Saturday, September 25, 2010

ਅਜੋਕੇ ਯੁੱਗ ਦੇ ਅਜਬ ਕਲੰਦਰ!

ਬੜਾ ਗਹਰਾ ਤਆਲੁੱਕ ਹੈ, ਸਿਯਾਸਤ ਸੇ ਤਬਾਹੀ ਕਾ
ਕੋਈ ਭੀ ਸ਼ਹਰ ਜਲਤਾ ਹੈ, ਤੋ ਦਿੱਲੀ ਮੁਸਕੁਰਾਤੀ ਹੈ!

ਇਸ ਸ਼ੇਅਰ ਦੀ ਦੂਸਰੀ ਸਤਰ ਵਿਚ ਦਿੱਲੀ ਸ਼ਹਿਰ ਦਾ ਨਾਮ ਆਉਣ ਕਰਕੇ, ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਕਿਸੇ ਸ਼ਾਇਰ ਨੇ ਇਹ ਸ਼ੇਅਰ, ਆਪਣੇ ਭਾਰਤ ਦੇਸ਼ ਦੀ ਸਿਆਸਤ ਨੂੰ ਮੁੱਖ ਰੱਖ ਕੇ ਹੀ ਲਿਖਿਆ ਹੋਵੇਗਾ। ਸਰ-ਸਰੀ ਜਿਹੀ ਨਜ਼ਰ ਮਾਰੀਏ ਤਾਂ ਇਸ ਦੋ-ਸਤਰੀਏ ਵਿਚ ਬਿਆਨ ਕੀਤੀ ਗਈ ਸੱਚਾਈ, ਹਜ਼ਮ ਨਹੀਂ ਹੁੰਦੀ, ਕਿ ਕਿਸੇ ਸ਼ਹਿਰ ਨੂੰ ਸੜਦਾ-ਬਲਦਾ ਦੇਖ ਕੇ ਦੇਸ਼ ਦੀ ਰਾਜਧਾਨੀ ਦਿੱਲੀ, ਮੁਸਕਰਾ ਕਿਵੇਂ ਸਕਦੀ ਹੈ? ਕਿਸੇ ਨਗਰ ਘੋੜੇ ਵਿਚ ਵਸਦੇ ਰਸਦੇ ਬੇਦੋਸ਼ੇ ਲੋਕਾਂ ਨੂੰ ਅੱਗ ਦੇ ਭਾਂਬੜਾ ਵਿਚ ਸੜਦੇ-ਮਰਦੇ ਦੇਖਦਿਆਂ, ਦਿੱਲੀ ਨੂੰ ਹਾਸਾ ਕਿਵੇਂ ਆ ਜਾਂਦਾ ਹੋਵੇਗਾ? ਕਿਉਂਕਿ ਅਜਿਹੇ ਮਨਹੂਸ ਮੌਕਿਆਂ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਦਿੱਲੀ ਬੈਠੇ ਹੁਕਮਰਾਨਾਂ ਦੇ ਬਿਆਨ-ਐਲਾਨ ਤਾਂ ਇਹੋ ਜਿਹੀ ਮਾਰਮਿਕ ਸ਼ਬਦਾਵਲੀ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਇਉਂ ਜਾਪਦਾ ਹੁੰਦੈ, ਬਈ ਨੇਤਾ ਲੋਕ ਖੁਦ ਅੱਗ ਵਿਚ ਘਿਰੇ ਹੋਏ ਮਹਿਸੂਸ ਕਰ ਰਹੇ ਨੇ। ਉਹਨਾਂ ਦੀ ਭਾਸ਼ਾ ਤੋਂ ਇਉਂ ਲੱਗਣ ਲੱਗ ਜਾਂਦਾ ਹੈ ਕਿ ਉਹ ਹੁਣ ਹਥਲੇ ਸਾਰੇ ਕੰਮ ਛੱਡ ਕੇ, ਅੱਗ ਮਚਾਉਣ ਵਾਲੇ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾ ਕੇ ਹੀ ਦਮ ਲੈਣਗੇ! ਹਕੀਕਤ ਵਿਚ ਇਹ ਸਾਰੀ ਬਿਆਨਬਾਜ਼ੀ ਉਨ੍ਹਾਂ ਆਗੂਆਂ ਦੀ ਨਿਰੀ 'ਅਦਾਕਾਰੀ' ਹੀ ਹੁੰਦੀ ਹੈ।

ਵੋ ਖੁਸ਼-ਗੁਫਤਾਰ ਹੈ, ਬੇ ਮਿਸਲ ਹੈ ਉਸ ਕੀ ਅਦਾਕਾਰੀ।
ਜੜ੍ਹੇਂ ਭੀ ਕਾਟਤਾ ਹੈ, ਦੋਸਤੀ ਕਾ ਦਮ ਭੀ ਭਰਤਾ ਹੈ।
ਮਿਸਾਲ ਵਜੋਂ, ਜਦ ਜੂਨ ਚੁਰਾਸੀ ਵਿਚ ਅੰਮ੍ਰਿਤਸਰ ਅੱਗ ਦੀਆਂ ਲਾਟਾਂ ਨਾਲ ਸੜ੍ਹ ਰਿਹਾ ਸੀ ਤਾਂ ਦਿੱਲੀ ਮੁਸ਼ਕੜੀਏ ਹੱਸਦੀ ਹੋਈ ਰੇਡੀਓ ਟੀ ਵੀ ਤੇ ਇਹ ਆਖ ਰਹੀ ਸੀ- 'ਅਸੀਂ ਭਰੇ ਮਨ ਨਾਲ ਫੌਜੀ ਐਕਸ਼ਨ ਕਰਨ ਦਾ ਫੈਸਲਾ ਲਿਆ ਹੈ' ਫੌਜ ਨੇ ਸਖਤ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ 'ਖਾਸ ਖਿਆਲ' ਰੱਖਿਆ। ਇਹੋ ਜਿਹੇ ਬਿਆਨ ਦੇ ਕੇ, ਦੁਖੀ ਸਿੱਖਾਂ ਨਾਲ, ਦਿੱਲੀ ਵਲੋਂ ਮਸ਼ਖਰੀਆਂ ਹੀ ਕੀਤੀਆਂ ਜਾ ਰਹੀਆਂ ਸਨ ਉਦੋਂ ਕਾਂਗਰਸ ਦਾ ਮੁੱਖ ਸ਼ਰੀਕਾ ਮੰਨੀ ਜਾਂਦੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੀ ਖੁਸ਼ੀ ਵਿਚ ਖੀਵੀ ਹੋਈ ਤਤਕਾਲੀ ਹੁਕਮਰਾਨ ਨੂੰ 'ਦੁਰਗਾ ਮਾਤਾ' ਦਾ ਖਿਤਾਬ ਦੇ ਰਹੀ ਸੀ। ਉਨ੍ਹਾਂ ਜਾਚੇ ਮਾਡਰਨ ਦੁਰਗਾ ਮਾਤਾ 'ਮਹਿਖਾਸੁਰਾਂ' ਨਾਲ ਤਾਜੀ ਤਾਜੀ ਲੜ ਕੇ ਜੁ ਹਟੀ ਸੀ! ਇੰਝ ਹੀ ਨਵੰਬਰ ਚੁਰਾਸੀ ਵਾਲੇ ਦਿੱਲੀ ਦੇ ਸਿੱਖ ਕਤਲੇਆਮ ਨੂੰ ਵਿਅੰਗ-ਮਈ ਵਾਕ- 'ਜਬ ਧਰਤੀ ਪਰ ਬੜਾ ਗਿਰਤਾ ਹੈ।' ਰਾਹੀਂ ਹੱਕ-ਬਜਾਨਬ ਠਹਿਰਾਇਆ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਛੱਬੀ ਸਾਲ ਦੇ ਅਰਸੇ ਦੌਰਾਨ ਕੋਈ ਹੁਕਮਰਾਨ ਮਗਰਮੱਛ ਦੇ ਹੰਝੂ ਕੇਰਦਾ ਰਿਹਾ ਅਤੇ ਕੋਈ ਸਿੱਖਾਂ ਦਾ ਹਿਤੈਸ਼ੀ ਹੋਣ ਦਾ ਸਟੰਟ ਕਰਦਾ ਰਿਹਾ।
ਦਿੱਲੋਂ ਵਲੋਂ ਵਰਤਾਰੇ ਗਏ ਇਸ ਅਣ-ਮਨੁੱਖੀ ਕਹਿਰ ਲਈ ਦੋਸ਼ੀ ਗਰਦਾਨੇ ਗਏ ਕਿਸੇ 'ਸੱਜਣ' ਕਿਸੇ 'ਭਗਤ' ਕਿਸੇ 'ਟਾਈਟਲਰ' ਜਾਂ ਕਿਸੇ 'ਸਾਸ਼ਤਰੀ' ਦੀ ਜਦ ਕਦੇ ਵੀ ਚਰਚਾ ਚੱਲਦੀ ਹੈ ਤਾਂ ਵੱਖ-ਵੱਖ ਪਾਉਣ ਲਈ ਡਰਾਮੇਬਾਜ਼ੀ ਸ਼ੁਰੂ ਹੋ ਜਾਂਦੀ ਹੈ। ਕਾਂਗਰਸ ਜਾਂ ਭਾਜਪਾ ਦੇ ਮਹਾਂਰਥੀਆਂ ਵਲੋਂ, ਸੱਤਾ ਪ੍ਰਾਪਤੀ ਹਿੱਤ ਘੱਟ-ਗਿਣਤੀਆਂ ਨਾਲ ਸਿੱਧੀ-ਅਸਿੱਧੀ ਧੱਕੇਸ਼ਾਹੀ ਕਰਨ ਦੀ ਤਾਂ ਸਮਝ ਆਉਂਦੀ ਹੈ। ਪਰ ਹੈਰਾਨੀ ਅਤੇ ਦੁੱਖ ਉਦੋਂ ਹੁੰਦਾ ਹੈ ਜਦੋਂ ਘੱਟ-ਗਿਣਤੀਆਂ ਦੇ ਹੱਕਾਂ ਦੀ ਰਖਵਾਲੀ ਲਈ ਬਣੀਆਂ ਹੋਈਆਂ ਸਿਆਸੀ ਪਾਰਟੀਆਂ ਵੀ ਆਪਣੇ ਭਾਈਚਾਰਿਆਂ ਨਾਲ ਧ੍ਰੋਹ ਕਮਾਉਣ ਲੱਗ ਜਾਂਦੀਆਂ ਹਨ। ਅਜਿਹੀਆਂ ਪਾਰਟੀਆਂ ਦੇ ਆਗੂ, ਆਪਣੀ ਕੌਮ ਦੀ ਹਿਫਾਜਤ ਦਾ ਬੁਰਕਾ ਪਹਿਨ ਕੇ, ਅੰਦਰਖਾਤੇ ਨਿੱਜੀ ਚੌਧਰਾਂ ਜਾਂ ਗਰਜ਼ਾਂ ਪੂਰੀਆਂ ਕਰਨ-ਕਰਾਉਣ ਲਈ ਹੀ ਮੂੰਹ ਅੱਡੀ ਰੱਖਦੇ ਹਨ। ਐਸੀਆਂ ਲਾਲਸਾਵਾਂ ਕਰਕੇ ਘੱਟ ਗਿਣਤੀਆਂ ਦੇ ਸਿਆਸੀ ਆਗੂ, ਕਿਸੇ ਵੱਡੀ ਜਮਾਤ ਦੇ ਪਿਛੇ ਲੱਗ ਬਣੇ ਰਹਿੰਦੇ ਹਨ। ਮੁਸਲਿਮ ਭਰਾ ਅਜਿਹੀ ਖੁਦਗਰਜ਼ ਸੋਚ ਦਾ, ਵਿਅਕਤੀਗਤ ਤੌਰ ਤੇ ਸ਼ਿਕਾਰ ਬਣਦੇ ਰਹੇ ਨੇ ਸਮੂਹਿਕ ਤੌਰ ਤੇ ਨਹੀਂ। ਪਰ ਇਸ ਪੱਖੋਂ ਸਿੱਖ ਕੌਮ ਦੇ ਸਿਆਸਤਦਾਨਾਂ ਦਾ ਰਿਕਾਰਡ ਨਮੋਸ਼ੀਆਂ ਭਰਿਆ ਹੈ। ਅਸੀਂ ਸਿੱਖ ਤਾਂ ਆਪਣੇ ਕੌਮ ਘਾਤੀ ਆਗੂਆਂ ਬਾਰੇ ਅਜਿਹਾ ਕਹਿ ਸਕਦੇ ਹਾਂ-
ਬਾਗ-ਬਾਂ ਨੇ ਆਗ ਦੀ, ਜਬ ਆਸ਼ੀਆਨੇ ਕੋ ਮਿਰੇ,
ਜਿਨ ਪੇ ਤਕੀਆ ਥਾ ਵੁਹੀ ਪੱਤੇ ਹਵਾ ਦੇਨੇ ਲਗੇ!
ਬੀਤੇ ਦਿਨੀਂ ਜਦੋਂ ਜਗਦੀਸ਼ ਟਾਈਟਲਰ ਨੂੰ ਸੀ ਬੀ ਆਈ ਵਲੋਂ ਦਿੱਤੀ ਗਈ 'ਕਲੀਨ ਚਿੱਟ' ਦਾ ਰੌਲਾ ਪਿਆ ਤਾਂ ਲੋਕ ਸਭਾ ਵਿਚ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਾਊਸ ਵਿਚ ਗਰਜਦਿਆਂ ਕਾਂਗਰਸ ਪਾਰਟੀ ਦੀ ਜੰਮ ਕੇ ਖਿਚਾਈ ਕੀਤੀ। ਤੱਥ ਪੇਸ਼ ਕਰਦਿਆਂ ਉਹ ਦੱਸ ਰਹੇ ਸਨ ਕਿ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਕੇਂਦਰੀ ਸਰਕਾਰ ਕਿਵੇਂ ਬਚਾਅ ਕਰ ਰਹੀ ਹੈ। ਹੱਥ ਵਿਚ ਫੜੀ ਫਾਈਲ ਲਹਿਰਾਉਂਦਿਆਂ ਜਦ ਉਹ ਕੋਈ ਦਿਲ ਟੁੰਬਵਾਂ ਹਵਾਲਾ ਦਿੰਦੇ ਤਾਂ ਉਨ੍ਹਾਂ ਦੇ ਆਲੇ-ਦੁਆਲੇ ਬੈਠੇ ਭਾਜਪਾ ਦੇ ਐਮ ਪੀ ਇਕ ਜ਼ੁਬਾਨ ਹੋ ਕੇ 'ਸ਼ੇਮ-ਸ਼ੇਮ' ਦੇ ਨਾਹਰੇ ਮਾਰਨ ਲੱਗਦੇ। ਇਸ ਵਿਚ ਕੋਈ ਸ਼ੱਕ ਨਹੀ ਕਿ ਬੀਬੀ ਹਰਸਿਮਰਤ ਨੇ ਬਾ-ਦਲੀਲ ਢੰਗ ਨਾਲ ਸਰਕਾਰ ਦੇ ਬਖੀਏ ਉਧੇੜੇ। ਉਹਨਾਂ ਦੀ ਇਸ ਸਲਾਹੁਣਯੋਗ ਕਾਰਗੁਜ਼ਾਰੀ ਲਈ ਕੁਝ ਬਾਦਲ-ਦਲੀਏ ਆਗੂਆਂ ਨੇ ਚਾਪਲੂਸੀ ਦੇ ਰੰਗ 'ਚ ਭਿੱਜੀ ਬਿਆਨਬਾਜ਼ੀ ਵੀ ਕੀਤੀ। ਐਪਰ ਜ਼ੋਸ਼ੀਲੇ ਢੰਗ ਨਾਲ ਬੋਲ ਰਹੀ ਬੀਬੀ ਹਰਸਿਮਰਤ ਸ਼ਾਇਦ ਇਹ ਭੁੱਲ ਹੀ ਗਈ ਕਿ ਉਸ ਦਾ ਪਤੀ ਦੇਵ, ਕਾਂਗਰਸ ਵਿਰੋਧੀ ਭਾਜਪਾ ਸਰਕਾਰ ਵਿਚ ਕੇਂਦਰੀ ਮੰਤਰੀ ਰਿਹਾ। ਉਸ ਨੇ ਉਦੋਂ ਟਾਈਟਲਰਾਂ ਤੇ ਸੱਜਣ ਕੁਮਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਕਾਰਵਾਈ?
ਦਿੱਲੀ ਕਤਲੇਆਮ ਦੇ ਜਿੰਨਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ, ਹੁਣ ਬੀਬੀ ਬਾਦਲ ਮੇਜ਼ ਉਪਰ ਮੁੱਕੀਆਂ ਮਾਰ-ਮਾਰ ਕੇ ਕਾਂਗਰਸ ਸਰਕਾਰ ਪਾਸੋਂ ਮੰਗ ਕਰ ਰਹੀ ਹੈ, ਇਹ ਪੁੰਨ ਦਾ ਕੌਮੀ ਕੰਮ ਭਾਜਪਾ ਸਰਕਾਰ ਪਾਸੋਂ ਕਿਉਂ ਨਾ ਕਰਵਾਇਆ? ਮੋਟੇ-ਮੋਟੇ ਢਿੱਡਾਂ ਉਪਰ ਪੁੱਠੀਆਂ ਧੋਤੀਆਂ ਲਾਉਣ ਵਾਲੇ ਭਾਜਪਾ ਐਮ ਪੀ ਜਿਹੜੇ ਬੀਬੀ ਹਰਸਿਮਰਤ ਦੇ ਲੈਕਚਰ ਵੇਲੇ ਡੱਡੂਆਂ ਵਾਂਗ 'ਸ਼ੇਮ-ਸ਼ੇਮ' ਕਹਿ ਰਹੇ ਸਨ, ਇੰਨਾਂ ਦੇ ਗੁਜਰਾਤੀ ਮੁਸਲਮਾਨਾਂ ਦੇ ਨਰ-ਸੰਘਾਰ ਵੇਲੇ, ਮੋਦੀ ਸਰਕਾਰ ਨੂੰ 'ਸ਼ੇਮ-ਸ਼ੇਮ' ਕਿਉਂ ਨਾ ਆਖਿਆ?  ਸੈਂਕੜੇ ਸਾਲ ਪੁਰਾਣੀ ਬਾਬਰੀ ਮਸਜਿਦ ਢਾਹੁਣ ਵਾਲਿਆਂ ਬਜ਼ਰੰਗ ਦਲੀਆਂ ਵਿਰੁੱਧ ਇਨ੍ਹਾਂ ਦੀ ਜ਼ੁਬਾਨ ਕਿਉਂ ਨਾ ਖੁੱਲ੍ਹੀ? ਬੀਬੀ ਹਰਸਿਮਰਤ ਦੇ ਸ਼ਾਬਾਸ਼ੇ ਕਿ ਉਸਨੇ ਦਿੱਲੀ ਕਤਲੇਆਮ ਨਾਲ ਸਬੰਧਿਤ ਕਾਨੂੰਨੀ ਪੱਖਾਂ ਨੂੰ ਜਜ਼ਬਾਤੀ ਲਹਿਜ਼ੇ ਵਿਚ ਪੇਸ਼ ਕਰਿਆ। ਲੇਕਿਨ ਉਹ ਵਾਜਪਾਈ ਸਰਕਾਰ ਵੇਲੇ ਜੰਮੂ ਕਸ਼ਮੀਰ ਵਿਚ ਕਤਲ ਕੀਤੇ ਗਏ ਛੱਤੀ ਸਿੰਘ ਪੁਰਾ ਦੇ ਪੈਂਤੀ ਨਿਰਦੋਸ਼ ਸਿੱਖਾਂ ਬਾਰੇ ਕਿਉਂ ਨਹੀਂ ਲੋਕ ਸਭਾ ਵਿਚ ਸਵਾਲ ਉਠਾਉਂਦੀ? ਕੀ ਇਨ੍ਹਾਂ ਕਸ਼ਮੀਰੀ ਸਿੱਖਾਂ ਨਾਲੋਂ ਉਨ੍ਹਾਂ ਨੂੰ ਦਿੱਲੀ ਵਿਚ ਮਾਰੇ ਗਏ ਸਿੱਖਾਂ ਦਾ ਦਰਦ ਵਧੇਰੇ ਪੋਂਹਦਾ ਹੈ?
ਅਸਲ ਵਿਚ ਦਰਦ-ਦੁਰਦ ਕਿਸੇ ਦਾ ਵੀ ਨਹੀਂ। ਬੱਸ, ਕਾਂਗਰਸ ਨੂੰ ਭੰਡਣ ਨਾਲ ਭਾਜਪਾ ਵਾਲੇ ਵੀ ਖੁਸ਼ ਅਤੇ ਪੰਜਾਬ ਦੇ ਸਿੱਖਾਂ ਵਿਚ ਵੀ ਭੱਲ ਬਣਾਈ ਜਾ ਸਕਦੀ ਹੈ। ਇਹ ਫਾਰਮੂਲਾ ਅਪਣਾਇਆ ਸੱਤਾ ਦੀ ਕੁਰਸੀ ਦਾ ਅਨੰਦ ਮਾਣਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿਚ ਇਉਂ ਕਹਿ ਲਉ ਕਿ ਕੌਮ ਦੇ ਦੁੱਖਾਂ ਦੀ ਕਪਟੀ ਬੀਨ ਵਜਾ ਕੇ ਆਪਣੇ ਭਾਈਚਾਰੇ ਨੂੰ ਕੀਲ ਲਉ। ਇਸੇ ਕਰੁਣਾਮਈ ਧੁਨ ਦੇ ਵੱਜਦਿਆਂ ਆਪਣਾ ਉੱਲੂ ਸਿੱਧਾ ਕਰੀ ਜਾਉ। ਹੋਰ ਕੌਮਾਂ ਦੇ ਮੁਕਾਬਲੇ ਆਪਣੀ ਕੌਮ, ਇਸ ਨਾਮੁਰਾਦ ਦਰਦ ਨੂੰ ਸਭ ਤੋਂ ਵੱਧ ਹੰਢਾਉਂਦੀ ਆ ਰਹੀ ਹੈ।
ਹਾਕਮ ਲੋਕ ਆਪਣੀ ਜਾਂ ਆਪਣੇ ਖਾਨਦਾਨ ਦੀ ਬਾਦਸ਼ਾਹੀ ਸਦੀਵ ਕਾਲ ਲਈ ਆਪਣੀ ਪਕੜ ਤੇ ਜਕੜ ਹੇਠ ਰੱਖਣ ਲਈ, ਮਨ ਹੀ ਮਨ ਗੁੱਝੀਆਂ ਗਿਣਤੀਆਂ-ਮਿਣਤੀਆਂ ਕਰਦੇ ਰਹਿੰਦੇ ਨੇ। ਆਪਣੇ ਰਾਹ ਵਿਚ ਦਿਸਣ ਵਾਲੇ 'ਰੋੜਿਆਂ' ਦੀ ਸਫਾਈ ਕਰਨ ਲਈ ਉਹ ਹਰ ਕਮੀਨੀ ਤੋਂ ਕਮੀਨੀ ਹਰਕਤ ਕਰਨ ਲਈ ਤਤਪਰ ਰਹਿੰਦੇ ਨੇ। ਅਜਿਹੀਆਂ ਮੱਕਾਰ-ਚਾਲਾਂ ਦਾ ਸ਼ਿਕਾਰ ਹੋ ਕੇ ਸੈਂਕੜੇ ਹਜ਼ਾਰਾਂ ਲੋਕ, ਅਣ ਕਹੇ, ਅਣਚਿਤਵੇ ਕਹਿਰ ਦਾ ਸ਼ਿਕਾਰ ਹੋ ਜਾਂਦੇ ਹਨ। ਸਮਾਂ ਪਾ ਕੇ ਜਦੋਂ ਜ਼ੁਲਮੋ-ਸਿਤਮ ਸਹਿਣ ਵਾਲਿਆਂ ਦੀ ਧਿਰ ਵਿਚੋਂ ਕੁਝ ਲੋਕ ਹਾਕਮ ਬਣ ਜਾਂਦੇ ਹਨ, ਤਾਂ ਉਹ ਵੀ ਨਿਆਂ ਮੰਗਣ ਵਾਲਿਆਂ ਨਾਲ ਉਹੀ ਔਰੰਗਜ਼ੇਬੀ ਸਲੂਕ ਕਰਨ ਡਹਿ ਪੈਂਦੇ ਹਨ-
ਤਖਤੇ-ਸ਼ਾਹੀ ਤਖਤ-ਨਸ਼ੀਂ ਪਰ, ਅਪਨਾ ਰੰਗ ਚੜ੍ਹਾ ਦੇਤਾ ਹੈ।
ਰਫਤਾ-ਰਫਤਾ ਹਰ ਹਾਕਿਮ ਕੋ, ਔਰੰਗਜ਼ੇਬ ਬਨਾ ਦੇਤਾ ਹੈ।
ਪੰਜਾਬ 'ਚ ਰਾਜਭਾਗ ਚਲਾ ਰਹੇ ਬਾਦਲ ਦਲ ਦੀ ਨੀਤੀ ਦੇਖ ਲਉ।ਜੇ ਕੋਈ ਸਿੱਖ ਸੰਸਥਾ ਭਾਈ ਗੁਰਦੇਵ ਸਿੰਘ ਕਾਉਂਕੇ ਜਾਂ ਭਾਈ ਜਸਵੰਤ ਸਿੰਘ ਖਾਲੜੇ ਦੇ ਕਤਲਾਂ ਦੀ ਪੁੱਛ-ਪੜਤਾਲ ਕਰਾਉਣ ਦੀ ਮੰਗ ਕਰੇ ਤਾਂ 'ਓ ਹੁਣ ਛੱਡੋ ਜੀ' ਕਹਿ ਦਿੱਤਾ ਜਾਂਦਾ ਹੈ। ਇਨ੍ਹਾਂ ਦੇ ਕਾਤਲ ਅਫਸਰਾਂ ਨੂੰ ਪ੍ਰਮੋਸ਼ਨਾਂ, ਪਰ ਦਿੱਲੀ ਵਾਲੇ ਸਜੱਣ, ਟਾਈਟਲਰਾਂ ਨੂੰ ਸਜ਼ਾ ਦੇਣ ਦੀ ਮੰਗ ਕਿਲ੍ਹ-ਕਿਲ੍ਹ ਕੇ ਕੀਤੀ ਜਾਂਦੀ ਹੈ। ਜੂਨ ਚੁਰਾਸੀ ਦੇ ਘੱਲੂਘਾਰੇ 'ਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ 'ਮਤੇ ਪਾਸ' ਕਰਕੇ ਵੀ ਮੁੱਕਰਿਆ ਜਾਂ ਸਕਦਾ ਹੈ, ਪਰ ਦਿੱਲੀ ਦੇ ਨਵੰਬਰ ਚੁਰਾਸੀ ਕਾਂਡ ਦੀ ਯਾਦਗਰ ਬਣਾਉਣ ਲਈ ਹੇਜ ਜਤਾਇਆ ਜਾਂਦਾ ਹੈ। ਕੇਂਦਰ ਕੋਲ ਵੱਧ ਅਧਿਕਾਰਾਂ ਦਾ ਡੌਰੂ ਵਜਾਇਆ ਜਾਂਦਾ ਹੈ, ਆਪਣੀ ਪਾਰਟੀ ਦੇ ਸਾਰੇ ਅਧਿਕਾਰ ਖੁਦ ਦੀ ਜੇਬ੍ਹ ਵਿਚ।
ਪੁਰਾਣੇ ਦਿਨਾਂ 'ਚ ਕਲੰਦਰ ਲੋਕ ਇਕ ਰਿੱਛ ਨੂੰ ਨਚਾ ਕੇ ਪੇਂਡੂ ਲੋਕਾਂ ਦਾ ਮਨੋਰੰਜਨ ਕਰਿਆ ਕਰਦੇ ਸਨ। ਪਰ ਇਹ ਮਾਡਰਨ ਕਲੰਦਰ ਪੂਰੇ ਦੇਸ਼ ਦੀ ਜਨਤਾ ਨੂੰ, ਕਦੇ ਆਪਣੀ ਕੌਮ ਨੂੰ ਨਚਾ ਸਕਦੇ ਹਨ। ਬਕੌਲ ਗੁਰਭਜਨ ਸਿੰਘ ਗਿੱਲ ਇਨ੍ਹਾਂ ਕਲੰਦਰਾਂ ਦੇ ਕਾਰੇ ਦੇਖੋ-

ਕਦੇ ਅਯੁੱਧਿਆ ਦੇ ਵਿਚ ਜਾ ਕੇ, ਬਣੀ ਪੁਰਾਤਨ ਮਸਜਿਦ ਤੋੜੇ।
ਲੋੜ ਪਈ ਤੇ ਗੁਰਧਾਮਾਂ ਵਿਚ, ਵਾੜੇ ਆਪਣੇ ਖੋਤੇ-ਘੋੜੇ।
ਇਸ ਦੀ ਖੋਟੀ ਨੀਅਤ ਅੱਗੇ, ਕੀ ਮਸਜਿਦ ਤੇ ਕੀ ਹੈ ਮੰਦਰ।
ਰਿੱਛਾਂ ਵਾਂਗੂੰ ਲੋਕ ਨਚਾਵੇ, ਇਸ ਯੁੱਗ ਦਾ ਇਹ ਅਜਬ ਕਲੰਦਰ!॥
ਤਰਲੋਚਨ ਸਿੰਘ ਦੁਪਾਲਪੁਰ