Friday, September 24, 2010

ਗਾਇਕਾਂ ਵਲੋਂ ‘ਊੜੇ’ ਨਾਲ ਕਮਾਈ, ‘ਜੂੜੇ’ ਨਾਲ ਬੇਵਫ਼ਾਈ

ਇਕ ਨਾਮਵਰ ਸਿੱਖ ਰਾਗੀ-ਢਾਡੀ ਦਾ ਨੌਜਵਾਨ ਲੜਕਾ ‘ਗਾਇਕ ਕਲਾਕਾਰ’ ਬਣ ਗਿਆ। ਇਸ ਰਾਹੇ ਪੈਣ ਦੀ ਪਹਿਲੀ ਪੌੜੀ, ਜਿਹੜੀ ਕਿ ਕਲਾਕਾਰਾਂ ਨੇ ਕੁਝ ਕੁ ਦਹਾਕਿਆਂ ਤੋਂ ਆਪੇ ਸਿਰਜ ਲਈ ਹੋਈ ਹੈ, ਉਸ ਨੇ ‘ਹੱਸ ਕੇ’ ਪਾਰ ਕਰ ਲਈ, ਭਾਵ ਮੂੰਹ ਸਿਰ ਸਫਾ ਚੱਟ। ਸਾਰੀ ਉਮਰ ਸਟੇਜਾਂ ਉਪਰ ਸਿੱਖ ਇਤਿਹਾਸ ਜੋਸ਼ੀਲੇ ਢੰਗ ਨਾਲ ਸੁਣਾਉਣ ਵਾਲੇ ਬਾਪ ਨੇ ਬੁਰਾ ਤਾਂ ਮਨਾਇਆ ਪਰ ‘ਪੁੱਤ ਰਾਜ ਮਲੇਛ ਰਾਜ’ ਵਾਲੀ ਕਹਾਵਤ ਚੇਤੇ ਕਰਕੇ ਸਬਰ ਦਾ ਘੁੱਟ ਭਰ ਲਿਆ। ਮੁੰਡੇ ਨੂੰ ਰਾਗ ਤਾਂ ਵਿਰਸੇ ‘ਚੋਂ ਹੀ ਮਿਲਿਆ ਸੀ। ਥੋੜ੍ਹੀ ਹੋਰ ਮਿਹਨਤ ਨਾਲ ਚੰਗੀ ਗੁੱਡੀ ਚੜ੍ਹ ਗਈ।
ਰਾਗੀ ਬਾਪ ਨੇ ਜਦੋਂ ਦੇਖਿਆ ਕਿ ਮੁੰਡਾ ਹੁਣ ਆਪਣੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਰਗੀ ਲਿਸ਼ਕਦੀ ਕਾਰ ਵਿਚ ਘੁੰਮਦਾ ਹੈ ਅਤੇ ਆਲੀਸ਼ਾਨ ਕੋਠੀ ਦਾ ਮਾਲਕ ਵੀ ਬਣ ਚੁੱਕਾ ਹੈ, ਗਲ ਵਿਚ ਮੋਟੀ ਸਾਰੀ ਸੋਨੇ ਦੀ ਚੇਨੀ ਨਾਲ ਖੰਡੇ ਵੀ ਲਟਕਾਈ ਫਿਰਦਾ ਹੈ, ਤਦ ਇਕ ਦਿਨ ਮੌਕਾ ਵਿਚਾਰ ਕੇ ਆਪਣੇ ਕਲਾਕਾਰ ਪੁੱਤ ਨੂੰ ਪਤਿਆਉਂਦਿਆਂ ਆਖਿਆ, “ਕਾਕਾ, ਸੁੱਖ ਨਾਲ ਹੁਣ ਦਾਤੇ ਦੀ ਤੇਰੇ ‘ਤੇ ਫੁੱਲ ਕ੍ਰਿਪਾ ਹੈ। ਸਾਰਾ ਕੁਝ ਰੱਬ ਨੇ ਦਿੱਤਾ ਹੋਇਆ ਹੈ। ਤੈਨੂੰ ਘੋਨ-ਮੋਨ ਦੇਖ ਕੇ ਮੈਨੂੰ ਸ਼ਰਮ ਆਉਂਦੀ ਹੈ। ਪੁੱਤਰਾ, ਅਸੀਂ ਖਾਨਦਾਨੀ ਗੁਰੂ ਦੇ ਸਿੱਖ ਹਾਂ। ਸਾਰੀ ਉਮਰ ਮੈਂ ਦੇਸਾਂ-ਪਰਦੇਸਾਂ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਲੋਕ ਮੈਨੂੰ ਕੀ ਕਹਿੰਦੇ ਹੋਣਗੇ? ਸੋ ਪੁੱਤ, ਮਿੰਨਤ ਦੀ ਗੱਲ ਐ, ਹੁਣ ਤੂੰ ਭੁੱਲ ਬਖਸ਼ਾ ਕੇ ਦਾਹੜੀ, ਕੇਸ ਰੱਖ ਲੈ।” ਬਾਪ ਨੈ ਘਿਗਿਆਈ ਬੋਲੀ ਵਿਚ ਪੰਜਾਬ ਵਿਚਲੀ ਸਿੱਖੀ ਦੀ ਨਿੱਘਰਦੀ ਜਾਂਦੀ ਹਾਲਤ ਦਾ ਵੀ ਵਾਸਤਾ ਪਾ ਲੜਕੇ ਨੂੰ ਪ੍ਰੇਰਿਆ।

ਮੋਹਰਿਓਂ ਮਾਰਨ ਵਾਲੀ ਮੱਝ ਵਾਂਗ ਚਾਰੇ ਖੁਰ ਚੱਕ ਕੇ ‘ਕਲਾਕਾਰ’ ਕੜਕਿਆ, “ਕਿਆ ਸਿੱਖੀ, ਸਿੱਖੀ ਕਰੀ ਜਾਨੈ ਤੂੰ ਬੁੜ੍ਹਿਆ!…ਤੈਂ ਸਾਰੀ ਉਮਰ ‘ਚ ਓਨੀ ਕਮਾਈ ਨਹੀਂ ਕੀਤੀ ਹੋਣੀ, ਜਿੰਨੀ ਮੈਂ ਇਕ-ਦੋ ਸਾਲਾਂ ਵਿਚ ਹੀ ਕਰ ਲਈ ਹੈ। ਹਾਲੇ ਤਾਂ ਮੈਂ ਫਲਾਣੀ ਮਿਸ…ਨਾਲ ਵੀਡੀਓ ਐਲਬਮ ਕੱਢਣੀ ਐ, ਫੇਰ ਹੋਰ ਦੇਖੀਂ ਵਾਰੇ-ਨਿਆਰੇ ਹੁੰਦੇ।”
“ਕਮਲਿਆ, ਮਾਇਆ ਤਾਂ ਕੰਜਰਾਂ ਕੋਲ ਵੀ ਬਥੇਰੀ ਹੁੰਦੀ ਹੈ ਫਿਰ ਉਨ੍ਹਾਂ ਵਾਲਾ ਈ ਧੰਦਾ ਕਰ…।” ਆਪਣੀ ਉਮਰ ਭਰ ਦੀ ਕੀਤੀ ਕੱਤਰੀ ਨੂੰ, ਔਲਾਦ ਵਲੋਂ ਮਾਇਆ ਦੇ ਫੀਤੇ ਨਾਲ ਨਾਪਣ ਤੋਂ ਦੁਖੀ ਹੋਏ ਬਾਪ ਦੇ ਕੰਠ ‘ਚੋਂ ਉਠਿਆ ਉਕਤ ਅਧੂਰਾ ਵਾਕ, ਬੁੱਲ੍ਹਾਂ ਤੱਕ ਆਉਂਦਾ-ਆਉਂਦਾ ਦਮ ਤੋੜ ਗਿਆ। ਹਾਰੇ ਹੋਏ ਖਿਡਾਰੀ ਵਾਂਗ ਨਿੰਮੋਝੂਣਾ ਜਿਹਾ ਹੋ ਕੇ ਪਿਓ ਨੇ ਇਕ ਤਰਲਾ ਹੋਰ ਕੱਢਿਆ, “ਚੱਲ ਫੇ, ਥੋੜ੍ਹੀ-ਥੋੜ੍ਹੀ ਦਾਹੜੀ ਰੱਖ ਕੇ ਪੱਗ ਤਾਂ ਬੰਨ੍ਹ ਲਿਆ ਕਰ, ਤੂੰ ਸਿੱਖ ਦਾ ਪੁੱਤ ਐਂ।” ਹੁਣ ਕਲਾਕਾਰ ਪੁੱਤ ‘ਭਲਮਾਣਸੀ’ ਦਿਖਾ ਗਿਆ….ਬਰੂ ਚੜ੍ਹੇ ਪਸ਼ੂ ਵਾਂਗ ਲਾਲ ਅੱਖਾਂ ਕਰਕੇ ਪਿਉ ਵਲ ‘ਸਿਰਫ’ ਘੂਰ ਕੇ ਦੇਖਿਆ, ਕਿਹਾ ਕੁਝ ਨਾ।
ਥੋੜ੍ਹੇ ਕੁ ਦਿਨਾਂ ਬਾਅਦ ਇਕ ਟੀ.ਵੀ. ਚੈਨਲ ‘ਤੇ ਇਹੋ ‘ਹਰਦਿਲ ਅਜ਼ੀਜ਼’ ਗਾਇਕ ਇੰਟਰਵਿਊ ਦਿੰਦਾ ਹੋਇਆ ਚਪੜ-ਚਪੜ ਕਰ ਰਿਹਾ ਸੀ, “ਮੈਂ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਿਹਾਂ ਕਿ ਮੈਂ ਆਪਣੇ ‘ਪੂਜਯ ਪਿਤਾ ਜੀ’ ਦੇ ਅਸ਼ੀਰਵਾਦ ਸਦਕਾ ਇਸ ਮੁਕਾਮ ‘ਤੇ ਪਹੁੰਚਿਆਂ ਹਾਂ, ਉਨ੍ਹਾਂ ਦਾ ਮੋਹ ਭਰਿਆ ਨਿੱਘਾ ਥਾਪੜਾ ਮਿਲਦਾ ਆ ਰਿਹਾ ਹੈ…ਉਨ੍ਹਾਂ ਦੀ ਬਦੌਲਤ ਮੈਂ ਸੰਗੀਤ ਵਲ ਰੁਚਿਤ ਹੋਇਆ ਹਾਂ।
ਐਂਕਰ ਵਲੋਂ ਪੁੱਛੇ ਗਏ ਸਵਾਲ ਕਿ ਪੰਜਾਬੀ ਗਾਇਕੀ ਦੇ ਪਿੜ ਵਿਚ ਕੁੱਦਣ ਦਾ ਕੀ ਸਬੱਬ ਬਣਿਆ? ਦੇ ਜਵਾਬ ਵਿਚ ਸਿਰ ‘ਤੇ ਕੰਡੇਰਨੇ ਵਾਂਗ ਖੜ੍ਹੇ ਹੋਏ ਵਾਲਾਂ ਉਪਰ ਫਿ਼ਲਮੀ ਅੰਦਾਜ਼ ਨਾਲ ਹੱਥ ਫੇਰਦਿਆਂ ਗਾਇਕ ਜੀ ਫੁਰਮਾਉਣ ਲੱਗੇ, “ਦੇਖੋ ਜੀ, ਕਿੱਡੀ ਨਮੋਸ਼ੀ ਦੀ ਗੱਲ ਐ ਕਿ ਅਸੀਂ ਪੰਜਾਬੀ ਆਪਣੀ ਮਾਂ-ਬੋਲੀ ਨੂੰ ਭੁੱਲਦੇ ਜਾ ਰਹੇ ਹਾਂ। ਗੈਰਾਂ ਦੀਆਂ ਬੋਲੀਆਂ ਬੋਲ ਕੇ ਅਕ੍ਰਿਤਘਣ ਬਣੇ ਹੋਏ ਹਾਂ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੈਂ ਪੰਜਾਬੀ ਗਾਇਕੀ ਦਾ ਖੇਤਰ ਚੁਣਿਆ। ਮੈਂ ਪੰਜਾਬੀਅਤ ਦਾ ਮੁਦੱਈ ਹਾਂ। ਆਪਣੀ ਮਾਤ-ਭਾਸ਼ਾ ਦੀ ਸੇਵਾ ਲਈ ਪੂਰੀ ਤਰ੍ਹਾਂ ਅਰਪਿਤ ਹੋ ਚੁੱਕਾ ਹਾਂ….ਸਿ਼ਅਰ ਐ…ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂੰ ਰੁਲ ਜਾਓਗੇ।” ਇਹ ਸਤਰਾਂ ਸੁਣ ਕੇ ਐਂਕਰ ਵੀ ਝੂਮਦਾ ਨਜ਼ਰ ਆਇਆ।
ਪਿਤਾ ਪੁਰਖੀ ਧਰਮ ਤੋਂ ਕਿਨਾਰਾਕਸ਼ੀ ਕਰ ਚੁੱਕੇ, ਪਰ ਪੰਜਾਬੀ ਦੀ ‘ਚਿੰਤਾ’ ਵਿਚ ਗ੍ਰਸੇ ਪਏ ਇਸ ਗਾਇਕ ਦੀ ਗਾਇਕੀ ਦੇ ਨਮੂਨੇ ਵਜੋਂ ਜਿਹੜਾ ਵੀਡੀਓ ਕਲਿੱਪ ਦਿਖਾਇਆ ਗਿਆ, ਉਹਦੇ ਵਿਚ ਦੋ ਅਰਥੇ ਪੰਜਾਬੀ ਸ਼ਬਦਾਂ ਤੋਂ ਇਲਾਵਾ ਹੋਰ ਕੁਝ ਵੀ ਪੰਜਾਬੀਅਤ ਨਾਲ ਮੇਲ ਨਹੀਂ ਸੀ ਖਾਂਦਾ। ਹਾਂ, ਉਸਨੂੰ ਬੇਹਯਾਈ ਦਾ ਨੰਗਾ ਨਾਚ ਜ਼ਰੂਰ ਕਿਹਾ ਜਾ ਸਕਦਾ ਸੀ।
ਇਹ ਸਾਰਾ ਬਿਰਤਾਂਤ ਇਸੇ ‘ਕੱਲੇ-ਕਾਰੇ ਗਾਇਕ ਦਾ ਹੀ ਨਹੀਂ, ਬਲਕਿ ਥੋੁੜ੍ਹੇ-ਬਹੁਤੇ ਫੇਰ-ਬਦਲ ਨਾਲ, ਉਨ੍ਹਾਂ ਬਹੁਤਿਆਂ ਗਾਇਕਾਂ ‘ਤੇ ਢੁਕਦਾ ਹੈ ਜਿਨ੍ਹਾਂ ਦਾ ਸੰਬੰਧ ਸਿੱਖ ਘਰਾਣਿਆਂ ਨਾਲ ਹੈ ਜਾਂ ਸੀ। ਅਜਿਹੇ ਗਾਇਕ ਭਰਾਵਾਂ ਦੇ ਪਾਸਪੋਰਟਾਂ ਉਪਰ ਅੰਕਿਤ ਨਾਵਾਂ ਵਿਚ ‘ਸਿੰਘ’ ਸ਼ਬਦ ਦੀ ਮੌਜੂਦਗੀ ਪਰ ਫੋਟੋਆਂ ਵਿਚੋਂ ਗਾਇਬ ਹੋਈਆਂ ਪੱਗਾਂ-ਦਾਹੜੀਆਂ, ਇਹੀ ਇਸ਼ਾਰਾ ਕਰਦੀਆਂ ਨੇ ਕਿ ਇਨ੍ਹਾਂ ਨੂੰ ‘ਸਿੱਖੀ ਸਰੂਪ’ ਤੋਂ ਬੇਮੁਖ ਹੋ ਕੇ ਬੱਸ, ਪੰਜਾਬੀ ਦੀ ਸੇਵਾ ਦੇ ਨਾਂ ਹੇਠ ਨਾਮਾ ਅਤੇ ਨਾਮ ਕਮਾਉਣ ਦੀ ਘੂਕੀ ਚੜ੍ਹੀ ਹੋਈ ਹੈ। ਕਈਆਂ ਦੀ ਬੱਲੇ-ਬੱਲੇ, ਕਈਆਂ ਦੀ ਥੱਲੇ-ਥੱਲੇ ਅਤੇ ਬਹੁਤੇ ਕਰਮਾਂ ਮਾਰੇ ਵਿਚ-ਵਿਚਾਲੇ ਜਿਹੇ ਰੀਂਘੜ-ਫੀਂਘੜ ਕੇ ਆਪਣਾ ਤੀਰ-ਤੁੱਕਾ ਚਲਾਈ ਜਾਂਦੇ ਹਨ।
ਕਵੀਸ਼ਰੀ-ਨੁਮਾ ਗਾਇਕੀ ਅਤੇ ਕੁਝ ਕੁ ਪੰਜਾਬੀ ਫਿ਼ਲਮਾਂ ਬਣਾ ਕੇ ਪ੍ਰਸਿੱਧ ਹੋਏ ਦੋ ਗਾਇਕ ਭਰਾਵਾਂ ਦੀ ਇਕ ਵੀਡੀਓ ਕਲਿੱਪ ਕਿਸੇ ਨੇ ਮੈਨੂੰ ‘ਈ-ਮੇਲ’ ਰਾਹੀਂ ਭੇਜੀ। ਇਸ ਵਿਚ ਛੋਟੇ ਭਰਾ ਨੇ ਸਾਰੰਗੀ ਅਤੇ ਵੱਡੇ ਨੇ ਢੱਡ ਫੜੀ ਹੋਈ ਹੈ। ‘ਵਾਰ’ ਗਾਉਣ ਤੋਂ ਪਹਿਲਾਂ ਵੱਡਾ ਮੁਸਕਰਾਉਂਦਾ ਹੋਇਆ ਦੱਸਦਾ ਹੈ, “ਪੂਰੇ ਛੱਬੀ ਸਾਲਾਂ ਬਾਅਦ ਅਸੀਂ ਇਸ ਰੂਪ ਵਿਚ (ਭਾਵ ਢੱਡ-ਸਾਰੰਗੀ ਨਾਲ) ਦਰਸ਼ਕਾਂ ਸਾਹਮਣੇ ਆਏ ਹਾਂ….ਸਕੂਲ ਤੋਂ ਲੈ ਕੇ ਕਾਲਜ ਤੱਕ ਅਸੀਂ ਇਸੇ ਰੂਪ ਵਿਚ ਵੱਡੀਆਂ-ਵੱਡੀਆਂ ਸਟੇਜਾਂ ‘ਤੇ ਗਾਉਂਦੇ ਰਹੇ ਹਾਂ…ਲਓ ਹੁਣ ਪੇਸ਼ ਹੈ…।”
ਜੋਸ਼ੀਲੇ ਢੰਗ ਨਾਲ ਗਾਈ ਹੋਈ ਇਹ ਵਾਰ ਸੁਣ ਕੇ ਨਿਹਾਲ ਹੁੰਦਿਆਂ ਸੋਚ ਰਿਹਾ ਸਾਂ ਕਿ ਛੱਬੀ ਸਾਲ ਪਹਿਲਾਂ ਛੱਡੇ ਸਾਜ਼ ਚੁੱਕ ਕੇ ਤਾਂ ਦੋਵੇਂ ਗਾਇਕ ਭਰਾ ਬਾਗੋ-ਬਾਗ ਹੋ ਰਹੇ ਹਨ। ਲੇਕਿਨ ਸਦੀਆਂ ਤੋਂ ਚੱਲਿਆ ਆ ਰਿਹਾ ਪਿਤਾ-ਪੁਰਖੀ ਦਸਤਾਰਧਾਰੀ ਸਰੂਪ, ਇਹ ਮੁੜ ਕਦੋਂ ਗ੍ਰਹਿਣ ਕਰਨਗੇ? ਕਲਾਕਾਰ ਸਦਾਉਣ ਲਈ ਤਿਆਗੀ ਸਾਬਤ-ਸੂਰਤ, ਇਨ੍ਹਾਂ ਨੂੰ ਖਿੱਚ ਨਹੀਂ ਪਾਉਂਦੀ ਹੋਵੇਗੀ? ਮਿੱਟੀ ‘ਵਾਜਾਂ ਮਾਰਦੀ ਤਾਂ ਇਨ੍ਹਾਂ ਨੂੰ ਬਹੁਤ ਛੇਤੀ ਸੁਣ ਗਈ, ਪਰ ਕੁਰਲਾਉਂਦੇ ਹੋਏ ਵਿਰਸੇ ਨੂੰ ਇਹ ਕਦੋਂ ਸੁਣਨਗੇ?
ਅੰਤਰਰਾਸ਼ਟਰੀ ਮੰਚ ‘ਤੇ ਪੰਜਾਬੀ ਸੰਗੀਤ ਦੀ ਇਕ ਵੱਖਰੀ ਤੇ ਠੁੱਕਦਾਰ ਪਹਿਚਾਣ ਬਣਾਉਣ ਵਾਲੇ ਇਨ੍ਹਾਂ ਵੀਰਾਂ-ਭੈਣਾਂ ਦੀ ਘਾਲਣਾ ਨੂੰ ਕਤਈ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਪੱਖੋਂ ਇਨ੍ਹਾਂ ਨੂੰ ਥਾਪੜਾ ਦੇਣਾ ਬਣਦਾ ਹੈ ਪਰੰਤੂ ‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ’ ਦੀ ਕਹਾਵਤ ਮੁਤਾਬਕ, ਇਸ ਵਰਗ ਦੀ ਰੀਸੋ-ਰੀਸੀ ਜਿਹੜਾ ਸਿੱਖੀ ਸਰੂਪ ਨੂੰ ਖੋਰਾ ਲੱਗਾ ਹੈ, ਉਹ ਗੁਰੂ ਨਾਨਕ ਦੇ ਸਾਜੇ ਨਿਰਮਲ ਪੰਥ ਦੇ ਹਿਤੈਸ਼ੀਆਂ ਲਈ ਨਾਕਾਬਲੇ ਬਰਦਾਸ਼ਤ ਹੈ। ਖਾਸ ਕਰਕੇ ਪੰਜਾਬ ਖੇਤਰ ਵਿਚ ਜੂੜੇ, ਦਾਹੜੀਆਂ, ਪੱਗਾਂ ਲਗਾਤਾਰ ਅਲੋਪ ਹੁੰਦੀਆਂ ਜਾਣ ਦੇ ਹੋਰ ਵੀ ਕਈ ਕਾਰਨ ਹਨ, ਪਰ ਸਿੱਖ ਪਰਿਵਾਰਾਂ ਨੂੰ ਕੁੰਗੀ ਵਾਂਗ ਲੱਗੀ ਇਸ ਭਿਆਨਕ ਬਿਮਾਰੀ ਨੂੰ ਵਧਾਉਣ ਤੇ ਫੈਲਾਉਣ ਲਈ, ਅਜੋਕੀ ਪੰਜਾਬੀ ਗਾਇਕੀ ਦਾ ਵੀ ਵੱਡਾ ‘ਯੋਗਦਾਨ’ ਹੈ।
ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਸਮੇਤ ਸਮੂਹ ਪੰਜਾਬੀ ਨੌਜਵਾਨਾਂ ਦਾ ਰੋਲ-ਮਾਡਲ ਹੁਣ ਨਾ ਕੋਈ ਦਾਤਾ ਹੈ, ਨਾ ਕੋਈ ਭਗਤ ਅਤੇ ਨਾ ਹੀ ਕੋਈ ਸੂਰਮਾ। ਇਨ੍ਹਾਂ ਦੀ ਜਗ੍ਹਾ ਹੁਣ ਕਾਰਟੂਨਾਂ ਜੈਸੀਆਂ ਸੂਰਤਾਂ ਵਾਲੇ ਗਾਇਕਾਂ ਨੇ ਲੈ ਲਈ ਹੈ। ਗਾਇਕ ਵਰਗ ਦੀ ਇਹ ‘ਮਹਾਨ ਪ੍ਰਾਪਤੀ’ ਵਰਗੀ ਖੁਸ਼ਕਿਸਮਤੀ, ਸਿੱਖ ਘਰਾਣਿਆਂ ਵਾਸਤੇ ਘੋਰ ਬਦਕਿਸਮਤੀ ਹੋ ਨਿਬੇੜੀ ਹੈ। ਜਿਸ ਨੌਜਵਾਨ ਪੀੜ੍ਹੀ ਦਾ ਕੋਈ ‘ਮਹਾਨਾਇਕ’ ‘ਮਸਤੀ ਮਨਾਉਣ’ ਦਾ ਹੋਕਾ ਦਿੰਦਾ, ਕਦੇ ਗੁੱਟ ਨਾਲ ਹਰੀ ਮਾਲਾ ਬੰਨ੍ਹ ਕੇ ਨਕੋਦਰ ਵਾਲੇ ਬਾਬੇ ਦੀ ਜਾ ਚੌਂਕੀ ਭਰੇ, ਕਦੇ ਕਿਸੇ ਗਿਆਰਵੀਂ ਵਾਲੇ ਦੇ ਪੈਰਾਂ ਵਿਚ ਜਾ ਬੈਠੇ ਅਤੇ ਕਦੇ ‘ਸਰਬੰਸ ਦਾਨੀਆ’ ਵੀ ਗਾ ਛੱਡੇ, ਭਲਾ ਉਸ ਦੇ ‘ਫੈਨ’ ਸਦਾਉਣ ਵਾਲਿਆਂ ‘ਤੇ ‘ਆਗਿਆ ਭਈ ਅਕਾਲ ਕੀ…ਗੁਰੂ ਮਾਨਿਓ ਗ੍ਰੰਥ’ ਵਾਲਾ ਦੋਹਿਰਾ ਕਿੰਨਾ ਕੁ ਅਸਰ ਕਰ ਸਕਦਾ ਹੈ? ਜਾਪਦਾ ਹੈ ਕਿ ਗਾਇਕਾਂ ਦਾ ਵਿਰਸੇ ਪ੍ਰਤੀ ਮੋਹ ਵੀ ਮਾਲ ਵੇਚਣ ਦਾ ਇਕ ਸ਼ੋਸ਼ਾ ਹੀ ਹੈ ਵਰਨਾ ਪੰਜਾਬ ਦੀਆਂ ਗਲੀਆਂ ਅਤੇ ਸਰੋਂ ਦੇ ਸਾਗ ਦੀ ਗੱਲ ਕਰਨ ਵਾਲੇ ਗਾਇਕ ਨੂੰ ਕੋਕ ਆਪਣੇ ਗੀਤਾਂ ਵਰਗਾ ਨਾ ਜਾਪਦਾ।
‘ਸਿ਼ਕਾਇਤ ਹੈ ਮੁਝੇ ਯਾ ਰੱਬ ਖੁਦਾ ਵੰਦਾਨਿ-ਮਕਤਬ ਸੇ,
ਕਿ ਸਬਕ ਸ਼ਾਹੀ ਕੇ ਬੱਚੋਂ ਕੋ, ਦੇ ਰਹੇ ਹੈਂ ਖ਼ਾਕ-ਬਾਜ਼ੀ ਕਾ!’
(ਰਾਹਨੁਮਾ ਉਸਤਾਦਾਂ ਵਿਰੁਧ ਸਿ਼ਕਾਇਤ ਹੈ ਜੋ ਬਾਜ਼ ਦੇ ਬੱਚਿਆਂ ਨੂੰ ਇੱਲ੍ਹਾਂ ਦਾ ਕੰਮ, ਭਾਵ ਮੁਰਦਾਰ ਦੀ ਭਾਲ ‘ਚ ਧਰਤੀ ਵਲ ਝਾਕਣਾ ਸਿਖਾ ਰਹੇ ਹਨ- ਡਾ. ਮੁਹੰਮਦ ਇਕਬਾਲ)
ਕੀ ਇਨ੍ਹਾਂ ਤਲਖ ਹਕੀਕਤਾਂ ਤੋਂ ਸਾਡੇ ਗਾਇਕ ਨਾਵਾਕਿਫ ਹਨ? ਕੀ ਉਨ੍ਹਾਂ ਨੂੰ ਸਿੱਖ ਪੰਥ ਨਾਲ ਹਮਦਰਦੀ ਨਹੀਂ? ਜਾਂ ਉਨ੍ਹਾਂ ਨੂੰ ਕੇਸ-ਫਿਲਾਸਫੀ ਦਾ ਗਿਆਨ ਨਹੀਂ?…ਜੀ ਨਹੀਂ, ਉਹ ਸਾਡੇ ਹੀ ਪੁੱਤ ਭਰਾ ਹਨ। ਉਹ ਸਭ ਕੁਝ ਚੰਗੀ ਤਰ੍ਹਾਂ ਜਾਣਦੇ-ਬੁੱਝਦੇ ਹਨ, ਉਨ੍ਹਾਂ ਨੂੰ ਆਪਣੇ ਧਰਮ ਨਾਲ ਪੂਰੀ ਹਮਦਰਦੀ ਹੈ। ਜੇ ਅਜਿਹਾ ਕੁਝ ਨਾ ਹੁੰਦਾ ਤਾਂ ਪੰਜਾਬੀਆਂ ਦਾ ਚਹੇਤਾ ਗਾਇਕ ਬੱਬੂ ਮਾਨ, ਡਰਬੀ (ਇੰਗਲੈਂਡ) ਤੋਂ ਛਪਦੀ ‘ਪੰਜਾਬ ਟਾਈਮਜ਼’ ਅਖ਼ਬਾਰ ਦੇ 1 ਮਈ, 2008 ਵਾਲੇ ਅੰਕ ਦੇ ਸਫਾ 58 ਉਪਰ ਛਪੀ ਹੋਈ ਆਪਣੀ ਇੰਟਰਵਿਊ ਵਿਚ ਇੰਜ ਨਾ ਕਹਿੰਦਾ, “ਬਾਕੀ ਭੈਣ ਭਰਾਵਾਂ ਵਾਂਗ ਮੈਂ ਵੀ ਸਰਦਾਰ ਹਾਂ ਪਰ ਗਾਇਕੀ ਲਾਈਨ ਵਿਚ ਆਉਣ ਕਰਕੇ ਮੈਨੂੰ ਆਪਣੇ ਕੇਸ ਕਟਵਾਉਣੇ ਪਏ ਕਿਉਂਕਿ ਪੱਗ ਵਾਲਾ ਸਰਦਾਰ ਵਿਅਕਤੀ ਨੱਚਦਾ (ਟੱਪਦਾ) ਚੰਗਾ ਨਹੀਂ ਲਗਦਾ। ਜੇਕਰ ਪਰਮਾਤਮਾ ਨੇ ਚਾਹਿਆ ਤਾਂ ਭਵਿੱਖ ਵਿਚ ਮੈਂ ਵੀ ਕੇਸ ਰੱਖ ਕੇ ਅਸਲ ਸਰਦਾਰ ਬਣ ਜਾਵਾਂਗਾ। ਇਕ ਸਰਦਾਰ (ਸਿੱਖ) ਹੋਣ ਕਰਕੇ ਹੀ ਮੈਂ ‘ਪਹਿਲਾਂ ਸਰਦਾਰ ਹਾਂ…’ ਗੀਤ ਲਿਖਣ ਬਾਰੇ ਸੋਚਿਆ…।”
ਪੌਪ ਗਾਇਕ ਦਲੇਰ ਮਹਿੰਦੀ ਤਾਂ ਕੌੜਾ ਸੱਚ ਖੁੱਲ੍ਹ ਕੇ ਬੋਲ ਗਿਆ। ਕੈਨੈਡਾ ਤੋਂ ਛਪਦੀ ‘ਹਮਦਰਦ ਵੀਕਲੀ’ ਦੇ 15 ਅਗਸਤ, 2008 ਵਾਲੇ ਅੰਕ ਵਿਚ ਫਿ਼ਲਮੀ ਐਕਟਰ ਅਕਸ਼ੈ ਕੁਮਾਰ ਦਾ ਪੱਖ ਪੂਰਦਿਆਂ ਉਸਨੇ ਕਿਹਾ, “ਜੇਕਰ ਅਕਸ਼ੈ ਕੁਮਾਰ ਵਿਰੁਧ ਸਿੱਖਾਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ (ਸਿੰਘ ਇਜ਼ ਕਿੰਗ ਫਿ਼ਲਮ ਵਿਚਲੇ ਰੋਲ ਕਾਰਨ) ਤਾਂ ਮੈਂ ਆਪਣੇ ਭਰਾਵਾਂ ਨੂੰ ਇਹ ਕਹਿਣਾ ਹੈ ਕਿ ਉਹ ਉਨ੍ਹਾਂ ਪੰਜਾਬੀ ਗਾਇਕਾਂ ਦੀ ਵਿਰੋਧਤਾ ਵੀ ਕਰਨ ਜੋ ਉਂਜ ਘੋਨੇ-ਮੋਨੇ ਹਨ, ਪਰ ਜਦੋਂ ਸਿੱਖੀ ਪ੍ਰਤੀ ਐਲਬਮਾਂ ਕਰਵਾਉਂਦੇ ਹਨ ਤਾਂ ਉਹ ਸਿਰ ‘ਤੇ ਪੱਗ ਬੰਨ੍ਹ ਕੇ ਬਹਿਰੂਪੀਏ ਬਣ ਜਾਂਦੇ ਹਨ, ਜੇ ਮਾਤਾ ਦੀਆਂ ਭੇਟਾਂ ਦੀ ਕੈਸਟ ਕਰਵਾਉਂਦੇ ਹਨ ਤਾਂ ਗਲ ਵਿਚ ਚੁਨਰੀ ਪਾ ਕੇ ਕੈਸਟ ਦੇ ਰੈਪਰ ‘ਤੇ ਫੋਟੋ ਖਿਚਵਾ ਕੇ ਲਾਉਂਦੇ ਹੋਏ ਸ਼ਰਮ ਮਹਿਸੂਸ ਨਹੀਂ ਕਰਦੇ…।”
ਸਿਰ ‘ਤੇ ਪੱਗ ਬੰਨ੍ਹਦੇ, ਪਰ ਦਾਹੜੀ ਛਾਂਗਦੇ ਦਲੇਰ ਮਹਿੰਦੀ ਨੇ ਇਸੇ ਇੰਟਰਵਿਊ ਵਿਚ ਅੱਗੇ ਕਿਹੈ, “ਮੈਂ ਆਪਣੇ ਨਾਂ ਪਿੱਛੇ ‘ਸਿੰਘ’ ਇਸ ਕਰਕੇ ਨਹੀਂ ਲਾਇਆ ਕਿਉਂਕਿ ਮੈਂ ਵੀ ਅਜੇ ਪੂਰਾ ਸਿੰਘ ਨਹੀਂ ਹਾਂ। ਮੈਂ ਛੇਤੀ ਹੀ ਅੰਮ੍ਰਿਤਪਾਨ ਕਰਕੇ ਸਿੱਖ ਧਰਮ ਦੇ ਪ੍ਰਚਾਰ ਲਈ ਕੰਮ ਕਰਾਂਗਾ…।”
ਪੰਜਾਬੀਆਂ ਦੇ ਪ੍ਰਤੀਕ ‘ਊੜੇ’ ਅਤੇ ਸਿੱਖੀ ਦੇ ‘ਜੂੜੇ’ ਦੇ ਪ੍ਰਚਾਰ-ਪ੍ਰਸਾਰ ਹਿਤ ਸਲਾਹੁਣਯੋਗ ਫਿ਼ਲਮਾਂ ਬਣਾਉਣ ਵਾਲੇ ਐਕਟਰ ਅਤੇ ਡਾਇਰੈਕਟਰ ਸ਼੍ਰੀ ਮੰਗਲ ਢਿੱਲੋਂ ਨੇ ਵੀ 25 ਸਤੰਬਰ, 2008 ਦੇ ‘ਪੰਜਾਬ ਟਾਈਮਜ਼’ (ਡਰਬੀ, ਯੂ. ਕੇ.) ਵਿਚ ਛਪੀ ਇਕ ਖ਼ਬਰ ਅਨੁਸਾਰ ਆਪਣੇ ਚੱਲ ਰਹੇ ਪ੍ਰਾਜੈਕਟ ਮੁਕੰਮਲ ਹੋਣ ‘ਤੇ ਦਾਹੜੀ ਕੇਸ ਰੱਖ ਲੈਣ ਅਤੇ ਅੰਮ੍ਰਿਤਪਾਨ ਕਰ ਲੈਣ ਦਾ ਵਾਅਦਾ ਕੀਤਾ ਹੋਇਆ ਹੈ। ਇਟਲੀ ਦੀ ਗੋਰੀ (ਅੰਗਰੇਜ਼) ਲੜਕੀ ਨਾਲ ਵਿਆਹਿਆ ਹੋਣ ਦੇ ਬਾਵਜੂਦ, ਸੁੰਦਰ, ਸਾਦੀ ਦਸਤਾਰ ਸਜਾ ਕੇ ਖੁੱਲ੍ਹੀ ਦਾਹੜੀ ਰੱਖਣ ਵਾਲਾ ਸੁਪ੍ਰਸਿੱਧ ਗਾਇਕ ਰੱਬੀ ਸ਼ੇਰਗਿੱਲ, ਊੜੇ ਅਤੇ ਜੂੜੇ ਦੇ ਵਿਸ਼ਵ ਵਿਆਪੀ ਸੰਕਟ ਦਾ ਦਰਦ ਮੰਨਦਾ ਹੋਇਆ ਇਨ੍ਹਾਂ ਕਰੁਣਾਮਈ ਸ਼ਬਦਾਂ ਰਾਹੀਂ ਵਿਲਕਦਾ ਹੈ,
“…ਸਾਡੀ ਭਾਸ਼ਾ ਮਰ ਰਹੀ ਹੈ, ਸਾਡਾ ਸੱਭਿਆਚਾਰ ਮਰ ਰਿਹਾ ਹੈ, ਸਾਡਾ ਭਾਈਚਾਰਾ ਮਰਦਾ ਜਾ ਰਿਹੈ…(ਅਜਿਹੀ ਹਾਲਤ ਵਿਚ) ਮੈਂ ਆਪਣੇ ਆਪ ਨੂੰ ਰਾਜਨੀਤਕ ਤੌਰ ‘ਤੇ ਸਹੀ ਸਾਬਤ ਕਰਨ ਲਈ, ਇਸ ਸਾਰੇ ਕੁਝ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦਾ ਹਾਂ? ਸਿੱਖ ਪੱਖੀ ਹੋਣ ਦਾ ਅਰਥ ਫਿਰਕੂ ਜਾਂ ਕਿਸੇ ਫਿਰਕੇ ਦਾ ਵਿਰੋਧੀ ਹੋਣਾ ਨਹੀਂ ਹੁੰਦਾ।” ਜਦੋਂ ਉਸਨੂੰ ਪੁੱਛਿਆ ਗਿਆ ਕਿ ‘ਆਵੇਂਗੀ ਕਿ ਨਹੀਂ’ ਤੋਂ ਬਾਅਦ ਅਗਲੀ ਐਲਬਮ ਕਦੋਂ ਕੁ ਤਿਆਰ ਕਰ ਰਹੇ ਹੋ? ਤਾਂ ਉਸਨੇ ਉਲਟਾ ਸਵਾਲ ਕੀਤਾ, “ਜੇ ਤੁਹਾਡੇ ਘਰ ਨੂੰ ਅੱਗ ਲੱਗੀ ਹੋਵੇ ਤਾਂ ਤੁਹਾਨੂੰ ਐਲਬਮਾਂ ਸੁੱਝਣਗੀਆਂ?”
ਇਟਲੀ ਦੀ ਇਕ ਲੋਕ-ਕਥਾ ਅਨੁਸਾਰ ਉਥੇ ਕਿਸੇ ਕਸਬੇ ਵਿਚ ਇਕ ਵਾਰ ਚੂਹਿਆਂ ਦੀ ਭਰਮਾਰ ਹੋ ਗਈ। ਜੀਵ-ਹੱਤਿਆ ਤੋਂ ਡਰਦੇ ਲੋਕ ਚੂਹਿਆਂ ਨੂੰ ਮਾਰਨ ਵੀ ਨਾ। ਪਰ ਚੂਹਿਆਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ। ਕਸਬਾ ਵਾਸੀਆਂ ਨੇ ਦੁਖੀ ਹੋ ਕੇ ਇਕ ਸੰਗੀਤਕਾਰ ਨੂੰ ਆਪਣੀ ਮੁਸੀਬਤ ਦੱਸੀ। ਦਰਦਮੰਦ ਸੰਗੀਤਕਾਰ ਨੇ ਜਦੋਂ ਸਮੱਸਿਆ ਹੱਲ ਕਰਨ ਦੀ ਹਾਮੀ ਭਰੀ ਤਾਂ ਲੋਕਾਂ ਨੇ ਖੁਸ਼ ਹੋ ਕੇ ਉਸ ਨੂੰ ਮੂੰਹ ਮੰਗੀ ਰਕਮ ਦੇਣ ਦਾ ਵਚਨ ਦਿੱਤਾ। ਕਹਿੰਦੇ ਨੇ ਸੰਗੀਤਕਾਰ ਕੋਈ ਸਾਜ਼ ਲੈ ਕੇ ਐਸੀਆਂ ਧੁਨਾਂ ਵਜਾਉਂਦਾ ਹੋਇਆ ਕਸਬੇ ਦੀ ਗਲੀ-ਗਲੀ ਘੁੰਮਿਆ ਕਿ ਤਮਾਮ ਚੂਹੇ ਮੰਤਰ-ਮੁਗਧ ਹੋ ਕੇ ਉਸਦੇ ਪਿੱਛੇ ਲੱਗ ਤੁਰੇ। ਅੱਗੇ-ਅੱਗੇ ਸਾਜ਼ ਵਜਾਉਂਦਾ ਉਹ ਪਹਾੜਾਂ ਵਲ ਚਲਾ ਗਿਆ। ਮਗਰੇ-ਮਗਰ ਸਾਰੇ ਚੂਹੇ। ਪਹਾੜਾਂ ਵਿਚ ਪਹੁੰਚ ਕੇ ਉਸਨੇ ਸਾਜ਼ ਵਜਾਉਣਾ ਇਕਦਮ ਬੰਦ ਕਰ ਦਿੱਤਾ। ਜਦ ਚੂਹਿਆਂ ਨੂੰ ਚੜ੍ਹਿਆ ਹੋਇਆ ‘ਰਾਗ ਦਾ ਨਸ਼ਾ’ ਉਤਰਿਆ ਤਾਂ ਲੱਗ ਪਏ ਵਿਚਾਰੇ ਇਧਰ-ਉਧਰ ਝਾਕਣ। ਉਨ੍ਹਾਂ ਨੂੰ ਬਿਗਾਨੇ ਇਲਾਕੇ ਵਿਚ ਭਟਕਦੇ ਛੱਡ ਕੇ, ਸੰਗੀਤਕਾਰ ਵਾਪਸ ਆ ਕੇ ਲੋਕਾਂ ਕੋਲੋਂ ਮਿਹਨਤਾਨੇ ਵਜੋਂ ਰਕਮ ਮੰਗਣ ਲੱਗਾ। ਸਮੱਸਿਆ ਖਤਮ ਹੋਈ ਜਾਣ ਕੇ ਲੋਕਾਂ ਨੇ ਸੰਗੀਤਕਾਰ ਨੂੰ ਟਰਕਾ ਦਿੱਤਾ। ਪ੍ਰੇਸ਼ਾਨ ਹੋਇਆ ਸੰਗੀਤਕਾਰ ਮੁੜ ਪਹਾੜਾਂ ਵਲ ਚਲਾ ਗਿਆ। ਕੋਈ ਹੋਰ ਧੁਨਾਂ ਵਜਾ ਕੇ ਉਸਨੇ ਸਾਰੇ ਚੂਹੇ ਫਿਰ ਇਕੱਠੇ ਕਰ ਲਏ ਤੇ ਕਸਬੇ ਵਿਚ ਲਿਆ ਵਾੜੇ।
ਕਿੰਨਾ ਚੰਗਾ ਹੋਵੇ ਜੇ ਸਿੱਖ ਘਰਾਣਿਆਂ ਵਿਚ ਜਨਮੇ ਪੰਜਾਬੀ ਗਾਇਕ ਕੋਈ ਐਸੀਆਂ ਧੁਨਾਂ ਵਜਾਉਣ, ਕੋਈ ਐਸਾ ਬੋਲ ਅਲਾਪਣ ਕਿ ਸ੍ਰੀ ਕੇਸਗੜ੍ਹ ਦੀ ਫਿਲਾਸਫੀ ਤੋਂ ਇਨਕਾਰੀ ਹੋਇਆ ਨੌਜਵਾਨ ਤਬਕਾ ਮੁੜ ਆਪਣੇ ਵਿਰਸੇ ਨੂੰ ਪਹਿਚਾਣ ਲਵੇ। ਉਨ੍ਹਾਂ ‘ਕੱਲੇ ਊੜੇ ਦੀ ਉਪਮਾ ਬਥੇਰੀ ਕਰ ਲਈ, ਹੁਣ ਜ਼ਰਾ ‘ਜੂੜੇ’ ਦੀ ਸ਼ੋਭਾ ਦੇ ਗੀਤ ਵੀ ਗਾ ਦੇਣ। ਪਰ ਜੂੜੇ ਦੇ ਗੀਤ ਉਨ੍ਹਾਂ ਦੇ ਮੂੰਹੋਂ ਤਾਂ ਹੀ ਜਚਣਗੇ, ਜੇ ਉਨ੍ਹਾਂ ਦੇ ਆਪਣੇ ਸਿਰਾਂ ‘ਤੇ ਜੂੜੇ/ਪੱਗ ਸ਼ੋਭਦੇ ਹੋਏ। ‘ਦਿਲ ਆਪਣਾ ਪੰਜਾਬੀ’ ਦਾ ਡੌਰੂ ਵਜਾਉਣ ਵਾਲੇ, ਕਿਸੇ ਇਤਿਹਾਸਕਾਰ ਤੋਂ ਪੁੱਛਣ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਪਹਿਲਾਂ ਦੇ ਕੋਈ ਦੋ-ਚਾਰ ਪੰਜਾਬੀਆਂ ਦੇ ਨਾਂ ਦੱਸੇ, ਜਿਨ੍ਹਾਂ ਨੇ ਤਾਰੀਖ ਵਿਚ ਆਪਣਾ ਨਾਂ ਦਰਜ ਕਰਾਇਆ ਹੋਵੇ।
ਭਾਈ ਗੁਰਦਾਸ ਦੇ ਕਥਨ ‘ਪੰਜਾਬੈ ਗੁਰ ਦੀ ਵਡਿਆਈ’ ਦੀ ਰੌਸ਼ਨੀ ਵਿਚ ਕ੍ਰਿਪਾ ਕਰਕੇ ਊੜੇ ਦੇ ਨਾਲ-ਨਾਲ ਜੂੜੇ ਦੀ ਸਲਾਮਤੀ ਦੇ ਵੀ ਨਗਮੇ ਗਾਓ।
ਤਰਲੋਚਨ ਸਿੰਘ ਦੁਪਾਲਪੁਰ