Wednesday, October 6, 2010

ਕਲੀ ਅੰਦਰ ਨਾਨਕਾ ਜਿੰਨਾ ਦਾ ਅਉਤਾਰ…!

ਚੰਡੀਗੜ੍ਹ ਦੇ ਨਾਲ ਵਸਦਾ ਸ਼ਹਿਰ ਮੋਹਾਲੀ, ਜਿਸ ਦਾ ਕਾਗਜ਼ੀਂ-ਪੱਤਰੀਂ ਨਾਂ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜੋ ਕਿ ਦਸਵੇਂ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਦੇ ਮੁਬਾਰਕ ਨਾਮ ‘ਤੇ ਰੱਖਿਆ ਗਿਆ ਸੀ। ਘੁੱਗ ਵਸਦੇ ਇਸ ਸ਼ਹਿਰ ਦੀ ਇਕ ਆਲੀਸ਼ਾਨ ਤਿੰਨ ਮੰਜ਼ਲੀ ਕੋਠੀ। ਅਮੀਰ ਸਰਦਾਰਾਂ ਦੇ ਇਸ ਘਰ ਵਿਚ ਸਫਾਈ ਕਰਨ ਵਾਲੀ ਇਕ ਗਰੀਬਣੀ ਔਰਤ ਰੋਜ਼ ਦੀ ਤਰ੍ਹਾਂ ਸਵੇਰ ਦੇ ਟਾਈਮ ਇਸ ਕੋਠੀ ਅੱਗੇ ਜਾ ਖੜ੍ਹੀ ਹੋਈ। ਅੱਗੇ ਤਾਂ ਅੰਦਰ ਵੜਨ ਲਈ ਉਸ ਨੂੰ ਘੰਟੀ ਦਾ ਬਟਨ ਨੱਪਣਾ ਪੈਂਦਾ ਸੀ ਜਾਂ ਗੇਟ ਖੜਕਾਉਣਾ ਪੈਂਦਾ ਸੀ ਪਰ ਅੱਜ ਗੇਟ ਚੁਪੱਟ ਖੁੱਲ੍ਹਾ ਪਿਆ ਸੀ। ਗੱਡੀ ਦੇ ਟਾਇਰਾਂ ਦੀਆਂ ਘਾਸਾਂ ਦੇਖ ਕੇ ਉਸ ਨੇ ਅੰਦਾਜ਼ਾ ਲਾਇਆ ਕਿ ਵੱਡੇ ਸਰਦਾਰ ਜੀ ਕਿਸੇ ਜ਼ਰੂਰੀ ਕੰਮ ਸੁਵਖਤੇ ਹੀ ਨਿਕਲ ਗਏ ਹੋਣਗੇ। ਗੇਟ ਬੰਦ ਕਰਕੇ ਉਹ ਅੰਦਰ ਵਲ ਤੁਰ ਪਈ। ਅੱਜ ਟੀ.ਵੀ. ‘ਤੇ ਚੱਲ ਰਹੇ ਕੀਰਤਨ ਦੀ ਆਵਾਜ਼ ਵੀ ਨਹੀਂ ਸੀ ਆ ਰਹੀ। ਸ਼ਾਇਦ ਬੀਬੀ ਜੀ ਢਿੱਲੇ-ਮੱਠੇ ਹੋਣਗੇ ਜਾਂ ਫਿਰ ਉਹ ਸਰਦਾਰ ਜੀ ਦੇ ਨਾਲ ਹੀ ਚਲੇ ਗਏ ਹੋਣਗੇ। ਨਿਆਣੇ ਕਿੱਥੇ ਕੀਰਤਨ ਸੁਣਦੇ ਹਨ… ਉਹ ਤਾਂ ਦਸ ਦਸ ਵਜੇ ਤੱਕ ਆਪੋ-ਆਪਣੇ ਕਮਰਿਆਂ ‘ਚ ਸੁੱਤੇ ਰਹਿੰਦੇ ਹਨ। ਬੀਬੀ ਜੀ ‘ਵਾਜ਼ਾਂ ਮਾਰ ਮਾਰ ਜਗਾਉਂਦੇ ਹੁੰਦੇ ਨੇ।

ਮਨ ਹੀ ਮਨ ਇਨ੍ਹਾਂ ਦਲੀਲਾਂ ਵਿਚ ਉਲਝੀ ਕੰਮ ਵਾਲੀ ਔਰਤ ਨੇ ਸ਼ੋਸ਼ਪੰਜ ਜਿਹੀ ਵਿਚ ਡਰਾਇੰਗ ਰੂਮ ਦਾ ਦਰਵਾਜ਼ਾ ਖੋਲ੍ਹਿਆ। ਅੰਦਰ ਵੜਦਿਆਂ ਸਾਰ ਜੋ ਦ੍ਰਿਸ਼ ਉਹਦੇ ਸਾਹਮਣੇ ਆਇਆ, ਉਸ ਵਲ ਦੇਖਦਿਆਂ ਉਹਦਾ ਮੂੰਹ ਅੱਡਿਆ ਰਹਿ ਗਿਆ। ਖੂਨ ਨਾਲ ਲੱਥ-ਪੱਥ ਕਾਰਪੈਟ। ਤੇ ਮੂਧੇ ਮੂੰਹ ਡਿੱਗੀ ਪਈ ਫਿੱਸੇ ਹੋਏ ਸਿਰ ਵਾਲੀ ਬੀਬੀ ਜੀ ਦੀ ਲਾਸ਼…।

ਕੰਮ ਵਾਲੀ ਜ਼ਨਾਨੀ ਪਾਗਲਾਂ ਵਾਂਗ ਚੀਕਾਂ ਮਾਰਦੀ ਬਾਹਰ ਵਲ ਦੌੜੀ। ਉਸਨੂੰ ਸੁੱਝੇ ਕੁਝ ਨਾ ਕਿ ਉਹ ਕੀ ਕਹਿ ਕੇ ਸ਼ੋਰ ਮਚਾਵੇ। ਰੋਂਦੀ-ਕੁਰਲਾਉਂਦੀ, ਡਿਗਦੀ-ਢਹਿੰਦੀ ਨੇ ਗੁਆਂਢੀਆਂ ਦਾ ਗੇਟ ਖੜਕਾਇਆ। ਉਸਦਾ ਚੀਕ-ਚਿਹਾੜਾ ਸੁਣ ਕੇ ਆਂਢ-ਗੁਆਂਢ ਦੇ ਹੋਰ ਲੋਕ ਵੀ ਸਰਦਾਰਾਂ ਦੀ ਕੋਠੀ ਵਲ ਭੱਜੇ ਆਏ। ਘਬਰਾਈ ਹੋਈ ਔਰਤ ਦੇ ਮੂੰਹੋਂ ‘ਖੂਨ-ਖੂਨ’ ਸੁਣ ਕੇ, ਪੁਲਿਸ ਬੁਲਾ ਲਈ ਗਈ।

ਮੁਹੱਲੇ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਪੁਲਿਸ ਅਫਸਰਾਂ ਨੇ ਕੋਠੀ ਦੀ ਛਾਣ-ਬੀਣ ਸ਼ੁਰੂ ਕੀਤੀ। ਅੰਦਰ ਇਕੱਲੀ ਬੀਬੀ ਜੀ ਹੀ ਨਹੀਂ, ਸਗੋਂ ਹੋਰ ਵੀ ਭਾਣੇ ਵਰਤੇ ਹੋਏ ਸਨ। ਇਕ ਕਮਰੇ ਵਿਚ ਸਰਦਾਰ ਜੀ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ। ਦੂਜੇ ਕਮਰੇ ਵਿਚ ਉਨ੍ਹਾਂ ਦਾ ਬਜ਼ੁਰਗ ਬਾਪ ਢੇਰੀ ਹੋਇਆ ਪਿਆ ਸੀ। ਨਾਲ ਦੇ ਕਮਰੇ ਵਿਚ ਬੀਬੀ ਜੀ ਦੀ ‘ਪਲੱਸ-ਟੂ’ ਕਰ ਰਹੀ ਨੌਜਵਾਨ ਧੀ ਦੀ ਲਾਸ਼ ਵੀ ਲਹੂ ਦੇ ਛੱਪੜ ਵਿਚ ਪਈ ਸੀ।

ਚੌਹਾਂ ਦੇ ਹੀ ਸਿਰ ਭੰਨੇ ਪਏ ਸਨ, ਜਿਵੇਂ ਮਾਰਨ ਵਾਲੇ ਨੇ ਬੇ-ਪਛਾਣ ਕਰਨ ਦੀ ਕੋਸਿ਼ਸ਼ ਕੀਤੀ ਹੋਵੇ। ਕੋਲ ਹੀ ਸੋਫੇ ਉਪਰ ਖੂਨ ਨਾਲ ਲਿਬੜੀ ਲੋਹੇ ਦੀ ਰਾਡ ਪਈ ਸੀ। ਹਮਲਾਵਰ ਨੇ ਸ਼ਾਇਦ ਇਸੇ ਰਾਡ ਨੂੰ ਹਥਿਆਰ ਵਜੋਂ ਵਰਤਿਆ ਹੋਵੇਗਾ। ਇਹ ਦਰਦਨਾਕ ਦ੍ਰਿਸ਼ ਸਭ ਤੋਂ ਪਹਿਲਾਂ ਦੇਖਣ ਵਾਲੀ ਉਸ ‘ਕੰਮ ਵਾਲੀ’ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇੰਜ ਇਸ ਚੌਹਰੇ ਕਤਲ ਕਾਂਡ ਦੀ ਜਾਂਚ ਪੜਤਾਲ ਸ਼ੁਰੂ ਹੋ ਗਈ।

ਭੈਅ-ਭੀਤ ਕਰ ਦੇਣ ਵਾਲੀ ਇਹ ਅਪਰਾਧ ਕਥਾ ਇਥੋਂ ਤੱਕ ਪੜ੍ਹ ਕੇ ਪਾਠਕਾਂ ਨੇ ਅੰਦਾਜ਼ਾ ਲਾਇਆ ਹੋਵੇਗਾ ਕਿ ਇਹ ਅਮੀਰ ਪਰਿਵਾਰ ਕਿਸੇ ਖੂੰਖਾਰ ਲੁਟੇਰੇ ਗ੍ਰੋਹ ਦਾ ਸਿ਼ਕਾਰ ਬਣਿਆ ਹੋਵੇਗਾ। ਕਈਆਂ ਨੂੰ ਇਸ ਕਤਲ-ਕਾਂਡ ਵਿਚ ਨੌਕਰਾਣੀ ਦਾ ਹੱਥ ਹੋਣ ਦੀ ਸ਼ੱਕ ਵੀ ਪਈ ਹੋਵੇਗੀ। ਪਰ ਸਥਾਨਕ ਪੁਲਿਸ ਦੀ ਮੁਢਲੀ ਜਾਂਚ ਨੇ ਅਜਿਹੇ ਸਾਰੇ ਸ਼ੱਕ-ਸੁਬ੍ਹੇ ਦੂਰ ਕਰ ਦਿੱਤੇ। ਇਸ ਖੂਨੀ-ਕਾਰੇ ਪਿਛਲੇ ਹੱਥ ਬਾਰੇ ਪੜ੍ਹ-ਸੁਣ ਕੇ ਸਿਰ ਚਕਰਾਉਂਦਾ ਹੈ… ਕੰਬਣੀ ਛਿੜਦੀ ਹੈ ਅਤੇ ਕਲੇਜਾ ਮੂੰਹ ਨੂੰ ਆਉਂਦਾ ਹੈ। ਦਿਲਾਂ ‘ਤੇ ਹੱਥ ਰੱਖ ਕੇ ਇਸ ਭਿਆਨਕ ਕਾਰੇ ਦੇ ਹੋਰ ਤੱਥਾਂ ਬਾਰੇ ਵੀ ਪੜ੍ਹ ਲਓ।

ਇਸ ਅਭਾਗੇ ਟੱਬਰ ਵਿਚ ਕਿਸੇ ਵੇਲੇ ਜਿਹੜੇ ਪੁੱਤ ਜੰਮੇ ਦੀਆਂ ਬੀਬੀ ਜੀ ਅਤੇ ਸਰਦਾਰ ਜੀ ਨੇ ਚਾਈਂ-ਚਾਈਂ ਵਧਾਈਆਂ ਲਈਆਂ ਹੋਣਗੀਆਂ, ਲੋਹੜੀ ਵੰਡੀ ਹੋਏਗੀ, ਉਸੇ ਲਾਡਲੇ ਦੇ ਪਿਸਤੌਲ ਦੀਆਂ ਗੋਲੀਆਂ, ਦੋਹਾਂ ਦੀ ਜਾਨ ਦਾ ਖੌਅ ਬਣ ਗਈਆਂ। ਬਾਬਾ ਜੀ ਨੇ ਜਿਸ ਪੋਤਰੇ ਦੇ ਜਨਮ ਮੌਕੇ ‘ਵਧੀ ਵੇਲ’ ਦੀਆਂ ਮੁਬਾਰਕਾਂ ਕਬੂਲਦਿਆਂ ਲਾਗੀਆਂ ਅਤੇ ਗਰੀਬ-ਗੁਰਬਿਆਂ ਦੀਆਂ ਝੋਲੀਆਂ ਭਰੀਆਂ ਹੋਣਗੀਆਂ, ਉਸੇ ਪੋਤਰੇ ਹੱਥੋਂ ਰਾਡਾਂ ਨਾਲ ਮੂੰਹ ਭੰਨਾਉਂਦਿਆਂ ਬਾਬਾ ਵੀ ਅਣਿਆਈ ਮੌਤੇ ਮਾਰਿਆ ਗਿਆ। ਨਿੱਕੀ ਭੈਣ, ਜੋ ਕਦੇ ਸਿਹਰੇ ਸਜਾਈ ਜਾਂਦੇ ਆਪਣੇ ਵੀਰ ਦੀਆਂ ਵਾਗਾਂ ਫੜ ਕੇ ਪਿੱਛੇ-ਪਿੱਛੇ ਘੋੜੀਆਂ ਗਾਉਣ ਦੀਆਂ ਰੀਝਾਂ ਪੂਰੀਆਂ ਕਰਨੀਆਂ ਲੋਚਦੀ ਹੁੰਦੀ ਸੀ, ਅੱਜ ਉਸੇ ਵੀਰ ਦੇ ਕੁਲਹਿਣੇ ਹੱਥ ਕੁਆਰੀ ਕੰਜਕ ਭੈਣ ਦੇ ਖੂਨ ਨਾਲ ਰੰਗੇ ਗਏ।

ਦਾਦੇ, ਮਾਂ-ਬਾਪ ਅਤੇ ਭੈਣ ਕੋਲੋਂ ਇਹੋ ਜਿਹਾ ਕਿਹੜਾ ਕਸੂਰ ਹੋ ਗਿਆ ਜਿਸ ਦੀ ਉਨ੍ਹਾਂ ਨੂੰ ਇਤਨੀ ਸਖਤ ਸਜ਼ਾ ਦੇ ਦਿੱਤੀ ਗਈ? ਉਹ ਕਿਹੜਾ ਕਾਰਨ ਬਣਿਆ ਜਿਸ ਨੇ ਇਕ ਇਨਸਾਨ ਨੂੰ ਹੈਵਾਨ ਬਣਾ ਦਿੱਤਾ? ਘਰ ਦਾ ਚਿਰਾਗ ਹੀ ਜਿੰਨ-ਭੂਤਨਿਆਂ ਵਾਂਗੂੰ ਆਦਮ-ਬੋ, ਆਦਮ-ਬੋ ਕਰਦਾ ਚੌਂਹ ਜੀਆਂ ਦਾ ਹਤਿਆਰਾ ਕਿਉਂ ਬਣ ਗਿਆ? ਇਨ੍ਹਾਂ ਸਵਾਲਾਂ ਦੇ ਉਤਰ ਪੁਲਿਸ ਅਧਿਕਾਰੀਆਂ ਵਲੋਂ ਬੜੀ ਬਰੀਕ-ਬੀਨੀ ਨਾਲ ਕੀਤੀ ਗਈ ਜਾਂਚ-ਪੜਤਾਲ ਵਿਚੋਂ ਲੱਭ ਕੇ ਤੀਏ-ਤਰਾਫੂਆਂ ਦੇ ਦਿਲਾਂ ਨੂੰ ਵੀ ਹੌਲ ਪੈਂਦੇ ਹਨ।

ਇਨ੍ਹਾਂ ਚਾਰੇ ਬੇਦੋਸ਼ੇ ਜੀਆਂ ਦੇ ਕਾਤਲ ਮੁੰਡੇ ਨੂੰ ਉਹੀ ਦੌਰਾ ਪਿਆ, ਜਿਸਦਾ ਸਿ਼ਕਾਰ ਅਜੋਕੀ ਛੋਕਰ-ਖੇਲ੍ਹ ਬਹੁ-ਗਿਣਤੀ ਵਿਚ ਬਣੀ ਹੀ ਹੋਈ ਹੈ। ਮਾਂ-ਬਾਪ ਸੌ-ਸੌ ਜ਼ਫਰ ਜਾਲ ਕੇ ਧੀਆਂ-ਪੁੱਤਰਾਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲਾਂ, ਕਾਲਜਾਂ ਜਾਂ ਹੋਰ ਉਚ-ਵਿਦਿਅਕ ਅਦਾਰਿਆਂ ਵਿਚ ਵਿਦਿਆ-ਪ੍ਰਾਪਤੀ ਲਈ ਭੇਜਦੇ ਹਨ। ਮਾਪਿਆਂ ਨੇ ਅਜਿਹੇ ਬੱਚਿਆਂ ‘ਤੇ ਸੌ-ਸੌ ਉਮੀਦਾਂ ਰੱਖੀਆਂ ਹੁੰਦੀਆਂ ਹਨ। ਲੇਕਿਨ ਇੱਜ਼ਤਦਾਰ ਮਾਪਿਆਂ ਨੂੰ ਉਦੋਂ ਹੱਥਾਂ-ਪੈਰਾਂ ਦੀਆਂ ਪੈ ਜਾਂਦੀਆਂ ਹਨ, ਜਦੋਂ ਉਨ੍ਹਾਂ ਦੇ ਲਾਡਲੇ- ਲਾਡਲੀਆਂ, ਕੋਈ ਸਰਟੀਫਿਕੇਟ, ਡਿਪਲੋਮਾ ਜਾਂ ਡਿਗਰੀ ਘਰੇ ਲਿਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਵਿਆਹ ਕਰਵਾਉਣ ਦੇ ‘ਫੈਸਲੇ’ ਸੁਣਾ ਦਿੰਦੇ ਹਨ। ਆਮ ਤੌਰ ‘ਤੇ ਬੇ-ਮੁਹਾਰੀ ਜਵਾਨੀ ਦੇ ਅਜਿਹੇ ਫੈਸਲੇ ‘ਰੁਪੈ ਕਾਮੈ ਦੋਸਤੀ’ ਵਾਲੇ ਹੀ ਹੁੰਦੇ ਹਨ ਜਿਨ੍ਹਾਂ ‘ਤੇ ਰਜ਼ਾਮੰਦੀ ਪ੍ਰਗਟਾਉਣ ਤੋਂ ਸੂਝਵਾਨ ਮਾਪੇ ਹਿਚਕਚਾਉਂਦੇ ਹਨ। ਬੱਸ ਇੱਥੋਂ ਹੀ ਕਲੇਸ਼ ਦਾ ਮੁੱਢ ਬੱਝ ਜਾਂਦਾ ਹੈ ਜੋ ਕਈ ਵਾਰ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ।

ਏਹੀ ਕੁਝ ਮੋਹਾਲੀ ਦੇ ਇਸ ਕਰਮਾਂ ਮਾਰੇ ਪਰਿਵਾਰ ਨਾਲ ਹੋਇਆ। ਕੁਝ ਅਪੁਸ਼ਟ ਖਬਰਾਂ ਅਨੁਸਾਰ ਮੁੰਡਾ ਆਪਣੇ ਨਾਲ ਪੜ੍ਹਦੀ ‘ਸਾਥਣ’ ਦੀ ਫਰਮਾਇਸ਼ ਅਨੁਸਾਰ ਆਪਣੀ ਪਹਿਲੀ ਕਾਰ ਦੀ ਥਾਂ ਕੋਈ ਹੋਰ ਮਹਿੰਗੀ ਗੱਡੀ ਖਰੀਦਣਾ ਚਾਹੁੰਦਾ ਸੀ। ਨਾਲ ਹੀ ਇਸ ਸਾਥਣ ਨਾਲ ਵਿਆਹ ਕਰਾਉਣ ਲਈ ਮਾਪਿਆਂ ‘ਤੇ ਜ਼ੋਰ ਪਾ ਰਿਹਾ ਸੀ। ਦੋਹਾਂ ਮੰਗਾਂ ਬਾਰੇ ਮਾਂ-ਬਾਪ ਦੀ ਆਨਾ-ਕਾਨੀ ਦੇਖ ਕੇ ਮੁੰਡੇ ਨੂੰ ਕ੍ਰੋਧ ਦਾ ਦੂਸਰਾ ਜਿੰਨ ਵੀ ਆ ਚਿੰਬੜਿਆ, ਇਸ਼ਕ ਵਾਲ਼ਾ ਭੂਤ ਤਾਂ ਉਹਦੇ ‘ਤੇ ਪਹਿਲੋਂ ਹੀ ਸਵਾਰ ਸੀ। ਸੋ ਦੋ-ਭੂਤਨਿਆਂ ਨੇ ਰਲ ਕੇ ਖੂਨ ਦੀ ਹੋਲੀ ਖੇਡਦਿਆਂ, ਵਸਦੇ-ਰਸਦੇ ਟੱਬਰ ਨੂੰ ਖ਼ਾਕ ਵਿਚ ਮਿਲਾ ਦਿੱਤਾ।

ਮੋਹਾਲੀ ਤੋਂ ਹੀ ਇਕ ਪੱਤਰਕਾਰ ਮਿੱਤਰ ਨੇ ਇਹ ਲਹੂ-ਭਿੱਜਾ ਵੇਰਵਾ ਦਿੰਦਿਆਂ ਆਖਿਆ ਕਿ ਰਾਜਧਾਨੀ ਦੇ ਨੱਕ ਹੇਠ ਹੋਣ ਕਾਰਨ ਅਤੇ ਕਤਲੋ-ਗਾਰਤ ਵਿਚ ਬਹੁਤੇ ਜੀਆਂ ਦੀ ਜਾਹ-ਜਾਂਦੀ ਹੋਣ ਸਦਕਾ ਮੀਡੀਏ ਵਿਚ ਇਹ ਦੁਖਦਾਈ ਖ਼ਬਰ ਪ੍ਰਮੁੱਖਤਾ ਨਾਲ ਛਾਈ ਰਹੀ। ਵਰਨਾ ਪੰਜਾਬੀ ਅਖ਼ਬਾਰਾਂ ਤਾਂ ਰੋਜ਼ਾਨਾ ਹੀ ਐਸੀਆਂ ਹੈਰਤ-ਅੰਗੇਜ਼ ਘਟਨਾਵਾਂ ਨਾਲ ਭਰੀਆਂ ਰਹਿੰਦੀਆਂ ਹਨ ਜੋ ਕਿ ਪੰਜਾਬ ਦੇ ਵਿਰਸੇ ‘ਤੇ ਕਲੰਕ ਹੀ ਕਹੀਆਂ ਜਾ ਸਕਦੀਆਂ ਹਨ। ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਮੁੰਡੇ-ਕੁੜੀਆਂ ਵਲੋਂ ਮਨਮਰਜ਼ੀ ਦੇ ਰਿਸ਼ਤੇ ਗੰਢਣ ਦੀ ਗੱਲ ਤੋਂ ਅਗਾਂਹ ਟੱਪਦਿਆਂ, ਹੁਣ ਇਹ ਲੀਹ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਵੀ ਕਰਨ ਲੱਗ ਪਈ ਹੈ। ਹੁਣ ਪਿੰਡਾਂ ਦੇ ਮੁੰਡੇ-ਕੁੜੀਆਂ, ਗਲ਼ੀ-ਗੁਆਂਢ ਵਿਚ ਹੀ ਅਣ-ਕਿਆਸੀਆਂ ਖੁੱਲ੍ਹਾਂ ਮਾਨਣ ਦੇ ਕੁਰਾਹ ਤੁਰ ਪਏ ਹਨ।

ਸਮਾਜਿਕ ਮਰਿਆਦਾ ਦੀ ਤੋੜ-ਭੰਨ ਅਤੇ ਪੰਜਾਬ ਦੇ ਅਣਖੀਲੇ ਸਭਿਆਚਾਰ ‘ਤੇ ਚੜ੍ਹਦੇ ਜਾਂਦੇ ਬੇ-ਗੈਰਤੀ ਦੇ ਰੰਗ ਤੋਂ ਚਿੰਤਾਤੁਰ ਹੋਏ ਇਸ ਪੱਤਰਕਾਰ ਭਰਾ ਨੇ ਇਸ ਮਸਲੇ ਵਿਚ ਕਾਨੂੰਨਨ-ਪੁਸ਼ਤਪਨਾਹੀ ਦਾ ਜਿ਼ਕਰ ਕਰਦਿਆਂ ਦੱਸਿਆ ਕਿ ਅਦਾਲਤੀ ਹੁਕਮ ‘ਤੇ ਪੰਜਾਬ ਸਰਕਾਰ ਨੇ ਹਰੇਕ ਜਿ਼ਲ੍ਹਾ ਸਦਰ ਮੁਕਾਮ ‘ਤੇ ‘ਪ੍ਰੋਟੈਕਸ਼ਨ ਹੋਮਜ਼’ ਸਥਾਪਤ ਕੀਤੇ ਹਨ। ਜਿੱਥੇ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ‘ਜੋੜੇ’ ਰੈਣ-ਬਸੇਰਾ ਕਰ ਸਕਣਗੇ। ਮਤਲਬ ਕਿ ਖੱਜਲ ਖੁਆਰੀ ਅਤੇ ਬਦਨਾਮੀ ਵਾਲਾ ਇਹ ਰਾਹ ਚੁਣਨ ਲਈ ਅੱਲੜ੍ਹ ਮੁੰਡੇ-ਕੁੜੀਆਂ ਦੀ ਹੌਂਸਲਾ ਅਫਜ਼ਾਈ ਕਾਨੂੰਨ ਤੇ ਸਰਕਾਰ ‘ਰਲ ਕੇ’ ਕਰਨਗੇ। ਇਸ ਪੱਤਰਕਾਰ ਨੇ ਇਹ ਵੀ ਕਿਹਾ ਕਿ ਸਾਰੇ ਮੀਡੀਏ ਨੂੰ ਅਣਖਾਂ ਖਾਤਰ ਕੀਤੇ ਗਏ ਕਤਲ ਤਾਂ ਨਜ਼ਰ ਆਉਂਦੇ ਹਨ ਪਰ ਛੋਕਰਖਾਨੇ ਵਲੋਂ ਮਾਂ-ਪਿਓ ਦੀਆਂ ਸੱਧਰਾਂ ਦੇ ਕਤਲ ਕਦੇ ਨਜ਼ਰ ਨਹੀਂ ਆਉਂਦੇ। ਫਿਰ ਉਸ ਕਿਹਾ, ਮੈਂ ਇਹ ਨਹੀਂ ਕਹਿੰਦਾ ਕਿ ਤਥਾ ਕਥਿਤ ਅਣਖ ਲਈ ਕਿਸੇ ਧੀ ਪੁੱਤ ਦਾ ਕਤਲ ਕਰਨਾ ਜਾਇਜ਼ ਹੈ। ਮਾਪਿਆਂ ਨੂੰ ਵੀ ਧੀ ਪੁੱਤ ਦੀ ਸੁਣਨੀ ਚਾਹੀਦੀ ਹੈ।

ਪੰਜਾਬ ਦੇ ਧਾਰਮਿਕ ਰੰਗਣ ਵਾਲੇ ਸਮਾਜਿਕ ਤਾਣੇ-ਬਾਣੇ ਵਿਚ ਇਨ੍ਹਾਂ ਸਰਕਾਰੀ ਪ੍ਰੋਟੈਕਸ਼ਨ ਹੋਮਜ਼ ਵਿਚ ਰਹਿਣ ਵਾਲੇ ‘ਪ੍ਰਾਹੁਣਿਆਂ’ ਦੇ ਭਵਿੱਖ ਬਾਰੇ ਚਰਚਾ ਕਰਦਿਆਂ ਮੋਹਾਲੀ ਵਾਲਾ ਬੁੱਧੀਜੀਵੀ ਪੱਤਰਕਾਰ ਮੈਨੂੰ ਪੁੱਛਣ ਲੱਗਾ, “ਪਿੰਡਾਂ-ਸ਼ਹਿਰਾਂ ਦੇ ਆਮ ਜਨ-ਸਧਾਰਨ ਪਰਿਵਾਰਾਂ ਵਿਚ ਜੰਮੇ-ਪਲੇ ਨਿਆਣੇ ਵੀ ਬੇ-ਮੁਹਾਰੇ ਹੋ ਕੇ ਨਿਰਲੱਜਪੁਣੇ ਦਾ ਸਿ਼ਕਾਰ ਹੋਈ ਜਾ ਰਹੇ ਹਨ। ਖਾਂਦੇ-ਪੀਂਦੇ ਪਰਿਵਾਰਾਂ ਦੇ ਮੁੰਡੇ-ਕੁੜੀਆਂ ਮੋਹਾਲੀ ਕਤਲ ਕਾਂਡ ਜਿਹੇ ਕਾਰੇ ਕਰ ਰਹੇ ਹਨ। ਫਿਰ ਭਲਾ ਇਨ੍ਹਾਂ ‘ਪ੍ਰੋਟੈਕਸ਼ਨ ਹੋਮਜ਼’ ਵਿਚ ਪੈਦਾ ਹੋਣ ਵਾਲੀ ਔਲਾਦ ਦੀ ‘ਵਰਾਇਟੀ’ ਕਿਹੋ ਜਿਹੀ ਹੋਵੇਗੀ?”

“ਇਸ ਸਵਾਲ ਦਾ ਜਵਾਬ ਤਾਂ ਬਾਬਾ ਗੁਰੂ ਨਾਨਕ ਜੀ ਪੰਜ ਸਦੀਆਂ ਪਹਿਲਾਂ ਹੀ ਦੇ ਗਏ ਹਨ,” ਮੇਰੀ ਇਹ ਗੱਲ ਸੁਣ ਕੇ, ਗੁਰਬਾਣੀ ਬਾਰੇ ਬਹੁਤੀ ਜਾਣਕਾਰੀ ਨਾ ਰੱਖਣ ਵਾਲਾ ਪੱਤਰਕਾਰ ਹੈਰਾਨ ਹੁੰਦਿਆਂ ਬੋਲਿਆ, “ਉਸ ਰੂਹਾਨੀ ਪੈਗੰਬਰ ਨੇ ਇਸ ਵਿਸ਼ੇ ‘ਤੇ ਵੀ ਲਿਖਿਆ ਹੋਇਐ?” “ਹਾਂ, ਬਿਲਕੁਲ, ਗੁਰੂ ਬਾਬਾ ਜੀ ਨੇ ਲਿਖਿਆ ਹੋਇਆ ਹੈ ਕਿ ਕਲੀ-ਕਾਲ ਦੇ ਝੰਬੇ ਹੋਏ ਸਮਿਆਂ ਵਿਚ ਜਿੰਨ-ਭੂਤਨੇ ਪੈਦਾ ਹੋਣਗੇ। ਪੁੱਤ ਭੂਤਨਾ, ਧੀ ਚੁੜੇਲ ਅਤੇ ਇਨ੍ਹਾਂ ਦੀ ਜਨਨੀ (ਔਰਤ) ਜਿੰਨ-ਭੂਤਨਿਆਂ ਦੀ ‘ਸਿਰਦਾਰ’ ਹੋਵੇਗੀ।
ਕਲੀ ਅੰਦਰ ਨਾਨਕਾ ਜਿੰਨਾ ਦਾ ਅਉਤਾਰ।
ਪੁਤ ਜਿੰਨੂਰਾ ਧੀ ਜਿੰਨੂਰੀ, ਜੋਰੂ ਜਿੰਨਾ ਦਾ ਸਿਕਦਾਰ।

ਤਰਲੋਚਨ ਸਿੰਘ ਦੁਪਾਲਪੁਰ