Friday, September 24, 2010

ਮਲਕ ਜੀ, ਪਿੰਡ ਨੂੰ ਆਇਉ ਪਲੀਜ਼!

ਭੁੱਖ ਨੂੰ ਮੌਤ ਨਾਲੋਂ ਵੀ ਬੁਰੀ ਦੱਸਿਆ ਗਿਆ ਹੈ। ਜਿਸ ਵੀ ਸਿਆਣੇ ਨੇ ਇਸ ਕਹਾਵਤ ਦਾ ਮੁੱਢ ਬੰਨ੍ਹਿਆ ਹੋਵੇਗਾ, ਉਸ ਦੇ ਸਾਹਮਣੇ ਸ਼ਾਇਦ ਇਹ ਹੀ ਨੁਕਤਾ ਆਇਆ ਹੋਊ ਕਿ ਭੁੱਖ, ਮੌਤ ਨਾਲੋਂ ਇਸ ਲਈ ਭੈੜੀ ਹੈ ਕਿ ਮੌਤ ਤਾਂ ਸਿਰਫ ਤੇ ਸਿਰਫ ਇਕ ਵਾਰ ਹੀ ਆਉਂਦੀ ਹੈ। ਪਰ ਚੰਦਰੀ ਭੁੱਖ, ਅਖੇ ਰਾਤੀਂ ਸੁੱਤੇ ਖਾਇ ਕੇ ਸਵੇਰੇ ਆਣ ਖੜ੍ਹੀ!… ਹਰ ਦੋ ਚਹੁੰ ਘੰਟਿਆਂ ਬਾਅਦ ਦੀਦਾਰੇ ਦੇ ਦਿੰਦੀ ਹੈ, ਪਰ ਇਹ ਕਹਾਵਤ ਪੂਰੀ ਤਰ੍ਹਾਂ ਸਹੀਂ ਨਹੀਂ ਜਾਪਦੀ। ਮਸਲਨ ਜੇ ਕਿਸੇ ਨੂੰ ਇਕ ਦਿਨ ਦੀ ਭੁੱਖ ਜਾਂ ਮੌਤ ਵਿਚੋਂ ਇਕ ਨੂੰ ਚੁਣਨ ਲਈ ਕਿਹਾ ਜਾਵੇ ਤਾਂ ਮੋਹਰਿਉਂ ਜਵਾਬ ਇਹੀ ਮਿਲੇਗਾ- ‘ਭੁੱਖ ਬੇਸ਼ੱਕ ਦੋ ਦਿਨ ਦੀ ਦੇ ਦਿਉ ਪਰ ਮੌਤ ਨਹੀਂ ਚਾਹੀਦੀ। ਇਕ ਵਿਦਵਾਨ ਨੇ ਮੌਤ ਅਤੇ ਨੀਂਦ ਦੀ ਡੈਫੀਨੇਸ਼ਨ ਵਜੋਂ ਆਖਿਆ ਹੈ ਕਿ ਮੌਤ ਇਕ ਲੰਬੀ ਨੀਂਦ ਹੈ ਅਤੇ ਨੀਂਦ, ਇਕ ਛੋਟੀ ਮੌਤ। ਤਾਂ ਵੀ ਨੀਂਦ ਦੇ ਨਜ਼ਾਰਿਆਂ ਨਾਲ, ਮੌਤ ਦੀ ਭਿਆਨਕਤਾ ਜਾਂ ਕਰੂਰਤਾ ਨਾਲ ਕੋਈ ਮੇਲ ਨਹੀਂ। ਨੀਂਦ ਆਪਣੀ ਥਾਂ, ਮੌਤ ਆਪਣੀ ਥਾਂ! ਕਿਉਂਕਿ ‘ਸੌ ਹੱਥ ਰੱਸਾ ਸਿਰੇ ‘ਤੇ ਗੰਢ’ ਵਾਂਗ ਦੁਨੀਆਂ ਦੀ ਹਰ ਸ਼ੈਅ ਦਾ ਅੰਤ ਜਾਂ ਮੌਤ ਨਿਸ਼ਚਿਤ ਹੈ ਅਤੇ ਇਹ ਵੀ ਤ੍ਰੈ-ਕਾਲ ਅਟੱਲ ਹੈ ਕਿ ਦੁਕਾਨ ‘ਤੇ ਗਾਹਕ ਦੇ ਆਉਣ ਵਾਂਗ ਇਸ ‘ਅੰਤ-ਕਾਲ’ ਨੇ ਪਤਾ ਨਹੀਂ ਕਿਹੜੇ ਵੇਲੇ ‘ਹਾਏ’ ਆਖ ਦੇਣਾ ਹੈ।

ਇਸੇ ‘ਅੰਤ’ ਨੂੰ ਸੁਖੈਨ ਜਾਂ ਸੁਖਾਲਿਆਂ ਬਣਾਉਣ ਲਈ, ਕੋਈ ਲੋਕ-ਭਲਾਈ ਅਤੇ ਕੋਈ ਆਪਣੇ ਇਸ਼ਟ ਅੱਗੇ ਅਰਦਾਸਾਂ ਕਰਦਾ ਹੈ। ਕਬੀਰ ਵਰਗਾ ਬੇ-ਪਰਵਾਹ ਫੱਕਰ ਸੰਤ, ਜਿਹੜਾ ਕਹਿੰਦਾ ਹੈ ਕਿ ਮੈਂ ਸੁਰਗ-ਨਰਕ ਦੀ ਪਰਵਾਹ ਹੀ ਨਹੀਂ ਕਰਦਾ, ਉਹ ਵੀ ‘ਮੋਹੇ ਮਰਨੇ ਕਾ ਚਾਉ’ ਦੇ ਨਾਲ ਆਪਣੀ ਹੀ ਇੱਛਾ ਜੋੜਦਾ ਹੈ- ‘ਮਰਉਂ ਤਾਂ ਹਰਿ ਕੇ ਦੁਆਰ!’ ਮੋਹ-ਪਿਆਰ ਨਾਲ ਲਬਾ-ਲਬ ਭਰੀ ਹੋਈ ਇਹ ਇਛਾ, ਕਬੀਰ ਜੀ ਨੇ ਇਸ ਡਰੋਂ ਪ੍ਰਗਟਾਈ ਹੋਵੇਗੀ, ਪਈ ਕਿਤੇ ਐਉਂ ਨਾ ਹੋਵੇ ਕਿ ਮਾਲਕ ਪੁੱਛਦਾ ਫਿਰੇ- ‘ਉਇ, ਆਹ ਕੌਣ ਪਿਐ?”
ਪਾਠਕ ਸੋਚਦੇ ਹੋਣਗੇ ਕਿ ਇਹ ਚੰਗਾ ਭਲਾ ਕਲਮਕਾਰ, ਸਿਵਿਆਂ ਵੱਲ ਨੂੰ ਜਾਂਦੀ ਸੜਕ ‘ਤੇ ਕਿਉਂ ਤੁਰਿਆ ਜਾ ਰਿਹੈ। ਭਰਾਵੋ, ਕਹਿੰਦੇ ਨੇ- ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ। ਬਾਈਬਲ ਦਾ ਵੀ ਕਥਨ ਹੈ- ‘ਮੌਤ ਤੋਂ ਪਹਿਲਾਂ ਮਰ ਜਾ!’ ਭਾਵ ਰੱਬ ਅਤੇ ਮੌਤ ਨੂੰ ਸਦਾ ਯਾਦ ਰੱਖੋ। ਸਾਡੇ ਸਿੱਖ-ਮਤਿ ਵਿਚ ਤਾਂ ਮੌਤ ਦਾ ਖਿੜੇ ਮੱਥੇ ਸਵਾਗਤ ਕਰਨ ਵਾਲੇ ਇਕ ਬਿਹੰਗਮ ਨਿਹੰਗ ਸਿੰਘ ਦੀ ‘ਸਾਖੀ’ ਵੀ ਬੜੀ ਮਸ਼ਹੂਰ ਹੈ- ਕਹਿੰਦੇ ਕੋਈ ਨਿਹੰਗ ਸਿੰਘ ਦਾਤਣ ਤੋੜਨ ਲਈ ਕਿਸੇ ਦਰਖ਼ਤ ਉਪਰ ਚੜ੍ਹ ਰਿਹਾ ਸੀ। ਉਸ ਦੇ ਸਜੇ ਹੋਏ ਅਸਤਰਾਂ ਬਸਤਰਾਂ ਵੱਲ ਦੇਖ ਕੇ, ਥੱਲੇ ਖੜ੍ਹਾ ਕੋਈ ‘ਕੱਚਾ-ਪਿੱਲਾ’ ਕਹਿਣ ਲੱਗਾ- “ਸਿੰਘ ਜੀ, ਤੁਸੀ ਸਿਰਫ ਦਾਤਣ ਭੰਨਣ ਲਈ ਦਰਖ਼ਤ ‘ਤੇ ਚੜ੍ਹੇ ਹੋ। ਫਿਰ ਆਹ ਆਪਣਾ ਬਰਛਾ, ਗੜਵਾ, ਵੱਡੀ ਸ੍ਰੀ ਸਾਹਿਬ ਅਤੇ ਨਿੱਕ ਸੁੱਕ ਵਾਲਾ ਝੋਲਾ ਥੱਲੇ ਈ ਰੱਖ ਜਾਂਦੇ ਤਾਂ।”
ਨਿਹੰਗ ਸਿੰਘ ਨੇ ਗੜ੍ਹਕ ਕੇ ਜਵਾਬ ਦਿੱਤਾ-
“ਦਰਖ਼ਤ ‘ਤੇ ਚੜ੍ਹੇ ਨੂੰ ਜੇ ਧੁਰ ਦਰਗਾਹੋਂ ‘ਸੱਦਾ’ ਆ ਗਿਆ, ਫੇਰ ਸਾਮਾਨ ਚੁੱਕਣ ਥੱਲੇ ਨੂੰ ਆਉਣੈ!”
‘ਕਾਲ-ਨਗਾਰੇ’ ਦੀ ਚਿੰਤਾ ਅੱਜ ਕਿਉਂ ਸਤਾਉਣ ਡਹੀ ਏ, ਇਹ ਬਾਅਦ ‘ਚ ਦੱਸਦੈਂ, ਪਹਿਲਾਂ ਆਪਣੇ ਅੰਤ-ਕਾਲ ਨਾਲ ਕੁਝ ਇਛਾਵਾਂ ਜੋੜਨ ਲਈ ਇਕ ਹੋਰ ਵਾਰਤਾ ਸੁਣ ਲਉ। ਮਹਾਨ-ਕੋਸ਼ ਦੇ ਕਰਤਾ ਅਤੇ ‘ਗਰੁਮਤਿ-ਮਾਰਤੰਡ’ ਜਿਹੇ ਮਹਾਨ ਗ੍ਰੰਥ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀਆਂ ਤਿੰਨ ਇਛਾਵਾਂ ਦੀ ਪੂਰਤੀ ਲਈ, ਇਕ ਸਮੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਅਰਦਾਸ ਕੀਤੀ ਸੀ। ਉਨ੍ਹਾਂ ਗੁਰੂ-ਪਾਤਸ਼ਾਹ ਪਾਸੋਂ ਪਹਿਲੀ ਮੰਗ ਇਹ ਮੰਗੀ ਕਿ ਮੇਰਾ ਅੰਤ ਅੰਮ੍ਰਿਤ ਵੇਲੇ ਹੋਵੇ, ਦੂਜੀ ਇਹ ਕਿ ਆਪਣੇ ਵਲੋਂ ਲਿਖਣੀ ਅਰੰਭ ਕੀਤੀ ਕੋਈ ਪੁਸਤਕ ਅਧੂਰੀ ਛੱਡ ਕੇ ਨਾ ਮਰਾਂ। ਤੀਸਰੀ ਇਹ ਕਿ ਅੰਤਿਮ ਸਵਾਸ ਨਿਕਲਣ ਵੇਲੇ ਮੈਂ ਇਕਾਂਤ ਵਿਚ ਹੋਵਾਂ! ਇਹ ਨਾ ਹੋਵੇ ਕਿ ਕੋਈ ਜਣਾ ਮੇਰੀਆਂ ਤਲੀਆਂ ਝੱਸਣ ਲੱਗਾ ਹੋਵੇ ਤੇ ਕੋਈ ਮੇਰੇ ਮੂੰਹ ‘ਚ ਚਮਚਿਆਂ ਨਾਲ ਪਾਣੀ ਪਾਉਣ ਦੀ ਕੋਸਿ਼ਸ਼ ਕਰ ਰਿਹਾ ਹੋਵੇ! ਇਸ ਖੁਸ਼-ਕਿਸਮਤ ਵਿਦਵਾਨ ਦੀਆਂ ਤਿੰਨੋਂ ਇਛਾਵਾਂ ਪੂਰੀਆਂ ਹੋਈਆਂ। ਰਾਤ ਨੂੰ ਸੌਣ ਤੋਂ ਪਹਿਲਾਂ ਉਨ੍ਹਾਂ ਆਪਣੀ ਕਿਤਾਬ ‘ਗਿਆਨ ਰਤਨਾਵਲੀ’ ਦਾ ਖਰੜਾ ਸੰਪੂਰਨ ਕਰ ਲਿਆ। ਸੁਵਖਤੇ ਪੰਜ ਕੁ ਵਜੇ ਉਨ੍ਹਾਂ ਦੀ ਨੂੰਹ, ਰੋਜ਼ਾਨਾ ਵਾਂਗ ਚਾਹ ਦਾ ਕੱਪ ਲੈ ਕੇ ਆਈ। ਉਸ ਨੇ ਦੇਖਿਆ ਕਿ ਭਾਈ ਸਾਹਿਬ ਆਪਣੇ ਬਿਸਤਰੇ ‘ਤੇ ਅਡੋਲ ਤੇ ਅਹਿੱਲ, ਸਦਾ ਦੀ ਨੀਂਦ ਸੁੱਤੇ ਪਏ ਹਨ!
ਆਪਣੇ ਅੰਤਿਮ ਸਫਰ ਦੀ ਚਿੰਤਾ ਨੇ ਤਾਂ ਮੈਨੂੰ ਥੋੜ੍ਹਾ ਥੋੜ੍ਹਾ ਉਦੋਂ ਹੀ ਡਰਾ ਦਿੱਤਾ ਸੀ ਜਦੋਂ ਨਵਾਂ ਨਵਾਂ ਅਮਰੀਕਾ ਆਏ ਨੇ ਮੈਂ ਇਕ ਵਿਦਵਾਨ ਬਜ਼ੁਰਗ ਦੇ ਅੰਤਿਮ ਕਿਰਿਆਕ੍ਰਮ ਬਾਰੇ ਸੁਣਿਆ। ਆਪਣੇ ਬਾਪ ਦੀ ਉਮਰ ਦੇ ਇਸ ਪ੍ਰਸਿੱਧ ਲੇਖਕ ਨੂੰ ਮੈਂ ਕਈ ਵਰ੍ਹਿਆਂ ਤੋਂ ਜਾਣਦਾ ਸਾਂ। ਅਮਰੀਕਨ ਪੰਜਾਬੀ ਅਖਬਾਰਾਂ ਵਿਚ ਛਪੀਆਂ ਮੇਰੀਆਂ ਕੁਝ ਲਿਖਤਾਂ ਪੜ੍ਹ ਕੇ ਉਨ੍ਹਾਂ ਮੇਰੀ ਖੂਬ ਹੌਸਲਾ ਅਫਜ਼ਾਈ ਵੀ ਕੀਤੀ ਸੀ। ਉਨ੍ਹਾਂ ਦੇ ਚੜ੍ਹਾਈ ਕਰ ਜਾਣ ਦਾ ਮੈਨੂੰ ਪਤਾ ਚੱਲਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਮੈਂ ਇਹ ਸੋਚ ਕੇ ਨਾ ਗਿਆ ਕਿ ਸਰਦਾਰ ਜੀ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਮੌਕੇ ਹੀ ਚਲਾ ਜਾਵਾਂਗਾ। ਉਦੋਂ ਮੈਂ ਇਸ ਗੱਲੋਂ ਨਾਵਾਕਿਫ ਸਾਂ ਕਿ ਅਮਰੀਕਾ ਵਿਚ ‘ਸਹਿਜ’ ਨਾਂ ਦੀ ਕੋਈ ਚੀਜ਼ ਨਹੀਂ, ਸਹਿਜ ਪਾਠ ਤਾਂ ਦੂਰ ਦੀ ਗੱਲ ਹੈ! ਮੈਨੂੰ ਬਾਅਦ ‘ਚ ਪਤਾ ਚੱਲਿਆ ਕਿ ਇਥੇ ਮ੍ਰਿਤਕ-ਪ੍ਰਾਣੀ ਨੂੰ ਪਲਾਂ ਵਿਚ ਹੀ ਘਰੋਂ ਇਉਂ ਚੁੱਕ ਲਿਜਾਂਦੇ ਹਨ ਜਿੱਦਾਂ ਮਰੇ ਚੂਹੇ ਨੂੰ ਇੱਲ੍ਹ ਜਾਂ ਕਾਂ ਚੁੱਕ ਕੇ ਲੈ ਜਾਂਦਾ ਹੈ। ਫਿਊਨਰਲ ਤੋਂ ਸਿੱਧੇ ਹੀ ਗੁਰਦਵਾਰੇ ਜਾ ਕੇ, ਪਾਠੀ ਸਿੰਘਾਂ ਵਲੋਂ ‘ਕੀਤੇ ਗਏ’ ਅਖੰਡ ਪਾਠ ਦਾ ਭੋਗ ਪਾ ਕੇ, ਵਿਛੜੇ ਪਿਆਰਿਆਂ ਦਾ ‘ਇਤੀ ਵਾਰਤਾਹਾ’ ਕੁਝ ਘੰਟਿਆਂ ਵਿਚ ਹੀ ਨਿਬੇੜ ਦਿੱਤਾ ਜਾਂਦਾ ਹੈ। ਇਕ ਬਾਪੂ ਦੀ ਬੌਡੀ ਘਰ ਤੋਂ ਚੁੱਕਣਸਾਰ, ਪੋਤਿਆਂ ਵਲੋਂ ‘ਓਲਡ ਮੈਨ ਐਕਸਪਾਇਰਡ’ ਕਿਹਾ ਗਿਆ ਸੁਣ ਕੇ, ਮੈਨੂੰ ਅਮਰੀਕਾ ਦੀ ਧਰਤੀ ‘ਤੇ ਮਰਨ ਤੋਂ ਹੀ ਨਫ਼ਰਤ ਹੋ ਗਈ!
ਐਹੋ ਜਿਹੇ ਕੁਰਖਤ ਅਤੇ ਨਿਰਮੋਹੇ ਢੰਗ ਨਾਲ ‘ਕੀਰਤਨ ਸੋਹਲਾ’ ਪੜ੍ਹਿਆ ਜਾਂਦਾ ਦੇਖ ਕੇ, ਮੇਰੀਆਂ ਅੱਖਾਂ ਸਾਹਮਣੇ ਆਪਣੇ ਬਾਪ ਦੇ ਅੰਤਲੇ ਸਮੇਂ ਵਾਲੇ ਦ੍ਰਿਸ਼ ਘੁੰਮਣ ਲੱਗੇ- ‘ਜਿਉਂ ਹੀ ਸਵੇਰੇ ਸਾਝਰੇ ਭਾਈਆ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਪਿੰਡ ‘ਚ ਉਡੀ ਤਾਂ ਉਸੇ ਵੇਲੇ ਸਾਡੇ ਗਵਾਂਢੀਆਂ ਦੇ ਮੁੰਡਿਆਂ ਨੇ ਗੁਰਦਵਾਰਾ ਸਾਹਿਬ ਤੋਂ ਦਰੀਆਂ ਲਿਆ ਕੇ ਸਾਡੇ ਵਿਹੜੇ ਵਿਚ ਵਿਛਾ ਦਿੱਤੀਆਂ। ਪਿੰਡ ਵਾਸੀਆਂ ਦੇ ਨਾਲ ਨਾਲ ਆਂਢ-ਗੁਆਂਢ ਪਿੰਡਾਂ ਦੇ ਸੱਜਣ ਮਿੱਤਰ ਵੀ ਹੌਲੀ ਹੌਲੀ ਇਕੱਠੇ ਹੋਣੇ ਸ਼ੁਰੂ ਹੋ ਗਏ। ਪਿੰਡ ਦੇ ਦੋ ਤਿੰਨ ਨੌਜਵਾਨ ਸਾਡੇ ਨਾਨਕਿਆਂ ਅਤੇ ਭੈਣਾਂ ਦੇ ਸਹੁਰੇ ਪਿੰਡਾਂ ਨੂੰ ਸਕੂਟਰਾਂ ‘ਤੇ ਭੱਜ ਗਏ। ਜੱਗੂ ਮਿਸਤਰੀ ਆਪੇ ਆ ਕੇ ਸਿੜ੍ਹੀ ਬਣਾਉਣ ਲੱਗ ਪਿਆ। ਪਿੰਡ ਵਾਸੀਆਂ ਨੇ ਆਪੇ ਹੀ ਸ਼ਮਸ਼ਾਨ-ਭੂਮੀ ਵਿਚ ਬਾਲਣ ਦੀ ਟਰਾਲੀ ਸੁੱਟ ਆਂਦੀ। ਦੋ ਢਾਈ ਵੱਜਦੇ ਤਕ ਸਾਰੇ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਦੁਸ਼ਾਲਾ ਲੈ ਕੇ ਦੋ ਅਧਿਕਾਰੀ ਵੀ ਪਹੁੰਚ ਗਏ।
ਪੁੱਤਰਾਂ, ਪੋਤਰਿਆਂ-ਦੋਹਤਿਆਂ ਅਤੇ ਹੋਰ ਸਕੇ-ਸਬੰਧੀਆਂ ਨੇ ਮਿਲ ਕੇ ਮ੍ਰਿਤਕ ਸਰੀਰ ਦਾ ਇਸ਼ਨਾਨ ਕਰਾਇਆ। ਚਿੱਟਾ ਕੁੜਤਾ ਪਜਾਮਾ ਪਾ ਕੇ ਨੀਲੀ ਦਸਤਾਰ ਸਜਾਈ ਗਈ। ਉਨ੍ਹਾਂ ਦਾ ਸਰੀਰ ਉਸੇ ਸ਼ਮਸ਼ਾਨ ਘਾਟ ਲਿਜਾਇਆ ਗਿਆ ਜਿਥੇ ਮੇਰੇ ਬਾਬਾ ਜੀ ਅਤੇ ਦਾਦੀ ਦਾ ਵੀ ਸਸਕਾਰ ਕੀਤਾ ਗਿਆ ਸੀ। ਵੱਡਾ ਪੁੱਤਰ ਹੋਣ ਨਾਤੇ ਮੈਂ ਪਾਥੀਆਂ-ਲੱਕੜਾਂ ਦੀ ਚਿਣੀ ਹੋਈ ਚਿਖਾ ਨੂੰ ਅਗਨੀ ਦਿਖਾਈ ਸੀ। ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸਾ ਸੋਧਿਆ ਗਿਆ। ਬਲਦੀ ਚਿਖਾ ‘ਚੋਂ ਪਹਿਲਾਂ ਗੂੜ੍ਹਾ ਧੂੰਆਂ ਉਠਿਆ। ਪੂਰੀ ਅੱਗ ਮਚਣ ‘ਤੇ ਜਦੋਂ ਗਹਿਰਾ ਮਟਮੈਲਾ ਜਿਹਾ ਧੂੰਆਂ ਅਕਾਸ਼ ਵੱਲ ਉਠਿਆ ਤਾਂ ਸੌ ਸਾਲ ਤੋਂ ਵੱਧ ਉਮਰ ਵਾਲਾ ਬਜ਼ੁਰਗ ‘ਰਾਮ ਲੋਕ’ ਕਹਿਣ ਲੱਗਾ- “ਹੁਣ ਅੱਗ ਪਈ ਐ ਕਰਮ ਸਿੰਘ ਦੇ ਸਰੀਰ ਨੂੰ!”
ਸਾਰਿਆਂ ਨੇ ਗੁਰੂਘਰ ਪਹੁੰਚ ਕੇ ਅਲਾਹਣੀਆਂ ਦਾ ਵੈਰਾਗਮਈ ਪਾਠ ਸੁਣਿਆ। ਰਾਤ ਪਈ ਤੋਂ ਅਸੀਂ ਤਿੰਨੇ ਭਰਾ ਰਵਾਇਤ ਮੁਤਾਬਿਕ ਸਿਵਾ ਦੇਖਣ ਗਏ। ਉਸ ਵੇਲੇ ਤੱਕ ਸਾਰੀ ਚਿਖਾ, ਅੱਗ ਦੇ ਲਾਲ ਸੂਹੇ ਢੇਰ ਵਿਚ ਬਦਲ ਚੁੱਕੀ ਹੋਈ ਸੀ। ਸੁੰਨਸਾਨ ਰਾਤ ਵਿਚ ਅਸੀਂ ਤਿੰਨੇ ਭਰਾ, ਆਪਣੇ ਬਾਪ ਦੇ ਸਿਵੇ ਕੋਲ ਖੜ੍ਹੇ ਹੋ ਕੇ, ਉਸ ਦੇ ਸਿਰੜ ਅਤੇ ਸਿਦਕ ਦੀਆਂ ਗੱਲਾਂ ਕਰਦੇ ਰਹੇ।
ਤੀਸਰੇ ਦਿਨ ਸਾਰੀ ਰਾਖ ਦਾ ਥੈਲਾ ਭਰਕੇ ਕੋਲ ਵਗਦੇ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕਰ ਆਏ ਅਤੇ ਘਰੇ ਆ ਕੇ ਬਿਨਾਂ ਕਿਸੇ ਵਹਿਮ ਦੇ ਸਵੇਰੇ ਨੌਂ ਕੁ ਵਜੇ ਸਹਿਜ ਪਾਠ ਆਰੰਭ ਕਰ ਲਿਆ। ਆਮ ਵਾਂਗ ਕਿਸੇ ਪਾਠੀ ਸਿੰਘ ਪਾਸੋਂ ‘ਪਾਠ ਕਰਾਉਣ’ ਦੀ ਬਜਾਏ, ਅਸੀਂ ਸਾਰਾ ਪਾਠ ਰਲ-ਮਿਲ ਕੇ ਆਪ ਕੀਤਾ। ਇਸ ਸੇਵਾ ਵਿਚ ਭਾਈਆ ਜੀ ਦੇ ਨੂੰਹਾਂ-ਪੁੱਤਰਾਂ ਧੀਆਂ-ਜਵਾਈਆਂ, ਪੋਤਰਿਆਂ, ਦੋਹਤਿਆਂ ਅਤੇ ਦੋਹਤੀਆਂ ਨੇ ਹਿੱਸਾ ਲਿਆ। ਜਿੰਨੇ ਦਿਨ ਸਹਿਜ ਪਾਠ ਚੱਲਦਾ ਰਿਹਾ, ਅਸੀਂ ਸਾਰੇ ਜਾਣੇ ਦੇਰ ਰਾਤ ਤੱਕ ਇਕੱਠੇ ਬਹਿ ਕੇ ਗੁਰਮਤਿ ਵੀਚਾਰਾਂ ਅਤੇ ਸ਼ਬਦ-ਕੀਰਤਨ ਕਰਦੇ ਰਹਿੰਦੇ…।’
ਪਿੰਡ ਵਾਲੇ ਇਸ ਬਿਰਤਾਂਤ ਦੇ ਉਲਟ, ਇਧਰ ਅਮਰੀਕਾ ਵਿਚ ਮ੍ਰਿਤਕ-ਸਸਕਾਰ ਕਿਵੇਂ ਹੁੰਦਾ ਹੈ?…. ਤੌਬਾ ਤੌਬਾ ਇਥੇ ਤਾਂ ਸਾਡੇ ਲੋਕਾਂ ਨੇ ਗੋਰਿਆਂ ਦੀ ਰੀਸੋ-ਰੀਸੀਂ, ਫਿਊਨਰਲ ‘ਤੇ ਪਧਾਰਨ ਵਾਸਤੇ ‘ਯੂਨੀਵਾਰਮ’ (ਕਾਲੇ ਕੋਟ, ਟਾਈ ਅਤੇ ਜੇਬ ‘ਤੇ ਫੁੱਲ!) ਵੀ ਨਿਰਧਾਰਤ ਕਰ ਲਈ ਹੈ।….ਜੇ ਭਲਾ ਇਥੇ ਦਾ ਗਿਝਿਆ ਹੋਇਆ ਕੋਈ ਸੱਜਣ, ਪੰਜਾਬ ਵਿਚ ਕਿਸੇ ਦੀ ਅਰਥੀ ਨਾਲ ਜਾਣ ਸਮੇਂ ਆਪਣੀ ਜੇਬ ‘ਤੇ ਗੁਲਾਬ ਦਾ ਫੁੱਲ ਅੜੁੰਗ ਲਵੇ ਤਾਂ ਸਥਾਨਕ ਲੋਕ ਜ਼ਰੂਰ ਇਹ ਕਹਿਣਗੇ ਕਿ ਮ੍ਰਿਤਕ ਦਾ ਦਾਹ ਸਸਕਾਰ ਬਾਅਦ ‘ਚ ਕਰਾਂਗੇ, ਪਹਿਲਾਂ ਆਹ ‘ਫੁੱਲ ਵਾਲੇ ਅੰਗਰੇਜ਼’ ਦੀ ਭੁਗਤ ਸੰਵਾਰ ਲਈਏ! …ਖੈਰ, ਮੇਰੇ ਮਨ ਵਿਚ ਜਿਹੜੀ ਮਾੜੀ ਮੋਟੀ ‘ਕਸਰ’ ਰਹਿੰਦੀ ਸੀ, ਉਹ ਇਸੇ ਹਫਤੇ ਉਦੋਂ ਨਿੱਕਲ ਗਈ ਜਦੋਂ ਸਾਡੇ ਗੁਆਂਢ ਵਿਚ ਰਹਿੰਦਾ ਮੇਰਾ ਇਕ ਨੇੜਲਾ ਰਿਸ਼ਤੇਦਾਰ ਚੜ੍ਹਾਈ ਕਰ ਗਿਆ। ਜੋ ਅਗਲੇ ਮਹੀਨੇ, ਆਪਣੇ ਪੁੱਤ-ਪੋਤਰਿਆਂ ਨੂੰ ਮਿਲਣ ਲਈ ਇੰਡੀਆ ਜਾਣ ਦੀਆਂ ਟਿਕਟਾਂ ਦਾ ਇੰਤਜ਼ਾਮ ਕਰ ਰਿਹਾ ਸੀ। ਕਿਸਮਤ ਮਾਰੇ ਇਸ ਭਰਾ ਨੂੰ ਉਸ ਦੀ ਪਤਨੀ, ਆਮ ਦੀ ਤਰ੍ਹਾਂ ਸਵੇਰੇ ਸੁਵਖਤੇ ਪੰਜ ਵਜੇ ਕੰਮ ‘ਤੇ ਜਾਣ ਲੱਗੀ ‘ਸਤਿ ਸ੍ਰੀ ਅਕਾਲ’ ਬੁਲਾ ਕੇ ਚਲੀ ਗਈ। ਉਸ ਦੇ ਕੰਮ ਤੋਂ ਵਾਪਸ ਮੁੜਨ ਤੋਂ ਪਹਿਲਾਂ ਪਹਿਲਾਂ ‘ਵਾਕ’ ਕਰਨ ਦਾ ਕੰਮ ਨਿਬੇੜਨ ਲਈ, ਉਹ ਸ਼ਾਮੀਂ ਚਾਰ ਕੁ ਵਜੇ ਘਰੋਂ ਨਿਕਲ ਤੁਰਿਆ। ਤਿੰਨ ਚਾਰ ਕੁ ਮੀਲ ਦੂਰ ਜਾ ਕੇ ਇਕ ਸੜਕ ਪਾਰ ਕਰਨ ਮੌਕੇ ਸੜਕ ਹਾਦਸੇ ਦਾ ਸਿ਼ਕਾਰ ਹੋ ਗਿਆ। ਉਧਰ, ਵਰਤ ਗਏ ਇਸ ਭਾਣੇ ਤੋਂ ਬੇਖਬਰ ਉਸ ਦੀ ਪਤਨੀ ਇਧਰ ਉਧਰ ਫੋਨ ਕਰਨ ਲੱਗ ਪਈ। ਕਿਸੇ ਸੋਸ਼ਲ ਵਰਕਰ ਨੇ ਰਾਤ ਨੂੰ ਅੱਠ ਵਜੇ ਆ ਕੇ ਚੰਦਰੀ ਖ਼ਬਰ ਸੁਣਾ ਦਿੱਤੀ।
ਉਸ ਵਿਚਾਰੀ ਨੇ ਰੋ ਰੋ ਕੇ ਪਿੱਟ ਪਿੱਟ ਵਾਸਤੇ ਪਾਏ ਕਿ ਹਾੜ੍ਹਾ, ਮੈਨੂੰ ਆਪਣੇ ਸਿਰ ਦੇ ਸਾਈਂ ਦਾ ਇਕ ਵਾਰ ਮੂੰਹ ਤਾਂ ਦਿਖਾ ਦੇਵੋ! ….ਮੈਂ ਅੱਖੀਂ ਦੇਖ ਲਵਾਂ ਉਹਦੇ ਕਿਥੇ ਕਿਥੇ ਸੱਟ ਲੱਗੀ ਹੈ!! …ਪਰ ਉਸ ਨਿਭਾਗਣ ਨੂੰ ਕੌਣ ਦੱਸੇ ਕਿ ਇਹ ਆਪਣਾ ਪੰਜਾਬ ਜਾਂ ਇੰਡੀਆ ਨਹੀਂ, ਇਥੇ ਪ੍ਰਦੇਸ ਦਾ ਹੀ ਕਾਇਦਾ-ਕਾਨੂੰਨ ਮੰਨਣਾ ਪੈਂਦਾ ਹੈ। ਉਹ ਤਿੰਨ ਦਿਨ ਕਲਪਦੀ ਰਹੀ। ਤੀਜੇ ਦਿਨ ਜਾ ਕੇ ਉਸ ਨੂੰ ਸਿਰਫ ਫੋਟੋ ਹੀ ਦਿਖਾਈ ਗਈ! …ਕੋਈ ਪ੍ਰਦੇਸੀ ਪੇ ਮੂਆ ਫਿਊਨਰਲ ਵਾਲਿਆਂ ਦੇ ਚੰਗੇ ਮੋਟੇ ਬਿਲ ਦਾ ਜਿ਼ਕਰ ਤਾਂ ਇਥੇ ਕਾਹਨੂੰ ਕਰਨਾ ਹੈ। ਇਲੈਕਟ੍ਰਿਕ ਭੱਠੀ ਦਾ ਬਟਨ ਦਬਾ ਕੇ ਸਿੱਧੇ ਗੁਰੂਘਰ ਪਹੁੰਚ ਗਏ। ਜਿਥੇ ਬਾਬੇ ਦੀ ਬਾਣੀ ਦੇ ਇਕ ਹਜ਼ਾਰ ਚਾਰ ਸੌ ਸਤਾਈ ਸਫੇ ਪੜ੍ਹੇ ਜਾ ਚੁੱਕੇ ਸਨ। ਸਿਰਫ ਤਿੰਨ ਕੁ ਪੱਤਰੇ ਹੀ ਰਹਿ ਗਏ ਸਨ।
ਮੈਂ ਸੋਚ ਰਿਹਾ ਸਾਂ ਕਿ ਆਪਣੇ ਦੇਸ਼ ਵਿਚ ਤਾਂ ਆਮ ਤੌਰ ‘ਤੇ ਫਾਂਸੀ ਚਾੜ੍ਹਿਆਂ ਦੀਆਂ ਲਾਸ਼ਾਂ ਵੀ ਸ਼ਾਮ ਤੱਕ ਵਾਰਸਾਂ ਨੂੰ ਸੌਂਪ ਦਿੰਦੇ ਸਨ। ਉਨ੍ਹਾਂ ਦੇ ਸਕੇ-ਸਬੰਧੀ ਆਪੋ-ਆਪਣੇ ਰਸਮੋ ਰਿਵਾਜ ਮੁਤਾਬਿਕ ਹੀ ਨਲ੍ਹਾਈ-ਧੁਲਾਈ ਖੁਦ ਹੀ ਕਰਦੇ ਹਨ। ਪਰ ਇਥੇ ਕਹਿੰਦੇ ਨੇ ਕਿ ਡੈੱਡ-ਬਾਡੀ ਦੇ ਤੁਸੀਂ ਲੱਗਦੇ ਕੱਖ ਨੀਂ!
ਇਸ ਦਿਨ ਸਰੀਰਕ ਤੌਰ ‘ਤੇ ਭਾਵੇਂ ਮੈਂ ਆਪਣੇ ਸਬੰਧੀ ਦੇ ਫਿਊਨਰਲ ‘ਤੇ ਭੋਗ ਦੀ ਰਸਮ ਵਿਚ ਸ਼ਾਮਲ ਸਾਂ। ਲੇਕਿਨ ਆਪਣੇ ਬਾਪ ਦਾ ਅਕਾਲ ਚਲਾਣਾ, ਅੰਤਿਮ ਸਸਕਾਰ ਅਤੇ ਰਲ ਮਿਲ ਕੇ ਕੀਤਾ ਗਿਆ ਸਹਿਜ ਪਾਠ ਮੇਰੇ ਮਸਤਕ ਵਿਚ ਘੁੰਮੀ ਗਿਆ। ਮੇਰਾ ਤ੍ਰਾਹ ਨਿਕਲ ਰਿਹਾ ਸੀ। ਰਹਿ ਰਹਿ ਕੇ ਮਨ ‘ਚ ਖਿਆਲ ਉਠੀ ਜਾਵੇ ਕਿ ਮੇਰੇ ਬਾਪ ਵਰਗੇ ਲੋਕ ਕਿਸਮਤ ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਅੰਤ ਵੇਲੇ ਆਪਣੇ ਵਡੇਰਿਆਂ ਦੀ ਮਿੱਟੀ ਨਸੀਬ ਹੁੰਦੀ ਹੈ!
ਕੋਈ ਦੇਸ਼ ਭਗਤ ਸੂਰਮਾ ਸ਼ਹੀਦੀ ਜਾਮ ਪੀਣ ਵੇਲੇ ਇਹ ਆਖਰੀ ਤਮੰਨਾ ਜ਼ਾਹਰ ਕਰਦਾ ਹੈ:
ਕੁਛ ਆਰਜੂ ਨਹੀਂ ਹੈ ਬਸ ਆਰਜੂ ਯਹੀ ਹੈ,
ਰਖ ਦੇ ਜ਼ਰਾ ਸੀ ਕੋਈ ਖ਼ਾਕੇ ਵਤਨ ਕਫ਼ਨ ਪੇ!
ਭਗਤ ਕਬੀਰ ਜੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਜਿਹੇ ਮਹਾਂਪੁਰਖ ਵੀ ਆਪਣੇ ਅੰਤ ਸਬੰਧੀ ਇਛਾਵਾਂ ਰੱਖ ਸਕਦੇ ਹਨ ਤਾਂ ਆਪਾਂ ਵੀ ਉਸ ਦਿਆਲੂ-ਕ੍ਰਿਪਾਲੂ ਪ੍ਰਭੂ ਅੱਗੇ ਮਨ ਦੀ ਵੇਦਨਾ ਰੱਖ ਹੀ ਸਕਦੇ ਹਾਂ!
ਉਪਰ ਦੱਸੇ ਗਏ ਅਖੰਡ ਪਾਠ ਦੇ ਭੋਗ ਦੇ ਮੌਕੇ ਰਾਗੀ ਸਿੰਘ, ਬਾਬੇ ਫਰੀਦ ਦੀ ਬਾਣੀ ਦੇ ਹਵਾਲੇ ਨਾਲ ਦੱਸ ਰਹੇ ਸਨ- ‘ਮਲਕ ਜਿ ਕੰਨੀਂ ਸੁਣੀਂਦਾ ਮੁੰਹ ਦਿਖਾਲੇ ਆਏ’ ਸਾਨੂੰ ਅੰਤ ਵੇਲੇ, ਮੌਤ ਦਾ ਉਹ ਫਰਿਸ਼ਤਾ ਆਪਣਾ ਮੂੰਹ ਦਿਖਾ ਦਿੰਦਾ ਹੈ, ਜਿਹਦੇ ਬਾਰੇ ਅਸੀਂ ਕੰਨ ਨਾਲ ਹੀ ਸੁਣ ਰੱਖਿਆ ਹੁੰਦਾ ਹੈ। ਇਸਲਾਮਿਕ ਸ਼ਬਦਾਬਲੀ ਵਿਚ ਇਸ ਫਰਿਸ਼ਤੇ ਨੂੰ ‘ਮਲਕ-ਉਲ-ਮੌਤ’ ਜਾਂ ‘ਮਲਕ’ ਕਿਹਾ ਜਾਂਦਾ ਹੈ। ਭੋਗ ਵੇਲੇ ਹੋਈ ਅਰਦਾਸ ਵਿਚ ਖੜ੍ਹਾ ਮੈਂ ਅਕਾਲ ਪੁਰਖ ਅੱਗੇ ਇਹੀ ਯਾਚਨਾ ਕਰ ਰਿਹਾ ਸਾਂ- “ਹੇ ਮਲਕ ਜੀ, ਮੈਨੂੰ ਤਾਂ ਪਿੰਡ ਗਏ ਨੂੰ ਹੀ ਲੈਣ ਆਇਉ ਪਲੀਜ਼!”
ਤਰਲੋਚਨ ਸਿੰਘ ਦੁਪਾਲਪੁਰ