Saturday, September 25, 2010

ਬੰਦਾ ਬਹਾਦਰ ਵਲੋਂ ਚੰਡੇ ਸ਼ਹਿਰ-ਰਾਹੋਂ ਤੇ ਸਰਹਿੰਦ

ਸੁਰ ਕਰਕੇ ਰੱਖੇ ਹੋਏ ਕਿਸੇ ਤੰਤੀ ਸਾਜ਼ ਦੀਆਂ ਤਾਰਾਂ ਉਤੇ ਸਹਿਵਨ ਹੀ ਉਂਗਲੀਆਂ ਦੇ ਪੋਟੇ ਛੋਹ ਜਾਣ, ਉਸ ਵਿਚੋਂ ਟੁਣਕਾਰ ਪੈਦਾ ਹੋਣੀ ਸੁਭਾਵਿਕ ਹੈ। ਕਿਸੇ ਤਲਾਬ ਤੇ ਸ਼ਾਂਤ ਅਡੋਲ ਪਾਣੀ ਵਿਚ ਕੋਈ ਢੀਮ-ਰੋੜਾ ਵਗਾਹ ਕੇ ਮਾਰ ਦਏ ਤਾਂ ਚੁਤਰਫੇ ਫੈਲਦੀਆਂ ਲਹਿਰਾਂ ਨਾਲ ਤਲਾਬ ਵਿਚ ਹਲਚਲ ਪੈਦਾ ਹੋ ਜਾਂਦੀ ਹੈ। ਛੱਤੇ ਉਪਰ ਆਪਣੇ ਕੰਮ ‘ਚ ਮਸਤ ਬੈਠੀਆਂ ਸ਼ਹਿਦ ਦੀਆਂ ਮੱਖੀਆਂ, ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਹੋਣ ‘ਤੇ, ਆਲੇ-ਦੁਆਲੇ ਨੂੰ ਬੜੀ ਤੇਜ਼ੀ ਨਾਲ ਭੱਜ ਪੈਂਦੀਆਂ ਹਨ। ਇਨ੍ਹਾਂ ਤਸ਼ਬੀਹਾਂ ਦੀ ਨਿਆਈਂ, ਸਾਡੇ ਚੇਤਿਆਂ ਦੀ ਚੰਗੇਰ ਵਿਚ ਚੁੱਪ-ਗੜੁੱਪ ਸੁੱਤੀਆਂ ਪਈਆਂ ਯਾਦਾਂ, ਕਿਸੇ ਜਾਣੀ-ਪਹਿਚਾਣੀ ‘ਠੋਕਰ’ ਨਾਲ, ਕਿਸੇ ਖੜਾਕ ਨਾਲ ਇਕ ਦਮ ਸਿਰ ਚੁੱਕ ਲੈਂਦੀਆਂ ਨੇ! ਅਜਿਹੀ ਅਵਸਥਾ ਵਿਚ ਪੁਹੰਚੇ ਮਨੁੱਖ ਦੀ ਸੁਰਤੀ ਫੁੱਲਾਂ ਉੱਪਰ ਭੌਰੇ ਵਾਂਗ ਮੰਡਰਾਉਣ ਲਗਦੀ ਹੈ। ਸਾਹਮਣੇ ਪਰਦੇ ਉੱਪਰ ਚੱਲ ਰਹੀ ਫਿਲਮ ਦੇ ਦ੍ਰਿਸ਼ਾਂ ਵਾਂਗ, ਬੀਤੇ ਦੇ ਸੀਨ ਮਸਤਕ ਵਿਚ ਘੁੰਮਣ ਲੱਗ ਪੈਂਦੇ ਹਨ।
ਆਮ ਰੁਟੀਨ ਵਿਚ ਹੀ ਪੰਜਾਬ ‘ਚ ਮਨਾਏ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਕੀਤੇ ਗਏ ਸਿੱਖ ਰਾਜ ਦੇ ਸ਼ਤਾਬਦੀ ਸਮਾਗਮਾਂ ਦੀਆਂ ਖਬਰਾਂ ਪੜ੍ਹ ਰਿਹਾ ਸਾਂ। ਇਕ ਉਘੇ ਅਮਰੀਕਨ ਸਿੱਖ ਪੱਤਰਕਾਰ ਦਾ ਬਿਆਨ ਨਜ਼ਰੀਂ ਪਿਆ। ਇਹਦੇ ਵਿਚ ਉਸਨੇ ਅਮਰੀਕਾ ‘ਚ ਵਸਦੇ, ਪੁਰਾਤਨ ਸ਼ਹਿਰ ਰਾਹੋਂ (ਜਿ਼ਲ੍ਹਾ ਨਵਾਂਸ਼ਹਿਰ) ਨਾਲ ਸੰਬੰਧਿਤ ਇਲਾਕਾ ਨਿਵਾਸੀਆਂ ਨੂੰ ਖੁਲ੍ਹਾ ਸੱਦਾ ਦਿੱਤਾ ਹੋਇਆ ਸੀ ਕਿ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦੇ ਸਮਿਆਂ ਦੌਰਾਨ ਬਾਬਾ ਬੰਦਾ ਸਿੰਘ ਨੇ ਰਾਹੋਂ ਦੀ ‘ਸੁਧਾਈ’ ਵੀ ਕੀਤੀ ਸੀ, ਇਸ ਲਈ ਬਾਬਾ ਜੀ ਦੀ ‘ਰਾਹੋਂ ਆਮਦ’ ਬਾਬਤ ਵੀ ਤਿੰਨ ਸੌ ਸਾਲ ਯਾਦ ਮਨਾਈ ਜਾਣੀ ਚਾਹੀਦੀ ਹੈ। ਖੁਦ ਰਾਹੋਂ ਨਾਲ ਸੰਬੰਧਿਤ ਇਸ ਪੱਤਰਕਾਰ ਦੀ ਲਿਖੀ ਹੋਈ ਖ਼ਬਰ ਨੇ ਮੈਨੂੰ ਰਾਹੋਂ ਤੇ ਸਰਹਿੰਦ ਨਾਲ ਜੁੜੀਆਂ ਯਾਦਾਂ ਮੁੜ ਤਾਜ਼ਾ ਕਰਵਾ ਦਿੱਤੀਆਂ। ਕਿਉਂਕਿ ਰਾਤ ਵੇਲੇ ਰਾਹੋਂ ਸ਼ਹਿਰ ਦੀਆਂ ਲਾਈਟਾਂ, ਅਸੀਂ ਆਪਣੇ ਪਿੰਡ ਦੇ ਕੋਠਿਆਂ ਉਪਰ ਚੜ੍ਹ ਕੇ ਦੇਖਦੇ ਹੁੰਦੇ ਸਾਂ। ਉਦੋਂ ਸਾਡੇ ਪਿੰਡ ਹਾਲੇ ਬਿਜਲੀ ਨਹੀਂ ਸੀ ਆਈ।


ਸਾਡੇ ਪਿੰਡੋਂ ਸੱਤ-ਅੱਠ ਮੀਲ ਦੂਰ ਪੁਰਾਣੇ ਥੇਹ ਵਰਗੇ ਬਹੁਤ ਉਚੇ ਟਿੱਬੇ ‘ਤੇ ਵੱਸੇ ਹੋਏ ਰਾਹੋਂ ਸ਼ਹਿਰ ਬਾਰੇ, ਹੋਸ਼ ਸੰਭਾਲਣ ਉਪਰੰਤ ਮੈਂ ਜਿਹੜੀ ਸਭ ਤੋਂ ਪਹਿਲੀ ਗੱਲ ਸੁਣੀ, ਉਹ ਇਹ ਸੀ ਕਿ ਸਵੇਰੇ ਸਵੇਰੇ ਇਸ ਸ਼ਹਿਰ ਦਾ ਨਾਮ ਨਹੀਂ ਲਈਦਾ। ਸੁੱਚੇ ਮੂੰਹ ਰਾਹੋਂ ਕਹਿਣ ਨਾਲ ਸਾਰਾ ਦਿਨ ਰੋਟੀ ਨਾ ਮਿਲਣ ਦੀ ਮਿੱਥ ਪ੍ਰਚੱਲਤ ਸੀ ਸਾਡੇ ਇਲਾਕੇ ਵਿਚ। ਦਿਨ ਚੜ੍ਹੇ ਰਾਹੋਂ ਨੂੰ ਜਾਣ ਵਾਲੇ ਸੱਜਣ, ਅਕਸਰ ਕਿਸੇ ਨੂੰ ਦੱਸਣ ਵੇਲੇ ਕਿਹਾ ਕਰਦੇ ਸਨ, “ਮੈਂ ਅੱਜ ‘ਜ਼ਨਾਨਾ ਸ਼ਹਿਰ’ ਜਾਣਾ ਹੈ?’’ ਅਜਿਹੀ ਘਿਰਣਾ ਪਿੱਛੇ ਕਾਰਨ ਕੀ ਹੋਵੇਗਾ? ਇਸਦਾ ਪੱਕਾ ਸਬੂਤ ਤਾਂ ਸੁਣਨ ਵਿਚ ਕੋਈ ਨਹੀਂ ਆਇਆ। ਹਾਂ, ਪਿੰਡ ਦੇ ਬਜ਼ੁਰਗ, ਰਾਹੋਂ ਦੇ ਰੰਗੜਾਂ ਦੀਆਂ ਆਪ-ਹੁਦਰੀਆਂ ਦੇ ਕਿੱਸੇ ਬੜੇ ਨਫਰਤ ਭਰੇ ਸ਼ਬਦਾਂ ਨਾਲ ਬਿਆਨਿਆ ਕਰਦੇ ਸਨ। ਇੱਜ਼ਤ ਖਾਂ, ਜਗੀਰਦਾਰ ਵਲੋਂ ਸ਼ਮ੍ਹਲੇ ਵਾਲੀ ਪੱਗ ਅਤੇ ਦੁੱਧ-ਚਿੱਟੇ ਕੱਪੜੇ ਪਹਿਨ ਕੇ ਆਪਣੀ ਘੋੜੀ ‘ਤੇ ਅਸਵਾਰ ਹੋ ਕੇ ਪਿੰਡਾਂ ‘ਚੋਂ ਮਾਮਲਾ ਉਗਰਾਹੁਣ ਦੀਆਂ ਅੱਖੀਂ ਦੇਖੀਆਂ ਘਟਨਾਵਾਂ, ਪਿੰਡ ਦੇ ਬਜ਼ੁਰਗਾਂ ਮੂੰਹੋਂ ਸੁਣ ਕੇ, ਰਾਹੋਂ ਦੇ ਨਾਂ ਪ੍ਰਤੀ ਨਫਰਤ ਦੀ ਸਮਝ ਪੈਂਦੀ ਸੀ।
ਸਾਡੇ ਇਲਾਕੇ ਵਿਚ ਲੱਗੇ ਹੋਏ ਰਾਹੋਂ ਦੇ ਇਕ ਪਟਵਾਰੀ ਪਾਸੋਂ, ਮੇਰੇ ਪਿਤਾ ਜੀ ਨੇ ਇਕ ਪੁਰਾਣਾ ਸਾਈਕਲ ਨੌਂ ਰੁਪਏ ਦਾ ਖਰੀਦਿਆ। ਮਹੀਨੇ ਕੁ ਬਾਅਦ ਘਰੇਲੂ ਚੀਜ਼ਾਂ-ਵਸਤਾਂ ਲੈਣ ਵਾਸਤੇ ਪਿਤਾ ਜੀ ਰਾਹੋਂ ਗਏ ਤਾਂ ਉਥੇ ਬਾਜ਼ਾਰ ਵਿਚ ਉਨ੍ਹਾਂ ਨੂੰ ਉਹੀ ਪਟਵਾਰੀ ਮਿਲ ਪਿਆ। ਝੋਲਿਆਂ ਵਿਚ ਸਾਮਾਨ ਚੁੱਕੀ ਪੈਦਲ ਤੁਰੇ ਹੋਏ ਪਿਤਾ ਜੀ ਨੂੰ ਦੇਖ ਕੇ ਪਟਵਾਰੀ ਨੇ ਹੈਰਾਨ ਹੁੰਦਿਆਂ ਪਿਤਾ ਜੀ ਨੂੰ ਪੁੱਛਿਆ ਕਿ ਗਿਆਨੀ ਜੀ ਸਾਈਕਲ ਕਿਉਂ ਨਹੀਂ ਲਿਆਂਦਾ? ਕੀ ਉਹ ਖਰਾਬ ਹੋ ਗਿਐ? ਓਦੂੰ ਵਧ ਹੈਰਾਨੀ ਨਾਲ ਅੱਗਿਓਂ ਪਿਤਾ ਜੀ ਬੋਲੇ, “ਪਟਵਾਰੀ ਜੀ, ਰਾਹੋਂ ਨੂੰ ਵੀ ਸਾਈਕਲ ‘ਤੇ ਆਇਆ ਕਰਾਂ?’’ ਮੁਸ਼ਕੜੀਏਂ ਹੱਸਦਾ ਪਟਵਾਰੀ ਕਹਿੰਦਾ, “ਗਿਆਨੀ ਜੀ, ਤੁਸੀਂ ਰਾਹੋਂ ਦੀ ਗੱਲ ਕਰਦੇ ਹੋ ਭੋਲੇ ਪਾਤਸ਼ਾਹੋ, ਤੁਹਾਡੇ ਮੁੰਡਿਆਂ ਨੇ ਸ਼ੇਖੂਪੁਰ ਨੂੰ ਵੀ ਸਾਈਕਲ ‘ਤੇ ਜਾਇਆ ਕਰਨੈ!’’ (ਦੁਪਾਲਪੁਰ ਤੇ ਗਵਾਂਢੀ ਪਿੰਡ ਸ਼ੇਖੂਪੁਰ ਵਿਚਕਾਰ ਇਕ ਕਿੱਲੇ ਦੀ ਵਿੱਥ ਵੀ ਨਹੀਂ ਹੈ!)
ਜਦ ਫਿਰ ਅਸੀਂ ਸ਼ੇਖੂਪੁਰ ਜਾਣ ਵਾਸਤੇ ਸਕੂਟਰਾਂ ਨੂੰ ਕਿੱਕਾਂ ਮਾਰਨ ਲੱਗ ਪਏ, ਤਾਂ ਪਿਤਾ ਜੀ ਰਾਹੋਂ ਵਾਲੇ ਪਟਵਾਰੀ ਦੀ ‘ਭਵਿੱਖਵਾਣੀ’ ਯਾਦ ਕਰਕੇ ਬੀਬੀ ਜੀ ਨੂੰ ਕਿਹਾ ਕਰਦੇ ਸਨ, “ਦੇਖ ਲੈ ਪ੍ਰੀਤਮ ਕੁਰੇ, ਕਿੱਦਾਂ ਦੇ ਸਮੇਂ ਆ ਗਏ!... ਮੈਂ ਉਦੋਂ ਪਟਵਾਰੀ ਨੂੰ ਪੜ੍ਹਿਆ ਲਿਖਿਆ ‘ਮੂਰਖ’ ਸਮਝਿਆ ਸੀ ਆਪਣੇ ਮਨ ਵਿਚ।... ਮੈਂ ਸੋਚਿਆ ਸੀ ਕਿ ਸਾਡੇ ਨਿਆਣੇ ਕਿਤੇ ਐਡੇ ‘ਦਲਿੱਦਰੀ’ ਹੋਣਗੇ, ਜੋ ਸ਼ੇਖੂਪੁਰ ਨੂੰ ਵੀ ਸਾਈਕਲਾਂ ‘ਤੇ ਜਾਇਆ ਕਰਨਗੇ!... ਪਰ ਹੁਣ ਆਹ ਦੇਖ ਲੈ, ਸਾਈਕਲ ਛੱਡਿਆ, ਏ ਹੁਣ ਘੜੀ ਕੁ ਮਗਰੋਂ ਸਕੂਟਰ ਦੀ ‘ਘੁੱਰਰ-ਘੁੱਰਰ’ ਕਰਨ ਡਹਿ ਪੈਂਦੇ ਐ!’’
ਆਪਣੀ ਹੋਸ਼-ਹਵਾਸ਼ ਵਿਚ ਰਾਹੋਂ ਨੂੰ ਪਹਿਲੀ ਵਾਰ ਅੰਦਰੋਂ ਦੇਖਣ ਦਾ ਮੌਕਾ ਉਦੋਂ ਬਣਿਆਂ ਜਦੋਂ ਮੈਂ ਪਿਤਾ ਜੀ ਦੇ ਨਾਲ ਹੀ ਉਨ੍ਹਾਂ ਦੇ ਕਿਸੇ ਜਾਣੂ ਦੇ ਘਰ ਪਾਠ ਦੇ ਭੋਗ ‘ਤੇ ਗਿਆ ਸਾਂ। ਉਚੀਆਂ-ਨੀਵੀਆਂ ਗਲੀਆਂ, ਨਿੱਕੀਆਂ ਇੱਟਾਂ ਨਾਲ ਬਣੇ ਹੋਏ ਉਚੇ ਚੁਬਾਰੇ, ਢੱਠੇ ਹੋਏ ਮੁਨਾਰੇ, ਉਜੜੇ-ਉਜੜੇ ਖੰਡਰ, ਪੁਰਾਣੇ ਖੋਲਿਆਂ ‘ਚ ਉਗੇ ਹੋਏ ਕੰਡਿਆਲੇ ਝਾੜ-ਝੂੰਡੇ, ਪੁਰਾਣੇ ਸਿ਼ਵਾਲੇ, ਟੁੱਟੇ-ਭੱਜੇ ਦਰਵਾਜ਼ੇ ਤਾਕੀਆਂ ਵਾਲੇ ਬੇ-ਆਬਾਦ ਖੁੱਲ੍ਹੇ ਖੁੱਲ੍ਹੇ ਮਕਾਨ ਅਤੇ ਸਿਰ-ਤਲਵਾਈਆਂ ਘਾਟੀਆਂ!...ਜਿਵੇਂ ਇਥੇ ਕੁਝ ਦਿਨ ਪਹਿਲਾਂ ਭੁਚਾਲ ਆ ਕੇ ਹਟਿਆ ਹੋਵੇ!! ਇਹ ਸੀ ‘ਅੰਦਰੂਨੀ ਰਾਹੋਂ’ ਜਿਸਨੂੰ ਮੈਂ ਪੱਧਰੇ ਪਿੰਡ ਰਹਿਣ ਵਾਲਾ ਅੱਖਾਂ ਅੱਡ-ਅੱਡ ਦੇਖ ਰਿਹਾ ਸਾਂ। ਮੇਰੀ ਉਤਸੁਕਤਾ ਨੂੰ ਤਾੜਦਿਆਂ ਵਾਪਸੀ ਸਮੇਂ ਪਿਤਾ ਜੀ ਨੇ ਦੱਸਿਆ ਕਿ ਜਦੋਂ ਦਸਮੇਸ਼ ਪਿਤਾ ਦਾ ਵਰੋਸਾਇਆ ਬਾਬਾ ਬੰਦਾ ਬਹਾਦਰ ਗੁਰੂ ਘਰ ਦੇ ਦੋਖੀਆਂ ਨੂੰ ਸੋਧਦਾ ਹੋਇਆ ਦਰਿਆ ਸਤਲੁਜ ਟੱਪ ਕੇ ਇੱਧਰ ਆਇਆ ਤਾਂ ਇਲਾਕਾ ਵਾਸੀਆਂ ਨੇ ਸਿ਼ਕਾਇਤ ਕੀਤੀ ਕਿ ਰਾਹੋਂ ਦੇ ਹਾਕਮ ਧਿੰਗੋ-ਜੋਰੀ ਸਾਡੀਆਂ ਧੀਆਂ ਭੈਣਾਂ ਚੁੱਕ ਲਿਜਾਂਦੇ ਹਨ। ਬਾਬਾ ਜੀ ਦੀ ਕਮਾਂਡ ਹੇਠ ਖਾਲਸੇ ਨੇ ਰਾਹੋਂ ਦਾ ਵੀ ਸਰਹਿੰਦ ਵਾਲਾ ਹਾਲ ਕੀਤਾ ਸੀ। ਘਰ ਪਹੁੰਚ ਕੇ ਪਿਤਾ ਜੀ ਨੇ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦਾ ਲਿਖਿਆ ਗ੍ਰੰਥ ‘ਬਿਰਤਾਂਤ ਬਾਬਾ ਬੰਦਾ ਸਿੰਘ ਬਹਾਦਰ’ ਖੋਲ੍ਹਿਆ ਅਤੇ ਸਾਰੇ ਟੱਬਰ ਨੂੰ ‘ਰਾਹੋਂ ਕਾਂਡ’ ਪੜ੍ਹ ਕੇ ਸੁਣਾਇਆ। ‘ਬੈਂਤ’ ਦਾ ਸਿਰਲੇਖ ਸੀ, ‘ਬੰਦੇ ਦੀ ਰਾਹੋਂ ‘ਤੇ ਚੜ੍ਹਾਈ’।
ਯਸ਼ ਪਾਲ ‘ਪਾਠਕ’ ਨਾਂ ਦਾ ਰਾਹੋਂ ਦਾ ਇਕ ਟੀਚਰ ਸਾਡੇ ਸਕੂਲ ‘ਚ ਬੜੇ ਮਾਣ ਨਾਲ ਦੱਸਿਆ ਕਰਦਾ ਸੀ ਕਿ ਸਾਡਾ ਰਾਹੋਂ ਬੜਾ ਪ੍ਰਾਚੀਨ ਸ਼ਹਿਰ ਹੈ। ਇਸ ਦਾ ਜਿ਼ਕਰ ‘ਰਿਗ ਵੇਦ’ ਵਿਚ ਵੀ ਆਉਂਦਾ ਹੈ। ਉਹ ਇਸ ਨੂੰ ‘ਰਾਘਵ’ ਰਾਜੇ ਦੀ ਰਾਜਧਾਨੀ ਕਿਹਾ ਕਰਦਾ ਸੀ। ਉਸ ਦਾ ਮੰਨਣਾ ਸੀ ਕਿ ਰਾਘਵ ਤੋਂ ਹੀ ਬਦਲਦਾ ਬਦਲਦਾ ‘ਰਾਹੋਂ’ ਬਣਿਆ ਹੋਇਆ ਹੈ। ਇਕ ਵਾਰ ਪਾਠਕ ਜੀ ਨੇ ਸਾਡੀ ਜਮਾਤ ਨੂੰ ਇਤਿਹਾਸ ਦੀ ਕਿਤਾਬ ਪੜ੍ਹਾਉਂਦਿਆਂ ਫਖ਼ਰ ਨਾਲ ਦੱਸਿਆ ਕਿ ਪੂਰੇ ਭਾਰਤ ਵਿਚ ਸਾਡੇ (ਹਿੰਦੂਆਂ ਦੇ) ਢਾਈ ਕੁੰਡ ਹਨ ਜਿਨ੍ਹਾਂ ਵਿਚੋਂ ਇਕ, ਮਹਾਨ ਸੂਰਜਕੁੰਡ ਰਾਹੋਂ ਵਿਖੇ ਸੁਭਾਇਮਾਨ ਹੈ। ਐਡਾ ਮਹਾਨ ਤੀਰਥ ਅਸਥਾਨ ਦੇਖਣ ਲਈ ਸਾਡੀ ਜੁੰਡਲੀ ਦੇ ਸਿਰ ਭੂਤ ਸਵਾਰ ਹੋ ਗਿਆ! ਅਸੀਂ ਚਾਰ-ਪੰਜ ਜਣੇ ਅੱਧੀ ਛੁੱਟੀ ਵੇਲੇ ਈ ਸਕੂਲੋਂ ਰਫੂ ਚੱਕਰ ਹੋ ਗਏ।
ਕਿੱਲ੍ਹ ਕਿੱਲ੍ਹ ਕੇ ਸਾਈਕਲ ਚਲਾਉਂਦਿਆਂ ਸਾਡੀ ਭੁੱਖ ਵੀ ‘ਚਮਕ’ ਪਈ। ਅਸੀਂ ਮਤਾ ਪਕਾਇਆ ਕਿ ਅੱਜ ਸੂਰਜ-ਕੁੰਡ ਜਾ ਕੇ ਹੀ ਕੁਝ ਛਕਾਂਗੇ! ਰਾਹੋਂ ਪਹੁੰਚ ਕੇ ‘ਅਸਥਾਨ’ ਤਾਂ ਅਸੀਂ ਲੱਭ ਲਿਆ ਪਰ ਜਦ ਅਸੀਂ ਅੰਦਰ ਵੜੇ, ਉਥੇ ਕੋਈ ਕਾਂ ਨਾ ਪਰਿੰਦਾ! ਅੰਦਰ ਬਾਹਰ ਸੁੰਨ-ਮ-ਸਾਨ!! ਮੁੱਖ ਮੰਦਰ ਕੋਲ ਪਹੁੰਚੇ ਤਾਂ ਉਥੇ ਚਬੂਤਰੇ ਉਪਰ ਭਗਵੀਂ ਧੋਤੀ ਵਾਲਾ ਕੋਈ ਮੋਟਾ ਜਿਹਾ ਪੁਜਾਰੀ ਲੰਮਾ ਪਿਆ ਸੀ। ਛਕਣ-ਛਕਾਉਣ ਲਈ ਪੁੱਛਣਾ ਤਾਂ ਦੂਰ ਦੀ ਗੱਲ, ਉਸ ਨੇ ਸਾਨੂੰ ‘ਫਿਟੇ ਮੂੰਹ’ ਵੀ ਨਾ ਕਿਹਾ। ਸਾਡੇ ‘ਜਥੇ’ ਵਿਚ ਸ਼ਾਮਲ ਕਮਲੇਸ਼ ਨਾਂ ਵਾਲੇ ਪੰਡਤਾਂ ਦੇ ਇਕ ਮੁੰਡੇ ਨੂੰ ਅਸੀਂ ਮੁੜਦਿਆਂ ਹੋਇਆਂ ਬੜੀਆਂ ਟਿੱਚਰਾਂ ਕੀਤੀਆਂ।
ਕੁਝ ਸਾਲ ਰਾਹੋਂ ਦਾ ਦੁਸਹਿਰਾ ਦੇਖਣ ਤੋਂ ਇਲਾਵਾ, ਰਾਹੋਂ ਨੂੰ ਆਪਣੀ ਰਾਜਧਾਨੀ ਬਣਾ ਕੇ ਇਥੇ ਕੇਸਰੀ ਝੰਡਾ ਝੁਲਾਉਣ ਵਾਲੇ ਸੂਰਬੀਰ ਯੋਧੇ ਸਰਦਾਰ ਤਾਰਾ ਸਿੰਘ ਗੈਬਾ ਦੀ ਸਮਾਧ ਦੇ ਦਰਸ਼ਨ ਵੀ ਮੈਂ ਕੀਤੇ ਹੋਏ ਹਨ। ਪਰ ਵੱਡੇ ਦੁੱਖ ਦੀ ਗੱਲ ਹੈ ਕਿ ਇਸ ਸਿੰਘ ਸਰਦਾਰ ਦੀ ਸਮਾਧ ਹੁਣ ਮੰਦਰ ਵਿਚ ਤਬਦੀਲ ਕਰ ਦਿੱਤੀ ਗਈ ਹੈ। ਬੇ-ਸ਼ੱਕ ਇਸ ਦੇ ਗੁੰਬਦ ਅਤੇ ਸਮਾਧ ਦੀ ਬਣਤਰ ਵਲ ਦੇਖ ਕੇ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਸਿੱਖ ਰਾਜ ਵੇਲੇ ਦੀ ਬਣੀ ਹੋਈ ਹੈ ਕਿਉਂਕਿ ਇਸ ਦੀ ਬਨਾਉਟ ਸਿੱਖ ਭਵਨ-ਨਿਰਮਾਣ ਕਲਾ ਨਾਲ ਇੰਨ-ਬਿੰਨ ਮੇਲ ਖਾਂਦੀ ਹੈ। ਰਾਹੋਂ ਦੇ ਰਾਜੇ ਦੀ ਸਮਾਧ ਉਪਰ ਵੀ ਕਬਜ਼ਾ!...ਜਿਹਦੀ ਲਾਠੀ ਉਹਦੀ ਮੱਝ!!
ਅਖੀਰ ਵਿਚ ਕੁਝ ਸਤਰਾਂ ਮੇਰੀ ਪਹਿਲੀ ਸਰਹਿੰਦ ਯਾਤਰਾ ਬਾਰੇ। ਅੰਬਾਲੇ ਇਕ ਵਿਆਹ ਵਿਚ ਪਹੁੰਚਣ ਲਈ ਅਸੀਂ ਸਰਹਿੰਦ ਰੇਲਵੇ ਸਟੇਸ਼ਨ ਤੋਂ ਗੱਡੀ ਫੜਨੀ ਸੀ। ਸਰਹਿੰਦ ਤੱਕ ਮੈਂ ਪਿਤਾ ਜੀ ਦੇ ਸਾਈਕਲ ਪਿੱਛੇ ਬੈਠਾ ਗਿਆ। ਜਾਂਦੇ ਵਕਤ ਅਸੀਂ ਗੁਰੂ-ਘਰ ਨੂੰ ਬਾਹਰੋਂ ਹੀ ਨਮਸਕਾਰ ਕਰ ਲਈ। ਮੁੜਦੇ ਵਕਤ ਅਸੀਂ ਉਥੇ ਰੱਖਿਆ ਹੋਇਆ ਸਾਈਕਲ ਚੁੱਕਣਾ ਸੀ। ਸੋ ਮੁੜਦਿਆਂ ਨੇ ਅਸੀਂ ਖੁੱਲ੍ਹੇ ਦਰਸ਼ਨ-ਦੀਦਾਰ ਕੀਤੇ। ਨਿੱਕੀਆਂ ਇੱਟਾਂ ਦੀ ਜਿਸ ਕੰਧ ਵਿਚ ਛੋਟੇ ਸਾਹਿਬਜ਼ਾਦੇ ਚਿਣਾਏ ਗਏ ਸਨ, ਉਹ ਉਦੋਂ ਹਾਲੇ ਸਹੀ ਸਲਾਮਤ ਸੀ। ਉਸ ਖੂਨੀ ਕੰਧ ਕੋਲ ਬੈਠ ਕੇ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰਕੇ ਸਰਹਿੰਦ ਦੇ ਸਾਕੇ ਤੱਕ ਸਾਰਾ ਇਤਿਹਾਸ ਮੈਨੂੰ ਸੁਣਾਇਆ। ਅਸੀਂ ਦੋਹਾਂ ਨੇ ਕੰਧ ‘ਤੇ ਸਿਰ ਰੱਖ ਕੇ ਨਮਸਕਾਰ ਕੀਤੀ।
ਇੱਥੋਂ ਉਠ ਕੇ ਅਸੀਂ ਗੁਰਦੁਆਰਾ ਜੋਤੀ ਸਰੂਪ ਗਏ। ਰਸਤੇ ਵਿਚ ਜਾਂਦਿਆਂ ਪਿਤਾ ਜੀ ਨੇ ਦੀਵਾਨ ਟੋਡਰ ਮੱਲ ਦੀ ਕੁਰਬਾਨੀ ਦਾ ਹਾਲ ਸੁਣਾਇਆ ਜਿਸ ਥਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਥੇ ਪਹੁੰਚ ਕੇ ਪਿਤਾ ਜੀ ਦਾ ਗਚ ਭਰ ਆਇਆ। ਉਹ ਵਾਰ ਵਾਰ ਜੇਬ੍ਹ ‘ਚੋਂ ਰੁਮਾਲ ਕੱਢ ਕੇ ਅੱਖਾਂ ਸਾਫ ਕਰਦੇ ਰਹੇ। ਕੁਝ ਚਿਰ ਚੁੱਪ ਚਾਪ ਇਥੇ ਬੈਠਣ ਉਪਰੰਤ ਅਸੀਂ ਵਾਪਸੀ ਸਫਰ ਅਰੰਭਿਆ। ਸਰਹਿੰਦ ਸ਼ਹਿਰ ਦੇ ਵਿਚਕਾਰ ਜਿਹੇ ਇਕ ਖੰਡਰ ਕੋਲ ਪਿਤਾ ਜੀ ਨੇ ਸਾਈਕਲ ਖੜ੍ਹਾਇਆ ਅਤੇ ਦੋ ਨਿੱਕੀਆਂ ਇੱਟਾਂ ਚੁੱਕ ਕੇ ਹੈਂਡਲ ਨਾਲ ਲਟਕਦੇ ਝੋਲੇ ‘ਚ ਪਾ ਲਈਆਂ। ਇਹ ਦੇਖ ਕੇ ਮੈਂ ਹੈਰਾਨ ਜਿਹਾ ਹੋ ਗਿਆ ਕਿ ਇਹੋ ਜਿਹੀਆਂ ਇੱਟਾਂ ਤਾਂ ਸਾਡੇ ਪਿੰਡ ਬਥੇਰੀਆਂ ਮਿਲ ਜਾਂਦੀਆਂ ਨੇ, ਇਥੋਂ ਦੋ ਇੱਟਾਂ ਚੁੱਕ ਕੇ ਲਿਜਾਣ ਦਾ ਕੀ ਮਕਸਦ ਹੋਵੇਗਾ? ਨਾ ਪਿਤਾ ਜੀ ਨੇ ਮੈਨੂੰ ਦੱਸਿਆ ਅਤੇ ਨਾ ਹੀ ਉਨ੍ਹਾਂ ਨੂੰ ਪੁੱਛਣ ਦਾ ਮੇਰਾ ਹੌਂਸਲਾ ਪਿਆ। ਸਾਰੀ ਵਾਟ ਉਹ ਗਾਉਂਦੇ ਆਏ। ਕਦੇ ਕੋਈ ਗੁਰਬਾਣੀ ਦਾ ਸ਼ਬਦ ਕਦੇ ਕੋਈ ਢਾਡੀ ਵਾਰ।
ਸਤਲੁਜ ਦਰਿਆ ਪਾਰ ਕਰਨ ਵੇਲੇ ਜਦ ਅਸੀਂ ਬੇੜੀ ਵਿਚ ਬੈਠੇ ਤਾਂ ਪਿਤਾ ਜੀ ਨੇ ਗੱਜ ਕੇ ਜੈਕਾਰਾ ਗਜਾਇਆ ਅਤੇ ਝੋਲੇ ਵਿਚੋਂ ਦੋਵੇਂ ਇੱਟਾਂ ਕੱਢ ਕੇ ਦਰਿਆ ਵਿਚ ਵਗਾਹ ਮਾਰੀਆਂ। ਨਾਲੇ ਜੋਸ਼ੀਲੇ ਅੰਦਾਜ਼ ਨਾਲ ਕਹਿੰਦੇ, “ਅਸੀਂ ਪੰਥ-ਖਾਲਸੇ ਦਾ ਹੁਕਮ ਮੰਨ ਕੇ ‘ਗੁਰੂ ਮਾਰੀ ਸਰਹਿੰਦ’ ਦੇ ਉਜਾੜੇ ਵਿਚ ਹਿੱਸਾ ਪਾ ਦਿੱਤਾ ਹੈ।’’
ਇਹ ਹੈ ਮੇਰੀ ਯਾਦਾਂ ਦੀ ਪਟਾਰੀ ਵਿਚ ਪਿਆ ਬਾਬਾ ਬੰਦਾ ਸਿੰਘ ਵਲੋਂ ਚੰਡੇ ਸਹਿਰ ਰਾਹੋਂ ਅਤੇ ਗੁਰੂ ਮਾਰੀ ਸਰਹਿੰਦ ਦਾ ਬਿਰਤਾਂਤ!!

ਤਰਲੋਚਨ ਸਿੰਘ ਦੁਪਾਲਪੁਰ