Friday, September 24, 2010

ਇਵੇਂ ਹੀ ਜਦੋਂ ਰੇਡੀਉ ‘ਔਨ’ ਹੁੰਦਾ ਸੀ

ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ ਹਨੇਰੀ ਦੀ ਤੇਜੀ ਵਾਂਗ ਆਈ ਤਰੱਕੀ ਕਰਕੇ, ਭਾਵੇਂ ਟੀ.ਵੀ, ਵੀ.ਸੀ.ਆਰ. ਅਤੇ ਵੀਡੀਓ ਵਗੈਰਾ ਸਾਡਾ ਲੱਖ ਮਨੋਰੰਜਨ ਕਰ ਰਹੇ ਹੋਣ, ਪਰ ਮੇਰੀ ਪੀੜੀ ਦੇ ਬਹੁਤ ਸਾਰੇ ਲੋਕ ਐਸੇ ਹੋਣਗੇ, ਜਿਨ੍ਹਾਂ ਨੂੰ ਹਾਲੇ ਵੀ ਰੇਡੀਉ ਨਾਲ ਮੋਹ ਹੈ। ਜਿਹੜੇ ਸੂਝਵਾਨ ਸੱਜਣ ਗੀਤ-ਸੰਗੀਤ ਨੂੰ ਅੱਖਾਂ ਦੀ ਥਾਂ ਕੰਨਾਂ ਦਾ ਵਿਸ਼ਾ ਜਾਣਦੇ ਜਾਂ ਮੰਨਦੇ ਹਨ, ਉਹ ਵੀ ਕਦੇ ਰੇਡੀਉ ਨੂੰ ਨਹੀਂ ਭੁਲਾ ਸਕਦੇ। ਰੇਡੀਉ ਦੀ ਸਰਦਾਰੀ ਦੇ ਦਿਨਾਂ ਵਿਚ ਆਮ ਲੋਕ ਇਸ ਨੂੰ ਘਰ ਦੇ ਇਕ ਮੈਂਬਰ ਵਾਂਗ ਹੀ ਸਮਝਦੇ ਹੁੰਦੇ ਸਨ। ਜਿਵੇਂ ਘਰ ਦੇ ਕਿਸੇ ਜੀਅ ਨੂੰ ਗੱਲ ਕਰਦਿਆਂ ਅਣ-ਸੁਣਿਆ ਜਾਂ ਅਣ-ਗੋਲਿਆ ਨਹੀਂ ਸੀ ਕੀਤਾ ਜਾਂਦਾ, ਇਵੇਂ ਹੀ ਜਦੋਂ ਰੇਡੀਉ ‘ਔਨ’ ਹੁੰਦਾ ਸੀ ਤਾਂ ਉਸ ਨੂੰ ਗਹੁ ਨਾਲ ਸੁਣਿਆ ਜਾਂਦਾ ਸੀ। ਖਾਸ ਕਰਕੇ ਰੇਡੀਉ ਤੋਂ ਪ੍ਰਸਾਰਿਤ ਹੁੰਦੀਆਂ ਖਬਰਾਂ ਨੂੰ ਤਾਂ ਸਾਹ ਰੋਕ ਕੇ ਸੁਣਿਆ ਜਾਂਦਾ ਸੀ। ਇਸ ਵਿਚਾਰ-ਲੜੀ ਨੂੰ ਹੋਰ ਅੱਗੇ ਤੋਰਨ ਤੋਂ ਪਹਿਲਾਂ ਇਕ ਲਤੀਫਾ-ਨੁਮਾ ਮਿੰਨੀ ਕਹਾਣੀ ਸੁਣਾ ਰਿਹਾ ਹਾਂ, ਤਾਂ ਕਿ ਇਸ ਵਿਸ਼ੇ ਦੀਆਂ ਗੋਹਜ ਭਰੀਆਂ ਤੰਦਾਂ ਨੂੰ ਸਮਝਿਆ ਜਾ ਸਕੇ। ਕਹਾਣੀ ਇਉਂ ਹੈ-

ਕੋਈ ਫੌਜੀ ਜਵਾਨ ਆਪਣੇ ਪਿੰਡ ਛੁੱਟੀ ਕੱਟਣ ਆਇਆ, ਨਾਲ ਇਕ ਟ੍ਰਾਂਜਿਸਟਰ ਰੇਡੀਉ ਲੈ ਆਇਆ। ਪੁਰਾਣੇ ਸਮਿਆਂ ਦੀ ਗੱਲ ਹੋਣ ਕਰਕੇ ਪਿੰਡ ਵਾਸੀਆਂ ਲਈ ਇਹ ‘ਬੋਲਣ ਵਾਲੀ ਮਸ਼ੀਨ’ ਨਿਰ੍ਹਾ ਅਚੰਭਾ ਸੀ। ਨਿੱਕੇ ਜਿਹੇ ਰੇਡੀਉ ਵਿਚ ਅਲਗੋਜੇ, ਤੂੰਬੀ, ਢੋਲਕੀ ਆਦਿ ਵੱਜਦੀ ਸੁਣ ਕੇ ਪੇਂਡੂ ਬੜੇ ਹੈਰਾਨ ਹੁੰਦੇ। ਰੇਡੀਉ ‘ਤੇ ਵੱਜਦੇ ਗਾਣੇ ਸੁਣਨ ਆਏ ਪੇਂਡੂਆਂ ਨੂੰ ਫੌਜੀ, ਟ੍ਰਾਂਜਿਸਟਰ ਦਾ ਐਂਟੀਨਾ ਕੱਢ ਕੇ ਸਮਝਾਉਂਦਾ ਕਿ ਜਲੰਧਰ-ਦਿੱਲੀ ਵਗੈਰਾ ਸਟੇਸ਼ਨਾਂ ‘ਤੇ ਜੋ ਕੁਝ ਬੋਲਿਆ ਜਾ ਰਿਹਾ ਹੈ, ਇਸ ਐਂਟੀਨੇ ਰਾਹੀਂ ਪਕੜ ਕੇ, ਰੇਡੀਉ ਅੰਦਰ ਲੱਗੀ ਹੋਈ ਮਸ਼ੀਨਰੀ ਸਾਨੂੰ ਸੁਣਾਈ ਜਾ ਰਹੀ ਹੈ। ਕੁਝ ਸਿਆਣੇ ਪੇਂਡੂ ‘ਹੈਅ ਸੈਂਸ ਦਾ ਕਮਾਲ!’ ਕਹਿ ਕੇ ਫੌਜੀ ਦੀਆਂ ਗੱਲਾਂ ‘ਤੇ ਯਕੀਨ ਕਰ ਲੈਂਦੇ, ਪਰ ਬਹੁਤਿਆਂ ਨੂੰ ਉਹ ਨਿਰੀਆਂ ‘ਯੱਭਲੀਆਂ’ ਹੀ ਲਗਦੀਆਂ! ਉਹ ਇਹ ਸਮਝਦੇ ਸਨ ਕਿ ਸਾਰੀ ‘ਕਰਾਮਾਤ’ ਇਸ ਰੇਡੀਉ ਵਿਚ ਹੀ ਫਿੱਟ ਕੀਤੀ ਹੋਈ ਹੈ, ਦਿੱਲੀ-ਜਲੰਧਰੋਂ ਇਹਦੇ ਵਿਚ ਕੁਝ ਨਹੀਂ ਵੜਦਾ!!!
ਇਕ ਦਿਨ ਰੇਡੀਉ ਚਲਾ ਕੇ ਫੌਜੀ ਆਪ ਲੰਬੀ ਸੈਰ ‘ਤੇ ਨਿਕਲ ਗਿਆ। ਛੋਟੇ ਟੇਬਲ ਉੱਤੇ ਰੇਡੀਉ ਪਿਆ ਸੀ ਅਤੇ ਸਾਹਮਣੇ ਪੰਜ ਦਸ ਪੇਂਡੂਆਂ ਦੀ ਢਾਣੀ ਬੈਠੀ ਸੀ। ਕੋਈ ਗੀਤ-ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ। ਕਈ ਤਰ੍ਹਾਂ ਦੇ ਸਾਜ ਵੱਜਦੇ ਸੁਣ ਕੇ ਪੇਂਡੂ-ਸਰੋਤੇ ਮਸਤ ਹੋ ਰਹੇ ਸਨ। ਇਕ ਗਾਣਾ ਖਤਮ ਹੋਵੇ, ਦੂਜਾ ਸ਼ੁਰੂ ਹੋ ਜਾਏ। ਵਿਚ ਵਿਚ ਅਨਾਊਂਸਰ ਇਕ ਦੋ ਗੱਲਾਂ ਕਰਕੇ, ਗੀਤ ਵਜਾਈ ਜਾ ਰਿਹਾ ਸੀ। ਜਦ ਅੱਧਾ-ਪੌਣਾ ਘੰਟਾ ਇਸੇ ਤਰ੍ਹਾਂ ਬੀਤ ਗਿਆ ਤਾਂ ਉਪਰੋਂ ਪੇਂਡੂਆਂ ਦੇ ਕੰਮ-ਧੰਦੇ ਦਾ ਟਾਈਮ ਹੋ ਗਿਆ। ਸਰੋਤਿਆਂ ਨੂੰ ਉਕਤਾਏ ਹੋਏ ਭਾਂਪਦਿਆਂ, ਫੌਜੀ ਦੇ ਘਰ ਦਾ ਇਕ ਬਜ਼ੁਰਗ ਰੇਡੀਉ ਦੇ ਮੋਹਰੇ ਜਿਹੇ ਨੂੰ ਹੋ ਕੇ ਕਹਿਣ ਲੱਗਾ-
‘‘ਜੀ, ਹੁਣ ਬੱਸ ਕਰੋ, ਅਸੀਂ ਖੇਤਾਂ ਨੂੰ ਜਾਣੈ!’’
ਬਾਪੂ ਵਲੋਂ ਇੰਜ ਕਹਿਣ ‘ਤੇ ਗੀਤ ਖਤਮ ਹੋਇਆ, ਪਰ ਮਗਰੇ ਇਕ ਹੋਰ ਚੱਲ ਪਿਆ। ‘ਚੱਲ ਐਦਾਂ ਕਰ, ਅਹਿ ਇਕ ਹੋਰ ਗਾ ਲੈ, ਫੇਰ ਬੱਸ ਕਰੀਂ…..ਸਾਨੂੰ ਕੁਵੇਲਾ ਹੋ ਰਿਹੈ!’
ਰੇਡੀਉ ਨੂੰ ਕੋਈ ਬੰਦ ਕਰਦਾ ਤਾਂ ਹੀ ਉਹ ਚੁੱਪ ਹੁੰਦਾ? ਇਕ ਗੀਤ ਮੁੱਕਣ ਬਾਅਦ ਜਦੋਂ ਦੂਜਾ ਸ਼ੁਰੂ ਹੁੰਦਾ ਤਾਂ ਪੇਂਡੂ ਭਰਾ ਤਰਲਾ ਲੈਂਦਿਆਂ ਆਖੀ ਜਾਣ- “ਚੱਲ, ਹੁਣ ਬੱਸ ਕਰ ਦੇਈਂ!” ਆਖਰਕਾਰ ਪੇਂਡੂ ਸ੍ਰੋਤਿਆਂ ਦੇ ਸਬਰ ਦਾ ਪਿਆਲਾ ਟੁੱਟ ਗਿਆ! ਫੌਜੀ ਦੇ ਘਰ ਦਾ ਬਜ਼ੁਰਗ ਗੁੱਸੇ ‘ਚ ਉੱਠਿਆ-ਮੋਢੇ ਤੋਂ ਪਰਨਾ ਲਾਹ ਕੇ, ਟੇਬਲ ‘ਤੇ ਪਏ ਰੇਡੀਉ ਉੱਤੇ ਜ਼ੋਰ ਨਾਲ ਮਾਰਦਿਆਂ ਕਹਿੰਦਾ- “ਹੁਣ ਮੈਂ ਚੁੱਪ ਕਰਾਉਨੈ ਇਨ੍ਹਾਂ ਵੱਡੇ ਗਵੱਈਆਂ ਨੂੰ!’’ ਪਰਨਾ ਵੱਜਣ ਨਾਲ ਰੇਡੀਉ ਪਿਛਲੇ ਪਾਸੇ ਨੂੰ ਡਿਗ ਪਿਆ। ਕੈਬਨਿਟ ਟੁੱਟ ਗਈ। ਵਿਚੋਂ ਨਿਕਲੇ ਚਾਰ ਸੈੱਲ ਇੱਧਰ-ਉੱਧਰ ਨੂੰ ਰਿੜਦੇ ਜਾਂਦੇ ਦੇਖ ਕੇ, ਪਰਨਾ ਮਾਰਨੇ ਵਾਲਾ ਬਾਪੂ ਹੱਸ ਕੇ ਕਹਿੰਦਾ- “ਦੇਖਿਆ, ਹੁਣ ਜਾਣ ਲੱਗੇ ਮਾਮੇ ਢੋਲਕੀਆਂ-ਤਬਲੇ ਵੀ ਵਿਚੇ ਈ ਛੱਡ ਗਏ!’’
ਪੜ੍ਹਨ-ਸੁਣਨ ਨੂੰ ਤਾਂ ਇਹ ਕਹਾਣੀ ਬੜੀ ਹਸਾਉਣੀ ਜਾਪਦੀ ਹੈ। ਪਰ ਜਿਨ੍ਹਾਂ ਵੇਲਿਆਂ ਨਾਲ ਇਹ ਸਬੰਧਤ ਹੈ, ਇਹ ਉਸ ਕਾਲ ਦੇ ਜਨ-ਸਧਾਰਨ ਦੇ ਮਨਾਂ ਵਿਚ ਪਏ ਵਕਤ ਪ੍ਰਤੀ ਸਨਮਾਨ ਦੇ ਪ੍ਰਗਟਾਵੇ ਦੀ ਸੂਚਕ ਹੈ। ਸਿੱਧੇ-ਸਾਦੇ ਪੇਂਡੂ ਭਰਾ, ਰੇਡੀਉ ‘ਤੇ ਗਾਉਣ ਵਾਲਿਆਂ ਦੀ ਇਹ ਭਾਰੀ ‘ਨਿਰਾਦਰੀ’ ਸਮਝਦੇ ਹੋਣਗੇ ਕਿ ਉਨ੍ਹਾਂ ਦੇ ਸਰੋਤੇ, ਉਨ੍ਹਾਂ (ਗਾਇਕਾਂ) ਨੂੰ ਗਾਉਂਦਿਆਂ ਵਿਚੇ ਈ ਛੱਡ ਜਾਣ! ਸਭਾ ਵਿਚ ਬੋਲ ਰਹੇ ਜਾਂ ਗਾ ਰਹੇ ਕਿਸੇ ਵਕਤੇ ਦਾ ਇੰਨਾ ਸਤਿਕਾਰ ਸੀ ਉਨ੍ਹਾਂ ਭਲੇ ਵੇਲਿਆਂ ਵਿਚ। ਰੇਡੀਉ ਦੇ ਪੜ੍ਹੇ ਲਿਖੇ ਸਰੋਤੇ ਆਪਣੇ ਮਨ-ਪਸੰਦ ਗੀਤਾਂ ਨੂੰ ਦੁਬਾਰਾ ਸੁਣਨ ਲਈ, ਵੱਖ-ਵੱਖ ਪ੍ਰੋਗਰਾਮਾਂ ਨੂੰ ਚਿੱਠੀਆਂ ਲਿਖਦੇ ਹੁੰਦੇ ਸਨ। ਆਪਣੀ ਫਰਮਾਇਸ਼ ਪੂਰੀ ਹੋ ਰਹੀ ਸੁਣ ਕੇ ਜਾਂ ਆਪਣਾ ਨਾਮ ਰੇਡੀਉ ਤੋਂ ਪ੍ਰਸਾਰਿਤ ਹੁੰਦਾ ਸੁਣ ਕੇ ਅਥਾਹ ਖੁਸ਼ੀ ਮਿਲਦੀ ਹੁੰਦੀ ਸੀ।
ਅੱਜ ਦੇ ਯੁਗ ਵਿਚ ਪਸੰਦੀਦਾ ਗੀਤ ਸੁਣਨ ਲਈ, ਖਤ ਲਿਖਣ ਜਿਹਾ ਤਰੱਦਦ ਕਰਨ ਦੀ ਕੋਈ ਲੋੜ ਹੀ ਨਹੀਂ। ਟੇਪਾਂ, ਸੀਡੀਆਂ ਦੇ ਢੇਰਾਂ ਦੇ ਢੇਰ ਹਰ ਘਰ ਵਿਚ ਮੌਜੂਦ ਹਨ। ਹੁਣ ਇਨ੍ਹਾਂ ਨੂੰ ਸੁਣਨ ਲਈ ਸਾਡੇ ਕੋਲ ਸਮਾਂ ਈ ਹੈ ਨਹੀਂ। ਇੰਟਰਨੈੱਟ ਉਪਰ ਮਣਾਂ-ਮੂੰਹੀ ਸਮੱਗਰੀ ਭਰੀ ਪਈ ਹੈ। ਜਿੱਥੇ ਅੱਗੇ ਰੇਡੀਉ ਦੀਆਂ ਕੁਝ ਕੁਝ ਘੰਟਿਆਂ ਦੀਆਂ ਨਿਸ਼ਚਿਤ ‘ਸਭਾਵਾਂ’ ਹੁੰਦੀਆਂ ਸਨ, ਉੱਥੇ ਹੁਣ ਚੌਵੀ ਘੰਟੇ, ਸੱਤੇ ਦਿਨ ਟੀ.ਵੀ. ਚੱਲੀ ਜਾ ਰਹੇ ਹਨ। ਰੇਡੀਉ ਵਾਲੇ, ਰਾਤ ਦਸ-ਗਿਆਰਾਂ ਵਜੇ ਆਖ ਦਿਆ ਕਰਦੇ ਸਨ ਕਿ ਹੁਣ ਸਾਡੀ ਇਸ ਸਭਾ ਦੇ ਪ੍ਰੋਗਰਾਮ ਸਮਾਪਤ ਹੁੰਦੇ ਹਨ, ਤੜਕੇ ਚਾਰ ਵਜੇ ਫਿਰ ਹਾਜ਼ਰ ਹੋਵਾਂਗੇ….ਤਦ ਤੱਕ ਲਈ ਇਜਾਜ਼ਤ ਦਿਉ। ਲੇਕਿਨ ਅੱਜ ਕਲ ਸੂਰਜ ਅਸਤ ਹੁੰਦਿਆਂ ਰਾਤ ਪਸਰਨੀ ਸ਼ੁਰੂ ਹੋ ਜਾਂਦੀ ਹੈ, ਪ੍ਰੰਤੂ ਟੀ.ਵੀ. ਪ੍ਰੋਗਰਾਮਾਂ ‘ਤੇ ਰਾਤ ਦਾ ਕੋਈ ਅਸਰ ਨਹੀਂ ਪੈਂਦਾ। ਉੱਥੇ ਚੱਲ ਸੋ ਚੱਲ ਹੀ ਰਹਿੰਦੀ ਹੈ। ਹਵਾ ਵਿਚ ਉਤਨੇ ਕਣ ਨਹੀਂ ਹੋਣੇ, ਜਿੰਨੇ ਮੌਜੂਦਾ ਦੌਰ ਵਿਚ ਚੈਨਲ ਚੱਲ ਰਹੇ ਨੇ। ਪਹਿਲੋਂ ਜਿੱਥੇ ਸਾਹ ਰੋਕ ਕੇ ਰੇਡੀਉ ਸੁਣਿਆ ਜਾਂਦਾ ਸੀ, ਉੱਥੇ ਅੱਜ ਘਰਾਂ ਜਾਂ ਦਫਤਰਾਂ ਵਿਚ ਲਗਾਤਾਰ ਟੀ.ਵੀ. ਚੱਲ ਰਹੇ ਹਨ। ਚਾਹੇ ਕੋਈ ਸੁਣਦਾ ਹੋਵੇ ਜਾ ਨਾ। ਚਾਹੇ ਕੋਈ ਧਾਰਮਿਕ ਪ੍ਰਵਚਨ ਚੱਲਦਾ ਪਿਆ ਹੋਵੇ ਜਾਂ ਕੋਈ ਫਿਲਮ, ਸਭ ਇਕੋ ਰੱਸੇ ਗਊ-ਗਧਾ ਬੰਨ੍ਹ ਹੋਏ ਰਹਿੰਦੇ ਹਨ।
ਜਿਸ ਤਰ੍ਹਾਂ ਚੈਨਲਾਂ ਦੀ ਬਰਸਾਤ ਵਿਚੋਂ ਖੇਹ-ਸੁਆਹ ਅੱਠੇ ਪਹਿਰ ਉਡੀ ਜਾਂਦੀ ਹੈ, ਇਸੇ ਭਾਅ ਪਰਿਵਾਰਾਂ ਵਿਚ ਕਿਸੇ ਵੱਡੇ-ਸਿਆਣੇ ਦੀ ਨਸੀਹਤ ਜਾਂ ਸਿੱਖਿਆ ਨੂੰ ਸੁਣਿਆ-ਅਣ ਸੁਣਿਆ ਕਰ ਦਿੱਤਾ ਜਾਂਦਾ ਹੈ। ਦੇਖਿਆ ਜਾਵੇ ਤਾਂ ਧਰਮ ਪ੍ਰਚਾਰ ਦੀਆਂ ਸੇਵਾਵਾਂ ਵੀ ਇਸੇ ਬੇ-ਪ੍ਰਤੀਤੀ ਦੀ ਭੇਂਟ ਚੜ੍ਹ ਰਹੀਆਂ ਹਨ। ਇਸ ਘੜਮੱਸ ਵਿਚ ਰੂਹ ਨੂੰ ਤਾਜ਼ਗੀ ਦੇਣ ਵਾਲਾ ਸੰਗੀਤ, ਦੇਸ਼ ਭਗਤੀ ਦੇ ਜਜ਼ਬੇ ਉਭਾਰਨ ਅਤੇ ਸਦਾਚਾਰ ਦੀਆਂ ਸੇਧਾਂ ਦੇਣ ਵਾਲੀ ਸਮੱਗਰੀ, ਸਭ ਕੁਝ ਰਲ-ਗੱਡ ਹੋ ਕੇ ਰਹਿ ਗਿਆ ਹੈ। ਵਰਤਮਾਨ ਮਨੁੱਖ ਦੀ ਹਾਲਤ ਇਸ ਤਰ੍ਹਾਂ ਬਦਲਦੀ ਜਾ ਰਹੀ ਏ-
ਬਣ ਰਹੇ ਹਾਂ ਪੰਕਤੀਆਂ ਤੋਂ
ਫੇਰ ਲਫਜ਼
ਅਤੇ ਲਫਜ਼ੋਂ ਚਾਂਗਰਾਂ
…ਚੀਕਾਂ,
…ਚਿੰਘਾੜਾਂ!
ਪੰਜਾਬ ਵਿਚ ਰੇਡੀਉ ਦੀ ਚੜ੍ਹਤ ਦੇ ਸਮਿਆਂ ਦੌਰਾਨ ਅਕਾਸ਼ਵਾਣੀ ਜਲੰਧਰ ਦਾ ਪ੍ਰਸਾਰਣ ਅੱਜ ਵੀ ਸਾਡੇ ਚੇਤਿਆਂ ‘ਚ ਖੁੱਭਿਆ ਪਿਆ ਹੈ। ਅੰਮ੍ਰਿਤ ਵੇਲੇ ‘ਅਰਾਧਨਾ’ ਪ੍ਰੋਗਰਾਮ ਅਧੀਨ ਗੁਰਬਾਣੀ ਕੀਰਤਨ, ਸਵੇਰੇ ਸੱਤ ਵਜੇ ਦਾ ‘ਅੰਮ੍ਰਿਤ-ਬੋਧ’ ਵਾਲਾ ਦਸ ਮਿੰਟਾਂ ਦਾ ਪ੍ਰੋਗਰਾਮ ਸਾਰੇ ਦਿਨ ਦੀ ਸੋਚ ਨੂੰ ਬਦਲ ਕੇ ਰੱਖ ਦਿੰਦਾ ਸੀ। ਦੁਪਹਿਰ ਨੂੰ ਭੈਣਾਂ ਦੇ ਪ੍ਰੋਗਰਾਮ ਤ੍ਰਿੰਜਣ ਵਿਚ, ਕੁਲਬੀਰ ਬਡੇਸਰੋਂ ਦੀ ਮਾਖਿਉਂ ਮਿੱਠੀ ਬੋਲੀ ਕਿਵੇਂ ਭੁਲਾਈ ਜਾ ਸਕਦੀ ਹੈ। ਐਤਵਾਰ ਸਵੇਰ ਦੇ ਪ੍ਰੋਗਰਾਮ ‘ਚਾਨਣ-ਰਿਸ਼ਮਾਂ’ ਅਤੇ ਬੱਚਿਆਂ ਦੇ ਪ੍ਰੋਗਰਾਮ ਨੂੰ ਚਾਅਵਾਂ ਨਾਲ ਉਡੀਕਿਆ ਜਾਂਦਾ ਸੀ। ਦੁਪਹਿਰ ਢਾਈ ਵਜੇ ਦੇ ਲੋਕ ਗੀਤ, ਪੰਜਾਬ ਦੇ ਲੋਕ-ਸਾਹਿਤ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਸਨ। ਸ਼ਾਮ ਦਾ ‘ਗੁਰਬਾਣੀ ਵਿਚਾਰ’ ਅਤੇ ਗੁਰਪੁਰਬਾਂ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਰੂਹਾਨੀ ਬਲ ਪ੍ਰਦਾਨ ਕਰਦਾ ਹੁੰਦਾ ਸੀ। ਰਾਤ ਦੇ ਰੋਟੀ ਪਾਣੀ ਤੋਂ ਵਿਹਲਿਆਂ ਹੋ ਕੇ ‘ਦਿਹਾਤੀ ਪ੍ਰੋਗਰਾਮ’ ਵਿਚਲੇ ਫੌਜਾ ਸਿੰਘ, ਠੰਢੂ ਰਾਮ, ਭਾਈਆ ਜੀ ਅਤੇ ਮਾਸਟਰ ਜੀ ਦੀ ਆਪਸੀ ਨੋਕ-ਝੋਕ ਨੂੰ ਪੇਂਡੂ ਲੋਕ ਇਕਾਗਰ ਚਿੱਤ ਹੋ ਕੇ ਇਉਂ ਸੁਣਿਆਂ ਕਰਦੇ ਸਨ, ਜਿਵੇਂ ਉਹ ਸਾਰੇ ਪਾਤਰ, ਸਾਡੇ ਕੋਈ ਖਾਸ ਰਿਸ਼ਤੇਦਾਰ ਹੁੰਦੇ ਹੋਣ। ਇਸੇ ਤਰ੍ਹਾਂ ਦਿਹਾਤੀ ਪ੍ਰੋਗਰਾਮ ਵਿਚ ਐਤਵਾਰ ਦਾ ਫੁਰਮਾਇਸ਼ੀ ਪ੍ਰੋਗਰਾਮ ਦਿਲਾਂ ਦੀ ਧੜਕਣ ਬਣਿਆ ਰਹਿੰਦਾ ਸੀ। ਹਰ ਐਤਵਾਰ ਕੁਲਦੀਪ ਮਾਣਕ ਦੀਆਂ ਕਲੀਆਂ ਅਤੇ ਰਣਜੀਤ ਕੌਰ ਦੀ ਟੂਣੇ ਹਾਰੀ ਆਵਾਜ਼ ਗੂੰਜਦੀ ਹੁੰਦੀ ਸੀ। ‘ਮਾਂ ਹੁੰਦੀ ਏ ਮਾਂ’ ਅਤੇ ‘ਖਾਲੀ ਘੋੜੀ ਹਿਣਕਦੀ’ ਵਾਲੇ ਗੀਤ ਮਿਸ਼ਰੀ ਦੀਆਂ ਡਲੀਆਂ ਵਰਗੇ ਜਾਪਦੇ ਹੁੰਦੇ ਸਨ।
ਇਨ੍ਹਾਂ ਤੋਂ ਇਲਾਵਾ ਰਾਤ ਸਾਢੇ ਨੌਂ ਵਜੇ ਪੇਸ਼ ਕੀਤੇ ਜਾਂਦੇ ਨਾਟਕ ਅਤੇ ਵੱਖ-ਵੱਖ ਵਿਸਿ਼ਆਂ ‘ਤੇ ਪੇਸ਼ ਕੀਤੇ ਜਾਂਦੇ ਵਿਚਾਰ-ਵਟਾਂਦਰੇ ਦੇ ਪ੍ਰੋਗਰਾਮ, ਸਰੋਤਿਆਂ ਦਾ ਗਿਆਨ-ਭੰਡਾਰ ਵਧਾਉਂਦੇ ਹੁੰਦੇ ਸਨ। ਉੜਦੂ ਸਰਵਿਸ ਵਾਲਿਆਂ ਦੇ ਮੀਟਰ-ਬੈਂਡ, ਚਾਰ ਸੌ ਬਾਈ ਇਸ਼ਾਰੀਆ ਪੰਜ ਮੀਟਰ ‘ਤੇ ਪ੍ਰਸਾਰਿਤ ਕੀਤੇ ਜਾਂਦੇ। ਜਲੰਧਰ ਵਾਲਿਆਂ ਦੇ ਪ੍ਰੋਗਰਾਮ ‘ਦੇਸ-ਪੰਜਾਬ’ ਅਤੇ ‘ਯੁਵ-ਵਾਣੀ’ ਵੀ ਦਿਲਚਸਪ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਅਕਾਸ਼ਵਾਣੀ ਜਲੰਧਰ ਤੋਂ ਸੁਣੇ ਹੋਏ ਕਈ ਖਾਸ ਪ੍ਰੋਗਰਾਮ, ਮੇਰੀ ਯਾਦ ਦੇ ਝਰੋਖੇ ਵਿਚ ਹੀਰਿਆਂ ਵਾਂਗ ਚਮਕਦੇ ਹਨ। ਜਿਨ੍ਹਾਂ ਵਿਚੋਂ ਕੁਝ ਕੁ ਦਾ ਵਰਨਣ ਕਰਨਾ ਚਾਹੁੰਦਾ ਹਾਂ।
ਇਕ ਵਾਰ ਰਾਤ ਸਾਢੇ ਨੌਂ ਵਜੇ ‘ਵਧਦੀ ਮਹਿੰਗਾਈ ਅਤੇ ਸਰਕਾਰ ਦਾ ਕਰਤੱਵ’ ਵਿਸ਼ੇ ‘ਤੇ ਵਿਚਾਰ-ਵਟਾਂਦਰਾ ਪੇਸ਼ ਕੀਤਾ ਗਿਆ। ਇਸ ਵਿਚ ਆਮ ਲੋਕਾਂ ਦੇ ਪ੍ਰਤੀਨਿਧ ਦੇ ਤੌਰ ‘ਤੇ ‘ਅਕਾਲੀ-ਪਤ੍ਰਿਕਾ’ ਦੇ ਚੀਫ-ਐਡੀਟਰ ਗਿਆਨੀ ਸ਼ਾਦੀ ਸਿੰਘ ਬੋਲੇ। ਟਿਕੀ ਹੋਈ ਰਾਤ ਵੇਲੇ ਅਸੀਂ ਮੰਜਿਆਂ ‘ਤੇ ਪਏ ਪਏ ਇਹ ‘ਡਿਸਕਸ਼ਨ’ ਸੁਣ ਰਹੇ ਸਾਂ। ਸਰਕਾਰ ਪੱਖੀ ਬੋਲੀ ਬੋਲਣ ਵਾਲੇ ਕੁਝ ਵਿਦਵਾਨਾਂ ਦਾ, ਗਿਆਨੀ ਸ਼ਾਦੀ ਸਿੰਘ ਹੁਣੀ ਮਿਸਾਲਾਂ ਦੇ ਕੇ ਚੰਗਾ ਮੱਕੂ ਠੱਪਿਆ। ਗਿਆਨੀ ਜੀ ਨੇ ਉਸ ਪ੍ਰੋਗਰਾਮ ਵਿਚ ਬੜੀਆਂ ਵਜ਼ਨਦਾਰ ਦਲੀਲਾਂ ਦਿੰਦਿਆਂ ਗਰੀਬ ਲੋਕਾਂ ਦਾ ਪੱਖ ਪੂਰਿਆ। ਪੌਣਾ ਘੰਟਾ ਚੱਲਿਆ ਇਹ ਪ੍ਰੋਗਰਾਮ ਜਦੋਂ ਸਮਾਪਤ ਹੋਇਆ ਤਾਂ ਸਾਡੇ ਘਰ ਦੇ ਆਲੇ ਦੁਆਲੇ ਕੋਠਿਆਂ ਦੀਆਂ ਛੱਤਾਂ ‘ਤੇ ਮੰਜੇ ਡਾਹ ਕੇ ਪਏ ਸਾਰੇ ਗੁਆਂਢੀ ਬੋਲ ਉੱਠੇ! ਕੋਈ ਕਹੇ- “ਲੈ ਬਈ, ਗਿਆਨੀ ਨੇ ਤਾਂ ਕਮਾਲ ਈ ਕਰ’ਤੀ!’’ ਕੋਈ ਜਣਾ ਸ਼ਾਦੀ ਸਿੰਘ ਹੁਣਾ ਬਾਰੇ ਆਖ ਰਿਹਾ ਸੀ-
‘‘ਇਹੋ ਜਿਹਾ ਬੰਦਾ ਬਣਨਾ ਚਾਹੀਦੈ ਪ੍ਰਧਾਨ ਮੰਤਰੀ!’’
ਕਹਿਣ ਦਾ ਭਾਵ ਸਾਡੇ ਸਾਰੇ ਵਿਹੜੇ ਵਾਲਿਆਂ ਨੇ ਉਹ ਪ੍ਰੋਗਰਾਮ ਸੁਣਿਆ।
ਦਿਹਾਤੀ ਪ੍ਰੋਗਰਾਮ ਵਿਚ ਪੇਸ਼ ਕੀਤੀ ਜਾ ਰਹੀ ਇਕ ਇੰਟਰਵਿਊ ਵਿਚ, ਸੰਨ ਸੰਤਾਲੀ ਦੇ ਰੌਲਿਆਂ ਵੇਲੇ ਬਾਰ ਤੋਂ ਆਇਆ ਇਕ ਸੱਜਣ ਆਪਣੀ ਹੱਡ ਬੀਤੀ ਸੁਣਾਉਂਦਾ ਹੋਇਆ ਰੋਣ ਲੱਗ ਪਿਆ ਸੀ। ਉਹ ਦੱਸ ਰਿਹਾ ਸੀ-
‘‘…..ਅੰਨ੍ਹੀ ਕਤਲੋ-ਗਾਰਤ ਵਿਚ ਟੱਬਰ ਦੇ ਕਈ ਜੀਅ ਮਰਵਾ ਕੇ ਅਸੀਂ ਮੌਤ ਦੇ ਸਾਏ ਹੇਠ ਡਿਗਦੇ-ਢਹਿੰਦੇ, ਭੁੱਖਣ-ਭਾਣੇ ਹਿੰਦੁਸਤਾਨ ਆ ਪਹੁੰਚੇ। ਗੁਰਦਾਸਪੁਰ ਦੇ ਕੋਲ ਇਕ ਅੰਬ ਦੇ ਦਰਖਤ ਹੇਠ ਅਸੀਂ ਰਾਤ ਕੱਟਣ ਲਈ ਲੰਮੇ ਪੈ ਗਏ। ਸਵੇਰ ਹੋਈ ਤੋਂ ਅਸੀਂ ਦੇਖਿਆ ਕਿ ਦਰਖਤ ਨੂੰ ਅੰਬ ਲੱਗੇ ਹੋਏ ਸਨ। ਸਾਡੇ ਪਾਸ ਪੈਸਾ ਧੇਲਾ ਤਾਂ ਕੋਈ ਹੈ ਨਹੀਂ ਸੀ। ਇਸ ਕਰਕੇ ਮੇਰੀ ਮਾਂ ਨੇ ਕਿਹਾ ਕਿ ਅੰਬ ਤੋੜ ਕੇ ਲੈ ਜਾ ਤੇ ਲਾਗੇ ਦੇ ਪਿੰਡ ਵੇਚ ਆ। ਅਸੀਂ ਦੋਹਾਂ ਭਰਾਵਾਂ ਨੇ ਅੰਬ ਤੋੜ ਕੇ ਗਠੜੀ ਬੰਨ੍ਹ ਲਈ ਤੇ ਲਾਗਲੇ ਪਿੰਡ ਵੇਚਣ ਚਲੇ ਗਏ। ਸਾਰਾ ਪਿੰਡ ਅਸੀਂ ਘੁੰਮ ਲਿਆ, ਪਰ ਸਾਥੋਂ ਅੰਬ ਕਿਸੇ ਨੇ ਖਰੀਦੇ ਹੀ ਨਾ। ਨਿਰਾਸ਼ ਹੋ ਕੇ ਵਾਪਸ ਆਇਆਂ ਨੂੰ ਮਾਂ ਨੇ ਪੁੱਛਿਆ ਕਿ ਤੁਸੀਂ ਪਿੰਡ ਵਿਚ ਵੜ ਕੇ ਅੰਬਾਂ ਦਾ ਹੋਕਾ ਦਿੱਤਾ ਸੀ। ਮੇਰੇ ਵਲੋਂ ‘ਨਾਂਹ’ ਸੁਣ ਕੇ ਮੇਰੀ ਮਾਂ ਕਹਿੰਦੀ ਕਿ ਕਮਲਿਉ, ਲੋਕਾਂ ਨੂੰ ਕੀ ਪਤਾ ਕਿ ਤੁਸੀਂ ਕੌਣ ਫਿਰਦੇ ਹੋ? ਜਾਉ ਇਕ ਵਾਰ ਫਿਰ ਜਾਉ ਤੇ ਅੰਬ ਵੇਚਣ ਦਾ ਹੋਕਾ ਦਿਉ।’’
ਉਹ ਸੱਜਣ ਭਾਵੁਕ ਹੁੰਦਿਆਂ ਦੱਸ ਰਿਹਾ ਸੀ ਕਿ ਅਸੀਂ ਕਈ ਘੋੜੀਆਂ ਅਤੇ ਮੁਰੱਬਿਆਂ ਦੇ ਮਾਲਕ, ਵਖਤੁ ਦੇ ਮਾਰੇ ਹੋਏ ਸਿਰ ‘ਤੇ ਅੰਬਾਂ ਦੀ ਗੰਢੜੀ ਬੰਨ੍ਹ ਕੇ, ਪਿੰਡ ਵਿਚ ਮੁੜ ਜਾ ਵੜੇ। ਜਦ ਮੈਂ ਗਲੀ ਵਿਚ ਜਾ ਕੇ ‘ਅੰਬ ਲਉ ਜੀ, ਅਚਾਰੀ ਅੰਬ!’ ਦਾ ਹੋਕਾ ਦੇਣ ਲਈ ਮੂੰਹ ਖੋਲ੍ਹਿਆ ਤਾਂ ਹੋਕਾ ਦੇਣ ਦੀ ਥਾਂ ਮੇਰੀਆਂ ਭੁੱਬਾਂ ਨਿਕਲ ਗਈਆਂ!
ਇਸੇ ਤਰ੍ਹਾਂ ਅਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਕ ਦਫਾ ਮੈਂ ਸ਼ਹੀਦ ਭਗਤ ਸਿੰਘ ਦੇ ਸਕੇ ਭਰਾ ਕੁਲਤਾਰ ਸਿੰਘ ਦੀ ਐਸ.ਐਸ. ਮੀਸ਼ਾ ਦੁਆਰਾ ਕੀਤੀ ਗਈ ਇੰਟਰਵਿਊ ਸੁਣੀ ਸੀ। ਜਿਸ ਵਿਚ ਕੁਲਤਾਰ ਸਿੰਘ ਦੱਸ ਰਿਹਾ ਸੀ- “ਜਦ ਸਾਨੂੰ ਪਤਾ ਲੱਗਾ ਕਿ ਲਾਹੌਰ ਜੇਲ੍ਹ ਦੀ ਕੰਧ ਪਾੜ ਕੇ ਭਗਤ ਸਿੰਘ ਹੁਣਾਂ ਨੂੰ ਫਾਂਸੀ ਦੇਣ ਲਈ ਅੰਗਰੇਜ਼ ਲੈ ਗਏ ਹਨ, ਤਾਂ ਅਸੀਂ ਰੋਹ ਵਿਚ ਆ ਕੇ ਮਗਰੇ ਮਗਰ ਹੋ ਲਏ। ਪਰ ਸਾਡੀ ਪੇਸ਼ ਕੋਈ ਨਾ ਗਈ। ਪੁੱਛਦੇ-ਪੁਛਾਂਦਿਆਂ ਅਸੀਂ ਹੁਸੈਨੀ ਵਾਲੇ ਜਾ ਪਹੁੰਚੇ। ਸਾਡੇ ਜਾਂਦਿਆਂ ਨੂੰ ਭਗਤ ਸਿੰਘ ਤੇ ਸਾਥੀਆਂ ਦਾ ਸੰਸਕਾਰ ਕਰਕੇ ਰਾਖ ਸਤਿਲੁਜ ਵਿਚ ਰੋੜ੍ਹ ਰਹੇ ਸਨ। ਅੰਤਿਮ ਸੰਸਕਾਰ ਵਾਲੀ ਲੂਹ ਹੋਈ ਜਗ੍ਹਾ ਤੋਂ ਅਸੀਂ ਕੁਝ ਰੋੜੇ ਇਕੱਠੇ ਕੀਤੇ, ਜਿਨ੍ਹਾਂ ਨੂੰ ਸ਼ਹੀਦਾਂ ਦਾ ਖੂਨ ਲੱਗਾ ਹੋਇਆ ਸੀ!’’ ਕੁਲਤਾਰ ਸਿੰਘ ਦੱਸ ਰਿਹਾ ਸੀ ਕਿ ਉਹ ਲਹੂ-ਲਿੱਬੜੇ ਰੋੜੇ ਅਸੀਂ ਖਟਕੜੀਂ ਰੱਖੇ ਹੋਏ ਹਨ।
ਹੁਣ ਤਾਂ ਕਹਿੰਦੇ ਕਿ ‘ਅਕਾਸ਼ਵਾਣੀ’ ਦੀ ਵੀ ‘ਕਮਰਸ਼ਲ ਐਡਾਂ’ ਨੇ ਮੱਤ ਮਾਰੀ ਹੋਈ ਹੈ, ‘ਉਹ ਗੱਲਾਂ’ ਕਿੱਥੇ ਰਹਿ ਗਈਆਂ ਹੁਣ!
ਤਰਲੋਚਨ ਸਿੰਘ ਦੁਪਾਲਪੁਰ