Friday, September 24, 2010

ਲੋੜ ਪੈ ਗਈ ਦਿੱਤ ਸਿੰਘ ਦੀ!

ਫਿਲੌਰ ਲਾਗੇ ਦੇ ਇਤਿਹਾਸਕ ਗੁਰਦੁਆਰਾ ਮੌ। ਸਾਹਿਬ ਵਿਖੇ ਹੋਏ ਜੋੜ-ਮੇਲੇ ਵਿਚ ਹਾਜ਼ਰੀ ਭਰ ਕੇ ਮੈਂ ਆਪਣੇ ਪਿੰਡ ਨੂੰ ਵਾਪਸ ਪਰਤ ਰਿਹਾ ਸਾਂ। ਵਾਇਆ ਰਾਹੋਂ, ਰੋਪੜ ਜਾ ਰਹੀ ਬੱਸ, ਪਹਿਲੋਂ ਹੀ ਖਚਾ-ਖਚ ਭਰੀ ਪਈ ਸੀ ਪਰ ਰਾਹੋਂ ਦੇ ਅੱਡੇ ਤੋਂ ਕੁਝ ਹੋਰ ਸਵਾਰੀਆਂ ਧੱਕਾ-ਮੁੱਕੀ ਕਰਦੀਆਂ ਬੱਸ ‘ਚ ਆ ਵੜੀਆਂ। ਵਿਚਕਾਰ ਖੜ੍ਹੀਆਂ ਸਵਾਰੀਆਂ ਨੂੰ ਅਗਾਂਹ-ਪਿਛਾਂਹ ਧੱਕ ਕੇ ਰਾਹ ਬਣਾਉਂਦਿਆਂ ਹੋਇਆਂ ਕੰਡਕਟਰ ਨਾਲੋ-ਨਾਲ ਟਿਕਟਾਂ ਕੱਟੀ ਜਾ ਰਿਹਾ ਸੀ। ਰਾਹੋਂ ਤੋਂ ਬੱਸੇ ਚੜ੍ਹੀ ਇਕ ਅਧਖੜ ਉਮਰ ਦੀ ਜਨਾਨੀ ਨੇ, ਕੰਡਕਟਰ ਨੇੜੇ ਆਇਆ ਦੇਖ ਕੇ ਆਪਣੇ ਕੁੱਛੜ ਚੁੱਕਿਆ ਬੱਚਾ ਥੱਲੇ ਲਾਹ ਦਿੱਤਾ ਅਤੇ ਦੂਜੇ ਹੱਥ ਵਿਚ ਫੜੇ ਹੋਏ ਡੋਲੂ ਨੂੰ ਸੰਭਾਲਦਿਆਂ, ਵੱਖੀ ਵਾਲੀ ਜੇਭ ਫਰੋਲਣੀ ਸ਼ੁਰੂ ਕਰ ਦਿੱਤੀ। “ਕਿੱਥੇ ਜਾਣੈ ਬੀਬੀ ਤੈਂ?” ਕੰਡਕਟਰ ਵਲੋਂ ਪੁੱਛੇ ਜਾਣ ‘ਤੇ ਉਹ ਜਨਾਨੀ ਰੁਮਾਲ ਦੀਆਂ ਤਹਿਆਂ ਵਿਚੋਂ ਨੋਟ ਕੱਢ ਕੇ ਕੰਡਕਟਰ ਨੂੰ ਫੜਾਉਂਦਿਆਂ ਬੋਲੀ, “ਭਾਈ, ਬਾਬੇ ਦੇ ਲਾਹ ਦੇਈਂ!” ਇੰਨੇ ਨੂੰ ਜ਼ੋਰਦਾਰ ਬਰੇਕ ਵੱਜਣ ਨਾਲ ਉਸਦੇ ਹੱਥ ‘ਚ ਫੜਿਆ ਡੋਲੂ ਡੰਡੇ ਨਾਲ ਜਾ ਵੱਜਾ ਤੇ ਉਸ ਦਾ ਢੱਕਣ ਖੁੱਲ੍ਹ ਗਿਆ। ਉਛਾਲਾ ਜਿਹਾ ਵੱਜ ਕੇ ਡੋਲੂ ਵਿਚਲਾ ਦੁੱਧ ਕੰਡਕਟਰ ਦੀ ਪੈਂਟ ‘ਤੇ ਡੁੱਲ੍ਹ ਗਿਆ ਅਤੇ ਕਈ ਸਵਾਰੀਆਂ ਦੇ ਮੋਡਿਆਂ ‘ਤੇ ਛਿੱਟੇ ਪੈ ਗਏ। ਹੋ-ਹੱਲਾ ਜਿਹਾ ਮੱਚਣ ਨਾਲ ਕੰਡਕਟਰ ਨੂੰ ਸ਼ਾਇਦ ਉਸ ਜਨਾਨੀ ਦਾ ਜਵਾਬ ਸੁਣਿਆ ਨਹੀਂ ਹੋਵੇਗਾ। ਦੁੱਧ ਨਾਲ ਪੈਂਟ ਲਿੱਬੜਣ ਕਰਕੇ ਖਿਝਿਆ-ਸੜਿਆ ਕੰਡਕਟਰ ਫਿਰ ਚੀਕਿਆ-“ਕਿੱਥੇ ਦੀ ਟਿਕਟ ਦੇਵਾਂ ਤੈਨੂੰ?” ਛਿੱਥੀ ਜਿਹੀ ਪਈ ਉਸ ਜਨਾਨੀ ਨੇ ਜਦ, “ਬਾਬੇ ਦੇ ਜਾਣੈ ਭਾਈ।” ਆਖਿਆ ਤਾਂ ਕੰਡਕਟਰ ਪਾਟੇ ਬਾਂਸ ਵਰਗੀ ਆਵਾਜ਼ ਕੱਢ ਕੇ ਭੁੜਕਿਆ-“ਕਿਹੜੇ ਬਾਬੇ ਦੇ?…ਕਿਸੇ ‘ਕੰਜਰ’ ਦਾ ਨਾਂ ਤਾਂ ਲੈ!…ਐਸ ਰੋਡ ‘ਤੇ ਮੀਲ ਮੀਲ ਉਪਰ ਤਾਂ ‘ਬਾਬਾ’ ਐ…ਮੈਨੂੰ ਕੀ ਪਤਾ ਤੂੰ ਕਿਹੜੇ ‘ਨੱਖਟੂ’ ਨੂੰ ਦੁੱਧ ‘ਛਕਾਉਣ’ ਤੁਰੀ ਹੋਈ ਐਂ!!”

ਕੰਡਕਟਰ ਵਿਚਾਰਾ ਬਿਲਕੁਲ ਸੱਚਾ ਸੀ, ਕਿਉਂਕਿ ਰਾਹੋਂ ਟੱਪਦਿਆਂ ਹੀ ਸੜਕ ਦੇ ਦੋਹੀਂ ਪਾਸੀਂ ਥਾਂ-ਥਾਂ ਗੱਡੇ ਹੋਏ ਬੋਰਡਾਂ ਉਪਰ ਇਹੀ ਕੁਝ ਨਜ਼ਰੀਂ ਪੈਂਦਾ ਹੈ-ਸਾਂਈਂ ਸੇਹਲੀਆਣਾ ਜੀ, ਪੀਰ ਰੌਸ਼ਨ ਵਲੀ ਜੀ, ਮਜ਼ਾਰ ਸ਼ਾਹ ਅਲੀ ਜੀ, ਬਾਬਾ ਬਾਂਕੇ ਸ਼ਾਹ, ਨੌਗੱਜਾ ਪੀਰ, ਤੋੜੇ ਸ਼ਾਹ ਅਤੇ ਪੰਜ ਪੀਰ ਆਦਿ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਗੋਤਾਂ ਦੇ ਜਠੇਰਿਆਂ ਦੀ ਦੱਸ ਪਾਉਂਦੇ ਬੋਰਡ ਅਲੱਗ ਦਿਖਾਈ ਦਿੰਦੇ ਹਨ। ਇਨ੍ਹਾਂ ਵਿਚੋਂ ਹੀ ਕਿਸੇ ਇਕ ‘ਅਸਥਾਨ’ ‘ਤੇ ਬਿਰਾਜ ਰਹੇ ਹਰੇ ਜਾਂ ਭਗਵੇਂ ਚੋਲੇ ਵਾਲੇ ‘ਬਾਬੇ’ ਲਈ, ਉਕਤ ਬੱਸ ਵਾਲੀ ਬੀਬੀ ਦੁੱਧ ਲੈ ਕੇ ਜਾ ਰਹੀ ਸੀ। ਆਪਣੇ ਵਿਸ਼ੇ ਦੀ ਅਗਲੀ ਲੜੀ ਸ਼ੁਰੂ ਕਰਨ ਤੋਂ ਪਹਿਲਾਂ ਇਸੇ ਇਲਾਕੇ ਦੀ ਇਕ ‘ਸਿਫਤ’ ਹੋਰ ਕਰਦਾ ਜਾਵਾਂ!
ਜਿਵੇਂ ਪਾਕਿਸਤਾਨੀ ਪੰਜਾਬ ਵਿਚ ਕਿਸੇ ਟੇਕ ਸਿੰਘ ਨਾਂ ਦੇ ਦਾਨਿਸ਼ਵਰ ਇਨਸਾਨ ਦੇ ਨਾਂ ‘ਤੇ ਪਿੰਡ ਵਸਿਆ ਹੋਇਆ ਹੈ, ਟੋਭਾ ਟੇਕ ਸਿੰਘ, ਇਸੇ ਤਰ੍ਹਾਂ ਮੇਰੇ ਜਿ਼ਲੇ ਨਵਾਂਸ਼ਹਿਰ ਦਾ ਬੜ ਪ੍ਰਸਿੱਧ ਪਿੰਡ ਹੈ-ਗੜ੍ਹੀ ਅਜੀਤ ਸਿੰਘ। ਮੇਰਾ ਇਹ ਮੰਨਣਾ ਹੈ ਕਿ ਇਹ ਟੇਕ ਸਿੰਘ ਅਤੇ ਅਜੀਤ ਸਿੰਘ ਕੋਈ ਐਰੇ-ਗੈਰੇ ਮਨੁੱਖ ਨਹੀਂ ਹੋਣਗੇ, ਸਗੋਂ ਸਿੱਖ ਫਲਸਫੇ ਦੇ ਧਾਰਨੀ ਗੁਰਮੁਖ ਪਿਆਰੇ ਹੋਣਗੇ, ਜਿਨ੍ਹਾਂ ਦੀਆਂ ਅਕੱਥ ਕਰਨੀਆਂ ਸਦਕਾ, ਇਨ੍ਹਾਂ ਦੋਹਾਂ ਦੇ ਗੌਰਵਮਈ ਨਾਮ, ਆਪਣੇ ਆਪਣੇ ਪਿੰਡਾਂ ਦੇ ਨਾਵਾਂ ਨਾਲ ਸਦਾ ਲਈ ਪੱਕੇ ਜੁੜ ਗਏ। ਇਸੇ ਗੜ੍ਹੀ ਅਜੀਤ ਸਿੰਘ ਪਿੰਡ ਵਲੋਂ ਸਾਲ ਵਿਚ ਇਕ ਵਾਰ ਬੜਾ ਭਾਰੀ ਛਿੰਝ ਮੇਲਾ ਕਰਵਾਇਆ ਜਾਂਦਾ ਹੈ। ਇਸ ਸਾਲਾਨਾ ਮੇਲੇ ਦੀ ਇਸ਼ਤਿਹਾਰਬਾਜ਼ੀ ਹਿੱਤ ਭਾਰੀ ਗਿਣਤੀ ਵਿਚ ਵੱਡੇ ਵੱਡੇ ਰੰਗ-ਬਰੰਗੇ ਇਸ਼ਤਿਹਾਰ/ਬੈਨਰ ਛਪਵਾਏ ਜਾਂਦੇ ਹਨ ਜਿਨ੍ਹਾਂ ਦੇ ਹੈਡਿੰਗ ਵਿਚ ਮੋਟੇ-ਮੋਟੇ ਅੱਖਰਾਂ ‘ਚ ਲਿਖਿਆ ਹੁੰਦਾ ਹੈ-‘ਮਹਾਨ ਬਾਬਾ-ਏ-ਪੰਜ ਪੀਰ ਦੀ ਮੁਬਾਰਕ ਯਾਦ ਵਿਚ ਛਿੰਝ ਮੇਲਾ।’ ਪਿੰਡ ਹੋਵੇ ਭਾਈ ਅਜੀਤ ਸਿੰਘ ਦੇ ਨਾਂ ‘ਤੇ ਵੱਸਿਆ ਹੋਇਆ, ਪਰ ਅੱਜ ਉਥੋਂ ਦੇ ਬਾਸਿ਼ੰਦਿਆਂ ਦਾ ‘ਬਾਬਾ-ਏ-ਕੌਮ’ ਬਣ ਗਿਆ ਪੰਜ ਪੀਰ!
ਇਥੇ ਜੁੜਦੇ ‘ਭਾਰੀ ਇਕੱਠ’ ਨੂੰ ਤਥਾ-ਕਥਿਤ ਕਲਾਕਾਰ ਜੋ ਕੁਝ ਪਰੋਸਦੇ ਹਨ, ਉਸ ਦਾ ਜਿ਼ਕਰ ਕਰਨ ਦੀ ਲੋੜ ਨਹੀਂ, ਸਭ ਨੂੰ ਪਤਾ ਹੀ ਹੈ। ਜੇ ਅਕਾਲੀ ਸਰਕਾਰ ਹੋਵੇ ਤਾਂ ਨੀਲੀ ਪੱਗ ਵਾਲਾ ਮੰਤਰੀ, ਜੇ ਕਾਂਗਰਸ ਹਕੂਮਤ ਹੋਵੇ ਤਾਂ ਚਿੱਟੀ ਪੱਗ ਜਾਂ ਟੋਪੀ ਵਾਲਾ ਵਜ਼ੀਰ, ਇਥੇ ਪੰਜਾਂ ਪੀਰਾਂ ਨੂੰ ‘ਸ਼ਰਧਾ ਦੇ ਫੁੱਲ’ ਭੇਟ ਕਰਨ ਜ਼ਰੂਰ ਆਉਂਦਾ ਹੈ। ਭਾਸ਼ਨ ਦੋਹਾਂ ਦਾ ਇਕੋ ਜਿਹਾ ਹੀ ਹੁੰਦਾ ਹੈ:
‘…ਇਹ ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਸੂਰਬੀਰਾਂ ਦੀ ਧਰਤੀ ਹੈ…ਉਨ੍ਹਾਂ ਦੀ ਪਵਿੱਤਰ ਯਾਦ ਵਿਚ ਥਾਂ-ਥਾਂ ਮੇਲੇ ਲੱਗਦੇ ਹਨ…ਇਹੋ ਜਿਹੇ ਮੇਲਿਆਂ ਨਾਲ ਸਮੂਹ ਪੰਜਾਬੀਆਂ ਦੀ ਭਾਈਚਾਰਕ ਸਾਂਝ ਹੋਰ ਪੀਢੀ ਹੁੰਦੀ ਹੈ…ਗੁਰੂ-ਪੀਰ ਸਭ ਦੇ ਸਾਂਝੇ ਹੁੰਦੇ ਹਨ…ਸਾਡੇ ਨੌਜਵਾਨਾਂ ਨੂੰ ਇਨ੍ਹਾਂ ਮੇਲਿਆਂ ਤੋਂ ਨਸ਼ਾ-ਰਹਿਤ ਹੋਣ ਦਾ ਸੰਦੇਸ਼ ਮਿਲਦਾ ਹੈ…ਪ੍ਰਬੰਧਕਾਂ ਦਾ ਇਹ ਬਹੁਤ ਹੀ ਸਲਾਹੁਣਯੋਗ ‘ਉੱਦਮ’ ਹੈ-ਵਗੈਰਾ ਵਗੈਰਾ।’
ਇਕੱਲੇ ਰਾਹੋਂ ਰੋਡ ਵਾਲੇ ਬਾਬਿਆਂ ਜਾਂ ਗੜ੍ਹੀ ਅਜੀਤ ਸਿੰਘ ਦੇ ਪੰਜਾਂ ਪੀਰਾਂ ਦੀ ਗੱਲ ਤਾਂ ਕੇਵਲ ਇਕ ਮਿਸਾਲ ਹੈ, ਜਦਕਿ ਹਕੀਕਤ ਵਿਚ ਸਾਰਾ ਪੰਜਾਬ ਹੀ ਗੁੱਗਿਆਂ, ਨੌਗੱਜਿਆਂ, ਪੰਜਾਂ ਪੀਰਾਂ, ਮਜੌਰਾਂ, ਕਬਰਾਂ ਅਤੇ ਜਠੇਰਿਆਂ ਦੀ ਲਪੇਟ ਵਿਚ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਚੁੱਲ੍ਹੇ ‘ਤੇ ਰਿੱਝਦੀ ਦਾਲ ਦਾ ਕੱਚ-ਪੱਕ ਦੇਖਣ ਵਾਂਗ ਜੇ ਇਹ ਨਜ਼ਾਰਾ ਦੇਖਣਾ ਹੋਵੇ ਤਾਂ ਫਗਵਾੜੇ ਤੋਂ ਰੋਪੜ, ਵਾਇਆ ਨਵਾਂਸ਼ਹਿਰ ਸਫ਼ਰ ਕਰ ਕੇ ਦੇਖੋ।
ਆਲੇ ਦੁਆਲੇ ਖੇਤਾਂ ਵਿਚ ਦੂਰ ਦੂਰ ਤੱਕ, ਵੱਖ ਵੱਖ ਆਕਾਰਾਂ ਦੇ ਦੂਧੀਆ ਰੰਗੇ ਗੁੰਬਦ ਹੀ ਗੁੰਬਦ ਨਜ਼ਰੀਂ ਪੈਂਦੇ ਹਨ। ‘ਸਮਾਲ-ਸਕੇਲ ਮੜ੍ਹੀਆਂ’ ਦਾ ਕੋਈ ਅੰਤ ਹੀ ਨਹੀਂ। ਇਨ੍ਹਾਂ ਵਿਚੋਂ ਬਹੁਤੇ ‘ਅਸਥਾਨਾਂ’ ਉਪਰ ਝੂਲ ਰਹੇ ਕੇਸਰੀ ਜਾਂ ਬਸੰਤੀ ਰੰਗ ਦੇ ਝੰਡੇ, ਲੰਘਦੇ ਵੜਦੇ ਸਿੱਖਾਂ ਦਾ ਅਤੇ ਸਿੱਖੀ ਦਾ ਮੂੰਹ ਚਿੜਾ ਰਹੇ ਪ੍ਰਤੀਤ ਹੁੰਦੇ ਹਨ। ਪਰਵਾਸੀਆਂ ਸਦਕਾ ਆਈ ਅਮੀਰੀ ਦੀ ਕਿਰਪਾ ਨਾਲ ਗੁੱਗੇ ਜਾਹਰ ਪੀਰਾਂ ਦੀਆਂ ਡੁੱਡ੍ਹਾਂ, ਪੰਜਾਂ ਪੀਰਾਂ ਦੀਆਂ ਅਣਗੌਲੀਆਂ ਪਈਆਂ ਕਬਰਾਂ, ਜਠੇਰਿਆਂ ਦੀਆਂ ਨਿੱਕੀਆਂ ਮੜ੍ਹੀਆਂ ਉਪਰ ਆਲੀਸ਼ਾਨ ਬਿਲਡਿੰਗਾਂ ਤਾਮੀਰ ਹੋ ਚੁੱਕੀਆਂ ਹਨ। ਸਥਾਨਕ ਲੋਕਾਂ ਦੀਆਂ ਮਨੌਤਾਂ ਅਨੁਸਾਰ ‘ਕਰੜੇ’ ਮੰਨੇ ਜਾਂਦੇ ਇਨ੍ਹਾਂ ਸਥਾਨਾਂ ‘ਤੇ ਡੇਰੇ ਬਣਾ ਕੇ ਬੈਠੇ ਹਨ ਭੰਗ ਮਲਣ ਵਾਲੇ, ਚਰਸ, ਜ਼ਰਦੇ, ਤੰਬਾਕੂ ਆਦਿ ਨਸ਼ੇ ਨਿਰਸੰਕੋਚ ਪੀਣ ਵਾਲੇ ਬਾਬੇ!’ ਬਹੁਤੀ ਥਾਈਂ ਇਹ ਬਾਬੇ, ‘ਸਿਆਣੇ’ ਦੇ ਰੂਪ ਵਿਚ, ਬੀਬੀਆਂ ਨੂੰ ਹੋਣ ਵਾਲੀ ‘ਬਾਹਰਲੀ ਕਸਰ’ ਦਾ ਇਲਾਜ ਕਰਨ ਦੇ ਨਾਂ ਹੇਠ, ਸਰੀਰਕ ਤੇ ਆਰਥਿਕ ਸ਼ੋਸ਼ਣ ਵੀ ਕਰਦੇ ਹਨ। ਨਵੀਂ ਪਨੀਰੀ ਨੂੰ ਵੱਖ ਵੱਖ ਨਸਿ਼ਆਂ ਦਾ ਸੇਵਨ ਕਰਨ ਲਈ ਸਮੱਗਰੀ, ਸਮਾਂ ਤੇ ਢੁਕਵਾਂ ਸਥਾਨ ਵੀ ਇਨ੍ਹਾਂ ਡੇਰਿਆਂ ਵਲੋਂ ਉਪਲਬਧ ਕਰਵਾਉਣ ਦੇ ਸਮਾਚਾਰ ਹਨ। ਆਮ ਕਰਕੇ ਹਾੜ੍ਹ ਦੇ ਦੇਸੀ ਮਹੀਨੇ ਇਨ੍ਹਾਂ ਮਜੌਰਾਂ ਵਲੋਂ ‘ਸਭਿਆਚਾਰਕ ਮੇਲੇ’ ਆਯੋਜਿਤ ਕਰਵਾਏ ਜਾਂਦੇ ਹਨ। ਇਨ੍ਹਾਂ ਮੇਲਿਆਂ ਵਿਚ ਗਾਈਆਂ ਜਾਂਦੀਆਂ ‘ਲੁੱਚ-ਘੜਿੱਚੀਆਂ’ ਸੁਣਦਿਆਂ ਸ਼ਾਇਦ ਇਹ ਪੀਰ ਫਕੀਰ ਵੀ ਕੰਨੀ ਉਂਗਲਾਂ ਪਾ ਲੈਂਦੇ ਹੋਣਗੇ! ਜਾਂ ਉਨ੍ਹਾਂ ਦੀਆਂ ਰੂਹਾਂ ਮੇਲੇ ਵਾਲੇ ਦਿਨ ਕਿਤੇ ਸੈਰ-ਸਪਾਟੇ ਲਈ ਦੂਰ-ਨੇੜੇ ਚਲੀਆਂ ਗਈਆਂ ਹੋਣਗੀਆਂ!!
ਉਂਜ ਤਾਂ ਸਾਰਾ ਮੀਡੀਆ, ਪਰ ਖ਼ਾਸ ਕਰਕੇ ਜਲੰਧਰੋਂ ਛਪਦਾ ਇਕ ਪੰਜਾਬੀ ਅਖ਼ਬਾਰ ਉਕਤ ‘ਲੁੱਚ-ਮੇਲਿਆਂ’ ਦੀ ਕਵਰੇਜ ਨੂੰ ਪ੍ਰਮੁੱਖਤਾ ਨਾਲ ਛਾਪਦਾ ਹੈ। ਜੇ ਕਿਸੇ ਨੂੰ ਆਪਣੇ ਗੋਤ ਦੇ ਜਠੇਰਿਆਂ ਦੀ ‘ਲੋਕੇਸ਼ਨ’ ਦਾ ਪਤਾ ਨਾ ਹੋਵੇ, ਤਾਂ ਹਫਤਾ ਕੁ ਭਰ ਇਹ ਜਲੰਧਰੀ ਅਖਬਾਰ ਪੜ੍ਹ ਲੈਣੀ ਚਾਹੀਦੀ ਹੈ। ਇਸ ਦੇ ਕੁਝ ਕੁ ਸਫੇ ਸਿਰਫ ‘ਇਨਸਾਈਕਲੋਪੀਡੀਆ ਆਫ਼ ਜਠੇਰੇ’ ਦਾ ਰੂਪ ਹੀ ਹੁੰਦੇ ਹਨ। ਕੁਝ ਮਜੌਰਾਂ ਦੇ ਨਾਵਾਂ ਦੀ ਵੰਨਗੀ ਦੇਖੋ-ਸਾਂਈਂ ਗੁਰਮੀਤ ਸ਼ਾਹ, ਭਗਤ ਹਰਦੇਵ ਸ਼ਾਹ, ਸਾਂਈਂ ਨਿੰਮੋ ਜਾਂ ਗੁਰਮੇਜ ਅਲੀ! ਇਨ੍ਹਾਂ ਭੜੂਆਂ ਨੂੰ ਕੋਈ ਪੁੱਛੇ ਕਿ ‘ਸ਼ਾਹ-ਸਾਂਈਂ-ਅਲੀ’ ਜੈਸੀ ਇਸਲਾਮਿਕ ਸ਼ਬਦਾਵਲੀ ਵਿਚ ਗੁਰਮੀਤ, ਹਰਦੇਵ ਜਾਂ ਗੁਰਮੇਜ ਕਿਵੇਂ ਜੁੜ ਗਏ? ਖ਼ੁਦਾ ਨਾ ਖ਼ਾਸਤਾ ਜੇ ਕਿਤੇ ਪੰਜਾਬ ਤੋਂ ਉਜੜ ਕੇ ਪਾਕਿਸਤਾਨ ਗਏ ਮੁਸਲਿਮ ਭਰਾ ਆਪਣੇ ਪੰਜਾਂ ਪੀਰਾਂ ਜਾਂ ਖਾਨਗਾਹਾਂ ‘ਤੇ ਬੈਠੇ ਇਨ੍ਹਾਂ ਬਾਬਿਆਂ ਦੇ ਕਾਰਨਾਮੇ ਦੇਖ ਲੈਣ ਤਾਂ ਪੰਜਾਬੀ ਦੇ ਅਖਾਣ ਵਾਂਗ ‘ਸੌ ਮਾਰ ਕੇ ਇਕ ਗਿਣਨ।’
ਕੋਈ ਹੋਰ ਜਿਥੇ ਮਰਜ਼ੀ ਧੱਕੇ ਖਾਵੇ, ਪਰ ਜਦੋਂ ਉਪਰੋਕਤ ਥਾਵਾਂ ‘ਤੇ ਪੱਗਾਂ ਵਾਲੇ ਫਿਰਦੇ ਦੇਖੀਦੇ ਹਨ, ਸਿੱਖ ਬੀਬੀਆਂ ਦੇ ਝੁਰਮਟ ਨਜ਼ਰੀਂ ਪੈਂਦੇ ਹਨ ਤਾਂ ਦਿਲ ‘ਚੋਂ ਚੀਸ ਉੱਠਦੀ ਹੈ। ਅੱਖਾਂ ‘ਚੋਂ ਪਾਣੀ ਨਹੀਂ, ਲਹੂ ਸਿੰਮਦਾ ਹੈ, ਜਦ ਕੇਸਗੜ੍ਹ ਸਾਹਿਬ ਦੇ ਤਖ਼ਤ ‘ਤੇ ਸਾਜੇ ਪਰਮ-ਮਨੁੱਖ ਖਾਲਸੇ ਨੂੰ ਗੁੱਗਿਆਂ, ਕਬਰਾਂ ਤੇ ਜਠੇਰਿਆਂ ਮੋਹਰੇ ਨੱਕ ਰਗੜ ਰਿਹਾ ਤੱਕੀਦਾ ਹੈ। ਕੀ ਗੁਰੂ ਦੇ ਨਾਂ ‘ਤੇ ਵੱਸਦੇ ਪੰਜਾਬ ਦੀ ਧਰਤੀ ਉੱਪਰ ਇਹ ਹਨੇਰ-ਗਰਦੀ ਅਤੇ ਰੋਲ-ਘਚੋਲਾ, ਸਾਡੇ ਸਮਿਆਂ ਵਿਚ ਹੀ ਮਚਿਆ ਹੈ ਜਾਂ ਇਹ ਅਣਹੋਣੀ ਕਦੇ ਪਹਿਲੋਂ ਵੀ ਵਰਤੀ ਹੈ? ਕੀ ਇਹ ਸਾਨੂੰ ਅਸਾਧ ਰੋਗ ਹੀ ਆ ਚੰਬੜਿਆ ਹੈ ਜਾਂ ਇਹਦਾ ਕੋਈ ਇਲਾਜ ਵੀ ਹੋ ਸਕਦਾ ਹੈ? ਇਨ੍ਹਾਂ ਦਰਦਮੰਦ ਸਵਾਲਾਂ ਦਾ ਜਵਾਬ ਲੱਭਣ ਲਈ ਮੇਰੇ ਹੱਥ ਲੱਗ ਗਈ ਇਕ ਪੁਸਤਕ-‘ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ!’ ਜਿਸ ਦੇ ਲੇਖਕ ਹਨ ਗੁਰਪੁਰ ਵਾਸੀ ਗਿਆਨੀ ਦਿੱਤ ਸਿੰਘ, ਜਿਨ੍ਹਾਂ ਦੀ ਸਾਲਾਨਾ ਯਾਦ ਸਤੰਬਰ ਦੇ ਪਹਿਲੇ ਹਫ਼ਤੇ ਮਨਾਈ ਜਾ ਰਹੀ ਹੈ। ਸਿੰਘ ਸਭਾ ਲਹਿਰ ਦੇ ਇਸ ਅਣਥੱਕ ਪ੍ਰਚਾਰਕ ਨੇ ਇਸ ਕਿਤਾਬ ਵਿਚ ਬੜੇ ਹੀ ਰੌਚਿਕ ਤਰੀਕੇ ਨਾਲ ਕਬਰ-ਪੂਜ ‘ਸਿੱਖਾਂ’ ਨੂੰ ਅਕਲ ਦਿੱਤੀ ਹੈ। ਉਪਰ ਵਰਨਣ ਕੀਤੇ ਗਏ ਪੰਜਾਬ ਦੇ ਅੰਧੇਰਮਈ ਹਾਲਾਤ ਨੂੰ ਠੱਲ੍ਹ ਪਾਉਣ ਲਈ, ਇਸ ਕਿਤਾਬ ਵਿਚੋਂ ਕੁਝ ਟੋਟਕਿਆਂ ਦੀ ਆਪਣੇ ਪਾਠਕਾਂ ਨਾਲ ਸਾਂਝ ਪਾ ਰਿਹਾ ਹਾਂ:
ਪਹਿਲਾਂ ਦੁਆਬੇ ਵਾਲਿਆਂ ਨੂੰ ਭਾਈ ਸਾਹਿਬ ਦੀ ਵੰਗਾਰ ਸੁਣ ਲਉ;
ਝੁੱਡੂ ਫੇਰ ਦੁਆਬਾ
ਇਸਨੇ ਕਾਬੂ ਕੀਤਾ ਸਾਰਾ।
ਪੀਰ ਖਾਨਿਆਂ ਨੂੰ ਜਾ ਪੂਜੇ,
ਆਪਣਾ ਧਰਮ ਵਿਸਾਰਾ।
ਗੁਰ ਦੀ ਸ਼ਰਨ ਤਿਆਗੀ
ਭੈੜੇ, ਔਝੜ ਰਸਤੇ ਪਏ ਅਵੈੜੇ।
ਧ੍ਰਿਗ ਅਕਲ ਇਸਦੀ ਹੈ ਭਾਈ।
ਹੋ ਦੁਆਬੇ ਦੇ ਲੋਕ ਸ਼ੁਦਾਈ?
ਧੌਂਕਲ ਪੀਰ ਦੇ ਡੇਰੇ ਨੂੰ ਨੱਠੇ ਜਾਂਦੇ ਮਝੈਲਾਂ ਨੂੰ ਲਲਕਾਰ ਪੜ੍ਹੋ ;
ਹਾਏ ਮਝੈਲੋ!
ਸੁਣੇ ਥੇ, ਤੁਸੀਂ ਬਹਾਦਰ ਲੋਗ।
ਪਰ ਇਹ ਲੱਗਾ ਤੁਸਾਂ ਨੂੰ,
ਧੌਂਕਲ ਵਾਲਾ ਰੋਗ!
ਗੁੱਗਾ ਪੂਜਣ ਵਾਲਿਆਂ ਨੂੰ ਗਿਆਨੀ ਜੀ ਦੀਆਂ ਵਿਅੰਗਮਈ ਨਸੀਹਤਾਂ ਦੇਖੋ ;
ਕਿਉਂ ਓਏ ਧੌਲੀ ਦਾੜ੍ਹੀ ਵਾਲਿਆ,
ਤੈਂ ਕਿਉਂ ਕੁਰਬ ਗਵਾਇਆ?
ਛੱਡ ਗੁਰੂ ਘਰ ਰੱਬ ਆਪਣਾ,
ਗੁੱਗਾ ਕੀਤਾ ਤਾਇਆ?
ਕਿਉਂ ਭੰਮਾਂ ਸਿੰਘਾ
ਤੈਂ ਤਾਂ ਮੁੱਢੋਂ ਚੌੜ ਕਰਾਇਆ।
ਛੱਡ ਗੁਰੂ ਤੈਂ ਪਰਉਪਕਾਰੀ,
ਗੁੱਗਾ ਗੁਰੂ ਬਣਾਇਆ?
ਸੁਣ ਖਾਂ ਸੇਢਾ ਸਿੰਘਾਂ
ਤੈਂ ਕਿਉਂ ਮੋਢੇ ਡਾਂਗ ਉਠਾਈ।
ਊਠਾਂ ਵਾਂਗਰ ਬੂਥਾ ਚੁੱਕਿਆ,
ਕਿਉਂ ਹੋ ਗਿਆ ਸ਼ੁਦਾਈ?
ਸੁਣਿਉਂ ਮੁੰਡਿਉ ਭੜੂਏ ਦਿਉ
ਕਿਧਰ ਨੂੰ ਹੋ ਨੱਸੇ।
ਵਾਂਗ ਭੂਤਨਿਆਂ ਕਮਰ-ਕੱਸੇ,
ਕਿਸ ਪਾਸੇ ਨੂੰ ਕੱਸੇ?
ਸੇਵੀਆਂ ਦਾ ਥਾਲ ਲੈ ਕੇ ਗੁੱਗੇ ਨੂੰ ਪੂਜਣ ਜਾ ਰਹੀ ਕਿਸੇ ਬੀਬੀ ਨੂੰ ਉਨ੍ਹਾਂ ਇੰਜ ਆਖਿਆ ;
ਤੂੰ ਕਿੱਧਰ ਨੂੰ ਚੱਲੀ ਸੁਣ ਖਾਂ
ਰੂਪਾ ਘਰ ਦੀ ਰਾਣੀ
ਧੌਲੇ ਝਾਟੇ ਘਰ ਤੋਂ ਨੱਠੀ,
ਕਰ ਸਿਰ ਵਾਂਗ ਮਧਾਣੀ!
ਲਾਲਾਂ ਵਾਲੇ ਪੀਰ ਨੂੰ ਮੁੰਡੇ ਵੰਡਣ ਵਾਲਾ ‘ਦਾਤਾ’ ਸਮਝਣ ਵਾਲੇ ਕਿਸੇ ਅਗਿਆਨੀ ਦਾ ਭਰਮ, ਦੇਖੋ ਕਿਵੇਂ ਤੋੜਿਆ ਜਾ ਰਿਹਾ ਹੈ;
ਅਹੁ ਸੂਰੀ ਜੋ ਬਾਰਾਂ ਜਾਏ,
ਕਿਆ ਉਸ ਸਰਵਰ ਪੀਰ ਮਨਾਏ।
ਫਿਰ ਮੁਰਗੀ ਦੇ ਗਿਣ ਲੈ ਆਂਡੇ,
ਦੇ ਕੇ ਭਰ ਦਿੰਦੀ ਹੈ ਭਾਂਡੇ!
ਕਿਆ ਉਹ ਸਰਵਰ ਦੀ ਹੈ ਚੇਲੀ,
ਵੰਡ ਚੂਰਮਾ ਸੀ ਉਹ ਖੇਲ੍ਹੀ?
ਇਹ ਕੁੱਤੀ ਜੋ ਸੂਈ ਕੱਲ੍ਹ,
ਬੈਠੀ ਹੈ ਤੇਰਾ ਘਰ ਮੱਲ।
ਬੱਚੇ ਸੱਤ ਜੋ ਏਸ ਨਿਕਾਲੇ,
ਗਈ ਕਦੋਂ ਸਰਵਰ ਦੇ ਚਾਲੇ?
ਭਾਈ ਜੀ, ਸਿੱਖਾਂ ਨੂੰ ਦੇਹਧਾਰੀਆਂ ਮੋਹਰੇ ਮੱਥੇ ਟੇਕਦਿਆਂ ਅਤੇ ਕਬਰਾਂ ‘ਤੇ ਹਰੇ ਕੱਪੜੇ ਚੜ੍ਹਾਉਂਦਿਆਂ ਤੱਕ ਕੇ, ਆਪਣੇ ਕਿਸੇ ਸਾਥੀ ਅੱਗੇ ਇਉਂ ਦੁੱਖੜੇ ਫੋਲਦੇ ਹਨ;
ਕਿਆ ਮੈਂ ਦੱਸਾਂ ਸਿੰਘ ਜੀ,
ਜੋ ਮੈਂ ਦੇਖਿਆ ਹਾਲ
ਅੱਜ ਕੱਲ੍ਹ ਤਾਂ ਖਾਲਸੇ ਗੰਢੇ ਦਿੱਤੇ ਗਾਲ਼।
ਜੋ ਕੁੱਛ ਮੈਂ ਹੈ ਡਿੱਠਾ ਭਾਈ,
ਕਹਿਣੇ ਜੋਗ ਨਾ ਸੁਣਿਆ ਜਾਈ।
ਮੈਨੂੰ ਦੇਖ ਅਚੰਭਾ ਹੋਇਆ,
ਸਿੱਖਾਂ ਦੀ ਕਿਸਮਤ ਪਰ ਰੋਇਆ।
ਦੇਖੋ ਯਾਰੋ ਇਹ ਗੁਰ-ਪੰਥ,
ਗੁਣਦਾ ਮੂਲ ਨਾ ਗੁਰੂ ਗ੍ਰੰਥ?
ਜਗ੍ਹਾ ਜਗ੍ਹਾ ਪਰ ਭਟਕਤ ਐਸੇ,
ਭੁੱਖਾ ਕਾਗ ਕਰੰਗ ਪਰ ਜੈਸੇ!
ਖਾਨਗਾਹਾਂ, ਪੰਜਾਂ ਪੀਰਾਂ ‘ਤੇ ਜਾ ਕੇ ਸਿੱਖੀ ਨੂੰ ਲਾਜ ਲਾਉਣ ਵਾਲੇ ਮਨਮੁਖਾਂ ਉਪਰ ਭਾਈ ਸਾਹਿਬ ਦੇ ਅਣਿਆਲੇ ਤੀਰ ਦੇਖੋ ਕੈਸੇ ਵਰਸਦੇ ਹਨ;
ਗੁਰੂ ਤਾਂ ਮੜ੍ਹੀ ਪੂਜਨੋਂ ਰੋਕੇ,
ਭਿਉਂ ਕਰ ਜੂਤੇ ਮੁੱਖ ਪਰ ਠੋਕੇ।
ਪਰ ਨਾ ਤੁਸੀਂ ਮੁੜੇ ਉਸ ਗੱਲੋਂ,
ਗੁਰੂ ਹਟਾਵੇ ਹੈ ਜਿਸ ਵਲੋਂ।
ਗੋਰ ਮੜ੍ਹੀ ਮੱਟ ਭੂਲ ਨਾ ਮਾਨੈ।
ਖਾਲਸਾ ਤਾਹਿ ਨ ਖਾਲਸਾ ਜਾਨੈ।
ਨਾਮ ਖਾਲਸਾ ਸਿੰਘ ਸਦਾ ਕੇ,
ਮੜ੍ਹੀਆਂ ਗੋਰਾਂ ਪੂਜੋ ਆ ਕੇ?
ਕਿਆ ਇਹ ਗੱਲ ਅਕਲ ਦੀ ਭਾਰੀ,
ਕੁੱਤਿਆਂ ਬਿੱਲਿਆਂ ਨੇ ਮੱਤਿ ਮਾਰੀ।
ਸ਼ਰਮ ਨਾ ਆਵੇ ਦਿੰਦਿਆਂ ਭੇਂਟ,
ਐਵੇਂ ਵਧਾਇਆ ਐਡਾ ਪੇਟ?
ਕਿਸੇ ਨੌਗੱਜੇ ਪੀਰ ਦੀ ਕਬਰ ਉਪਰ ਜੁੜੇ ਇਕੱਠ ਵਿਚ ਪ੍ਰਚਾਰ ਕਰਨ ਗਏ ਗਿਆਨੀ ਦਿੱਤ ਸਿੰਘ ਨੂੰ, ਕੋਈ ਕਬਰ-ਪੂਜ ਸਿੱਖ ‘ਚੂਰਮਾ’ ਦੇਣ ਲੱਗਾ ਤਾਂ ਉਹ ਬਿਜਲੀ ਵਾਂਗ ਇੰਜ ਕੜਕੇ;
ਪਰੇ ਪਰੇ ਕਰ ਏਸ ਨੂੰ
ਨੇੜੇ ਮੂਲ ਨਾ ਲਿਆਉ।
ਨਜ਼ਰੋਂ ਪਰੇ ਲਿਜਾਇਕੇ
ਕੁੱਤਿਆਂ ਨੂੰ ’ਚਾ ਪਾਉ!
ਮੈਂ ਹਾਂ ਸਿੰਘ ਗੁਰੂ ਦਾ ਭਾਈ,
ਤੂੰ ਹੈਂ ਕੋਈ ਵੱਡਾ ਸ਼ੁਦਾਈ!
ਮਨ-ਮਤੀਆਂ ਦਾ ਅੰਨ ਖਲਾਵੇਂ!
ਤੂੰ ਸਿੰਘਾਂ ਨੂੰ ਦਾਗ ਲਗਾਵੇਂ?
ਸ਼ਬਦ-ਗੁਰੂ ਤੋਂ ਬੇਮੁੱਖ ਹੋ ਕੇ, ਸਾਧਾਂ ਦਿਆਂ ਡੇਰਿਆਂ, ਅਖੌਤੀ ਪੀਰਾਂ, ਫਕੀਰਾਂ ਅਤੇ ਕਬਰਾਂ ‘ਤੇ ਜਾ ਕੇ ਬਾਣੇ ਨੂੰ ਲਾਜ ਲਾਉਣ ਵਾਲਿਆਂ ਨੂੰ ਗਿਆਨੀ ਜੀ ਨੇ ਉਪਦੇਸ਼ ਦਿੱਤਾ;
ਅੰਮ੍ਰਿਤ ਛਕ ਕੇ ਦਸਵੇਂ ਗੁਰੂ ਦਾ,
ਪੂਰੇ ਸਿੰਘ ਸਦਾਵੋ।
ਪੀਰਾਂ ਮੀਰਾਂ ਅੱਗੇ ਮੁੜ ਕੇ,
ਕਦੇ ਨਾ ਸੀਸ ਝੁਕਾਵੋ।
ਵਾਹਿਗੁਰੂ ਕੀ ਫਤਹਿ ਬੁਲਾ ਕੇ,
ਮੜ੍ਹੀ ਮਸਾਣ ਉਠਾਉ।
ਗੁਰੂ ਗ੍ਰੰਥ ਦਾ ਪਾਠ ਕਰੋ ਨਿੱਤ,
ਬਾਣੀ ਮੇਂ ਮਨ ਲਾਉ!
ਤਾਂਤੇ ਤੁਰਕਾਂ ਦੀਆਂ ਜੋ ਕਬਰਾਂ,
ਕਿਉਂ ਪੂਜਣ ਨੂੰ ਜਾਵੋ।
ਆਪਣੇ ਗੁਰੂਆਂ ਦੇ ਗੁਰਦੁਆਰੇ,
ਕਿਉਂ ਨਾ ਦਰਸ਼ਨ ਪਾਵੋ?
ਫਿਰ ਜਿਨ ਮੜ੍ਹੀ ਮਸਾਣੀ ਗੁੱਗਾ,
ਭੈਰੋਂ ਪੱਥਰ ਪੂਜਾ।
ਸਭੇ ਹਟਾਇ ਕਿਹਾ ਬਿਨ ਕਰਤੇ,
ਹੋਰ ਨਾ ਪੂਜੋ ਦੂਜਾ!
ਗਿਆਨੀ ਜੀ ਨੇ ਸਿੱਖ ਜਗਤ ਨੂੰ ਜਾਗਰੂਕ ਬਣਾਉਣ ਲਈ ਸਿੱਖ ਔਰਤਾਂ ਦੇ ਯੋਗਦਾਨ ਨੂੰ ਸਰਵੋਤਮ ਬਿਆਨਿਆ ਹੈ;
ਜਦ ਮਾਈਆਂ ਵਿਚ ਧਰਮ ਖਿਆਲ।
ਪੈ ਗਏ ਮੇਰੇ ਦੀਨ ਦਿਆਲ।
ਫਿਰ ਤਾਂ ਸਿੱਧ ਮਨੋਰਥ ਹੋਏ।
ਜਾਣੇ ਪੰਥ ਸਭੇ ਦੁੱਖ ਖੋਏ!
ਉਨ੍ਹਾਂ ਸਮਿਆਂ ਵਿਚ ਵੀ ਅੱਜ ਵਾਂਗ ਧਰਮ-ਪ੍ਰਚਾਰ ਦੇ ਨਾਂ ਹੇਠ ਬਹੁਤਿਆਂ ਨੇ ਨਿੱਜ-ਪੂਜਾ ਦੇ ਅਡੰਬਰ ਰਚਾਏ ਹੋਏ ਸਨ। ਪੰਥ-ਦਰਦੀ ਪ੍ਰਚਾਰਕਾਂ ਦੀ ਘੱਟ ਗਿਣਤੀ ‘ਤੇ ਹੰਝੂ ਕੇਰਦਿਆਂ ਗਿਆਨੀ ਜੀ ਨੇ ਆਖਿਆ;
ਐਸੇ ਸਿੰਘ ਹੋਣ ਜੇ ਬਹੁਤੇ।
ਤਾਂ ਇਹ ਪੰਥ ਮੰਜਲ ਪਰ ਪਹੁੰਚੇ।
ਪਰ ਕਿਆ ਕਰੀਏ ਟੁਕੜ-ਗਦਾਈ।
ਜੰਮੇ ਪੰਥ ‘ਚ ਪੈਜ ਗਵਾਈ।
ਉਪਰ ਤੋਂ ਹੀ ਸਿੰਘ ਦਸਾਉਨ।
ਅੰਦਰ ਮਨ-ਮਤੀ ਦਰਸਾਉਨ।
ਬਣੇ ਦਾਸ ਤਨ ਦਮੜੇ ਕੇਰੇ।
ਮਨ ਕੀ ਇੱਛਾ ਨੇ ਹਨ ਘੇਰੇ।
ਏਹੋ ਜਿਹੇ ਪੁਰਖ ਨਕਾਰੇ।
ਕਿਆ ਕਰ ਸਕਣਗੇ ਉਪਕਾਰੇ?
ਅੰਤਿਕਾ:ਪੰਜਾਬੀ ਭਾਈਚਾਰੇ ਵਿਚ ਵਿਆਹ ਵਾਲੇ ਦਿਨ ਜਦੋਂ ਸਵੇਰੇ ਸਵੇਰੇ ਵਿਆਂਦ੍ਹੜ ਦੀ ਨਲ੍ਹਾਈ-ਧੁਲਾਈ ਹੋ ਰਹੀ ਹੁੰਦੀ ਹੈ, ਉਸ ਗਹਿਮਾ-ਗਹਿਮੀ ਦੇ ਮਾਹੌਲ ਵਿਚ ਚਾਚੇ, ਤਾਏ, ਫੁੱਫੜ, ਮਾਸੜ, ਜੀਜੇ ਆਦਿਕ ਸਾਰੇ ਰਿਸ਼ਤੇਦਾਰ ਆਏ ਹੋਏ ਹੁੰਦੇ ਹਨ ਪਰ ਬੀਬੀਆਂ ਇਕ ਗੀਤ ਗਾ ਕੇ ਵਿਆਂਦ੍ਹੜ ਦੀ ਮਾਂ ਨੂੰ ਪੁੱਛਦੀਆਂ ਹੁੰਦੀਆਂ ਨੇ- “ਐਸਿ ਵੇਲੇ ਜਿ ਤੈਨੂੰ ਕੌਣ ਲੋੜੀਂਦਾ ਭੈਣੇ, ਐਸਿ ਵੇਲੇ!” ਸਾਰਿਆਂ ਦੇ ਹੁੰਦਿਆਂ ਸੁੰਦਿਆਂ ਵਿਆਂਦ੍ਹੜ ਮੁੰਡੇ-ਕੁੜੀ ਦੀ ਮਾਂ ਵਲੋਂ ਆਪਣੀ ਅੰਮਾ ਜਾਏ ਵੀਰ ਨੂੰ ਚੇਤੇ ਕਰਕੇ ਕਿਹਾ ਜਾਂਦੈ- “ਐਸਿ ਵੇਲੇ ਮੈਨੂੰ ਵੀਰ ਲੋੜੀਂਦਾ ਭੈਣੋ!” ਅੱਜ ਦੇ ਸਮੇਂ ਜਦੋਂ ਮੇਰੀ ਕੌਮ ਖਾਨਾ-ਜੰਗੀ ਵਰਗੇ ਹਾਲਾਤਾਂ ਵਿਚ ਉਲਝਦੀ ਜਾ ਰਹੀ ਹੈ…ਡੇਰੇਦਾਰਾਂ ਨੇ ਸਿੱਖੀ ਦੁਆਲੇ ਨਾਗ-ਵਲ਼ ਪਾਇਆ ਹੋਇਐ…ਕੋਈ ਕਿਸੇ ਸੰਤ ਨੂੰ ‘ਰੱਬ’ ਮੰਨੀ ਬੈਠਾ ਕੋਈ ਕਿਸੇ ਹੋਰ ਨੂੰ…ਕੋਈ ਕਬਰਾਂ ਨੂੰ ਪੂਜੀ ਜਾਂਦੈ ਕੋਈ ਜਠੇਰਿਆਂ ਨੂੰ…ਗਿਣਤੀ ਦੇ ਦਰਦੀਆਂ ਨੂੰ ਛੱਡ ਕੇ, ਪ੍ਰਚਾਰ ਦੇ ਨਾਂ ‘ਤੇ ਵੀ ਕੌਮ ਠੱਗੀ ਜਾ ਰਹੀ ਹੈ…ਕੇਸਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਬਰਾਬਰ ਬਾਬਿਆਂ ਨੇ ਝੰਡੇ ਗੱਡ ਲਏ ਹੋਏ ਨੇ…ਕੌਮੀ ਰਹਿਬਰ ਖ਼ੁਦ ਭੰਬਲਭੂਸਿਆਂ ‘ਚ ਪਏ ਹੋਏ ਨੇ…ਐਸੀ ਕੌਮੀ ਅਧੋਗਤੀ ਨੂੰ ਤੱਕਦਿਆਂ, ਗਾ ਕੇ ਨਹੀਂ, ਸਗੋਂ ਹੰਝੂ ਕੇਰਦਿਆਂ ਕਹਿਣ ਨੂੰ ਦਿਲ ‘ਚੋਂ ਹੂਕ ਉੱਠਦੀ ਹੈ- ‘ਐਸਿ ਵੇਲੇ ਸਾਨੂੰ ਦਿੱਤ ਸਿੰਘ ਲੋੜੀਂਦਾ ਭੈਣੋ, ਐਸਿ ਵੇਲੇ!’
ਤਰਲੋਚਨ ਸਿੰਘ ਦੁਪਾਲਪੁਰ