ਇੰਗਲੈਂਡ ਦੇ ਕੁਝ ਗੁਰੂ ਘਰਾਂ ਵਾਂਗ ਕੈਲੇਫੋਰਨੀਆ ਸਥਿਤ ਕਈ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਫੈਸਲਾ ਕੀਤਾ ਹੈ ਕਿ ਕਥਿਤ ਪੀਰਾਂ, ਬਾਬਿਆਂ, ਤਾਂਤ੍ਰਿਕਾਂ ਅਤੇ ਜੋਤਸ਼ੀਆਂ ਦੀਆਂ ਮਸ਼ਹੂਰੀਆਂ ਛਾਪਣ ਵਾਲੀਆਂ ਅਖਬਾਰਾਂ ਨੂੰ ਗੁਰਦੁਆਰਿਆਂ ਵਿਚ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੁਝ ਪੰਜਾਬੀ ਅਖਬਾਰਾਂ ਨੇ ਵੀ ਆਪਣੀ ਕਮਿਊਨਿਟੀ ਦੀ ਭਲਾਈ ਸੋਚਦਿਆਂ ਅਜਿਹੇ ਜਾਦੂ - ਟੂਣੇ ਕਰਨ ਵਾਲਿਆਂ ਦੇ ਇਸ਼ਤਿਹਾਰ ਛਾਪਣੇ ਬਿਲਕੁਲ ਬੰਦ ਕਰ ਦਿੱਤੇ ਹਨ। ਉਪਰੋਕਤ ਫੈਸਲਾ ਕਰਨ ਵਾਲੀਆਂ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪੰਜਾਬੀ ਅਖ਼ਬਾਰਾਂ ਦੇ ਇਸ ਸ਼ੁੱਭ ਯਤਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਗੁਰੂ ਘਰ ਸਿੱਖ ਧਰਮ ਦੇ ਪ੍ਰਚਾਰ ਦਾ ਥੰਮ੍ਹ ਮੰਨੇ ਜਾਂਦੇ ਹਨ। ਇਨ੍ਹਾਂ ਧਰਮ ਅਸਥਾਨਾਂ ਵਿਚ, ਵਹਿਮਾਂ - ਭਰਮਾਂ ਜਾਂ ਕਰਮ - ਕਾਂਡੀ ਕ੍ਰਿਆਵਾਂ ਦੀ ਪ੍ਰਚਾਰ ਸਮੱਗਰੀ ਦਾ ਕਿਸੇ ਰੂਪ ਵਿਚ ਮੌਜੂਦ ਹੋਣਾ, ਸਿੱਖ ਫਲਸਫੇ ਦੀ ਤੌਹੀਨ ਦੇ ਬਰਾਬਰ ਹੀ ਹੈ। ਇਸੇ ਤਰ੍ਹਾਂ ਉਨ੍ਹਾਂ ਪੰਜਾਬੀ ਅਖਬਾਰਾਂ ਦੇ ਵੀ ਸਦਕੇ ਜਾਈਏ, ਜਿਨ੍ਹਾਂ ਆਪਣੀ ਆਮਦਨ ਨੂੰ ਅਣਡਿੱਠ ਕਰਕੇ ਲੋਕ ਭਲੇ ਨੂੰ ਮੁੱਖ ਰੱਖਿਆ ਹੈ। ਜਦਕਿ ਪੰਜਾਬੀ ਦੀਆਂ ਅਖਬਾਰਾਂ ਮੁਫਤ ਹੋਣ ਕਰਕੇ, ਇਨ੍ਹਾਂ ਦਾ ਜੀਵਨ-ਆਧਾਰ ਇਸ਼ਤਿਹਾਰ ਹੀ ਹਨ। ੀੲਹ ਵੀ ਸੁਣਨ ਵਿਚ ਆਇਆ ਹੈ ਕਿ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਦਾਅਵੇ ਬੰਨ੍ਹਾਉਣ ਵਾਲੇ ਇਹ ਪੀਰ ਬਾਬੇ, ਇਸ਼ਤਿਹਾਰਾਂ ਦੇ ਮੂੰਹ ਮੰਗੇ ਪੈਸੇ ਦੇਣ ਲਈ ਤਿਆਰ ਹੁੰਦੇ ਹਨ। ਹੋਣ ਵੀ ਕਿਉਂ ਨਾ? ਕਹਿੰਦੇ ਨੇ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ। ਜਿਸਨੇ ਖੂਨ-ਪਸੀਨਾ ਇੱਕ ਕਰਕੇ ਕਮਾਈ ਕੀਤੀ ਹੁੰਦੀ ਹੈ ਉਹ ਤਾਂ ਇਕ ਪੈਨੀ ਦੇਣ ਲੱਗਿਆਂ ਵੀ ਸੌ ਵਾਰ ਸੋਚਦਾ ਹੈ। ਲੇਕਿਨ ਤਾਂਤ੍ਰਿਕ ਬਾਬਿਆਂ ਨੇ ਤਾਂ ਮਕਰ ਫਰੇਬ ਕਰਕੇ ਲੋਕਾਂ ਦੀਆਂ ਜੇਬਾਂ ਸਾਫ ਕੀਤੀਆਂ ਹੁੰਦੀਆਂ ਹਨ। ਆਪਣਾ ਪਖੰਡ - ਜਾਲ ਵਿਛਾਉਣ ਲਈ ਉਹ ਖੁਲ੍ਹੇ ਦਿਲ ਨਾਲ ਇਸ਼ਤਿਹਾਰ ਬਾਜ਼ੀ ਕਰਦੇ ਹਨ ਤਾਂ ਕਿ ਵਧ ਤੋਂ ਵਧ ‘ਅਕਲ ਦੇ ਅੰਨ੍ਹੇ ਗਾਹਕ’ ਉਨ੍ਹਾਂ ਦੇ ਚੁੰਗਲ ਵਿਚ ਫਸਣ ਲਈ ਤਿਆਰ ਹੋਣ।
ਇਹ ਤਾਂ ਸੀ ਅੰਤਰਰਾਸ਼ਟਰੀ ਪੱਧਰ ਦੇ ਬਾਬਿਆਂ ਦੀ ਗੱਲ। ਜਿਨ੍ਹਾਂ ਦੀਆਂ ‘ਧੂੰਮਾਂ’ ਦੁਨੀਆਂ ਭਰ ਦੇ ਅਖਬਾਰਾਂ ਵਿਚ ਪੈਂਦੀਆਂ ਹਨ। ਜਾਂ ਕਹਿ ਲਉ ਪੁਆਈਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਸਥਾਨਕ ਬਾਬਿਆਂ ਦੀਆਂ ਵੀ ਕਈ ਕਿਸਮਾਂ ਹਨ। ਜਿਵੇਂ ਛੋਟਾ-ਮੋਟਾ ਕਾਰੋਬਾਰ ਕਰਦੀਆਂ ਫੈਕਟਰੀਆਂ ਨੂੰ ਸਰਕਾਰੀ ਭਾਸ਼ਾ ‘ਚ ਸਮਾਲ-ਸਕੇਲ ਇੰਡਸਟਰੀ ਆਖਿਆ ਜਾਂਦਾ ਹੈ, ਇਵੇਂ ਹੀ ਇਹ ‘ਛੁਪੇ - ਰੁਸਤਮ’ ਸਮਾਲ ਸਕੇਲ ‘ਬਾਬਾ-ਵਾਦ’ ਦੇ ਦਾਇਰੇ ਵਿਚ ਆਉਂਦੇ ਹਨ। ਆਮ ਤੌਰ ਤੇ ਇਸ ਕੈਟਾਗਰੀ ਵਾਲੇ ਬਾਬਿਆਂ ਨੂੰ ਅਖਬਾਰੀ ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਨਹੀਂ ਪੈਂਦੀ। ਇਨ੍ਹਾਂ ਦਾ ਪ੍ਰਚਾਰ ਕਰਨ ਲਈ ਬਹੁਤਾ ਕਰਕੇ ‘ਮਾਈਆਂ ਰੱਬ ਰਜਾਈਆਂ’ ਜਾਂ ਅੰਧ ਵਿਸ਼ਵਾਸਾਂ ‘ਚ ਗਲ ਗਲ ਡੁੱਬੇ ‘ਬੀਬੇ’ ਸਦਾ ਹੀ ਪੱਬਾਂ ਭਾਰ ਰਹਿੰਦੇ ਹਨ। ‘ਜਹਾਂ ਜਹਾਂ ਖਾਲਸਾ ਜੀ’ ਵੱਸਦਾ ਹੈ ‘ਤਹਾਂ ਤਹਾਂ’ ਇਹ ‘ਭਲੇ ਪੁਰਸ਼’ ਵੀ ਜ਼ਰੂਰ ਮਿਲ ਜਾਂਦੇ ਹਨ। ੀੲਸ ਵਰਗ ਬਾਬਤ ਕੁਝ ਸਤਰਾਂ ਲਿਖਣ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਸਨਿਮਰ ਬਿਨੈ ਕਰਦਾ ਹਾਂ ਕਿ ਇਹ ਕਿਸੇ ਖਾਸ ਵਿਅਕਤੀ-ਵਿਸ਼ੇਸ਼ ਜਾਂ ਸੰਪਰਦਾਏ ਵਲ ਇਸ਼ਾਰਾ ਬਿਲਕੁਲ ਨਹੀਂ ਹੈ। ਇਹ ਵੀ ਸਪੱਸ਼ਟ ਕਰਦਾ ਹਾਂ ਕਿ ਪੰਜੇ ਉਂਗਲਾਂ ਕਦੀ ਵੀ ਬਰਾਬਰ ਨਹੀਂ ਹੁੰਦੀਆਂ। ਲੇਕਿਨ ਇਹ ਵੀ ਹਕੀਕਤ ਹੈ ਕਿ ਇੱਕੋ ਮੱਛੀ ਸਾਰੇ ਜਲ ਨੂੰ ਗੰਧਲਾ ਕਰ ਦਿੰਦੀ ਹੈ। ਇਹ ਗੱਲ ਵੀ ਵਰਨਣਯੋਗ ਹੈ ਕਿ ਇਨ੍ਹਾਂ ਸਤਰਾਂ ਦਾ ਲੇਖਕ ਵੀ ਆਪਣੇ ਇਲਾਕੇ (ਪੰਜਾਬ) ਵਿਚ ਇਸੇ ਵਰਗ ਨਾਲ ਸਬੰਧਿਤ ਰਹਿੰਦਿਆਂ ਗਾਲਬਨ ਚੌਦਾਂ - ਪੰਦਰਾਂ ਸਾਲ ਸੇਵਾ ਨਿਭਾਉਂਦਾ ਰਿਹਾ ਹੈ। ੀੲਸ ਲਈ ਇਸ ਮਾਮਲੇ ਵਿਚ ਨਿਜੀ ਤਜ਼ਰਬਾ ਵੀ ਕਾਫੀ ਹੋ ਚੁੱਕਾ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਨੂੰ ਸਿੱਖ-ਸ਼ਬਦਾਵਲੀ ਵਿਚ ‘ਗੁਰੂ ਕਾ ਵਜ਼ੀਰ’ ਆਖਿਆ ਜਾਂਦਾ ਹੈ। ਸਿੱਖ ਇਤਿਹਾਸ ਵਿਚ ਬਾਬਾ ਬੁੱਢਾ ਜੀ ਤੋਂ ਸ਼ੁਰੂ ਹੋ ਕੇ ਕਈ ਸਾਰੇ ਵਿਦਵਾਨ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਇਸ ਮਾਣਯੋਗ ਅਹੁਦੇ ਦੀ ਸ਼ੋਭਾ ਨੂੰ ਚਾਰ ਚੰਨ ਲਾਏ। ਜਿਵੇਂ ਜਿਵੇਂ ਸਿੱਖ ਕੌਮ ਵਿਸ਼ਵ ਭਰ ‘ਚ ਫੈਲਦੀ ਗਈ, ਤਿਵੇਂ ਗੁਰਦੁਆਰਾ ਸਾਹਿਬਾਨ ਵੀ ਹੋਂਦ ਵਿਚ ਆਉਣੇ ਸ਼ੁਰੂ ਹੋ ਗਏ। ਕੌਮ ਅੰਦਰ ਇਲਾਹੀ ਬਾਣੀ ਦੇ ਪਾਠ ਕਰਨ/ਕਰਾਉਣ ਦਾ ਰੁਝਾਨ ਵਧਿਆ।
ਇੰਝ ਪਾਠੀ ਸਿੰਘਾਂ ਦੀ ਗਿਣਤੀ ਵੀ ਵਧਦੀ ਗਈ। ਸੰਨ 32-33 ਵਿਚ ਪੰਥ ਪ੍ਰਵਾਣਤ ਰਹਿਤ ਮਰਿਆਦਾ ਹੋਂਦ ਵਿਚ ਆ ਗਈ, ਜਿਸ ਵਿਚ ਸਿੱਖ ਜੀਵਨ-ਜਾਚ ਤੇ ਰਹੁ - ਰੀਤ ਦੇ ਨਾਲ ਨਾਲ ਪਾਠ (ਸਹਿਜ ਪਾਠ ਜਾਂ ਅਖੰਡ ਪਾਠ) ਦੀ ਮਰਯਾਦਾ ਵੀ ਦਰਜ ਕੀਤੀ ਗਈ। ਮੰਦੇ ਭਾਗਾਂ ਨੂੰ ਨਾ ਤਾਂ ਇਸ ‘ਪੰਥਕ ਮਰਯਾਦਾ’ ਦਾ ਯੋਗ ਤਰੀਕੇ ਨਾਲ ਪ੍ਰਚਾਰ ਪ੍ਰਸਾਰ ਹੋਇਆ ਅਤੇ ਨਾ ਹੀ ਪਾਠੀ ਸਿੰਘਾਂ ਨੂੰ ਬਕਾਇਦਾ ਟ੍ਰੇਨਿੰਗ ਦੇਣ ਜਾਂ ਸਰਟੀਫਾਈਡ ਕਰਨ ਲਈ ਕੋਈ ਕੇਂਦਰੀ ਸੰਸਥਾ ਹੋਂਦ ਵਿਚ ਆਈ। ਇਸ ਦੇ ਉਲਟ ਵੱਖ – ਵੱਖ ਡੇਰਿਆਂ, ਟਕਸਾਲਾਂ ਅਤੇ ਸੰਪਰਦਾਵਾਂ ਨੇ ‘ਪੰਥਕ ਇਕਸੁਰਤਾ’ ਨੂੰ ਤੋੜਦਿਆਂ ਵੱਖਰੀਆਂ ‘ਮਰਯਾਦਾਵਾਂ’ ਚਲਾ ਲਈਆਂ। ਇੰਜ ‘ਇੱਕ ਬਾਣੀ ਇਕ ਗੁਰ’ ਹੁੰਦਿਆਂ ਹੋਇਆਂ ਵੀ, ਪਾਠ –ਪਠਨ ਦਾ ਸਿਸਟਮ ਆਪ - ਮੁਹਾਰਾ ਜਿਹਾ ਹੋ ਗਿਆ।
ਪੰਥਕ ਵਿਦਵਾਨਾਂ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਲਈ ਦੋ ਵਿਧਾਨ ( ਸਹਿਜ ਪਾਠ ਅਤੇ ਅਖੰਡ ਪਾਠ) ਕਾਇਮ ਕੀਤੇ, ਪਰ ਅੱਜ ਕਈ ਕਿਸਮਾਂ ਦੇ ਪਾਠ ਹੋ ਰਹੇ ਹਨ। ਸਪਤਾਹਿਕ ਪਾਠ, ਸੰਪਟ ਪਾਠ, ਅਤਿ – ਸਪੰਠ ਪਾਠ, ਸਹਿਜ ਸੰਪਟ ਪਾਠ, ਚਲੀਹੇ ਪਾਠ ਆਦਿ ਪ੍ਰਚੱਲਤ ਹੋ ਗਏ ਹਨ। ਘੁਰਮਤਿ ਗਿਆਨ ਤਾਂ ਇਹ ਉਪਦੇਸ਼ ਦਿੰਦਾ ਹੈ ਕਿ ‘ਜੀਅ ਕੀ ਬਿਰਥਾ ਹੋਇ ਸੋ ਗੁਰ ਪਹਿ ਅਰਦਾਸ ਕਰਿ॥’ ਲੇਕਿਨ ਅਸੀਂ ਨਿਜੀ ਮਨੋਕਾਮਨਾਵਾਂ ਨੂੰ ਅਖੰਡ ਪਾਠਾਂ ਨਾਲ ਜੋੜ ਲਿਆ ਹੋਇਆ ਹੈ। ਬਹੁਤ ਵਿਰਲੇ ਪਾਠੀ ਸਿੰਘ ਹੋਣਗੇ ਜੋ ਪ੍ਰਵਾਣਤ ਰਹਿਤ ਮਰਿਯਾਦਾ ਦਾ ਪਾਲਣ ਕਰਦੇ ਹਨ ਅਤੇ ਪਾਠ ਕਰਾਉਣ ਵਾਲਿਆਂ ਨੂੰ ‘ਤੱਤਿ ਵੀਚਾਰ’ ਦੱਸਦੇ ਹਨ ਕਿ ਸੱਜਣੋਂ ਇਹ ਇਲਾਹੀ ਬਾਣੀ ਕਿਸੇ ਨੂੰ ਪੈਸੇ (ਭੇਟਾ) ਦੇ ਕੇ ਪੜ੍ਹਾਉਣ ਲਈ ਨਹੀਂ ਹੈ, ਇਹ ਤਾਂ ਜੀਵਨ ਫਲਸਫਾ ਹੈ। ਇਥੇ ਤਾਂ ‘ਹੁਕਮਿ ਮੰਨਿਐਂ ਹੋਵੈ ਪ੍ਰਵਾਣ’ ਮੰਨਣ ਵਾਲੇ ਹੀ, ਗੁਰੁ ਜੀ ਨੂੰ ਭਾਉਣਗੇ। ਲੇਕਿਨ ਬਹੁਗਿਣਤੀ ਐਸੇ ਭਾਈ ਸਾਹਿਬਾਨਾਂ ਦੀ ਹੈ ਜੋ ਖੁਦ ਨੂੰ ‘ਮਿੰਨੀ ਬਾਬੇ’ ਸਥਾਪਤ ਕਰੀ ਬੈਠੇ ਹਨ। ਜਦੋਂ ਕੋਈ ਮਾਈ ਭਾਈ ਪਾਠ ਕਰਵਾਉਣ ਲਈ ਇਨ੍ਹਾਂ ਪਾਸ ਜਾਂਦਾ ਹੈ ਤਾਂ ਸ਼ਰਧਾਲੂਆਂ ਨੂੰ ਐਸਾ ਭੰਬਲਭੂਸੇ ‘ਚ ਪਾਉਂਦੇ ਹਨ ਕਿ ਅਗਲੇ ਸਮਝਣ ਕਿ ‘ਹਾਂ’, ਇਹ ਹੈ ਅਸਲ ਪੁਰਾਤਨ ਮਰਯਾਦਾ! ਘਰ ਵਾਲਿਆਂ ਨੂੰ ‘ਸਮੱਗਰੀ’ ਲਿਖਾਈ ਜਾਂਦੀ ਹੈ, ਜਿਵੇਂ ਨਾਰੀਅਲ, ਲਾਲ ਕੱਪੜਾ, ਕਤੁੰਭ, ਮੌਲੀ ਧਾਗਾ, ਸੁਪਾਰੀ, ਜੌਂ ਆਦਿ। ਜਦਕਿ ਇਹ ਸਾਰਾ ਕੁਝ ਬ੍ਰਾਹਮਣਵਾਦ ਹੈ, ਪਰ ਇਸ ਨੂੰ ਅਸਲ ਮਰਯਾਦਾ ਪ੍ਰਚਾਰਿਆ ਜਾਂਦਾ ਹੈ। ‘ਗ੍ਰੰਥ ਅਤੇ ਪੰਥ’ ਦੇ ਸਿਰਮੌਰ ਫਲਸਫੇ ਦੇ ਉਲਟ ਸ਼ਬਦ ‘ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਜਲੇਬੀਆਂ ਪਕੌੜੇ, ਸਬਜ਼ੀਆਂ ਭਾਜੀਆਂ ਤੇ ਪ੍ਰਸ਼ਾਦੇ ਰੱਖਕੇ ਬ੍ਰਾਹਮਣਾਂ ਦੇ ਦੇਵੀ ਦੇਵਤਿਆਂ ਵਾਂਗ ‘ਭੋਗ’ ਲੁਵਾਉਣ ਦੀ ‘ਮਰਯਾਦਾ’ ਬੇ - ਮੁਹਾਰੀਆਂ ਫੌਜਾਂ ਨੇ ਹੀ ਬੰਨ੍ਹੀ ਹੋਈ ਹੈ।
ਘਰ ਵਾਲਿਆਂ ਦੇ ਖਾਨੇ ‘ਚ ਇਹ ਗੱਲ ਬਿਲਕੁਲ ਨਹੀਂ ਪਾਈ ਜਾਂਦੀ ਕਿ ਭਾਈ ਤੁਸੀਂ ਨੱਠੇ ਭੱਜੇ ਨਾ ਫਿਰੋ, ਵਧ ਤੋਂ ਵਧ ਬਾਣੀ ਸੁਣੋ। ਇਸ ਦੇ ਉਲਟ ਮੂੰਹ ਮੋਹਰੇ ਠਾਠੇ ਜਿਹੇ ਬੰਨ੍ਹ ਬੰਨ੍ਹ ਕੇ, ਮਨ ਭਾਂਦੇ ਢੰਗਾਂ ਨਾਲ ਸ਼ਰਧਾਲੂਆਂ ਉੱਤੇ ਪ੍ਰਭਾਵ ਪਾਇਆ ਜਾਂਦਾ ਹੈ। ਕਈ ਭਾਈ ਬਾਬਿਆਂ ਵਲੋਂ ਇਹ ਗੱਲ ਪ੍ਰਸਿੱਧ ਕਰ ਦਿੱਤੀ ਗਈ ਹੈ, ਅਖੇ, ਅਖੰਡ ਪਾਠ ਸੰਪੂਰਨ ਉਦੋਂ ਹੋਇਆ ਸਮਝੋ, ਜਦੋਂ ਕੁੰਭ ‘ਤੇ ਰੱਖਿਆ ਨਾਰੀਅਲ, ਭੋਗ ਉਪਰੰਤ ਸੁਆਹ ਬਣ ਜਾਵੇ। ਨੰਗਾ ਚਿੱਟਾ ਪਾਖੰਡ! ਘੜੇ ਵਿਚਲਾ ਪਾਣੀ ਬਾਣੀ ਸੁਣ ਕੇ ‘ਅੰਮ੍ਰਿਤ’ ਬਣੂ ਤੇ ਉਸੇ ਬਾਣੀ ਨੂੰ ਸੁਣ ਕੇ ਨਾਰੀਅਲ ਸੁਆਹ ਹੋ ਜਾਉ।
ਕਿਸੇ ਵਿਦਵਾਨ ਦਾ ਕਹਿਣਾ ਹੈ ਕਿ ਜਿਵੇਂ ਵੇਦਾਂ ਦੇ ਗਿਆਤਾ ਰਾਵਣ ਨੂੰ ਸੀਤਾ ਜੀ ਨਾਲ ਠੱਗੀ ਕਰਨ ਵੇਲੇ, ਸਾਧੂ ਦਾ ਰੂਪ ਬਣਾਉਣਾ ਪਿਆ ਸੀ ਇਵੇਂ ਹੀ ਠੱਗੀਆਂ ਮਾਰਨ ਲਈ ਬਹੁਤਿਆਂ ਨੇ ਬੜੇ ਸੁੰਦਰ ਸਜੀਲੇ ਧਾਰਮਿਕ ਪਹਿਰਾਵੇ ਧਾਰਨ ਕੀਤੇ ਹੋਏ ਤਾਂ ਕਸਾਈ ਕੋਲੋਂ ਕਿਸੇ ਨੇ ਕੀ ਠੱਗੇ ਜਾਣਾ ਹੈ? ਇੰਜ ਇਸ ਖੇਤਰ ਵਿਚ ਕਈ ਅਜੀਬੋ-ਗਰੀਬ ਵਰਤਾਰੇ ਹੋ ਰਹੇ ਹਨ। ਕਈ ਬਾਬੇ ਅਜਿਹੇ ਹਨ ਜਿਨ੍ਹਾਂ ਨੂੰ ‘ਪਾਠਾਂ ਦੇ ਏਜੈਂਟ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈ। ਇਹ ਸ਼ਰਧਾਲੂਆਂ ਲਈ ਪਾਠੀਆਂ ਦਾ ‘ਇੰਤਜ਼ਾਮ’ ਕਰਦੇ ਹਨ। ਇਨ੍ਹਾਂ ਦਾ ਹੋਰ ਸਮੁੱਚੇ ਪਾਠ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਭੱਸ ਭੋਗ ਵੇਲੇ ਸ਼ਰਧਾਲੂਆਂ ਦੇ ਘਰ ਪਹੁੰਚ ਕੇ ‘ਕਥਾ’ ਰਾਹੀਂ ਇਧਰ ਉਧਰ ਦੀਆਂ ਸਾਖੀਆਂ ਸੁਣਾ ਕੇ ਫਿਰ ਘਰ ਵਾਲਿਆਂ ਕੋਲੋਂ ਮਾਇਆ ਲੈ ਕੇ ਪਾਠੀ ਸਿੰਘਾਂ ਨੂੰ ‘ਪੇਮੈਂਟ’ ਕੀਤੀ ਜਾਂਦੀ ਹੈ। ੀਵਚਾਰੇ ਪਾਠੀ ਸਿੰਘਾਂ ਨੂੰ ਕੋਈ ਪਤਾ ਨਹੀਂ ਕਿ ‘ਬਾਬਾ ਜੀ ਨੇ ਘਰ ਵਾਲਿਆਂ ਤੋਂ ਕਿੰਨੀ ਮਾਇਆ ਲਈ ਹੈ? ਬੱਸ ਉਨ੍ਹਾਂ ਦੀਆਂ ਲੱਗੀਆਂ ਡਿਊਟੀਆਂ ਅਨੁਸਾਰ ‘ਭੁਗਤਾਨ’ ਹੋ ਜਾਂਦਾ ਹੈ। ਅਜਿਹੇ ਕਈ ਬਾਬੇ ਤਾਂ ਇੰਨੇ ‘ਕਠੋਰ ਦਿਲ’ ਹੁੰਦੇ ਹਨ ਕਿ ਘਰ ਵਾਲਿਆਂ ਵਲੋਂ ਪਾਠੀ ਸਿੰਘਾਂ ਦੇ ਸਤਿਕਾਰ ਵਜੋਂ ਦਿੱਤੇ ਜਾਂਦੇ ਦਸਤਾਰਾਂ ਜਾਂ ਵਸਤਾਂ ਆਦਿਕ ਨੂੰ ਆਪਣੇ ਡੇਰੇ ਲੈ ਜਾਂਦੇ ਹਨ। ਇਸ ਤਰੀਕੇ ‘ਗੁਰੂ ਕੇ ਵਜ਼ੀਰਾਂ’ ਦਾ ਤਕੜਾ ਸ਼ੋਸ਼ਣ ਹੋ ਰਿਹਾ ਹੈ।
ਕੁਝ ਮਿੱਤਰਾਂ ਦੇ ਦੱਸਣ ਮੁਤਾਬਕ ਸਾਡੇ ਇਲਾਕੇ ਵਿਚ ਇਕ ਅਜਿਹਾ ਬਾਬਾ ਪ੍ਰਸਿੱਧ ਹੈ, ਜਿਸ ਨੂੰ ਅਮਰੀਕਾਂ ਆਇਆ ਕਈ ਸਾਲ ਹੋ ਗਏ ਹਨ, ਪਰ ਉਸਨੇ ਇਥੇ ਆਪਣਾ ਕੋਈ ‘ਘਰ’/ ਟਿਕਾਣਾ ਨਹੀਂ ਬਣਾਇਆ। ਇਸੇ ਘਾਟ ਨੂੰ ਮੁੱਖ ਰੱਖਕੇ ਉਸਨੇ ਇੱਕ ਨਵੇਂ ਪਾਠ ਦੀ ‘ਈਜਾਦ’ ਕੀਤੀ ਹੈ। ਇਸਦਾ ਨਾਮ ਰੱਖਿਆ ਹੈ ‘ਬ੍ਰਹਮ ਸਹਿਜ ਪਾਠ’ ਜੋ ਸ਼ਰਧਾਲੂਆਂ ਦੇ ਘਰ ਰਹਿ ਕੇ, ਇਕ ਮਹੀਨੇ ਵਿਚ ਕੀਤਾ ਜਾਂਦਾ ਹੈ। ਉਹ ਦਾਅਵਾ ਕਰਦਾ ਹੈ ਕਿ ਉਸ ਵਲੋਂ ਕੀਤੇ ਗਏ ਇਸ ‘ਬ੍ਰਹਮ ਸਹਿਜ ਪਾਠ’ ਨਾਲ ਸ਼ਰਤੀਆ ਹਰ ਮਨੋਕਾਮਨਾ ਪੂਰੀ ਹੋਵੇਗੀ, ਭਾਵੇਂ ਉਹ ਕੈਸੀ ਵੀ ਕਿਉਂ ਨਾ ਹੋਵੇ। ਮੈਨੂੰ ਦੱਸਿਆ ਗਿਆ ਹੈ ਕਿ ਉਸਦੇ ਕਈ ਮਹੀਨੇ ਅਡਵਾਂਸ ਬੁੱਕ ਹੋਏ ਪਏ ਹਨ। ਹੈ ਨਾ ਕਮਾਈ, ਨਾਲੇ ਰਿਹਾਇਸ਼ ਦੀ ਸਮੱਸਿਆ ਮੁੱਕੀ, ਇਨਕਮ ਵਾਧੂ!! ਨਾ ਕੋਈ ਟੈਕਸ - ਰਿਟਰਨਾਂ ਨਾ ਬਿੱਲ ਦਾ ਝੰਜਟ! ਜੀਅ ਉਇ ਢਿਡਾ ਜੀਅ, ਤੈਨੂੰ ਹੋਰ ਕਿਸੇ ਨਾਲ ਕੀ, ਤੂੰ ਹੀ ਪੁੱਤ ਤੇ ਤੂੰ ਹੀ ਧੀ!!!
ਹਫਤਾ ਕੁ ਹੋਇਆ ਅਮਰੀਕਨ ਪੰਜਾਬੀ ਅਖ਼ਬਾਰ ਵਿਚ ਇਕ ਅਨੰਦ ਕਾਰਜ ਬਾਰੇ ਛਪੀ ਖ਼ਬਰ ਦੇ ਨਾਲ ਫੋਟੋ ਵੀ ਦੇਖਣ ਨੂੰ ਮਿਲੀ ਜਿਸ ਵਿਚ ਪਾਠੀ ਸਿੰਘ, ਗੁਰੂ ਮਹਾਰਾਜ ਜੀ ਦੀ ਤਾਬਿਆ ਬੈਠਾ ਹੋਇਆ ‘ਮੋਬਾਈਲ ਫੋਨ’ ਕੰਨ ਨੂੰ ਲਾਈ ਬੈਠਾ ਹੈ। ਫੋਟੋ ‘ਚ ਸਾਫ ਦਿਸ ਰਿਹਾ ਕਿ ਭਾਈ ਸਾਹਿਬ ਗੁੱਸੇ ‘ਚ ਭਰੇ ਪੀਤੇ ਪਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਣਹਾਰੇ ਪੰਚਮ ਪਾਤਸ਼ਾਹ ਤੱਤੀ ਤਵੀ ‘ਤੇ ਬੈਠੇ ਵੀ ਸ਼ਾਂਤ ਚਿੱਤ ਰਹੇ, ਪਰ ਅੱਜ ਕੈਸਾ ਸਮਾਂ ਆ ਗਿਆ, ਉਸੇ ਗੁਰੂ ਮਹਾਰਾਜ ਦੀ ਤਾਬਿਆ ਬੈਠੇ ‘ਗੁਰੂ ਕੇ ਵਜ਼ੀਰ’ ਲਾਲ ਪੀਲੇ ਹੋਏ ਪਏ ਹਨ। ੀੲਸ ਵਿਸ਼ੇ ਬਾਰੇ ਗੱਲਾਂ ਤਾਂ ਬਹੁਤ ਹਨ ਲਿਖਣ ਲਈ, ਪਰ ਵਿਸਥਾਰ ਡਰੋਂ ਇੰਨੀਆਂ ਕੁ ਹੀ ਕਾਫੀ ਹਨ ਕਿਉਂਕਿ ਸਮਝਣ ਵਾਲਿਆਂ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ।
ਇਹ ਬਿਰਤਾਂਤ ਮਹਿਜ ਮਜ਼ਾਕ ਜਾਂ ਵਿਅੰਗ ਲਈ ਨਹੀਂ ਸਿਰਜੇ ਗਏ ਕਿ ਇਨ੍ਹਾਂ ਨੂੰ ਪੜ੍ਹ ਕੇ ਹੱਸ ਛੱਡੋ, ਸਗੋਂ ਇਹ ਤਾਂ ਮਹਾਨ ਵਿਰਾਸਤ ਵਾਲੀ ਕੌਮ ਦੇ ਦਰਦ ਵਜੋਂ ਲਿਖੇ ਗਏ ਹਨ। ਤਾਂਤ੍ਰਿਕਾਂ, ਜੋਤਸ਼ੀਆਂ ਪਾਸੋਂ ਖਹਿੜਾ ਛੁਡਾ ਕੇ, ਜੇ ਕੋਈ ਮਾਈ ਭਾਈ, ਥਾਨਕ ਬਾਬਿਆਂ ਦੇ ਅੜਿੱਕੇ ਆ ਜਾਏ ਤਾਂ ਅਸਮਾਨੋ ਡਿੱਗੇ ਤੇ ਖਜ਼ੂਰ ‘ਚ ਅਟਕੇ ਵਾਲੀ ਗੱਲ ਹੀ ਹੋਵੇਗੀ। ਕਿੰਨਾ ਚੰਗਾ ਹੋਵੇ ਜੇ ਅਸੀਂ ਸਿੱਖ ਫਲਸਫੇ ਦੀ ਤੱਤ - ਭਾਵਨਾ ਅਨੁਸਾਰ ਗੁਰੂ ਮਹਾਰਾਜ ਦੀਆਂ ਸੰਚੀਆਂ ਘਰ ਵਿਚ ਰੱਖ ਕੇ, ਰੋਜ਼ਾਨਾ ਆਪ ਖੁਦ ਪਾਠ ਕਰੀਏ, ਭਾਵੇਂ ਦੋ ਚਾਰ ਪੇਜ ਹੀ ਕਰੀਏ। ੳਜਿਹਾ ਕਰਦਿਆਂ ‘ਜੇ ਇਕ ਗੁਰ ਕੀ ਸਿੱਖ ਸੁਣੀ’ ਅਨੁਸਾਰ ਗੁਰਮਤਿ ਦੀ ਸੋਝੀ ਗ੍ਰਹਿਣ ਕਰ ਸਕਾਂਗੇ। ਗੁਰਬਾਣੀ ਪੜ੍ਹਦਿਆਂ ਵੀਚਾਰਦਿਆਂ ਸਾਡੇ ਦਿਮਾਗ ਵਿਚ ਇਹ ਗੁਰਮਤਿ ਗਿਆਨ ਬੈਠੇਗਾ ਕਿ ਅਕਾਲ ਪੁਰਖ ਵਹਿਗੁਰੂ ‘ਬੀਉ ਪੂਛਿ ਨਾ ਮਸਲਤਿ ਧਰੈ॥’ ‘ਮਾਥੈ ਜੋ ਧੁਰ ਲਿਖਿਆ ਸੁ ਮੇਟਿ ਨਾ ਸਕੈ ਕੋਇ॥’ ਅਤੇ ‘ਕੁਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛੁ ਕਰਣਾ ਸੁ ਕਰਿ ਰਹਿਆ।’
ਪਿਆਰੇ ਪਾਠਕ ਜੀ, ਜੇ ਇਹੋ ਜਿਹੀਆਂ ਤੁਕਾਂ ਦੇ ਅਰਥ ਸਮਝ ਆ ਜਾਣ, ਤਾਂ ਕਾਸਨੂੰ ਅਸੀਂ ਪੀਰ ਸਈਅਦਾਂ, ਅਜਮੇਰੀ ਬਾਬਿਆਂ, ਟੂਣੇ - ਟਾਮਣ ਕਰਨ ਵਾਲਿਆਂ ਅਤੇ ਸਿੱਖੀ ਸਰੂਪ ਵਿਚ ਸਜੇ ਹੋਏ ਮਿਨੀ ਬਾਬਿਆਂ ਦੇ ਢਹੇ ਚੜ੍ਹ ਕੇ ਝੁੱਗਾ ਚੌੜ ਕਰਾਈਏ? ਨਾਲੇ ਗੁਰੂ ਤੋਂ ਬੇ-ਮੁਖ ਹੋ ਕੇ ਨਿਗੁਰਿਆਂ ਦੇ ਰਾਹ ਕਿਉਂ ਪਈਏ? ਗੁਸਤਾਖੀ ਮੁਆਫ ਜੀ!
ਤਰਲੋਚਨ ਸਿੰਘ ਦੁਪਾਲਪੁਰ