"ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ"
-ਪ੍ਰੋ. ਅਵਤਾਰ ਸਿੰਘ ਦੁਪਾਲਪੁਰੀ
ਸੰਸਾਰ ਦੀਆਂ ਨਿਆਮਤਾਂ, ਸ਼ੁਹਰਤਾ, ਦੌਲਤਾਂ, ਹੁਸੀਨ ਨਾਜ਼ ਨਖ਼ਰੇ, ਤਾਜੋ ਤਖ਼ਤ ਭਗਤਾਂ ਦੀਆਂ ਨਜ਼ਰਾਂ ਵਿਚ ਮਹਿਜ਼ ਧੂਏਂ ਦੇ ਪਹਾੜ ਹਨ। ਇਸੇ ਤਰਾਂ ਹੀ ਰੁਹਾਨੀ ਮੰਡਲਾਂ ਦੇ ਉਚ ਅਨੁਭਵ, ਨਾਮ ਸਿਮਰਣ ਭਜਨ ਬੰਦਗੀ ਦੇ ਪਰਮ ਸੁਖ ਇਕ ਸੰਸਾਰੀ ਮਨੁਖ ਲਈ ਧੂਏਂ ਦੇ ਬੱਦਲ਼ ਹਨ। ਇਸੇ ਕਰਕੇ ਗੁਰਬਾਣੀ ਵਿਚ ਆਇਆ ਹੈ:"ਭਗਤਾ ਤੈ ਸੈਸਾਰੀਆਂ ਜੋੜੁ ਕਦੇ ਨ ਆਇਆ"। ਪ੍ਰੋ. ਪੂਰਨ ਸਿੰਘ ਜੀ ਨੇ ਸਿਖਾਂ ਨੂੰ ਖ਼ਬਰਦਾਰ ਕਰਦਿਆਂ ਲਿਖਿਆ ਸੀ ਕਿ ਆਪਣੀ ਟੇਕ ਰੱਬ ਸਚੇ ਪਰ ਹੀ ਰੱਖਣਾ ਭਾਵੇਂ ਉਹ ਧੂਏਂ ਦੇ ਬੱਦਲ਼ ਹੀ ਜਾਪਣ। ਕਦੀ ਚਾਂਦੀ ਦੇ ਛਿਲੜਾਂ ਪਰ ਨਾ ਰੀਝ ਜਾਣਾ।
ਇਨਸਾਨ ਦਾ ਮਨ ਇਤਨਾ ਅੱਥਰਾ ਹੈ ਕਿ ਪਤਾ ਹੀ ਨਹੀਂ ਲਗਦਾ ਕਿਹੜੇ ਵੇਲੇ ਭਟਕ ਕੇ, ਥਿੜਕ ਕੇ, ਸੁਨਹਿਰੇ ਹਿਰਨਾਂ ਮਗਰ ਦੌੜ ਪੈਂਦਾ ਹੈ। ਅਨੰਦ ਪੁਰ ਸਾਹਿਬ ਵੱਲ ਤੁਰੇ ਜਾ ਰਹੇ ਕਿਸੇ ਗੁਰਾਂ ਜੋਗੇ ਨੂੰ ਵੀ ਇਕ ਝਾਂਜਰ ਦੀ ਛਣਕਾਰ ਬਦੋ ਬਦੀ ਆਪਣੇ ਵੱਲ ਖਿਚ ਲੈਂਦੀ ਹੈ। ਇਸੇ ਕਰਕੇ ਰੱਬ ਦੀ ਯਾਦ ਤੋਂ ਪਲ ਛਿਣ ਦਾ ਅਵੇਸਲਾਪਣ ਵੀ ਬੰਦੇ ਨੂੰ ਨਰਕ ਦੀ ਖੱਡ ਤੱਕ ਲੈ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਫੌਜ ਨੂੰ ਪਾਪ ਕੀ ਜੰਞ ਆਖਿਆ ਸੀ, ਜਿਸ ਨੇ ਹਿੰਦ ਦੀ ਚਿਟੀ ਚਾਦਰ ਨੂੰ ਜ਼ਬਰਨ ਦਾਗ਼ਦਾਰ ਕਰਨ ਦੀ ਮਨਸ਼ਾ ਨਾਲ਼ ਧਾਵਾ ਬੋਲਿਆ ਸੀ। ਪੰਥ ਨੇ ਸਿਮਰਣ ਦੇ ਪ੍ਰਤਾਪ, ਬੁਲੰਦ ਇਖ਼ਲਾਕ, ਅੰਤਾਂ ਦੀ ਸਹਿਣ ਸ਼ਕਤੀ ਅਤੇ ਜ਼ਬਤ ਨਾਲ਼ ਮੁਗ਼ਲ ਸਲਤਨਤ ਨੂੰ ਜੜ੍ਹੋਂ ਹਲੂਣ ਦਿਤਾ। ਪਰ ਜਿਤ ਦੇ ਆਲਮ ਵਿਚ ਸਾਹਮਣੇ ਦਿਖਦੇ ਤਖ਼ਤੋ ਤਾਜ ਦੀ ਲੋਰ ਵਿਚ, ਧਰਮ ਦੀ ਨਿਮਰ ਭਾਵਨਾ ਨੂੰ ਤਹਿਸ ਨਹਿਸ ਕਰਨ ਵਾਲ਼ੇ ਅਤੇ ਵੈਲੀ ਕਿਸਮ ਦੇ ਮਛਰੇਵਿਆਂ ਨੂੰ ਉਤਸ਼ਾਹਿਤ ਕਰਨ ਵਾਲ਼ੇ, ਮੁਲਖਈਆ ਨੁਮਾ ਜਿਨਸੀ ਅਤੇ ਕਬਾਇਲੀ ਕਿਸਮ ਦੇ ਨਸਲੀ ਝੁਕਾ ਲੁਕਵੇਂ ਜਹੇ ਪੰਥ ਦੀਆਂ ਸਫ਼ਾਂ ਵਿਚ ਆ ਦਾਖ਼ਲ ਹੋਏ।
ਸਿਮਰਣ ਬੰਦੇ ਨੂੰ ਚੜ੍ਹਦੀ ਕਲਾ ਵੱਲ੍ਹ ਲੈ ਜਾਂਦਾ ਹੈ। ਪਰ ਜਦ ਕਿਸੇ ਮਦਹੋਸ਼ੀ, ਗ਼ਫ਼ਲਤ ਜਾਂ ਨੀਂਦ ਦੇ ਝਪਕੇ ਵਿਚ ਬੰਦੇ ਅੰਦਰ ਹਾਉਮੈਂ ਦੇ ਜਿਨੈਟਿਕ ਅਤੇ ਨਫ਼ਸਿਆਤੀ ਝੁਕਾ ਦਾਖ਼ਲ ਹੁੰਦੇ ਹਨ ਤਾਂ ਬੰਦਾ ਚੜ੍ਹਦੀ ਕਲਾ ਦੇ ਮਾਰਗ ਤੋਂ ਭਟਕ ਕੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ। ਧਰਮ ਦੇ ਮਾਰਗ ‘ਤੇ ਚਲਦਿਆਂ ਕੀਤੀ ਜੰਗ ਸਰਬੱਤ ਦੇ ਭਲੇ ਦੀ ਹੀ ਵਿਆਖਿਆ ਹੁੰਦੀ ਹੈ। ਪਰ ਕਬਾਇਲੀ ਝੁਕਾ ਵਿਚੋਂ ਸਰਬੱਤ ਦਾ ਭਲਾ ਗ਼ਾਇਬ ਹੁੰਦਾ ਹੈ। ਇਸ ਵਿਚ ਆਪਣੇ ਕਿਸੇ ਡਰ ਜਾਂ ਕਮਜ਼ੋਰੀ ਨੂੰ ਲਕੋਣ ਅਤੇ ਹੀਣਤਾ ਨੂੰ ਭਰਨ ਦੀ ਚੇਸ਼ਟਾ ਹੁੰਦੀ ਹੈ। ਧਰਮੀ ਦੀ ਜੰਗ ਤਿਆਗ਼ ਦੀ ਤਾਕਤ ਨਾਲ਼ ਲੜੀ ਜਾਂਦੀ ਹੈ, ਜਿਸ ਕਰਕੇ ਇਸ ਦੀ ਹਾਰ ਵਿਚ ਵੀ ਜਿਤ ਦਾ ਸਰੂਰ ਹੁੰਦਾ ਹੈ। ਅਧਰਮ ਦੀ ਜੰਗ ਪ੍ਰਾਪਤੀ ਅਤੇ ਕਬਜ਼ੇ ਦੀ ਹਵਸ ਵਿਚ ਲੜੀ ਜਾਂਦੀ ਹੈ, ਜਿਸ ਦੀ ਜਿਤ ਵਿਚ ਵੀ ਹਾਰਨ ਦੀ ਨਮੋਸ਼ੀ ਹੁੰਦੀ ਹੈ। ਇਸੇ ਨਮੋਸ਼ੀ ਨੂੰ ਲਕੋਣ ਲਈ ਅਧਰਮੀ ਲੋਕ ਕਿਲਕਾਰੀਆਂ ਤੇ ਪਟਾਕਿਆਂ ਦਾ ਸਹਾਰਾ ਲੈਂਦੇ ਹਨ। ਧਰਮੀ ਮਨੁਖ ਦੇ ਹੱਥ ਵਿਚ ਕਿਰਪਾਨ ਹੋਵੇ ਜਾਂ ਪਾਣੀ ਦੀ ਮਸ਼ਕ ਹੋਵੇ, ਉਸਨੇ ਤਾਂ ਆਪਣੀ ਰੂਹ ਦੇ ਤਾਪਮਾਨ ਨੂੰ ਹੀ ਬਰਕਰਾਰ ਰੱਖਣਾ ਹੁੰਦਾ ਹੈ। ਇਹੀ ਉਸ ਲਈ ਵੱਡੀ ਜਿਤ ਹੁੰਦੀ ਹੈ। ਉਹ ਹਾਰਨ ‘ਤੇ ਹੰਝੂ ਨਹੀਂ ਕੇਰਦਾ ਤੇ ਨਾ ਹੀ ਜਿਤਣ ‘ਤੇ ਉਸ ਦੇ ਦੰਦਾਂ ਦੀ ਲਿਸ਼ਕ ਕਿਸੇ ਨੂੰ ਨਜ਼ਰ ਆਉਂਦੀ ਹੈ।
ਸਿਖ ਇਤਿਹਾਸ ਵਿਚ ਮਿਸਲਾਂ ਦਾ ਦੌਰ ਅਜਿਹਾ ਸਮਾਂ ਹੈ ਜਦੋਂ ਪੰਥਕ ਅਭਿਆਸ ਵਿਚ ਭਜਨ ਬੰਦਗੀ, ਸਰਬੱਤ ਦੇ ਭਲੇ ਤੇ ਚੜ੍ਹਦੀ ਕਲਾ ਦੇ ਨਾਲ਼ ਨਾਲ਼, ਧਰਮ ਲਈ ਹਾਨੀ ਵਾਲ਼ੇ, ਹੀਣ ਭਾਵਨਾ ਨਾਲ਼ ਭਰੇ ਕਬਾਇਲੀ ਝੁਕਾ ਅਛੋਪਲ਼ੇ ਜਹੇ ਰਲ਼ਗੱਡ ਹੋ ਗਏ। "ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ" ਦੇ ਸੱਚ ਮੂਜਬ ਅਤੇ ਮੀਰੀ ਪੀਰੀ ਦੇ ਸੰਕਲਪ ਦੀ ਨਾਸਮਝੀ ਕਾਰਣ ਸਿਖ ਅਭਿਆਸ ਵਿਚ ਦੋਸ਼ ਪੈਦਾ ਹੋ ਗਏ। ਇਸੇ ਦੌਰ ਵਿਚ ਆਪਸੀ ਤੁਹਮਤਬਾਜ਼ੀ ਦਾ ਸਿਲਸਿਲਾ ਸ਼ੁਰੂ ਹੋਇਆ। ਇਕ ਦੂਸਰੇ ਲਈ ਭੈੜੇ ਭੈੜੇ ਲਕਬ, ਨਾਂ ਕੁਨਾਂ ਪ੍ਰਚਲਤ ਹੋਏ। ਦੂਸ਼ਣਬਾਜ਼ੀਆਂ ਦੁਸ਼ਮਣੀਆਂ ਵਿਚ ਵਟ ਗਈਆਂ। ਸਿਖ ਅਭਿਆਸ ਸ਼ਬਦ ਤੋਂ ਦੂਰ ਹੁੰਦਾ ਗਿਆ। ਸਿਖੀ ਨੂੰ, ਜਨਮ ਨਾਲ਼ ਸਬੰਧਿਤ, ਇਕ ਨਸਲ ਨੁਮਾ ਕੌਮ ਦੇ ਰੂਪ ਵਿਚ ਤਰਜਮਾਉਣਾ ਸ਼ੁਰੂ ਹੋਇਆ। ਕਿਸੇ ਧਿਰ ਨੂੰ ਬਿਪਰਵਾਦ ਦੇ ਨਾਂ ਹੇਠ, ਕਿਸੇ ਨੂੰ ਭਾਪਾ, ਕਿਸੇ ਨੂੰ ਬਾਣੀਆਂ ਤੇ ਕਿਸੇ ਨੂੰ ਚੌਥਾ ਪੌੜਾ ਆਖ ਭੰਢਿਆ ਗਿਆ। ਸਮੂਹ ਸਿਖ ਜੱਟਾਂ, ਭਾਪਿਆਂ ਤੇ ਮਝਬੀਆਂ ਵਿਚ ਵੰਡੇ ਗਏ। ਸਿਖੀ ਦਾ ਵਿਸ਼ਾਲ ਪਿੜ ਖਾਲੀ ਹੋਣਾ ਸ਼ੁਰੂ ਹੋ ਗਿਆ। ਨਾਮੀ ਸਰਦਾਰਾਂ ‘ਤੋਂ ਅੰਮ੍ਰਿਤਪਾਨ ਕਰਨ ਜਹੀਆਂ ਮਾਨਸਿਕ ਕਮਜ਼ੋਰੀਆਂ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ।
ਆਪਾ ਧਾਪੀ ਅਤੇ ਗ਼ਫ਼ਲਤ ਦੇ ਆਲਮ ਵਿਚ ਪਤਾ ਹੀ ਨਾ ਲਗਾ ਕਦ ਪੰਥ ਦੇ ਬਿਖੜੇ ਪੈਂਡੈ ਵਿਚ ਭਾਈ ਧਰਮ ਸਿੰਘ ਪਿਛੇ ਰਹਿ ਗਿਆ ਅਤੇ, ਮੁਗ਼ਲ ਸਲਤਨਤ ਅਧੀਨ ਪਣਪੇ ਜਿਨੈਟਿਕ ਖ਼ਾਸੇ ਦੇ ਸੁਤੇ ਸਿਧ ਪ੍ਰਭਾਵ ਵਿਚ, ਸਰਦਾਰ ਧਰਮ ਸਿੰਘ ਅੱਗੇ ਲੰਘ ਗਿਆ। ਭਾਈ ਨਿਮਰਤਾ, ਤਿਆਗ਼ ਅਤੇ "ਛਿਪੇ ਰਹਿਣ ਦੀ ਚਾਹ" ਦਾ ਪੁੰਜ ਹੈ ਪਰ ਸਰਦਾਰ ਰੋਬੀਲੀ ਮੈਂ ਦੇ ਉਗਰ ਪ੍ਰਗਟਾਵੇ ਦੀ ਮ੍ਹੂੰਹ ਬੋਲਦੀ ਤਸਵੀਰ ਹੈ।
ਸਰਦਾਰ ਦੇ ਮੁਗਲ ਰੂਪ ਨੂੰ ਸਿਖ ਜਜ਼ਬੇ ਦੀ ਪਾਹ ਨਾਲ਼ ‘ਸਿਰਦਾਰ’ ਵਿਚ ਢਾਲ਼ਿਆ ਜਾ ਸਕਦਾ ਸੀ। ਸਿਰਦਾਰ ਕਪੂਰ ਸਿੰਘ ਦਾ ਇਹ ਇਸ਼ਾਰਾ ਨਾ ਸਮਝਿਆ ਗਿਆ ਤੇ ਨਾ ਹੀ ਪ੍ਰਚੱਲਤ ਹੋਇਆ। ਉਨ੍ਹਾਂ ਦੀ ਕੋਈ ਵੀ ਗੱਲ ਛਿੜ ਪਏ ਅਕਸਰ ਲੋਕ ਇਹੀ ਸਵਾਲ ਕਰਦੇ ਹਨ ਕਿ ਇਹ ਆਪਣੇ ਨਾਂ ਨਾਲ਼ ਸਿਰਦਾਰ ਕਿਉਂ ਲਿਖਦੇ ਸਨ, ਸਰਦਾਰ ਕਿਉਂ ਨਹੀਂ?
ਮੁਗ਼ਲ ਸਰਦਾਰੀ, ਇਕ ਰੋਗ ਵਜੋਂ, ਸਿਖ ਸਰਦਾਰੀ ਦੇ ਰੂਪ ਵਿਚ ਪਲ਼ਟ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ਼ ਇਸ ਰੋਗ ਦਾ ਇਲਾਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੁਨੀਆਂ ਦੀ ਹਰ ਸ਼ੈ ਆਉਣੀ ਜਾਣੀ ਹੈ। ਜਿਸ ਭਾ ਰਾਜ ਆਇਆ, ਉਸੇ ਭਾ ਚਲਾ ਗਿਆ। ਭਾਈ ਧਰਮ ਸਿੰਘ ਗੁਰੂ ਦੀ ਬਖ਼ਸ਼ਿਸ਼ ਸਦਕਾ ਜੰਗ ਵਿਚ ਜੂਝ ਗਿਆ। ਪਰ ਗੁਰਾਂ ਦੀ ਮਿਹਰ ਤੋਂ ਅਣਜਾਣ ਸਰਦਾਰ ਧਰਮ ਸਿੰਘ, ਰਾਜ ਵਿਹੂਣਾ ਹੋ ਕੇ, ਉਪਰਾਮ ਹੋ ਗਿਆ। ਉਪਰਾਮ ਤੇ ਉਦਾਸ ਸਰਦਾਰਾਂ ਦੀ ਮਨੋ ਦਸ਼ਾ ਨੂੰ ਅੰਗਰੇਜ਼ ਨੇ ਬਰੀਕੀ ਨਾਲ਼ ਘੋਖਿਆ ਤੇ ਸਮਝਿਆ। ਉਸ ਨੇ ਸਰਦਾਰੀ ਦੀ ਕਸਰ ਨੂੰ, ਆਪਣੇ ਹਿਤ ਵਿਚ, ਵਰਤਣ ਦੀ ਵਿਓਂਤ ਬਣਾਈ। ਸਰਦਾਰਾਂ ਨੂੰ ਜਗੀਰਾਂ ਦੇ ਗੱਫੇ ਅਤੇ ਬਹਾਦਰਾਂ ਦੇ ਖ਼ਿਤਾਬ ਬਖ਼ਸ਼ੇ ਗਏ। ਕਸਰ ਵਾਲੇ ਸਿਖ ਪਹਿਲਾਂ ਸਰਦਾਰ ਬਣੇ, ਫਿਰ ਸਰਦਾਰ ਬਹਾਦਰ ਬਣੇ। ਜਗੀਰਾਂ ਨੇ ਜਗੀਦਾਰੀ ਦੀ ਮੁਸ਼ਕ ਵੀ ਸਰਦਾਰੀ ‘ਚ ਘਸੋੜ ਦਿਤੀ।
ਜਿਨੀ ਦੇਰ ਤੱਕ ਇਨਸਾਨ ਆਪਣੀ ਕਬਾਇਲੀ ਜਿਨੈਟਿਕ ਖ਼ਸਲਤ ‘ਤੋਂ ਅਜ਼ਾਦ ਨਹੀਂ ਹੁੰਦਾ ਜਾਂ ਇਸ ਨੂੰ ਸ਼ਬਦ ਦੀ ਸ਼ਰਣ ਵਿਚ ਨਹੀਂ ਲਿਆਉਂਦਾ ਉਦੋਂ ਤਕ ਉਸ ਵਿਚ ਸਹਿਜ ਪ੍ਰਵੇਸ਼ ਨਹੀਂ ਕਰਦਾ। ਸਗੋਂ ਉਸ ਦਾ ਸਮੁੱਚਾ ਅਭਿਆਸ ਇਕ ਤੌਖ਼ਲੇ ਵਿਚ ਪਲ਼ਟ ਜਾਂਦਾ ਹੈ। ਤੌਖ਼ਲੇ ਵਿਚ ਮਾਰਾ ਮਾਰੀ, ਖੋਹਾ ਖਿਚੀ ਅਤੇ ਕਬਜ਼ੇ ਦੀ ਭਾਵਨਾ ਪ੍ਰਬਲ ਹੁੰਦੀ ਹੈ। ਇਸ ਅਭਿਆਸ ਤਹਿਤ ਬੰਦਾ ਕੁਛ ਪ੍ਰਾਪਤ ਹੋਣ ਦੀ ਹਾਲਤ ਵਿਚ ਹਾਉਮੈ ‘ਚ ਅਤੇ ਕੁਝ ਖੁੱਸ ਜਾਣ ‘ਤੇ ਹੀਣ ਭਾਵਨਾ ‘ਚ ਗ੍ਰਸਿਆ ਜਾਂਦਾ ਹੈ। ਅੰਗਰੇਜ਼ ਨੇ, ਇਸੇ ਤਰਾਂ ਦੀ ਹੀਣ ਭਾਵਨਾ ‘ਚ ਗ੍ਰਸੇ, ਸਿਖ ਸਰਦਾਰਾਂ ਦੀ ਇਕ ਹੈਂਕੜ ਸੁਰਜੀਤ ਕੀਤੀ ਅਤੇ ਇਕ ਭੰਨ ਦਿਤੀ; ਇਕ ਉਦਾਸੀ ਦੂਰ ਕੀਤੀ ਅਤੇ ਇਕ ‘ਬਖ਼ਸ਼’ ਦਿਤੀ।
ਕਹਿੰਦੇ ਹਨ ਕਿ ਖੰਡ ਤੇ ਖੀਰ ਹਰ ਕਿਸੇ ਨੂੰ ਨਹੀਂ ਪਚਦੇ। ਪਤਾ ਵੀ ਨਾ ਲੱਗਾ ਜਦੋਂ ਇਹ ਵੱਡੇ ਵੱਡੇ ਜਗੀਰਦਾਰ ਸਰਦਾਰ ਬਹਾਦਰ ਈਸਾਈ ਬਣਨੇ ਸ਼ੁਰੂ ਹੋ ਗਏ। ਇਸ ਨਾਲ਼ ਪੰਥ ਵਿਚ ਉਪਰਾਮਤਾ ਦੂਣੀ ਚੌਣੀ ਹੋ ਗਈ। ਅੰਗਰੇਜ਼ ਇਸਾਈ ਮਿਸ਼ਨਰੀ ਸਿਖੀ ਤੋਂ ਦੂਰ ਕਰਨ ਲਈ ਸਿਖਾਂ ਦੇ ਨੇੜੇ ਆਉਣੇ ਸ਼ੁਰੂ ਹੋ ਗਏ।
ਇਸ ਸਮੇਂ ਕੁਝ ਸੰਵੇਦਨਸ਼ੀਲ, ਸੂਝਵਾਨ, ਨੇਕ ਅਤੇ ਸਾਦਗੀ ਪਸੰਦ ਸਿਖਾਂ ਨੇ ਸ਼ਬਦ ਦੇ ਤੇਜ ਪ੍ਰਤਾਪ ਵਿਚੋਂੇ ਕਬਾਇਲੀ, ਨਫ਼ਸਿਆਤੀ, ਨਸਲੀ ਅਤੇ ਕੁਣਬਾ ਪ੍ਰਭਾਵ ਨੂੰ ਖ਼ਾਰਜ ਕਰਨ ਲਈ ਸਿਖੀ ਦੀ ਮੁਢ ਤੋਂ ਵਿਆਖਿਆ ਕਰਨ ਦੀ ਵਿਓਂਤ ਬਣਾਈ। ਜਿਵੇਂ ਕਿਸੇ ਸਮੇਂ ਅਕਾਲ ਦੀ ਵਿਸ਼ਾਲ ਕੈਨਵਸ ‘ਤੇ ਅਨੰਤ ਕਾਲ ਚੱਕਰਾਂ ਦੀ ਇਕਸਾਰਤਾ ਦੀ ਉਕਤਾਹਟ ਤੋਂ ਪ੍ਰੇਸ਼ਾਨ ਹੋ ਕੇ ਕਿਸੇ ਨਵੀਂ ਜੀਵਨ ਕਣੀਂ, ਤੱਤ ਜਾਂ ਸੂਤਰ ਦੀ ਉਮੀਦ ਨਾਲ਼ ਦੇਵਤਿਆਂ ਅਤੇ ਦੈਂਤਾਂ ਨੇ ਰਲ਼ ਕੇ ਸਮੁੰਦਰ ਮੰਥਨ ਦਾ ਅਯੋਜਨ ਕੀਤਾ ਸੀ।
ਇਨ੍ਹਾਂ ਮਹਾਨ ਚੰਦ ਹਸਤੀਆਂ ਵਿਚੋਂ ਪ੍ਰੋ. ਸਾਹਿਬ ਸਿੰਘ ਜੀ ਨੇ ਸਿਖੀ ਦੀ ਮਹਾਨ ਸੇਵਾ ਦਾ ਬੀੜਾ ਚੁਕਿਆ। ਉਨ੍ਹਾਂ ਪੁਰਾਣੀਆਂ ਤਮਾਮ ਰਵਾਇਤਾਂ ਨੂੰ ਛੱਡ ਕੇ ਬਿਲਕੁਲ ਨਵੇਂ ਸਿਰਿਓਂ ਸਿਖੀ ਅਮਲ, ਸਿਧਾਂਤ ਅਤੇ ਗੁਰਬਾਣੀ ਦੀ ਵਿਆਖਿਆ ਦਾ ਮਹਾਨ ਕਾਰਜ ਅਰੰਭ ਕੀਤਾ।
ਉਂਝ ਤਾਂ ਕੋਈ ਵੀ ਸ਼ਰਧਾਵਾਨ ਅਤੇ ਸੂਝਵਾਨ ਸਿੱਖ ਜਦ ਗਿਆਨ ਅਤੇ ਵਿਦਿਆ ਦੇ ਖੇਤਰ ‘ਚ ਦਾਖ਼ਲ ਹੁੰਦਾ ਹੈ ਤਾਂ ਉਸ ਦੇ ਮਨ ਵਿਚ ਆਪਣੇ ਧਰਮ ਪ੍ਰਤੀ ਬੌਧਿਕ ਸੇਵਾ ਭਾਵ ਪਣਪਦੇ ਹਨ। ਫਿਰ ਉਹ ਇਸ ਖੇਤਰ ਵਿਚ ਆਪਣੇ ਨਿਸ਼ਾਨ ਛੱਡਣ ਲਈ ਕੋਈ ਨਾ ਕੋਈ ਕਿਤਾਬ ਲਿਖਣ ਵੱਲ ਪ੍ਰੇਰਤ ਹੁੰਦਾ ਹੈ। ਇਹ ਸਾਡੇ ਸੁਭਾ ਦਾ ਬੜਾ ਹੀ ਨੇਕ ਅਤੇ ਸ਼ੁਭ ਸੰਕੇਤ ਹੈ। ਗੁਰਬਾਣੀ ਨੂੰ ਪੜ੍ਹਨਾ, ਸੁਣਨਾ ਅਤੇ ਲਿਖਣਾ ਸਵਾਬ ਦਾ ਕਾਰਜ ਸਮਝਿਆ ਜਾਂਦਾ ਹੈ।
ਗੁਰਬਾਣੀ ਨੂੰ ਅਧਾਰ ਬਣਾ ਕੇ ਲਿਖਣ ਵਾਲ਼ੇ ਲੇਖਕਾਂ ਦੀਆਂ ਦੋ ਕਿਸਮਾਂ ਬਣਾਈਆਂ ਜਾ ਸਕਦੀਆਂ ਹਨ। ਇਕ ਉਹ ਜੋ ਮਹਿਜ਼ ਖ਼ੁਸ਼ੀ, ਸਵਾਬ ਜਾਂ ਇਤਿਹਾਸ ਵਿਚ ਆਪਣੀ ਹਾਜ਼ਰੀ ਲਗਾਉਣ ਖ਼ਾਤਰ ਲਿਖਦੇ ਹਨ। ਦੂਜੇ ਉਹ ਜੋ ਮਾਨਵੀ ਸੋਚ ਦੇ ਬਦਲੇ ਹੋਏ ਪੋਚ ਮੁਤਾਬਿਕ ਬੌਧਿਕਤਾ ਨੂੰ ਕੋਈ ਵਿਸ਼ੇਸ ਮੋੜ ਦੇਣਾ ਚਾਹੁੰਦੇ ਹਨ ਜਾਂ ਪਹਿਲੋਂ ਹੋ ਚੁਕੀ ਸੋਚ ਵਿਚਾਰ ਅਤੇ ਖੋਜ ਵਿਚਲੀ ਕਿਸੇ ਊਣਤਾਈ ਜਾਂ ਖੋਟ ਨੂੰ ਦੂਰ ਕਰਨ ਦੇ ਇਰਾਦੇ ਨਾਲ਼ ਲਿਖਦੇ ਹਨ। ਪਹਿਲੀ ਕਿਸਮ ਦੇ ਲੇਖਕਾਂ ਦੀ ਹਾਜ਼ਰੀ ਗੁਰੂ ਘਰ ਵਿਚ ਤਾਂ ਲਗ ਜਾਂਦੀ ਹੈ ਪਰ ਇਤਿਹਾਸ ਵਿਚ ਨਹੀਂ ਲਗਦੀ। ਕੇਵਲ ਦੂਜੀ ਕਿਸਮ ਦੇ ਲੇਖਕ ਹੀ ਇਤਿਹਾਸ ਦਾ ਹਵਾਲਾ ਬਣਦੇ ਹਨ।
ਪ੍ਰੋ. ਸਾਹਿਬ ਸਿੰਘ ਜੀ ਨੂੰ ਅਸੀਂ ਇਤਿਹਾਸ ਦਾ ਹਵਾਲਾ ਬਣਨ ਵਾਲ਼ੇ ਵਿਦਵਾਨਾ ਦੀ ਕੋਟੀ ਵਿਚ ਸ਼ੁਮਾਰ ਕਰਦੇ ਹਾਂ। ਉਨ੍ਹਾਂ ਨੇ ਗੁਰਬਾਣੀ ਦੀਆਂ ਅਨੇਕ ਵਿਆਖਿਆ ਪ੍ਰਣਾਲ਼ੀਆਂ ਦੇ ਲੰਬੇ ਦੌਰ ਉਪਰੰਤ ਗੁਰਬਾਣੀ ਅਰਥ ਪ੍ਰੰਪਰਾ ਨੂੰ ਇਕ ਵਿਸ਼ੇਸ਼ ਟਰਨ ਦਿੱਤੀ। ਇਸ ਨਵੀ ਟਰਨ ਦਾ ਜ਼ਾਹਿਰਾ ਅਧਾਰ ਵਿਆਕਰਣ ਸੀ। ਵਿਆਕਰਣਿਕ ਅਧਾਰ ਪਰ ਵਿਆਖਿਆ ਕਰਦਿਆਂ ਪ੍ਰੋ. ਸਾਹਿਬ ਸਿੰਘ ਜੀ ਨੇ ਮੂਲ਼ ਮੰਤਰ ਦੇ ਅਰਥਾਂ ਵਿਚ ਵਿਸ਼ੇਸ਼ ਤਬਦੀਲੀ ਲਿਆਂਦੀ। ਉਨ੍ਹਾਂ ਨੇ ਮੂਲ਼ ਮੰਤਰ ਦੇ ਅੰਤ ਵਿਚ ਆਉਂਦੇ ਸ਼ਬਦਾਂ ‘ਗੁਰ’ ਅਤੇ ‘ਪ੍ਰਸਾਦਿ’ ਨੂੰ ਇਕ ਜੁਟ ਦੇ ਰੂਪ ਵਿਚ ਅਤੇ ਪ੍ਰਸਾਦਿ ਦੀ ਸਿਹਾਰੀ ਨੂੰ ‘ਨਾਲ਼’ ਦੇ ਅਰਥਾਂ ਦੀ ਸੂਚਕ ਮੰਨ ਕੇ ਇਸ ਦੇ ਅਰਥ ‘ਗੁਰੂ ਦੀ ਕਿਰਪਾ ਨਾਲ਼’ ਕਰ ਦਿਤੇ; ਕਿ ’ਨੂੰਤੋਂ’ ਗੁਰੂ ਦੇ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਨਾਲ ਮਿਲ਼ਦਾ ਹੈ।
ਮੂਲ਼ ਮੰਤਰ ਦੇ ਇਨ੍ਹਾਂ ਅਰਥਾਂ ਨਾਲ਼ ਪ੍ਰੋ. ਸਾਹਿਬ ਸਿੰਘ ਜੀ ਦੀ ਇਹ ਧਾਰਣਾ ਬਣ ਗਈ ਕਿ ਅਕਾਲ ਪੁਰਖ ਦਾ ਸੂਚਕ ਨੂੰਤੋਂ ਅਤੇ ਗੁਰੂ ਦੋ ਵੱਖੋ ਵੱਖਰੀਆਂ ਹਸਤੀਆਂ ਹਨ ਅਤੇ ਇਕ ਗੁਰੂ ਦੀ ਹਸਤੀ ਦੀ ਕਿਰਪਾ ਨਾਲ਼ ਦੂਸਰੀ ਹਸਤੀ ਨੂੰਤੋਂ ਅਕਾਲ ਪੁਰਖ ਦਾ ਮਿਲ਼ਾਪ ਸੰਭਵ ਹੈ। ਜਾਪਦਾ ਹੈ ਕਿ ਮੂਲ਼ ਮੰਤਰ ਦੇ ਇਹ ਅਰਥ ਕਰਨ ਸਮੇਂ ਪ੍ਰੋ. ਸਾਹਿਬ ਸਿੰਘ ਜੀ ਦੇ ਖ਼ਿਆਲ ਵਿਚ ਗੁਰੂ ਸ਼ਬਦ ਹਜ਼ੂਰ ਪਾਤਸ਼ਾਹ ਵੱਲ ਸੰਕੇਤ ਕਰਦਾ ਸੀ। ਪਰ ਉਨ੍ਹਾਂ ਬਾਕੀ ਬਾਣੀ ਦੀ ਵਿਆਖਿਆ ਕਰਦਿਆਂ ਗੁਰੂ ਸ਼ਬਦ ਨੂੰ ਕੇਵਲ ਨਿਰਾਕਾਰ ਪਾਰਬ੍ਰਹੰਮ ਦਾ ਸੂਚਕ ਮੰਨ ਲਿਆ। ਜਿਥੇ ਕਿਤੇ ਵੀ ਗੁਰੂ ਅਤੇ ਨਾਨਕ ਇਕੱਠੇ ਆਏ ਉਥੇ ਉਨ੍ਹਾਂ ਨਾਨਕ ਨੂੰ ਕੇਵਲ ਕਵੀ ਦਾ ਨਿਸ਼ਾਨ ਮਾਤਰ ਮੰਨ ਲਿਆ; ਪਰ ਗੁਰੂ ਨੂੰ ਉਸ ਤੋਂ ਵੱਖਰਾ ਨਿਰਾਕਾਰ ਅਕਾਲ ਪੁਰਖ ਦਾ ਬੋਧਕ ਮੰਨਿਆਂ। ਨਾਨਕ ਦੇ ਅਰਥ ‘ਹੇ ਨਾਨਕ’, ‘ਨਾਨਕ ਆਖਦਾ ਹੈ’ ਜਾਂ ‘ਨਾਨਕ ਆਖ’ ਕਰਕੇ, ਵਿਆਕਰਣ ਤੋਂ ਪ੍ਰਭਾਵਤ, ਆਪਣੇ ਪਾਠਕਾਂ ਦੇ ਸਾਦਾ ਮਨਾਂ ਅੰਦਰ ਗੁਰੂ ਦੇ ਪਰਮੇਸਰ ਵਾਲ਼ੇ ਅਕਸ ਵਿਚ ਤ੍ਰੇੜ ਪੈਦਾ ਕਰ ਦਿਤੀ। ਇਸ ਤ੍ਰੇੜ ਕਾਰਣ ਪ੍ਰੋ. ਸਾਹਿਬ ਸਿੰਘ ਜੀ ਨੇ ਖ਼ੁਦ ਅਤੇ ਉਨ੍ਹਾਂ ਦੀ ਵਿਆਖਿਆ ਤੋਂ ਪ੍ਰਭਾਵਤ ਹੋ ਕੇ ਬਾਣੀ ਅਤੇ ਸਿਖ ਇਤਿਹਾਸ ਦੀ ਖ਼ੋਜ ਅਤੇ ਛਾਣ ਬੀਣ ਦੇ ਕਾਰਜ ਵਿਚ ਜੁਟੇ ਹੋਏ ਪ੍ਰਚਾਰਕ ਵਿਦਵਾਨਾ ਨੇ, ਭਾਈ ਸਾਹਿਬ ਕਪੂਰ ਸਿੰਘ ਜੀ ਦੇ ਸ਼ਬਦਾਂ ਵਿਚ ਇਕ ਕਿਸਮ ਦੀ ‘ਡਿਸਟੀਲੇਸ਼ਨ’ ਦਾ ਸਿਲਸਿਲਾ ਸ਼ੁਰੂ ਕਰ ਦਿਤਾ।
ਇਸ ਸਿਲਸਿਲੇ ਤਹਿਤ ਉਨ੍ਹਾਂ ਨੇ ਆਪਣੀ ਵਿਗਿਆਨਿਕ ਅਤੇ ਵਿਆਕਰਣਿਕ ਮੈਥਡੌਲੋਜੀ ਨਾਲ ਸਮੁਚੀ ਬਾਣੀ ਨੂੰ ਪਰੰਪਰਾ ਵਿਚ ਸੀਨਾ ਬਸੀਨਾ ਚਲੇ ਆਉਂਦੇ ਸਾਖੀ ਇਤਿਹਾਸ ਨਾਲ਼ੋਂ ਅਲਹਿਦਾ ਕਰ ਦਿਤਾ। ਬਾਣੀ ਵਿਚ ਆਏ ਸ਼ਬਦ ਮੋਹਣ ਦਾ ਪੋਥੀਆਂ ਵਾਲ਼ੇ ਬਾਬਾ ਮੋਹਣ ਜੀ ਨਾਲ਼ੋਂ ਸਬੰਧ ਤੋੜਿਆ। ਉਹ ਲਿਖਦੇ ਹਨ "ਮੋਹਨ ਨੂੰ ਬਾਬਾ ਮੋਹਨ ਵਾਸਤੇ ਵਰਤਣਾ ਭਾਰੀ ਭੁਲ ਹੈ। ਬਾਬਾ ਮੋਹਨ ਜੀ ਦੇ ਛੋਟੇ ਜਹੇ ਚੁਬਾਰੇ ਨੂੰ ਸਤਿਗੁਰੂ ਜੀ ‘ਮਹਿਲ ਅਪਾਰਾ’ ਨਹੀਂ ਆਖ ਸਕਦੇ ਸਨ"। ਪੰਚਮ ਪਾਤਸ਼ਾਹ ਜੀ ਵਲੋਂ ਵਿਛੋੜੇ ਦੀ ਅਸਹਿ ਬਿਹਬਲਤਾ ਵਿਚ ਭੇਜੀਆਂ ਚਿਠੀਆਂ ਦਾ ਉਨ੍ਹਾਂ ਦੇ ਗੁਰੁਦੇਵ ਪਿਤਾ, ਧੰਨ ਗੁਰੂ ਰਾਮਦਾਸ ਜੀ ਨਾਲ਼ੋਂ ਨਾਤਾ ਤੋੜਿਆ। ਅਖੇ "ਜੇ ਕਹਾਣੀ ਠੀਕ ਹੁੰਦੀ ਤਾਂ ਆਖਦੇ ਕਿ ਪ੍ਰਭੂ ਨੇ ਗੁਰੂ ਮਿਲਾ ਦਿਤਾ ਹੈ" (ਗੁਰੂ ਨੇ ਸੰਤ ਪ੍ਰਭੂ ਮਿਲਾ ਦਿਤਾ ਨਾ ਆਖਦੇ)। ਭਗਤ ਨਾਮ ਦੇਵ ਜੀ ਦੀ ਬਾਣੀ ਵਿਚ ਦਵਾਰਕਾ ਨਗਰੀ ਵਿਖੇ ਭਗਵਾਨ ਦੇ ਮੁਗ਼ਲ ਰੂਪ ਵਿਚ ਹੋਏ ਮੇਲ਼ ਦੀ ਸਾਖੀ ਨੂੰ ਇਹ ਕਹਿਕੇ ਰੱਦ ਕਰ ਦਿਤਾ ਕਿ "ਮੁਗ਼ਲ ਰਾਜ ਵੇਲ਼ੇ ਜੇ ਨਾਮ ਦੇਵ ਜੀ ਨੂੰ ਕਿਸੇ ਮੁਗ਼ਲ ਹਾਕਮ ਵਿਚ ਰੱਬ ਦਿਸ ਪਿਆ ਤਾਂ ਕੀ ਅੰਗਰੇਜ਼ੀ ਹਕੂਮਤ ਵੇਲੇ ਜੇ ਕੋਈ ਅੰਗਰੇਜ਼ ਕਿਸੇ ਸਿਖ ਉਤੇ ਵਹਿਸ਼ੀਆਨਾ ਵਧੀਕੀ ਕਰੇ ਤਾਂ ਸਿਖ ਉਸ ਅੰਗਰੇਜ਼ ਵਿਚ ਰੱਬ ਵੇਖੇ?...ਭਗਤ ਨਾਮ ਦੇਵ ਜੀ ਦੁਆਰਕਾ ਕੀ ਕਰਨ ਗਏ ਸਨ? ਸੈਰ ਕਰਨ, ਅੰਗ ਸਾਕ ਨੂੰ ਮਿਲਣ, ਰੋਜ਼ੀ ਸਬੰਧੀ? ਭਗਤ ਜੀ ਦੇ ਨਗਰ ਪੰਡਰ ਪੁਰ ਤੋਂ ਦੁਆਰਕਾ ਦੀ ਵਿਥ ਛੇ ਸੌ ਮੀਲ ਦੇ ਕਰੀਬ ਹੈ ਤਾਂ ਉਪਰਲੇ ਸਾਰੇ ਅੰਦਾਜ਼ੇ ਰਹਿ ਜਾਂਦੇ ਹਨ, ਕਿਉਂਕਿ ਉਸ ਜ਼ਮਾਨੇ ਵਿਚ ਗੱਡੀਆਂ ਆਦਿ ਦਾ ਸਿਲਸਿਲਾ ਕੋਈ ਹੈ ਹੀ ਨਹੀਂ ਸੀ"।
ਗੱਡੀਆਂ ਮੋਟਰਾਂ ਵਾਲ਼ਾ ਤਰਕ ਬਹੁਤਾ ਹੀ ਬਚਗ਼ਾਨਾ ਜਾਪਦਾ ਹੈ, ਕਿਉਂਕਿ ਗੱਡੀਆਂ ਮੋਟਰਾਂ ਤਾਂ ਦੇਸ ਦਿਸੰਤਰਾਂ ਦਾ ਰਟਨ ਕਰਨ ਵਾਲ਼ੇ ਗੁਰੂ ਸਾਹਿਬਾਂ ਕੋਲ਼ ਵੀ ਨਹੀਂ ਸਨ! ਹੋਰ ਦੇਖੋ, ਉਨ੍ਹਾਂ ਅਰਥਾਂ ਦੀ ਖਿਚ ਧੂਹ ਕਰਕੇ, ਰਾਮਕਲੀ ਸਦ ਵਿਚ ਆਉਂਦੇ ਕੇਸੋ ਗੁਪਾਲ ਨੂੰ ਗੁਰੂ ਘਰ ਦੇ ਕਿਸੇ ਅਨਿੰਨ ਸਿਖ ਪ੍ਰਚਾਰਕ ਅਤੇ ਵਿਦਵਾਨ ਪੰਡਤ ‘ਤੋਂ ਅਲਹਿਦਾ ਕਰ ਦਿਤਾ। ਸ਼ਾਇਦ ਉਨ੍ਹਾਂ ਦਾ ਧਿਆਨ ਨਹੀਂ ਗਿਆ, ਨਹੀਂ ਤਾਂ ਲਾਵਾਂ ਦਾ ਪਾਠ ਵੀ ਅਨੰਦ ਕਾਰਜ ਤੋਂ ਅਲਹਿਦਾ ਹੋ ਜਾਣਾ ਸੀ; ਦਲੇਰੀ ਤੇ ਹੌਸਲੇ ਦੀ ਤਾਂ ਕੋਈ ਕਮੀਂ ਨਹੀਂ ਸੀ!
ਉਨ੍ਹਾਂ ਦੇ ਟੀਕੇ ਜਾਂ ਵਿਆਖਿਆ ਵਿਚ ਇਕ ਨਿਮਰ ਆਪਹੁਦਰਾਪਣ ਵੀ ਦੇਖਣ ਨੂੰ ਮਿਲ਼ਦਾ ਹੈ। ਉਹ ਅਕਸਰ ਸਿਧੇ ਸਾਦੇ ਅਰਥਾਂ ਨੂੰ ਗੁੰਝਲ਼ਦਾਰ ਤੇ ਪੇਚੀਦਾ ਬਣਾ ਦਿੰਦੇ ਸਨ। ਪਰ ਗਹਿਨ ਤੇ ਡੂੰਘੇ ਅਰਥਾਂ ਨੂੰ ਬੇਤਰਤੀਬੇ ਅਤੇ ਆਪਹੁਦਰੇ ਢੰਘ ਨਾਲ਼ ਨਜਿਠਦੇ ਸਨ। ਉਹ ਅਕਸਰ ਤਰਕ ਅਤੇ ਵਿਗਿਆਨਿਕ ਪੈਂਤੜੇ ਨੂੰ ਫਿਟ ਨਾ ਬੈਠਣ ਵਾਲ਼ੇ ਸ਼ਬਦਾਂ ਉਤੋਂ ਛਾਲ਼ ਮਾਰ ਕੇ ਟੱਪ ਜਾਂਦੇ ਸਨ ਅਤੇ ਕਿਸੇ ਸ਼ਬਦ ਦੇ ਅਰਥ ਨੂੰ ਖਿਚ ਕੇ ਆਪਣੇ ਪੈਂਤੜੇ ਹੇਠ ਕਰਨ ਲਈ ਬਰੈਕਟਾਂ ਸਮੇਤ ਵਾਧੂ ਸ਼ਬਦ ਤੇ ਕਈ ਵਾਰ ਪੂਰੇ ਵਾਕ ਘਸੋੜ ਦਿੰਦੇ ਸਨ। ਬਾਣੀ ਦੀ ਤੁਕ "ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ" ਦੇ ਅਰਥ ਕਰਦਿਆਂ ਉਨ੍ਹਾਂ ਦੇ ਪੈਂਤੜੇ ਦੀ ਉਕਤ ਕਲਾ ਦਾ ਨਮੂਨਾ ਦੇਖੋ:"ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁਲ; ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ"।
ਜਪੁਜੀ ਸਾਹਿਬ ਦੇ ਪੰਜ ਖੰਡਾਂ ਵਿਚ "ਸਰਮ ਖੰਡ ਕੀ ਬਾਣੀ ਰੂਪੁ" ਦੇ ਅਰਥ ਦੇਖੋ: "ਉਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ"। ਅਧਿਆਤਮਿਕ ਮੰਡਲਾਂ ਵਿਚ ਉਸ ਪਰਮ ਪਿਤਾ ਪਰਮਾਤਮਾ ਅਤੇ ਜੀਵਾਤਮਾ ਦੇ ਪਰਸਪਰ ਰਿਸ਼ਤੇ ਦੀ ਸੁੰਦਰਤਾ ਦਾ ਮਿਜ਼ਾਜ ਲੱਜਾ ਹੈ। ਪਿਆਰ ਮੁਹੱਬਤ ਦੇ ਰਿਸ਼ਤਿਆਂ ਵਿਚ ਉਦਮ ਇਕ ਤਰਾਂ ਦੀ ਚਤਰਾਈ ਹੈ ਜੋ ਰਿਸ਼ਤਿਆਂ ਦੀ ਪਰਸਪਰਤਾ ਵਿਚ ਵੱਡੀ ਰੁਕਾਵਟ ਸਮਝੀ ਜਾਂਦੀ ਹੈ ‐"ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ"। ਕੇਵਲ ਦੁਨਿਆਵੀ ਕਾਰ ਵਿਹਾਰ ਵਿਚ ਉਦਮ ਦੀ ਮਹੱਤਤਾ ਦਰਸਾਈ ਗਈ ਹੈ -"ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ"। ਪਰ ਅਧਿਆਤਮਿਕ ਮਾਰਗ ‘ਤੇ ਚਲਦਿਆਂ -"ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ" ਫ਼ੁਰਮਾਨ ਹੈ।
ਫ਼ਰੀਦ ਕੋਟੀ ਟੀਕੇ ਵਿਚ ‘ਸਰਮ’ ਦੇ ਅਰਥ ‘ਲੱਜਾ’ ਕੀਤੇ ਗਏ ਹਨ ‐"ਸਰਮ ਨਾਮ ਲਜਿਆ ਕਾ ਹੈ"। ਕਿਸੇ ਵੀ ਟੀਕਾਕਾਰ ਨੂੰ ਕੋਈ ਵੀ ਨਵੇਂ ਅਰਥ ਕਰਨ ਲਗਿਆਂ ਆਪਣੇ ਤੋਂ ਪਹਿਲਾਂ ਹੋ ਚੁਕੇ ਅਰਥਾਂ ਨੂੰ ਮੰਨਣ ‘ਚ ਆਉਂਦੀ ਮੁਸ਼ਕਲ ਜਾ ਕੋਈ ਕਮੀ ਪੇਸ਼ੀ ਸਪਸ਼ਟ ਕਰਨੀ ਲਾਜ਼ਮੀ ਹੈ। ਮਹਿਜ਼ ਨਵੇਂ ਅਰਥ ਕਰਨ ਲਈ ਵੱਖਰੇ ਅਰਥ ਕਰੀ ਜਾਣੇ ਵਡਿਆਈ ਵਾਲ਼ੀ ਵਿਦਵਤਾ ਨਹੀਂ ਹੈ।
ਸਿਖ ਮਰਿਆਦਾ ਨੂੰ ਉਲ਼ਟ ਪੁਲ਼ਟ ਕਰਨ ਵਿਚ ਵੀ ਉਹ ਦਿਲਚਸਪੀ ਰਖਦੇ ਸਨ। ਕੀਰਤਨ ਸੋਹਿਲੇ ਦਾ ਪਾਠ ਉਠ ਕੇ ਅਮ੍ਰਿਤ ਵੇਲ਼ੇ ਕਰਿਆ ਕਰਦੇ ਸਨ, ਜਾਪ ਸਾਹਿਬ ਦਾ ਪਾਠ ਰਾਤ ਨੂੰ ਸੌਣ ਸਮੇਂ ਕਰਦੇ ਸਨ ਅਤੇ ਅੰਮ੍ਰਿਤ ਕਕਾਰ ਕੰਘਾ ਜੇਬ ‘ਚ ਰਖਦੇ ਸਨ। ਕਹਿੰਦੇ ਸਨ "ਮੈਨੂੰ ਅੱਛਾ ਲਗਦਾ ਹੈ"। ਅੱਛਾ ਲਗਣ ਦੇ ਆਪਣੇ ਤਰਕ ਉਨ੍ਹਾਂ ਕਦੀ ਪਰਗਟ ਨਹੀਂ ਸਨ ਕੀਤੇ!
ਉਨ੍ਹਾਂ ਸਿਖ ਮਰਿਆਦਾ ਵਿਚਲੀਆਂ ਤਮਾਮ ਵਸਤਾਂ ਤੇ ਸਮਗਰੀ ਨਾਰੀਅਲ, ਕੁੰਭ, ਜੋਤ, ਘੰਡਿਆਲ, ਸੰਖ, ਧੂਫ਼, ਦੀਪ ਅਤੇ ਚੌਰ ਤੱਕ ਨੂੰ ਆਪਣੇ ਵਿਗਿਆਨਿਕ ਨਜ਼ਰੀਏ ਦੀ ਭੇਂਟ ਚਾੜ੍ਹ ਦਿਤਾ। ਸੰਘਣੀ ਅਧਿਆਤਮਿਕ ਨਿਸ਼ਠਾ ‘ਚੋਂ ਜਨਮੀ ਆਰਤੀ ਦੀ ਰਵਾਇਤ ਦਾ ਨਿਸ਼ੇਧ ਕਰਨ ਤੋਂ ਇਲਾਵਾ ਉਨ੍ਹਾਂ ਨੇ ਸੰਗਤ ਅਤੇ ਪੰਗਤ ਦਰਮਿਆਨ ਚੌਕੜੇ ਦੀ ਮਰਿਆਦਾ ਦੀ ਅਨੂਠੀ ਮਹਿਮਾਂ ਅਤੇ ਇਸ ਆਸਣ ਦੀ ਹਿਕਮਤੀ ਅਹਿਮੀਅਤ ਨੂੰ ਕੁਰਸੀਆਂ ਤੇ ਡਾਇਨਿੰਗ ਟੇਬਲਾਂ ਦੇ ਹਵਾਲੇ ਕਰਨ ਅਤੇ ਸਿਖੀ ਨੂੰ, ਸਤਹੀ ਕਿਸਮ ਦੇ ਵਿਗਿਆਨਕ ਤਰਕ ਦੀ ਭੱਠੀ ਵਿਚ ਰਾੜ੍ਹ ਕੇ, ਆਪਣੀ ਜਾਚੇ, ਅਧੁਨਿਕ ਜ਼ਿੰਦਗੀ ਦੀ ਲਿਸ਼ਕ ਪੁਸ਼ਕ ਦੇ ‘ਹਾਣ ਦੀ’ ਬਣਾਉਣ ਲਈ ਰਾਹ ਪੱਧਰਾ ਕੀਤਾ।
ਇਸ ਸਿਲਸਿਲੇ ਤਹਿਤ ਸਾਖੀ ਪ੍ਰੰਪਰਾ ਵਿਚੋ ਉਭਰਦੇ ਗੁਰੂ ਨਾਨਕ ਸਾਹਿਬ ਦੇ ਇਨਸਾਨੀ ਸੀਮਾਂ ਤੋਂ ਪਾਰਲੇ, ਪਾਰਬ੍ਰਹਮ ਸਰੂਪ ਨੂੰ ਝਾੜ ਝੰਭ ਕੇ, ਪੁਣ ਛਾਣ ਕੇ ਅਤੇ ਕਾਂਟ ਛਾਂਟ ਕੇ ਇਨਸਾਨੀ ਸੀਮਾਂ ਦੇ ਅਧੀਨ ਕਰ ਦਿਤਾ। ਇਸ ਅਜੀਬ ਕਿਸਮ ਦੀ ਪੁਣ ਛਾਣ, ਝਾੜ ਝੰਭ ਅਤੇ ਕਾਂਟ ਛਾਟ ਦਾ ਨਾਦਾਨ ਸਿਲਸਿਲਾ ਐਸਾ ਅਰੰਭ ਹੋਇਆ ਕਿ ਨਾਨਕ ਸ਼ਬਦ ਵਿਚੋਂ ਮਿਕਨਾਤੀਸੀ ਪ੍ਰਭਾਵ ਗ਼ਾਇਬ ਹੋ ਗਿਆ; ਇਸ ਸ਼ਬਦ ‘ਚੋਂ ਫੁਟਦੀਆਂ ਆਬੇ ਹਿਆਤ ਦੀਆਂ ਸੀਰਾਂ ਅਤੇ ਅੰਮ੍ਰਿਤ ਦੇ ਚਸ਼ਮੇ ਸੁਕਣੇ ਸ਼ੁਰੂ ਹੋ ਗਏ। ਆਬੇ ਹਿਆਤ ਦੀਆਂ ਸੀਰਾਂ ਅਤੇ ਅੰਮ੍ਰਿਤ ਦੇ ਚਸ਼ਮੇ ਸਾਡੇ ਚੇਤਿਆਂ ਵਿਚੋਂ ਵੀ ਧੁੰਧਲੇ ਪੈਣੇ ਸ਼ੁਰੂ ਹੋ ਗਏ। ਨਿਰਜਿੰਦ ਰੂਹਾਂ ਨੂੰ ਜਾਨ ਬਖ਼ਸ਼ਣ ਵਾਲ਼ੀਆਂ, ਦਿਲਾਂ ਦੀਆਂ ਖ਼ੁਸ਼ਕ ਧਰਤੀਆਂ ਨੂੰ ਸਰਸਬਜ਼ ਕਰਨ ਵਾਲ਼ੀਆਂ ਨਾਨਕ ਦੀਆਂ ਗੁਝੀਆਂ ਰਮਜ਼ਾਂ, ਨਨਕਾਣੇ ਦੀ ਜੂਹ ‘ਚੋਂ ਉਠਦੀਆਂ ਅਤੇ ਨਾਨਕ ਦੇ ਰਾਹਾਂ ਵਿਚ ਰੁਮਕਦੀਆਂ ਜ਼ਰਖ਼ੇਜ਼ ਪੌਣਾ, ਨਾਨਕ ਦੇ ਕਦਮਾਂ ਹੇਠ ਵਿਛ ਵਿਛ ਜਾਂਦੀਆਂ ਸੁਗੰਧੀਆਂ, ਨਾਨਕ ਦੇ ਮੰਤਰ ਮੁਗਧ ਨੈਣਾਂ ਦੀ ਖੁਮਾਰੀ, ਝਰਦਾ ਨੂਰ ਤੇ ਬਾਬੇ ਦੇ ਪ੍ਰਤਾਪ ਦੀ ਮਿਠੀ ਮਿਠੀ ਫੁਹਾਰ ਨੂੰ ਸਾਡੇ ਚੇਤਿਆਂ ਵਿਚ ਮੁੜ ਸੁਰਜੀਤ ਕਰਨ ਦੀ ਅਥਾਹ ਸਮਰੱਥਾ ਵਾਲ਼ੀਆਂ ਲਿਖਤਾਂ ਜਨਮ ਸਾਖੀਆਂ, ਪਰਚੀਆਂ, ਗੁਰ ਪ੍ਰਤਾਪ ਸੂਰਜ ਪਰਕਾਸ਼, ਗੁਰ ਬਿਲਾਸ, ਭਾਈ ਵੀਰ ਸਿੰਘ ਰਚਿਤ ਚਮਤਕਾਰ, ਬਾਲਮ ਸਾਖੀਆਂ ਤੇ ਪ੍ਰੋ. ਪੁਰਨ ਸਿੰਘ ਰਚਿਤ ਦਸ ਗੁਰ ਦਰਸ਼ਣ ਤੇ ਦਸਮੇਸ਼ ਪ੍ਰਕਾਸ਼ ਸਾਡੀ ਸਮਝ ਤੋਂ ਬਾਹਰ ਹੋ ਗਏ। ਹਠ ਕਰਕੇ ਕੋਈ ਇਨ੍ਹਾਂ ਨੂੰ ਖੋਲ੍ਹ ਵੀ ਲਏ ਤਾਂ ਇਹ ਸਾਨੂੰ ਕਿਸੇ ਬੀਤ ਚੁਕੇ ਜ਼ਮਾਨੇ ਦੀਆਂ ਮਹਿਜ਼ ਕਥਾ ਕਹਾਣੀਆਂ ਹੀ ਜਾਪਦੀਆਂ ਹਨ।
ਇਕ ਬੁਨਿਆਦੀ ਤ੍ਰੇੜ ਨੇ ਨਾਨਕ ਨਾਮ ਦੀ ਵਿਸ਼ਾਲ ਝੀਲ ਦਾ ਪਾਣੀ ਡੀਕ ਲਾ ਕੇ ਪੀ ਲਿਆ। ਕੁਲ ਕਾਇਨਾਤ ਦੇ ਤਪਦੇ ਮਾਰੂਥਲਾਂ ਦੀ ਅਮੁਕ ਪਿਆਸ ਨੂੰ ਮੇਟ ਦੇਣ ਵਾਲ਼ੀ ਅਨੰਤ ਝੀਲ ਵਿਚ ਪਾਣੀ ਨਹੀਂ, ਹੁਣ ਸਿਰਫ਼ ਤ੍ਰੇੜਾਂ ਦਾ ਇਕ ਵਿਰਾਟ ਨਕਸ਼ਾ ਹੀ ਨਜ਼ਰ ਆਉਂਦਾ ਹੈ। ਇਸ ਬੇਅਬਾਦ ਝੀਲ ‘ਤੇ ਦੂਰ ਦੁਰਾਡੇ ਦੇਸ ਦਿਸੰਤਰਾਂ ਦੇ ਪੰਛੀਆਂ ਤਾਂ ਕੀ ਆਉਣਾ ਹੋਇਆ, ਸਾਡੇ ਆਪਣੇ, ਦੇਸੀ ਪੰਛੀ ਵੀ ਇਥੋਂ ਉਡਾਰੀ ਮਾਰਨ ਵਿਚ ਹੀ ਗ਼ਨੀਮਤ ਸਮਝਦੇ ਹਨ।
ਪ੍ਰੋ. ਸਾਹਿਬ ਸਿੰਘ ਜੀ ਦੇ ਪਾਏ ਪੂਰਨਿਆਂ ‘ਤੇ ਚੱਲਣ ਵਾਲ਼ੇ ਪਰਚਾਰਕਾਂ ਦੀ ਕਥਾ, ਲੈਕਚਰ ਤੇ ਲਿਖਤਾਂ ਵਿਚੋਂ ਅਰਦਾਸ ਅਤੇ ਰੱਬੀ ਮਿਹਰ ਦੇ ਪ੍ਰਭਾਵ ਗ਼ਾਇਬ ਰਹਿੰਦੇ ਹਨ। ਪ੍ਰੋ. ਸਾਹਿਬ ਸਿੰਘ ਜੀ ਦੀ ‘ਡਿਸਟੀਲੇਸ਼ਨ’ ਸਿਲਸਿਲੇ ਦੀ ਪਿਰਤ ਨੂੰ ਸਿਖ ਮਿਸਨਰੀ ਕਾਲਜਾਂ ਨੇਂ ਭਰਵਾਂ ਹੁੰਘਾਰਾ ਦਿਤਾ। ਮਨੋਹਰ ਸਿੰਘ ਮਾਰਕੋ ਨੇ ਇਸ ਦਾ ਕੌਮਿਕ ਮਨੋਰੰਜਨ ਕੀਤਾ। ਅਜੋਕੇ ਕਿਤਾ ਮੁਖੀ ਅਤੇ ਇੰਡਸਟ੍ਰੀਅਲ ਕਿਸਮ ਦੇ ਪ੍ਰਚਾਰਕਾਂ ਅਤੇ ਸ਼ਿਰੋਮਣੀ ਖ਼ਾਲਸਾ ਪੰਚਾਇਤ ਦੇ ਚਿੰਤਾ ਰੋਗ ਨੇ ਇਸ ਨੂੰ ਫ਼ਿਕਰਾਂ ‘ਚ ਵੀ ਪਾਇਆ। ਗੋਰਿਆਂ ਦੇ ਦੇਸ ਜਾ ਵਸੇ ਕਾਲ਼ੇ ਅਫ਼ਗਾਨੇ ਨੇ ਇਸ ਨੂੰ ਰੰਗੋਂ ਬੇਰੰਗ ਕੀਤਾ। ਰੰਗੀਨ ਮਿਜ਼ਾਜ ਸ਼ਹਿਰ ਚੰਡੀਗੜ੍ਹ ‘ਚੋਂ, ਸੰਤ ਜਰਨੈਲ ਸਿੰਘ ਭਿੰਢਰਾਂ ਵਾਲ਼ਿਆਂ ਦੇ ਅਨਿੰਨ ਸ਼ਰਧਾਲੂ, ਵਿਦਿਆ ਮਾਰਤੰਡ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਜੀ ਦੇ ਬੇਟੇ ਸਮਾਨ, ਪ੍ਰੋ. ਸਾਹਿਬ ਸਿੰਘ ਜੀ ਦੀ ਵਿਆਕਰਣਿਕ ਮੈਥਡੌਲੋਜੀ ਤੋਂ ਕਾਇਲ, ਦਸਮ ਪਾਤਸ਼ਾਹ ਦੁਆਰਾ ਸ੍ਰੀ ਕਾਲਪੁਰਖ ਜੀ ਕੀ ਅਰਾਧਨਾ ਅਤੇ ਉਸਤਤੀ ਵਿਚ ਕੀਤੀ ਰਚਨਾ ਦਸਮ ਗ੍ਰੰਥ ਜੀ ਨੂੰ ‘ਗੰਦ ਦਾ ਟੋਕਰਾ’ ਕਹਿਣ ਦਾ ਸਾਹਸ ਰੱਖਣ ਵਾਲ਼ੇ, ਇਕ ਤੇਜ ਸਕੌਲਰ ਨੇ ਸਿਖੀ ਦੇ ਉਕਤ ਸੋਧ ਸੁਧਾਈ ਦੇ ਸਿਲਸਿਲੇ ਨੂੰ ਦਲੇਰੀ ਪ੍ਰਦਾਨ ਕੀਤੀ। ਇਨ੍ਹਾਂ ਸਮੂਹ ਮਿਹਰਬਾਨੀਆਂ ਸਦਕਾ ਅਤੇ ਕੁਛ ਟੈਕਨੋ ਸੂਚਨਾਂ ਦੇ ਯੁਗ ਦੀ ਸਿਖਰ ਦੁਪਹਿਰ ਨੂੰ ਵਿਢੀ ਸਿਖੀ ਦੀ ਸੋਧ ਸੁਧਾਈ ਅਤੇ ਕੀਟ ਨਾਸ਼ਕੀ ਮੁਹਿੰਮ ਮੁਹਾਲ਼ੀ ਦੇ ਅਲ਼ਟਰਾ ਨਵੀਨ ਸਪੋਕਸਮੈਨ ਦੇ ਸਿਰ ਨੂੰ ਚੜ੍ਹ ਗਈ। ਜਿਸ ਦੇ ਫਲਸਰੂਪ ਸਿਖੀ ਦੇ ਵਿਹੜੇ ਵਿਚ, ਹਰ ਰੋਜ਼, ਨਵੀਆਂ ਤ੍ਰੇੜਾਂ ਤੇ ਦੁਫੇੜਾਂ ਦਾ ਵਾਧਾ ਹੁੰਦਾ ਹੈ।
ਆਪਣੇ ਉਸਤਾਦ ਤੋਂ, ਦੋ ਨਹੀਂ, ਚਾਰ ਨਹੀਂ, ਪੂਰੇ ਵੀਹ ਕਦਮ ਅਗਾਂਹ ਛੜੱਪ ਕੇ, ਇਹ ਸਪੋਕਸਮੈਨੀਆਂ, ਅਠਾਰਾਂ ਤੇ ਵੀਹ ਜੂਨ ਦੇ ਤਾਜ਼ਾ ਦੌਰੇ ਵਿਚ, ਆਪਣੀ ਟੈਕਨੋ ਹਮਾਕਤ ਦੀ ਸੂਚਨਾ ਕਿਵੇਂ ਦਿੰਦਾ ਹੈ:
"ਸਤਿਗੁਰੂ ਕੌਣ ਹੋਇਆ? ਕੇਵਲ ਤੇ ਕੇਵਲ ਅਕਾਲ ਪੁਰਖ, ਹੋਰ ਕੋਈ ਨਹੀਂ ... ਗੁਰਬਾਣੀ ਦੇ ਸਾਰੇ ਟੀਕੇ , ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਦੇ ਤੁਰਤ ਬਾਅਦ ਉਸ ਸਮੇਂ ਲਿਖੇ ਗਏ ਜਦ ‘ਦਸਾਂ ਗੁਰੂਆਂ’ ਦਾ ਸੰਕਲਪ ਜਜ਼ਬਾਤੀ ਹੋਏ ਹੋਏ ਸਿਖਾਂ ਨੂੰ, ‘ਗੁਰੂ’, ‘ਸਤਿਗੁਰੂ’ ਆਦਿ ਅੱਖਰਾਂ ਨੂੰ ‘ਦਸਾਂ ਗੁਰੂਆਂ’ ਨਾਲ਼ ਜੋੜਨ ਵਾਲ਼ੇ ਪਾਸੇ ਹੀ ਲਿਜਾਂਦਾ ਸੀ ... ਜਦੋਂ ਮਹੌਲ ਜਜ਼ਬਾਤੀ ਹੋਇਆ ਹੋਵੇ ਤਾਂ ਲੇਖਕ ਵੀ ਆਮ ਲੋਕਾਂ ਦੀ ਭਾਵੁਕਤਾ ਵਾਲ਼ੇ ਵਹਾੳ ਤੋਂ ਬਾਹਰ ਜਾ ਕੇ ਸਭ ਨੂੰ ਨਰਾਜ਼ ਕਰਨ ਤੋਂ ਝਿਜਕਦੇ ਹਨ ... ਜੇ ਇਹੀ ਟੀਕੇ ਗੁਰੂ ਨਾਨਕ ਸਾਹਿਬ ਦੇ ਸਮੇਂ ਲਿਖੇ ਜਾਂਦੇ ਤਾਂ ਕੋਈ ਘੜਮੱਸ ਨਾ ਪੈਂਦਾ ਕਿਉਂਕਿ ਬਾਬਾ ਨਾਨਕ ਦੇ ਘਰ ਵਿਚ ਗੁਰੂ, ਸਤਿਗੁਰੂ ਆਦਿ ਸ਼ਬਦ ਕੇਵਲ ਅਕਾਲ ਪੁਰਖ ਲਈ ਹੀ ਰਾਖਵੇਂ ਕੀਤੇ ਹੋਏ ਹਨ ਤੇ ਇਨ੍ਹਾਂ ਨੂੰ ਮਾਤਾ ਦੀ ਕੋਖ ‘ਚੋਂ ਜਨਮ ਲੈਣ ਵਾਲ਼ਿਆਂ ਲਈ ਨਹੀਂ ਵਰਤਿਆ ਜਾ ਸਕਦਾ ... ਟੀਕਾ ਕਾਰਾਂ ਨੇ ਜਿਥੇ ਉਨ੍ਹਾਂ ਨੂੰ ਗੁਰੂ ਸਤਿਗੁਰੂ ਦੀ ਵਿਆਖਿਆ ਕਰਨ ਦੀ ਲੋੜ ਪੈ ਗਈ ਤਾਂ ਉਨ੍ਹਾਂ ਨੇ ਸਦਾ ਹੀ ਗੁਰੂ ਦਾ ਮਤਲਬ ਸਿਖ ਇਤਿਹਾਸ ਦੇ 10 ਮਹਾਂ ਪੁਰਸ਼ਾਂ ਦਾ ਹੀ ਕੀਤਾ"।
ਇਸ ਸਾਰੇ ਉਪੱਦਰ ਦੀ ਸ਼ਿਲਾਧਾਰ ਪ੍ਰੋ. ਸਾਹਿਬ ਸਿੰਘ ਜੀ ਦੀ ਮੈਥਡੌਲੋਜੀ ਵਿਚ ਨਿਹਿਤ ਹੈ। ਉਨ੍ਹਾਂ ਨੇ ਸਮੁਚੀ ਵਿਆਖਿਆ ਵਿਚ ਬਾਣੀ ਦੇ ਸਮੂਹ ਪ੍ਰਕਰਣ, ਉਥਾਨਕਾ ਅਤੇ ਸਾਖੀਆਂ ਨਾਲ਼ੋਂ ਤੋੜ ਵਿਛੋੜਾ ਕਰ ਦਿਤਾ। ਉਨ੍ਹਾਂ ਗੁਰਮਤ ਦੇ ਹਰ ਪ੍ਰਕਰਣ ਨੂੰ ਉਸ ਪਾਰਬ੍ਰਹਮ ਦੀ ਪਰਮ ਹਸਤੀ ਦੇ ਨਿਰਗੁਣ ਸਰੂਪ ਤੱਕ ਸੰਕੋਚ ਦਿਤਾ। ਉਨ੍ਹਾਂ ਸਿਖੀ ਦੇ ਕੇਂਦਰ ਦਰਬਾਰ ਸਾਹਿਬ, ਅੰਮ੍ਰਿਤਸਰ, ਹਰਿਮੰਦਰ ਸਾਹਿਬ, ਅਕਾਲ ਤਖ਼ਤ ਅਤੇ ਅਨੰਦ ਪੁਰ ਸਾਹਿਬ ਦੇ ‘ਉਸ’ ਰੂਪ ਤੇ ‘ਇਸ’ ਰੂਪ ਦਾ ਨਾਤਾ ਤੋੜ ਦਿਤਾ। ਉਨ੍ਹਾਂ ਪਾਰਬ੍ਰਹਮ ਦੇ ਸਰਗੁਣ ਸਰੂਪ ਨੂੰ ਇਕ ਤਰਾਂ ਖ਼ਾਰਜ ਹੀ ਕਰ ਦਿਤਾ। ਉਹ ਨਿਰਗੁਣ ਅਤੇ ਸਰਗੁਣ ਦਰਮਿਆਨ ਵਾਪਰਦੀ ਦਿਲਕਸ਼ ਲੀਲਾ, ਖੇਡ ਜਾਂ ਚਲਿਤਰ ਦੇ ਕਾਇਲ ਹੀ ਨਹੀਂ ਸਨ। ਉਨ੍ਹਾਂ "ਨਿਰਗੁਨੁ ਆਪਿ ਸਰਗੁਨੁ ਭੀ ਓਹੀ" ਦੀ ਗਹਿਰਾਈ ‘ਚ ਜਾ ਕੇ "ਕਲਾ ਧਾਰਿ ਜਿਨਿ ਸਗਲੀ ਮੋਹੀ" ਅਤੇ "ਅਪਨੇ ਚਰਿਤ ਪ੍ਰਭਿ ਆਪਿ ਬਨਾਏ" ਦੇ ਰਹਸ ਦੀ ਥਾਹ ਨਾ ਪਾਈ। ਉਹ "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁੋਹੀ" ਜਹੇ ਵਿਸਮਾਦੀ "ਚਲਤ" ਵਿਚ ਮੋਹੇ ਨਾ ਗਏ।
ਗੁਰੁ ਨਾਨਕ ਪਾਤਸ਼ਾਹ ਨੂੰ ਸਿਧਾਂ ਨੇ ਸਵਾਲ ਕੀਤਾ ਸੀ ਕਿ, "ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ"। ਜਿਸ ਦੇ ਜਵਾਬ ਵਿਚ ਹਜ਼ੂਰ ਨੇ ਫ਼ੁਰਮਾਇਆ, "ਸਬਦੁ ਗੁਰੂ ਸੁਰਤਿ ਧੁਨਿ ਚੇਲਾ"। ਇਸ ਤੋਂ ਵੀ ਭਾਸ਼ਾ ਦੇ ਮਾਹਿਰ ਪਰ ਰੁਹਾਨੀ ਰਮਜ਼ਾਂ ਤੋਂ ਅਣਜਾਣ ਵਿਦਵਾਨਾ ਨੇ ਭੁਲੇਖਾ ਖਾਧਾ ਕਿ ਜੇ ਗੁਰੂ ਨਾਨਕ ਪਾਤਸ਼ਾਹ ਜੀ ਆਪਣਾ ਗੁਰੂ ਦਿਹ ਰਹਿਤ ‘ਸਬਦ’ ਦੱਸ ਰਹੇ ਹਨ ਤਾਂ ਫਿਰ ਸਿਖਾਂ ਦਾ ਗੁਰੂ ਵੀ ਉਹੀ ਦਿਹ ਰਹਿਤ ‘ਸਬਦ’ ਹੀ ਹੋ ਸਕਦਾ ਹੈ। ਪਰ ਇਹ ਕਿਸੇ ਨੇ ਖ਼ਿਆਲ ਨਾ ਕੀਤਾ ਕਿ ਗੁਰੂ ਸਾਹਿਬ ਤਾਂ ‘ਚੇਲਾ’ ਭਾਵ ਸਿਖ ਵੀ ਦਿਹ ਰਹਿਤ ‘ਸੁਰਤਿ’ ਨੂੰ ਹੀ ਆਖ ਰਹੇ ਹਨ। ਜੇ ਗੁਰੂ ਦਿਹ ਰਹਿਤ ਜਾ ਨਿਰਾਕਾਰ ਹੈ ਤਾਂ ਸਿਖ ਵੀ ਦਿਹ ਰਹਿਤ ਹੀ ਹੋਣਾ ਚਾਹੀਦਾ ਸੀ। ਇਹ ਦਲੀਲ ਕਿਸੇ ਨੇ ਨਹੀਂ ਦਿਤੀ। ਦਿਹ ਰਹਿਤ ਜਾ ਨਿਰਾਕਾਰਤਾ ਦਾ ਸਿਧਾਂਤ ਕੇਵਲ ਗੁਰੂ ‘ਤੇ ਹੀ ਲਾਗੂ ਕਰ ਦਿਤਾ ਗਿਆ। ਸਾਡਾ ਮਸਲਾ ਇਹ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੌਣ ਹੈ। ਸਾਡਾ ਸਬੰਧ ਸਿਰਫ਼ ਏਨਾ ਕੁ ਹੈ ਕਿ ਸਾਡੇ ਗੁਰੂ ਹਜ਼ੂਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹਨ।
ਪਾਕਿਸਤਾਨ ਦੇ ਇਕ ਮਸ਼ਹੂਰ ਕਹਾਣੀਕਾਰ ਅਹਿਮਦ ਨਦੀਮ ਕਾਸਮੀ ਸਾਹਿਬ ਲਿਖਦੇ ਹਨ ਕਿ ਬਾਜ਼ ਤਾਂ ਬੱਤਖ਼ਾਂ ਵਿਚ ਆਣ ਕੇ ਬੈਠ ਸਕਦਾ ਹੈ ਪਰ ਬੱਤਖਾਂ ਬਾਜ਼ ਦੇ ਬਰੋਬਰ ਨਹੀਂ ਉੜ ਸਕਦੀਆਂ। ਐਨ੍ਹ ਇਸੇ ਤਰਾਂ ਸ਼ਬਦ ਦਿਹ ਵਿਚ ਆ ਕੇ ਵੀ ਦਿਹ ਦੇ ਨਿਯਮ ਤੋਂ ਮੁਕਤ ਹੈ ‐ "ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ"। ਜਿਸ ਦੇਹੀ ਵਿਚ ਸ਼ਬਦ ਨਿਵਾਸ ਕਰਦਾ ਹੈ ਉਹ ਦੇਹੀ ਸ਼ਬਦ ਸਰੂਪ ਹੋ ਜਾਂਦੀ ਹੈ। ਗੁਰਵਾਕ ਹਨ ‐ "ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ" ਅਤੇ "ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ"। ਇਹੀ ਤਾਂ ਸ਼ਬਦ ਦੀ ਕਰਾਮਾਤ ਹੈ! ਗੁਰੂ ਨਾਨਕ ਪਾਤਸ਼ਾਹ ਨਿਰਗੁਣ ਅਤੇ ਨਿਰਾਕਾਰ ਸ਼ਬਦ ਦਾ ਸਰਗੁਣ ਸਰੂਪ ਸਨ। ਹੁਣ ਉਹੀ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਜੇ ਗੁਰੂ ਨਾਨਕ ਸਾਹਿਬ ਜ਼ਾਹਿਰਾ ਤੌਰ ਪਰ ਗੁਰੂੁ ਨਾ ਹੁੰਦੇ ਤਾ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਅਤੇ ਤਮਾਮ ਸਿਖ ਉਨ੍ਹਾਂ ਨੂੰ ਕਤਈ ਗੁਰੂ ਨਾ ਆਖਦੇ। ਅੱਖਰ ਗਿਆਨ ਦੇ ਖੋਜੀ ਵਿਦਵਾਨ ਅਸਲ ਵਿਚ ਅਧਿਆਤਮਿਕਤਾ ਜਾਂ ਰੁਹਾਨੀਅਤ ਦੀਆਂ ਗੁਝੀਆਂ ਰਮਜ਼ਾਂ ਤੋਂ ਕੋਰੇ ਅਤੇ ਸੱਖਣੇ ਹਨ। ਨਾ ਇਹ ਸ਼ਬਦ ਦਾ ਭੇਦ ਜਾਣਦੇ ਹਨ, ਨਾ ਗੁਰੂ ਦਾ ਅਤੇ ਨਾ ਦਿਹ ਦਾ। ਇਹ ਦਿਹ ਰੂਪ ਜਗਤ ਉਸ ਸਚੇ ਦੀ ਕੋਠੜੀ ਹੈ। ਇਨ੍ਹਾਂ ਸਰੀਰਕ ਅੱਖਾਂ ਨਾਲ਼ ਦਿਹ ਰੂਪ "ਏਹੁ ਵਿਸੁ ਸੰਸਾਰੁ ਤੁਮ ਦੇਖਦੇ" ਦਿਬ ਚਕਸ਼ੂਆਂ, "ਜਿਨੀ ਡਿਸੰਦੋ ਮਾ ਪਿਰੀ" ਅਤੇ "ਸੇ ਅਖੜੀਆਂ ਬਿਅੰਨਿ" ਨਾਲ਼ "ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ"। ਸਾਧ ਸੰਗਤ ਜੀ ਗੁਰੂ ਦੇ ਭੇਦ ਨੂੰ ਸਪਸਟ ਕਰਨ ਲਈ ਭਾਸ਼ਾ ਇਕ ਤੁਛ ਜਿਹਾ ਜ਼ਰੀਆ ਵੀ ਹੈ, ਇਹ ਇਕ ਸੰਕਟ ਵੀ ਹੈ। ਇਸ ਨੂੰ ਸਮਝਣ ਲਈ ਅੱਖਰ ਤੋਂ ਮੁਕਤ ਵੀ ਹੋਣਾ ਪੈਂਦਾ ਹੈ ਅਤੇ ਵਿਆਕਰਣ ਤੋਂ ਵੀ ਖਹਿੜਾ ਛਡਾਉਣਾ ਪੈਂਦਾ ਹੈ। ਗੁਰੂ ਦੇ ਪਾਵਨ ਅਹਿਸਾਸ ਨੂੰ ਜਗਾਉਣ, ਜਾਨਣ ਅਤੇ ਫਿਰ ਮਾਨਣ ਲਈ ਰੂਹ ਦਾ ਜ਼ੋਰ ਕੰਮ ਆਉਂਦਾ ਹੈ ‐ "ਉਥੇ ਜਾ ਦਲੀਲਾਂ ਦੀ ਨਾਹੀਂ"।
ਗੁਰੂ ਸਾਹਿਬ ਉਸ ਨਿਰਾਕਾਰ ਦਾ ਅਕਾਰ ਰੂਪ ਸਨ। ਗੁਰੂ ਸਾਹਿਬਾਂ ਨੇ ‘ਊਹਾਂ’ ਦੇ ਸਚ ਨੂੰ ‘ਈਹਾਂ’ ਪਰਗਟ ਕੀਤਾ; ਉਥੋਂ ਦੇ ਦਿਨ ਦੇ ਪਰਕਾਸ਼ ਦੀਆਂ ਕਣੀਆਂ ਨਾਲ਼ ਇਥੋਂ ਦੀ ਰਾਤ ਨੂੰ ਰੁਸ਼ਨਾਇਆ; ਉਥੋਂ ਦੇ ਨਿਰਾਕਾਰ ਅਤੇ ਅਚਿਹਨ ਰੂਪ ਦੀਆਂ ਲਿਸ਼ਕਾਂ ਧਰਤੀ ‘ਤੇ ਉਤਾਰੀਆਂ, ਜਿਨ੍ਹਾਂ ਦੇ ਵਿਸਮਾਦੀ ਰੰਗ ਵਿਚ ਰੰਗਿਆ ਮਨੁਖ, ਕਿਸੇ ਅਕਹਿ ਖੁਮਾਰੀ ‘ਚ, ਉਸੇ ਦਾ ਰੂਪ ਹੋ ਜਾਂਦਾ ਹੈ। ਨਿਰਾਕਾਰ ਚੋਂ ਅਕਾਰ ਨੂੰ, ਰੂਪਵੰਤ ‘ਚੋਂ ਅਰੂਪ ਨੂੰ ਅਤੇ ਚਿਹਨ ‘ਚੋਂ ਹੀ ਉਸ ਅਚਿਹਨ ਨੂੰ ਪਹਿਚਾਣਨ ਲਈ ਅਤੇ ਪਾਰਬ੍ਰਹਮ ਦੇ ਇਸ ਚਲਿਤ ਨੂੰ ਜਾਣਨ ਤੇ ਮਾਣਨ ਲਈ, ਬੰਦੇ ਨੂੰ ਜੇ ਸੰਤ ਨਹੀਂ ਤਾਂ ਕੰਮ ਸੇ ਕੰਮ, ਕਵੀ ਹੋਣਾ ਜ਼ਰੂਰੀ ਹੈ। ਮੇਰਾ ਨਹੀਂ ਖ਼ਿਆਲ ਪ੍ਰੋ. ਸਾਹਿਬ ਸਿੰਘ ਜੀ ਨੇ ਕਦੀ ਕਵਿਤਾ ਲਿਖੀ ਹੋਵੇ। ਉਨ੍ਹਾਂ ਦੀਆਂ ਲਿਖਤਾਂ ਵਿਚ ਕਾਵਿਕਤਾ ਗ਼ੈਰ ਹਾਜ਼ਿਰ ਹੈ। ਉਹ ਕਵਿਤਾ ਦੇ ਕਾਇਲ ਨਹੀਂ ਸਨ। ਸ਼ਾਇਦ ਹੀ ਉਨ੍ਹਾਂ ਕੋਈ ਕਵਿਤਾ ਪੜ੍ਹੀ ਹੋਵੇ! ਗਿਆਨ ਬੰਦੇ ਨੂੰ ਇਨਸਾਨ ਬਣਾਉਂਦਾ ਹੈ ਅਤੇ ਲੱਜਾ ਕਵੀ। ਪਰ ਸੇਵਾ ਸਾਧ ਵੱਲ੍ਹ ਸਫ਼ਰ ਤੈ ਕਰਦੀ ਹੈ। ਸਾਧ ਬਾਬਤ ਫ਼ੁਰਮਾਨ ਹੈ:"ਨਾਨਕ ਸਾਧ ਪ੍ਰਭੂ ਬਨਿ ਆਈ"। ਮਾਨਵੀ ਵਿਗਾਸ ਦੀ ਤਰਤੀਬ ਵੀ ਇਹੀ ਹੈ।
ਸਾਈਂ ਬੁਲੇ ਸ਼ਾਹ ਨੇ ਇਲਾਹੀ ਚਲਿਤਰ ਦਾ ਭੇਤ ਪਾ ਲਿਆ ਸੀ। ਉਨ੍ਹਾਂ ਆਖਿਆ: "ਅਹਿਦ ਅਹਿਮਦ ਵਿਚ ਫਰਕ ਨਾ ਬੁਲਿਆ, ਇਕ ਰੱਤੀ ਭੇਦ ਮਰੋੜੀ ਦਾ"। ਹਜ਼ਰਤ ਮੁਹੰਮਦ ਸਾਹਿਬ ਦਾ ਅਸਲ ਨਾਂ ਅਹਿਮਦ ਸੀ। ਅਰਬੀ ਭਾਸ਼ਾ ਵਿਚ ਅੱਲਾ ਪਾਕ ਨੂੰ ਅਹਿਦ ਕਿਹਾ ਜਾਂਦਾ ਹੈ। ਸਾਈਂ ਬੁਲੇ ਸ਼ਾਹ ਆਖਦੇ ਹਨ ਕਿ ਅਹਿਮਦ ਸ਼ਬਦ ਵਿਚਲੇ ਮਰੋੜੀ ਨੁਮਾ ਅੱਖਰ ਮੀਮ ਨੂੰ ਜੇ ਪਾਸੇ ਕਰ ਦੇਈਏ ਤਾਂ ਪਿਛੇ ਅਹਿਦ ਹੀ ਬਚਦਾ ਹੈ। ਉਨ੍ਹਾਂ ਦਾ ਖ਼ਿਆਲ ਹੈ ਕਿ ਅੱਲਾ ਪਾਕ ਧਰਤੀ ‘ਤੇ ਆਉਣ ਲਗਿਆਂ ਇਕ ਪਰਦਾ ਧਾਰ ਲੈਂਦਾ ਹੈ ਜਿਸ ਨੂੰ ਪਰੇ ਹਟਾ ਕਿ ਉਸ ਦਾ ਭੇਦ ਪਾਇਆ ਜਾ ਸਕਦਾ ਹੈ। "ਕਿਵ ਕੂੜੈ ਤੁਟੈ ਪਾਲਿ" ਵੀ ਇਧਰ ਹੀ ਇਸ਼ਾਰਾ ਹੈ। ਬੁਲੇ ਸ਼ਾਹ ਦੀ ਇਕ ਹੋਰ ਕਾਵਿ ਪੰਗਤੀ ਦੇਖੋ : "ਅਹਿਦ ਵਿਚੋਂ ਅਹਿਮਦ ਕੀਤਾ ਵਿਚੋਂ ਮੀਮ ਨਿਕਾਲੀ ਓ ਯਾਰ"।
ਗੁਰਬਾਣੀ ਵਿਚ ਬੇਅੰਤ ਥਾਵਾਂ ‘ਤੇ ਨਾਨਕ ਨਾਂ ਦੇ ਬਿਲਕੁਲ ਨਾਲ਼ ਹੀ ਗੁਰੂ ਸਤਿਗੁਰੁ, ਪਾਰਬ੍ਰਹਮ, ਪਰਮੇਸ਼ਰ ਆਦਿ ਅਕਾਲ ਪੁਰਖ ਨਾਲ਼ ਸਬੰਧਿਤ ਸ਼ਬਦ ਵਰਤੇ ਗਏ ਹਨ। ਜੇ ਪ੍ਰੋ. ਸਾਹਿਬ ਸਿੰਘ ਜੀ ਦੇ ਮੁਤਾਬਕ ਗੁਰੂ ਸਾਹਿਬਾਨ ਦੀ ਹਸਤੀ ਅਤੇ ਅਕਾਲ ਪੁਰਖ ਦੀ ਪਰਮ ਹਸਤੀ ਵਿਚ ਰੰਚਕ ਮਾਤਰ ਵੀ ਭੇਦ ਹੁੰਦਾ ਤਾਂ ਗੁਰਬਾਣੀ ਵਿਚ ਨਾਨਕ ਨਾਂ ਦੇ ਨਾਲ਼ ਕਦੀ ਵੀ ਅਕਾਲ ਪੁਰਖ ਨਾਲ਼ ਸਬੰਧਿਤ ਸ਼ਬਦਾਂ ਦੀ ਵਰਤੋਂ ਨਾ ਹੁੰਦੀ। ਜ਼ਰਾ ਗਹੁ ਨਾਲ਼ ਇਨ੍ਹਾਂ ਪੰਗਤੀਆਂ ਵੱਲ ਤੱਕੋ:
"ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ"
"ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ"
ਨਾਨਕ ਅਤੇ ਸਤਿਗੁਰੂ ਵਿਚ ਜੇਕਰ ਸੱਚ ਮੁਚ ਹੀ ਕੋਈ ਅੰਤਰ ਹੁੰਦਾ ਤਾਂ ਭਾਈ ਗੁਰਦਾਸ ਜੀ ਬ੍ਰਹਮ ਗਿਆਨ ਵੇਤਾ ਅਤੇ ਗੁਰਮਤ ਦੇ ਮੋਢੀ ਵਿਆਖਿਆਕਾਰ ਕਦੀ ਇਸ ਤਰਾਂ ਨਾ ਲਿਖਦੇ: "ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ" ਅਤੇ "ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝਲੇ ਗੁਰ ਦੀ ਝਾਲਾ"। ਸਿਖੀ ਦੇ ਗਾਡੀ ਰਾਹ ‘ਤੋਂ ਵੱਖਰੀ ਕਿਸੇ ਟੇਢੀ ਡੰਡੀ ‘ਤੇ ਤੁਰਨ ਵਾਲ਼ੇ ਡੇਰਾ ਪਰਚਾਰਕ ਅਕਸਰ ਇਕ ਤੁਕ "ਗੁਰ ਗੋਬਿੰਦ ਦੋਨੋ ਖੜੇ ਕਿਸ ਕੈ ਲਾਗਉਂ ਪਾਇ" ਨੂੰ ਭਗਤ ਕਬੀਰ ਜੀ ਦੇ ਨਾਂ ਨਾਲ਼ ਜੋੜ ਦਿੰਦੇ ਹਨ ਅਤੇ ਇਸ ਦੇ ਜਵਾਬ ਵਿਚ "ਬਲਿਹਾਰੀ ਗੁਰ ਆਪਣੇ ਜਿਨ ਸਤਿਗੁਰ ਦੀਉ ਮਿਲਾਇ" ਨਾਲ਼ ਨਿਰਾਕਾਰ ਅਕਾਲ ਪੁਰਖ ਦੇ ਮੁਕਾਬਲੇ ਗੁਰੁ ਦੀ ਮਹਿਮਾਂ ਵਿਚ ਵਾਧਾ ਕਰ ਦਿੰਦੇ ਹਨ। ਪਰ ਨਾਲ਼ ਹੀ ਗੁਰੁ ਅਤੇ ਗੋਬਿੰਦ ਵਿਚ ਇਕ ਪੱਕੀ ਲਕੀਰ ਵੀ ਖਿਚ ਦਿੰਦੇ ਹਨ। ਭਾਈ ਗੁਰਦਾਸ ਜੀ ਨੇ ਗੁਰਬਾਣੀ ਤੋਂ ਬਾਹਰਲੇ ਹਿੰਦੋਸਤਾਨੀ ਕਬੀਰ ਦੀ ਦੁਬਿਧਾ ਦਾ ਸਮਾਧਾਨ ਆਪਣੇ ਕਬਿਤ ਵਿਚ ਕਰ ਦਿਤਾ ਹੈ: "ਗੁਰ ਗੋਬਿੰਦ ਬਖਾਨੀਐ ਨਾਮ ਦੋਇ ਪ੍ਰਭ ਏਕ"। ਗੁਰਸਿਖ ਨੂੰ ਉਨ੍ਹਾਂ ਸਖ਼ਤ ਹਿਦਾਇਤ ਵੀ ਕਰ ਦਿਤੀ ਹੈ, "ਨਾਮ ਦੋਇ ਪ੍ਰਭ ਏਕ ਟੇਕ ਗੁਰਮੁਖਿ ਠਹਰਾਈ"।
ਜਿਹੜੀਆਂ ਪੰਗਤੀਆਂ ਗੁਰਬਾਣੀ ਵਰਗੀਆਂ ਜਾਪਦੀਆਂ ਤਾਂ ਹਨ ਪਰ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹਨ, ਉਨ੍ਹਾਂ ਦਾ ਪਰਚਾਰ ਸਿਖੀ ਤੋਂ ਬੇਮੁਖ ਡੇਰਿਆਂ ਵਿਚ ਵਧੇਰੇ ਪ੍ਰਚਲਤ ਹੈ। ਜਿਵੇ ਕਬੀਰ ਸਾਹਿਬ ਨਾਲ਼ ਇਕ ਹੋਰ ਤੁਕ ਅਕਸਰ ਜੋੜੀ ਅਤੇ ਪਰਚਾਰੀ ਜਾਂਦੀ ਹੈ ਅਖੇ, "ਕਬੀਰਾ ਤੇਰੀ ਝੌਂਪੜੀ ਗਲ਼ ਕਟਿਅਨ ਕੇ ਪਾਸ, ਜੋ ਕਰਨ ਗੇ ਸੋ ਭਰਨ ਗੇ, ਤੁਮ ਕਿਉਂ ਭਏ ਉਦਾਸ"। ਇਹ ਤੁਕ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹੈ, ਅਤੇ ਇਸ ਵਿਚ ਵੀ ਗੁਰਬਾਣੀ ਦੇ ਵਿਪਰੀਤ ਫ਼ੁਰਮਾਨ ਹੈ। ਇਸ ਵਿਚ ਤਾਂ ਆਖਿਆ ਗਿਆ ਹੈ ਕਿ ਜੇ ਕੋਈ ਹਤਿਆਰਾ ਕਿਤੇ ਜ਼ੁਲਮ ਢਾਹ ਰਿਹਾ ਹੈ ਤਾਂ ਇਸ ‘ਤੇ ਉਦਾਸ ਹੋਣ ਦੀ ਵੀ ਜ਼ਰੂਰਤ ਨਹੀਂ ਹੈ। ਪਰ ਗੁਰਬਾਣੀ ਵਾਲ਼ੇ ਕਬੀਰ ਸਾਹਿਬ ਦਾ ਫ਼ੁਰਮਾਨ ਹੈ: "ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ"। ਹੈ ਨਾ ਜ਼ਮੀਨ ਅਸਮਾਨ ਦਾ ਫ਼ਰਕ!
ਇਹ ਗੱਲ ਦੱਸਣੀ ਕੁਥਾਂ ਨਹੀਂ ਹੋਵੇਗੀ ਕਿ ਮਹਾਂ ਕਵੀ ਟੈਗੋਰ ਨੇ ਕਬੀਰ ਸਾਹਿਬ ਦੀ ਬਾਣੀ ਦਾ ਅਨੁਵਾਦ ਕਰਨ ਲਈ ਹਿੰਦੀ ਦੇ ਵਿਦਵਾਨਾਂ ਤੋਂ ਕਬੀਰ ਬਾਣੀ ਦੇ ਸੰਗ੍ਰਹਿ ਮੰਗਵਾਏ। ਪਰ ਉਨ੍ਹਾਂ ਨੂੰ ਕੋਈ ਵੀ ਅਸਲ ਰੂਪ ਵਿਚ ਕਬੀਰ ਸਾਹਿਬ ਦਾ ਨਾ ਜਾਪਿਆ। ਫਿਰ ਕਿਤੇ ਉਹ ਸ੍ਰੀ ਦਰਬਾਰ ਸਾਹਿਬ ਆਏ ਅਤੇ ਪਰਿਕਰਮਾ ਵਿਚ ਕੀਰਤਨ ਰੂਪ ਵਿਚ ਕਬੀਰ ਸਾਹਿਬ ਦੀ ਕੋਈ ਪੰਗਤੀ ਕੰਨੀ ਪਈ। ਕਹਿਣ ਲੱਗੇ, "ਹਾਂ, ਇਹ ਹੈ ਅਸਲ ਕਬੀਰ"। ਵਾਪਸ ਜਾਣ ਸਮੇਂ ਉਹ ਭਗਤ ਬਾਣੀ ਦੀ ਪੋਥੀ ਨਾਲ਼ ਲੈ ਗਏ ਸਨ ਅਤੇ ਉਸ ਵਿਚੋਂ ਅਨੁਵਾਦ ਕਰਕੇ ‘ਹੰਡਰਡ ਪੋਇਮਜ਼ ਔਫ਼ ਕਬੀਰ’ ਨਾਮੀ ਪੁਸਤਕ ਛਪਵਾਈ ਸੀ। ਅਨੁਵਾਦ ਦੌਰਾਨ ਗ੍ਰਹਿਣ ਕੀਤਾ ਕਬੀਰ ਸਾਹਿਬ ਦੀ ਪੋਇਟਿਕ ਜੀਨੀਅਸ ਦਾ ਪ੍ਰਭਾਵ ਉਨ੍ਹਾਂ ਦੀ ਗੀਤਾਂਜਲੀ ‘ਤੇ ਵੀ ਪਿਆ। ਸ਼ਾਇਦ ਇਸੇ ਕਾਰਣ ਉਨ੍ਹਾਂ ਦੀ ਰਚਨਾ ਰਾਸ਼ਟਰੀ ਗੀਤ ਵਿਚ ਪੰਜਾਬ ਦਾ ਜ਼ਿਕਰ ਸ਼ਿਰੋਮਣੀ ਅਤੇ ਪ੍ਰਥਮ ਸਥਾਨ ਪਰ ਹੈ। ਹਿੰਦੀ ਦੇ ਪ੍ਰਸਿਧ ਅਤੇ ਸਮਰੱਥ ਵਿਦਵਾਨ ਪ੍ਰੋਫੈਸਰ ਡਾ. ਬੇਦੀ ਜੀ ਦੇ ਖ਼ਿਆਲ ਵਿਚ ਮਹਾਂ ਕਵੀ ਟੈਗੋਰ ਜੀ ਨੂੰ ਮਿਲ਼ੇ ਨੋਬੇਲ ਪਰਾਈਜ਼ ਪਿਛੇ ਕਬੀਰ ਸਾਹਿਬ ਦੀ ਮਿਹਰ ਯਕੀਨਨ ਹੈ।
ਆਪਣੇ ਵਿਸ਼ੇ ਵੱਲ ਆਈਏ। ਗੁਰੂ ਅਤੇ ਪਾਰਬ੍ਰਹਮ ਵਿਚ ਭੇਦ ਨਾ ਕਰਨ ਪ੍ਰਤੀ ਫ਼ੁਰਮਾਨ ਹੈ: "ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ"। ਭੱਟ ਬਾਣੀ ਵਿਚ ਸਖ਼ਤ ਤਾੜਨਾ ਕੀਤੀ ਗਈ ਹੈ: "ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ॥ ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ"। ਹੋਰ ਦੇਖੋ: "ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ"। ਭੱਟ ਸਾਹਿਬਾਨ ਦੀ ਹਿਦਾਇਤ ਨੂੰ ਤਾਂ ਪ੍ਰੋ. ਸਾਹਿਬ ਸਿੰਘ ਜੀ ਦੀ ਕੋਟੀ ਦੇ ਪ੍ਰਚਾਰਕ ਵਿਦਵਾਨ ਮਹਿਜ਼ ਨਿਮਰਤਾ, ਹਲੀਮੀ ਜਾਂ ਪ੍ਰਸੰਸਾ ਵਿਚ ਉਚਾਰੀ ਕਾਵਿ ਉਕਤੀ ਹੀ ਮੰਨਦੇ ਹਨ। ਪਰ ਨਿਮਰਤਾ ਅਤੇ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਹਜ਼ੂਰ ਬਿਲਕੁਲ ਸਪਸ਼ਟ ਆਖਦੇ ਹਨ: "ਗੁਰੁ ਪਰਮੇਸਰੁ ਏਕੋ ਜਾਣੁ"। ਜੇ ਗੁਰੂ ਨਾਨਕ ਪਾਤਸ਼ਾਹ ਖ਼ੁਦ ਪਾਰਬ੍ਰਹਮ ਨਾ ਹੁੰਦੇ ਤਾਂ ਬਾਣੀ ਅਤੇ ਇਤਿਹਾਸ ਵਿਚ ਉਨ੍ਹਾਂ ਲਈ ਕਦੀ ਵੀ ਗੁਰੂ ਸ਼ਬਦ ਦਾ ਇਸਤੇਮਾਲ ਨਾ ਹੁੰਦਾ।
ਕਈ ਪਰਚਾਰਕ ਤਾਂ ਗੁਰੁ ਨਾਨਕ ਅਤੇ ਪਾਰਬ੍ਰਹਮ ਵਿਚ ਨਖੇੜਾ ਕਰਦਿਆਂ ਹਾਸੋ ਹੀਣੀ ਹੱਦ ਤੱਕ ਚਲੇ ਜਾਂਦੇ ਹਨ। "ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ" ਦੀ ਵਿਆਖਿਆ "ਹੇ ਨਾਨਕ ਆਖ" ਵਾਲ਼ੇ ਸਟਾਇਲ ‘ਚ "ਨਾਨਕ" ਅਤੇ "ਨਾਮੁ" ਦਾ ਆਪਸੀ ਤੋੜ ਵਿਛੋੜਾ ਕਰਦੇ ਹੋਏ ਇਕ ਵਿਦਵਾਨ ਜੀ ਕਹਿਣ ਲਗੇ ਕਿ "ਨਾਨਕ ਨਾਮ ਚੜ੍ਹਦੀ ਕਲਾ" ਵਿਚ ਸ਼ਬਦ ‘ਨਾਨਕ’ ਤਾਂ ਮਹਿਜ਼ ਕਵੀ ਦਾ ਨਾਂ ਮਾਤਰ ਹੈ; ਚੜ੍ਹਦੀ ਕਲਾ ਤਾਂ ਉਸ ਪਾਰਬ੍ਰਹਮ ਦੇ ਨਾਮ ਦੀ ਹੈ। ਉਹ ਭੁਲ ਗਏ ਜਾਂ ਉਨ੍ਹਾਂ ਨੂੰ ਇਲਮ ਨਹੀਂ ਸੀ ਕਿ ਇਹ ਤੁਕ ਕਿਸੇ ‘ਕਵੀ ਨਾਨਕ’ ਦੀ ‘ਰਚਨਾ’ ਨਹੀਂ ਹੈ। ਇਹ ਤਾਂ ਸਿਖਾਂ ਦੀ ਨਿਤਾ ਪ੍ਰਤੀ ਦੋ ਵੇਲੇ ਦੀ ਅਰਦਾਸ ਦੀ ਸਮਾਪਤੀ ਦਾ ਅਹਿਮ ਹਿਸਾ ਹੈ, ਜਿਸ ਵਿਚ ਸਿਖ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਚਵ੍ਹਦੀ ਕਲਾ ਦੇ ਨਾਲ਼ ਸਰਬਤ ਦੇ ਭਲੇ ਦੀ ਮੰਗਲ਼ਮਈ ਕਾਮਨਾ ਕਰਦੇ ਹਨ।
ਨਵਾਬ ਦੌਲਤ ਖ਼ਾਂ ਦੇ ਪੁਛਣ ‘ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਨਾਂ ਦੱਸਿਆ ਕਿ "ਅਹੈ ਨਾਮ ਨਾਨਕ ਨਿਰੰਕਾਰੀ" ਤਾਂ ਨਵਾਬ ਨੇ ਆਖਿਆ "ਮੈਂ ਨਹਿ ਸਮਝਿਯੋ ਕਹਯੋ ਤੁਮਾਰੋ ਸੰਗ ਮਾਯਨੇ ਫੇਰ ਉਚਾਰੋ"। ਤਾਂ ਗਿਆਨਵਾਨ ਭਾਈਆ ਜੈਰਾਮ ਜੀ ਪੜ੍ਹਿਆਂ ਲਿਖਿਆਂ ਦੀ ਤਰਾਂ ਸਮਝਾਉਣ ਲੱਗੇ ਕਿ ਇਸ ਦੇ ਨਿਰਾਕਾਰ ਪਾਰਬ੍ਰਹਮ ਹੋਣ ਵਿਚ ਕੋਈ ਸੰਸਾ ਜਾਂ ਭਰਮ ਨਹੀਂ ਹੈ। ਇਹੀ ਵਿਦਾਂਤ ਵਾਲਾਂ ਨੇਤਿ ਨੇਤਿ ਅਲੱਖ਼ ਪਾਰਬ੍ਰਹਮ ਹੈ:
"ਬੇਸ਼ੁਬਹਾ ਜੋ ਬਿਨਾ ਨਮੂਨੇ,
ਬੇਚਗੁੰਨ ਯਜ਼ਦਾਂ ਬੇਚੂਨੇ,
ਨੇਤਿ ਨੇਤਿ ਕਹਿ ਬੇਦ ਕਤੇਬਾ,
ਲਖਯੋ ਨ ਕਿਨਹੂੰ ਕਰਹਿ ਹਿਸੇਬਾ"
ਪਰ ਇਤਨੀ ਸੁਣਦੇ ਸਾਰ ਗੁਰੂ ਨਾਨਕ ਸਾਹਿਬ ਮੁਸਕਰਾਉਂਦੇ ਹੋਏ ਬੋਲੇ:
"ਕਰਨਹਾਰ ਤਾਂ ਸਿਫ਼ਤੀ ਬੰਦਾ,
ਮੈਂ ਹੌਂ ਕਹਿ ਨਾਨਕ ਸੁਖਕੰਦਾ"
ਇਕ ਵੇਰ ਮਾਤਾ ਤ੍ਰਿਪਤਾ ਜੀ ਨੇ ਆਪਣੇ ਲਾਲ ਗੁਰੂ ਨਾਨਕ ਨੂੰ, ਭੋਜਨ ਕਰਨ ਹਿਤ, ਜਗਾਉਣ ਲਈ, ਘਰ ਦੀ ਦਾਸੀ ਤੁਲਸਾਂ ਨੂੰ ਆਖਿਆ। ਤੁਲਸਾਂ ਅੰਦਰ ਗਈ; ਗੁਰੂ ਨਾਨਕ ਦੇ ਚਰਨਾਂ ’ਤੇ ਨਜ਼ਰ ਪਈ। ਉਸ ਦੇ ਰੋਮ ਰੋਮ ਵਿਚ ਕਿਸੇ ਅਨੋਖੇ ਗਿਆਨ ਦੀਆਂ ਝਰਨਾਹਟਾਂ ਛਿੜ ਪਈਆਂ। ਚਿਹਰੇ ਵੱਲ ਤੱਕਿਆ। ਧੰਨ ਨਿਰੰਕਾਰ, ਇਲਾਹੀ ਜੋਤ, ਜ਼ਾਹਿਰ ਪੀਰ, ਜਗਤ ਗੁਰ ਬਾਬੇ ਦੇ ਦਰਸ਼ਣ ਦੀਦਾਰ ਹੋਏ। ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਅਤੇ ਕੁਲ ਕਾਇਨਾਤ ਦੀ ਨੀਂਦ ਹਰਨ ਵਾਲ਼ੀ ਖੰਡਾਂ ਬ੍ਰਹਿਮੰਡਾਂ ਦੀ ਜਾਗਦੀ ਜੋਤ ਨੂੰ ਵਿਸਰਾਮ ਦੀ ਅਵਸਥਾ ਵਿਚ ਤੱਕਿਆ। ਸਦਾ ਜਾਗਦੇ ਨੂੰ ਕੌਣ ਜਗਾਵੇ! ਸ਼ਸ਼ੋਪੰਜ ਵਿਚ ਪੈ ਗਈ। ਚਰਨ ਸਪਰਸ਼ ਕੀਤੇ। ਮਸਤਕ ਉਜਲ ਹੋਇਆ। ਜਨਮਾਂ ਜਨਮਾਂਤਰਾਂ ਦੀ ਤ੍ਰਿਸ਼ਨਾ ਮਿਟ ਗਈ। ਬਾਹਰ ਆਈ। ਮਾਂ ਤ੍ਰਿਪਤਾ ਨੂੰ ਅੰਦਰਲੇ ਦ੍ਰਿਸ਼ ਦਾ ਅਰਸ਼ੀ ਕੌਤਕ ਨਿਝੱਕ ਬਿਆਨ ਕੀਤਾ। ਤ੍ਰਿਪਤਾ ਜੀ ਪਸ਼ੇਮਾਨ ਹੋ ਗਏ। ਪੁਤਰ ਨੂੰ ਆਪ ਜਾ ਉਠਾਇਆ। ਸਾਹਮਣੇ ਬਿਠਾਇਆ। ਭੋਜਨ ਪ੍ਰੋਸ ਅੱਗੇ ਧਰਿਆ ਤੇ ਆਖਿਆ, "ਪੁਤਰ ਜੀ ਕੁਝ ਸੁਰਤ ਕਰੋ, ਅੱਗੇ ਤਾਂ ਜ਼ਮਾਨਾ ਹੱਸਦਾ ਸੀ, ਹੁਣ ਤਾਂ ਘਰਦੇ ਵੀ ਹੱਸਦੇ ਨੇ"। ਤੁਲਸਾਂ ਨੇ ਜੋ ਆਖਿਆ ਸੀ, ਦੱਸ ਦਿਤਾ। ਗੁਰੂ ਸਾਹਿਬ ਮੁਸਕ੍ਰਾਏ, "ਤੁਲਸਾਂ ਤਾਂ ਕਮਲ਼ੀ ਹੈ"।
ਬੀਬੀ ਨਾਨਕੀ ਨੇ ਸੁਣਿਆਂ, "ਵੀਰ, ਇਹ ਕੀ ਪਏ ਆਖਦੇ ਹੋ? ਸੱਚ ਦੀ ਇਤਨੀ ਬੜੀ ਸਜ਼ਾ!" ਗੁਰੂ ਨਾਨਕ ਬੋਲੇ, "ਬੀਬੀ, ਇਹ ਸਜ਼ਾ ਨਹੀਂ, ਇਹ ਦੁਆਈ ਹੈ, ਸੱਚ ਨੂੰ ਹਜ਼ਮ ਕਰਨ ਦੀ"। ਤੁਲਸਾਂ ਕਮਲ਼ੀ ਹੋ ਗਈ; ਕਸ਼ਟ ਦੂਰ ਹੋਏ, ਦੁਖ ਮੁਕੇ; ਅਨੰਦ ਦਾ ਅਮੁਕ ਸਿਲਸਿਲਾ ਸ਼ੁਰੂ ਹੋ ਗਿਆ। ਆਤਮ ਰਸ ਨੂੰ ਅੰਦਰ ਹੀ ਅੰਦਰ ਅਨੁਭਵ ਕਰਦੀ। ਹਿਰਦੇ ਦੀ ਚੁੱਪ ਵਿਚ ਧੰਨ ਨਿਰੰਕਾਰ ਧੰਨ ਨਿਰੰਕਾਰ, ਨਾਨਕ ਨਾਮ ਦਾ ਜਾਪ ਕਰਦੀ ਤੁਲਸਾਂ ਬਾਵਰੀ ਹੋ ਗਈ। ਲੋਕਾਂ ਭਾਣੇ ਤੁਲਸਾਂ ਕਮਲ਼ੀ ਹੋ ਗਈ। ਪਰ ਨਹੀਂ:
"ਦੱਦਾ ਆਖੇ ਦੂਰ ਬੜੀ ਹੈ ਮੰਜ਼ਲ ਫ਼ਕੀਰਾਂ ਦੀ
ਦੁਨੀਆਂ ਕੀ ਜਾਣੇ ਜਿਥੇ ਫ਼ੱਕਰ ਬਿਰਾਜਦੇ"
ਸੱਚ ਹੁਸੀਨ ਹੁੰਦਾ ਹੈ, ਹੁਸਨ ਲੱਜਿਆ ਵਿਚ ਹੁੰਦਾ ਹੈ ਤੇ ਲੱਜਿਆ ਚੁੱਪ ਹੁੰਦੀ ਹੈ। ਚੁੱਪ ਕਰਾਉਣ ਲਈ ਵੀ ਕਿਸੇ ਨੂੰ ਬੋਲਣਾ ਪੈਂਦਾ ਹੈ। ਸਾਈਂ ਬੁਲੇ ਸ਼ਾਹ ਦੀ ਤਰਾਂ ਕਮਲ਼ੇ ਹੋਣਾ ਤੇ ਅਖਵਾਉਣਾ ਪੈਂਦਾ ਹੈ। "ਗੁਰੂ ਲਾਧੋ ਰੇ" ਦਾ ਹੋਕਾ ਕਿਸੇ ਨੇ ਤਾਂ ਦੇਣਾ ਹੀ ਹੁੰਦਾ ਹੈ!
ਦਸਮ ਪਾਤਸ਼ਾਹ ਜੀ ਨੂੰ ਵੀ ਇਕ ਸਮੇਂ ਸਿਖਾਂ ਨੇ ਪੁਛਿਆ ਸੀ ਕਿ ਹਜ਼ੂਰ ਨੇ ਖ਼ੁਦ ਨੂੰ ਪਰਮੇਸਰ ਕਹਿਣ ਤੋਂ ਕਿਉਂ ਵਰਜਿਆ ਹੈ ਸਿਖਾਂ ਨੂੰ? ਮਾਮਾ ਕਿਰਪਾਲ ਚੰਦ ਜੀ ਨੇ ਵੀ ਸਿਖਾਂ ਦੀ ਪ੍ਰਤੀਨਿਧਤਾ ਕਰਦਿਆਂ ਗੁਰੂ ਸਾਹਿਬ ਨੂੰ ਸ਼ੰਕਾ ਨਵਿਰਤ ਕਰਨ ਲਈ ਅਰਜ਼ੋਈ ਕੀਤੀ। ਬੰਸਾਵਲੀਨਾਮਾ ਦੇ ਅਨੁਸਾਰ:
"ਬਚਨ ਕੀਤਾ ਸਚੇ ਗੁਰਦੇਵ, ਸਮਝੋ ਮਾਮਾ ਜੀ ਇਸ ਦਾ ਭੇਵ।
ਮੈਂ ਅਰੁ ਹਮ ਪੁਨਿ ਮੋਹ, ਯਹਿ ਤੀਨ ਮਾਇਆ ਕੇ ਨਾਮ।
ਮੈਂ ਅਰੁ ਮਮਤਾ ਮੋਹ ਪੁਨਿ ਹਮ, ਸਭ ਮਾਇਆ ਜਾਨ।
ਜੋ ਮਾਇਆ ਕੋ ਪਰਮੇਸਰ ਕਹੈ, ਸਹਿਜੇ ਨਰਕ ਮਹਿ ਬਾਸਾ ਕਰੇ।
ਪਰਮੇਸਰ ਹੈ ਮਾਇਆ ਤੇ ਪਰੇ, ਜਿਨ ਗੁਰ ਸਬਦ ਕਮਾਏ ਸੇਈ ਤਰੇ।
ਅਨਿਤ ਸਰੀਰ ਵਾਕ ਹੈ ਨਿਤ, ਮੈਂ ਮੋਹ ਮਮਤਾ ਹੈ ਮਾਇਆ।
ਸੁਨ ਕਰਿ ਸਿਖ ਸਭ ਭਏ ਪ੍ਰਸੰਨ, ਧੰਨ ਸਤਿਗੁਰੂ ਧੰਨ ਧੰਨ।"
ਹਜ਼ੂਰ ਨੇ ਗੁਰੂ ਦੇ ਦੇਹ ਰੂਪ ਤੇ ਸ਼ਬਦ ਰੂਪ ਵਿਚ ਸੁੰਦਰ ਨਿਖੇੜਾ ਕਰ ਦਿਤਾ ਸੀ। ਅਸਲ ਵਿਚ ਗੁਰੂ ਦੀਆਂ ਦੇਹਾਂ ਦੋ ਨਹੀਂ ਹਨ। ਦੇਹ ਇਕੋ ਹੀ ਹੈ, ਸਿਰਫ਼ ਉਸਦੀ ਸ਼ਨਾਖ਼ਤ ਦਾ ਅਸੂਲ ਸ਼ਬਦ ਦੱਸਿਆ ਗਿਆ ਹੈ। ਭਾਈ ਗੁਰਦਾਸ ਜੀ ਦਾ ਵੀ ਕਥਨ ਹੈ "ਗੁਰ ਮੂਰਤ ਗੁਰਸਬਦ ਹੈ"।
ਭਾਈ ਨੰਦ ਲਾਲ ਜੀ ਨੇ ਵੀ ਹਜ਼ੂਰ ਸ੍ਰੀ ਦਸਮ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤਾ ਸੀ ਕਿ, "ਲਖੀਏ ਤੁਮਰਾ ਦਰਸ ਕਹਾਂ ਕਹੋ ਮੋਹਿ ਸਮਝਾਇ"। ਜਿਸ ਦੇ ਜਵਾਬ ਵਿਚ ਗੁਰੂ ਸਾਹਿਬ ਨੇ ਜੋ ਫ਼ੁਰਮਾਇਆ ਉਸ ਨੂੰ ਭਾਈ ਨੰਦ ਲਾਲ ਜੀ ਨੇ ਬਾਣੀ ਤੁਲ ਆਪਣੀ ਰਚਨਾ ‘ਰਹਿਤਨਾਮਾ’ ਵਿਚ "ਸ੍ਰੀ ਗੁਰੂ ਵਾਚ" ਦੇ ਸਿਰਲੇਖ ਹੇਠ ਇਵੇਂ ਲਿਖਿਆ ਹੈ: "ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿਤ ਲਾਇ, ਨਿਰਗੁਣ ਸਰਗੁਣ ਗੁਰਸ਼ਬਦ ਹੈਂ ਕਹੇ ਤੋਹਿ ਸਮਝਾਇ"।
ਦਰਅਸਲ "ਏਕੋ ਸਤ ਦੁਤੀਆ ਨਾਸਤ" ਹੈ। ਅਰਬੀ ਲਿਪੀ ਦਾ ਪਹਿਲਾ ਅੱਖਰ ਅਲਫ਼ ਇਕ ਦਾ ਲਖਾਇਕ ਮੰਨਿਆਂ ਜਾਂਦਾ ਹੈ ਅਤੇ ਦੂਸਰਾ ਅੱਖਰ ਬੇ ਦੋ ਲਈ ਵਰਤਿਆ ਜਾਂਦਾ ਹੈ। ਸਾਡੀ ਗਿਣਤੀ ਵਿਚ ਬਾਰਾਂ, ਬੀਹ, ਬਾਈ, ਬੱਤੀ, ਬਤਾਲ਼ੀ, ਬਵੰਜਾ, ਬਾਹਟ, ਬਹੱਤਰ, ਬਿਆਸੀ ਤੇ ਬਾਨਵੇ ਅੰਕ ਅਰਬੀ ਅੱਖਰ ਬੇ ਦੀ ਧੁਨੀ ਤੋਂ ਹੀ ਬਣੇ ਹਨ। ਗੁਰਬਾਣੀ ਵਿਚ ਵੀ ਅੰਕ ਬਾਰਾਂ ਨੂੰ "ਬੇ ਦਸ" ਭਾਵ ਦੋ ਅਤੇ ਦਸ, ਕਿਹਾ ਗਿਆ ਹੈ। ਸਾਈਂ ਬੁਲੇ ਸ਼ਾਹ ਵੀ ਕਹਿੰਦੇ ਹਨ:
"ਇਕ ਅਲਫ਼ ਪੜ੍ਹੋ ਛੁਟਕਾਰਾ ਹੈ,
ਅਲਫ਼ ਅੱਲਾ ਨਾਲਿ ਰੱਤਾ ਦਿਲ ਮੇਰਾ
ਮੈਨੂੰ ਬੇ ਦੀ ਖ਼ਬਰ ਨਾ ਕਾਈ
ਬੇ ਪੜਦਿਆਂ ਮੈਨੂੰ ਸਮਝ ਨਾ ਆਵੇ,
ਲਜ਼ਤ ਅਲਫ਼ ਦੀ ਆਈ"
ਗੁਰੂ ਨਾਨਕ ਪਾਤਸ਼ਾਹ ਨੂੰ ਵੀ ਜਦ ਪੜ੍ਹਨ ਖ਼ਾਤਰ ਭੇਜਿਆ ਗਿਆ ਸੀ ਤਾਂ ਉਹ ਪਹਿਲੇ ਸਬਕ ਅਲਫ਼ ‘ਤੋਂ ਹੀ ਅਟਕ ਗਏ ਸਨ। ਸਿਖੀ ਵੀ ਅੰਕ 1 ਤੋਂ ਹੀ ਅਰੰਭ ਹੁੰਦੀ ਹੈ ਅਤੇ ਸਿਖ ਮੱਤ ਉਸ 1 ਦਾ ਹੀ ਵਿਸਥਾਰ ਹੈ।
ਜਿਹੜੀਆਂ ਸਿਹਾਰੀਆਂ ਬਿਹਾਰੀਆਂ ਦੇ ਚੱਕਰ ਵਿਚ ਪ੍ਰੋ. ਸਾਹਿਬ ਸਿੰਘ ਜੀ ਉਲ਼ਝ ਗਏ ਉਨ੍ਹਾਂ ਬਾਬਤ ਫਰੀਦ ਕੋਟੀ ਟੀਕੇ ਵਿਚ ਦਸਿਆ ਗਿਆ ਹੈ ਕਿ: "ਸਤਿਨਾਮ ਪਾਠ ਮੈਂ ਭਾਖਾ ਕੇ ਅਨੁਸਾਰ ਤਤੇ ਮੈਂ ਸਿਹਾਰੀ ਲਿਖੀ ਹੈ ਔਰ ਗਤ ਬਿਧ ਅਗਨ ਆਦਿਕ ਅਨੇਕ ਪਦਭਾਖਾ ਕੇ ਅਨੁਸਾਰ ਸਿਹਾਰੀ ਛੋਡ ਮੁਕਤੇ ਲਿਖੇ ਹੈਂ। ਅਰਥ ਕਾਲ ਮੈ ਸਿਹਾਰੀਪਨਾ ਔਰ ਮੁਕਤਾਪਨਾ ਛੋਡ ਕੇ ਹੀ ਜੈਸਾ ਸੰਭਵ ਹੋਵੇ ਤੈਸਾ ਅਰਥੁ ਕੀਆ ਜਾਤਾ ਹੈ ਸੰਸਕ੍ਰਿਤ ਵਤ ਸਿਹਾਰੀ ਔਰ ਮੁਕਤਾ ਯਾਦ ਕਰਕੇ ਅਰਥੁ ਨਹੀਂ ਕਰਤੇ। ਜੈਸੇ ਸੰਸਕ੍ਰਿਤ ਮੈ ਹਰਿ ਪਦੁ ਹੋਵੇ ਤੋ ਬਿਸ਼ਨੂ ਅਰਥੁ ਕਰਤੇ ਹੈਂ ਔਰ ਹਰ ਪਦ ਹੋਵੈ ਤਬ ਸਿਵ ਅਰਥ ਹੋਤਾ ਹੈ। ਇਸੀ ਪ੍ਰਕਾਰ ਯਦਿ ਅਨਿਲ ਪਦੁ ਹੋਵੇ ਤੌ ਪਵਨ ਅਰਥੁ ਕੀਆ ਜਾਤਾ ਹੈ ਔਰ ਅਨਲ ਪਦੁ ਹੋਵੇ ਤਬ ਅਗਨਿ ਅਰਥੁ ਕੀਆ ਜਾਤਾ ਹੈ ਤੈਸੇ ਭਾਖਾ ਮੈ ਨਹੀਂ ਸਮਝਾ ਜਾਤਾ। ਕਿੰਤੂ ਅਰਥ ਕੀ ਸੰਗਤੀ ਸੇ ਸਬਦ ਜਾਨ ਲੇਤੇ ਹੈਂ"।
ਇਕ ਕੁਸ਼ਲ, ਨਿਰਲੇਪ ਅਤੇ ਖ਼ੁਸ਼ ਮਿਜ਼ਾਜ ਮੁਲੰਕਣ ਕਰਤਾ ਅਟੈਂਪਟ ਦੇ ਨੰਬਰ ਜ਼ਰੂਰ ਦਿੰਦਾ ਹੈ। ਪਰ ਨਿਰੀ ਅਟੈਂਪਟ ਦੇ ਨੰਬਰ ਪਾਸ ਹੋਣ ਜੋਗੇ ਨਹੀਂ ਹੁੰਦੇ। ਪ੍ਰੋ. ਸਾਹਿਬ ਸਿੰਘ ਜੀ ਦੀ ਇਤਨੀ ਸੁਹਿਰਦ ਪਰ ਨਾਦਾਨ ਮਿਹਨਤ ਬਾਬਤ ਕੀ ਕਹੀਏ!
ਮਰੀਜ਼ ਦੀ ਸ਼ਨਾਖ਼ਤ ਤਾਂ ਹਰ ਕਿਸੇ ਨੂੰ ਹੋ ਜਾਂਦੀ ਹੈ; ਪਰ ਮਰਜ਼ ਦੀ ਤਸ਼ਖ਼ੀਸ਼ ਅਤੇ ਉਸ ਦੇ ਇਲਾਜ਼ ਦਾ ਪਤਾ ਲਾਉਣਾ ਸਹੀ ਮੈਨ੍ਹਿਆਂ ਵਿਚ ਹਿਕਮਤ ਹੈ। ਪ੍ਰੋ. ਸਾਹਿਬ ਸਿੰਘ ਜੀ ਦੀ ਸੁਹਿਰਦ ਆਤਮਾ ਨੇ ਤਾਂ ਖ਼ਾਲਸਾ ਪੰਥ, ਪਰਗਟ ਗੁਰਾਂ ਕੀ ਦੇਹ ‘ਚ ਕਿਸੇ ਕਸਰ ਦਾ ਅਨੁਭਵ ਕੀਤਾ ਸੀ। ਪਰ ਉਨ੍ਹਾਂ ਦੀ ਕਲੀਨਿਕ ਨੁਮਾ ਕੀਟਨਾਸ਼ਕੀ ਖੋਜ ਵਿਧੀ ਦਾ ਵਿਸਤਾਰ ਕਰਦਿਆਂ ਉਨ੍ਹਾਂ ਦੇ ਵਿਦਿਆਰਥੀਆਂ ਨੇ, ਆਪਣੀ ਅਟਕਲੀ ਸੂਝ ਬੂਝ ਅਨੁਸਾਰ, ਬਿਮਾਰੀ ਦੀ ਸ਼ਨਾਖ਼ਤ ਕੀਤੀ ਤੇ ਫਿਰ ਅਗੋਂ ਉਨ੍ਹਾਂ ਦੇ ਬਾਲਕੇ, ਇਕ ਨੀਮ ਹਕੀਮ ਦੀ ਤਰਾਂ, ਉਸ ਦੇ ਇਲਾਜ਼ ਵਿਚ ਵੀ ਜੁਟ ਗਏ। ਠੰਢ ਦੇ ਮਾਰੇ ਨਜ਼ਲੇ ਦੇ ਮਰੀਜ਼ ਦੇ ਮੱਥੇ ਉਤੇ ਬਰਫੀਲੇ ਪਾਣੀ ਦੀਆਂ ਪੱਟੀਆਂ ਰੱਖ ਰੱਖ ਕੇ ਵਿਚਾਰੇ ਮਰੀਜ਼ ਨੂੰ ਨਮੂਨੀਏ ਦੀ ਹੱਦ ਤੱਕ ਲੇ ਗਏ। ਮਰਜ਼ ਕੋਈ ਇਲਾਜ਼ ਕੋਈ; ਸਵਾਲ ਚਨਾ ਜਵਾਬ ਗੰਦਮ!
ਵੱਡੇ ਅਕਲਮੰਦ, ਕਿ ਮੰਦਅਕਲ ਕਹੀਏ, ਧਰਮ ਦੇ ਜਿਸ ਪੱਖ ਨੂੰ ਨਿਰਾ ਵਹਿਮ ਭਰਮ ਸਮਝ ਕੇ ਹਮੇਸ਼ਾਂ ਨਕਾਰਨ ‘ਤੇ ਤੁਲੇ ਰਹਿੰਦੇ ਹਨ, ਦਰਅਸਲ ਉਹੀ ਪੱਖ ਅਜਿਹਾ ਹੈ ਜਿਸ ਵਿਚ ਕੁਲ ਕਾਇਨਾਤ ਨੂੰ ਵਿਸਮਾਦੀ ਰੰਗ ਪ੍ਰਦਾਨ ਕਰਨ ਵਾਲ਼ੀ ਜੀਵਨ ਕਣੀ ਸੁਰੱਖਿਅਤ ਹੈ। ਪ੍ਰੋ. ਪੂਰਨ ਸਿੰਘ ਜੀ ਲਿਖਦੇ ਹਨ ਕਿ, "ਸੁਪਰਸਟੀਸ਼ਨਜ਼ ਪਰਿਜ਼ਰਵ ਦੀ ਲਾਇਫ਼ ਸਪਾਰਕਸ ਮੋਰ ਇਫ਼ੈਕਟਿਵਲੀ ਦੈਨ ਦੀ ਰੀਜ਼ਨ ਔਫ਼ ਮੈਨ"। ਇਸੇ ਕਰਕੇ ਧਰਮ ਨੂੰ ਖ਼ਿਆਲ, ਫ਼ਲਸਫ਼ਾ, ਸਿਧਾਂਤ, ਵਿਚਾਰਧਾਰਾ ਜਾਂ ਸੰਕਲਪ ਕਹਿਣਾ ਉਚਿਤ ਨਹੀਂ ਹੈ। ਕਿਉਂਕਿ ਇਹ ਸਾਰੇ ਬੋਧ ਮਾਨਵੀ ਤਰਕ (ਰੀਜ਼ਨ) ਨਾਲ਼ ਸਬੰਧਤ ਹੋਣ ਕਰਕੇ ਨਾਸਤਿਕ ਕਿਸਮ ਦੇ ਹਨ; ਇਨ੍ਹਾਂ ਨੂੰ ਜੀਵਨ ਦੀ ਅਧਾਰਸ਼ਿਲਾ ਬਣਾਉਣ ਵਾਲ਼ੇ ਵਿਸ਼ਵਾਸ (ਫੇਥ) ਦੇ ਦਾਇਰੇ ਵਿਚ ਪ੍ਰਵੇਸ਼ ਹੀ ਨਹੀਂ ਕਰਦੇ। ਇਸੇ ਕਰਕੇ ਇਸ ਤਰਾਂ ਦੇ ਲੋਕ ਵਿਚਾਰਧਾਰਕ ਸੰਕਲਪਾਂ ਨੂੰ ਅਭਿਆਸ ਵਿਚ ਵੀ ਨਹੀਂ ਲਿਆ ਸਕਦੇ। ਵਿਸ਼ਵਾਸ (ਫ਼ੇਥ) ਤੋਂ ਬਿਨਾ ਅਭਿਆਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸਿਖਾਂ ਦੀ ਕਥਨੀ ਅਤੇ ਕਰਨੀ ਦਰਮਿਆਨ ਵੱਡੇ ਪਾੜੇ ਵਿਸ਼ਵਾਸ ਦੀ ਅਣਹੋਂਦ ਜਾਂ ਤਰਕਵਾਦੀ ਸੁਭਾ ਦੀ ਦੇਣ ਹਨ। ਖ਼ਿਆਲ ਦਾ ਸਬੰਧ ਬੁਧੀ ਨਾਲ਼ ਹੈ। ਖ਼ਿਆਲ ਦੇ ਘੇਰਿਆਂ ਅੰਦਰ ਕੇਵਲ ਬੁਧੀ ਪਰਵੇਸ਼ ਕਰਦੀ ਹੈ। ਖ਼ਿਆਲ ਵਿਚ ਜੀਵਨ ਦਾ ਤੱਤ ਤਾਂ ਹੁੰਦਾ ਹੈ, ਪਰ ਜੀਵਨ ਕਣੀ ਨਹੀਂ। ਜੀਵਨ ਦਾ ਅਧਾਰ ਤੱਤ ਨਹੀਂ, ਕਣੀ ਹੈ। ਤੱਤ ਅਤੇ ਕਣੀ ਵਿਚ ਵਿਚਾਰਧਾਰਾ ਅਤੇ ਧਰਮ ਜਿਤਨਾ ਅੰਤਰ ਹੈ।
ਪੌਸ਼ਟਿਕ ਰਸਾਇਣਕ ਤੱਤਾਂ ਦਾ ਪ੍ਰਕਿਰਤਕ ਖਾਣੇ ਦੇ ਰੂਪ ਵਿਚ ਸੇਵਨ ਕਰਨ ਵਾਲ਼ੇ ਮੱਲ ਹੀ ਅਖਾੜਿਆਂ ‘ਚ ਉਤਰਦੇ ਹਨ। ਵਿਟਾਮਿਨਾ ਦੀਆਂ ਗੋਲ਼ੀਆਂ ਚੂਸਣ ਵਾਲ਼ੇ ਅਤੇ ਤਾਕਤ ਦੀਆਂ ਸ਼ੀਸ਼ੀਆਂ ਪੀਣ ਵਾਲ਼ੇ ਆਪਣੀ ਸ਼ਰੀਰਕ ਪੀੜ ਨੂੰ ਮੰਜੇ ‘ਤੇ ਪੈ ਸਕਣ ਜੋਗੀ ਹੀ ਘਟਾ ਸਕਦੇ ਹਨ। ਉਨ੍ਹਾਂ ਲਈ ਤੰਦਰੁਸਤੀ ਦਾ ਅਰਥ ਵੀ ਰੋਗ ਰਹਿਤ ਹੋਣਾ ਨਹੀਂ ਕੇਵਲ ਦਰਦ ਰਹਿਤ ਹੋਣਾ ਹੈ। ਕਣੀ ਅਤੇ ਤੱਤ ਵਿਚ ਗੰਦਲ਼ਾਂ ਵਾਲ਼ੀ ਸਰ੍ਹੋਂ ਦੇ ਲਹਿ ਲਹਿ ਕਰਦੇ ਹਰੇ ਕਚੂਰ ਪੱਤਿਆਂ ਅਤੇ ਗੋਲ਼ੀਆਂ ਦੇ ਤਾਂਬੜ ਪੱਤਿਆਂ ਜਿਤਨਾ ਫ਼ਰਕ ਹੈ।
ਧਰਮ ਵਿਚ ਮਨੁਖ ਦੇਹੀ ਸਮੇਤ ਪ੍ਰਵੇਸ਼ ਕਰਦਾ ਹੈ। ਦੇਹੀ ਗੁਰੂ ਨੂੰ ਸਮਰਪਣ ਕਰਕੇ ਧਰਮੀ ਮਨੁਖ ਬਿਦੇਹ ਹੋ ਕੇ ਦੁਖ ਸੁਖ ਤੋਂ ਪਾਰ ਹੋ ਜਾਂਦਾ ਹੈ। ਪਰ ਇਕ ਤਰਕਵਾਦੀ ਨਾਸਤਿਕ ਦੀ ਬੁਧੀ ਖ਼ਿਆਲ ਵਿਚ ਵਿਚਰਦੀ ਹੈ; ਤਾਂ ਹੀ ਉਸ ਦੀ ਦੇਹ ਆਪਹੁਦਰੇਪਣ ਵਿਚ ਵਿਚਰਨ ਲਗਦੀ ਹੈ। ਜਦੋਂ ਦਾ ਧਰਮ ਇਕ ਬੌਧਿਕ ਮਸਲਾ ਬਣਿਆਂ ਹੈ, ਉਦੋਂ ਦਾ ਧਰਮ ਪ੍ਰਚਾਰਕਾਂ ਦੀ ਕਥਨੀ ਤੇ ਕਰਨੀ ਵਿਚ ਵਡਾ ਪਾੜ ਪੈ ਗਿਆ ਹੈ।
ਜੀਵਨ ਲਈ ਜੇ ਰੌਸ਼ਨੀ ਦੀ ਜ਼ਰੂਰਤ ਹੈ ਤਾਂ ਹਨੇਰਾ ਵੀ ਉਤਨਾ ਹੀ ਮਹੱਤਵ ਪੂਰਣ ਹੈ ‐"ਨਮੋ ਅੰਧਕਾਰੇ"। ਮਲਿਕਾ ਪੁਖਰਾਜ ਦੀ ਗਾਈ ਹੋਈ ਇਕ ਨਜ਼ਮ ਵਿਚ ਆਉਂਦਾ ਹੈ "ਹੁਸਨ ਹਰ ਸ਼ੈ ਕੀ ਕੈਫ਼ੀਅਤ ਮੇਂ ਹੈ, ਮੁਝ ਕੋ ਤੋ ਰਾਤ ਪਰ ਭੀ ਪਿਆਰ ਆਇਆ"। ਹਾਈਜੀਨ ਦੀ ਦੁਨੀਆਂ ਵਿਚ ਜਿਸ ਨੂੰ ਮੈਲ਼ ਸਮਝਿਆ ਜਾਂਦਾ ਹੈ, ਜੀਵਨ ਉਸੇ ‘ਚੋਂ ਹੀ ਉਪਜਦਾ ਹੈ। ਕਿਸਾਨ ਵੀ ਫ਼ਸਲ ਉਗਾਉਣ ਸਮੇਂ ਘਰਾਂ ‘ਚੋਂ ਕੱਢ ਕੇ ਬਾਹਰ ਸੁਟੀ ਹੋਈ ਮੈਲ਼ ਚੁਕ ਕੇ ਖੇਤ ਵਿਚ ਰਲ਼ਾਉਂਦਾ ਹੈ। ਉਤਪਤੀ ਦੇ ਵਿਧਾਨ ਵਿਚ ਮੈਲ਼ ਦੀ ਪ੍ਰਮੁੱਖ ਭੂਮਿਕਾ ਹੈ। ਦਰਅਸਲ ਮੈਲ਼ ਉਤਪਤੀ ਦੇ ਨੇਮ ਨਾਲ਼ ਹੈਰਾਨੀ ਦੀ ਹੱਦ ਤਕ ਜੁੜੀ ਹੋਈ ਹੈ। ਕੋਈ ਵੀ ਪਦਾਰਥ ਗਲ਼ ਸੜ ਕੇ ਜਦ ਮੈਲ਼ ਰੂਪ ਹੋ ਜਾਂਦਾ ਹੈ ਤਾਂ ਅਚਾਨਕ ਉਸ ਵਿਚ ਜੀਵ ਉਪਜ ਪੈਂਦੇ ਹਨ। ਖ਼ਾਲਸ ਪੇਂਡੂ ਭਾਸ਼ਾ ਵਿਚ ਇਨਸਾਨੀ ਖ਼ੂਨ ਨੂੰ ਮੈਲ਼ਾ ਵੀ ਆਖਦੇ ਹਨ। ਕੋਈ ਸ਼ਖ਼ਸ ਜਦ ਕਿਸੇ ਇਸਤਰੀ ਨੂੰ ਉਤਪਤੀ ਦੇ ਮਹਾਂ ਨੇਮ ਕਾਮਕ ਦ੍ਰਿਸ਼ਟੀ ਅਧੀਨ ਤੱਕਦਾ ਹੈ ਤਾਂ ਉਸ ਨੂੰ ਮੈਲ਼ੀ ਨਜ਼ਰ ਕਿਹਾ ਜਾਂਦਾ ਹੈ। ਕੁਦਰਤ ਨੇ ਜਣਨ ਪ੍ਰਕਿਰਿਆ ਲਈ ਸਰੀਰ ਦੇ ਮੈਲ਼ ਦੁਆਰਾਂ ਨੂੰ ਹੀ ਚੁਣਿਆਂ ਹੈ। ਅਸਲ ਵਿਚ ਸਰਿਸ਼ਟੀ ਦਾ ਨਿਯਮ ਹੀ ਮੈਲ਼ ਹੈ; ਉਜਲ ਤਾਂ ਉਹੀ ਹੈ, ਜਿਸਦੀ ਮਿਹਰ ਸਦਕਾ ਇਹ ਮੈਲ਼ ਕੱਟੀ ਜਾਂਦੀ ਹੈ ‐ "ਹਮ ਮੈਲੁ ਭਰੇ ਦੁਹਚਾਰੀਆ ... ਹਮ ਮੈਲੇ ਤੁਮ ਊਜਲ ਕਰਤੇ"। ਬਚਿਤਰ ਨਾਟਕ ਵਿਚ ਵੀ ਜੋ ਕੰਨ ਦੀ ਮੈਲ਼ ਨਾਲ਼ ਹੋਈ ਸ੍ਰਿਸ਼ਟੀ ਰਚਨਾ ਦਾ ਜ਼ਿਕਰ ਹੈ, ਉਸਨੂ ਨਾਦ ਅਤੇ ਮੈਲ਼ ਦੇ ਕਿਸੇ ਅਣਗੌਲ਼ੇ ਸਬੰਧ ਅਤੇ ਅਪ੍ਰਿਚਿਤ ਨਿਯਮ ਦੇ ਹਵਾਲੇ ਨਾਲ਼ ਸਮਝਿਆ ਜਾ ਸਕਦਾ ਹੈ। ਉਰਦੂ ਦੇ ਸਮਰੱਥ ਸਾਹਿਤਕਾਰ ਸ. ਰਾਜਿੰਦਰ ਸਿੰਘ ਬੇਦੀ ਲਿਖਦੇ ਹਨ ਕਿ "ਪਰਮਾਤਮਾ ਉਤਪਤੀ ਦੇ ਸਾਰੇ ਕਾਰਜ ਹਨੇਰੇ ‘ਚ ਹੀ ਕਰਦਾ ਹੈ"। ਉਤਪਤੀ, ਮੈਲ਼ ਅਤੇ ਹਨੇਰੇ ਦਾ ਆਪਸੀ ਸਬੰਧ ਇਕ ਡੂੰਘਾ ਰਹੱਸ ਹੈ। ਇਸ ਰਹੱਸ ਦੀਆਂ ਪਰਤਾਂ ਫ਼ਰੋਲਣ ਨਾਲ਼ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਸਥਾਨ ਨਿਸਚਿਤ ਹੋ ਸਕਦਾ ਹੈ ਅਤੇ ਉਸ ਦੇ ਅੰਤਰੀਵ ਨਿਯਮ ਦੀ ਵੀ ਟੋਹ ਲੱਗ ਸਕਦੀ ਹੈ।
ਗਿਆਨ ਲਾਜ਼ਮੀ ਹੈ, ਪਰ ਵਿਸ਼ਵਾਸ ਵਿਹੂਣਾ ਗਿਆਨ ਮਨੁਖ ਨੂੰ ਮਨੁਖ ਨਹੀਂ ਰਹਿਣ ਦਿੰਦਾ। ਮਾਨਵੀ ਵਿਸ਼ਵਾਸ ਨੂੰ ਤਰਕਵਾਦੀ ਵਦਾਣਾ ਨਾਲ਼ ਭੰਨਣ ਦਾ ਮੁਢ ਵਿਆਕਰਣ ਤੋਂ ਹੀ ਸ਼ੁਰੂ ਹੁੰਦਾ ਹੈ। ਵਿਆਕਰਣ ‘ਵਾਕ’ ਦਾ ਕਤਲ ਕਰਕੇ ਉਸ ‘ਚੋਂ ‘ਕਾਵਿ’ ਰਸ ਭਾਲਣ ਦੀ ਫ਼ਜ਼ੂਲ ਕੋਸ਼ਿਸ਼ ਦਾ ਨਾਂ ਹੈ। ਵਿਆਕਰਣ ਕਵਿਤਾ ਨਾਲ਼ ਨਿਆਂ ਕਰ ਸਕਣ ਦੇ ਸਮਰੱਥ ਨਹੀਂ ਹੈ। ਵਿਆਕਰਣ ਵਿਚ ਤਾਂ ਵਾਕ ਅਨੁਭਵ ਨਹੀਂ ਸਮਾ ਸਕਦਾ, ਕਾਵ ਅਨੁਭਵ ਤਾਂ ਬਹੁਤ ਪਰੇ ਦੀ ਗੱਲ ਹੈ। ਇਥੋਂ ਤੱਕ ਕਿ ਸ੍ਰਿਸ਼ਟੀ ਦੀ ਰਚਨਾ ਵੀ ਵਾਕ ਤੋਂ ਨਹੀਂ ਕਾਵ ਤੋਂ ਹੋਈ ਮੰਨੀ ਜਾਂਦੀ ਹੈ ‐ "ਕੀਤਾ ਪਸਾਉ ਏਕੋ ਕਵਾਉ"।
ਖ਼ਾਲਸਾ ਪੰਥ ਦੇ ਕੁਝ ਅੰਗ ਕਿਸੇ ਅਸਾਧ ਮਰਜ਼ ਦੇ ਸ਼ਿਕਾਰ ਹਨ, ਜਿਸ ਦੇ ਇਸ਼ਾਰੇ ਸੰਸਾਰ ਪ੍ਰਸਿਧ ਵਿਦਵਾਨ ਕਰ ਚੁਕੇ ਹਨ ਅਤੇ ਕਰ ਰਹੇ ਹਨ। ਇਸ ਚੰਦਰੇ ਰੋਗ ਦੇ ਫ਼ਿਕਰ ਵਿਚ ਪ੍ਰੋ. ਸਾਹਿਬ ਸਿੰਘ ਜੀ ਸਮੂਹ ਪੰਥ ਦੇ ਨਾਲ਼ ਉਮਰ ਭਰ ਯਥਾ ਸ਼ਕਤਿ ਯਤਨਸ਼ੀਲ ਰਹੇ। "ਜੋ ਬਾਹਰੋ ਭੁਲ ਚੁਕ ਬੋਲਦੇ ਭੀ ਖਰੇ ਹਰਿ ਭਾਣੇ" ਦੇ ਮਹਾਂਵਾਕ ਅਨੁਸਾਰ ਉਹ ਖਰਿਆਂ ਵਿਚ ਹੀ ਸ਼ੁਮਾਰ ਹੁੰਦੇ ਹਨ। ਉਨ੍ਹਾਂ ਦੇ ਮਨ ਵਿਚ ਕੋਈ ਖੋਟ, ਈਰਖਾ, ਲੋਭ, ਲਾਲਚ, ਲਾਲਸਾ ਦਾ ਨਾਮੋ ਨਿਸ਼ਾਨ ਨਹੀਂ ਸੀ। ਸਾਦਗੀ ਅਤੇ ਸ਼ਰਾਫ਼ਤ ਦੇ ਪੁੰਜ ਸਨ ਉਹ। ਸਿਰਫ਼ ਉਨ੍ਹਾਂ ਦੇ ਬੌਧਿਕ ਪੂਰਨਿਆਂ ‘ਤੇ ਚੱਲਣ ਵਾਲ਼ੇ ਪ੍ਰਚਾਰਕ ਅਤ ਸਪੋਕਸਮੈਨੀਏ ਦੀ ਹੱਦ ਤੱਕ ਪਹੁੰਚ ਚੁਕੇ ਵਿਦਵਾਨਾ ਦੀ ਸੇਵਾ ਵਿਚ ਇਹ ਪਰਚਾ ਮੁਖ਼ਾਤਿਬ ਹੈ। ਸਿਧਾਂਤਕ ਹਾਈਜੀਨ, ਡਿਸਟੀਲੇਸ਼ਨ, ਸੋਧ ਅਤੇ ਛਾਣ ਬੀਣ ਦੀ ਮੁਹਿੰਮ ਨੇ ਖ਼ਾਲਸਾ ਪੰਥ ਨੂੰ ਨਵੇਂ ਰੋਗ ਚਮੇੜ ਦਿਤੇ ਹਨ।
ਗਿਆਨ ਦੀਆਂ ਪੈੜਾਂ ਨਹੀਂ ਹੁੰਦੀਆਂ। ਹਰ ਕਿਸੇ ਨੂੰ ਖੂਹ ਪੁਟ ਕੇ ਪਾਣੀ ਦੀ ਘੁਟ ਨਸੀਬ ਹੁੰਦੀ ਹੈ। ਉਧਾਰੀਆਂ ਚੂਲ਼ੀਆਂ ਨਾਲ਼ ਪਿਆਸ ਨਹੀਂ ਮਿਟਦੀ। ਇਹ ਪੱਛਮੀ ਵਿਦਿਆ ਦੇ ਪ੍ਰਭਾਵ ਵਿਚ ਅਸੀਂ ਕਿਧਰ ਨੂੰ ਤੁਰ ਪਏ? ਪ੍ਰੋ. ਪੂਰਨ ਸਿੰਘ ਜੀ ਲਿਖਦੇ ਹਨ, "ਅਸੀਂ ਤਾਂ ਨਾਨਕ ਨਾਨਕ ਜਪਦਿਆਂ ਹੀ ਪਾਰ ਹੋ ਜਾਣਾ ਹੈ"। ਜਿਵੇ ਇਕ ਦੁੱਧ ਚੁੰਘਦੇ ਬੱਚੇ ਲਈ ਆਪਣੀ ਮਾਂ ਬਗ਼ੈਰ ਸ੍ਰਿਸ਼ਟੀ ਦਾ ਕੋਈ ਅਸਤਿਤਵ ਨਹੀਂ ਹੁੰਦਾ। ਉਸ ਲਈ ਮਾਂ ਦੀ ਗੋਦ ਤੋਂ ਪਰੇ ਕੋਈ ਸਵਰਗ ਨਹੀ ਹੁੰਦਾ। ਮਾਂ ਦੇ ਆਸਰੇ ਨੂੰ ਉਹ ਇਕ ਮਧੁਰ ਅਤੇ ਸੰਖੇਪ ਜਹੀ ਮੁਸਕ੍ਰਾਹਟ ਤੋਂ ਬਿਨਾ ਬਿਆਨ ਵੀ ਨਹੀਂ ਕਰ ਸਕਦਾ। ਬੱਚੇ ਦਾ ਮਾਂ ਨੂੰ ਤੱਕਣਾ ਅਤੇ ਮਾਂ ਦਾ ਬੱਚੇ ਨੂੰ ਤੱਕਣਾ ਇਕੋ ਗੱਲ ਹੈ।
ਸਿਖ ਲਈ ਗੁਰੂੁ ਨਾਨਕ ਤੋਂ ਬਿਨਾ ਕਾਇਨਾਤ ਦੇ ਵੀ ਕੋਈ ਮੈਨ੍ਹੇ ਨਹੀਂ ਹਨ। ਗੁਰੂ ਨਾਨਕ ਸਾਡਾ ਈਸ਼ਵਰ ਹੈ, ਗੋਰਖ ਹੈ, ਬ੍ਰਹਮਾ ਹੈ ਅਤੇ ਸਾਡੀ ਮਾਤਾ ਵੀ ਉਹੀ ਹੈ; ਉਹ ਜਗਤ ਪਿਤਾ ਹੈ ਅਤੇ ਜਗਤ ਗੁਰੂ ਵੀ। ਉਸ ਨੇ ਸਾਨੂੰ ਆਖਿਆ ਤੁਰ ਪਉ, ਅਸੀਂ ਤੁਰ ਪਏ। ਉਸ ਆਖਿਆ ਮੁੜ ਪਉ, ਅਸੀਂ ਮੁੜ ਪਏ। ਉਸ ਆਖਿਆ ਕਿਰਤ ਕਰੋ, ਅਸੀਂ ਕਿਰਤ ਵਿਚ ਜੁਟ ਪਏ। ਉਸ ਆਖਿਆ ਵੰਡ ਛਕੋ, ਅਸੀਂ ਲੰਗਰਾਂ ਦੀ ਸੇਵਾ ‘ਚ ਮਸਤ ਹੋ ਗਏ। ਉਸ ਆਖਿਆ ਨਾਮ ਜਪੋ, ਅਸੀਂ ਅਖੰਡ ਜਾਪ ਵਿਚ ਲੀਨ ਹੋ ਗਏ। ਉਸ ਪਿਆਰ ਦੀ ਸੱਦ ਪਾਈ, ਅਸੀਂ ਉਸ ਦੇ ਦਰ ‘ਤੇ ਸੀਸ ਧਰ ਦਿਤੇ। ਉਸ ਦਮਾਮੇ ‘ਤੇ ਚੋਟ ਲਗਾਈ, ਅਸੀਂ ਜੂਝ ਮਰੇ। ਗੁਰੂ ਨਾਨਕ ਤੋਂ ਬਿਨਾ ਸਾਡੀ ਹਸਤੀ ਦਾ ਕੋਈ ਮੁਲ ਨਹੀ ਕੋਈ ਲਾਭ ਨਹੀਂ; ਨਾ ਸੀ, ਨਾ ਹੈ, ਨਾ ਹੋਵੇਗਾ।
ਅਸੀਂ ਸਿਖ ਗੁਰੁ ਨਾਨਕ ਦੇ ਸ਼ਿਸ਼ ਨਹੀ ਹਾਂ; ਅਸੀਂ ਤਾਂ ਉਸ ਦੇ ਬੱਚੇ, ਸ਼ਿਸ਼ੂ ਹਾਂ। ਸ਼ਿਸ਼ ਦਾ ਗੁਰੂ ਨਾਲ਼ ਰਿਸ਼ਤਾ ਤਾਂ ਕੇਵਲ ਪੜ੍ਹਾਈ ਤੱਕ ਹੁੰਦਾ ਹੈ; ਪਾਲਣ ਦਾ ਨਹੀਂ। ਪਰ ਗੁਰੁ ਨਾਨਕ ਤਾਂ ਜਗਤ ਦੇ ਪਾਲਣਹਾਰੇ ਹਨ। ਹਾਂ, ਵਿਦਿਆ ਦਾ ਮਹੂਰਤ ਵੀ ਪਾਲਣ ਹਾਰੇ ਤੋਂ ਹੀ ਹੁੰਦਾ ਹੈ। ਜਿਨ੍ਹਾਂ ਬੱਚਿਆਂ ਨੂੰ ਆਪਣੀ ਮਾਂ ਕੋਲ਼ੋਂ ਧਰਤੀ ‘ਤੇ ਊੜਾ ਪਾਉਣ ਦੀ ਸਿਖਿਆ ਨਸੀਬ ਹੋਈ, ਉਨ੍ਹਾਂ ਨੇ ਹੀ ਵੱਡੇ ਹੋ ਕੇ ਬੁਲੰਦੀਆਂ ਨੂੰ ਛੂਹਿਆ। ਗੁਰੁ ਨਾਨਕ ਨੇ ਸਾਡੀਆਂ ਲੋਥਾਂ ਨੂੰ ਜੀਵਨ ਕਣੀ ਨਾਲ਼ ਨਿਵਾਜ਼ਿਆ ਅਤੇ ਸਾਨੂੰ ਗੁਰਮੁਖੀ ਬਖ਼ਸ਼ਿਸ ਕੀਤੀ।
ਫਿਰ ਕਿਉਂ ਨਾ ਭਾਈ ਗੁਰਦਾਸ ਜੀ ਦੀਆਂ ਇਨ੍ਹਾਂ ਸਤਰਾਂ "ਸਤਿਗੁਰ ਬਾਝ ਨ ਬੁਝੀਐ ਜਿਚੱਰ ਧਰੇ ਨ ਗੁਰ ਅਵਤਾਰਾ॥ ਗੁਰ ਪਰਮੇਸ਼ਰ ਇਕ ਹੈ ਸੱਚਾ ਸ਼ਾਹ ਜਗਤ ਵਣਜਾਰਾ" ਨੂੰ ਆਪਣੀ ਸਿਮਰਤੀ ਵਿਚ ਵਸਾ ਕੇ ਸਿਖੀ ਦੇ ਮਹੱਲ ਦੀ ਬੁਨਿਆਦ ਵੱਲ੍ਹ ਮੋੜਾ ਪਾਈਏ ਅਤੇ ਸਾਰੇ ਰਲ ਮਿਲ਼ ਕੇ ਪੜ੍ਹੀਏ:
"ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ"