ਡਾਕਟਰ ਦੇ ਹੁਕਮਾਂ ਤਹਿਤ ਬਣੀ ਹੋਈ ਰੋਜ਼ਾਨਾ ਸੈਰ ਕਰਨ ਦੀ ਰੁਟੀਨ ਮੁਤਾਬਕ ਸ਼ਾਮ ਦੀ ਲੰਬੀ ਸੈਰ ਤੇ ਜਾਣ ਲੱਗਿਆਂ, ਪੰਜਾਬ ਰਹਿੰਦੇ ਇਕ ਦੋਸਤ ਦਾ ਮੋਬਾਇਲ ਫੋਨ ਨੰਬਰ ਕਾਗਜ਼ ਤੇ ਨੋਟ ਕਰਕੇ ਜੇਬ੍ਹ ਵਿਚ ਪਾ ਲਿਆ। ਘਰੋਂ ਬਾਹਰ ਆ ਕੇ ਨੰਬਰ ਡਾਇਲ ਕਰਦਾ ਹਾਂ। ਕਿਸੇ ਰਿੰਗ ਟੋਨ ਦੀ ਥਾਂ ਅੱਗਿਓਂ ਬੜੀ ਮਧੁਰ ਤੇ ਰਸਿਕ ਅਵਾਜ਼ ਵਿਚ ਇਹ ਪੰਕਤੀਆਂ ਕੰਨੀਂ ਪਈਆਂ :-
ਨਾਮ ਬਿਨ ਸਭ ਕੂੜ ਗਾਲੀ ਹੋਛੀਆਂ.....!
ਦੋਸਤ ਸ਼ਾਇਦ ਬਿਜ਼ੀ ਹੋਵੇਗਾ। ਕਾਲ ਕਿਸੇ ਨੇ ਰਿਲੀਵ ਨਹੀਂ ਕੀਤੀ। ਇਸ ਲਈ ਸੁਖਦ ਸੰਗੀਤ ਸਹਿਤ ਅਗਲੀਆਂ ਤੁਕਾਂ ਦਾ ਰਸਭਿੰਨਾ ਗਾਇਨ ਕੰਨੀਂ ਪੈਣ ਲੱਗਾ। ਜਿਨ੍ਹਾਂ ਦਾ ਅਰਥ ਕੁਝ ਅਜਿਹਾ ਬਣਦਾ ਹੈ ਕਿ ਵੇਦ-ਪੁਰਾਣ, ਸ਼ਾਸ਼ਤਰ, ਸਿਮ੍ਰਤੀਆਂ ਆਦਿ ਪੋਥੀਆਂ ਪੁਕਾਰ-ਪੁਕਾਰ ਕੇ ਕਹਿ ਰਹੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ, ਬਾਕੀ ਦੀਆਂ ਤਮਾਮ ਗੱਲਾਂ ਹੋਛੀਆਂ ਹਨ। ਅੱਧਾ-ਪੌਣਾ ਮਿੰਟ ਇਹ ਗਾਇਨ ਚੱਲਣ ਉਪਰੰਤ ਕੰਪਿਊਟਰ ਬੋਲਿਆ ਕਿ 'ਉਪਭੋਗਤਾ ਵਿਅਸਤ' ਹੈ।
ਇਸ ਉਪਭੋਗਤਾ ਨਾਲ ਪੰਦਰਾਂ-ਵੀਹ ਮਿੰਟ ਹੋਛੀਆਂ ਗੱਲਾਂ ਮਾਰਨ ਦੀ ਬਜਾਏ, ਕਿੰਨਾ ਚੰਗਾ ਹੋਵੇ ਜੇ ਇਨ੍ਹਾਂ ਵਿਹਲ ਦੇ ਪਲਾਂ ਵਿਚ 'ਨਾਮ' ਜਪਿਆ ਜਾਏ? ਇਹ ਰੂਹਾਨੀ ਫੁਰਨਾ ਫੁਰਦਿਆਂ ਹੀ ਮਨ-ਮਸ਼ਤਿਕ ਵਿਚ ਧਾਰਮਿਕ ਜਜ਼ਬਿਆਂ ਦਾ ਅਥਾਹ ਪ੍ਰਵਾਹ ਚੱਲ ਪਿਆ। ਭਾਵੇਂ ਗੁਰਬਾਣੀ ਦੀਆਂ ਉਪਰੋਕਤ ਤੁਕਾਂ ਪਹਿਲਾਂ ਵੀ ਬਹੁਤ ਵਾਰੀ ਪੜ੍ਹੀਆਂ ਜਾਂ ਸੁਣੀਆਂ ਸਨ। ਪਰ ਕਹਿੰਦੇ ਨੇ ਕੋਈ ਘੜੀ ਪਲ ਐਸਾ ਸੁਲੱਖਣਾ ਹੋ ਨਿੱਬੜਦਾ ਹੈ ਕਿ ਜੀਵਨ ਵਿਚ ਪਲਟਾ ਆ ਜਾਂਦਾ ਹੈ। ਸਾਈਂ ਬੁੱਲੇ ਸ਼ਾਹ ਦਾ ਮੁਰਸ਼ਦ ਉਦੋਂ ਗੰਢਿਆ ਦੀ ਪਨੀਰੀ ਪੁੱਟ ਕੇ ਦੂਸਰੇ ਕਿਆਰੇ ਵਿਚ ਜੜ੍ਹ ਰਿਹਾ ਸੀ, ਜਦੋਂ ਬੁੱਲੇ ਨੇ ਉਸ ਨੂੰ ਮਨ ਸਮਝਾਉਣ ਦੀ 'ਵਿਧੀ' ਪੁੱਛੀ ਸੀ। ਕੋਈ ਲੰਮੇ ਚੌੜੇ ਉਪਦੇਸ਼-ਵਖਿਆਨ ਦੇਣ ਦੀ ਥਾਂ ਮੁਰਸ਼ਦ ਨੇ ਸਹਿਵਨ ਹੀ ਗੰਢਿਆ ਦੀ ਪਨੀਰੀ ਵੱਲ ਇਸ਼ਾਰਾ ਕਰਦਿਆਂ ਕਹਿ ਦਿੱਤਾ ਸੀ ਕਿ :-
ਬੁੱਲਿਆ ਮਨ ਦਾ ਕੀ ਸਮਝਾਉਣਾ,
ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ!
ਦੋਸਤ ਦਾ ਫੋਨ ਨੰਬਰ ਦੁਬਾਰਾ 'ਰੀ-ਡਾਇਲ' ਕਰਨ ਦੀ ਦਿਲ ਨੇ ਮਨਜ਼ੂਰੀ ਨਹੀਂ ਦਿੱਤੀ। ਸਹੀ ਗੱਲ ਹੈ, ਭਲਾ ਕੀ ਲੋੜ ਹੈ ਫਜ਼ੂਲ ਗੱਲਾਂ ਮਾਰਨ ਦੀ! ਪੰਜਾਬ ਵਾਲੇ ਮਿੱਤਰ ਨੇ ਕਿਹੜਾ ਅਫਲਾਤੂਨੀ ਬਾਤਾਂ ਸੁਣਾਉਣੀਆਂ ਸਨ। ਇਹੀ ਦੱਸਣਾ ਸੀ।
ਪਹਿਲਾਂ ਇਥੇ ਗਰਮੀ ਨੇ ਕੜਿੱਲ ਕੱਢੇ ਪਏ ਸਨ, ਹੁਣ ਹੜ੍ਹਾਂ ਨੇ ਮੱਤ ਮਾਰੀ ਪਈ ਐ, ਬਿਜਲੀ ਦਾ ਬੁਰਾ ਹਾਲ ਹੈ। ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਭਈਅਣਾ ਦੀਆਂ ਵੀ ਬਣਾਈ ਜਾਂਦੇ ਐ, ਸੁਖਬੀਰ ਬਾਦਲ ਨੇ ਆਹ ਕਿਹਾ, ਬੜੇ ਬਾਦਲ ਨੇ ਔਹ ਕਿਹਾ।
ਦਫਾ ਕਰੋ, ਮਾਰੋ ਗੋਲੀ ਇਨ੍ਹਾਂ ਯਾਭਾਂ ਦੇ ਭੇੜ ਨੂੰ ਜਿਸ ਨੇ ਸੰਸਾਰ ਤੇ ਭੇਜਿਆ ਹੈ ਉਸਦਾ ਸਿਮਰਨ ਵੀ ਕਰਨਾ ਚਾਹੀਦਾ ਹੈ। ਅੱਠੇ ਪਹਿਰ ਕਬੀਲਦਾਰੀ ਦੇ ਝੱਜੂ-ਝੇੜਿਆਂ 'ਚ ਉਲਝੇ ਰਹੀ ਦਾ ਐ। ਘੱਟ ਤੋਂ ਘੱਟ ਸੈਰ ਵੇਲੇ ਸਿਮਰਨ ਤਾਂ ਜਰੂਰ ਕਰਨਾ ਚਾਹੀਦਾ ਹੈ। ਉੱਪਰ ਵਾਲੇ ਨੇ ਵੀ ਲੇਖਾ ਹਿਸਾਬ ਪੁੱਛਣਾ ਐਂ। ਅਜਿਹੇ ਨੁਕਤੇ ਵਿਚਾਰਦਿਆਂ ਸੈੱਲ ਫੋਨ ਨੂੰ ਜੈਕਟ ਦੀ ਜੇਬ੍ਹ ਵਿਚ ਇਕ ਤਰ੍ਹਾਂ ਨਾਲ 'ਸੁੱਟ' ਹੀ ਦਿੱਤਾ।
ਸੜ੍ਹਕ ਦੇ ਕੰਢੇ ਤੁਰਦਿਆਂ-ਤੁਰਦਿਆਂ, ਪ੍ਰਭੂ ਦਾ ਨਾਮ ਧਿਆਉਣ ਦੀ ਤਾਕੀਦ ਕਰਦੀਆਂ ਕਈ ਹੋਰ ਗੁਰਬਾਣੀ ਪੰਕਤੀਆਂ ਮਨ-ਚਿੱਤ ਵਿਚ ਘੁੰਮਣ ਲੱਗੀਆਂ, ਮਸਕੀਨ ਜੀ ਦੀ ਕਥਾ ਦੇ ਇਹ ਲਫਜ਼ ਯਾਦ ਆਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਇਕ ਪੰਨਾ ਵੀ ਐਸਾ ਨਹੀਂ, ਜਿਥੇ ਸਿਮਰਨ ਜਾਂ ਬੰਦਗੀ ਦੀ ਮਹਿਮਾ ਨਾ ਲਿਖੀ ਹੋਈ ਹੋਵੇ! ਅਸੀਂ ਕਿੱਡੇ ਨਾ ਸ਼ੁਕਰੇ ਅਤੇ ਅਕ੍ਰਿਤਘਣ ਹਾਂ। ਮੂੰਹੋਂ ਖੁਦ-ਬ-ਖੁਦ 'ਵਾਹਿਗੁਰੂ ਵਾਹਿਗੁਰੂ' ਨਿਕਲ ਗਿਆ!!
ਹੁਣ ਮੈਂ ਸਿਮਰਨ ਸ਼ੁਰੂ ਕਰਦਾ ਹਾਂ, ਪਰ ਇਕ ਸਵਾਲ ਮੋਹਰੇ ਆ ਗਿਆ 'ਸਤਿਨਾਮ-ਵਾਹਿਗੁਰੂ ਕਰਦਾ ਜਾਵਾਂ ਜਾਂ ਕਿਸੇ ਸ਼ਬਦ ਦਾ ਪਾਠ ਕਰਾਂ? ਆਮ ਤੌਰ ਤੇ 'ਵਾਹਿਗੁਰੂ-ਵਾਹਿਗੁਰੂ' ਕਰਦਿਆਂ ਸੁਰਤੀ ਛੇਤੀ ਹੀ ਖਿੰਡਣ ਲੱਗ ਪੈਂਦੀ ਹੈ। ਜਦ ਕਿ ਕਿਸੇ ਸ਼ਬਦ ਦਾ ਜਾਪ ਕਰਨ ਵੇਲੇ, ਮਨ ਉਸਦੇ ਅਰਥ ਭਾਵਾਂ ਵਿਚ ਖੁੱਭਿਆ ਰਹਿੰਦਾ ਹੈ। ਇਸ ਕਰਕੇ ਕੋਈ ਸ਼ਬਦ ਠੀਕ ਰਹੇਗਾ। ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਕ ਹੋਰ ਸਵਾਲ ਉੱਭਰਿਆ ਬਿਲਾਵਲ ਰਾਗ ਦਾ 'ਤਾਤੀ ਵਾਉ ਨਾ ਲਗਈ' ਵਾਲਾ ਸ਼ਬਦ ਪੜ੍ਹਾ ਕਿ ਗਉੜੀ ਰਾਗ ਦਾ 'ਤਪ ਗਏ ਪਾਈ ਪ੍ਰਭੂ ਸਾਂਤਿ' ਵਾਲਾ? ਮਨ ਘੋੜੇ ਵਾਂਗ ਫਿਰ ਹੋਰ ਈ ਪਾਸੇ ਦੁੜ੍ਹਕੀ ਮਾਰ ਗਿਆ, ਅਹਿ ਕੋਈ ਸਿਮਰਨ ਕਰਨ ਦਾ ਤਰੀਕਾ ਐ? ਘਰੋਂ ਤੁਰਨ ਲੱਗਿਆਂ ਮੈਂ ਬੂਟਾਂ ਦੇ ਤਸਮੇਂ ਬੰਨ੍ਹ ਕੇ ਹੱਥ ਤਾਂ ਧੋਤੇ ਈਂ ਨਹੀਂ ਸੀ, ਯਾਦ ਹੈ ਭਾਈਆ ਜੀ ਸਿਮਰਨ ਕਰਨ ਤੋਂ ਪਹਿਲਾਂ ਕਿਵੇਂ ਮੋਟਰ ਦੇ ਚਲ੍ਹੇ ਵਿਚ ਆਪਣਾ ਢਾਂਗੂ ਤੱਕ ਧੋ ਕੇ, ਮੰਜੇ ਦੇ ਸਰ੍ਹਾਣੇ ਵੱਲ ਮੂੰਹ ਕਰਕੇ ਬਹਿੰਦੇ ਹੁੰਦੇ ਸਨ? ਕਿਵੇਂ ਦਸਤਾਰ ਦੁਬਾਰਾ ਬੰਨ੍ਹ ਕੇ ਬੜੀ ਨਿਹਚਾ ਨਾਲ ਹੌਲੀ-ਹੌਲੀ ਬੋਲਦਿਆਂ ਸੰਸਕ੍ਰਿਤੀ ਸਲੋਕ ਦਾ ਜਾਪ ਕਰਦੇ ਹੁੰਦੇ ਸਨ 'ਹੇ ਪ੍ਰਾਣ ਨਾਥ ਕ੍ਰਿਪਾ ਨਿਧਾਨ ਜਗਦ ਗੁਰੋ' ਹੇ ਸੰਸਾਰ ਤਾਪ ਹਰਣਹ ਕਰੁਣਾਮਯ ਸਭ ਦੁਖ ਹਰੋ॥ ਫਿਰ ਹੁਣ ਕੀ ਕੀਤਾ ਜਾਏ? ਚਲੋ ਕੋਈ ਗੱਲ ਨਹੀਂ, ਵਖਤੁ ਵੀਚਾਰੇ ਸੁ ਬੰਦਾ ਹੋਇ, ਗੁਰੂ ਜਾਣੀ ਜਾਣ ਤੇ ਬਖਸ਼ਿੰਦ ਹੈ!
ਓ ਹੋ ਮਨਾ, ਤੂੰ ਕਿਹੜੇ ਵਹਿਮਾਂ ਵਿਚ ਪੈ ਗਿਆ! ਬਾਣੀ ਵਿਚ ਤਾਂ ਲਿਖਿਆ ਐ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨੁ ਹਰਿ ਜਾਪਤ ਹੈ ਨਹੀਂ ਹੋਰ॥ ਇਨ੍ਹਾਂ ਪੰਖੀਆਂ-ਜਨੌਰਾਂ ਮਗਰ ਕੌਣ ਪਾਣੀ ਦੀਆਂ ਬਾਲਟੀਆਂ ਚੁੱਕੀ ਫਿਰਦਾ ਹੈ? ਕਿ ਲਉ ਬਈ ਪਹਿਲਾਂ 'ਸੁੱਚੇ' ਹੋ ਲਉ! ਸਿੱਖੀ ਵਿਚ ਇਹੋ ਜਿਹੇ ਭਰਮਾਂ ਨੂੰ ਕੋਈ ਥਾਂ ਨਹੀਂ। ਜਦ ਵੀ ਸਮਾਂ ਮਿਲੇ, ਵਾਹਿਗੁਰੂ ਦੀ ਯਾਦ ਵਿਚ ਜੁੜ ਜਾਣਾ ਚਾਹੀਦਾ ਹੈ। ਜੀਵਨ ਦਾ ਇਹੀ ਲਾਹਾ ਹੈ। ਸਾਹਮਣੇ ਇਕ ਬੋਹੜ ਵਰਗੇ ਸੰਘਣੇ ਦਰੱਖਤ ਤੋਂ 'ਚੀਂ ਚੀਂ ਚੀਂ' ਕਰਦੇ ਪੰਛੀਆਂ ਦਾ ਝੁਰਮਟ ਖੁੱਲ੍ਹੇ ਅਕਾਸ਼ ਵੱਲ ਉਡਾਰੀ ਮਾਰ ਗਿਆ। ਸ਼ਾਮਾਂ ਵੇਲੇ ਰੱਬ ਦੇ ਇਹ ਜੀਆ ਵੀ ਆਪ ਆਪਣੇ ਆਲ੍ਹਣਿਆਂ ਵਿਚ ਬੈਠੇ ਬੱਚਿਆਂ ਕੋਲ ਨੂੰ ਭੇਜੇ ਜਾ ਰਹੇ ਨੇ! 'ਊਡੇ ਊਡ ਆਵੇ ਸੈ ਕੋਸਾ ਤਿਸ ਪਾਛੈ ਬਚਰੇ ਧਰਿਆ' ਇਸ ਪੰਕਤੀ ਦੇ ਅਗਲੇ ਹਿੱਸੇ ਵਿਚ 'ਮਨ ਮਹਿ ਸਿਮਰਨ ਕਰਿਆ' ਆਇਆ ਤਾਂ ਠੋਕਰ ਵੱਜਣ ਵਾਂਗ ਯਾਦ ਆਇਆ, ਮੈਂ ਤਾਂ ਅੱਜ ਸੈਰ ਕਰਦਿਆਂ ਸਿਮਰਨ ਕਰਨ ਦਾ ਫੈਸਲਾ ਕੀਤਾ ਸੀ। ਅੱਧੀ ਵਾਟ ਤਾਂ ਨਾਮ ਜਪਣ ਦੀਆਂ ਜੁਗਤਾਂ ਅਤੇ ਗਿਣਤੀਆਂ-ਮਿਣਤੀਆਂ ਵਿਚ ਹੀ ਕੱਢ ਆਇਆ ਹਾਂ।
'ਪੀਂ ਪੀਂ ਪੀਂ', ਹੈਂਅ? ਮੈਨੂੰ ਫੁੱਟਪਾਥ ਉੱਤੇ ਪੈਦਲ ਤੁਰੇ ਜਾ ਰਹੇ ਨੂੰ ਕਾਰ ਦਾ ਹੌਰਨ? ਕੱਚ ਟੁੱਟਣ ਵਾਂਗ ਮੇਰੀ ਸੋਚ ਲੜੀ 'ਤੜੱਕ' ਕਰਕੇ ਟੁੱਟ ਗਈ। ਇਹ ਕੌਣ ਹੋਵੇਗਾ ਜਿਸਨੇ ਮੈਨੂੰ ਦੇਖ ਕੇ ਹੌਰਨ ਮਾਰਿਆ? ਇਕ ਦਮ ਸਿਰ ਉਤਾਂਹ ਚੁੱਕ ਕੇ ਕੋਲੋਂ ਲੰਘੀ ਜਾ ਰਹੀ ਕਾਰ ਦੇ ਸ਼ੀਸ਼ਿਆਂ ਵਿਚੀਂ ਨਜ਼ਰ ਫੇਰ ਕੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਕਾਰ ਵਾਲਾ ਕੋਈ ਦਸਤਾਰ-ਧਾਰੀ ਸੀ, ਜਿਸਨੇ ਮੇਰੀ ਪੱਗ ਦੇਖ ਕੇ ਸ਼ਾਇਦ ਹੌਰਨ ਰਾਹੀਂ ਮੈਨੂੰ 'ਹੈਲੋ' ਕਹਿ ਦਿੱਤਾ ਹੋਏਗਾ। ਭਲਾ ਇਹ ਕਿਹੜਾ ਤਰੀਕਾ ਹੋਇਆ, ਇਕ ਸਿੱਖ ਵਲੋਂ ਦੂਜੇ ਸਿੱਖ ਨੂੰ ਬੁਲਾਉਣ ਦਾ? ਬਈ ਭਲਿਆ ਮਾਣਸਾ, ਜੇ ਇਕ ਸਿੱਖ ਨੂੰ ਦੇਖ ਕੇ ਤੇਰੇ ਮਨ ਵਿਚ ਸਤਿਕਾਰ ਆਇਆ ਹੀ ਹੈ, ਤਾਂ ਚੱਜ ਨਾਲ ਫਤਹਿ ਤਾਂ ਬੁਲਾ ਕੇ ਜਾਹ? ਪਤਾ ਲੱਗੇ ਕਿ ਤੂੰ ਕਿਥੋਂ ਐਂ ਤੇ ਮੈਂ ਕਿੱਥੋਂ? ਇਹੋ ਜਿਹੇ ਬੁਲਾਉਣ ਖੁਣੋਂ ਭਲਾ ਕੀ ਗੱਡਾ ਖੜ੍ਹਾ ਸੀ? 'ਪੀਂ' ਕਰਕੇ ਮੇਰੀ 'ਲਿਵ' ਹੀ ਤੋੜ ਗਿਆ, ਹੁਣ ਨੂੰ ਮੈਂ ਜਾਪ ਸ਼ੁਰੂ ਕਰ ਲੈਣਾ ਸੀ। ਚਲੋ ਕੋਈ ਨੀਂ, ਕਹਿੰਦੇ ਨੇ 'ਏਕ ਘੜੀ ਆਧੀ ਘੜੀ ਆਧੀ ਹੂੰ ਸੇ ਆਧ॥ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ॥
ਸਾਡੇ ਗੁਰੂ ਮਹਾਰਾਜ ਨੂੰ ਪਤਾ ਈ ਸੀ ਕਿ ਅੱਗੇ ਭਿਆਨਕ ਕਲਿਜੁਗ ਆ ਰਿਹੈ, 'ਸੂਰਜ ਮੁਖੀਏ' ਸਿੱਖ 'ਨਾਮ ਜਪੀਏ' ਕਿੰਨੇ ਕੁ ਬਣ ਜਾਣਗੇ। ਇਸੇ ਕਰਕੇ ਛੋਟ ਦੇ ਦਿੱਤੀ ਕਿ 'ਏਕ ਚਿਤ ਜਿਹ ਇਕ ਛਿਨ ਧਿਆਇਉ, ਕਾਲ ਫਾਸ ਕੇ ਬੀਚ ਨਾ ਆਇਓ', ਪਰ ਪੌਣਾ ਘੰਟਾ ਹੋ ਚੱਲਿਆ ਸੈਰ ਸ਼ੁਰੂ ਕੀਤੀ ਨੂੰ, ਹਾਲੇ ਤੱਕ ਸੁਭਾਗਾ 'ਇਕ ਛਿਣ' ਆਇਆ ਹੀ ਨਹੀਂ। ਬਹਿ-ਗੁਣੀਆਂ 'ਚ ਹੀ ਟਾਈਮ ਪੂਰਾ ਹੋ ਚੱਲਿਆ! 'ਟਿੰਗ-ਟਿੰਗ, ਟਿੰਗ-ਲਿੰਗ, ਟੂੰ-ਟਿਊਂ' ਹੁਣ ਜੈਕਟ ਦੀ ਜੇਬ੍ਹ ਵਿਚ ਪਿਆ ਸੈੱਲ ਫੋਨ ਵੱਜ ਪਿਆ! ਅੱਜ ਦੀ 'ਵਾਕ' ਤਾਂ ਮੈਨੂੰ ਲਗਦਾ ਹੈ 'ਨਾਮ ਵਿਹੂਣੀ' ਹੀ ਰਹੇਗੀ। ਸੋਚਿਆ ਕਿ 'ਕਾਲ' ਨਾ ਸੁਣਾ ਕਿਸੇ ਨੇ ਇਹ ਹੀ ਕਹਿਣਾ ਹੋਣੈ ਕਿ ਫਲਾਣਾ ਲੇਖ ਵਧੀਆ ਸੀ ਜਾਂ ਫਲਾਣੀ ਗੱਲ ਗਲਤ ਸੀ। ਫੋਨ ਬੰਦ ਕਰਨ ਲਈ ਸੋਚਿਆ ਹੀ ਸੀ ਕਿ ਕਿ ਡਿਸ ਲੇ ਤੇ ਨਜ਼ਰ ਪੈ ਗਈ ਨੰਬਰ ਪੰਜਾਬ ਦਾ ਸੀ। ਪੰਜਾਬ ਦੀ ਕਿਸੇ ਅਖਬਾਰ ਵਿਚ ਛਪੀ ਮੇਰੀ ਲਿਖਤ ਬਾਰੇ ਕੋਈ ਗੰਭੀਰ ਪਾਠਕ, ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੋਵੇਗਾ। ਇਸ ਲਈ 'ਕਾਲ ਰਿਸੀਵ' ਕਰ ਲੈਂਦਾ ਹਾਂ। ਇਹ ਇਕ ਧਾਰਮਿਕ ਮੈਗਜ਼ੀਨ ਦੇ ਸੰਪਾਦਕ ਦਾ ਫੋਨ ਸੀ, ਜੋ ਮੈਥੋਂ 'ਸਿੱਖ ਮੱਤ ਵਿਚ ਬੰਦਗੀ' ਦੇ ਵਿਸ਼ੇ ਉਤੇ ਲੇਖ ਲਿਖਾਉਣ ਦੀ ਮੰਗ ਕਰ ਰਿਹਾ ਸੀ। ਫੋਨ ਤੇ ਤਾਂ ਮੈਂ ਉਸਨੂੰ 'ਹੂੰ, ਹਾਂ, ਆਹੋ' ਕਰੀ ਜਾ ਰਿਹਾ ਸਾਂ, ਪਰ ਸ਼ਰਮ ਦੇ ਮਾਰੇ ਮੇਰੇ ਮੱਥੇ ਤੇ ਕੱਚੀਆਂ ਤ੍ਰੇਲੀਆਂ ਆ ਰਹੀਆਂ ਸਨ। ਜਿਉਂ-ਜਿਉਂ ਸੰਪਾਦਕ ਮੈਨੂੰ ਬੰਦਗੀ ਬਾਰੇ ਜਲਦੀ ਲੇਖ ਭੇਜਣ ਦੀਆਂ ਤਾਕੀਦਾਂ ਕਰ ਰਿਹਾ ਸੀ, ਮੈਂ ਇਧਰੋਂ ਪਾਣੀਉਂ ਪਤਲਾ ਹੁੰਦਾ ਜਾਂਦਾ ਮਹਿਸੂਸ ਕਰ ਰਿਹਾ ਸਾਂ ਕਿ ਇਹ ਕੋਈ ਸੰਪਾਦਕ ਹੈ ਜਾਂ ਕੋਈ ਜੋਤਸ਼ੀ? ਮੈਨੂੰ ਲੱਗੇ ਜਿਵੇਂ ਉਹ ਮੈਨੂੰ ਸ਼ਰਮਿੰਦਾ ਕਰੀ ਜਾ ਰਿਹਾ ਹੈ।
ਲੇਖ ਭੇਜਣ ਦਾ ਵਾਅਦਾ ਕਰਨ ਵੇਲੇ ਮੇਰੇ ਅੰਤਹ-ਕਰਣ ਵਿਚ ਇਹ ਸਤਰਾਂ ਗੂੰਜ ਪਾ ਰਹੀਆਂ ਸਨ, ਅਖੇ 'ਗੱਲੀਂ ਹਉਂਸੁਹਾਗਣ ਭੈਣੇ ਕੰਤ ਨਾ ਕਬਹੂੰ ਐਂ ਮਿਲਿਆ'॥ ਪੂਰੀਆਂ ਵੀ ਤਾਂ ਨਹੀਂ ਪੈਂਦੀਆਂ। 'ਆਪ ਨਾ ਵੱਸੀ ਸਹੁਰੇ ਲੋਕਾਂ ਮੱਤੀ ਦੇਇ' ਵਾਲੀ ਗੱਲ ਹੋਈ ਪਈ ਐ ਚਾਰੇ ਪਾਸੇ।
ਬੰਦਗੀ ਬਾਰੇ ਲੇਖ ਛੇਤੀ ਲਿਖ ਭੇਜਣ ਦੀ ਗੱਲ ਯਾਦ ਆਉਂਦਿਆਂ ਹੀ, ਕਾਂ ਦੇ ਗੁਲੇਲ ਮਾਰਨ ਵਾਂਗ ਮੇਰੀ ਚੇਤਨਾ ਵਿਚ ਫਿਰ 'ਨਾਮ ਜਪਣ' ਦਾ ਤੀਰ ਵੱਜਾ! ਪਰ ਹੁਣ ਮੈਂ ਤਹਿ ਸ਼ੁਦਾ ਰਾਊਂਡ ਪੂਰਾ ਕਰਕੇ ਮੁੜ ਆਪਣੇ ਘਰ ਦੇ ਨੇੜੇ ਪਹੁੰਚ ਚੁੱਕਾ ਸਾਂ। 'ਬੇੜਾ ਬੰਧੁ ਨਾ ਸਕਿਉ ਬੰਧਨੁ ਕੀ ਵੇਲਾ' ਅਖੇ-ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀਂ ਆਏ ਨੇ' ਵਾਲੀ ਕਹਾਵਤ ਵਾਂਗੂੰ ਘਰ ਵੜਦਿਆਂ ਹੀ ਮੈਂ 'ਆਖਣ ਅਉਖਾ ਸਾਚਾ ਨਾਉ' ਦੀ ਪੰਕਤੀ ਬੋਲ ਕੇ, ਆਪਣੇ ਪਰਿਵਾਰ-ਜਨਾ ਨੂੰ ਅੱਜ ਦੀ ਸੈਰ ਨਾਲ ਢੁੱਕਵੀਂ ਗਾਥਾ ਸੁਣਾਈ।
ਕਹਿੰਦੇ ਕਿਤੇ ਕਬੀਰ ਸਾਹਿਬ ਨੂੰ ਤੁਰਿਆਂ ਜਾਂਦਿਆਂ ਕੁਝ ਬੰਦੇ ਮਿਲ ਪਏ ਜੋ ਸਿਸਕੀਆਂ ਹੌਕੇ ਭਰਦੇ ਰੋਂਦੇ ਜਾ ਰਹੇ ਸਨ। ਦਯਾਲੂ-ਕ੍ਰਿਪਾਲੂ ਕਬੀਰ ਜੀ ਨੇ ਉਨ੍ਹਾਂ ਨੂੰ ਰੋਣ ਦਾ ਕਾਰਨ ਪੁੱਛਿਆ। ਉਹ ਕਹਿਣ ਲੱਗੇ ਕਿ ਬਾਬਾ ਜੀ ਸਾਡੀ ਨੌਕਰੀ ਖੁੱਸ ਗਈ ਹੈ। ਮਾਲਕਾਂ ਨੇ ਸਾਨੂੰ ਕੰਮ ਤੋਂ ਕੱਢ ਕੇ ਹੋਰ ਨਵੇਂ ਬੰਦੇ ਰੱਖ ਲਏ ਹਨ। ਸਾਨੂੰ ਹੁਣ ਚਿੰਤਾ ਵੱਢ-ਵੱਢ ਖਾ ਰਹੀ ਹੈ ਕਿ ਅਸੀਂ ਆਪਣੇ ਟੱਬਰ ਕਿਵੇਂ ਪਾਲਾਂਗੇ। ਭਗਤ ਕਬੀਰ ਜੀ ਨੂੰ ਉਨ੍ਹਾਂ ਤੇ ਤਰਸ ਆ ਗਿਆ। ਉਹਨਾਂ ਸਾਰੇ ਬੇਰੁਜ਼ਗਾਰਾਂ ਨੂੰ ਆਪਣੇ ਘਰੇ ਲਿਆ ਕੇ ਯਥਾ-ਸ਼ਕਤਿ ਅੰਨ-ਜਲ ਛਕਾਇਆ ਤੇ ਕਿਹਾ ਕਿ ਭਰਾਵੋ ਤੁਸੀਂ ਘਬਰਾਵੋ ਨਾ, ਤੁਸੀਂ ਮੇਰੇ ਪਾਸ ਕੰਮ ਕਰੋ, ਮੈਂ ਤੁਹਾਨੂੰ ਉੱਨੀ ਹੀ ਉਜ਼ਰਤ ਦਿਆਂਗਾ, ਜਿੰਨੀ ਕੁ ਤੁਸੀਂ ਪਹਿਲਾਂ ਲੈਂਦੇ ਰਹੇ ਹੋ।
ਵਿਚਾਰੇ ਬੇਰੁਜ਼ਗਾਰਾਂ ਦੀਆਂ ਅੱਖਾਂ ਵਿਚ ਇਕ ਦਮ ਚਮਕ ਆ ਗਈ। ਉਨ੍ਹਾਂ ਨੇ ਉਤਸੁਕਤਾ ਨਾਲ ਕੰਮ ਬਾਰੇ ਪੁੱਛਿਆ ਕਿ ਕਿਹੋ ਜਿਹਾ ਹੈ, ਤੇ ਉਸਦੀਆਂ ਕੀ ਕੀ ਸ਼ਰਤਾਂ ਹਨ। ਭਗਤ ਕਬੀਰ ਜੀ ਕਹਿੰਦੇ ਕਿ ਤੁਸੀਂ ਸਾਰੇ, ਮੇਰੇ ਵਿਹੜੇ ਵਿਚ ਵਿਛੀਆਂ ਦਰੀਆਂ ਉਪਰ ਬਹਿ ਕੇ ਸਿਮਰਨ ਕਰਨਾ ਸ਼ੁਰੂ ਕਰ ਦਿਉ। ਤੁਹਾਨੂੰ ਤਿੰਨੇ ਟਾਈਮ ਖਾਣਾ ਵੀ ਮਿਲੇਗਾ, ਸਰਦਾ ਬਣਦਾ ਕੱਪੜਾ ਲੱਤਾ ਵੀ ਮਿਲੇਗਾ। ਬੱਸ ਸ਼ਰਤ ਇਕੋ ਹੀ ਹੈ ਕਿ ਕੇਵਲ 'ਵਾਹਿਗੁਰੂ ਵਾਹਿਗੁਰੂ' ਹੀ ਜਪਣਾ ਹੈ, ਹੋਰ ਕੋਈ ਗੱਲਬਾਤ ਨਹੀਂ ਕਰਨੀ। ਇਹ ਸ਼ਰਤ ਸੁਣਕੇ ਬੇਰੁਜ਼ਗਾਰੀ ਬੜੇ ਖੁਸ਼ ਹੋਏ। ਕਿਉਂਕਿ ਇਸ ਤੋਂ ਪਹਿਲਾਂ ਤਾਂ ਉਹ ਸੇਠਾਂ ਦੇ ਕਾਰਖਾਨਿਆਂ ਵਿਚ ਟੁੱਟ-ਟੁੱਟ ਕੇ ਮਰਦੇ ਰਹੇ ਸਨ।
ਮਿੱਥੇ ਪ੍ਰੋਗਰਾਮ ਮੁਤਾਬਕ ਉਹ ਦਰੀਆਂ ਉੱਤੇ ਚੌਂਕੜੇ ਮਾਰ ਕੇ ਲੱਗ ਪਏ ਭਜਨ ਕਰਨ। ਅੱਧਾ ਪੌਣਾ ਘੰਟਾ ਬੀਤਣ ਬਾਅਦ ਉਹ ਲੱਗ ਪਏ ਉਹ ਇਕ ਦੂਜੇ ਨਾਲ ਗੱਲਾਂ ਮਾਰਨ। ਕਬੀਰ ਜੀ ਨੇ ਸ਼ਰਤ ਯਾਦ ਕਰਵਾਈ, ਤਾਂ ਦਸ ਕੁ ਮਿੰਟ ਚੁੱਪ ਕਰ ਗਏ, ਪਰ ਫਿਰ ਉਹੀ ਹਾਲ। ਦੁਪਿਹਰ ਤੱਕ ਉਨ੍ਹਾਂ ਦੀਆਂ ਚੌਂਕੜੀਆਂ ਵੀ ਖੁੱਲ੍ਹ ਗਈਆਂ। ਭਗਤ ਜੀ ਵਲੋਂ ਵਰਜਣ ਤੇ ਕੁਝ ਪਲ ਚੁੱਪ-ਚਾਂ ਰਹਿੰਦੀ, ਪਰ ਉਹ ਮੁੜ ਭਜਨ ਭੁੱਲ ਕੇ ਗੱਲੀਂ ਜੁੱਟ ਪੈਂਦੇ। ਆਖਰ ਦੁਪਿਹਰਾ ਢਲਦਿਆਂ ਹੀ ਉਨ੍ਹਾਂ ਕਬੀਰ ਜੀ ਅੱਗੇ ਹੱਤ ਜੋੜਦਿਆਂ ਕਿਹਾ ਕਿ ਸਾਥੋਂ ਨਹੀਂ ਏਹ ਕੰਮ ਹੁੰਦਾ, ਅਸੀਂ ਮੁਸ਼ੱਕਤ ਕਰ ਸਕਦੇ ਹਾਂ। ਚਲੋ ਇਨ੍ਹਾਂ ਨੇ ਕੁਝ ਪਲ ਤਾਂ ਬੰਦਗੀ ਕਰ ਹੀ ਲਈ, ਲੇਕਿਨ ਮੇਰੀ ਸੈਰ ਤਾਂ ਸਿਮਰਨ ਦੀਆਂ ਸੋਚਾਂ ਤੇ ਸਵੈ-ਸੰਵਾਦ ਵਿਚ ਹੀ ਖਤਮ ਹੋ ਗਈ!
ਤਰਲੋਚਨ ਸਿੰਘ ਦੁਪਾਲਪੁਰ