ਤਕਰੀਬਨ ਵੀਹ-ਬਾਈ ਘੰਟਿਆਂ ਦਾ ਦਿਲ ਅਕਾਊ ਪੰਧ ਮੁਕਾ ਕੇ, ਦਿੱਲੀ ਦੇ ਹਵਾਈ ਅੱਡੇ ‘ਤੇ ਉਤਰਨ ਲੱਗਿਆਂ, ਜਦੋਂ ਜਹਾਜ਼ ਦੇ ਮੋਹਰਲੇ ਟਾਇਰ ਰੰਨ-ਵੇ ਦੀ ਸੜਕ ਨਾਲ ਲੱਗਦੇ ਹਨ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਭਾਰਤੀ ਸਵਾਰੀਆਂ ਦਾ ਪ੍ਰਤੀਨਿਧ ਬਣ ਕੇ ਇਹ ਜਹਾਜ ਦੇਸ਼ ਦੀ ਪੁਨ-ਭੂੰਮੀ ਨੂੰ ਨਤ-ਮਸਤਿਕ ਹੋ ਰਿਹਾ ਹੈ। ਕਈ ਸਵਾਰੀਆਂ ਆਪਣੇ ਕੰਨਾਂ ਨੂੰ ਛੂਹ ਕੇ ਅੱਖਾਂ ਮੁੰਦਣ ਲੱਗ ਪੈਂਦੀਆਂ ਨੇ। ਕੋਈ ਹੱਥ ਜੋੜ ਕੇ ਸਿਰ ਨਿਵਾਉਂਦਿਆਂ, ਮਨ ਹੀ ਮਨ ਆਪਣੇ ਇਸ਼ਟ ਦਾ ਧੰਨਵਾਦ ਕਰਦਾ ਹੈ। ਇਥੇ ਪਹੁੰਚ ਕੇ, ਪਾਇਲਟ-ਅਮਲੇ ਵਲੋਂ ਅਨਾਊਂਸ ਕੀਤੀਆਂ ਜਾ ਰਹੀਆਂ ਨਸੀਹਤ-ਨੁਮਾ ਹਦਾਇਤਾਂ ਨੂੰ ‘ਦੇਸੀ ਸਵਾਰੀਆਂ’ ਇਉਂ ਅਣਗੌਲਿਆ ਕਰਦੀਆਂ ਹਨ, ਜਿਵੇਂ ਕਿਤੇ ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ‘ਪੂਰਨ ਅਜ਼ਾਦੀ’ ਮਿਲ ਗਈ ਹੋਵੇ। ਏਅਰ-ਹੋਸਟੈਸਾਂ ਵਲੋਂ ਵਾਰ ਵਾਰ ਮਨ੍ਹਾਂ ਕਰਨ ਦੇ ਬਾਵਜੂਦ ਵੀ ਕਈ ਜਣੇ ਖਲੋ ਕੇ ਮੈੜ ਜਾਂ ਉਸਲਵੱਟੇ ਜਿਹੇ ਲੈਣ ਲੱਗ ਜਾਂਦੇ ਹਨ। ਕਈ ਆਪਣੇ ਹੈਂਡ-ਬੈਗ ‘ਸਭ ਤੋਂ ਪਹਿਲਾਂ’ ਲਾਹੁਣ ਲਈ ਕਾਹਲੇ ਪੈ ਜਾਂਦੇ ਹਨ।
‘ਪੇਮੀ ਦੇ ਨਿਆਣਿਆਂ’ ਵਾਂਗ ਲੰਬੇ ਵਿਦੇਸ਼ੀ ਸਫਰ ਵਿਚੋਂ ਤਾਂ ਉਹ ਸਾਊ-ਸ਼ਰੀਫ਼ਾਂ ਵਾਂਗ ਲੰਘ ਆਉਂਦੇ ਹਨ। ਪਰ ਆਪਣੇ ਘਰ ਪਹੁੰਚਦਿਆਂ ਸਾਰ ਆਪਸ ਵਿਚੀ ਖੋਹਾ-ਖਿੱਚੀ ਕਰਨ ਡਹਿ ਪੈਂਦੇ ਹਨ। ਰਸਤੇ ‘ਚ ਆਉਂਦੇ ਏਅਰ-ਪੋਰਟਾਂ ‘ਤੇ ਗੋਰਿਆਂ ਵਾਂਗ ਵਿਚਰਨ ਵਾਲੇ ਦੇਸੀ ਭਾਈ-ਬੰਦ, ਦਿੱਲੀ ਪਹੁੰਚ ਕੇ ਆਪੇ ਤੋਂ ਬਾਹਰ ਹੋਣ ਲੱਗ ਜਾਂਦੇ ਹਨ। ਦੇਸ ਪਹੁੰਚੀਆਂ ਸਵਾਰੀਆਂ ਦੇ ਚਿਹਰਿਆਂ ਉੱਤੇ ਇਕ ਅਨੋਖਾ ਜਲੌਅ ਡਲ੍ਹਕਾਂ ਮਾਰ ਰਿਹਾ ਮਹਿਸੂਸ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਮੈਂ ਕਿਹੜੀ ਘੜੀ ਬਾਹਰ ਨਿਕਲਾਂ ਅਤੇ ਖੁੱਲ੍ਹੀ ਹਵਾ ਵਿਚ ਸਾਹ ਲੈ ਕੇ ਤਾਜ਼ਗੀ ਹਾਸਲ ਕਰਾਂ। ਹਰੇਕ ਦੀ ਪ੍ਰਬਲ ਇੱਛਾ ਹੁੰਦੀ ਹੈ ਕਿ ਉਨ੍ਹਾਂ ਨੂੰ ਲੈਣ ਲਈ ਆਏ ਨਿਕਟ-ਵਰਤੀਆਂ ਨੂੰ ਕਦੋਂ ਜਾ ਗਲਵਕੜੀ ਪਾਈਏ! ਵਰ੍ਹਿਆਂ ਤੋਂ ਵਿਛੜੇ ਭੈਣ-ਭਰਾਵਾਂ, ਪੁੱਤ-ਭਤੀਜਿਆਂ ਆਦਿਕ ਦਾ ਮੂੰਹ ਚੁੰਮੀਏ!!
ਆਪਣੀ ਧਰਤੀ ‘ਤੇ ਕਦਮ ਰੱਖਣ ਲਈ ਬਿਹਬਲ ਹੋ ਰਹੇ ਅਜਿਹੇ ਯਾਤਰੀ-ਸਮੂਹ ਦਾ, ਮੈਂ ਵੀ ਬੀਤੀ ਫਰਵਰੀ ਦੇ ਪਹਿਲੇ ਹਫਤੇ ਦੇ ਇਕ ਦਿਨ, ਨਿਕਾ ਜਿਹਾ ਹਿੱਸਾ ਬਣਿਆ ਹੋਇਆ ਸਾਂ। ਚਾਅ ਤੇ ਉਮਾਹ ਕਾਰਨ ਮੇਰੇ ਵੀ ਧਰਤੀ ‘ਤੇ ਪੈਰ ਨਹੀਂ ਸਨ ਲੱਗ ਰਹੇ। ਮੈਨੂੰ ਪਤਾ ਸੀ ਕਿ ਬਾਹਰ ਮੇਰਾ ਛੋਟਾ ਪੁੱਤਰ ਮੈਨੂੰ ਉਡੀਕ ਰਿਹਾ ਹੋਵੇਗਾ। ਵੈਸੇ ਤਾਂ ਮੈਨੂੰ ਇੰਡੀਆ ਪਹੁੰਚਣ ਦਾ ਅਹਿਸਾਸ ਉਦੋਂ ਈ ਹੋ ਗਿਆ, ਜਦੋਂ ਮੈਂ ਦੇਖਿਆ ਕਿ ਇਮੀਗ੍ਰੇਸ਼ਨ-ਕਾਊਂਟਰ ਮੋਹਰੇ ਕਾਫੀ ਲੰਬੀ ਲਾਈਨ ਲੱਗੀ ਹੋਣ ਦੇ ਬਾਵਜੂਦ ਵੀ ਜਾਂਚ-ਪੜਤਾਲ ਕਰ ਰਿਹਾ ਅਧਿਕਾਰੀ, ਪਾਸਪੋਰਟ ਦੇ ਸਫੇ ਇੰਜ ਹੌਲੀ ਹੌਲੀ ਪਲਟਾ ਰਿਹਾ ਸੀ, ਜਿਵੇਂ ਉਹਨੂੰ ਬੁਖਾਰ ਚੜ੍ਹਿਆ ਹੋਇਆ ਹੋਵੇ।
ਲੇਕਿਨ ਜਦੋਂ ਮੇਰੀ ਰੇਹੜੀ ‘ਤੇ ਦੋਵੇਂ ਅਟੈਚੀ ਰੱਖ ਕੇ, ਇਕ ਕਰਮਚਾਰੀ ਨੇ ਦੱਬਵੀਂ ਜੀਭੇ ਮੈਥੋਂ ‘ਚਾਹ ਪਾਣੀ’ ਮੰਗਿਆ ਤਾਂ ਮੈਨੂੰ ਜਿ਼ਹਨੀ ਤੌਰ ‘ਤੇ ਆਪਣੇ ਦੇਸ਼ ਪਹੁੰਚਿਆ ਹੋਣ ਦਾ ਯਕੀਨ ਆ ਗਿਆ। ਮੇਰੇ ਨਾਲ ਦੀ ਇਕ ਸਵਾਰੀ ਤਾਂ ‘ਚਾਹ ਪਾਣੀ’ ਦਾ ਨਾਂ ਸੁਣ ਕੇ ਭੜਕ ਹੀ ਪਈ। ਲੱਗਦਾ ਸੀ ਕਿ ਹਾਲੇ ਉਹਦਾ ‘ਅਮਰੀਕਨ ਰੰਗ’ ਉਤਰਿਆ ਨਹੀਂ ਸੀ। ਕਈ ਸੱਜਣ ਉਸਨੂੰ ‘ਨੇਕ ਸਲਾਹਾਂ’ ਦੇ ਰਹੇ ਸਨ- ‘ਦੋ ਚਾਰ ਡਾਲਰ ਮੱਥੇ ਮਾਰ ਦੇ, ਨਹੀਂ ਤਾਂ ਇਨ੍ਹਾਂ ਨੇ ਕੋਈ ਨਵਾਂ ਈ ਪੰਗਾ ਖੜ੍ਹਾ ਕਰ ਦੇਣੈਂ!’
ਬਾਹਰ ਆ ਕੇ, ਕਿਸੇ ਆਪਣੇ ਉਡੀਕਵਾਨ ਨੂੰ ਜੱਫੀਆਂ ਪਾਉਣ ਤੋਂ ਪਹਿਲਾਂ ਹੀ, ਟੈਕਸੀਆਂ-ਕਾਰਾਂ ਦੇ ਹੌਰਨ ਸੁਣ ਕੇ ਇਉਂ ਲਗਦੈ, ਜਿਵੇਂ ਉਹ ਕਹਿ ਰਹੇ ਹੋਣ- “ਇੰਡੀਆ ਪਧਾਰਨ ‘ਤੇ ਆਪ ਦਾ ਸਵਾਗਤ ਹੈ!’’ ਗਲਵਕੜੀਆਂ, ਮੇਲ-ਮਿਲਾਪ ਅਤੇ ਰਾਜੀ-ਖੁਸ਼ੀ ਪੁੱਛਣ ਦਾ ਵਟਾਂਦਰਾ ਕਾਹਲੀ ਕਾਹਲੀ ਨਿਬੇੜ ਕੇ ਗੱਡੀ ਵਿਚ ਸਮਾਨ ਸੁੱਟ ਲਿਆ। ਹਵਾਈ ਅੱਡੇ ਤੋਂ ਨਿਕਲਦਿਆਂ ਤਾਂ ਕਾਰ ਘੋੜੇ ਵਾਂਗ ਸਰਪੱਟ ਦੌੜਦੀ ਹੈ, ਪਰ ਅੱਗੇ ਆ ਕੇ ਰੱਸ਼ ਵਿਚ ਜੂੰ ਦੀ ਨਿਆਈਂ ਤੁਰਦੀ ਹੈ। ਅੱਗੇ ਇਕ ਬੱਤੀਆਂ ਵਾਲੇ ਚੌਂਕ ਵਿਚੋਂ ਰੈੱਡ ਲਾਈਟ ਹੋਣ ਦੇ ਬਾਵਜੂਦ ਸਾਡੇ ਡਰਾਈਵਰ ਨੇ ‘ਅੱਖ ਬਚਾ ਕੇ’ ਗੱਡੀ ਕੱਢ ਲਈ। ਇਥੇ ਹਾਲੇ ਪੁਲਿਸ ਵਲੋਂ ‘ਟਿਕਟ’ ਦੇਣ ਦਾ ਪ੍ਰਚਲਨ ਨਹੀਂ ਹੋਇਆ?’’ ਮੇਰੇ ਸਵਾਲ ਦਾ ਮਖੌਲ ਉਡਾਉਂਦਿਆਂ ਡਰਾਈਵਰ ਨੇ ਜਵਾਬ ਦਿੱਤਾ-
‘‘ਟਿਕਟਾਂ ਤਾਂ ਇੱਥੇ ਬੱਸਾਂ-ਗੱਡੀਆਂ ‘ਚ ਹੀ ਮਿਲਦੀਐਂ-ਪੁਲਿਸ ਵਾਲੇ ਚਾਹ-ਪਾਣੀ ਦੀ ‘ਡੀਲ’ ਹੀ ਕਰਦੇ ਐ!’’
‘‘ਉਹ, ਉਰੇ ਆਈਂ ਬਈ?’’ ਸੁਖਦੇਵ ਢਾਬੇ ਅੰਦਰ ਵੜ ਕੇ ਕੁਰਸੀ ‘ਤੇ ਬਹਿੰਦਿਆਂ ਜਦ ਮੇਰੇ ਲੜਕੇ ਨੇ ਮੁੰਡੂ ਨੂੰ ‘ਵਾਜ ਮਾਰੀ ਤਾਂ ਮੈਨੂੰ ਅਮਰੀਕਨ ‘ਗੋ-ਥਰੂ’ ਚੇਤੇ ਕਰਕੇ ਕਚਿਆਣ ਜਿਹੀ ਆ ਗਈ। ‘ਕੀ ਕਰਨਾ ਰੈਸਟੋਰੈਂਟਾਂ ਨੂੰ ਜਿੱਥੇ ਔਘੜ ਨਾਥਾਂ ਵਾਂਗੂ ਤੁਰਦਿਆਂ ਤੁਰਦਿਆਂ ਹੀ ਖਾਣਾ ਫੜਨਾ ਪੈਂਦਾ ਏ। ਸਾਡੇ ਢਾਬਿਆਂ ਮੋਹਰੇ ਕੀ ਵਟੀਂਦੀ ਹੈ ਸੈਵਨਾ-ਇਲੈਵਨਾਂ ਅਤੇ ਫਸਟ-ਚੁਆਇਸਾਂ ਦੀ ਆਹ ਤਾਂ ਬਣੀ ਨਾ ਗੱਲ!’ ਮਿੰਟੋ-ਮਿੰਟੀ ਸਾਡੇ ਅੱਗੇ ਤੁੜਕੀ ਹੋਈ ਮਾਂਹ ਦੀ ਦਾਲ ਵਿਚ ਮੱਖਣ, ਭਾਫਾਂ ਛੱਡਦੀ ਗਾਜਰ-ਮਟਰਾਂ ਦੀ ਸਬਜ਼ੀ, ਰੈਤਾ ਅਤੇ ਨਾਲ ਤੰਦੂਰੀ ਰੋਟੀਆਂ, ਪ੍ਰੋਸੇ ਹੋਏ ਥਾਲ ਰੱਖੇ ਗਏ। ਸਲਾਦ ਵਿਚ ਪਈਆਂ ਹਰੀਆਂ ਮਿਰਚਾਂ ਦੇਖ ਕੇ ਮੈਨੂੰ ਜਹਾਜ਼ ਵਿਚ ਖਾਧੇ ‘ਹਿੰਦੂ ਮੀਲ’ ‘ਤੇ ਹਾਸਾ ਆ ਗਿਆ! ਹਵਾਈ-ਸਫਰ ਦੌਰਾਨ ਮੈਂ ਇਸੇ ਕੱਚ-ਭੁੰਨੇ ਜਿਹੇ ਹਿੰਦੂ-ਮੀਲ ‘ਤੇ ‘ਕਾਵਿ-ਵਿਅੰਗ’ ਵੀ ਲਿਖਿਆ ਸੀ।
‘‘ਇਨ੍ਹਾਂ ਸਵਾਦਾਂ ਨੂੰ ਅਸੀਂ ਤਰਸਦੇ ਰਹੀਦੈ ਉੱਥੇ!’’ ਕਰਾਰੀ ਦਾਲ ਦਾ ਚਮਚਾ ਮੂੰਹ ਵਿਚ ਪਾਉਂਦਿਆਂ ਮੈਂ ਨਾਲ ਦਿਆਂ ਨੂੰ ਆਖਿਆ। ਉਨ੍ਹਾਂ ਵਲੋਂ ਪੁੱਛਣ ‘ਤੇ ਮੈਂ ਦੱਸਿਆ ਕਿ ਉੱਥੇ ਮਿਲਦਾ ਸਭ ਕੁਝ ਹੈ, ਪਰ ਆਪਣੇ ਦੇਸ ਜਿਹਾ ‘ਟੇਸਟ’ ਨਹੀਂ ਬਣਦਾ। ‘‘ਟੇਸਟਾਂ-ਟੂਸਟਾਂ ਨੂੰ ਮਾਰੋ ਗੋਲੀ, ਚਾਰ ਧੇਲੇ ਤਾਂ ਕਮਾਂਉਦੇ ਹੋ ਤੁਸੀਂ!’’ ਡਰਾਈਵਰ ਦੀ ਗੱਲ ਸੁਣ ਕੇ ਮੈਨੂੰ ਜਾਪਿਆ ਜਿਵੇਂ ਮਾਂਹ ਦੀ ਦਾਲ ਖਾਂਦਿਆਂ ਮੇਰੇ ਮੂੰਹ ‘ਚ ਰੋੜ ਜਾਂ ਕੋਕੜੂ ਆ ਗਿਆ ਹੋਵੇ! ਮੇਰੇ ਨਾਲ ਦੇ ਤਾਂ ਲੰਚ ਕਰਕੇ ਫਟਾਫਟ ਉੱਠ ਖੜ੍ਹੇ, ਪਰ ਮੈਂ ਨਿਆਣਿਆਂ ਵਾਂਗ ਮਚਾਕੇ ਮਾਰ ਮਾਰ ਰੋਟੀ ਖਾਂਦਿਆਂ, ਚਾਅ ਚਾਅ ਵਿਚ ਕਈ ਹਰੀਆਂ ਮਿਰਚਾਂ ਵਾਧੂ ਈ ਰਗੜ ਗਿਆ।
ਸੜਕ ਦੇ ਦੋਹੀਂ ਪਾਸੀਂ ਹਰੀਆਂ-ਭਰੀਆਂ ਕਣਕਾਂ ਦੇ ਲਹਿ-ਲਹਾਉਂਦੇ ਖੇਤਾਂ ਵਿਚ, ਕਿਤੇ ਕਿਤੇ ਹਰਿਆਣਵੀ ਬੀਬੀਆਂ ਬਰਸੀਣ ਵਗੈਰਾ ਵੱਢ ਰਹੀਆਂ ਸਨ। ਮੇਰਾ ਦਿਲ ਕਰੇ ਕਿ ਉਨ੍ਹਾਂ ਕੋਲੋਂ ਦਾਤੀਆਂ ਫੜ ਕੇ ਪੱਠੇ ਵੱਢਣ ਲੱਗ ਪਵਾਂ ਅਤੇ ਬਰਸੀਣ ਦੀਆਂ ਵੱਟਾਂ ‘ਤੇ ਉੱਗੀਆਂ ਮੂਲੀਆਂ, ਆੜ ਵਿਚਲੇ ਪਾਣੀ ਨਾਲ ਧੋ ਧੋ ਕੇ ਖਾਵਾਂ। ‘ਗੱਡੀ ਹੌਲੀ ਚਲਾਉ, ਘਰ ਵਿਚ ਤੁਹਾਡੀ ਕੋਈ ਉਡੀਕ ਕਰ ਰਿਹਾ।’ ਸੜਕ ਕੰਢੇ ਲਿਖੀ ਇਸ ਹਦਾਇਤ ਨੇ ‘ਘਰ ਮੁੜ ਆ ਸੱਜਣਾ, ਨਸੀਬੋ ਚੇਤੇ ਕਰਦੀ ਐ’ ਵਾਲਾ ਗੀਤ ਬੁੱਲ੍ਹਾਂ ‘ਤੇ ਲੈ ਆਂਦਾ। ਇਹ ‘ਨਸੀਬੋ’ ਵੀ ਅਜੀਬ ਸੁਭਾਅ ਦੀ ਮਾਲਕ ਹੈ। ਦੂਰ ਗਏ ਨੂੰ ਔਂਸੀਆਂ ਪਾ ਪਾ ਯਾਦ ਕਰਦੀ ਹੈ, ਪ੍ਰੰਤੂ ਘਰ ਆਏ ਤੇ ‘ਤੂੰ-ਤੂੰ, ਮੈਂ-ਮੈਂ’ ਵੀ ਛੇਤੀ ਕਰਨ ਲੱਗ ਪੈਂਦੀ ਹੈ।
ਪਿੰਡ ਪਹੁੰਚ ਕੇ, ਆਪਣੀ ਜੰਮਣ-ਭੁਇੰ ਨੂੰ ਸਜਦੇ ਕੀਤੇ। ਬਾਪ-ਦਾਦੇ ਦੇ ਵਰੋਸਾਏ ‘ਆਪਣੇ ਘਰ’ ਦੀ ਦਹਿਲੀਜ਼ ਟੱਪਦਿਆਂ ਸੌ-ਸੌ ਨਮਸਕਾਰਾਂ ਕੀਤੀਆਂ। ਸਾਡੇ ਪਾਲਤੂ ਕੁੱਤਿਆਂ ਨੇ ਮੈਨੂੰ ਸਿਆਣਦਿਆਂ ਇਕ ਪਲ ਵੀ ਨਾ ਲਾਇਆ। ਘਰ ਦੇ ਜੀਆਂ ਤੋਂ ਵੀ ਪਹਿਲਾਂ ਉਹ ਮੇਰੇ ਪੈਰਾਂ ਵਿਚ ਵਿਛ-ਵਿਛ ਪੈਣ। ‘ਉਡੂੰ ਉਡੂੰ ਕਰੇ ਮੇਰਾ ਜੀਅ ਨੀ ਸਹੇਲੀਉ’ ਵਾਂਗ ਛਾਲਾਂ ਮਾਰਦਾ ਪੌੜੀ ਚੜ੍ਹ ਕੇ ਦੂਜੀ ਮੰਜਲ ‘ਤੇ ਜਾ ਪਹੁੰਚਿਆ। ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ‘ਤੇ ਜਗਦੀ ਦੂਧੀਆ ਲਾਈਟ ਵਿਚ ਖੰਡਾ ਲਿਸ਼ਕਾਂ ਮਾਰ ਰਿਹਾ ਸੀ। ਪਿੰਡ ਦੇ ਬਾਹਰਵਾਰ ਬਣੀ ਹੋਈ ਦਾਣਾ-ਮੰਡੀ ਵਿਚ ਜਗਦੀਆਂ ਫਲੱਡ-ਲਾਈਟਾਂ ਚਾਨਣ ਹੀ ਚਾਨਣ ਬਿਖੇਰ ਰਹੀਆਂ ਸਨ। ਦੋ ਕੁ ਮੀਲਾਂ ਦੀ ਵਿੱਥ ‘ਤੇ ਵਗਦੇ ਸਤਿਲੁਜ ਦਰਿਆ ਦੇ ਕੰਢੇ ਨਾਲ ਵਸੇ ਪਿੰਡਾਂ ਜਾਨੀਵਾਲ, ਤਾਜੋਵਾਲ, ਚੱਕ ਮਲਕਪੁਰ ਅਤੇ ਚਕਲੀ ਸਜਾਇਤ ਦੀਆਂ ਲਾਈਟਾਂ ਤੱਕ ਕੇ ਸਰੂਰ ਆ ਗਿਆ।
ਚਾਅਵਾਂ ਤੇ ਰੀਝਾਂ ਨਾਲ ਬਣਾਏ ਇਸ ‘ਆਪਣੇ ਘਰ’ ਵਿਚ ਬੇਟੇ ਦੇ ਵਿਆਹ ਦੀ ਸਾਹਾ-ਚਿੱਠੀ ਆਈ, ਦੋਹਾਂ ਬੇਟਿਆਂ ਵਲੋਂ ਕੀਤੇ ਗਏ ਸਹਿਜ ਪਾਠ ਦਾ ਭੋਗ ਪਾਇਆ ਗਿਆ-ਇਲਾਹੀ ਬਾਣੀ ਦੇ ਕੀਰਤਨ-ਪ੍ਰਵਾਹ ਚੱਲੇ- ‘ਕੁੜਮ ਕੁੜਮਾਈ ਆਇਆ ਬਲਰਾਮ ਜੀੳ’ ਦੀ ਤੁਕ ਫਿਜ਼ਾ ਵਿਚ ਗੂੰਜਦਿਆਂ ਕੁੜਮਾਈ ਹੋਈ-ਮਾਈਆਂ ਲੱਗੀਆਂ-ਨਾਨਕੀਆਂ, ਦਾਦਕੀਆਂ ਨੇ ਸਿੱਠਣੀਆਂ ਨਾਲ ਵਿਹੜਾ ਹਾਸਿਆਂ ਨਾਲ ਭਰਿਆ-ਪਿੰਡ ਦੀ ਗਲੀ ਗਲੀ ਵਿਚ ‘ਜਾਗੋ’ ਨੇ ਰੌਣਕਾਂ ਲਾਈਆਂ-ਮਾਮਿਆਂ ਨੇ ਚੌਕੀ ਤੋਂ ਭਾਣਜਾ ਸ਼ਗਨਾਂ ਨਾਲ ਉਠਾਇਆ-ਭਾਬੀਆਂ ਨੇ ਸੁਰਮਾਂ ਪਾਇਆ-ਭੈਣਾਂ ਨੇ ਘੋੜੀਆਂ ਗਾਉਂਦਿਆਂ ਵਾਗਾਂ ਫੜੀਆਂ-ਵਾਜੇ ਗਾਜੇ ਵੱਜੇ…ਸ਼ਾਮਾਂ ਨੂੰ ਸ਼ਗਨਾਂ ਸਹਿਤ ਸੁਭਾਗੀ ਡੋਲੀ ਘਰ ਆਈ- ‘ਪਾਣੀ ਵਾਰ ਬੰਨੇ ਦੀਏ ਮਾਏਂ’ ਵਾਲਾ ਸੁਲੱਖਣਾ ਗੀਤ ਗਾਇਆ ਗਿਆ-ਚੌਗਿਰਦੇ ਵਿਚ ਲੱਡੂਆਂ-ਸੀਰਨੀਆਂ-ਸ਼ਕਰਪਾਰਿਆਂ ਦੀ ਸੁਗੰਧੀ ਫੈਲੀ-ਭਾਜੀਆਂ ਖਾਧੀਆਂ ਤੇ ਵੰਡੀਆਂ ਗਈਆਂ-ਖੁੱਲ੍ਹਾ ਡੁੱਲਾ ਘਰ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਨਾਲ ਨੱਕੋ-ਨੱਕ ਭਰਿਆ-ਭਰਪੂਰ ਰੌਣਕਾਂ ਲੱਗੀਆਂ….ਤੇ ਹੌਲੀ ਹੌਲੀ ਸਾਰਾ ਮੇਲਾ ਖਿੰਡ-ਪੁੰਡ ਗਿਆ….ਨਵੀਂ ਆਈ ਨੂੰਹ-ਰਾਣੀ ਤੋਂ ਇਲਾਵਾ ਅਸੀਂ ਓਹੀ ਰਹਿ ਗਏ ਢਾਈ ਟੋਟਰੂ!
ਨਵੀਂ ਨਵੀਂ ਬਣੀ ਸੱਸ, ਜਾਣੀ ਕਿ ਮੇਰੀ ਨਸੀਬੋ, ‘ਚਾਰ ਦਿਨ ਮੌਜਾਂ ਮਾਣ ਕੇ ਧੀਆਂ’….ਨਹੀਂ ਸੱਚ, ….‘ਸੱਸ ਕਰ ਚੱਲੀ ਸਰਦਾਰੀ!’ ਭਾਵ ਕਿ ਅਮਰੀਕਾ ਪਰਤ ਆਈ! ਹਫਤਾ ਕੁ ਨੂੰਹ ਰਾਣੀ ਦੇ ਪਕਾਏ ਪਰੌਂਠੇ ਖਾ ਕੇ, ਮੈਂ ਫਿਰ ਆਪਣੀ ਨਸੀਬੋ ਦੀਆਂ ਪੱਕੀਆਂ ਨੂੰ ਯਾਦ ਕਰਨ ਲੱਗ ਪਿਆ। ਉਧਰੋਂ ਮਾਰਚ ਮਹੀਨੇ ਦਾ ਅਖੀਰ ਆ ਗਿਆ। ਗਰਮੀ ਅਗੇਤੀ ਪੈਣ ਲੱਗ ਪਈ। ਮੱਛਰੀਲਾ-ਸੰਗੀਤ ਵੀ ਸ਼ਾਮ ਪੈਂਦੇ ਹੀ ਕੰਨਾਂ ਕੋਲ ਭੀਂ-ਭੀਂ ਕਰਨ ਲੱਗ ਪਿਆ। ਬੈੱਡ ਵਾਲਾ ਗੱਦਾ ਵੀ ‘ਹੁਣ’ ਚੁੱਭਦਾ ਮਹਿਸੂਸ ਹੋਣ ਲੱਗਾ। ਦਿਨੇ ਇਧਰ-ਉਧਰ ਜਾਣ ਵੇਲੇ ਮੈਨੂੰ ਗਰਮੀ ਲੱਗਣ ਲੱਗੀ…। ਹੁਣ ਮੈਨੂੰ ਸੈਨ ਹੋਜ਼ੇ (ਕੈਲੇਫੋਰਨੀਆ) ਦੇ ਸੁਹਾਵਣੇ ਮੌਸਮ ਦੀ ਯਾਦ ਆਉਣ ਲੱਗ ਪਈ। ਅੱਠ ਅਪ੍ਰੈਲ ਫਲਾਈਟ ਵਾਲੇ ਦਿਨ ਨੂੰ ਉਡੀਕਣ ਲੱਗਾ!
‘ਗੌਡ ਬਲੈੱਸ ਅਮੈਰਿਕਾ’ ਵਾਲਾ ਸਟਿੱਕਰ ਘਰ ਦੇ ਬੂਹੇ ‘ਤੇ ਲੱਗਿਆ ਦੇਖ, ਮੈਨੂੰ ਰੰਜ ਆਇਆ-ਕਿ ਇੱਥੇ ਪੰਜਾਬ ਵਿਚ ਵਸਦਿਆਂ, ਸੱਤ ਸਮੁੰਦਰੋਂ ਪਾਰ ਦੇ ਮੁਲਕ ਲਈ ਰੱਬੀ ਅਸੀਸਾਂ ਮੰਗਣ ਦੀ ਤਾਂ ਕੋਈ ਤੁਕ ਨਹੀਂ ਬਣਦੀ। ਮੇਰੇ ਬੇਟੇ ਦੇ ਉੱਤਰ ਨੇ ਮੇਰਾ ‘ਰੰਜ’ ਪਲਾਂ ਵਿਚ ਖਤਮ ਕਰ ਦਿੱਤਾ। ਅਖੇ- ‘ਐਸ ਦੇਸ ਨੇ ਤੁਹਾਨੂੰ ਦਿੱਤਾ ਸਾਈਕਲ, ਤੀਂਘੜ ਫੀਂਘੜ ਕੇ ਮਿਲਿਆ ਸਕੂਟਰ। ਅਮਰੀਕਾ ਨੇ ਤੁਹਾਨੂੰ ਐਥੇ ਤੇ ਉੱਥੇ ਕਾਰਾਂ ਦਿੱਤੀਆਂ। ਦੁਨੀਆ ਭਰ ਦੇ ਪੰਜਾਬੀਆਂ ਵਿਚ ਥੋੜਾ ਚਾਹੇ ਬਹੁਤਾ, ਤੁਹਾਡਾ ਨਾਂ ਬਣਾਇਆ ਹੈ। ਅਸੀਂ ਤਾਂ ਉੱਠਦੇ ਉਸ ਮੁਲਕ ਦੀਆਂ ਸੱਤੇ ਖੈਰਾਂ ਮੰਗਦੇ ਹਾਂ।’ ਆਪਣੇ ਬੇਟੇ ਦੀਆਂ ਅਕੱਟ ਦਲੀਲਾਂ ਸੁਣ ਕੇ ਮੈਨੂੰ ਸੁਖਦੇਵ ਢਾਬੇ ਵਿਚ ਰੋਟੀ ਖਾਣ ਵੇਲੇ ਡਰਾਈਵਰ ਦੀ ਆਖੀ ਗੱਲ ਯਾਦ ਆਈ। ‘…ਚਾਰ ਧੇਲੇ ਤਾਂ ਕਮਾਉਂਦੇ ਹੋ ਤੁਸੀਂ ਉਥੇ!’ ਇਸ ਵਾਰਤਾਲਾਪ ਨੇ ਮੇਰੀਆਂ ਦਿਲੀ ਮੁਹਾਰਾਂ ਫਿਰ ਅਮਰੀਕਾ ਵਲ ਮੋੜ ਦਿੱਤੀਆਂ।
ਪੰਜਾਬ ਦੇ ਮਾਹੌਲ ਵਿਚ ਵਾਪਰ ਰਹੀਆਂ ਰਾਜਸੀ ਅਤੇ ਪ੍ਰਸ਼ਾਸਕੀ ਬਦ-ਇੰਤਜ਼ਾਮੀ ਦੀਆਂ ਖਬਰਾਂ ਨੇ, ਮੇਰਾ ਪੰਜਾਬ ਵਿਚ ਰਹਿਣ ਲਈ ਝੂਰਦਾ ਮਨ ਖੱਟਾ ਕਰ ਦਿੱਤਾ। ਚੜ੍ਹਦੇ ਅਪ੍ਰੈਲ ਦੀ ਗਰਮੀ-ਖੁਸ਼ਕੀ ਨਾਲ ਸੁੱਕ-ਭੁਰੜ ਜਿਹੇ ਹੱਥ ਪੈਰ ਅਤੇ ਬਾਹਵਾਂ ਦੇਖ ਕੇ ਮੈਨੂੰ ‘ਅਮਰੀਕਨ ਲੋਸ਼ਨ’ ਯਾਦ ਆਉਣ ਲੱਗ ਪਏ। ਸੈਨ ਹੋਜ਼ੇ ਦੇ ਸਾਫ-ਸੁਥਰੇ ਮੌਸਮ ਦੀ ਖਿੱਚ ਪੈਣ ਲੱਗੀ। ਇਨ੍ਹਾਂ ਸਾਰੀਆਂ ਗੱਲਾਂ ਤੋਂ ਉਤਲੀ ਇਹ ਕਿ ਮੈਨੂੰ ਚੇਤੇ ਕਰਨ ਵਾਲੀ ‘ਮੇਰੀ ਨਸੀਬੋ’ ਮੈਥੋਂ ਪਹਿਲਾਂ ਸੈਨ ਹੋਜ਼ੇ ਪਹੁੰਚ ਕੇ, ਫੋਨ ‘ਤੇ ਫੋਨ ਖੜਕਾਈ ਜਾ ਰਹੀ ਸੀ। ਉਹਨੂੰ ਵੀ ਮੈਂ ‘ਆਪਣੇ ਘਰ’ ਬੈਠਾ ਚੰਗਾ ਨਹੀਂ ਸੀ ਲੱਗ ਰਿਹਾ ਹੁਣ….ਤੇ ਆਖਰ ਅੱਠ ਅਪ੍ਰੈਲ ਆ ਹੀ ਗਿਆ, ਮੈਂ ਅਮਰੀਕਾ ਨੂੰ ਮੁੜ ਉਡਾਰੀ ਮਾਰ ਲਈ। ਇਸ ਤਹਿਰੀਰ ਦਾ ਮਜ਼ਮੂਨ ‘ਮੁੜ ਵਤਨੀ ਮੈਂ ਆਇਆ ਹੂ’ ਪੜ੍ਹਕੇ, ਸ਼ਾਇਦ ਪਾਠਕ-ਜਨ ਦੁਬਿਧਾ ਵਿਚ ਪੈ ਜਾਣਗੇ ਕਿ ਮੁੜ ਵਤਨੀ ਆਉਣ ਦਾ ਮੇਰਾ ਇਸ਼ਾਰਾ ਪੰਜਾਬ ਜਾਣ ਤੋਂ ਹੋਵੇਗਾ ਜਾਂ ਅਮਰੀਕਾ ਮੁੜ ਆਉਣ ਤੋਂ? ਇਸ ਦੁਬਿਧਾ ਦਾ ਨਿਤਾਰਾ ਕਰਨ ਲਈ, ਲਉ ਮੇਰੀ ਪਿੰਡੋਂ ਤੁਰਨ ਦੀ ਝਾਕੀ ਤੱਕ ਲਵੋ-
‘ਵੱਡੇ ਤੜਕੇ ਤਿੰਨ ਵਜੇ ਉੱਠਿਆ-ਖੁਲ੍ਹੇ ਵਿਹੜੇ ਵਿਚ ਘੁੰਮਦਿਆਂ ਨਿੰਮ ਦੀ ਦਾਤਣ ਕੀਤੀ-ਗੁਸਲਖਾਨੇ ਦੀ ਬਜਾਏ ਸਬਮਰਸੀਬਲ ਮੋਟਰ ਦੇ ਖੁੱਲ੍ਹੇ ਹੌਦ ਵਿਚ ਇਸ਼ਨਾਨ-ਪਾਨ ਕੀਤਾ, ਖੜਾਕਾ ਹੋਣ ਕਾਰਨ ਲਾਗਲੇ ਦਰਖਤਾਂ ਦੇ ਝੁੰਢ ਵਿਚੋਂ ਪੰਛੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ‘ਘੈਂਕੋ ਘੈਂਕੋ’ ਕਰਦਾ ਇਕ ਮੋਰ ਵਿੱਥ ‘ਤੇ ਖੜ੍ਹੀ ਇਕ ਖੜ-ਸੁੱਕ ਟਾਹਲੀ ‘ਤੇ ਜਾ ਬੈਠਿਆ- ‘ਹਉ ਬਲਿਹਾਰੀ ਤਿੰਨਾਂ ਪੰਖੀਆਂ’-ਮੇਰੇ ਨਾਲੋਂ ਇਹ ਮੋਰ ਸੌ ਗੁਣਾ ਅਨੰਦ ਵਿਚ ਹੈ, ਆਲ੍ਹਣੇ ‘ਚੋਂ ਉਡਾਰੀ ਮਾਰ ਕੇ ਲਾਗੇ ਹੀ ਜਾ ਬੈਠਿਆ, ਪਰ ਮੈਂ ਅੱਜ ਲੰਬੀ ਉਡਾਰੀ ਮਾਰਨੀ ਹੈ। ਨਦੀ ਨਾਵ ਸੰਜੋਗੀਂ ਮੇਲੇ! ਦਰਿਆ ਵਲੋਂ ਤੜਕੇ ਵਾਲੀ ਠੰਢੀ ਪੌਣ ਰੁਮਕ ਰਹੀ ਹੈ। ਤਿਆਰ-ਬਿਆਰ ਹੋ ਕੇ ਬਿਨਾਂ ਕਿਸੇ ਕੰਮ ਚੁਬਾਰੇ ਜਾ ਚੜ੍ਹਿਆ। ਪਿੰਡ ਦੇ ਦੂਜੇ ਖੂੰਜੇ ਕੁੱਤੇ ਭੌਂਕ ਰਹੇ ਹਨ। ਆਕਾਸ਼ ਵਿਚ ਚਮਕਦੇ ਤਾਰਿਆਂ ਦੀ ਖਿੱਤੀ ਲਹਿੰਦੇ ਦੀ ਗੁੱਠ ਜਾ ਪਹੁੰਚੀ ਹੈ। ਆਪਣੇ ਨਾਲ ਪੜ੍ਹਦੇ ਰਹੇ ਗੁਆਂਢ ਦੇ ਮੁੰਡਿਆਂ ਦੇ ਘਰਾਂ ਵਲ ਨਜ਼ਰ ਦੁੜ੍ਹਾਈ, ਸਾਰਾ….ਪਿੰਡ ਸੌਂ ਰਿਹਾ ਹੈ! ਪੌੜੀਆਂ ਉਤਰਦਿਆਂ ਅੱਖਾਂ ਛਲਕ ਪਈਆਂ-ਅੰਦਰ ਜਾ ਕੇ ਗੁਰੂ ਮਹਾਰਾਜ ਦੇ ਸਰੂਪ ਅੱਗੇ ਅਰਦਾਸ ਕੀਤੀ- ‘ਦਾਤਾ! ਇਸ ਘਰ ਦੇ ਕਿਵਾੜ ਖੁੱਲ੍ਹੇ ਰਹਿਣ-ਲੋਹ-ਲੰਗਰ ਤਪਦੇ ਰੱਖੀਂ-ਚਿਰਾਗ ਬਲਦੇ ਰਹਿਣ।’ ਭਾਈਆ ਜੀ ਦੀ ਤਸਵੀਰ ਅੱਗੇ, ਹੱਥ ਜੋੜ ਕੇ ਕਿੰਨਾ ਚਿਰ ਖੜ੍ਹਾ ਰਿਹਾ। ਦੋਵੇਂ ਪਾਲਤੂ ਕੁੱਤੇ ਵੀ ਗੇਟ ਮੋਹਰੇ ਜਾ ਕੇ ਲੰਬੀਆਂ ਲੱਤਾਂ ‘ਚ ਬੂਥੀਆਂ ਸੁੱਟੀ ਮੇਰੇ ਵਲ ਦੇਖਣ ਲੱਗੇ। ਬੇਟਿਆਂ ਅਤੇ ਨੂੰਹ ਰਾਣੀ ਨੂੰ ਵੀ ਰੋਂਦਿਆਂ ਦੇਖ ਕੇ ਮੇਰਾ ਦਿਲ ਫਿਰ ਭਰ ਆਇਆ।
ਗੱਡੀ ‘ਚ ਬੈਠਣ ਤੋਂ ਪਹਿਲਾਂ ਐਵੇਂ ਜਾ ਕੇ ਨਲਕਾ ਗੇੜ ਲਿਆ-ਪਾਣੀ ਦਾ ਘੁੱਟ ਬੁੱਲ੍ਹਾਂ ਨੂੰ ਛੁਹਾਇਆ। ਇਸੇ ਨਲਕੇ ਹੇਠ, ਮੇਰੇ ਵਿਆਹ ਤੋਂ ਬਾਅਦ, ਜਾਣ ਲੱਗਿਆਂ, ਮੇਰੀ ਭੂਆ ਨੇ ਨਹਾਉਣ ਵੇਲੇ ਕਿਹਾ ਸੀ- ‘ਆਪਣੇ ਬਾਬਲ ਦੇ ਵਿਹੜੇ ‘ਚ ਲੱਗੇ ਹੋਏ ਨਲਕੇ ‘ਤੇ ਜਾਂਦੀ ਵਾਰ ਦਾ ਨਹਾ ਲਵਾਂ!’ ਇਹ ਗੱਲ ਚੇਤੇ ਕਰਕੇ ਮੇਰਾ ਰੋਣ ਨਿਕਲ ਗਿਆ। ਅੱਖਾਂ ਪੂੰਝਦਿਆਂ ਗੱਡੀ ਵਿਚ ਬਹਿਣ ਵੇਲੇ ਬੱਚਿਆਂ ਨੂੰ ਫ਼ਤਹਿ ਬੁਲਾਉਣ ਦੀ ਕੋਸਿ਼ਸ਼ ਕੀਤੀ-ਬੱਸ ਹੱਥ ਹੀ ਜੁੜੇ ਰਹਿ ਗਏ-ਗਲੇ ‘ਚੋਂ ਕੋਈ ਸ਼ਬਦ ਨਾ ਨਿਕਲ ਸਕਿਆ!
ਨਾ ਜਾਨੇ ਕੌਨ ਸੀ ਮਜ਼ਬੂਰੀਆਂ
ਪ੍ਰਦੇਸ਼ ਲਾਈਂ ਥੀਂ।
ਵੋਹ ਜਬ ਤੱਕ ਜਿੰਦਾ ਰਹਾ,
ਘਰ ਯਾਦ ਕਰਤਾ ਥਾਂ।