-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
"ਕਹੂੰ ਬੇਦ ਬਿੱਦਿਆ ਕਹੂੰ ਬਿਓਮ ਬਾਨੀ"
ਭਗਵਾਨ ਮਹਾਂਵੀਰ ਜੀ ਅਨੁਸਾਰ ਕਿਸੇ ਉਤੇ ਆਪਣੇ ਵਿਚਾਰ ਠੋਸਣੇ ਹਿੰਸਾ ਹੈ। ਇਸ ਕਰਕੇ ਵਿਦਵਾਨਾ ਅੱਗੇ ਮਸ਼ਵਰੇ ਦੇ ਰੂਪ ਵਿਚ ਹੀ ਵਿਚਾਰ ਪੇਸ਼ ਕਰਨੇ ਸ਼ੋਭਾ ਦਿੰਦੇ ਹਨ। ਵਿਚਾਰਾਂ ਵਿਚ ਗ਼ਲਤੀ ਅਤੇ ਭੁਲੇਖੇ ਦੀ ਗੁੰਜਾਇਸ਼ ਰੱਖਕੇ, ਸ਼ਾਇਦ ਦੀ ਸੁਰ ਲਾਹੇਵੰਦ ਰਹਿੰਦੀ ਹੈ। ਇਸ ਮਨਸ਼ਾ ਨਾਲ਼, ਮਸ਼ਵਰੇ ਦੇ ਰੂਪ ਵਿਚ ਹੀ, ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ, ਤਾਂ ਜੋ ਵਿਦਵਾਨਾ ਦੀ ਪ੍ਰੋਢ ਨਜ਼ਰ ਦੀ ਪਰਖ ਨਿਰਖ ਵਿਚੋਂ ਲੰਘ ਕੇ ਕੋਈ ਸੁਨਿਸ਼ਚਿਤ ਰਸਤਾ ਅਖ਼ਤਿਆਰ ਕਰ ਸਕਣ।
‘ਬੇਦ ਬਿਦਿਆ’ ਉਹ ਗਿਆਨ ਹੈ ਜੋ ਮਨ ਦੇ ਵਹਿਣ ਵਿਚ ਤਰੰਗ ਰੂਪ ਵਿਚ ਪ੍ਰਗਟ ਹੁੰਦਾ ਹੈ। ‘ਬਿਓਮ ਬਾਨੀ’ ਉਹ ਵਸਤੂ ਹੈ ਜੋ ਪਾਰਬ੍ਰਹਮ ਦੇ ਅਗਮ ਦੇਸ ਤੋਂ ਆਈ ਅਕਾਸ਼ ਬਾਣੀ ਹੈ। ਗੁਰਬਾਣੀ ਦੇ ਵਸਤੂ ਬਾਬਤ ਵਿਦਵਾਨਾ ਵਿਚ ਅਨੇਕ ਮੱਤ ਪ੍ਰਚਲਤ ਹਨ। ਆਉ ਰਤਾ ਗਹੁ ਨਾਲ਼ ਦੇਖੀਏ ਕਿ ਅਸਲ ਵਿਚ ਬਾਣੀ ਕੀ ਹੈ? ਮਨ ਦੀ ਉਪਜ ਹੈ ਕਿ ਧੁਰੋਂ ਆਈ ਰੱਬੀ ‘ਵੱਥ’ ਹੈ!
ਸਾਨੂੰ ਮਾਣ ਹੈ ਕਿ ਸੰਸਾਰ ਵਿਚ ਸਭ ਤੋਂ ਪਹਿਲੀ ਵਿਆਕਰਣ ਅਸ਼ਟਾਧਿਆਏ ਦੀ ਰਚਨਾ ਭਾਰਤ ਵਿਚ ਹੋਈ। ਨਿਰੁਕਤ ਦੇ ਤਿੰਨ ਰੂਪ ਨੈਘੰਟਕ, ਨੈਗਮ ਅਤੇ ਦੈਵਤ ਇੱਥੇ ਹੀ ਰਚੇ ਗਏ। ਭਾਰਤ ਦੇ ਪ੍ਰਾਚੀਨ ਕਾਲ ਵਿਚ ਵਿਆਕਰਣ ਤੇ ਨਿਰੁਕਤ ਰਚਨਾ ਦੀ ਰੁਚੀ ਪ੍ਰਬਲ ਰਹੀ। ਸਾਡੀ ਆਦਿ ਭਾਸ਼ਾ ਦਾ ਵਿਕਾਸ ਅਤੇ ਵਿਗਾਸ ਸਹਿਜ ਅਤੇ ਕੁਦਰਤੀ ਰੂਪ ਵਿਚ ਜਾਰੀ ਰਿਹਾ; ਇਹ ਅਪਭ੍ਰੰਸ਼ਾਂ ਤੇ ਪ੍ਰਾਕਿਰਤਾਂ ਵਿਚੋਂ ਹੁੰਦੀ ਹੋਈ ਵਿਸ਼ਾਲ ਭਾਰਤ ਦੇ ਅਲੱਗ ਅਲੱਗ ਖੇਤਰਾਂ ਅਤੇ ਲੋਕ ਸਮੂਹਾਂ ਦਰਮਿਆਨ ਕਈ ਰੂਪਾਂ ‘ਚ ਵਿਭਾਜਤ ਹੋ ਗਈ। ਫਿਰ ਪਤਾ ਨਹੀਂ ਕਿਉਂ ਸਹਿਜੇ ਸਹਿਜੇ ਭਾਰਤੀ ਮਾਨਸਿਕਤਾ ਵਿਚੋਂ ਵਿਅਕਰਣ ਦੀ ਰੁਚੀ ਦਾ ਅਭਾਵ ਹੋ ਗਿਆ।
ਅੰਗਰੇਜ਼ੀ ਹਕੂਮਤ ਸਮੇਂ, ਅੰਗਰੇਜ਼ ਵਿਦਵਾਨਾਂ ਨੇ, ਅੰਗਰੇਜ਼ ਅਫ਼ਸਰਾਂ ਨੂੰ, ਕੁਸ਼ਲਤਾ ਪੂਰਬਕ ਪ੍ਰਸ਼ਾਸ਼ਨ ਚਲਾਉਣ ਖ਼ਾਤਰ, ਪੰਜਾਬੀ ਸਿਖਾਉਣ ਲਈ, ਅੰਗਰੇਜ਼ੀ ਭਾਸ਼ਾ ਵਿਚ, ਪੰਜਾਬੀ ਦੇ ਵਿਆਕਰਣ ਲਿਖੇ। ਸੰਨ 1812 ਈਸਵੀ ਨੂੰ, ਅੰਗਰੇਜ਼ੀ ਵਿਚ, ਪੰਜਾਬੀ ਦਾ ਪਹਿਲਾ ਵਿਆਕਰਣ ਹੋਂਦ ਵਿਚ ਆਇਆ। ਉਪਰੰਤ ਇਸ ਤਰਜ਼ ਦੇ ਕਈ ਹੋਰ ਪੰਜਾਬੀ ਦੇ ਵਿਆਕਰਣ ਲਿਖੇ ਗਏ। ਕਿਉਂਕਿ ਇਹ ਵਿਆਕਰਣ ਮੁਖ ਰੂਪ ਵਿਚ, ਅੰਗਰੇਜ਼ਾਂ ਵਲੋਂ, ਅੰਗਰੇਜ਼ਾਂ ਲਈ ਲਿਖੇ ਗਏ ਸਨ, ਇਸ ਕਰਕੇ ਇਹਨਾਂ ਦੇ ਮੂਲ਼ ਸੰਬੋਧ, ਪਰਿਭਾਸ਼ਕ ਸ਼ਬਦਾਵਲੀ ਤੇ ਸੰਕੇਤਾਵਲੀ ਅੰਗਰੇਜ਼ੀ ਭਾਸ਼ਾ ਵਾਲ਼ੀ ਹੀ ਵਰਤੀ ਗਈ।
1867 ਈਸਵੀ ਵਿਚ ਬਿਹਾਰੀ ਲਾਲ ਪੁਰੀ ਨੇ ਪਹਿਲੀ ਵਾਰ, ਪੰਜਾਬੀ ਵਿਚ, ਪੰਜਾਬੀ ਦਾ ਵਿਆਕਰਣ ਲਿਖਿਆ। ਲੇਕਿਨ ਇਸ ਵਿਆਕਰਣ ਨੂੰ ਸੰਸਕ੍ਰਿਤ ਵਿਆਕਰਣ ਦੇ ਨੁਕਤਾ ਨਿਗਾਹ ਤੋਂ ਲਿਖਿਆ ਗਿਆ। ਫਿਰ ਪੰਜਾਬੀ ਭਾਸ਼ਾ ਵਿਚ ਪੰਜਾਬੀ ਦੇ ਵਿਆਕਰਣ ਲਿਖਣ ਦਾ ਰੁਝਾਨ ਜ਼ਰੂਰ ਵਧਿਆ, ਪਰ ਇਹ ਸਾਰੇ ਵਿਆਕਰਣ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਰਲ਼ੇ ਮਿਲ਼ੇ ਪ੍ਰਭਾਵ ਅਧੀਨ ਲਿਖੇ ਗਏ। ਜਿਵੇਂ ਜਿਵੇਂ ਅਸੀਂ ਹਰ ਖੇਤਰ ਵਿਚ ਤਥਾ ਕਥਿਤ ਤਰੱਕੀ ਕੀਤੀ ਹੈ, ਅਨੇਕ ਯੂਨੀਵਰਸਟੀਆਂ ਖੁਲ ਗਈਆਂ ਹਨ, ਪਿੰਡਾਂ ਤੇ ਸ਼ਹਿਰਾਂ ਵਿਚ ਕਾਲਜਾਂ ਦੀ ਗਿਣਤੀ ਦੂਣੀ ਚੌਣੀ ਹੋ ਗਈ ਹੈ, ਪਰ ਸਾਡੀ ਪੜ੍ਹਾਈ ਲਿਖਾਈ ਦਾ ਪੱਧਰ ਤੇਜ਼ੀ ਨਾਲ਼ ਹੇਠਾਂ ਵੱਲ ਜਾ ਰਿਹਾ ਹੈ। ਅਧਿਆਪਨ ਵਿਚੋਂ ਸੇਵਾ ਭਾਵਨਾ ਅਤੇ ਨਿਸ਼ਕਾਮ ਰੁਚੀ ਸਮਾਪਤ ਹੋ ਗਈ ਹੈ। ਵਿਦਵਤਾ ਵਾਲ਼ੀ ਗੰਭੀਰ ਕਿਸਮ ਦੀ ਪੜ੍ਹਾਈ ਲਿਖਾਈ ਨੂੰ ਫ਼ਜ਼ੂਲ ਕਿਸਮ ਦਾ ਰੁਝਾਨ ਸਮਝਿਆ ਜਾਂਦਾ ਹੈ। ਕਮਾਈ ਦੇ ਨੁਕਤੇ ਤੋਂ ਪੜ੍ਹਾਈ ਲਿਖਾਈ ਦੇ ਬੁਨਿਆਦੀ ਰੁਝਾਨ ਨਿਗੂਣੇ ਹੋ ਗਏ ਹਨ। ਹੁਣ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ ਕਿ ਕਦੀ ਨਿਰੋਲ ਪੰਜਾਬੀ ਆਤਮਾਂ ਅਨੁਸਾਰ ਵਿਆਕਰਣ ਲਿਖੀ ਜਾਵੇ।
ਸੰਸਾਰ ਭਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਤੇ ਅਧਿਆਪਨ ਦਾ ਕਾਰਜ ਕਾਫ਼ੀ ਦਿਲਚਸਪੀ ਦਾ ਵਿਸ਼ਾ ਹੈ। ਗੁਰੂ ਸਾਹਿਬਾਨ ਦੇ ਸਮੇਂ ਤੋਂ ਗੁਰਬਾਣੀ ਦਾ ਪਾਠ ਅਤੇ ਇਸ ਦੀ ਵਿਆਖਿਆ ਰਵਾਇਤੀ ਢੰਗ ਅਨੁਸਾਰ ਕੀਤੀ ਜਾਂਦੀ ਸੀ। ਪਰ ਸਿੰਘ ਸਭਾ ਲਹਿਰ ਸਮੇਂ ਸਿੱਖ ਵਿਦਵਾਨਾਂ ਦੇ ਮਨਾਂ ਵਿਚ ਵੀ ਵਿਆਕਰਣ ਦਾ ਖ਼ਿਆਲ ਜਾਗਿਆ। ਉਨ੍ਹਾਂ ਪੱਛਮੀ ਪ੍ਰਭਾਵ ਅਧੀਨ ਆਪਣੇ ਵਿਰਸੇ ਨੂੰ ਰਵਾਇਤ ਤੋਂ ਹਟ ਕੇ ਦੇਖਣ ਦੀ ਪਿਰਤ ਪਾਈ। ਦੇਖਾ ਦੇਖੀ ਇਹ ਪਿਰਤ ਬੇਹੱਦ ਪ੍ਰਬਲ ਹੋ ਗਈ।
ਸਿਰਦਾਰ ਕਪੂਰ ਸਿੰਘ ਆਪਣੇ ਇਕ ਲੇਖ ‘ਦਾ ਪ੍ਰੋਜੈਨਿਟਰ ਅੱਫ ਪੰਜਾਬੀ ਪੋਇਟਰੀ’ ਵਿਚ ਦੱਸਦੇ ਹਨ ਕਿ ਲੰਬੇ ਸਮੇਂ ਤੱਕ ਮੁਗਲ ਰਾਜ ਦਾ ਕੇਂਦਰ ਰਹਿਣ ਕਰਕੇ ਦਿੱਲੀ ਅਤੇ ਮੇਹਰਟ ਦੇ ਆਸ ਪਾਸ ਪ੍ਰਚਲਤ ਖੜੀ ਬੋਲੀ ਇਕ ਤਰਾਂ ਨਾਲ਼ ਸੰਪਰਕ ਭਾਸ਼ਾ ਵਜੋਂ ਮਕਬੂਲ ਹੋਣੀ ਸ਼ੁਰੂ ਹੋ ਗਈ। ਬੇਰੋਕ ਅਤੇ ਜ਼ੋਰਦਾਰ ਇਸਲਾਮੀ ਮੁਸਲਮਾਨੀ ਪ੍ਰਭਾਵ ਸਦਕਾ ਇਸ ਵਿਚ ਅਰਬੀ, ਫ਼ਾਰਸੀ, ਰਾਜਸਥਾਨੀ ਅਤੇ ਪੰਜਾਬੀ ਸ਼ਬਦਾਬਲੀ ਦੀ ਭਰਮਾਰ ਹੋ ਗਈ। ਸ਼ਾਹੀ ਲਸ਼ਕਰ ਦਰਮਿਆਨ ਇਹ ਬੋਲੀ ਵਧੇਰੇ ਪ੍ਰਚੱਲਤ ਹੋਣ ਕਰਕੇ ਇਸ ਦਾ ਨਾਂ ਹੀ ਉਰਦੂ (ਲਸ਼ਕਰ) ਪੈ ਗਿਆ। ਕੋਈ ਸਵਾ ਕੁ ਸੌ ਸਾਲ ਪਹਿਲਾਂ ਕਲਕੱਤੇ ਦੇ ਫੋਰਟ ਵਿਲੀਅਮ ਕਾਲਜ ਦੇ ਇਕ ਪੰਡਤ ਲਾਲੂ ਜੀ ਲਾਲ ਨੇ ਇਸ ਬੋਲੀ ਨੂੰ ਨਿਤਾਰ ਕੇ ਅਤੇ ਇਸ ਵਿਚੋਂ ਅਰਬੀ ਫ਼ਾਰਸੀ ਦੀ ਸ਼ਬਦਾਬਲੀ ਨੂੰ ਖ਼ਾਰਜ ਕਰ ਕੇ ਅੱਜ ਦੀ ਰਾਜਕੀ ਹਿੰਦੀ ਦਾ ਪ੍ਰਚਲਣ ਕੀਤਾ। ਐਨ੍ਹ ਉਸੇ ਤਰਾਂ ਜਿਵੇਂ ਕੋਈ ਚਾਰ ਹਜ਼ਾਰ ਸਾਲ ਪਹਿਲਾਂ ਮਹਾਂ ਪੰਡਤ ਪਾਣਿਨੀ ਨੇ ਭਾਸ਼ਾ ਦੇ ਵਿਗਾਸ ਲਈ ਲੁੜੀਂਦੇ, ਦਿਹਾਤੀ ਆਬੋ ਹਵਾ ਵਾਲ਼ੀ ਪਹਿਲ ਤਾਜ਼ਗੀ ਨਾਲ਼ ਭਰਪੂਰ, ਜ਼ਰਖ਼ੇਜ਼ ਅਤੇ ਪੌਸ਼ਟਿਕ ਪ੍ਰਕਿਰਤਕ ਭਾਸ਼ਾਈ ਤੱਤਾਂ ਨੂੰ, ਜਰਾਸੀਮ ਨੁਮਾ ਗ੍ਰਾਮੀਣ ਦੋਸ਼ ਜਾਣ ਕੇ, ਨਸ਼ਟ ਕਰ ਦਿੱਤਾ ਸੀ ਅਤੇ ਪ੍ਰਕ੍ਰਿਤਾਂ ਦੀ ਧੋ ਮਾਂਜ ਅਤੇ ਪੁਣ ਛਾਣ ਕਰਕੇ ਸੰਸਕ੍ਰਿਤ ਦੀ ਰਚਨਾ ਕੀਤੀ ਸੀ। ਇੰਨ ਬਿੰਨ ਇਸੇ ਤਰਾਂ ਦੀ ਹੀ ਕਿਸੇ ਪ੍ਰਾਚੀਨ ਪੰਡਤਾਊ ਬਿਰਤੀ ਕਾਰਣ ਅਤੇ ਕੁਝ ਤਾਜ਼ੇ ਤਾਜ਼ੇ ਸਿੰਘ ਸਭਾਈ ਝੁਕਾ ਅਧੀਨ ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਦੇ ਅਰਥਾਂ ਦੀ ਸ਼ੁੱਧੀ ਹਿਤ ਗੁਰਬਾਣੀ ਵਿਆਕਰਣ ਦੀ ਰਚਨਾ ਕੀਤੀ। ਗੁਰਬਾਣੀ ਦੇ ਸ਼ਬਦ ਜੋੜਾਂ ਵਿਚ ਕਿਸੇ ਪ੍ਰਕਾਰ ਦੀ ਫੇਰ ਬਦਲ ਕਰਨ ਦੀ ਰਵਾਇਤ ਨਾ ਹੋਣ ਅਤੇ ਅਜਿਹਾ ਕਰਨ ਦੀ ਸਖ਼ਤ ਮਨਾਹੀ ਹੋਣ ਕਾਰਣ ਉਨ੍ਹਾਂ ਅਣਗਿਣਤ ਮਨੋਨੀਤ ਬਿੰਦੀਆਂ ਅੱਧਕਾਂ ਦਾ ਪ੍ਰਯੋਗ ਅਤੇ ਔਂਕੜਾਂ ਸਿਹਾਰੀਆਂ ਦੀ ਅਣਦੇਖੀ ਕਰ ਕੇ "ਸ਼ੁੱਧ" ਗੁਰਬਾਣੀ ਉਚਾਰਣ ਲਈ ਕਈ ਫਾਰਮੂਲੇ ਪੇਸ਼ ਕੀਤੇ। ਫਲਸਰੂਪ ਇਕ ਜਥੇਬੰਦੀ ਨੇ ਇਸ ਪੰਡਤਾਊ ਸ਼ੁੱਧੀ ਕਰਣ ਨੂੰ ਧਰਮ ਪ੍ਰਚਾਰ ਦਾ ਪਰਮ ਮਨੋਰਥ ਬਣਾ ਲਿਆ। ਸਿਖ ਜੋੜ ਮੇਲਿਆਂ ਅਤੇ ਗੁਰਪੁਰਬਾਂ ਸਮੇਂ ਲਗਦੇ ਬੁੱਕ ਸਟਾਲਾਂ ‘ਤੇ ਵਿਕਦੇ ‘ਸ਼ੁੱਧ ਗੁਰਬਾਣੀ ਉਚਾਰਣ’ ਦੇ ਨੁਸਖਿਆਂ ਦਾ ਪਿਛੋਕੜ ਇਹੋ ਹੈ।
ਪ੍ਰੋ. ਸਾਹਿਬ ਸਿੰਘ ਜੀ ਜਦੋਂ ਗੁਰਬਾਣੀ ਦਾ ਪਾਠ ਕਰਦੇ ਸਨ ਤਾਂ ਗੁਰਬਾਣੀ ਵਿਚ ਇਕ ਸ਼ਬਦ ਦੇ ਕਈ ਕਈ ਸ਼ਬਦ ਜੋੜਾਂ ਅਤੇ ਖ਼ਾਸ ਕਰਕੇ ਗੁਰੂ ਸਾਹਿਬ ਦੇ ਨਾਂ ਨੂੰ ਕਈ ਤਰੀਕਿਆਂ ਨਾਲ਼ ਲਿਖਿਆ ਦੇਖ ਕੇ ਪਰੇਸ਼ਾਨੀ ਦੀ ਹੱਦ ਤੱਕ ਹੈਰਾਨ ਹੁੰਦੇ ਸਨ। ਉਨ੍ਹਾਂ ਦੀ ਖੋਜੀ ਬਿਰਤੀ ਸਿਰਫ਼ ਪਸ਼ੇਮਾਨੀ ਤੱਕ ਸੀਮਤ ਨਾ ਰਹਿ ਸਕੀ; ਉਨ੍ਹਾਂ ਵੱਖੋ ਵੱਖਰੇ ਸ਼ਬਦ ਜੋੜਾਂ ਦੀਆਂ ਬਰੀਕੀਆਂ ਨੂੰ ਖੋਖਣਾ ਸ਼ੁਰੂ ਕੀਤਾ। ਸੰਸਕ੍ਰਿਤ ਦਾ ਅੱਛਾ ਗਿਆਨ ਉਨ੍ਹਾਂ ਨੂੰ ਸੀ, ਪਰ ਅਰਬੀ ਫ਼ਾਰਸੀ ਅਤੇ ਅੰਗਰੇਜ਼ੀ ਦਾ ਗਿਆਨ ਆਮ ਸੂਝ ਬੂਝ ਦੇ ਨੇੜੇ ਤੇੜੇ ਹੀ ਸੀ। ਉਹ ਪੱਛਮੀ ਵਿਦਿਆ ਪ੍ਰਣਾਲੀਆਂ, ਫ਼ਲਸਫ਼ੇ ਦੇ ਗੂੜ੍ਹ ਰਹੱਸਾਂ ਅਤੇ ਇਤਿਹਾਸ ਦੀਆਂ ਮਹੀਨ ਪਰਤਾਂ ਤੋਂ ਕੁਛ ਹੱਦ ਤੱਕ ਹੀ ਵਾਕਫ਼ ਸਨ; ਉਂਜ ਤੀਖਣ ਬੁਧੀ ਦੇ ਮਾਲਕ, ਪੁਜ ਕੇ ਮਿਹਨਤੀ, ਸਿਰੜੀ ਅਤੇ ਇਮਾਨਦਾਰ ਵਿਆਕਤੀ ਸਨ। ਉਨ੍ਹਾਂ ਦੇ ਸਮਕਾਲੀਆਂ ਦੀਆਂ ਲਿਖਤਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਪ੍ਰੋ. ਸਾਹਿਬ ਸਿੰਘ ਜੀ ਦੀ ਮਨੋਬਿਰਤੀ ‘ਤੇ ਮਾਰਕਸੀ ਵਿਚਾਰਾਂ ਦਾ ਪ੍ਰਭਾਵ ਵੀ ਸੀ। ਹੋ ਸਕਦਾ ਹੈ, ਉਨ੍ਹਾਂ ਦੀ ਸਵੈ ਜੀਵਨੀ ‘ਚੋਂ ਝਲਕਦੀ, ਆਰਥਕ ਤੰਗੀ ਨੇ ਵੀ ਉਨ੍ਹਾਂ ਦੇ ਇਸ ਪ੍ਰਭਾਵ ਨੂੰ ਤੀਖਣ ਕੀਤਾ ਹੋਵੇ। ਕਾਰਲ ਮਾਰਕਸ ਦੇ ਜੀਵਨ ‘ਤੇ ਉਨ੍ਹਾਂ ਇਕ ਲੇਖ ਵੀ ਲਿਖਿਆ ਸੀ। ਉਹ ਸਿਖ ਧਰਮ ਦੀ ਕਿਸੇ ਵੀ ਰਵਾਇਤ ਨੂੰ ਸੁਤੇ ਸਿਧ ਨਹੀਂ ਸਨ ਕਬੂਲਦੇ। ਹਰੇਕ ਰਵਾਇਤ ਅਤੇ ਤੱਥ ਨੂੰ ਆਪਣੀ ਸਿਰਜੀ ਤਰਕ ਕਸਵਟੀ ‘ਤੇ ਪਰਖਦੇ ਸਨ ਅਤੇ ਜਿਹੜੀ ਉਨ੍ਹਾਂ ਮੂਜਬ ਖਰੀ ਸਾਬਤ ਨਹੀਂ ਸੀ ਹੁੰਦੀ, ਉਸ ਨੂੰ ਰੱਦ ਕਰ ਦਿੰਦੇ ਸਨ। ਉਨ੍ਹਾਂ ਨੇ ਜਿਸ ਤੱਥ ਦੀ ਵੀ ਪੁਣ ਛਾਣ ਜਾਂ ਅੰਗ ਨਖੇੜ ਕੀਤਾ, ਉਨ੍ਹਾਂ ਦੇ ਅੰਦਾਜ਼ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਮੁਤਾਬਕ ਕੋਈ ਵੀ ਤੱਥ ਇਲਾਹੀ ਜਾ ਰੱਬੀ ਨਹੀਂ ਸੀ। ਉਨ੍ਹਾਂ ਹਰ ਤੱਥ ਨੂੰ ਇਨਸਾਨੀ ਮੰਨ ਕੇ ਉਸਦਾ ਇਨਸਾਨੀ ਨੁਕਤੇ ਤੋਂ ਹੀ ਮੁਤਾਲਿਆ ਅਤੇ ਵਿਸ਼ਲੇਸ਼ਣ ਕੀਤਾ। ਜਿੱਥੇ ਕਿਤੇ ਵੀ ਉਨ੍ਹਾਂ ਨੂੰ ਕਿਸੇ ਕਰਾਮਾਤ ਜਹੀ ਸ਼ੈ ਦੀ ਭਿਣਕ ਪਈ, ਉਹ ਉਨ੍ਹਾਂ ਮੁਢੋਂ ਸੁਢੋਂ ਰੱਦ ਕਰ ਦਿੱਤੀ। ਉਨ੍ਹਾਂ ਆਪਣੀਆਂ ਕੁਲ ਲਿਖਤਾਂ ਵਿਚ ਸਿਰਫ਼ ਇਕ ਥਾਂ, ਸਵੈ ਜੀਵਨੀ ਵਿਚ, ਆਪਣੀ ਇਸ ਮਨੋ ਬਿਰਤੀ ਨੂੰ ਲਾਂਭੇ ਕੀਤਾ, ਤੇ ਉਥੇ ਹੀ ਸੱਪ ਲੜਨ ‘ਤੇ ਜ਼ਹਿਰ ਉਤਾਰਨ ਦਾ ਟੋਟਕਾ ਲਿਖ ਦਿੱਤਾ। ਉਨ੍ਹਾਂ ਦੀ ਸ਼ੰਕਾਲੂ ਅਤੇ ਤਰਕਸ਼ੀਲ ਬਿਰਤੀ ਨੇ ਗੁਰੂ ਸਾਹਿਬਾਨ ਨੂੰ ਇਨਸਾਨੀ ਧਰਾਤਲ ‘ਤੇ ਲਿਆ ਖੜੇ ਕਰ ਦਿਤਾ। ਉਹ ਜਪੁਜੀ ਸਾਹਿਬ ਦੇ ਸਟੀਕ ਵਿਚ "ਕੇਤੇ ਲੈ ਲੈ ਮੁਕਰੁ ਪਾਹਿ" ਵਿਚਲੇ ਸ਼ਬਦ "ਮੁਕਰੁ" ਦੇ ਔਂਕੜ ਨੂੰ ਆਪਣੀ ਵਿਆਕਰਣ ਅਨੁਸਾਰ ਗ਼ਲਤ ਦਸਦੇ ਹਨ ਕਿ "ਇਹ ਸ਼ਬਦ ਰਾਰੇ ਨੂੰ ਸਿਹਾਰੀ ਨਾਲ਼ ਠੀਕ ਢੁਕਦਾ ਹੈ"।
ਉਨ੍ਹਾਂ ਦੀਆਂ ਲਿਖਤਾਂ, ਆਦਿ ਬੀੜ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਦਰਪਣ ਵਿਚਲੀ ਸਮੁੱਚੀ ਸਮੱਗਰੀ ਅਤੇ ਇਸਦੇ ਅੰਦਾਜ਼ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਗੁਰਬਾਣੀ ਨੂੰ ਧੁਰ ਕੀ ਬਾਣੀ ਨਹੀਂ ਕਬੂਲਦੇ ਸਨ, ਸਗੋਂ, ਜਿਵੇਂ ਕਵੀ ਲੋਕ ਦਿਮਾਗ਼ੀ ਜ਼ੋਰ (ਕੋਜੀਟੇਸ਼ਨ) ਨਾਲ਼ ਜਾ ਜਜ਼ਬਾਤੀ ਰੌਂ ਵਿਚ ਕਵਿਤਾ ਰਚਦੇ ਹਨ ਅਤੇ ਫਿਰ ਉਸ ਦੀ ਸੋਧ ਸੁਧਾਈ ਅਤੇ ਕਾਂਟ ਸ਼ਾਂਟ ਕਰਕੇ ਲਿਖ ਕੇ ਸਾਂਭ ਸਾਂਭ ਰਖਦੇ ਹਨ, ਗੁਰੂ ਸਾਹਿਬਾਨ ਵੀ ਇਵੇਂ ਹੀ ਬਾਣੀ ਰਚਦੇ ਅਤੇ ਰੱਖਦੇ ਸਨ। ਪ੍ਰੋ. ਸਾਹਿਬ ਸਿੰਘ ਜੀ ਨੇ ਕਠਨ ਤਪੱਸਿਆ ਦੀ ਤਰਾਂ ਗੁਰਬਾਣੀ ਦੇ ਸ਼ਬਦ ਜੋੜਾਂ ਵਿਚ ਸ਼ਬਦਾਂ ਦੇ ਅੰਤ ਵਿਚ ਔਂਕੜਾਂ ਅਤੇ ਸਿਹਾਰੀਆਂ ਦੀ ਪੁਣ ਛਾਣ ਕਰਕੇ ਗੁਰਬਾਣੀ ਦੇ ਵਿਆਕਰਣ ਦੀ ਖੋਜ ਕੀਤੀ। ਗੁਰਬਾਣੀ ‘ਤੇ ਵਿਆਕਰਣ ਦੀ ਸਖ਼ਤ ਨੇਮ ਬੰਦੀ ਲਾਗੂ ਕਰਕੇ ਉਸ ਦਾ ਟੀਕਾ ਤਿਆਰ ਕੀਤਾ। ਇਸ ਵਿਆਕਰਣਕ ਨੇਮ ਬੰਦੀ ਨਾਲ਼ ਉਨ੍ਹਾਂ ਨੇ ਰਵਾਇਤ ਦੇ ਵਿਪਰੀਤ ਅਨੇਕ ਵਿਸਰਾਮ ਲਗਾਏ ਅਤੇ ਅਰਥਾਂ ਵਿਚ ਤਬਦੀਲੀ ਕੀਤੀ। ਉਨ੍ਹਾਂ ਦੇ ਸਮੱਚੇ ਕਾਰਜ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਜੋ ਉਨ੍ਹਾਂ ਸਗਲੀ ਬਾਣੀ ਦੇ, ਵਿਆਕਰਣ ਅਨੁਸਾਰ, ਇਕ ਅਤੇ ਕੇਵਲ ਇਕ ਅਰਥ ਕਰਨ ‘ਤੇ ਜ਼ੋਰ ਦਿਤਾ। ਉਨ੍ਹਾਂ ਦਾ ਖ਼ਾਸ ਸੁਝਾ ਇਹ ਵੀ ਸੀ ਕਿ ਜਿਨ੍ਹਾਂ ਸ਼ਬਦਾਂ ਦੇ ਉਚਾਰਣ ਅਸੀਂ ਅੱਜ ਕਲ ਬਿੰਦੀ ਲਗਾ ਕੇ ਕਰਦੇ ਹਾਂ, ਪਰ ਗੁਰੂੁ ਗ੍ਰੰਥ ਸਾਹਿਬ ਵਿਚ ਜਿਨ੍ਹਾਂ ‘ਤੇ ਬਿੰਦੀ ਨਹੀਂ ਲਗੀ, ਉਨ੍ਹਾਂ ਦੇ ਉਚਾਰਣ, ਹੁਣ ਦੇ ਉਚਾਰਣ ਦੀ ਤਰਾਂ, ਬਿੰਦੀ ਲਗਾ ਕੇ ਕਰਨੇ ਜ਼ਰੂਰੀ ਹਨ; ਅਤੇ ਜਿਹੜੇ ਅਰਬੀ ਫ਼ਾਰਸੀ ਅਤੇ ਸੰਸਕ੍ਰਿਤ ਦੇ ਸ਼ਬਦ ਗੁਰਬਾਣੀ ਵਿਚ ਵਰਤੇ ਗਏ ਹਨ, ਅਤੇ ਜਿਨ੍ਹਾਂ ਦਾ ਉਚਾਰਣ ਹੁਣ ਪੈਰਾਂ ਹੇਠ ਬਿੰਦੀ ਲਗਾ ਕੇ ਕੀਤਾ ਜਾਂਦਾ ਹੈ, ਗੁਰਬਾਣੀ ਵਿਚ ਵੀ ਉਨ੍ਹਾਂ ਦੇ ਉਚਾਰਣ ਪੈਰਾਂ ਹੇਠ ਬਿੰਦੀ ਸਮੇਤ ਕਰਨੇ ਜ਼ਰੂਰੀ ਹਨ।
ਗੁਰਬਾਣੀ ਦੇ ਲਿਖਤ ਵਿਚ ਆਉਣ ਬਾਬਤ ਤਮਾਮ ਰਵਾਇਤਾਂ ਅਤੇ ਇਤਿਹਾਸ ਨੂੰ ਵੀ ਉਹ ਰੱਦ ਕਰਦੇ ਹਨ। ਉਹ ਲਿਖਦੇ ਹਨ, "ਗੁਰੂੁ ਨਾਨਕ ਪਾਤਸ਼ਾਹ ਜੀ ਦੇ ਸਮੇਂ ਕਾਗ਼ਜ਼ ਕਲਮ ਸ਼ਿਆਹੀ ਦੀ ਕੋਈ ਥੁੜ ਨਹੀਂ ਸੀ। ਆਪਣੇ ਸ਼ਬਦਾਂ ਨੂੰ ਆਪਣੇ ਪਾਸ ਲਿਖ ਕੇ ਰਖੀ ਜਾਣਾ ਹੀ ਇਕੋ ਇਕ ਤਰੀਕਾ ਸੀ, ਜਿਸ ਨਾਲ਼ ਉਨ੍ਹਾਂ ਦੀ ਬੱਝੀ ਹੋਈ ਸਾਖੀ ‘ਸਾਝੀ ਸਗਲ ਜਹਾਨੇ’ ਹੋ ਸਕੇ"।
ਪਰ, ਇਸ ਦੇ ਵਿਪ੍ਰੀਤ, ਅਸੀਂ ਦੇਖਦੇ ਹਾਂ ਕਿ ਕਿਤੇ ਵੀ ਰੱਬੀ ਬਾਣੀ ਦਾ ਉਤਾਰਾ ਤੇ ਸਾਂਭ ਸੰਭਾਲ਼ ਕਵੀਆਂ ਦੀ ਕਿਰਤ ਵਾਂਗ ਨਹੀਂ ਹੋਈ। ਰੱਬੀ ਬਾਣੀ ਦੇ ਪ੍ਰਗਟ ਹੋਣ ਦੇ ਅੰਦਾਜ਼ ਹੈਰਤ ਅੰਗੇਜ਼ ਹਨ। ਜਿਵੇਂ ਕੁਰਆਨ ਮਜੀਦ ਵਿਚ ਆਉਂਦਾ ਹੈ ਕਿ ਹਜ਼ਰਤੁਲ ਵਹੀ, ਜਿਬਰਾਈਲ, ਹਲੇ ਵਹੀ ਸੁਣਾ ਕੇ ਹਟੇ ਵੀ ਨਹੀਂ ਸਨ ਹੁੰਦੇ ਕਿ ਹਜ਼ਰਤ ਮੁਹੰਮਦ ਸਾਹਿਬ ਭੁਲ ਜਾਣ ਦੇ ਡਰੋਂ ਮੁਢਲਾ ਭਾਗ ਯਾਦ ਕਰਨ ਲਗ ਜਾਂਦੇ ਸਨ। ਸੂਰਤ ਅਲ ਆਲਾ ਵਿਚ ਅੱਲਾਹ ਤਆਲਾ ਨੇ ਮੁਹੰਮਦ ਸਾਹਿਬ ਨੂੰ ਯਕੀਨ ਦੁਆਇਆ ਕਿ "ਤੁਸੀਂ ਚੁੱਪ ਚਾਪ ਸੁਣਦੇ ਰਹੋ, ਤੁਹਾਨੂੰ ਅਸੀਂ ਸਭ ਪੜਵ੍ਹਾ ਦਿਆਂਗੇ ਅਤੇ ਤੁਹਾਨੂੰ ਹਮੇਸ਼ਾ ਲਈ ਯਾਦ ਹੋ ਜਾਵੇਗਾ"। ਸੂਰਤ ਅਲ ਕਿਆਮਾ ਵਿਚ ਤਾਂ ਅੱਲਾਹ ਤਆਲਾ ਨੇ ਬੇਹੱਦ ਸਪਸ਼ਟ ਤੌਰ ਪਰ ਆਖਿਆ ਕਿ "ਹੇ ਨਬੀ! ਇਸ ਵਹੀ ਨੂੰ ਛੇਤੀ ਛੇਤੀ ਚੇਤੇ ਕਰਨ ਲਈ ਆਪਣੀ ਜ਼ੁਬਾਨ ਨਾ ਹਿਲਾਉ। ਇਸ ਨੂੰ ਪੜਵ੍ਹਾ ਦੇਣਾ ਤੇ ਯਾਦ ਕਰਵਾ ਦੇਣਾ ਸਾਡੇ ਜ਼ਿਮੇ ਹੈ। ਸੁ ਜਦੋਂ ਅਸੀਂ ਇਸ ਨੂੰ ਪੜ੍ਹ ਰਹੇ ਹੋਈਏ, ਉਸ ਵੇਲੇ ਇਸ ਦੇ ਪਾਠ ਨੂੰ ਤੁਸੀਂ ਗਹੁ ਨਾਲ਼ ਸਿਰਫ਼ ਸੁਣਦੇ ਰਹੋ। ਇਸ ਦਾ ਮਤਲਬ ਸਮਝਾ ਦੇਣਾ ਵੀ ਸਾਡੇ ਹੀ ਜ਼ਿਮੇ ਹੈ"। ਕੁਰਆਨ ਮਜੀਦ ਵਾਰਤਕ ਵਿਚ ਹੈ। ਵਾਰਤਕ ਯਾਦ ਕਰਨੀ ਰਤਾ ਮੁਸ਼ਕਲ ਹੁੰਦੀ ਹੈ। ਪਰ ਗੁਰਬਾਣੀ ਤਾਂ ਰੱਬੀ ਗੀਤ ਹੈ। ਧਰਤੀ ਦੀ ਨਿਰੋਲ ਉਪਜ ਸਾਡੇ ਲੋਕ ਗੀਤ ਵੀ ਜਦੋਂ ਤੱਕ ਲਿਖੇ ਨਹੀਂ ਸਨ ਗਏ ਉਦੋਂ ਤੱਕ ਸੀਨਾ ਬਸੀਨਾ ਯਾਦ ਵੀ ਰਹੇ ਅਤੇ ਗਾਏ ਵੀ ਜਾਂਦੇ ਰਹੇ। ਪਰ ਜਦੋਂ ਤੋਂ ਖੋਜ ਕਾਰਾਂ ਨੇ ਲੋਕ ਗੀਤ ਲਿਖ ਲਿਖ ਕੇ ਸਾਂਭਣੇ ਸ਼ੁਰੂ ਕੀਤੇ ਹਨ ਉਦੋਂ ਤੋਂ ਇਹ ਲੋਕਾਂ ਦੀ ਸਿਮਰਤੀ ‘ਚੋਂ ਗ਼ਾਇਬ ਹੋ ਗਏ ਹਨ ਤੇ ਸੁਭਾਵਕ ਰੂਪ ਵਿਚ ਹੁਣ ਕਿਧਰੇ ਗਾਏ ਵੀ ਨਹੀਂ ਜਾਂਦੇ।
ਧੁਰ ਕੀ ਬਾਣੀ ਦਾ ਆਗਮਨ ਕਿਵੇਂ ਹੋਇਆ ਇਸ ਗੱਲੋਂ ਸਾਖੀਆਂ ਅਤੇ ਇਤਿਹਾਸ ਚੁੱਪ ਹਨ। ਇਸ ਗੱਲ ਦੀ ਗਵਾਹੀ ਕਿਧਰੇ ਇਸ਼ਾਰੇ ਮਾਤਰ ਵੀ ਨਹੀਂ ਲੱਭਦੀ ਕਿ ਗੁਰੂ ਨਾਨਕ ਸਾਹਿਬ ਨੇ ਕਿਤੇ ਆਪ ਕਲਮ ਦਵਾਤ ਲੈ ਕੇ ਕਾਗ਼ਜ਼ ‘ਤੇ ਬਾਣੀ ਲਿਖੀ ਹੋਵੇ। ਜਿਵੇਂ ਕੁਰਆਨ ਮਜੀਦ ਵਿਚ ਥਾਂ ਥਾਂ ‘ਹੇ ਨਬੀ ਇਨ੍ਹਾਂ ਨੂੰ ਆਖੋ’ ਲਿਖਿਆ ਮਿਲ਼ਦਾ ਹੈ, ਗੁਰੂ ਗ੍ਰੰਥ ਸਾਹਿਬ ਵਿਚ ‘ਕਹੁ ਨਾਨਕ’ ‘ਕਹੈ ਨਾਨਕ’ ਅਤੇ ਪ੍ਰੋ. ਸਾਹਿਬ ਸਿੰਘ ਜੀ ਦੇ ਹੀ ਟੀਕੇ ਵਿਚ ਅਨੇਕ ਥਾਵਾਂ ‘ਤੇ ਲਿਖਿਆ ‘ਹੇ ਨਾਨਕ! ਆਖ’ ਪ੍ਰਮਾਤਮਾ ਦੇ ਹੁਕਮ ਵੱਲ ਇਸ਼ਾਰਾ ਹੈੱ, ਜਿਸ ਉਪਰੰਤ, ਜਿਵੇਂ ਜਨਮ ਸਾਖੀਆਂ ਵਿਚ ਆਉਂਦਾ ਹੈ, ਗੁਰੂ ਨਾਨਕ ਸਾਹਿਬ ਮਰਦਾਨਾ ਜੀ ਨੂੰ ਆਖਦੇ ਸਨ, "ਰਬਾਬ ਬਜਾਉ ਬਾਣੀ ਆਈ ਏ"। ਇਹ ਗੱਲ ਵੀ ਧਿਆਨ ਖਿਚਦੀ ਹੈ ਕਿ ਗੁਰਬਾਣੀ ਨਾਲ਼ ਸਬੰਧਤ "ਰਚਨਾ" ਸ਼ਬਦ ਦੀ ਵਰਤੋਂ ਆਧੁਨਿਕ ਵਿਦਵਾਨਾਂ ਨੇ ਸ਼ੁਰੂ ਕੀਤੀ ਹੈ। ਸਾਖੀਆਂ ਵਿਚ ਤਾਂ ਇਹੀ ਲਿਖਿਆ ਮਿਲਦਾ ਹੈ, "ਤਬ ਬਾਬੇ ਸਬਦ ਉਚਾਰਿਆ"। ਇਤਿਹਾਸਕ ਲਿਖਤਾਂ ਵਿਚ ਵੀ ਇਵੇਂ ਹੀ ਅੰਕਤ ਹੈ ਕਿ "ਇਸ ਥਾਂ ਗੁਰੂ ਸਾਹਿਬ ਨੇ ਇਹ ਬਾਣੀ ਉਚਾਰੀ"। "ਰਚਨਾ", "ਰਚੀ", "ਲਿਖੀ" ਜਾਂ "ਰਚਿਆ" ਸ਼ਬਦ ਗੁਰਬਾਣੀ ਨਾਲ ਸਬੰਧਤ ਕਿਧਰੇ ਨਹੀਂ ਮਿਲਦੇ। ਸਿਖ ਇਤਿਹਾਸਕ ਸਰੋਤਾਂ ਵਿਚ ਜਿਥੇ ਹੋਰ ਨਿਕੀਆਂ ਨਿਕੀਆਂ ਬਰੀਕੀਆਂ ਅਤੇ ਵੇਰਵੇ ਮਿਲਦੇ ਹਨ, ਉਥੇ ਐਸਾ ਜ਼ਿਕਰ ਕਿਧਰੇ ਵੀ ਨਹੀਂ ਹੈ ਕਿ ਗੁਰੂੁ ਨਾਨਕ ਸਾਹਿਬ ਨੇ ਮਰਦਾਨਾ ਜੀ ਨੂੰ ਕਦੇ ਸ਼ਿਆਹੀ ਤਿਆਰ ਕਰਨ, ਕਾਗ਼ਜ਼ ਲਿਆਉਣ ਜਾਂ ਕਲਮ ਘੜਨ ਨੂੰ ਆਖਿਆ ਹੋਵੇ। ਦਸਮ ਪਾਤਸਾਹ ਜੀ ਦੀਆਂ ਬਾਣੀਆਂ ਦੇ ਸਿਰਲੇਖਾਂ ਵਿਚ "ਸ੍ਰੀ ਮੁਖਵਾਕ ਪਾਤਸਾਹੀ ਦਸਮੀ" ਦਾ ਵੀ ਇਹੀ ਭਾਵ ਹੈ ਕਿ ਇਹ ਬਾਣੀ ਦਸਮ ਪਾਤਸ਼ਾਹ ਜੀ ਦੇ ਮੁਖਾਰਬਿੰਦ ‘ਤੋਂ ਉਚਾਰੀ ਹੋਈ ਹੈ: "ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ"। ਗੂਹੜ ਰਹੱਸ ਇਹ ਹੈ ਕਿ ਬਾਣੀ ਇਨਸਾਨੀ ਮਸਤਕ ਦੀ ਉਪਜ ਨਹੀਂ, ਬਲਕਿ ਕਿਸੇ ਰੂਹਾਨੀ ਮਰਕਜ਼ ‘ਤੋਂ ਉਤਰੀ ਧੁਰ ਕੀ ਬਾਣੀ ਹੈ, ਜੋ ਗੁਰੂ ਦੇ ਮੁਖ ‘ਤੋਂ ਉਚਾਰੀ ਗਈ ਹੈ: "ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ"।
ਬੜੀ ਹੈਰਾਨੀ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਨਾਲ਼ ਸਬੰਧਤ ਨਿਸ਼ਾਨੀਆਂ ਖੜਾਵਾਂ, ਜੋੜੇ, ਵੱਟੇ, ਚੌਕੀ, ਰੁਮਾਲ, ਚੋਲ਼ਾ, ਕੰਘਾ, ਦਸਤਾਰ, ਪਜਾਮਾਂ, ਸਿਮਰਨਾ, ਬਟੂਆ, ਅਣਗਿਣਤ ਸ਼ਸ਼ਤਰ ਅਤੇ ਹੋਰ ਅਨੇਕ ਵਸਤਾਂ ਸਿਖਾਂ ਨੇਂ ਅੱਜ ਤਕ ਸਾਂਭ ਸਾਂਭ ਰੱਖੀਆਂ ਹਨ। ਲੇਕਿਨ ਇਹ ਕਦੀ ਨਹੀਂ ਪੜ੍ਹਿਆ ਸੁਣਿਆਂ ਕਿ ਕਿਸੇ ਥਾਂ, ਕਿਸੇ ਘਰਾਣੇ ਕੋਲ਼ ਜਾਂ ਕਿਸੇ ਗੁਰਦੁਆਰੇ ਵਿਚ ਗੁਰੂ ਸਾਹਿਬ ਦੀ ਕਲਮ ਜਾਂ ਦਵਾਤ ਸਾਂਭ ਕੇ ਰੱਖੀ ਗਈ ਹੋਵੇ। ਪ੍ਰੋ. ਸਾਹਿਬ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਦੁਆਰਾ ਹੱਥੀਂ ਬਾਣੀ ਲਿਖਣ ਦੇ ਸਬੂਤ ਵਜੋਂ ਕੱਚੀਆਂ ਤੇ ਨਿਰਮੂਲ ਦਲੀਲਾਂ ਦੇ ਨਾਲ਼ ਸਿਰਫ਼ ਇਕ, ਉਨ੍ਹਾਂ ਦੀ ਜਾਚੇ, ਪੁਖ਼ਤਾ ਸਬੂਤ ਮਿਲਿਆ, ਜੋ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਮੱਕੇ ਫੇਰੀ ਦਾ ਜ਼ਿਕਰ ਕਰਦਿਆਂ ਲਿਖਿਆ, "ਪੁਛਣਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ"। ਪ੍ਰੋ. ਸਾਹਿਬ ਸਿੰਘ ਜੀ ਮੁਤਾਬਕ ਗੁਰੂ ਨਾਨਕ ਸਾਹਿਬ ਆਪਣੇ ਕੋਲ਼ ਹਮੇਸ਼ਾਂ ਇਕ ਪੋਥੀ ਰੱਖਦੇ ਸਨ, ਜਿਸ ਵਿਚ ਉਹ ਸਮੇਂ ਸਮੇਂ ਆਪਣੀ "ਰਚੀ" ਬਾਣੀ ਲਿਖ ਲੈਂਦੇ ਸਨ ਅਤੇ ਇਸੇ ਪੋਥੀ ਵਲ ਇਸ਼ਾਰਾ ਕਰ ਕੇ ਕਾਜ਼ੀ ਅਤੇ ਮੁਲਾਂ ਨੇ ਸਵਾਲ ਕੀਤਾ ਸੀ ਕਿ ਆਪਣੀ ਕਿਤਾਬ ਨੂੰ ਫੋਲ ਕੇ ਦੱਸੋ ਕਿ ਹਿੰਦੂ ਵਡਾ ਹੈ ਜਾਂ ਮੁਸਲਮਾਨ। ਪਰ ਪ੍ਰੋ. ਸਾਹਿਬ ਸਿੰਘ ਜੀ ਦੀ ਆਪਣੀ ਵਿਆਕਰਣ ਮੁਤਾਬਕ ਇਸ ਪੰਗਤੀ ਦਾ ਅਰਥ ਬਣਦਾ ਹੈ ਕਿ ਕਾਜ਼ੀ ਮੁਲਾਂ ਨੇ ਕਿਤਾਬ ਨੂੰ ਫੋਲ ਕੇ ਪੁਛਿਆ ਹਿੰਦੂ ਵਡਾ ਹੈ ਕਿ ਮੁਸਲਮਾਨ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਉਹ ਕਿਤਾਬ ਕਿਹੜੀ ਸੀ ਜਿਸ ਨੂੰ ਫੋਲ ਕੇ ਕਾਜ਼ੀ ਮੁਲਾਂ ਨੇ ਸਵਾਲ ਕੀਤਾ? ਅਤੇ ਕਾਜ਼ੀ ਮੁਲਾਂ ਨੂੰ ਸਵਾਲ ਕਰਨ ਲਈ ਕਿਤਾਬ ਫੋਲਣ ਦੀ ਕੀ ਜ਼ਰੂਰਤ ਸੀ? ਕਾਜ਼ੀ ਮੁਲਾਂ ਦੀ ਜ਼ੁਬਾਨ ਵਿਚ ਕਿਤਾਬ ਦੇ ਕੀ ਮੈਨ੍ਹੇ ਹਨ? ਭਾਈ ਗੁਰਦਾਸ ਜੀ, ਇਸ ਪੰਗਤੀ ਤੋਂ ਪਹਿਲੀ ਪਉੜੀ ਵਿਚ, ਦਸਦੇ ਹਨ: "ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ॥ ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ॥ ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹਜਿ ਗੁਜਾਰੀ॥" ਜ਼ਾਹਿਰ ਹੈ ਕਿ ਮੱਕੇ ਵਿਚ ਪ੍ਰਵੇਸ਼ ਕਰਨ ਸਮੇਂ ਭਟਾਂ ਦੇ ਸਵਈਆਂ ਵਾਲ਼ੇ "ਦੁਆਪੁਰਿ ਕ੍ਰਿਸਨ ਮੁਰਾਰਿ" ਗੁਰੂ ਨਾਨਕ ਸਾਹਿਬ ਨੇ ਪੀਲ਼ੇ ਰੰਗ ਦੇ ਵਿਪਰੀਤ ਇਸਲਾਮੀ ਨੀਲੇ ਰੰਗ ਦੇ ਬਸਤਰ ਧਾਰਣ ਕਰਕੇ ਹੱਥ ਵਿਚ ਸੋਟਾ, ਕੱਛ ਵਿਚ ਕਿਤਾਬ, ਕੁੱਜਾ ਅਤੇ ਮੁਸੱਲਾ ਲੈ ਕੇ ਬਾਂਗ ਦਿਤੀ। ਹਾਜੀ ਦੇ ਮੁਕੰਮਲ ਭੇਸ ਵਿਚ ਬਨਵਾਰੀ, ਹਿੰਦੂ ਆਤਮਾ, ਗੁਰੂ ਨਾਨਕ ਸਾਹਿਬ ਨੂੰ ਮਹਿਰਾਬ ਵੱਲ ਪੈਰ ਕਰਕੇ ਲੇਟਿਆਂ ਦੇਖ ਕਾਜ਼ੀ ਮੁਲਾਂ ਗੁਸੇ ਵਿਚ ਆ ਗਏ ਅਤੇ ਉਨ੍ਹਾਂ ਗੁਰੂ ਸਾਹਿਬ ਨਾਲ਼ ਦੁਰ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ; ਮੱਕੇ ਨੂੰ ਗੁਰੂ ਸਾਹਿਬ ਦੇ ਚਰਨਾ ਦੀ ਦਿਸ਼ਾ ਮੂਜਬ ਘੁੰਮਦਿਆਂ ਦੇਖ ਸੁਧ ਬੁਧ ਗ਼ਾਇਬ ਵੀ ਹੋਈ, ਪਰ ਹੋਸ਼ ਆਉਣ ‘ਤੇ ਵਾਰਤਾਲਾਪ ਹੋਈ। ਭਾਈ ਨੰਦ ਲਾਲ ਜੀ ਦੇ ਬਿਆਨ ਕੀਤੇ "ਲਾ ਮਕਾਂ ਪਾ ਬੋਸ ਗੁਰੂ ਗੋਬਿੰਦ ਸਿੰਘ" ਜਿਹਾ ਦ੍ਰਿਸ਼ ਦੇਖ ਕੇ, ਸ਼ੰਕਾ ਹੈਰਾਨੀ ਤੇ ਗ਼ਜ਼ਬ ਦੇ ਆਲਮ ਵਿਚ, ਗੁਰੂ ਸਾਹਿਬ ਦੇ ਹਥੋਂ ਕਿਤਾਬ ਲੈ ਕੇ, ਫੋਲ ਕੇ ਦੇਖਿਆ, ਜੋ ਜ਼ਾਹਿਰ ਹੈ ਕੁਰਾਨ ਸ਼ਰੀਫ਼ ਹੋਵੇਗੀ; ਫਿਰ ਗੁਰੂ ਸਾਹਿਬ ਬਾਬਤ ਹਿੰਦੂ ਜਾਂ ਮੁਸਲਮਾਨ ਦਾ ਫ਼ੈਸਲਾ ਨਾ ਹੁੰਦਾ ਦੇਖ, ਪਸ਼ੇਮਾਨੀ ਅਤੇ ਸ਼ਸ਼ੋਪੰਜ ਦੀ ਹਾਲਤ ਵਿਚ ਸਵਾਲ ਕੀਤਾ ਕਿ ਹਿੰਦੂ ਵਡਾ ਹੈ ਕਿ ਮੁਸਲਮਾਨ। ਹਿੰਦੂ ਮੱਤ ਦੇ ਪਰਮ ਸਿਧਾਂਤ "ਅਹੰ ਬ੍ਰਹਮ ਅਸਮੀ" ਦੇ ਅਰਬੀ ਅਨੁਵਾਦ "ਅਨਲ ਹੱਕ" ਦੇ ਰੂਪ ਵਿਚ ਸੂਫ਼ੀ ਮੱਤ ‘ਤੇ ਪਏ ਪ੍ਰਭਾਵ ਸਦਕਾ ਕੱਟੜ ਪੰਥੀ ਮੁਲਾਣਿਆਂ ਦੇ ਮਨਾਂ ਦੇ ਧੁਰ ਅੰਦਰ ਹਿੰਦੂ ਮੁਸਲਮਾਨ ਦੀ ਵਡਿਆਈ ਦਾ ਮਸਲਾ, ਉਨ੍ਹਾਂ ਦੀ ਰੂਹਾਨੀ ਤਰੱਕੀ ਵਿਚ ਇਕ ਵੱਡੀ ਰੁਕਾਵਟ ਬਣਿਆਂ ਹੋਇਆ ਸੀ। ਚੇਤਨਾ ਦੇ ਸਤਹੀ ਧਰਾਤਲ ‘ਤੇ ਉਨ੍ਹਾਂ ਦੀ ਆਪਣੀ ਪ੍ਰਤੀਬੱਧਤਾ ‘ਤੇ ਹੀ ਪ੍ਰਸ਼ਨ ਚਿੰਨ ਲਗਾਉਣ ਵਾਲਾ ਅਜਿਹਾ ਸਵਾਲ ਉਹ ਕਦੀ ਨਹੀਂ ਸਨ ਕਰ ਸਕਦੇ। ਗੁਰੂ ਨਾਨਕ ਸਾਹਿਬ ਦੇ ਸਾਂਗ ਤੋਂ ਗ਼ਜ਼ਬ ਵਿਚ ਆਕੇ ਚੇਤਨਾ ਦੇ ਓਪਰੇ ਧਰਾਤਲ ਤੋਂ ਹੇਠਲੀਆਂ ਤੈਹਾਂ ਵਿਚ ਤਿਲਕ ਕੇ ਹੀ ਉਹ ਅਜਿਹਾ ਸਵਾਲ ਪੁਛ ਬੈਠੇ। ਪ੍ਰੋ. ਸਾਹਿਬ ਸਿੰਘ ਜੀ ਦੀ ਆਪਣੀ ਵਿਆਕਰਣ ਮੁਤਾਬਕ ਸਿਹਾਰੀ ਨਾਲ਼ ਸ਼ਬਦ ‘ਫੋਲਿ’ ਦੇ ਅਰਥ ਬਣਦੇ ਹਨ- ਕਿਤਾਬ ਨੂੰ ਫੋਲ ਕੇ ਪੁਛਿਆ। ਪ੍ਰੋ. ਸਾਹਿਬ ਸਿੰਘ ਜੀ ਵਾਲ਼ੇ ਅਰਥ ਕੱਢਣ ਲਈ ਉਥੇ ਹੋਣਾ ਚਾਹੀਦਾ ਸੀ ‐ ਦੱਸੋ ਫੋਲਿ ਕਿਤਾਬ ਨੂੰ।
ਗੁਰੂ ਸਾਹਿਬ ਕੋਲ਼ ਜੇਕਰ ਬਾਣੀ ਦੀ ਪੋਥੀ ਹੁੰਦੀ ਤਾਂ ਉਸ ਨੂੰ ਕਿਤਾਬ ਨਹੀਂ ਸੀ ਕਿਹਾ ਜਾਣਾ, ਖ਼ਾਸ ਤੌਰ ‘ਤੇ ਭਾਈ ਗੁਰਦਾਸ ਜੀ ਵਲੋਂ; ਅਤੇ ਨਾ ਹੀ "ਪਰਮੇਸਰ ਕਾ ਥਾਨੁ" ਪੋਥੀ ਨੂੰ ਕੱਛ ਵਿਚ ਲਿਆ ਜਾ ਸਕਦਾ ਸੀ। ਹਾਂ, ਇਸਲਾਮੀ ਜਗਤ ਵਿਚ ਕੁਰਾਨ ਨੂੰ ਕੱਛ ਵਿਚ ਲੈਣ ਦੀ ਰਵਾਇਤ ਹੈ। ਕਾਜ਼ੀ ਅਤੇ ਮੁਲਾਂ ਜੋ ਇਸਲਾਮੀ ਸੰਬੋਧਾਂ, ਧਾਰਣਾਵਾਂ, ਪਰਿਭਾਸ਼ਕ ਸ਼ਬਦਾਵਲੀ ਤੇ ਸ਼ੱਰਾ ਤੋਂ ਸਿਰਫ਼ ਵਾਕਫ਼ ਹੀ ਨਹੀ, ਪੁਜ ਕੇ ਪਾਬੰਦ ਵੀ ਸਨ, ਉਹ ਵੀ ਕੁਰਾਨ ਤੋਂ ਇਲਾਵਾ ਕਿਸੇ ਲਿਖਤ ਨੂੰ ਕਿਤਾਬ ਨਹੀਂ ਸੀ ਆਖ ਸਕਦੇ। ਜਿਵੇਂ ਸਿਖ ਪ੍ਰੰਪਰਾ ਵਿਚ ਬੀੜ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਿਹਾ ਜਾ ਸਕਦਾ ਹੈ। ਉਕਤ ਵਿਚਾਰ ਤੋਂ ਇਹੀ ਕਿਆਸ ਲਗਾਇਆ ਜਾ ਸਕਦਾ ਹੈ ਕਿ ਮੱਕੇ ਪ੍ਰਵੇਸ਼ ਸਮੇਂ ਗੁਰੂ ਨਾਨਕ ਸਾਹਿਬ ਕੋਲ਼ ਇਸਲਾਮੀ ਕਿਤਾਬ ਕੁਰਾਨ ਹੀ ਸੀ; ਬਾਣੀ ਦੀ ਕੋਈ ਲਿਖਤ ਨਹੀ ਸੀ।
ਇਕ ਹੋਰ ਨੁਕਤਾ ਧਿਆਨ ਮੰਗਦਾ ਹੈ ਕਿ ਸਿਖ ਪੰਥ ਵਿਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਚਿਰਾਂ ਤੋਂ ਪ੍ਰਚਲਤ ਹਨ, ਪਰ ਗੁਰੂ ਨਾਨਕ ਸਾਹਿਬ ਨੂੰ ਹੱਥ ਵਿਚ ਕਲਮ ਲੈ ਕੇ, ਬਾਣੀ ਲਿਖਦਿਆਂ, ਕਦੀ ਕਿਸੇ ਨੇ ਨਹੀਂ ਚਿਤਰਿਆ। ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਿਚ ਪਦਮ ਜੀ ਵੀ ਇਹੀ ਦਸਦੇ ਹਨ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਉਪਰੰਤ ਸ੍ਰੀ ਕਰਤਾਰ ਪੁਰ ਸਾਹਿਬ ਵਿਖੇ ਸਿਖਾਂ ਨੂੰ "ਗੁਰੂ ਬਾਣੀ ਦੀ ਲਿਖਾਈ ਵੱਲ ਲਾਇਆ... ਕਈ ਲਿਖਾਰੀ ਜਿਵੇਂ ਕਿ ਭਾਈ ਮਨਸੁਖ, ਭਗੀਰਥ, ਹੱਸੂ, ਸੈਦੇ ਤੇ ਸ਼ੀਹਾ ਆਦਿ ਬਾਣੀ ਲਿਖਣ ਦਾ ਕੰਮ ਕਰਦੇ ਰਹੇ...ਇਨ੍ਹਾਂ ਲੋਕਾਂ ਦੀਆਂ ਲਿਖੀਆਂ ਪੋਥੀਆਂ ਸਨ, ਜੋ ਗੁਰੂ ਅੰਗਦ ਸਾਹਿਬ ਜੀ ਪਾਸ ਆਈਆਂ ਤੇ ਅਗੇ ਇਨ੍ਹਾਂ ਤੋਂ ਗੁਰੂ ਅਮਰ ਦਾਸ ਜੀ ਨੇ ਹੋਰ ਪੋਥੀਆਂ ਨਕਲ ਕਰਵਾਈਆਂ"। ਗੁਰੂ ਅੰਗਦ ਦੇਵ ਜੀ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਵੀ ਆਪਣੇ ਹੱਥ ਨਾਲ਼ ਨਹੀਂ ਸੀ ਲਿਖੀ। ਆਪਣੀ ਪੁਸਤਕ ਪੰਜਾਬੀ ਬੋਲੀ ਦਾ ਇਤਿਹਾਸ ਵਿਚ ਪ੍ਰੋ. ਪਦਮ ਲਿਖਦੇ ਹਨ ਕਿ ਇਹ ਜਨਮ ਪੱਤਰੀ ਜੋ ਪਹਿਲਾਂ ਸ਼ਾਸਤ੍ਰੀ ਵਿਚ ਸੀ, ਗੁਰੂ ਜੀ ਨੇ ਮਹਿਮੇ ਖਹਿਰੇ ਦੇ ਹੱਥ ਸੁਨੇਹਾ ਦੇ ਕੇ ਪੈੜੇ ਮੋਖੇ ਨੂੰ ਸੱਦਿਆ ਤੇ ਉਸ ਤੋਂ ਗੁਰਮੁਖੀ ਅੱਖਰਾਂ ਵਿਚ ਲਿਖਾਈ। ਜ਼ਰਾ ਦੇਖੋ: "ਗੁਰੂ ਅੰਗਦ ਕਹਿਆ ਭਾਈ ਲਾਲਾ ਪੰਨੂ ਤੂੰ ਸਿਖ ਹੈਂ ਗੁਰਮੁਖੀ ਹੈਂ ਭਾਈ ਬਾਲੇ ਨਾਲ ਜਾਹਿ ਤਲਵੰਡੀ ਗੁਰੂ ਨਾਨਕ ਦੀ ਜਨਮ ਪੱਤਰੀ ਲੈ ਆਉ। ਗੁਰੂ ਅੰਗਦ ਉਸ ਤਾਈਂ ਜਨਮ ਪੱਤਰੀ ਦਿਖਾਈ ਉਹ ਤੜ ਤੜ ਵਾਚਦਾ ਗਇਆ। ਗੁਰੂ ਬਹੁਤ ਖੁਸ਼ੀ ਹੋਇਆ। ਗੁਰੂ ਕਹਿਆ ‘ਪੈੜਾ! ਏਹਿ ਅਸਾਨੂੰ ਗੁਰਮੁਖੀ ਅੱਛਰੀਂ ਲਿਖ ਦੇ"। ਇੱਥੇ ‘ਲਿਖਾਈ ਵੱਲ ਲਾਇਆ’, ‘ਨਕਲ ਕਰਵਾਈਆਂ’’, ‘ਲਿਖ ਦੇ’ ਅਤੇ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਦੇ ਸ਼ਬਦ ‘ਪੂਰਬ ਸ਼੍ਰੀ ਜਪੁਜੀ ਲਿਖਵਾਈ’, ਧਿਆਨ ਦੀ ਮੰਗ ਕਰਦੇ ਹਨ।
ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ ਦੇ ਕਰਤਾ ਕੇਸਰ ਸਿੰਘ ਛਿਬਰ ਵੀ ਇਹੀ ਦੱਸਦੇ ਹਨ ਕਿ, "ਸਾਹਿਬ ਉਚਰਨ ਲਗੇ ਰਸਨਾ ‘ਤੇ ਬਾਨੀ...ਚਾਰ ਲਿਖਾਰੀ ਤੀਰ ਅਪਨੇ ਠਹਿਰਾਏ...ਲਿਖਦੇ ਜਾਨ ਜੋ ਸਾਹਿਬ ਰਸਨੀ ਅਲਾਏ...ਗਉੜੀ ਰਾਗ ਵਿਚ ਛੰਦ ਉਚਾਰਿਆ"। ਨੌਵੇਂ ਪਾਤਸ਼ਾਹ ਬਾਬਤ ਇਸ ਤਰਾਂ ਲਿਖਿਆ ਹੈ, "ਨਿਤ ਸਾਹਿਬ ਬਾਣੀ ਉਚਰਦੇ ਜਾਣ...ਅਤੇ ਸਤੀ ਦਾਸ ਲਿਖ ਲਿਖ ਰਖਨ ਅਮਾਨ"। ਮਹੰਤ ਸੇਵਾ ਦਾਸ ਵੀ ਪਰਚੀਆਂ ਵਿਚ ਇਹੀ ਲਿਖਦੇ ਹਨ-"ਫਿਰ ਊਹਾਂ ਇਹ ਸਬਦ ਉਚਾਰ ਹੋਆ...ਇਹ ਸਬਦ ਗੁਰੂ ਬਾਬਾ ਆਪਣੇ ਰੰਗ ਵਿਚ ਗਾਵਦਾ ਫਿਰੇ"।
ਸਪਸ਼ਟ ਹੈ ਕਿ ਪੰਚਮ ਪਾਤਸ਼ਾਹ ਜੀ ਨੇ ਆਦਿ ਬੀੜ ਦੀ ਤਿਆਰੀ ਸਮੇਂ ਆਪਣੇ ਹੱਥ ਵਿਚ ਕਲਮ ਨਹੀਂ ਲਈ; ਭਾਈ ਗੁਰਦਾਸ ਜੀ ਦੇ ਹੱਥ ਕਲਮ ਦਿਤੀ। ਆਪ ਗੁਰੂ ਸਾਹਿਬ ਨੇ ਬਾਣੀ ਦਾ ਸਿਰਫ਼ ਉਚਾਰਣ ਹੀ ਕੀਤਾ ਅਤੇ ਭਾਈ ਗੁਰਦਾਸ ਜੀ ਨੇ ਬਾਣੀ ਲਿਖੀ। ਇਸ ਸੇਵਾ ਵਿਚ ਭਾਈ ਸੰਤ ਦਾਸ, ਭਾਈ ਹਰੀਆ, ਭਾਈ ਸੁਖਾ ਅਤੇ ਭਾਈ ਮਨਸਾ ਰਾਮ ਨੇ ਭਾਈ ਗੁਰਦਾਸ ਜੀ ਨੂੰ ਸਹਿਯੋਗ ਦਿਤਾ। ਇਸ ਵੇਲੇ ਦੀਆਂ ਤਸਵੀਰਾਂ ਵੀ ਚਿਤਰਕਾਰਾਂ ਨੇ ਬਣਾਈਆਂ ਹਨ ਜਿਨ੍ਹਾਂ ਵਿਚ ਭਾਈ ਗੁਰਦਾਸ ਜੀ ਦੇ ਹੱਥ ਵਿਚ ਕਲਮ ਅਤੇ ਕੋਲ਼ ਹੀ ਦਵਾਤ ਪਈ ਹੁੰਦੀ ਹੈ। ਤਵਾਰੀਖ਼ ਗੁਰੂ ਖ਼ਾਲਸਾ ਵਿਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਰਾਮਸਰ ਵਿਖੇ "ਤੰਬੂ ਕਨਾਤ ਲਗਵਾਕੇ ਆਪ ਤਾਂ ਗੁਰੂ ਜੀ ਕਨਾਤ ਅੰਦਰ ਬੈਠ ਕੇ ਸ਼ਬਦ ਉਚਾਰਦੇ ਰਹੇ ਤੇ ਬਾਹਰ ਭਾਈ ਗੁਰਦਾਸ ਜੀ ਬੈਠੇ ਲਿਖਦੇ ਰਹੇ। ਹੋਰ ਪ੍ਰੇਮੀ ਸਿੱਖ ਵੀ ਬਾਹਰ ਬੈਠੇ ਸੁਣਦੇ ਰਹਿੰਦੇ"।
ਦਸਮ ਪਾਤਸ਼ਾਹ ਜੀ ਨੇ ਵਿਦਿਆ ਸਾਗਰ ਗ੍ਰੰਥ ਦੀ ‘ਰਚਨਾ’ ਕਰਨ ਸਮੇਂ ਬਨਾਰਸ ਤੋਂ ਸ਼ਿਆਹੀ ਬਣਾਉਣ ਵਾਲ਼ੇ ਅਤੇ ਕਲਮਾ ਘੜਨ ਵਾਲਿਆਂ ਨੂੰ ਅਨੰਦਪੁਰ ਸਾਹਿਬ ਵਿਖੇ ਪੱਕੀ ਰਿਹਾਇਸ਼ ਦਿਤੀ ਸੀ। ਅਠਾਰਾਂ ਮਣ ਭਾਰੇ ਮਹਾਨ ਗ੍ਰੰਥ ਦੀ ਨਿਰ ਵਿਘਨ ਰਚਨਾ ਹੋਈ। ਅਨੰਦ ਪੁਰ ਸਾਹਿਬ ਛੱਡਣ ਸਮੇਂ ਕੀਮਤੀ ਸਾਜੋ ਸਮਾਨ ਦੇ ਸਮੇਤ ਇਹ ਗ੍ਰੰਥ ਵੀ ਗੁਰੂ ਮਾਰੀ ਸਰਸਾ ਵਿਚ ਰੁੜ ਗਿਆ। ਜਦੋਂ ਭਾਈ ਮਨੀ ਸਿੰਘ ਜੀ ਨੇ ਉਸ ਗ੍ਰੰਥ ਨੂੰ ਪੁਨਰ ਸੁਰਜੀਤ ਕੀਤਾ ਤਾ ਦਸਮ ਪਾਤਸ਼ਾਹ ਜੀ ਦੀ ਉਚਾਰਣ ਕੀਤੀ ਧੁਰ ਕੀ ਬਾਣੀ ਵੀ ਉਸੇ ਗ੍ਰੰਥ ਵਿਚ ਸ਼ਾਮਲ ਕਰ ਦਿਤੀ। ਇੱਥੇ ਇਹ ਨੁਕਤਾ ਸਾਫ਼ ਕਰ ਦੇਣਾ ਜ਼ਰੂਰੀ ਜਾਪਦਾ ਹੈ ਕਿ ਗੁਰੂ ਦੇ ਬਚਨ ‘ਤੋਂ ਬਿਨਾ ਸਭ ਕੁਝ ਨਾਸ਼ਵਾਨ ਹੈ। ਗੁਰ ਕੇ ਬਚਨ ਦੀ ਲੌਹਿ ਮਹਿਫ਼ੂਜ਼ ਸਿਖ ਦਾ ਹਿਰਦਾ ਵੀ ਹੈ - "ਗੁਰ ਕਾ ਬਚਨੁ ਬਸੈ ਜੀਅ ਨਾਲੇ"। ਗੁਰਬਾਣੀ ਗੁਰੂ ਦੇ ਮੁਖ ‘ਤੋਂ ਸਿਖ ਹਿਰਦਿਆਂ ਨੂੰ ਸਿਧੇ ਰੂਪ ‘ਚ ਮੁਖਾਤਿਬ ਹੈ।
ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਲਿਖਦੇ ਹਨ ਕਿ ਦਸਮ ਪਿਤਾ ਜੀ ਦੇ ਮੁਬਾਰਕ ਮੁੱਖ ‘ਤੋਂ ਉਚਾਰਣ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਲਈ ਸ਼ਾਮਿਲ ਨਹੀਂ ਹੋਈ ਕਿ ਸਿੱਖ ਧੁਰ ਕੀ ਬਾਣੀ ਤੇ ਰਚਨਾ ਵਿਚ ਫ਼ਰਕ ਕਰਨ ਲਈ ਜਿਲਦ ਦੇ ਪਾਬੰਦ ਨਾ ਹੋ ਜਾਣ। ਧੁਰ ਕੀ ਬਾਣੀ ਬਾਬਤ ਫ਼ੁਰਮਾਨ ਹੈ - "ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ"। ਜਦੋਂ ਭਾਈ ਮੱਖਣ ਸ਼ਾਹ ਜੀ ਨੇ ਧੀਰ ਮੱਲੀਆਂ ‘ਤੋਂ ਬੀੜ ਖੋਹ ਕੇ ਨੌਵੇਂ ਪਾਤਸ਼ਾਹ ਜੀ ਨੂੰ ਪੇਸ਼ ਕੀਤੀ ਸੀ ਤਾਂ ਗ੍ਰੁਰੂ ਸਾਹਿਬ ਨੇ ਸਿੱਖਾਂ ਨੂੰ ਬੀੜ ਵਾਪਸ ਕਰਨ ਲਈ ਆਦੇਸ਼ ਦਿਤਾ ਸੀ; ਪਰ ਸਿੱਖਾਂ ਨੇ ਲਾਡ ਭਰੇ ਲਹਿਜ਼ੇ ਵਿਚ, ਧੀਰਮੱਲੀਆਂ ਦੇ ਮੱਥੇ ਨਾ ਲੱਗਣ ਕਾਰਣ, ਅਜਿਹਾ ਨਾ ਕਰਨ ਦੀ ਇਜਾਜ਼ਤ ਮੰਗੀ। ਪਰ ਗੁਰੂ ਸਾਹਿਬ ਨੇ ਬੀੜ ਨੂੰ ਬਿਆਸ ਦਰਿਆ ਦੇ ਸਪੁਰਦ ਕਰਕੇ ਕਿਸੇ ਰਾਹ ਗੀਰ ਸਾਧੂ ਕੋਲ਼ ਸੁਨੇਹਾ ਭਿਜਵਾ ਦਿੱਤਾ ਸੀ ਕਿ ਧੀਰ ਮੱਲ ਬਿਆਸ ‘ਚੋਂ ਬੀੜ ਪ੍ਰਾਪਤ ਕਰ ਲਵੇ। ਰਵਾਇਤ ਮੁਤਾਬਕ ਧੀਰ ਮੱਲ ਨੂੰ ਬਿਆਸ ਦੇ ਪਾਣੀਆਂ ‘ਤੋਂ ਅਭਿਜ ਅਤੇ ਮਹਿਫ਼ੂਜ਼ ਬੀੜ ਪ੍ਰਾਪਤ ਹੋ ਗਈ ਸੀ। ਲੇਕਿਨ ਦਸਮ ਗ੍ਰੰਥ ਦਾ ਸਰਸਾ ਦੇ ਪਾਣੀਆਂ ‘ਚ ਰੁੜ ਕੇ ਗੁੰਮ ਹੋ ਜਾਣਾ ਇਹੀ ਸੁਝਾਉਂਦਾ ਹੈ ਕਿ ਕਿਰਤ ਅਤੇ ਧੁਰ ਕੀ ਬਾਣੀ ਵਿਚ ਸਮਤਾ ਨਹੀਂ ਹੈ।
ਸਰਸਾ ਤੇ ਸਰਸਵਤੀ ਵਿਚ ਵੀ ਕੋਈ ਸਮਾਨਤਾ ਜਾਪਦੀ ਹੈ; ਸਰਸਵਤੀ ਮਾਨਵੀ ਸੁਹਝ ਤੇ ਕਲਾ ਕਿਰਤੀ ਦੀ ਦੇਵੀ ਮੰਨੀ ਜਾਂਦੀ ਹੈ। ਮਾਨਵੀ ਸੁਹਝ ਤੇ ਕਲਾ ਕਿਰਤੀ ਕਿਸੇ ਵੀ ਸੂਰਤ ਵਿਚ ਕਾਲ ਅਧੀਨ ਹੈ, ਜਿਸ ਵਿਚ ਮਨੁਖ ਲਈ ਭਵਜਲ ਤੋਂ ਪਾਰਲੇ "ਪ੍ਰੀਤਮ ਕੇ ਦੇਸ" ਦੇ ਸਦੀਵੀ ਧਰਵਾਸ ਨਹੀਂ ਹਨ। ਦਸਮ ਗ੍ਰੰਥ ਦਾ ਸਰਸਾ ਵਿਚ ਰੁੜ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦਾ ਬਿਆਸਾ ਵਿਚ ਮਹਿਫ਼ੂਜ਼ ਰਹਿਣਾ ਸਾਡੇ ਵਿਚਾਰ ਦੀ ਪ੍ਰੋੜ੍ਹਤਾ ਕਰਦਾ ਹੈ। ਸਰਸਾ ਤੇ ਸਰਸਵਤੀ ਦੋਵੇਂ ਸਦਾ ਬਹਾਰ ਨਦੀਆਂ ਵੀ ਨਹੀਂ ਹਨ। ਗੁਰੂ ਗ੍ਰੰਥ ਸਹਿਬ ਵਿਚ ਪਰਮਾਤਮਾ ‘ਅਕਾਲ ਪੁਰਖ’ ਹੈ। ਲੇਕਿਨ ਦਸਮ ਗ੍ਰੰਥ ਵਿਚ ਉਹ ‘ਕਾਲ ਪੁਰਖ’ ਹੈ।
ਦਸਮ ਗ੍ਰੰਥ ਬਾਬਤ ਮੌਜੂਦਾ ਬਹਿਸ ਦਾ ਕਾਰਣ ਇਹ ਜਾਪਦਾ ਹੈ ਕਿ ਆਧੁਨਿਕ ਵਿਦਿਆ ਨੇ ਸਿੱਖਾਂ ਨੂੰ ਜਿਲਦ ਦੇ ਪਾਬੰਦ ਬਣਾ ਦਿਤਾ ਹੈ। ਉਂਜ ਸਿਖਾਂ ਨੇ ਉਸ ਵੇਲੇ ਵੀ ਇਸ ਗੱਲ ਦਾ ਭਰਵਾਂ ਵਿਰੋਧ ਕੀਤਾ ਸੀ, ਜਦ ਭਾਈ ਮਨੀ ਸਿੰਘ ਜੀ ਨੇ ਦਸਮ ਪਾਤਸ਼ਾਹ ਜੀ ਦੀ ਉਚਾਰਣ ਕੀਤੀ ਬਾਣੀ ਅਤੇ ਕਲਮ ਕ੍ਰਿਤ ਰਚਨਾ ਨੂੰ ਇਕ ਹੀ ਜਿਲਦ ਵਿਚ ਇਕੱਠੇ ਕਰ ਦਿੱਤਾ ਸੀ। ਮਸਲਾ ਇਹ ਹੈ ਕਿ ਕੁਝ ਵਿਦਵਾਨ, ਜਿਲਦ ਤੋਂ ਟਪਲ਼ਾ ਖਾ ਕੇ, ਧੁਰ ਕੀ ਬਾਣੀ ਤੇ ਕਿਰਤ ਵਿਚ ਫ਼ਰਕ ਨਾ ਕਰਕੇ, ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁਲ ਮੰਨਣ ਅਤੇ ਮਨਵਾਉਣ ਲਈ ਬਜ਼ਿਦ ਹਨ। ਅਤੇ ਦੂਸਰੇ ਪਾਸੇ ਕੁਝ ਐਸੇ ਭੱਧਰ ਪੁਰਸ਼ ਵੀ ਹਨ ਜੋ, ਕੇਵਲ ਜਿਲਦ ਦੇ ਟਪਲ਼ੇ ਵਿਚ, ਕਾਲ ਅਧੀਨ ਕਿਰਤ ਨੂੰ ਨਕਾਰਦੇ ਨਕਾਰਦੇ, ਗੁਰੂ ਦੇ ਮੁਖਾਰ ਬਿੰਦ ‘ਚੋਂ ਉਚਾਰੀ ਹੋਈ, ਧੁਰ ਕੀ ਬਾਣੀ ਨੂੰ ਵੀ ਮੰਨਣ ‘ਤੋਂ ਆਕੀ ਹੋਏ ਬੈਠੇ ਹਨ; ਅਤੇ ਦੂਸਰਿਆ ਨੂੰ ਇਹ ਗੱਲ ਮਨਵਾਉਣ ਲਈ ਵੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਸ ਜ਼ੋਰ ਅਜ਼ਮਾਈ ਵਿਚ ਕਿਸੇ ਕਿਸਮ ਦੇ ਡਰ ਭਉ, ਸੰਕੋਚ ਜਾਂ ਸ਼ਾਇਸਤਗੀ ਨੂੰ ਤਿਆਗ ਕੇ ਨਿਰਲੱਜਤਾ ਦੀ ਹੱਦ ਪਾਰ ਕਰਨ ਲਈ ਤਿਆਰ ਰਹਿੰਦੇ ਹਨ।
ਇਲਹਾਮ ਵਿਚ ਕਿਸੇ ਵੀ ਪ੍ਰਕਾਰ ਦੇ ਇਨਸਾਨੀ ਦਖ਼ਲ ਦੀ ਪ੍ਰਹੇਜ਼ਗਾਰੀ ਅਤੇ ਪਾਬੰਦੀ ਦੀ ਸਖ਼ਤੀ ਦਾ ਅੰਦਾਜ਼ਾ, ਕੁਰਆਨ ਮਜੀਦ ਦੇ ਸੂਰਤ ਅਲ ਹਾਕਾ ਵਿਚ ਕੀਤੇ ਗੲੈ ਇਸ ਐਲਾਨ ਅਤੇ ਤਾੜਨਾ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ - "ਇਹ ਕਿਸੇ ਕਵੀ ਜਾਂ ਜਾਦੂਗਰ ਦੇ ਨਹੀਂ, ਇਕ ਸਤਿਕਾਰਯੋਗ ਰਸੂਲ ਦੇ ਬੋਲ ਹਨ, ਜੋ ਸਾਰੇ ਜੱਗ ਦੇ ਪਾਲਣਹਾਰੇ ਵਲ੍ਹੋਂ ਉਤਾਰੇ ਗਏ ਹਨ। ਜੇਕਰ ਇਸ (ਨਬੀ) ਨੇ ਆਪੇ ਘੜ ਕੇ ਕੋਈ ਗੱਲ ਸਾਡੇ ਨਾਂ ਨਾਲ਼ ਜੋੜ ਦਿਤੀ ਹੁੰਦੀ ਤਾਂ ਅਸੀਂ ਇਸ ਦਾ ਸੱਜਾ ਹੱਥ ਨੱਪ ਲੈਂਦੇ ਅਤੇ ਇਸ ਦੀ ਘੰਢੀ ਵੱਢ ਸੁਟਦੇ, ਅਤੇ ਤੁਸੀਂ ਕੋਈ ਰੋਕ ਵੀ ਨਾ ਸਕਦੇ"।
ਭਾਈ ਬੰਨੋ ਜੀ ਨੇ ਬੀੜ ਸਾਹਿਬ ਦੀ ਜਿਲਦ ਬੰਨਵਾਉਣ ਸਮੇਂ ਜਦ ਕੁਝ ਕਾਵਿ ਕਿਰਤਾਂ ਨੂੰ ਧੁਰ ਕੀ ਬਾਣੀ ਵਿਚ ਸ਼ਾਮਲ ਕਰ ਦਿਤਾ ਸੀ ਤਾਂ ਗੁਰੂ ਸਾਹਿਬ ਨੇ ਉਸ ਬੀੜ ਨੂੰ ‘ਖਾਰੀ ਬੀੜ’ ਆਖ ਦਿਤਾ ਸੀ। ਸ਼ੁੱਧ ਜਲ ਨੂੰ ਗੁਰੂ ਕੇ ਸ਼ਬਦ ਦਾ ਲਾਸਾਨੀ ਤੱਤ ਅੰਮ੍ਰਿਤ ਵਿਚ ਤਬਦੀਲ ਕਰ ਦਿੰਦਾ ਹੈ; ਪਰ ਕਿਸੇ ਬੇ ਲੋੜੇ ਤੱਤ ਨਾਲ ਇਹ ਖਾਰਾ ਵੀ ਹੋ ਜਾਂਦਾ ਹੈ। ਉਕਤ ਰਵਾਇਤ ਤੋਂ ਸੇਧ ਲੈ ਕੇ, ਜੇ ਦਸਮ ਪਿਤਾ ਜੀ ਦੀ ‘ਸ੍ਰੀ ਮੁਖਵਾਕ’ ਰੂਪ ਧੁਰ ਕੀ ਬਾਣੀ ਅਤੇ ਕਿਰਤ ਰੂਪ ਰਚਨਾਵਾਂ ਨੂੰ ਜਿਲਦ ਪੱਖੋਂ ਨਖੇੜ ਲਿਆ ਜਾਵੇ ਤਾਂ ਜਿਲਦ ਵਿਚ ਉਲ਼ਝੀ ਮਾਨਸਿਕਤਾ ਵਾਲੇ ਵਿਦਵਾਨਾ ਦੀਆਂ ਆਪ ਹੁਦਰੀਆਂ ਨੂੰ ਠੱਲ ਪੈਣ ਦੀ ਗੁੰਜਾਇਸ਼ ਹੈ; ਲੇਕਿਨ ਇਹ ਫ਼ੈਸਲੇ ਇਤਨੇ ਸਿੱਧੇ ਅਤੇ ਸੁਖੈਨ ਨਹੀਂ ਹਨ। ਇਕ ਤਾਂ ਗੁਰੂ ਕੇ ਸ਼ਬਦ ਤੇ ਕਿਰਤ ਵਿਚਲਾ ਭੇਦ ਜਾਣਨਾ ਕਿਸੇ ਬਰੰ੍ਹਮ ਗਿਆਨੀ ਤੋਂ ਉਰੇ ਸੰਭਵ ਨਹੀਂ ਹੈ ‐ ਇਹ ਜਾ ਵਕੀਲਾਂ ਦੀ ਨਾਹੀਂ। ਦੂਸਰਾ ਦਸਮ ਗ੍ਰੰਥ ਸਾਹਿਬ ਵਿਚ ਕੁਝ ਬਾਣੀਆਂ ਦਾ ਨਖੇੜਾ ਤਾਂ ਸੰਭਵ ਹੈ। ਪਰ ਬਾਕੀ ਦੀਆਂ ਤਮਾਮ ਰਚਨਾਵਾਂ ਵਿਚ ਗੁਰੂ ਸਾਹਿਬ ਨੇ ਅਕਾਲੀ ਬਾਣੀ ਦਾ ਛੱਟਾ ਦਿੱਤਾ ਹੋਇਆ ਹੈ, ਜਿਸਦਾ ਨਖੇੜਾ ਨਾਮੁਮਕਿਨ ਹੈ। ਇਸ ਤੋਂ ਜਾਪਦਾ ਹੈ ਕਿ ਗੁਰੂ ਸਾਹਿਬ ਦੀ ਵੀ ਇਹੀ ਰਜ਼ਾ ਸੀ ਕਿ ਸੂਝ੍ਹ ਵਾਲ਼ੇ ਸਿੱਖ ਗੁਰਬਾਣੀ ਤੇ ਰਚਨਾ ਵਿਚਲਾ ਭੇਦ ਜਾਣ ਲੈਣਗੇ; ਤੇ ਮਨਮਤੀਏ ਟੱਕਰਾਂ ਮਾਰਦੇ ਖੁਆਰ ਹੁੰਦੇ ਰਹਿਣਗੇ। ਗੁਰੁ ਕੀ ਕਾਂਸ਼ੀ ਵਿਖੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਉਕਤ ਫ਼ੈਸਲੇ ਨੂੰ ਇੱਕ ਤਰਾਂ ਨਾਲ਼ ਗੁਰੂ ‘ਤੇ ਹੀ ਨਿਰਭਰ ਕਰ ਦਿੱਤਾ ਸੀ ਕਿ ਜੇ ਉਹ ਮੱਸੇ ਰੰਘੜ ਨੂੰ ਸੋਧ ਕੇ ਜੀਉਂਦੇ ਵਾਪਸ ਆ ਗਏ ਤਾਂ ਦਸਮ ਗ੍ਰੰਥ ਸਾਹਿਬ ਦੀ ਇੱਕ ਹੀ ਜਿਲਦ ਰਹਿਣ ਦਿੱਤੀ ਜਾਵੇ ਤੇ ਜੇ ਉਹ ਸ਼ਹੀਦੀ ਜਾਮ ਪੀ ਜਾਣ ਤਾਂ ਦੋ ਜਿਲਦਾਂ ਕਰ ਲਈਆਂ ਜਾਣ। ਜ਼ਾਹਰ ਹੈ ਕਿ ਦਸਮ ਗ੍ਰੰਥ ਸਾਹਿਬ ਨੂੰ ਇੱਕ ਜਿਲਦ ਵਿਚ ਰੱਖਣ ਦੀ ਗੁਰੂ ਦੀ ਰਜ਼ਾ ਹੀ ਸੀ। ਗੁਰੂ ਦੀ ਰਜ਼ਾ ਵਿਚ ਦਖ਼ਲ ਦੇਣ ਦਾ ਸਿੱਖ ਨੂੰ ਕਿਤਨਾ ਕੁ ਹੱਕ ਹੈ, ਇਸ ਬਾਬਤ ਵਿਚਾਰ ਕਰਨ ਦੀ ਲੋੜ ਨਹੀਂ ਜਾਪਦੀ।
ਕੇਵਲ ਦਸਮ ਪਿਤਾ ਜੀ ਜੀ ਦੁਆਰਾ ਕਲਮ ਦੀ ਵਰਤੋਂ ਦਾ ਜ਼ਿਕਰ ਇਤਿਹਾਸ ਵਿਚ ਆਉਂਦਾ ਹੈ। ਮਾਤਾ ਸੁਲਖਣੀ ਜੀ ਵੀ ਛੇਵੇਂ ਪਾਤਸ਼ਾਹ ਜੀ ਕੋਲ਼ੋਂ ਆਪਣੇ ਭਾਗ ਵਿਚ ਪੁਤਰ ਦੀ ਦਾਤ ਲਿਖਵਾੳਣ ਲਈ ਕਾਗ਼ਜ਼ ਅਤੇ ਕਲਮ ਦਵਾਤ ਘਰੋਂ ਲੈ ਕੇ ਗਏ ਸਨ। ਸਾਖੀ ‘ਚ ਆਉਂਦਾ ਹੈ ਕਿ ਅਜਿਹਾ ਕਰਨ ਲਈ ਉਸ ਨੂੰ ਬਾਬਾ ਬੁਢਾ ਜੀ ਨੇ ਆਖਿਆ ਸੀ, ਜੋ ਗੁਰੂ ਤੇ ਕਲਮ ਦਾ ਫ਼ਰਕ ਭਲੀ ਭਾਂਤ ਜਾਣਦੇ ਸਨ। ਦਸਮ ਪਤਾਸ਼ਾਹ ਜੀ ਦੀ ਰਚਨਾ ਨੂੰ ਗੁਰਬਾਣੀ ਦਾ ਦਰਜਾ ਪ੍ਰਾਪਤ ਨਹੀਂ; ਅਤੇ ਉਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹੋਈ। ਕੇਵਲ ਦਸਮ ਪਾਤਸ਼ਾਹ ਜੀ ਦੇ ਦਸਤੇ ਮੁਬਾਰਕ ਦੀ ਛੋਹ ਪ੍ਰਾਪਤ, ਰਚਨਾ ਦੀ ਅਥਾਹ ਪ੍ਰੇਰਣਾ ਪ੍ਰਦਾਤਾ, ਦੋ ਕਲਮਾਂ ਪਾਉਂਟਾ ਸਾਹਿਬ ਵਿਖੇ ਸੁਸ਼ੋਭਤ ਹਨ। ਇਥੇ ਯਾਦ ਆਉਂਦਾ ਹੈ ਕਿ ਸਿਰਫ਼ ਦਸਮੇ ਪਾਤਸ਼ਾਹ ਜੀ ਨੂੰ ਹੀ ਇਤਿਹਾਸ ਨੇ "ਕਲਮ ਦੇ ਧਨੀ" ਆਖਿਆ ਹੈ। ਪੰਜਵੇਂ ਪਾਤਸ਼ਾਹ ਜੀ ਨੇ ਭਾਵੇਂ ਸਭ ਤੋਂ ਵਧੇਰੇ ਬਾਣੀ ਉਚਾਰੀ ਪਰ ਉਨ੍ਹਾਂ ਨੂੰ "ਬਾਣੀ ਕੇ ਬੋਹਿਥ" ਤਾਂ ਕਿਹਾ ਗਿਆ, ਕਲਮ ਦੇ ਧਨੀ ਨਹੀਂ। ਬੋਹਿਥ ਵਿਚ ਵਸਤਾਂ ਬਣਾਈਆਂ ਜਾਂ ਪੈਦਾ ਨਹੀਂ ਕੀਤੀਆਂ ਜਾਂਦੀਆਂ ਸਿਰਫ਼ ਲਿਆਈਆਂ ਜਾਂਦੀਆਂ ਹਨ। ਗੁਰੂ ਸਾਹਿਬਾਨ ਬਾਣੀ ਨੂੰ ਉਸ ਜਹਾਨ ‘ਤੋਂ ਇਸ ਜਹਾਨ ਵਿਚ ਲਿਆਏ; ਉਹ ਲੋਕਾਈ ਨੁੰ ਇਸ ਜਹਾਨ ‘ਤੋਂ ਮੁਕਤੀ ਦਿਵਾ ਕੇ ਉਸ ਜਹਾਂ ਵਿਚ ਲੈਜਾਣ ਲਈ ਵਾਹਨ ਵੀ ਹਨ: ਕਥਨ ਹੈ, "ਨਾਨਕ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ"। ਜਿਵੇਂ ਪੈਗ਼ੰਬਰ ਅੱਲਾ ਦੇ ਹੁਕਮ ਨੂੰ ਧਰਤੀ ‘ਤੇ ਲੈਕੇ ਆਉਂਦੇ ਹਨ, ਇਵੇਂ ਗੁਰੂ ਸਾਹਿਬਾਨ ਧੁਰ ਕੀ ਬਾਣੀ ਨੂੰ ਧਰਤੀ ‘ਤੇ ਲੈਕੇ ਆਏ। "ਮਹਲਾ" ਨੂੰ ਮੈਹਲਾ ਕਹਿਣ ਵਾਲੇ ਇਸ ਭੇਤ ‘ਤੋਂ ਵਾਕਿਫ਼ ਨਹੀਂ ਹਨ। ਜਿਨ੍ਹਾਂ ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਕੇਵਲ ਉਨ੍ਹਾਂ ਲਈ ਹੀ "ਮਹਲਾ" ਸ਼ਬਦ ਵਰਤਿਆ ਗਿਆ ਹੈ। ਛੇਵੇਂ ਪਾਤਸ਼ਾਹ ਦੇ ਸਮਕਾਲੀ, ਧਰਮ ਅਤੇ ਹੋਰ ਰੁਹਾਨੀ ਮਸਲਿਆਂ ਬਾਬਤ ਚਿਠੀ ਪੱਤਰ ਅਤੇ ਗੋਸ਼ਟੀਆਂ ਕਰਨ ਵਾਲੇ ਅਤੇ ਦਬਿਸਤਾਨਿ ਮਜਾਹਿਬ ਦੇ ਕਰਤਾ ਮੁਹਸਿਨ ਫ਼ਾਨੀ ਨੇ ਵੀ ਦੱਸਿਆ ਹੈ ਕਿ "ਮਹਲਾ" ਅਰਬੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਪੈਗ਼ੰਬਰ; ਭਾਵ ਪੈਗ਼ਾਮ ਲਿਆਉਣ ਵਾਲਾ; ਪੈਗ਼ਾਮ ਲਿਖਣ ਜਾਂ ਰਚਣ ਵਾਲਾ ਨਹੀਂ। ਹਜ਼ਰਤ ਮੁਹੰਮਦ ਸਾਹਿਬ ਨੂੰ ਆਖ਼ਰੀ ਪੈਗ਼ੰਬਰ ਮੰਨਣ ਵਾਲ਼ੇ, ਇਕ ਮੁਸਲਿਮ ਵਿਦਵਾਨ ਵਲੋਂ, ਕਿਸੇ ਗ਼ੈਰ ਮੁਸਲਿਮ ਲਈ, ਮਹਲਾ ਦਾ ਅਰਥ ਪੈਗ਼ੰਬਰ ਤਸਲੀਮ ਕਰਨਾ ਵੀ ਸਾਡੇ ਖ਼ਿਆਲ ਨੂੰ ਹੋਰ ਪਰਪੱਕ ਕਰਦਾ ਹੈ। ਵਿਛੋੜੇ ਵਿਚ ਬਿਹਬਲ, ਸੱਜਣਾ ਤੋਂ ਦੂਰ ਵਸਦੀਆਂ ਪਿਆਰ ਭਿਜੀਆਂ ਰੂਹਾਂ ਹੀ ਜਾਣਦੀਆਂ ਹਨ ਕਿ ਉਨ੍ਹਾਂ ਲਈ ਪਿਆਂਬਰ ਦੇ ਕਿਆ ਮੈਨ੍ਹੇ ਹਨ; ਅੱਲਾ ਦੇ ਪਿਆਰੇ ਹੀ ਦੱਸ ਸਕਦੇ ਹਨ ਪੈਗ਼ੰਬਰ ਕੀ ਹੁੰਦਾ ਹੈ।
ਦਸਮ ਪਾਤਸ਼ਾਹ ਜੀ ਨੇ ਜਦੋਂ ਆਦਿ ਬੀੜ ਦਾ ਸਰੂਪ ਮੁਕੰਮਲ ਕੀਤਾ, ਉਦੋਂ ਵੀ ਉਨ੍ਹਾਂ, ਕਲਮ ਦੇ ਧਨੀ ਹੋਣ ਦੇ ਬਾਵਜ਼ੂਦ, ਕਲਮ ਹੱਥ ਵਿਚ ਨਹੀਂ ਲਈ, ਸਗੋਂ ਇਹ ਕਲਮੀ ਕਾਰਜ ਭਾਈ ਮਨੀ ਸਿੰਘ ਜੀ ਤੋਂ ਕਰਵਾਇਆ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮੁਕੰਮਲ ਕਰਕੇ ਤਮਾਮ ਕਲਮਾਂ ਜਲ ਪ੍ਰਵਾਹ ਕਰਵਾ ਦਿਤੀਆਂ ਸਨ। ਕਲਮ ਰਚਨਾ ਦਾ ਪ੍ਰਤੀਕ ਹੈ; ਪਰ ਬਾਣੀ ਰਚਨਾ ਨਹੀ ਹੈ। ਰਚਨਾ ਕਾਲ ਅਧੀਨ ਹੈ ਜਦ ਕਿ ਬਾਣੀ ਅਕਾਲੀ ਹੈ। ਪ੍ਰੋ. ਸਾਹਿਬ ਸਿੰਘ ਜੀ ਐਵੇਂ ਕਲਮਾਂ ਸਿਆਹੀਆਂ ਦੇ ਭਰਮ ‘ਚ ਪੈ ਗਏ। ਦਰਅਸਲ ਅਕਾਲ ਪੁਰਖ ਤੋਂ ਭਾਈ ਗੁਰਦਾਸ ਜੀ ਤਕ ਬਾਣੀ ਦੇ ਸਫ਼ਰ ਵਿਚ ਕਿਧਰੇ ਵੀ ਕਲਮ ਨਹੀਂ ਆਉਂਦੀ। ਭਾਈ ਗੁਰਦਾਸ ਜੀ ਤੋਂ ਸਾਡੇ ਤਕ ਬਾਣੀ ਦੇ ਸਫ਼ਰ ਵਿਚ ਕਲਮ ਦਾ ਜ਼ਿਕਰ ਹੈ।
ਜਿਵੇਂ ਇਸਲਾਮ ਵਿਚ ‘ਵਹੀ’ ਅੱਲਾਹ ਪਾਕ ਦਾ ਇੱਕ ਸੂਖਮ ਇਸ਼ਾਰਾ ਹੈ, ਜਿਸਨੂੰ ਸਿਰਫ਼ ਨਬੀ ਸਾਹਿਬ ਹੀ ਸਮਝਦੇ ਸਨ। ਇਸੇ ਤਰਾਂ ਗੁਰਬਾਣੀ ਦਾ ਅਵਤਰਣ ਅਕਾਲ ਪੁਰਖ ਤੇ ਗੁਰੂ ਸਾਹਿਬਾਨ ਦਾ ਇਕ ਸਾਂਝਾ ਭੇਤ ਹੈ; ਰਹੱਸ ਹੈ। ਇਹ ਰਹੱਸ ਇਤਨਾ ਗਹਿਰਾ ਅਤੇ ਇਤਨਾ ਉਚਾ ਹੈ ਕਿ ਇਹੀ ਕਿਹਾ ਜਾ ਸਕਦਾ ਹੈ: "ਏਵਡ ਊਚਾ ਹੋਵੈ ਕੋਇ ਤਿਸ ਊਚੈ ਕਉ ਜਾਣੈ ਸੋਇ॥" "ਪ੍ਰਮਾਤਮ ਕੀ ਮਉਜ" ਵਿਚ ਖ਼ਾਲਸੇ ਦੇ ਪਰਗਟ ਹੋਣ ਦੀ ਮਹਾਨ ਘਟਨਾ ਵੀ ਤੰਬੂ ਦੇ ਉਹਲੇ ‘ਚ ਵਾਪਰੀ ਸੀ। ਗੁਰੂੁ ਦੇ ਭੇਤ ਇਤਿਹਾਸ ਦੀ ਨੰਗੀ ਅੱਖ ਨਹੀਂ ਜਾਣ ਸਕਦੀ -"ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥"
ਮੁਹੰਮਦ ਅਬਦੁਲ ਹਈ ਹਯਾਤ-ਏ-ਤਯਬਾ ਵਿਚ ਲਿਖਦੇ ਹਨ ਕਿ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ, ਅਰਬ ਦੀ ਰਵਾਇਤ ਮੁਤਾਬਕ, ਛੋਟੀ ਉਮਰੇ ਦਾਈ ਹਲੀਮਾਂ ਸਅਦੀਆ ਦੀ ਦੇਖ ਰੇਖ ਹੇਠ ਇੱਕ ਪਿੰਡ ਵਿਚ ਭੇਜ ਦਿਤਾ ਗਿਆ ਸੀ। ਇਸੇ ਕਾਰਣ ਉਨ੍ਹਾਂ ਦੀ ਜ਼ਿੰਦਗੀ ਦੀ ਨੁਹਾਰ ਦਿਹਾਤੀ ਆਬੋ ਹਵਾ, ਸਹਿਜ ਮਈ ਮੌਲਿਕ ਜੀਵਨ ਢੰਗ ਅਤੇ ਸਾਦਗੀ ਭਰਪੂਰ ਸੀ। ਉਨ੍ਹਾਂ ਦਿਨਾਂ ਵਿਚ ਸ਼ਹਿਰਾਂ ਦੇ ਟਾਕਰੇ ‘ਤੇ ਪਿੰਡਾਂ ਤੇ ਕਸਬਿਆਂ ਦੀ ਭਾਸ਼ਾ ਵਧੇਰੇ ਸਾਫ਼ ਤੇ ਸ਼ੁੱਧ ਮੰਨੀ ਜਾਂਦੀ ਸੀ। ਮੁਹੰਮਦ ਸਾਹਿਬ ਦਾ ਜੀਵਨ ਪ੍ਰਹੇਜ਼ਗਾਰੀ ਦੇ ਮਾਮਲੇ ਵਿਚ ਇਕ ਮਿਸਾਲ ਸੀ। ਬੇਸ਼ੱਕ ਉਹ ਕਦੀ ਸਕੂਲ ਨਹੀਂ ਗਏ ਸਨ ਅਤੇ ਨਾ ਹੀ ਉਨ੍ਹਾਂ ਕਦੀ ਕਿਸੇ ਉਸਤਾਦ ਕੋਲੋਂ ਕੋਈ ਅੱਖਰ ਸਿਖਿਆ ਸੀ। ਇਸਲਾਮ ਨੇ ਉਨ੍ਹਾਂ ਨੂੰ ਓਮੀ, ਨਿਰੱਖਰ, ਅੱਨਲੈਟਰਡ ਕਿਹਾ ਹੈ। ਜ਼ਾਹਿਰ ਹੈ ਕਿ ਇਲਹਾਮ ਲਈ ਉਸਤਾਦੀ ਵਿਦਿਆ ਅਤੇ ਸਕੂਲੀ ਪੜ੍ਹਾਈ ਦੀ ਕੋਈ ਮੁਢਲੀ ਸ਼ਰਤ ਨਹੀਂ ਹੈ; ਅਤੇ ਨਾ ਹੀ ਇਸ ਪੜ੍ਹਾਈ ਲਿਖਾਈ ਦਾ ਇਲਹਾਮ ਵਿਚ ਕਿਸੇ ਪ੍ਰਕਾਰ ਦਾ ਦਖ਼ਲ ਹੈ। ਇਲਹਾਮ ਅੱਖਰ ਦਾ ਮੁਥਾਜ ਨਹੀਂ ‐ "ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ"; ਵਿਆਕਰਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ।
ਭਗਵਾਨ ਬੁਧ ਨੂੰ ਵੀ ਪੰਡਤ ਨੇ ਜਦੋਂ ਹਿਸਾਬ ਵਿਚ ਨਿਪੁਣ ਕਰਨ ਲਈ ਗਿਣਤੀ ਸਿਖਾਉਣੀ ਚਾਹੀ ਸੀ ਤਾਂ ਉਨ੍ਹਾਂ ਆਖਿਆ ਸੀ ਕਿ ਜਿਥੋਂ ਤੱਕ ਦੀ ਗਿਣਤੀ ਉਨ੍ਹਾਂ ਨੂੰ ਪਤਾ ਹੈ ਪਹਿਲਾਂ ਉਹ ਸੁਣ ਲਈ ਜਾਵੇ ਫਿਰ ਉਸ ਤੋਂ ਅੱਗੇ ਸ਼ੁਰੂ ਕੀਤੀ ਜਾਵੇ। ਭਗਵਾਨ ਬੁਧ ਨੇ ਜਿਥੋਂ ਤੱਕ ਗਿਣਤੀ ਸੁਣਾ ਦਿੱਤੀ ਸੀ ਪੰਡਤ ਨੂੰ ਉਸ ਦਾ ਕਿਆਸ ਤੱਕ ਵੀ ਨਹੀਂ ਸੀ।
ਗੁਰੂ ਨਾਨਕ ਸਾਹਿਬ ਵੀ ਸਿਰਫ਼ ਇਕ ਦਿਨ ਸਕੂਲ ਗਏ ਸਨ ਅਤੇ ਪਾਧੇ ਕੋਲ਼ੋਂ ਕੁਝ ਪੜ੍ਹਨ ਦੀ ਬਜਾਇ ਉਸ ਨੂੰ ਪੜ੍ਹਾ ਕੇ ਆਏ ਸਨ; ਪਾਧਾ ਗੁਰੂ ਸਾਹਿਬ ਦੀ ਰੱਬੀ ਪ੍ਰਤਿਭਾ ਦੇਖ ਕੇ ਸੁੰਨ ਮੁੰਨ ਹੋ ਗਿਆ ਸੀ।
ਜਿਵੇਂ ਇਸਲਾਮੀ ਰਵਾਇਤ ਹੈ ਕਿ ਕੁਰਾਨ ਦੀ ਅਸਲ ਕਾਪੀ, ਲੌਹਿ ਮਹਿਫ਼ੂਜ਼, ਅੱਲਾ ਦੇ ਦਰਬਾਰ ‘ਚ ਪਈ ਹੈ ਤਾਂ ਇਹ ਗੱਲ ਮੰਨਣ ਵਿਚ ਵੀ ਕੋਈ ਸ਼ੰਕਾ ਨਹੀਂ ਜਾਪਦੀ ਕਿ ਗੁਰਬਾਣੀ ਦਾ ਪ੍ਰਕਾਸ਼ ਵੀ, ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਪਹਿਲੋਂ, ਅਕਾਲ ਪੁਰਖ ਦੇ ਦਰਬਾਰ ਵਿਚ ਮੌਜੂਦ ਸੀ। ਗੁਰਬਾਣੀ ਦੇ ਫ਼ੁਰਮਾਨ "ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ" ਵਿਚ "ਅਖਰ ਲਿਖੇ" ਉਸੇ "ਧੁਰ" ਵੱਲ ਇਸ਼ਾਰਾ ਪ੍ਰਤੀਤ ਹੁੰਦਾ ਹੈ। ਗੁਰਬਾਣੀ ਦਾ ਸ੍ਰਵਣ ਗੁਰੂ ਦੀ "ਸੋਇ" ਹੈ-"ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ"। ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਤੱਕਣਾ ਅਤੇ ਵਾਕ ਲੈਣਾ ਗੁਰੂ ਦਾ ਦਰਸ਼ਣ ਹੈ‐"ਗੁਰ ਦਰਸਨੁ ਦੇਖਿ ਨਿਹਾਲੀ"। ਇਸ ਲਿਪੀ ਨੂੰ ਗੁਰਮੁਖੀ ਕਹਿਣ ਦਾ ਤਾਤਪਰਜ ਵੀ ਇਹੀ ਹੈ ਮਤਾਂ ਕੋਈ ਧੁਰ ਕੀ ਬਾਣੀ ਨੂੰ ਕਿਰਤ ਜਾ ਰਚਨਾ ਨਾ ਸਮਝ ਬੈਠੇ। ਘਰ ਦੀ ਸਾਫ਼ ਸਫ਼ਾਈ ਕਰਦੀਆਂ ਸਿਖ ਔਰਤਾਂ ਕਿਸੇ ਕਾਗ਼ਜ਼ ‘ਤੇ ਗੁਰਮੁਖੀ ਅੱਖਰ ਲਿਖਿਆ ਦੇਖ ਕੇ ਉਸਨੂੰ ਸਤਿਕਾਰ ਨਾਲ਼ ਸਿਰ ‘ਤੇ ਰੱਖ ਲੈਂਦੀਆਂ ਹਨ। ਗੁਰੂ ਦੇ ਦਰਸ਼ਣ ਤੋਂ ਬਿਨਾ ਸਿਖ ਦਾ ਜੀਵਨ ਵਿਅਰਥ ਹੈ। ਇਸੇ ਲਈ ਸਿਖਾਂ ਲਈ ਗੁਰਮੁਖੀ ਸਿਖਣਾ ਗੁਰੂ ਸਾਹਿਬ ਨੇ ਲਾਜ਼ਮੀ ਕਰ ਦਿਤਾ ਸੀ। ਸਭ ਮਾਈ ਭਾਈ ਲਈ ਹੁਕਮ ਸੀ ‐ "ਬਾਲ ਬਿਰਧ ਸਭ ਕੋ ਪਠਾਵਾ। ਅਣਪੜ੍ਹ ਕੋਊ ਰਹਿਣ ਨਾ ਪਾਵਾ"। ਗੁਰੂ ਨਿਰੱਖਰ ਹੋ ਸਕਦਾ ਹੇ ਸਿਖ ਨਹੀਂ। ਪੈਗ਼ੰਬਰ ਓਮੀ ਹੋ ਸਕਦਾ ਹੈ ਉਂਮਤ ਨਹੀਂ।
ਇਹ ਦ੍ਰਿਸ਼ਟਮਾਨ ਸੰਸਾਰ, ਸਗਲਾ ਵਿਸ਼ਵ, ਕਾਇਨਾਤ ਓਸ ਅਦ੍ਰਿਸ਼ਟ ਦਾ ਇਕ ਕਿਣਕਾ ਮਾਤਰ ਹੈ। ਇਹ ਵਿਸ਼ਵ ਹੋਂਦ ਵਿਚ ਆਉਣ ਤੋਂ ਪਹਿਲਾਂ ਓਸ ਅਦ੍ਰਿਸ਼ਟ ਵਿਚ ਮੌਜੂਦ ਸੀ ਅਤੇ ਇਸ ਕਾਲ ਚੱਕਰ ਦੇ ਅਖ਼ੀਰ ਵਿਚ ਉਸੇ ਵਿਚ ਹੀ ਸਮਾ ਜਾਵੇਗਾ। ਇਨ੍ਹਾਂ ਅੱਖਾਂ ਨਾਲ਼ ਉਹ ਅਦ੍ਰਿਸ਼ਟ ਨਜ਼ਰ ਨਹੀਂ ਆਉਂਦਾ ਅਤੇ ਦ੍ਰਿਸ਼ਟਮਾਨ ਸੰਸਾਰ ਸੱਚ ਜਾਪਦਾ ਹੈ। ਪਰ ਜਦੋਂ ਗੁਰੂ ਦੀ ਮਿਹਰ ਨਾਲ਼ ਇਨ੍ਹਾਂ ਅੱਖਾਂ ਨੂੰ ਰੱਬੀ ਜੋਤ ਪ੍ਰਾਪਤ ਹੋ ਜਾਵੇ ਤਾਂ ਫਿਰ ਉਹ ਅਦ੍ਰਿਸਟ ਸੰਸਾਰ ਨਜ਼ਰ ਆਉਂਦਾ ਹੈ, ਜਿਸ ਦੇ ਸਾਹਮਣੇ ਦ੍ਰਿਸ਼ਟੀਗੋਚਰ "ਇਹੁ ਜਗੁ ਧੂਏ ਕਾ ਪਹਾਰ" ਹੈ। ਇਸੇ ਕਰਕੇ ਇਹ ਦੁਨਿਆਵੀ ਇਲਮ, ਭਾਸ਼ਾ ਵਿਗਿਆਨ ਤੇ ਵਿਆਕਰਣਾਂ ਦੀ ਹਸਤੀ ਉਸ ਅਦ੍ਰਿਸ਼ਟ ਦੇ ਸਾਹਮਣੇ ਧੂਏਂ ਦੇ ਪਹਾੜ ਜਿੰਨੀ ਵੀ ਨਹੀਂ; ਫ਼ੁਰਮਾਨ ਹੈ: "ਤੈ ਸਾਚਾ ਮਾਨਿਆ ਕਿਹ ਬਿਚਾਰਿ"।
ਸਿਖ ਇਤਿਹਾਸ ਵਿਚ ਗੁਰਬਾਣੀ ਨਾਲ਼ ਸਬੰਧਤ ਕਿਸੇ ਵਿਆਕਰਣ ਦਾ ਜ਼ਿਕਰ ਨਹੀਂ ਮਿਲਦਾ। ਕੋਈ ਇਸ਼ਾਰਾ ਵੀ ਨਹੀਂ ਹੈ ਕਿ ਪੰਚਮ ਪਾਤਸ਼ਾਹ ਜਾਂ ਭਾਈ ਗੁਰਦਾਸ ਜੀ ਨੇ ਗੁਰਬਾਣੀ ਲਿਖਣ ਲਈ ਵਿਆਕਰਣ ਦੇ ਕੋਈ ਨਿਯਮ ਤੈ ਕੀਤੇ ਹੋਣ। ਜੇ ਕੋਈ ਐਸੇ ਨਿਯਮ ਹੁੰਦੇ ਤਾਂ ਉਹ ਜ਼ਰੂਰ ਤਤਕਰੇ ਤੇ ਰਾਗਮਾਲਾ ਦੀ ਤਰਾਂ ਕਿਤੇ ਅੰਕਤ ਹੁੰਦੇ।
ਪ੍ਰੋ. ਪੂਰਨ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਸਿਰਦਾਰ ਕਪੂਰ ਸਿੰਘ ਸਾਡੇ ਸਮਿਆਂ ਦੇ ਸਿਰਮੌਰ ਵਿਦਵਾਨ ਹੋਏ ਹਨ; ਇਨ੍ਹਾਂ ‘ਚੋਂ ਕਿਸੇ ਨੇ ਗੁਰਬਾਣੀ ਦੀ ਵਿਆਖਿਆ ਲਈ ਕਦੀ ਵੀ ਕਿਸੇ ਵਿਆਕਰਣ ਦਾ ਜ਼ਿਕਰ ਨਹੀਂ ਕੀਤਾ। ਡਾ. ਦੀਵਾਨਾ ਜੀ ਦੇ ਮੱਤ ਅਨੁਸਾਰ ਗੁਰੂ ਸਾਹਿਬਾਂ ਨੇ ਬਾਣੀ ਵਿਚ "ਸਿਰਫ਼ ਤਸ਼ਦੀਦ ਦੀ ਬਹਿਰ, ਵਜ਼ਨ ਦੀ ਜ਼ਰੂਰਤ ਤਕਾਜ਼ੇ ਨੂੰ ਤੇ ਉਕਾਰਾਂਤ ਉਚਾਰਣ ਨੂੰ ਮੁੱਖ ਰੱਖਿਆ ਨਾ ਕਿ ਗਰਾਮਰ (ਕਿਸੇ ਕਲਪਾਈ ਗਰਾਮਰ) ਨੂੰ"; ਉਨ੍ਹਾਂ ਤਾਂ ਸਾਫ਼ ਹੀ ਲਿਖਿਆ ਹੈ ਕਿ "ਸਾਹਿਬ ਸਿੰਘ ਦਾ ਟੀਕਾ ਗ਼ਲਤ ਹੈ"।
ਪੰਜਵੇਂ ਪਾਤਸ਼ਾਹ ਜੀ ਨੂੰ ਜਦੋਂ ਸਿਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਪ੍ਰਮਾਣਤ ਟੀਕਾ ਤਿਆਰ ਕਰਨ ਲਈ ਸਿਫ਼ਾਰਸ਼ ਕੀਤੀ ਸੀ ਤਾਂ ਗੁਰੂੁ ਸਾਹਿਬ ਨੇ ਸਪਸ਼ਟ ਨਾਂਹ ਕਰਦਿਆਂ ਆਖਿਆ ਸੀ ਕਿ ਧੁਰ ਕੀ ਬਾਣੀ ਦਾ ਪ੍ਰਮਾਣਕ ਟੀਕਾ ਹੋਣਾ ਸੰਭਵ ਨਹੀਂ, ਗੁਰਬਾਣੀ ਦੀ ਵਸਤੂ ਵਿਆਕਰਣ ਦੀ ਬੰਦਸ਼ ਵਿਚ ਨਹੀਂ ਸਿਮਟ ਸਕਦੀ। ਗੁਰਬਾਣੀ ਬੁਨਿਆਦੀ ਤੌਰ ਪਰ ਸੰਸਕ੍ਰਿਤ ਅਤੇ ਦੂਸਰੀਆਂ ਭਾਸ਼ਾਵਾਂ ਤੋਂ ਅਲਗ ਹੈ। ਸ਼ਬਦ ਕੋਸ਼ਾਂ ਅਤੇ ਵਿਆਕਰਣਾ ਦੀ ਗੁਰਬਾਣੀ ‘ਤੇ ਕੋਈ ਪੇਸ਼ ਨਹੀਂ ਜਾਂਦੀ। ਗੁਰਬਾਣੀ ਦਾ ਅਸਲ ਟੀਕਾ ਤਾਂ ਗੁਰਬਾਣੀ ਦਾ ਉਹ ਪਾਵਨ ਅਹਿਸਾਸ ਹੈ, ਜੋ ਸ਼ਰਧਾਵਾਨ, ਸੁਲਝੇ ਹੋਏ, ਸੂਝਵਾਨ, ਜਾਗੇ ਹੋਏ ਅਤੇ ਕਰਨੀ ਵਾਲ਼ੇ ਮਹਾਂ ਪੁਰਸ਼ਾਂ ਦੇ ਅੰਤਰ ਆਤਮੇ ਵਿਚ ਉਪਜਦਾ ਹੈ।
ਕਿਸੇ ਖ਼ਾਸ ਸਮੇਂ ਵਿਚ, ਖ਼ਾਸ ਇਲਾਕੇ ਦੇ, ਖ਼ਾਸ ਲੋਕ ਸਮੂਹ ਵਲੋਂ ਸਹਿਜ ਰੂਪ ਵਿਚ ਵਰਤੀ ਜਾਂਦੀ ਬੋਲੀ ਦੇ ਅੰਤਰੀਵ ਨੇਮ ਵਿਆਕਰਣ ਹਨ। ਸਮੇਂ ਵਿਚ ਤਬਦੀਲੀ ਆਉਣ ਨਾਲ਼, ਇਲਾਕਾ ਬਦਲਣ ਨਾਲ਼ ਅਤੇ ਇਕ ਲੋਕ ਸਮੂਹ ਦੇ ਦੂਜੇ ਲੋਕ ਸਮੂਹ ਨਾਲ਼ ਮੇਲ ਮਿਲਾਪ ਜਾਂ ਤਬਦੀਲ ਹੋਣ ‘ਤੇ ਬੋਲੀ ਵਿਚ ਫ਼ਰਕ ਪੈ ਜਾਂਦਾ ਹੈ; ਭਾਸ਼ਾ ਬਦਲ ਜਾਂਦੀ ਹੈ। ਪਹਿਲਾਂ ਮੁਗਲਾਂ ਦੇ ਆਉਣ ਨਾਲ਼ ਫਿਰ ਅੰਗਰੇਜ਼ਾਂ ਦੇ ਆਉਣ ਨਾਲ਼ ਭਾਰਤੀ ਬੋਲੀਆਂ ਵਿਚ ਵਡੇ ਫ਼ਰਕ ਪਏ ਹਨ। ਯੂ.ਪੀ. ਬਿਹਾਰ ਤੋਂ ਆਏ ਮਜਦੂਰਾਂ ਦਾ ਪੰਜਾਬ ਦੀ ਬੋਲੀ ‘ਤੇ ਅਸਰ ਇਸ ਲਈ ਘੱਟ ਹੈ ਕਿਉਂਕਿ ਉਹ ਪੰਜਾਬ ਵਿਚ ਜ਼ੋਰਾਵਰ ਜਾਂ ਹਾਕਮ ਦੇ ਰੂਪ ਵਿਚ ਨਹੀਂ ਆਏ। ਨਿਕੇ ਨਿਕੇ ਕੰਮਾਂ ਲਈ ਰੁਜ਼ਗਾਰ ਦੀ ਭਾਲ਼ ਵਿਚ ਆਏ ਲੋਕ ਪ੍ਰਭਾਵ ਛਡਦੇ ਨਹੀਂ ਕਬੂਲਦੇ ਹਨ: "ਯਾ ਕਲ ਮੈਂ ਸਭ ਕਾਲ ਕ੍ਰਿਪਾਨ ਕੇ"।
ਗੁਰਬਾਣੀ ਦੀ ਭਾਸ਼ਾ ਦੇ ਦੁਨਿਆਵੀ ਪਹਿਲੂ ਨੂੰ ਜੇ ਮਹੱਤਵ ਪੂਰਣ ਮੰਨ ਲਈਏ ਤਾਂ ਅਸੀਂ ਦੇਖਦੇ ਹਾਂ ਕਿ ਸਮੁਚੇ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਨਾ ਹੀ ਕਿਸੇ ਵਿਸ਼ੇਸ਼ ਸਮੇਂ ਤਕ ਸੀਮਤ ਹੈ, ਨਾ ਹੀ ਕਿਸੇ ਇਕ ਸਥਾਨ ਨਾਲ਼ ਜੁੜੀ ਹੋਈ ਹੈ ਅਤੇ ਨਾ ਹੀ ਕਿਸੇ ਇਕ ਲੋਕ ਸਮੂਹ ਨਾਲ਼ ਸਬੰਧਤ ਹੈ। ਸਮੇਂ ਪੱਖੋਂ ਇਹ ਬਾਬਾ ਫ਼ਰੀਦ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਦੇ ਲੰਬੇ ਸਮੇਂ ਵਿਚ ਫੈਲੀ ਹੋਈ ਹੈ। ਖੇਤਰ ਪਖੋਂ ਇਹ ਕਈ ਮੁਲਕਾਂ ਅਤੇ ਅਨੇਕ ਭਾਸ਼ਾਈ ਇਲਾਕਿਆਂ ਨਾਲ਼ ਸਾਂਝ ਰਖਦੀ ਹੈ। ਲੋਕ ਸਮੂਹ ਦੇ ਪੱਖੋਂ ਇਸ ਨਾਲ਼ ਜੁੜੇ ਹੋਏ ਵਰਗਾਂ ਦੀ ਗਿਣਤੀ ਅਣਗਿਣਤ ਹੈ। ਇਤਨੇ ਲੰਬੇ ਸਮੇਂ ਵਿਚ ਫੈਲੀਆਂ ਹੋਈਆਂ, ਇਤਨੇ ਵਿਸ਼ਾਲ ਖੇਤਰ ਵਿਚ ਵਰਤੀਂਦੀਆਂ ਅਤੇ ਅਣਗਿਣਤ ਲੋਕ ਸਮੂਹਾਂ ਤੇ ਵਰਗਾਂ ਨਾਲ ਸਬੰਧਤ ਬੋਲੀਆਂ ਨੂੰ ਕਿਸੇ ਇਕ ਵਿਆਕਰਣ ਵਿਚ ਕਿਵੇਂ ਜਕੜਿਆ ਜਾ ਸਕਦਾ ਹੈ? ਪਛਮੀਂ ਮੁਲਕਾਂ ਵਿਚ ਤਾਂ ਬੋਲੀ ਅਤੇ ਉਪ ਬੋਲੀ ਤੋਂ ਵੀ ਅਗੇ ਜਾ ਕੇ ਸ਼ਖ਼ਸੀ ਬੋਲੀ, ਈਡੀਓਲੈਕਟ ਨੂੰ ਵੀ ਵਿਸ਼ੇਸ਼ ਅਹਿਮੀਅਤ ਦਿਤੀ ਜਾ ਰਹੀ ਹੈ। ਗੁਰੂ ਸਾਹਿਬਾਂ ਨੇ ਆਪਣੀਆਂ ਲੰਬੀਆਂ ਯਾਤਰਾਵਾਂ ਦੌਰਾਨ ਜਿਹੜੇ ਵਿਸ਼ੇਸ਼ ਵਿਅਕਤੀਆਂ ਨਾਲ਼ ਵਾਰਤਾਲਾਪ ਕੀਤਾ, ਉਨ੍ਹਾਂ ਦੇ ਸ਼ਖ਼ਸੀ ਉਚਾਰਣ ਅਤੇ ਬੋਲੀ ਦੀ ਨਿਜੀ ਅਤੇ ਅਨੋਖੀ ਅੰਦਾਜ਼ਿ ਬਿਆਨੀ ਦੇ ਨਮੂਨੇ ਵੀ ਗੁਰਬਾਣੀ ਬਿਚ ਉਪਲਭਦ ਹਨ।
ਗੁਰਬਾਣੀ ਵਿਚ ਵਰਤੇ ਸ਼ਬਦਾਂ ਦੇ ਕੋਸ਼ ਅਰਥ ਮਹੱਤਵ ਪੂਰਣ ਨਹੀਂ ਹਨ; ਸ਼ਬਦਾਂ ਦੀਆਂ ਧੁਨੀਆਂ, ਉਨ੍ਹਾਂ ਨਾਲ਼ ਜੁੜਿਆ ਸੰਗੀਤ, ਸ਼ਬਦਾਂ ਨਾਲ਼ ਜੁੜੇ ਹੋਏ ਅਹਿਸਾਸ, ਉਨ੍ਹਾਂ ਦੇ ਇਤਿਹਾਸ, ਤੇ ਗ੍ਰਹਿਣ ਕੀਤੇ ਪ੍ਰਭਾਵ ਵੀ ਮਹੱਤਵ ਪੂਰਣ ਹਨ। ਗੁਰਬਾਣੀ ਵਿਚ ਸ਼ਬਦ ਪ੍ਰਭਾਵ ਸਿਰਜਦੇ ਹਨ, ਅਹਿਸਾਸ ਜਗਾਉਂਦੇ ਹਨ, ਚਿਤਰ ਉਲੀਕਦੇ ਹਨ ਅਤੇ ਦ੍ਰਿਸ਼ ਪੈਦਾ ਕਰਦੇ ਹਨ। ਕੋਈ ਕੀ ਜਾਣੇ ਕਿ ਸ਼ਬਦਾਂ ਦੇ ਰੰਗ ਵੀ ਹੁੰਦੇ ਹਨ, ਸਬਦ ਲਿਸ਼ਕਦੇ ਹਨ ਅਤੇ ਰੰਗਾਂ ਦੀ ਹੋਲੀ ਖੇਡਦੇ ਹਨ। ਸ਼ਬਦ ਜਗਦੇ, ਮਘਦੇ ਅਤੇ ਦਗਦੇ ਹਨ; ਸ਼ਬਦਾਂ ਵਿਚ ਨਿਘ, ਹੁਲਾਸ, ਖ਼ਲੂਸ, ਸੁਹਜ ਅਤੇ ਸੇਕ ਹੁੰਦਾ ਹੈ; ਸ਼ਬਦ ਭਾਰੇ ਤੇ ਹਲਕੇ ਫੁੱਲ ਵੀ ਹੁੰਦੇ ਹਨ। ਸ਼ਬਦ, ਸ਼ਬਦ ਕੋਸ਼ਾ ‘ਚੋਂ ਨਿਕਲ਼ ਕੇ ਗੱਲਾਂ ਕਰਦੇ ਹਨ, ਬੋਲਦੇ ਹਨ, ਪੁਚਕਾਰਦੇ ਤੇ ਦੁਲਾਰਦੇ ਹਨ, ਰੋਂਦੇ ਅਤੇ ਹੱਸਦੇ ਹਨ; ਚਹਿਕਦੇ, ਟਹਿਕਦੇ, ਮਹਿਕਦੇ, ਲਰਜ਼ਦੇ ਅਤੇ ਗਰਜ਼ਦੇ ਹਨ। ਸ਼ਬਦ ਭਗਵਾਨ ਹਨ, ਪਾਰਬ੍ਰਹਮ ਹਨ; ਆਤਮਾ ਹਨ ਪ੍ਰਮਾਤਮਾ ਹਨ। ਸ਼ਬਦਾਂ ਵਿਚ ਸਭ ਕੁਝ ਸਿਮਟ ਸਕਦਾ ਹੈ: ਜੰਗਲ਼, ਬੀਆਬਾਨ, ਰੇਗਿਸਤਾਨ, ਤੂਫ਼ਾਨ; ਸਭ ਕੁਝ ਬੋਲ ਸਕਦਾ ਹੈ: ਹਵਾਵਾਂ ਦੀ ਸਾਂ ਸਾਂ, ਝਰਨਿਆਂ ਦੀ ਕੁਲ ਕੁਲ ਤੇ ਬਾਗ਼ਾਂ ਦੀ ਬੁਲ ਬੁਲ। ਸ਼ਬਦ ਅਮਰ ਹੋ ਜਾਂਦੇ ਹਨ, ਜਦ ਵਿਆਕਰਣ ਤੋਂ ਪੱਲਾ ਛੁਡਾ ਕੇ, ਨਿਰਜਿੰਦ ਸ਼ਬਦ ਕੋਸ਼ਾਂ ਦੇ ਕੱਫਣਾ ਦੀਆਂ ਤਣੀਆਂ ਤੁੜਾ ਕੇ ਧਰਤੀ ਤੋਂ ਅਸਮਾਨ ਵੱਲ ਦੌੜਦੇ ਹਨ; ਤੇ ਫਿਰ ਰੱਬੀ ਰੌਸ਼ਨੀ ਅਤੇ ਤਮਾਮ ਬਰਕਤਾਂ ਨਾਲ਼ ਭਰਪੂਰ ਹੋ ਕੇ, ਫ਼ਰਿਸ਼ਤਿਆਂ ਦੇ ਪਵਿਤਰ ਖੰਭਾਂ ‘ਤੇ ਬਿਰਾਜਮਾਨ ਹੋ ਕੇ, ਪੈਗ਼ੰਬਰਾਂ ਦੀ ਜ਼ੁਬਾਨ ਦੀ ਛੋਹ ਪ੍ਰਾਪਤ ਕਰਕੇ, ਧਰਤੀ ‘ਤੇ ਉਤਰਦੇ ਹਨ; ਤੇ ਧਰਤੀ ਦੀਆਂ ਨਿਰਜਿੰਦ ਚੀਜ਼ਾਂ ਨੂੰ ਧੜਕਣ ਬਖ਼ਸ਼ਦੇ ਹਨ; ਸ਼ਬਦ ਜੇ ਆਜ਼ਾਦ ਹੋਣ ਵਿਆਕਰਣ ਦੀ ਕੈਦ ‘ਚੋਂ; ਤੇ ਚੜ੍ਹ ਜਾਣ ਅਸਮਾਨ ‘ਤੇ; ਰੱਬ ਦੀ ਜ਼ੁਬਾਨ ‘ਤੇ।
ਕਵਿਤਾ ਤਾਂ ਸ਼ੁਰੂ ਹੀ ਵਿਆਕਰਣ ਤੋਂ ਮੁਕਤ ਹੋ ਕੇ ਹੁੰਦੀ ਹੈ; ਇਸੇ ਨੂੰ ਅੰਗਰੇਜ਼ੀ ਵਿਚ ਪੋਇਟਿਕ ਲਾਇਸੈਂਸ ਆਖਦੇ ਹਨ। ਕਵਿਤਾ ਜਿਤਨੀ ਗਹਿਰਾਈ ਵਿਚ ਉਤਰੇਗੀ, ਜਿਤਨੀ ਜਟਲ ਅਤੇ ਸਟਲ ਹੋਵੇਗੀ ਉਤਨੀ ਹੀ ਉਹ ਵਿਆਕਰਣ ਤੋਂ ਮੁਕਤ ਹੋਵੇਗੀ। ਦਸਮ ਪਾਤਸ਼ਾਹ ਜੀ ਦੇ ਬਚਿਤਰ ਨਾਟਕ ਵਿਚ ਆਇਆ ਹੈ: "ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਕਾਲ ਕਾਲਿ ਕਾ ਅਰਾਧੀ॥" ਇਥੇ "ਕਾਲਿ" ਦਾ "ਮਹਾਕਾਲ" ਪੁਲਿੰਗ ਹੈ, ਇਸ ਲਈ ਸਾਹਿਬ ਸਿੰਘ ਜੀ ਦੇ ਵਿਆਕਰਣ ਮੁਤਾਬਕ "ਅਰਾਧੀ" ਦੀ ਥਾਂ ‘ਤੇ ਅਰਾਧਾ ਚਾਹੀਦਾ ਸੀ। ਬਚਿਤਰ ਨਾਟਕ ਵਿਚ ਹੀ ਇਹ ਪੰਗਤੀਆਂ ਦੇਖੋ: "ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੁ ਕੀਟਭ ਤਨ ਧਾਰਾ॥ ਦੁਤੀਅ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸਟ ਇਹ ਸਾਰੀ॥" ਵੈਸੇ ਤਾਂ "ਮੈਲ" ‘ਤੇ ਲਿੰਗ ਪੁਲਿੰਗ ਦਾ ਨੇਮ ਲਾਗੂ ਨਹੀਂ ਹੁੰਦਾ, ਪਰ ਸਾਹਿਬ ਸਿੰਘ ਦੀ ਵਿਆਕਰਣ ਮੁਤਾਬਕ "ਮੈਲ" ਇਸਤਰੀ ਲਿੰਗ ਹੈ, ਪਰ ਇਥੇ ਇਸ ਨੂੰ ਪੁਲਿੰਗ ਮੰਨ ਕੇ ਇਸ ਦੇ ਨਾਲ਼ ਸ਼ਬਦ "ਨਿਕਾਰਾ" ਆਇਆ ਹੈ; ਨਿਕਾਰੀ ਨਹੀਂ। ਇਸ ਤੋਂ ਅੱਗੇ ਦੂਜੀ ਪੰਕਤੀ ਵਿਚ "ਮੈਲੁ" ਸ਼ਬਦ ਪੁਲਿੰਗ ਹੈ, ਪਰ ਇੱਥੇ ਸ਼ਬਦ "ਮੈਲੁ" ਦੇ ਨਾਲ਼ ਇਸਤਰੀ ਲਿੰਗ ਵਾਚਕ ਸ਼ਬਦ "ਨਿਕਾਰੀ" ਆਇਆ ਹੈ, ਨਿਕਾਰਾ ਨਹੀਂ। ਭਾਈ ਗੁਰਦਾਸ ਜੀ ਲਿਖਦੇ ਹਨ: "ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ।" ਇੱਥੇ "ਬਾਬਾ" ਸ਼ਬਦ ਵੀ ਪੁਲਿੰਗ ਹੈ; ਸਾਹਿਬ ਸਿੰਘ ਜੀ ਦੀ ਵਿਆਕਰਣ ਮੁਤਾਬਕ ਇੱਥੇ "ਆਈ" ਦੀ ਥਾਂ ‘ਤੇ ਆਇਆ ਹੋਣਾ ਚਾਹੀਦਾ ਸੀ। ਕਬੀਰ ਸਾਹਿਬ ਦੀ ਬਾਣੀ ਵਿਚ ਆਇਆ ਹੈ: "ਤੂੰ ਜਲਨਿਧਿ ਹਉ ਜਲ ਕਾ ਮੀਨੁ॥" ਧੰਨ ਗੁਰੂ ਅਰਜਣ ਸਾਹਿਬ ਦੀ ਬਾਣੀ ਵਿਚ ਵੀ ਆਇਆ ਹੈ: "ਤੂੰ ਜਲਨਿਧਿ ਹਮ ਮੀਨ ਤੁਮਾਰੇ ॥" ਮੀਨ ਸ਼ਬਦ ਵੀ ਇਸਤਰੀ ਲਿੰਗ ਹੈ ਤੇ ਸਾਹਿਬ ਸਿੰਘ ਦੀ ਵਿਆਕਰਣ ਮੁਤਾਬਕ ਉਪਰੋਕਤ ਤੁਕਾਂ ਵਿਚ "ਜਲ ਕਾ" ਦੀ ਤਾਂ ਜਲ ਕੀ ਅਤੇ "ਤੁਮਾਰੇ" ਦੀ ਥਾਂ ਤੁਮਾਰੀ ਚਾਹੀਦਾ ਸੀ। ਉਨ੍ਹਾਂ ਦੇ ਮੁਤਾਬਕ ਗੁਰੂ ਅਰਜਣ ਸਾਹਿਬ ਜੀ ਦੀ ਇਸ ਤੁਕ "ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ" ਵਿਚ ਤਾਂ ਘੋਰ ਅਨਰਥ ਹੋਇਆ ਹੈ, ਜੁ ਜਾਣੀ ਜਾਣ ਗੁਰੂ ਜੀ ਨੇ "ਮਾਤਾ" ਸ਼ਬਦ ਵੀ ਪੁਲਿੰਗ ਵਜੋਂ ਵਰਤ ਲਿਆ! ਸਾਹਿਬ ਸਿੰਘ ਜੀ ਮੁਤਾਬਕ ਇਥੇ "ਮੇਰਾ" ਦੀ ਥਾਂ ਮੇਰੀ ਚਾਹੀਦਾ ਸੀ। ਇਸ ਨਾਲ਼ ਤੋਲ ਤੁਕਾਂਤ ਅਤੇ ਵਜ਼ਨ ਵਿਚ ਵੀ ਕੋਈ ਫ਼ਰਕ ਨਹੀਂ ਸੀ ਪੈਣਾ। ਪਹਿਲੇ ਪਾਤਸ਼ਾਹ ਜੀ ਦੀ ਬਾਣੀ ਵਿਚ ਆਉਂਦਾ ਹੈ: "ਜਿਨ੍ ਕੇ ਬੰਕੇ ਘਰੀ ਨ ਆਇਆ ਤਿਨ੍ ਕਿਉ ਰੈਣਿ ਵਿਹਾਣੀ॥" ਇਥੇ "ਜਿਨ੍ ਕੇ ਬੰਕੇ" ਤੋਂ ਸਪਸ਼ਟ ਹੈ ਕਿ "ਬੰਕੇ" ਬਹੁ ਵਚਨ ਹੈ, ਪਰ ਇਸ ਦੇ ਨਾਲ ਇਕ ਵਚਨ ਵਾਲ਼ੀ ਕਿਰਿਆ "ਆਇਆ" ਵਰਤੀ ਗਈ ਹੈ, ਜੋ ਕਿ ਸਾਹਿਬ ਸਿੰਘ ਜੀ ਮੁਤਾਬਕ ਆਏ ਹੋਣੀ ਚਾਹੀਦੀ ਸੀ। ਦਰ ਅਸਲ ਗੁਰਬਾਣੀ ਵਿਚ ਵਚਨ ਅਤੇ ਲਿੰਗਾਂ ਪੁਲਿੰਗਾਂ ਦਾ ਕੋਈ ਏਡਾ ਮਹੱਤਵ ਨਹੀਂ ਹੈ। ਪ੍ਰੋ. ਸਾਹਿਬ ਸਿੰਘ ਜੀ ਦੀ ਸੁਰਤੀ ਬੇ ਵਜ਼ਹ ਹੀ ਬੇ ਵਜੂਦ ਵਚਨਾ ਬਹੁ ਵਚਨਾ ਤੇ ਲਿੰਗਾਂ ਪੁਲਿੰਗਾਂ ਵਿਚ ਵਿਅਸਤ ਰਹੀ।
ਅਸਲ ਵਿਚ ਵਿਆਕਰਣ ਤੋਂ ਮੂੰਹ ਮੋੜ ਕੇ ਹੀ ਕਵਿਤਾ ਆਪਣੀਆਂ ਪਰਤਾਂ ਉਸਾਰਦੀ ਹੈ। ਜਿਹੜੀ ਕਵਿਤਾ ਵਿਆਕਰਣ ਤੋਂ ਮੁਕਤੀ ਹਾਸਲ ਨਹੀਂ ਕਰਦੀ ਉਹ ਬਹੁਤੀਆਂ ਸੰਭਾਵਨਾਵਾਂ ਉਜਾਗਰ ਨਹੀਂ ਕਰ ਸਕਦੀ। ਜੇ ਕਵੀ ਨੇ ਨਿਜ ਤੋਂ ਪਰ ਦਾ ਸਫ਼ਰ ਤੈ ਕਰਨਾ ਹੋਵੇ, ਇਕ ਲੋਕ ਸਮੂਹ ਤੋਂ ਦੂਜੇ ਤੱਕ ਰਸਾਈ ਕਰਨੀ ਹੋਵੇ, ਇਕ ਖੇਤਰ ਤੋਂ ਦੂਜੇ ਵਿਚ ਪ੍ਰਵੇਸ਼ ਕਰਨਾ ਹੋਵੇ ਜਾਂ ਫਿਰ ਇਕ ਸਮੇਂ ਤੋਂ ਅਗਲੇਰੇ ਸਮਿਆਂ ਨਾਲ਼ ਵਾਰਤਾਲਾਪ ਕਰਨਾ ਹੋਵੇ ਤਾਂ ਵਿਆਕਰਣਕ ਨੇਮਾਂ ਦੀ ਕੈਦ ਤੋਂ ਮੁਕਤ ਹੋਣਾ ਹੀ ਪਵੇਗਾ। ਪੰਜਾਬੀ ਵਿਦਵਾਨ, ਲੇਖਕ, ਕਵੀ, ਕਹਾਣੀ ਕਾਰ, ਨਾਵਲਕਾਰ ਤੇ ਡਰਾਮੇ ਕਾਰ ਸਭ ਯਥਾਰਥਵਾਦ ਦੇ ਰੋਣੇ ਰੋਂਦੇ ਹਨ, ਪਰ ਨਹੀਂ ਜਾਣਦੇ ਕਿ ਯਥਾਰਥ ਤੋਂ ਮੁਕਤ ਹੋਏ ਬਗ਼ੈਰ ਯਥਾਰਥ ਨਾਲ਼ ਆਢਾ ਨਹੀਂ ਲਾਇਆ ਜਾ ਸਕਦਾ; ਜਿਵੇਂ ਆਪਣੇ ਹੀ ਕੰਨਾਂ ਨੂੰ ਪਕੜ ਕੇ, ਆਪਣੇ ਆਪ ਨੂੰ ਉਤਾਂਹ ਨਹੀਂ ਚੁੱਕਿਆ ਜਾ ਸਕਦਾ।
ਗੁਰਬਾਣੀ ਕਵਿਤਾ ਜਾਂ ਸਾਹਿਤ ਨਹੀਂ। ਕਵੀਆਂ ਸ਼ਾਇਰਾਂ ਬਾਬਤ ਫ਼ੁਰਮਾਨ ਹੈ, "ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ"। ਕਵੀਆਂ ਦੇ ਰੋਣੇ ਰੱਬ ਵੱਲ ਇਕ ਤਿਲ ਭਰ ਸਫ਼ਰ ਤੈਅ ਨਹੀਂ ਕਰ ਸਕਦੇ। ਇਹ ਬਾਣੀ ਤਾਂ ਰੱਬ ਇਹ ਬਾਣੀ ਤਾਂ ਰੱਬ ਦਾ ਗੀਤ ਹੈ, ਜੋ ਗੁਰੂ ਸਾਹਿਬਾਂ ਨੇ ਕਾਇਨਾਤ ਨੂੰ ਗਾ ਕੇ ਸੁਣਾਇਆ, ਅਤੇ ਮਨੁੱਖ ਨੂੰ ਬਖ਼ਸ਼ਿਸ਼ ਕੀਤਾ। ਇਹ ਗੀਤ ਅਕਾਲੀ ਹੈ, ਤ੍ਰੈ ਕਾਲੀ ਹੈ; ਇਹ ਧੁਰ ਕੀ ਬਾਣੀ ਹੈ ਅਤੇ "ਸਾਝੀ ਸਗਲ ਜਹਾਨੇ" ਹੈ। ਇਸ ਦੇ ਸਰੋਕਾਰ ‘ਸਗਲ ਸੰਗ’ ਜੁੜਦੇ ਹਨ ਕਿਉਂਕਿ "ਸਗਲੀ ਧਰਤੀ ਸਾਧ ਕੀ" ਹੈ।
ਰੂਸੀ ਕਹਾਣੀ ਕਾਰ ਪਾਬਲੋਵਿਚ ਚੈਖ਼ੋਵ ਲਿਖਦਾ ਹੈ: "ਲਵਰਜ਼ ਅੰਡਰਸਟੈਂਡ ਈਚ ਅਦਰ ਬੈਸਟ ਵੈਨ ਦੇ ਆਰ ਸਾਈਲੈਂਟ"। ਗਹਿਰੇ ਪਿਆਰ ਦੀ ਭਾਸ਼ਾ ਬੋਲ ਤੋਂ ਅਗਾਂਹ ਜਾ ਕੇ ਅਬੋਲ ਵਿਚ ਪ੍ਰਵੇਸ਼ ਕਰਦੀ ਹੈ। ਭਲਾ ਚੁੱਪ ‘ਤੇ ਕਿਹੜੀ ਵਿਆਕਰਣ ਲਾਗੂ ਹੋ ਸਕਦੀ ਹੈ! ਗੁਰਬਾਣੀ ਵਿਚ ਬੋਲ ਅਤੇ ਅਬੋਲ ਵਿਚਲੇ ਪਰਮ ਤੱਤ ਦੇ ਨਾ ਮੁਮਕਿਨ ਪ੍ਰਵਚਨ ਨੂੰ ਮੁਮਕਿਨ ਕੀਤਾ ਗਿਆ ਹੈ। ਅਕੱਥ ਨੂੰ ਕਥਨ ਲਈ, ਅਕਹਿ ਨੂੰ ਕਹਿਣ ਲਈ ਭਾਸ਼ਾ ਦੀਆਂ ਵਿਆਕਰਣੀ ਬੰਦਸ਼ਾਂ ਨੂੰ ਮੇਟਿਆ ਗਿਆ ਹੈ; ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਲਈ ਉਸ ਵਿਚ ਅਨੰਤ ਲਚਕ ਪੈਦਾ ਕੀਤੀ ਗਈ ਹੈ। ਦੇਖਿਆ ਜਾਵੇ ਤਾਂ ਲਿੱਪੀ ਦਾ ਸਬੰਧ ਤਾਂ ਸਿਧੇ ਤੌਰ ਪਰ ਕਲਮ ਨਾਲ਼ ਹੈ, ਇਸ ਤੋਂ ਵੱਡੀ ਦਲੀਲ ਕੀ ਹੋ ਸਕਦੀ ਹੈ, ਕਿ ਜਿਸ ਲਿੱਪੀ ਵਿਚ ਧੁਰ ਕੀ ਬਾਣੀ ਸਾਡੇ ਤੱਕ ਪਹੁੰਚੀ ਹੈ, ਉਸ ਦਾ ਸਬੰਧ ਵੀ ਕਲਮ ਨਾਲ਼ ਨਹੀਂ, ਬਲਕਿ, ਗੁਰੂ ਦੇ ਮੁਖ ਨਾਲ਼ ਜੋੜਿਆ ਗਿਆ ਹੈ; ਇਸੇ ਕਰਕੇ ਉਸ ਪਾਵਨ ਲਿੱਪੀ ਦਾ ਨਾਂ ਗੁਰਮੁਖੀ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਤੱਕ ਸਾਡੇ ਵਿਸ਼ਵ ਵਿਦਿਆਲਿਆਂ ਵਿਚ, ਚਿਰਾਂ ਤੋਂ ਵਿਦਿਆ ਪ੍ਰਦਾਨ ਕਰਨ ਵਾਲੇ, ਵੱਡੇ ਵੱਡੇ ਆਚਾਰੀਏ ਪ੍ਰੋਫੈਸਰ, ਗੁਰਮੁਖੀ ਲਿੱਪੀ ਦੇ ਨਾਮਕਰਣ ਦੇ ਇਸ ਰਹੱਸ ਨੂੰ ਸਮਝਣ ਤੋਂ ਆਕੀ ਹੋਏ ਬੈਠੇ ਹਨ। ਕਈ ਵਿਦਵਾਨ ਗੁਰਮਖੀ ਦੇ ਨਾਂ ਤੋਂ ਭੁਲੇਖਾ ਖਾ ਕੇ ਬਹੁਤ ਵੱਡੇ ਸੰਕਟ ਵਿਚ ਹਨ। ਅਖੇ ਲਿੱਪੀ ਦਾ ਮੁਖ ਨਾਲ ਕੀ ਸਬੰਧ ਹੈ! ਸੂਰਜ ਮੁਖੀ ਦਾ ਫੁੱਲ ਆਪਣਾ ਮੁਖ ਸੂਰਜ ਵੱਲ ਰੱਖਦਾ ਹੈ। ਉਹ ਸੂਰਜ ਦੀ ਤਰਫ਼ ਇਕ ਖ਼ੂਬਸੂਰਤ ਸੈਨਤ ਹੈ; ਉਹ ਸੂਰਜ ਦੀ ਦੱਸ ਪਾਉਂਦਾ ਹੈ; ਉਸ ਦਾ ਆਪਣਾ ਮੁਖੜਾ ਵੀ ਸੂਰਜ ਜਿਹਾ ਹੁੰਦਾ ਹੈ; ਇਸੇ ਕਰਕੇ ਉਹ ਸੂਰਜ ਮੁਖੀ ਹੈ। ਗੁਰਮੁਖੀ ਗੁਰੂ ਰੂਪ ਬਾਣੀ ਦਾ ਪਵਿਤਰ ਲਿਬਾਸ ਹੈ। ਇਹ ਗੁਰੂ ਵੱਲ ਸੰਕੇਤ ਹੈ। ਆਪਣਾ ਮੁਖ ਗੁਰੂ ਵੱਲ ਅਤੇ ਗੁਰੂ ਜਿਹਾ ਹੋਣ ਸਦਕਾ, ਇਸ ਦਾ ਗੁਰਮੁਖੀ ਨਾਂ ਵਾਜਬ ਤੌਰ ‘ਤੇ ਦਰੁਸਤ ਹੈ।
ਗੁਰਬਾਣੀ ਵਿਚ ਮਨੁੱਖ ਦੇ ਓਪਰੇ ਅਕਲੀ ਘੇਰਿਆਂ ਨੂੰ ਪਾਰ ਕਰਕੇ, ਜਜ਼ਬਾਤੀ ਮੰਡਲਾਂ ਨੂੰ ਚੀਰ ਕੇ, ਆਤਮਕ ਦੇਸ ਵਿਚ ਸੁੱਤੀ ਰੂਹਾਨੀਅਤ ਨੂੰ ਜਗਾਉਣ ਲਈ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਵਿਆਕਰਣ ਦੀ ਪਹੁੰਚ ਅਕਲੀ ਘੇਰਿਆਂ ਤਕ ਮਹਿਦੂਦ ਹੈ। ਜੇ ਅਸੀਂ ਸਾਲ ਦੋ ਸਾਲ ਦੇ ਬੱਚੇ ਨਾਲ ਵਿਆਕਰਣ ਪੱਖੋਂ ਸ਼ੁੱਧ, ਸਪਸ਼ਟ ਅਤੇ ਠੇਠ ਭਾਸ਼ਾ ਵਿਚ ਗੱਲ ਕਰੀਏ ਤਾਂ ਬੱਚਾ ਰੋਣ ਲਗ ਪੈਂਦਾ ਹੈ। ਲੇਕਿਨ ਜਦੋਂ ਅਸੀਂ ਭਾਸ਼ਾ ਨੂੰ ਬਿਗਾੜ ਕੇ, ਅਸ਼ੁੱਧ ਕਰਕੇ, ਵਡੇ ਅਕਲਾਂ ਵਾਲਿਆਂ ਦੇ ਪੱਖ ਤੋਂ ਗ਼ਲਤ ਬੋਲਾਂਗੇ ਤਾਂ ਬੱਚੇ ਨਾਲ਼ ਤਾਲ ਮੇਲ ਜੁੜ ਜਾਵੇਗਾ, ਉਸ ਨਾਲ਼ ਲਾਡ ਦਾ ਰਿਸ਼ਤਾ ਜੁੜ ਜਾਵੇਗਾ; ਫਲਸਰੂਪ ਰੋਂਦਾ ਹੋਇਆ ਬੱਚਾ ਚੁੱਪ ਕਰ ਜਾਵੇਗਾ ਤੇ ਖੇਡਣ ਲਗ ਪਏਗਾ। ਆਤਮਕ ਮੰਡਲਾਂ ਦੀ ਅਵਸਥਾ ਵੀ ਐਸੀ ਹੀ ਕੁਝ ਅਕਲੀ ਤੇ ਜਜ਼ਬਾਤੀ ਘੇਰਿਆਂ ਤੋਂ ਉਰੇ ਦੀ ਜਾਂ ਪਰੇ ਦੀ ਹੈ। ਧਾਰਮਕ ਮੁਹਾਵਰੇ ਵਿਚ ਪ੍ਰਮਾਤਮਾ ਤੋਂ ਵਿਯੋਗੀ ਹੋਈ ਆਤਮਾ ਦੀ ਦਸ਼ਾ ਵੀ ਇਕ ਬੇਸਮਝ, ਅਨਾੜੀ ਬਾਲ ਜਹੀ ਹੁੰਦੀ ਹੈ: "ਇਆਣੀ ਬਾਲੀ ਕਿਆ ਕਰੇ"।
ਇਕ ਭਾਰਤੀ ਮਿੱਥ ਮੁਤਾਬਕ ਸੱਤ ਪ੍ਰਾਣਾ ਨੇ ਆਪਣੀ ਕਰਤਾਰੀ ਅਸਮਰੱਥਾ ਤੋਂ ਉਪਰਾਮ ਹੋ ਕੇ ਆਪਣੇ ਆਪ ਨੂੰ ਇਕ ਮਹਾਂ ਮਾਨਵ ਵਿਚ ਤਬਦੀਲ ਕਰ ਲਿਆ; ਫਿਰ ਇਸ ਮਹਾਂ ਮਾਨਵ ‘ਚੋਂ ਕਾਇਨਾਤ ਦੀ ਸਿਰਜਣਾ ਕੀਤੀ। ਕਹਿੰਦੇ ਨੇ ਉਸ ਮਹਾਂ ਮਾਨਵ ਦੀਆਂ ਅੱਖਾਂ ‘ਚੋਂ ਸੂਰਜ ਅਤੇ ਮੱਥੇ ਵਿਚੋਂ ਚੰਦਰਮਾ ਪਰਗਟ ਕੀਤਾ ਗਿਆ। ਇਸੇ ਲਈ ਸੂਰਜ ਇੰਦ੍ਰਿਆਵੀ ਗਿਆਨ ਦਾ ਪ੍ਰਤੀਕ ਹੈ ਅਤੇ ਚੰਦਰਮਾ ਚਿੰਤਨ, ਖ਼ਿਆਲ, ਦਲੀਲ ਅਤੇ ਅਨੁਮਾਨ ਦਾ। ਵਿਗਿਆਨ ਦਾ ਪ੍ਰਤੀਕ ਸੂਰਜ ਹੈ, ਤਰਕ ਅਤੇ ਫ਼ਲਸਫ਼ੇ ਦਾ ਪ੍ਰਤੀਕ ਚੰਦਰਮਾ ਹੈ। ਗੁਰਬਾਣੀ ਵਿਚ ਆਉਂਦਾ ਹੈ: "ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥" ਸਪਸ਼ਟ ਹੈ ਕਿ ਗੁਰੂ ਰੂਪ ਬਾਣੀ ਮਨੁੱਖ ਦੇ ਉਸ ਮੰਡਲ ਨੂੰ ਰੌਸ਼ਨ ਕਰਦੀ ਹੈ, ਜਿਥੇ ਸੌ ਚੰਦਰਮਾ ਅਤੇ ਹਜ਼ਾਰ ਸੂਰਜਾਂ ਦੀ ਲੋ ਵੀ ਨਹੀਂ ਪਹੁੰਚ ਸਕਦੀ। ਬਾਣੀ ਮਨੁਖ ਦੇ ਉਸ ਘੇਰੇ ਵਿਚ ਜੁੰਬਸ਼ ਪੈਦਾ ਕਰਦੀ ਹੈ, ਜਿਥੇ ਕੁਲ ਫ਼ਲਸਫ਼ੇ ਦਾ ਸੌ ਗੁਣਾ ਅਤੇ ਹਜ਼ਾਰ ਗੁਣਾ ਵਿਗਿਆਨ ਵੀ ਬੇਅਸਰ ਹੁੰਦੇ ਹਨ।
ਵਿਆਕਰਣ ਪਖੋਂ ਮਜਬੂਤ ਤੇ ਦਰੁਸਤ ਭਾਸ਼ਾ ਦੀ ਪਕੜ ਅਤੇ ਜ਼ਰੂਰਤ ਸਿਰਫ਼ ਖ਼ਿਆਲ ਤੱਕ ਹੁੰਦੀ ਹੈ। ਖ਼ਿਆਲਾਂ ਦੇ ਤੀਰ ਅਕਲ ਦੇ ਘੇਰਿਆਂ ਤੋਂ ਅਗਾਂਹ ਮਾਰ ਨਹੀਂ ਕਰਦੇ।
ਰਾਧਾ ਜੀ ਸ੍ਰੀ ਕ੍ਰਿਸ਼ਨ ਜੀ ਤੋਂ ਵਿਛੜ ਕੇ ਤੜਪਦੇ ਹਨ ਅਤੇ ਊਧੋ ਜੀ ਗਿਆਨ ਧਿਆਨ ਦੀਆਂ ਗੱਲਾਂ ਨਾਲ਼ ਰਾਧਾ ਜੀ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਵਿਚ ਹਨ। ਲੇਕਿਨ ਰਾਧਾ ਜੀ ਗਿਆਨ ਦੇ ਖੂਹ ਵਿਚ ਡਿਗਣ ਲਈ ਤਿਆਰ ਨਹੀਂ। ਲੱਖਾਂ ਗਿਆਨ ਧਿਆਨ ਸ੍ਰੀ ਕ੍ਰਿਸ਼ਨ ਜੀ ਦੇ ਮਿਲਾਪ ਦਾ ਧਰਵਾਸ ਪੈਦਾ ਨਹੀਂ ਕਰ ਸਕਦੇ।
ਰਾਂਝੇ ਦੇ ਪਿਆਰ ਵਿਚ ਲੁੱਛਦੀ ਹੀਰ ਨੂੰ ਉਸਦੀ ਮਾਂ ਵਿਆਕਰਣ ਦੀ ਮਾਰ ਹੇਠਲੀ ਦਲੀਲ ਬਾਜ਼ੀ ਨਾਲ ਸਮਝਾਉਣ ਦਾ ਯਤਨ ਕਰਦੀ ਹੈ ਅਤੇ ਉਸ ਦੇ ਬਾਪ ਦਾ ਡਰਾਵਾ ਦੇ ਕੇ ਜਜ਼ਬਾਤੀ ਹਥਿਆਰ ਵੀ ਵਰਤਦੀ ਹੈ। ਜਜ਼ਬਾਤ ਵੀ ਆਤਮਾ ਦੇ ਦੇਸ ਤੋਂ ਬਹੁਤ ਉਰੇ ਅਕਲ ਦੇ ਗੁਆਂਢ ਵਿਚ ਵਸਦੀ ਕੋਈ ਸ਼ੈ ਹੈ। ਪਰ ਹੀਰ ‘ਤੇ ਦੋਨੋ ਗੱਲਾਂ ਬੇਅਸਰ ਹਨ; ਉਹ ਜਵਾਬ ਦਿੰਦੀ ਹੈ: "ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ"। ਸਾਡੀ ਵਿਆਕਰਣੀ ਭਾਸ਼ਾ ਹੀਰ ਦੇ ਇਸ਼ਕ ਮਜਾਜ਼ੀ ਵਿਚ ਵੀ ਫੇਲ ਹੈ ਅਤੇ ਰਾਧਾ ਜੀ ਦੇ ਇਸ਼ਕ ਹਕੀਕੀ ਵਿਚ ਵੀ।
ਮੁੱਕਦੀ ਗਲ ਗੁਰਬਾਣੀ ਦਾ ਟੀਕਾ ਮੁਸ਼ਕਲ ਨਹੀਂ, ਅਸੰਭਵ ਹੈ। ਪਰ ਵਿਆਖਿਆ ਦੀ ਰੀਤ ਗੁਰੂ ਸਾਹਿਬਾਂ ਨੇ ਆਪ ਤੋਰੀ ਹੈ - "ਮੰਜੀ ਬਹਿ ਉਪਦੇਸ਼ਦਾ" ਇਸੇ ਵੱਲ ਇਸ਼ਾਰਾ ਹੈ। ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਗੁਰਬਾਣੀ ਅਕਾਲੀ ਹੈ, ਅਲੌਕਿਕ ਹੈ। ਪਰ ਵਿਆਖਿਆ ਸਮ ਕਾਲੀ ਹੈ, ਤਤ ਕਾਲੀ ਹੈ। ਇਸੇ ਕਰਕੇ ਬਾਣੀ ਵਿਆਕਰਣਿਤ ਕਿਰਤ ਨਹੀ ਸਗੋਂ ਅਕਾਲ ਪੁਰਖ ਦੀ ਧਰਤੀ ਨੂੰ ਬਖ਼ਸ਼ਿਸ਼ ਹੈ; ਇੱਕ ਉਚਰਿਤ ‘ਵੱਥੁ’ ਹੈ; ਜਿਸ ਨੂੰ ਗੁਰੂ ਸਾਹਿਬਾਂ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਿਆ।
ਪਰਚੇ ਦੇ ਸ਼ੁਰੂ ਵਿਚ ਮੈਂ ਗੁਰਬਾਣੀ ਦੇ ਵਿਆਕਰਣ ਨਾਲ਼ ਸਬੰਧ ਅਤੇ ਇਸਦੇ ਉਚਾਰਣ ਦੀ ਰਵਾਇਤ ਬਾਬਤ ਵਿਚਾਰ ਕਰਨ ਦਾ ਇਰਾਦਾ ਸੀ। ਸਮੇਂ ਦੀ ਘਾਟ, ਵਿਸ਼ੇ ਦੀ ਗਹਿਰਾਈ ਅਤੇ ਮੇਰੇ ਪਰਚੇ ਦੀ ਲੰਬਾਈ ਇਜਾਜ਼ਤ ਨਹੀਂ ਦਿੰਦੇ ਕਿ ਪਾਠਕ ਦੇ ਸਬਰ ਨੂੰ ਪਰਖ ਵਿਚ ਪਾਇਆ ਜਾਵੇ। ਗੁਰਬਾਣੀ ਉਚਾਰਣ ਦਾ ਮਸਲਾ ਵੱਖਰੇ ਪਰਚੇ ਦੀ ਮੰਗ ਕਰਦਾ ਹੈ।
ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਅਤੇ ਸਿਖ ਇਤਿਹਾਸ ਦੀ ਵਿਆਖਿਆ ਦੀ ਜਿਹੜੀ ਪਿਰਤ ਪਾਈ ਦਰਅਸਲ ਉਸ ਦੀ ਸ਼ੁਰੂਆਤ ਪਿੰਰਸੀਪਲ ਤੇਜਾ ਸਿੰਘ ਜੀ ਨੇ ਕੀਤੀ ਸੀ। ਸ਼ਿਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਸ਼ਬਦਾਰਥ ਦੀ ਭੂਮਿਕਾ ਤੋਂ ਜ਼ਾਹਿਰ ਹੈ। ਪ੍ਰੋ. ਸਾਹਿਬ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੇ ਬੌਧਿਕ ਪੂਰਨਿਆਂ ‘ਤੇ ਚੱਲਣ ਵਾਲ਼ੀਆਂ ਜਥੇਬੰਦੀਆਂ ਦੇ ਕਾਰਕੁਨਾ ਨੇ ਆਪਣੇ ਕਾਰਜ ਕਰਮ ਅਤੇ ਕਿਰਿਆ ਵਿਧਾਨ ਵਿਚ ਪ੍ਰੋ. ਸਾਹਿਬ ਸਿੰਘ ਜੀ ਨੂੰ ਇਕ ਬੁੱਤ ਦੀ ਨਿਆਈਂ ਅਪਣਾ ਲਿਆ ਹੈ ਅਤੇ ਉਨ੍ਹਾਂ ਦੀ ਵਿਆਖਿਆ ਅਤੇ ਅੱਲੜ ਤੌਰ ਤਰੀਕਿਆਂ ‘ਤੇ ਸਖ਼ਤੀ ਨਾਲ਼ ਪੈਹਰਾ ਦਿੰਦਿਆਂ ਇਸ ਭਾਂਤ ਪ੍ਰਚਾਰਨਾ ਸ਼ੁਰੂ ਕਰ ਦਿਤਾ ਹੈ, ਜਿਵੇਂ ਉਸ ਤੋਂ ਅੱਗੇ ਕਿਸੇ ਹੋਰ ਵਿਚਾਰ, ਸਿਧਾਂਤ, ਪ੍ਰਬੰਧ, ਪਂਧਤੀ ਜਾਂ ਖੋਜ ਲਈ ਕੋਈ ਵੀ ਥਾਂ ਨਾ ਬਚੀ ਹੋਵੇ। ਐਸੀ ਮਾਨਸਿਕਤਾ ਕਿਸੇ ਵੀ ਕੌਮ ਲਈ ਸਵੈ ਘਾਤ ਤੋਂ ਬਿਨਾ ਕਿਸੇ ਕੰਮ ਨਹੀਂ ਆਉਂਦੀ।
ਹਦਾਇਤ ਗੁਰੂ ਦਾ ਹੱਕ ਹੈ। ਸਿਖ ਦਾ ਫ਼ਰਜ਼ ਗ਼ੁਜ਼ਾਰਿਸ਼ ਹੈ। ਆਉ! ਜ਼ਿਹਨ ਵਿਚ ਟਿਕ ਚੁੱਕੇ ਕਿਸੇ ਵੀ ਤਰਾਂ ਦੇ ਬੁੱਤ ਨੂੰ ਇਧਰ ਉਧਰ ਖਿਸਕਾ ਦੇਈਏ ਅਤੇ ਦਿਲੋ ਦਿਮਾਗ਼ ਦੀਆਂ ਖਿੜਕੀਆਂ ਖੋਲ੍ਹ ਕੇ ਰੂਹ ਨੂੰ ਤਰੌਤ ਬਖ਼ਸ਼ਣ ਵਾਲੀ ਗੁਰੂ ਕੇ ਪੁਰੇ ਦੀ ਰੁਮਕਦੀ ਪੌਣ ਮਨ ਮਸਤਕ ਵਿਚ ਦਾਖ਼ਲ ਹੋਣ ਦੇਈਏ। ਬਾਬਾ ਸ਼ੇਖ਼ ਫ਼ਰੀਦ ਜੀ ਦਾ ਫ਼ੁਰਮਾਨ ਹੈ: "ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥"
* * * * *