Saturday, September 25, 2010

ਪਰਮ ਪਦੁ :

"ਗੁਰ ਪਰਸਾਦਿ ਪਰਮ ਪਦੁ ਪਾਇਆ"
-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
ਗੁਰੂਸਾਹਿਬਾਨਿ ਦੇ ਸਮੇਂ ਦੌਰਾਨ ਅਨੇਕ ਸਿੱਖਾਂ ਨੂੰ ਗੁਰੂ ਘਰ ਦੀ ਨੇੜਤਾ ਅਤੇ ਨਿਘ ਪ੍ਰਾਪਤ ਹੋਇਆ। ਅਨੇਕ ਸਿੱਖਾਂ ਨੇ ਗੁਰੂ ਦੇ ਹੁਕਮ ਅੰਦਰ ਸਿੱਖੀ ਧਾਰਣ ਕਰਕੇ ਇਸਦੇ ਵਿਵਧ ਪਹਿਲੂਆਂ ਨੂੰ ਉਜਾਗਰ ਕੀਤਾ। ਜਿਸ ਦਾ ਜੋ ਹੱਕ ਬਣਿਆਂ ਉਸ ਨੂੰ ਨਸੀਬ ਹੋਇਆ। ਗੁਰਤਾ ਦੇ ਹੱਕਦਾਰਾਂ ਨੂੰ ਗੁਰਿਆਈ ਮਿਲ਼ੀ। ਬਾਕੀ ਦੇ ਸਿਖਾਂ ਨੂੰ ਉਨ੍ਹਾਂ ਦੀ ਸੇਵਾ ਸਿਦਕ ਅਤੇ ਸਿਮਰਣ ਦੇ ਲਿਹਾਜ਼ ਨਾਲ਼ ਅਤਿ ਸਤਿਕਾਰ ਯੋਗ ਲਕਬ ਜਾਂ ਪਦਵੀਆਂ ਨਾਲ਼ ਨਿਵਾਜ਼ਿਆ ਗਿਆ। ਸਿਖੀ ਵਿਚ ਅਜਿਹੇ ਦੋ ਲਕਬ ਹਨ ਬਾਬਾ ਅਤੇ ਭਾਈ। ਬਾਬਾ ਬੁਢਾ ਜੀ, ਬਾਬਾ ਸਿਰੀ ਚੰਦ, ਬਾਬਾ ਲੱਖਮੀ ਦਾਸ, ਬਾਬਾ ਗੁਰਦਿਤਾ, ਬਾਬਾ ਅਟੱਲ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਬਾ ਦੀਪ ਸਿੰਘ। ਸਿਖੀ ਤੋਂ ਬੇਮੁਖ ਹੋਏ ਪਰ ਕਿਸੇ ਆਤਮਕ ਔਜ ਦੇ ਮਾਲਕ ਵੀ ਇਸੇ ਲਕਬ ਨਾਲ਼ ਜਾਣੇ ਗਏ, ਜਿਵੇਂ ਬਾਬਾ ਰਾਮ ਰਾਏ ਅਤੇ ਬਾਬਾ ਧੀਰ ਮੱਲ। ਗੁਰੂ ਪਦਵੀ ਤੋਂ ਪਹਿਲਾਂ ਦੂਜੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਕਰਕੇ ਜਾਣੇ ਜਾਂਦੇ ਸਨ, ਇਸੇ ਤਰਾਂ ਭਾਈ ਲਾਲੋ, ਭਾਈ ਭਿਖਾਰੀ, ਭਾਈ ਗੁਰਦਾਸ, ਭਾਈ ਮੰਝ, ਭਾਈ ਵਿਧੀ ਚੰਦ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਨੰਦ ਲਾਲ, ਭਾਈ ਮਨੀ ਸਿੰਘ, ਭਾਈ ਸੰਤੋਖ ਸਿੰਘ ਅਤੇ ਭਾਈ ਵੀਰ ਸਿੰਘ ਜੀ। ਇਨ੍ਹਾਂ ਮਹਾਨ ਅਤੇ ਸਤਿਕਾਰ ਯੋਗ ਸ਼ਖ਼ਸੀਅਤਾਂ ਵਿਚ ਕੋਈ ਸਿਮਰਣ ਦੇ ਪੱਖੋਂ ਸ਼ਿਰੋਮਣੀ, ਕੋਈ ਸੇਵਾ ਦਾ ਪੁੰਜ, ਕੋਈ ਸਿਦਕ ਅਤੇ ਕੁਰਬਾਨੀ ਵਿਚ ਬੇਮਿਸਾਲ ਅਤੇ ਕੋਈ ਗਿਆਨ ਦੇ ਖੇਤਰ ਵਿਚ ਲਾਸਾਨੀ ਹੈ। ਸੇਵਾ, ਕੁਰਬਾਨੀ ਅਤੇ ਗਿਆਨ ਦੇ ਖੇਤਰ ਵਿਚ ਸਿਰਮੌਰਤਾ ਹਾਸਲ ਕਰਨ ਵਾਲ਼ੇ ਕਿਸੇ ਵੀ ਮਹਾਂ ਪੁਰਖ ਲਈ ਬ੍ਰਹਮ ਗਿਆਨੀ ਜਾਂ ਸੰਤ ਦਾ ਲਕਬ ਨਹੀਂ ਵਰਤਿਆ ਗਿਆ।

ਸਿਖ ਇਸਤਰੀਆਂ ਲਈ ਵੀ ਮਾਤਾ, ਬੀਬੀ ਅਤੇ ਮਾਈ ਲਕਬ ਹੀ ਵਰਤੇ ਗਏ, ਜਿਵੇਂ: ਬੀਬੀ ਨਾਨਕੀ, ਬੀਬੀ ਭਾਨੀ, ਮਾਤਾ ਸੁਲੱਖਣੀ, ਮਾਤਾ ਗੰਗਾ, ਮਾਤਾ ਗੁਜਰੀ, ਮਾਤਾ ਸਾਹਿਬ ਦੇਵਾਂ, ਮਾਤਾ ਸੁੰਦਰੀ, ਮਾਈ ਭਾਗੋ, ਮਾਈ ਭਾਗ ਭਰੀ, ਮਾਈ ਗੁਰਦੇਈ, ਮਾਈ ਜਿੰਦਾਂ ਅਤੇ ਮਾਈ ਚੰਦ ਕੌਰ।
ਸਿਖੀ ਵਿਚ ਦੋ ਪ੍ਰਕਾਰ ਦੀਆਂ ਗੱਦੀਆਂ ਦਾ ਜ਼ਿਕਰ ਆਉਂਦਾ ਹੈ। ਇਕ ਗੁਰਤਾ ਗੱਦੀ ਹੈ ਜੋ ਦਸਾਂ ਪਾਤਸ਼ਾਹੀਆਂ ਦੀ ਗੁਰਿਆਈ ਨਾਲ਼ ਸਬੰਧਤ ਹੈ। ਗੁਰਿਆਈ ਦਾ ਕੋਈ ਡੇਰਾ ਨਹੀਂ ਹੈ ‐ "ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ"। ਬੱਸ ਇਹੀ ਸਿਧਾਂਤ ਹੈ ‐ "ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ"। ਗੁਰੂ ਨਾਨਕ ਸਾਹਿਬ ਨੇ ਲਹਿਣਾ ਜੀ ਨੂੰ ਗੁਰੂ ਥਾਪ ਕੇ ਕਰਤਾਰ ਪੁਰ ਤੋਂ ਖਾਡੂਰ ਸਾਹਿਬ ਭੇਜ ਦਿਤਾ ਸੀ। ਇਸੇ ਤਰਾਂ ਗੁਰੂ ਅਮਰ ਦਾਸ ਜੀ ਨੂੰ ਗੋਇੰਦਵਾਲ, ਗੁਰੂ ਰਾਮ ਦਾਸ ਜੀ ਨੂੰ ਸ੍ਰੀ ਅੰਮ੍ਰਿਤਸਰ ਅਤੇ ਗੁਰੂ ਅਰਜਣ ਸਾਹਿਬ ਨੂੰ ਤਰਨਤਾਰਨ ਸਾਹਿਬ ਵਿਖੇ ਭੇਜ ਦਿਤਾ ਗਿਆ ਸੀ। ਇਸੇ ਤਰਾਂ ਹਰਗੋਬਿੰਦਪੁਰਾ, ਕੀਰਤ ਪੁਰ, ਆਨੰਦ ਪੁਰ ਸਾਹਿਬ ਅਤੇ ਗੁਰੂ ਕਾ ਲਾਹੌਰ ਵਸਾਏ ਗਏ। ਗੁਰੂ ਸਾਹਿਬ ਜਿਥੇ ਵੀ ਬਿਰਾਜਦੇ ਉਥੇ ਹੀ ਧਰਮਸਾਲ ਬਣ ਜਾਂਦੀ। ਜੰਗਲ਼ ‘ਚ ਮੰਗਲ਼ ਲਗ ਜਾਂਦੇ।

ਗੁਰਿਆਈ ਦਾ ਦੇਹ ਰੂਪ ਦਸਾਂ ਪਾਤਸ਼ਾਹੀਆਂ ਤੱਕ ਕਾਇਮ ਰਿਹਾ। ਉਸ ਉਪਰੰਤ ਸਮੇਂ ਦੇ ਥੋੜੇ ਜਹੇ ਅੱਗੜ ਪਿਛੜ ਨਾਲ਼ ਪਹਿਲਾਂ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਪੰਜਾ ਸਿੰਘਾਂ ਦੀ ਨੁਮਾਇੰਦਗੀ ਕਰਦੇ ਬਾਬਾ ਸੰਗਤ ਸਿੰਘ ਦੇ ਸੀਸ ‘ਤੇ ਕਲਗੀ ਸਜਾ ਕੇ ਖ਼ਾਲਸਾ ਪੰਥ ਨੂੰ ਗੁਰੂ ਦੇ ਦੇਹ ਰੂਪ ਦੀ ਗੁਰਿਆਈ ਬਖ਼ਸ਼ੀ ਗਈ। ਫਿਰ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਬਦ ਰੂਪ ਗੁਰਿਆਈ, ਗੁਰੂ ਗਰੰਥ ਸਾਹਿਬ ਨੂੰ ਥਾਪ ਦਿਤੀ ਗਈ। ਗੁਰੂ ਖ਼ਾਲਸਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਬੰਧ ਇਸ ਤਰਾਂ ਦਰਸਾਇਆ ਗਿਆ ਹੈ ਕਿ ਜਦੋਂ ਖ਼ਾਲਸਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋਵੇ ਤਾਂ ਇਹ ਸਾਂਝੇ ਪੰਥਕ ਸਰੂਪ ਵਿਚ ਗੁਰਤਾ ਦਾ ਅਧਿਕਾਰੀ ਹੈ ਨਹੀਂ ਤਾਂ ਖ਼ੁਆਰੀ ਦਾ ਭਾਗੀ ਹੈ; ਜਿਹੜੀ ਕਿ ਅੱਜ ਕਲ ਅਸੀਂ ਦੇਖ ਰਹੇ ਹਾਂ। ਗੁਰਿਆਈ ਦਾ ਦੇਹ ਰੂਪ ਖ਼ਾਲਸਾ ਪੰਥ ਵਿਚ ਪ੍ਰਵਹਿਤ ਕਰਕੇ ਇਸ ਦਾ ਸ਼ਖ਼ਸੀ ਸਰੂਪ ਸਮਾਪਤ ਕਰ ਦਿਤਾ ਗਿਆ। ਜੇ ਗੁਰਿਆਈ ਸ਼ਖ਼ਸੀ ਸਰੂਪ ਵਿਚ ਰਹਿਣੀ ਹੁੰਦੀ, ਤਾਂ ਇਹ, ਗੁਰਿਆਈ ਦਾ ਵਰ ਪ੍ਰਾਪਤ, ਬੀਬੀ ਭਾਨੀ ਜੀ ਦੇ ਪਰਵਾਰ, ਸੋਢੀ ਬੰਸ ਵਿਚ ਹੀ ਰਹਿਣੀ ਸੀ। ਬਾਣੀ ਅੰਦਰ ਗੁਰੂ ਸਾਹਿਬਾਂ ਲਈ ਭਾਰਤੀ ਅਤੇ ਸਾਮੀ ਪ੍ਰੰਪਰਾ ਦੇ ਅਨੇਕ ਖ਼ਿਤਾਬ ਇਸਤੇਮਾਲ ਕੀਤੇ ਗਏ ਹਨ। ਪਰ ਸਿਖ ਪ੍ਰੰਪਰਾ ਵਿਚ ਗੁਰੂ ਹੀ ਪ੍ਰਵਾਣਤ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੇ ਉਦਾਸੀ ਮੱਤ ਦਾ ਪ੍ਰਚਲਣ ਕੀਤਾ। ਉਨ੍ਹਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿਤਾ ਜੀ ਨੂੰ ਉਦਾਸੀ ਮੱਤ ਦਾ ਉਤਰਾਧਿਕਾਰੀ ਥਾਪਿਆ। ਫਿਰ ਗੁਰੂ ਸਾਹਿਬਾਨ ਨੇ, ਬਾਬਾ ਗੁਰਦਿਤਾ ਜੀ ਦੇ ਚਾਰ ਸੇਵਕਾਂ ਬਾਲੂ ਹਸਨਾ, ਅਲਮਸਤ, ਫੂਲ ਸ਼ਾਹ ਅਤੇ ਗੋਂਦਾ ਜੀ ਨੂੰ, ਸਿਖੀ ਦੀ ਅਬਚਲ ਜੋਤ ਦਾ ਪ੍ਰਕਾਸ਼ ਫੈਲਾਉਣ ਲਈ, ਚਾਰ ਧੂਣਿਆਂ ਦੇ ਸੰਸਥਾਪਕ ਥਾਪਿਆ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਛੇ ਬਖ਼ਸ਼ਿਸ਼ਾਂ ਸੁਥਰੇ ਸ਼ਾਹ, ਸੰਗਤ ਸਾਹਿਬ, ਜੀਤ ਮੱਲ, ਬਖ਼ਤ ਮੱਲ, ਭਗਤ ਭਗਵਾਨ ਅਤੇ ਮੀਹਾ ਸ਼ਾਹ ਜੀ ਨੂੰ ਛੇ ਬਖ਼ਸ਼ਿਸ਼ਾਂ ਜਾਰੀ ਕੀਤੀਆਂ। ਇਨਾਂ ਚਾਰ ਧੂਣਿਆਂ ਤੇ ਛੇ ਬਖ਼ਸ਼ਿਸ਼ਾਂ ਨੂੰ ਮਿਲ਼ਾ ਕੇ ਦਸ ਗੱਦੀ ਦਾਰਾਂ ਵਿਚੋਂ ਕਿਸੇ ਨੂੰ ਵੀ ਸੰਤ ਜਾਂ ਬ੍ਰਹਮ ਗਿਆਨੀ ਨਹੀਂ ਕਿਹਾ ਗਿਆ। ਇਨ੍ਹਾਂ ਦੀ ਗੱਦੀ ਸਿਖ ਇਤਿਹਾਸ ਵਿਚ ਸਨਮਾਨਜਨਕ ਮੰਨੀ ਚਲੀ ਆਈ ਹੈ - ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ॥

ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਜ ਸਿੰਘਾਂ ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰ ਸਿੰਘ ਅਤੇ ਸੋਭਾ ਸਿੰਘ ਨੂੰ ਨਿਰਮਲ ਬ੍ਰਹਮਚਾਰੀ ਲਿਬਾਸ ਵਿਚ ਸੰਸਕ੍ਰਿਤ ਵਿਦਿਆ ਦੇ ਅਧਿਐਨ ਲਈ ਕਾਂਸ਼ੀ ਭੇਜਿਆ ਸੀ। ਸਿਖ ਪ੍ਰੰਪਰਾ ਵਿਚ ਇਨ੍ਹਾਂ ਪੰਜਾਂ ਨੂੰ ਵੀ ਸੰਤ ਜਾਂ ਬ੍ਰਹਮ ਗਿਆਨੀ ਨਹੀਂ ਕਿਹਾ ਗਿਆ।

ਜ਼ਾਹਿਰ ਹੈ ਕਿ ਸਿਖ ਧਰਮ ਅੰਦਰ ਗੁਰੂ, ਉਦਾਸੀ, ਨਿਰਮਲਾ ਅਤੇ ਗੁਰਸਿਖ ਪ੍ਰੰਪਰਾ ਵਿਚ ਗੁਰੂ ਕਾਲ ਅਤੇ ਉਸ ਤੋਂ ਕਾਫ਼ੀ ਸਮਾਂ ਬਾਦ ਤਕ ਸੰਤ ਲਕਬ ਦੀ ਵਰਤੋਂ ਨਹੀਂ ਹੋਈ। ਇਕ ਪ੍ਰੀਤਮ ਦਾਸ ਉਦਾਸੀ ਨੇ ਤੀਰਥ ਮੇਲਿਆਂ ‘ਤੇ ਜਾਣ ਸਮੇਂ, ਰਹਿਣ ਵਿਚ ਤੰਗੀ ਮਹਿਸੂਸ ਕਰਦਿਆਂ, ਨਿਜ਼ਾਮ ਹੈਦਰਾਬਾਦ ਦੇ ਵਜ਼ੀਰ ਚੰਦੂ ਮੱਲ ਦੇ ਚਾਚੇ, ਆਪਣੇ ਉਪਾਸ਼ਕ, ਨਾਨਕ ਚੰਦ ਤੋਂ ਸੱਤ ਲੱਖ ਰੁਪਏ ਲੈ ਕੇ ਜਦ ਪ੍ਰਯਾਗ ਵਿਖੇ ਉਦਾਸੀ ਅਖਾੜੇ ਦਾ ਨਿਰਮਾਣ ਕੀਤਾ ਤਦ ਅਖਾੜੇ ਦਾ ਵਿਧਾਨ ਨਿਰਮਤ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਵਾਲ਼ੇ ਪ੍ਰਮੁਖ ਉਦਾਸੀਆਂ ਲਈ ਮਹੰਤ ਲਕਬ ਵਰਤਿਆ ਜਾਣ ਲੱਗਾ।

ਇਸੇ ਪ੍ਰੀਤਮ ਦਾਸ ਨੂੰ ਉਦਾਸੀ ਬਾਵਾ ਸੰਗਤ ਦਾਸ ਦੇ ਚੇਲੇ ਬਨਖੰਡੀ ਨੇ ਨਿਰਬਾਣ ਪਦ ਅਤੇ ਵਿਭੂਤ ਦਾ ਗੋਲ਼ਾ ਬਖ਼ਸ਼ਿਆ ਸੀ ਅਤੇ ਇਸੇ ਪ੍ਰੀਤਮਦਾਸ ਨੇ ਸੰਗਤ ਸਾਹਿਬ ਭਾਈ ਫੇਰੂ, ਸੱਚੀ ਦਾਹੜੀ, ਦੇ ਉਪਾਸ਼ਕ ਬਾਵਾ ਸੰਤੋਖ ਦਾਸ ਨਾਲ਼ ਮਿਲ਼ਕੇ, 1838 ਈਸਵੀ ਸੰਨ ਵਿਚ, ਰਾਵੀ ਦਰਿਆ ਵਿਚੋਂ ਹੱਸਲੀ ਲਿਆ ਕੇ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿਤਰ ਸਰੋਵਰ ਵਿਚ ਪਾਈ ਸੀ। ਜਦੋਂ ਚੌਥੇ ਪਾਤਸ਼ਾਹ ਜੀ ਇਸ ਸਰੋਵਰ ਦਾ ਨਿਰਮਾਣ ਕਰਵਾ ਰਹੇ ਸਨ ਤਦ ਵੀ ਬਾਬਾ ਸ੍ਰੀ ਚੰਦ ਜੀ ਆਪ ਚੱਲ ਕੇ ਇਥੇ ਆਏ ਸਨ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਉਨ੍ਹਾਂ ਨੂੰ ਉਚੇ ਸਥਾਨ ‘ਤੇ ਬਿਠਾ ਕੇ ਦੁਸ਼ਾਲਾ ਭੇਟ ਕੀਤਾ ਤਦ ਇਕ ਬੋਹੜ ਦੇ ਰੁਖ ਹੇਠਾਂ ਸੁਸ਼ੋਭਿਤ ਬਾਬਾ ਸ੍ਰੀ ਚੰਦ ਜੀ ਨੇ ਵਚਨ ਕੀਤਾ ਸੀ ਕਿ "ਤੁਮਰੇ ਸਰ ਮੈਂ ਜੋ ਮਜਹਿ, ਪਾਪੀ ਭੀ ਗਤਿ ਪਾਹਿ"। ਇਸੇ ਬੋਹੜ ਹੇਠਾਂ ਇਕ ਉਦਾਸੀ ਬਾਵਾ ਬ੍ਰਹਮ ਸਾਹਿਬ ਭਜਨ ਬੰਦਗੀ ਅਤੇ ਗੁਰਮਤ ਪ੍ਰਚਾਰ ਦੀ ਸੇਵਾ ਕਰਿਆ ਕਰਦੇ ਸਨ, ਜਿਸ ਕਰਕੇ ਇਸ ਬੋਹੜ ਦੇ ਰੁਖ ਦਾ ਨਾਂ, ਉਨ੍ਹਾਂ ਦੇ ਨਾਂ ‘ਤੋਂ ਹੀ, ਬ੍ਰਹਮ ਬੂਟਾ ਪ੍ਰਚਲਿਤ ਹੋ ਗਿਆ।

ਈਸਵੀ ਸੰਨ 1896 ਵਿਚ ਸੰਗਤ ਸਾਹਿਬੀਏ ਸੰਤੋਖ ਦਾਸ, ਹਰ ਨਾਰਾਇਣ ਦਾਸ ਅਤੇ ਸੂਰ ਦਾਸ ਨੇ, ਉਦਾਸੀ ਮਹੰਤਾਂ ਨਾਲ ਵਿਗਾੜ ਪੈਣ ਕਾਰਣ, ਆਪਸ ਵਿਚ ਮਿਲ਼ਕੇ ਅਲਹਿਦਾ ਅਖਾੜਾ ਬਣਾ ਲਿਆ, ਜਿਸ ਨੂੰ ਪਹਿਲਾਂ ਨਯਾ ਅਖਾੜਾ ਕਿਹਾ ਗਿਆ, ਬਾਦ ਵਿਚ ਉਦਾਸੀਆਂ ਦਾ ਛੋਟਾ ਅਖਾੜਾ ਕਿਹਾ ਜਾਣ ਲੱਗਾ। ਇਨ੍ਹਾਂ ਨੇ ਵੀ ਆਪਣੇ ਅਖਾੜੇ ਦੀ ਵਿਧੀ ਵਿਧਾਨ ਵਿਚ ਆਪਣੇ ਮੁਖੀ ਲਈ ਮਹੰਤ ਲਕਬ ਨੀਯਤ ਕੀਤਾ।

ਇਨ੍ਹਾਂ ਦੀ ਦੇਖਾ ਦੇਖੀ 1918 ਈਸਵੀ ਵਿਚ ਨਿਰਮਲਿਆਂ ਵਿਚੋਂ ਭਾਈ ਤੋਤਾ ਸਿੰਘ, ਰਾਮ ਸਿੰਘ ਅਤੇ ਮਤਾਬ ਸਿੰਘ ਨੇ ਮਿਲ਼ ਕੇ ਪਟਿਆਲ਼ੇ ਦੇ ਮਹਾਰਾਜਾ ਨਰਿੰਦਰ ਸਿੰਘ, ਨਾਭੇ ਦੇ ਮਹਾਰਾਜਾ ਭਰਪੂਰ ਸਿੰਘ ਅਤੇ ਜੀਂਦ ਦੇ ਮਹਾਰਾਜਾ ਸਰੂਪ ਸਿੰਘ ਤੋਂ ਮਾਇਕ ਸਹਾਇਤਾ ਲੈ ਕੇ ਅਖਾੜਾ ਧਰਮਧੁਜਾ ਕਾਇਮ ਕੀਤਾ। ਫਿਰ ਮਤਾਬ ਸਿੰਘ ਨਿਰਮਲੇ ਨੂੰ, ਇਸ ਧਰਮਧੁਜਾ ਅਖਾੜੇ ਦਾ ਮੁਖੀ ਥਾਪ ਕੇ, ਸ੍ਰੀ ਮਹੰਤ ਦਾ ਲਕਬ ਪ੍ਰਦਾਨ ਕੀਤਾ ਗਿਆ।
ਰਾਜ ਘਰਾਣਿਆਂ ਦੀ ਸਹਾਇਤਾ ਨਾਲ਼ ਬਣਾਏ ਇਨ੍ਹਾਂ ਅਖਾੜਿਆਂ ਵਿਚ ਸ੍ਰੀ ਮਹੰਤਾਂ ਅਤੇ ਮਹੰਤਾਂ ਦੇ ਅਧਿਕਾਰ ਵਿਚ ਜਗੀਰਾਂ ਅਤੇ ਬਹੁਤ ਸਾਰੀ ਧੰਨ ਦੌਲਤ ਦਾ ਪ੍ਰਬੰਧ ਆਉਣ ਅਤੇ ਰਾਜ ਘਰਾਣਿਆਂ ਨਾਲ ਲਗਾਤਾਰ ਸੰਪਰਕ ਕਾਇਮ ਹੋਣ ਨਾਲ਼ ਇਨ੍ਹਾਂ ਅਖਾੜਿਆਂ ਪ੍ਰਤੀ ਲੋਕਾਂ ਦੀ ਖਿਚ ਦੀ ਤਰਜ਼ ਵਿਚ ਫ਼ਰਕ ਪੈ ਗਿਆ। ਲੋਕਾਂ ਦੀ ਸ਼ਰਧਾ, ਨਿਸ਼ਠਾ ਅਤੇ ਸਤਿਕਾਰ ਦੀ ਦਿਸ਼ਾ ਅਧਿਆਤਮਕ ਔਜ ਤੋਂ ਹਟ ਕੇ ਸ਼ਾਹੀ ਕਿਸਮ ਦੇ ਠਾਠ ਬਾਠ ਵੱਲ ਹੋ ਗਈ।
ਇਹੀ ਸਮਾਂ ਹੈ ਜਦ ਸ਼ਾਹੀ ਸੰਪਰਕ, ਧੰਨ ਦੌਲਤ, ਹਾਥੀ ਘੋੜੇ ਅਤੇ ਐਸ਼ੋ ਇਸ਼ਰਤ ਦੀ ਲਾਲਸਾ ਵਿਚ ਅਸੰਤ ਬਿਰਤੀਆਂ ਦੇ ਲੋਕ ਇਨ੍ਹਾਂ ਆਸ਼ਰਮਾ ਵਿਚ ਆਣ ਵੜੇ। ਜਿਨ੍ਹਾਂ ਨੂੰ ਕੋਈ ਥਾਂ ਨਾਂ ਲੱਭੀ ਉਨ੍ਹਾਂ ਨੇ ਆਪਹੁਦਰੇਪਣ ਨਾਲ਼ ਆਪਣੇ ਡੇਰੇ ਸਥਾਪਤ ਕਰ ਲਏ। ਜਦ ਖ਼ਾਲਸਾ ਪੰਥ ਇਤਿਹਾਸ ਦੇ ਭੀਹਾਵਲੇ ਦੌਰ ਵਿਚੋਂ ਗ਼ੁਜ਼ਰ ਰਿਹਾ ਸੀ ਤਾਂ ਉਸ ਸਮੇਂ ਤੋਂ ਗੁਰੁ ਘਰਾਂ ਦਾ ਪ੍ਰਬੰਧ ਉਦਾਸੀਆਂ ਤੇ ਨਿਰਮਲਿਆਂ ਦੀ ਦੇਖ ਰੇਖ ਹੇਠ ਹੀ ਚਲਿਆ ਆ ਰਿਹਾ ਸੀ। ਪਰ ਸਿਖੀ ਦੇ ਸ਼ੁੱਧ ਆਸ਼ਿਆਂ ਤੋਂ ਅਣਜਾਣ ਅਤੇ ਮਨ ਵਿਚ ਵਸੀ ਅਖਾੜਿਆਂ ਦੀ ਚਕਾ ਚੌਂਧ ਵਿਚ ਮਸਤੇ ਹੋਏ ਖ਼ਾਲਸਾ ਪੰਥ ਨਾਲ਼ ਹੀ ਵੈਰ ਸਹੇੜ ਬੈਠੇ। ਇਕ ਸਮਾਂ ਆਇਆ ਕਿ ਖ਼ਾਲਸਾ ਪੰਥ ਨੂੰ ਅਣਗਿਣਤ ਕੁਰਬਾਨੀਆਂ ਦੇ ਕੇ, ਜ਼ਬਰਦਸਤੀ, ਇਨਾਂ ਮਹੰਤਾਂ ਨੂੰ ਗੁਰੂ ਘਰਾਂ ‘ਚੋਂ ਬਾਹਰ ਕੱਢਣਾ ਪਿਆ। ਖ਼ਾਲਸਾ ਪੰਥ ਨੇ ਗੁਰੂ ਘਰ ਤਾਂ ਅਜ਼ਾਦ ਕਰਵਾ ਲਏ ਪਰ ਮਹੰਤਾਂ ਦੀ ਰਹਿੰਦ ਖੂੰਹਦ ਨੇ ਆਪਣੇ ਅਖਾੜਿਆਂ ਤੇ ਆਸ਼ਰਮਾ ਨੂੰ ਸਿਖ ਆਸ਼ਿਆਂ ਤੋਂ ਵੱਖ ਕਰਨਾ ਸ਼ੁਰੂ ਕਰ ਦਿਤਾ। ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਬੰਦ ਕਰ ਦਿਤਾ।

ਇਥੇ ਵੀ ਸਿਖਾਂ ਵਲੋਂ ਇਕ ਘੋਰ ਉਪੱਦਰ ਹੋਇਆ। ਮਹੰਤਾਂ ਨਾਲ਼ ਟਕਰਾ ਵਿਚ ਆ ਕੇ ਸਿਖਾਂ ਨੇ ਗੁਰੂ ਸਾਹਿਬਾਂ ਦੀ ਬਖ਼ਸ਼ਿਸ਼ ਨਾਲ਼ ਵਰੋਸਾਈ ਉਦਾਸੀ ਪ੍ਰੰਪਰਾ ਨੂੰ ਹੀ ਰੱਦ ਕਰ ਦਿਤਾ। ਉਦਾਸੀਆਂ ਤੇ ਨਿਰਮਲਿਆਂ ਦੀ ਬੇਜੋੜ ਦੇਣ ਨੂੰ ਮੁਢੋਂ ਹੀ ਵਿਸਾਰ ਦਿਤਾ ਗਿਆ। ਇਹ ਇਸਤਰਾਂ ਦੀ ਹੀ ਗ਼ਲਤੀ ਸੀ ਜਿਵੇਂ ਅਜਕਲ ਕਈ ਭੱਦਰ ਪੁਰਸ਼ ਸਿੰਘ ਸਾਹਿਬਾਨ ਤੋਂ ਆਕੀ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਸਿਰਫ਼ ਬਾਗ਼ੀ ਨਹੀਂ, ਮੁਨਕਰ ਹੋ ਗਏ ਹਨ।
ਜਦੋਂ ਸਿਖ ਪੰਥ ਵਿਚ ਮਹੰਤ ਸ਼ਬਦ ਪ੍ਰਤੀ ਘੋਰ ਨਫ਼ਰਤ ਪੈਦਾ ਹੋ ਗਈ, ਫਿਰ ਗੁਰੂ ਕਾਲ ਤੋਂ ਸਿਖਾਂ ਵਿਚ ਉਦਾਸੀਆਂ ਅਤੇ ਨਿਰਮਲਿਆਂ ਪ੍ਰਤੀ ਅਥਾਹ ਸ਼ਰਧਾ ਦੇ ਸਾਹਮਣੇ ਇਕ ਖ਼ਾਸ ਕਿਸਮ ਦਾ ਖ਼ਿਲਾਅ ਮਹਿਸੂਸ ਹੋਣ ਲੱਗਾ। ਇਸ ਖ਼ਿਲਾਅ ਦੀ ਪੂਰਤੀ ਲਈ ਅੰਗਰੇਜ਼ੀ ਫ਼ੌਜ ਦੀਆਂ ਸਿਖ ਪਲਟਣਾ ਵਿਚ ਗ੍ਰੰਥੀ, ਭਾਈ ਜਾਂ ਪ੍ਰਚਾਰਕ ਦੀ ਸੇਵਾ ਕਰਨ ਵਾਲ਼ਿਆਂ ਨੇ, ਰਿਟਾਇਰਮੰਟ ਉਪਰੰਤ ਜਾ ਨੌਕਰੀ ਤਿਆਗ ਕੇ, ਸਿਖੀ ਪ੍ਰਚਾਰ ਦੇ ਜੋਸ਼ ਵਿਚ, ਡੇਰੇ ਸਥਾਪਤ ਕਰ ਲਏ। ਅੰਗਰੇਜ਼ ਅਫ਼ਸਰਾਂ ਦਰਮਿਆਨ ਵਿਚਰਦਿਆਂ ਇਨ੍ਹਾਂ ਫ਼ੌਜੀ ਪ੍ਰਚਾਰਕਾਂ ਦੇ ਮਨ ਵਿਚ ਕ੍ਰਿਸਚੀਅਨ ਸੇਂਟ ਦਾ "ਹੋਲੀ" ਛੱਪਾ ਬੈਠਾ ਹੋਇਆ ਸੀ। ਅੰਗਰੇਜ਼ੀ ਸੇਂਟ ਦਾ ਪੰਜਾਬੀ ਤਰਜਮਾ ਸੰਤ ਹੀ ਬਣਦਾ ਸੀ। ਉਂਝ ਵੀ ਮਹੰਤ ਸ਼ਬਦ ਸਿਖਾਂ ਨੂੰ ਭਾਉਂਦਾ ਨਹੀਂ ਸੀ। ਸਾਡੇ ਇਹ ਫ਼ੌਜੀ ਪ੍ਰਚਾਰਕ ਸਿਖੀ ਪ੍ਰਚਾਰ ਦੇ ਠਾਠਾਂ ਮਾਰਦੇ ਜੋਸ਼ ਵਿਚ, ਪੰਜਾਬ ਦੇ ਪਿੰਡਾਂ ਵਿਚ ਡੇਰੇ ਸਥਾਪਤ ਕਰਕੇ ਆਪਣੇ ਆਪ ਨੂੰ ਸੰਤ ਥਾਪ ਕੇ ਬੈਠ ਗਏ। ਸੇਂਟ ਦਾ "ਹੋਲੀ" ਪ੍ਰਭਾਵ ਸਿਰਜਣ ਲਈ ਚਿਟੇ ਚੋਲ਼ੇ, ਚਿਟੇ ਪਰਨੇ, ਚਿਟੀਆਂ ਜਰਾਬਾਂ, ਚਿਟੇ ਸਿਮਰਨੇ ਅਤੇ ਚਿਟੇ ਦਸਤਾਰੇ ਧਾਰਨ ਕਰਨੇ ਸ਼ੁਰੂ ਕਰ ਦਿਤੇ। ਇਨ੍ਹਾਂ ਫ਼ੌਜੀ ਸੰਤਾਂ ਦੀਆਂ ਇਕਾ ਦੁਕਾ ਪੀੜ੍ਹੀਆਂ ਤੋਂ ਬਾਦ, ਦੁਧ ਚਿੱਟੀ ਚਕਾ ਚੌਂਧ ਤੋਂ ਪ੍ਰੇਰਤ ਅਨਾੜੀ, ਜਾਹਲ, ਪਰ ਜਾਹਲਸਾਜ਼ੀਆਂ ਦੇ ਮਾਹਿਰ ਲੋਕ ਇਨ੍ਹਾਂ ਡੇਰਿਆਂ ‘ਤੇ ਕਾਬਜ਼ ਹੋ ਗਏ। ਇਨ੍ਹਾਂ ਮੌਡਰਨ ਸੰਤਾਂ ਨੇ ਆਪਣੀ ਨਾਮਧਰੀਕ ਸਿਖੀ ਨੂੰ ਚਮਕਾਉਣ ਅਤੇ ਅੰਦਰਲੇ ਕਿਸੇ ਕੰਪਲੈਕਸ ਨੂੰ ਲਕੋਣ ਲਈ ਸੰਤ, ਪਰਮ ਸੰਤ, ਬ੍ਰਹਮ ਗਿਆਨੀ ਦੇ ਲਕਬ ਵਰਤਣੇ ਸ਼ੁਰੂ ਕਰ ਲਏ। ਫਿਰ ਕੁਝ ਅੱਗੇ ਵਧਦਿਆਂ ਸ੍ਰੀ ਇਕ ਸੌ ਅੱਠ ਸੰਤ, ਸ੍ਰੀ ਸ੍ਰੀ ਇਕ ਹਜ਼ਾਰ ਅੱਠ ਸੰਤ ਅਤੇ ਬ੍ਰਹਮ ਗਿਆਨੀ ਸ੍ਰੀ ਸ੍ਰੀ ਇਕ ਹਜ਼ਾਰ ਅੱਠ ਸੰਤ ਦੇ ਲਕਬ ਵਰਤਣੇ ਸ਼ੁਰੂ ਕਰ ਲਏ। ਅੰਦਰਲੀ ਕਾਲ਼ਕ ਨੂੰ ਹਲੇ ਵੀ ਕੋਈ ਕਮੀ ਰੜਕਣ ਲੱਗੀ ਤਾ ਇਨ੍ਹਾਂ ਨੇ ਚਿਟੇ ਰੰਗ ਦੀ ਵਰਤੋਂ ਵਿਚ ਹੋਰ ਵਾਧਾ ਕਰਨਾ ਸ਼ੁਰੂ ਕਰ ਦਿਤਾ। ਚਿਟੀਆਂ ਢੋਲਕੀਆਂ, ਚਿਟੇ ਛੈਣੇ, ਚਿਟੀਆਂ ਕਾਰਾਂ ਤੇ ਚਿਟੇ ਮੋਬਾਈਲਾਂ ਤੱਕ ਗੱਲ ਜਾ ਪਹੁੰਚੀ। ਰੂੰ ਦੀ ਪੂਣੀ ਜਹੇ ਚਿਟੇ ਚਿਟੇ ਸੰਤਾਂ ਨੇਂ ਅਛੋਪਲ਼ੇ ਜਹੇ ਗੁਰੂ ਹੋਣ ਦਾ ਪ੍ਰਭਾਵ ਦੇਣਾ ਸ਼ੁਰੂ ਕਰ ਦਿਤਾ ਅਤੇ ਖ਼ਾਲਸਾ ਪੰਥ ਦੇ ਇਕ ਹਿਸੇ ਨੇ ਵੀ ਇਨ੍ਹਾਂ ਨੂੰ, ਜੇ ਗੁਰੂ ਨਹੀ ਤਾਂ ਕੰਮ ਸੇ ਕੰਮ, ਗੁਰੂ ਵਰਗੇ ਮੰਨਣਾ ਸ਼ੁਰੂ ਕਰ ਦਿਤਾ। ਪਰ ਚਿਟੇ ਚੇਲੇ ਅਤੇ ਚਿਟੀਆਂ ਚੇਲੀਆਂ ਸੰਗ ਜਪਾਨੀ ਕਾਰਾਂ ‘ਚ ਘੁੰਮਦੇ "ਹੋਲੀ" ਸੰਤ ਹੌਲ਼ੀ ਹੌਲ਼ੀ ਅੱਨ ਹੋਲੀ ਜਾਪਣ ਲਗ ਪਏ, ਜਦ ਇਨ੍ਹਾਂ ਨੇ ਗੁਰਪੁਰਬਾਂ ਦੀ ਥਾਂ ਆਪਣੇ ਬਰਥਡੇ, ਕੜਾਹ ਪ੍ਰਸ਼ਾਦ ਦੀ ਥਾਂ ਵੱਡੇ ਵੱਡੇ ਕੇਕ ਕੱਟਣੇ ਅਤੇ ਸਾਖੀਆਂ ਅਤੇ ਗੁਰ ਇਤਿਹਾਸ ਦੀ ਥਾਂ ਆਪਣੇ ਨਿਜੀ ਕਿੱਸੇ ਸੁਣਾਉਣੇ ਸ਼ੁਰੂ ਕਰ ਦਿਤੇ। ਕਈਆਂ ਨੇ ਆਪਣੇ ਆਪ ਨੂੰ ਮਹਿਜ਼ ਵਖਰਿਆਉਣ ਖ਼ਾਤਰ ਅਪਸੀ ਬੋਲ ਚਾਲ ਲਈ ਭਾਈ ਸਾਹਿਬ ਅਤੇ ਬਾਬਾ ਜੀ ਦੀ ਥਾਂ ‘ਤੇ "ਵੀਰ ਜੀ" ਅਤੇ ਕਈਆਂ ਨੇ "ਵਾਹਿਗੁਰੂ ਜੀ" ਆਖਣਾ ਸ਼ੁਰੂ ਕਰ ਦਿਤਾ।

ਇਥੇ ਆਣਕੇ ਸਿਖ ਦੋਰਾਹੇ ਤੇ ਆਣ ਖੜੇ ਹੋਏ। ਜਾਂ ਇਉਂ ਕਹਿ ਲਉ ਕਿ ਸਿਖ ਦੋ ਹਿਸਿਆਂ ਵਿਚ ਵੰਡੇ ਗਏ। ਇਕ ਹਿਸਾ ਇਨ੍ਹਾਂ ਸੰਤਾਂ ਨੂੰ ਧਰਤੀ ‘ਤੇ ਤੁਰਦੇ ਫਿਰਦੇ ਰੱਬ ਮੰਨਣ ਲੱਗ ਪਿਆ ਅਤੇ ਦੂਸਰਾ ਇਨ੍ਹਾਂ ਨੂੰ ਘੋਰ ਨਫ਼ਰਤ ਕਰਦਾ ਕਰਦਾ ਸਿਖੀ ਵਿਚ ਕਿਸੇ ਕਿਸਮ ਦੀ ਅਧਿਆਤਮਿਕਤਾ ਤੋਂ ਹੀ ਇਨਕਾਰੀ ਹੋ ਗਿਆ। ਨਾ ਇਹ ਠੀਕ ਨਾ ਉਹ ਠੀਕ।

ਸਿਖ ਰਵਾਇਤ ਅਤੇ ਇਤਿਹਾਸ ਵਿਚ ਐਸੀ ਕੋਈ ਉਦਾਹਰਣ ਨਹੀਂ ਮਿਲ਼ਦੀ ਕਿ ਗੁਰੂ ਸਾਹਿਬਾਨ ਨੇ ਆਪ ਕਿਸੇ ਸਿਖ ਜਾਂ ਮਹਾਂਪੁਰਸ਼ ਨੂੰ ਸੰਤ ਦੀ ਉਪਾਧੀ ਦਿਤੀ ਹੋਵੇ। ਗੁਰਬਾਣੀ ਵਿਚ ਅਨੇਕ ਥਾਵਾਂ ‘ਤੇ ਬ੍ਰਹਮ ਗਿਆਨੀ, ਸਾਧ ਅਤੇ ਸੰਤ ਦੀ ਵਿਆਖਿਆ, ਅਸਲ ਤਾਤਪਰਯ ਅਤੇ ਚਰਿਤਰ ਬਿਆਨ ਕੀਤਾ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਸੰਤ ਦਾ ਆਤਮਕ ਔਜ ਤੇ ਚਰਿਤਰਾਤਮਕ ਅਜ਼ਮਤ ਗੁਰੂ ਦੇ ਤੁਲ ਹੈ। ਪਰ ਉਸ ਸਮੇਂ ਦੌਰਾਨ ਭਾਰਤੀ ਸਮਾਜ ਵਿਚ ਕਰਮਕਾਂਡੀ ਪਖੰਡ ਦਾ ਬੋਲਬਾਲਾ ਹੋਣ ਕਾਰਣ ਸਾਧ ਸੰਤ ਦਾ ਕਿਰਦਾਰ ਨਿਘਰ ਚੁਕਾ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਦਸਮ ਪਾਤਸ਼ਾਹ ਜੀ ਦੇ ਸਵੱਈਆਂ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ। ਜਾਪਦਾ ਹੈ ਕਿ ਗੁਰੂ ਸਾਹਿਬਾਨ ਨੇ ਆਪਣੇ ਸਿਖ ਨੂੰ ਉਸ ਨਿਘਾਰ ਤੋਂ ਨਿਰਲੇਪ ਰੱਖਣ ਲਈ ਸਿਖ ਰਵਾਇਤ ਵਿਚ ਸੰਤ ਲਕਬ ਦੀ ਵਰਤੋਂ ਪ੍ਰਚਲਤ ਨਹੀਂ ਕੀਤੀ। ਕੇਵਲ ਦਸਮ ਪਾਤਸ਼ਾਹ ਜੀ ਨੇ ਸਮੁੱਚੇ ਰੂਪ ਵਿਚ ਖ਼ਾਲਸਾ ਪੰਥ ਨੂੰ ਸੰਤ ਸਿਪਾਹੀ ਦੇ ਲਕਬ ਨਾਲ਼ ਨਿਵਾਜ਼ਿਆ ਹੈ। ਜਿਵੇਂ ਧਰਤੀ ਧਰਮਸਾਲ ਵਿਚ ਅਧਿਆਤਮਕ ਸਫ਼ਰ ਦੀ ਸ਼ਿਖ਼ਰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ, ਇਵੇਂ ਹੀ ਮਾਨਵੀ ਇਤਿਹਾਸ ਵਿਚ ਸ਼ਿਰੋਮਣੀ ਸੰਗਠਨ ਖ਼ਾਲਸਾ ਪੰਥ ਹੈ। ਸੰਗਠਨ ਦੇ ਰੂਪ ਵਿਚ ਇਹ ਸਿਪਾਹੀ ਹੈ; ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋ ਕੇ ਇਹ ਸੰਤ ਹੈ। ਸਿਖ ਰਵਾਇਤ ਅਨੁਸਾਰ ਕੇਵਲ ਖ਼ਾਲਸਾ ਹੀ ਸੰਤ ਪਦਵੀ ਦਾ ਅਧਿਕਾਰੀ ਹੈ। ਦਸਮ ਪਾਤਸ਼ਾਹ ਜੀ ਦੇ ਇਸ ਦੂਹਲੇ, ਪ੍ਰਧਾਨੀ ਅਤੇ ਸ਼ਿਰੋਮਣੀ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋ ਕੇ ਇਤਿਹਾਸ ਵਿਚ ਆਪਣੇ ਮੁਬਾਰਕ ਕਦਮ ਰੱਖੇ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖ਼ਾਲਸਾ ਰਾਜ ਸਥਾਪਤ ਕੀਤਾ। ਫਿਰ ਸਮੇਂ ਦੀਆਂ ਦੁਸ਼ਵਾਰੀਆਂ ਨਾਲ਼ ਜੂਝਦਾ ਹੋਇਆ ਸਰਕਾਰ ਖ਼ਾਲਸਾ ਸਥਾਪਤ ਕਰਨ ਵਿਚ ਕਾਮਯਾਬ ਹੋਗਿਆ। ਫਿਰ ਇਕ ਐਸੀ ਹਿਰਦੇਵੇਧਕ ਘਟਨਾ ਵਾਪਰੀ ਕਿ ਧਰਤੀ ਦੇ ਇਤਿਹਾਸ ਵਿਚ ਸਿਰੇ ਦੀ ਮਕਾਰੀ, ਬੇਸ਼ਰਮੀ ਅਤੇ ਗ਼ਦਾਰੀ ਨਾਲ਼ ਭਰੀ ਹੋਈ ‘ਹਾਰ’ ਜੇਤੂ ਖ਼ਾਲਸੇ ਦੇ ਮੱਥੇ ਉਤੇ ਲਿਖ ਦਿਤੀ ਗਈ। ਅੰਕੜਿਆਂ ਜਾਂ ਤੱਥਾਂ ਦੇ ਉਪਾਸ਼ਕ ਇਤਿਹਾਸਕਾਰਾਂ ਲਈ ਇਹ ਬਿਲਕੁਲ ਹਾਰ ਸੀ। ਲੇਕਿਨ ਤੱਥਾਂ ਅਤੇ ਅੰਕੜਿਆਂ ਤੋਂ ਅਗਾਂਹ ਜ਼ਿੰਦਗੀ ਦੀ ਧੜਕਨ ਵਿਚ ਉਤਰਨ ਵਾਲ਼ੇ ਸਾਹਿਤਕ ਮੱਸ ਵਾਲ਼ੇ ਇਤਿਹਾਸਕਾਰਾਂ ਲਈ ਇਹ ਹਾਰ ਜਿੱਤ ਨਾਲ਼ੋਂ ਵੀ ਗੌਰਵ ਮਈ ਸੀ। ਲੇਕਿਨ ਇਸ ਹਾਰ ਨੇ ਖ਼ਾਲਸੇ ਨੂੰ ਉਦਾਸ ਕਰ ਦਿਤਾ। ਖ਼ਾਲਸੇ ਦੀ ਪਿਠ ਵਿਚ ਪਹਿਲੀ ਵਾਰ ਆਪਣਿਆਂ ਨੇ ਛੁਰਾ ਖੋਹਬਿਆ ਸੀ। ਉਦਾਸ ਖ਼ਾਲਸਾ ਅਵੇਸਲ਼ਾ ਹੋ ਗਿਆ; ਤੇ ਫਿਰ ਜਿਵੇਂ ਖ਼ਾਲਸਾ ਜੀ ਨੂੰ ਨੀਂਦ ਹੀ ਆ ਗਈ। ਆਉਣ ਵਾਲ਼ੇ ਸਮੇਂ ਵਿਚ ਕਈ ਵਾਰ ਖ਼ਾਲਸੇ ਦੇ ਨੀਂਦ ਵਿਚ ਪਾਸਾ ਵੱਟਣ ’ਤੋਂ ਹੀ ਜ਼ਮਾਨਾ ਤ੍ਰਭਕਦਾ ਰਿਹਾ ਹੈ। ਪਰ ਅਖ਼ੀਰ ਵਿਚ ਇਸ ਸਥਿਤੀ ਦਾ ਲਾਹਾਂ ਲੈਂਦਿਆਂ, ਪੰਥਕ ਮੰਡਪ ਵਿਚ, ਅਪੰਥਕ ਰੁਚੀਆਂ ਵਾਲ਼ਾ ਪੰਥ ਕਾਬਜ਼ ਹੋ ਗਿਆ। ਇਸ ਅਜੀਬ ਪੰਥ ਵਲੋਂ੍ਹ ਆਪਣੇ ਵੈਲੀ ਪੁਣੇ ਨੂੰ ਪੰਥਕ ਜਜ਼ਬੇ ਨਾਲ਼ ਕਨਫ਼ਿਊਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਸ ਦੇ ਨਸਲੀ ਅਤੇ ਇਲਾਕਾਈ ਕਿਰਦਾਰ ਦੀ ਰੂਪ ਰੇਖਾ ਟੈਂਪੂਆਂ, ਟਰੈਕਟਰਾਂ, ਬੱਸਾਂ, ਮੈਰਿਜ ਪੈਲਸਾਂ ਅਤੇ ਕਹਿਣ ਨੂੰ ਸਭਿਆਚਾਰਕ ਪ੍ਰੋਗਰਾਮਾਂ ਵਿਚ ਵਜਦੇ ਬਦਤਮੀਜ਼ ਗਾਣਿਆਂ ਅਤੇ ਭ੍ਰਿਸ਼ਟ ਦੋਗਾਣਿਆਂ ਵਿਚ ਦੇਖੀ ਜਾ ਸਕਦੀ ਹੈ। ਗੰਡਾਸੇ, ਟਕੂਏ, ਜ਼ਰਦੇ, ਸ਼ਰਾਬ ਅਤੇ ਇਖ਼ਲਾਕੀ ਗਿਰਾਵਟ ਨੂੰ ਪੰਜਾਬੀ ਸਭਿਆਚਾਰ ਦੀ ਸ਼ਾਨ ਆਖਿਆ ਜਾ ਰਿਹਾ ਹੈ। ਇਖ਼ਲਾਕ, ਸਿਦਕ ਅਤੇ ਤਹਿਜ਼ੀਬ ਯਾਫ਼ਤਾ ਕੌਮੀ ਜਜ਼ਬੇ ਦਾ ਭਾਰ ਤਾਂ ਇਕ ਪਾਸੇ ਰਿਹਾ, ਸਿਰ ‘ਤੇ ਕੇਸਾਂ ਦਾ ਭਾਰ ਵੀ ਨਾ ਸਹਾਰ ਸਕਣ ਵਾਲ਼ੇ ਬੱਚਿਆਂ ਦੇ ਬਾਪ ਆਪਣੇ ਆਪ ਨੂੰ ਪੰਥ ਦੇ ਸੰਤ ਸਿਪਾਹੀ ਅਖਵਾਉਂਦੇ ਹਨ। ਮਹਿੰਗੀਆਂ ਕਾਰਾਂ ਤੇ ਮਹਿੰਗੇ ਸੂਟ, ਮਹਿੰਗੇ ਫ਼ੋਨ ਤੇ ਮਹਿੰਗੇ ਬੂਟ ਤੇ ਡਾਵਾਂਡੋਲ ਇਖ਼ਲਾਕ ਇਨ੍ਹਾਂ ਦੇ ਸਭਿਅਕ ਸ਼ੁਗਲ ਹਨ। ਬਦਚਲਣੀ ਵਿਚੋਂ ਨਸ਼ੇ ਜਨਮ ਲੈਂਦੇ ਹਨ ਤੇ ਨਸ਼ਿਆਂ ਵਿਚੋਂ ਟਕੂਏ ਤੇ ਗੰਡਾਸੇ। ਕਿਰਪਾਨ ਦੀ ਲੜਾਈ ਇਹ ਨਹੀਂ ਜਾਣਦੇ। ਹਾਂ! ਕਿਰਪਾਨ ਨੂੰ ਮੁੱਦਾ ਬਣਾ ਕੇ ਬਾਦ ਵਿਚ ਛੱਡ ਵੀ ਦਿੰਦੇ ਹਨ। ਗੰਡਾਸੇ ਤੇ ਕਿਰਪਾਨ ਵਿਚ ਉਤਨਾ ਹੀ ਫ਼ਰਕ ਹੈ, ਜਿਤਨਾ ਅੜੀ ਅਤੇ ਸਿਰੜ ਵਿਚ। ਅੜੀ ਕੁਝ ਲੈ ਦੇ ਕੇ ਜਾਂ ਡਰ ਵਿਚ ਦੰਮ ਤੋੜ ਦਿੰਦੀ ਹੈ ‐ ਅੜੇ ਸੋ ਝੜੇ। ਪਰ ਸਿਰੜ ਸਿਰਾਂ ਦੇ ਨਾਲ਼ ਨਿਭਦੇ ਹਨ ‐ ਸੀਸ ਦੀਆ ਪਰ ਸਿਰਰ ਨਾ ਦੀਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਗਨ ਕੁੰਡ ਅਤੇ ਪਾਰਲਿਅਮੰਟ ਵਿਚ ਕਿਰਪਾਨ ਦੀ ਗਾਥਾ ਸਭ ਨੇ ਪੜ੍ਹੀ ਸੁਣੀ ਹੋਈ ਹੈ। ਸ੍ਰੀ ਅਨੰਦ ਪੁਰ ਸਾਹਿਬ ਦੇ ਮਤੇ ਅਤੇ ਸ੍ਰੀੇ ਅੰਮ੍ਰਿਤਸਰ ਸਾਹਿਬ ਦੇ ਐਲਾਨਨਾਮੇ ਨਾਲ਼ ਇਨ੍ਹਾਂ ਦੀ ਬਚਨਵੱਧਤਾ ਦੇ ਕਿੱਸੇ ਦੁਹਰਾਉਣ ਦੀ ਲੋੜ ਨਹੀਂ। ਆਪਣੀਆਂ ਖੇਤਰੀ ਅਤੇ ਨਸਲੀ ਮਨੋਬਿਰਤੀਆਂ ਨੂੰ ਤਖ਼ਤ ਸਾਹਿਬ ਦੀ ਅਮਿਤ ਵਡਿਆਈ ਅਤੇ ਸੱਚ ਖੰਡ ਦੀ ਪਵਿਤਰਤਾ ਨਾਲ਼ ਨੱਥੀ ਕਰਕੇ, ਸਮੁੱਚੀ ਕੌਮ ਨੂੰ ਬਲ਼ਦੀ ਅੱਗ ਵਿਚ ਝੋਕ ਕੇ, ਆਪ ਹੱਥ ਝਾੜ ਕੇ, ਵਿਹਲੇ ਹੋ ਕੇ, ਸਭ ਕੁਝ ਭੁਲ ਭੁਲਾ ਵੀ ਜਾਂਦੇ ਹਨ। ਕਿਥੇ ਪੰਥ ਕੋਲ਼ੋਂ ਲੜ ਮਰਨ ਦੀ ਵਿਸ਼ੇਸ ਛੋਟ ਲੈ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਅਬਦਾਲੀ ਦੀਆਂ ਫ਼ੌਜਾਂ ਨਾਲ਼ ਟਾਕਰਾ ਕਰਨ ਵਾਲ਼ਾ ਬਾਬਾ ਗੁਬਖ਼ਸ਼ ਸਿੰਘ ਸ਼ਹੀਦ ਅਤੇ ਕਿਥੇ ਉਸੇ ਅਕਾਲ ਤਖ਼ਤ ਸਾਹਿਬ ਦੇ ਐਨ੍ਹ ਸਾਹਮਣੇ ਕਸਮਾ ਖਾਣ ਵਾਲ਼ੇ ਮਰਜੀਵੜੇ। ਇਨ੍ਹਾਂ ਨੂੰ ਮਰਜੀਵੜੇ ਨਹੀਂ ਜੀਮਰਣੇ ਕਹਿਣਾ ਬਣਦਾ ਹੈ। ਮਰਜੀਵੜੇ ਮੌਤ ‘ਚੋਂ ਜੀਵਨ ਲਭਦੇ ਹਨ, ਪਰ ਇਹ ਜੀਣ ਦੀ ਲਾਲਸਾ ਵਿਚ ਮਰਦੇ ਹਨ। ਦੁਸ਼ਮਣ ਦੇਖ ਕੇ ਇਨ੍ਹਾਂ ਦੇ ਚਿਹਰੇ ਪੀਲ਼ੇ ਪੈ ਜਾਦੇ ਹਨ, ਪਰ ਇਹ ਕੱਥੂ ਨੰਗਲ਼ੀਏ ਪੈਹਲਵਾਨ ਆਪੋ ਵਿਚ ਡਾਂਗਾਂ ਟਕੂਏ ਸੋਹਣੇ ਖੜਕਾ ਲੈਂਦੇ ਹਨ। ਮਰਜੀਵੜਿਆਂ ਦੇ ਤਾਂ ਇਹ ਭੋਗ ‘ਤੇ ਵੀ ਨਹੀਂ ਜਾਂਦੇ। ਮਹਾਰਾਜੇ ਨਾਲ਼ ਆਢਾ ਲਾਉਣ ਵਾਲ਼ਾ ਸਾਡਾ ਮਹਾਰਾਜਾ ਭੋਗਾਂ ‘ਤੇ ਜਾਣ ‘ਤੋਂ ਵੀ ਟਿਭਦਾ ਅਸੀਂ ਦੇਖਦੇ ਰਹੇ ਹਾਂ। ਖ਼ੁਦਾ ਨਾ ਖ਼ਾਸਤਾ ਜੇ ਕੋਈ ਭੋਗ ‘ਤੇ ਹਾਜ਼ਰੀ ਲੁਆ ਵੀ ਆਵੇ ਤਾਂ ਉਹ ਭੋਗ ‘ਤੇ ਜਾਣ ਨਾਲ਼ ਹੀ ਆਪਣੀ ਸੂਰਮਗਤੀ ਦੇ ਮੰਡਾਸੇ ਵਿਚ ਇਕ ਹੋਰ ਖੰਭ ਗੱਡ ਲੈਂਦਾ ਹੈ। ਸ਼ਿਰੋਮਣੀ ਕਮੇਟੀ ਦੇ ਸਿਲਵਰ ਜੁਬਲੀ ਪ੍ਰਧਾਨ ਸਾਹਿਬ ਖਾੜਕੂਆਂ ਦੇ ਭੋਗਾਂ ‘ਤੇ ਜਾਣ ਕਰਕੇ ਹੀ ਆਪਣੇ ਆਪ ਨੂੰ ਸ਼ਿਰੋਮਣੀ ਮਰਜੀਵੜੇ ਸਮਝਦੇ ਸਨ। ਦਰਅਸਲ ਇਨ੍ਹਾਂ ਦੀ ਬੀਰਤਾ ਦਾ ਪ੍ਰੇਰਣਾ ਸਰੋਤ, ਪੁਲਿਸ ਨੂੰ ਦੇਖ ਕੇ ਨੈਣਾ ਦੇਵੀ ‘ਤੋਂ ਛਾਲ ਮਾਰਨ ਵਾਲ਼ੇ ਜੀਉਣੇ ਮੋੜ ਦੀ ਆਤਮ ਹੱਤਿਆ ਹੈ। ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਵਧੇਰੇ ਤਰਸ ਯੋਗ ਸਮਾਜਿਕ ਅਤੇ ਆਰਥਕ ਹਾਲਤ ਸੀਰੀ ਦੀ ਹੈ। ਕਿਸਾਨਾ ਤੋਂ ਵੱਧ ਦੁਖੀ ਉਨ੍ਹਾਂ ਦੇ ਕੰਮੀ ਹਨ। ਛੋਟੇ ਸੰਨ੍ਹਤਕਾਰ ਵੀ ਸੁਖੀ ਨਹੀਂ ਹਨ ਅਤੇ ਉਨ੍ਹਾਂ ‘ਚ ਕੰਮ ਕਰਦੇ ਮਜਦੂਰ ਦੀ ਹਾਲਤ ਵੀ ਕਿਸਾਨ ਤੋਂ ਬਿਹਤਰ ਨਹੀਂ। ਪਰ ਖ਼ੁਦਕੁਸ਼ੀਆਂ ਕੌਣ ਕਰ ਰਹੇ ਹਨ? ਗ਼ੌਰ ਕਰਨ ਵਾਲ਼ੀ ਗੱਲ ਹੈ। ਗੀਤਾਂ ਦੀਆਂ ਫੋਕੀਆਂ ਬੜ੍ਹਕਾਂ ਜੀਣ ਜੋਗਾ ਧਰਵਾਸ ਵੀ ਨਹੀਂ ਦਿੰਦੀਆਂ!

ਬੋਤਾ ਸਿੰਘ ਅਤੇ ਗਰਜਾ ਸਿੰਘ ਨੇ ਖ਼ਾਲਸੇ ਦੀ ਸਰਕਾਰ ਦੇ ਨਾਂ ਹੇਠ ਕਾਫ਼ੀ ਸਾਰਾ ਟੈਕਸ ਇਕੱਠਾ ਕਰਕੇ ਲਹੌਰ ਦੇ ਸੂਬੇਦਾਰ ਨੂੰ ਚਿਠੀ ਲਿਖ ਕੇ ਸਿੱਧਾ ਮੌਤ ਨੂੰ ਸੱਦਾ ਦੇ ਦਿਤਾ ਸੀ। ਰਤਨ ਸਿੰਘ ਭੰਗੂ ਨੇ ਲਿਖਿਆ ‐ ਦੌਲਤ ਕੇ ਨਹਿੰ ਭੂਖੇ ਥੇ ਸਿੰਘ, ਚਰਚਾ ਪੰਥ ਚਲਾਣ ਚਹੀ। ਪਰ ਪੰਥਕ ਭੇਸ ਵਿਚ ਇਨ੍ਹਾਂ ਸੰਤ ਸਿਪਾਹੀਆਂ, ਨਹੀਂ ਅਸੰਤ ਵੈਲੀਆਂ ਦੀ ਬੇਸ਼ੁਮਾਰ ਦੌਲਤ ਦੀ ਭੁੱਖ ਅਤੇ ਸਦਾਚਾਰ ਤੋਂ ਭਟਕੀ ਹੋਈ ਜੀਵਨ ਤਰਜ਼ ਤੋਂ, ਵਿਰਲਾ ਵਿਰਲਾ, ਜਾਗਿਆ ਜਾਂ ਅਰਧ ਜਾਗਿਆ ਸਿਖ ਚਿੰਤਾਤਰ ਅਤੇ ਦੁਖੀ ਹੈ।
ਹੰਨੇ ਹੰਨੇ ਮੀਰੀ ਦੇ ਦੌਰ ਵਿਚ ਮਿਸਲਾਂ ਸਮੇਂ, ਜਦੋਂ ਸਿਖਾਂ ਵਿਚ ਰਾਜਨੀਤਕ ਚੇਤਨਾਂ ਨਾਲ਼ੋਂ ਰਾਜਸੀ ਲਲ਼ਕ ਵਧੇਰੇ ਤੇਜ਼ੀ ਫੜ ਗਈ ਸੀ ਅਤੇ ਅਧਿਆਤਮਿਕ ਸਰੋਕਾਰ ਸੁੰਗੜਨੇ ਸ਼ੁਰੂ ਹੋ ਗਏ ਸਨ ਅਤੇ ਜਦੋਂ ਸਿਖ ਨਿਕੇ ਨਿਕੇ ਜਥਿਆਂ ਵਿਚ ਵਿਚਰਦੇ ਸਨ, ਉਦੋਂ ਸਿਖਾਂ ਵਿਚ ਦੋ ਹੋਰ ਲਕਬ ਸਰਦਾਰ ਅਤੇ ਜਥੇਦਾਰ ਵੀ ਪ੍ਰਚਲਤ ਹੋਏ। ਜਥੇ ਦੇ ਮੁਖੀ ਲਈ ਜਥੇਦਾਰ ਅਤੇ ਜਥੇ ਦੇ ਬਾਕੀ ਮੈਂਬਰ ਇਕ ਦੂਸਰੇ ਨੂੰ ਸਰਦਾਰ ਕਹਿਕੇ ਬੁਲਾਉਂਦੇ ਸਨ। ਜਥੇਦਾਰ ਅਤੇ ਸਰਦਾਰ ਲਕਬ ਦੀ ਦਿਸ਼ਾ ਸਿਖੀ ਦੇ ਮੂਲ਼ ਆਸ਼ੇ ਤੋਂ ਥੋੜ੍ਹੀ ਜਹੀ ਬਾਹਰ ਨੂੰ ਜਾਂਦੀ ਹੈ। ਗੁਰੁ ਸਾਹਿਬਾਂ ਦੇ ਸਮੇਂ ਜੰਗ ਵਿਚ ਜੂਝਣ ਵਾਲ਼ਿਆਂ ਲਈ ਵੀ ਅਤੇ ਜੰਗ ਵਿਚ ਪਾਣੀ ਪਿਲਾਉਣ ਵਾਲ਼ੇ ਲਈ ਵੀ ਭਾਈ ਅਤੇ ਬਾਬਾ ਲਕਬ ਹੀ ਵਰਤੇ ਜਾਂਦੇ ਰਹੇ ਹਨ। ਭਾਈ ਬਚਿਤਰ ਸਿੰਘ ਨਾਗਣੀ ਬਰਛੀ ਵਾਲੇ, ਪਾਣੀ ਦੀ ਸੇਵਾ ਕਰਨ ਵਾਲ਼ੇ ਭਾਈ ਘਨੱਈਆ ਜੀ ਅਤੇ ਖੰਡਾ ਵਾਹੁਣ ਵਾਲ਼ੇ ਬਾਬਾ ਦੀਪ ਸਿੰਘ ਜੀ। ਹੱਥ ਵਿਚ ਤਲਵਾਰ ਫੜਨ ਵਾਲ਼ੇ ਅਤੇ ਪਾਣੀ ਦੀ ਸੇਵਾ ਕਰਨ ਵਾਲ਼ੇ ਦੇ ਅੰਦਰਲੇ ਪ੍ਰਕਾਸ਼ ਦਾ ਸੁਭਾਉ ਅਤੇ ਮਿਸ਼ਨ, ਸਿਖੀ ਵਿਚ, ਇਕੋ ਹੀ ਹੈ। ਸਰਦਾਰ ਦਾ ਅਰਥ ਹੈ ਸਿਰ ਰੱਖਣ ਵਾਲ਼ਾ। ਪੰਜ ਪਿਆਰਿਆਂ ਨੇ ਸਿਰ ਦੇ ਕੇ ਸਿਖੀ ਧਾਰਣ ਕੀਤੀ ‐ "ਸਤਿਗੁਰ ਆਗੈ ਸੀਸੁ ਧਰੇਇ", "ਸਤਿਗੁਰ ਆਗੈ ਸੀਸੁ ਭੇਟ ਦੇਉ"। ਬਾਬਾ ਦੀਪ ਸਿੰਘ ਜੀ ਦੇ ਗੁਰਭਾਈ ਸਿੰਘ ਸਿਰਦਾਤੇ ਹਨ ਜਾਂ ਫਿਰ ਸਿਰਲੱਥ ਸੂਰਮੇ; ਦੇਹ ਰੱਖ ਜਾਂ ਸਿਰ ਰੱਖ ਨਹੀਂ। ਹੁਣ ਸਾਡੇ ਸਿਖ ਗੁਰੂ ਦੀ ਅਨੰਤ ਬਖ਼ਸ਼ਿਸ਼ ਨਾਲ਼ ਭਰਪੂਰ ਲਕਬ ਭਾਈ ਤੋਂ ਕਾਣਤ ਮੰਨਦੇ ਹਨ। ਸਰਦਾਰ ਜਾਂ ਜਥੇਦਾਰ ਸਦਵਾ ਕੇ ਵਧੇਰੇ ਖ਼ੁਸ਼ੀ ਮਹਿਸੂਸ ਕਰਦੇ ਹਨ। ਦਰਅਸਲ ਸਰਦਾਰ ਜਾ ਜਥੇਦਾਰ ਵਿਚੋਂ ਜ਼ਿਮੀਦਾਰੀ ਤੇ ਜਾਗੀਰਦਾਰੀ ਦੀ ਲਲ਼ਕ ਨੂੰ ਖ਼ੁਰਾਕ ਮਿਲ਼ਦੀ ਹੈ। ਅੰਗਰੇਜ਼ ਨੇ ਸਿਖੀ ਦੇ ਪ੍ਰਤਿਕੂਲ ਪਰ ਇਨਸਾਨੀ ਲਲ਼ਕ ਦੇ ਅਨਕੂਲ ਸਰਦਾਰ ਬਹਾਦਰ ਜਹੇ ਅਨੇਕ ਲਕਬ ਦੇ ਕੇ ਸਿਖਾਂ ਨੂੰ ਆਪਣੇ ਮੰਤਵ ਲਈ ਵਰਤਿਆ। ਗੁਰੂੁ ਸਾਹਿਬਾਂ ਦੀ ਚਲਾਈ ਰਵਾਇਤ ਦੇ ਵਿਪਰੀਤ ਅਸੀਂ ਜੋ ਕੁਝ ਵੀ ਅਪਣਾਇਆ ਉਸ ਦਾ ਹਸ਼ਰ ਸਭ ਦੇ ਸਾਹਮਣੇ ਹੈ। ਹੱਥ ਕੰਗਣ ਨੂੰ ਆਰਸੀ ਦੀ ਕੀ ਲੋੜ ਹੈ!

ਸੱਚ ਖੰਡ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਣੀ ਡਿਉੜੀ ‘ਤੇ ਬੇਰੀ ਦਾ ਰੁਖ ਹੈ। ਬੇਰ ਦੀ ਸਿਫ਼ਤ ਹੈ ਕਿ ਇਹ ਕੱਚਾ ਵੀ ਖੱਟਾ ਨਹੀਂ ਹੁੰਦਾ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਮਲੀ ਦਾ ਰੁਖ ਦੱਸਦਾ ਹੈ ਕਿ ਰਾਜਨੀਤੀ ਦਾ ਫਲ਼ ਹਰ ਸੂਰਤ ਵਿਚ ਖੱਟਾ ਹੈ। ਰਾਜਨੀਤਕ ਖਟਾਸ ਕਾਰਣ ਹੀ ਸਿੰਘ ਨਵਾਬੀਆਂ ਨੂੰ ਠੋਕਰਾਂ ਮਾਰਦੇ ਸਨ। ਪਰ ਇਸ ਖਟਾਸ ਨੂੰ, ਸਿੰਘਾਂ ਦੇ ਘੋੜਿਆਂ ਦੀ ਸੇਵਾ ਨਾਲ਼ ਮਿਠਾਸ ਵਿਚ ਬਦਲ ਲੈਣ ਦੀ ਸ਼ਰਤ ਨਾਲ਼ ਕਪੂਰ ਸਿੰਘ ਜੀ ਨੇ ਨਵਾਬੀ ਕਬੂਲ ਕੀਤੀ ਸੀ।

ਕੇਸਰ ਸਿੰਘ ਛਿਬਰ ਲਿਖਦੇ ਹਨ ਕਿ ਗੁਰੁ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੇ ਗੁਰੁ ਅੰਗਦ ਦੇਵ ਜੀ ਨੂੰ ਸਹਿਜ ਸੁਭਾਇ ਕੋੜ੍ਹੀ ਆਖ ਦਿਤਾ ਸੀ, ਜਿਸ ਕਰਕੇ ਗੁਰੂ ਸਾਹਿਬ ਦੇ ਪਿੰਡੇ ‘ਤੇ ਕੋੜ੍ਹ ਦੇ ਦਾਗ਼ ਨਿਕਲ਼ ਆਏ ਸਨ। ਇਕ ਦਿਨ ਇਸ਼ਨਾਨ ਕਰਾਉਂਦਿਆਂ ਗੁਰੂ ਅਮਰ ਦਾਸ ਜੀ ਨੇ ਦੇਖ ਕੇ ਦਾਗ਼ ਦਾ ਕਾਰਣ ਪੁਛ ਲਿਆ। ਗੁਰੁ ਅੰਗਦ ਦੇਵ ਜੀ ਨੇ ਆਖਿਆ:
ਬਚਨ ਕੀਤਾ ਇਹ ਦਾਗ਼ ਨਹੀਂ ਜਾਂਦਾ,

ਏਹੁ ਦਾਗ਼ ਹੈ ਗੁਰਾਂ ਦੀ ਕ੍ਰਿਪਾ ਦਾ।
ਅਮਰੇ ਕਹਿਆ ਜੀ ਗੁਰਾਂ ਏਹੋ ਕ੍ਰਿਪਾ ਕੀਤੀ,
ਬਚਨ ਕੀਤਾ ਜੋ ਉਨ੍ਹਾਂ ਦਿਤੀ ਅਸਾਂ ਸੋਈ ਲੀਤੀ।

ਸਿਖੀ ਵਿਚ ਕੋੜ੍ਹ ਦੇ ਦਾਗ਼ ਨੂੰ ਵੀ ਗੁਰੁ ਦੀ ਬਖ਼ਸ਼ਿਸ਼ ਮੰਨਣ ਦੀ ਰਵਾਇਤ ਹੈ। ਗੁਰੂ ਅਮਰ ਦਾਸ ਜੀ ਨੂੰ ਬੇਜੋੜ ਪ੍ਰੇਮਾ ਭਗਤੀ ਤੇ ਸੇਵਾ ਦੇ ਬਦਲੇ ਗੁਰੂ ਘਰ ਵਲੋਂ ਸਾਲ ਬਾਦ ਇਕ ਗਜ਼ ਖੱਦਰ ਮਿਲ਼ਦਾ ਸੀ, ਜਿਸ ਨੂੰ ਰੱਖਣ ਲਈ ਸੀਸ ਤੋਂ ਇਲਾਵਾ ਉਨ੍ਹਾਂ ਕੋਲ਼ ਕੋਈ ਥਾਂ ਨਹੀਂ ਸੀ। ਕਿਸੇ ਅਗੰਮੀ ਖ਼ੁਸ਼ੀ ਦੀ ਲੋਰ ਵਿਚ, ਹਰ ਸਾਲ ਉਸੇ ਦੇ ਉਪਰ ਹੀ ਨਵਾਂ ਸਿਰੋਪਾ ਵਲੇਟ ਲੈਂਦੇ ਸਨ। ਪ੍ਰੋ. ਪੂਰਨ ਸਿੰਘ ਜੀ ਲਿਖਦੇ ਹਨ "ਅਸੀਂ ਲੰਗਰਾਂ ਦੇ ਭੋਰਿਆਂ ‘ਤੇ ਵਾਰ ਦੇਈਏ ਪਾਤਸ਼ਾਹੀਆਂ"। ਅਸੀਂ ਉਨ੍ਹਾਂ ਦੀਆਂ ਮਹਾਨ ਬਖ਼ਸ਼ਿਸ਼ਾਂ ਨੂੰ ਵੀ ਨਿਗੂਣੀਆਂ ਸਮਝਣ ਲਗ ਪਏ ਹਾਂ। ਕਿਸੇ ਦੇ ਭਾਈ ਆਖ ਦੇਣ ‘ਤੇ ਅਸੀਂ ਲੋਹੇ ਲਾਖੇ ਹੋ ਜਾਂਦੇ ਹਾਂ, ਪਰ ਸਾਹਬ ਜਾਂ ਸਰ ਕਹਿਣ ‘ਤੇ ਫੁੱਲੇ ਨਹੀਂ ਸਮਾਉਂਦੇ। ਕਿਸੇ ਸੰਤ ਨੂੰ ਬਾਬਾ ਆਖਣਾ ਭੂੰਢਾਂ ਦਾ ਖੱਖਰ ਛੇੜਨ ਦੇ ਤੁੱਲ ਹੈ।

ਅਰਦਾਸ ਕਰੀਏ ਕਿ ਸਿਖ ਕੌਮ ਜਾਗ ਪਵੇ ਅਤੇ ਗੁਰੂ ਦੀਆਂ ਰਹਿਮਤਾਂ ਨਾਲ਼ ਉਹੀ ਪਿਆਰ ਸੁਰਜੀਤ ਹੋ ਜਾਵੇ ਤਾਂ ਜੁ ਸਿਖ ਇਥੇ ਉਥੇ ਦੋਹੀਂ ਜਹਾਨੀ ਸੁਰਖ਼ਰੂ ਹੋ ਸਕਣ।
ਪ੍ਰੋ. ਪੂਰਨ ਸਿੰਘ ਜੀ ਲਿਖਦੇ ਹਨ ਕਿ ਸੱਚੇ ਬੀਰ ਪੁਰਖ ਧੀਰ, ਗੰਭੀਰ ਤੇ ਆਜ਼ਾਦ ਹੁੰਦੇ ਹਨ। ਉਨ੍ਹਾਂ ਦੇ ਮਨ ਦੀ ਗੰਭੀਰਤਾ ਵਿਸ਼ਾਲ, ਡੂੰਘੀ, ਅਡੋਲ ਤੇ ਅਚਲ ਹੁੰਦੀ ਹੈ; ਉਹ ਚੰਚਲ ਨਹੀਂ ਹੁੰਦੇ। ਕੁੰਭਕਰਣ ਦੀ ਗੂੜ੍ਹੀ ਨੀਂਦ ਬੀਰਤਾ ਦਾ ਇਕ ਨਮੂਨਾ ਹੈ। ਬਹਾਦਰਾਂ ਦੀ ਨੀਂਦ ਸੁਖੈਨ ਨਹੀਂ ਖੁਲ੍ਹਦੀ। ਉਹ ਸਤੋਗੁਣ ਵਿਚ ਅਜੇਹੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਦੁਨੀਆਂ ਦੀ ਖ਼ਬਰ ਨਹੀਂ ਹੁੰਦੀ। ਉਹ ਸੰਸਾਰ ਦੇ ਸੱਚੇ ਪਰਉਪਕਾਰੀ ਹੁੰਦੇ ਹਨ। ਅਜੇਹੇ ਲੋਕ ਸੰਸਾਰ ਦਾ ਭਵਿਸ਼ ਆਪਣੀ ਪਲਕ ਦੀ ਝਮਕਣੀ ਨਾਲ਼ ਬਦਲ ਸਕਦੇ ਹਨ। ਜਦ ਇਹ ਸ਼ੇਰ, ਜਾਗ ਕੇ, ਗਰਜਦੇ ਹਨ ਤਾਂ ਸਦੀਆਂ ਬੱਧੀ, ਇਨ੍ਹਾਂ ਦੀ ਆਵਾਜ਼ ਦੀ ਗੂੰਜ ਸੁਣਾਈ ਦੇਂਦੀ ਰਹਿੰਦੀ ਹੈ। ਹੋਰ ਸਭ ਆਵਾਜ਼ਾਂ ਬੰਦ ਹੋ ਜਾਂਦੀਆਂ ਹਨ।

ਇਸ ਪਰਚੇ ਦਾ ਪ੍ਰਯੋਜਨ ਬੀਰਤਾ ਦੇ ਪੁੰਜ ਕੁੰਭਕਰਨ ਖ਼ਾਲਸਾ ਪੰਥ ਜੀ ਦੇ ਕੰਨਾ ਵਿਚ ਮਤਵਾਤਰ ਢੋਲ ਵਜਾਉਣਾ ਹੈ। ਸਾਨੂੰ ਪੂਰਣ ਵਿਸ਼ਵਾਸ਼ ਹੈ ਕਿ ਜਦ ਵੀ ਖ਼ਾਲਸਾ ਪੰਥ ਜਾਗ ਪਵੇਗਾ ਤਾਂ ਧਰਤੀ ‘ਤੇ ਫਿਰਦੇ ਆਪੂੰ ਬਣੇ ਚਿਟੇ ਰੱਬ ਅਤੇ ਖ਼ਾਲਸੇ ਦੇ ਭੇਖ ਵਿਚਲੇ ਫ਼ਸਲੀ ਅਤੇ ਨਸਲੀ ਬਟੇਰੇ ਉਡ ਜਾਣਗੇ। ਗੁਰਬਾਣੀ ਦਾ ਅਟੱਲ ਫ਼ੁਰਮਾਨ ਹੈ:
"ਪਰਤੀਤਿ ਹੀਐ ਆਈ ਜਿਨ ਜਨ ਕੈ ਤਿਨ੍‍ ਕਉ ਪਦਵੀ ਉਚ ਭਈ"