Wednesday, September 29, 2010

ਤਿਲਕੂ ਵਾਜਾਂ ਮਾਰੇ 'ਤਿਲ੍ਹਕੂ' ਸਿੱਖਾਂ ਨੂੰ !

 'ਡਗ…… ਡਗ…… ਡਗ……ਸੁਣੋ- ਸੁਣੋ-ਸੁਣੋ! ਸਾਰੇ ਮਾਈ ਭਾਈ ਕੰਨ ਦੇ ਕੇ ਸੁਣੋ!! …ਦੀਨਾਂ ਦੁਖੀਆਂ ਦੇ ਕਸ਼ਟ ਨਿਵਾਰਨ ਵਾਸਤੇ …ਸਭ ਦੀਆਂ ਝੋਲੀਆਂ, ਨੌਂ ਨਿਧਾਂ ਬਾਰਾਂ ਸਿਧਾਂ ਨਾਲ਼ ਭਰਪੂਰ ਕਰਨ ਲਈ, ਸਾਡੇ ਇਲਾਕੇ ਵਿੱਚ , ਸ਼੍ਰੀ ਸ਼੍ਰੀ ਮਹਾਰਾਜ ਇੱਕ ਸੌ ਅੱਠ ਮਹੇਸ਼ਾ ਯੋਗੀ ਜੀ ਪਧਾਰੇ ਹੋਏ ਨੇ.. 'ਡਗ...ਡਗ…' ਮਹਾਰਾਜ ਜੀ ਦੇ ਦਰਸ਼ਨਾਂ-ਪਰਸਨਾਂ ਵਾਸਤੇ ਵਹੀਰਾਂ ਘੱਤ ਕੇ ਪਹੁੰਚੋ ਜੀ…!!!'
  
ਪਿੰਡਾਂ ਕਸਬਿਆਂ ਵਿੱਚ ਮੁਨਾਦੀ ਕਰਨ ਵਾਲ਼ੇ ਢੰਡੋਰਚੀ ਉੱਚੀ ਅਵਾਜ਼ ਵਿੱਚ ਉਪਰੋਕਤ ਸੱਦਾ ਦਿੰਦੇ ਹੋਏ ਘੁੰਮ ਰਹੇ ਹਨ। ਇਲਾਕੇ ਭਰ ਦੇ ਭੋਲ਼ੇ ਭਾਲ਼ੇ ਲੋਕ ਮੁਨਿਆਦੀ ਵਾਲ਼ਿਆਂ ਵੱਲੋਂ ਦੱਸੇ ਗਏ ਸਥਾਨ ਵੱਲ ਆਪੋ ਆਪਣੇ ਸਾਧਨਾਂ ਰਾਹੀਂ ਭੱਜੇ ਜਾ ਰਹੇ ਹਨ। ਰੱਬ ਦੇ ਭੈਅ ਵਾਲ਼ੇ ਜਨ-ਸਧਾਰਨ, ਅੱਗੇ ਤੋਂ ਅੱਗੇ ਯੋਗੀ ਦੀ 'ਸ਼ੁੱਭ-ਆਮਦ' ਦਾ ਪ੍ਰਚਾਰ ਕਰੀ ਜਾ ਰਹੇ ਹਨ। ਸਾਧੂਆਂ ਜੋਗੀਆਂ ਵਾਲ਼ੇ ਜਲੌ ਵਿੱਚ ਸਜਿਆ  ਫਬਿਆ ਮਹੇਸ਼ਾ ਯੋਗੀ ਆਪਣੇ ਆਸਣ 'ਤੇ ਬੈਠਾ ਮੰਦ ਮੰਦ ਮੁਸਕ੍ਰਾ ਰਿਹਾ ਹੈ। ਲੋਕਾਂ ਵਲੋਂ ਚੜ੍ਹਾਇਆ ਹੋਇਆ ਯਥਾ ਸ਼ਕਤਿ ਚੜ੍ਹਾਵਾ ਉਸਦੇ ਚੇਲੇ ਚਾਟੜੇ ਨਾਲ਼ੋ ਨਾਲ਼ ਸਮੇਟ ਰਹੇ ਨੇ। ਜਗਿਆਸੂ ਭਗਤ ਜਨਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ! 
  
ਇਹ ਦ੍ਰਿਸ਼ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਨੇੜਲੇ ਕਸਬੇ ਸਮੁੰਦੜੇ ਦਾ। ਸਮਾਂ ਹੈ ਪੰਜਵੇਂ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਦੀ ਗੁਰਤਾ ਗੱਦੀ ਵੇਲ਼ੇ ਦਾ। ਇਲਾਕੇ ਵਿੱਚ ਆਇਆ ਹੋਇਆ ਮਹੇਸ਼ਾ ਨਾਂ ਦਾ ਇੱਕ ਯੋਗੀ ਆਪਣੀ ਆਮਦ ਦਾ ਧੂੰਆਂ-ਧਾਰ ਪ੍ਰਚਾਰ ਕਰਵਾ ਰਿਹਾ ਹੈ। ਉਸਨੇ ਐਲਾਨ ਕਰ ਦਿੱਤਾ ਹੈ ਕਿ ਮੈਂਨੂੰ ਸ਼ਿਵਜੀ ਮਹਾਰਾਜ ਨੇ ਵਰ ਦਿੱਤਾ ਹੈ ਕਿ ਜਿਹੜਾ ਵੀ ਕੋਈ ਮੇਰਾ ਇੱਕ ਵਾਰ 'ਦਰਸ਼ਨ' ਕਰ ਲਏਗਾ , ਉਸ ਨੂੰ ਇੱਕ ਵਰ੍ਹੇ ਦਾ ਕੈਲਾਸ਼ ਪਰਬਤ ਨਿਵਾਸ ਅਤੇ ਸਥਾਈ ਬੈਕੁੰਠ ਵਾਸ ਪ੍ਰਾਪਤ ਹੋ ਜਾਵੇਗਾ। ਮੇਰੇ ਦਰਸ਼ਨਾਂ ਨਾਲ਼ ਹੀ ਦਰਸ਼ਨ ਅਭਿਲਾਸ਼ੀਆਂ ਦੀਆਂ ਝੋਲ਼ੀਆਂ ਮਾਲਾਂ ਮਾਲ ਹੋ ਜਾਣਗੀਆਂ! ਜੋਰਾਂ ਸ਼ੋਰਾਂ ਨਾਲ਼ ਕੀਤੇ ਜਾ ਰਹੇ ਇਸ ਪ੍ਰਚਾਰ ਸਦਕਾ ਧੜਾ-ਧੜ ਲੋਕੀਂ ਸਮੁੰਦੜੇ ਉਸ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੇ।
   
ਕਈ ਦਿਨ ਇਹ ਸਿਲਸਿਲਾ ਚਲਦਾ ਰਹਿਣ ਕਰਕੇ ਮਹੇਸ਼ੇ ਕੋਲ਼ ਧਨ ਪਦਾਰਥਾਂ ਦੇ ਢੇਰ ਲੱਗ ਗਏ। ਹੰਕਾਰੇ ਹੋਏ ਯੋਗੀ ਨੇ ਇਲਾਕੇ ਦੀ 'ਪੜਤਾਲ਼' ਕਰਵਾਉਣੀ ਸ਼ੁਰੂ ਕਰ ਦਿੱਤੀ ਕਿ ਮੇਰੇ 'ਰਗੜੇ' ਥੱਲੇ ਆਉਣ ਤੋਂ ਕੋਈ 'ਸੁੱਕਾ' ਤਾਂ ਨਹੀਂ ਰਹਿ ਗਿਆ! 'ਸੇਲ' ਲਾਉਣ ਵਾਂਗ ਉਸ ਨੇ ਕੁਝ ਹੋਰ ਦਿਲ ਖਿੱਚਵੇਂ ਵਰ-ਅਸੀਸਾਂ ਦੀ ਮੁਨਾਦੀ ਕਰਾਈ। ਇੱਕ ਦਿਨ ਉਸ ਨੇ ਮੁਹਤਬਰ ਪੈਂਚਾਂ-ਖੜਪੈਂਚਾਂ ਨੂੰ ਪੁੱਛਿਆ ਕਿ ਕੋਈ ਖਾਸ ਬੰਦਾ ਮੇਰੇ ਦਰਸ਼ਨਾਂ ਤੋਂ ਵਾਂਝਾ ਤਾਂ ਨਹੀਂ ਰਹਿ ਗਿਆ? ਉਨਾਂ ਹ ਨੇ ਹਿਸਾਬ ਜਿਹਾ ਲਾ ਕੇ ਦੱਸਿਆ ਕਿ ਗੜ੍ਹਸ਼ੰਕਰ ਦਾ ਇੱਕ ਤਿਲਕਾ- ਤਿਲਕਾ ਨਾਮ ਕਰਕੇ ਬੰਦਾ ਹੈ ਜਿਹੜਾ ਗੁਆਂਢੀਆਂ-ਮਿੱਤਰਾਂ-ਸਨੇਹੀਆਂ ਦੇ ਜ਼ੋਰ ਪਾਉਣ 'ਤੇ ਵੀ ਆਪ ਦੇ ਪਾਸ ਨਹੀਂ ਢੁੱਕਿਆ।
  
 ਝੁਣ ਝੁਣੀਂ ਜਿਹੀ ਲੈ ਕੇ ਯੋਗੀ ਨੇ ਮੋਢੇ ਛੰਡਕੇ! ਉਸ ਨੇ ਬਰਕਤਾਂ- ਅਸੀਸਾਂ ਦਾ 'ਡਬਲ ਪੈਕੇਜ' ਦੇਣ ਦੇ ਵਾਅਦੇ ਨਾਲ਼ ਕੁੱਝ ਆਦਮੀਂ ਗੜ੍ਹਸ਼ੰਕਰ ਰਹਿੰਦੇ ਤਿਲਕੇ ਪਾਸ ਭੇਜੇ। ਅੱਗਿਉਂ ਤਿਲਕੇ ਨੇ ਠੋਕ ਕੇ ਇਨਕਾਰ ਕਰਦਿਆਂ ਆਖਿਆ ਕਿ  ਮੈਂਨੂੰ ਸਿਰਫ ਤੇ ਸਿਰਫ ਆਪਣੇ ਗੁਰੂ ਦਾ ਪਿਆਰ ਚਾਹੀਦਾ ਹੈ। ਮੈਂਨੂੰ ਮਹੇਸ਼ੇ ਯੋਗੀ ਦੇ ਦਰਸ਼ਨਾਂ ਦੀ ਲੋੜ ਨਹੀਂ ! ਯੋਗੀ ਦੇ ਚਾਟੜੇ ਠੁੱਠੂ ਵਰਗਾ ਮੂੰਹ ਲੈ ਕੇ ਵਾਪਸ ਸਮੁੰਦੜੇ ਆ ਗਏ।
  
ਇਹ ਬਿਰਤਾਂਤ ਲਿਖਦਿਆਂ 'ਤਵਾਰੀਖ ਗੁਰੂ ਖਾਲਸਾ' ਦੇ ਪੱਚੀਵੇਂ ਅਧਿਆਏ ਵਿੱਚ ਗਿਆਨੀਂ ਗਿਆਨ ਸਿੰਘ ਜੀ ਲਿਖਦੇ ਨੇ ਕਿ ਭਾਈ ਤਿਲਕੇ ਦਾ ਸਿਰੜ ਅਤੇ ਗੁਰੁ ਪ੍ਰਤਿ ਸਿਦਕ ਦੇਖ ਕੇ, ਮਹੇਸ਼ਾ ਯੋਗੀ ਖੁਦ ਗੜ੍ਹਸ਼ੰਕਰ ਨੂੰ ਤੁਰ ਪਿਆ। ਉਪ੍ਰੋਕਤ ਗ੍ਰੰਥ ਕਾਰ ਅਨੁਸਾਰ ਪਤਾ ਲੱਗਣ 'ਤੇ ਭਾਈ ਤਿਲਕੇ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ 'ਮਹਾਨ ਕੋਸ਼' ਦੇ ਪੰਨਾਂ ਨੰਬਰ ੫੯੨ 'ਤੇ ਲਿਖਿਆ ਹੈ ਕਿ ਜਦੋਂ ਮਹੇਸ਼ਾ ਯੋਗੀ, ਭਾਈ ਤਿਲਕੇ ਦੇ ਸਾਹਮਣੇ ਗਿਆ ਤਾਂ ਭਾਈ ਤਿਲਕੇ ਨੇ ਆਪਣੇ ਚਿਹਰੇ ਨੂੰ ਕੱਪੜੇ ਨਾਲ਼ ਢੱਕ ਲਿਆ ਤਾਂ ਕਿ ਅੱਖਾਂ ਵਿੱਚ ਕਿਤੇ ਯੋਗੀ ਦੇ ਚਿਹਰੇ ਦੀ ਝਲਕ ਵੀ ਨਾ ਪੈ ਜਾਏ!...ਧੰਨ ਸਿੱਖੀ…ਧੰਨ ਗੁਰੁ ਦੇ ਸਿੱਖ!!.. 'ਜੇ ਤੂੰ ਤੁੱਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲ!!!' ਕਹਿੰਦੇ ਨੇ ਯੋਗੀ ਨੇ ਜਦੋਂ ਗਿੜਗਿੜਾ ਕੇ ਭਾਈ ਤਿਲਕੇ ਨੂੰ ਕਿਹਾ ਕਿ ਭਾਈ ਸਿੱਖਾ, ਚਿਹਰੇ ਤੋਂ ਕੱਪੜਾ ਚੁੱਕ ਕੇ ਤੂੰ ਹੀ ਮੈਂਨੁੰ ਦਰਸ਼ਣ ਕਰ ਲੈਣ ਦੇਹ? ਤਾਂ ਭਾਈ ਤਿਲਕਾ ਨਿਮਰ ਭਾਵ ਨਾਲ਼ ਬੋਲਿਆ-
 
" ਮੈਂ ਪਾਪੀ ਕੌਣ ਹੁੰਦਾ ਹਾਂ ਕਿਸੇ ਨੂੰ 'ਦਰਸ਼ਣ' ਦੇਣ ਵਾਲ਼ਾ! ਜੇ ਤੈਂਨੁੰ ਦਰਸ਼ਣਾਂ ਦੀ ਸਿੱਕ ਹੈ ਤਾਂ ਗੁਰੂ ਨਾਨਕ ਦੀ ਪੰਜਵੀਂ ਜੋਤ ਸਾਹਿਬ ਗੁਰੁ ਅਰਜਨ ਦੇਵ ਜੀ ਪਾਸ ਪਹੁੰਚ।"  
   
ਇਹ ਸਾਖੀ ਅੱਗੇ ਕਾਫੀ ਲੰਬੀਂ ਹੈ। ਮਹੇਸ਼ਾ ਯੋਗੀ ਆਖਿਰ ਭਾਈ ਤਿਲਕੇ ਨਾਲ਼ ਪੰਜਵੇਂ ਗੁਰੁ ਜੀ ਪਾਸ ਪਹੁੰਚਦਾ ਹੈ । ਕਰਮ – ਕਾਂਡ , ਡੰਡ-ਪਖੰਡ, 'ਡੇਰੇ ਸਥਾਪਿਤ' ਕਰਨੇ ਛੱਡ ਕੇ ਮਹੇਸ਼ਾ ਯੋਗੀ ਗੁਰੁ ਦਾ ਸਿੱਖ ਬਣਿਆ ਅਤੇ ਸਿੱਖੀ ਦਾ ਪ੍ਰਚਾਰਕ! ਅੱਜ ਵੀ ਸਮੁੰਦੜੇ ਦੇ ਚੜ੍ਹਦੇ ਪਾਸੇ ' ਮੇਸ੍ਹਿਆਣਾ' ਨਾਂ ਦਾ ਸਥਾਨ ਕਾਇਮ ਹੈ ਜੋ 'ਮਹੇਸ਼-ਆਣਾ' ਤੋਂ ਵਿਗੜ ਕੇ ਬਣਿਆਂ ਹੋਇਆ ਹੈ। ਇਸੇ ਤਰਾਂਹ ਗੜਸ਼ੰਕਰ ਦੇ ਰੇਲਵੇ ਸਟੇਸ਼ਨ ਦੇ ਲਾਗੇ 'ਗੁਰਦੁਆਰਾ ਭਾਈ ਤਿਲਕੂ' ਸੁਭਾਇਮਾਨ ਹੈ।
  
ਇੱਕ ਨੀਤੀ ਵਾਕ ਹੈ-' ਜੇ ਤੁਸੀਂ ਬੀਤੇ ਵੱਲ ਪਿਸਤੌਲ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ਼ ਤਬਾਹ ਕਰ ਦੇਵੇਗਾ!' ਅਸੀਂ ਸਿੱਖਾਂ ਨੇ ਬੀਤੇ ਵੱਲ ਤੋਪਾਂ ਦੇ ਫਾਇਰ ਹੀ ਖੋਲ੍ਹੇ ਹੋਏ ਨੇ! ਇਤਿਹਾਸਕਾਰਾਂ ਅਨੁਸਾਰ ਮਹੇਸ਼ਾ ਯੋਗੀ ਇੱਕ ਕੰਨ-ਪਾਟਾ ਯੋਗੀ ਸੀ, ਜਿਸ ਨੂੰ ਇੱਕੋ ਸਿਦਕੀ ਸਿੱਖ ਦੇ ਸਿਰੜ ਨੇ ਗੁਰੁ ਦਾ ਸਿੱਖ ਬਣਾ ਦਿੱਤਾ। ਪਰ ਅੱਜ ਸਾਡੇ ਕੌਮੀਂ ਵਿਹੜਿਆਂ ਵਿੱਚ ਸਾਬਤੇ ਕੰਨਾਂ ਵਾਲ਼ੇ ਲਗੜ-ਬੱਗਿਆਂ ਦੀਆਂ ਹੇੜ੍ਹਾਂ ਤੁਰੀਆਂ ਫਿਰਦੀਆਂ ਹਨ। ਜਿਹੜੇ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ , ਰੰਗ ਬਿਰੰਗੇ ਲਿਬਾਸ ਧਾਰਨ ਕਰ ਕੇ 'ਸ਼ਬਦ-ਗੁਰੂ' ਦੇ ਸਿਧਾਂਤ ਦੇ ਪ੍ਰਚਾਰ ਦੇ ਨਾਂ ਹੇਠ, ਸਿੱਖਾਂ ਨੂੰ 'ਆਪਣੇ ਨਾਲ਼' ਅਤੇ ਡੇਰਿਆਂ ਨਾਲ਼ ਜੋੜ ਰਹੇ ਹਨ।
   
ਛਪੰਜਾ ਸਾਲ ਪਹਿਲਾਂ ਛਪੀ ਇੱਕ ਵਿਦਵਾਨ ਲਿਖਾਰੀ ਗਿਆਨੀਂ ਊਧਮ ਸਿੰਘ ਦੀ ਕਿਤਾਬ 'ਸੱਚਾ ਗੁਰੂ' ਦੇ ਮੁੱਖ ਬੰਧ ਵਿੱਚ ਪ੍ਰਕਾਸ਼ਕਾਂ (ਸਿੰਘ ਬ੍ਰਦਰਜ਼, ਅੰਮ੍ਰਿਤਸਰ) ਨੇ ਲਿਖਿਆ ਹੋਇਆ ਹੈ- "…ਅੱਜ ਨੌਬਤ ਇੱਥੋਂ ਤੱਕ ਪੁੱਜ ਗਈ ਹੈ ਕਿ ਸਿੱਖੀ ਦੇ ਪ੍ਰਚਾਰਕਾਂ ਦੇ ਰੂਪ ਵਿੱਚ , ਸੈਂਕੜੇ ਲੋਕੀ ਦੇਸਾਂ-ਪ੍ਰਦੇਸਾਂ ਵਿੱਚ ਕਈ ਤਰਾਂ੍ਹ ਦੇ 'ਸਵਾਂਗ ਧਾਰ ਕੇ' ਫਿਰ ਰਹੇ ਹਨ, ਅਤੇ 'ਗੁਰੂ'-'ਗੁਰ ਮੰਤਰ' ਆਦਿ ਮੁਢਲੇ ਸਿੱਖੀ –ਸਿਧਾਂਤਾਂ ਨੂੰ ਗਲ੍ਹਤ-ਮਲ੍ਹਤ ਪੇਸ਼ ਕਰਕੇ, ਆਪੋ ਆਪਣੀ 'ਸਿੱਖੀ-ਸੇਵਕੀ' ਬਣਾ ਕੇ 'ਮਨਮਤਿ ਦੇ ਅੱਡੇ' ਕਾਇਮ ਕਰ ਰਹੇ ਹਨ।"(ਸਫਾ ੭)
   
ਇਸੇ ਕਿਤਾਬ ਦੇ ਆਖਰੀ ਸਫੇ 'ਤੇ ਵਿਦਵਾਨ ਲੇਖਕ ਨੇ ਕੌਮ ਵਿੱਚ ਕੌੜੀ ਵੇਲ ਵਾਂਗ ਵਧਦੇ ਜਾ ਰਹੇ ਗੁਰੂ-ਡੰਮ ਬਾਬਤ, ਕਰੁਣਾ ਭਰੀ ਇੱਕ ਰੁਬਾਈ ਲਿਖੀ ਹੈ:-
    
ਦਸ ਜਾਮੇਂ ਸੀ ਧਾਰ ਆਪ ਨੇ, ਬਹੁ ਉਪਕਾਰ ਕਮਾਏ।
ਇਸ ਤੋਂ ਪਿੱਛੋਂ ਗੁਰ ਗੱਦੀ 'ਤੇ, ਗੁਰੂ ਪੰਥ ਪ੍ਰਗਟਾਏ।
ਗੁਰੁ ਗ੍ਰੰਥ ਦੀ ਤਾਬਿਆ ਖਾਲਸਾ, ਸਾਜੇ ਪੰਜ ਪਿਆਰੇ।
ਸਭ ਸਤਸੰਗੀ ਗੁਰੁ ਗ੍ਰੰਥ ਅਰ, ਪੰਥ ਦੀ ਸ਼ਰਣੀਂ ਲਾਏ।
ਸਤਿਗੁਰ ਜੀ ਦੇ ਏਸ ਹੁਕਮ ਨੂੰ, ਗੁਰਸਿੱਖ ਭੁੱਲਦੇ ਜਾਵਣ।
ਸਿੱਖੀ ਸ਼ਰਣ ਗੁਰੁ ਦੀ ਛੱਡਕੇ, ਆਪੂੰ ਗੁਰੂ ਕਹਾਵਣ।
ਉਨਾਂਹ ਪਿੱਛੇ ਲੱਗਣ ਵਾਲ਼ੇ, ਹੋ ਕੇ ਬੇ-ਮੁੱਖ ਗੁਰ ਤੋਂ।
ਕੱਚੇ ਗੁਰੁ ਤੇ ਚੇਲੇ ਇਹ ਸਭ, ਭੰਬਲ਼ ਭੂਸੇ ਖਾਵਣ!
  
 ਇਨਾਂਹ ਸਤਰਾਂ (ਹਥਲਾ ਲੇਖ) ਦੇ ਲਿਖਾਰੀ ਦਾ ਆਪਣਾ ਇਲਾਕਾ ਹੋਣ ਕਰਕੇ ਗੜ੍ਹਸ਼ੰਕਰ ਵਿੱਚੋਂ ਲੰਘਣ ਦਾ ਬਹੁਤ ਵਾਰੀ ਸਬੱਬ ਬਣਦਾ ਰਿਹਾ ਹੈ। ਭਾਈ ਤਿਲਕੂ ਜੀ ਦੇ ਗੁਰਦੁਆਰੇ ਅੱਗਿਉਂ ਗੁਜ਼ਰਨ ਲੱਗਿਆਂ ਇਹੀ ਪ੍ਰਤੀਤ ਹੁੰਦਾ ਰਿਹਾ ਹੈ ਜਿਵੇਂ ਭਾਈ ਤਿਲਕੂ , ਅੱਜ ਦੇ "ਤਿਲ੍ਹਕੂ ਸਿੱਖਾਂ" ਨੂੰ 'ਵਾਜਾਂ ਮਾਰ ਰਿਹਾ ਹੋਵੇ-

"ਉਏ ਤਿਲ੍ਹਕਦੇ ਫਿਰਦੇ , ਥਾਂ ਥਾਂ ਭਟਕਦੇ ਫਿਰਦੇ ਭੁੱਲੜ ਸਿੱਖੋ, ਹਾਲੇ ਵੀ 'ਕੱਚੜਿਆਂ ਸਿਉਂ' ਤੋੜ ਕੇ ਪੱਕੇ ਗੁਰੂ ਦੇ ਸੰਗ ਜੋੜ ਲਵੋ। ਵੱਖ ਕਿਸਮਾਂ ਦੇ ਸਵਾਂਗ ਧਾਰੀ ਡੇਰੇ-ਦਾਰ ਵਿਹਲੜਾਂ ਦੇ ਮਗਰ-ਲੱਗ ਬਣ ਕੇ, ਕਿਉਂ ਆਪਣਾ ਝੁੱਗਾ-ਚੌੜ ਕਰਾਉਂਦੇ ਫਿਰਦੇ ਓ !... ਮੈਂ ਤੁਹਾਨੂੰ ਦਾਅਵੇ ਨਾਲ਼ ਕਹਿੰਦਾ ਹਾਂ ਕਿ ਗੁਰੁ ਗ੍ਰੰਥ ਅਤੇ ਇੱਕ ਅਕਾਲ ਦੇ ਸਿੱਖ ਨੂੰ ਕਿਸੇ ਦੇਹ ਧਾਰੀ ਦਾ ਪੁਜਾਰੀ ਬਣਨ ਦੀ ਕਤੱਈ ਲੋੜ ਨਹੀਂ !!" …ਭਾਈ ਤਿਲਕੂ ਦੀਆਂ 'ਵਾਜਾਂ ਤਿਲ੍ਹਕੂ ਸਿੱਖ ਸੁਣਨਗੇ? ਦਾਤਾ ਜਾਣੇ !

ਤਰਲੋਚਨ ਸਿੰਘ ਦੁਪਾਲਪੁਰ