ਮਿੰਨੀ ਕਹਾਣੀ
ਸ਼ਟੇਜ ਸਕੱਤਰ ਸਾਹਿਬ ‘ਡਾਇਸ’ ਤੇ ਖੜ੍ਹੇ ਕੁਝ ਜਰੂਰੀ ਅਨਾਊਂਸਮੈਂਟਾਂ ਕਰ ਰਹੇ ਨੇ। ਗੁਰੂ ਮਹਾਰਾਜ ਦੇ ਪ੍ਰਕਾਸ਼ ਅਸਥਾਨ ਦੇ ਨਾਲ ਹੀ ਬਣੀ ਹੋਈ ਸਟੇਜ ਹਾਲੇ ਖਾਲੀ ਪਈ ਹੈ। ਮੱਥਾ ਟੇਕਣ ਆ ਰਹੇ ਸ਼ਰਧਾਲੂ ਗੋਲ੍ਹਕ ਵਿਚ ਮਾਇਆ ਅਰਪਣ ਕਰਕੇ ਪਰਿਕ੍ਰਮਾ ਕਰਨ ਵੇਲੇ ਸਟੇਜ ਦੇ ਇਕ ਕੋਨੇ ਤੇ ਵੀ ਡਾਲਰ ਰੱਖੀ ਜਾ ਰਹੇ ਨੇ। ਜਦ ਕਿ ਸਟੇਜ ਉਪਰ ਕਥਾ, ਕੀਰਤਨ ਜਾਂ ਵਖਿਆਨ ਕੁਝ ਵੀ ਨਹੀਂ ਹੋ ਰਿਹਾ। ਪਰ ਦੇਖਾ-ਦੇਖੀ ਸਟੇਜ ਉਤੇ ਮਾਇਆ ਟਿਕਾਈ ਜਾ ਰਹੀ ਹੈ।
ਹੁਣੇ ਕੀਤੀ ਗਈ ਅਨਾਊਂਸਮੈਂਟ ਮੁਤਾਬਕ ਕਥਾ-ਵਾਚਕ ਜੀ ਸਟੇਜ ਤੇ ਆ ਬਹਿੰਦੇ ਨੇ। ਗੁਰੂ ਘਰ ਦੇ ਖੁੱਲ੍ਹੇ-ਡੁੱਲ੍ਹੇ ਦੀਵਾਨ ਹਾਲ ਵਿਚ ਸਟੇਜ ਮੋਹਰੇ ਸਾਰੀ ਜਗ੍ਹਾ ਖਾਲੀ ਪਈ ਹੈ। ਲੇਕਿਨ ਸ਼ਰਧਾਲੂ ਮਾਈ ਭਾਈ ਕੋਈ ਪਿੱਛੇ, ਕੋਈ ਸੱਜੇ, ਕੋਈ ਖੱਬੇ ਪਾਸੇ ਦੀਆਂ ਕੰਧਾਂ ਨਾਲ ਢਾਸਣੇ ਲਾਈ ਬੈਠੇ ਹਨ। ਕੁਝ ਸੱਜਣ ਵਿਚਾਲੇ ਵੀ ਕਾਫੀ-ਕਾਫੀ ਵਿੱਥ ਤੇ ਬੈਠੇ ਹਨ। ਮੰਗਲਾ-ਚਰਨ ਪੜ੍ਹਨ ਤੋਂ ਬਾਅਦ ਕਥਾ ਵਾਚਕ ਜੀ, ਹੱਥ ਜੋੜ ਕੇ ਸੰਗਤ ਨੂੰ ਗੁਰਬਾਣੀ ਦੀ ਪੰਕਤੀ ਦਾ ਹਵਾਲਾ ਦਿੰਦੇ ਹੋਏ ਅਰਜੋਈ ਕਰਦੇ ਹਨ-
‘ਸਤਿ ਸੰਗਤ ਮਿਲ ਰਹੀਐ ਮਾਧੋ
ਜੈਸੇ ਮਧਪੁ ਮਖੀਰਾ॥
ਗੁਰੂ ਪਿਆਰਿਓ, ਸੰਗਤ ਵਿਚ ਇਉਂ ਬੈਠਣਾ ਚਾਹੀਦੈ, ਜਿਵੇਂ ਛੱਤੇ ਉਪਰ ਸ਼ਹਿਦ ਦੀਆਂ ਮੱਖੀਆਂ ਬੈਠੀਆਂ ਹੁੰਦੀਆਂ ਨੇ, ਸੰਗਤ ਇਉਂ ਸਜੀ ਹੋਈ ਹੋਵੇ ਤਾਂ ਵਕਤੇ ਦੀ ਅਤੇ ਸ੍ਰੋਤਿਆਂ ਦੀ ਇਕਾਗਰਤਾ ਬਣ ਆਉਂਦੀ ਹੈ। ਸੋ ਆਓ, ਕਰੋ ਕ੍ਰਿਪਾ, ਦੇਹੋ ਅਸੀਸ, ‘ਸਾਵਧਾਨ ਏਕਾਗਰ ਚੀਤ’ ਵਾਲੀ ਅਵਸਥਾ ਦੇ ਧਾਰਨੀ ਬਣਦੇ ਹੋਏ, ਢਾਸਣੇ ਤਿਆਗ ਕੇ ਸਟੇਜ ਦੇ ਲਾਗੇ-ਲਾਗੇ ਆਸਣ ਗ੍ਰਹਿਣ ਕਰੋ ਜੀ!
ਕਥਾ-ਵਾਚਕ ਇਕ ਸ਼ਬਦ ਦੀਆਂ ਪੰਕਤੀਆਂ ਬੋਲ ਕੇ ਵਿਆਖਿਆ ਸ਼ੁਰੂ ਕਰ ਦਿੰਦਾ ਹੈ। ਪਰ ਉਹਦੇ ਵਲੋਂ ਕੀਤੀ ਗਈ ‘ਬੇਨਤੀ’ ਦਾ ਕਿਸੇ ਤੇ ਕੋਈ ਅਸਰ ਨਹੀਂ ਹੋਇਆ, ਸਿਵਾਏ ਦੋਂਹ-ਚਹੁੰ ਸੱਜਣਾਂ ਦੇ। ਜੋ ਬੈਠੇ-ਬੈਠੇ ਆਲੇ ਦੁਆਲੇ ਨੂੰ ਘਿਸਰਦੇ ਹੋਏ, ਇਕ ਦੂਸਰੇ ਦੇ ਕੋਲ ਨੂੰ ਹੋ ਗਏ। ਕੰਧਾਂ ਨਾਲ ਬੈਠੇ ਸੱਜਣ ਟਸ ਤੋਂ ਮਸ ਨਾ ਹੋਏ। ਇਸੇ ਸਰੂਪ ’ਚ ਸਜੀ ਸੰਗਤ ਨੇ ਲਗਭਗ ਇਕ ਘੰਟਾ ਕਥਾ ਦਾ ‘ਅਨੰਦ’ ਮਾਣਿਆ।
ਕਥਾ ਸਮਾਪਤੀ ਤੇ ਸਟੇਜ ਸਕੱਤਰ ਫਿਰ ਸੰਗਤਾਂ ਨੂੰ ਮੁਖਾਤਿਬ ਹੋਏ, ਹੁਣ ਅਸੀਂ ਆਪ ਦਾ ਜ਼ਿਆਦਾ ਸਮਾਂ ਨਹੀਂ ਲਵਾਂਗੇ, ਬੱਸ ਇਕ ਆਹ ‘ਪੋਸਟ-ਆਫਿਸ’ ਤੋਂ ਵੀਰ ਜੀ ਆਏ ਹੋਏ ਨੇ, ਜੋ ਪੋਸਟ ਡਿਪਾਰਟਮੈਂਟ ਵਿਚ ਨਿਕਲੀਆਂ ਜੌਬਾਂ ਬਾਰੇ ਆਪ ਜੀ ਨੂੰ ਜਾਣਕਾਰੀ ਦੇਣਗੇ। ਲੋੜਵੰਦ ਵਿਅਕਤੀ ਇਨ੍ਹਾਂ ਪਾਸੋਂ ਅਪਲਾਈ ਫਾਰਮ ਵੀ ਬਾਅਦ ਵਿਚ ਲੈ ਸਕਣਗੇ, ਲਉ ਬਾਕੀ ਦੀ ਪੂਰੀ ਜਾਣਕਾਰੀ ਉਨ੍ਹਾਂ ਪਾਸੋਂ ਸਰਵਣ ਕਰੋ ਜੀ।
ਸਿਰ ਉਪਰ ਚਿੱਟਾ ਰੁਮਾਲ ਬੰਨ੍ਹੀ ਇਕ ਬਾਬੂ ਜੀ ਆਪਣੇ ਹੱਥ ਵਿਚਲਾ ਫਾਰਮਾਂ ਦਾ ਥੱਬਾ ਸਟੇਜ ਤੇ ਰੱਖ ਕੇ ਮਾਈਕ ਵੱਲ ਵਧਦੇ ਹਨ। ਸੰਗਤਾਂ ਵਿਚ ਇਕ ਦਮ ਉਤਸੁਕਤਾ ਛਾਅ ਜਾਂਦੀ ਹੈ। ਸਾਰੇ ਜਾਣੇ ਧੌਣਾਂ ਅਕੜਾ ਕੇ ਕਦੇ ਫਾਰਮਾਂ ਦੇ ਪੁਲੰਦੇ ਵੱਲ ਅਤੇ ਕਦੇ ਬਾਬੂ ਜੀ ਵੱਲ ਨਜ਼ਰਾਂ ਘੁੰਮਾਉਂਦੇ ਹਨ। ਹਾਲੇ ਉਸਨੇ ਮਾਈਕ ਵਿਚ ‘ਥੈਂਕ-ਯੂ’ ਹੀ ਆਖਿਆ ਹੈ, ਕਿ ਕੰਧਾਂ ਨਾਲ ਆਸਣ ਜਮਾਈ ਬੈਠੇ ਮਾਈ ਭਾਈ ਉੱਠ ਕੇ, ਸਟੇਜ ਦੇ ਬਿਲਕੁਲ ਅੱਗੇ ਆ ਜੁੜਦੇ ਹਨ। ਬੀਬੀਆਂ ਵੀ ਆਪਣੇ ਬੱਚਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੀਆਂ ਹੋਈਆਂ ਬੜੀ ਗੰਭੀਰਤਾ ਨਾਲ ਬਾਬੂ ਜੀ ਵੱਲ ਨਿਗਾਹਾਂ ਸਿੱਧੀਆਂ ਕਰ ਲੈਂਦੀਆਂ ਹਨ।
‘ਸਤਿ ਸ਼੍ਰੀ ਅਕਾਲ’ ਆਖ ਕੇ ਪੋਸਟ-ਆਫਿਸ ਵਾਲੇ ਬਾਬੂ ਜੀ, ਨਵੀਆਂ ਜੌਬਾਂ ਲਈ ਅਪਲਾਈ ਕਰਨ ਦੀਆਂ ‘ਟਰਮਜ਼ ਐਂਡ ਕੰਡੀਸ਼ਨਜ਼’ ਤਫਸੀਲ ਨਾਲ ਦੱਸਦੇ ਹੋਏ ਕਹਿੰਦੇ ਹਨ ਕਿ ਸੰਗਤਾਂ ਪ੍ਰਸ਼ਾਦ ਲੈਣ ਤੋਂ ਬਾਅਦ ਇਕ-ਇਕ ਫਾਰਮ ਸਟੇਜ ਤੋਂ ਲੈ ਸਕਦੀਆਂ ਹਨ। ਬਾਬੂ ਜੀ ਵਲੋਂ ਇੰਝ ਕਹਿਣ ਦੀ ਦੇਰ, ਕੁਝ ਜੋਸ਼ੀਲੇ ਫੁਰਤੀਲੇ ਸੱਜਣ ਪ੍ਰਸ਼ਾਦ ਲੈਣ ਤੋਂ ਪਹਿਲੋਂ ਹੀ ਫਾਰਮ ਚੁੱਕਣ ਲਈ ਸਟੇਜ ਵੱਲ ਨੂੰ ਵਧਦੇ ਹਨ।
ਕਥਾ-ਵਾਚਕ, ਪ੍ਰਸ਼ਾਦ ਦਾ ਕਿਣਕਾ ਮਾਤਰ ਲੈ ਕੇ ਗੁਰੂ ਘਰ ’ਚੋਂ ਬਾਹਰ ਨੂੰ ਚਲਾ ਗਿਆ……।

ਤਰਲੋਚਨ ਸਿੰਘ ਦੁਪਾਲਪੁਰ