ਵਿਦੇਸ਼ ਵਿਚ ਰਹਿੰਦੇ ਆਪਣੇ ਧੀਆਂ-ਪੁੱਤਾਂ ਵਲੋਂ ਬੁਲਾਏ ਹੋਏ ਬਜ਼ੁਰਗਾਂ ਦੀ ਮਹਿਫਿਲ ਵਿਚ ਕੁਝ ਪਲ ਗੁਜ਼ਾਰਨ ਦਾ ਮੌਕਾ ਮਿਲਿਆ। ਉਮਰ ਦਾ ਵੱਡਾ ਹਿੱਸਾ ਆਪਣੀ ਜੰਮਣ-ਭੁਇੰ ਅਤੇ ਪਿਤਾ-ਪੁਰਖੀ ਸੱਭਿਆਚਾਰ ਵਿਚ ਬਤੀਤ ਕਰ ਆਏ ਇਨ੍ਹਾਂ ਬਾਬਿਆਂ ਵਿਚ ਇਕ ਬਾਪੂ ਬੜੇ ਜੋਸ਼ੀਲੇ ਢੰਗ ਨਾਲ ਵਿਦੇਸ਼ ਦੇ ਨਿਸ਼ੰਗਪੁਣੇ ਨੂੰ ਪਾਣੀ ਪੀ-ਪੀ ਕੋਸ ਰਿਹਾ ਸੀ। ਹੱਥ ਵਿਚ ਫੜੀ ਡੰਗੋਰੀ ਕਦੇ-ਕਦੇ ਉਤਾਂਹ ਨੂੰ ਉਲਾਰ ਕੇ ਉਹ ਪਰਦੇਸ ‘ਚ ਆਈਆਂ ਦੇਸੀ ਬੀਬੀਆਂ ਦੇ ਬਦਲੇ ਹੋਏ ਪਹਿਰਾਵੇ ਅਤੇ ਇਥੋਂ ਦੇ ਮੁੰਡੇ-ਕੁੜੀਆਂ ਦੀਆਂ ਮਨ-ਮਰਜ਼ੀਆਂ ਦੀ ਖੂਬ ਭੰਡੀ ਕਰ ਰਿਹਾ ਸੀ। ਖਾਸ ਕਰਕੇ ਘਰਾਂ ਵਿਚ ਚੱਤੋ ਪਹਿਰ ਚਲਦੇ ਟੀ. ਵੀ. ਵਿਰੁਧ ਉਹ ਇੰਜ ਚਿੱਥ-ਚਿੱਥ ਕੇ ਬੋਲ ਰਿਹਾ ਸੀ ਜਿਵੇਂ ਉਹ ਸਾਰੇ ਟੀ. ਵੀ. ਸੈਟਾਂ ਨੂੰ ਆਪਣੀ ਸੋਟੀ ਨਾਲ ਹੁਣੇ ਭੰਨ ਸੁੱਟਣਾ ਚਾਹੁੰਦਾ ਹੋਵੇ। ਉਹਦੀ ਜਾਚੇ ਦੇਸੀ ਪਰਿਵਾਰਾਂ ਨੂੰ ਬਦਰੰਗ ਕਰਨ ਦੀ ‘ਕਰਤੂਤ’ ਇਸ ਨਿਖਸਮੇ ਟੀ. ਵੀ. ਦੀ ਹੀ ਸੀ। ਉਸਦੇ ਬੋਲਣ-ਚੱਲਣ ਦੇ ਅੰਦਾਜ਼, ਕੱਦ-ਕਾਠ ਅਤੇ ਆਪਣੇ ਪੁੱਤਾਂ-ਨੂੰਹਾਂ, ਪੋਤੇ-ਪੋਤੀਆਂ ਵਿਰੁਧ ਕੱਢੀ ਭੜਾਸ ਨੇ ਮੇਰੇ ਚੇਤਿਆਂ ਵਿਚ ਸੁੱਤੇ ਪਏ ਉਹਦੇ ਵਰਗੇ ਹੀ ਇਕ ਬਜ਼ੁਰਗ ਨੂੰ ਉਠਾਲ ਲਿਆਂਦਾ।
ਇਸ ਬਾਪੂ ਦਾ ਮੇਰੇ ਚੇਤਿਆਂ ਵਿਚ ਵਸੇ ਬਜ਼ੁਰਗ ਨਾਲੋਂ ਫਰਕ ਸਿਰਫ ਇਹੀ ਸੀ ਕਿ ਇਹ ਪਰਦੇਸ ‘ਚ ਆ ਕੇ ਵਿਦੇਸ਼ੀ ਕਲਚਰ ਅਤੇ ਟੀ. ਵੀ. ਨੂੰ ਦੇਸੀਆਂ ਲਈ ਜ਼ਹਿਰ ਦੀ ਪੁੜੀ ਦੱਸ ਰਿਹਾ ਸੀ ਜਦਕਿ ਉਹ ਬਾਬਾ ਆਪਣੇ ਸਮਿਆਂ ‘ਚ ਦੇਸ ਬੈਠਾ ਹੀ ਰੇਡੀਓ ਦਾ ਜਾਨੀ ਦੁਸ਼ਮਣ ਬਣਿਆ ਹੋਇਆ ਸੀ। ਅਜੋਕੀ ਪਰਿਵਾਰਕ ਟੁੱਟ-ਭੱਜ ਅਤੇ ਹੋਰ ਕਈ ਵਿਗਾੜਾਂ ਲਈ ਵਿਦੇਸ਼ ਆਇਆ ਬਾਪੂ ਟੀ. ਵੀ. ਨੂੰ ਹੀ ਪੁਆੜੇ ਦੀ ਜੜ੍ਹ ਮੰਨੀ ਬੈਠਾ ਸੀ। ਇਵੇਂ ਹੀ ਉਹ ਬਾਬਾ ਕਿਹਾ ਕਰਦਾ ਸੀ ਕਿ ਜਿਸ ਘਰ ਰੇਡੀਓ ਆ ਵੜਿਆ, ਸਮਝੋ ਉਸ ਟੱਬਰ ਵਿਚ ‘ਨ੍ਹੇਰੀ ਝੁੱਲੀ ਕਿ ਝੁੱਲੀ।’ ਉਹਦੇ ਭਾਅ ਦਾ ਰੇਡੀਓ ਘਰੇ ਲਿਆਉਣਾ ਆਫ਼ਤ ਖਰੀਦਣ ਬਰਾਬਰ ਸੀ।
ਬਹੁਤ ਨੇੜਲੇ ਪਰਿਵਾਰ ਵਿਚੋਂ ਹੋਣ ਕਰਕੇ ਸਾਨੂੰ ਇਸ ਬਾਪੂ ਦੀਆਂ ਸਾਰੀਆਂ ਅੱਲੋਕਾਰੀਆਂ ਗੱਲਾਂ ਦੀ ਜਾਣਕਾਰੀ ਬਰਾਬਰ ਮਿਲਦੀ ਰਹਿੰਦੀ ਸੀ। ਲੰਮੀ ਉਮਰ, ਚੰਗੀ ਸਿਹਤ ਅਤੇ ਰੋਅਬ-ਦਾਬ ਵਾਲੀ ਦਰਸ਼ਨੀ ਸ਼ਖਸੀਅਤ ਵਾਲਾ ਇਹ ਬਾਬਾ ਗਾਲੜੀ ਵੀ ਸਿਰੇ ਦਾ ਸੀ।
ਪੁਰਾਤਨ ਗੁਰਸਿੱਖਾਂ ਵਾਂਗ ਇਹ ਹਮੇਸ਼ਾ ਚਿੱਟੀ ਕਮੀਜ਼, ਅੰਮ੍ਰਿਤਸਰੀ ਚਿੱਟਾ ਪਜਾਮਾ, ਗੂੜ੍ਹੀ ਨੀਲੀ ਫੱਬਵੀਂ ਦਸਤਾਰ ਅਤੇ ਗਲ ਵਿਚ ਸਾਫਾ ਪਾ ਕੇ ਰੱਖਦਾ। ਪੁੱਤਰਾਂ-ਨੂੰਹਾਂ, ਪੋਤਰੇ ਤੇ ਪੋਤ-ਨੂੰਹਾਂ ਅਤੇ ਪੜਪੋਤਰਿਆਂ ਦੇ ਭਰੇ-ਭੁਕੁੰਨੇ ਪਰਿਵਾਰ ਵਿਚ ਇਹ ਬੜੇ ਠਾਠ ਨਾਲ ਬੁਢਾਪੇ ਦੇ ਦਿਨ ਗੁਜ਼ਾਰ ਰਿਹਾ ਸੀ। ਘਰ ਦੇ ਇੱਕੋ-ਇਕ ਮੁੱਖ ਦਰਵਾਜ਼ੇ ਮੋਹਰੇ ਵਗਦੀ ਗਲੀ ਦੀ ਨੁੱਕਰ ਨਾਲ ਬਣੀ ਹੋਈ ਹਵੇਲੀ, ਇਸ ਦਾ ਬੈਡ ਰੂਮ-ਕਮ-ਡਰਾਇੰਗ ਰੂਮ ਸੀ। ਇਨ੍ਹਾਂ ਦੇ ਘਰ ਆਉਣ-ਜਾਣ ਵਾਲਿਆਂ ਅਤੇ ਗਲੀ ਵਿਚੋਂ ਲੰਘਣ ਵਾਲੇ ਹਰੇਕ ਵੱਡੇ-ਛੋਟੇ ਨੂੰ ਹਵੇਲੀ ‘ਚ ਬੈਠੇ ਇਸ ਬਜ਼ੁਰਗ ਦੀ ਸਕਿਓਰਿਟੀ ਚੈਕ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ। ਕੌਣ ਐਂ ਤੂੰ? ਕਿਥੇ, ਕੀ ਕਰਨ ਚੱਲਿਆਂ? ਵਰਗੇ ਸਵਾਲਾਂ ਦੇ ਨਾਲ-ਨਾਲ ਲੋਕਾਂ ਕੋਲੋਂ ਕਦੀ-ਕਦੀ ਇਹ ਬੇਲੋੜੀਆਂ ‘ਨਿਜੀ ਗੱਲਾਂ’ ਵੀ ਪੁੱਛਣ ਲੱਗ ਪੈਂਦਾ। ਆਏ-ਗਏ ਕਈ ਜਣੇ ਇਹਦਾ ਖੰਘੂਰਾ ਸੁਣ ਕੇ ਹੀ ‘ਆਤਮ ਸਮਰਪਣ’ ਕਰ ਦਿੰਦੇ।
‘ਤੂੰ ਕੌਣ? ਮੈਂ ਖਾਹ-ਮਖਾਹ’ ਵਾਲੇ ਅਖਾਣ ਨੂੰ ਰੂਪਮਾਨ ਕਰਨ ਵਾਲੀ ਇਸ ਬਾਪੂ ਦੀ ਆਪ ਬੀਤੀ ਸੁਣ ਲਓ। ਕਿਤੇ ਦਿਨ ਢਲੇ ਇਹ ਖੇਤ ਬੰਨੇ ਗੇੜਾ ਮਾਰ ਕੇ ਘਰ ਨੂੰ ਵਾਪਸ ਤੁਰਿਆ ਆ ਰਿਹਾ ਸੀ। ਸਰਕਾਰੀ ਸਕੂਲ ਤੋਂ ਛੁੱਟੀ ਹੋਣ ਉਪਰੰਤ ਇਕ ਨੌਜਵਾਨ ਟੀਚਰ ਲੇਡੀ-ਸਾਈਕਲ ਲੈ ਕੇ ਬਾਪੂ ਦੇ ਕੋਲੋਂ ਲੰਘਣ ਲੱਗੀ। ਰਸਤਾ ਕੱਚਾ ਅਤੇ ਰੇਤਲਾ ਹੋਣ ਕਾਰਨ ਉਹ ਸਾਈਕਲ ਤੋਂ ਉਤਰ ਕੇ ਇਹਦੇ ਨਾਲ-ਨਾਲ ਤੁਰ ਪਈ। ਕਿੱਲਾ, ਦੋ ਕਿੱਲੇ ਦੀ ਵਾਟ ਤੁਰਦਿਆਂ ਇਸ ਨੇ ਟੀਚਰ ਕੋਲੋਂ ਉਸਦਾ ਸਾਰਾ ‘ਕੁਰਸੀਨਾਮਾ’ ਪੁੱਛ ਲਿਆ। ਦੂਰ-ਦਰਾਜ ਇਲਾਕੇ ਦੀ ਕੁਆਰੀ ਕੁੜੀ, ਕੱਲੀ-ਕਾਰੀ ਕਿਸੇ ਓਪਰੇ ਪਿੰਡ ‘ਚ ਰਿਹਾਇਸ਼, ਮੱਕੀਆਂ-ਚਰ੍ਹੀਆਂ ਵਿਚੋਂ ਸਾਈਕਲ ‘ਤੇ ਰੋਜ਼ ਸਕੂਲੇ ‘ਕੱਲੀ ਜਾਂਦੀ….’ ਇਹ ਅਨੋਖੀ ਜਾਣਕਾਰੀ ਲੈ ਕੇ ਹੱਕਾ-ਬੱਕਾ ਹੋਇਆ ਬਜ਼ੁਰਗ ਉਸਨੂੰ ਹੈਰਤ ਨਾਲ ਪੁੱਛਣ ਲੱਗਾ, “ਕੁੜੇ ਮੱਲਾ, ਤੇਰੇ ਮਾਂ-ਪਿਓ, ਭਰਾ ਹੈਗੇ ਆ?” ਕੁੜੀ ਮੂੰਹੋਂ ‘ਹਾਂ ਬਾਬਾ ਜੀ ਹੈਗੇ ਨੇ’ ਸੁਣ ਕੇ ਬਾਪੂ ਨਫਰਤ ਨਾਲ ਥੁੱਕ ਕੇ ਬੋਲਿਆ, “ਹੂੰ! ਅਖੇ ਹੈਗੇ ਆ…ਮਰਿਓ ਕਹੁ ਸਹੁਰਿਆਂ ਨੂੰ। ਜਿਹੜੇ ਵਰੁ-ਪ੍ਰਾਪਤ ਧੀ ਨੂੰ ਅੱਖਾਂ ਤੋਂ ਪਰ੍ਹੇ ਕਰੀ ਬੈਠੇ ਐ।”
ਰੇਡੀਓ ਖਿਲਾਫ਼ ਵਿੱਢੇ ਹੋਏ ਪ੍ਰਾਪੇਗੰਡੇ ਦੀਆਂ ਅਜੀਬੋ-ਗਰੀਬ ਮਿਸਾਲਾਂ ਪੜ੍ਹਨ ਤੋਂ ਪਹਿਲਾਂ ਇਸ ਬਾਪੂ ਦੇ ਅੱਖੜ ਸੁਭਾਅ ਦੀਆਂ ਕੁਝ ਹੋਰ ਵੰਨਗੀਆਂ ਦੇਖੋ। ਗਲੀ ਵਿਚ ਆਏ ਇਕ ਫੇਰੀ ਵਾਲੇ ਨੇ ਹੋਕਾ ਦਿੱਤਾ, ‘ਟੁੱਟਿਆ ਕੱਚ, ਬੋਤਲਾਂ, ਪੁਰਾਣਾ ਲੋਹਾ, ਟੁੱਟੇ ਛਿੱਤਰ, ਕੰਡਮ ਟੈਰ-ਟਿਊਬਾਂ ਵੇਚ ਲਓ ਜੀ।” ਇਸ ਫੇਰੀ ਵਾਲੇ ਨੂੰ ਕੋਲ ਸੱਦ ਕੇ ਬਾਪੂ ਕਹਿੰਦਾ, “ਓਏ ਮੁੰਡਿਆ, ਤੁਹਾਨੂੰ ਸ਼ਰਮ ਹੈ ਈ ਨੀ ਭੋਰਾ ਭਰ? ਸਹੁਰਿਆ, ਕੈਂਹਾਂ, ਗਹਿਣੇ-ਗੱਟੇ ਜਾਂ ਪਿੱਤਲ-ਤਾਂਬੇ ਦੀ ਖਰੀਦੋ-ਫਰੋਖਤ ਕਰ ਲੈ। ਆਹ ਗੰਦਖਾਨਾ ‘ਕੱਠਾ ਕਰਕੇ ਸਿਰ ‘ਚ ਮਾਰਨਾ ਤੈਂ?” ਬਾਪੂ ਦੇ ਇਕ ਪੋਤਰੇ ਨੇ ਘਰ ਵਿਚ ਹੀ ਕਰਿਆਨੇ ਦੀ ਦੁਕਾਨ ਪਾ ਲਈ। ਕੁਝ ਦਿਨਾਂ ਬਾਅਦ ਕੋਈ ਫੇਰੇ ਵਾਲਾ ਗਲੀ-ਗਲੀ ਹੋਕਾ ਦਿੰਦਾ ਹੋਇਆ ਇਨ੍ਹਾਂ ਦੇ ਦਰਾਂ ਮੋਹਰਿਓਂ ਲੰਘਣ ਲੱਗਾ। ਜਦ ਉਸਨੇ ‘ਚਾਹ-ਪੱਤੀ, ਖੰਡ, ਹਲਦੀ, ਧਨੀਆ, ਮਸਾਲਾ, ਸਾਬਣ-ਸੋਢਾ ਲੈ ਲਓ’ ਦਾ ਹੋਕਾ ਦਿੱਤਾ ਤਾਂ ਬਾਪੂ ਨੂੰ ਗੁੱਸਾ ਚੜ੍ਹ ਗਿਆ। ਉਹਦੀ ਨਕਲ ਲਾਉਂਦਿਆਂ ਖਿਝ ਕੇ ਕਹਿੰਦਾ, “ਉਹ ਭਾਈ, ਤੂੰ ਜੁ ਤੌਲੇ ਵਰਗਾ ਸਿਰ ਕੱਢ ਕੇ ਪਿੰਡਾਂ ‘ਚ ਹਲਦੀ-ਮਸਾਲੇ ਵੇਚਣ ਤੁਰ ਪਿਐਂ?…ਆਹ ਜਿਹੜੇ ਪਿੰਡਾਂ ਵਿਚ ਹੱਟੀਆਂ ਪਾ ਕੇ ਤੇਰੇ ਪਿਓ ਬੈਠੇ ਐ… ਇਹ ਤੇਰੀ ਮਾਂ ਦਾ ਸਿਰ ਵੇਚ ਕੇ ਰੋਟੀ ਖਾਣਗੇ?”
ਫੱਟੀ-ਬਸਤੇ ਚੁੱਕੀ ਸਕੂਲਾਂ ਨੂੰ ਪੜ੍ਹਨ ਜਾਂਦੇ ਨਿਆਣਿਆਂ ਨਾਲ ਬਾਪੂ ਨੂੰ ਬਹੁਤ ਚਿੜ੍ਹ ਸੀ। ਇਹ ਕਹਿੰਦਾ ਹੁੰਦਾ ਸੀ ਕਿ ਸਕੂਲੇ ਜਾਣ ਨਾਲੋਂ ਨਿਆਣਿਆਂ ਨੂੰ ਪਿੰਡ ਦੇ ਭਾਈ ਕੋਲੋਂ ‘ਬਾਲ ਉਪਦੇਸ਼’ ਪੜ੍ਹ ਕੇ ‘ਪੰਜ ਗ੍ਰੰਥੀ’ ਦੀ ਸੰਥਿਆ ਲੈਣੀ ਚਾਹੀਦੀ ਹੈ, ਬੱਸ। ਉਨ੍ਹਾਂ ਨੂੰ ਟਿੱਚਰਾਂ ਕਰਦਿਆਂ ਬਾਪੂ ਕਹਿੰਦਾ, “ਇਨ੍ਹਾਂ ਦੇ ਜਣਦਿਆਂ ਨੇ ਕਦੇ ਕਾਣੀ ਕੌਡੀ ਨਹੀਂ ਦੇਖੀ ਹੋਣੀ। ਜੁਆਕ ਸਕੂਲਾਂ ‘ਚ ਬੈਠੇ ਕਿੱਲ੍ਹ-ਕਿੱਲ੍ਹ ਕੇ ਕਹੀ ਜਾਂਦੇ ਐ, ਅੱਠ ਹਜ਼ਾਰ ਵਿਚੋਂ ਪੰਜ ਹਜ਼ਾਰ ਘਟਾਓ।” ਸਾਂਗ ਲਾ ਕੇ ਬਾਪੂ ਨੇ ਖਿੜਖਿੜਾ ਕੇ ਹੱਸਦਿਆਂ ਮਖੌਲ ਕਰਨਾ, “ਪਤੰਦਰਾਂ ਦੇ ਪੱਲੇ ਹੈ ਨੀ ਧੇਲਾ ਵੀ।”
ਉਨ੍ਹਾਂ ਸਮਿਆਂ ਵਿਚ ਰੇਡੀਓ ਕਿਸੇ ਵਿਰਲੇ-ਟਾਵੇਂ ਘਰ ਹੀ ਹੁੰਦਾ ਸੀ। ਪੇਂਡੂ ਲੋਕਾਂ ਵਿਚ ਰੇਡੀਓ ਨੂੰ ਫਜ਼ੂਲ-ਖਰਚੀ ਦੇ ਨਾਲ-ਨਾਲ ਫੈਸ਼ਨਪ੍ਰਸਤੀ ਅਤੇ ਨਿਆਣਿਆਂ ਨੂੰ ਵਿਗਾੜਨ ਵਾਲਾ ‘ਸੰਦ’ ਹੀ ਸਮਝਿਆ ਜਾਂਦਾ ਸੀ ਕਿਉਂਕਿ ਉਦੋਂ ਇਸਦਾ ਸਾਲਾਨਾ ਲਾਇਸੰਸ ਭਰਨ ਤੋਂ ਇਲਾਵਾ ਚੜ੍ਹੇ ਮਹੀਨੇ ਸੈਲ ਵੀ ਖਰੀਦਣੇ ਪੈਂਦੇ ਸਨ। ਦੁਕਾਨ ਦੇ ਗਾਹਕਾਂ ਬਹਾਨੇ ਬਾਪੂ ਦੇ ਪੋਤਰੇ ਨੇ ਰੇਡੀਓ ਲੈ ਆਂਦਾ। ਜਿਵੇਂ ਕਿਵੇਂ ਕਹਿ-ਕਹਾ ਕੇ ਬਾਪੂ ਦਾ ਗੁੱਸਾ ਤਾਂ ਠੰਢਾ ਕਰ ਲਿਆ, ਪਰ ਉਸ ਨੇ ਰੇਡੀਓ ਨਾਲ ਆਢਾ ਲਾ ਲਿਆ। ਪਿੰਡਾਂ ‘ਚ ਆਮ ਤੌਰ ‘ਤੇ ਜਲੰਧਰ ਰੇਡੀਓ ਸਟੇਸ਼ਨ ਦੇ ਪ੍ਰੋਗਰਾਮ ਹੀ ਜਿ਼ਆਦਾਤਰ ਸੁਣੇ ਜਾਂਦੇ ਸਨ। ਰੇਡੀਓ ਕਲਾਕਾਰ ਹਰਬੰਸ ਸਿੰਘ ਖੁਰਾਣਾ ਅਤੇ ਉਸਦੀ ਸਾਥਣ ਰਸ਼ਮੀ ਖੁਰਾਣਾ ਵਲੋਂ ਵੱਖ-ਵੱਖ ਸਮਾਜਿਕ ਵਿਸਿ਼ਆਂ ‘ਤੇ ਹਰ ਹਫਤੇ ਝਲਕੀ-ਨੁਮਾ ਨਾਟਕ ਪੇਸ਼ ਕੀਤਾ ਜਾਂਦਾ। ਇਸ ਵਿਚ ਸ. ਖੁਰਾਣਾ ਦੀ ਪਤਨੀ ਦਾ ਰੋਲ ਕਰ ਰਹੀ ਰਸ਼ਮੀ ਨੇ ਜਦੋਂ ਤਿੱਖੇਪਣ ਵਿਚ ਘਰ ਵਾਲੇ ਨੂੰ ‘ਕਾਕੇ ਦੇ ਬਾਊ ਜੀ, ਕੰਨ ਖੋਲ੍ਹ ਕੇ ਸੁਣ ਲਓ।’ ਆਖਣਾ ਤਾਂ ਬਾਪੂ ਦਾ ਪਾਰਾ ਹਾਈ ਹੋ ਜਾਣਾ, “ਦੇਖ ਕਿੱਦਾਂ ਕੈਂਚੀ ਵਾਂਗ ਲੁਤਰੋ (ਜੀਭ) ਚਲਦੀ ਐ… ਚੂੰਡੀ ‘ਤੇ ਫੜਕੇ, ਤੜਕੇ ਦੀ ਚੱਕੀ ਪੀਹਣ ਲਾਈ ਹੋਵੇ… ਦਿਨ ਚੜ੍ਹੇ ਪਸ਼ੂਆਂ ਦਾ ਗੋਹਾ-ਕੂੜਾ ਚੁੱਕ ਕੇ, ਖੇਤਾਂ ਨੂੰ ਰੋਟੀ ਲੈ ਕੇ ਜਾਣਾ ਪਵੇ, ਫੇਰ ਆਵੇ ਅਕਲ ਟਿਕਾਣੇ।”
ਅੱਗਿਓਂ ਜਦੋਂ ਹਰਬੰਸ ਸਿੰਘ ਖੁਰਾਣੇ ਨੇ ਪਿਆਰ ਨਾਲ ‘ਬੇਗਮ ਸਾਹਬਾ-ਬੇਗਮ ਸਾਹਬਾ’ ਆਖਣਾ ਤਾਂ ਬਾਪੂ ਨੇ ਢਾਂਗੂ ਧਰਤੀ ‘ਤੇ ਮਾਰਦਿਆਂ ਖਫਾ ਹੋਣਾ। “ਮੁਜ਼ੂ… ਸਾਲਾ ਰੰਨ ਮਰੀਦ! ਗੁਤਨੀ ਫੜ੍ਹ ਕੇ ਬੁਥਾੜ ਨੀ ਭੰਨਦਾ ਮੋਹਰੇ ਟੌਂਕਰਦੀ ਦਾ।” ਸਤੇ ਹੋਏ ਨੇ ਟੱਬਰ ਦੇ ਜੀਆਂ ਨੂੰ ਝਿੜਕਾਂ ਮਾਰਦਿਆਂ ਆਖਣਾ, “ਓਏ ਐਸ ਸੁਗਾਤ (ਰੇਡੀਓ ਸੈਟ) ਨੂੰ ਢੇਰਾਂ ‘ਚ ਸੁੱਟ ਆਓ, ਨਹੀਂ ਤਾਂ ਏਹੀ ਕੁਝ ਸਾਡੇ ਘਰ ਵੀ ਹੋਣ ਲੱਗ ਪੈਣਾ ਐ।” ਸਵੇਰੇ ਸਵਾ ਨੌਂ ਕੁ ਵਜੇ ਜਦੋਂ ਰੇਡੀਓ ਤੋਂ ਕਲਾਸੀਕਲ ਸੰਗੀਤ ਚੱਲ ਪੈਣਾ ਤਾਂ ਨਿਆਣੇ ਰੇਡੀਓ ਬੰਦ ਕਰ ਦਿੰਦੇ। ਬਾਪੂ ਨੇ ਝਈਆਂ ਲੈ-ਲੈ ਪੈਣਾ, “ਊਟ-ਪਟਾਂਗ, ਖੇਹ-ਸੁਆਹ ਸਾਰਾ ਦਿਨ ਬਥੇਰਾ ਸੁਣੀ ਜਾਂਦੇ ਐ, ਜਦ ‘ਸੁਣਨ ਵਾਲੀ ਚੀਜ਼’ ਆਉਂਦੀ ਐ ਤਾਂ ਰੇਡੂਏ ਦਾ ਗਲ ਘੁੱਟ ਦਿੰਦੇ ਐ ਪਤੰਦਰ।”
ਡਾਕਖਾਨੇ ਦਾ ਕੋਈ ਅਧਿਕਾਰੀ ਰੇਡੀਓ ਲਾਇਸੈਂਸ ਚੈਕ ਕਰਨ ਵਾਸਤੇ ਇਨ੍ਹਾਂ ਦੇ ਘਰੇ ਆ ਗਿਆ। ਹਵੇਲੀ ਬੈਠੇ ਬਾਪੂ ਨੂੰ ਉਸਨੇ ਲਾਇਸੈਂਸ ਬਾਰੇ ਪੁੱਛ ਲਿਆ। ਬਾਪੂ ਨੇ ਚੁੱਕ ਲਿਆ ਢਾਂਗੂ, “ਓਏ ਤੂੰ ਉਹੀ ਐਂ, ਜਿਹੜਾ ਤੀਵੀਆਂ ਨੂੰ ਭੂਹੇ ਚੜ੍ਹਾਉਨੈਂ?” ਕਦੇ ਉਸਨੂੰ ਪੁੱਛੇ ਕਿ ਤੂੰ ਠੰਢੂ ਰਾਮ ਐਂ ਕਿ ਭਾਈਆ ਜੀ? ਹੱਥ ਜੋੜਦਿਆਂ ਜਦ ਉਸ ਅਧਿਕਾਰੀ ਨੇ ਦੱਸਿਆ ਕਿ ਬਾਬਾ ਜੀ ਮੈਂ ਤਾਂ ਡਾਕਖਾਨਿਓਂ ਆਇਆ ਹਾਂ ਤਾਂ ਬਜ਼ੁਰਗ ਦੂਜੇ ਰੁਖ ਹੋ ਗਿਆ, “ਫੇਰ ਤੂੰ ਮਾਮਾ ਲੱਗਦੈਂ ਸਾਡੇ ਰੇਡੂਏ ਦਾ? ਤੈਨੂੰ ਚੰਦਾ ਕੇਹਾ ਦੇਈਏ ਅਸੀਂ?… ਲੁਟੇਰੇ ਕਿਸੇ ਥਾਂ ਦੇ।”
ਦੁਕਾਨ ਦੇ ਬਾਹਰਵਾਰ ਕੰਧ ‘ਤੇ ਗੱਡੀ ਹੋਈ ਕੀਲੀ ਨਾਲ ਲਟਕਦਾ ਰੇਡੀਓ ਸਾਰਾ ਦਿਨ ਵੱਜਦਾ ਰਹਿੰਦਾ। ਦੁਪਹਿਰੇ ਸਾਢੇ ਬਾਰਾਂ ਵਜੇ ਬੀਬੀਆਂ ਦੇ ਪ੍ਰੋਗਰਾਮ ‘ਤ੍ਰਿੰਞਣ’ ਵਿਚ ਜਦੋਂ ਭੈਣਾਂ ਨੇ ਇਕ ਦੂਜੀ ਨਾਲ ਹਾਸਾ-ਮਸ਼ਕੂਲਾ ਕਰਨਾ ਤਾਂ ਬਾਪੂ ਝੱਟ ਲੋਹਾ-ਲਾਖਾ ਹੋ ਜਾਂਦਾ, “ਤਾਂ ਹੀ ਸਿਆਣਿਆਂ ਨੇ ਗੁੱਤ ਪਿੱਛੇ ਮੱਤ ਲਿਖੀ ਹੋਈ ਐ… ਆਹੀ ਕੁਝ ਸਿਖਾਲਣਾ ਨੂੰਹਾਂ-ਧੀਆਂ ਨੂੰ, ਇਨ੍ਹਾਂ ਪ੍ਰਧਾਨਾਂ ਨੇ।” ਸ਼ਾਮ ਦੇ ਦਿਹਾਤੀ ਪ੍ਰੋਗਰਾਮ ਵਿਚ ਜਦੋਂ ਠੰਢੂ ਰਾਮ ਹੋਰਾਂ ਜਾਣ ਲੱਗਿਆਂ ‘ਮੌਸਮ ਦਾ ਹਾਲ’ ਸੁਣਾਉਣਾ, ਇਧਰ ਬਾਪੂ ਦੀ ਬੁੜ ਬੁੜ ਸ਼ੁਰੂ ਹੋ ਜਾਣੀ, “ਹੂੰ! ਦੇਖ ਕਿੱਦਾਂ ਕੁਫਰ ਤੋਲਣ ਡਹੇ ਐ।… ਜਿੱਦਾਂ ਕਿਤੇ ਇੰਦਰ ਦੇਵਤੇ ਦੇ ਸਲਾਹੂ ਲਗੇ ਹੋਣ।”
ਆਪਣੀਆਂ ਰਵਾਇਤਾਂ, ਆਪਣੇ ਵਿਰਸੇ ਲਈ ਰੇਡੀਓ ਨੂੰ ਖਤਰਾ ਸਮਝਣ ਵਾਲਾ ਇਹ ਬਜ਼ੁਰਗ, ਇਸੇ ਚਿੰਤਾ ਵਿਚ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਕਿ ਰੇਡੀਓ ਨੇ ਸਾਡੇ ਟੱਬਰਾਂ ਨੂੰ ਪੁੱਠੀਆਂ ਪੱਟੀਆਂ ਪੜ੍ਹਾ ਦਿੱਤੀਆਂ। ਇਕ ਤਾਂ ਉਹ ਹੁੰਦੇ ਹਨ, ‘ਜੋ ਬਦਲ ਜਾਤੇ ਹੈਂ ਜ਼ਮਾਨੇ ਕੇ ਸਾਥ’ ਲੇਕਿਨ ਬਹੁਤੇ ਉਤਲੇ ਬਜ਼ੁਰਗ ਦੀ ਨਿਆਈਂ, ਹਾਲਾਤ ਨਾਲ ਸਮਝੌਤਾ ਕਰਨਾ ਹੀ ਨਹੀਂ ਚਾਹੁੰਦੇ। ਅਜਿਹੇ ਬਾਬਿਆਂ ‘ਤੇ ਇਹ ਤੁਕਾਂ ਖੂਬ ਢੁਕਦੀਆਂ ਨੇ:
‘ਜੱਗ ਹੀ ਬਦਲ-ਬਦਲ ਫਿਰ ਬਦਲੇ,
ਸਰਮੱਦ ਨਾ ਸੁਕਰਾਤ ਬਦਲਦੇ।’
ਮੂੰਹ ਜ਼ੋਰ ਸਮਿਆਂ ਦੇ ਨਿਤ ਬਦਲਦੇ ਰੰਗ-ਢੰਗ ਦੇਖ ਕੇ ਅਡੋਲ ਖੜ੍ਹੇ ਪਿੱਪਲਾਂ, ਬੋਹੜ ਬਰੋਟਿਆਂ ਵਰਗੇ ਇਨ੍ਹਾਂ ਬਾਬਿਆਂ ਦੇ ਸਿਰੜ ਅੱਗੇ ਸਿਰ ਝੁਕਦਾ ਹੈ।
ਤਰਲੋਚਨ ਸਿੰਘ ਦੁਪਾਲਪੁਰ