-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
"ਹਿੰਦੂ ਤੁਰਕ ਦੋਊ ਸਮਝਾਵਉ"ਵਿਲਫ਼ਰੈਡ ਫ਼ੰਕ ਆਪਣੀ ਪੁਸਤਕ ਦੇ ਪ੍ਰਾਰੰਭ ਵਿਚ ਲਿਖਦੇ ਹਨ -Word origins and their romantic stories- "Every word was once a poem; Each began as a picture; Our language began with metaphors". ਇਸ ਕਥਨ ਤੋਂ ਸਾਨੂੰ, ਜਪੁਜੀ ਸਾਹਿਬ ਵਿਚ, ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਣ ਕੀਤੀ ਪੰਗਤੀ ਯਾਦ ਆਉਂਦੀ ਹੈ ‐ "ਕੀਤਾ ਪਸਾਉ ਏਕੋ ਕਵਾਉ"। ਭਾਈ ਗੁਰਦਾਸ ਜੀ ਨੇ ਇਸ ਤਰਾਂ ਆਖਿਆ ਹੈ: "ਏਕ ਕਵਾਉ ਪਸਾਉ ਪਸਾਰਾ"। ਇਸ ਦੀ ਵਿਆਖਿਆ ਕਰਨ ‘ਚ ਇਥੇ ਮੈਂ ਥੋੜ੍ਹੀ ਜਹੀ ਖੁਲ੍ਹ ਲੈਣੀ ਚਾਹਾਂਗਾ। ਭਾਸ਼ਾ ਦੇ ਵਿਕਾਸ ਦੇ ਇਤਿਹਾਸ ਵਿਚ ਪ੍ਰਥਮ ਸਥਾਨ ਕਵਿਤਾ ਦਾ ਹੈ; ਵਾਰਤਕ ਦਾ ਦੂਸਰਾ। ਭਾਸ਼ਾ ਦਾ ਵਾਰਤਕ ਰੂਪ ਵਾਕ ਹੈ। ਪਰ ਭਾਸ਼ਾ ਦੇ ਸਾਹਿਤਕ ਰੂਪ ਨੂੰ ਕਾਵ ਆਖਿਆ ਜਾਂਦਾ ਹੈ। ਵਾਕ ਦਰਅਸਲ ਕਾਵ ਦੇ ਵਿਪਰੀਤ ਜਾਂ ਉਸਦਾ ਉਲ਼ਟ ਰੂਪ ਹੈ। ਮਾਨਵੀ ਜੀਵਨ ਦੇ ਇਤਿਹਾਸ ਵਿਚੋਂ ਜਿਵੇਂ ਜਿਵੇੰ ਕਾਵਿਕਤਾ ਦਾ ਅਭਾਵ ਹੋ ਰਿਹਾ ਹੈ, ਉਵੇਂ ਉਵੇਂ ਕਾਵ ਵਾਕ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਵਾਰਤਕ ਦੀ ਪੈਦਾਇਸ਼ ਦਾ ਇਹੀ ਰਹੱਸ ਹੈ। ਕਵੀ ਸੁੰਦਰਤਾ ਦਾ ਪੁਜਾਰੀ ਹੁੰਦਾ ਹੈ। ਦਰਅਸਲ ਸੁੰਦਰਤਾ ਹੁੰਦੀ ਹੀ ਕਵੀ ਦੇ ਅੰਦਰ ਹੈ। ਬਾਹਰੀ ਸੁੰਦਰਤਾ ਤਾਂ ਅੰਦਰਲੀ ਸੁੰਦਰਤਾ ਨੂੰ ਹੀ ਜਗਾਉਂਦੀ ਹੈ। ਸੁੰਦਰਤਾ ਅਤੇ ਕਵੀ ਦਰਮਿਆਨ ਕਿਸੇ ਪ੍ਰਕਾਰ ਦੀ ਵਿੱਥ ਨਹੀਂ ਹੁੰਦੀ। ਬਾਣੀ ਅੰਦਰ ਅਕਾਲ ਪੁਰਖ ਨੂੰ ਕੰਵਲ ਵੀ ਆਖਿਆ ਗਿਆ ਹੈ ਅਤੇ ਕਵੀ ਵੀ ‐"ਕਉਲੁ ਤੂ ਹੈ ਕਵੀਆ ਤੂ ਹੈ"।
ਭਾਸ਼ਾ ਵਿਗਿਆਨੀ ਸ਼ਬਦ ਦਾ ਮੁਢਲਾ ਅਰਥ ਸ਼ੋਰ ਅਨੁਮਾਨਦੇ ਹਨ। ਵਿਗਿਆਨ ਤਾਂ ਕਾਵਿਕਤਾ ਪ੍ਰਤੀ ਸ਼ਤਰੂ ਭਾਵ ਰਖਦੀ ਹੈ। ਵਿਗਿਆਨੀਆਂ ਨੇ ਜਗਤ ਸੰਚਾਲਕ ਪ੍ਰਾਰੰਭਕ ਧੁਨੀ ਨੂੰ ਵੀ ਵੱਡਾ ਧਮਾਕਾ (ਭਗਿ ਭੳਨਗ) ਹੀ ਕਿਹਾ ਹੈ। ਪਰ ਅਧਿਆਤਮਿਕ ਅਨੁਭਵ ਅਨੁਸਾਰ ਉਹ ਇਕ ਕਵਾਉ ਜਾਂ ਕਰਤਾਰੀ, ਸ਼ਾਇਰਾਨਾ ਅਤੇ ਸੁਰੀਲੀ ਕਾਵ ਉਕਤੀ ਸੀ। ਕੁਲ ਕਾਇਨਾਤ ਧਰਤੀ, ਅਸਮਾਨ, ਤਾਰੇ ਉਸ ਪਰਮ ਪਿਤਾ ਦੇ ਮਹਾਂ ਕਾਵ ਦੇ ਸਰਗ ਹਨ।
ਜਗਤ ਦੀ ਉਤਪਤੀ ਅਤੇ ਵਿਕਾਸ ਦੌਰਾਨ ਮਨੁਖ ਦਾ ਜਨਮ ਇਕ ਕਰਤਾਰੀ ਚਮਤਕਾਰ ਹੈ। ਜੇ ਸ੍ਰਿਸ਼ਟੀ ਅਕਾਲ ਪੁਰਖ ਦੇ ਮਹਾਂ ਕਾਵ ਦੀ ਮੈਕਰੋਕੌਜ਼ਮ ਹੈ ਤਾਂ ਮਨੁਖ ਉਸ ਮਹਾ ਕਾਵ ਦਾ ਮਾਈਕਰੋਕੌਜ਼ਮ ਹੈ। ਦੋਹਾਂ ਵਿਚ ਵਿਸਮਾਦੀ ਸਾਂਝ ਹੈ। ਉਤਪਤੀ ਦੇ ਇਸ ਵਿਸ਼ਾਲ ਜਗਤ ਵਿਚ ਮਨੁਖ ਨੂੰ ਸ਼ਿਰੋਮਣੀ ਹੋਣ ਦਾ ਮਾਣ ਹਾਸਲ ਹੈ ‐ "ਅਵਰ ਜੋਨਿ ਤੇਰੀ ਪਨਿਹਾਰੀ ... ਇਸੁ ਧਰਤੀ ਮਹਿ ਤੇਰੀ ਸਿਕਦਾਰੀ"।
�
ਮਨੁਖ ਨੂੰ ਕਾਦਰ ਨੇ ਪਸ਼ੂ ਨਾਲ਼ੋ ਨਖੇੜਨ ਵਾਲ਼ੀਆਂ ਕਈ ਸਕਤੀਆਂ ਦੀ ਦਾਤ ਬਖ਼ਸ਼ੀ ਹੈ; ਸੂਝ੍ਹ, ਸੋਝ੍ਹ ਅਤੇ ਸੰਵੇਦਨਸ਼ੀਲਤਾ। ਮਨੁਖ ਨੇ ਇਸ ਬਖ਼ਸ਼ਿਸ਼ ਦੀ ਵਰਤੋਂ ਨਾਲ਼ ਇਕ ਤਾਂ ਆਪਣੀ ਤਾਕਤ ‘ਚ ਬੇਹਿਸਾਬਾ ਵਾਧਾ ਕੀਤਾ ਹੈ। ਉਸ ਨੇ ਸਮੁਚੇ ਪਸ਼ੂ ਜਗਤ ‘ਤੇ ਲਗਭਗ ਆਪਣਾ ਅਧਿਕਾਰ ਜਮਾ ਲਿਆ ਹੈ। ਦੂਜਾ ਉਸ ਨੇ ਆਪਣੀ ਸਿਆਣਪ ਨਾਲ਼ ਮਸ਼ੀਨ ਦੀ ਸਿਰਜਣਾ ਕਰ ਲਈ ਹੈ। ਪਸ਼ੂ ਦੀ ਸੂਝ੍ਹ ਬੂਝ੍ਹ ਉਸ ਦੀਆਂ ਨਫ਼ਸਿਆਤੀ ਲੋੜਾਂ ਤਕ ਸੀਮਤ ਹੈ। ਉਸ ਦੀਆਂ ਲੋੜਾਂ ਉਸ ਦੇ ਸਰੀਰ ਤਕ ਸੀਮਤ ਹਨ। ਆਦਿ ਕਾਲ ਤੋਂ ਲੈ ਕੇ ਅੱਜ ਤਕ ਪਸ਼ੂ ਜਗਤ ਦੇ ਜੀਵਨ ਢੰਘ ਵਿਚ ਰੰਚਕ ਮਾਤਰ ਵੀ ਤਬਦੀਲੀ ਨਹੀ ਹੋਈ। ਕਿਸੇ ਵੀ ਜਾਨਵਰ ਜਾਂ ਪਸ਼ੂ ਨੇ ਅੱਜ ਤਕ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਮਨੁਖ ਨੇ ਆਪਣੀ ਸਿਆਣਪ ਦੇ ਜ਼ੋਰ ਨਾਲ਼ ਪਸ਼ੂ ਜਗਤ ਲਈ ਜੀਣਾ ਮੁਹਾਲ ਕਰ ਦਿਤਾ ਹੈ ਅਤੇ ਉਸ ਨੇ ਮਸ਼ੀਨ ਦੀ ਸਿਰਜਣਾ ਨਾਲ਼ ਸ਼੍ਰਿਸ਼ਟੀ ਲਈ ਵੀ ਭਿਆਨਕ ਖ਼ਤਰੇ ਖੜ੍ਹੇ ਕਰ ਦਿਤੇ ਹਨ। ਧਰਤੀ ਉਤੇ ਇਸ ਦੇ ਚੌਗਿਰਦੇ ਦਾ ਕੁਦਰਤੀ ਵਾਤਾਵਰਣ ਭ੍ਰਸ਼ਟਿਆ ਗਿਆ ਹੈ। ਤਾਪਮਾਨ ਖ਼ਤਰੇ ਦੀਆਂ ਘੰਟੀਆਂ ਬਜਾ ਰਿਹਾ ਹੈ। ਵਨਸਪਤੀ ਮੁਕਦੀ, ਪਾਣੀ ਸੁਕਦਾ ਅਤੇ ਹਵਾ ਦੂਸ਼ਿਤ ਹੁੰਦੀ ਜਾ ਰਹੀ ਹੈ। ਇਸ ਸਭ ਕਾਸੇ ਦਾ ਨਤੀਜਾ ਇਹ ਹੋਇਆ ਕਿ ਮਨੁਖ ਦਾ ਆਪਣਾ ਜੀਵਨ ਖ਼ਤਰਿਆਂ ਵਿਚ ਘਿਰ ਗਿਆ ਹੈ।
ਮਨੁਖ ਨੇ ਅਕਲ ਦੇ ਸਿਰ ‘ਤੇ ਆਪਣੀ ਤਾਕਤ ਵਧਾ ਲਈ ਹੈ ਅਤੇ ਮਸ਼ੀਨ ਦੀ ਸਿਰਜਣਾ ਨਾਲ਼ ਆਪਣੀ ਸਮਰੱਥਾ ਵਿਚ ਵੀ ਬੇਮਿਸਾਲ ਵਾਧਾ ਕੀਤਾ ਹੈ। ਮਨੁਖ ਹੁਣ ਆਪਣੇ ਬਲ ਅਤੇ ਲਿਆਕਤ ਦੇ ਸਹਾਰੇ ਆਪਹੁਦਰੀ ਤਜਰਬੇਕਾਰੀ�ਨਾਲ਼ ਪੂਰੀ ਕਾਇਨਾਤ ਲਈ ਇਕ ਮਹਾਂ ਸੰਕਟ ਬਣਦਾ ਜਾ ਰਿਹਾ ਹੈ। ਇਨਸਾਨੀ ਆਪਹੁਦਰੇਪਣ ਨੂੰ ਕਾਬੂ ਕਰਨ ਲਈ ਨਾ ਹੀ ਜ਼ੋਰ ਕੰਮ ਆ ਰਿਹਾ ਹੈ ਅਤੇ ਨਾਂ ਹੀ ਲਿਆਕਤ। ਕਿਉਂਕਿ ਮਨੁਖ ਨਾ ਹੀ ਪਸ਼ੂ ਹੈ ਅਤੇ ਨਾਂ ਹੀ ਮਸ਼ੀਨ। ਮਸ਼ੀਨ ਹਿਦਾਇਤ ਅਨੁਸਾਰ ਕੰਮ ਕਰਦੀ ਹੈ ਅਤੇ ਪਸ਼ੂ ਜ਼ੋਰ ਅਨੁਸਾਰ। ਲੇਕਿਨ ਮਨੁਖ ‘ਤੇ ਦੋਨੋ ਚੀਜ਼ਾਂ ਹੀ ਬੇਅਸਰ ਹਨ।
ਕੁਝ ਮਨੁਖ ਦੂਸਰੇ ਮਨੁਖਾਂ ‘ਤੇ ਆਪਣਾ ਜ਼ੋਰ ਚਲਾ ਲੈਂਦੇ ਹਨ ਅਤੇ ਕੁਝ ਦੂਸਰਿਆਂ ਨੂੰ ਆਪਣੀ ਹਿਦਾਇਤ ਅਨੁਸਾਰ ਵੀ ਤੋਰ ਲੈਂਦੇ ਹਨ। ਪਰ ਉਪਰਲੇ ਮਨੁਖਾਂ’ਤੇ ਕਿਸ ਦਾ ਜ਼ੋਰ ਚੱਲੇ ਅਤੇ ਕਿਸ ਦੀ ਹਿਦਾਇਤ! ਇਸ ਸਵਾਲ ਦੇ ਜਵਾਬ ਦੀ ਅਣਹੋਂਦ ਕਾਰਣ ਮਨੁਖ ਦੀ ਤਾਣੀ ਉਲ਼ਝੀ ਹੋਈ ਹੈ। ਜਿਸ ਦੀ ਲਾਠੀ ਉਸ ਦੀ ਮੱਝ ਦਾ ਅਸੂਲ ਦੁਨੀਆਂ ਨੂੰ ਚਲਾ ਰਿਹਾ ਹੈ। ਇਸ ਅਫ਼ਰਾ ਤਫ਼ਰੀ, ਸੀਨਾ ਜ਼ੋਰੀ, ਆਪਹੁਦਰੇਪਣ ਅਤੇ ਰੌਲ਼ੇ ਰੱਪੇ ਦਰਮਿਆਨ ਮਨੁਖ ਕਿਸੇ ਐਸੇ ਸੂਤਰ ਦੀ ਤਲਾਸ਼ ਵਿਚ ਹੈ, ਜਿਸ ਅਨੁਸਾਰ ਕਿਸੇ ਪ੍ਰਕਾਰ ਦੀ ਸਾਂਝੀਵਾਲਤਾ ਦਾ ਮਹੌਲ ਸਿਰਜਿਆ ਜਾ ਸਕੇ ਅਤੇ ਜਿਸ ਵਿਚ ਮਨੁਖ ਸੁਖ ਦਾ ਸਾਹ ਲੈ ਸਕੇ।
ਬ੍ਰਹਿਮੰਡ ਪਾਰਬ੍ਰਹਮ ਦੀ ਸ਼ਾਇਰੀ ਹੈ। ਸਾਂਝੀਵਾਲਤਾ ਅਤੇ ਸੰਵੇਦਨਸ਼ੀਲਤਾ ਇਸ ਦੀ ਸੁਰ ਅਤੇ ਤਾਲ ਹਨ। ਇਹ ਬ੍ਰਹਿਮੰਡਕ ਸ਼ਾਇਰੀ ਦੀ ਸੁਰਤਾਲ ਗੁਰਬਾਣੀ ਵਿਚੋਂ ਇਕ ਦਿਲਕਸ਼ ਮਹਿਰਾਬ ਜਾ ਸਤਰੰਗੀ ਪੀਂਘ ਦੀ ਨਿਆਈਂ ਪਰਗਟ ਹੁੰਦੀ ਹੇ। ਇਹੀ ਮਹਿਰਾਬ ਧਰਤੀ ‘ਤੇ ਵਸੇ ਮਨੁਖ ਦੀ ਜੀਵਨ ਜਾਚ ਦਾ ਅਧਾਰ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦੀ ਬਖ਼ਸ਼ਿਸ਼ ਹੈ। ਇਸ ਉਤੇ ਖ਼ੁਸ਼ਖ਼ਤ ਅੱਖਰਾ ਵਿਚ ਉਕਰਿਆ ਹੋਇਆ ਹੈ - "ਹਿੰਦੂ ਤੁਰਕ ਦੋਊ ਸਮਝਾਵਉ"। ਇਸ ਮਹੀਨ ਰਮਜ਼ ਦੀ ਗਹਿਰਾਈ ‘ਚ ਉਤਰ ਕੇ ਸਹਿਜ ਅਤੇ ਮੰਗਲ਼ ਮਈ ਜੀਵਨ ਜਾਚ ਦੀ ਅਧਾਰਸ਼ਿਲਾ ਦੀ ਸ਼ਨਾਖ਼ਤ ਹੋ ਸਕਦੀ ਹੈ।
ਕਿਸੇ ਵਸਤੂ ਜਾਂ ਵਰਤਾਰੇ ਦੇ ਸਹਿਜ ਚਿੰਤਨ ਉਪਰੰਤ, ਪ੍ਰਤੀਕਰਮ ਵਜੋਂ, ਮਨ ਵਿਚ ਪੈਦਾ ਹੋਏ ਵਿਚਾਰਾਂ ਨੂੰ ਇੰਨ ਬਿੰਨ ਵਿਅਕਤ ਕਰਨਾ ਬੜੀ ਗੁੰਝਲ਼ਦਾਰ ਕਲਾ ਹੈ। ਮਨ ਵਿਚ ਉਪਜੇ ਅਲਿਖਤ ਭਾਵਾਂ ਨੂੰ ਪੜ੍ਹਨਾ ਹੀ ਬੜਾ ਗਹਿਨ ਕਾਰਜ ਹੈ; ਵਿਅਕਤ ਕਰਨਾ ਤਾਂ ਹਵਾ ਨੂੰ ਮੁਠੀ ‘ਚ ਬੰਦ ਕਰਨ ਵਰਗੀ ਗੱਲ ਹੈ। ਬਹੁਤੀ ਵਾਰ ਅਸੀਂ ਮਨ ਦੇ ਭਾਵ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਵਿਚ ਹੋਰ ਧੁੰਦਲ਼ਾ ਕਰ ਬਹਿੰਦੇ ਹਾਂ। ਕਈ ਵਾਰ ਤਾਂ ਇਹ ਕਾਰਜ ਇਤਨਾ ਵਸੋਂ ਬਾਹਰਾ ਹੋ ਜਾਂਦਾ ਹੈ ਕਿ ਅਸੀਂ ਜੋ ਕਹਿਣਾ ਚਾਹੁੰਦੇ ਹਾਂ, ਉਸ ਤੋਂ ਵੱਖਰਾ ਹੀ ਕੁਝ ਕਿਹਾ ਜਾਂਦਾ ਹੈ। ਕਲਾਕਾਰੀ ‘ਤੇ ਕਿਸੇ ਦਾ ਨਿਯੰਤਰਣ ਨਹੀ ਹੁੰਦਾ, ਤੇ ਨਾ ਹੀ ਕਲਾ ਕਿਸੇ ਦੀ ਇਜਾਰੇਦਾਰੀ ਵਿਚ ਪਲ਼ਦੀ ਹੈ। ਜੇ ਕਿਤੇ ਕੋਈ ਆਪਣੀ ਮਨੋ ਆਕ੍ਰਿਤੀ ਨੂੰ ਢੁਕਵਾਂ ਤੇ ਫ਼ੱਬਵਾਂ ਲਫ਼ਜ਼ੀ ਜਾਮਾ ਪਹਿਨਾ ਸਕੇ ਤਾਂ ਇਹ ਰੱਬੀ ਮਿਹਰ ਹੀ ਕਹੀ ਜਾ ਸਕਦੀ ਹੈ।
ਵਿਦਵਾਨ ਲੋਕ ਤੱਥਾਂ ਦੀ ਖੋਜ ਅਤੇ ਛਾਣਬੀਣ ਕਰਕੇ ਇਕ ਸੱਚ ਪਰਗਟ ਕਰਦੇ ਹਨ, ਜੋ ਅਗਲੀ ਪੀੜ੍ਹੀ ਲਈ ਫਿਰ ਇਕ ਪਰਮ ਤੱਥ ਬਣ ਜਾਂਦਾ ਹੈ। ਜਿਸ ਦੀ ਸਹਾਇਤਾ ਨਾਲ਼, ਉਹ ਅੱਗੋਂ ਇਕ ਹੋਰ ਵੱਡੇ ਸੱਚ ਤੋਂ ਪਰਦਾਕਸ਼ੀ ਕਰਦੇ ਹਨ। ਸੱਚ ਦਾ ਕੋਈ ਵੀ ਤੱਥ, ਵਿਦਵਾਨਾ ਦੇ ਪੀਂਘ ਝੂਟਣ ਲਈ ਨਹੀਂ ਹੁੰਦਾ, ਉਸ ਤੋਂ ਅੱਗੇ ਤੁਰਨ ਲਈ ਹੁੰਦਾ ਹੈ। ਇਸੇ ਤਰਾਂ ਖੋਜ ਨਿਰੰਤਰ ਜਾਰੀ ਰਹਿੰਦੀ ਹੈ। ਇਕ ਗੱਲ ਹੋਰ ਧਿਆਨ ਯੋਗ ਹੈ ਕਿ ਸੂਖਮ ਗੱਲ ਦੀ ਦਲੀਲ ਅਤੀ ਸੂਖਮ ਹੁੰਦੀ ਹੈ; ਇਤਨੀ ਸੂਖਮ ਕਿ ਕਈ ਵਾਰ ਨਜ਼ਰ ਨਹੀਂ ਆਉਂਦੀ। ਅਦ੍ਰਿਸ਼ਟ ਦਾ ਸਬੂਤ ਖ਼ੁਦ ਅਦ੍ਰਿਸ਼ਟ ਹੈ।
ਖੋਜ ਦੇ ਤਿੰਨ ਪੜਾ ਹਨ। ਪਹਿਲੇ ਪੜਾ ਵਿਚ ਤੱਥ ਕੁਲੈਕਟ, ਦੂਜੇ ਵਿਚ ਸਿਲੈਕਟ ਅਤੇ ਤੀਜੇ ਵਿਚ ਇਨੈਕਟ ਕੀਤੇ ਜਾਂਦੇ ਹਨ। ਸਿਖ ਧਰਮ ਅਤੇ ਇਤਿਹਾਸ ਦੀ ਖੋਜ ਹਾਲੇ ਪਹਿਲੇ ਦੋ ਪੜਾਵਾਂ ਵਿਚ ਹੀ ਉਲ਼ਝੀ ਹੋਈ ਹੈ। ਦਰਅਸਲ ਇਹ ਤੀਸਰਾ ਪੜਾ ਹੈ, ਜਿਸ ਵਿਚ ਚੁਣੇ ਹੋਏ ਇਤਿਹਤਸਕ ਤੱਥਾਂ ਨੂੰ ਇਕ ਮੁਕੰਮਲ, ਬੱਝਵੇਂ ਅਤੇ ਧੜਕਦੇ ਹੋਏ ਜੀਵੰਤ ਰੂਪ ਅਤੇ ਕਲਾਤਮਿਕ ਅੰਦਾਜ਼ ਵਿਚ ਪੇਸ਼ ਕਰਨਾ ਹੁੰਦਾ ਹੈ। ਇਸੇ ਕਰਕੇ ਇਸ ਪੜਾ ਵਿਚ ਸਾਹਿਤਕਾਰੀ ਵਾਲ਼ੀ ਦੂਰਅੰਦੇਸ਼ੀ, ਕਲਪਣਾ ਅਤੇ ਕਲਾਤਮਿਕਤਾ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇਤਿਹਾਸਕ ਤੱਥ ਇਕਹਿਰੇ ਨਹੀਂ, ਸਗੋਂ ਅਨਿਕ ਦਿਸ਼ਾਵੀ, ਬਹੁ ਪਰਤੀ ਅਤੇ ਅਨੰਤ ਸੰਭਾਵਨਾਵਾਂ ਨਾਲ਼ ਭਰਪੂਰ ਹੁੰਦੇ ਹਨ। ਇਤਿਹਾਸਿਕ ਤੱਥਾਂ ਨਾਲ਼ ਚਮਤਕਾਰੀ ਪ੍ਰਤਿਭਾ ਹੀ ਨਿਆਂ ਕਰ ਸਕਦੀ ਹੈ। ਅਨਾੜੀ ਕਿਸਮ ਦੀ ਛੇੜ ਛਾੜ ਨੀਮ ਹਕੀਮ ਵਾਲ਼ੀ ਗੱਲ ਹੋ ਸਕਦੀ ਹੈ।
ਕਿਸੇ ਦੌਰ ਵਿਚ ਵਾਪਰੀ ਘਟਨਾ, ਵਾਕਿਆਤ ਅਤੇ ਹੋਏ ਫ਼ੈਸਲੇ ਦੀ ਅਹਿਮੀਅਤ ਇਤਿਹਾਸਕਾਰਾਂ ਲਈ ਵਿਸ਼ੇਸ਼ ਮਾਇਨੇ ਰੱਖਦੀ ਹੈ। ਘਟਨਾ ਦਾ ਮਨੋਰਥ, ਫ਼ੈਸਲੇ ਦਾ ਤਰਕ ਤੇ ਉਸ ਦੇ, ਪੂਰਬਗਾਮੀ ਤੇ ਅਗਰਗਾਮੀ, ਅਸਰ ਹਮੇਸ਼ਾ ਇਤਿਹਾਸਕਾਰਾਂ ਦੀ ਨਜ਼ਰ ਖਿੱਚਦੇ ਹਨ। ਪਰ ਵਾਪਰਦੇ ਵਾਕਿਆਤ ਇਕ ਦਰਿਸ਼ ਵੀ ਸਿਰਜਦੇ ਹਨ, ਜਿਸ ਦਾ ਕੋਈ ਅਕਾਰ, ਚਿਹਨ ਅਤੇ ਨੁਹਾਰ ਵੀ ਹੁੰਦੀ ਹੈ। ਹੋਏ ਫ਼ੈਸਲੇ ਦੀ ਲਤਾਫ਼ਤ, ਨਜ਼ਾਕਤ, ਮਾਸੂਮੀ ਜਾਂ ਸ਼ਰਾਰਤ ਨੁਮਾ ਕੋਈ ਅੰਦਾਜ਼ ਅਤੇ ਲੱਜ਼ਤ ਵੀ ਹੁੰਦੀ ਹੈ। ਇਸੇ ਤਰਾਂ ਵਰਤੇ ਗਏ ਅਲਫ਼ਾਜ਼ ਦੀ ਧੁਨੀ, ਅਰਥ ਜਾਂ ਸੰਕੇਤ ਤੋਂ ਇਲਾਵਾ, ਇਕ ਪ੍ਰਭਾਵ ਮੰਡਲ ਦੀ ਵੀ ਸਿਰਜਣਾ ਹੁੰਦੀ ਹੈ। ਵਾਕਿਆਤ ਦੇ ਵਾਪਰਨ ਦਾ ਕੋਈ ਸਥੱਲ ਅਤੇ ਪਲ ਵੀ ਹੁੰਦਾ ਹੈ। ਸਥਾਨ ਨਿਰਾ ਪੁਰਾ ਧਰਤੀ ਦਾ ਇਕ ਟੁਕੜਾ ਨਹੀਂ ਹੁੰਦਾ। ਵਾਕਿਆਤ ਦੇ ਸਥਾਨ ਦਾ ਚੁਗਿਰਦਾ, ਆਬੋ ਹਵਾ, ਲੋਕ, ਉਨ੍ਹਾਂ ਦੀ ਮਾਨਸਿਕਤਾ, ਪਿਛੋਕੜ, ਰਹਿਣ ਸਹਿਣ, ਪਹਿਰਾਵਾ, ਲਬੋ ਲਹਿਜਾ, ਸਥਾਨਕ ਸਥਿਤੀ, ਨਿਸਬਤ ਅਤੇ ਮਹਾਤਮ ਵੀ ਵਿਸੇਸ਼ ਅਰਥ ਰੱਖਦੇ ਹਨ। ਇਸੇ ਤਰਾਂ ਵਾਕਿਆਤ ਦੇ ਪਲਾਂ ਦੀ ਦੌਰਾਨੀਅਤ ਵਿਚ ਵੀ ਕੋਈ ਸੈਨਤ ਛੁਪੀ ਹੁੰਦੀ ਹੈ। ਸਾਹਿਤਕਾਰ ਦੀ ਦਰਿਸ਼ਟੀ ਵਿਚ ਅਦ੍ਰਿਸ਼ਟ ਪ੍ਰਭਾਵ ਮੰਡਲ, ਅਕਹਿ ਲੱਜ਼ਤ, ਮਹਾਤਮ ਅਤੇ ਦੌਰਾਨੀਅਤ ਵਿਚ ਛੁਪੀ ਰਮਜ਼ ਦੀ ਮਹਿਮਾ ਵਧੇਰੇ ਮਾਇਨਾ ਰਖਦੇ ਹਨ। ਇਤਿਹਾਸਕਾਰ ਕਿਸੇ ਵੀ ਦੌਰ ਦੇ ਵਾਕਿਆਤ ਦਾ ਇਸ਼ਾਰਾ ਸਮਝਣ ਅਤੇ ਉਸਦਾ ਠੀਕ ਨਿਰਣਾ ਕਰਨ ਤੋਂ ਅਕਸਰ ਅਸਮਰੱਥ ਰਹਿੰਦੇ ਹਨ। ਇਕ ਕੁਸ਼ਲ ਸਾਹਿਤਕਾਰ ਹੀ ਸਮੇਂ ਨਾਲ਼ ਇਨਸਾਫ਼ ਕਰ ਸਕਣ ਦੇ ਸਮਰੱਥ ਹੁੰਦਾ ਹੈ; ਕਿਉਂਕਿ ਉਸਦੇ ਸਾਹਮਣੇ ਸਾਰੇ ਗੁੱਝੇ ਭੇਤ ਅਤੇ ਛੁਪੀਆਂ ਸੈਨਤਾਂ ਜਲਵਾਗਰ ਹੁੰਦੀਆਂ ਹਨ। ਸਾਹਿਤਕਾਰੀ ਦੀ ਇਸ ਖ਼ੂਬੀ ਤੇ ਵਡਿਆਈ ਤੋਂ ਪੰਜਾਬੀ ਦੇ ਅਜੋਕੇ ਬਹੁਤੇ ਸਾਹਿਤਕਾਰ ਹਲੇ ਤੱਕ ਬੇਖ਼ਬਰ ਹਨ।
ਗੁਰੂ ਨਾਨਕ ਸਾਹਿਬ ਦੁਆਰਾ ਪ੍ਰਚਲਣ ਹੋਏ ਸਿਖ ਧਰਮ ਦੀ ਵਿਆਖਿਆ ਕਰਦਿਆਂ ਮੰਨੇ ਪਰਮੰਨੇ ਚੋਟੀ ਦੇ ਵਿਦਵਾਨ ਵੀ ਫ਼ਲਸਫ਼ਾਨਾ ਮੁਗ਼ਾਲਤੇ ਤੋਂ ਬਚ ਨਹੀਂ ਸਕੇ। ਰਲ਼ਾ ਮਿਲ਼ਾ ਕੇ ਸਿਖ ਧਰਮ ਨੂੰ ਹਿੰਦੂ ਧਰਮ ਤੇ ਇਸਲਾਮ ਦੀ ਮਿਲਤਰ ਹੀ ਕਹਿੰਦੇ ਰਹੇ। ਇਤਿਹਾਸਕਾਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੇਵਲ ਇਕ ਇਤਿਹਾਸਕ ਵਿਅਕਤੀ ਵਜੋਂ ਦੇਖਿਆ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਾਕੀ ਨੌਂ ਗੁਰੂ ਸਾਹਿਬਾਨ ਨਾਲ਼ੋਂ ਵੀ ਨਖੇੜਨ ਦਾ ਉਪੱਦਰ ਕੀਤਾ ਹੈ। ਗੁਰਬਾਣੀ ਵਿਚ ਅਨੇਕ ਹਵਾਲੇ ਅਤੇ ਇਸ਼ਾਰੇ ਮਿਲ਼ਦੇ ਹਨ, ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਦਸ ਗੁਰੂ ਸਾਹਿਬਾਨ ਅਸਲ ਵਿਚ ਇਕ ਜੋਤ ਹਨ, ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ਼ ਯਾਦ ਕੀਤਾ ਜਾਂਦਾ ਹੈ। ਦਸਮ ਪਾਤਸ਼ਾਹ ਜੀ ਦਾ ਫ਼ੁਰਮਾਨ ਹੈ: "ਭਿੰਨ ਭਿੰਨ ਸਭਹੂੰ ਕਰ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥ ਜਿਨ ਜਾਨਾ ਤਿਨ ਹੀ ਸਿਧ ਪਾਈ॥ ਬਿਨ ਸਮਝੇ ਸਿਧ ਹਾਥ ਨਾ ਆਈ॥"
ਗੁਰੂ ਨਾਨਕ ਸਾਹਿਬ ਨੂੰ ਜੇ ਇਤਿਹਾਸ ਦਾ ਕੇਵਲ ਇਕ ਵਿਅਕਤੀ ਮੰਨਣਾ ਵੱਡੀ ਭੁੱਲ ਹੈ ਤਾਂ ਉਨ੍ਹਾਂ ਦਾ ਕਿਸੇ ਵਿਸ਼ੇਸ਼ ਇਤਿਹਾਸਕ ਵਿਅਕਤੀ ਨਾਲ਼ ਤੁਲਨਾਤਮਿਕ ਅਧਿਐਨ ਕਰਨਾ ਵੀ ਨਾਸਮਝੀ ਹੈ। ਗੁਰੂ ਨਾਨਕ ਸਾਹਿਬ ਨੂੰ ਕੁਲ ਧਰਤੀ ਦੇ ਸਮੁਚੇ ਧਾਰਮਿਕ ਅਭਿਆਸ ਅਤੇ ਅਧਿਆਤਮਿਕ ਧਾਰਾ ਦੇ ਪ੍ਰਸੰਗ ਵਿਚ ਹੀ ਦੇਖਣਾ ਵਾਜਬ ਹੈ।
ਜਿਵੇਂ ਨੀਰ ਦੀ ਹਰ ਧਾਰਾ ਸਾਗਰ ਵਿਚ ਜਾ ਸਮਾਉਂਦੀ ਹੈ ਤੇ ਹਰ ਸ਼ਿਖ਼ਰ ਅੰਬਰ ‘ਚ ਅਭੇਦ ਹੋ ਜਾਂਦੀ ਹੈ। ਸਾਗਰ ਵੀ ਨੀਲਾ ਤੇ ਅੰਬਰ ਵੀ ਨੀਲਾ। ਸਾਗਰਾਂ ਦੇ ਪਾਣੀ ਉਡ ਉਡ ਕੇ ਅਸਮਾਨ ਵੱਲ ਵਧਦੇ ਹਨ ਤੇ ਅਸਮਾਨਾ ਦੇ ਪਾਣੀ ਸਾਗਰਾਂ ‘ਚ ਆ ਡਿਗਦੇ ਹਨ। ਕੌਣ ਕਹਿ ਸਕਦਾ ਹੈ ਕਿ ਸਾਗਰ ਤੇ ਅਸਮਾਨ ਦੋ ਸ਼ੈਆਂ ਹਨ! ਇਸ ਹਿਸਾਬ ਨਾਲ਼ ਸਗਲੇ ਵਿਸਵ ਵਿਚ ਪ੍ਰਚੱਲਤ ਕੁਲ ਦ੍ਰਿਸ਼ਟੀਆਂ, ਅਧਿਆਤਮਕ ਪਗਡੰਡੀਆਂ ਤੇ ਸ਼ਾਹ ਰਾਹਾਂ ਨੂੰ, ਦੋ ਪ੍ਰਮੁੱਖ, ਆਰੀਅਨ ਤੇ ਸਾਮੀ, ਧਾਰਾਵਾਂ ਵਿਚ ਵੰਡ ਕੇ, ਇਨ੍ਹਾਂ ਨੂੰ, ਗੁਰੂ ਨਾਨਕ ਸਾਹਿਬ ਦੀ ਸਿਖੀ ਦੇ ਨੀਲੇ ਅੰਬਰਾਂ ਵਿਚ ਅਭੇਦ ਹੁੰਦੇ ਦੇਖਿਆ ਜਾ ਸਕਦਾ ਹੈ। ਇਸ ਤਰੀਕੇ ਨਾਲ਼ ਗੁਰੂ ਨਾਨਕ ਸਾਹਿਬ ਦੇ ਜਗਤ ਗੁਰੂ ਦੇ ਰੁਤਬੇ ਅਤੇ ਸਿਖੀ ਦੀ, ਵਿਸ਼ਵ ਧਰਮ ਦੇ ਰੂਪ ਵਿਚ, ਵਿਆਖਿਆ ਤਰਕ ਸੰਗਤ ਹੈ। ਸਮਕਾਲੀ ਅਧਿਆਤਮਕ ਪ੍ਰਸੰਗ ਅਤੇ ਗੁਰੂ ਨਾਨਕ ਸਾਹਿਬ ਦੀ ਬਖ਼ਸ਼ਿਸ ਦੇ ਰੂਪ ਵਿਚ, ਮਿਥਿਹਾਸ, ਇਤਿਹਾਸ ਅਤੇ ਸਾਖੀ ਪਰੰਪਰਾ ਵਿਚ ਉਪਲਭਦ, ਸਿਖੀ ਦੀ ਸਰਬ ਸਾਂਝੀਵਾਲਤਾ ਵਾਲ਼ੀ ਦ੍ਰਿਸ਼ਟੀ ਵੱਲ ਸੇਧਤ, ਸੂਖਮ ਅਤੇ ਮਹੀਨ ਸੈਨਤਾਂ ਦੀ ਨਿਸ਼ਾਨ ਦੇਹੀ ਅਤੇ ਵਿਆਖਿਆ ਵਾਜਬ ਹੈ। ਸਿਖੀ ਦੇ ਮਹਾਂ ਕੇਂਦਰ ਸੱਚ ਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਦ ਕੋਈ ਅੰਬਰਸਰ ਬੋਲਦਾ ਹੈ ਤਾਂ ਇਹ ਅਸਮਾਨ ਅਤੇ ਸਾਗਰ, ਭਾਵ ਅੰਬਰ ਅਤੇ ਸਰ ਦੇ ਇਕ ਹੋਣ ਦੇ ਸੰਕੇਤ ਸਿਰਜਦਾ ਹੈ।
ਸਿਖੀ ਦੀ ਧਰਮ ਦ੍ਰਿਸ਼ਟੀ ਨੂੰ ਜੇਕਰ ਸੌਖਾ ਕਰਕੇ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿਚ ਗਿਣਤੀ ਵਾਚਕ ਅੰਕ 1 ਇਸ ਗੱਲ ਦਾ ਸੰਕੇਤ ਹੈ ਕਿ ਸਗਲੇ ਵਿਸ਼ਵ ਦੇ ਕੁਲ ਵਰਤਾਰੇ ਇਸ 1 ਦਾ ਹੀ ਪਸਾਰ, ਵਿਸਤਾਰ ਅਤੇ ਵਿਸਥਾਰ ਹਨ; ਇਸ ਨੂੰ ਦੋ ਜਾਂ ਇਸ ਤੋਂ ਵੱਧ ਅਨੁਮਾਨਣਾ ਮਹਿਜ਼ ਭੁਲੇਖਾ ਹੈ। ਜੇ ਇਹ ਧਰਤੀ ਧਰਮਸਾਲ ਹੈ ਤੇ ਸਗਲੀ ਧਰਤੀ ਸਾਧ ਕੀ ਹੈ ਤਾਂ ਇਸ ‘ਤੇ ਧਰਮ ਵੀ ਇਕ ਹੀ ਹੋ ਸਕਦਾ ਹੈ।
ਵੱਖ ਵੱਖ ਵਿਦਵਾਨ ਧਰਮਾਂ ਨੂੰ ਇਕ ਦੂਸਰੇ ਦੇ ਬਰਾਬਰ ਰੱਖ ਕੇ ਇਨ੍ਹਾਂ ਦੇ ਆਪਸੀ ਟਕਰਾ ਅਤੇ ਮੁਕਾਬਲੇ ਬਾਜ਼ੀ ਵਿਚ ਤੁਲਨਾਤਮਿਕ ਅਧਿਐਨ ਕਰਨ ਦੀ ਕੋਸ਼ਿਸ਼ ਵਿਚ ਭਰਮ ਭੁਲੇਖਿਆਂ ਦੇ ਸ਼ਿਕਾਰ ਹੋਏ ਹਨ। ਉਹ ਜਾਣ ਨਾ ਸਕੇ ਕਿ ਧਰਮ ਇਕ ਰੁੱਖ ਦੀ ਨਿਆਈਂ ਹੈ। ਰੁੱਖ ਦੇ ਅਲਗ ਅਲਗ ਭਾਗਾਂ ਦਾ ਤੁਲਨਾਤਮਿਕ ਅਧਿਐਨ ਹਾਸੋ ਹੀਣੀ ਗੱਲ ਹੈ। ਇਸ ਦੀਆਂ ਜੜ੍ਹਾਂ, ਤਣਾਂ, ਟਾਹਣੀਆਂ, ਪੱਤੇ, ਫੁਲ ਤੇ ਫਲ਼ ਇਕ ਅਖੰਡ ਲੜੀ ਵਿਚ ਹੁੰਦੇ ਹਨ। ਜੜ੍ਹਾਂ ਦਾ ਤਣੇ ਨਾਲ਼, ਤਣੇ ਦਾ ਟਾਹਣੀਆਂ ਨਾਲ਼, ਟਾਹਣੀਆਂ ਦਾ ਪੱਤਿਆਂ ਨਾਲ਼, ਪੱਤਿਆਂ ਦਾ ਫੁਲ ਤੇ ਫੁਲ ਦਾ ਫਲ਼ ਨਾਲ਼ ਸੰਬੰਧ ਮੁਕਾਬਲੇ ਵਾਲ਼ਾ ਨਹੀਂ ਹੁੰਦਾ। ਇਹ ਸਮੁੱਚੇ ਅੰਗ ਇਕ ਕੁਦਰਤੀ ਅਤੇ ਸਹਿਜ ਰਵਾਨਗੀ ਵਿਚ ਹੁੰਦੇ ਹਨ। ਨਿਰੰਤਰ ਲਗਾਤਾਰਤਾ ਵਿਚ ਵਿਚਰਦੇ ਤਮਾਮ ਅੰਗਾਂ ਦਾ, ਆਪਸੀ ਖਹਿ ਬਾਜ਼ੀ ਵਾਲ਼ਾ, ਤੁਲਨਾਤਮਿਕ ਅਧਿਐਨ ਸਖ਼ਤ ਮਿਹਨਤ ਅਤੇ ਵਿਦਵਤਾ ਪੂਰਣ ਕੰਮ ਤਾਂ ਹੋ ਸਕਦਾ ਹੈ; ਬਬੇਕ ਸ਼ੀਲ ਕਾਰਜ ਨਹੀਂ। ਇਸੇ ਕਰਕੇ ਤੁਲਨਾਤਮਿਕ ਅਧਿਐਨ ਦੇ ਨਤੀਜੇ ਅਕਸਰ ਗੰਭੀਰ ਭੁਲੇਖਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਕਾਦਰ ਦੀ ਕੁਦਰਤ ਵਿਚ ਜਦ ਕੁਝ ਵੀ ਅਤੇ ਕੋਈ ਵੀ, ਕਿਸੇ ਦੂਸਰੇ ਦਾ ਬਦਲ ਨਹੀਂ ਹੈ ਤਾਂ ਫਿਰ ਤੁਲਨਾ, ਬਰਾਬਰੀ ਅਤੇ ਮੁਕਾਬਲੇ ਦੇ ਕੋਈ ਮਾਇਨੇ ਨਹੀਂ ਹਨ। ਹਜ਼ੂਰ ਪਾਤਸ਼ਾਹ ਦਾ ਫ਼ੁਰਮਾਨ ਹੈ "ਕੋਏ ਨਾ ਕਿਸਹੀ ਜੇਹਾ ਉਪਾਇਆ"।
ਜਿਵੇਂ ਅੰਬ ਦੀ ਤੁਲਨਾ ਬੇਰ ਨਾਲ਼ ਨਹੀਂ ਹੋ ਸਕਦੀ ਅਤੇ ਮਹਾਂ ਕਾਵ ਦੀ ਤੁਲਨਾ ਗੀਤ ਨਾਲ਼ ਨਹੀਂ ਹੋ ਸਕਦੀ। ਇਵੇਂ ਹੀ ਧੁਰ ਕੀ ਬਾਣੀ ਦੀ ਤੁਲਨਾ ਸਾਹਿਤ ਨਾਲ਼ ਨਹੀਂ ਹੋ ਸਕਦੀ। ਦਸਮ ਪਾਤਸ਼ਾਹ ਜੀ ਦਾ ਕਥਨ ਹੈ, ਕਹੂੰ ਬੇਦ ਬਿੱਦਿਆ ਕਹੂੰ ਬਿਓਮ ਬਾਨੀ"। ਬੇਦ ਬਿਦਿਆ ਉਹ ਵਸਤੂ ਹੈ, ਜੋ ਇਮੋਸ਼ਨਲ ਕੋਸ਼ੈਂਟ ‘ਚੋਂ ਉਪਜਦਾ ਹੈ। ਜਦ ਕਿ ਬਿਓਮ ਬਾਨੀ ਧੁਰ ਕੀ ਬਾਣੀ ਹੈ, ਜਿਸ ਦਾ ਸੋਮਾ ਸਪਿਰਚੂਅਲ ਕੋਸ਼ੈਂਟ, ਤੁਰੀਆ ਜਾਂ ਪਾਰਬ੍ਰਹਮ ਦਾ ਦੇਸ ਹੈ, ਜੋ ਨਿਜ, ਅਨਿਜ, ਆਤਮ, ਅਨਾਤਮ ਤੇ ਪ੍ਰਮਾਤਮ ਹੈ। ਇਹ ਮੰਡਲ ਸਿਰਫ਼ ਇਕ ਹੈ, ਇਸ ਲਈ ਇਥੇ ਤੁਲਨਾਤਮਿਕ ਅਧਿਐਨ ਬੇਮਾਇਨਾ ਹੈ। ਇਕ ਪਰਮ ਸੱਤ ਹੈ। ਇਕ ‘ਚੋਂ ਇਕ ਹੀ ਉਪਜਦਾ ਹੈ; ਦੋ ਭ੍ਰਾਂਤੀ ਹੈ, ਮਿਥਿਆ ਜਾਂ ਇਕ ਖੇਲ੍ਹ ਹੈ; ਉਸ ਦੀ ਲੀਲਾ ਹੈ।
ਮੂਲ਼ ਮੰਤਰ ਦੇ ਆਦਿ ਵਿਚ ਅੰਕ 1 ਨੂੰ, ਜੇ ਈੜੀ ਨੂੰ ਸਿਹਾਰੀ ਕੱਕਾ, ਇਕ ਲਿਖਿਆ ਹੁੰਦਾ ਤਾਂ ਇਹ ਸਮੁੱਚੇ ਕੁਦਰਤੀ ਪਸਾਰੇ ਦੇ ਏਕੀ ਕਰਨ ਵੱਲ ਸੰਕੇਤ ਹੋਣਾ ਸੀ। ਪਰ ਇਹ ਗਿਣਤੀ ਵਾਚਕ ਅੰਕ 1 ਕੁਲ ਕੁਦਰਤੀ ਵਰਤਾਰਿਆਂ ਦੇ ਨਿਜ ਅਤੇ ਇਕਤਵ ਵੱਲ ਇਸ਼ਾਰਾ ਹੈ। ਮਨੁੱਖੀ ਸਮਝ ‘ਚੋਂ ਉਪਜੇ ਕਿਸੇ ਵਿਸ਼ਲੇਸ਼ਣ ਦਾ ਅਧਾਰ ਜੇ ਮੂਲ਼ ਮੰਤਰ ਵਿਚ ਆਇਆ ਅੰਕ 1 ਨਹੀਂ, ਤਾਂ ਨਤੀਜੇ ਗੁਰਮਤ ਅਨਕੂਲ ਨਹੀਂ ਕਹੇ ਜਾ ਸਕਦੇ। ਇੱਕਤਵ ਵਿਚ ਅਨੇਕਤਾ ਪਲ਼ਦੀ ਹੈ, ਜਦਕਿ ਏਕੀਕਰਨ ਵਿਚ ਅਨੇਕਤਾ ਦੇ ਖ਼ੂਬ ਸੂਰਤ ਪੈਟਰਨ ਅਤੇ ਜਲੌ ਗੰਭੀਰ ਖ਼ਤਰਿਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਧਰਮ ਦੇ ਇਸ ਮਾਮਲੇ ਨੂੰ ਇਕ ਹੋਰ ਉਧਾਰਣ ਨਾਲ ਵੀ ਸਮਝਿਆ ਜਾ ਸਕਦਾ ਹੈ। ਦਰਅਸਲ ਧਰਤੀ ‘ਤੇ ਧਰਮ ਦੀ ਉਸਾਰੀ ਇਕ ਮਹਿਰਾਬ ਦੀ ਨਿਆਈਂ ਹੈ। ਜਿਵੇਂ ਮਹਿਰਾਬ ਦੋ ਅਧਾਰਾਂ ਦੇ ਬਾਵਜੂਦ ਇਕ ਹੁੰਦੀ ਹੈ, ਇਵੇਂ ਹੀ ਸਮੁੱਚੇ ਵਿਸ਼ਵ ਵਿਚ ਧਰਮ ਦੇ ਦੋ ਅਧਾਰ ਹਨ: ਆਰੀਅਨ ਅਤੇ ਸਾਮੀ। ਇਨ੍ਹਾਂ ਦੋ ਅਧਾਰਾਂ ਉਪਰ ਧਰਮ ਦੀ ਉਸਾਰੀ ਸਿਧੇ ਥੰਮਾਂ ਦੇ ਰੂਪ ਵਿਚ ਨਹੀਂ ਹੈ। ਸਗੋਂ ਇਹ ਕਿਸੇ ਸਾਂਝੇ ਬਿੰਦੂ ਵੱਲ, ਗੁਲ਼ਾਈ ਵਾਲ਼ੇ ਝੁਕਾ ਵਿਚ, ਉਸਰੇ ਹਨ। ਗੁਰਮਤ ਇਸ ਮਹਿਰਾਬ ਦੀ ਕੇਂਦਰੀ ਇਟ ਜਾਂ ਕੀ ਸਟੋਨ ਹੈ। ਇਸ ਦੇ ਆਸਰੇ ਇਹ ਮਹਿਰਾਬ ਅਹਿਲ, ਅਡਿਗ ਅਤੇ ਅਡੋਲ ਖੜੀ ਹੈ। ਆਰਿਆਈ ਧਰਮ ਸਤੂਪ ਦੀ ਆਖਰੀ ਇਟ ਭਗਤੀ ਧਾਰਾ ਹੈ, ਜੋ ਆਰਿਆਈ ਧਾਰਾ ਨੂੰ ਗੁਰਮਤ ਨਾਲ਼ ਜੋੜਦੀ ਹੈ। ਇਸੇ ਤਰਾਂ ਅਤੇ ਇਵੇਂ ਹੀ ਸਾਮੀ ਪ੍ਰੰਪਰਾ ਵਿਚ ਉਸਰੇ ਧਰਮ ਸਤੂਪ ਦੀ ਆਖ਼ਰੀ ਇਟ, ਇਸਲਾਮ, ਸੂਫ਼ੀਆਂ ਰਾਹੀਂ ਗੁਰਮਤ ਨਾਲ਼ ਜਾ ਜੁੜਦੀ ਹੈ। ਬਾਬਾ ਫ਼ਰੀਦ ਸਾਹਿਬ ਦੇ ਪਿਛੇ ਸਮੁੱਚਾ ਸਾਮੀ ਧਰਮ ਸਤੂਪ ਹੈ। ਪਰ ਉਨਾਂ ਦਾ ਮੁੱਖ ਗੁਰੂ ਨਾਨਕ ਵੱਲ ਹੈ। ਆਪਣੀ ਸਿਖ ਫ਼ਲਸਫ਼ੇ ਦੀ ਭੂਮਿਕਾ ਵਿਚ ਡਾ. ਜਸਬੀਰ ਸਿੰਘ ਆਹਲੂਵਾਲ਼ੀਆ ਨੇ ਸ਼ੇਖ਼ ਫ਼ਰੀਦ ਸਾਹਿਬ ਨੂੰ ‘ਗੁਰੂ ਨਾਨਕ ਮੁਖੀ’ ਆਖਿਆ ਹੈ। ਭਗਤ ਕਬੀਰ ਜੀ ਦੇ ਪਿਛੋਕੜ ਵਿਚ ਸਮੁੱਚਾ ਆਰਿਆਈ ਧਰਮ ਸਤੂਪ ਹੈ। ਪਰ ਉਨ੍ਹਾਂ ਦਾ ਮੁਖ ਵੀ ਗੁਰੂ ਨਾਨਕ ਵੱਲ ਹੈ। ਕਬੀਰ ਸਾਹਿਬ ਨੇ ਇਸ ਮਹਿਰਾਬ ਵੱਲ ਸੰਕੇਤ ਕਰਦਿਆਂ ਇਸ ਦੇ ਨਕਸ਼ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਹਿੰਦੂ ਤੀਰਥ ਗੋਮਤੀ ਨੂੰ ਹੱਜ ਨਾਲ਼ ਜੋੜਦਿਆਂ ਹੋਇਆਂ ਪੀਤੰਬਰ ਸ੍ਰੀ ਕ੍ਰਿਸ਼ਨ ਜੀ ਨੂੰ ਸਾਮੀ ਰਵਾਇਤ ਵਿਚਲੇ ਪੀਰ ਦੇ ਲਕਬ ਨਾਲ਼ ਯਾਦ ਕੀਤਾ ਹੈ। ਇਥੇ ਹੀ ਬਸ ਨਹੀਂ ਉਹ ਵਿਸ਼ਨੂੰ ਜੀ ਦੇ ਹਜ਼ਾਰ ਨਾਵਾਂ ਨੂੰ ਸਲਾਮ ਕਰਦੇ ਹੋਏ ਹਿੰਦੂ ਤੁਰਕ ਦੋਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵਿਚ ਹਨ ‐ "ਹਜ ਹਮਾਰੀ ਗੋਮਤੀ ਤੀਰ...ਜਹਾ ਬਸਹਿ ਪੀਤੰਬਰ ਪੀਰ...ਸਹੰਸ ਨਾਮੁ ਲੈ ਲੈ ਕਰਉ ਸਲਾਮੁ...ਹਿੰਦੂ ਤੁਰਕ ਦੋਊ ਸਮਝਾਵਉ"।
ਭਗਤ ਨਾਮ ਦੇਵ ਜੀ ਨੂੰ ਵੀ ਦਵਾਰਕਾ ਨਗਰੀ ਵਿਚ ਟੱਕਰੇ ਪੱਕੇ ਰੰਗ ਦੇ, ਤੱਤੇ ਸੁਭਾ ਵਾਲ਼ੇ ਜ਼ੋਰਾਵਰ ਮੁਗ਼ਲ ਵਿਚੋਂ ਕੋਈ ਹੋਰ ਨਹੀਂ ਸਾਂਵਲ਼ੇ ਕ੍ਰਿਸ਼ਨ ਭਗਵਾਨ ਦੇ ਦੀਦਾਰ ਹੁੰਦੇ ਹਨ ‐ "ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ"..."ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ"। ਭਗਤ ਨਾਮ ਦੇਵ ਜੀ ਪਰਮ ਪਿਤਾ ਪ੍ਰਮਾਤਮਾ ਨੂੰ ਖ਼ਾਨ ਦਾ ਲਕਬ ਦੇ ਰਹੇ ਹਨ ‐ "ਚੰਦˆ�ੀ ਹਜਾਰ ਆਲਮ ਏਕਲ ਖਾਨਾਂ"। ਭਗਤ ਜੀ ਦਾ ਅਕਾਲ ਪੁਰਖ ‘ਮੀਰ’ ਵੀ ਹੈ ਅਤੇ ‘ਮੁਕੰਦ’ ਵੀ ‐ "ਨਾਮੇ ਕੇ ਸ੍ਵਾਮੀ ਮੀਰ ਮੁਕੰਦ"।
ਇਸ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਜਿਸ ਕਿਸੇ ਨੂੰ ਅਯੁੱਧਿਆ ਵਿਚ ਸਥਿਤ ਕਿਸੇ ਵੀ ਇਮਾਰਤ ਵਿਚੋਂ ਮੰਦਰ ਨਜ਼ਰ ਨਹੀਂ ਆਉਂਦਾ ਉਹ ਰਾਮ ਜਨਮ ਭੂਮੀ ਦੀ ਪਵਿਤਰਤਾ ਦੇ ਰਹੱਸ ਤੋਂ ਨਾਵਾਕਿਫ਼ ਹੈ; ਉਹ ਭਗਵਾਨ ਰਾਮ ਜੀ ਦੇ ਨਾਂ ਦੀ ਪਵਿਤਰਤਾ ਨੂੰ ਭੰਗ ਕਰਨ ਦਾ ਦੋਸ਼ੀ ਵੀ ਹੈ। ਭਗਤਾਂ ਨੂੰ ਤਾਂ ਦਵਾਰਕਾ ਨਗਰੀ ਵਿਚ ਟਹਿਲਦਾ ਕੋਈ ਮੁਗਲ ਵੀ ਭਗਵਾਨ ਰੂਪ ਹੀ ਜਾਪਦਾ ਹੈ। ਪਰ ਸਾਡੀਆਂ ਅੱਖਾਂ ਅੱਗੇ ਮੁਤੱਸਬ ਦੀ ਅਜਿਹੀ ਪੱਟੀ ਬੱਝੀ ਹੋਈ ਹੈ ਕਿ ਅਸੀ ਭਗਵਾਨ ਦੇ ਘਰ ਨੂੰ ਵੀ ਕਿਸੇ ਸ਼ੱਤਰੂ ਦਾ ਘਰ ਜਾਣ ਕੇ ਢਾਹ ਢੇਰੀ ਕਰਕੇ, ਕਿਸੇ ਸਦੀਵੀ ਨਮੋਸ਼ੀ ਵਿਚ ਗ਼ਰਕ ਹੋਣ ਦੀ ਬਜ਼ਾਇ, ਪਟਾਕੇ ਬਜਾ ਬਜਾ ਖ਼ੁਸ਼ ਹੁੰਦੇ ਹਾਂ।
ਗੁਰੂ ਨਾਨਕ ਸਾਹਿਬ ਨੇ ਆਰਿਆਈ ਮਹਾਂ ਮੰਤਰ ਓਮ ਦੇ ਅੱਗੇ, ਕਾਰ ਦਾ ਵਾਧਾ "ਓਅੰਕਾਰ ਆਕਾਰ ਕਰ" ਅਰਧ ਚਾਪ "ਤੋਂ " ਰੂਪ ਵਿਚ, ਧਰਮ ਦੀ ਮਹਿਰਾਬ ਨੂੰ ਸਾਕਾਰ ਕੀਤਾ ਹੈ। ਪੰਚਮ ਪਾਤਸ਼ਾਹ ਜੀ ਨੇ ਇਸ ਮਹਿਰਾਬ ਦੇ ਨਕਸ਼ ਦ੍ਰਿੜ ਕਰਵਾਏ ‐ "ਕੋਈ ਬੋਲੈ ਰਾਮ ਰਾਮ ਕੋਈ ਖੁਦਾਇ...ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ...ਕਹੁ ਨਾਨਕ ਜਿਨਿ ਹੁਕਮੁ ਪਛਾਤਾ ...ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ"। ਦਸਮ ਪਾਤਸ਼ਾਹ ਚੋਜੀ ਪ੍ਰੀਤਮ ਨੇ ਇਸ ਪਾਵਨ ਅਤੇ ਮੁਕੱਦਸ ਮਹਿਰਾਬ ‘ਤੋਂ ਪਰਦਾ ਹਟਾਉਂਦਿਆਂ ਐਲਾਨ ਕੀਤਾ-"ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ...ਹਿੰਦੂ ਤੁਰਕ ਕੋਊ...ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ...ਅਲਹ ਭੇਖ ਸੋਈ ਪੁਰਾਨ ਔ ਕੁਰਾਨ ਓਈ...ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ"। ਖ਼ਾਲਸਾ ਪੰਥ ਨਿਆਰਾ ਹੈ, ਪਰ ਇਹ ਸ਼ਟਰੳਨਗੲਰ ਦੇ ਅਰਥਾਂ ਜਾ ਕਿਸੇ ਅਲਹਿਦਗੀ ‘ਚ ਨਹੀਂ ਹੈ।
ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਲੋਂ, ਕਿਸੇ ਗ਼ਲਤੀ ਨੂੰ, ਦਰੁਸਤ ਕਰਨ ਦਾ ਜ਼ਿੰਮਾਂ ਲੈ ਕੇ, ਜਾਂ ਕਿਸੇ ਪੁਰਾਤਨ ਚੀਜ਼ ਨੂੰ ਨਵਿਆਉਣ ਨਹੀਂ ਸਨ ਆਏ। ਉਹ ਕਿਸੇ ਅਧੂਰੀ ਦ੍ਰਿਸ਼ਟੀ ਤੋਂ ਪੈਦਾ ਹੋਈ ਭ੍ਰਾਂਤੀ ਜਾਂ ਦੂਈ ਦੀ ਕੁਬੁੱਧ ਨੂੰ ਦੂਰ ਕਰਨ ਹਿਤ ਅਤੇ ਧਰਤੀ ‘ਤੇ ਧਰਮ ਦੇ ਅਸਮਾਪਤ ਸਫ਼ਰ ਨੂੰ ਸੰਪੰਨ ਕਰਨ ਆਏ ਸਨ। ਗੁਰੂ ਨਾਨਕ ਸਾਹਿਬ ਦੀ ਇਕ ਬਗਲ ਵਿਚ ਬਾਲਾ ਜੀ ਅਤੇ ਦੂਸਰੀ ਵਿਚ ਮਰਦਾਨਾ ਜੀ ਦੀ ਸੋਹਬਤ, ਸਿਖ ਧਰਮ ਦੇ ਇਸ ਸ਼ਿਰੋਮਣੀ ਸੰਦੇਸ਼ ਵਲ ਇਕ ਖ਼ੂਬਸੂਰਤ ਇਸ਼ਾਰਾ ਹੈ। ਸੁਲਤਾਨ ਪੁਰ ਦੀ ਵੇਈਂ ਵਿਚ ਤਿੰਨ ਦਿਨ ਅਲੋਪ ਰਹਿਣ ਪਿਛੋਂ ਬਾਹਰ ਆ ਕੇ ਉਚਾਰਿਆ ਪ੍ਰਾਰੰਭਕ ਧਰਮ ਵਾਕ ‘ਨਾ ਕੋ ਹਿੰਦੂ ਨਾ ਮਸਲਮਾਨ’ ਦਾ ਇਸ਼ਾਰਾ ਵੀ ਦੂਈ ਦੀ ਭ੍ਰਾਂਤੀ ਦੇ ਅੰਤਮ ਖ਼ਾਤਮੇ ਅਤੇ ਇਕ ਤਰਾਂ ਨਾਲ਼ ਧਰਮ ਦੀ ਮਹਿਰਾਬ ਦਾ ਉਦਘਾਟਨ ਹੀ ਸੀ। ਬਾਲਾ ਜੀ ਦੀ ਹੋਂਦ ਤੋਂ ਮੁਨਕਰ ਲੋਕ ‘ਖ਼ਾਲਸਾ ਹਿੰਦੂ ਤੁਰਕ ਕੀ ਕਾਣ ਮੇਟੈ’ ਦੇ ਸਿਖ ਆਦਰਸ਼ ਤੋਂ ਆਕੀ, ਧਰਮ ਨੂੰ ਨਾਮੁਕੰਮਲ ਅਤੇ ਰੱਬੀ ਮਹਿਰਾਬ ਨੂੰ ਟੁੱਟੀ ਫੁੱਟੀ ਦੇਖਣ ਦੇ ਚਾਹਵਾਨ ਹਨ।
ਹਜ਼ਰਤ ਮੁਹੰਮਦ ਸਾਹਿਬ ਮਹਿਰਾਜ ਸਮੇਂ ਜਦ ਸੱਤਵੇਂ ਅਸਮਾਨ ਤੋਂ ਅੱਗੇ ਗਏ ਤਾਂ ਜਿਬਰਾਈਲ ਨੇ ਇਸ ਲੋਕ ਦੀ ਹੱਦ, ਇਕ ਬੇਰੀ ਦੇ ਰੁਖ, ਸਿਦਰਾਤੁਲਮੁੰਤਹਾ ਤੋਂ ਅੱਗੇ ਮੁਹੰਮਦ ਸਾਹਿਬ ਨੂੰ ਇਕੱਲਿਆਂ ਜਾਣ ਲਈ ਆਖਿਆ। ਰਵਾਇਤ ਹੈ ਕਿ ਇਥੇ ਮੁਹੰਮਦ ਸਾਹਿਬ ਨਾਲ਼ ਅੱਲਾ ਦੀ ਵਾਰਤਾਲਾਪ ਹੋਈ। ਇਥੇ ਉਨ੍ਹਾਂ ਨੂੰ ਅੱਲਾ ਪਾਕ ਦੀ ਸਿਰਫ਼ ਅਵਾਜ਼ ਸੁਣਾਈ ਦਿੱਤੀ। ਮੁਹੰਮਦ ਸਾਹਿਬ ਨੂੰ ਅੱਲਾ ਤਾਅਲਾ ਦੇ ਦੀਦਾਰ ਨਹੀਂ ਹੋਏ। ਇਥੇ ਹਜ਼ਰਤ ਮੁਹੰਮਦ ਸਾਹਿਬ ਅਤੇ ਅੱਲਾ ਦਰਮਿਆਨ ਇਕ ਮਹਿਰਾਬ ਦਾ ਜ਼ਿਕਰ ਆਉਂਦਾ ਹੈ। ਉਨ੍ਹਾਂ ਵਿਚਕਾਰਲੇ ਫ਼ਾਸਲੇ ਨੂੰ ਵੀ ਕਮਾਨ ਦੀ ਇਕਾਈ ਦੇ ਰੂਪ ਵਿਚ ਦਰਸਾਇਆ। ਧੁਨੀ ਦੀ ਗਤੀ ਨੂੰ ਕਮਾਨ ਦੀ ਸ਼ਕਲ ਵਿਚ ਅੰਕਤ ਕੀਤਾ ਜਾਂਦਾ ਹੈ, ਜਿਸ ਨੂੰ ਧੁਨੀ ਦੀ ਵੇਵ ਲੈਂਥ ਕਹਿੰਦੇ ਹਨ। ਮੁਹੰਮਦ ਸਾਹਿਬ ਦਾ ਅੱਲਾ ਨਾਲ਼ ਰਾਬਤਾ ਧੁਨੀਆਤਮਕ ਹੈ। ਇਸੇ ਕਰਕੇ ਉਨ੍ਹਾਂ ਦੀ ਨਿਸਬਤ ਨੂੰ ਕਮਾਨ ਜਾ ਵੇਵ ਲੈਂਥ ਦੇ ਸਮਰੂਪ ਅਨੁਮਾਨਿਆਂ ਗਿਆ। ਇਹ ਕਮਾਨ ਜਾ ਮਹਿਰਾਬ ਸਾਮੀ ਧਰਮ ਸਤੂਪ ਦੇ ਅਗਲੇਰੇ ਪੜਾ ਸ਼ਬਦ ਸਰੂਪ, ਜਗਤ ਗੁਰੂ ਨਾਨਕ ਵੱਲ ਸੂਖਮ ਸੈਨਤਾਂ ਹਨ। ਸ਼ੇਖ਼ ਫ਼ਰੀਦ ਸਾਹਿਬ ਇਸ ਦੀ ਸਪਸ਼ਟ ਗਵਾਹੀ ਹਨ; ਕਿਉਂਜੁ ਇਸ ਧਰਤੀ ‘ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ, ਸ਼ਬਦ ਦੀ ਗੂਂਜ ਦਾ, ਇਤਿਹਾਸਿਕ ਤੌਰ ‘ਤੇ, ਪ੍ਰਥਮ ਹਵਾਲਾ ਉਹੀ ਹਨ। ਮੱਕੇ ਦੀ ਫੇਰੀ ਸਮੇਂ "ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ" ਤਦ ਗੁਰੂ ਸਾਹਿਬ ਦੇ ਪਵਿਤਰ ਚਰਨਾਂ ਦੀ ਦਿਸ਼ਾ ਅਨੁਸਾਰ ਮਹਿਰਾਬ ਦੇ ਘੁੰਮਣ ਦੀ ਕਲਾ ਇਕ ਸੰਕੇਤ ਸੀ ਕਿ ਅਕਾਲ ਰੂਪ, ਗੁਰੂ ਨਾਨਕ ਸਾਹਿਬ ਸ਼ਬਦ ਦੀ ਮਹਿਰਾਬ ਦੇ ਬਾਨੀ ਹਨ।
ਹਜ਼ਰਤ ਮੂਸਾ ਨੇ ਵੀ ਜਦੋਂ ਉਸ ਨਿਰਾਕਾਰ ਪਰਵਰਦਗਾਰ ਨੁੰ ਆਖਿਆ ਸੀ "ਰੱਬਅਰਨੀ" ਭਾਵ ਐ ਰੱਬ, ਮੈਨੂੰ ਆਪਣਾ ਦੀਦਾਰ ਬਖ਼ਸ਼ ਤਾਂ ਅੱਗੋਂ ਰੱਬ ਸੱਚੇ ਨੇ ਫ਼ੁਰਮਾਇਆ "ਲਨਤੁਰਾਨੀ"। ਭਾਵ ਤੂੰ ਮੈਨੂੰ ਬਿਲਕੁਲ ਹੀ ਦੇਖ ਨਹੀਂ ਸਕੇਂਗਾ। ਸਾਮੀ ਧਰਮ ਪ੍ਰੰਪਰਾ ਵਿਚ ਅੱਲਾ ਦੇ ਸ਼ਬਦ ਸਰੂਪ ਦਾ ਇਹ ਇਕ ਪੂਰਬ ਸੰਦੇਸ਼ ਹੈ ਕਿ ਅੱਲਾ ਨਾਲ਼ ਰਾਬਤੇ ਦਾ ਜ਼ਰੀਆ ਕੇਵਲ ਸ਼ਬਦ ਹੈ। ਆਰੀਅਨ ਪ੍ਰੰਪਰਾ ਵਿਚ ਵੀ ਭਵਿਖ ਮੁਖੀ ਅਨੇਕ ਇਸ਼ਾਰੇ ਦਰਸਾਉਂਦੇ ਹਨ ਕਿ ਪਾਰਬ੍ਰਹਮ ਨਾਲ਼ ਸੰਯੋਗ ਦਾ ਮਾਧੀਅਮ ਸ਼ਬਦ ਹੈ, ਜਿਸ ਦਾ ਜ਼ਾਹਰਾ ਅਤੇ ਮੁਕੰਮਲ ਸਰੂਪ ਗੁਰੂ ਗ੍ਰੰਥ ਸਾਹਿਬ ਹੈ। ਇਸ ਵਿਚ ਚਾਰੇ ਦਿਸ਼ਾਵਾਂ ਦੇ ਸਮੁਚੇ ਜਗਤ ਲਈ ਰੱਬੀ ਮਿਲ਼ਾਪ ਦਾ ਸਦੀਵੀ ਧਰਵਾਸ ਹੈ - "ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ"। ਵਿਸ਼ਵ ਵਿਚ ਉਸਰੀ ਧਰਮ ਦੀ ਮਹਿਰਾਬ ਦੀ, ਸ਼ਬਦ ਸਰੂਪ, ਕੇਂਦਰੀ ਇੱਟ, ਨਾਨਕ ਸ਼ਾਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ‘ਤੇ ਆਈ ਮੁੰਦਾਵਣੀ ਧਰਮ ਦੇ ਮੁਕੰਮਲ ਹੋਣ ਦਾ ਸੰਕੇਤ ਹੈ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਵੀ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਹਾਸਲ ਨਹੀਂ ਹੈ। ਮੁਹੰਮਦ ਸਾਹਿਬ ਨੇ ਵੀ ਆਪਣੇ ਜੀਵਨ ਦੌਰਾਨ ਕੁਰਾਨ ਨੂੰ ਲਿਖਤ ਵਿਚ ਲਿਆੳਣ, ਪੈਗ਼ੰਬਰ ਦਾ ਰੁਤਬਾ ਦੇਣ ਜਾਂ ਉਸ ਦੇ ਮੁਕੰਮਲ ਹੋਣ ਦਾ ਕੋਈ ਸੰਕੇਤ ਨਹੀਂ ਦਿਤਾ। ਅਜਿਹੇ ਸੰਕੇਤ ਦੀ ਗ਼ੈਰ ਹਾਜ਼ਰੀ ਮੁਕੰਮਲ ਸ਼ਬਦ ਦੇ ਪ੍ਰਗਟ ਹੋਣ ਦੀ ਆਸਵੰਤ ਉਡੀਕ ਦਾ ਸੰਕੇਤ ਹੈ।
ਘਰਾਂ ਵਿਚ ਸੁਆਣੀਆਂ ਜਦੋਂ ਕਿਸੇ ਸਵੱਛ ਅਤੇ ਸੁੱਚੇ ਬਰਤਨ ਦਾ ਬੰਦੋਬਸਤ ਕਰ ਰਹੀਆਂ ਹੋਣ ਤਾਂ ਉਹ ਦੁੱਧ ਦੀ ਆਮਦ ਦਾ ਸ਼ੁੱਭ ਸੰਕੇਤ ਦਿੰਦੀਆਂ ਹਨ। ਅਨਾਜ ਦੀ ਸਾਂਭ ਸੰਭਾਲ ਦਾ ਬੰਦੋਬਸਤ ਕਰਦੇ ਕਿਸਾਨ ਫ਼ਸਲ ਦੇ ਪੱਕ ਜਾਣ ਦੀ ਸੂਚਨਾ ਦਿੰਦੇ ਹਨ। ਇਵੇਂ ਆਰਿਆਈ ਮਿਥ ਧਰਮ ਦੀ ਫ਼ਸਲ ਦੇ ਪੱਕ ਜਾਣ ਦਾ ਪੂਰਬ ਸੰਕੇਤ ਹੈ। ਮਿਥ ਧਰਮ ਦਾ ਪਵਿਤਰ ਲਿਬਾਸ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਮਿਥ ਦੇ ਬਗ਼ੈਰ ਧਰਮ ਦੇ ਗੁਝੇ ਰਹਸ ਪਰਗਟ ਹੋਣੇ ਮੁਮਕਿਨ ਨਹੀਂ ਹਨ। ਗੁਰੂ ਨਾਨਕ ਸਾਹਿਬ ਮਿਥ ‘ਤੇ ਕਾਂਟਾ ਨਹੀਂ ਫੇਰਦੇ, ਸਗੋਂ ਉਸ ਨੂੰ ਅਗੇ ਤੋਰਕੇ, ਸ਼ਬਦ ਤੱਕ, ਸਫ਼ਰ ਤੈਅ ਕਰਾਉਂਦੇ ਹਨ। ਇਸ ਹਿਸਾਬ ਨਾਲ਼ ਆਰਿਆਈ ਮਿਥ, ਗੁਰੂ ਨਾਨਕ ਦੀ ਉਡੀਕ ਵਿਚ, ਬਿਹਬਲ ਹੈ। ਜਿਵੇਂ ਗੰਗਾ ਮਾਈ ਉਚੇ ਪਰਬਤਾਂ ਤੋਂ ਰਿੜ੍ਹਦੀ, ਡਿਗਦੀ, ਢਹਿੰਦੀ, ਕੂਕਦੀ ਸ਼ੂਕਦੀ, ਲੱਖਾਂ ਸ਼ਰਧਾਲੂਆਂ ਨੂੰ ਨੁਹਾਲ਼ਦੀ, ਸੰਭਾਲ਼ਦੀ, ਪਾਪ ਮੁਕਤ ਕਰਦੀ, ਆਪਣੇ ਅੰਤਮ ਲਕਸ਼ ਸਾਗਰ ਵਿਚ ਸਮਾ ਕੇ ਚੈਨ ਲੈਂਦੀ ਹੈ, ਇਵੇਂ ਹੀ ਮਿਥ ਸਾਖੀਆਂ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਸਮਾਉਣ ਉਪਰੰਤ ਹੀ ਸਹਿਜ ਨੂੰ ਪ੍ਰਾਪਤ ਹੁੰਦੀ ਹੈ।
ਇਥੇ ਇਹ ਵੀ ਸ਼ਪਸਟ ਕਰਨਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚੋਂ ਗੁਰ ਇਤਿਹਾਸ ਬਾਹਰ ਨਹੀਂ। ਬੇਸ਼ੱਕ ਛੇਵੇਂ, ਸੱਤਵੇਂ, ਅੱਠਵੇਂ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਇਸ ਵਿਚ ਨਹੀਂ ਹੈ, ਪਰ ਅਸੀਂ, ਦਸਮ ਪਾਤਸ਼ਾਹ ਵਲੋਂ ਗੁਰਿਆਈ ਪ੍ਰਾਪਤ ਹੋਣ ਕਾਰਣ, ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਆਖਦੇ ਹਾਂ। ਮਿਥ ਦਾ ਜੋ ਮਹਾਤਮ ਗੁਰੂ ਗ੍ਰੰਥ ਸਾਹਿਬ ਵਿਚ ਹੈ, ਉਹੀ ਮਹਾਤਮ ਗੁਰ ਇਤਿਹਾਸ ਵਿਚ ਵੀ ਹੈ। ਇਸੇ ਕਰਕੇ ਮਿਥ ਗੁਰ ਇਤਿਹਾਸ ਦੇ ਨਾਲ਼ ਨਾਲ਼ ਚਲਦੀ ਹੋਈ, ਗੰਗਾ ਦੀ ਤਰਾਂ, ਆਪਣੇ ਤੀਬਰ ਵੇਗ ਅਤੇ ਗ਼ਜ਼ਬ ਨੂੰ ਸਹਿਜ ਵਿਚ ਪ੍ਰਵਰਤਿਤ ਕਰਦੀ ਹੈ।
ਹਰਿਮੰਦਰ ਸਾਹਿਬ ਦੇ ਆਰਕੀਟੈਕਚਰ ਅਤੇ ਨਿਰਮਾਣ ਵਿਚ ਵੀ ਕਈ ਸੰਕੇਤ ਉਪਲਭਦ ਹਨ। ਪਵਿਤਰ ਅੰਮ੍ਰਿਤ ਸਰੋਵਰ ਦੀ ਖ਼ੁਦਾਈ ਸਮੇਂ ਵਿਸਨੂੰ ਜੀ ਦਾ ਕਾਰ ਸੇਵਾ ਵਿਚ ਸ਼ਾਮਲ ਹੋਣਾ ਅਤੇ ਉਸ ਥਾਂ ਨੂੰ ਸਿਖ ਸੰਗਤ ਵਿਚ ਹਰਿ ਕੀ ਪਉੜੀ ਦੇ ਨਾਂ ਨਾਲ਼ ਯਾਦ ਕਰਨਾ, ਸਾਮੀ ਦਰਵੇਸ਼ ਫ਼ਕੀਰ ਸਾਈਂ ਮੀਆਂ ਮੀਰ ਵਲੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖਣਾ ਅਤੇ ਇਸ ਦੀ ਦਰਸ਼ਣੀ ਡਿਉੜੀ ‘ਤੇ ਲੱਗੇ ਬੇਰੀ ਦੇ ਰੁਖ ਨੂੰ ਤੱਕਦਿਆਂ ਮਹਿਰਾਜ਼ਨਾਮੇ ਵਾਲੇ ਸਿਦਰਾਤੁਲਮੁੰਤਹਾ ਦੀ ਯਾਦ ਦੱਸਦੀ ਹੈ ਕਿ ਇਹ ਸਗਲੀ ਧਰਤੀ ਦੇ ਧਰਮ ਨੂੰ ਆਪਣੀ ਬੁਕਲ਼ ਵਿਚ ਸਮੇਟੀ ਬੈਠਾ ਸਰਬ ਸਾਂਝਾ ਧਰਮ ਅਸਥਾਨ ਹੈ।
ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਨਾਲ਼ ਬ੍ਰਹਮ ਬੂਟਾ, ਬੋਹੜ ਦਾ ਰੁਖ ਵੀ ਕਿਸੇ ਰਹੱਸ ਦਾ ਲਖਾਇਕ ਹੈ। ਜਦੋਂ ਚੌਥੇ ਪਾਤਸ਼ਾਹ ਜੀ ਇਸ ਸਰੋਵਰ ਦੀ ਕਾਰਸੇਵਾ ਕਰਵਾ ਰਹੇ ਸਨ ਤਦ ਵੀ ਬਾਬਾ ਸ੍ਰੀ ਚੰਦ ਜੀ ਆਪ ਚੱਲ ਕੇ ਇਥੇ ਆਏ ਸਨ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਉਨ੍ਹਾਂ ਨੂੰ ਸਤਿਕਾਰ ਸਹਿਤ ਉਚੇ ਸਥਾਨ ‘ਤੇ ਬਿਠਾ ਕੇ ਦੁਸ਼ਾਲਾ ਭੇਟ ਕੀਤਾ ਤਦ ਇਸ ਬੋਹੜ ਦੇ ਰੁਖ ਹੇਠਾਂ ਸੁਸ਼ੋਭਿਤ ਬਾਬਾ ਸ੍ਰੀ ਚੰਦ ਜੀ ਨੇ ਵਚਨ ਕੀਤਾ ਸੀ ਕਿ "ਤੁਮਰੇ ਸਰ ਮੈਂ ਜੋ ਮਜਹਿ, ਪਾਪੀ ਭੀ ਗਤਿ ਪਾਹਿ"। ਇਸੇ ਬੋਹੜ ਹੇਠਾਂ ਇਕ ਉਦਾਸੀ ਬਾਵਾ ਬ੍ਰਹਮ ਸਾਹਿਬ ਭਜਨ ਬੰਦਗੀ ਅਤੇ ਗੁਰਮਤ ਪ੍ਰਚਾਰ ਦੀ ਸੇਵਾ ਕਰਿਆ ਕਰਦੇ ਸਨ, ਜਿਸ ਕਰਕੇ ਇਸ ਰੁਖ ਦਾ ਨਾਂ, ਉਨ੍ਹਾਂ ਦੇ ਨਾਂ ‘ਤੋਂ, ਬ੍ਰਹਮ ਬੂਟਾ ਪ੍ਰਚੱਲਤ ਹੋ ਗਿਆ। ਇਸੇ ਪ੍ਰੀਤਮ ਦਾਸ ਨੂੰ ਉਦਾਸੀ ਬਾਵਾ ਸੰਗਤ ਦਾਸ ਦੇ ਚੇਲੇ ਬਨਖੰਡੀ ਨੇ ਨਿਰਬਾਣ ਪਦ ਅਤੇ ਵਿਭੂਤ ਦਾ ਗੋਲ਼ਾ ਬਖ਼ਸ਼ਿਆ ਸੀ ਅਤੇ ਇਸੇ ਨਿਰਬਾਣ ਪ੍ਰੀਤਮਦਾਸ ਨੇ ਸੰਗਤ ਸਾਹਿਬ ਭਾਈ ਫੇਰੂ, ਸੱਚੀ ਦਾਹੜੀ, ਦੇ ਉਪਾਸ਼ਕ ਬਾਵਾ ਸੰਤੋਖ ਦਾਸ ਨਾਲ਼ ਮਿਲ਼ਕੇ, 1838 ਈਸਵੀ ਸੰਨ ਵਿਚ, ਰਾਵੀ ਦਰਿਆ ਵਿਚੋਂ ਹੱਸਲੀ ਲਿਆ ਕੇ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿਤਰ ਸਰੋਵਰ ਵਿਚ ਪਾਈ ਸੀ। ਬਾਬਾ ਸ੍ਰੀ ਚੰਦ ਜੀ ਨੂੰ ਸਿਖ ਲੋਰ ਵਿਚ ਸ਼ਿਵ ਜੀ ਦੇ ਅਵਤਾਰ ਮੰਨਿਆਂ ਗਿਆ ਹੈ। ਸ਼ਿਵ ਜੀ ਦਾ ਵਿਆਹ ਬਟਾਲ਼ੇ ਅਚਲ ਵਿਖੇ ਹੋਇਆ ਅਤੇ ਉਨ੍ਹਾਂ ਦੇ ਦੋ ਪੁੱਤਰ ਹੋਏ: ਕਾਰਤਿਕ ਤੇ ਗਣੇਸ਼। ਗੁਰੂ ਨਾਨਕ ਸਾਹਿਬ ਦੀ ਸ਼ਾਦੀ ਵੀ ਬਟਾਲ਼ੇ ਹੋਈ ਅਤੇ ਉਨ੍ਹਾਂ ਦੇ ਵੀ ਦੋ ਬੇਟੇ ਹੋਏ: ਬਾਬਾ ਸ੍ਰੀ ਚੰਦ ਅਤੇ ਬਾਬਾ ਲੱਖਮੀ ਦਾਸ। ਸ਼ਿਵ ਜੀ ਦੀ ਬਰਾਤ ਅਤੇ ਗੁਰੂ ਨਾਨਕ ਸਾਹਿਬ ਦੀ ਜੰਞ ਦੀ ਰੂਪ ਰੇਖਾ ਤੋਂ ਵੀ ਕੁਝ ਸਾਂਝੀਆਂ ਸੈਨਤਾਂ ਦੀ ਕਨਸੋ ਪੈਂਦੀ ਹੈ। ਗੁਰੂ ਨਾਨਕ ਸਾਹਿਬ ਸ਼ਿਵਰਾਤਰੀ ਦੇ ਮੇਲੇ ਵਿਚ ਅਚਲ ਬਟਾਲ਼ੇ ਗਏ ਵੀ ਸਨ: "ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ"। ਸਿਧਾਂ ਦੇ ਨੇਤਾ, ਸਿਧਸੇਨ ਕਾਰਤਿਕ ਦਾ ਸਬੰਧ ਚੰਦਰਮਾ ਨਾਲ਼ ਹੈ; ਕਿਉਂਕਿ ਚੰਦਰਮਾਂ ਦੀ ਪਤਨੀ ਕ੍ਰਿਤਕਾ ਨੇ ਇਸ ਨੂੰ ਪਾਲ਼ਿਆ ਸੀ। ਲੱਖਮੀ ਦਾਸ ਅਤੇ ਸ੍ਰੀ ਗਣੇਸ਼ ਵੀ ਸਮਾਨ ਅਰਥੀ ਹਨ। ਕਾਰਤਿਕ ਕਾਲ਼ੇ ਰੰਗ ਦੇ ਸਨ। ਬਾਬਾ ਸ੍ਰੀ ਚੰਦ ਜੀ ਦਾ ਰੰਗ ਵੀ ਚਿਤਰਕਾਰਾਂ ਨੇ ਸਾਂਵਲਾ ਹੀ ਦਰਸਾਇਆ ਹੈ। ਜਨਮ ਸਮੇਂ ਉਨ੍ਹਾਂ ਦੇ ਇਕ ਕੰਨ ਵਿਚ ਮਾਸ ਦੀ ਮੁਰਕੀ ਵੀ ਸੀ। ਜਟਾਜੂਟ ਯੋਗਿਰਾਜ ਬਾਬਾ ਸ੍ਰੀ ਚੰਦ ਜੀ ਦਾ ਵਚਨ ਅਤੇ ਬ੍ਰਹਮ ਬੂਟਾ (ਬੋਹੜ ਦਾ ਰੁੱਖ) ਵੀ ਸਿਖੀ ਦੀ ਅਧਿਆਤਮਿਕਤਾ ਵੱਲ ਅਜਬ ਸੈਨਤਾਂ ਸਮੋਈ ਬੈਠਾ ਹੈ।
ਪੰਚਮ ਪਾਤਸ਼ਾਹ ਗੁਰੂ ਅਰਜਣ ਦੇਵ ਜੀ ਦੀ ਸ਼ਹਾਦਤ ਉਪਰੰਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਖ਼ਤ ਨਸ਼ੀਨੀ ਸਮੇਂ ਗੁਰੂ ਸਾਹਿਬ ਦੀ ਔਜ ਵਿਚ, "ਦੋ ਤਲਵਾਰਾਂ ਬੱਧੀਆਂ, ਇਕ ਮੀਰ ਦੀ ਇਕ ਪੀਰ ਦੀ" ਵਾਲ਼ੀ ਵਾਰ ਗਾਇਨ ਕਰਕੇ, ਮੀਰੀ ਪੀਰੀ ਦੇ ਸੁਮੇਲ ਦੀ ਦੱਸ ਪਾਉਣ ਵਾਲ਼ੇ ਢਾਡੀਆਂ ਦੇ ਨਾਂ, ਨੱਥਾ ਅਤੇ ਅਬਦੁਲਾ ਵੀ, ਆਰੀਅਨ ਅਤੇ ਸਾਮੀ ਸੁਰਤ ਦੀ ਸਾਂਝੀਵਾਲਤਾ ਵੱਲ, ਭਾਈ ਬਾਲਾ ਅਤੇ ਮਰਦਾਨਾ ਜਿਹਾ ਹੀ ਕੋਈ ਸੂਖਮ ਸੰਕੇਤ ਹੈ।
ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਚੋਣਵੇਂ ਸਿੰਘਾਂ ਸਮੇਤ ਸ਼ਿਕਾਰ ਖੇਡ ਰਹੇ ਸਨ ਤਾਂ ਮੁਗ਼ਲ ਸ਼ਹਿਨਸ਼ਾਹ ਸ਼ਾਹਜਹਾਂਨ ਦਾ ਚਿੱਟਾ ਬਾਜ਼, ਕਿਸੇ ਸੁਰਖ਼ਾਬ ਦਾ ਪਿਛਾ ਕਰਦਾ ਕਰਦਾ, ਅਚਾਨਕ ਗੁਰੂ ਸਾਹਿਬ ਦੇ ਬਾਜ਼ਾਂ ਦਰਮਿਆਨ ਆ ਕੇ ਬੈਠ ਗਿਆ ਸੀ। ਜਪੁਜੀ ਸਾਹਿਬ ਵਿਚ ਅਕਾਲਪੁਰਖ ਦੇ ਸਦੀਵਕਾਲ ਆਦਿ ਰੂਪ ਨੂੰ ‘ਅਨੀਲ’ ਭਾਵ ਰੰਗ ਰਹਿਤ ਆਖਿਆ ਗਿਆ ਹੈ ‐ "ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ"। ਰੰਗ ਰਹਿਤ, ਅਨੀਲ, ਚਿੱਟਾ ਬਾਜ਼ ਧੁਰ ਕੀ ਬਾਣੀ, ਇਲਹਾਮ ਜਾਂ ਰੁਹਾਨੀਅਤ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਭਾਈ ਸਾਹਿਬ ਭਾਈ ਕਪੂਰ ਸਿੰਘ ਜੀ ਆਪਣੀ ਪੁਸਤਕ ‘ਪਾਰਾਸ਼ਰ ਪ੍ਰਸ਼ਨ’ ਵਿਚ ਦੱਸਦੇ ਹਨ ਕਿ ਪ੍ਰਾਚੀਨ ਕਲਾ ਕਿਰਤਾਂ ਵਿਚ ਸੱਪ ‘ਤੇ ਝਪਟਦੇ ਹੋਏ ਬਾਜ਼ ਦਾ ਚਿਤਰ ਅਕਸਰ ਦੇਖਿਆ ਜਾਂਦਾ ਹੈ। ਸੱਪ ਧਰਤੀ ‘ਤੇ ਰੀਂਘਣ ਵਾਲ਼ਾ ਜਾਨਵਰ ਹੈ। ਜਦਕਿ ਬਾਜ਼ ਖੁੱਲੇ ਅਕਾਸ਼ ਵਿਚ ਉਡਾਰੀਆਂ ਭਰਦਾ ਹੋਇਆ ਸਿਤਾਰਿਆਂ ਵੱਲ ਵਧਦਾ ਹੈ। ਭਾਰਤੀ ਮਿੱਥ ਅਨੁਸਾਰ ਨਾਮ ਖੁਮਾਰੀ ਵਾਲ਼ੇ ਸੋਮਰਸ ਅੰਮ੍ਰਿਤ ਨੂੰ ਮਹਾਂ ਮੰਤਰ ਗਾਇਤਰੀ ਨੇ ਬਾਜ਼ ਦਾ ਰੂਪ ਵਟਾ ਕੇ ਹੀ ਬ੍ਰਹਮ ਲੋਕ ‘ਚੋਂ ਧਰਤੀ ‘ਤੇ ਉਤਾਰਿਆ ਸੀ। ਧਰਤੀ ਦੀ ਪਕੜ ਤੋਂ ਮੁਕਤ, ਇਲਾਹੀ ਗਿਆਨ, ਅੰਮ੍ਰਿਤ ਮਈ ਵਿਦਿਆ ਰੂਪ ਚਿੱਟਾ ਬਾਜ਼, ਪਦਾਰਥ ਦੀ ਗ੍ਰਿਫ਼ਤ ਵਿਚ ਧਰਤੀ ‘ਤੇ ਰੀਂਘਣ ਵਾਲ਼ੇ, ਅਗਿਆਨ ਅਤੇ ਵਿਸ਼ੈਲ਼ੀ ਅਵਿਦਿਆ ਰੂਪ ਕਾਲ਼ੇ ਸੱਪ ਨੂੰ ਭਕਸ਼ਣ ਲਈ ਹਮੇਸ਼ਾ ਤੱਤ ਪਰ ਰਹਿੰਦਾ ਹੈ। ਚੇਤੇ ਰਹੇ ਬਾਜ਼ ਨੂੰ ਗਰੁੜ ਵੀ ਆਖਿਆ ਜਾਂਦਾ ਹੈ, ਜਿਸ ਦਾ ਅਰਥ ਸੰਸਕ੍ਰਿਤ ਵਿਚ ਭਕਸ਼ਕ ਹੈ। ਭਾਈ ਸੰਤੋਖ ਸਿੰਘ ਜੀ ਨੇ ਆਪਣੀ ਅਮਰ ਕਵਿਤਾ ਵਿਚ ਦਸਮ ਪਾਤਸ਼ਾਹ ਜੀ ਨੂੰ ਬਲਵਾਨ ਗਰੁੜ ਦੇ ਰੂਪ ਵਿਚ ਸੱਪ ਰੂਪ ਵੈਰੀ ‘ਤੇ ਝਪਟਦੇ ਹੋਏ ਇਸੇ ਪ੍ਰਤੀਕ ਵਿਚ ਬਿਆਨ ਕੀਤਾ ਹੈ ‐ "ਸਰਪਿੰਦ ਗਿਰਿੰਦ ਖਗਿੰਦ ਤੁਲੰ"।
ਧਰਮ ਯੁੱਧ ਮੋਰਚੇ ਦੌਰਾਨ ਇਕ ਬੀਬੀ ਅੰਮ੍ਰਿਤਸਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਸੰਗਤ ਦੇ ਭਾਰੀ ਇਕੱਠ ਵਿਚ ਭੜਕੀਲੇ ਜੋਸ਼ ਵਿਚ ਦਸਮ ਪਾਤਸ਼ਾਹ ਜੀ ਨੂੰ ਪੁਕਾਰਦੀ ਸੀ ਅਖੇ "ਬਾਜ਼ਾਂ ਵਾਲ਼ਿਆ ਬਾਜ਼ ਨੂੰ ਭੇਜ ਮੁੜਕੇ ਅੱਜ ਤਿਤਰ ਉਡਾਰੀਆਂ ਮਾਰਦੇ ਨੇ"। ਦਸਮ ਪਾਤਸ਼ਾਹ ਜੀ ਦਾ ਸਹੀ ਲਕਬ ਚਿਟਿਆਂ ਬਾਜ਼ਾਂ ਵਾਲ਼ਾ ਹੈ। ਇਕੱਲਾ ਬਾਜ਼ਾਂ ਵਾਲ਼ਾ ਨਹੀਂ। ਚਿੜੀਆਂ ਤੇ ਤਿਤਰਾਂ ਜਹੇ ਗ਼ਰੀਬ ਪੰਛੀਆਂ ਦਾ ਸ਼ਿਕਾਰ ਕਰਨ ਵਾਲ਼ੇ ਆਮ ਜਨੌਰ ਬਾਜ਼ ਵਾਰੇ ਦਸਮ ਪਾਤਸ਼ਾਹ ਜੀ ਦਾ ਫੁਰਮਾਨ ਸੀ ‐ "ਚਿੜੀਉਂ ਸੇ ਮੈਂ ਬਾਜ਼ ਤੁੜਾਊਂ"। ਚਿੜੀਆਂ ਤਿਤਰਾਂ ਦੇ ਸ਼ਿਕਾਰੀ ਬਾਜ਼ ਨੂੰ ਸੱਦਣ ਲਈ ਗੁਰੁ ਸਾਹਿਬ ਅੱਗੇ ਮਚਾਈ ਹਾਲ ਪਾਹਰਿਆ ਸਿਖ ਸੰਵੇਦਨਸ਼ੀਲਤਾ ਦਾ ਹਿਸਾ ਨਹੀਂ ਹੈ।
ਇਥੇ ਇਹ ਦੱਸ ਦੇਣਾ ਵੀ ਉਚਿਤ ਜਾਪਦਾ ਹੈ ਕਿ ਸ਼ੇਰ ਵੀ ਰੁਹਾਨੀਅਤ ਦਾ ਹੀ ਪ੍ਰਤੀਕ ਹੈ। ਅਹਿੰਸਾ ਨੂੰ ਪਰਮ ਧਰਮ ਵਜੋਂ ਪ੍ਰਚਾਰਨ ਵਾਲੇ ਬੁਂਧ ਨੂੰ ਸੱਚ ਦਾ ਲਖਾਇਕ ਤਥਾਗਤ, ਸਿੰਘ ਜਾਂ ਸ਼ੀਂਹ ਵੀ ਕਿਹਾ ਜਾਂਦਾ ਹੈ। ਸ਼੍ਰੀ ਲੰਕਾ ਵਿਚ ਬੋਧੀਆਂ ਨੂੰ ਸ਼ੀਂਹ ਦੇ ਉਪਾਸ਼ਕ ਸਿੰਹਲੀ ਕਿਹਾ ਜਾਂਦਾ ਹੈ। ਸਿੰਹਲੀ ਉਨ੍ਹਾਂ ਦੀ ਭਾਸ਼ਾ ਵੀ ਹੈ। ਉਂਝ ਜੀਵ ਵਿਗਿਆਨੀ ਸ਼ੇਰ ਨੂੰ ਜੰਗਲ਼ ਦਾ ਡਾਕਟਰ ਮੰਨਦੇ ਹਨ। ਇਹ ਵਿਸ਼ਾ ਵੱਖਰੇ ਵਿਸਥਾਰ ਦੀ ਮੰਗ ਕਰਦਾ ਹੈ । ਅਧਿਆਤਮਿਕ ਲੋਰ ਵਿਚ ਸ਼ੇਰ ਸੱਚ ਦੇ ਮਾਰਗ ‘ਤੇ ਤੁਰੇ ਇਕ ਅਧਿਆਤਮਿਕ ਪਾਂਧੀ ਦਾ ਪ੍ਰਤੀਕ ਹੈ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਦੋਂ ਕੀਰਤ ਪੁਰ ਸਾਹਿਬ ਪੀਰ ਬੁਢਣ ਸਾਹ ਜੀ ਕੋਲ ਗਏ ਸਨ ਤਦ ਪੀਰ ਜੀ ਨੇ ਆਪਣੇ ਪਾਲਤੂ ਸ਼ੇਰ ਨੂੰ ਗੁਰੂ ਸਾਹਿਬ ਦੇ ਚਰਨ ਛੋਂਹਦਿਆਂ ਦੇਖ ਅੰਦਾਜ਼ਾ ਲਗਾ ਲਿਆ ਸੀ ਕਿ ਸਾਮੀ ਜਗਤ ਦੇ ਸੱਚ ਦੀ ਆਖ਼ਰੀ ਮੰਜ਼ਲ ਇਹੋ ਹੈ। ਇਸੇ ਕਰਕੇ ਪੀਰ ਬੁਢਣ ਸ਼ਾਹ ਜੀ ਨੇ ਪਾਕ ਪਵਿਤਰ ਦੁੱਧ ਨਾਲ਼ ਭਰੀ ਗੜਵੀ ਗੁਰੂ ਸਾਹਿਬ ਨੂੰ ਪੇਸ਼ ਕਰ ਦਿੱਤੀ ਸੀ। ਪਰ ਗੁਰੂ ਸਾਹਿਬ ਨੇ ਇਸ ਅਲੌਕਿਕ ਵਰਤਾਰੇ ਨੂੰ ਪ੍ਰਵਾਨਗੀ ਦੇਣ ਲਈ, ਸਾਮੀ ਜਗਤ ਨੂੰ, ਛੇਵੇਂ ਜਾਮੇਂ ਤੱਕ ਉਡੀਕ ਕਰਨ ਲਈ ਆਖ ਦਿੱਤਾ ਸੀ। ਫਿਰ ਛੇਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜਾ ਕੇ ਪੀਰ ਬੁਢਣ ਸ਼ਾਹ ਜੀ ‘ਤੋਂ ਧੁੱਧ ਦੀ ਗੜਵੀ ਮੰਗ ਲਈ ਸੀ। ਕਹਿੰਦੇ ਹਨ ਕਿ ਪੀਰ ਜੀ ਨੇ ਧਰਤੀ ‘ਚ ਸਾਂਭੀ ਹੋਈ ਉਹੀ ਦੁੱਧ ਦੀ ਗੜਵੀ ਗੁਰੂ ਸਾਹਿਬ ਨੂੰ ਅਰਪਣ ਕੀਤੀ ਅਤੇ ਗੁਰੂ ਸਾਹਿਬ ਨੇ ਪ੍ਰਵਾਣ ਕਰਕੇ ਪੀਰ ਜੀ ਨੂੰ ਨਿਹਾਲ ਕੀਤਾ ਸੀ। ਸ਼ਹਿਨਸ਼ਾਹ ਸ਼ਾਹ ਜਹਾਂਨ ਦੇ ਚਿੱਟੇ ਬਾਜ਼ ਦਾ ਛੇਵੇਂ ਪਾਤਸ਼ਾਹ ਜੀ ਦੇ ਬਾਜ਼ਾਂ ਵਿਚ ਆ ਬਿਰਾਜਣਾ ਵੀ ਇਹੀ ਦਰਸਾਉਂਦਾ ਹੈ ਕਿ ਸਾਮੀ ਜਗਤ ਦੀ ਰੁਹਾਨੀਅਤ ਦਾ ਸਫ਼ਰ ਗੁਰੂ ਘਰ ਵਿਚ ਆ ਕੇ ਮੁਕੰਮਲ ਹੋ ਗਿਆ ਸੀ।
ਸ਼ਾਇਰਿ ਮਸ਼ਰਿਕ ਡਾ. ਸਰ ਮੁਹੰਮਦ ਇਕਬਾਲ ਸਾਹਿਬ ਨੇ ਆਪਣੇ ਬੇਟੇ ਦੇ ਨਾਂ ਲਿਖੀ ਮਸ਼ਹੂਰ ਰਚਨਾ ‘ਜਾਵੇਦ ਨਾਮਹ’ ਵਿਚ ਉਕਤ ਤੱਥ ਨੂੰ ਇਉਂ ਬਿਆਨ ਕੀਤਾ ‐ "ਖ਼ਾਲਸਾ ਸ਼ਮਸ਼ੀਰੋ ਕੁਰਾਂ ਰਾ ਬਬੁਰਦ, ਕਿ ਅੰਦਰਾਂ ਕਿਸ਼ਵਰਿ ਮੁਸਲਮਾਨੀ ਬਮੁਰਦ"। ਭਾਵ ਕਿਰਪਾਨ ਅਤੇ ਕੋਰਾਨ ਖ਼ਾਲਸੇ ਦੇ ਅਖ਼ਤਿਆਰ ਵਿਚ ਆਉਣ ਨਾਲ਼ ਇਸਲਾਮੀ ਸਲਤਨਤ ਖ਼ਤਮ ਹੋ ਗਈ। ਇਕਬਾਲ ਸਾਹਿਬ ਅਸਲੀਅਤ ਦੇ ਕਾਫ਼ੀ ਨੇੜੇ ਪਹੁੰਚ ਕੇ ਵੀ ਕੁਝ ਭੁਲੇਖਾ ਖਾ ਗਏ। ਗੁਰਬਾਣੀ ਵਿਚ ਗੁਰੂ ਨੂੰ ਅਥਾਹ ਸਮੁੰਦਰ ਆਖਿਆ ਗਿਆ ਹੈ ‐ "ਸੇਵਹੁ ਸਤਿਗੁਰ ਸਮੁੰਦੁ ਅਥਾਹਾ" । ਬਰਫ਼ਾਨੀ ਚੋਟੀਆਂ ਪੰਘਰ ਕੇ ਪਰਬਤੀ ਢਲ਼ਾਣਾਂ ਤੋਂ ਤਿਲਕ ਕੇ ਮੈਦਾਨਾ ਵੱਲ ਵਾਹੋਦਾਹੀ ਭੱਜੀਆਂ ਜਾਂਦੀਆਂ ਸਮੁੰਦਰ ਵਿਚ ਜਾ ਕੇ ਅਭੇਦ ਹੋ ਜਾਂਦੀਆਂ ਹਨ। ਪਾਣੀਆਂ ਦਾ ਚੋਟੀਆਂ ਤੋਂ ਉਤਰ ਕੇ ਸਮੁੰਦਰ ਵਿਚ ਜਾ ਮਿਲ਼ਨਾ ਮੈਦਾਨਾ ਦੀ ਫ਼ਤਹੇ ਜਾ ਪਰਬਤਾਂ ਦੀ ਸ਼ਿਕਸ਼ਤ ਨਹੀਂ; ਫ਼ਤਹੇ ਤਾਂ ਹਮੇਸ਼ਾਂ ਵਾਹਿਗੁਰੂ ਜੀ ਦੀ ਹੈ। ਪਾਣੀ ਕਿਸੇ ਅਟੱਲ ਨੇਮ ਵਿਚ ਬੱਝੇ ਚੱਲ ਰਹੇ ਹਨ। ਸੋ ਜਿਥੇ ਕੁਰਾਨ ਗਈ ਉਥੇ ਹੀ ਕਿਰਪਾਨ ਨੇ ਜਾਣਾ ਸੀ। ਕਿਰਪਾਨ ਜ਼ਬਤ ਵਾਲੇ ਹੱਥ ਵਿਚ ਹੀ ਟਿਕ ਸਕਦੀ ਹੈ। ਜ਼ਬਤ ਹੀ ਕਿਰਪਾਨ ਦਾ ਈਮਾਨ ਹੈ ‐ "ਖੜਗ ਕੇਤ ਮੈਂ ਸਰਣ ਤਿਹਾਰੀ"।
ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਸਮੇਂ ਸੀਸ ‘ਤੇ ਤੱਤਾ ਰੇਤ ਪਾਉਣ ਵਾਲੇ ਚੰਦੂ ਦਾ ਪੁਤਰ ਕਰਮ ਚੰਦ, ਹਰਗੋਬਿੰਦਪੁਰੇ ਦੀ ਜੰਗ ਸਮੇਂ ਗੁਰੂ ਸਾਹਿਬ ਦੀ ਢਾਲ਼ ਦੀ ਫੇਟ ਨਾਲ਼ ਮੂਰਛਤ ਹੋ ਗਿਆ। ਹੋਸ਼ ਆੳਣ ‘ਤੇ ਉਠਿਆ ਤਦ ਛੇਵੇਂ ਪਾਤਸ਼ਾਹ ਨੇ ਉਸ ਨੂੰ ਪਹਿਲਾਂ ਵਾਰ ਕਰਨ ਲਈ ਆਖਿਆ। ਕਰਮ ਚੰਦ ਦੇ ਕਹਿਣ ‘ਤੇ ਗੁਰੂ ਸਾਹਿਬ ਨੇ ਆਪਣੀ ਢਾਲ਼ ਵੀ ਸੁੱਟ ਦਿੱਤੀ। ਕਰਮ ਚੰਦ ਨੇ ਇਕ ਜ਼ੋਰਦਾਰ ਵਾਰ ਕੀਤਾ ਜਿਸ ਨੂੰ ਯੁੱਧ ਕਲਾ ਵਿਚ ਨਿਪੁਣ ਅਤੇ ਬਲਵਾਨ ਹਜ਼ੂਰ ਪਾਤਸ਼ਾਹ ਨੇ ਆਪਣੀ ਕਿਰਪਾਨ ਨਾਲ ਰੋਕਿਆ। ਇਸ ਟੱਕਰ ਵਿਚ ਦੋਹਵੇਂ ਕਿਰਪਾਨਾ ਟੁੱਟ ਗਈਆਂ। ਹੁਣ ਵਾਰ ਕਰਨ ਦੀ ਵਾਰੀ ਹਜ਼ੂਰ ਦੀ ਸੀ। ਗੁਰੂ ਸਾਹਿਬ ਦੇ ਕੋਲ਼ ਸਿਰਫ਼ ਪੀਰੀ ਦੀ ਕਿਰਪਾਨ ਬਾਕੀ ਸੀ। ਲੇਕਿਨ ਉਨ੍ਹਾ ਕਰਮ ਚੰਦ ਨੂੰ ਸੋਧਣ ਲਈ ਪੀਰੀ ਦੀ ਕਿਰਪਾਨ ਦੀ ਵਰਤੋਂ ਨਾ ਕੀਤੀ; ਧੌਣ ਤੋਂ ਪਕੜ ਕੇ ਧਰਤੀ ਨਾਲ਼ ਪਟਕਾ ਮਾਰਿਆ ਤੇ ਪਾਰ ਬੁਲਾਇਆ। ਜਿਥੇ ਪੀਰੀ ਦਾ ਅਨੰਤ ਜ਼ਬਤ ਕਾਇਮ ਸੀ, ਮੀਰੀ ਦਾ ਕਿਆਮ ਉਸੇ ਘਰ ਵਿਚ ਹੋਣਾ ਯਕੀਨੀ ਸੀ। ਇਕਬਾਲ ਸਾਹਿਬ ਦਾ ਨਜ਼ਰੀਆ ਦਰੁਸਤ ਨਹੀਂ। ਉਚੇ ਪਰਬਤਾਂ ਦੀ ਪਥਰੀਲੀ ਗੜਗੜਾਹਟ ਤੇ ਨਦੀਆਂ ਦੀਆਂ ਘੁੰਮਣਘੇਰੀਆਂ ਜਲ ਦੇ ਸ਼ੀਤਲ ਸੁਭਾ ਦੇ ਅਨੁਕੂਲ ਨਹੀਂ; ਸਾਗਰਾਂ ਦਾ ਅਨੰਤ ਜ਼ਬਤ ਹੀ ਉਸ ਦਾ ਸਦੀਵ ਘਰ ਹੈ ‐ "ਧੀਰਜ ਧਾਮ ਬਨਾਇ ਇਹੈ ਤਨ"।
ਗਹਿਰੀ, ਘਨਘੋਰ ਕਾਲ਼ੀ ਘਟਾ ਉਪਰੰਤ ਤੇਜ ਵਰਖਾ ਉਤਰ ਆਉਂਦੀ ਹੈ, ਤੇ ਫਿਰ ਨਿਖਰੇ ਹੋਏ ਨੀਲੇ ਅੰਬਰ ਵਿਚ ਇੰਦਰ ਧਨੁਸ਼ ਲਿਸ਼ਕਦਾ ਹੈ। "ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ॥" ਇਵੇਂ ਅਬੁੱਝ ਅਤੇ ਗੁਹਜ ਮਿਥਿਹਾਸ ਉਪਰੰਤ ਜ਼ਬਰਦਸਤ ਇਤਿਹਾਸ ਵਾਪਰਦਾ ਹੈ, ਤੇ ਫਿਰ ਸੁੱਚੇ ਅਤੇ ਸ਼ੁਧ ਮਹੌਲ ਵਿਚ, ਧਨਕ ਰੰਗ, ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ। ਸ਼ਬਦ ਜਾ ਧੁਨੀ ਦੀ ਵੇਵ ਲੈਂਥ ਵੀ ਇੰਦਰ ਧਨੁਸ਼ ਜਾਂ ਸਤਰੰਗੀ ਪੀਂਘ ਜਹੀ ਹੁੰਦੀ ਹੈ। ਸ਼ਬਦ ਵਿਚ ਕਿਤੇ ਕਿਤੇ ਇਤਿਹਾਸ ਚੱਲ ਪੈਂਦਾ ਹੈ, ਤੇ ਇਤਿਹਾਸ ਵਿਚ ਕਿਤੇ ਕਿਤੇ ਮਿਥਿਹਾਸ ਚੱਲ ਪੈਂਦਾ ਹੈ। ਮਿਥਿਹਾਸ ਇਤਹਾਸ ਵੱਲ ਸੰਕੇਤ ਕਰਦਾ ਹੈ, ਅਤੇ ਇਤਿਹਾਸ ਸ਼ਬਦ ਵੱਲ। ਗੁਰੂ ਨਾਨਕ ਤੋਂ ਲੈ ਕੇ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਇਤਿਹਾਸ ਦੇ ਵਚਿਤਰ ਨਾਟਕ ਉਪਰੰਤ ਹੀ ਸ਼ਬਦ ਨੂੰ ਮੁਕੰਮਲ ਕਰਕੇ ਗੁਰਿਆਈ ਬਖ਼ਸ਼ੀ ਗਈ ਸੀ।
ਕੇਸਗੜ੍ਹ ਸਾਹਿਬ ਵਿਖੇ ਖ਼ਾਲਸੇ ਦੀ ਸਿਰਜਣਾ ਵਿਚ ਦੋ ਆਰਿਆਈ ਮਿਥਾਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਦੇਵਤੇ ਅਤੇ ਰਾਕਸ਼ ਜਦੋਂ, ਧਰਤੀ ਦੇ ਨਿਯਮ ਵਿਚਲੀ, ਸਮੁੱਚੀ ਉਤਪਤੀ ਤੋਂ ਉਦਾਸ ਹੋ ਗਏ ਤਾਂ ਉਨਾਂ ਕਿਸੇ ਦੈਵੀ ਨਿਯਮ ਦੀ ਤਲਾਸ਼ ਵਿਚ ਸਮੁੰਦਰ ਮੰਥਨ ਕੀਤਾ ਸੀ, ਜਿਸ ਵਿਚੋਂ ਚੌਦਾਂ ਰਤਨਾਂ ਉਪਰੰਤ, ਸਭ ਤੋਂ ਕੀਮਤੀ ਵਸਤ, ਅੰਮ੍ਰਿਤ ਪ੍ਰਾਪਤ ਹੋਇਆ ਸੀ। ਬਾਟੇ ਵਿਚ ਸਤਿਲੁਜ ਦਾ ਸ਼ੁਧ ਜਲ ਲੈ ਕੇ ਉਸ ਨੂੰ ਖੰਡੇ ਨਾਲ ਹਿਲਾਉਣਾ ਉਕਤ ਮਿਥ ਦੇ ਕੁਝ ਨਿਸ਼ਾਨ ਸਿਮਰਤੀ ਵਿਚ ਲੈ ਆਉਂਦਾ ਹੈ।
ਅਗਨੀ ਦੀਆਂ ਸੱਤ ਧੂਣੀਆਂ ਦੇ ਦਰਮਿਆਨ ਭਗੀਰਥ ਦੇ ਸੱਤ ਹਜ਼ਾਰ ਸਾਲ ਦੇ ਸਖ਼ਤ ਤਪ ਉਪਰੰਤ ਵਿਸ਼ਨੂੰ ਜੀ ਨੇ ਜਦੋਂ ਆਪਣੇ ਪੈਰ ਦੇ ਅੰਗੂਠੇ ਵਿਚੋਂ ਗੰਗਾ ਜੀ ਨੂੰ ਸਵਰਗ ਤੋਂ ਧਰਤੀ ‘ਤੇ ਉਤਾਰਿਆ ਸੀ ਤਾਂ ਇਸ ਦੇ ਡਿਗਣ ਦੇ ਕਹਿਰ ਨੂੰ ਰੋਕਣ ਲਈ ਸ਼ਿਵ ਜੀ ਨੇ ਇਸ ਨੂੰ ਆਪਣੀਆਂ ਜਟਾਂ ਵਿਚ ਠੱਲ ਲਿਆ ਸੀ। ਸੰਗਤ ਦੀ ਸ਼ਖ਼ਤ ਘਾਲਣਾ ਉਪਰੰਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਧਾਰਾ ਆਪਣੇ ਪੈਰ ਦੇ ਅੰਗੂਠੇ ਵਿਚੋਂ ਹੀ ਪ੍ਰਵਾਹਿਤ ਕੀਤੀ ਸੀ। ਜਦ ਅੰਮ੍ਰਿਤ ਦੀ ਇਸ ਵਡਮੁਲੀ ਦਾਤ ਦਾ ਅਧਿਕਾਰ ਖ਼ਾਲਸੇ ਨੂੰ ਸੌਂਪਿਆ ਜਾਣਾ ਸੀ ਤਦ ਇਸ ਕੌਤਕ ਦੇ ਤੇਜ ਨੂੰ ਸਹਿਜ ਰੂਪ ਬਖ਼ਸਣ ਲਈ ਕੇਸਗੜ੍ਹ ਸਾਹਿਬ ਦੇ ਟਿਲੇ ਨੂੰ ਚੁਣਿਆਂ ਗਿਆ ਸੀ। ਇਹ ਉਹੀ ਟਿਲਾ ਸੀ ਜਿਥੇ, ਕਿਸੇ ਸਮੇਂ, ਸ਼ਿਵ ਜੀ ਦੀ ਦੈਂਤ ਕੁਲ ‘ਚੋਂ, ਕੋਈ ਮਾਖਾ ਸਾਧੂ ਰਹਿੰਦਾ ਸੀ। ਅੰਗਰੇਜ਼ਾਂ ਦੇ ਸਮੇਂ ਤਕ, ਮਾਲ ਮਹਿਕਮੇ ਵਿਚ, ਅਨੰਦ ਪੁਰ ਸਾਹਿਬ ਨੂੰ ਮਾਖੋ ਵਾਲ਼ ਲਿਖਿਆ ਜਾਂਦਾ ਰਿਹਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤ ਪੁਰ ਸਾਹਿਬ ਨੂੰ ਜਾਂਦਿਆਂ ਮਾਖੋ ਵਾਲ਼ ਦੇ ਟਿਲੇ ਵੱਲ ਸੰਕੇਤ ਕਰਦਿਆਂ ਆਖਿਆ ਸੀ ਕਿ ਇਥੇ ਅਸੀਂ ਦਸਵੇਂ ਜਾਮੇਂ ਵਿਚ ਕੌਤਕ ਰਚਾਵਾਂਗੇ। ਸਿੰਘ ਸਜਣ ਵੇਲੇ ਸਾਬਤ ਕੇਸਾਂ ਵਿਚ ਅੰਮ੍ਰਿਤ ਦਾ ਸਿੰਚਾਰ ਇਸ ਜਗਾਹ ਦਾ ਨਾਮ ਕੇਸ ਗੜ੍ਹ ਹੋਣ ਅਤੇ ਇਸ ਸ਼ਹਿਰ ਨੂੰ ਪ੍ਰਣਾਮ ਕਰਦੀ ਚਰਨ ਗੰਗਾ ਦਾ ਰਹਸ ਵੀ ਦਸਦਾ ਹੈ। ਵਿਸ਼ਨੂੰ ਜੀ ਦਾ ਅੰਗੂਠਾ, ਸ਼ਿਵ ਜੀ ਦੀਆਂ ਜਟਾਂ ਤੇ ਭਘੀਰਥ ਦੇ ਘੋਰ ਤਪ ਵਿਚ ਮਹੀਨ ਸੰਕੇਤ ਹਨ ਗੁਰੂ ਸਾਹਿਬ ਦੀ ਚਰਨ ਪਾਹੁਲ ਦੇ, ਸਾਬਤ ਕੇਸਾਂ ਅਤੇ ਕੇਸਗੜ੍ਹ ਸਾਹਿਬ ਦੇ, ਤੇ ਸੰਗਤ ਦੀ ਸ਼ਖ਼ਤ ਘਾਲਣਾ ਦੇ। ਮਹਾਨ ਗੰਗਾ ਵਿਸ਼ਨੂੰ ਜੀ ਦੇ ਚਰਨਾਂ ਚੋਂ ਵਹਿ ਕੇ ਸ੍ਰੀ ਅਨੰਦ ਪੁਰ ਸਾਹਿਬ ਵਿਖੇ, ਚਰਨ ਗੰਗਾ ਦੇ ਰੂਪ ਵਿਚ, ਖ਼ਾਲਸੇ ਦੇ ਚਰਨਾਂ ‘ਚ ਪ੍ਰਣਾਮ ਕਰਦੀ ਹੈ। ਇਤਿਹਾਸ ਮਿਥ ਦਾ ਦੁਹਰਾੳ ਨਹੀਂ ਹੈ ਤੇ ਨਾ ਹੀ ਮਿਥ ਦੀ ਅਨਾਲੋਜੀ ਹੈ। ਇਹ ਮਿਥ ਦਾ ਸ਼ਬਦ ਵੱਲ ਸਫ਼ਰ ਹੈ। ਦਰਅਸਲ ਮਿਥ ਧਰਤੀ ਦਾ ਅਬੁੱਝ ਸੁਪਨਾ ਹੈ, ਸਬਦ ਦਰਤੀ ਦੀ ਅਰਦਾਸ ਹੈ ਤੇ ਸਾਖੀ ਉਸ ਅਬੁੱਝ ਸੁਪਨੇ ਦਾ ਸਾਕਾਰ ਰੂਪ ਹੈ।
ਮਹਾਂਭਾਰਤ ਵਿਚ ਮ੍ਰਿਤੂ ਸੇਜ ‘ਤੇ ਪਿਆਂ ਭੀਸ਼ਮ ਜੀ ਨੇ ਯੁਧਿਸ਼ਟਰ ਨੂੰ ਪਰਮ ਸੁਖ ਜਾਂ ਮੋਕਸ਼ ਲਈ ਵਿਸ਼ਨੂੰ ਜੀ ਦੇ ਹਜ਼ਾਰ ਨਾਵਾਂ ਦਾ ਸਿਮਰਣ ਕਰਨ ਲਈ ਆਖਿਆ ਸੀ। ਸਹਸਰਨਾਮੇ ਵਿਚ ਇਹ ਹਜ਼ਾਰ ਨਾਮ ਅੰਕਤ ਹਨ। ਮਹਾਂਨ ਸੂਫ਼ੀ ਸੰਤ ਅਲ ਗ਼ਜ਼ਾਲੀ ਸਾਹਿਬ ਨੇ ਪਰਮ ਸੱਤ ਦੀ ਪ੍ਰਾਪਤੀ ਲਈ ਅੱਲਾ ਦੇ ਨੜਿਨ੍ਹਵੇਂ ਸੁੰਦਰ ਨਾਵਾਂ ਦੀ ਦੱਸ ਪਾਈ ਹੈ। ਦਸਵੇਂ ਪਾਤਸਾਹ ਜੀ ਨੇ ਖ਼ਾਲਸੇ ਨੂੰ ਜਾਪ ਸਾਹਿਬ ਵਿਚ ਜਿਹੜੇ ਹਜ਼ਾਰ ਨਾਵਾਂ ਦਾ ਸਿਮਰਣ ਕਰਨ ਦੀ ਮਰਿਯਾਦਾ ਬਖ਼ਸ਼ੀ ਹੈ ਉਸ ਵਿਚ ਸਹਸਰਨਾਮੇ ਵਿਚ ਅੰਕਤ ਵਿਸ਼ਨੂੰ ਜੀ ਦੇ ਨਾਵਾਂ ਅਤੇ ਅਲ ਗ਼ਜ਼ਾਲੀ ਦੇ ਦਰਸਾਏ ਨੜਿਨ੍ਹਵੇਂ ਨਾਵਾਂ ਦੇ ਸਾਂਝੇ ਨਿਸ਼ਾਨ, ਸੰਸਕ੍ਰਿਤ ਬ੍ਰੱਜ ਅਤੇ ਅਰਬੀ ਫ਼ਾਰਸੀ ਦੇ ਸੁੰਦਰ ਸਮਾਸ ਰੂਪਾਂ ਵਿਚ ਦੇਖੇ ਜਾ ਸਕਦੇ ਹਨ। ਦਸਮ ਪਿਤਾ ਵਲੋਂ ਉਚਾਰੀ ਬਾਣੀ ਦਾ ਪਾਠ ਅਤੇ ਰਚਨਾ ਦਾ ਅਧਿਐਨ ਕਰਦਿਆਂ ਕ੍ਰਿਸ਼ਨ ਜੀ ਦੀਆਂ ਸੈਰਗਾਹਾਂ ਅਤੇ ਗਊਆਂ ਦੀਆਂ ਚਰਾਗਾਹਾਂ ਦੀ ਬ੍ਰੱਜ ਸਿਮਰਤੀ ਉਮੜ ਉਮੜ ਆਉਂਦੀ ਹੈ।
ਮੁਹੰਮਦ ਸਾਹਿਬ ਇਕ ਦਫ਼ਾ ਇਕ ਪਹਾੜੀ ਦੀ ਚੋਟੀ ‘ਤੇ ਖੜੇ ਸਨ ਤੇ ਉਨ੍ਹਾਂ ਪਹਾੜੀ ਦੇ ਪੈਰਾਂ ‘ਚ ਖੜੇ ਮੁਸਲਮਾਨਾ ਨੂੰ ਪੁਛਿਆ ਕਿ, "ਪਹਾੜੀ ਦੇ ਦੂਸਰੇ ਪਾਸੇ ਜੋ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ?" ਉਨ੍ਹਾਂ ਇਕ ਜ਼ੁਬਾਨ ‘ਚ ਆਖਿਆ, " ਹਜ਼ੂਰ! ਨਹੀਂ, ਪਰ ਤੁਸੀਂ ਜੋ ਕੁਝ ਵੀ ਸਾਨੂੰ ਦੱਸਦੇ ਹੋ, ਅਸੀਂ ਉਸੇ ਨੂੰ ਸੱਚ ਜਾਣਦੇ ਹਾਂ"। ਇਥੇ ਮੁਹੰਮਦ ਸਾਹਿਬ ਨੇ ਸ਼ਬਦ ਪਰਗਟ ਨਹੀਂ ਕੀਤਾ, ਸਿਰਫ਼ ਸ਼ਬਦ ਵੱਲ ਇਕ ਲੁਕਵਾਂ ਸੰਕੇਤ ਕੀਤਾ। ਇਸ ਮੁਕੱਦਸ ਕਾਰਜ ਲਈ ਪੈਗ਼ੰਬਰ ਆਪ ਇਤਿਹਾਸ ਵਿਚ ਉਤਰਦੇ ਹਨ। ਪਰ ਅਵਤਾਰ ਸ਼ਬਦ ਦੀ ਇਕ ਝਲਕ ਦਿਖਾ ਇਤਿਹਾਸ ਨੂੰ ਨਿਰਦੇਸ਼ਨ ਦਿੰਦੇ ਹਨ। ਗੁਰੂ ਵਿਚ ਅਵਤਾਰ ਅਤੇ ਪੈਗ਼ੰਬਰ ਦੋਹਾਂ ਦੇ ਨਿਸ਼ਾਨ ਹਨ; ਗੁਰੂ ਇਤਿਹਾਸ ਵਿਚ ਵੀ ਪ੍ਰਵੇਸ਼ ਕਰਦਾ ਹੈ ਅਤੇ ਸ਼ਬਦ ਦਾ ਮੁਕੰਮਲ ਪ੍ਰਕਾਸ਼ ਵੀ ਕਰਦਾ ਹੈ। ਗੁਰੂ ਨਾਨਕ ਸਾਹਿਬ ਨੂੰ ਇਸੇ ਲਈ ਅਵਤਾਰ ਅਤੇ ਪੈਗ਼ੰਬਰ ਕਿਹਾ ਗਿਆ; ਗੁਰੂ ਰੂਪ ਵਿਚ ਦੋਨੋਂ ਹੀ ਸੰਪੂਰਨ ਅਤੇ ਅਭੇਦ ਹਨ। ਗੁਰੂ ਕਿਸੇ ਲਈ ਵੀ ਓਪਰਾ ਨਹੀਂ ‐ "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ"।
ਦਸਮ ਪਾਤਸ਼ਾਹ ਦੇ ਆਗਮਨ ਸਮੇਂ ਸੂਫ਼ੀ ਦਰਵੇਸ਼ ਫ਼ਕੀਰਾਂ ਦੀ ਇੰਤਜ਼ਾਰ, ਇੰਤਹਾ ਦੇ ਨੇੜੇ ਢੁਕਣ ਵਾਲ਼ੀ ਸੀ ਕਿ ਇਕ ਫ਼ਕੀਰ ਭੀਖਣ ਸ਼ਾਹ ਜੀ ਪਵਿਤਰ ਦੁੱਧ ਦੀਆਂ ਦੋ ਕੁੱਜੀਆਂ ਲੈ ਕੇ ਪਟਨਾ ਸਾਹਿਬ ਵਿਖੇ ਪਹੁੰਚ ਗਏ ਅਤੇ ਬਾਲ ਗੋਬਿੰਦ ਰਾਇ ਦੇ ਦਰਸ਼ਣਾ ਲਈ ਅਰਜ਼ੋਈ ਕੀਤੀ। ਮਾਤਾ ਗੁਜਰੀ ਜੀ ਨਿੱਕੇ ਬਾਲ਼ ਗੋਬਿੰਦ ਰਾਇ ਨੂੰ ਕੁੱਛੜ ਚੁਕ ਕੇ ਫ਼ਕੀਰ ਕੋਲ਼ ਲੈ ਆਏ। ਫ਼ਕੀਰ ਨੇ ਦੁੱਧ ਦੀਆਂ ਦੋਹਵੇਂ ਕੁੱਜੀਆਂ ਬਾਲ ਗੁਰੂ ਜੀ ਅੱਗੇ ਕਰ ਦਿਤੀਆਂ। ਚੋਜ਼ੀ ਪ੍ਰੀਤਮ ਨੇ ਮਾਤਾ ਜੀ ਦੀ ਗੋਦ ਵਿਚੋਂ ਉਛਲ਼ ਕੇ ਦੋਹਵੇਂ ਕੁਜੀਆਂ ਨੂੰ ਹੱਥ ਪਾ ਲਏ। ਫ਼ਕੀਰ ਭੀਖਣ ਸ਼ਾਹ ਦੀ ਨਿਸ਼ਾ ਹੋ ਗਈ। ਧਰਮ ਦੇ ਪਵਿਤਰ ਅਤੇ ਮੁਕੱਦਸ ਸਤੂਪਾਂ ‘ਤੇ ਸ਼ਬਦ ਰੂਪ ਮਹਿਰਾਬ ਦੀ ਸੰਪੂਰਨਤਾ ਦੇ ਧਰਵਾਸ ਨਾਲ਼ ਅਤਿਅੰਤ ਚੈਨ ਅਤੇ ਅਟੱਲ ਯਕੀਨ ਦੀ ਅਵਸਥਾ ਵਿਚ ਸ਼ਾਂਤ ਚਿਤ ਫ਼ਕੀਰ ਰਵਾਨਾ ਹੋਏ। ਪਟਨਾ ਸਾਹਿਬ ਵਿਚ ਗੋਬਿੰਦ ਰਾਏ ਦੀ ਬਾਲ ਲੀਲਾ ਦੇ ਦਿਲਫ਼ਰੇਬ ਚੋਜ਼, ਕੌਤਕ ਤੇ ਕਾਰਨਾਵੇਂ, ਚਿਤਚੋਰ, ਕ੍ਰਿਸ਼ਨ ਲੀਲਾ ਨੂੰ ਸਿਮਰਤੀ ਵਿਚ ਲੈ ਆਉਂਦੇ ਹਨ। ਉਧਰ ਮਾਛੀਵਾੜੇ ਦੇ ਜੰਗਲ਼ਾਂ ਵਿਚੋਂ ਨਿਕਲਦਿਆਂ ਸ਼ਾਹੀ ਲਸ਼ਕਰ ਨੂੰ ਪਏ ਸ਼ੱਕ ਨੂੰ ਮਿਟਾਉਣ ਖ਼ਾਤਰ ਗ਼ਨੀ ਖ਼ਾਂ ਅਤੇ ਨਬੀ ਖ਼ਾਂ ਵਲੋਂ ਦਸਮ ਪਾਤਸ਼ਾਹ ਨੂੰ ੳਂੁਚ ਦੇ ਪੀਰ ਸਾਬਤ ਕਰਨ ਲਈ ਅੱਲਾ ਪਾਕ ਤੇ ਕੁਰਆਨ ਮਜੀਦ ਦੀ ਕਸਮ ਵੀ ਇਕ ਸੰਕੇਤ ਹੈ ਕਿ ਗੁਰੂ ਦੀ ਅਜ਼ਮਤ ਵਿਚ ਅਵਤਾਰ ਤੇ ਪੈਗ਼ੰਬਰ ਅਭੇਦ ਹਨ।
ਮੌਲਾਨਾ ਹਮੀਦ ਸ਼ਾਇਰ ਕਲੰਦਰ ਖ਼ੈਰੁਲਮਜਾਲਿਸ ਵਿਚ ਸ਼ੇਖ਼ ਫ਼ਰੀਦ ਜੀ ਬਾਰੇ ਦੱਸਦੇ ਹਨ ਕਿ ਇਕ ਵੇਰ ਫ਼ਰੀਦ ਜੀ ਕੋਲ਼ ਇਕ ਸੂਫ਼ੀ ਫ਼ਕੀਰ ਆਏ। ਫ਼ਰੀਦ ਜੀ ਨੇ ਉਸ ਦੀ ਆਉ ਭਗਤ ਕੀਤੀ, ਪਰ ਫ਼ਕੀਰ ਵਿਦਾ ਨਾ ਹੋਏ। ਫ਼ਕੀਰ ਨੇ ਫ਼ਰੀਦ ਜੀ ਤੋਂ, ਉਨ੍ਹਾਂ ਦੇ ਮੁਸੱਲੇ ‘ਤੇ ਪਈ ਕੰਘੀ ਦੀ ਮੰਗ ਕੀਤੀ, ਜੋ ਫ਼ਰੀਦ ਸਾਹਿਬ ਨੇ ਅਣਸੁਣੀ ਕਰ ਦਿਤੀ। ਫ਼ਕੀਰ ਨੇ ਫਿਰ ਮੰਗ ਦੁਹਰਾਈ, ਜੋ ਫਿਰ ਅਣਸੁਣੀ ਹੋ ਗਈ। ਤੀਜੀ ਦਫ਼ਾ ਫ਼ਕੀਰ ਨੇ ਕਿਹਾ, "ਕੰਘੀ ਦੇ ਦਿਉ, ਤੁਹਾਨੂੰ ਬਰਕਤ ਪਵੇਗੀ"। ਫ਼ਰੀਦ ਜੀ ਇਕ ਦੰਮ ਕੜਕ ਕੇ ਬੋਲੇ, "ਰੁੜ੍ਹ ਗਈ ਤੇਰੀ ਬਰਕਤ"। ਦਰਵੇਸ਼ ਫ਼ਕੀਰ ਚਲਿਆ ਗਿਆ। ਪਤਾ ਲੱਗਾ ਕਿ ਨੇੜੇ ਹੀ ਕੋਈ ਨਦੀ ਵਗਦੀ ਸੀ ਜਿਸ ਨੂੰ ਪਾਰ ਕਰਨ ਲੱਗਾ ਫ਼ਕੀਰ ਨਦੀ ‘ਚ ਰੁੜ੍ਹ ਗਿਆ। ਇਤਿਹਾਸ ਦੇ ਹਵਾਲੇ ਨਾਲ਼ ਸ਼ੇਖ਼ ਫ਼ਰੀਦ ਜੀ ਗੁਰਮਤ ਵਿਚ ਪ੍ਰਥਮ ਸਥਾਨ ‘ਤੇ ਸੁਸ਼ੋਭਤ ਹਨ। ਉਨ੍ਹਾਂ ਇਕ ਸੂਫ਼ੀ ਦਰਵੇਸ਼ ਨੂੰ ਕੰਘੀ ਦੇਣ ‘ਤੋਂ ਸਖ਼ਤ ਇਨਕਾਰ ਕਰ ਦਿਤਾ।
ਇਤਿਹਾਸ ਦੇ ਪੱਖ ਤੋਂ ਗੁਰਮਤ ਦੇ ਆਖ਼ਰੀ ਸਥਾਨ ‘ਤੇ ਬਿਰਾਜਮਾਨ ਦਸਵੇਂ ਪਾਤਸ਼ਾਹ ਜੀ ਤੋਂ ਇਕ ਸੂਫ਼ੀ ਦਰਵੇਸ਼ ਫ਼ਕੀਰ, ਪੀਰ ਬੁਧੂ ਸ਼ਾਹ ਜੀ ਨੇ ਕੰਘੇ ਦੀ ਮੰਗ ਕੀਤੀ ਸੀ ਤਾਂ ਉਨ੍ਹਾਂ ਖਿੜੇ ਮੱਥੇ ਪ੍ਰਵਾਨ ਕਰਦਿਆਂ ਉਸ ਨੂੰ ਆਪਣਾ ਪਾਵਨ ਕੰਘਾ ਬਖ਼ਸ਼ ਦਿਤਾ ਸੀ।
ਇਨ੍ਹਾਂ ਦੋਹਾ ਸਾਖੀਆਂ ਵਿਚ ਇਕ ਮਹੀਨ ਸਾਂਝ ਅਤੇ ਇਕ ਸੂਖਮ ਸੰਕੇਤ ਹੈ। ਮਾਨਵੀ ਆਈ ਕਿਊ ਤੋਂ ਅਗਲੇਰੇ ਪੜਾ, ਇਮੋਸ਼ਨਲ ਕਿਊ, ਜਜ਼ਬਾਤੀ ਉਤਰਾ ਚੜ੍ਹਾ ਜਾ ਉਲਾਰ ਦੇ ਦਾਇਰਿਆਂ ਵਿਚ ਸੁਹਜ ਨੂੰ ਪ੍ਰਮੁੱਖ ਸਥਾਨ ਹਾਸਲ ਹੈ। ਜਜ਼ਬਾਤ ਹਮੇਸ਼ਾ ਨਿਰਸੰਕੋਚ ਅਤੇ ਅਸੰਜਮ ਵਿਚ ਪਲ਼ਦੇ ਹਨ। ਕਵੀਆਂ, ਚਿਤਰਕਾਰਾਂ, ਫਿਲਮਕਾਰਾਂ ਤੇ ਬੁਤ ਤਰਾਸ਼ਾਂ ਦੇ ਸਿਰ ਦੇ ਖੁੱਲੇ ਅਤੇ ਅਣਵਾਹੇ ਵਾਲ਼ ਉਨ੍ਹਾਂ ਅੰਦਰ ਪਲ਼ਦੇ ਨਿਰਸੰਕੋਚ ਅਤੇ ਅਸੰਜਮੀ ਸੁਹਜ ਦੀ ਹੀ ਦੱਸ ਪਾਉਂਦੇ ਹਨ। ਇਮੋਸ਼ਨਲ ਕਿਊ ਵਿਚ ਵਿਚਰਦੇ ਮਨੁਖ ਦੀ ਸੁਰਤੀ ਸੇਵਾ ‘ਚ ਨਹੀਂ ਜੁੜਦੀ। ਸੇਵਾ ‘ਚ ਜੁੜਨ ਲਈ ਮਨੁਖ ਨੂੰ ਇਸ ਤੋਂ ਅਗਲੇਰੇ ਪੜਾ, ਡੈਨਾ ਜ਼ੌਹਰ ਤੇ ਈਅਨ ਮਾਰਸ਼ਲ ਦੀ ਪੁਸਤਕ ਐਸ ਕਿਊ ਵਿਚ ਦਰਸਾਏ ਖੰਡ, ਸਪਿਰਚੂਅਲ ਕਿਊ ਵਿਚ ਪ੍ਰਵੇਸ਼ ਕਰਨਾ ਪੈਂਦਾ ਹੈ। ਇਸ ਪੜਾ ਵਿਚ, ਸੁਹਜ, ਸਹਿਜ ਵਿਚ ਤਬਦੀਲ ਹੋ ਜਾਂਦਾ ਹੈ; ਅਸੰਜਮ ਦੀ ਬਜਾਇ ਸੰਜਮ ਅਤੇ ਸੰਕੋਚ ਅਖ਼ਤਿਆਰ ਕਰਕੇ, ਸੁਹਜ, ਸਹਿਜ ਹੋ ਜਾਂਦਾ ਹੈ। ਸਹਿਜ ਵਿਚ ਹੀ ਮਨੁਖ ਰੁਹਾਨੀਅਤ, ਸਪਿਰਚੁਐਲਿਟੀ ਦੇ ਪ੍ਰਮੁੱਖ ਝੁਕਾਅ, ਸੇਵਾ ਵਿਚ ਜੁੜਦਾ ਹੈ। ਕੰਘੀ ਸੁਹਜ ਦੀ ਪ੍ਰਤੀਕ ਹੈ, ਕੰਘਾ ਸੰਜਮ ਅਤੇ ਸਹਿਜ ਦਾ।
ਖੁੱਲੇ ਅਤੇ ਬੇਤਰਤੀਬੇ ਵਾਲ਼ਾਂ ਨੂੰ ਕੰਘੇ ਨਾਲ਼ ਵਾਹ ਕੇ ਸੰਜਮ ਵਿਚ ਲਿਆਂਦਾ ਜਾਂਦਾ ਹੈ। ਕੰਘਾ ਮਨੁਖ ਨੂੰ ਇਮੋਸ਼ਨਲ ਕਿਊ, ਸੁਹਜ ਤੋਂ ਸਪਿਰਚੂਅਲ ਕਿਊ, ਸਹਿਜ, ਵਿਚ ਪ੍ਰਵੇਸ਼ ਕਰਾਉਂਦਾ ਹੈ। ਮਨੁਖੀ ਬਿਰਤੀਆ ਸੁਹਜ ਵਿਚ ਖਿੰਡਦੀਆਂ ਹਨ; ਪਰ ਸਹਿਜ ਵਿਚ ਇਕਾਗਰ ਚਿਤ ਹੁੰਦੀਆਂ ਹਨ। ਚਮਕੌਰ ਦੀ ਗੜ੍ਹੀ ਵਿਚ ਇਕ ਸਿੰਘ ਨੇ ਦਸਮ ਪਿਤਾ ਨੂੰ ਦੱਸਿਆ ਕਿ ਮੇਰੇ ਤੀਰਾਂ ਦਾ ਨਿਸ਼ਾਨਾ ਠੀਕ ਨਹੀਂ ਲਗ ਰਿਹਾ, ਚੁਕ ਜਾਂਦਾ ਹੈ। ਗੁਰੂ ਸਾਹਿਬ ਨੇ ਉਸ ਸਿੰਘ ਨੂੰ ਪੁਛਿਆ ਕਿ ਉਸ ਨੇ ਸ਼ਾਮੀ ਕੇਸਾਂ ਨੂੰ ਕੰਘਾ ਕੀਤਾ ਸੀ? ਸਿੰਘ ਨੂੰ ਯਾਦ ਆਇਆ ਕਿ ਸ਼ਾਮੀ ਕੰਘਾ ਕਰਨ ਲਈ ਉਸ ਨੂੰ ਵਕਤ ਨਹੀਂ ਸੀ ਮਿਲਿਆ। ਕੰਘੇ ਨਾਲ਼ ਬਿਰਤੀਆਂ ਦੇ ਇਕਾਗਰ ਚਿਤ ਅਤੇ ਨਿਸ਼ਾਨੇ ਦੇ ਅਚੂਕ ਹੋਣ ਦੀ ਇਹ ਸਾਖੀ ਅਸੀ ਪੁਰਾਤਨ ਬਜ਼ੁਰਗਾਂ ਤੋਂ ਸੁਣੀ ਹੈ।
ਇਸਲਾਮੀ ਰੁਹਾਨੀਅਤ ਸੂਫ਼ੀ ਫ਼ਕੀਰਾਂ ਰਾਹੀਂ ਜਿਵੇਂ ਜਲਵਾਗਰ ਹੋਈ ਹੈ ਉਸ ਵਿਚ ਸੁਹਜ ਦੇ ਮਹੀਨ ਕਿਸਮ ਦੀ ਬੇਜ਼ਬਤੀ ਦੇ ਝਲਕਾਰੇ ਨਜ਼ਰ ਆਉਂਦੇ ਹਨ। ਸੁਹਜ ਦੇ ਬੇਜ਼ਬਤ ਨਕਸ਼ ਸੂਫ਼ਿਆਨਾ ਕਵਾਲੀ ਵਿਚ ਵੀ ਦੇਖੇ ਜਾ ਸਕਦੇ ਹਨ। ਕਵਾਲੀ ਅਤੇ ਕੀਰਤਨ ਦੀਆਂ ਧੁਨਾ ਵਿਚ ਸੁਹਜ ਅਤੇ ਸਹਿਜ ਜਿੰਨਾਂ ਅੰਤਰ ਹੈ। ਬੇਜ਼ਬਤ ਸੁਹਜ ਨੂੰ ਸਹਿਜ ਵਿਚ ਤਬਦੀਲ ਕਰਨ ਲਈ ਸੂਫ਼ੀ ਫ਼ਕੀਰ ਗੁਰੂ ਘਰ ਦੇ ਪ੍ਰਥਮ ਦਰਵੇਸ਼ ਫ਼ਰੀਦ ਸਾਹਿਬ ਤੋਂ ਕੰਘੇ ਦੀ ਤਮੰਨਾ ਰਖਦੇ ਸਨ। ਪਰ ਸਹਿਜ ਦੇ ਵਾਹਕ ਕੰਘੇ ਦੀ ਪ੍ਰਾਪਤੀ ਲਈ ਸਾਮੀ ਰੁਹਾਨੀਅਤ ਨੂੰ ਫ਼ਰੀਦ ਸਾਹਿਬ ਤੋਂ ਲੈ ਕੇ ਚੋਜ਼ੀ ਪ੍ਰੀਤਮ ਦਸਮ ਪਾਤਸ਼ਾਹ ਤੱਕ ਦਾ ਸਫ਼ਰ ਤੈਅ ਕਰਨਾ ਪੈਣਾ ਸੀ; ਇਸ ਦੇ ਹਾਣ ਦਾ ਅਤੇ ਵਾਜਬ ਤੌਰ ‘ਤੇ ਇਸ ਦਾ ਹੱਕਦਾਰ ਹੋਣ ਲਈ ਇਸ ਦੀ ਹੋਣੀ ਨੂੰ ਆਪਣੇ ਹੱਡਾਂ ‘ਤੇ ਹੰਢਾਉਣਾ ਪੈਣਾ ਸੀ। ਧੀਰਜ ਧਾਮ ਪੰਚਮ ਪਾਤਸ਼ਾਹ ਜੀ ਜਦੋਂ ਤੱਤੀ ਤਵੀ ‘ਤੇ ਬੈਠੇ ਸਹਿਜ ਦਾ ਪਾਠ ਪੜ੍ਹਾ ਰਹੇ ਸਨ, ਤਦ ਵੀ ਸਾਈਂ ਮੀਆਂ ਮੀਰ ਜੀ ਨੇ ਆਪਣੀ ਗ਼ੈਬੀ ਤਾਕਤ ਨਾਲ਼ ਦਿੱਲੀ ਲਹੌਰ ਨੂੰ ਭਿੜਾ ਕੇ ਤਬਾਹ ਕਰਨ ਦੀ ਧੀਰਜ ਰਹਿਤ, ਬੇਜ਼ਬਤ ਤਜਵੀਜ਼ ਰੱਖੀ ਸੀ, ਜਿਸ ਨੂੰ ਗੁਰੂ ਸਾਹਿਬ ਨੇ ਮੁਢੋਂ ਰੱਦ ਕਰ ਦਿਤਾ ਸੀ।
ਸਵੱਛ ਰੇਸ਼ਮੀ ਵਸਤਰ ਪਹਿਨਣ ਵਾਲ਼ੇ ਲਹਿਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਣ ਕਰਨ ਖੇਤਾਂ ‘ਚ ਹੀ ਪਹੁੰਚ ਗਏ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਮ
ਸਵੱਛ ਰੇਸ਼ਮੀ ਵਸਤਰ ਪਹਿਨਣ ਵਾਲ਼ੇ ਲਹਿਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਣ ਕਰਨ ਖੇਤਾਂ ‘ਚ ਹੀ ਪਹੁੰਚ ਗਏ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਮੀਂਹ ਦੇ ਪਾਣੀ ‘ਚ ਭਿਜੀ ਪੱਠਿਆਂ ਦੀ ਭਾਰੀ ਪੰਡ ਚੁਕਾ ਦਿਤੀ ਸੀ। ਘਰ ਪੁਹੰਚਣ ‘ਤੇ ਜਦੋਂ ਮਾਤਾ ਸੁਲੱਖਣੀ ਜੀ ਨੇ ਉਨ੍ਹਾਂ ਦੇ ਰੇਸ਼ਮੀ ਵਸਤਰਾਂ ਦਾ ਖ਼ਿਆਲ ਨਾ ਰੱਖਣ ਦਾ ਸਬੱਬ ਪੁਛਿਆ ਤਾਂ ਗੁਰੂ ਨਾਨਕ ਸਾਹਿਬ ਨੇ ਇਹੀ ਆਖਿਆ ਸੀ ਕਿ ਧਰਮ ਦੀ ਪੰਡ ਚੁੱਕਣ ਵਾਲ਼ੇ ਆਪਣੇ ਪੁਸ਼ਾਕਿਆ ਦੀ ਪ੍ਰਵਾਹ ਨਹੀਂ ਕਰਦੇ; ਸੁਹਜ ਦੇ ਫ਼ਿਕਰ ਵਿਚ ਸਹਿਜ ਪ੍ਰਾਪਤ ਨਹੀਂ ਹੁੰਦਾ। ਸੁਹਜ ਵਿਚ ਪਿਆਰ ਆਪਣੇ ਪਿਆਰੇ ਦਾ ਦੁੱਖ ਬਰਦਾਸ਼ਤ ਨਹੀਂ ਕਰਦਾ; ਪਰ ਸੁਹਜ ਵਿਚ ਬੰਦਾ ਜੰਗ ਦੇ ਭਿਅੰਕਰ ਦ੍ਰਿਸ਼ ਤੋਂ ਵੀ ਭੱਜਦਾ ਹੈ। ਪਰ ਸਹਿਜ ਵਿਚ ਵਿਚਰਦਾ ਮਨੁਖ ਸਿਰ ਤਲ਼ੀ ‘ਤੇ ਰੱਖ ਕੇ ਵੀ ਜੰਗ ਵਿਚ ਜੂਝਦਾ ਹੈ। ਸਾਮੀ ਧਰਮ ਪ੍ਰੰਪਰਾ ਦੀ, ਕਿਸੇ ਵੱਡੇ ਸੱਚ ਲਈ, ਸੁਹਜ ਦੀ ਬਰਦਾਸ਼ਤ ਹੱਦ ਤੋੜ ਕੇ, ਦੇਖ ਕੇ ਅਣਡਿਠ ਕਰਨ ਦੀ ਸਹਿਜ ਪ੍ਰਵਿਰਤੀ ਨੂੰ ਧਾਰਨ ਕਰਨ ਲਈ ਹਲੇ ਹੋਰ ਸਮਾਂ ਲੱਗਣਾ ਸੀ।
ਸਿਫ਼ਾਰਸ਼ ਨਾਲ਼ ਭਰਤੀ ਕਰਵਾਏ ਪਠਾਣ ਜਦ ਦਸਮ ਪਿਤਾ ਨੂੰ ਧੋਖਾ ਦੇ ਕੇ ਮੈਦਾਨ ‘ਚੋਂ ਭੱਜ ਗਏ ਸਨ, ਤਦ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਪੁਤਰਾਂ ਅਤੇ ਮੁਰੀਦਾਂ ਨੂੰ ਜੰਗ ਵਿਚ ਭੇਜਿਆ ਸੀ, ਜੋ ਜੂਝਦੇ ਹੋਏ ਸ਼ਹੀਦੀ ਪਾ ਗਏ ਸਨ। ਫਿਰ ਪੀਰ ਬੁਧੂ ਸ਼ਾਹ ਜੀ ਨੇ ਦਸਮ ਪਿਤਾ ਤੋਂ ਕੰਘੇ ਲਈ ਫ਼ਰਿਆਦ ਕੀਤੀ ਸੀ, ਜੋ ਗੁਰੂ ਸਾਹਿਬ ਨੇ, ਠੀਕ ਸਮਾਂ ਜਾਣ ਕੇ, ਖਿੜੇ ਮੱਥੇ ਪ੍ਰਵਾਨ ਕਰ ਲਈ ਸੀ। ਇਥੇ ਆ ਕੇ ਧਰਮ ਦਾ ਸਾਮੀ ਸਤੂਪ ਸਹਿਜ ਤੱਕ ਪੁਜਿਆ ਅਤੇ ਧਰਮ ਸਾਲ ਧਰਤੀ ‘ਤੇ ਧਰਮ ਦੀ ਮਹਿਰਾਬ ਮੁਕੰਮਲ ਹੋਈ।
ਦਸਮੇਸ਼ ਜੀ ਨੇ ਪਟਨਾ ਸਾਹਿਬ ਵਿਖੇ ਹੀ ਸਿਖੀ ਦੇ ਇਸ ਸਰੂਪ ਵੱਲ ਬੜੇ ਹੀ ਮਨਮੋਹਕ ਇਸ਼ਾਰੇ ਕਰ ਦਿਤੇ ਸਨ। ਗਿਆਨੀ ਗਿਆਨ ਸਿੰਘ ਜੀ ਤਵਾਰੀਖ਼ ਵਿਚ ਲਿਖਦੇ ਹਨ ਕਿ ਚੋਜੀ ਪ੍ਰੀਤਮ ਬਾਲ ਗੋਬਿੰਦ ਰਾਇ ਜੀ ਦੇ "ਪਟਨੇ ਤੋਂ ਤੁਰਨ ਸਮੇਂ ਨਵਾਬ ਰਹੀਮ ਬਖ਼ਸ਼ ਨੇ ਜਦ ਦਸਮੇਸ਼ ਜੀ ਦੇ ਚਰਨਾ ਪੁਰ ਸਿਜਦਾ ਕਰ ਪ੍ਰਾਰਥਨਾ ਕੀਤੀ ਕਿ ਆਪ ਦਾ ਦੀਦਾਰ ਮੈਨੂੰ ਭੀ ਹੋਣਾ ਚਾਹੀਏ ਤਾਂ ਬਚਨ ਹੋਯਾ ਕਿ ਨਿਮਾਜ਼ ਸਮੇਂ ਤੈਨੂੰ ਦਰਸ਼ਨ ਹੋਯਾ ਕਰੇਗਾ"। ਤੈ ਐਨ੍ਹ ਉਸੇ ਵਕਤ ਹੀ "ਸ਼ਿਵ ਦੱਤ ਬ੍ਰਾਹਮਣ ਨੂੰ ਪਾਸ ਉਦਾਸ ਖੜਾ ਦੇਖ, ਮਹਾਰਾਜ ਜੀ ਨੇ ਬਚਨ ਕੀਤਾ ‘ਤੈਨੂੰ ਪੂਜਾ ਵਿਚ ਦਰਸ਼ਨ ਹੋਯਾ ਕਰੇਗਾ’"। ਦਸਮ ਪਿਤਾ ਨੇ ਅਕਾਲ ਉਸਤਤ ਵਿਚ ਅਕਾਲ ਪੁਰਖ ਦਾ ਭੇਦ ਇਵੇਂ ਦੱਸਿਆ ਹੈ: "ਕਹੂੰ ਹੁਇ ਕੈ ਹਿੰਦੂਆ ਗਾਇਤ੍ਰੀ ਕੋ ਗੁਪਤ ਜਪਿਓ ਕਹੂੰ ਹੁਇ ਕੈ ਤੁਰਕਾ ਪੁਕਾਰੇ ਬਾਂਗ ਦੇਤ ਹੋ"। ਪਾਰਬ੍ਰਹਮ ਪਰਮੇਸ਼ਰ ਗੁਰ ਪਰਮੇਸ਼ਰ ਦੇ ਰੂਪ ਵਿਚ ਧਰਮਾਂ ਦਾ ਸਾਂਝਾ ਮਨਮੋਹਕ ਸਰੂਪ ਹੈ।
ਸਿਖ ਧਰਮ ਅਸਥਾਨਾ ਵਿਚ ਮਹਿਰਾਬ ਦਾ ਜੋ ਸਰੂਪ ਪ੍ਰਚਲਤ ਅਤੇ ਪਰਵਾਣ ਹੈ ਉਸ ਨੂੰ ਗਹੁ ਨਾਲ਼ ਦੇਖਿਆਂ ਇਕ ਹੋਰ ਅਹਿਮ ਨੁਕਤਾ ਵੀ ਸਪਸ਼ਟ ਹੁੰਦਾ ਹੈ ਕਿ ਜਿਵੇ ਸਿਖ ਮਹਿਰਾਬ ਦੇ ਰੂਪ ਵਿਚ ਨਿਕੀਆਂ ਨਿਕੀਆਂ ਅਨੇਕ ਮਹਿਰਾਬਾਂ ਨੂੰ ਇਕ ਸੁੰਦਰ ਲੜੀ ਵਿਚ ਪਰੋਇਆ ਗਿਆ ਹੋਵੇ। ਇਹ ਇਕ ਮਹੀਨ ਸੈਨਤ ਹੈ ਕਿ ਸਿਖੀ ਵਿਚ ਧਰਮਸਾਲ ਧਰਤੀ ਦੇ ਕਿਸੇ ਵੀ ਖਿਤੇ, ਨਸਲ, ਲੋਕ ਸਮੂਹ ਦੇ ਅਧਿਆਤਮਿਕ ਅਨੁਭਵ ਅਤੇ ਸਫ਼ਰ ਨੂੰ ਪ੍ਰਵਾਣ ਕਰਕੇ ਇਕ ਵਿਸਮਾਦੀ ਸਰੂਪ ਬਖ਼ਸ਼ਿਆ ਗਿਆ ਹੈ। "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ" ਦੇ ਪਿਛੇ ਇਹੀ ਸੱਚ ਸੁਭਾਇਮਾਨ ਹੈ। ਇਸਲਾਮੀ ਮਹਿਰਾਬ ਇਕ ਬੰਦ ਦੀਵਾਰ ਹੈ ਪਰ ਸਿਖ ਮਹਿਰਾਬ ਇਕ ਦੁਆਰ ਹੈ। ਸਿਖ ਮਹਿਰਾਬ ਗੁਰੁ ਘਰ ਦੀ ਦੀਵਾਰ ਨਹੀ ਸਗੋਂ ਇਕ ਰਾਹ ਹੈ। ਧਰਤੀ ਦੇ ਕਿਸੇ ਵੀ ਅਧਿਆਤਮਿਕ ਅਨੁਭਵ ਨੂੰ ਲੰਘ ਕੇ (ਉਲੰਘ ਕੇ ਨਹੀਂ) ਹੀ ਗੁਰੂੁ ਦੇ ਦਰਸ਼ਣ ਨਸੀਬ ਹੁੰਦੇ ਹਨ। ਸਿਖੀ ਦੀ ਵਿਲੱਖਣਤਾ ਅਤੇ ਨਿਆਰਾਪਣ ਕਿਸੇ ਅਲਹਿਦਗੀ ਜਾਂ ਅਜਨਬੀਕਰਣ ਵਿਚ ਨਹੀਂ ਸਗੋਂ ਸਾਂਝੀਵਾਲਤਾ ਦੇ ਵਿਸਮਾਦ ਵਿਚ ਹੈ।
ਦਰਅਸਲ ਚੂੜਾਮਣੀ ਇਤਿਹਾਸਕਾਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਦੇ ਸ਼ੁਰੂ ਵਿਚ ਅਜਿਹਾ ਹੀ ਇਸ਼ਾਰਾ ਕੀਤਾ ਹੈ ਕਿ ਜਦੋਂ ਸ਼ਿਸ਼ੂ ਗੁਰੂ ਸਾਹਿਬ ਜੀ ਦੇ ਨਾਮ ਸੰਸਕਾਰ ਸਮੇਂ ਪੰਡਤ ਜੀ ਨੇ "ਸਿਸ ਕੋ ਨਾਨਕ ਨਾਮ ਧਰੀਜੈ" ਦੀ ਸਿਫ਼ਾਰਿਸ ਕੀਤੀ ਤਾਂ ਪਿਤਾ ਕਾਲੂ ਜੀ ਨੇ ਇਸ ਨਾਮ ਦੀ ਕਿਸਮ ਅਤੇ ਅਸਪਸ਼ਟਤਾ ਬਾਬਤ ਸ਼ੰਕਾ ਜ਼ਾਹਿਰ ਕੀਤਾ "ਰਲਮਿਲ ਨਾਮ ਸੁ ਤੁਰਕ ਨ ਹਿੰਦੂ"। ਉਨ੍ਹਾਂ ਆਖਿਆ ਕਿ ਖੱਤਰੀ ਕੁਲ ਰੀਤੀ ਅਨੁਸਾਰ ਢੁਕਵਾਂ "ਅਵਰ ਨਾਮ ਕੋ ਸੋਧ ਧਰੀਜੈ"। ਤਾਂ ਦੂਰਦਰਸ਼ੀ ਪੰਡਤ ਜੀ ਨੇ ਸਪਸ਼ਟ ਕੀਤਾ ਕਿ "ਰਾਮ ਕਿਸ਼ਨ ਅਵਤਾਰ ਜੋ ਹਰ ਕਾ। ਪੂਜਹਿ ਹਿੰਦ, ਨ ਮਾਨਹਿ ਤੁਰਕਾ"। ਫਿਰ ਸ਼ਿਸ਼ੂ ਗੁਰੂ ਸਾਹਿਬ ਜੀ ਦੇ ਅਲੌਕਿਕ ਚਿਹਨ ਚੱਕਰ ਤੱਕਦਿਆਂ ਪੰਡਤ ਜੀ ਨੇ ਇਹ ਵੀ ਆਖਿਆ ਕਿ "ਇਹ ਸਿਸ ਕੋ ਮਾਨਹਿੰਗੇ ਦੋਊ। ਹਿੰਦੂ ਤੁਰਕ ਸਿਖ ਹੁਇ ਸਭਿ ਕੋਊ"। ਆਰੀਅਨ ਅਤੇ ਸਾਮੀ ਧਰਮਾ ਦੇ ਰੂਪ ਵਿਚ ਧਰਤੀ ਦੇ ਸਮੁੱਚੇ ਅਧਿਆਤਮਿਕ ਸਫ਼ਰ ਦੀ ਸਾਂਝੀਵਾਲਤਾ ਅਤੇ ਸੰਪੰਨਤਾ ਦੇ ਪ੍ਰੋਖ ਅਪ੍ਰੋਖ ਇਸ਼ਾਰੇ ਨਾਨਕ ਨਾਮ ਵਿਚ ਸਮੋਏ ਹੋਏ ਹਨ। ਇਸੇ ਕਰਕੇ ਸਿਖ ਦੋ ਵੇਲੇ ਅਰਦਾਸ ਵਿਚ ਸਰਬੱਤ ਦੇ ਭਲੇ ਅਤੇ ਨਾਨਕ ਨਾਮ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਨ। ਨਾਨਕ ਕੇਵਲ ਇਕ ਨਾਮ ਨਹੀਂ ਸਗੋਂ ਸਮੁੱਚੀ ਸ੍ਰਿਸ਼ਟੀ, ਕਾਇਨਾਤ ਦੇ ਸਾਂਝੇ ਧਰਮ ਵੱਲ ਖ਼ੂਬਸੂਰਤ ਰੱਬੀ ਸੈਨਤ ਹੈ।
ਗਿਆਨੀ ਗਿਆਨ ਸਿੰਘ ਜੀ ਤਵਾਰੀਖ਼ ਵਿਚ ਹੀ ਦੱਸਦੇ ਹਨ ਕਿ ਬੀਬੀ ਨਾਨਕੀ ਜੀ ਦਾ ਜਨਮ ਨਾਨਕੇ ਹੋਣ ਕਾਰਣ ਉਨ੍ਹਾਂ ਦਾ ਨਾਂ ਨਾਨਕੀ ਸੀ ਅਤੇ ਉਨ੍ਹਾਂ ਦੇ ਨਾਂ ‘ਤੇ ਹੀ ਨਾਨਕ ਨਾਂ ਰੱਖਿਆ ਗਿਆ ਸੀ। ਧਿਆਨ ਨਾਲ਼ ਦੇਖਿਆਂ ਜ਼ਾਹਿਰ ਹੁੰਦਾ ਹੈ ਕਿ ਨਾਨਕੀ ਤੋਂ ਪਿਛੋਂ ਨਾਨਕ ਨਾਂ ਨਹੀਂ ਬਣਦਾ। ਨਾਨਕ ਤੋਂ ਨਾਨਕੀ ਨਾਂ ਰੱਖਿਆ ਜਾਣਾ ਕੁਦਰਤੀ ਜਾਪਦਾ ਹੈ। ਪਿਛਲੇ ਸਮਿਆਂ ਵਿਚ ਲੜਕੀ ਦੇ ਜਨਮ ਲੈਣ ‘ਤੇ ਕਿਸੇ ਕਿਸਮ ਦੇ ਚਾਅ ਮਲਾਰ ਨਹੀਂ ਸਨ ਕੀਤੇ ਜਾਂਦੇ। ਲੜਕੀ ਦੇ ਜਨਮ ਨਾਲ਼ ਸਬੰਧਤ ਕਿਸੇ ਪ੍ਰਕਾਰ ਦੀਆਂ ਰੀਤਾਂ ਰਸਮਾਂ ਵੀ ਨਹੀਂ ਸਨ ਕੀਤੀਆਂ ਜਾਂਦੀਆਂ। ਕਈ ਵੇਰੀ ਤਾਂ ਲੜਕੀ ਦਾ ਨਾਂ ਰੱਖਣ ਦੀ ਵੀ ਕਾਹਲ਼ੀ ਨਹੀਂ ਸੀ ਕੀਤੀ ਜਾਂਦੀ। ਜੇ ਲੜਕੀ ਦੇ ਜਨਮ ਤੋਂ ਬਾਦ ਲੜਕਾ ਜਨਮ ਲੈਂਦਾ ਸੀ ਤਾਂ ਲੜਕੇ ਦੇ ਨਾਂ ਤੋਂ ਹੀ ਲੜਕੀ ਦਾ ਨਾਂ ਵੀ ਰੱਖ ਲਿਆ ਜਾਂਦਾ ਸੀ। ਬਿਲਕੁਲ ਦਰੁਸਤ ਜਾਪਦਾ ਹੈ ਕਿ ਬਾਲ ਗੁਰੂੁ ਦਾ ਨਾਂ ਨਾਨਕ ਰੱਖਣ ਉਪਰੰਤ ਹੀ ਇਸ ਦੇ ਨਾਲ਼ ਰਲ਼ਦਾ ਮਿਲ਼ਦਾ ਨਾਂ ਨਾਨਕੀ ਰੱਖਿਆ ਗਿਆ ਹੋਵੇ। ਉਂਝ ਉਨ੍ਹਾਂ ਸਮਿਆਂ ਵਿਚ ਤਾਂ ਕੀ ਅੱਜ ਤੱਕ ਵੀ ਪੰਜਾਬ ਵਿਚ ਪਹਿਲੇ ਬੱਚੇ ਦਾ ਜਨਮ ਨਾਨਕੇ ਘਰ ਹੀ ਹੁੰਦਾ ਹੈ। ਜੇ ਨਾਨਕੇ ਜਨਮ ਲੈਣ ਕਾਰਣ ਨਾਨਕੀ ਜਾਂ ਨਾਨਕ ਨਾਮ ਰੱਖਣ ਦੀ ਕੋਈ ਰੀਤ ਹੁੰਦੀ ਤਾਂ ਇਹ ਨਾਂ ਪੰਜਾਬ ਵਿਚ ਬਹੁਤ ਹੀ ਆਮ ਹੋਣੇ ਸਨ। ਸੋ ਨਾਨਕ ਨਾਂ ਦਾ ਰਹੱਸ ਉਹੀ ਦਰੁਸਤ ਜਾਪਦਾ ਹੈ ਜੋ ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਵਿਚ ਬਿਆਨ ਕੀਤਾ ਹੈ।
ਗੁਰੂ ਨਾਨਕ ਸਾਹਿਬ ਦੀ ਸਿਖੀ ਦੇ ਉਕਤ ਸਰੂਪ ਦੀ ਸ਼ਨਾਖਤ, ਵਿਆਖਿਆ ਅਤੇ ਇਸ ਦੇ ਮੁਲੰਕਣ ਤੋਂ ਜੋ ਰਾਹ ਨਜ਼ਰ ਆਉਂਦਾ ਹੈ, ਅਤੇ ਉਸ ਰਾਹ ਤੋਂ ਜੋ ਨਤੀਜੇ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਕਿਸੇ ਰਾਜਨੀਤਕ ਜਾਂ ਸਮਾਜਕ ਘਬਰਾਹਟ ਕਾਰਨ ਝੁਠਲਾਉਣਾ, ਨਾ ਮੰਨਣਾ ਜਾਂ ਉਸ ਤੋਂ ਅੱਖਾਂ ਫੇਰਨਾ ਸਿਖੀ ਨਾਲ਼ ਨਿਆਂ ਨਹੀਂ ਹੈ। ਹਾਂ, ਕਈ ਡੇਰੇ ਧਾਰੀ ਸੰਤ ਬਾਬੇ ਮਹਾਰਾਜ ਧਰਮ ਦੇ ਇਸ ਸਰੂਪ ਦੇ ਦਾਹਵੇਦਾਰ ਹੋਣ ਜਾਂ ਸਦਵਾਉਣ ਦੀ ਕੋਸ਼ਿਸ਼ ਵਿਚ ਹਨ। ਲੇਕਿਨ ਉਹ ਸਿਖੀ ਦੀ ਮਹਿਜ਼ ਪੈਰੋਡੀ ਹਨ। ਪੈਰੋਡੀ ਨੂੰ ਉਨੀਂਦਰੇ ਵਿਚ ਸੁਣਿਆਂ ਕਿਤੇ ਕਿਤੇ ਅਸਲ ਦਾ ਭੁਲੇਖਾ ਪੈ ਹੀ ਜਾਂਦਾ ਹੈ। ਪਰ ਜਾਗ੍ਰਤ ਅਵਸਥਾ ਵਿਚ ਤਾਂ "ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ"।
ਗੁਰਬਾਣੀ ਸੱਚ ਦੀ ਮਹਿਰਾਬ ਹੈ। ਇਸ ਦੁਆਰ ‘ਚੋਂ ਲੰਘਿਆਂ ਹੀ ਸਾਂਝੀਵਾਲਤਾ ਅਤੇ ਬ੍ਰਮਿੰਡਕ ਸ਼ਾਇਰਾਨਾ ਸੰਵੇਦਨਸ਼ੀਲਤਾ ਨਾਲ਼ ਭਰਪੂਰ ਬੇਗਮਪੁਰੇ ਦਾ ਰਾਹ ਲੱਭਿਆ ਜਾ ਸਕਦਾ ਹੈ।
ਸਟਰੈਟਿਜਿਕ ਟਰੂਥ ਝੂਠ ਦਾ ਹੀ ਕੋਈ ਰੂਪ ਹੁੰਦਾ ਹੈ। ਸੱਚ ਨੂੰ ਉਸ ਦੇ ਅਜ਼ਾਦ ਰੂਪ ਵਿਚ ਸਵੀਕਾਰਨਾ ਦਲੇਰੀ ਭਰਿਆ ਕਦਮ ਹੈ। ਕੋਈ ਵੀ ਸਟਰੈਟਿਜੀ ਸੱਚ ਦੇ ਅਜ਼ਾਦ ਰੂਪ ਨੂੰ ਸਾਹਮਣੇ ਰੱਖ ਕੇ ਹੀ ਬਣਾਉਣੀ ਉਚਿਤ ਹੈ। ਸਟਰੈਟਿਜੀ ਖ਼ਾਤਰ ਸੱਚ ਦੇ ਅਜ਼ਾਦ ਰੂਪ ਦਾ ਗਲ਼ਾ ਘੁਟਣਾ ਕਿਸੇ ਵੀ ਤਰਾਂ ਧਰਮ ਨਹੀਂ ਹੈ।
ਸਿਆਣੇ ਬਜ਼ੁਰਗਾਂ ਦਾ ਸੁਭਾਅ ਪਰਵਾਰ ਨੂੰ ਪਾਲਣ ਅਤੇ ਸੰਭਾਲਣ ਵਾਲ਼ਾ ਹੁੰਦਾ ਹੈ; ਉਹ ਰਿਜੈਕਸ਼ਨ ਦੁਆਰਾ ਪਰਵਾਰ ਨੂੰ ਖੇਰੂੰ ਖੇਰੂੰ ਨਹੀਂ ਕਰਦੇ ‐ "ਸਗਲ ਸੰਗਿ ਹਮ ਕਉ ਬਨਿ ਆਈ"। ਸਿਖੀ ਦੇ ਮੂਲ਼ ਸੁਭਾਅ ਵਿਚ ਰਿਜੈਕਸ਼ਨ ਨਹੀਂ ਹੈ। ਜਿਥੇ ਕਿਤੇ ਐਸਾ ਪ੍ਰਤੀਤ ਹੁੰਦਾ ਹੈ, ਦਰਅਸਲ ਉਹ ਕੁਰੈਕਸ਼ਨ ਹੈ। ਜੋ ਪਾਲਣ ਅਤੇ ਸੰਭਾਲਣ ਦੀ ਭਾਵਨਾ ‘ਚੋਂ ਪੈਦਾ ਹੁੰਦੀ ਹੈ, ਜਦਕਿ ਰਿਜੈਕਸ਼ਨ ਗਾਲਣ ਦੀ। ਧਰਮ ਦਾ ਮਨੋਰਥ ਸੰਸਾਰ ਨੂੰ ਪਾਲਣਾ ਹੈ, ਗਾਲਣਾ ਨਹੀਂ।