ਆਪ ਨੂੰ ਕਿਸੇ ਵਿਸ਼ੇਸ਼ ਸੰਤ ਦੇ ਕੁੱਤੇ ਅਖਾਉਣ ਵਾਲੇ ‘ਮਾਡਰਨ ਸਿੰਘਾਂ’ ਦੀ ਸਾਖੀ ਵੀ ਸੁਣੋ ਜ਼ਰਾ-
ਕੁਝ ਮਹੀਨੇ ਪਹਿਲਾਂ ਇਕ ਪ੍ਰਵਾਸੀ ਪੰਜਾਬੀ ਅਖ਼ਬਾਰ ਨੇ, ਪੰਜਾਬ ਬਾਰੇ ਇਕ ਬਹੁਤ ਹੀ ਚਿੰਤਾ-ਜਨਕ ਖ਼ਬਰ ਛਾਇਆ ਕੀਤੀ। ਸਿੱਖਾਂ ਦੇ ਇਕ ਦਰਦੀ ਸੱਜਣ ਵਲੋਂ ਪੰਜਾਬ ਤੋਂ ਇਹ ਰਿਪੋਰਟ ਭੇਜੀ ਗਈ ਸੀ। ਜਿਸ ਵਿਚ ਦਸਿਆ ਗਿਆ ਸੀ ਕਿ ਪੰਜਾਬ ਦੇ ਕਈ ਪ੍ਰਮੁੱਖ ਸਹਿਰਾਂ ਵਿਚ ਸ਼ਰਾਬ ਦੀਆਂ ਬਾਰਾਂ ਵਾਂਗ ‘ਹੁੱਕਾ-ਬਾਰ’ ਖੁੱਲ੍ਹ ਗਏ ਹਨ। ਜਿੱਥੇ ‘ਸਿੰਘ’ ਅਤੇ ‘ਕੌਰ’ ਨਾਵਾਂ ਵਾਲੇ ਮੁੰਡੇ ਕੁੜੀਆਂ ਸ਼ਰੇਆਮ ਹੁੱਕੇ ਦੇ ਸੂਟੇ ਖਿੱਚਣ ਆਉਂਦੇ ਹਨ। ਇਸ ਅਣਹੌਣੀ ਖ਼ਬਰ ਹੇਠਾਂ ਅਖ਼ਬਾਰ ਦੇ ਸੰਪਾਦਕ ਨੇ, ਪੰਜਾਬ ਦੀ ਧਰਤੀ ‘ਤੇ ਵਿਚਰਦੇ ਵੀਹ ਪੰਝੀ ਸੰਤਾਂ ਦੀ ਫੋਟੋ ਛਾਪ ਕੇ, ਇਕ ਕੈਪਸ਼ਨ ਲਿਖ ਕੇ ਸਵਾਲ ਉਠਾਇਆ ਹੋਇਆ ਸੀ, ਕਿ ਅਹਿ ਸਾਧਾਂ ਦਾ ਵੱਗ ਕਿਸ ਮਰਜ਼ ਦੀ ਦਵਾ ਹੈ? ਜੇ ਇਹ ਗੁਰੂਆਂ ਦੇ ਨਾਂ ‘ਤੇ ਵਸਦੇ ਪੰਜਾਬ ਵਿਚ, ਸਿੱਖ ਨੌਜਵਾਨ ਪੀੜ੍ਹੀ ਨੂੰ ਹੁੱਕਿਆਂ ਤੋਂ ਵੀ ਵਰਜ਼ ਨਹੀਂ ਸਕਦੇ, ਤਾਂ ਫਿਰ ਇਨ੍ਹਾਂ ਖੁਣੋ ਕੀ ਥੁੜਿਆ ਹੋਇਐ?
ਇਸ ਖ਼ਬਰ ਤੋਂ ਮੁਤਾਸਿਰ ਹੋ ਕੇ, ਹੋਰ ਕਈ ਦੋਸਤਾਂ ਵਾਂਗ ਮੈਂ ਵੀ ਉਪਰੋਕਤ ਅਖਬਾਰ ਦੇ ਸੰਪਾਦਕ ਨੂੰ ਚਿੱਠੀ ਲਿਖ ਦਿੱਤੀ ਕਿ ਉਸਨੇ ਨਿਰਭੈ ਹੋ ਕੇ ਸੱਚ ਬਿਆਨਿਆ ਹੈ। ਪਰ ਉਸ ਸੰਪਾਦਕ ਨੇ ਉਲਟਾ ਮੈਨੂੰ ‘ਸ਼ਾਬਾਸ਼’ ਦੇ ਦਿੱਤੀ। ਫੋਨ ‘ਤੇ ਹੋਈ ਗੱਲਬਾਤ ਦੌਰਾਨ ਉਸਨੇ ਇੰਕਸ਼ਾਫ ਕੀਤਾ ਕਿ ਕੈਲੇਫੋਰਨੀਆ ਸਟੇਟ ‘ਚੋਂ ਮੈਂ ਪਹਿਲਾ ਵਿਅਕਤੀ ਹਾਂ ਜਿਸ ਨੇ ਸੰਪਾਦਕ ਦੀ ਪਿੱਠ ਥਾਪੜੀ ਹੈ। ਨਹੀਂ ਤਾਂ ਇਸ ਇਲਾਕੇ ਵਿਚੋਂ ਕਈ ਜਣਿਆਂ ਨੇ ਸੰਪਾਦਕ ਨੂੰ ਧਮਕੀਆਂ ਅਤੇ ਅਸ਼ਲੀਲ ਗਾਲ੍ਹਾਂ ਹੀ ਭੇਜੀਆਂ ਹਨ। ਹੈ ਨਾ ਸਿਤਮ ਦੀ ਗੱਲ? ਸਿੱਖ ਮੁੰਡੇ-ਕੁੜੀਆਂ ਹੁੱਕੇ ਪੀਣ ਲੱਗ ਪੈਣ, ਤਾਂ ਕੋਈ ਦੁੱਖ ਨਹੀਂ, ਪਰ ‘ਸਾਡੇ ਸੰਤਾਂ’ ਨੂੰ ਤੁਸੀਂ ਕੁਛ ਨਾ ਕਹੋ। ਕਿਉਂਕਿ ਅਸੀਂ ਉਨ੍ਹਾਂ ਸੰਤਾਂ ਦੇ ‘……’ ਹਾਂ!! ਸਿਦਕੀ ਤੇ ਸਿਰੜੀ ਸੰਪਾਦਕ, ਹੱਸਦਿਆਂ ਹੋਇਆਂ ਇਕ ਅਨੋਖੀ ਜਾਣਕਾਰੀ ਹੋਰ ਵੀ ਮੈਨੂੰ ਦੇ ਰਿਹਾ ਸੀ;
‘‘ਭਾਅ ਜੀ, ਈ-ਮੇਲ ਰਾਹੀਂ ਧਮਕੀ ਦੇਣ ਵਾਲੇ ਇਕ ‘ਸਿੰਘ’ ਨੇ ਆਪਣੀ ਈ-ਮੇਲ ‘ਆਈ ਡੀ’ ਪਤਾ ਕੀ ਬਣਾਈ ਹੋਈ ਸੀ?…ਇਕ ‘ਮਹਾਂਪੁਰਖ’ ਦਾ ਨਾਮ ਲਿਖ ਕੇ ਅੱਗੇ ਲਿਖਿਆ ਹੋਇਆ ਸੀ…ਤੇਰਾ ਕੁੱਤਾ ਯਾਹੂ ਡਾਟ ਕਾਮ!’’

ਤਰਲੋਚਨ ਸਿੰਘ ਦੁਪਾਲਪੁਰ