Saturday, September 25, 2010

ਕਿੱਕਰਾਂ ਦੇ ਬੀ ਬੀਜ ਕੇ, ਭਾਲ ਦਾਖਾਂ ਦੀ?

ਜਨਮ ਸਾਖੀ ਭਾਈ ਬਾਲੇ ਵਾਲੀ ਨਾਮ ਕਰਕੇ ਪ੍ਰਸਿੱਧ ਇਕ ਗ੍ਰੰਥ ਵਿਚ ਬੜੀ ਰੌਚਕ ਸਾਖੀ ਆਉਂਦੀ ਹੈ। ਕਹਿੰਦੇ ਕੋਈ ਸਾਰੀ ਉਮਰ ਚੋਰੀਆਂ-ਡਾਕੇ ਮਾਰਨ ਵਾਲਾ ਬਦਮਾਸ਼ ਚੜ੍ਹਾਈ ਕਰ ਗਿਆ। ਉਸ ਦੀ ਮੌਤ ਬਾਅਦ ਉਸਦਾ ਇਕਲੌਤਾ ਪੁੱਤ ਆਪਣੀ ਮਾਂ ਨੂੰ ਪੁੱਛਣ ਲੱਗਾ ਕਿ ਪਿਤਾ ਜੀ ਕਿਹੜਾ ਕਿੱਤਾ ਕਰਿਆ ਕਰਦੇ ਸਨ? ਤਾਂ ਜੋ ਮੈਂ ਵੀ ਉਹੋ ਕਿੱਤਾ ਅਪਣਾ ਲਵਾਂ! ਇਹ ਵਾਰਤਾ ਉਨ੍ਹਾਂ ਸਮਿਆਂ ਦੀ ਹੋਵੇਗੀ ਜਦੋਂ ਇਹ ਰਿਵਾਇਤ ਹੁੰਦੀ ਸੀ ਪੀੜ੍ਹੀ ਦਰ ਪੀੜ੍ਹੀ ਪਿਤਾ-ਪੁਰਖੀ ਧੰਦਾ ਹੀ ਚੱਲਦਾ ਰਹਿੰਦਾ ਸੀ। ਸ਼ਾਇਦ ਇਹ ਅਖਾਣ ਵੀ ਉਨ੍ਹਾਂ ਸਮਿਆਂ ਵਿਚ ਹੀ ਹੋਂਦ ਵਿਚ ਆਇਆ ਹੋਵੇਗਾ ਕਿ 'ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋ ਠੇਂਗਾ ਵਾਜੇ'। ਉਨ੍ਹਾਂ ਭਲੇ ਸਮਿਆਂ ਵਿਚ ਠੱਗ-ਚੋਰਾਂ ਦੀਆਂ ਪਤਨੀਆਂ ਵੀ ਸੱਚ ਦਾ ਪੱਲਾ ਨਹੀਂ ਛੱਡਦੀਆਂ ਹੋਣਗੀਆਂ। ਇਸ ਕਰਕੇ ਚੋਰ ਦੀ ਘਰ ਵਾਲੀ ਨੇ ਨਿਰ-ਸੰਕੋਚ ਆਪਣੇ ਬੇਟੇ ਨੂੰ ਉਸਦੇ ਪਿਓ ਦੇ ਕਿੱਤੇ ਬਾਰੇ ਦੱਸ ਦਿੱਤਾ।
ਆਗਿਆਕਾਰੀ ਬੱਚਿਆਂ ਵਾਂਗ ਮੁੰਡੇ ਨੇ ਇਹ 'ਕਾਰੋਬਾਰ' ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਹੋਰ ਪੁੱਛਿਆ ਕਿ ਇਸ ਕਿੱਤੇ ਸਬੰਧੀ ਕੋਈ ਹੋਰ ਖਾਸ ਹਦਾਇਤ ਜਾਂ ਕੋਈ ਅਸੂਲ ਹੋਵੇ, ਜਿਸਦੀ ਪਾਲਣਾ ਕਰਨੀ ਇਸ ਸਿਲਸਿਲੇ ਵਿਚ ਨਿਹਾਇਤ ਜਰੂਰੀ ਹੋਵੇ ਕ੍ਰਿਪਾ ਕਰਕੇ ਮੈਨੂੰ ਉਹ ਵੀ ਦੱਸ ਦਿੱਤਾ ਜਾਵੇ? ਕੁਝ ਪਲ ਸੋਚ ਕੇ ਮਾਂ ਨੇ ਆਪਣੇ ਪੁੱਤ ਨੂੰ, ਇਸ ਕਿੱਤੇ ਲਈ ਅਤਿ-ਲੋੜੀਂਦਾ 'ਗੁਰ' ਸਮਝਾਇਆ, ਤੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਇਹ ਧੰਦਾ ਕਰਨ ਵਾਲਾ, ਕਦੇ ਭੁੱਲ ਕੇ ਵੀ ਕਿਸੇ ਧਰਮ ਅਸਥਾਨ ਤੇ ਨਾ ਜਾਵੇ, ਸਗੋਂ ਜਾਣਾ ਤਾਂ ਇਕ ਪਾਸੇ ਰਿਹਾ, ਜਿਥੇ ਸਤਿਸੰਗ ਚੱਲ ਰਿਹਾ ਹੋਵੇ ਜਾਂ ਕਥਾ-ਵਾਰਤਾ ਹੋ ਰਹੀ ਹੋਵੇ ਉਹਦੇ ਲਾਗਿਉਂ ਵੀ ਨਾ ਲੰਘੇ। ਜੇ ਉਥੇ ਹੋ ਰਹੀ ਕਥਾ-ਵੀਚਾਰ ਦੀ ਕੋਈ ਗੱਲ ਕੰਨੀਂ ਪੈ ਗਈ ਤਾਂ ਸਮਝੋ ਕੰਮ ਧੰਦਿਉਂ ਗਏ! ਸੌ ਵਲ ਫੇਰ ਪਾ ਕੇ ਵੀ ਉਥੋਂ ਕਿਨਾਰਾ ਕਰਨਾ ਚਾਹੀਏ!!

ਮਾਂ ਵਲੋਂ ਦੱਸਿਆ ਅਸੂਲ ਦ੍ਰਿੜਤਾ ਨਾਲ ਪੱਲੇ ਬੰਨ੍ਹ ਕੇ ਮੁੰਡਾ ਲੱਗ ਪਿਆ ਚੋਰੀਆਂ ਡਾਕੇ ਮਾਰਨ। ਇਸ ਕੰਮ ਵਿਚ ਉਸ ਨੂੰ ਚੰਗੀ 'ਮੁਹਾਰਤ' ਹਾਸਲ ਹੋ ਗਈ। ਇਕ ਵਾਰੀ ਵੱਡਾ ਖਜ਼ਾਨਾ ਲੁੱਟਣ ਦੀ ਮਨਸ਼ਾ ਧਾਰ ਕੇ ਉਹ ਅੱਧੀ ਰਾਤ ਨੂੰ ਸੇ ਰਾਜੇ ਦੇ ਮਹਿਲੀਂ ਜਾ ਵੜਿਆ। ਹਨੇਰੇ 'ਚ ਉਹਦਾ ਪੈਰ ਕਿਸੇ ਭਾਂਡੇ ਆਦਿ 'ਚ ਵੱਜਣ ਨਾਲ ਖੜਾਕ ਹੋ ਗਿਆ, ਪਹਿਰੇਦਾਰ ਖਬਰਦਾਰ ਹੋ ਗਏ। ਇਸ ਤੋਂ ਪਹਿਲਾਂ ਕਿ ਮਸ਼ਾਲਚੀ ਇਧਰ ਆਉਂਦੇ, ਇਹ ਫੁਰਤੀ ਨਾਲ ਕੰਧ ਟੱਪ ਗਿਆ। ਸਿਪਾਹੀ ਵਗੈਰਾ ਇਕੱਠੇ ਹੋ ਗਏ। ਬਾਹਰ ਕੁੱਤੇ ਭੌਂਕਣ ਨਾਲ ਸਿਪਾਹੀਆਂ ਨੂੰ ਸ਼ੱਕ ਹੋਇਆ ਕਿ ਉਹ ਬਾਹਰ ਭੱਜ ਗਿਆ। ਮਸ਼ਾਲਾਂ ਬਾਲ਼ ਕੇ ਸਾਰੀ ਗਾਰਦ ਉੱਧਰ ਨੂੰ ਦੌੜੀ, ਜਿੱਧਰ ਕੁੱਤੇ ਭੌਂਕ ਰਹੇ ਸਨ।
ਉੱਧਰ ਭੀੜੀਆਂ ਗਲ਼ੀਆਂ ਵਿਚ ਜਾਨ ਲੁਕਾਉਂਦੇ ਫਿਰਦੇ ਚੋਰ ਨੇ, ਜਦੋਂ ਦੇਖਿਆ ਕਿ ਸਿਪਾਹੀ ਉਸ ਦੇ ਨੇੜੇ ਹੀ ਪਹੁੰਚਣ ਵਾਲੇ ਹਨ, ਉਸਨੇ ਇਕ ਢੱਠੇ ਪਏ ਖੋਲ਼ੇ ਵਿਚ ਸਰਨ ਲੈ ਲਈ। ਉਹ ਦੜ ਵੱਟ ਕੇ ਬਹਿ ਗਿਆ ਕਿ ਜੋ ਹੋਏਗਾ ਦੇਖੀ ਜਾਵੇਗੀ! ਜਿਥੇ ਇਹ ਲੁਕਿਆ ਬੈਠਾ ਸੀ, ਉਥੇ ਲਾਗੇ ਹੀ ਕੋਈ ਧਰਮ ਅਸਥਾਨ ਸੀ ਜਿਥੇ ਤਾਨਪੁਰਾ ਤੇ ਖੜਤਾਲਾਂ ਵੱਜ ਰਹੀਆਂ ਸਨ। ਕੋਈ ਸਾਧੂ ਪ੍ਰਵਚਨ ਕਰ ਰਿਹਾ ਸੀ। ਇਸ ਦੀ ਭਿਣਕ ਪੈਂਦਿਆਂ ਸਾਰ ਚੋਰ ਮੁੰਡੇ ਨੂੰ ਮਾਂ ਦੀ ਨਸੀਹਤ ਯਾਦ ਆ ਗਈ। ਹੁਣ ਜੇ ਉਹ ਉਥੋਂ ਉਠ ਕੇ ਦੌੜੇ ਤਾਂ ਗ੍ਰਿਫਤਾਰ ਹੋਣ ਦਾ ਖਤਰਾ। ਜੇ ਬੈਠਾ ਰਹੇ ਤਾਂ ਅਸੂਲ ਭੰਗ! ਉਸਨੂੰ ਹੋਰ ਕੁਝ ਨਾ ਸੁੱਝਾ, ਫੌਰਨ ਕੰਨਾਂ ਵਿਚ ਉਂਗਲੀਆਂ ਤੁੰਨ ਲਈਆਂ। ਮਤਾਂ ਕੋਈ ਕਥਾ-ਵੀਚਾਰ ਕੰਨੀਂ ਨਾ ਪੈ ਜਾਏ।
ਜਿਵੇਂ ਕਿਤੇ ਇਹ ਬਿਧਨਾ ਬਣਨੀ ਹੀ ਸੀ, ਕੰਨਾਂ ਵਿਚ ਮੁਸਤੈਦੀ ਨਾਲ ਉਂਗਲੀਆਂ ਦੇਈ ਬੈਠੇ ਦੇ ਪੈਰ ਉਪਰ ਕੋਈ ਕੀੜਾ-ਮਕੌੜਾ ਲੜ ਗਿਆ। ਦਰਦ ਨਾਲ ਕਰਾਹੁੰਦੇ ਨੂੰ ਮਜ਼ਬੂਰੀ ਵੱਸ ਆਪਣਾ ਪੈਰ ਮਲਣਾ ਪਿਆ। ਜਿਉਂ ਹੀ ਉਸ ਨੇ ਇਹ ਕੰਮ ਕਰਨ ਲਈ ਕੰਨ ਤੋਂ ਹੱਥ ਹਟਾਇਆ, ਸੰਗਤ ਨੂੰ ਕਥਾ ਸ੍ਰਵਣ ਕਰਵਾ ਰਹੇ ਸਾਧੂ ਦੇ ਇੰਨੇ ਕੁ ਬੋਲ ਉਸ ਨੂੰ ਸੁਣ ਗਏ,
"...ਤੋ ਭਗਨ ਜਨੋ, ਦੇਵੀ ਦੇਵਤਿਆਂ ਦਾ ਸਰੂਪ ਐਸਾ ਰੂਹਾਨੀ ਰੌਸ਼ਨੀ ਵਾਲਾ ਹੁੰਦਾ ਹੈ ਕਿ ਉਨ੍ਹਾਂ ਦਾ ਪ੍ਰਛਾਵਾਂ ਨਹੀਂ ਬਣਦਾ ਹੁੰਦਾ....।"
ਚੋਰ ਨੇ ਫਟਾ-ਫਟ ਫੇਰ ਕੰਨ ਬੰਦ ਕਰ ਲਿਆ। ਉਤਲੇ ਵਾਕ ਬਦੋ-ਬਦੀ ਉਸ ਦੇ ਕੰਨੀਂ ਪੈ ਹੀ ਗਏ। ਉਸ ਦੀ ਮਾੜੀ ਕਿਸਮਤ ਨੂੰ ਖੱਲਾਂ-ਖੂੰਜੇ ਢੂੰਡਦੇ ਆ ਰਹੇ ਸਿਪਾਹੀਆਂ ਦੇ ਉਹ ਨਜ਼ਰੀਂ ਪੈ ਗਿਆ। ਮੁਸ਼ਕਾਂ ਬੰਨ੍ਹ ਕੇ ਸਿਪਾਹੀ ਉਸ ਚੋਰ ਮੁੰਡੇ ਨੂੰ ਕੈਦ ਖਾਨੇ ਲੈ ਗਏ। ਇਸ ਦੀ ਪੁੱਛ-ਪੜਤਾਲ ਸ਼ੁਰੂ ਹੋ ਗਈ। ਇਸਨੇ ਆਪਣੇ ਆਪ ਨੂੰ ਬੇ-ਕਸੂਰ ਦੱਸਦਿਆਂ ਚੋਰ ਹੋਣ ਤੋਂ ਹੀ ਇਨਕਾਰ ਕਰ ਦਿੱਤਾ। ਬੜੀ ਕੁੱਟ-ਫਾਂਟ ਹੋਈ ਪਰ ਇਸ ਨੇ ਇਕੋ 'ਨੰਨਾ' ਫੜੀ ਰੱਖਿਆ।
ਸਾਰੇ ਹੀਲੇ ਵਰਤਨ ਤੋਂ ਬਾਅਦ ਸਮੇਂ ਦੀ ਰਵਾਇਤ ਅਨੁਸਾਰ ਇਸ ਦਾ ਸੱਚ-ਝੂਠ ਪਰਖਣ ਵਾਸਤੇ ਇਕ ਹੋਰ ਤਰੀਕਾ ਵਰਤਿਆ ਗਿਆ। ਉਹ ਇਹ ਕਿ ਅੱਧੀ ਰਾਤ ਵੇਲੇ ਜਿਸ ਕੈਦ ਖਾਨੇ ਦੇ ਹਨੇਰੇ ਵਿਚ ਇਸ ਨੂੰ ਸੁੱਟਿਆ ਹੋਇਆ ਸੀ, ਉਥੇ ਅਸ਼ਟ ਭੁਜੀ ਦੇਵੀ ਪ੍ਰਗਟ ਹੋ ਗਈ। ਹੱਥ ਵਿਚ ਮਸ਼ਾਲਾਂ, ਚਾਰੇ ਪਾਸੇ ਰੌਸ਼ਨੀ ਹੀ ਰੌਸ਼ਨੀ। ਧੀਰੇ-ਧੀਰੇ ਕਦਮ ਧਰਦੀ ਹੋਈ ਦੇਵੀ-ਮਾਂ ਚੋਰ ਮੁੰਡੇ ਵੱਲ ਵਧਦੀ ਆ ਰਹੀ ਸੀ। ਮੁੰਡਾ ਇਕ ਦਮ ਡਰ ਗਿਆ! ਦੇਵੀ ਉਹਦੇ ਕੋਲ ਆ ਕੇ ਧੀਰਜ ਨਾਲ ਬੋਲੀ,
"ਬੱਚਾ, ਤੈਨੂੰ ਕਸ਼ਟ ਵਿਚ ਦੇਖ ਕੇ ਮੈਨੂੰ ਤਰਸ ਆ ਗਿਆ, ਤੇਰੀ ਮਦਦ ਲਈ ਦੇਵ ਲੋਕ ਤੋਂ ਧਰਤਿ ਤੇ ਆਈ ਹਾਂ, ਬੱਸ ਮੈਨੂੰ ਇਕ ਵਾਰ ਦੱਸ ਦੇਹ ਕਿ ਤੂੰ ਚੋਰ ਹੈ ਜਾਂ ਨਹੀਂ? ਸੱਚੋ ਸੱਚ ਦੱਸ ਦੇ, ਤੇਰਾ ਵਾਲ਼ ਵੀ ਵਿੰਗਾ ਨਹੀਂ ਹੋਣ ਦਿਆਂਗੀ!
ਦੇਵੀ ਮਾਂ ਦੇ ਆਕਾਰ ਵੱਲ ਅੱਖਾਂ ਅੱਡ ਕੇ ਝਾਕ ਰਹੇ ਚੋਰ ਨੇ ਦੇਖਿਆ ਕਿ ਬਲਦੀਆਂ ਮਸ਼ਾਲਾਂ ਕਾਰਨ ਦੇਵੀ ਦਾ ਪ੍ਰਛਾਵਾਂ ਪਿਛਲੀ ਕੰਧ ਉਪਰ ਪੈ ਰਿਹਾ ਸੀ! ਉਸੇ ਵਕਤ ਉਸਨੂੰ ਖੋਲ਼ੇ ਵਿਚ ਲੁਕਿਆਂ ਬੈਠਣ ਵੇਲੇ ਸੁਣਿਆ ਪ੍ਰਵਚਨ ਚੇਤੇ ਆ ਗਿਆ ਕਿ ਦੇਵੀ ਦੇਵਤਿਆਂ ਦੇ ਪ੍ਰਛਾਵੇਂ ਨਹੀਂ ਬਣਦੇ ਹੁੰਦੇ। ਉਹ ਤਾੜ ਗਿਆ ਕਿ ਇਹ ਤਾਂ ਕੋਈ ਨਾਟਕ ਰਚ ਕੇ ਉਸਦਾ ਇਮਤਿਹਾਨ ਲਿਆ ਜਾ ਰਿਹਾ ਹੈ। ਇਸ ਅਸਲ ਅਸ਼ਟਭੁਜੀ ਨਹੀਂ। ਚੋਰ ਨੇ ਵੀ 'ਨਾਟਕ ਖੇਡਣਾ' ਸ਼ੁਰੂ ਕਰ ਦਿੱਤਾ।
"ਹੇ ਦੇਵੀ ਮਾਂ, ਮੇਰੇ ਅਹੋ ਭਾਗ ਕਿ ਆਪ ਦੇ ਦਰਸ਼ਨ ਇਸ ਨਾਚੀਜ਼ ਨੂੰ ਪ੍ਰਾਪਤ ਹੋਏ ਹਨ। ਆਪ ਤਾਂ ਸਰਬ-ਕਲਾ ਸਮਰੱਥ ਹੋ, ਤੁਹਾਥੋਂ ਕਾਹਦਾ ਲੁਕਾਅ? ਮੈਂ ਤਾਂ ਸਤਿਸੰਗ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸਾਂ। ਰਾਜੇ ਦੇ ਸਿਪਾਹੀਆਂ ਕੋਲੋਂ ਡਰ ਕੇ, ਮੈਂ ਖੋਲ਼ੇ ਵਿਚ ਛੁਪ ਕੇ ਬਹਿ ਗਿਆ ਸਾਂ। ਪਰ ਜਿਸ ਗੱਲ ਤੋਂ ਡਰਦਾ ਸਾਂ, ਉਹੀ ਹੋਈ। ਮੈਨੂੰ ਇਨ੍ਹਾਂ ਨੇ ਚੋਰ ਸਮਝ ਕੇ ਬੰਦੀ-ਖਾਨੇ ਲਿਆ ਸੁੱਟਿਆ। ਹੁਣ ਮੇਰੇ ਪ੍ਰਾਣਾਂ ਦੀ ਡੋਰ, ਆਪ ਦੇ ਹੱਥਾਂ ਵਿਚ ਹੀ ਹੈ! ਇੰਨਾ ਕਹਿ ਕੇ ਉਹ ਝੂਠੀ ਮੂਠੀ ਡੁਸ੍ਹਕਣ ਲੱਗ ਪਿਆ।
ਅਸ਼ਟਭੁਜੀ ਦੇ ਸਵਾਂਗ ਦੀ ਖੁਫੀਆ ਰਿਪੋਰਟ ਰਾਜੇ ਕੋਲ ਪਹੁੰਚ ਗਈ ਅਤੇ ਚੋਰ ਸ਼੍ਰੀਮਾਨ, ਬਾ-ਇੱਜ਼ਤ ਬਰੀ ਹੋ ਗਏ।
ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਸੇ ਆਧ॥
ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ॥
ਇਹ ਸਾਖੀ ਤਾਂ ਅੱਗੇ ਹੋਰ ਕਾਫੀ ਲੰਬੀ ਅਤੇ ਦਿਲਚਸਪੀ ਵਾਲੀ ਹੈ। ਪਰ ਗੱਲ ਇਥੇ ਹੀ ਮੁੱਕਦੀ ਹੈ ਕਿ ਸਤਿ-ਸੰਗਤ ਵਿਚ ਸੁਣੇ ਗਏ ਉਪਦੇਸ਼ ਨੂੰ ਅਸਲ ਵਿਚ ਲਿਆਉਣ ਨਾਲ ਲਾਭ ਹੀ ਲਾਭ ਮਿਲਦਾ ਹੈ। ਇਸ ਪੁਰਾਤਨ ਸਾਖੀ ਨੂੰ ਸੱਚੀ ਜਾਂ ਝੂਠੀ ਸਿੱਧ ਕਰਨ ਜਾਂ ਇਹਦੀਆਂ 'ਤਕਨੀਕੀ ਖਾਮੀਆਂ' ਗਿਣਨ ਦੀ ਬਜਾਏ, ਸੋਚਣਯੋਗ ਨੁਕਤਾ ਇਹ ਹੈ ਕਿ ਪ੍ਰਮਾਰਥ ਦੀ ਇਕ ਨਿੱਕੀ ਜਿਹੀ ਜਾਣਕਾਰੀ ਨੇ ਕੀ ਦਾ ਕੀ ਬਣਾ ਦਿੱਤਾ। ਇਕ ਝੂਠਾ ਚੋਰ ਵੀ ਸੱਚਾ ਬਣਕੇ ਬੰਦੀ ਖਾਨੇ ਤੋਂ ਛੁਟਕਾਰਾ ਪਾ ਗਿਆ।
ਦੇਖਿਆ ਜਾਏ ਤਾਂ ਇਹ ਸਾਖੀ ਇਸ ਸਵਾਲ ਨੂੰ ਹੱਲ ਕਰਨ ਦਿੰਦੀ ਹੈ ਕਿ ਇਨਸਾਨ ਲਈ ਸੁਣਨਯੋਗ ਕਿਹੜੀ ਸਮੱਗਰੀ ਹੈ। ਜੇ ਭਲਾ ਖੋਲ਼ੇ ਵਿਚ ਲੁਕੇ ਬੈਠੇ ਚੋਰ ਮੁੰਡੇ ਦੇ ਲਾਗੇ ਕਿਤੇ ਅੱਜ ਵਰਗੇ ਕਲਾਕਾਰਾਂ ਦਾ ਅਖਾੜਾ ਲੱਗਾ ਹੁੰਦਾ, ਫੇਰ ਉਹਦੀਆਂ ਜ਼ੰਜੀਰਾਂ ਕੱਟ ਹੋ ਜਾਂਦੀਆਂ? ਇਕ ਪੱਖ ਹੋਰ ਹੈ, ਜੇ ਕਿਤੇ ਉਹ ਪ੍ਰਵਚਨ ਕਰ ਰਹੇ ਪ੍ਰਮਾਤਮਾਂ ਮੂੰਹੋਂ ਸੁਣੀ ਗਈ ਵੀਚਾਰ ਨੂੰ ਅਣ-ਸੁਣਿਆ ਕਰ ਦਿੰਦਾ ਅਤੇ ਅੱਜ ਦੇ ਘੁਣਤਰੀ ਮਨੁੱਖ ਵਾਂਗ ਉਸ ਦਾ ਮਖੌਲ ਉਡਾਉਂਦਾ ਤਾਂ ਫਿਰ ਬੈਠਾ ਰਹਿੰਦਾ ਕੈਦ ਵਿਚ!
ਸਾਡੇ ਸਮਿਆਂ ਦੀ ਇਹ ਵੀ ਇਕ ਵੱਡੀ ਤ੍ਰਾਸਦੀ ਬਣੀ ਹੋਈ ਹੈ ਕਿ ਸੁਣਿਆ ਉਹ ਕੁਝ ਜਾ ਰਿਹਾ ਹੈ, ਜਿਸ ਨਾਲ ਅੱਠੇ-ਪਹਿਰ ਮਨੋ-ਬਿਰਤੀਆਂ 'ਚ ਤਰਥੱਲੀ ਮਚੀ ਰਹਿੰਦੀ ਹੈ। ਪਰ ਚਾਹੁੰਦੇ ਹਾਂ ਅਸੀਂ ਸ਼ਾਂਤ ਹੋਣਾ। ਇਹ ਕਿਤੇ ਹੋ ਸਕਦਾ ਹੈ ਕਿ ਸੁਣੀਏ ਅਸੀਂ ਝੂਠ ਤੂਫਾਨ ਅਤੇ ਬਣਨਾ ਚਾਹੀਏ ਸਚਿਆਰ!
ਇਹ ਤਾਂ ਬਾਬੇ ਫਰੀਦ ਵਾਲੀ ਗੱਲ ਹੋਈ,
ਫਰੀਦਾ ਲੋੜੇ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ॥
ਹੰਢੈ ਉੰਨ ਕਤਾਇੰਦਾ, ਪੈਧਾ ਲੋੜੇ ਪੱਟ॥

ਤਰਲੋਚਨ ਸਿੰਘ ਦੁਪਾਲਪੁਰ