-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
"ਜਹਾ ਬੋਲ ਤਹ ਅਛਰ ਆਵਾ"ਪੰਚਮ ਪਾਤਸ਼ਾਹ ਗੁਰੂ ਅਰਜਣ ਸਾਹਿਬ ਨੇ ਫ਼ੁਰਮਾਇਆ ਹੈ, "ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ"। ਨੀਲ ਗਗਨ ਅਗਮ ਦੇਸ ਧੁਰ ਕੀ ਬਾਣੀ ਉਸ ਪਾਰਬ੍ਰਹਮ ਪਰਮ ਪਿਤਾ ਨੇ ਗੁਰੂ ਨਾਨਕ ਸਾਹਿਬ ਦੇ ਜ਼ਰੀਏ ਧਰਤੀ ਧਰਮ ਸਾਲ ‘ਤੇ ਵਸਦੀ ਸਗਲੀ ਖ਼ਲਕਤ ਦੀ ਝੋਲ਼ੀ ਪਾਈ। ਸ਼ਾਇਰ ਲੋਕਾਂ ਦਾ ਖ਼ਿਆਲ ਹੈ ਕਿ "ਸ਼ਿਅਰ ਵੁਹ ਹੈ ਜੋ ਕਹਿਤੇ ਕਹਿਤੇ ਦਿਲ ਤੱਕ ਉਤਰ ਜਾਏ"। ਸ਼ਾਇਰਿ ਮਸ਼ਰਿਕ, ਮੁਹੰਮਦ ਇਕਬਾਲ ਸਾਹਿਬ ਕਹਿੰਦੇ ਹਨ, "ਦਿਲ ਸੇ ਜੋ ਸਦਾ ਨਿਕਲਤੀ ਹੈ ਵੁਹ ਅਸਰ ਰਖਤੀ ਹੈ, ਪਰ ਨਹੀਂ, ਤਾਕਤਿ ਪਰਵਾਜ਼ ਮਗਰ ਰਖਤੀ ਹੈ"। ਲੇਕਿਨ ਗੁਰਬਾਣੀ ਨਾ ਹੀ ਸ਼ਾੲਰੀ ਹੈ ਤੇ ਨਾ ਹੀ ਦਿਲ ਦੀ ਸਦਾ। ਇਹ ਤਾਂ ਰੱਬ ਦਾ ਫ਼ੁਰਮਾਨ ਹੈ। ਇਸ ਵਿਚ ਧਰਤੀ ਦੀਆਂ ਕੁੱਲ ਨਿਆਮਤਾਂ ਦੇ ਨਾਲ਼ ਪਿੰਗਲੇ ਨੂੰ ਪਰਬਤ ਚੜ੍ਹਾਉਣ, ਮੂਰਖ ਨੂੰ ਪੰਡਤ ਅਤੇ ਮਨੁਖ ਨੂੰ ਦੇਵਤਾ ਬਣਾੳਣ ਦੀ ਤਾਕਤ ਹੈ। ਗੁਰੂ ਸਾਹਿਬਾਨ ਜਦੋਂ ਬਾਣੀ ਉਚਾਰਦੇ ਸਨ ਤਾਂ ਸੁਣਨ ਵਾਲ਼ਿਆਂ ਨੂੰ ਕੋਈ ਕਰਾਮਾਤ ਵਾਪਰਦੀ ਮਾਲੂਮ ਹੁੰਦੀ ਸੀ। ਦੇਖਣ ਵਾਲ਼ੀ ਅੱਖ ਨੂੰ ਗੁਰੂ ਦਾ ਸ਼ਬਦ ਪ੍ਰਤੱਖ ਰੂਪ ਵਿਚ ਇਲਾਹੀ ਉਤਸਵ, ਇਕ ਰੱਬੀ ਜਲੌ ਨਜ਼ਰ ਆਇਆ। ਕਈ ਲੋਕ ਆਖ ਦਿੰਦੇ ਹਨ ਕਿ ਗੁਰੂ ਸਾਹਿਬਾਂ ਨੇ ਅਨੇਕ ਥਾਂ ਖ਼ੁਦ ਨੂੰ ਸ਼ਾਇਰ ਕਿਹਾ ਹੈ ‐ "ਨਾਨਕੁ ਸਾਇਰੁ ਏਵ ਕਹਤੁ ਹੈ"। ਗੁਰੂ ਸਾਹਿਬਾਂ ਨ ਤਾਂੇ ਆਪਣੇ ਆਪ ਨੂੰ ਅਨੇਕ ਥਾਵਾਂ ‘ਤੇ ‘ਨੀਚ’ ‘ਬੇਕਾਰ’ ‘ਢਾਡੀ’ ਆਦਿ ਵੀ ਆਖਿਆ ਹੈ। ਇਨ੍ਹਾਂ ਸ਼ਬਦਾਂ ਨੂੰ ਉਨ੍ਹਾਂ ਦੀ ਪਦ ਪਦਵੀ ਜਾਂ ਔਜ ਦੇ ਲਖਾਇਕ ਅਨੁਮਾਨਣ ਦਾ ਫ਼ੁਰਨਾ ਮਾਤਰ ਵੀ ਘੋਰ ਨਰਕ ਦਾ ਭਾਗੀ ਹੋਣ ਵਾਲ਼ੀ ਗੱਲ ਹੈ। ਸ਼ਾਇਰਾਂ ਅਤੇ ਸ਼ਾਇਰੀ ਬਾਬਤ ਗੁਰੂ ਸਾਹਿਬ ਦਾ ਫ਼ੁਰਮਾਨ ਹੈ ‐ "ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ"। ਸੌ ਸ਼ਾਇਰਾਂ ਦਾ ਰੋਣਾ ਧੋਣਾ ਇਕ ਤਿਲ ਭਰ ਵੀ ਉਸ ਪਰਵਰਦਗ਼ਾਰ ਵੱਲ ਨਹੀਂ ਲੈ ਕੇ ਜਾਂਦਾ।
ਭਾਈ ਲਹਿਣਾ ਜੀ ਨੇ ਖਡੂਰ ਸਾਹਿਬ ਵਿਖੇ ਭਾਈ ਜੋਧੇ ਦੇ ਮੁਖਾਰਬਿੰਦ ‘ਚੋਂ ਆਸਾ ਦੀ ਵਾਰ ਦੇ ਕੁਛ ਬੋਲ ਸਰਵਣ ਕੀਤੇ ਸਨ ਤਾਂ ਉਨ੍ਹਾਂ ਦੇ ਅੰਦਰ ਗੁਰੂ ਅੰਗਦ ਨੇ ਅੰਗੜਾਈ ਲਈ ਸੀ। ਇਸੇ ਤਰਾਂ ਗੁਰੂ ਅੰਗਦ ਸਾਹਿਬ ਦੀ ਬੇਟੀ ਬੀਬੀ ਅਮਰੋ ਜੀ ਦੇ ਮੁਖੋਂ ਗੁਰਬਾਣੀ ਦਾ ਜਾਪ ਸਰਵਣ ਕਰਕੇ, ਉਨ੍ਹਾਂ ਦੇ ਸਹੁਰਾ ਜੀ ਦੇ ਭਰਾਤਾ ਅਮਰੂ ਜੀ ਦੀ ਸੁੱਤੀ ਕਾਇਆਂ ‘ਚੋਂ ਧੰਨ ਗੁਰੂ ਅਮਰ ਦਾਸ ਜੀ ਨੇ ਨੇਤਰ ਖੋਹਲੇ ਸਨ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਇਕ ਗੁਪਾਲਾ ਨਾਂ ਦੇ ਸਿਖ ‘ਤੋਂ ਜਪੁਜੀ ਸਾਹਿਬ ਦਾ ਸ਼ੁਧ ਪਾਠ ਸਰਬਣ ਕਰਦਿਆਂ ਤ੍ਰਿਲੋਕੀ ਦਾ ਰਾਜ ਬਖ਼ਸ਼ਦੇ ਬਖ਼ਸ਼ਦੇ ਗੁਰਤਾ ਬਖ਼ਸ਼ਣ ਲਈ ਤਿਆਰ ਹੋ ਗਏ ਸਨ। ਪਰ ਸਿਖ ਦੇ ਮਨ ਵਿਚ ਘੋੜੇ ਦੀ ਅਭਿਲਾਖਾ ਜਾਗ ਪੈਣ ਤੇ ਉਸ ਨੁੰ ਗੁਰੂ ਸਾਹਿਬ ਨੇ ਬਿਹਤਰੀਨ ਨਸਲ ਦਾ ਪਿਆਰਾ ਅਤੇ ਕੀਮਤੀ ਘੋੜਾ ਬਖ਼ਸ਼ ਦਿਤਾ ਸੀ।
ਦਸਵੇਂ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਇਕ ਸਿੱਖ ਨੂੰ ਬਾਣੀ ਦਾ ਪਾਠ ਕਰਦਿਆਂ ‘ਕੈ’ ਸ਼ਬਦ ਨੂੰ ‘ਕੇ’ ਉਚਾਰਣ ਬਦਲੇ ਧੱਫੇ ਮਾਰਨ ਦਾ ਹੁਕਮ ਕਰ ਦਿੱਤਾ ਸੀ। ਸਿੱਖਾਂ ਦੀ ਨਿਤ ਦੀ ਅਰਦਾਸ ਵਿਚ ਵੀ ਬਾਣੀ ਪੜ੍ਹਦਿਆਂ ਵਾਧੇ ਘਾਟੇ ਅੱਖਰ ਜਾਂ ਲਗ ਮਾਤਰ ‘ਚ ਹੋਈ ਭੁਲ ਚੁਕ ਦੀ ਖਿਮਾਂ ਜ਼ਰੂਰ ਮੰਗੀ ਜਾਂਦੀ ਹੈ। ਇਨ੍ਹਾਂ ਗੱਲਾਂ ਤੋਂ ਸਪਸ਼ਟ ਹੁੰਦਾ ਹੈ ਕਿ ਬਾਣੀ ਦੇ ਪਾਠ ਅਤੇ ਇਸਦੇ ਸ਼ੁੱਧ ਉਚਾਰਣ ਦਾ ਕਿਤਨਾ ਮਹੱਤਵ ਹੈ।
ਸੰਸਾਰ ਵਿਚ ਲਿਪੀਆਂ ਦੇ ਤਿੰਨ ਪ੍ਰਕਾਰ ਹਨ। ਇਕ ਕਿਸਮ ਚਿਤਰ ਲਿਪੀ ਦੀ ਹੈ, ਜਿਸ ਅਨੁਸਾਰ ਕਿਸੇ ਭਾਵ ਨੂੰ ਚਿਤਰਾਂ ਰਾਹੀ ਪ੍ਰਗਟਾਇਆ ਜਾਂਦਾ ਹੈ। ਇਸ ਵਿਚ ਉਚਾਰਣ ਦਾ ਕੋਈ ਮਹੱਤਵ ਨਹੀਂ ਹੁੰਦਾ। ਇਸ ਦੀ ਖ਼ਾਸੀਅਤ ਇਹ ਹੈ ਕਿ ਸਦੀਆਂ ਬੀਤ ਜਾਣ ‘ਤੇ ਵੀ ਚਿਤਰ ਭਾਵ ਵਿਚ ਤਬਦੀਲੀ ਜਾਂ ਭੁਲੇਖਾ ਪੈਦਾ ਨਹੀਂ ਹੁੰਦਾ; ਉਚਾਰਣ ਕਿਤਨਾ ਵੀ ਬਦਲ ਜਾਵੇ, ਚਿਤਰ ਦਾ ਪ੍ਰਤੀਕ ਅਤੇ ਅਰਥ ਭਾਵ ਉਹੀ ਰਹਿੰਦਾ ਹੈ।
ਦੁਜੀ ਕਿਸਮ ਦੀ ਰੋਮਨ ਲਿਪੀ ਹੈ। ਇਸ ਵਿਚ ਸ਼ਬਦ ਦੇ ਉਚਾਰਣ ਦਾ ਕੋਈ ਪ੍ਰਬੰਧ ਨਹੀਂ ਹੈ। ਉਚਾਰਣ ਦੇ ਭੁਲੇਖੇ ਤੋਂ ਇਸ ਲਿਪੀ ਵਿਚ ਅਰਥਾਂ ਵਿਚ ਫੇਰ ਬਦਲ ਹੋਣ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ। ਇਸ ਸਮੱਸਿਆ ਦੇ ਸਮਾਧਾਨ ਲਈ ਅੰਗਰੇਜ਼ੀ ਦੇ ਉਚਾਰਣ ਦਰਸਾਉਣ ਲਈ ਆਈ. ਪੀ. ਏ. ਦਾ ਪ੍ਰਯੋਗ ਕੀਤਾ ਜਾਂਦਾ ਹੈ। ਅੰਗਰੇਜ਼ੀ ਦੇ ਸ਼ਬਦ ਕੋਸ਼ਾਂ ਵਿਚ ਸ਼ਬਦ ਅੰਕਤ ਕਰਨ ਉਪਰੰਤ ਦੋ ਟੇਢੀਆਂ ਰੇਖਾਵਾਂ ਦਰਮਿਆਨ ਆਈ. ਪੀ. ਏ. ਵਿਚ ਪਹਿਲਾਂ ਸ਼ਬਦ ਦਾ ਉਚਾਰਣ ਲਿਖਿਆ ਹੁੰਦਾ ਹੈ ਤੇ ਫਿਰ ਉਸ ਦਾ ਅਰਥ।
ਸਾਡੀ ਗੁਰਮੁਖੀ ਲਿਪੀ ਤੀਜੀ ਕਿਸਮ ਦੀ ਹੈ ਜਿਸ ਵਿਚ ਸ਼ਬਦ ਦੇ ਉਚਾਰਣ ਨੂੰ ਪ੍ਰਮੁਖਤਾ ਦਿਤੀ ਜਾਂਦੀ ਹੈ। ਜਿਵੇਂ ਅੰਗਰੇਜ਼ੀ ਵਿਚ ਬਹੁਤ ਥਾਈਂ ਸ਼ਬਦ ਜੋੜਾਂ ਵਿਚ ਭਿੰਨਤਾ ਦੇ ਬਾਵਜੂਦ ਉਚਾਰਣ ਉਹੀ ਰਹਿੰਦਾ ਹੈ ਤੇ ਕਈ ਵਾਰ ਸਮਾਨ ਸ਼ਬਦ ਜੋੜਾਂ ਦੇ ਬਾਵਜੂਦ ਉਚਾਰਣ ਬਦਲ ਜਾਂਦੇ ਹਨ। ਪਰ ਪੰਜਾਬੀ ਭਾਸ਼ਾ ਵਿਚ ਸ਼ਬਦ ਜੋੜਾਂ ਦਾ ਤੇ ਉਚਾਰਣ ਦਾ ਗੂੜ੍ਹਾ ਸਬੰਧ ਹੈ। ਸ਼ਬਦ ਜੋੜ ਬਦਲਣ ‘ਤੇ ਉਚਾਰਣ ਬਦਲਦੇ ਹਨ ਤੇ ਉਚਾਰਣ ਬਦਲਣ ‘ਤੇ ਅਰਥ ਬਦਲਦੇ ਹਨ। ਪੰਜਾਬੀ ਵਿਚ ਕਿਸੇ ਵੀ ਉਚਾਰਣ ਨੂੰ ਅੰਕਤ ਕਰਨ ਲਈ ਸ਼ਬਦ ਜੋੜ ਨਿਯਮਾ ਦਾ ਸਪਸ਼ਟ ਅਤੇ ਮੁਕੰਮਲ ਬੰਦੋਬਸਤ ਹੈ। ਅੰਗਰੇਜ਼ੀ ਵਿਚ ਕਈ ਅੱਖਰ ਬਹੁਤ ਥਾਵਾਂ ‘ਤੇ ਚੁਪ ਰਹਿੰਦੇ ਹਨ, ਜੋ ਬੋਲੇ ਨਹੀਂ ਜਾਂਦੇ। ਪਰ ਗੁਰਮੁਖੀ ਦਾ ਕੋਈ ਅੱਖਰ ਜਾਂ ਲਗ ਮਾਤਰਾ ਕਦੀ ਵੀ, ਕਿਸੇ ਵੀ ਹਾਲਤ ਵਿਚ ਚੁਪ ਨਹੀਂ ਹੁੰਦੇ।
ਗੁਰਬਾਣੀ ਵਿਚ ਸ਼ਬਦ ਦੇ ਉਚਾਰਣ ਮੁਤਾਬਕ ਸ਼ਬਦ ਜੋੜ ਰੱਖੇ ਗਏ ਹਨ। ਇਸ ਕਰਕੇ ਗੁਰਬਾਣੀ ਦਾ ਪਾਠ ਕਰਦਿਆਂ ਸ਼ਬਦ ਜੋੜਾਂ ਵੱਲ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ। ਕੋਈ ਵੀ ਅੱਖਰ ਤੇ ਲਗ ਮਾਤਰਾ ਬੇਲੋੜੀ ਨਹੀਂ। ਗੁਰਬਾਣੀ ਵਿਚ ਤੁਕਾਂ ਦਰਮਿਆਨ ਅਤੇ ਸ਼ਬਦਾਂ ਦੇ ਅਖ਼ੀਰ ‘ਚ ਡੰਡੀਆਂ ਅਤੇ ਗਿਣਤੀ ਵਾਚਕ ਅੰਕਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦਾ ਉਚਾਰਣ ਨਹੀਂ ਕੀਤਾ ਜਾਂਦਾ। ਲੇਕਿਨ ਲਿਪੀ ਦਾ ਕੋਈ ਚਿੰਨ ਐਸਾ ਨਹੀਂ, ਜਿਸ ਦਾ ਉਚਾਰਣ ਕੀਤਾ ਜਾਣਾ ਜ਼ਰੂਰੀ ਨਾ ਹੋਵੇ। ਸ਼ਬਦ ਜੋੜਾਂ ਦੇ ਵਖਰੇਵੇਂ ਕਾਰਣ ਉਚਾਰਣ ਹਰ ਹਾਲਤ ਵਿਚ ਬਦਲਦਾ ਹੈ। ਅਰਥਾਂ ਵਿਚ ਸਮਾਨਤਾ ਦੇ ਬਾਵਜੂਦ "ਹੋ", "ਹਉ" ਅਤੇ "ਹਹੁ" ਦਾ ਉਚਾਰਣ ਇੱਕੋ ਤਰਾਂ ਨਹੀਂ ਹੋ ਸਕਦਾ। ਪੰਜਾਬੀ ਵਿਚ "ਇਹ", "ਏਹ", "ਐਹ", "ਈਹ" ਅਤੇ "ਈਹੋ" ਸਮਾਨ ਅਰਥੀ ਹੋਣ ਦੇ ਬਾਵਜੂਦ ਵੀ ਬੋਲਣ ਵਾਲ਼ੇ ਦੀ ਸ਼ਖ਼ਸੀਅਤ ਦੇ ਖੇਤਰੀ, ਸਮਾਜੀ ਅਤੇ ਮਾਨਸਿਕ ਆਦਿ ਕਈ ਪਹਿਲੂਆਂ ਦੀ ਜਾਣਕਾਰੀ ਦਿੰਦੇ ਹਨ। ਸਮਾਨ ਅਰਥਾਂ ਦੇ ਧਾਰਣੀ ਸ਼ਬਦਾਂ ਦਾ ਅੱਖਰ ਭੇਦ ਉਚਾਰਣ ਭੇਦ ਵਿਚ ਤਬਦੀਲ ਹੋਣ ਨਾਲ਼ ਸ਼ਬਦ ਦੇ ਪਿਛੇ ਕਾਰਜ ਸ਼ੀਲ ਅਨੰਤ ਤੱਤਾਂ ਦੀ ਟੁਹ ਲਗਦੀ ਹੈ।
ਮਾਇਆ ਦੇਵੀ ਦੇ ਇਹ ਪੁਛਣ ‘ਤੇ ਕਿ ਤੁਹਾਨੂੰ ਝੂਠੇ ਤੇ ਸੱਚੇ ਬੰਦੇ ਦੀ ਪਛਾਣ ਕਿਵੇਂ ਹੋ ਜਾਂਦੀ ਹੈ, ਪ੍ਰੋ. ਪੂਰਨ ਸਿੰਘ ਜੀ ਨੇ ਆਖਿਆ ਸੀ ਕਿ ਜਿਵੇਂ ਖਾਲੀ ਅਤੇ ਭਰੇ ਹੋਏ ਘੜੇ ਦੀ ਅਵਾਜ਼ ‘ਚ ਫਰਕ ਹੁੰਦਾ ਹੈ ਇਵੇਂ ਹੀ ਝੂਠੇ ਤੇ ਸੱਚੇ ਬੰਦੇ ਦਾ ਉਸ ਦੇ ਬੋਲਣ ਤੋਂ ਪਤਾ ਲਗ ਜਾਂਦਾ ਹੈ।
ਸਿੱਖ ਪੰਥ ਵਿਚ ਗੁਰਬਾਣੀ ਦੇ ਸ਼ੁਧ ਉਚਾਰਣ ਦਾ ਪਿਛੋਕੜ ਇਹ ਹੈ ਕਿ ਗੁਰੁ ਸਾਹਿਬਾਨ ਨੇ ਬਾਣੀ ਨੂੰ ਸੁਣਨ ਦਾ ਵਧੇਰੇ ਮਹੱਤਵ ਦੱਸਿਆ ਹੈ। ਕੋਈ ਦੂਸਰਾ ਪਾਠ ਕਰਦਾ ਹੋਵੇ ਤਾਂ ਉਸ ਨੂੰ ਇਕਾਗਰ ਚਿਤ ਹੋ ਕੇ ਸੁਣਨਾ ਲਾਭਦਾਇਕ ਹੈ। ਆਪ ਵੀ ਬਾਣੀ ਨੂੰ ਬੋਲ ਕੇ ਪੜ੍ਹਨ ਦਾ ਵਧੇਰੇ ਮਹੱਤਵ ਇਸੇ ਕਾਰਣ ਹੈ ਕਿਉਂਕਿ ਅਸੀਂ ਆਪਣੇ ਬੋਲ ਨੂੰ ਖ਼ੁਦ ਵੀ ਸੁਣਦੇ ਹਾਂ ਤੇ ਆਸ ਪਾਸ ਹੋਰ ਵੀ ਕੋਈ ਅਨੰਦ ਮਾਣ ਸਕਦਾ ਹੈ। ਗੁਪਤ ਰੂਪ ਵਿਚ ਪਾਠ ਕਰਨ ਤੇ ਬੋਲ ਕੇ ਪਾਠ ਕਰਨ ‘ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬੋਲ ਕੇ ਪਾਠ ਕਰਦਿਆਂ ਤਿੰਨ ਸ਼ਕਤੀਆਂ ਨੇਤਰ, ਰਸਨਾ ਅਤੇ ਕੰਨਾਂ ਦੀ ਸਿਨਕਰੋਨਾਈਜ਼ੇਸ਼ਨ ਨਾਲ਼ ਰੂਹ ਦੇ ਉਤੇ ਬੱਝਵਾਂ, ਭਰਵਾਂ ਅਤੇ ਅਦੁਤੀ ਅਸਰ ਹੁੰਦਾ ਹੈ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਪੰਚਮ ਪਾਤਸ਼ਾਹ ਗੁਰੁ ਅਰਜਣ ਦੇਵ ਜੀ ਇਕ ਤੰਬੂ ਵਿਚ ਬਿਰਾਜਮਾਨ ਹੋ ਕੇ ਬਾਣੀ ਉਚਾਰਦੇ ਸਨ ਤੇ ਭਾਈ ਗੁਰਦਾਸ ਜੀ ਬਾਹਰ ਬੈਠੇ ਉਚਾਰਣ ਸੁਣ ਕੇ ਬਾਣੀ ਨੂੰ ਲਿਪੀ ਬੱਧ ਕਰਕੇ ਲਿਖਦੇ ਸਨ। ਬਾਣੀ ਬੇਸ਼ੱਕ ਮੁਢਲੇ ਰੂਪ ਵਿਚ ਬੋਲ ਹੈ, ਪਰ ਗੁਰਗੱਦੀ ‘ਤੇ ਬਿਰਾਜਮਾਨ ਬਾਣੀ ਦਾ ਲਿਖਤ ਰੂਪ ਹੈ। ਇਸ਼ਾਰਾ ਹੈ ਕਿ ਉਸ ਬੋਲ ਤੱਕ ਜਾਣ ਦਾ ਰਾਹ ਇਸ ਅਦੁੱਤੀ ਲਿਖਤ ਅਤੇ ਗੁਰਮੁਖੀ ਲਿਪੀ ਤੋਂ ਬਗ਼ੈਰ ਹੋਰ ਕੋਈ ਨਹੀਂ ਹੈ। ਬਾਣੀ ਪੜ੍ਹਦਿਆਂ ਇਸ ਲਿਪੀ ਦੇ ਕਿਸੇ ਵੀ ਅੰਗ ਨੂੰ ਵਿਸਾਰ ਕੇ ਅਸੀਂ ਬਾਣੀ ਦੇ ਅਸਲ ਬੋਲ ਤੱਕ ਨਹੀਂ ਪਹੁੰਚ ਸਕਦੇ। ਅਸਲ ਬੋਲ ਤੱਕ ਪਹੁੰਚੇ ਬਿਨਾ ਰੂਹਾਨੀ ਵਿਕਾਸ ਅਤੇ ਖੇੜਾ ਸੰਭਵ ਨਹੀਂ। ਇਸ ਕਰਕੇ ਇਹ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਕਿ ਕੋਈ ਲਗ ਮਾਤਰਾ ਜਾਂ ਅੱਖਰ, ਜੋ ਅੰਕਤ ਤਾਂ ਕੀਤਾ ਗਿਆ ਹੋਵੇ, ਪਰ ਉਸਦਾ ਉਚਾਰਣ ਨਾ ਕਰਨ ਦੀ ਹਿਦਾਇਤ ਗੁਰੂ ਸਾਹਿਬਾਂ ਨੇ ਕੀਤੀ ਹੋਵੇ।
ਗੁਰਮੁਖੀ ਪੰਜਾਬੀ ਦੀ ਖ਼ਾਸੀਅਤ ਹੈ ਕਿ ਰੰਚਕ ਮਾਤਰ ਉਚਾਰਣ ਬਦਲਣ ਨਾਲ਼ ਅਰਥ ਵੀ ਬਦਲ ਜਾਂਦੇ ਹਨ ਤੇ ਅਰਥਾਂ ਨਾਲ਼ ਜੁੜੇ ਚਿਤ ਦੇ ਸਮੂਹ ਭਾਵ ਵੀ ਬਦਲ ਜਾਂਦੇ ਹਨ। ਭਾਸ਼ਾ ਦੇ ਅਰਥਾਂ ਨਾਲ਼ੋਂ ਭਾਵਾਂ ਦਾ ਜ਼ਿਆਦਾ ਮਹੱਤਵ ਹੈ। ਕਿਸੇ ਵੀ ਉਚਾਰਣ ਦੇ ਪਿਛੇ ਕਾਰਜਸ਼ੀਲ ਤੱਤ ਇਕ ਨਹੀਂ ਅਨੇਕ ਹਨ। ਖੇਤਰੀ ਅਤੇ ਵਾਤਾਵਰਣਿਕ ਅਸਰ ਸਾਡੇ ਉਚਾਰਣ ਅੰਗਾਂ ਨੂੰ ਪ੍ਰਭਾਵਤ ਕਰਦੇ ਹਨ। ਸਮਾਜਿਕ ਚੌਗਿਰਦਾ ਸਾਡੀ ਬੋਲ ਬਾਣੀ ਦੀ ਇਕ ਖ਼ਾਸ ਪਹਿਚਾਣ ਨਿਰਮਤ ਕਰਦਾ ਹੈ। ਸਾਡੀ ਜਿਨੈਟਿਕ ਬਣਤਰ ਦੀ ਵਿਸ਼ੇਸ਼ਤਾ ਅਤੇ ਮਨੁਖੀ ਨਸਲ ਦੇ ਖ਼ਾਸੇ ਵੀ ਸਾਡੇ ਉਚਾਰਣ ਨੂੰ ਕੋਈ ਵੱਖਰਤਾ ਪ੍ਰਦਾਨ ਕਰਦੇ ਹਨ। ਸਾਡੀ ਸ਼ਖ਼ਸੀਅਤ ਅਤੇ ਵਕਤੀ ਮਾਨਸਿਕ ਪ੍ਰਭਾਵ ਵੀ ਸਾਡੇ ਬੋਲਾਂ ਵਿਚ ਇਕ ਵਿਸ਼ੇਸ਼ ਰੰਗ ਭਰਦੇ ਹਨ। ਜਿਸ ਨੂੰ ਮੁਖ਼ਾਤਬ ਹੋਈਏ ਉਸ ਨਾਲ਼ ਸਾਡੇ ਰਿਸ਼ਤੇ ਦੀ ਕਿਸਮ, ਨਿਘ ਤੇ ਮਿਠਾਸ ਦੀ ਨਿਸਬਤ ਅਤੇ ਸਬੰਧਾਂ ਦੀ ਘਨਿਸ਼ਟਤਾ, ਨਿਕਟਤਾ ਜਾਂ ਦੂਰੀ ਵੀ ਸਾਡੇ ਉਚਾਰਣ ਨੂੰ ਇਕ ਵਿਸ਼ੇਸ ਲੱਜ਼ਤ ਬਖ਼ਸ਼ਦੀ ਹੈ। ਹੋਰ ਤਾਂ ਹੋਰ ਮੁਖ਼ਾਤਬ ਹੋਣ ਪਿਛੇ ਗ਼ਰਜ਼, ਗ਼ਰਜ਼ ਦੀ ਸ਼ਿਦਤ ਅਤੇ ਸਬੱਬ ਵੀ ਸਾਡੇ ਬੋਲਾਂ ਦੀ ਸੁਰ ਨੂੰ ਪ੍ਰਭਾਵਤ ਕਰਦੇ ਹਨ। ਅਨੇਕ ਤੱਤਾਂ ਦਾ ਅਨੁਪਾਤੀ ਮਿਸ਼ਰਣ ਸਾਡੇ ਬੋਲਾਂ ਨੂੰ ਨਿਰਧਾਰਤ ਕਰਦਾ ਹੈ। ਇਸੇ ਨੂੰ ਅੰਗਰੇਜ਼ੀ ਵਿਚ "ਫ਼ੀਲ" ਕਹਿੰਦੇ ਹਨ।
ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਜਦੋਂ ਮੈਨੂੰ ਬੁਲਾਉਂਦੇ ਸਨ ਤਾਂ ਮੇਰਾ ਨਾਂ ਲੈਣ ਦੇ ਉਨ੍ਹਾਂ ਦੇ ਅੰਦਾਜ਼ ਤੋਂ ਸਪਸ਼ਟ ਹੋ ਜਾਂਦਾ ਸੀ ਕਿ ਮੈਨੂੰ ਬੁਲਾੳਣ ਦਾ ਉਨ੍ਹਾਂ ਦਾ ਮਕਸਦ ਕੀ ਹੈ। ਇਹ ਵੀ ਪਤਾ ਲਗ ਜਾਂਦਾ ਸੀ ਕਿ ਉਹ ਗੁਸੇ, ਲਾਡ ਜਾਂ ਸਹਿਬਨ ਹੀ ਬੁਲਾ ਰਹੇ ਹਨ। ਤਲਖ਼ੀ ਵਿਚ ਉਹ ਹਮੇਸ਼ਾ ਮੇਰੇ ਨਾਂ ਦੇ ਆਖ਼ਰੀ ਰਾਰੇ ਨੂੰ ਔਂਕੜ ਸਮੇਤ (ਅਵਤਾਰੁ) ਬੋਲਦੇ ਸਨ। ਵਧੇਰੇ ਗੁਸੇ ਵਿਚ ਰਾਰੇ ਨੂੰ ਔਕੜ ਦੇ ਨਾਲ਼ ਥੋੜ੍ਹਾ ਜਿਹਾ ਹਾਹਾ ਵੀ ਲਗਾ ਦਿੰਦੇ ਸਨ। ਪਿਆਰ ਵਿਚ ਉਹ ਆਖ਼ਰੀ ਔਕੜ ਨੂੰ ਸਿਹਾਰੀ ਵਿਚ ਬਦਲ ਕੇ (ਅਵਤਾਰਿ) ਬੋਲਦੇ ਸਨ। ਲਾਡ ਵਿਚ ਤਾਂ ਉਨ੍ਹਾਂ ਦੀ ਭਾਸ਼ਾ ਹੀ ਬਦਲ ਜਾਂਦੀ ਸੀ। ਪਤਾ ਨਹੀ ਕੀ ਕੀ ਨਾਂ ਲੈ ਲੈਂਦੇ ਸਨ। ਆਮ ਤੌਰ ਪਰ ਉਹ ਸਹਿਜ ਭਾਵ ਵਿਚ ਸਿੱਧਾ ਨਾਂ (ਅਵਤਾਰ) ਬੋਲਦੇ ਸਨ। ਉਨ੍ਹਾਂ ਦੀ ਆਵਾਜ਼ ਦੀ ਗਹਿਰਾਈ ਤੇ ਬੋਲਣ ਦੀ ਤਰਜ਼ ਤੋਂ ਹੀ ਉਨ੍ਹਾਂ ਨੂੰ ਪਏ ਕੰਮ ਦਾ ਅਨੁਮਾਨ ਤੇ ਉਸ ਦੀ ਸ਼ਿੱਦਤ ਦਾ ਅਨੁਭਵ ਹੋ ਜਾਂਦਾ ਸੀ।
ਮਾਤਾ ਜੀ ਦਾ ਤਾਂ ਆਲਮ ਹੀ ਅਨੋਖਾ ਸੀ। ਉਹ ਆਪਣੇ ਕੋਲ਼ ਰਹਿੰਦੀ ਸਾਡੀ ਛੋਟੀ ਭੈਣ ਨੂੰ ਬੁਲਾਉਣ ਲਈ ਹਮੇਸ਼ਾ ਹੀ ਪਹਿਲਾਂ ਚਿਰਾਂ ਤੋਂ ਸੱਤ ਸਮੁੰਦਰੋਂ ਪਾਰ ਰਹਿੰਦੀ ਸਾਡੀ ਸਭ ਤੋਂ ਵੱਡੀ ਭੈਣ ਦਾ ਨਾਂ ਲੈਂਦੀ ਸੀ। ਉਸਨੂੰ ਸਾਰੇ ਭੈਣ ਭਰਾਵਾਂ ‘ਚੋਂ ਅੱਧਿਆਂ ਦਾ ਨਾਂ ਲੈਣ ਉਪਰੰਤ ਉਸ ਦਾ ਨਾਂ ਸੁਝਦਾ ਸੀ, ਜਿਸ ਨੂੰ ਉਸਨੇ ਬੁਲਾਉਣਾ ਹੁੰਦਾ ਸੀ। ਸਭ ਨਾਲ ਬਰਾਬਰ ਲਗਾਉ ਹੋਣ ਦੇ ਬਾਵਜੂਦ ਉਸ ਦੀ ਸੁਰਤੀ ਕਿਸੇ ਇਕ ਦੇ ਦੁਖ ਸੁਖ ਵਿਚ ਵਿਅਸਤ ਰਹਿੰਦੀ ਸੀ। ਸਾਡੀ ਖ਼ੁਸ਼ੀ ਗ਼ਮੀ ਹਮੇਸ਼ਾ ਉਸ ਦੇ ਬੋਲਾਂ ਵਿਚੋਂ ਸੁਣੀ ਜਾ ਸਕਦੀ ਸੀ। ਪਿਤਾ ਜੀ ਲਾਡ ਵਿਚ ਇਕ ਬੱਚੇ ਦੇ ਵੀ ਕਈ ਕਈ ਨਾਂ ਲੈਂਦੇ ਸਨ, ਪਰ ਮਾਤਾ ਜੀ ਕੋਲ਼ ਕੁੱਲ ਬੱਚਿਆਂ ਲਈ ਵੀ ਲਾਡ ਦਾ ਇਕੋ ਹੀ ਨਾਂ ਸੀ। ਝਿੜਕਾਂ ਤੇ ਉਹ ਲਾਡ! ... "ਦੇਹੀ ਕੇ ਸੰਗਿ ਰਹਤੇ" ... "ਬਾਬਾ ਬੋਲਤੇ ਤੇ ਕਹਾ ਗਏ" ...!
ਬੰਦੇ ਦੀ ਮਨੋ ਦਸ਼ਾ ਜਾਂ ਚਿਤ ਭਾਵ ਦੀਆਂ ਸਿਰਫ਼ ਦੋ ਤਿੰਨ ਹਾਲਤਾਂ ਹੀ ਨਹੀਂ ਹੁੰਦੀਆਂ। ਇਨ੍ਹਾਂ ਦੇ ਖੇਤਰ ਦੀ ਵਿਸ਼ਾਲਤਾ ਪਤਾਲ਼ ‘ਤੋਂ ਲੈ ਕੇ ਅਕਾਸ਼ ਤਂਕ ਫੈਲੀ ਹੋਈ ਹੈ। ਸ਼ਾਇਰ ਲੋਕ ਇਨ੍ਹਾਂ ਅਵਸਥਾਵਾਂ ਦਾ ਇਵੇਂ ਜ਼ਿਕਰ ਕਰਦੇ ਹਨ: "ਜੁ ਪੀ ਲੇਤਾ ਹੂੰ ਤੋ ਹੋਤਾ ਹੂੰ ਸਿਤਾਰੋਂ ਸੇ ਭੀ ਆਗੇ, ਵਰਨਾ ਜ਼ਿੰਦਗੀ ਹਮਾਰੀ ਜ਼ੇਰੇ ਜ਼ਮੀਂ ਰਹਿਤੀ ਹੈ"। ਗ਼ਾਲਿਬ ਸਾਹਿਬ ਆਪਣੇ ਚਿਤ ਦੀ ਇਕ ਅਵਸਥਾ ਵਿਚ ਆਖਦੇ ਹਨ: "ਬਾਜ਼ੀਚਇ ਅਤਫ਼ਾਲ ਹੈ ਦੁਨੀਆ ਮਿਰੇ ਆਗੇ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮਿਰੇ ਆਗੇ। ਹੋਤਾ ਹੈ ਨਿਹਾਂ ਗਰਦ ਮੇਂ ਸਹਰਾ ਮਿਰੇ ਹੋਤੇ, ਘਿਸਤਾ ਹੈ ਜਬੀਂ ਖ਼ਾਕ ਪ: ਦਰਯਾ ਮਿਰੇ ਆਗੇ"। ਅਤੇ ਦੂਸਰੀ ਅਵਸਥਾ ਵਿਚ ਦੇਖੋ: "ਦਿਲੇ ਨਾਦਾਂ ਤੁਝੇ ਹੂਆ ਕਯਾ ਹੈ, ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ"। ਜਾਂ ਫਿਰ "ਹੂਏ ਜਬ ਗ਼ਮ ਸੇ ਯੂੰ ਬੇਹਿਸ ਤੋ ਗ਼ਮ ਕਿਆ ਸਰ ਕੇ ਕਟਨੇ ਕਾ, ਨਾ ਹੋਤਾ ਗਰ ਜੁਦਾ ਤਨ ਸੇ ਤੋ ਜਾਨੂ ਪਰ ਧਰਾ ਹੋਤਾ"। ਜ਼ਾਹਿਰ ਹੈ ਕਿ ਰਤਾ ਕੁ ਮਨੋ ਦਸ਼ਾ ਬਦਲਣ ਨਾਲ਼ ਮਨੋਭਾਵ ਬਦਲਦੇ ਹਨ। ਮਨੋ ਭਾਵ ਬਦਲਣ ਨਾਲ਼ ਬੋਲਣ ਦਾ ਲਹਿਜ਼ਾ ਬਦਲ ਜਾਂਦਾ ਹੈ। ਲਹਿਜ਼ਾ ਸ਼ਬਦਾਂ ਦੇ ਉਚਾਰਣ ਭੇਦ ਨੂੰ ਹੀ ਆਖਦੇ ਹਨ। ਬਾਣੀ ਦੇ ਜਿਹੜੇ ਸ਼ਬਦ ਸਾਨੂੰ ਜਿਸ ਵੀ ਮਨੋ ਦਸ਼ਾ ਵਿਚ ਲੈ ਜਾਣ ਲਈ ਆਏ ਹਨ, ਉਹ ਆਪਣਾ ਪ੍ਰਯੋਜਨ ਤਦ ਹੀ ਪੂਰਾ ਕਰ ਸਕਦੇ ਹਨ ਜੇ ਉਨ੍ਹਾਂ ਦਾ ਉਚਾਰਣ ਉਨ੍ਹਾਂ ਦੇ ਨਿਰਧਾਰਤ ਰੂਪ ਵਿਚ ਕੀਤਾ ਜਾਵੇ। ਇਸੇ ਲਈ ਤਾਂ ਗੁਰਬਾਣੀ ਰਾਗਾਂ ਵਿਚ ਆਈ ਹੈ ਤੇ ਇਸ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਦੀ ਹੀ ਰਵਾਇਤ ਹੈ। ਬੜੀ ਚਿੰਤਾ ਜਨਕ ਗੱਲ ਹੈ ਕਿ ਹੁਣ ਰਾਗੀਆਂ ਨੇ ਰਾਗ ਦੀ ਕਠਨ ਤਪੱਸਿਆ ਨੁਮਾ ਪ੍ਰੰਪਰਾ ਨੂੰ ਤਿਆਗ ਦਿੱਤਾ ਹੈ ਤੇ ਤੰਤੀ ਸਾਜ਼ਾਂ ਦੀ ਮੁਸ਼ੱਕਤ ਤੋਂ ਟਿਭਦਿਆਂ ਹਰਮੋਨੀਅਮ ਦੇ ਸਹਾਰੇ, ਮਨ ਮਰਜ਼ੀ ਦੀਆਂ, ਸਿਧਰੀਆਂ ਪਧਰੀਆਂ ਅਤੇ ਆਪ ਹੁਦਰੀਆਂ ਤਰਜ਼ਾਂ ਅਨੁਸਾਰ ਗਾਇਨ ਅਰੰਭ ਦਿਤਾ ਹੈ। ਸਿੱਟੇ ਵਜੋਂ ਨਵੀਂ ਪੀੜ੍ਹੀ ਵਿਚ ਕੀਰਤਨ ਨਾਲ਼ ਲਗਾਉ ਘਟ ਗਿਆ ਹੈ ਅਤੇ ਉਸ ਦੀ ਥਾਂ ਧੂਮ ਧੜੱਕ ਤੇ ਹੁੜਦੰਗ ਨੁਮਾ ਸੰਗੀਤ ਨੇ ਲੈ ਲਈ ਹੈ।
ਜਿਸ ਸਮੇਂ ਗੁਰਮੁਖੀ ਲਿਪੀ ਦਾ ਨਿਰਮਾਣ ਹੋਇਆ ਉਸ ਵੇਲੇ ਪੰਜਾਬੀ ਭਾਸ਼ਾਈ ਖੇਤਰਾਂ ਵਿਚ ਜਿਤਨੀਆਂ ਧੁਨੀਆਂ ਪ੍ਰਚੱਲਤ ਸਨ ਉਨ੍ਹਾਂ ਲਈ ਪ੍ਰਤੀ ਧੁਨੀ ਇਕ ਅੱਖਰ ਨਿਸ਼ਚਿਤ ਕੀਤਾ ਗਿਆ। ਜ਼ਾਹਿਰ ਹੈ ਕਿ ਉਸ ਸਮੇਂ ਪੰਜਾਬੀ ਵਿਚ ਪੈਂਤੀ ਧੁਨੀਆਂ ਤੋਂ ਵਧੀਕ ਕੋਈ ਧੁਨੀ ਨਹੀਂ ਸੀ। ਜੇ ਹੁੰਦੀ ਤਾਂ ਉਸ ਲਈ ਉਦੋਂ ਹੀ ਹੋਰ ਅੱਖਰ ਨਿਸ਼ਚਿਤ ਹੋ ਜਾਣੇ ਸਨ। ਭਾਸ਼ਾ ਦਾ ਨਿਯਮ ਹੈ ਕਿ ਜਦੋਂ ਕਿਸੇ ਓਪਰੀ ਭਾਸ਼ਾ ਦਾ ਸ਼ਬਦ ਕਿਸੇ ਬੋਲੀ ਵਿਚ ਪ੍ਰਵੇਸ਼ ਕਰਦਾ ਹੇ ਤਾਂ ਪਹਿਲੋਂ ਉਸ ਦਾ ਉਚਾਰਣ ਸਥਾਨਕ ਧੁਨੀਆਂ ਮੁਤਾਬਕ ਕੀਤਾ ਜਾਂਦਾ ਹੈ। ਸ਼ੁਰੂ ਵਿਚ ਹਰ ਓਪਰਾ ਸ਼ਬਦ ਤਦ ਭਵ ਰੂਪ ਵਿਚ ਹੀ ਆਉਂਦਾ ਹੈ। ਸਮਾਂ ਪੈਣ ‘ਤੇ ਜਦੋਂ ਅਜਿਹੇ ਸ਼ਬਦ ਪੜ੍ਹਿਆਂ ਲਿਖਿਆਂ ਲੋਕਾਂ ਦੇ ਵਸ ਪੈਂਦੇ ਹਨ ਤਾਂ ਉਹ ਵਧੇਰੇ ਗਿਆਨ ਪ੍ਰਗਟਾਵੇ ਦੇ ਲੋਭ ਵਿਚ, ਸ਼ੁਧਤਾ ਦਾ ਪ੍ਰਭਾਵ ਦੇਣ ਲਈ ਸ਼ਬਦ ਨੂੰ ਉਨ੍ਹਾਂ ਹੀ ਧੁਨੀਆਂ ਮੁਤਾਬਕ ਉਚਾਰਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਵਿਚ ਆਪਣੀ ਭਾਸ਼ਾ ਅਨੁਸਾਰ ਬੋਲਿਆ ਜਾਦਾ ਹੈ। ਪੜ੍ਹੇ ਲਿਖੇ ਲੋਕ ਗ਼ੈਰ ਭਾਸ਼ਾ ਤੋਂ ਇਤਨੇ ਪ੍ਰਭਾਵਤ ਹੁੰਦੇ ਹਨ ਕਿ ਉਹ ਗ਼ੈਰ ਭਾਸ਼ੀ ਸ਼ਬਦ ਬੋਲਣ ਤੇ ਲਿਖਣ ਸਮੇਂ ਆਪਣੀ ਭਾਸ਼ਾ ਦੀ ਪ੍ਰਕਿਰਤੀ, ਪਰਵਿਰਤੀ ਅਤੇ ਮੂਲ਼ ਸੁਭਾ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ। ਅਨਪੜ੍ਹ ਲੋਕ ਓਪਰੇ ਸ਼ਬਦਾਂ ਨੂੰ ਆਪਣੀ ਭਾਸ਼ਾ ਦੇ ਮੂਲ਼ ਨੇਮਾਂ ਮੁਤਾਬਕ ਬੋਲਦੇ ਹਨ। ਵਿਦੇਸ਼ੋਂ ਪਰਤੇ ਅਨਪੜ੍ਹ ਪੇਂਡੂ ਲੋਕ ਆਪਣੀ ਮਾਂ ਬੋਲੀ ਦੀ ਵਧੇਰੇ ਸੇਵਾ ਕਰਦੇ ਹਨ, ਜਦ ਉਹ ਅੰਗਰੇਜ਼ੀ ਸ਼ਬਦਾਂ ਨੂੰ ਗੁਰਮੁਖਿਆ ਕੇ "ਵੀਕਾਂ’", "ਮੰਥਾਂ", "ਟੈਮ", "ਬੈਡਾਂ", "ਡੋਰਾਂ" ਅਤੇ "ਵਿੰਡੋਆਂ" ਬੋਲਦੇ ਹਨ। ਪਰ ਇਧਰ ਦੇ ਹੀ ਪੜ੍ਹੇ ਲਿਖੇ ਲੋਕ ਅੰਗਰੇਜ਼ੀ ਦਾ ਲਿਹਾਜ਼ ਪਾਲ਼ਦੇ ਹੋਏ ਪੰਜਾਬੀ ਵਾਕਾਂ ਵਿਚ ਵੀ "ਵੀਕਸ" ਤੇ "ਲੀਵਜ਼" ਆਦਿ ਬੋਲ ਕੇ ਆਪਣੀ ਭਾਸ਼ਾ ਦੀ ਹੇਠੀ ਕਰਦੇ ਹਨ। ਸਾਡੇ ਇਕ ਸਾਇੰਸ ਦੇ ਅਧਿਆਪਕ ਪਰੈਕਟੀਕਲ ਕਰਾਉਂਦਿਆਂ ਅਕਸਰ ਬੋਲ ਦਿੰਦੇ ਸਨ ਕਿ, "ਇਕ ਬੀਕਰ ਲੈ ਕੇ ਉਸ ਵਿਚ ਸਾਰੀਆ ‘ਚੀਜ਼ਜ਼’ ਪਾ ਲੳ"। ਬੇਗ਼ਾਨੇ ਸ਼ਬਦ ਖੀਰ ‘ਚ ਸੌਗੀ ਜਾਂ ਲੈਚੀ ਦਾਣੇ ਦੀ ਤਰਾਂ ਭਾਸ਼ਾ ਦੀ ਲਜ਼ਤ ਵਿਚ ਵਾਧਾ ਕਰਦੇ ਹਨ, ਪਰ ਭਾਸ਼ਾ ਦੀ ਮੂਲ਼ ਪ੍ਰਕਿਰਤੀ ਜਾਣੇ ਅਤੇ ਸਮਝੇ ਬਗ਼ੈਰ ਕੋਕੜੂਆਂ ਦੀ ਤਰਾਂ ਰੜਕਦੇ ਵੀ ਹਨ। "ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸੈਨੇਟ ਹਾਲ ਵਿਚ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਕੀਤੀ"। ਇਹ ਪੰਜਾਬੀ ਦਾ ਵਾਕ ਹੈ, ਜਿਸ ਵਿਚ ਸ਼ਬਦ ਅੰਗਰੇਜ਼ੀ ਦੇ ਵਰਤੇ ਗਏ ਹਨ। ਜੇ ਕਿਹਾ ਜਾਵੇ ਕਿ "ਕਾਲਜਿਜ਼ ਦੇ ਪ੍ਰਿੰਸੀਪਲਜ਼ ਦੀ ਮੀਟਿੰਗ" ਤਾਂ ਇਹ ਖੀਰ ‘ਚ ਫ਼ਟਕੜੀ ਹੋ ਗਈ। ਚਾਹ ‘ਚ ਨਿੰਬੂ ਤੇ ਦੁਧ ‘ਚ ਪੱਤੀ ਜਚਦੇ ਹਨ। ਪਰ ਅੱਜ ਕਲ ਦੇ ਸ਼ਹਿਰੀਆਂ ਤੇ ਪੜ੍ਹਿਆਂ ਲਿਖਿਆਂ ਦੀ ਪੰਜਾਬੀ ਦਾ ਮੂੰਹ ਮੱਥਾ ਦੁਧ ‘ਚ ਨਿੰਬੂ ਜਿਹਾ ਹੋ ਗਿਆ ਹੈ। ਪੰਜਾਬੀ ਬੋਲਦਿਆਂ ਵੀ ਪੰਜਾਬੀ ਸ਼ਬਦ ਦਾ ਬਹੁ ਵਚਨ ਅੰਗਰੇਜ਼ੀ ਮੁਤਾਬਕ ਬਣਾ ਕੇ ਪੰਜਾਬੀ ਦਾ ਮੂੰਹ ਚਿੜਾਉਂਣਾ ਕਿਸੇ ਤਰਾਂ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਕਿਹਾ ਜਾ ਸਕਦਾ।
ਗੁਰਮੁਖੀ ਦੇ ਨਿਰਮਾਣ ਸਮੇਂ ਜਿਹੜੇ ਵੀ ਅਰਬੀ ਫ਼ਾਰਸੀ ਦੇ ਸ਼ਬਦ ਪੰਜਾਬ ਵਿਚ ਵਰਤੇ ਜਾਂਦੇ ਸਨ ਉਦੋਂ ਉਨ੍ਹਾਂ ਦਾ ਉਚਾਰਣ ਅਰਬੀ ਫ਼ਾਰਸੀ ਮੁਤਾਬਕ ਨਹੀਂ ਸੀ ਕੀਤਾ ਜਾਂਦਾ। ਉਦੋਂ ਤਾਂ ਕੀ ਹਲੇ ਤੱਕ ਕਈ ਪੜ੍ਹਿਆਂ ਲਿਖਿਆਂ ਤੋਂ ਵੀ ਅਰਬੀ ਫ਼ਾਰਸੀ ਦੀਆਂ ਧੁਨੀਆਂ ਠੀਕ ਨਹੀਂ ਬੋਲੀਆਂ ਜਾਂਦੀਆਂ। ਪੰਜਾਬ ਯੂਨੀਵਰਸਿਟੀ ਦੇ ਇਕ ਵਿਦਵਾਨ ਰਿਸਰਚ ਸਕੌਲਰ, ਕਵੀਆਂ ਦੀ ਮਹਿਫ਼ਿਲ ਵਿਚ, "ਗ਼ਜ਼ਲ" ਕਹਿਣ ਤੋਂ ਬਚਦਿਆਂ, ਜਨਾਬ ਦੀਪਕ ਜੈਤੋਈ ਨੂੰ ਪੇਸ਼ ਕਰਦਿਆਂ ਵੀ "ਆਪਣਾ ਕਲਾਮ ਪੇਸ਼ ਕਰਨ ਗੇ" ਕਹਿ ਕੇ ਸਾਰ ਲੈਂਦੇ ਸਨ। ਪਰ ਕਲਾਸ ਵਿਚ ਉਨ੍ਹਾਂ ਲਈ ਗ਼ਜ਼ਲ ਤੋਂ ਖਹਿੜਾ ਛਡਾਉਣਾ ਮੁਸ਼ਕਲ ਹੁੰਦਾ ਸੀ। ਇਸ ਕਰਕੇ ਉਨ੍ਹਾਂ ਦੀ "ਗਜਲ" ਦੀ ਕਮਜ਼ੋਰੀ ਤੇ "ਕਲਾਮ" ਨਾਲ਼ ਲਗਾਉ ਦਾ ਭੇਤ ਸਭ ਵਿਦਿਆਰਥੀਆਂ ਨੂੰ ਪਤਾ ਸੀ। ਪੰਜਾਬੀ ਹਲਕਿਆਂ ਵਿਚ ਗ਼ਜ਼ਲ ਹਲੇ "ਗਜਲ" ਤੋਂ "ਗਜ਼ਲ" ਨਹੀਂ ਹੋ ਸਕੀ; "ਗ਼ਜ਼ਲ" ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਫ਼ਾਰਸੀ ਦੇ "ਤੇ" ਅਤੇ "ਤੋਏ" ਦਾ ਫ਼ਰਕ ਸਾਨੂੰ ਮਾਲੂਮ ਨਹੀਂ। "ਕੁਆਫ਼" ਤੇ "ਕਾਫ਼", "ਸੇ", "ਸਾਦ" ਤੇ "ਸੀਨ", "ਜ਼ੋਏ", "ਜ਼ਾਦ", "ਜ਼ੇ", "ਜ਼ੇਹ" ਤੇ "ਜ਼ਾਲ" ਵਿਚਲੇ ਅੰਤਰ ਅਸੀਂ ਹੁਣ ਤੱਕ ਨਹੀਂ ਜਾਣਦੇ।
ਡਾ. ਦੀਵਾਨਾ ਸਾਹਿਬ ਲੇਖਿਕਾਂ, ਵਿਦਵਾਨਾ ਤੇ ਸਾਹਿਤਕਾਰਾਂ ਦੀ ਵਡਿਆਈ ਇਹ ਵੀ ਗਿਣਦੇ ਸਨ ਕਿ ਉਨ੍ਹਾਂ ਨੇ ਕਿਤਨੇ ਗ਼ੈਰ ਭਾਸ਼ੀ ਸ਼ਬਦਾਂ ਨੂੰ "ਗੁਰਮੁਖਿਆਇਆ" ਹੈ; ਭਾਵ ਪੰਜਾਬੀ ਦੇ ਸੁਭਾ ਅਤੇ ਇਸਦੀ ਮੂਲ਼ ਆਤਮਾ ਮੂਜਬ ਢਾਲ਼ਿਆ ਹੈ। ਹਲੇ ਅਸੀਂ ਮਸਾਂ ਦੋ ਤਿੰਨ ਕੁ ਗ਼ੈਰ ਪੰਜਾਬੀ ਧੁਨੀਆਂ ਦਾ ਉਚਾਰਣ ਸਿੱਖ ਸਕੇ ਹਾਂ। ਅੰਗਰੇਜ਼ੀ ਭਾਸ਼ਾ ਵਿਚ ਅਨੰਤ ਗ਼ੈਰ ਅੰਗਰੇਜ਼ੀ ਸ਼ਬਦ ਦਾਖ਼ਲ ਹੋ ਚੁੱਕੇ ਹਨ ਪਰ ਅੰਗਰੇਜ਼ੀ ਦੇ ਅੱਖਰ ਵਧਾਏ ਨਹੀਂ ਗਏ। ਪੰਜਾਬੀ ਵਿਦਵਾਨਾ ਨੇ ਹੀ ਬੇਗਾਨੀ ਛਾਹ ਅਨੁਸਾਰ ਆਪਣੀਆਂ ਭਾਸ਼ਾਈ ਮੁੱਛਾਂ ‘ਚ ਵੱਡੇ ਫੇਰ ਬਦਲ ਕਰ ਲਏ ਹਨ। ਕੱਲ ਨੂੰ ਚੀਨੀ ਜਪਾਨੀ ਭਾਸ਼ਾਈ ਧੁਨੀਆਂ ਪੰਜਾਬੀ ‘ਚ ਆਣ ਬੜੀਆਂ ਤਾਂ ਰੱਬ ਜਾਣੇ ਅਸੀਂ ਗੁਰਮੁਖੀ ਨਾਲ਼ ਕੀ ਕਰ ਗੁਜ਼ਰਾਂ ਗੇ। ਸਾਡੇ ਬਹੁਤੇ ਪੰਜਾਬੀ ਵਿਦਵਾਨਾ ਨੂੰ ਗੁਰਮੁਖੀ ਦਾ ਨਾਂ ਪਹਿਲੋਂ ਹੀ ਕੰਡੇ ਵਾਂਗ ਰੜਕਦਾ ਹੈ। ਅਸੀਂ ਅੱਖਰਾਂ ਦੀ ਗਿਣਤੀ ਚਾਲ਼ੀ ਕਰ ਕੇ ਇਸਦੇ ਨਾਂ ਪੈਂਤੀ ਨੂੰ ਵੀ ਤਰਕ ਹੀਣ ਕਰ ਚੁੱਕੇ ਹਾਂ। ਅਗਲਾ ਕੋਈ ਪਤਾ ਨਹੀਂ ਕੀ ਹੋਣ ਵਾਲ਼ਾ ਹੈ। ਉਂਝ ਪੰਜਾਬੀ ਪੜ੍ਹਾਉਣ ਵਾਲ਼ੇ ਅਧਿਆਪਕ ਜਾਣਦੇ ਹਨ ਕਿ ਅਸੀਂ ਗ਼ੈਰ ਪੰਜਾਬੀ ਧੁਨੀਆਂ ਤੋਂ ਅਜੇ ਕਿਤਨੇ ਕੁ ਵਾਕਿਫ਼ ਹਾਂ।
ਗੁਰੂ ਸਾਹਿਬਾਂ ਦੇ ਬੋਲਾਂ ਨੂੰ ਪਹਿਲਾਂ ਭਾਈ ਗੁਰਦਾਸ ਜੀ ਅਤੇ ਫਿਰ ਭਾਈ ਮਨੀ ਸਿੰਘ ਜੀ ਨੇ ਜਿਸ ਤਰਾਂ ਸਰਵਣ (ਸ਼ਰਵਣ ਨਹੀਂ) ਕੀਤਾ ਉਸੇ ਤਰਾਂ ਉਨਾਂ ਆਪਣੀ ਮੁਬਾਰਕ ਕਲਮ ਨਾਲ਼ ਲਿਖ ਦਿਤਾ। ਜ਼ਾਹਿਰ ਹੈ ਕਿ ਗੁਰੂ ਸਾਹਿਬਾਂ ਨੇ ਹਰੇਕ ਲਗ ਮਾਤਰਾ ਦਾ ਉਚਾਰਣ ਵਿਧੀ ਵੱਤ ਕੀਤਾ ਹੋਵੇਗਾ, ਤਾਂ ਹੀ ਉਹ ਲਗਾਂ ਮਾਤਰਾਂ ਲਿਖਤ ਵਿਚ ਆ ਸਕੀਆਂ। ਤਾਂ ਹੀ ਉਸ ਲਿਖਤ, ਭਾਵ ਗ੍ਰੰਥ, ਨੂੰ ਪਹਿਲਾਂ ਪੰਚਮ ਪਾਤਸ਼ਾਹ ਜੀ ਨੇ ਪੋਥੀ ਪ੍ਰਮੇਸਰ ਕਾ ਥਾਨ ਆਖਿਆ ਫਿਰ ਕਲਗੀਆਂ ਵਾਲ਼ੇ ਪਾਤਸ਼ਾਹ ਨੇ ਗੁਰੂ ਥਾਪ ਦਿਤਾ। ਗੁਰਸ਼ਬਦ ਦੀ ਕਰਾਮਾਤ ਉਦੋਂ ਹੀ ਵਾਪਰ ਸਕਦੀ ਹੈ ਜਦੋਂ ਅਸੀਂ ਗੁਰੂ ਦੇ ਉਚਾਰਣ ਦੇ ਨੇੜੇ ਪਹੁੰਚ ਜਾਵਾਂ ਗੇ। ਇਹ ਤਦ ਹੀ ਸੰਭਵ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਸ਼ਬਦ ਨੂੰ , ਨਾ ਵੱਧ ਨਾ ਘੱਟ, ਜਿਸ ਤਰਾਂ ਲਿਖਿਆ ਹੈ ਉਸੇ ਤਰਾਂ ਉਚਾਰਾਂ ਗੇ। ਜਿਥੇ ਕਿਤੇ ਕੋਈ ਔਂਕੜ ਸਿਹਾਰੀ ਤੇ ਬਿੰਦੀ ਟਿਪੀ ਹੈ ਉਸ ਨੁੰ ਬੋਲਣਾ ਤੇ ਜਿਥੇ ਨਹੀਂ ਹੈ ਉਥੇ ਨਾ ਬੋਲਣਾਂ ਹੀ ਵਿਧਾਨ ਹੈ।
ਬਹੁਤੀ ਸਮੱਸਿਆ ਸਬਦਾਂ ਦੇ ਅਖ਼ੀਰ ‘ਚ ਆਉਂਦੇ ਔਕੜਾਂ ਅਤੇ ਸਿਹਾਰੀਆਂ ਦੀ ਹੈ। ਜੇ ਅਸੀਂ ਗਹਿਰਾਈ ‘ਚ ਜਾ ਕੇ ਪੰਜਾਬੀ ਭਾਸ਼ਾ ਦੇ ਮੂਲ਼ ਸੁਭਾ ‘ਤੇ ਝਾਤ ਮਾਰੀਏ ਤਾਂ ਬੜੇ ਹੀ ਦਿਲਚਸਪ ਤੱਥ ਦੇਖਣ ਨੂੰ ਮਿਲ਼ਦੇ ਹਨ। ਪੰਜਾਬੀ ਉਚਾਰਣ ਵਿਚ ‘ਊ’ ਅੰਤਕ ਸ਼ਬਦ ‘ਓ’ ਅੰਤਕ ਹੁੰਦੇ ਹੋਏ ‘ਉ’ ਅੰਤਕ ਹੋ ਕੇ ਹੁਣ ਮੁਕਤਾ ਅੰਤਕ ਹੋ ਗਏ ਹਨ। ਐਨ੍ਹ ਇਸੇ ਤਰਾਂ ‘ਈ’ ਅੰਤਕ ਸ਼ਬਦ ‘ਏ’ ਅੰਤਕ ਹੁੰਦੇ ਹੋਏ ‘ਇ’ ਅੰਤਕ ਹੋ ਕੇ ਅਖ਼ੀਰ ਮੁਕਤਾ ਅੰਤਕ ਹੋ ਗਏ ਹਨ। ‘ਜਾਤੀ’ ਸ਼ਬਦ ਦੀ ‘ਈ’ ਖ਼ਤਮ ਹੋ ਕੇ ‘ਜਾਤਿ’ ਤੇ ਫਿਰ ‘ਜਾਤ’ ਹੋ ਗਿਆ ਹੈ। ‘ਸਸੂ’ ਦਾ ‘ਊ’ ਖ਼ਤਮ ਹੋ ਕੇ ‘ਸਸੁ’ ਤੇ ਫਿਰ ‘ਸੱਸ’ ਰਹਿ ਗਿਆ ਹੈ। ‘ਖ਼ਾਕੂ’ ‘ਖ਼ਾਕੁ’ ਤੋਂ ‘ਖ਼ਾਕ’ ਰਹਿ ਗਿਆ ਹੈ। ਸਾਧੂ ਹੋਲ਼ੀ ਹੌਲ਼ੀ ਸਾਧ ਹੋ ਗਿਆ ਹੈ। ਇਸ ਤਰਾਂ ਦੇ ਭਾਸ਼ਾਈ ਬਦਲਾਉ ਅਨੰਤ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਬਦਲਾਉ ਸਮੁੱਚੀ ਭਾਸ਼ਾ ਵਿਚ ਇਕ ਸਾਰ ਵੀ ਨਹੀਂ ਹਨ। ਕਿਤੇ ਤਬਦੀਲੀ ਆਈ ਹੈ ਕਿਤੇ ਨਹੀਂ ਵੀ ਆਈ। ਇਨ੍ਹਾਂ ਦਾ ਕੋਈ ਇਕ ਸੂਤਰ ਜਾ ਫਾਰਮੂਲਾ ਵੀ ਨਹੀਂ ਬਣਦਾ। ਦੇਖੋ: ‘ਗਊ’, ‘ਗਾਂ’, ‘ਗਾਈਂ’। ‘ਭਾਊ’, ‘ਭਾਈ’ ਤੇ ‘ਭਾ’। ਪੰਜਾਬ ਵਿਚ ਕਿਸੇ ਨੂੰ ਪੁਛਿਆ ਜਾਵੇ ਫਲਾਣਾ ਕਿੱਥੇ ਹੈ ਤਾਂ ਇਹ ਜਵਾਬ ਮਿਲ਼ ਸਕਦੇ ਹਨ ਕਿ ਉਹ ‘ਗਿਆ ਵਾ’, ‘ਗਿਆਇਆ’, ‘ਗਿਓਆ’ ਜਾਂ ‘ਗਓਇਆ’। ਪਿੰਡ ਦੀ ਕਿਸੇ ਬੀਬੀ ਦਾ ਨਾਂ ਜੀਤ, ਕੁਲਜੀਤ, ਸੁਰਜੀਤ, ਮਨਜੀਤ, ਹਰਜੀਤ ਆਦਿ ਹੋਵੇ ਤਾਂ ਉਸ ਨੂੰ ਜੇ ਮਾਂ ‘ਜੀਤਾਂ’ ਕਹਿੰਦੀ ਹੈ ਤਾਂ ਪਿਓ ‘ਜੀਤੋ’, ਸਹੇਲੀਆਂ ‘ਜੀਤੀ’, ਭਰਾ ‘ਜੀਤੂ’ ਤੇ ਉਸ ਦੇ ਅਧਿਆਪਕ ‘ਜੀਤ’ ਕਹਿ ਸਕਦੇ ਹਨ। ਇਸੇ ਤਰਾਂ ‘ਸੰਤ’, ‘ਸੰਤਾ’, ‘ਸੰਤੂ’, ‘ਸੰਤੀ’, ‘ਸੰਤੋ’ ਆਦਿ। ਕਿਸੇ ਨਾਂਮ ਨੂੰ ਹਰ ਸੂਰਤ ਵਿਚ ਅਬਦਲ ਰੱਖਣ ਦੀ ਢੀਠਤਾ ਪੱਤਰਕਾਰੀ ਰਾਹੀਂ ਆਈ ਹੈ। ਇਸ ਨੇ ਪੰਜਾਬੀ ਦੇ ਮੂਲ਼ ਸੁਭਾ ਵਿਚ ਭੰਗ ਪਾਈ ਹੈ। "ਜਥੇਦਾਰ ਟੌਹੜੇ ਨੇ ਕਿਹਾਂ" ਦੀ ਥਾਂ "ਜਥੇਦਾਰ ਟੌਹੜਾ ਨੇ ਕਿਹਾ" ਲਿਖਿਆ ਜਾਂਦਾ ਹੈ। "ਸਰਬ ਧਰਮ ਵਫ਼ਦ ਡੇਰੇ ਵਿਚ ਪਹੁੰਚਿਆ" ਨੂੰ "ਸਰਬ ਧਰਮ ਵਫ਼ਦ ‘ਡੇਰਾ’ ਵਿਚ ਪਹੁੰਚਿਆ" ਬੋਲਿਆ ਅਤੇ ਲਿਖਿਆ ਜਾਂਦਾ ਹੈ। ਇਹ ਉਵੇਂ ਹੀ ਗ਼ਲਤ ਹੈ ਜਿਵੇਂ ਕੋਈ "ਬਾਬੇ ਨੂੰ ਪਾਣੀ ਦਿਓ" ਨੂੰ "ਬਾਬਾ ਨੂੰ ਪਾਣੀ ਦਿਓ" ਕਹੇ। ਦੁਆਬੇ ਦੇ ਇਕ ਸ਼ਹਿਰ ਬੰਗੇ ਨੂੰ ਕਈ ਤਰਾਂ ਬੋਲਿਆ ਜਾਂਦਾ ਹੈ: ‘ਬੰਗਾ’, ‘ਬੰਗੇ’, ‘ਬੰਗੀਂ’, ‘ਬੰਗਿਆਂ’ ਤੇ ‘ਬੰਗਿਓਂ’।
ਗੁਰੂ ਗ੍ਰੰਥ ਸਾਹਿਬ ਦਰਪਣ ਦੇ ਕਰਤਾ ਜੀ ਸੁਖਮਨੀ ਸਾਹਿਬ ਵਿਚ ਆਈ ਤੁਕ "ਲਾਖ ਕਰੋਰੀ ਬੰਧੁਨ ਪਰੈ" ਪੜ੍ਹਕੇ "ਬੰਧੁਨ" ਦੇ ਧੱਧੇ ਹੇਠਾਂ ਔਂਕੜ ਦੇਖ ਕੇ ਵਹਿਮ ‘ਚ ਪੈ ਗਏ ਤੇ "ਬੰਧੁਨ" ਤੋੜ ਕੇ "ਬੰਧੁ ਨ" ਕਰਕੇ ਅਰਥ ਉਲ਼ਟਾ ਦਿਤੇ। ਪਰ "ਅਪੁਨਾ" ਦੇ ਪੱਪੇ ਹੇਠਾਂ ਪਏ ਔਂਕੜ ਤੋਂ ਹੈਰਾਨ ਨਹੀਂ ਹੋਏ ਤੇ ਨਾ ਹੀ ਇਸ ਦੇ ਅਰਥ ਆਪਣਾ ਦੀ ਥਾਂ "ਆਪੁ ਨਾ" ਕੀਤੇ। ਸ਼ੁਕਰ ਹੈ ਕਿਤੇ ਉਨ੍ਹਾਂ "ਆਪੇ ਮਾਛੀ ਮਛੁਲੀ" ਦੇ ਅਰਥ ਆਪੇ ਹੀ ਮਾਛੀ ਨੇ ਮਛੁ ਲੀ ਨਹੀਂ ਕਰ ਦਿਤੇ। ਤੇ ਜੇ ਉਹ "ਸਜਣ ਮੇਰੇ ਰੰਗੁਲੇ" ਨੂੰ ਵੀ ਮੇਰੇ ਸਜਣ ਰੰਗੁ ਲੇ ਲਿਖ ਜਾਂਦੇ ਤਾਂ ਵੀ ਅਸੀਂ ਹੈਰਾਨ ਹੋਣ ‘ਤੋਂ ਬਿਨਾ ਕੀ ਕਰਦੇ!
ਪੰਜਾਬੀ ਵਿਚ ਸ਼ਬਦਾਂ ਦੇ ਅਖ਼ੀਰ ‘ਚ ਦੋ ਦੋ ਹਾਹੇ ਬੋਲੇ ਜਾਂਦੇ ਸਨ। ਪਰ ਹੁਣ ਇਕ ਹਾਹੇ ਦੀ ਥਾਂ ਵੀ ਸੁਰ ਨੇ ਲੈ ਲਈ ਹੈ। ਪੰਜਾਬੀ ਦੇ ਸ਼ਬਦ "ਆਹੋ" ਨੂੰ ਹਲੇ ਤੱਕ ਕਈ ਥਾਈਂ "ਹਾਹੋ" ਅਤੇ "ਖੜ੍ਹਾ ਹੋ" ਨੂੰ "ਖੜ੍ਹਾ ਹੋਹੁ" ਕਹਿੰਦਿਆਂ ਸੁਣਿਆਂ ਜਾ ਸਕਦਾ ਹੈ।
ਇਸੇ ਤਰਾਂ ਪੁਰਾਣੀਆਂ ਨਾਕੀ ਧੁਨੀਆਂ ਖ਼ਤਮ ਹੋ ਰਹੀਆਂ ਹਨ ਤੇ ਨਵੀਆਂ ਆ ਰਹੀਆਂ ਹਨ। ਪਟਿਆਲ਼ੇ ਦੇ ਆਸ ਪਾਸ "ਗਏ" ਨੂੰ "ਗਏਂ", "ਚਾਹੀਦਾ" ਨੂੰ "ਚਾਹੀਂਦਾ" ਸੁਣਿਆਂ ਜਾ ਸਕਦਾ ਹੈ। ਕਈ ਥਾਵਾਂ ‘ਤੇ "ਜਗਾਹ" ਵੀ "ਜਗਾਂਹ" ਵਿਚ ਤਬਦੀਲ ਹੋ ਗਿਆ ਹੈ। ਕਈ ਸ਼ਬਦ ਅਜਿਹੇ ਹਨ ਜਿਥੇ ਹਿੰਦੀ ਵਿਚ ਨਾਕੀ ਧੁਨੀ ਹੈੇ, ਪਰ ਪੰਜਾਬੀ ਵਿਚ ਨਹੀਂ ਹੈ। ਕਿਤੇ ਪੰਜਾਬੀ ਵਿਚ ਨਾਕੀ ਧੁਨੀ ਹੈ ਪਰ ਇਸ ਦੀ ਨੇੜਲੀ ਰਿਸ਼ਤੇਦਾਰ ਹਿੰਦੀ ਵਿਚ ਨਹੀਂ ਹੈ। ਗੁਰਬਾਣੀ ਵਿਚ "ਦੇਦਾ" ਹੈ, "ਦੇਂਦਾ" ਜਾ "ਦਿੰਦਾ" ਨਹੀਂ ਹੈ; "ਲੈਦਾ" ਹੈ, "ਲੈਂਦਾ" ਨਹੀਂ। ਹਿੰਦੀ ਵਿਚ ਹਲੇ "ਆਤਾ", "ਜਾਤਾ", "ਖਾਤਾ", "ਪੀਤਾ", "ਹੋਤਾ","ਦੇਤਾ" ਅਤੇ "ਲੇਤਾ" ਹੈ; ਜਦ ਕਿ ਪੰਜਾਬੀ ਵਿਚ "ਆਉਂਦਾ", "ਜਾਂਦਾ", "ਖਾਂਦਾ", "ਪੀਂਦਾ", "ਹੁੰਦਾ", "ਦਿੰਦਾ" ਅਤੇ "ਲੈਂਦਾ" ਹੈ। ਪੰਜਾਬੀ "ਗਾਈਂ" ਨਾਕੀ ਹੈ ਪਰ ਹਿੰਦੀ "ਗਾਏ" ਨਾਕੀ ਨਹੀਂ। ਪੰਜਾਬੀ ਵਿਚ ਜਾਂਦਾ ਨਾਕੀ ਹੈ, ਪਰ ਹਿੰਦੀ ਵਿਚ ਜਾਤਾ ਹੈ। ਅੰਗਰੇਜ਼ੀ ਦੇ ਸ਼ੋਲ਼ਡਰ ਨੂੰ ਕਿਤੇ ‘ਮੋਢਾ’ ਕਿਤੇ ‘ਮੋਂਢਾ’, ਕਿਤੇ ‘ਮੁਢ’ ਕਿਤੇ ‘ਮੁੰਢ’, ਸਾਲ਼ੀ ਦੇ ਘਰ ਵਾਲ਼ੇ ਨੂੰ ਕਿਤੇ ‘ਸਾਢੂ’ ਕਿਤੇ ‘ਸਾਂਢੂ’ ਕਿਹਾ ਜਾਂਦਾ ਹੈ। ਤਕਰੀਬਨ ਸਾਰੇ ਰਾਗੀ ਸਿੰਘ ਭਗਤ ਨਾਮ ਦੇਵ ਜੀ ਦੇ ਸ਼ਬਦ "ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ" ਵਿਚ ਯਾਰਾਂ ਨੂੰ ਬਿੰਦੀ ਰਹਿਤ ਕਰਕੇ ਯਾਰਾ ਬੋਲਦੇ ਹਨ।
ਸ਼ਬਦਾਂ ਦੇ ਉਚਾਰਣ ਨਾਕੀ ਹੋਣ ਦੀ ਪੰਜਾਬੀ ਰਫ਼ਤਾਰ, ਹਿੰਦੀ ਦੇ ਮੁਕਾਬਲੇ, ਵਧੇਰੇ ਹੋ ਗਈ ਹੈ। ਨੂੰਤੋਂ ਵਿਚ ਕਿਤੇ ਬਿੰਦੀ ਨਹੀ ਹੈ। ਪਰ ਫਿਰ ਵੀ ਇਸ ਦਾ ਉਚਾਰਣ ਅਸੀਂ ਨਾਕੀ ਕਰ ਕੇ ਓਮ ਦੇ ਨੇੜੇ ਲੈ ਗਏ ਹਾਂ। ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ "ਦਖਣੀ ਓਅੰਕਾਰੁ" ਨੂੰ ਦੇਖਦਿਆਂ ਨੂੰਤੋਂ ਵਿਚ ਨਾਸਿਕਤਾ ਲੈ ਆਂਦੀ ਹੋਵੇ। ਉਂਝ ਬਾਣੀ ਵਿਚ "ਏਕੰਕਾਰ" ਵੀ ਆਉਂਦਾ ਹੈ। ਇਸ ਨੂੰ ਦੇਖ ਕੇ ਅਸੀਂ ਨੂੰਤੋਂ ਦਾ ਉਚਾਰਣ "ਏਕੰਕਾਰ" ਨਹੀਂ ਕੀਤਾ। ਭਾਈ ਗੁਰਦਾਸ ਜੀ ਨੇ ਦੋਨੋ ਸ਼ਬਦ ਇਸ ਤਰਾਂ ਲਿਖੇ ਹਨ: "ਏਕਾ ਏਕੰਕਾਰ ਲਿਖ ਦਿਖਾਲਿਆ॥ ਊੜਾ ਓਅੰਕਾਰ ਪਾਸ ਬਹਾਲਿਆ॥" ਸੋ ਨੂੰਤੋਂ ਦਾ ਉਚਾਰਣ "ਓਅੰਕਾਰ" ਕਿ "ਏਕੰਕਾਰ" ਹੈ, ਜਾਂ ਇਨ੍ਹਾਂ ‘ਚੋਂ ਕੋਈ ਵੀ ਨਹੀਂ ; ਹੋਰ ਘੋਖ ਪੜਤਾਲ਼ ਦੀ ਜ਼ਰੂਰਤ ਹੈ। ਗੁਰਬਾਣੀ ਵਿਚ "ਓਮ" ਨੂੰ "ਓਨਮ" ਵੀ ਲਿਖਿਆ ਗਿਆ ਹੈ। ਪਰ ਅਸੀਂ "ਓਮ" ਦਾ ਉਚਾਰਣ "ਓਨਮ" ਨਹੀਂ ਕਰ ਸਕਦੇ ਤੇ ਨਾ ਹੀ "ਓਨਮ" ਦਾ ਉਚਾਰਣ ਆਪਣੀ ਮਰਜ਼ੀ ਨਾਲ਼ "ਓਮ" ਕਰ ਸਕਦੇ ਹਾਂ। ਬਿਨਾ ਬਿੰਦੀ ਵਾਲ਼ੇ ਨੂੰਤੋਂ ਵਿਚ ਨਾਸਿਕਤਾ ਲਿਆਉਣੀ ਜਾਇਜ਼ ਨਹੀਂ ਜਾਪਦੀ। ਸਮੁੱਚੇ ਜਪੁਜੀ ਸਾਹਿਬ ਵਿਚ ਸਿਰਫ਼ ਇਕ ਥਾਂ ਹੀ ਬਿੰਦੀ ਦਾ ਪ੍ਰਯੋਗ ਹੋਇਆ ਹੈ: "ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ"। ਗੁਰੂ ਨਾਨਕ ਬਾਣੀ ਵਿਚ ਮਸਾਂ ਗਿਣਤੀ ਦੀਆਂ ਹੀ ਬਿੰਦੀਆਂ ਦੀ ਵਰਤੋਂ ਹੋਈ ਹੈ। ਪਰ ਬਾਦ ਵਿਚ ਬਿੰਦੀ ਦਾ ਪ੍ਰਯੋਗ ਆਮ ਹੋ ਗਿਆ ਸੀ। ਅੱਜ ਦੇ ਮੁਕਾਬਲੇ ਗੁਰੂ ਸਾਹਿਬਾਂ ਦੇ ਸਮੇਂ ਪੰਜਾਬੀ ਵਿਚ ਨਾਕੀ ਧੁਨੀ ਅਤੇ ਉਸ ਲਈ ਬਿੰਦੀ ਦੀ ਵਰਤੋਂ ਬਹੁਤ ਹੀ ਘੱਟ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 174 ਅਤੇ 175 ‘ਤੇ "ਗਉੜੀ ਮਾਝ ਮਹਲਾ 4" ਦੇ ਸਿਰਲੇਖ ਹੇਠ ਆਈ ਬਾਣੀ ਵਿਚ ਤਕਰੀਬਨ ਹਰ ਤੀਸਰੀ ਪੰਗਤੀ ਵਿਚ ‘ਗੋਵਿੰਦਾ’ ਅਤੇ ‘ਗੋਵਿਦਾ’ ਵਾਰ ਵਾਰ ਆਏ ਦੋਨੋ ਸ਼ਬਦ ਧਿਆਨ ਦੀ ਮੰਗ ਕਰਦੇ ਹਨ - "ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ...ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ...ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ...ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ...ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ...ਹਰਿ ਆਪੇ ਕਾਨ੍ੁ ਉਪਾਇਦਾ ਮੇਰੇ ਗੋਵਿਦਾ"। ਇਸ ਸ਼ਬਦ ਨੂੰ ਟਿੱਪੀ ਸਮੇਤ ‘ਗੋਵਿੰਦਾ’ ਅਤੇ ਟਿੱਪੀ ਰਹਿਤ ‘ਗੋਵਿਦਾ’ ਅੰਕਤ ਕਰਨਾ ਇਹੀ ਦਰਸਾਉਂਦਾ ਹੈ ਕਿ ਉਸ ਸਮੇਂ ਭਾਈ ਗੁਰਦਾਸ ਜੀ ਨੇ ਗੁਰਬਾਣੀ ਲਿਖਣ ਲਈ ਭਾਸ਼ਾ ਦੇ ਕਿਸੇ ਬੱਝਵੇਂ ਅਤੇ ਇਕਸਾਰ ਵਿਆਕਰਣਕ ਸਰੂਪ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ। ਗੁਰੂ ਪੰਚਮ ਪਾਤਸ਼ਾਹ ਜੀ ਨੇ ਜਿਸ ਸ਼ਬਦ ਨੂੰ ਜਿਸ ਤਰਾਂ ਵੀ ਉਚਾਰਿਆ ਭਾਈ ਗੁਰਦਾਸ ਜੀ ਨੇ ਉਸੇ ਉਚਾਰਣ ਨੂੰ ਹੀ ਅੰਕਤ ਕੀਤਾ ਹੈ।
ਸ਼ੁੱਧ ਗੁਰਬਾਣੀ ਉਚਾਰਣ ਦੇ ਨਾਂ ਹੇਠ ਗੁਰਮੁਖੀ ਦੇ ਸੱਸੇ ਨੂੰ ਸੱਸੇ ਪੈਰ ਬਿੰਦੀ (ਸ਼) ਦੀ ਧੁਨੀ ਮੁਤਾਬਕ ਉਚਾਰਣ ਦਾ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ। ਗੁਰਬਾਣੀ ਵਿਚ ‘ਸਬਦ’ ਲਿਖਿਆ ਹੈ ਸ਼ਬਦ ਨਹੀਂ। ਗੁਰੂ ਸਾਹਿਬ ਦੇ ਸਮੇਂ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਸੱਸੇ ਪੈਰ ਬਿੰਦੀ ਵਾਲ਼ੀ (ਸ਼) ਦੀ ਧੁਨੀ ਉਚਾਰਣ ਵਿਚ ਨਹੀਂ ਸੀ। ਇਸੇ ਕਰਕੇ ਗੁਰਮੁਖੀ ਵਿਚ ਇਸ ਧੁਨੀ ਲਈ ਕੋਈ ਅੱਖਰ ਨਿਰਧਾਰਤ ਨਹੀਂ ਕੀਤਾ ਗਿਆ। ਦੇਵਨਾਗਰੀ ਵਿਚ ਸ਼ ਦੀ ਧੁਨੀ ਲਈ ਇਕ ਤੋਂ ਵੱਧ ਅੱਖਰ ਮੌਜੂਦ ਹਨ, ਪਰ ਗੁਰੂ ਸਾਹਿਬਾਨ ਦੇ ਸਮੇਂ ਵਿਚ ਸ਼ ਦੀ ਧੁਨੀ ਹੋਂਦ ਵਿਚ ਨਾ ਹੋਣ ਕਰਕੇ ਸੂਰ ਦਾਸ ਜੀ ਦੇ ‘ਸੁਰ ਸਾਗਰ’ ਅਤੇ ਮਹਾਂ ਕਵੀ ਤੁਲਸੀ ਦਾਸ ਜੀ ਦੀ ‘ਰਾਮਚ੍ਰਿਤਮਾਨਸ’ ਵਿਚ ਸੰਸਕ੍ਰਿਤ ਦੇ ਸ਼ ਧੁਨੀ ਵਾਲ਼ੇ ਸ਼ਬਦਾਂ ਨੂੰ ਵੀ ਸੱਸੇ ਨਾਲ਼ ਲਿਖਿਆ ਹੈ। ਦਰਅਸਲ ਇਨ੍ਹਾਂ ਦੋਹਾਂ ਗ੍ਰੰਥਾਂ ਵਿਚ ਸ਼ ਧੁਨੀ ਅਤੇ ਇਸ ਲਈ ਨਿਰਧਾਰਤ ਅੱਖਰ ਦੀ ਵਰਤੋਂ ਨਾਮਾਤਰ ਹੀ ਹੈ। ਜੇ ਤੁਲਸੀ ਦਾਸ ਜੀ ਸ਼ਬਦ ਨੂੰ ‘ਸਬਦ’ ਲਿਖਦੇ ਹਨ ਅਤੇ ਰਾਮਚ੍ਰਿਤਮਾਨਸ ਦਾ ਪਾਠ ਕਰਨ ਵਾਲ਼ੇ ਵੀ ਇਸ ਨੂੰ ‘ਸ਼ੁੱਧ’ ਕਰੇ ਬਗ਼ੈਰ ‘ਸਬਦ’ ਹੀ ਪੜਦੇ ਹਨ ਤਾਂ ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ‘ਸਬਦ’ ਨੂੰ ਸੋਧ ਕੇ ਸ਼ਬਦ ਬਣਾਉਣ ਦੀ ਕਿਹੜੀ ਮਜਬੂਰੀ ਹੈ। ਸੱਸੇ ਅੱਖਰ ਨਾਲ਼ ਲਿਖੇ ਸ਼ਬਦਾਂ ਨੂੰ ਸ਼ ਕਰਕੇ ਬੋਲਣ ਦੀ ਹਮਾਕਤ ਬਿਨਾ ਸਾਡਾ ਕਿਉਂ ਨਹੀਂ ਸਰ ਸਕਦਾ? ਯਾਦ ਰਹੇ ਕਿ ਹਿੰਦੀ ਵਾਲ਼ੇ ਤਾਂ ਸ਼ੁੱਧਤਾ ਦੇ ਅਭਿਆਨ ਨਾਲ਼ ਬੇਸ਼ੱਕ ਆਪਣੇ ਇਨ੍ਹਾਂ ਗ੍ਰੰਥਾਂ ਤੋਂ ਦੂਰ ਜਾ ਰਹੇ ਹਨ, ਪਰ ਆਪਣੀ ਧਰਮ ਭਾਸ਼ਾ ਸੰਸਕ੍ਰਿਤ ਦੇ ਨੇੜੇ ਜਾ ਰਹੇ ਹਨ। ਪਰ ਅਸੀਂ ਸ਼ੁੱਧ ਗੁਰਬਾਣੀ ਉਚਾਰਣ ਦੀ ਮੁਹਿੰਮ ਆਰੰਭ ਕੇ ਆਪਣੇ ਇਸ਼ਟ ਅਤੇ ਧਰਮ ਗ੍ਰੰਥ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਜਾ ਰਹੇ ਹਾਂ। ਦੇਖਣ ਵਾਲ਼ੀ ਗੱਲ ਹੈ ਕਿ ਸਾਡਾ ਇਸ਼ਟ, ਸਾਡਾ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਾਂ ਸੰਸਕ੍ਰਿਤ! ਹਲੇ ਤੱਕ ਪੰਜਾਬੀ ਹਿੰਦੀ ਖੇਤਰਾਂ ਵਿਚ ਕਈ ਸਮਾਨਤਾਵਾਂ ਅਤੇ ਅਸਮਾਨਤਾਵਾਂ ਨਾਲ਼ੋ ਨਾਲ਼ ਚਲਦੀਆਂ ਹਨ। ਸਾਡੀ ‘ਸੋਧ’ ਉਧਰ ‘ਸ਼ੋਧ’ ਹੈ, ਸਾਡੀ ‘ਆਸ’ ਉਧਰ ‘ਆਸ਼ਾ’ ਹੈ। ਸਾਡੀ ਬੋਲ ਚਾਲ ਵਿਚ ਹਲੇ ਤੱਕ ‘ਦੇਸੀ’ ਹੈ ‘ਦੇਸ਼ੀ’ ਨਹੀਂ, ‘ਕੇਸ’ ਹੈ ‘ਕੇਸ਼’ ਨਹੀਂ, ‘ਧਰਮਸਾਲ’ ਹੈ ‘ਧਰਮਸ਼ਾਲ’ ਨਹੀਂ, ‘ਅਸੀਸ’ ਹੈ ‘ਅਸ਼ੀਸ਼’ ਨਹੀਂ, ‘ਵੰਸ’ ਹੈ ‘ਵੰਸ਼’ ਨਹੀਂ, ‘ਵੇਸ’ ਹੈ ‘ਵੇਸ਼’ ਨਹੀਂ, ‘ਸ੍ਰੀ’ ਹੈ, ‘ਸ਼੍ਰੀ’ ਨਹੀਂ, ‘ਸੋਭਾ’ ਹੈ ‘ਸ਼ੋਭਾ’ ਨਹੀਂ, ‘ਵਿਸਾਖੀ’ ਹੈ ‘ਵਿਸ਼ਾਖੀ’ ਨਹੀਂ, ‘ਸਾਖ’ ਹੈ ‘ਸ਼ਾਖ’ ਨਹੀਂ, ‘ਵਿਸ’ ਹੈ ‘ਵਿਸ਼’ ਨਹੀਂ, ‘ਚਾਸਣੀ’ ਹੈ ‘ਚਾਸ਼ਣੀ’ ਨਹੀਂ। ਜਿਨ੍ਹਾਂ ਪਿੰਡਾਂ ਵਿਚ ਸ਼ਹਿਰੀ ਹਵਾ ਨੇ ਹਲੇ ਪ੍ਰਵੇਸ਼ ਨਹੀਂ ਕੀਤਾ ਉਥੇ ਹਲੇ ਵੀ ‘ਸ਼ੀਸ਼ਾ’ ਨਹੀਂ ‘ਸੀਸਾ’ ਕਿਹਾ ਜਾਂਦਾ ਹੈ, ‘ਸ਼ੀਸ਼ੀ’ ਨਹੀਂ ‘ਸੀਸੀ’ ਕਿਹਾ ਜਾਂਦਾ ਹੈ। ਪਿੰਡ ਦੇ ‘ਈਸਰ ਸਿੰਘ’, ‘ਪਰਮੇਸਰ ਸਿੰਘ’, ‘ਹਰਬੰਸ’ ਅਤੇ ‘ਪਰਗਾਸ’ ਜਾਂ ‘ਪਰਗਾਸੋ’ ਹਲੇ ਤੱਕ ‘ਈਸ਼ਰ’, ‘ਪਰਮੇਸ਼ਰ’, ‘ਹਰਬੰਸ਼’, ‘ਪਰਕਾਸ਼’ ਜਾਂ ‘ਪਰਕਾਸ਼ੋ’ ‘ਚ ਤਬਦੀਲ ਨਹੀਂ ਹੋਏ। ਸੰਸਕ੍ਰਿਤ ਦੇ ਨੇੜੇ ਜਾਣ ਦੀ ਹਿੰਦੂ ਰਫ਼ਤਾਰ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਦੂਰ ਜਾਣ ਦੀ ਸਿੱਖ ਸਪੀਡ ਵਿਚ ਸਮਾਨਤਾ ਹੈਰਾਨੀਜਨਕ ਵੀ ਹੈ ਅਤੇ ਚਿੰਤਾਜਨਕ ਵੀ!
ਗੁਰਬਾਣੀ ਇਤਿਹਾਸ ਦੇ ਲੰਬੇ ਸਮੇਂ, ਵਿਸ਼ਾਲ ਅਤੇ ਵਿਸਤ੍ਰਿਤ ਇਲਾਕਿਆਂ ਨਾਲ ਸਬੰਧਤ ਹੋਣ ਕਰਕੇ ਇਸ ਵਿਚ ਸ਼ਬਦਾਂ ਦੇ ਅਨੰਤ ਰੂਪ ਉਪਲਭਦ ਹਨ। ਉਨ੍ਹਾਂ ਸ਼ਬਦਾਂ ਦਾ ਉਚਾਰਣ ਉਹੀ ਹੈ ਜਿਵੇਂ ਉਨ੍ਹਾਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੇ ਅੱਖਰ ਜੋੜਾਂ ਨੂੰ ਅੱਖੋਂ ਉਹਲੇ ਕਰਕੇ ਅੱਜ ਕਲ ਦੇ ਉਚਾਰਣ ਅਨੁਸਾਰ ਬੋਲਣਾ ਸਰਾ ਸਰ ਗ਼ਲਤ ਅਤੇ ਅਸ਼ੁੱਧ ਹੈ। ਅੱਜ ਕਲ ਕਈਂ ਥਾਈਂ ਸ਼ੁਧਤਾ ਦੇ ਨਾਂ ਹੇਠ ਘੋਰ ਭਾਸ਼ਾਈ ਜਹਾਲਤ ਅਤੇ ਅਸ਼ੁੱਧਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਦਰਅਸਲ ਗੁਰਬਾਣੀ ਸ਼ਬਦ ਰੂਪ ਹੈ। ਇਸ ਵਿਚ ਭਾਸ਼ਾਈ ਤੱਤ ਹੈ, ਪਰ ਇਹ ਨਿਰਾ ਭਾਸ਼ਾਈ ਸੱਚ ਨਹੀਂ ਹੈ। ਇਹ ਨਿਰਾ ਛੂ ਮੰਤਰ, ਟੂਣਾ ਜਾਂ ਐਬਰਕ ਦੈਬਰਾ ਵੀ ਨਹੀਂ ਹੈ। ਇਹ ਨਿਰਾ ਮੰਤਰ ਵੀ ਨਹੀਂ ਹੈ। ਭਾਰਤੀ ਰਵਾਇਤ ਵਿਚ ਮੰਤਰ ਮਨ ਭਾਉਂਦੀਆਂ ਵਸਤਾਂ, ਹਾਲਤਾਂ ਜਾਂ ਜਾਦੂਈ ਕਲਾਬਾਜ਼ੀਆਂ ਦੀ ਪ੍ਰਾਪਤੀ ਲਈ ਕਿਸੇ ਖ਼ਾਸ ਸਮੇਂ, ਕਿਸੇ ਵਿਸ਼ੇਸ਼ ਸਥਾਨ ‘ਤੇ, ਕਿਸੇ ਵਿਸ਼ੇਸ਼ ਜਾਤੀ ਦੇ ਪੁਰਸ਼ ਵਲੋਂ, ਪੂਰਬ ਨਿਸ਼ਚਿਤ ਰੂਪ ਅਤੇ ਲਹਿਜ਼ੇ ਵਿਚ ਉਚਾਰਿਆ ਜਾਣ ਵਾਲ਼ਾ ਬੋਲ ਹੈ। ਸਮਾਂ, ਸਥਾਨ, ਵਿਅਕਤੀ ਦੀ ਵਿਸ਼ੇਸ਼ਤਾ ਜਾਂ ਉਚਾਰਣ ਵਿਚੋਂ ਕਿਸੇ ਇਕ ਵੀ ਚੀਜ਼ ਵਿਚ ਕਮੀ ਪੇਸ਼ੀ ਵਿਘਨ ਸਾਬਤ ਹੁੰਦੀ ਹੈ ਅਤੇ ਉਕਤ ਯਤਨ ਨਿਸਫਲ਼ ਹੋ ਜਾਂਦਾ ਹੈ। ਪਰ ਬਾਣੀ ਕਿਸੇ ਵੀ ਜਾਤ, ਕੌਮ, ਮਝਬ ਜਾਂ ਇਲਾਕੇ ਦੇ ਵਿਅਕਤੀ ਵਲੋਂ, ਕਿਸੇ ਵੀ ਥਾਂ ਜਾਂ ਸਮੇਂ ਪੜ੍ਹੀ ਜਾਵੇ, ਨਿਸਫਲ਼ ਨਹੀਂ ਹੁੰਦੀ। ਬਾਣੀ ਦੇ ਸ਼ਬਦ ਜੋੜਾਂ ਕਾਰਣ ਇਸ ਦਾ ਉਚਾਰਣ ਤਾਂ ਨਿਰਧਾਰਤ ਹੈ। ਪਰ ਇਸ ਦੇ ਬੋਲ ਦਾ ਲਹਿਜ਼ਾ ਨਿਰਧਾਰਤ ਨਹੀਂ ਹੈ। ਹਰ ਜਾਤ, ਕੌਮ, ਮਝਬ, ਫ਼ਿਰਕੇ, ਖੇਤਰ, ਨਸਲ, ਬੰਸ, ਖ਼ਾਨਦਾਨ ਜਾਂ ਘਰਾਣੇ ਦੇ ਇਸਤਰੀ ਪੁਰਸ਼ ਆਪਣੇ ਰਵਾਇਤੀ, ਕੁਦਰਤੀ ਅਤੇ ਨਿਜੀ ਲਹਿਜ਼ੇ ਜਾਂ ਅੰਦਾਜ਼ ਵਿਚ ਬਾਣੀ ਦਾ ਪਾਠ ਕਰ ਸਕਦੇ ਹਨ; ਗੁਰੂ ਘਰ ਵਿਚ ਪ੍ਰਵਾਣ ਹੈ। ਗੁਰਬਾਣੀ ਉਚਾਰਣ ਦੇ ਕਿਸੇ ਪ੍ਰਮਾਣਤ ਲਹਿਜ਼ੇ ਦੀ ਕੋਈ ਰਵਾਇਤ ਜਾਂ ਪ੍ਰੰਪਰਾ ਨਹੀਂ ਹੈ, ਨਾ ਹੀ ਇਹ ਸੰਭਵ ਹੈ ਅਤੇ ਨਾ ਹੀ ਕਿਸੇ ਵਿਅਕਤੀ ਜਾਂ ਸੰਸਥਾ ਨੂ ਇਸ ਤਰਾਂ ਦੀ ਕੋਈ ਵਿਸ਼ੇਸ਼ ਬਖ਼ਸ਼ਿਸ਼ ਜਾਂ ਅਧਿਕਾਰ ਹੈ।
ਤੰਤਰ ਮੰਤਰ ਨਾਲ਼ ਸਖ਼ਸੀ ਆਚਰਣ ਵਿਚ ਸੁਧਾਰ ਨਹੀਂ ਹੁੰਦਾ; ਨਾ ਹੀ ਸਿਹਤ ਮੰਦ ਸਮਾਜ ਦਾ ਨਿਰਮਾਣ ਹੁੰਦਾ ਹੈ। ਇਸੇ ਕਰਕੇ ਕਈ ਵਾਰ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲ਼ਦਾ ਹੈ ਕਿ ਕਿਸੇ ਤੰਤਰਿਕ ਨੇ ਕਿਸੇ ਮਨੋਰਥ ਸਿਧੀ ਲਈ ਕਿਸੇ ਨਵ ਜੰਮੇ ਬੱਚੇ ਦੀ ਬਲ਼ੀ ਦਿਤੀ। ਪਰ ਗੁਰਬਾਣੀਂ ਇਕ ਐਸਾ ਗੁਰਮੰਤਰ ਹੈ ਜਿਸ ਨਾਲ਼ ਮਨੁਖ ਦੇ ਮੂਲ਼ ਸੁਭਾੳ ਅਤੇ ਵਿਵਹਾਰ ਵਿਚ ਨਿਖਾਰ ਆਉਂਦਾ ਹੈ ਅਤੇ ਇਕ ਭਰ ਜਾਗੇ ਹੋਏ ਸਮਾਜ ਦਾ ਨਿਰਮਾਣ ਹੁੰਦਾ ਹੈ। ਰਿਧੀਆਂ, ਸਿਧੀਆਂ, ਸਿਆਣਪਾਂ, ਦੁਨਿਆਵੀ ਪ੍ਰਾਪਤੀਆਂ ਤੇ ਜਾਦੂਈ ਕਲਾਬਾਜ਼ੀਆਂ ਵੱਲ੍ਹ ਉਸ ਸ਼ਖ਼ਸ ਅਤੇ ਸਮਾਜ ਦੀ ਪਿਠ ਹੁੰਦੀ ਹੈ। ਦੇਖੋ: "ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ"। ਪਰ "ਨਵ ਨਿਧਿ ਨਾਮੁ ਨਿਧਾਨੁ ਰਿਧਿ ਸਿਧਿ ਤਾ ਕੀ ਦਾਸੀ", "ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ", "ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ"।
ਭਾਸ਼ਾਈ ਸੱਚ ਦੀ ਪਹੁੰਚ ਇੰਦ੍ਰਿਆਵੀ ਗਿਆਨ ਤੱਕ ਸੀਮਤ ਹੈ। ਭਾਸ਼ਾਈ ਸੱਚ ਇਨਸਾਨੀ ਗਿਆਨ ਖੇਤਰ ਵਿਚ ਇਕ ਨਿਕਾ ਜਿਹਾ ਧਮਾਕਾ ਕਰਦਾ ਹੈ; ਰੂਹ ਦੇ ਧੁਰ ਅੰਦਰ ਨੇਰ੍ਹੀਆਂ ਨਹੀਂ ਲਿਆਉਂਦਾ; ਕੋਈ ਉਥਲ ਪੁਥਲ ਨਹੀਂ ਹੁੰਦੀ; ਕੋਈ ਹਲ ਚਲ ਨਹੀਂ ਮਚਦੀ। ਕਿਸੇ ਮਾਂ ਨੂੰ ਕੋਈ ਦੱਸੇ ਕਿ ਵਰਿਆਂ ਬਾਅਦ ਸੱਤ ਸਮੁੰਦਰ ਪਾਰੋਂ ਉਸ ਦਾ ਪੁਤਰ ਉਸ ਨੂੰ ਮਿਲਣ ਆ ਰਿਹਾ ਹੈ, ਤਾਂ ਇਹ ਖ਼ਬਰ ਉਸ ਲਈ ਨਿਰਾ ਭਾਸ਼ਾਈ ਸੱਚ ਨਹੀਂ। ਇਹ ਖ਼ਬਰ ਉਸ ਲਈ ਤੁਫ਼ਾਨ ਤੋਂ ਘੱਟ ਨਹੀਂ। ਇਸੇ ਕਰਕੇ ਬਾਣੀ ਦਾ ਸੱਚ ਸਿਰਫ਼ ਮੈਨ੍ਹਿਆਂ ਤੱਕ ਸੀਮਤ ਨਹੀਂ। ਇਕ ਨੱਨ੍ਹਾ ਬਾਲ ਨਾਹ ਕੇ, ਨਵੇਂ ਕੱਪੜੇ ਪਾ ਕੇ, ਜੂੜਾ ਕਰ ਕੇ, ਸਜ ਧਜ ਕੇ, ਮਲਕੜੇ ਜਹੇ ਪਿਛਿਉਂ ਜਾ ਕੇ ਆਪਣੀ ਦਾਦੀ ਦੀਆਂ ਅੱਖਾਂ ‘ਤੇ ਹੱਥ ਰੱਖ ਕੇ, ਧੀਮੀ ਸੁਰ ਅਤੇ ਮਿਠੀ ਅਵਾਜ਼ ‘ਚ "ਮਾਂ ਜੀ" ਆਖਦਾ ਹੈ, ਤਾਂ ਇਹ ਨਿੱਕਾ ਜਿਹਾ ਵਾਕ ਨਿਰਾ ਭਾਸ਼ਾਈ ਸੱਚ ਨਹੀਂ ਹੁੰਦਾ। ਇਸ ਨਿਕੇ ਜਹੇ ਵਾਕ ਨਾਲ਼ ਉਸ ਦਾਦੀ ਦੇ ਵਰਤਮਾਨ ਨੂੰ ਅਨੋਖਾ ਜਿਹਾ ਧਰਵਾਸ ਮਿਲ਼ਦਾ ਹੈ ਤੇ ਭਵਿਖ ਦੇ ਧੁੰਦਲ਼ੇ ਸੁਪਨੇ ਪ੍ਰਤੱਖ ਹੁੰਦੇ ਜਾਪਦੇ ਹਨ; ਇਥੋਂ ਤੱਕ ਕਿ ਅਗਲੇ ਜਨਮ ਵੀ ਸੰਵਰਦੇ ਨਜ਼ਰ ਆਉਂਦੇ ਹਨ।
ਗੁਰਬਾਣੀ ਦੇ ਸੱਚ ਨੇ ਕੁੱਲ ਕਾਇਨਾਤ ਨੂੰ ਆਪਣੇ ਵਿਚ ਸਮੋਇਆ ਹੋਇਆ ਹੈ। ਬੇਸ਼ੱਕ ਇਸ ਵਿਚੋਂ ਮੈਨ੍ਹੇ ਮਨਫ਼ੀ ਨਹੀਂ ਹਨ। ਪਰ ਇਹ ਮੈਨ੍ਹੇ ਉਹ ਮੈਨ੍ਹੇ ਹਨ ਜੋ ਮਨੁਖ ਲਈ ਸਭ ‘ਤੋਂ ਵੱਡਾ ਅਤੇ ਬਲਵਾਨ ਧਰਵਾਸ ਸਿਰਜਦੇ ਹਨ। ਇਸ ਦਾ ਸੱਚ ਰੂਹ ਦੇ ਧੁਰ ਅੰਦਰ ਕੰਬਣੀਆਂ ਪੈਦਾ ਕਰਦਾ ਹੈ। "ਦੇਖੌ ਭਾਈ ਗ੍ਹਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ"।
ਗੁਰਬਾਣੀ ਦਾ ਪਾਠ ਕਰਨ ਦੀ ਮਰਿਆਦਾ ਦੇ ਨਾਲ਼ ਪਾਠ ਸਰਵਣ ਕਰਨ ਦੀ ਵੀ ਰਵਾਇਤ ਹੈ। ਜੇ ਪਾਠ ਕਰਨ ਵਾਲ਼ਾ ਪੂਰੀਆਂ ਲਗਾਂ ਮਾਤਰਾਂ ਨਹੀਂ ਬੋਲੇਗਾ ਤਾਂ ਸੁਣਨ ਵਾਲ਼ਾ ਸਹੀ ਅਰਥਾਂ ਤੱਕ ਕਿਵੇਂ ਪਹੁੰਚ ਸਕੇਗਾ? ਜਿਥੇ, ਗੁਰਬਾਣੀ ਨੂੰ ਮੰਤਰ ਦੀ ਪਰਿਪਾਟੀ ਵਿਚ ਰੱਖ ਕੇ ਮਹਿਜ਼ ਦੁਨਿਆਵੀ ਵਸਤਾਂ ਦੀ ਪ੍ਰਾਪਤੀ, ਕਿਸੇ ਵਿਸ਼ੇਸ਼ ਸਥਿਤੀ ਸੰਕਟ ਨੂੰ ਟਾਲਣ ਜਾਂ ਨਜਿਠਣ ਲਈ ਇਕ ਟੂਣੇ ਜਾਂ ਜਾਦੂ ਤੱਕ ਮਹਿਦੂਦ ਕਰਨਾ ਇਕ ਮਹਾਂ ਉਪੱਦਰ, ਘੋਰ ਪਾਪ ਅਤੇ ਮਨੁਖ ਨਾਲ਼ ਧ੍ਰੋਹ ਹੈ, ਉਥੇ, ਇਸ ਰੱਬੀ ਸੱਚ ਨੂੰ ਸਿਰਫ਼ ਮੈਂਿਨ੍ਹਆਂ ਤੱਕ ਸੀਮਤ ਕਰਕੇ, ਅਰਥਾਂ ਨੂੰ ਹੋਰ ਨਿਖਾਰਨ ਦੀ ਚੇਸ਼ਟਾ ਵਿਚ, ਲਿਖਤ ਨੂੰ ਅੱਖੋਂ ਉਹਲੇ ਕਰਦਿਆਂ, ਕੁਝ ਲਗਾਂ ਮਾਤਰਾਂ ਨੂੰ ਵਿਸਾਰ ਕੇ ਅਤੇ ਕੁਝ ਆਪਣੇ ਕੋਲ਼ੋਂ ਵਾਧੂ, ਕਲਪਤ, ਬਿੰਦੀਆਂ ਟਿਪੀਆਂ ਲਗਾ ਕੇ, ਇਸ ਦੇ ਮਨ ਭਾਉਂਦੇ "ਸ਼ੁੱਧ" ਪਾਠ ਦਾ ਪ੍ਰਚਾਰ ਵੀ ਕਿਸੇ ਉਗਰ ਪਾਪ ਤੋਂ ਘੱਟ ਨਹੀਂ ਹੈ। ਅਜਿਹਾ ਕਰਨ ਵਾਲ਼ੇ ਆਪਣੇ ਅਗਿਆਨ ਨੂੰ ਕਸਵੱਟੀ ਮੰਨ ਕੇ ਗੁਰਬਾਣੀ ਦੇ ਉਚਾਰਣ ਨਾਲ਼ ਛੇੜ ਛਾੜ ਕਰਕੇ ਆਪ ਤਾਂ ਦੋਹੀਂ ਜਹਾਨੀਂ ਗੁਰੂ ਤੋਂ "ਧੱਫਿਆਂ" ਦੇ ਭਾਗੀ ਬਣਦੇ ਹੀ ਹਨ ਦੂਸਰਿਆਂ ਨੂੰ ਵੀ ਇਸ ਸਜ਼ਾ ਦੇ ਭਾਗੀ ਬਣਾਉਂਦੇ ਹਨ।
ਐਸੇ ਮਹਾਂ ਅਪਰਾਧ ਤੋਂ ਤੋਬਾ! ਆਪਣੇ ਮਨ ਅੰਦਰ ਅਗਿਆਨ ਦੀ ਦੀਵਾਰ ਨੂੰ ਢਾਹ ਕੇ, ਬੌਧਿਕ ਢੀਠਤਾਈ ਨੂੰ ਤਿਆਗ ਕੇ, ਨਿਮਰ ਜਹੇ ਹੋ ਕੇ, ਬਾਣੀ ਤੋਂ ਪਹਿਲਾਂ ਆਪਣੇ ਮਨ ਨੂੰ ਸ਼ੁਧ ਕਰਕੇ, ਦੇਖੀਏ ਕਿ ਸ਼ੁਧ ਕੀ ਤੇ ਅਸ਼ੁਧ ਕੀ ਹੈ। ਬਹੁਤੀ ਸ਼ੁਧਤਾ ਦੇ ਭੁਲੇਖੇ ਕਈ ਵਾਰ ਅਸੀਂ ਅਸ਼ੁਧਤਾ ਵਿਹਾਝ ਲੈਂਦੇ ਹਾਂ। ਜਿਵੈਂ ਗੁੜ ਵਿਚ ਚਿਟਿਆਈ ਲਿਆ ਕੇ ਅਸੀਂ ਖੰਡ ਬਣਾ ਕੇ, ਖ਼ੁਸ਼ ਹੋ ਕੇ, ਫੁੱਲੇ ਨਹੀਂ ਸਮਾਉਂਦੇ। ਪਰ ਜਾਣਦੇ ਨਹੀਂ ਕਿ ਚੰਗੀ ਸਿਹਤ ਲਈ ਲੁੜੀਂਦੇ ਖ਼ੁਰਾਕੀ ਤੱਤ, ਖੰਡ ਦੇ ਮੁਕਾਬਲੇ, ਗੁੜ ਵਿਚ ਕਿਤੇ ਵੱਧ ਹੁੰਦੇ ਹਨ। ਭਗਤ ਕਬੀਰ ਸਾਹਿਬ ਕਹਿੰਦੇ ਹਨ "ਗੁਰਿ ਗੁੜੁ ਦੀਨਾ ਮੀਠਾ"। ਸੋ ਅਸੀਂ ਗੁੜ ਨੂੰ ਗੁੜ ਹੀ ਰਹਿਣ ਦੇਈਏ; ਖੰਡ ਦੀ ਚੇਸ਼ਟਾ ਨਾ ਕਰੀਏ। ਗੁਰੂ ਅੱਗੇ ਅਰਦਾਸ ਕਰਨੀਂ ਨਾ ਭੁਲੀਏ; ਗੁਰੂ ਸਾਨੂੰ ਸੋਹਝੀ ਬਖ਼ਸ਼ੇ।
"ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ
ਨਿਸਿ ਬਾਸੁਰ ਹੋਇ ਕਲ੍ਹਾਨੁ ਲਹਹਿਪਰਮ ਗਤਿ ਜੀਉ॥"