Tuesday, September 28, 2010

ਗੁੰਮ ਹੋਈ ਇਕ ਕੁੜੀ?

“ਅੱਜ ਫਿਰ ਸ਼ੀਲਾ ਨੇ ਆਪਣੀ ਕੁੜੀ ਨੂੰ ਹੀ ਭੇਜ ਦਿੱਤਾ ਹੈ।” ਰਸੋਈ ਵਿਚ ਕਾਹਲੀ-ਕਾਹਲੀ ਬ੍ਰੈਡ ਆਮਲੇਟ ਨੂੰ ਚਾਹ ਦੇ ਘੁੱਟਾਂ ਨਾਲ ਗਲੇ ‘ਚ ਉਤਾਰ ਰਹੀ ਮਿਸਿਜ਼ ਸੰਧੂ ਨੇ ਆਪਣੇ ਪਤੀ ਪ੍ਰੋਫੈਸਰ ਸੰਧੂ ਨੂੰ ਦੱਸਿਆ। ਛੋਟੇ ਗੇਟ ਥਾਣੀਂ ਅੰਦਰ ਵੜਦੀ ਬਿੰਦੂ ਨੂੰ ਉਸਨੇ ਰਸੋਈ ਦੇ ਸ਼ੀਸਿ਼ਆਂ ਵਿਚੋਂ ਦੇਖ ਲਿਆ ਸੀ।

“ਚਲੋ ਕੋਈ ਨਾ” ਚਾਹ ਦਾ ਕੱਪ ਮੁਕਾ ਕੇ ਡਾਇਨਿੰਗ ਟੇਬਲ ‘ਤੇ ਰੱਖਦਿਆਂ ਪ੍ਰੋਫੈਸਰ ਸੰਧੂ ਨੇ ਸਰਸਰੀ ਜਿਹਾ ਜਵਾਬ ਦਿੰਦੇ ਹੋਏ ਆਖਿਆ, “ਕੰਮ ਤਾਂ ਆਪਣੀ ਮਾਂ ਵਾਂਗ ਤਸੱਲੀ ਵਾਲਾ ਈ ਕਰਦੀ ਐ।”

“ਪਰ ਜਿੱਲੀ ਬਹੁਤ ਐ… ਟਾਈਮ ਬਹੁਤ ਲਾਉਂਦੀ ਐ।”

ਬਿਨਾਂ ਜਵਾਬ ਦਿੱਤਿਆਂ ਸੰਧੂ ਸਾਹਿਬ ਮੇਜ ‘ਤੇ ਪਈਆਂ ਕਿਤਾਬਾਂ ਚੁੱਕ ਕੇ ਸਟੱਡੀ ਰੂਮ ਵਿਚ ਰੱਖਣ ਚਲੇ ਗਏ। ਮਿਸਿਜ਼ ਸੰਧੂ ਨੇ ਕਲਾਕ ਵਲ ਦੇਖ ਕੇ ਫਟਾਫਟ ਸਿਰ ਵਾਹਿਆ, ਹਲਕਾ ਜਿਹਾ ਮੇਕਅੱਪ ਕੀਤਾ ਅਤੇ ਸੈਂਡਲ ਪਾਉਂਦਿਆਂ, ਅੰਦਰ ਆਈ ਬਿੰਦੂ ਨੂੰ ਆਦੇਸ਼ ਦਿੱਤਾ, “ਰਾਤ ਦੇ ਭਾਂਡੇ ਵੀ ਸਿੰਕ ਵਿਚ ਹੀ ਪਏ ਐ। ਪਹਿਲਾਂ ਭਾਂਡੇ ਮਾਂਜ ਲਈਂ। ਫਿਰ ਪੋਚੇ ਲਾਈਂ, ਕੱਪੜੇ ਮਗਰੋਂ ਧੋਵੀਂ।… ਨਾਲੇ ਕੰਮ ਜ਼ਰਾ ਫੁਰਤੀ ਨਾਲ ਕਰੀਂ, ਓ. ਕੇ.?” ਮਗਰਲਾ ਸ਼ਬਦ ‘ਓ. ਕੇ.’ ਮੈਡਮ ਨੇ ਘਰੋੜ ਕੇ ਕਿਹਾ।

“ਅੱਛਾ ਮੈਡਮ ਜੀ” ਕਹਿ ਕੇ ਬਿੰਦੂ ਰਸੋਈ ਵਿਚ ਜਾ ਵੜੀ। ਕਾਇਨੈਟਿਕ ਦੀਆਂ ਚਾਬੀਆਂ ਚੁੱਕ ਕੇ ਆਪਣਾ ਪਰਸ ਸੰਭਾਲਦੀ ਮਿਸਿਜ਼ ਸੰਧੂ, ਘਰ ਦੇ ਗੇਟ ਤੱਕ ਆ ਗਈ। “ਚੰਗਾ ਫਿਰ, ਤੁਸੀਂ ਵੀ ਜ਼ਰਾ ਟਾਈਮ ਸਿਰ ਚਲੇ ਜਾਇਓ।” ਇਹ ਕਹਿ ਕੇ ਉਹ ਡਿਊਟੀ ‘ਤੇ ਚਲੀ ਗਈ।

ਸ਼ਹਿਰ ਦੇ ਅਮੀਰ ਮਹੱਲੇ ਵਿਚ ਸੰਧੂ ਪਰਿਵਾਰ ਦੀ ਦੁਮੰਜ਼ਲੀ ਕੋਠੀ ਹੈ। ਇਸੇ ਸ਼ਹਿਰ ਦੇ ਇਕ ਹਸਪਤਾਲ ਵਿਚ ਮਿਸਿਜ਼ ਸੰਧੂ ਡਾਕਟਰ ਲੱਗੀ ਹੋਈ ਹੈ ਜਦਕਿ ਉਸਦਾ ਪਤੀ ਸ. ਸੰਧੂ, ਕਾਲਜ ਵਿਚ ਪ੍ਰੋਫੈਸਰ। ਇਸ ਦੰਪਤੀ ਦਾ ਵੱਡਾ ਬੇਟਾ ਕਿਸੇ ਦੂਰ ਦੇ ਸ਼ਹਿਰ ਦੀ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਿਹਾ ਹੈ। ਛੋਟਾ ਬੇਟਾ ਜੋ ਹਾਲੇ ਦਸਵੀਂ ‘ਚ ਪੜ੍ਹਦਾ ਹੈ, ਆਪਣੇ ਮਾਂ-ਬਾਪ ਨਾਲ ਹੀ ਰਹਿੰਦਾ ਹੈ। ਇਸ ਸਾਊ ਪਰਿਵਾਰ ਵਿਚ ‘ਕੰਮ ਕਰਨ ਵਾਲੀ’ ਵਜੋਂ ਤਾਂ ਸ਼ੀਲਾ ਲੱਗੀ ਹੋਈ ਹੈ ਪਰ ਉਹ ਕਦੀ-ਕਦੀ ਆਪਣੀ ਧੀ ਬਿੰਦੂ ਨੂੰ ‘ਸੰਧੂ ਵਿਲਾ’ ਵਿਚ ਕੰਮ ਕਰਨ ਲਈ ਭੇਜ ਦਿੰਦੀ ਹੈ। ਵੱਡੇ ਟੱਬਰਾਂ ਵਾਲਿਆਂ ਦੇ ਸ਼ੀਲਾ ਆਪ ਚਲੀ ਜਾਂਦੀ ਅਤੇ ਇਥੇ ਕੰਮ ਥੋੜ੍ਹਾ ਹੋਣ ਕਰਕੇ ਧੀ ਨੂੰ ਭੇਜ ਦਿੰਦੀ। ਅਕਸਰ ਮਿਸਿਜ਼ ਸੰਧੂ, ਸ਼ੀਲਾ ਨੂੰ ਖੁਦ ਇਥੇ ਕੰਮ ‘ਤੇ ਆਉਣ ਲਈ ਕਹਿੰਦੀ ਰਹਿੰਦੀ। ਉਹ ਮਾਵਾਂ-ਧੀਆਂ ਆਪਣੀ ਵਿਉਂਤ ਅਨੁਸਾਰ ਹੀ ਕੰਮ ‘ਤੇ ਆਉਂਦੀਆਂ।

ਡਾ. ਸੰਧੂ ਮੈਡਮ ਦੇ ਜਾਣ ਤੋਂ ਬਾਅਦ ਉਸ ਦੇ ਕਹੇ ਅਨੁਸਾਰ ਪਹਿਲਾਂ ਬਿੰਦੂ ਨੇ ਸਿੰਕ ਵਿਚ ਪਿਆ ਭਾਂਡਿਆਂ ਦਾ ਟੋਕਰਾ ਮਾਂਜਿਆ। ਜੂਠ-ਮੀਠ ਇਕੱਠੀ ਕਰਕੇ ਗਾਰਬੇਜ਼ ਡਰੰਮ ਵਿਚ ਸੁੱਟੀ। ਮਾਂਜੇ, ਧੋਤੇ ਭਾਂਡੇ ਨੁੱਚੜਨ ਵਾਸਤੇ ਟੋਕਰੀ ਵਿਚ ਮੂਧੇ ਰੱਖ ਦਿੱਤੇ। ਅੱਧੀ ਕੁ ਬਾਲਟੀ ਪਾਣੀ ਵਿਚ ਫੀਨਾਈਲ ਸੁੱਟ ਕੇ ਉਹ ਪੋਚੇ ਮਾਰਨ ਦੀ ਤਿਆਰੀ ਕਰਨ ਲੱਗੀ।

ਪ੍ਰੋ. ਸੰਧੂ ਸਾਢੇ ਕੁ ਗਿਆਰਾਂ ਵਜੇ ਕਾਲਜ ਜਾਂਦੇ ਹਨ। ਉਨ੍ਹਾਂ ਕੋਲ ਡੇਢ ਘੰਟੇ ਦਾ ਸਮਾਂ ਹੈ। ਉਨ੍ਹਾਂ ਅੱਜ ਆਪਣੀ ਕਲਾਸ ਨੂੰ ਬਾਬਾ ਫਰੀਦ ਪੜ੍ਹਾਉਣਾ ਹੈ। ਇਸ ਕਰਕੇ ਉਹ ਆਪਣੇ ਸਟੱਡੀ ਰੂਮ ਵਿਚ ‘ਸ਼ੇਖ ਫਰੀਦ, ਜੀਵਨ ਅਤੇ ਰਚਨਾ’ ਵਾਲੀ ਕਿਤਾਬ ਖੋਲ੍ਹ ਕੇ ਬਹਿ ਗਏ। ਇਸ ਰੱਬੀ ਫ਼ਕੀਰ ਦਾ ਬਚਪਨ ਪੜ੍ਹਦਿਆਂ ਪ੍ਰੋ. ਸੰਧੂ ਸੋਚਣ ਲੱਗੇ, ‘ਉਹ ਕਿੱਡੀ ਦਰਵੇਸ਼ ਮਾਂ ਹੋਵੇਗੀ, ਜੋ ਆਪਣੇ ਪੁੱਤਰ ਨੂੰ ਬੰਦਗੀ ਵਲ ਪ੍ਰੇਰਤ ਕਰਨ ਲਈ ਉਸ ਦੇ ਮੂੜ੍ਹੇ ਹੇਠ ਸ਼ੱਕਰ ਰੱਖ ਦਿੰਦੀ ਸੀ ਤਾਂ ਕਿ ਬਾਲ ਫਰੀਦ ਇਹ ਸਮਝੇ ਕਿ ਬੰਦਗੀ ਕਰਿਆਂ ਅੱਲਾਹ ਸ਼ੱਕਰ ਖਾਣ ਲਈ ਦਿੰਦਾ ਹੈ। ਉਸ ਨੇਕ ਮਾਂ ਨੇ ਆਪਣੇ ਬੱਚੇ ਨੂੰ ਇਲਾਹੀ ਰੰਗ ਚਾੜ੍ਹਨ ਲਈ ਹੋਰ ਪਤਾ ਨਹੀਂ ਕੀ-ਕੀ ਕੁਝ ਕੀਤਾ ਹੋਵੇਗਾ। ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਰੁਹਾਨੀ ਸਿੱਖਿਆ ਲਈ ਵੀ ਉਚੇਚੇ ਬੰਦੋਬਸਤ ਕੀਤੇ ਗਏ ਹੋਣਗੇ। ਮਾਂ ਦੀਆਂ ਰਹਿਮਤਾਂ ਸਦਕਾ ਉਹ ਪੀਰਾਂ ਦਾ ਪੀਰ ਔਲੀਆ ਬਣਿਆ। ਉਸ ਦੀ ਬਾਣੀ ਨੂੰ ਸਿੱਖਾਂ ਦੇ ਇਸ਼ਟ ਬਰਾਬਰ ਹੀ ਸਨਮਾਨ ਮਿਲਿਆ। ਉਨ੍ਹਾਂ ਵੇਲਿਆਂ ਦੇ ਮਾਪਿਆਂ ਨੂੰ ਆਪਣੀ ਔਲਾਦ ਵਿਚ ਦੈਵੀ ਗੁਣ ਭਰਨ ਦੀ ਕਿੰਨੀ ਤੀਬਰ ਇੱਛਾ ਹੁੰਦੀ ਹੋਵੇਗੀ।

ਇਕ ਇਧਰ ਅਸੀਂ ਮਾਡਰਨ ਮਾਪੇ ਹਾਂ, ਜੋ ਨਿਰੀ ਦੁਨਿਆਵੀ ਵਿੱਦਿਆ ਦੇ ਮਗਰ ਹੀ ਹੱਥ ਧੋ ਕੇ ਪਏ ਹੋਏ ਹਾਂ। ਸਾਨੂੰ ਆਪਣੇ ਬੱਚੇ ਧਾਰਮਿਕ ਬਣਾਉਣ ਦੀ ਕੋਈ ਚਿੰਤਾ ਨਹੀਂ। ਬੱਸ ਡਾਕਟਰ, ਵਕੀਲ, ਇੰਜੀਨੀਅਰ ਬਣਨੇ ਚਾਹੀਦੇ ਨੇ। ਮਾਂ-ਬਾਪ, ਵੱਡਿਆਂ ਦਾ ਆਦਰ-ਸਤਿਕਾਰ ਕਰਨ ਜਾਂ ਪਰਮਾਤਮਾ ਦੀ ਰਜ਼ਾ ਦਾ ਭਾਵੇਂ ਉਨ੍ਹਾਂ ਨੂੰ ਭੋਰਾ ਭਰ ਵੀ ਇਲਮ ਨਾ ਹੋਵੇ।’ ਪ੍ਰੋ. ਸੰਧੂ ਦੀ ਇਹ ਸੋਚ-ਲੜੀ ਉਦੋਂ ਟੁੱਟੀ ਜਦੋਂ ਦੂਜੀ ਮੰਜਿ਼ਲ ‘ਤੇ ਸੁੱਤੇ ਪਏ ਉਨ੍ਹਾਂ ਦੇ ਬੇਟੇ ਦੇ ਕਮਰੇ ‘ਚੋਂ ਹਿੱਲ-ਜੁਲ ਦੀ ਬਿੜਕ ਆਈ।

ਕਿਤਾਬ ਬੰਦ ਕਰਕੇ ਪ੍ਰੋ. ਸੰਧੂ ਰਸੋਈ ਵਿਚ ਜਾ ਵੜੇ। ਬੇਟਾ ਨਹਾ ਕੇ ਹੁਣੇ ਹੀ ਥੱਲੇ ਆ ਜਾਏਗਾ। ਉਸ ਨੂੰ ਅੱਜ ਛੁੱਟੀ ਹੈ। ਇਸੇ ਕਰਕੇ ਕਾਫੀ ਲੇਟ ਉਠਿਆ ਹੈ। ਆਪਣੇ ਲਈ ਤੇ ਬੇਟੇ ਲਈ, ਦੋ ਕੱਪ ਚਾਹ ਬਣਾਉਣ ਵਾਸਤੇ ਪ੍ਰੋ. ਸਾਹਿਬ ਛੋਟਾ ਪਤੀਲਾ ਲੱਭਣ ਲੱਗੇ। ਉਨ੍ਹਾਂ ਨੂੰ ਇਹ ਦੇਖ ਕੇ ਗੁੱਸਾ ਆਇਆ ਕਿ ਭਾਂਡੇ ਥਾਉਂ-ਥਾਈਂ ਟਿਕਾਉਣ ਦੀ ਬਜਾਏ ਹਾਲੇ ਟੋਕਰੀ ਵਿਚ ਹੀ ਪਏ ਸਨ। ਬਰਾਂਡੇ ਵਿਚ ਲਾਂਡਰੀ ਕਰਨ ਵਾਲੇ ਕੱਪੜਿਆਂ ਦਾ ਵੀ ਹਾਲੇ ਉਵੇਂ ਢੇਰ ਲੱਗਾ ਪਿਆ ਸੀ…। ਵਾਕਿਆ ਹੀ ਇਹ ਕੁੜੀ ਬਹੁਤ ਢਿੱਲੜ ਹੈ, ਸ਼ੀਲਾ ਆਉਂਦੀ ਹੈ ਤੇ ਫੁਰਤੀ ਨਾਲ ਕੰਮ ਨਬੇੜ ਕੇ ਚਲਦੀ ਬਣਦੀ ਹੈ ਪਰ ਇਸ ਕੁੜੀ ਹੱਥੋਂ ਛੇਤੀ ਕੀਤੇ ਕੰਮ ਨਿਬੜਦਾ ਹੀ ਨਹੀਂ। ਬਿੰਦੂ ਦੇ ਜਿੱਲਪੁਣੇ ਬਾਰੇ ਸੋਚਦਿਆਂ ਪ੍ਰੋਫੈਸਰ ਨੇ ਘੜੀ ਵਲ ਨਜ਼ਰ ਮਾਰੀ। ਮਸਾਂ ਅੱਧਾ ਘੰਟਾ ਰਹਿ ਗਿਅ ਸੀ ਕਾਲਜ ਜਾਣ ਵਿਚ।

ਡਰਾਇੰਗ ਰੂਮ ਵਿਚ ਸਾਹਮਣੇ ਪਈ ਪੋਚੇ ਲਾਉਣ ਵਾਲੀ ਬਾਲਟੀ ਦੇਖ ਕੇ, ਕੁੜੀ ਨੂੰ ਕਾਹਲੀ ਨਾਲ ਕੰਮ ਖ਼ਤਮ ਕਰਨ ਲਈ ਕਹਿਣ ਵਾਸਤੇ ਪ੍ਰੋ. ਸੰਧੂ ਉਧਰ ਨੂੰ ਵਧੇ। ਛੱਤ ਵਾਲਾ ਪੱਖਾ ਫੁੱਲ ਸਪੀਡ ‘ਤੇ ਚੱਲ ਰਿਹਾ ਸੀ। ਤਾਕੀਆਂ ਅਤੇ ਦਰਵਾਜਿ਼ਆਂ ਨਾਲ ਲਟਕਦੇ ਲੰਮੇ-ਲੰਮੇ ਪਰਦੇ ਹਿੱਲ ਰਹੇ ਸਨ। ਇਥੇ ਫੀਨਾਈਲ ਰਲੇ ਪਾਣੀ ਵਾਲੀ ਬਾਲਟੀ ਤਾਂ ਪਈ ਸੀ, ਪਰ ਇਸ ਕਮਰੇ ‘ਚ ਬਿੰਦੂ ਨਹੀਂ ਸੀ। ਪ੍ਰੋ. ਸੰਧੂ, ਸਟੋਰ ਵਿਚ ਗਏ, ਉਹ ਵੀ ਖਾਲੀ। ਬੈਡਰੂਮਾਂ ਵਿਚ ਜਾ ਕੇ ਦੇਖਿਆ ਤਾਂ ਕੁੜੀ ਉਨ੍ਹਾਂ ਵਿਚ ਵੀ ਨਹੀਂ ਸੀ। ਬਾਥਰੂਮ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਜਕਦਿਆਂ-ਜਕਦਿਆਂ ਦਰਵਾਜ਼ੇ ਨੂੰ ਠੋਕਰ ਮਾਰੀ। ਅੰਦਰੋਂ ਕੋਈ ਜਵਾਬ ਨਾ ਆਇਆ। ਅਸਲ ‘ਚ ਕੁੜੀ ਉਥੇ ਵੀ ਨਹੀਂ ਸੀ। ਕੱਪੜੇ ਵੀ ਲਾਂਡਰੀ ਵਾਲੇ ਇਕੱਠੇ ਕੀਤੇ ਪਏ ਐ, ਪੋਚੇ ਲਾਉਣ ਦਾ ਕੰਮ ਵੀ ਅਧੂਰਾ ਪਿਆ ਹੋਇਐ… ਇਉਂ ਅੱਧ-ਵਿਚਾਲੇ ਕੰਮ ਛੱਡ ਕੇ ਉਹ ਜਾ ਨਹੀਂ ਸਕਦੀ। ਪਰ ਇਸ ਵੇਲੇ ਹੋਵੇਗੀ ਕਿੱਥੇ?… ਉਪਰ ਨਾ ਸਫਾਈ ਕਰਨ ਚਲੀ ਗਈ ਹੋਵੇ!…ਨਹੀਂ ਉਪਰਲੀ ਸਫਾਈ ਤਾਂ ਉਹ ੳਦੋਂ ਹੀ ਕਰਦੀ ਹੁੰਦੀ ਹੈ, ਜਦੋਂ ਕਾਕਾ ਥੱਲੇ ਆ ਜਾਂਦਾ ਹੈ। ਪ੍ਰੇਸ਼ਾਨ ਸੋਚਾਂ ਦੀ ਤਾਣੀ ‘ਚ ਉਲਝੇ ਹੋਏ ਪ੍ਰੋ. ਸੰਧੂ ਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਤੀ ਮਾਰੀ। ਦਰ ਮੋਹਰੇ ਰੱਖੇ ਹੋਏ ਝਾੜਨ ਦੇ ਇਕ ਪਾਸੇ ਬਿੰਦੂ ਦੀਆਂ ਚੱਪਲਾਂ ਪਈਆਂ ਸਨ। ਬਾਹਰ ਉਸਦਾ ਪਲਾਸਟਿਕ ਦਾ ਡੱਬਾ ਵੀ ਪਿਆ ਸੀ, ਜਿਸ ਵਿਚ ਉਹ ਇਸ ਘਰੋਂ ਕੋਈ ਬਚਦੀ-ਖੁਚਦੀ ਦਾਲ ਸਬਜ਼ੀ ਜਾਂ ਕੋਈ ਹੋਰ ਖਾਣ-ਪੀਣ ਵਾਲੀ ਵਾਧੂ ਚੀਜ਼ ਲੈ ਜਾਇਆ ਕਰਦੀ ਸੀ। ‘ਇਹਦਾ ਮਤਲਬ ਹੋਇਆ ਕਿ ਉਹ ਅੰਦਰ ਹੀ ਹੈ, ਕਿਤੇ ਗਈ ਨਹੀਂ।’ ਇਹ ਸੋਚ ਕੇ ਪ੍ਰੋਫੈਸਰ ਹੋਰਾਂ ਪ੍ਰੇਸ਼ਾਨੀ ਤੇ ਹੈਰਾਨੀ ਦੀ ਹਾਲਤ ਵਿਚ ਸਾਰੇ ਕਮਰਿਆਂ ਵਿਚ ਇਕ ਹੋਰ ਗੇੜਾ ਮਾਰਿਆ ਪਰ ਕੁੜੀ ਕਿਤੇ ਨਾ ਦਿਸੀ।

ਹੁਣ ਪ੍ਰੋ. ਸੰਧੂ ਦੇ ਮਨ ਵਿਚ ਕਈ ਤਰ੍ਹਾਂ ਦੇ ਉਲਟੇ-ਪੁਲਟੇ ਵਿਚਾਰ ਆਉਣ ਲੱਗ ਪਏ। ਪਲ ਦੀ ਪਲ ਉਨ੍ਹਾਂ ਸਾਹ ਰੋਕ ਕੇ, ਉਤਲੇ ਕਮਰਿਆਂ ‘ਚੋਂ ‘ਨਕਲੋ ਹਰਕਤ’ ਦੀ ਚੰਗੀ ਤਰ੍ਹਾਂ ਬਿੜਕ ਲੈਣ ਦੀ ਕੋਸਿ਼ਸ਼ ਕੀਤੀ ਪਰ ਉਪਰ ਬਿਲਕੁਲ ਚੁੱਪ-ਚਾਂ ਸੀ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸੰਦੇਹਪੂਰਨ ਖੜਾਕ ਸੁਣਾਈ ਨਾ ਦਿੱਤਾ। ਜਾਪਦਾ ਹੈ ਕੁੜੀ ਉਪਰ ਹੀ ਹੋਵੇਗੀ। ਉਸਨੇ ਮੈਨੂੰ ਪੜ੍ਹਨ ‘ਚ ਖੁੱਭਿਆ ਹੋਇਆ ਸਮਝ ਲਿਆ ਹੋਣਾ ਐ….ਪਰ। ਉਸਦੇ ਦੂਜੇ ਮਨ ਨੇ ਪਹਿਲਾ ਖਿਆਲ ਰੱਦ ਕਰਕੇ ਪੁੱਤਰ ਦੀ ਸ਼ਾਹਦੀ ਭਰੀ, “ਨਹੀਂ ਨਹੀਂ, ਬੇਟੇ ਦੀ ਹਾਲੇ ਉਮਰ ਹੀ ਕੀ ਐ? ਬਿੰਦੂ ਵੀ ਤਾਂ ਦਸਾਂ-ਬਾਰਾਂ ਸਾਲਾਂ ਦੀ ਨਿੱਕੀ ਬਾਲੜੀ ਈ ਐ।” ਪਰ ਫੇਰ ਪਹਿਲੀ ਸੋਚ ਵਾਲੇ ਮਨ ਦੀਆਂ ਅੱਖਾਂ ਅੱਗੇ ਹਲਕੀ ਉਮਰ ਦੇ ਮੁੰਡੇ-ਕੁੜੀਆਂ ਦੀਆਂ, ਮੀਡੀਏ ਵਿਚ ਰੋਜ਼ ਆਉਂਦੀਆਂ ਕਰਤੂਤਾਂ ਘੁੰਮਣ ਲੱਗੀਆਂ।

ਧੱਕ-ਧੱਕ ਕਰਦੇ ਦਿਲ ਨਾਲ ਪ੍ਰੋ. ਸੰਧੂ ਨੇ ਦੂਜੀ ਮੰਜਿ਼ਲ ‘ਤੇ ਜਾਣ ਦਾ ਫੈਸਲਾ ਕੀਤਾ। ਪੌੜੀਆਂ ਚੜ੍ਹਦਿਆਂ ਜਦ ਉਹ ਇਕ ਪੈਰ ਪੁੱਟ ਕੇ ਦੂਜੇ ਪੌਡੇ ‘ਤੇ ਰੱਖਦੇ ਤਾਂ ਉਨ੍ਹਾਂ ਨੂੰ ਇਉਂ ਭਾਸਦਾ ਜਿਵੇਂ ਇਹ ਮਣਾਂ-ਮੂੰਹੀ ਭਾਰਾ ਹੋ ਗਿਆ ਹੋਵੇ। ਉਹ ਜਾ ਤਾਂ ਰਹੇ ਸਨ ਉਤਲੇ ਕਮਰਿਆਂ ਵਿਚ ਕੁੜੀ ਦੀ ਭਾਲ ਕਰਨ ਪਰ ਦਿਲ ਉਨ੍ਹਾਂ ਦਾ ਅਰਜ਼ੋਈਆਂ ਕਰ ਰਿਹਾ ਸੀ, “ਕੁੜੀ ਹੋਰ ਕਿਤੇ ਭਾਵੇਂ ਜਿਥੇ ਮਰਜ਼ੀ ਚਲੀ ਗਈ ਹੋਵੇ, ਪਰ ਹੇ ਪ੍ਰਭੂ! ਉਹ ਉਤੋਂ ਨਾ ਲੱਭੇ!!” ਮੁੰਡੇ ਦੇ ਕਮਰੇ ਤੱਕ ਪਹੁੰਚਦਿਆਂ ਉਨ੍ਹਾਂ ‘ਕੁਝ ਸੋਚਦਿਆਂ’ ਜਾਣਬੁਝ ਕੇ ਪੈਰਾਂ ਦਾ ਖੜਾਕ ਵੀ ਕੀਤਾ। ਕਮਰੇ ਦਾ ਬੰਦ ਦਰਵਾਜ਼ਾ ਦੇਖ ਕੇ ਪ੍ਰੋ. ਸੰਧੂ ਨੂੰ ਕੱਚੀਆਂ ਤ੍ਰੇਲੀਆਂ ਆ ਗਈਆਂ। ਕੁਝ ਪਲ ਕਮਲਿਆਂ ਵਾਂਗ ਆਲੇ-ਦੁਆਲੇ ਝਾਕਣ ਤੋਂ ਬਾਅਦ ਉਨ੍ਹਾਂ ਤਕੜਾ ਜਿਹਾ ਜ਼ੇਰਾ ਕਰਕੇ ਦਰਵਾਜ਼ਾ ਖੜਕਾਇਆ।

ਅੰਦਰੋਂ ਕੋਈ ਹੁੰਗਾਰਾ ਨਾ ਆਇਆ। ਹੁਣ ਪ੍ਰੋ. ਸੰਧੂ ਦੀ ਸ਼ੱਕ ਯਕੀਨ ਵਿਚ ਬਦਲਣ ਲੱਗੀ। ਜੋ ਕੁਝ ਉਹ ਦੇਖਣਾ ਜਾਂ ਸੁਣਨਾ ਨਹੀਂ ਸੀ ਚਾਹੁੰਦਾ, ਉਨ੍ਹਾਂ ਨੂੰ ਜਾਪਿਆ ਕਿ ਹੁਣ ਉਹ ‘ਹੋਣ’ ਜਾ ਰਿਹਾ ਹੈ। ਕੰਬਦੇ ਹੱਥਾਂ ਨਾਲ ਐਤਕੀਂ ਉਨ੍ਹਾਂ ਕੁਝ ਗੁੱਸੇ ਨਾਲ ਮੁੰਡੇ ਦਾ ਨਾਂ ਲੈ ਕੇ ਦਰਵਾਜ਼ਾ ਖੜਕਾਇਆ। ਸੁਤਨੀਂਦੀ ਆਵਾਜ਼ ‘ਚ ਅੰਦਰੋਂ ‘ਹੂੰ…ਆਂ…ਊਂ…’ ਸੁਣਾਈ ਦਿੱਤਾ। ਪ੍ਰੋ. ਸੰਧੂ ਦੇ ਉਦੋਂ ਸਾਹ ਵਿਚ ਸਾਹ ਆਇਆ, ਜਦੋਂ ਚੁਪੱਟ ਬੂਹਾ ਖੋਲ੍ਹ ਕੇ ਅੱਖਾਂ ਮਲਦਾ ਹੋਇਆ ਮੁੰਡਾ ਬਾਹਰ ਆ ਕੇ ਕਹਿੰਦਾ, “ਡੈਡੀ, ਤੁਸੀਂ ਹਾਲੇ ਕਾਲਜ ਨਹੀਂ ਗਏ?” ਪ੍ਰੋ. ਦਾ ਪਾਰਾ ਇਕ ਦਮ ਥਾਂ ਸਿਰ ਆ ਗਿਆ। ਚਿਹਰੇ ‘ਤੇ ਉਭਰ ਆਏ ਡਰ, ਸ਼ੱਕ ਅਤੇ ਚਿੰਤਾ ਦੇ ਰਲੇ-ਮਿਲੇ ਪ੍ਰਭਾਵਾਂ ਉਪਰ ਕਾਬੂ ਪਾਉਂਦਿਆਂ ਉਨ੍ਹਾਂ ਆਪਣੇ ਪੁੱਤਰ ਨੂੰ ਘਬਰਾਹਟ ਵਿਚ ਦੱਸਿਆ ਕਿ ਮੇਰੇ ਪੜ੍ਹਦੇ-ਪੜ੍ਹਦੇ, ਭਾਂਡੇ ਮਾਂਜ ਕੇ, ਪੋਚੇ ਲਾਉਣ ਲੱਗੀ ਬਿੰਦੂ ਪਤਾ ਨਹੀਂ ਕਿਥੇ ਅਲੋਪ ਹੋ ਗਈ ਹੈ। ਸਾਰਾ ਕੰਮ ਵਿਚੇ ਛੱਡ ਕੇ ਖੌਰੇ ਕਿਧਰ ਦੌੜ ਗਈ।

“ਅਲਮਾਰੀਆਂ ਦੇ ਲਾਕ ਵਗੈਰਾ ਚੈਕ ਕਰ ਲਏ ਤੁਸੀਂ?… ਇਹ ‘ਲੋਕ’ ਬੜੇ ਕਮੀਨੇ ਹੁੰਦੇ ਐ।” ਕੁੜੀ ‘ਤੇ ਚੋਰੀ ਕਰਕੇ ਦੌੜੀ ਹੋਣ ਦਾ ਸ਼ੱਕ ਕਰਦਿਆਂ ਮੁੰਡੇ ਨੇ ਆਪਣੇ ਬਾਪ ਨੂੰ ਪੁੱਛਿਆ। “ਪਹਿਲਾਂ ਤਾਂ ਕਦੇ ਇਨ੍ਹਾਂ ਮਾਵਾਂ-ਧੀਆਂ ਦੀ ਕੋਈ ਅਜਿਹੀ ਸਿ਼ਕਾਇਤ ਨਹੀਂ ਆਈ, ਪਰ…।” ਦੋਵੇਂ ਪਿਉ-ਪੁੱਤਰ ਆਪਸ ‘ਚ ਸਲਾਹਾਂ ਕਰਦੇ ਥੱਲੇ ਉਤਰ ਆਏ। ਮੁੰਡਾ ਸਿੱਧਾ ਹੀ ਉਸ ਅਲਮਾਰੀ ਅੱਗੇ ਜਾ ਖੜ੍ਹਾ ਹੋਇਆ, ਜਿਥੇ ਉਸ ਦੀ ਮੰਮੀ ਦਾ ਪੈਸਿਆਂ ਵਾਲਾ ਲੈਦਰ ਦਾ ਪਰਸ ਪਿਆ ਹੁੰਦਾ ਸੀ। ਅਲਮਾਰੀ ਨੂੰ ਜਿੰਦਰਾ ਨਹੀਂ ਸੀ ਲੱਗਾ ਹੋਇਆ। ਖੋਲ੍ਹ ਕੇ ਦੇਖਿਆ ਤਾਂ ਵਿਚ ਪਰਸ ਵੀ ਖੁੱਲ੍ਹਾ ਪਿਆ ਸੀ। ਹੁਣ ਉਨ੍ਹਾਂ ਨੂੰ ਕੁੜੀ ‘ਤੇ ਚੋਰੀ ਦਾ ਸ਼ੱਕ ਪੱਕਾ ਹੋ ਗਿਆ। ਮੁੰਡੇ ਨੇ ਆਪਣੀ ਮਾਂ ਨਾਲ ਪਰਸ ਵਿਚ ਪਏ ਪੈਸਿਆਂ ਬਾਰੇ ਜਾਨਣ ਲਈ ਫੋਨ ‘ਤੇ ਗੱਲ ਕਰਨੀ ਚਾਹੀ ਪਰ ਉਹ ਉਸ ਵਕਤ ਆਪ੍ਰੇਸ਼ਨ ਥੀਏਟਰ ਵਿਚ ਮਸ਼ਰੂਫ ਸੀ। ਪੁਲਿਸ ਨੂੰ ਕਾਲ ਕਰਨ ਤੋਂ ਪਹਿਲਾਂ ਦੋਹਾਂ ਜਣਿਆਂ ਨੇ ਇਕ ਵਾਰ ਫਿਰ ਘਰ ਦੀ ਛਾਣਬੀਣ ਕਰਨ ਦੀ ਸੋਚੀ। ਸਟੋਰ ਅਤੇ ਬੈਡਰੂਮਾਂ ਵਲ ਮੁੰਡਾ ਚਲਾ ਗਿਆ। ਉਸਦਾ ਬਾਪ ਡਰਾਇੰਗ ਰੂਮ ਵਿਚ ਜਾ ਵੜਿਆ, ਜਿਥੇ ਫੀਨਾਈਲ ਰਲੇ ਪਾਣੀ ਦੀ ਬਾਲਟੀ ਪਈ ਸੀ। ਇਥੇ ਛੱਤ ਵਾਲਾ ਪੱਖਾ ਫੁੱਲ ਸਪੀਡ ਵਿਚ ਚਲ ਰਿਹਾ ਸੀ। ਹਵਾ ਦੇ ਫਰਾਟਿਆਂ ਨਾਲ ਤਾਕੀਆਂ-ਦਰਵਾਜਿ਼ਆਂ ਨਾਲ ਲਟਕਦੇ ਲੰਮੇ-ਲੰਮੇ ਪਰਦੇ ਝੂਲ ਰਹੇ ਸਨ। ਪ੍ਰੋਫੈਸਰ ਨੇ ਪੱਖਾ ਬੰਦ ਕੀਤਾ। ਅੱਗੇ ਵਧ ਕੇ ਉਨ੍ਹਾਂ ਪਰਦਿਆਂ ਨੂੰ ਥਾਂ-ਸਿਰ ਕਰਨ ਦੀ ਸੋਚੀ। ਸੋਫੇ ਦੀ ਦਰਵਾਜ਼ੇ ਨਾਲ ਲੱਗਦੀ ਬਾਹੀ ਉਪਰ ਪਿਆ ਦਰਵਾਜ਼ੇ ਦਾ ਲੰਮਾ ਪਰਦਾ ਜਿਉਂ ਹੀ ਪ੍ਰੋ. ਸੰਧੂ ਨੇ ਚੁੱਕਿਆ ਤਾਂ ਥੱਲੇ ਦਾ ਦ੍ਰਿਸ਼ ਦੇਖ ਕੇ ਉਹ ‘ਸੁੰਨ’ ਹੋ ਕੇ ਰਹਿ ਗਏ। ਸੋਫੇ ਨਾਲ ਸਿਰ ਲਾ ਕੇ ਬਿੰਦੂ ਗੁੱਛਾ-ਮੁੱਛਾ ਹੋਈ ਸੁੱਤੀ ਪਈ ਸੀ। ਉਸਦੇ ਮੂਹਰੇ ਹੀ ਤੁੱਥ-ਮੁੱਥ ਹੋਇਆ ਪੋਚੇ ਲਾਉਣ ਵਾਲਾ ਕੱਪੜਾ ਪਿਆ ਸੀ। ਸੁਵੱਖਤੇ ਉਠ ਕੇ ਕੁਝ ਘਰਾਂ ‘ਚ ਕੰਮ ਕਰਦੀ ਆਈ, ਗਰੀਬਣੀ ਬਾਲੜੀ ਦਾ ਥੱਕਿਆ ਬਚਪਨ, ਉਨੀਂਦਰੇ ਦੀ ਮਾਰ ਨਾ ਝੱਲ ਸਕਿਆ।

ਤਰਲੋਚਨ ਸਿੰਘ ਦੁਪਾਲਪੁਰ